

478. ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਜਾ ਕਪੜੇ ਵਿੱਚ ਲੁਕਾਇਆ ਈ
ਜੇਹਾ ਵਿੱਚ ਨਮਾਜ਼ ਵਿਸਵਾਸ ਗੈਬੋ ਅਜ਼ਾਜ਼ੀਲ ਬਣਾ ਲੈ ਆਇਆ ਈ
ਉਤੇ ਪੰਜ ਰੁਪਏ ਸੁ ਰੋਕ ਰੱਖੇ ਜਾ ਫਕੀਰ ਥੇ ਫੇਰੜਾ ਪਾਇਆ ਈ
ਜਦੋਂ ਆਵੰਦੀ ਜੋਗੀ ਨੇ ਉਹ ਡਿੱਠੀ ਪਿਛਾਂ ਆਪਣਾ ਮੁਖ ਭਵਾਹਿਆ ਈ
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ ਤਾਉ ਦੋਜ਼ਖੇ ਦਾ ਕੇਹਾ ਆਇਆ ਈ
ਤਲਬ ਮੀਂਹ ਦੀ ਵਗਿਆ ਆਣ ਝੱਬੜ ਯਾਰੋ ਆਖਰੀ ਦੌਰ ਹੁਣ ਆਇਆ ਈ
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ ਅੱਗੋਂ ਮੂਲ ਜਵਾਬ ਨਾ ਆਇਆ ਈ
ਆਮਲ ਚੋਰ ਤੇ ਚੌਧਰੀ ਜਟ ਹਾਕਮ ਵਾਰਸ ਸ਼ਾਹ ਨੂੰ ਰੱਬ ਦਖਾਇਆ ਈ
479. ਰਾਂਝੇ ਦਾ ਉੱਤਰ
ਜਦੋਂ ਖਲਕ ਪੈਦਾ ਕੀਤੀ ਰਬ ਸੱਚੇ ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁਕੜੀ ਬਕਰੀ ਉਠ ਸਾਰੇ
ਏਹਾ ਮੂਲ ਫਸਾਦ ਦਾ ਹੋਏ ਪੈਦਾ ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ
ਆਦਮ ਕਢ ਬਹਿਸ਼ਤ ਥੀਂ ਖਵਾਰ ਕੀਤਾ ਇਹ ਡਾਇਨਾਂ ਧੁਰੋਂ ਹੀ ਕਰਨ ਕਾਰੇ
ਇਹ ਕਰਨ ਫਕੀਰ ਚਾ ਰਾਜਿਆਂ ਨੂੰ ਓਹਨਾਂ ਰਾਉ ਰਜ਼ਾਦੜੇ ਸਿਧ ਮਾਰੇ
ਵਾਰਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ ਅਤੇ ਮਹਿਰੀਆਂ ਵਿੱਚ ਨੇ ਐਬ ਸਾਰੇ
480. ਉੱਤਰ ਸਹਿਤੀ
ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕਢਿਆ ਈ
ਆਈ ਮੇਲ ਤਾਂ ਜੰਨਤੋਂ ਮਿਲੇ ਧੱਕੇ ਰੱਸਾ ਆਸ ਉਮੀਦ ਦਾ ਵਢਿਆ ਈ
ਆਖ ਰਹੇ ਫਰੇਸ਼ਤੇ ਕਣਕ ਦਾਣਾ ਨਾਹੀਂ ਖਾਵਣਾ ਹੁਕਮ ਕਰ ਛਡਿਆ ਈ
'ਵਲਾ ਤਕਰਬਾ ਹਾਜ਼ੇਹਿਸ਼ ਸ਼ਜਾਰਤਾ' ਨਾਲੇ ਸੱਪ ਤੇ ਮੋਰ ਨੂੰ ਕੱਢਿਆ ਈ
ਇਹ ਸਮਝ ਸ਼ੈਤਾਨ ਭੀ ਮਰਦ ਹੋਇਆ ਨਾਉਂ ਰੰਨਾਂ ਦਾ ਬੁਰਾ ਕਰ ਛੱਡਿਆ ਈ
ਗੋਂ ਆਦਮੇ ਹਵਾ ਨੂੰ ਖਵਾਰ ਕੀਤਾ ਸਾਥ ਓਸ ਦਾ ਏਸ ਨਾ ਛੱਡਿਆ ਈ
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ ਮੂੰਹ ਝੂਠ ਦਾ ਕਾਸ ਨੂੰ ਟਡਿਆ ਈ
ਮਰਦ ਚੋਰ ਤੇ ਠਗ ਜਵਾਰੀਏ ਨੇ ਸਾਕ ਬਦੀ ਦਾ ਨਰਾਂ ਨੇ ਲਦਿਆ ਈ