

512. ਹੀਰ ਦੀ ਸਹਿਤੀ ਨਾਲ ਸਲਾਹ
ਅੱਵਲ ਪੈਰ ਪਕੜੇ ਇਹਤਕਾਦ ਕਰਕੇ ਫੇਰ ਨਾਲ ਕਲੇਜੇ ਦੇ ਲੱਗ ਗਈ
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਦੇਖੋ ਜਲ ਪਤੰਗ ਤੇ ਅੱਗ ਗਈ
ਕਹੇ ਲਗ ਗਈ ਚਿਣਗ ਜਗ ਗਈ ਖੁਬਰ ਜਗ ਗਈ ਵੱਜ ਧਰਗ ਗਈ
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ ਮੂੰਹ ਲਗਦਿਆਂ ਯਾਰ ਨੂੰ ਠਗ ਗਈ
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ ਦੁਆ ਕਿਸੇ ਫਕੀਰ ਦੀ ਵੱਗ ਗਈ
ਅੱਗੇ ਧੂੰਆਂ ਧੁਕੇ ਦੜਾ ਜੋਗੀੜੇ ਦਾ ਉਤੋਂ ਫੂਕ ਕੇ ਝੁੱਗੜੇ ਅੱਗ ਗਈ
ਯਾਰ ਯਾਰ ਦਾ ਬਾਗ਼ ਵਿੱਓ ਮੇਲ ਹੋਇਆ ਗੱਲ ਆਮ ਮਸ਼ਹੂਰ ਹੋ ਜਗ ਗਈ
ਵਾਰਸ ਤਰੁਟਿਆਂ ਨੂੰ ਰਬ ਮੇਲਦਾ ਏ ਦੇਖੋ ਕਮਲੜੇ ਨੂੰ ਪਰੀ ਲਗ ਗਈ
513. ਹੀਰ ਓਥੋਂ ਆ ਗਈ
ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ ਆਖੇ ਸਹਿਤੀਏ ਮਤਾ ਪਕਾਈਏ ਨੀ
ਠੂਠਾ ਭੰਨ ਫਕੀਰ ਨੂੰ ਕਢਿਆ ਸੀ ਕਿਵੇਂ ਓਸ ਨੂੰ ਖੈਰ ਭੀ ਪਾਈਏ ਨੀ
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ ਨਾਲ ਕਰਮ ਦੇ ਬੰਨੜੋ ਲਾਈਏ ਨੀ
ਮੇਰੇ ਵਾਸਤੇ ਓਸ ਨੇ ਲਏ ਤਰਲੇ ਕਿਵੇਂ ਓਸ ਦੀ ਆਸ ਪੁਜਾਈਏ ਨੀ
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ ਦੋਵੇਂ ਆਪਣੇ ਯਾਰ ਹੰਢਾਈਏ ਨੀ
ਰਾਂਝਾ ਕੰਨ ਪੜਾ ਫਕੀਰ ਹੋਇਆ ਸਿਰ ਓਸ ਦੇ ਵਰੀ ਚੜ੍ਹਾਈਏ ਨੀ
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ ਕਿਵੇਂ ਸਹਿਤੀਏ ਡੌਲ ਬਣਾਈਏ ਨੀ
ਹੋਇਆ ਮੇਲ ਜਾਂ ਚਿਰੀਂ ਵਿਛੁਨਿਆਂ ਦਾ ਯਾਰ ਰੱਜ ਕੇ ਗਲੇ ਲਗਾਈਏ ਨੀ
ਜਿਊ ਆਸ਼ਕਾਂ ਦਾ ਅਰਸ਼ ਰਬਦਾ ਹੈ ਕਿਵੇਂ ਓਸ ਨੂੰ ਠੰਡ ਪਵਾਈਏ ਨੀ
ਕੋਈ ਰੋਜ਼ ਦਾ ਇਸ਼ਕ ਪੁਰਾਹੁਣਾ ਈ ਮਜ਼ੇ ਖੂਬੀਆਂ ਨਾਲ ਹੰਢਾਈਏ ਨੀ
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ ਕੋਈ ਆਉ ਖਾਂ ਮਕਰ ਫੈਲਾਈਏ ਨੀ
ਬਾਗ਼ ਜਾਂਦਿਆਂ ਅਸੀਂ ਨਾ ਸੁੰਹਦੀਆਂ ਹਾਂ ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ
ਗਲ ਘਤ ਪੱਲਾ ਮੂੰਹ ਘਾਹ ਲੈ ਕੇ ਪੈਰੀਂ ਲਗ ਕੇ ਪੀਰ ਮਨਾਈਏ ਨੀ
ਵਾਰਸ ਸ਼ਾਹ ਗੁਨਾਹਾਂ ਦੇ ਅਸੀਂ ਲੱਗੇ ਚਲੋ ਕੁਲ ਤਕਸੀਰ ਬਖਸ਼ਾਈਏ ਨੀ