

5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫਤ ਵਿਚ
ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਉਦ ਭਰਪੂਰ ਹੈ ਜੀ
ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅੱਤ ਸ਼ਹਿਰ ਫਕਰ ਦਾ ਪਾਕਪਟਨ ਮਾਅਮੂਰ ਹੈ ਜੀ
ਬਾਹੀਆ ਕੁਤਬਾਂ ਵਿੱਚ ਹੈ ਪੀਰ ਕਾਮਲ ਜੈਂ ਦੀ ਆਜਜ਼ੀ ਜ਼ੁਹਦ ਮੰਜ਼ੂਰ ਹੈ ਜੀ
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦੇ ਦੂਰ ਹੈ ਜੀ
6. ਕਿੱਸਾ ਹੀਰ ਰਾਂਝਾ ਲਿਖਣ ਵਾਰੇ
ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਢਬ ਸੁਹਨੇ ਨਾਲ ਸੁਣਾਈਏ ਜੀ
ਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ
ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
7. ਕਵੀ ਦਾ ਕਥਨ
ਹੁਕਮ ਮਨ ਕੇ ਸੱਜਨਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ
ਫਿਕਰਾ ਜੋੜ ਕੇ ਖੂਬ ਤਿਆਰ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ
ਬਹੁਤ ਜਿਉ ਦੇ ਵਿੱਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ
ਸੱਭਾ ਵੀਣ ਕੇ ਜ਼ੇਬ ਬਣਾ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।
8. ਕਿੱਸੇ ਦਾ ਆਰੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ
ਇੱਕ ਤਖ਼ਤ ਹਜ਼ਾਰਿਉਂ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਏ
ਛੈਲ ਗੱਭਰੂ, ਮਸਤ ਅਲਬੇਲੜੇ ਨੇਂ, ਸੁੰਦਰ ਇੱਕ ਥੀਂ ਇੱਕ ਸਵਾਇਆ ਏ
ਵਾਲੇ ਕੋਕਲੇ, ਮੁੰਦਰੇ, ਮੱਝ ਲੁੰਗੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ
ਕੇਹੀ ਸਿਫਤ ਹਜ਼ਾਰੇ ਦੀ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ