108. ਰਾਂਝੇ ਦਾ ਹੀਰ ਨੂੰ ਕਹਿਣਾ
ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ
ਮੀਆਂ ਮਨ ਲਏ ਓਸ ਦੇ ਆਖਣੇ ਨੂੰ ਤੇਰੀ ਹੀਰ ਪਿਆਰੀ ਦੀ ਅੰਮੜੀ ਹੈ
ਕੀ ਜਾਣੀਏ ਉਠ ਕਿਸ ਘੜੀ ਬਹਿਸੀ ਅਜੇ ਵਿਆਹ ਦੀ ਵਿੱਥ ਵੀ ਲੰਮੜੀ ਹੈ
ਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਪੱਲੇ ਕਿਸੇ ਨਾ ਬੱਧਿਆ ਦੰਮੜੀ ਹੈ
109. ਰਾਂਝੇ ਦਾ ਮਲਕੀ ਦੇ ਆਖੇ ਮਝੀਆਂ ਫੇਰ ਚਾਰਨਾ
ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ ਛੇੜ ਮੱਝੀਆਂ ਝਲ ਨੂੰ ਆਂਵਦਾ ਹੈ
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ ਆਪ ਨਹਾਏਕੇ ਰਬ ਨੂੰ ਧਿਆਂਵਦਾ ਹੈ
ਹੀਰ ਸੱਤੂਆਂ ਦਾ ਮਗਰ ਘੋਲ ਛੰਨਾ ਦੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਬੈ
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ ਹਥ ਬੰਨ੍ਹ ਸਲਾਮ ਕਰ ਆਵਦਾ ਹੈ
ਰਾਂਝਾ ਹੀਰ ਦੋਵੇਂ ਹੋਏ ਆ ਹਜ਼ਰ ਅੱਗੋ ਪੀਰ ਹੁਣ ਇਹ ਫਰਮਾਂਵਦਾ ਹੈ
110. ਪੀਰਾਂ ਦਾ ਉੱਤਰ
ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ ਨਾਹੀਂ ਇਸ਼ਕ ਨੂੰ ਲੀਕ ਲਗਾਵਨਾ ਈ
ਬੱਚਾ ਖਾ ਚੂਰੀ ਚੋਏ ਮਝ ਬੁਰੀ ਜ਼ਰਾ ਜਿਉ ਨੂੰ ਨਹੀਂ ਵਲਾਵਨਾ ਈ
ਅੱਠੇ ਪਹਿਰ ਖ਼ੁਦਾਏ ਦੀ ਯਾਦ ਅੰਦਰ ਤੁਸਾਂ ਜ਼ਿਕਰ ਤੇ ਖੈਰ ਕਮਾਵਨਾ ਈ
ਵਾਰਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਡੁਲਾਵਨਾ ਈ
111. ਹੀਰ ਦਾ ਘਰ ਆਉਣਾ ਅਤੇ ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ
ਹੀਰ ਵਤ ਕੇ ਬੇਲਿਉਂ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਂਵਦੇ ਨੇ
ਦੋਵੇ ਅਹਿਲ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਮਣੇ ਹੀਰ ਬਹਾਂਵਦੇ ਨੇ
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ ਮਿੱਠੀ ਨਾਲ ਜ਼ਬਾਨ ਸਮਝਾਵੰਦੇ ਨੇ
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਇਹ ਮਿਹਨਤੀ ਕਿਹੜੇ ਥਾਂਉਂ ਦੇ ਨੇ
ਤ੍ਰਿੰਜਨ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂ ਕੇ ਜੀ ਪਰਚਾਂਵਦੇ ਨੇ
ਲਾਲ ਚਰਖੜਾ ਡਾਹ ਕੇ ਛੋਪ ਪਾਈਏ ਜਿਹੜੇ ਸੁਹਣੇ ਗੀਤ ਚਨਾਵਦੇ ਨੇ
ਨੀਵੀਂ ਨਜਰ ਹਿਆ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਂਵਦੇ ਨੇ