

397. ਉੱਤਰ ਰਾਂਝਾ
ਏਸ ਘੁੰਡ ਵਿੱਚ ਬਹੁਤ ਖਰਾਬੀਆਂ ਨੇ ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ
ਘੁੰਡ ਹੁਸਨ ਦੀ ਆਬ ਛੁਪਾ ਲੈਂਦਾ ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ
ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ
ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁਲ ਅੱਗ ਦੇ ਵਿੱਚ ਨਾ ਸਾੜੀਏ ਨੀ
398. ਹੀਰ ਰਾਂਝੇ ਦੀ ਆਪੋ ਵਿੱਚ ਗੱਲ
ਅੱਖੀਂ ਸਾਮਣੇ ਚੋਰ ਜੇ ਆਇ ਭਾਸਨ ਕਿਉਂ ਦੁਖ ਵਿੱਚ ਆਪ ਨੂੰ ਗਾਲੀਏ ਵੇ
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲਖ ਦੀਚਨ ਬਿਨਾ ਫੂਕ ਮਾਰੇ ਨਾ ਬਾਲੀਏ ਵੇ
ਹੀਰ ਦੇਖ ਕੇ ਤੁਰਤ ਪਛਾਨ ਲੀਤਾ ਹੱਸ ਆਖਦੀ ਬਾਤ ਸੰਭਾਲੀਏ ਵੇ
ਸਹਿਤੀ ਪਾਸ ਨਾ ਦੇਵਨਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜਾ ਕੋਈ ਨਾ ਭਾਲੀਏ ਵੇ
ਵਾਰਸ ਸ਼ਾਹ ਮਲਖਾਇਨਾ ਮਾਲ ਲੱਧਾ ਚਲੋ ਕੁੱਜੀਆਂ ਬਦਰ ਪਵਾਲੀਏ ਵੇ
399. ਉੱਤਰ ਰਾਂਝਾ
ਕਹੀ ਦੱਸਣੀ ਅਕਲ ਸਿਆਨਿਆਂ ਨੂੰ ਕਦੀ ਨਫਰ ਕਦੀਮ ਸੰਭਾਲੀਏ ਨੀ
ਦੌਲਤਮੰਦ ਨੂੰ ਜਾਣਦਾ ਸਭ ਕੋਈ ਨੇਂਹ ਨਾਲ ਗ਼ਰੀਬ ਦੇ ਪਾਲੀਏ ਨੀ
ਗੋਦੀ ਬਾਲ ਢੰਡੋਰੜਾ ਜਗ ਸਾਰੇ ਜਿਉ ਸਮਝ ਲੈ ਖੇੜਿਆਂ ਵਾਲੀਏ ਨੀ
ਸਾੜ ਘੁੰਡ ਨੂੰ ਖੋਲ ਕੇ ਦੇਖ ਨੈਨਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ
ਵਾਰਸ ਸ਼ਾਹ ਹੈ ਇਸ਼ਕ ਦਾ ਗਾਉਤਕੀਆ ਅਨੀ ਹੁਸਨ ਦੀਏ ਗਰਮ ਨਿਹਾਲੀਏ ਨੀ
400. ਉੱਤਰ ਸਹਿਤੀ
ਸਹਿਤੀ ਸਮਝਿਆ ਇਹ ਰਲ ਗਏ ਦੋਵੇਂ ਲਈਆਂ ਘੁਟ ਫਕੀਰ ਬਲਾਈਆਂ ਨੀ
ਇਹ ਦੇਖ ਫਕੀਰ ਨਿਹਾਲ ਹੋਈ ਜੜੀਆਂ ਏਸ ਨੇ ਘੇਲ ਪਵਾਈਆਂ ਨੀ