

413. ਉੱਤਰ ਸਹਿਤੀ
ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ
ਜਿਹੜੀ ਦੀਦ ਦਖਾਇਕੇ ਕਰੇ ਆਕੜ ਮੈਂ ਤਾਂ ਪਟ ਸੁੱਟਾਂ ਉਹਦੀਆਂ ਚੌੜੀਆਂ ਨੀ
ਗਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ ਜਿਥੇ ਅਕਲਾਂ ਅਸਾਡੀਆਂ ਦੌੜੀਆ ਨੀ
ਮਾਰ ਮੁਹਲਿਆਂ ਸੁੱਟਾਂ ਸੁ ਭੰਨ ਟੰਗਾਂ ਫਿਰੇ ਢੂੰਡਦਾ ਕਾਟ ਕਠੋਰੀਆਂ ਨੀ
ਜਿੰਨ ਭੂਤ ਤੇ ਦਿਉ ਦੀ ਅਕਲੀ ਜਾਵੇ ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ
ਵਾਰਸ ਸ਼ਾਹ ਫਕੀਰ ਦੇ ਨਾਲ ਲੜਨਾ ਕੱਪਨ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ
414. ਉੱਤਰ ਹੀਰ
ਹਾਏ ਹਾਏ ਫਕੀਰ ਨੂੰ ਬੁਰਾ ਬੋਲੇ ਬੁਰੇ ਸਹਿਤੀਏ ਤੇਰੇ ਅਪੌੜ ਹੋਏ
ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ ਸਣੇ ਜਾਨ ਦੇ ਮਾਲ ਦੇ ਚੌੜ ਹੋਏ
ਕੰਨ ਪਾਟਿਆਂ ਨਾਲ ਜਿਸ ਚਹਿ ਬੱਧੀ ਪਸ ਪੇਸ਼ ਥੀਂ ਅੰਤ ਨੂੰ ਰੌੜ ਹੋਏ
ਰਹੇ ਔਤ ਨਖੱਤਰੀ ਰੰਡ ਸੁੰਞੀ ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ
ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ ਜਿਹੜੇ ਆਸ਼ਕ ਫਕੀਰ ਤੇ ਭੌਰ ਹੋਏ
ਵਾਰਸ ਸ਼ਾਹ ਲੜਾਈ ਦਾ ਮੂਲ ਬੋਲਨ ਦੇਖ ਦੋਹਾਂ ਦੇ ਲੜਨ ਦੇ ਤੌਰ ਹੋਏ
415. ਉੱਤਰ ਸਹਿਤੀ
ਭਾਬੀ ਏਸ ਜੇ ਗਧੇ ਦੀ ਅੜੀ ਬੱਧੀ ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ
ਇਹ ਮਾਰਿਆ ਏਸ ਜਹਾਨ ਤਾਜ਼ਾ ਅਸੀਂ ਰੋਜ਼ੇ ਮੀਸਾਕ ਦੀਆਂ ਮਾਰੀਆਂ ਹਾਂ
ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ ਅਸੀਂ ਚਹਿ ਦੀਆਂ ਤੇਜ਼ ਕਟਾਰੀਆਂ ਹਾਂ
ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ।
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ
ਇਹ ਆਪ ਨੂੰ ਮਰਦ ਸਦਾਂਵਦਾ ਹੈ ਇਹ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ
ਏਸ ਚਾਕ ਦੀ ਕੌਣ ਮਜਾਲ ਹੈ ਨੀ ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ
ਵਾਰਸ ਸ਼ਾਹ ਵਿੱਚ ਹੱਕ ਸਫੈਦ ਪੋਸ਼ਾਂ ਅਸੀਂ ਹੋਲੀ ਦੀਆਂ ਰੰਗ ਪਚਕਾਰੀਆਂ ਹਾਂ