ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵੱਸ ਥੀ ਗੱਲ ਬੇਵੱਸ ਹੋਈ।
ਕਾਜ਼ੀ ਮਾਪਿਆ ਜ਼ਾਲਮਾਂ ਬੰਨ੍ਹ ਟੋਰੀ, ਸਾਡੀ ਤੈਂਦੜੀ ਦੋਸਤੀ ਭੱਸ ਹੋਈ।
ਘਰ ਖੇੜਿਆਂ ਦੇ ਨਹੀਂ ਵੱਸਣਾ ਮੈਂ ਸਾਡੀ, ਉਨ੍ਹਾਂ ਦੇ ਨਾਲ ਖਰਖੱਸ ਹੋਈ।
ਜਾਹ ਜੀਵਾਂਗੀ ਮਿਲਾਗੀ ਰਬ ਮੇਲੇ, ਹਾਲ ਸਾਲ ਤਾਂ ਦੋਸਤੀ ਬੱਸ ਹੋਈ।
ਲੱਗਾ ਤੀਰ ਜੁਦਾਈ ਦਾ ਮੀਆ ਵਾਰਿਸ, ਸਾਡੇ ਵਿਚ ਕਲੇਜੜੇ ਧੱਸ ਹੋਈ।
(ਭੱਸ=ਮਿੱਟੀ, ਖਰਖੱਸ =ਲੜਾਈ, ਝਗੜਾ, ਹਾਲ ਸਾਲ=ਇਸ ਵੇਲੇ)
ਜੋ ਕੁੱਝ ਵਿੱਚ ਰਜਾਇ ਦੇ ਲਿਖ ਛੁੱਟਾ, ਮੂੰਹੋਂ ਬੱਸ ਨਾ ਆਖੀਏ ਭੈੜੀਏ ਨੀ।
ਸੁੰਞਾ ਸੱਖਣਾ ਚਾਕ ਨੂੰ ਰੱਖਿਉਈ, ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ।
ਮੰਤਰ ਕੀਲ ਨਾ ਜਾਣੀਏ ਡੂਮਣੇ ਦਾ, ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ ।
ਇੱਕ ਯਾਰ ਦੇ ਨਾਂ ਤੋਂ ਫ਼ਿਦਾ ਹੋਈਏ, ਮਹੁਰਾ ਦੇ ਕੇ ਇੱਕੋ ਨਬੇੜੀਏ ਨੀ ।
ਦਗ਼ਾ ਦੇਵਣਾ ਈ ਹੋਵੇ ਜਿਹੜੇ ਨੂੰ, ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ।
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਏਡੇ ਪਿੱਟਣੇ ਨਾ ਸਹੇੜੀਏ ਨੀ ।
ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ।
(ਸੁੰਞਾ ਸੱਖਣਾ= ਖਾਲੀ, ਮੱਥੇ ਭੌਰੀ ਵਾਲੀ=ਭੈੜੀ ਕਿਸਮਤ ਵਾਲੀ, ਫਿਦਾ=ਕੁਰਬਾਨ,ਪੂਰਾ ਨਾ ਉਤਰਨਾ=ਵਫਾ ਨਾ ਕਰਨੀ, ਪਾਠ ਭੇਦ: ਵਾਰਿਸ ਸ਼ਾਹ ਜੋ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ = ਵਾਰਿਸ ਤੋੜ ਨਿਭਾਵਣੀ ਦੱਸ ਸਾਨੂੰ, ਨਹੀਂ ਦੇਇ ਜਵਾਬ ਚਾਇ ਟੋਰੀਏ ਨੀ)
ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋਇ ਫ਼ਕੀਰ ਤੈਂ ਆਵਣਾ ਈ ।
ਕਿਸੇ ਜੋਗੀ ਥੇ ਜਾਇਕੇ ਬਣੀ ਚੇਲਾ, ਸਵਾਹ ਲਾਇਕੇ ਕੰਨ ਪੜਾਵਣਾ ਈ ।
ਸੱਭਾ ਜਾਤ ਸਿਫ਼ਾਤ ਬਰਬਾਦ ਕਰਕੇ, ਅਤੇ ਠੀਕ ਤੈਂ ਸੀਸ ਮੁਨਾਵਣਾ ਈ ।
ਤੂੰ ਹੀ ਜੀਵਦਾ ਦੀਦਨਾ ਦਏ ਸਾਨੂੰ, ਅਸਾਂ ਵੱਤ ਨਾ ਜਿਉਂਦਿਆਂ ਆਵਣਾ ਈ ।
(ਦੀਦਨਾ=ਦੀਦਾਰ, ਵੱਤ=ਫਿਰ)
ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛਡ ਈਮਾਨ ਚੱਲੀ ।
ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ, ਜਦੋਂ ਸੱਥ ਵਿੱਚ ਆਣ ਕੇ ਗੱਲ ਹੱਲੀ
ਧੀਆਂ ਵੇਚਦੇ ਕੋਲ ਜ਼ਬਾਨ ਹਾਰਨ, ਮਹਿਰਾਬ ਮੱਥੇ ਉੱਤੇ ਧੌਣ ਚੱਲੀ।
ਯਾਰੋ ਸਿਆਲਾਂ ਦੀਆਂ ਦਾੜੀਆਂ ਵੇਖਦੇ ਹੋ, ਜਿਹਾ ਮੁੰਡ ਮੰਗਵਾੜ ਦੀ ਮਸਰ ਪਲੀ।
ਵਾਰਿਸ ਸ਼ਾਹ ਮੀਆਂ ਧੀ ਸੋਹਣੀ ਨੂੰ, ਗਲ ਵਿੱਚ ਚਾ ਪਾਵਦੇ ਹੋਣ ਟੱਲੀ।
(ਕੌਲ ਜ਼ਬਾਨ ਹਾਰਨ=ਮੁਕਰ ਜਾਵਣ, ਮੁੰਡ ਮੰਗਵਾੜ ਦੀ ਮਸਰ ਪਲੀ=ਜਿਵੇਂ ਪਸ਼ੂਆਂ ਨੇ ਪਲੇ ਹੋਏ ਮਸਰ ਖਾ ਕੇ ਰੜੇ ਕਰ ਦਿੱਤੇ ਹੋਣ)
ਯਾਰੋ ਜੱਟ ਦਾ ਕੌਲ ਮਨਜੂਰ ਨਾਹੀਂ, ਗੋਜ ਸ਼ੁਤਰ ਹੈ ਕੌਲ ਗੁਸਤਾਈਆਂ ਦਾ।
ਪੱਤਾ ਹੋਣ ਇੱਕੀ ਜਿਸ ਜਟ ਤਾਈ, ਸੋਈ ਅਸਲ ਭਰਾ ਹੈ ਭਾਈਆਂ ਦਾ।
ਜਦੋਂ ਬਹਿਣ ਅਰੂੜੀ ਤੇ ਅਕਲ ਆਵੇ, ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ।
ਸਿਰੋਂ ਲਾਹ ਕੇ ਚਿੱਤੜਾਂ ਹੇਠ ਦਿੰਦੇ, ਮਜ਼ਾ ਆਵਨੈ ਤਦੋਂ ਸਫ਼ਾਈਆਂ ਦਾ।
ਜੱਟੀ ਜਟ ਦੇ ਸਾਂਗ 'ਤੇ ਹੋਣ ਰਾਜ਼ੀ, ਫੜੇ ਮੁਗ਼ਲ ਤੇ ਵੇਸ ਗੀਲਾਈਆਂ ਦਾ।
ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ ਵੇਚਣ, ਹੋਰ ਧਰੇ ਮਾਲ ਜਵਾਈਆਂ ਦਾ।
ਵਾਰਿਸ ਸ਼ਾਹ ਨਾ ਮੁਹਤਬਰ ਜਾਣਨਾ ਜੇ, ਕੌਲ ਜੱਟ ਸੁਨਿਆਰ ਕਸਾਈਆਂ ਦਾ।
(ਗੋਜ਼ ਸੂਤਰ=ਉਠ ਦਾ ਪੱਦ, ਗੁਸਤਾਈ=ਗੰਵਾਰ,ਪੇਂਡੂ, ਅਰੂੜੀ=ਰੂੜੀ, ਢੇਰ, ਗੁਸਾਈ=ਸਨਿਆਸੀ, ਗੀਲਾਈ=ਗੀਲਾਨੀ)
ਪੈਂਚਾਂ ਪਿੰਡ ਦੀਆ ਸੱਚ ਬੀ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ।
ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ, ਤੁਅਮਾ ਵੇਖ ਦਾਮਾਦ ਫਿਰ ਹੋਰ ਕੀਤੇ ।
ਗੱਲ ਕਰੀਏ ਈਮਾਨ ਦੀ ਕੱਢ ਛੱਡਣ, ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇ ।
ਅਸ਼ਰਾਫ਼ ਦੀ ਗੱਲ ਮਨਜ਼ੂਰ ਨਾਹੀਂ, ਚੋਰ ਚੌਧਰੀ ਅਤੇ ਲੰਡੇਰ ਕੀਤੇ।
ਕਾਂਉਂ ਬਾਗ ਦੇ ਵਿੱਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉਤੇ ਮੋਰ ਕੀਤੇ।
ਜ਼ੇਰੇ ਜ਼ੋਰ ਵਿਆਹ ਲੈ ਗਏ ਖੇੜੇ, ਅਸਾ ਰੋ ਬਹੁਤੇ ਰੜੇ ਸ਼ੋਰ ਕੀਤੇ ।
ਵਾਰਿਸ ਸ਼ਾਹ ਜੋ ਅਹਿਲ ਈਮਾਨ ਆਹੇ, ਤਿਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ।
(ਵੇਸ=ਭੇਸ, ਕੋਰ =ਅੰਨ੍ਹੇ, ਤੁਅਮਾ ਮਾਸ ਦਾ ਟੁਕੜਾ ਜਿਹੜਾ ਬਾਜ ਦੇ ਮੂੰਹ ਨੂੰ ਸੁਆਦ ਲਈ ਲਾਉਂਦੇ ਹਨ, ਅਸ਼ਰਾਫ=ਸ਼ਰੀਫ ਦਾ ਬਹੁ-ਵਚਨ, ਭਲਾਮਾਣਸ, ਲੰਡੋਰ=ਲੰਡਰ,ਬਦਮਾਸ਼, ਅਹਿਲੇ ਈਮਾਨ=ਈਮਾਨ ਵਾਲੇ ਲੋਕ, ਗੋਰ -ਕਬਰ)
ਯਾਰੋ ਠੱਗ ਸਿਆਲ ਤਹਿਕੀਕ ਜਾਣੋ, ਧੀਆਂ ਠੱਗਣੀਆਂ ਸਭ ਸਿਖਾਂਵਦੇ ਜੇ ।
ਪੁੱਤਰ ਠੱਗ ਸਰਦਾਰਾਂ ਦੇ ਮਿੱਠਿਆ ਹੈ, ਉਹਨੂੰ ਮਹੀ ਦਾ ਚਾਕ ਬਣਾਵਦੇ ਜੇ ।
ਕੋਲ ਹਾਰ ਜ਼ਬਾਨ ਦਾ ਸਾਕ ਖੋਹਣ, ਦਾ ਪੈਵੰਦ ਹਨ ਹੋਰ ਧਿਰ ਲਾਵਦੇ ਜੇ।
ਦਾੜ੍ਹੀ ਸ਼ੇਖ ਦੀ ਛੁਰਾ ਕਸਾਈਆਂ ਦਾ, ਬੈਠ ਪਰ੍ਹੇ ਵਿੱਚ ਪੈਚ ਸਦਾਵਦੇ ਜੇ।
ਜੱਟ ਚੋਰ ਤੇ ਯਾਰ ਤਿਰਾਹ ਮਾਰਨ, ਡੰਡੀ ਮੋਹਦੇ ਤੇ ਸੰਨ੍ਹਾਂ ਲਾਵਦੇ ਜੇ।
ਵਾਰਿਸ ਸ਼ਾਹ ਇਹ ਜੱਟ ਨੇ ਠੱਗ ਸੱਭੇ, ਤਰੀ ਠੱਗ ਨੇ ਜੱਟ ਝਨਾਂ ਦੇ ਜੇ ।
(ਤਹਿਕੀਕ=ਸੱਚ, ਪੈਵੰਦ=ਜੋੜ,ਰਿਸ਼ਤਾ, ਤਿਰਾਹ=ਤਿੰਨ ਰਾਹ, ਡੰਡੀ ਮੇਹਣਾ=ਰਾਹ ਵਿੱਚ ਰਾਹੀ ਲੁੱਟਣੇ, ਤਰੀ ਠਗ=ਮਹਾਂ ਠੱਗ)