ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ।
ਜਿਹੜਾ ਆਸ ਕਰਕੇ ਡਿੱਗੇ ਆਣ ਦਵਾਰੇ, ਜੀਊ ਓਸ ਦਾ ਚਾ ਨਾ ਤੋੜੀਏ ਜੀ ।
ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ ।
ਵਾਰਿਸ ਸ਼ਾਹ ਮੀਆਂ ਜੈਦਾਂ ਕੋਈ ਨਾਹੀ, ਮਿਹਰ ਓਸ ਥੋਂ ਨਾ ਵਿਛੋੜੀਏ ਜੀ ।
(ਜੈਦਾ=ਜਿਸਦਾ, ਦਵਾਰੇ ਆ ਡਿੱਗੇ=ਦਰ ਤੇ ਆ ਕੇ ਬੇਨਤੀ ਕਰੇ)
ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫਸ ਮਾਰਨਾ ਕੰਮ ਭੁਜੰਗਿਆਂ ਦਾ ।
ਛੱਡ ਜ਼ਰਾਂ ਤੇ ਹੁਕਮ ਫ਼ਕੀਰ ਹੋਵਣ, ਇਹ ਕੰਮ ਹੈ ਮਾਹਣੂੰਆਂ ਚੰਗਿਆਂ ਦਾ।
ਇਸ਼ਕ ਕਰਨ ਤੇ ਤੇਗ ਦੀ ਧਾਰ ਕੱਪਣ, ਨਹੀਂ ਕੰਮ ਇਹ ਭੁਖਿਆ ਨੰਗਿਆਂ ਦਾ।
ਜਿਹੜੇ ਮਰਨ ਸੋ ਫਕਰ ਥੀਂ ਹੋ ਵਾਕਿਰ, ਨਹੀਂ ਕੰਮ ਇਹ ਮਰਨ ਬੀ ਸੰਗਿਆਂ ਦਾ।
ਏਥੇ ਥਾਂ ਨਾਹੀਂ ਅੜਬੰਗਿਆ ਦਾ, ਫਕਰ ਕੰਮ ਹੈ ਸਿਰਾ ਥੋਂ ਲੰਘਿਆਂ ਦਾ ।
ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ, ਕੇਹਾ ਫ਼ਾਇਦਾ ਟੁਕੜਿਆ ਮੰਗਿਆਂ ਦਾ।
ਵਾਰਿਸ ਸ਼ਾਹ ਜੇ ਇਸ਼ਕ ਦੇ ਰੰਗ ਰੱਤੇ, ਕੁੰਦੀ ਆਪ ਹੈ ਰੰਗ ਦਿਆ ਰੰਗਿਆਂ ਦਾ।
(ਨਟਸ=ਹਉਮੈ,ਭੈਤਾ ਮਨ, ਭੁਜੰਗੀ=ਸੱਪ,ਕਾਲਾ ਨਾਗ਼, ਮਾਹਣੂੰਆਂ=ਮਰਦਾ, ਤੇਗ=ਤਲਵਾਰ, ਅਤਬੰਗੇ=ਅੜਬ, ਕੁੰਦੀ =ਕਪੜਿਆਂ ਦੇ ਵੱਟ ਕੱਢਣ ਵਾਲਾ ਜੰਤਰ)
ਜੋਗ ਕਰੇ ਸੇ ਮਰਨ ਥੀਂ ਹੋਇ ਅਸਥਿਰ, ਜੋਗ ਸਿੱਖੀਏ ਸਿਖਣਾ ਆਇਆ ਈ।
ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ, ਇਹ ਹੀ ਜੋਗੀਆਂ ਦਾ ਫ਼ਰਮਾਇਆ ਈ।
ਨਾਲ ਸਿਦਕ ਯਕੀਨ ਦੇ ਬੰਨ੍ਹ ਤਕਵਾ, ਧੰਨੇ ਪੱਥਰੋਂ ਰੱਬ ਨੂੰ ਪਾਇਆ ਈ।
ਸੰਸੇ ਜੀਊ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਈ।
ਬੱਚਾ ਸੁੰਨ ਜੇ ਵਿੱਚ ਕਲਬੂਤ ਖਾਕੀ, ਸੱਚੇ ਰੱਬ ਨੇ ਥਾਉ ਬਣਾਇਆ ਈ ।
ਵਾਰਿਸ ਸ਼ਾਹ ਮੀਆਂ 'ਹਮਾਂ ਓਸਤ ਜਾਪੇ, ਸਰਬ-ਮਈ ਭਗਵਾਨ ਨੂੰ ਪਾਇਆ ਈ।
(ਅਸਥਿਰ=ਪੱਕੇ ਪੈਰੀ, ਤਕਵਾ = ਪਰਹੇਜ਼ਗਾਰੀ, ਸੰਸੇ=ਫ਼ਿਕਰ, ਸ਼ਕ, ਮਲੀਨ=ਗੰਦਾ,ਨਸ਼ਟ=ਖਤਮ, ਹਮਾਂ ਓਸਤ=ਉਹ (ਰੱਬ) ਸਭ ਕੁੱਝ ਹੈ)
ਮਾਲਾ ਮਣਕਿਆਂ ਵਿੱਚ ਜਿਉ ਇੱਕ ਧਾਗਾ, ਤਿਵੇਂ ਸਰਬ ਕੇ ਬੀਚ ਸਮਾਇ ਰਹਿਆ।
ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ, ਨਸ਼ਾ ਭੰਗ ਅਫੀਮ ਵਿੱਚ ਆਇ ਰਹਿਆ।
ਜਿਵੇਂ ਪੱਤਰੀ ਮਹਿੰਦੀਉ ਰੰਗ ਰਚਿਆ, ਤਿਵੇਂ ਜਾਨ ਜਹਾਨ ਵਿੱਚ ਆਇ ਰਹਿਆ।
ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ, ਤਿਵੇਂ ਜੇਤ ਮੇਂ ਜੋਤ ਸਮਾਇ ਰਹਿਆ।
ਰਾਂਝਾ ਬੰਨ੍ਹ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ ਲਾਇ ਰਹਿਆ।
ਤੇਰੇ ਦਵਾਰ ਜੋਗਾ ਹੋ ਰਹਿਆ ਹਾਂ ਮੈਂ, ਜੱਟ ਜੋਗੀ ਨੂੰ ਗਿਆਨ ਸਮਝਾਇ ਰਹਿਆ।
ਵਾਰਿਸ ਸ਼ਾਹ ਮੀਆ ਜਿਹਨੂੰ ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀਂ ਜਾਇ ਰਹਿਆ।
(ਸਰਬ=ਸਾਰਿਆਂ, ਪੱਤਰੀ=ਪੱਤਿਆਂ ਵਿੱਚ , ਰਕਤ-ਲਹੂ, ਖਰਚ ਬੰਨ੍ਹ ਕੇ=ਪੱਕੇ ਇਰਾਦੇ ਨਾਲ)
ਜੋਗੀ ਹੈ ਲਾਚਾਰ ਜਾਂ ਮਿਹਰ ਕੀਤੀ, ਤਦੋਂ ਚੇਲਿਆ ਬੋਲੀਆਂ ਮਾਰੀਆਂ ਨੀ ।
ਜੀਭਾ ਸਾਣ ਚੜ੍ਹਾਇਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ ।
ਦੇਖ ਸੁਹਣਾ ਰੂਪ ਜਟੇਟੜੇ ਦਾ, ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ ।
ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ, ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ ।
ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ ।
ਵਾਰਿਸ ਸ਼ਾਹ ਖੁਸ਼ਾਮਦ ਏ ਸੁਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ ।
(ਸਾਣ ਚੜ੍ਹਾਕੇ=ਤਿੱਖੀ ਕਰਕੇ, ਨਿਰਵਾਰ=ਫ਼ਰਕ, ਵਖ ਵਖ ਕਰਨਾ, ਖੁਸ਼ਾਮਦ=ਚਾਪਲੂਸੀ)
ਗੀਬਤ ਕਰਨ ਬੇਗਾਨਤੀ ਤਾਇਤ ਔਗੁਣ, ਸੱਤੇ ਆਦਮੀ ਇਹ ਗੁਨਾਗਾਰ ਹੁੰਦੇ ।
ਚੋਰ ਕਿਰਤਘਣ ਚੁਗਲ ਤੇ ਝੂਠ-ਬੋਲੇ, ਲੂਤੀ ਲਾਵਣਾ ਸੱਤਵਾਂ ਯਾਰ ਹੁੰਦੇ ।
ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਬਹਿਣਾ, ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ।
ਵਾਰਿਸ ਜਿਨ੍ਹਾਂ ਉਮੀਦ ਨਾ ਤਾਂਗ ਕਾਈ, ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ ।
(ਗੀਬਤ=ਚੁਗਲੀ,ਨਿੰਦਾ, ਤਾਇਤ=ਤਾਬੇਦਾਰੀ,ਕਿਰਤਘਣ=ਕਿਸੇ ਦੇ ਕੀਤੇ ਨੂੰ ਭੁਲ ਜਾਣ ਵਾਲਾ, ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਰੱਖਣਾ=ਮੈਂ ਜੋਗ ਤੁਹਾਨੂੰ ਹੀ ਦੇ ਦੇਣਾ, ਆਪਣੇ ਕੋਲ ਨਹੀਂ ਰੱਖੀ ਰੱਖਣਾ)
ਰਲ ਚੇਲਿਆਂ ਕਾਵਸ਼ਾਂ ਕੀਤੀਆਂ ਨੇ, ਬਾਲ ਨਾਥ ਨੂੰ ਪਕੜ ਪਥੱਲਿਉ ਨੇ ।
ਛੱਡ ਦਵਾਰ ਉਖਾੜ ਭੰਡਾਰ ਚੱਲੇ, ਜਾ ਰੰਦ ਤੇ ਵਾਟ ਸਭ ਮਲਿਉ ਨੇ ।
ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ, ਮੋੜ ਗੋਦੜੀ ਨਾਥ ਥੇ ਘਲਿਉ ਨੇ ।
ਵਾਰਿਸ ਰਬ ਬਖ਼ੀਲ ਨਾ ਹੋਏ ਮੇਰਾ, ਚਾਰੇ ਰਾਹ ਨਸੀਬ ਦੇ ਮਲਿਉ ਨੇ।
(ਕਾਵਸ਼ਾਂ =ਦੁਸ਼ਮਣੀ, ਦਵਾਰ ਉਖਾੜ ਭੰਡਾਰ ਚਲੇ=ਡੇਰਾ ਛੱਡ ਕੇ ਤੁਰ ਚੱਲੇ, ਰੰਦ=ਖੇਤਾਂ ਵਿੱਚੋਂ ਸਿੱਧਾ ਰਾਹ, ਬਖੀਲ=ਈਰਖਾਲੂ,ਕੰਜੂਸ)
ਸੁੰਞਾ ਲੋਕ ਬਖ਼ੀਲ ਹੈ ਬਾਬ ਮੈਂਡੇ, ਮੇਰਾ ਰੱਬ ਬਖੀਲ ਨਾ ਲੋੜੀਏ ਜੀ।
ਕੀਜੇ ਗੌਰ ਤੇ ਕੰਮ ਬਣਾ ਦਿੱਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ ।
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ, ਨਾਲ ਆਜ਼ਜ਼ਾਂ ਕਰੋ ਨਾ ਜ਼ੋਰੀਏ ਜੀ ।
ਕੋਈ ਕੰਮ ਗ਼ਰੀਬ ਦਾ ਕਰੋ ਜਾਇਆ, ਸਗੋਂ ਓਸ ਨੂੰ ਹਟਕੀਏ ਹੋੜੀਏ ਜੀ।
ਬੇੜਾ ਲੱਦਿਆ ਹੋਵੇ ਮੁਸਾਫ਼ਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ।
ਜ਼ਿਮੀਂ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ ।
ਭਲਾ ਕਰਦਿਆਂ ਢਿਲ ਨਾ ਮੂਲ ਕਰੀਏ, ਕਿੱਸਾ ਤੂਲ ਦਰਾਜ਼ ਨਾ ਟੋਰੀਏ ਜੀ।
ਵਾਰਿਸ ਸ਼ਾਹ ਯਤੀਮ ਦੀ ਗੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ ।
(ਸੁੰਞਾ ਲੋਕ=ਸਾਰੇ ਲੋਕ, ਬਾਬ ਮੈਂਡੇ=ਮੇਰੇ ਵਾਸਤੇ, ਤੂਲ ਦਰਾਜ਼ =ਲੰਬਾ ਚੌੜਾ, ਹੱਥ ਜੋੜੀਏ =ਮਦਦ ਕਰੀਏ)