ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ, ਹੌਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ।
ਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ, ਜਿਹੀਆਂ ਮੁੱਜਰਾਂ ਬੇਟ ਦੇ ਧਾਈਆਂ ਦੀਆਂ।
ਤਾਨਸੈਨ ਜੇਹਾ ਰਾਗ ਨਹੀਂ ਬਣਦਾ, ਲਖ ਸਫਾਂ ਜੇ ਹੋਣ ਅਤਾਈਆਂ ਦੀਆਂ।
ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ, ਪਿਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ।
ਸਿਰ ਮੁੰਨ ਦਾੜ੍ਹੀ ਖੇਹ ਲਾਈਆ ਈ, ਕਦਰਾਂ ਡਿੱਠੀਉਂ ਏਡੀਆਂ ਚਾਈਆਂ ਦੀਆਂ।
ਤੇਰੀ ਚਰਾਚਰ ਬਿਰਕਦੀ ਜੀਭ ਏਵੇਂ, ਜਿਉਂ ਮੁਰਕਦੀਆਂ ਜੁੱਤੀਆਂ ਸਾਈਆਂ ਦੀਆਂ।
ਲੰਡਿਆਂ ਨਾਲ ਘੁਲਣਾ ਮੰਦੇ ਬੋਲ ਬੋਲਣ, ਨਹੀਂ ਚਾਲੀਆਂ ਏਹ ਭਲਿਆਈਆਂ ਦੀਆਂ।
ਨਹੀਂ ਕਾਅਬਿਉਂ ਚੂਹੜਾ ਹੋਇ ਵਾਕਿਫ, ਖ਼ਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ।
ਨਹੀਂ ਫ਼ਕਰ ਦੇ ਭੇਤ ਦਾ ਜ਼ਰਾ ਵਾਕਿਫ, ਖ਼ਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ।
ਚੂਤੜ ਸਵਾਹ ਭਰੇ ਵੇਖ ਮਗਰ ਲੱਗੋਂ, ਜਿਵੇਂ ਕੁੱਤੀਆਂ ਹੋਣ ਗੁਸਾਈਆਂ ਦੀਆਂ।
ਜਿਹੜੀਆਂ ਸੂਣ ਉਜਾੜ ਵਿੱਚ ਵਾਂਗ ਖੱਚਕਦਰਾਂ, ਉਹ ਕੀ ਜਾਣਦੀਆਂ ਦਾਈਆਂ ਦੀਆਂ।
ਗੰਦੋਂ ਵਾਂਗ ਜਾਂ ਰਜਿਉ ਕਰੇਂ ਮਸਤੀ, ਕੱਛਾਂ ਸੁੰਘਨੈਂ ਰੰਨਾਂ ਪਰਾਈਆਂ ਦੀਆਂ।
ਬਾਪੂ ਨਹੀਂ ਪੂਰਾ ਤੈਨੂੰ ਕੋਈ ਮਿਲਿਆ, ਅਜੇ ਟੋਹੀਉਂ ਬੁੱਕਲਾਂ ਮਾਈਆਂ ਦੀਆਂ।
ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏ, ਖੁਰੀਆਂ ਮਹੀਂ ਨੂੰ ਲਾਉਨੈਂ ਗਾਈਆਂ ਦੀਆਂ।
ਹਾਸਾ ਵੇਖ ਕੇ ਆਉਂਦਾ ਸਿਫਲਵਾਈ, ਗੱਲਾਂ ਤਬ੍ਹਾ ਦੀਆਂ ਵੇਖ ਸਫਾਈਆਂ ਦੀਆਂ।
ਮੀਆਂ ਕੌਣ ਛੁਡਾਵਸੀ ਆਣ ਤੈਨੂੰ, ਧਮਕਾਂ ਪੌਣਗੀਆਂ ਜਦੋਂ ਕੁਟਾਈਆਂ ਦੀਆਂ।
ਗੱਲਾਂ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ, ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ।
ਪਰੀਆ ਨਾਲ ਕੀ ਦੇਵਾਂ ਨੂੰ ਆਖ ਲੱਗੇ, ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ।
ਇਹ ਇਸ਼ਕ ਕੀ ਜਾਣਦੈ ਚਾਕ ਚੋਬਰ, ਖਬਰਾਂ ਜਾਣਦੈ ਰੋਟੀਆਂ ਢਾਈਆਂ ਦੀਆਂ।
ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ, ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ।
(ਹੋਸ=ਹਵਸ, ਲਾਲਚ ਬੇਟ ਦੇ ਧਈਆਂ=ਬੇਟ ਦੇ ਚੱਲ, ਮੁੰਜਰਾਂ=ਬੱਲੀਆਂ, ਸਿੱਟੇ, ਅਤਾਈਆਂ=ਬੇਸੁਆਦ ਗਵੱਈਆਂ, ਬਿਰਕਦੀ = ਚਲਦੀ, ਚਾਲੀਆਂ=ਚਾਲੇ,ਤੌਰ ਤਰੀਕੇ, ਮਰਕਦੀਆਂ=ਚੀਕਦੀਆਂ, ਗੁਹਾਈਆਂ=ਗੋਹੇ, ਗੁਸਈ=ਹਿੰਦੂ ਫ਼ਕੀਰ, ਬਾਪੂ =ਪੂਰਾ ਉਸਤਾਦ ਸਿਫ਼ਲਵਾਈ =ਘਟੀਆਪਣ, ਖਫ਼ਾਈ=ਆਪਣੇ ਭੇਦ ਨੂੰ ਲੁਕਾਉਣ ਵਾਲਾ, ਨੇਈਂ =ਨਦੀ)
ਅਸੀ ਸਹਿਤੀਏ ਮੂਲ ਨਾਲ ਡਰਾਂ ਤੈਥੋਂ, ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ।
ਹਾਥੀ ਨਹੀਂ ਤਸਵੀਰ ਦਾ ਕਿਲਾ ਢਾਹੇ, ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ ।
ਕਦੇ ਕਾਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ।
ਫਟ ਹੈਂ ਲੜਾਈ ਦੇ ਅਸਲ ਢਾਈ, ਹੋਰ ਐਵੇਂ ਪਸਾਰ ਪਸਾਰਦੇ ਨੀ।
ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ, ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ ।
ਹਿੰਮਤ ਸੁਸਤ ਬਰੂਤ ਸਰੀਨ ਭਾਰੇ, ਇਹ ਗਭਰੂ ਕਿਸੇ ਨਾ ਕਾਰ ਦੇ ਨੀ ।
ਬੰਨ੍ਹ ਟੋਰੀਏ ਜੰਗ ਨੂੰ ਢਿੱਗ ਕਰਕੇ, ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ ।
ਸੜਣ ਕੱਪੜੇ ਹੋਣ ਤਹਿਕੀਕ ਕਾਲੇ, ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ।
ਝੂਠੇ ਮਿਹਣਿਆਂ ਨਾਲ ਨਾ ਜੋਗ ਜਾਂਦਾ, ਸੰਗ ਗਲੇ ਨਾ ਨਾਲ ਫੁਹਾਰ ਦੇ ਨੀ ।
ਖੈਰ ਦਿੱਤਿਆਂ ਮਾਲ ਨਾ ਹੋਏ ਥੋੜ੍ਹਾ, ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ ।
ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ, ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ ।
ਤੌਂ ਤਾਂ ਫ਼ਿਕਰ ਕੀਤਾ ਸਾਨੂੰ ਮਾਰਨੇ ਦਾ, ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ ।
ਜੇਹਾ ਕਰੇ ਕੋਈ ਤੇਹਾ ਪਾਂਵਦਾ ਹੈ, ਸੱਚੇ ਵਾਇਦੇ ਪਰਵਰਦਗਾਰ ਦੇ ਨੀ।
ਵਾਰਿਸ ਸ਼ਾਹ ਮੀਆਂ ਰੰਨ ਭੌਂਕਣੀ ਨੂੰ, ਫ਼ਕਰ ਪਾਇ ਜੜੀਆਂ ਚਾਇ ਮਾਰਦੇ ਨੀ ।
(ਫੂਈਆਂ =ਬਹਾਰੇ ਆਈ ਗਿਦੜੀਆਂ, ਸਰੀਨ= ਚੁੱਤੜ, ਬਰੂਤ=ਠੰਡ, ਲੁਹਾਰ ਦੇ ਗੋਸ਼ਟੀ=ਲੁਹਾਰ ਕੋਲ ਬੈਠਣ ਉਠਣ ਵਾਲੇ, ਸੰਗ =ਪੱਥਰ, ਚੁਣੇ=ਚੁਗੇ, ਪੈਜ਼ਾਰ =ਜੁੱਤੀ, ਪਰਵਰਦਗਾਰ=ਪਾਲਣਹਾਰ, ਜੜੀਆਂ=ਜਾਦੂ ਟੂਏ ਨਾਲ ਲੱਗਾ ਇੱਕ ਰੋਗ ਜਿਹੜਾ ਅਖੀਰ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ)
ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ, ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ। ।
ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ, ਜਿਵੇਂ ਖਿਸਕਦਾ ਕੁਫ਼ਰ ਹੈ ਬਾਂਗ ਕੋਲੋਂ।
ਸਿਰੀ ਕੱਜ ਕੇ ਟੁਰੇਂਗਾ ਜਹਿਲ ਜੱਟਾ, ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ।
ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ, ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ।
ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂ, ਆਇ ਰੰਨਾਂ ਦੇ ਡਰੀਂ ਉਪਾਂਗ ਕੋਲੋਂ ।
ਐਵੇਂ ਖੌਫ ਪੌਸੀ ਤੈਨੂੰ ਮਾਰਨੇ ਦਾ, ਜਿਵੇਂ ਢੱਕ ਦਾ ਪੈਰ ਉਲਾਂਘ ਕੋਲੋਂ ।
ਵਾਰਿਸ ਸ਼ਾਹ ਇਹ ਜੋਗੀੜਾ ਮੋਇਆ ਪਿਆਸਾ, ਪਾਣੀ ਦੇਣਗੀਆਂ ਜਦੋਂ ਪੁੜਸਾਂਗ ਕੋਲੋਂ।
(ਭੀਲ=ਭੀਲ ਕੌਮ ਜਿਹੜੀ ਵਿੱਧੀਆਚਲ ਪਰਬਤ ਕੋਲ ਬਸੀ ਹੋਈ ਹੈ, ਕਜ ਕੇ=ਢਕ ਕੇ, ਜਹਿਲ=ਜਾਹਿਲ , ਝਲਾਂਗ=ਸਵੇਰਾ, ਉਪਾਂਗ =ਉਪ ਅੰਗ,ਕਿਸੇ ਅੰਗ)
ਕੇਹੀਆਂ ਆਣ ਪੰਚਾਇਤਾਂ ਜੋੜੀਆਂ ਨੀ, ਅਸੀਂ ਰੰਨ ਨੂੰ ਰੇਵੜੀ ਜਾਣਨੇ ਹਾਂ।
ਫੜੀਏ ਚਿੱਥ ਕੇ ਲਈਏ ਲੰਘਾ ਪਲ ਵਿੱਚ, ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ।
ਲੋਕ ਜਾਗਦੇ ਮਹਿਰੀਆਂ ਨਾਲ ਪਰਚਣ, ਅਸੀਂ ਖੁਆਬ ਅੰਦਰ ਮੌਜਾਂ ਮਾਣਨੇ ਹਾਂ।
ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ।
ਫੂਈ ਮਗਰ ਲੱਗੀ ਇਸ ਦੀ ਮੌਤ ਆਹੀ, ਵਾਰਿਸ ਸ਼ਾਹ ਹੁਣ ਮਾਰ ਕੇ ਰਾਣਨੇ ਹਾਂ ।
(ਰੇਵੜੀ=ਰਿਉੜੀ, ਨਜ਼ਰ ਵਿੱਚ ਛਾਣਨਾ=ਜਾਚਣਾ, ਰਾਣਨੇ=ਪੈਰਾਂ ਥੱਲੇ ਮਿਧਣਾ)
ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ, ਕਟਕ ਮਾਘ ਵਿੱਚ ਮਨ੍ਹਾ ਹਨੇਰੀਆਂ ਨੀ ।
ਰੋਵਣ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮੰਦੇਰੀਆਂ ਨੀ ।
ਚੁਗਲੀ ਖਾਵੰਦਾਂ ਦੀ ਬਦੀ ਨਾਲ ਮੀਏ, ਖਾਇ ਲੂਣ ਹਰਾਮ ਬਦ-ਖੈਰੀਆਂ ਨੀ ।
ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ ।
ਚੋਰੀ ਨਾਲ ਰਫ਼ੀਕ ਦੇ ਦਗਾ ਪੀਰਾਂ, ਪਰ ਨਾਰ ਪਰ ਮਾਲ ਉਸੀਰੀਆਂ ਨੀ ।
ਗ਼ੀਬਤ ਤਰਕ ਸਲਵਾਤ ਤੇ ਝੂਠ ਮਸਤੀ, ਦੂਰ ਕਰਨ ਫਰਿਸ਼ਤਿਆਂ ਤੀਰੀਆਂ ਨੀ ।
ਲੜਣ ਨਾਲ ਫ਼ਕੀਰ ਸਰਦਾਰ ਯਾਰੀ, ਕੱਢ ਘੱਤਣਾ ਮਾਲ ਵਸੇਰੀਆਂ ਨੀ ।
ਮੁੜਣ ਕੌਲ ਜ਼ਬਾਨ ਦਾ ਫਿਰਨ ਪੀਰਾਂ, ਬੁਰਿਆਂ ਦਿਨਾਂ ਦਿਆਂ ਇਹ ਭੀ ਫੇਰੀਆਂ ਨੀ ।
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ, ਖ਼ਚਰਵਾਦੀਆਂ ਇਹ ਸਭ ਤੇਰੀਆਂ ਨੀ ।
ਭਲੇ ਨਾਲ ਭਲਿਆਈਆਂ ਬਦੀ ਬੁਰਿਆਂ, ਯਾਦ ਰੱਖ ਨਸੀਹਤਾਂ ਮੇਰੀਆਂ ਨੀ ।
ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ, ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ ।
ਬਦਰੰਗ ਨੂੰ ਰੰਗ ਕੇ ਰੰਗ ਲਾਇਉ, ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ ।
ਏਹਾ ਘੱਤ ਕੇ ਜਾਦੂੜਾ ਕਰੂੰ ਕਮਲੀ, ਪਈ ਗਿਰਦ ਮੇਰੇ ਘੱਤੀ ਫੇਰੀਆਂ ਨੀ ।
ਵਾਰਿਸ ਸ਼ਾਹ ਅਸਾਂ ਨਾਲ ਜਾਦੂਆਂ ਦੇ, ਕਈ ਰਾਣੀਆਂ ਕੀਤੀਆਂ ਚੇਰੀਆਂ ਨੀ ।
(ਮਜਲਿਸ=ਮਹਿਫ਼ਲ, ਖਾ ਲੂਣ ਕਰੋ ਬਦ-ਖੈਰੀਆਂ =ਨਮਕਹਰਾਮੀ ,ਰਫ਼ੀਕ=ਸਾਥੀ, ਪਰ ਨਾਰ= ਪਰਾਈ ਇਸਤਰੀ, ਪਰ ਮਾਲ =ਪਰਾਇਆ ਮਾਲ, ਉਸੀਰੀ=ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਹਰ ਵੇਲੇ ਕੁੜ੍ਹਨਾ,ਸੜਣਾਂ ਗੀਬਤ=ਚੁਗਲੀ, ਤੀਰੀ = ਉੜਾਨ, ਚੇਰੀ =ਚੇਲੀ)