ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ, ਗੱਲਾਂ ਨਹੀਂ ਸੁਣੀਆਂ ਕੰਨ-ਪਾਟਿਆਂ ਦੀਆਂ ।
ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ, ਵੱਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ ।
ਗਿੱਠ ਗਿੱਠ ਵਧਾਇਕੇ ਵਾਲ ਨਾਖ਼ੁਨ, ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ ।
ਵਾਰਿਸ ਸ਼ਾਹ ਇਹ ਮਸਤ ਕੇ ਪਾਟ ਲੱਥੇ, ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ ।
(ਰੋਕ=ਨਕਦ, ਲਾਂਗੜ=ਲੰਗੋਟੀ, ਪਾਟ ਲੱਥੇ=ਖਾ ਖਾ ਕੇ ਪਾਟਣੇ ਆਏ ਹਨ)
ਇਹ ਮਿਸਲ ਮਸ਼ਹੂਰ ਜਹਾਨ ਸਾਰੇ, ਜੱਟੀ ਚਾਰੇ ਹੀ ਥੋਕ ਸਵਾਰਦੀ ਹੈ ।
ਉਨ ਤੁੰਬਦੀ ਮਨ੍ਹੇ 'ਤੇ ਬਾਲ ਲੇੜ੍ਹੇ, ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ ।
ਬੰਨ੍ਹ ਝੇੜੇ ਫ਼ਕੀਰ ਦੇ ਨਾਲ ਲੜਦੀ, ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ ।
ਵਾਰਿਸ ਸ਼ਾਹ ਦੋ ਲੜਣ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਹੈ ।
(ਹਾਕਰੇ=ਉੜਾਵੇ, ਬਾਲ ਲੇੜ੍ਹੇ=ਬਾਲ ਦੁਧ ਚੁੰਘੇ)
ਮੇਰੇ ਹੱਥ ਲੌਂਦੇ ਤੇਰੀ ਲਵੇਂ ਟੋਟਣ, ਕੋਈ ਮਾਰਸੀਗਾ ਨਾਲ ਮੁਹਲਿਆਂ ਦੇ ।
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ, ਕਰੇਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ ।
ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ, ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ ।
ਵਾਰਿਸ ਹੱਡ ਤੇਰੇ ਘਾਟ ਵਾਂਗ ਛੜੀਅਨ, ਨਾਲ ਕੁਤਕਿਆਂ ਪੌਲਿਆਂ ਮੁਹਲਿਆਂ ਦੇ ।
(ਚਾਵੜਾਂ=ਸ਼ਰਾਰਤਾਂ, ਚੁਹਲ ਮੁਹਲ=ਹਾਸਾ ਮਖੌਲ, ਪੌਲੇ=ਜੁੱਤੀਆਂ)
ਤੇਰੇ ਮੌਰ ਲੌਂਦੇ ਫਾਟ ਖਾਣ ਉੱਤੇ, ਮੇਰੀ ਫਰਕਦੀ ਅੱਜ ਮੁਤਹਿਰ ਹੈ ਨੀ ।
ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ, ਅੱਜ ਦੋਹਾਂ ਦੀ ਵੱਡੀ ਕੁਦਹਿੜ ਹੈ ਨੀ ।
ਚਿੱਭੜ ਵਾਂਗ ਤੇਰੇ ਬੀਉ ਕੱਢ ਸੁੱਟਾਂ, ਮੈਨੂੰ ਆਇਆ ਜੋਸ਼ ਦਾ ਕਹਿਰ ਹੈ ਨੀ ।
ਏਸ ਭੇਡ ਦੇ ਖ਼ੂਨ ਤੋਂ ਕਿਸੇ ਚਿੜ੍ਹ ਕੇ, ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ ।
ਉਜਾੜੇ-ਖ਼ੋਰ ਗੱਦੋਂ ਵਾਂਗ ਕੁੱਟੀਏਂਗੀ, ਕੇਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ ।
ਵਾਰਿਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ, ਕਿਸ ਛਡਾਵਣੀ ਵਿਹਰ ਤੇ ਕਹਿਰ ਹੈ ਨੀ ।
(ਫਾਟ=ਭੁੰਨੇ ਹੋਏ ਜੌਂ, ਲੌਂਦੇ=ਚਾਹੁਣ, ਕੁਦਹਿੜ=ਕੁਦਨਾ, ਬਿਉ=ਬੀ ਭਾਵ ਬੀਜ, ਚਿੜ੍ਹ=ਚਿੜ, ਵਿਹਰ ਤੇ ਕਹਿਰ=ਵਿਹਰਨੇ ਵਾਲੇ ਉਤੇ ਕਹਿਰ ਟੁੱਟਦਾ ਹੈ)
ਅਸੀਂ ਸਬਰ ਕਰਕੇ ਚੁਪ ਹੋ ਬੈਠੇ, ਬਹੁਤ ਔਖੀਆਂ ਇਹ ਫ਼ਕੀਰੀਆਂ ਨੇ ।
ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੇ, ਜਿਸਦੇ ਹੱਸ ਦੇ ਨਾਲ ਜ਼ੰਜੀਰੀਆਂ ਨੇ ।
ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ ।
ਤੁਸੀਂ ਕਰੋ ਹਿਆ ਕਵਾਰੀਉ ਨੀ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ ।
ਵਾਂਗ ਬੁਢਿਆਂ ਕਰੇ ਪੱਕਚੰਡ ਗੱਲਾਂ, ਮੱਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ ।
ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ, ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ ।
ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ, ਮੇਰੀ ਉਂਗਲੀ ਉਂਗਲੀ ਪੀਰੀਆਂ ਨੇ ।
ਵਾਰਿਸ ਸ਼ਾਹ ਫ਼ੌਜਦਾਰ ਦੇ ਮਾਰਨੇ ਨੂੰ, ਸੈਨਾਂ ਮਾਰੀਆਂ ਵੇਖ ਕਸ਼ਮੀਰੀਆਂ ਨੇ ।
(ਕੰਨ ਪਾਟੇ=ਕੰਨਾਂ ਵਿੱਚ ਛੇਦ, ਹੁੰਡਵੀ=ਹੁੰਡੀ,ਇਕਰਾਰਨਾਮਾ, ਪੱਕਚੰਡ= ਸਿਆਣਿਆਂ ਵਾਲੀਆਂ ਗੱਲਾਂ, ਤਲੇਟੀ=ਕਿਸੇ ਚੀਜ਼ ਦਾ ਥੱਲੇ ਦਾ ਭਾਗ, ਸੈਨਾਂ=ਸੈਨਤਾਂ)
ਸੈਨੀ ਮਾਰ ਕੇ ਹੀਰ ਨੇ ਜੋਗੀੜੇ ਨੂੰ, ਕਹਿਆ ਚੁਪ ਕਰ ਏਸ ਭਕਾਉਨੀ ਹਾਂ ।
ਤੇਰੇ ਨਾਲ ਜੇ ਏਸ ਨੇ ਵੈਰ ਚਾਇਆ, ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ ।
ਕਰਾਂ ਗਲੋਂ ਗਲਾਇਣ ਨਾਲ ਇਸ ਦੇ, ਗਲ ਏਸਦੇ ਰੇਸ਼ਟਾ ਪਾਉਨੀ ਹਾਂ ।
ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ, ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ ।
(ਸੈਨੀ=ਸੈਨਤ,ਇਸ਼ਾਰਾ, ਕਰਾਂ ਗਲੋਂ ਗਲਾਇਨ=ਗੱਲ ਵਧਾ ਲੈਣੀ, ਰੇਸ਼ਟਾ= ਝਗੜਾ)
ਹੀਰ ਆਖਦੀ ਏਸ ਫ਼ਕੀਰ ਨੂੰ ਨੀ, ਕੇਹਾ ਘਤਿਉ ਗ਼ੈਬ ਦਾ ਵਾਇਦਾ ਈ ।
ਏਨ੍ਹਾਂ ਆਜਜ਼ਾਂ ਭੌਰ ਨਿਮਾਣਿਆਂ ਨੂੰ, ਪਈ ਮਾਰਨੀ ਹੈਂ ਕੇਹਾ ਫ਼ਾਇਦਾ ਈ ।
ਅੱਲਾਹ ਵਾਲਿਆਂ ਨਾਲ ਕੀ ਵੈਰ ਪਈਏਂ, ਭਲਾ ਕਵਾਰੀਏ ਏਹ ਕੀ ਕਾਇਦਾ ਈ ।
ਪੈਰ ਚੁੰਮ ਫ਼ਕੀਰ ਦੀ ਟਹਿਲ ਕੀਚੈ, ਏਸ ਕੰਮ ਵਿੱਚ ਖ਼ੈਰ ਦਾ ਜ਼ਾਇਦਾ ਈ ।
ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ, ਕੌਣ ਜਾਣਦਾ ਕਿਹੜੀ ਜਾਇ ਦਾ ਈ ।
ਵਾਰਿਸ ਸ਼ਾਹ ਫ਼ਕੀਰ ਜੇ ਹੋਣ ਗ਼ੁੱਸੇ, ਖ਼ੌਫ਼ ਸ਼ਹਿਰ ਨੂੰ ਕਹਿਤ ਵਬਾਇ ਦਾ ਈ ।
(ਖ਼ੈਰ=ਭਲਾਈ, ਜ਼ਾਇਦਾ=ਜ਼ਿਆਦਾ, ਕੁਤਕਾ=ਡੰਡਾ, ਵਬਾ=ਬਿਮਾਰੀ, ਕਹਿਤ=ਕਾਲ,ਭੁਖਮਰੀ)
ਭਾਬੀ ਇੱਕ ਧਿਰੋਂ ਲੜੇ ਫ਼ਕੀਰ ਸਾਨੂੰ, ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ ।
ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ, ਕਾਹਿ ਪੁੱਛੀਏ ਭਾ ਕਸਤੂਰੀਆਂ ਦੇ ।
ਏਨ੍ਹਾਂ ਜੋਗੀਆਂ ਦੇ ਨਾਹੀਂ ਵੱਸ ਕਾਈ, ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ ।
ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾਹਿ ਖਹਿਣ ਕੀਚੈ ਨਾਲ ਭੂਰੀਆਂ ਦੇ ।
ਜਾਣ ਸਹਿਤੀਏ ਫ਼ੱਕਰ ਨੀ ਨਾਗ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ ।
ਕੋਈ ਦੇ ਬਦ ਦੁਆ ਤੇ ਗਾਲ ਸੁੱਟੇ, ਪਿੱਛੋਂ ਫ਼ਾਇਦੇ ਕੀ ਏਨ੍ਹਾਂ ਝੂਰੀਆਂ ਦੇ ।
ਲਛੂ ਲਛੂ ਕਰਦੀ ਫਿਰੇਂ ਨਾਲ ਫੱਕਰਾਂ, ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ ।
ਵਾਰਿਸ ਸ਼ਾਹ ਫ਼ਕੀਰ ਦੀ ਰੰਨ ਵੈਰਨ, ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ ।
(ਕਾਹਿ=ਕਿਉਂ, ਲਛੂ ਲਛੂ ਕਰਦੀ= ਗੱਲਾਂ ਬਾਤਾਂ ਨਾਲ ਲੜਣ ਦਾ ਸੱਦਾ ਦਿੰਦੀ, ਅੰਗੂਰੀ=ਪੌਦੇ ਦੇ ਤਾਜ਼ੇ ਫੁੱਟੇ ਪੱਤੇ)