ਭਰਜਾਈਆਂ ਆਖਿਆ ਰਾਂਝਿਆ ਵੇ, ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ।
ਨਾਉਂ ਲਿਆ ਹੈ ਜਦੋਂ ਤੂੰ ਜਾਵਣੇ ਦਾ, ਅਸੀਂ ਹੰਝੂਆਂ ਰੱਤ ਦੀਆਂ ਰੁੰਨੀਆਂ ਹਾਂ।
ਜਾਨ ਮਾਲ ਕੁਰਬਾਨ ਹੈ ਤੁਧ ਉਤੋਂ, ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ ।
ਸਾਨੂੰ ਸਬਰ ਕਰਾਰ ਨਾ ਆਂਵਦਾ ਹੈ, ਵਾਰਿਸ ਸ਼ਾਹ ਥੋਂ ਜਦੋਂ ਵਿਛੁੰਨੀਆਂ ਹਾਂ ।
(ਮੁੰਨੀਆਂ=ਚੇਲੀਆਂ ਬਣੀਆਂ, ਹੰਡਰਾ= ਹੰਝੂ; ਪਾਠ ਭੇਦ: ਹੁੰਨੀਆਂ=ਮੁਨੀਆਂ, ਹੰਝੂਆਂ=ਹੰਝਰੋਂ, ਵਾਰਿਸ ਸ਼ਾਹ ਥੋਂ ਜਦੋਂ=ਜਿਸ ਵੇਲੜੇ ਤੈਥੋਂ)
ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ।
ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ।
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ।
ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ।
ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ।
ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।
(ਤੁਆਮ=ਖਾਣਾ; ਪਾਠ ਭੇਦ: ਘੇਰ ਕੇ ਠਗਦੀਆਂ=ਖਲੀਆਂ ਹਟਕਦੀਆਂ, ਇਕੱਲੜੇ ਕੀ ਕਰਨਾ = ਇਕੱਲੜਾ ਕੀ ਕਰਸੀ)
ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ।
ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ ।
ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖੂਬ ਬਣਾਇਆ ਏ ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ ।
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ ।
ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖਾਨਾ ਕਾਅਬਿਉ ਡੌਲ ਉਤਾਰਿਆ ਨੇ ।
ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ।
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖੂਬ ਕੱਢੀ ਇਲਹਾਨਿ-ਪੁਰਕਾਰਿਆ ਨੇ ।
ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ ।
ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ ।
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ ।
ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ ।
ਮਾਰਜ਼ੂਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ ।
ਜ਼ੋਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜਿਨਜਾਨੀਆਂ ਨਹਿਵ ਨਤਾਰਿਆ ਨੇ ।
ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ ।
(ਬੈਤੁਲ-ਅਤੀਕ=ਕਾਅਬਾ, ਡੋਲ=ਸ਼ਕਲ, ਨਕਸ਼ਾ, ਮਿਸਾਲ=ਉਹਦੇ ਵਰਗਾ, ਖ਼ਾਨਾ ਕਾਅਬਾ=ਮੱਕਾ ਸ਼ਰੀਫ਼, ਅਕਸਾ=ਯਹੂਦੀਆਂ ਦੀ ਪਵਿੱਤਰ ਮਸਜਿਦ ਜਿਹਨੂੰ 'ਬੈਤੁਲ ਮੁਕੱਦਸ ਵੀ ਕਹਿੰਦੇ ਹਨ, ਦਰਸ= ਸਬਕ,ਪਾਠ, ਮੁਫਤੀ ਫਤਵਾ ਦੇਣ ਵਾਲਾ,ਕਾਜ਼ੀ, ਇਲਹਾਨ=ਸੁਰੀਲੀ ਆਵਾਜ਼, ਕਾਰੀ=ਕੁਰਾਨ ਦੀ ਤਲਾਵਤ ਕਰਨ ਵਾਲੇ, ਤਾਅਲੀਲ,ਮੀਜ਼ਾਨ=ਕਿਤਾਬਾਂ ਦੇ ਨਾਂਉ ਹਨ)
ਇੱਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ, ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇ।
ਗੁਲਿਸਤਾਂ ਬੋਸਤਾਂ ਨਾਲ ਬਹਾਰ-ਦਾਨਿਸ਼, ਤੂਤੀਨਾਮਿਉਂ ਵਾਹਿਦ-ਬਾਰੀਆਂ ਨੇ ।
ਮੁਨਸ਼ਾਤ ਨਸਾਬ ਤੇ ਅੱਬੁਲਫ਼ਜ਼ਲਾਂ, ਸ਼ਾਹਨਾਮਿਉਂ ਰਾਜ਼ਕ-ਬਾਰੀਆਂ ਨੇ ।
ਕਿਰਾਨੁਲ ਸਾਦੈਨ ਦੀਵਾਨ ਹਾਫਿਜ਼, ਸ਼ੀਰੀ ਖੁਸਰਵਾਂ ਲਿਖ ਸਵਾਰੀਆਂ ਨੇ ।
(ਹਰਕਰਨ, ਖਾਲਕਬਾਰੀ=ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੇ ਨਾਂ, ਪਾਠ ਭੇਦ: ਸੀਰੀ ਖੁਸਰਵਾਂ=ਵਾਰ ਸਾਹ ਨੇ)
ਕਲਮਦਾਨ ਦਫ਼ਤੈਨ ਦਵਾਤ ਪੱਟੀ, ਨਾਵੇਂ ਏਮਲੀ ਵੇਖਦੇ ਲੜਕਿਆਂ ਦੇ।
ਲਿਖਣ ਨਾਲ ਮਸੌਦੇ ਸਿਆਕ ਖ਼ਸਰੇ, ਸਿਆਂ ਅਵਾਰਜ਼ੇ ਲਿਖਦੇ ਵਰਕਿਆਂ ਦੇ ।
ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ, ਮੁੱਲਾਂ ਜਿੰਦ ਕੱਢੇ ਨਾਲ ਕੜਕਿਆਂ ਦੇ।
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈ ਕੇ, ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ ।
(ਦਫਤੈਨ=ਫਾਈਲ, ਨਾਂਵੇਂ=ਨਾਵਾਂ ਦਾ ਲਿਖਣਾ, ਏਮਲੀ=ਇਮਲਾ, ਖੁਸ਼ਖ਼ਤ ਲਿਖਾਈ, ਮਸੌਦੇ=ਕੱਚੀ ਲਿਖਾਈ, ਹੱਥੀਂ ਲਿਖੀ ਕਿਤਾਬ ਜਿਹੜੀ ਛਾਪਣ ਲਈ ਤਿਆਰ ਕੀਤੀ ਗਈ ਹੋਵੇ, ਸਿਆਕ= ਹਿਸਾਬ ਦੇ ਕਾਇਦੇ, ਖਸਰਾ=ਪਿੰਡ ਦੇ ਖੇਤਾਂ ਦੀ ਸੂਚੀ, ਅਵਾਰਜ਼ੇ =ਬਹੁ-ਵਚਨ 'ਅਵਾਰਜ਼ਾ' ਦਾ, ਵਹੀ ਖਾਤਾ, ਹਿਸਾਬ ਕਿਤਾਬ, ਜੁਜ਼ਦਾਨ=ਬਸਤਾ; ਪਾਠ ਭੇਦ:ਵਿੱਚ ਮਕਤਬਾਂ ਦੇ ਨਾਲ=ਵਾਰਿਸ ਸ਼ਾਹ ਹੋਰੀਂ)
ਮੁੱਲਾਂ ਆਖਿਆ ਚੂਨੀਆਂ ਚੂੰਡਿਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ ।
ਏਥੇ ਲੁਚਿਆਂ ਦੀ ਕਾਈ ਜਾ ਨਾਹੀਂ, ਪਟੇ ਦੂਰ ਕਰ ਹੱਕ ਮਨਜੂਰ ਹੋ ਓਏ ।
ਅਨਲਹੱਕ ਕਹਾਵਣਾ ਕਿਬਰ ਕਰਕੇ, ਓੜਕ ਮਰੇਂਗਾ ਵਾਂਙ ਮਨਸੂਰ ਹੋ ਓਏ।
ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋ ਓਏ।
(ਚੂੰਡਿਆਂ, ਚੂਨੀਆਂ=ਕੁਆਰੇ ਮੁੰਡੇ ਦੇ ਮੱਥੇ ਦੇ ਵਾਲ, ਕਿਬਰ=ਹੰਕਾਰ, ਰਸਮਸੀ = ਮਿਲੀ ਹੋਈ, ਰਲੀ ਹੋਈ; ਪਾਠ ਭੇਦ: ਚੂੰਡਿਆਂ = ਚੂਨੀਆਂ, ਓਏ=ਵੇ)
ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ, ਕੇਹਾ ਰਾਣਿਉ ਜਾਂਦਿਆਂ ਰਾਹੀਆਂ ਨੂੰ ।
ਅੱਗੇ ਕਢੱ ਕੁਰਾਨ ਤੇ ਬਹੇ ਮਿੰਬਰ, ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ ।
ਏਹ ਪਲੀਤ ਤੇ ਪਾਕ ਦਾ ਕਰੋ ਵਾਕਿਫ਼, ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ ।
ਜਿਹੜੇ ਥਾਂਓ ਨਾਪਾਕ ਦੇ ਵਿੱਚ ਵੜਿਓ, ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ ।
ਵਾਰਿਸ ਸ਼ਾਹ ਵਿੱਚ ਹੁਜਰਿਆਂ ਫ਼ਿਅਲ ਕਰਦੇ, ਮੁੱਲਾ ਜੋਤਰੇ ਲਾਂਵਦੇ ਵਾਹੀਆ ਨੂੰ ।
(ਰਾਣਿਉ =ਪੈਰਾਂ ਥੱਲੇ ਮਿਧਣਾ, ਮਿੰਬਰ=ਮਸੀਤ ਵਿੱਚ ਉੱਚੀ ਥਾਂ ਜਿੱਥੇ ਚੜ੍ਹ ਕੇ ਇਮਾਮ ਅਵਾਜ਼ ਕਰਦਾ ਹੈ, ਪਾਕ=ਸਾਫ਼, ਨਾਪਾਕ =ਜਿਹੜਾ ਪਾਕ ਨਹੀਂ, ਗੰਦਾ, ਹੁਜਰਾ=ਮਸੀਤ ਦਾ ਅੰਦਰਲਾ ਕਮਰਾ, ਫ਼ਿਅਲ=ਕਾਰੇ)
ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ, ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ।
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ, ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਏ ।
ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਬਾਂ ਵਾਲਿਆਂ ਮਾਰ ਪਛਾੜਈਏ ਓਏ ।
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ, ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਏ।
ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਿਫ਼, ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹੀਏ ਓਏ ।
ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ, ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਏ ।
(ਦੁੱਰੇ=ਕੋਰੜੇ, ਕੋੜੇ, ਤਾਰਕ=ਤਿਆਗੀ, ਸਲਾਤ=ਨਮਾਜ਼, ਲਬਾਂ=ਸ਼ਰ੍ਹਾ ਦੇ ਉਲਟ ਉੱਪਰਲੇ ਬੁਲ੍ਹ ਦੇ ਵਾਲ, ਦਰਾਜ ਲੰਬੇ, ਫ਼ਿਕਾ =ਇਸਲਾਮੀ ਕਾਨੂੰਨ)
ਸਾਨੂੰ ਦੱਸ ਨਮਾਜ਼ ਹੈ ਕਾਸਦੀ ਜੀ, ਕਾਸ ਨਾਲ ਬਣਾਇ ਕੇ ਸਾਰੀਆ ਨੇ ।
ਕੰਨ ਨਕ ਨਮਾਜ਼ ਦੇ ਹੈਣ ਕਿਤਨੇ, ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ ਨੇ ।
ਲੰਬੇ ਕੱਦ ਚੌੜੀ ਕਿਸ ਹਾਣ ਦੀ ਹੈ, ਕਿਸ ਚੀਜ਼ ਦੇ ਨਾਲ ਸਵਾਰੀਆ ਨੇ ।
ਵਾਰਿਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਸ ਨਾਲ ਇਹ ਬੰਨ੍ਹ ਉਤਾਰੀਆ ਨੇ ।
(ਕਾਸ=ਕਿਸ, ਹਾਣ=ਥਾਂ ਕਿਸ ਥਾਂ ਪੜ੍ਹੀ ਜਾਂਦੀ ਹੈ, ਕਿੱਲੀਆਂ=ਮਲਾਹ ਦੀਆਂ ਉਹ ਕੀਲੀਆਂ ਜਾਂ ਕਿੱਲੇ ਜਿਨ੍ਹਾਂ ਨਾਲ ਉਹ ਕਿਸ਼ਤੀ ਬੰਨ੍ਹਦੇ ਹਨ, ਨੱਕ ਕੰਨ=ਨਮਾਜ਼ ਦੇ ਨਕ ਕੰਨ, ਇਮਾਮ ਗ਼ਜ਼ਾਲੀ ਦੀ ਪੁਸਤਕ 'ਅਜ਼ਕਾਰ ਵ ਤਸਬੀਹਾਤਾ ਦੇ ਪਹਿਲੇ ਨਮਾਜ਼ ਦੇ ਨੱਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ)
ਅਸਾਂ ਫਿਕਾ ਅਸੂਲ ਨੂੰ ਸਹੀ ਕੀਤਾ, ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ।
ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ।
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸਚ ਨਿਤਾਰਨੇ ਆਂ।
ਵਾਰਿਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ, ਤਾਜ਼ਿਆਨਿਆਂ ਦੁੱਰਿਆਂ ਮਾਰਨੇ ਆਂ।
(ਮਰਦੂਦ=ਰੱਦ ਕੀਤਾ ਗਿਆ, ਪੁਲ ਸਰਾਤ=ਇਸਲਾਮ ਅਨੁਸਾਰ ਦੋਜ਼ਖ਼ ਅਤੇ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ਼, ਫਰਜ਼=ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ, ਇਬਾਦਤਾਂ=ਭਜਨ, ਬੰਦਗੀ, ਸੁੰਨਤਾਂ=ਰਾਹ, ਦਸਤੂਰ,ਖਤਨਾ, ਵਾਜਬਾਂ = ਜਾਇਜ਼, ਨਫਲ=ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇ, ਵਿੱਤਰ=ਤਿੰਨ ਰਿੱਕਤਾਂ ਜਿਹੜੀਆਂ ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ, ਰਿੱਕਤ=ਨਮਾਜ਼ ਦਾ ਇੱਕ ਹਿੱਸਾ ਖੜ੍ਹੇ ਹੋਣ ਤੋਂ ਬੈਠਣ ਤੱਕ, ਤਾਜ਼ਿਆਨਾ, ਦੁੱਰਾ=ਕੋਰੜਾ)
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ।
ਅੰਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ, ਕੁਰ੍ਹਾ ਮਰਨ ਜਮਾਣ ਦਾ ਮਾਰਦੇ ਹੋ ।
ਸ਼ਰ੍ਹਾ ਚਾਇ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਗਾਰ ਦੇ ਹੋ।
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚਲੀ ਹੀ ਪਏ ਪੁਕਾਰਦੇ ਹੋ।
(ਬਾਸ=ਮਹਿਕ, ਕੁਰ੍ਹਾ ਮਾਰਨਾ = ਪਾਸਾ ਸੁੱਟਣਾ, ਫਾਲ ਕੱਢਣਾਂ, ਸਰਪੋਸ਼=ਪਰਦਾ, ਢੱਕਣ, ਰਵਾਦਾਰ=ਕਿਸੇ ਕੰਮ ਨੂੰ ਜਾਇਜ਼ ਦੱਸਣ ਵਾਲਾ)
ਮੁੱਲਾਂ ਆਖਿਆ ਨਾਮਾਕੂਲ ਜੱਟਾ, ਫ਼ਜ਼ਰ ਕੱਟ ਕੇ ਰਾਤ ਗੁਜ਼ਾਰ ਜਾਈਂ ।
ਫ਼ਜ਼ਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ, ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ ।
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ, ਅਜਗੈਬ ਦੀਆਂ ਹੁਜਤਾਂ ਨਾ ਉਠਾਈਂ ।
ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ, ਇਹ ਮੁੱਲਾ ਭੀ ਚੰਬੜੇ ਹੈਣ ਬਲਾਈਂ।
(ਨਾਮਾਕੂਲ=ਬੇਸਮਝ, ਮੂਰਖ, ਫ਼ਜ਼ਰ=ਸਵੇਰ, ਖਾਨਾ=ਘਰ, ਮਸੀਤ, ਅਜ਼ਗ਼ੈਬਦੀਆਂ ਹੁੱਜਤਾਂ=ਉਹ ਗੱਲਾਂ ਜਿਹੜੀਆਂ ਕਿਸੇ ਨੇ ਨਾ ਕੀਤੀਆਂ ਹੋਣ)
ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ ।
ਉਠ ਗੁਸਲ ਦੇ ਵਾਸਤੇ ਜਾ ਪਹੁਤੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ ।
ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ ।
(ਗ਼ੁਸਲ=ਇਸ਼ਨਾਨ, ਮੁਹਾਣੇ=ਮਾਂਝੀ, ਮਲਾਹ)
ਰਾਂਝੇ ਆਖਿਆ ਪਰ ਲੰਘਾ ਮੀਆਂ, ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ ।
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ।
ਤੁਸੀਂ ਚਾੜ੍ਹ ਲਵੋ ਮੈਨੂੰ ਵਿਚ ਬੇੜੀ, ਚੱਪੂ ਧਿਕਸਾਂ ਦੱਬ ਦੇ ਵਾਸਤੇ ਤੇ ।
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ, ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ ।
(ਝਬ= ਛੇਤੀ, ਜਲਦੀ)
ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ।
ਅਤੇ ਢੇਕਿਆ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉ ਜ਼ਿਮੀਂ ਤੇ ਮਾਰਨਾ ਹਾਂ ।
ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ।
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ।
ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ ।
ਵਾਰਿਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ ।
(ਢੇਕਿਆ=ਅਹਿਮਕਾ, ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ)
ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ।
ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ ।
ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ ।
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ ।
ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ ।
ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ ।
ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ।
ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ ।
(ਕੰਧੀ=ਕੰਢੇ, ਗੋਸ਼ੇ=ਇੱਕ ਨੁੱਕਰੇ, ਨਿਵੇਕਲੇ, ਢਾਂਡੜੀ=ਅੱਗ, ਹਾਕ= ਆਵਾਜ਼, ਪਿੰਡਾ ਬਾਹੁੜੀ=ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਕਰੋ, ਲੈ ਜਾਗ=ਲੈ ਜਾਵੇਗਾ)
ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ।
ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ।
ਬ੍ਹਨ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ ।
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ।
ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ।
ਆਉ ਕਰਾਂ ਹੈਂ ਏਸ ਦੀ ਮਿੰਨਤ ਜਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।
ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ ।
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ ।
ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ ।
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ ।
ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ ।
(ਸੈਈਂ ਵੰਝੀਂ=ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ, ਸ਼ਊਰ=ਸੂਝ ਸਮਝ, ਖਸ ਲੀਤਾ=ਖੋਹ ਲਿਆ, ਕੁਖੜਾ=ਕੁਖ, ਜਾਨ ਤੋਂ ਢਿਲ ਨਾ=ਜਾਨ ਵਾਰ ਦੇਣੀ, ਧੀਰੀ=ਪੁਤਲੀ, ਚੌਖਨੇ=ਕੁਰਬਾਨ ਜਾਂਦੇ ਹਾਂ; ਪਾਠ ਭੇਦ: ਜਾਣ ਤੂੰ)
ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ ।
ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ ।
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ।
ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ ।
(ਤਕਸੀਰ=ਗੁਨਾਹ, ਕਸੂਰ, ਆਦਮੇ=ਬਾਬਾ ਆਦਮ, ਖ਼ਾਬ=ਸੁਪਨਾ, ਅਜ਼ਾਜ਼ੀਲ = ਇੱਕ ਫ਼ਰਿਸ਼ਤੇ ਦਾ ਨਾਂ, ਪਾਠ ਭੇਦ: ਬੀਵੀ = ਬੀਬੀ)
ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ ।
ਬਾਦਸ਼ਾਹ ਸਿਆਲਾਂ ਦੇ ਤ੍ਰਿੰਵਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ ।
ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ।
ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ।
(ਮੁਸ਼ਕ ਲਪੇਟੜੀ=ਜਿਹਦੇ ਕੱਪੜਿਆਂ ਵਿੱਚ ਕਸਤੂਰੀ ਦੀ ਮਹਿਕ ਵਸੀ ਹੋਵੇ, ਪਾਠ ਭੇਦ: ਅਸੀਂ ਸਭ=ਵਾਰਿਸ ਸ਼ਾਹ)
ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ।
ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ।
ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ ।
ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ।
ਲੁੱਡਣ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈ।
ਯਾਰੋ ਝੂਠ ਨਾ ਕਰੇ ਖੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ ।
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ।
ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ।
ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ।
(ਗਡਾ-ਵਡ=ਜਣਾ ਖਣਾ, ਨਈਂ=ਨਦੀ, ਸ਼ਰੀਨੀਆਂ= ਸ਼ਰਧਾ ਵਜੋਂ ਲਿਆਂਦੀ ਮਠਿਆਈ, ਸੱਦ = ਆਵਾਜ਼)
ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ।
ਉਹਦੇ ਬੋਲਿਆਂ ਮੁਖ ਥੀ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ।
ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ।
ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ ।
(ਮਾਹੀਆਂ ਗਾਈਆਂ ਮੱਝਾਂ ਦੇ ਛੇਤੂ, ਕਵਾਰੀਆਂ-ਨਵੀਆਂ ਫ਼ਤੂਰ=ਆਫ਼ਤ, ਖ਼ਰਾਬੀ)
ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ, ਅੰਨ ਕਿਸੇ ਨੇ ਆਣ ਖਵਾਲਿਆ ਈ ।
ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ, ਏਡ ਜਫ਼ਰ ਤੂੰ ਕਾਸ ਤੇ ਜਾਲਿਆ ਈ ।
ਅੰਗ ਸਾਕ ਕਿਉਂ ਛਡ ਕੇ ਨੱਸ ਆਇਉਂ, ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ ।
ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ, ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ।
(ਮਲੂਕ=ਸੁੰਦਰ, ਜਫ਼ਰ ਜਾਲਣਾ=ਮੁਸੀਬਤ ਝੱਲਣਾ, ਦੂਤੀਆਂ=ਚੁਗਲਖੋਰਾਂ; ਪਾਠ ਭੇਦ: ਕਿਨ੍ਹਾਂ ਦੂਤੀਆਂ ਦਾ ਕੌਲ=ਵਾਰਿਸ ਸ਼ਾਹ ਦਾ ਕੌਲ ਨਾਂਹ)
ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ, ਸੁਬ੍ਹਾ ਉਠ ਕੇ ਜੀਉ ਉਦਾਸ ਕੀਤਾ।
ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ, ਡੇਰਾ ਜਾਇ ਮਲਾਹਾਂ ਦੇ ਪਾਸ ਕੀਤਾ।
ਅੱਗੇ ਪਲੰਘ ਬੇੜੀ ਵਿੱਚ ਵਿਛਿਆ ਸੀ, ਉਤੇ ਖੂਬ ਵਿਛਾਵਣਾ ਰਾਸ ਕੀਤਾ।
ਬੇੜੀ ਵਿੱਚ ਵਜਾਇ ਕੇ ਵੰਝਲੀ ਨੂੰ, ਜਾ ਪਲੰਘ ਉਤੇ ਆਮ ਖ਼ਾਸ ਕੀਤਾ ।
ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ।
(ਰਾਸ ਕੀਤਾ=ਵਿਛਾਇਆ ਹੋਇਆ)
ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦੀ ਜੀ ।
ਬੁਕ ਮੋਤੀਆਂ ਦੇ ਕੰਨੀ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ।
ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ।
ਜਿਸ ਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ।
ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅੱਗੇ ਗਈ ਕੇਤੀ ਤੰਬੂ ਤਾਣਦੀ ਜੀ ।
ਵਾਰਿਸ ਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ, ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ ।
(ਮੱਤੜੀ=ਮਦਮਾਤੀ, ਨਸ਼ਈ, ਸੂਹਾ=ਕਸੁੰਭੇ ਨਾਲ ਰੰਗਿਆ ਸੂਹਾ ਕੱਪੜਾ, ਲਾਲ, ਫਬੀ=ਸਜੀ, ਬੁਲਾਕ=ਕੋਕਾ, ਕਿਬਰ=ਗਰੂਰ, ਹੰਕਾਰ, ਲੋੜ੍ਹ ਲੁਟੀ=ਲੋੜ੍ਹ ਦੀ ਮਾਰੀ, ਪਾਠ ਭੇਦ: ਪਰੀ ਕਿਬਰ ਹੰਕਾਰ ਤੇ ਮਾਨ=ਭਰੀ ਕਿਬਰ ਹੰਕਾਰ ਗੁਮਾਨ)
ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।
ਖੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।
ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।
ਖੁੱਲ੍ਹੀ ਤ੍ਰਿੰਵਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉ ਫਿਰੇ ਨਵਾਬ ਦਾ ਜੀ।
ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ।
ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ।
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ।
(ਮਹਿਤਾਬ=ਚੰਦ, ਸ਼ਹਾਬ=ਅੱਗ ਦੀ ਲਾਟ, ਅੱਗ ਛਡਦਾ ਤਾਰਾ, ਨਰਗਿਸੀ =ਨਰਗਿਸ ਦੇ ਫੁਲ ਵਰਗੇ, ਮਿਰਗ=ਹਿਰਨ , ਕਮਾਨ ਲਾਹੌਰ=ਲਹੌਰ ਦੀ ਬਣੀ ਹੋਈ ਕਮਾਨ ਮਸ਼ਹੂਰ ਸੀ, ਕਟਕ=ਫ਼ੌਜ, ਖ਼ਾਲ=ਤਿਲ, ਖਤ ਖ਼ਾ=ਨੈਣ ਨਕਸ਼, ਲੈਲਾਤੁਲਕਦਰ = ਰਮਜ਼ਾਨ ਮਹੀਨੇ ਦੀ ਸਤਾਈਵੀਂ ਰਾਤ ਜਿਸ ਦੀ ਪਰਵਾਨ ਹੋਈ ਦੁਆ ਤੇ ਇਬਾਦਤ ਇੱਕ ਹਜ਼ਾਰ ਸਾਲ ਦੀ ਬੰਦਗੀ ਬਰਾਬਰ ਹੁੰਦੀ ਹੈ, ਜ਼ਿਆਰਤ=ਦਰਸ਼ਨ,ਦੀਦਾਰ, ਸਵਾਬ=ਪੁੰਨ)
ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ ।
ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ।
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ।
ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ।
ਗਰਦਣ ਕੂੰਜ ਦੀ ਉਂਗਲੀਆਂ ਰਵਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ ।
ਬਾਹਾਂ ਵੇਲਣੇ ਵੇਲੀਆਂ ਗੁੰਨ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ ।
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸਿਉ ਬਲਖ਼ ਦੇ ਚੁਣੇ ਅੰਬਾਰ ਵਿੱਚੋਂ।
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ, ਪੇਟੂ ਮਖ਼ਮਲੀ ਖ਼ਾਸ ਸਰਕਾਰ ਵਿੱਚੋਂ।
ਕਾਫ਼ੂਰ ਸ਼ਹਿਨਾਂ ਸਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ ।
ਸੁਰਖੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ, ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।
ਸੱਈਆਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ।
ਅਪਰਾਧ ਅਵਧ ਦਲਤ ਮਿਸਰੀ, ਚਮਕ ਨਿਕਲੀ ਤੇਗ਼ ਦੀ ਧਾਰ ਵਿੱਚੋਂ।
ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜ੍ਹਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ ।
ਲੰਕ ਬਾਗ਼ ਦੀ ਪਰੀ ਕਿ ਇੰਦਰਾਣੀ, ਹੂਰ ਨਿਕਲੀ ਚੰਦ ਪਰਵਾਰ ਵਿੱਚੋਂ।
ਪੁਤਲੀ ਪੇਖਣੇ ਦੀ ਨਕਸ਼ ਰੂਮ ਦਾ ਹੈ, ਲੱਧਾ ਪਰੀ ਨੇ ਚੰਦ ਉਜਾੜ ਵਿੱਚੋਂ।
ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ, ਜਿਵੇਂ ਕੂੰਜ ਟੁਰ ਨਿਕਲੀ ਡਾਰ ਵਿੱਚੋਂ।
ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ, ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ ।
ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ।
ਕਜ਼ਲਬਾਸ਼ ਅਸਵਾਰ ਜੱਲਾਦ ਖੂਨੀ, ਨਿੱਕਲ ਗਿਆ ਏ ਉੜਦ ਬਾਜ਼ਾਰ ਵਿੱਚੋਂ ।
ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ, ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ ।
(ਯਾਕੂਤ=ਇੱਕ ਕੀਮਤੀ ਪੱਥਰ, ਲਾਅਲ, ਸਾਰ=ਕਿਸੇ ਚੀਜ਼ ਦਾ ਅਰਕ, ਅਲਿਫ਼ ਹੁਸੈਨੀ = ਹਜ਼ਰਤ ਅਲੀ ਦੀ ਉਹ ਤਲਵਾਰ ਜਿਹੜੀ ਉਨ੍ਹਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਪਾਸੋਂ ਮਿਲੀ ਸੀ, ਜਿਸ ਨਾਲ ਉਹ ਜੰਗ-ਏ-ਨਹਾਵੰਦ ਵਿੱਚ ਲੜੇ ਸਨ, ਪਿਪਲਾ = ਤਲਵਾਰ ਦਾ ਅਗਲਾ ਨੋਕੀਲਾ ਸਿਰਾ, ਖਜ਼ਾਨੇ ਦੀ ਬਾਰ= ਝੰਗ ਦੇ ਉੱਤਰ ਪੱਛਮ ਦਾ ਵੱਡਾ ਜੰਗਲ ਜਿਸ ਵਿੱਚ ਨਾਗਗ਼ ਸੂਕਦੇ ਫਿਰਦੇ ਹਨ, ਬਰਗ=ਪੱਤੇ, ਗੰਗ ਧਾਰ=ਗੰਗਾ ਨਦੀ, ਖੇਨੂੰ=ਰੇਸ਼ਮ ਦੀ ਗੇਂਦ, ਅੰਬਾਰ ਢੇਰ, ਹੌਜ਼= ਪਾਣੀ ਵਾਲਾ ਤਲਾ, ਮੁਸ਼ਕ ਕੁੱਬਾ =ਕਸਤੂਰੀ ਦਾ ਬਣਿਆ ਹੋਇਆ ਗੁੰਬਦ, ਪੇਡੂ-ਪੇਟ,
ਸ਼ਹੀਨਾਂ=ਚਿੱਟੇ ਰੰਗ ਦੀ ਤਰਨ ਵਾਲੀ ਮਸਕ, ਸਰੀਨ=ਚਿੱਤੜ, ਸਾਕ= ਲੱਤ ਦੀ ਪਿੰਨੀ, ਪੰਜ ਫੂਲ ਰਾਣੀ-ਰਾਜਾ ਰੂਪ ਚੰਦਰ ਦੀ ਲੋਕ ਕਥਾ ਦੀ ਬਹੁਤ ਸੁੰਦਰ ਨਾਇਕਾ ਜਿਹਦੇ ਰੂਪ ਅਤੇ ਸੁਹੱਪਣ ਨਾਲ ਹਨ੍ਹੇਰੇ ਵਿੱਚ ਚਾਨਣ ਹੋ ਜਾਂਦਾ ਸੀ ।ਇਹਦਾ ਭਾਰ ਕੇਵਲ ਪੰਜਾਂ ਫੁੱਲਾਂ ਬਰਾਬਰ ਸੀ, ਤੁੱਠੀਆਂ ਖੁਸ਼ ਹੋਈਆ, ਅਵਧ ਦਲਤ ਮਿਸਰੀ =ਮਿਸਰ ਦੀ ਬਣੀ ਹੋਈ ਤਲਵਾਰ ਜਿਹੜੀ ਸੂਰ ਨੂੰ ਵੀ ਕੱਟ ਕੇ ਟੁਕੜੇ ਟੁਕੜੇ ਕਰ ਦੇਵੇ, ਇੰਦਰਾਣੀ=ਇੰਦਰ ਦੀ ਰਾਣੀ, ਪੇਖਣਾ=ਪੁਤਲੀ ਦਾ ਤਮਾਸ਼ਾ, ਲੱਧਾ=ਲੱਭਾ, ਤ੍ਰੰਗਲੀ=ਤ੍ਰੰਗ, ਜ਼ੀਲ ਦੀ ਤਾਰ= ਅੰਤੜੀ ਦੀ ਬਣੀ ਹੋਈ ਤਾਰ ਜਿਹਦੇ ਵਿੱਚੋਂ ਬਹੁਤ ਦਰਦ ਭਰਿਆ ਸੰਗੀਤ ਨਿਕਲਦਾ ਹੈ। ਕਿਹਾ ਜਾਂਦਾ ਹੈ ਕਿ ਧਾਤ ਦੀ ਤਾਰ ਨਾਲੋਂ ਇਸ ਤਾਰ ਦੀ ਆਵਾਜ਼ ਵਧੇਰੇ ਦਰਦਨਾਕ ਹੁੰਦੀ ਹੈ, ਕਜ਼ਲਬਾਸ਼=ਲਾਲ ਟੋਪੀ ਵਾਲਾ ਅਫ਼ਗਾਨੀ ਸਿਪਾਹੀ ਜਿਸ ਦੇ ਸਿਰ ਉਤੇ ਬਾਰਾਂ ਨੁੱਕਰੀ ਲਾਲ ਟੋਪੀ ਹੁੰਦੀ ਸੀ, ਉੜਦ ਬਜ਼ਾਰ = ਛਾਉਣੀ ਦਾ ਬਾਜ਼ਾਰ, ਪਾਠ ਭੇਦ: ਅਵਧ ਦਲਤ ਮਿਸਰੀ = ਤੇ ਊਂਧ ਵਲੱਟ ਮਿਸਰੀ)
ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ, ਮਾਰ ਛਮਕਾਂ ਲਹੂ ਲੁਹਾਣ ਕੀਤੇ ।
ਆਣ ਪਲੰਘ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ ।
ਕੁੜੀਏ ਮਾਰ ਨਾ ਅਸਾਂ ਬੇਦੋਸਿਆਂ, ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ ।
ਚੈਂਚਰ-ਹਾਰੀਏ ਰਬ ਤੋਂ ਡਰੀਂ ਮੋਈਏ, ਅੱਗੇ ਕਿਸੇ ਨਾ ਏਡ ਤੂਫ਼ਾਨ ਕੀਤੇ।
ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ, ਵਾਰਿਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ।
(ਪਾਠ ਭੇਦ: ਆਣ ਪਲੰਘ ਤੇ ਕੌਣ=ਮੇਰੇ ਪਲੰਘ ਤੇ ਆਣ)
ਜਵਾਨੀ ਕਮਲੀ ਰਾਜ ਏ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ ।
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੁੱਟਾਂ, ਆਇਆਂ ਕਿਧਰੋਂ ਇਹ ਬਾਦਸ਼ਾਹ ਮੈਨੂੰ ।
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾਹ ਮੈਨੂੰ ।
ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ, ਲਾਇ ਰਹੇਗਾ ਲਖ ਜੇ ਵਾਹ ਮੈਨੂੰ ।
ਇਹ ਬੋਦਲਾ ਪੀਰ ਬਗ਼ਦਾਦ ਗੁੱਗਾ, ਮੇਲੇ ਆਇ ਬੈਠਾ ਵਾਰਿਸ ਸ਼ਾਹ ਮੈਨੂੰ ।
(ਜੌਨੀ=ਬਾਹਰਲੇ ਦੇਸ਼ਾਂ ਦੀ ਹਮਲਾਵਰ ਔਰਤ, ਬੋਦਲਾ = ਹਲਕੇ ਹੋਏ ਕੁੱਤੇ ਦੇ ਵੱਢੇ ਦਾ ਇਲਾਜ ਕਰਨ ਵਾਲਾ, ਸਾਹੀਵਾਲ ਦੇ ਇਲਾਕੇ ਵਿੱਚ ਬੋਦਲੇ ਫ਼ਕੀਰ ਦੀ ਬਹੁਤ ਮਾਨਤਾ ਸੀ, ਪੀਰ ਬਗ਼ਦਾਦ=ਸੱਯਦ ਅਬਦੁਲ ਕਾਦਰ ਜਿਲਾਨੀ ਜਿਹਦੀ ਬਾਬਤ ਮਸ਼ਹੂਰ ਹੈ ਕਿ ਉਨ੍ਹਾਂ ਨੇ ਬਾਰਾਂ ਸਾਲਾਂ ਦਾ ਡੁਬਿਆ ਬੇੜਾ ਪਾਰ ਉਤਾਰ ਦਿੱਤਾ ਸੀ, ਪਾਠ ਭੇਦ: ਜਵਾਨੀ =ਜੌਨੀ)
ਉਠੀਂ ਸੁੱਤਿਆ ਸੇਜ ਅਸਾਡੜੀ ਤੋਂ, ਲੰਮਾ ਸੁੱਸਰੀ ਵਾਂਙ ਕੀ ਪਿਆ ਹੈਂ ਵੇ।
ਰਾਤੀਂ ਕਿਤੇ ਉਨੀਂਦਰਾ ਕੱਟਿਓਈ, ਐਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ ।
ਸੁੰਞੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਹਲਕੀ ਆਣ ਢਹਿ ਪਿਆ ਹੈਂ ਵੇ ।
ਕੋਈ ਤਾਪ ਕਿ ਭੂਤ ਕਿ ਜਿੰਨ ਲੱਗਾ, ਇੱਕੇ ਡਾਇਣ ਕਿਸੇ ਭਖ ਲਿਆ ਹੈਂ ਵੇ ।
ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈ ਵੇ ।
(ਲੁੜ੍ਹ ਜਣਾ=ਡੁਬ ਜਾਣਾ, ਆਹਲਕ= ਸੁਸਤੀ, ਭਖ ਲਿਆ=ਖਾ ਲਿਆ)
ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ।
ਰਾਂਝੇ ਉਠ ਕੇ ਆਖਿਆ 'ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ।
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜੁਲਫ਼ ਮੁਖੜੇ ਤੇ ਪਰੇਸ਼ਾਨ ਹੋਈ ।
ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ, ਨੈਣੀਂ ਕੱਜਲੇ ਦੀ ਘਮਸਾਨ ਹੋਈ ।
ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ।
ਨੈਣ ਮਸਤ ਕਲੇਜੜੇ ਵਿੱਚ ਧਾਣੇ, ਜਿਵੇਂ ਤਿੱਖੜੀ ਨੋਕ ਸਨਾਨ ਹੋਈ।
ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕਿਰਬਾਨ ਕਮਾਨ ਹੋਈ।
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ।
ਰੂਪ ਜੱਟ ਦਾ ਵੇਖ ਕੇ ਜਾਗ ਲਧੀ, ਹੀਰ ਘੋਲ ਘੱਤੀ ਕੁਰਬਾਨ ਹੋਈ।
ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ, ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ।
(ਤੈਮੂਸ ਬੇਟੀ=ਜ਼ੁਲੈਖ਼ਾ, ਮਾਲਕੇ=ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ ਦੇ ਨਾਮ ਬਸ਼ਰਾ ਅਤੇ ਮਾਮਲ ਸਨ ਜਿਨ੍ਹਾਂ ਦਾ ਮਾਲਕ ਜੁਅਰ-ਬਿਨ-ਮਿਸਰਸੀ, ਧਾਣੇ=ਧਸੇ ਹੋਏ, ਕਿਰਬਾਨ=ਕਮਾਨ ਰੱਖਣ ਵਾਲਾ ਕਮਾਨਦਾਨ, ਜਾਗ ਲੱਧੀ = ਜਾਗ ਉੱਠੀ)
ਰਾਂਝਾ ਆਖਦਾ ਇਹ ਜਹਾਨ ਸੁਫ਼ਨਾ, ਮਰ ਜਾਵਣਾ ਈਂ ਮਤਵਾਲੀਏ ਨੀ ।
ਤੁਸਾਂ ਜਿਹੀਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ ।
ਏਡਾ ਹੁਸਨ ਦਾ ਨਾ ਗੁਮਾਨ ਕੀਜੇ, ਇਹ ਲੈ ਪਲੰਘ ਹਈ ਸਣੇ ਨਿਹਾਲੀਏ ਨੀ ।
ਅਸਾਂ ਰੱਬ ਦਾ ਆਸਰਾ ਰੱਖਿਆ ਏ, ਉੱਠ ਜਵਾਨਾਂ ਈ ਨੈਣਾਂ ਵਾਲੀਏ ਨੀ ।
ਵਾਰਿਸ ਸ਼ਾਹ ਦੇ ਮਗਰ ਨਾ ਪਈ ਮੋਈਏ, ਏਸ ਭੈੜੇ ਦੀ ਗੱਲ ਨੂੰ ਟਾਲੀਏ ਨੀ ।
(ਮਤਵਾਲੀ=ਮਸਤ, ਲਾਜ਼ਮ ਜ਼ਰੂਰੀ, ਹਈ= ਹੈ, ਆਹ ਪਿਆ ਹੈ, ਨਿਹਾਲੀ=ਲੇਫ਼)
ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ ।
ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ ।
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ ।
ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ ।
ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ ।
ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ।
(ਕੋੜਮਾ=ਸਾਰਾ ਪਰਵਾਰ, ਖ਼ਾਨਦਾਨ ਸ਼ਰੀਕ= ਸਾਥੀ,ਉਹਦੇ ਜਿਹਾ)
ਮਾਨ-ਮੱਤੀਏ ਰੂਪ ਗੁਮਾਨ ਭਰੀਏ, ਅਠਖੇਲੀਏ ਰੰਗ ਰੰਗੀਲੀਏ ਨੀ ।
ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਨੀ ।
ਏਹ ਜੋਬਨਾ ਠਗ ਬਾਜ਼ਾਰ ਦਾ ਈ, ਟੂਣੇ-ਹਾਰੀਏ ਛੈਲ ਛਬੀਲੀਏ ਨੀ ।
ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੁਹਦਿਆਂ ਨਾਲ ਬਖੀਲੀਏ ਨੀ ।
ਵਾਰਿਸ ਸ਼ਾਹ ਬਿਨ ਕਾਰਦੋਂ ਜਿਬ੍ਹਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ ।
(ਸੁਹਦਿਆਂ=ਕਮਜ਼ੋਰਾਂ, ਬਖ਼ੀਲੀ=ਕੰਜੂਸੀ, ਨਾਮਿਹਰਬਾਨੀ, ਬਿਨ ਕਾਰਦੋਂ = ਛੁਰੀ ਜਾਂ ਕਟਾਰੀ ਦੇ ਬਗ਼ੈਰ)