Back ArrowLogo
Info
Profile

  1. ਵਾਕ ਕਵੀ

ਦੇ ਦੁਆਈਆਂ ਰਾਤ ਮੁਕਾ ਸੁੱਟੀ, ਵੇਖੋ ਹੋਵਣੀ ਕਰੇ ਸ਼ਤਾਬੀਆਂ ਜੀ ।

ਜਿਹੜੀ ਹੋਵਣੀ ਗੱਲ ਸੋ ਹੋ ਰਹੀ, ਸੱਭੇ ਹੋਵਣੀ ਦੀਆਂ ਖ਼ਰਾਬੀਆਂ ਜੀ ।

ਏਸ ਹੋਵਣੀ ਸ਼ਾਹ ਫ਼ਕੀਰ ਕੀਤੇ, ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ ।

ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ, ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ ।

ਮਾਸ਼ੂਕ ਨੂੰ ਬੇਪਰਵਾਹ ਕਰਕੇ, ਵਾਏ ਆਸ਼ਕਾਂ ਰਾਤ ਬੇਖ਼ਾਬੀਆਂ ਜੀ ।

ਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ, ਖ਼ਬਰ ਹੋਈ ਨਾ ਮੂਲ ਅਸਹਾਬੀਆਂ ਜੀ ।

ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ ।

ਵਾਰਿਸ ਸ਼ਾਹ ਮੀਆਂ ਫਲੇ ਖੇੜਿਆਂ ਦੇ, ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ ।

 

(ਹੋਵਣੀ=ਹੋਣੀ,ਕਿਸਮਤ, ਸ਼ਤਾਬੀ=ਜਲਦੀ,ਫੁਰਤੀ, ਖ਼ਰਾਬੀ=ਸ਼ਰਾਰਤ, ਮਜਜ਼ੂਬ= ਰਬ ਦੇ ਪ੍ਰੇਮ ਵਿੱਚ ਮਸਤ, ਵਾਏ=ਹਾਏ, ਬੇਖ਼ਾਬੀ=ਉਣੀਂਦਰਾ, ਅਲੀ ਜਿਹਾਂ ਨੂੰ= ਹਜ਼ਰਤ ਅਲੀ, ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਅਬੂ ਤਾਲਬ ਦੇ ਛੋਟੇ ਪੁੱਤਰ,

ਜੋ ਸਭ ਤੋਂ ਪਹਿਲਾਂ 14 ਸਾਲ ਦੀ ਛੋਟੀ ਉਮਰ ਵਿੱਚ ਹੀ ਮੁਸਲਮਾਨ ਹੋ ਗਏ, ਆਪ ਦਾ ਰਸੂਲ ਦੀ ਸਪੁੱਤਰੀ ਬੀਬੀ ਫ਼ਾਤਮਾ ਨਾਲ ਨਕਾਹ ਹੋਇਆ ।ਆਪ ਬਹੁਤ ਸੂਰਵੀਰ ਸਨ ।ਉਸਮਾਨ ਦੇ ਸ਼ਹੀਦ ਹੋਣ ਪਿੱਛੋਂ ਆਪ ਨੂੰ 656 ਈ ਵਿੱਚ ਚੌਥਾ ਖ਼ਲੀਫ਼ਾ ਥਾਪਿਆ ਗਿਆ ।ਆਪ ਕੂਫਾ ਵਿੱਚ ਅੱਬਦੁਰਹਿਮਾਨ ਨਾਮੀ ਗੁਲ਼ਾਮ ਹੱਥੋਂ ਕਤਲ ਹੋਏ ।ਆਪ ਮਸੀਤ ਵਿੱਚ ਕਈ ਲੋਕਾਂ ਨਾਲ ਸਿਜਦਾ ਕਰ ਰਹੇ ਸਨ ।ਕਿਸੇ ਨੂੰ ਕਤਲ ਕਰਨ ਵਾਲੇ ਦਾ ਪਤਾ ਨਾ ਲੱਗਾ, ਅਸਹਾਬ=ਸਾਹਿਬ ਦਾ ਬਹੁ-ਵਚਨ, ਉਹ ਲੋਕ ਜਿਹੜੇ ਰਸੂਲ ਦੇ ਅਸਰ ਥੱਲੇ ਮੁਸਲਮਾਨ ਬਣੇ, ਹਰਬਾਬੀਆਂ=ਦਰ ਦਰ ਘੁੰਮਣ ਵਾਲੀਆਂ)

 

  1. ਤਥਾ

ਇਸ਼ਕ ਇੱਕ ਤੇ ਇਫਤਰੇ ਲਖ ਕਰਨੇ, ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ ।

ਕੇਡਾ ਪਾੜਣਾ ਪਾੜਿਆ ਇਸ਼ਕ ਪਿੱਛੇ, ਸਦ ਘੱਲੀਆਂ ਸਭ ਕਵਾਰੀਆਂ ਨੀ ।

ਏਨ੍ਹਾਂ ਯਾਰੀਆਂ ਰਾਜਿਆਂ ਫ਼ਕਰ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆਂ ਨੀ ।

ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆ ਨੀ ।

ਏਸ ਇਸ਼ਕ ਨੇ ਵੇਖ ਫ਼ਰਹਾਦ ਕੁੱਠਾ, ਕੀਤੀਆਂ ਯੂਸਫ਼ ਨਾਲ ਖਵਾਰੀਆਂ ਨੀ ।

ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ, ਡੋਬ ਵਿੱਚ ਦਰਿਆ ਦੇ ਮਾਰੀਆਂ ਨੀ ।

ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਨੇ ਹੇ, ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ ।

ਵੇਖ ਬੂਬਨਾਂ ਮਾਰੂਨ ਕਹਿਰ ਘੱਤੀ, ਕਈ ਹੋਰ ਕਰ ਚੱਲੀਆਂ ਯਾਰੀਆਂ ਨੀ ।

ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ, ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ ।

 

(ਇਫਤਰੇ=ਬਹਾਨੇ, ਕੁੱਠਾ=ਮਾਰਿਆ, ਬੂਬਨਾ-ਮਾਰੂਨ=ਇੱਕ ਰਾਜਸਥਾਨੀ ਕਹਾਣੀ ਅਨੁਸਾਰ ਢੋਲ ਬਾਦਸ਼ਾਹ ਪੋਗਲ ਤੋਂ ਆਪਣੀ ਮਹਿਬੂਬਾ ਰਾਣੀ ਮਾਰੂਨ ਨੂੰ ਲੈ ਕੇ ਚਲਿਆ ਤਾਂ ਰਸਤੇ ਵਿੱਚ ਸਿੰਧੀ ਅਮੀਰ ਫੋਗੂ ਉਮਰ ਨੇ ਮਾਰੂਨ ਨੂੰ ਉਹਦੇ ਕੋਲੋਂ ਉਹਨੂੰ ਖੋਹਣ ਦੀ ਅਸਫ਼ਲ ਕੋਸ਼ਿਸ਼ ਕੀਤੀ ।ਅਖੀਰ ਮਾਰੂਨ ਢੋਲ ਦੇ ਧੌਲਰ ਵਿੱਚ ਦਾਖਲ ਹੋਈ ।ਓਥੇ ਢੋਲ ਦੀ ਪਹਿਲੀ ਪਤਨੀ ਬੂਬਨਾ ਉਹਨੂੰ ਵੇਖ ਕੇ ਸਾੜ ਨਾਲ ਗੁਸੇ ਵਿੱਚ ਆਈ ।ਇੱਕ ਵਿਆਹੀ ਇਸਤਰੀ ਲਈ ਇੱਕ ਸੌਕਣ ਤੋਂ ਵੱਧ ਹੋਰ ਕੀ ਦੁਖ ਵਾਲੀ ਗੱਲ ਹੋ ਸਕਦੀ ਹੈ,ਧਜਾਂ= ਸਜ ਧਜ,ਠਾਠ)

 

  1. ਤਥਾ

ਸੁਬ੍ਹਾ ਚਲਣਾ ਖੇਤ ਕਰਾਰ ਹੋਇਆ, ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੀ ।

ਆਪੋ ਆਪਣੇ ਥਾਂ ਤਿਆਰ ਹੋਈਆਂ, ਕਈ ਵਿਆਹੀਆਂ ਕਈ ਕਵਾਰੀਆਂ ਨੀ ।

ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ, ਜਿਵੇਂ ਹਾਜੀਆਂ ਹਜ ਤਿਆਰੀਆਂ ਨੀ ।

ਜਿਵੇਂ ਵਿਆਹ ਦੀ ਖ਼ੁਸ਼ੀ ਦਾ ਚਾ ਚੜ੍ਹਦਾ, ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ ।

ਚਲੋ ਚਲ ਹਿਲ ਜੁਲ ਤਰਥੱਲ ਧੜ ਧੜ, ਖ਼ੁਸ਼ੀ ਨਾਲ ਨੱਚਣ ਮਤਿਆਰੀਆਂ ਨੀ ।

ਥਾਉਂ ਥਾਈ ਚਵਾ ਦੇ ਨਾਲ ਫੜਕੇ, ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ ।

ਗਿਰਦ ਫਲੇ ਦੀ ਖੁਰਲੀ ਆਣ ਹੋਈਆਂ, ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੀ ।

ਏਧਰ ਸਹਿਤੀ ਨੇ ਮਾਉਂ ਤੋਂ ਲਈ ਰੁਖਸਤ, ਚਲੋ ਚਲ ਜਾਂ ਸਭ ਪੁਕਾਰੀਆਂ ਨੀ ।

ਏਵੇਂ ਬੰਨ੍ਹ ਕਤਾਰ ਹੋ ਸਫ਼ਾਂ ਟੁਰੀਆਂ, ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ ।

ਏਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ, ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ ।

ਖ਼ਤਰੇਟੀਆਂ ਅਤੇ ਬਹਿਮਨੇਟੀਆਂ ਨੀ, ਜਟੇਟੀਆਂ ਨਾਲ ਸੁਨਿਆਰੀਆਂ ਨੀ ।

ਘੋੜੇ ਛੁੱਟੇ ਅਬਾਰ ਜਿਉਂ ਫਿਰਨ ਨਚਦੇ, ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ ।

ਵਾਰਿਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ, ਚੈਂਚਰ ਪਾਉਂਦੀਆਂ ਚੈਂਚਰ ਹਾਰੀਆਂ ਨੀ ।

 

(ਦਿਲਦਾਰੀ ਕਰਨਾ= ਮੁਹੱਬਤ ਦਿਖਾਉਣੀ, ਕੁਆਰੀਆਂ ਮੁਬਾਰਕਾਂ=ਲੜਕੇ ਵਾਲਿਆਂ ਦੇ ਵਹੁਟੀ ਆਉਣ ਤੇ ਵਧਾਈਆਂ, ਮਤਿਆਰੀਆਂ= ਨਸ਼ੇ ਵਿੱਚ ਮਸਤ, ਸਫ਼ਾਂ=ਕਤਾਰਾਂ, ਅਬਾਰ=ਰੱਸਾ ਤੁੜਾ ਕੇ ਖੁਲ੍ਹੇ)

 

  1. ਹੀਰ ਸਹਿਤੀ ਨਾਲ ਖੇਤ ਨੂੰ ਤੁਰ ਪਈ

ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ, ਗਲ ਗਿਣੀ ਸੂ ਨਾਲ ਸਹੇਲੀਆਂ ਦੇ ।

ਤਿਆਰ ਹੋਈਆਂ ਦੋਵੇਂ ਨਿਨਾਣ ਭਾਬੀ, ਨਾਲ ਚੜ੍ਹੇ ਨੇ ਕਟਕ ਅਲਬੇਲੀਆਂ ਦੇ ।

ਛਡ ਪਾਸਨੇ ਤੁਰਕ ਬੇਰਾਹ ਚਲੇ, ਰਾਹ ਮਾਰਦੇ ਨੇ ਅਠਖੇਲੀਆਂ ਦੇ ।

ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ ।

ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ, ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ ।

ਧਾਗੇ ਪਾਂਉਦੇ ਬੰਨ੍ਹ ਕੇ ਨਾਲ ਬੋਦੇ, ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ ।

ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ, ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ ।

ਰਾਜੇ ਇੰਦਰ ਦੀ ਸਭਾ ਵਿੱਚ ਹੋਈ ਫੇਰੀ, ਪਏ ਅਜਬ ਛਨਕਾਰ ਅਰਬੇਲੀਆਂ ਦੇ ।

ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ, ਅਰਥ ਕੀਤੀਆਂ ਨੇ ਨਾਲ ਬੇਲੀਆਂ ਦੇ ।

ਵਾਰਿਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ, ਥਈਆ ਥਈਆ ਸਰੀਰ ਮਥੇਲੀਆਂ ਦੇ ।

 

(ਗਲ ਗਿਣੀ=ਸਲਾਹ ਬਣਾ ਲਈ, ਛਡ ਪਾਸਨੇ=ਪਾਸੇ ਛੱਡ ਕੇ, ਕਿੱਲੇ ਪੁਟ= ਬੋਰੀਆ ਬਿਸਤਰਾ ਚੁਕ ਕੇ, ਬੈਂਸਰਾ, ਬੁਲਾਕ, ਬੁੰਦੇ, ਟਿੱਕੇ=ਸਾਰੇ ਵੱਖ ਵੱਖ ਗਹਿਣੇ ਹਨ, ਬੋਦੇ=ਵਾਲ, ਫਬ=ਸਜ)

 

  1. ਹੀਰ ਦਾ ਸੱਪ ਲੜਨ ਦਾ ਬਹਾਨਾ

ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ, ਤੁਰਤ ਚਾ ਲੰਗੋਟੜੇ ਵੱਟਿਉ ਨੇ ।

ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿੱਧਾ, ਪੰਭੀ ਘਤ ਬੰਨਾਂ ਵਟ ਪੱਟਿਉ ਨੇ ।

ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਭ ਕੇ ਖੂਨ ਪਲੱਟਿਉ ਨੇ ।

ਸਹਿਤੀ ਮਾਂਦਰਨ ਫ਼ਨ ਦਾ ਨਾਗ ਭਛਿਆ, ਦੰਦੀ ਮਾਰ ਕੇ ਖ਼ੂਨ ਉਲੱਟਿਉ ਨੇ ।

ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ, ਓਸ ਹੁਸਨ ਦੇ ਮੋਰ ਨੂੰ ਫੱਟਿਉ ਨੇ ।

ਵਾਰਿਸ ਯਾਰ ਦੇ ਖਰਚ ਤਹਿਸੀਲ ਵਿੱਚੋਂ, ਹਿੱਸਾ ਸਰਫ਼ ਕਸੂਰ ਦਾ ਕੱਟਿਉ ਨੇ ।

 

(ਸ਼ਿਸਤ ਅੰਦਾਜ਼=ਨਿਸ਼ਾਨੇ ਬਾਜ਼, ਖਰਚ ਤਹਿਸੀਲ=ਪੰਜੋਤਰਾ, ਨੰਬਰ ਦਾਰ ਵੱਲੋਂ ਮਾਮਲਾ ਇਕੱਠਾ ਕਰਨ ਦੀ ਫੀਸ ਜੋ ਉਨ੍ਹਾਂ ਨੂੰ ਦਿੱਤੀ ਜਾਂਦੀ, ਕਸੂਰ= ਛੋਟੇ ਮੁਲਾਜ਼ਮਾ ਵੱਲੋਂ ਕੰਮਕਾਰ ਵਿੱਚ ਕੀਤੀ ਗਲਤੀ ਤੇ ਕੀਤੀ ਕਟੌਤੀ)

83 / 96
Previous
Next