ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ।
ਅਤੇ ਢੇਕਿਆ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉ ਜ਼ਿਮੀਂ ਤੇ ਮਾਰਨਾ ਹਾਂ ।
ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ।
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ।
ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ ।
ਵਾਰਿਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ ।
(ਢੇਕਿਆ=ਅਹਿਮਕਾ, ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ)
ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ।
ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ ।
ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ ।
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ ।
ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ ।
ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ ।
ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ।
ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ ।
(ਕੰਧੀ=ਕੰਢੇ, ਗੋਸ਼ੇ=ਇੱਕ ਨੁੱਕਰੇ, ਨਿਵੇਕਲੇ, ਢਾਂਡੜੀ=ਅੱਗ, ਹਾਕ= ਆਵਾਜ਼, ਪਿੰਡਾ ਬਾਹੁੜੀ=ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਕਰੋ, ਲੈ ਜਾਗ=ਲੈ ਜਾਵੇਗਾ)
ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ।
ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ।
ਬ੍ਹਨ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ ।
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ।
ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ।
ਆਉ ਕਰਾਂ ਹੈਂ ਏਸ ਦੀ ਮਿੰਨਤ ਜਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।
ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ ।
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ ।
ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ ।
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ ।
ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ ।
(ਸੈਈਂ ਵੰਝੀਂ=ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ, ਸ਼ਊਰ=ਸੂਝ ਸਮਝ, ਖਸ ਲੀਤਾ=ਖੋਹ ਲਿਆ, ਕੁਖੜਾ=ਕੁਖ, ਜਾਨ ਤੋਂ ਢਿਲ ਨਾ=ਜਾਨ ਵਾਰ ਦੇਣੀ, ਧੀਰੀ=ਪੁਤਲੀ, ਚੌਖਨੇ=ਕੁਰਬਾਨ ਜਾਂਦੇ ਹਾਂ; ਪਾਠ ਭੇਦ: ਜਾਣ ਤੂੰ)
ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ ।
ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ ।
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ।
ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ ।
(ਤਕਸੀਰ=ਗੁਨਾਹ, ਕਸੂਰ, ਆਦਮੇ=ਬਾਬਾ ਆਦਮ, ਖ਼ਾਬ=ਸੁਪਨਾ, ਅਜ਼ਾਜ਼ੀਲ = ਇੱਕ ਫ਼ਰਿਸ਼ਤੇ ਦਾ ਨਾਂ, ਪਾਠ ਭੇਦ: ਬੀਵੀ = ਬੀਬੀ)
ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ ।
ਬਾਦਸ਼ਾਹ ਸਿਆਲਾਂ ਦੇ ਤ੍ਰਿੰਵਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ ।
ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ।
ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ।
(ਮੁਸ਼ਕ ਲਪੇਟੜੀ=ਜਿਹਦੇ ਕੱਪੜਿਆਂ ਵਿੱਚ ਕਸਤੂਰੀ ਦੀ ਮਹਿਕ ਵਸੀ ਹੋਵੇ, ਪਾਠ ਭੇਦ: ਅਸੀਂ ਸਭ=ਵਾਰਿਸ ਸ਼ਾਹ)
ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ।
ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ।
ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ ।
ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ।
ਲੁੱਡਣ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈ।
ਯਾਰੋ ਝੂਠ ਨਾ ਕਰੇ ਖੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ ।
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ।
ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ।
ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ।
(ਗਡਾ-ਵਡ=ਜਣਾ ਖਣਾ, ਨਈਂ=ਨਦੀ, ਸ਼ਰੀਨੀਆਂ= ਸ਼ਰਧਾ ਵਜੋਂ ਲਿਆਂਦੀ ਮਠਿਆਈ, ਸੱਦ = ਆਵਾਜ਼)
ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ।
ਉਹਦੇ ਬੋਲਿਆਂ ਮੁਖ ਥੀ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ।
ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ।
ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ ।
(ਮਾਹੀਆਂ ਗਾਈਆਂ ਮੱਝਾਂ ਦੇ ਛੇਤੂ, ਕਵਾਰੀਆਂ-ਨਵੀਆਂ ਫ਼ਤੂਰ=ਆਫ਼ਤ, ਖ਼ਰਾਬੀ)
ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ, ਅੰਨ ਕਿਸੇ ਨੇ ਆਣ ਖਵਾਲਿਆ ਈ ।
ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ, ਏਡ ਜਫ਼ਰ ਤੂੰ ਕਾਸ ਤੇ ਜਾਲਿਆ ਈ ।
ਅੰਗ ਸਾਕ ਕਿਉਂ ਛਡ ਕੇ ਨੱਸ ਆਇਉਂ, ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ ।
ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ, ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ।
(ਮਲੂਕ=ਸੁੰਦਰ, ਜਫ਼ਰ ਜਾਲਣਾ=ਮੁਸੀਬਤ ਝੱਲਣਾ, ਦੂਤੀਆਂ=ਚੁਗਲਖੋਰਾਂ; ਪਾਠ ਭੇਦ: ਕਿਨ੍ਹਾਂ ਦੂਤੀਆਂ ਦਾ ਕੌਲ=ਵਾਰਿਸ ਸ਼ਾਹ ਦਾ ਕੌਲ ਨਾਂਹ)
ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ, ਸੁਬ੍ਹਾ ਉਠ ਕੇ ਜੀਉ ਉਦਾਸ ਕੀਤਾ।
ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ, ਡੇਰਾ ਜਾਇ ਮਲਾਹਾਂ ਦੇ ਪਾਸ ਕੀਤਾ।
ਅੱਗੇ ਪਲੰਘ ਬੇੜੀ ਵਿੱਚ ਵਿਛਿਆ ਸੀ, ਉਤੇ ਖੂਬ ਵਿਛਾਵਣਾ ਰਾਸ ਕੀਤਾ।
ਬੇੜੀ ਵਿੱਚ ਵਜਾਇ ਕੇ ਵੰਝਲੀ ਨੂੰ, ਜਾ ਪਲੰਘ ਉਤੇ ਆਮ ਖ਼ਾਸ ਕੀਤਾ ।
ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ।
(ਰਾਸ ਕੀਤਾ=ਵਿਛਾਇਆ ਹੋਇਆ)
ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦੀ ਜੀ ।
ਬੁਕ ਮੋਤੀਆਂ ਦੇ ਕੰਨੀ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ।
ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ।
ਜਿਸ ਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ।
ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅੱਗੇ ਗਈ ਕੇਤੀ ਤੰਬੂ ਤਾਣਦੀ ਜੀ ।
ਵਾਰਿਸ ਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ, ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ ।
(ਮੱਤੜੀ=ਮਦਮਾਤੀ, ਨਸ਼ਈ, ਸੂਹਾ=ਕਸੁੰਭੇ ਨਾਲ ਰੰਗਿਆ ਸੂਹਾ ਕੱਪੜਾ, ਲਾਲ, ਫਬੀ=ਸਜੀ, ਬੁਲਾਕ=ਕੋਕਾ, ਕਿਬਰ=ਗਰੂਰ, ਹੰਕਾਰ, ਲੋੜ੍ਹ ਲੁਟੀ=ਲੋੜ੍ਹ ਦੀ ਮਾਰੀ, ਪਾਠ ਭੇਦ: ਪਰੀ ਕਿਬਰ ਹੰਕਾਰ ਤੇ ਮਾਨ=ਭਰੀ ਕਿਬਰ ਹੰਕਾਰ ਗੁਮਾਨ)
ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।
ਖੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।
ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।
ਖੁੱਲ੍ਹੀ ਤ੍ਰਿੰਵਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉ ਫਿਰੇ ਨਵਾਬ ਦਾ ਜੀ।
ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ।
ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ।
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ।
(ਮਹਿਤਾਬ=ਚੰਦ, ਸ਼ਹਾਬ=ਅੱਗ ਦੀ ਲਾਟ, ਅੱਗ ਛਡਦਾ ਤਾਰਾ, ਨਰਗਿਸੀ =ਨਰਗਿਸ ਦੇ ਫੁਲ ਵਰਗੇ, ਮਿਰਗ=ਹਿਰਨ , ਕਮਾਨ ਲਾਹੌਰ=ਲਹੌਰ ਦੀ ਬਣੀ ਹੋਈ ਕਮਾਨ ਮਸ਼ਹੂਰ ਸੀ, ਕਟਕ=ਫ਼ੌਜ, ਖ਼ਾਲ=ਤਿਲ, ਖਤ ਖ਼ਾ=ਨੈਣ ਨਕਸ਼, ਲੈਲਾਤੁਲਕਦਰ = ਰਮਜ਼ਾਨ ਮਹੀਨੇ ਦੀ ਸਤਾਈਵੀਂ ਰਾਤ ਜਿਸ ਦੀ ਪਰਵਾਨ ਹੋਈ ਦੁਆ ਤੇ ਇਬਾਦਤ ਇੱਕ ਹਜ਼ਾਰ ਸਾਲ ਦੀ ਬੰਦਗੀ ਬਰਾਬਰ ਹੁੰਦੀ ਹੈ, ਜ਼ਿਆਰਤ=ਦਰਸ਼ਨ,ਦੀਦਾਰ, ਸਵਾਬ=ਪੁੰਨ)
ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ ।
ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ।
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ।
ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ।
ਗਰਦਣ ਕੂੰਜ ਦੀ ਉਂਗਲੀਆਂ ਰਵਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ ।
ਬਾਹਾਂ ਵੇਲਣੇ ਵੇਲੀਆਂ ਗੁੰਨ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ ।
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸਿਉ ਬਲਖ਼ ਦੇ ਚੁਣੇ ਅੰਬਾਰ ਵਿੱਚੋਂ।
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ, ਪੇਟੂ ਮਖ਼ਮਲੀ ਖ਼ਾਸ ਸਰਕਾਰ ਵਿੱਚੋਂ।
ਕਾਫ਼ੂਰ ਸ਼ਹਿਨਾਂ ਸਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ ।
ਸੁਰਖੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ, ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।
ਸੱਈਆਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ।
ਅਪਰਾਧ ਅਵਧ ਦਲਤ ਮਿਸਰੀ, ਚਮਕ ਨਿਕਲੀ ਤੇਗ਼ ਦੀ ਧਾਰ ਵਿੱਚੋਂ।
ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜ੍ਹਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ ।
ਲੰਕ ਬਾਗ਼ ਦੀ ਪਰੀ ਕਿ ਇੰਦਰਾਣੀ, ਹੂਰ ਨਿਕਲੀ ਚੰਦ ਪਰਵਾਰ ਵਿੱਚੋਂ।
ਪੁਤਲੀ ਪੇਖਣੇ ਦੀ ਨਕਸ਼ ਰੂਮ ਦਾ ਹੈ, ਲੱਧਾ ਪਰੀ ਨੇ ਚੰਦ ਉਜਾੜ ਵਿੱਚੋਂ।
ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ, ਜਿਵੇਂ ਕੂੰਜ ਟੁਰ ਨਿਕਲੀ ਡਾਰ ਵਿੱਚੋਂ।
ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ, ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ ।
ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ।
ਕਜ਼ਲਬਾਸ਼ ਅਸਵਾਰ ਜੱਲਾਦ ਖੂਨੀ, ਨਿੱਕਲ ਗਿਆ ਏ ਉੜਦ ਬਾਜ਼ਾਰ ਵਿੱਚੋਂ ।
ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ, ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ ।
(ਯਾਕੂਤ=ਇੱਕ ਕੀਮਤੀ ਪੱਥਰ, ਲਾਅਲ, ਸਾਰ=ਕਿਸੇ ਚੀਜ਼ ਦਾ ਅਰਕ, ਅਲਿਫ਼ ਹੁਸੈਨੀ = ਹਜ਼ਰਤ ਅਲੀ ਦੀ ਉਹ ਤਲਵਾਰ ਜਿਹੜੀ ਉਨ੍ਹਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਪਾਸੋਂ ਮਿਲੀ ਸੀ, ਜਿਸ ਨਾਲ ਉਹ ਜੰਗ-ਏ-ਨਹਾਵੰਦ ਵਿੱਚ ਲੜੇ ਸਨ, ਪਿਪਲਾ = ਤਲਵਾਰ ਦਾ ਅਗਲਾ ਨੋਕੀਲਾ ਸਿਰਾ, ਖਜ਼ਾਨੇ ਦੀ ਬਾਰ= ਝੰਗ ਦੇ ਉੱਤਰ ਪੱਛਮ ਦਾ ਵੱਡਾ ਜੰਗਲ ਜਿਸ ਵਿੱਚ ਨਾਗਗ਼ ਸੂਕਦੇ ਫਿਰਦੇ ਹਨ, ਬਰਗ=ਪੱਤੇ, ਗੰਗ ਧਾਰ=ਗੰਗਾ ਨਦੀ, ਖੇਨੂੰ=ਰੇਸ਼ਮ ਦੀ ਗੇਂਦ, ਅੰਬਾਰ ਢੇਰ, ਹੌਜ਼= ਪਾਣੀ ਵਾਲਾ ਤਲਾ, ਮੁਸ਼ਕ ਕੁੱਬਾ =ਕਸਤੂਰੀ ਦਾ ਬਣਿਆ ਹੋਇਆ ਗੁੰਬਦ, ਪੇਡੂ-ਪੇਟ,
ਸ਼ਹੀਨਾਂ=ਚਿੱਟੇ ਰੰਗ ਦੀ ਤਰਨ ਵਾਲੀ ਮਸਕ, ਸਰੀਨ=ਚਿੱਤੜ, ਸਾਕ= ਲੱਤ ਦੀ ਪਿੰਨੀ, ਪੰਜ ਫੂਲ ਰਾਣੀ-ਰਾਜਾ ਰੂਪ ਚੰਦਰ ਦੀ ਲੋਕ ਕਥਾ ਦੀ ਬਹੁਤ ਸੁੰਦਰ ਨਾਇਕਾ ਜਿਹਦੇ ਰੂਪ ਅਤੇ ਸੁਹੱਪਣ ਨਾਲ ਹਨ੍ਹੇਰੇ ਵਿੱਚ ਚਾਨਣ ਹੋ ਜਾਂਦਾ ਸੀ ।ਇਹਦਾ ਭਾਰ ਕੇਵਲ ਪੰਜਾਂ ਫੁੱਲਾਂ ਬਰਾਬਰ ਸੀ, ਤੁੱਠੀਆਂ ਖੁਸ਼ ਹੋਈਆ, ਅਵਧ ਦਲਤ ਮਿਸਰੀ =ਮਿਸਰ ਦੀ ਬਣੀ ਹੋਈ ਤਲਵਾਰ ਜਿਹੜੀ ਸੂਰ ਨੂੰ ਵੀ ਕੱਟ ਕੇ ਟੁਕੜੇ ਟੁਕੜੇ ਕਰ ਦੇਵੇ, ਇੰਦਰਾਣੀ=ਇੰਦਰ ਦੀ ਰਾਣੀ, ਪੇਖਣਾ=ਪੁਤਲੀ ਦਾ ਤਮਾਸ਼ਾ, ਲੱਧਾ=ਲੱਭਾ, ਤ੍ਰੰਗਲੀ=ਤ੍ਰੰਗ, ਜ਼ੀਲ ਦੀ ਤਾਰ= ਅੰਤੜੀ ਦੀ ਬਣੀ ਹੋਈ ਤਾਰ ਜਿਹਦੇ ਵਿੱਚੋਂ ਬਹੁਤ ਦਰਦ ਭਰਿਆ ਸੰਗੀਤ ਨਿਕਲਦਾ ਹੈ। ਕਿਹਾ ਜਾਂਦਾ ਹੈ ਕਿ ਧਾਤ ਦੀ ਤਾਰ ਨਾਲੋਂ ਇਸ ਤਾਰ ਦੀ ਆਵਾਜ਼ ਵਧੇਰੇ ਦਰਦਨਾਕ ਹੁੰਦੀ ਹੈ, ਕਜ਼ਲਬਾਸ਼=ਲਾਲ ਟੋਪੀ ਵਾਲਾ ਅਫ਼ਗਾਨੀ ਸਿਪਾਹੀ ਜਿਸ ਦੇ ਸਿਰ ਉਤੇ ਬਾਰਾਂ ਨੁੱਕਰੀ ਲਾਲ ਟੋਪੀ ਹੁੰਦੀ ਸੀ, ਉੜਦ ਬਜ਼ਾਰ = ਛਾਉਣੀ ਦਾ ਬਾਜ਼ਾਰ, ਪਾਠ ਭੇਦ: ਅਵਧ ਦਲਤ ਮਿਸਰੀ = ਤੇ ਊਂਧ ਵਲੱਟ ਮਿਸਰੀ)
ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ, ਮਾਰ ਛਮਕਾਂ ਲਹੂ ਲੁਹਾਣ ਕੀਤੇ ।
ਆਣ ਪਲੰਘ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ ।
ਕੁੜੀਏ ਮਾਰ ਨਾ ਅਸਾਂ ਬੇਦੋਸਿਆਂ, ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ ।
ਚੈਂਚਰ-ਹਾਰੀਏ ਰਬ ਤੋਂ ਡਰੀਂ ਮੋਈਏ, ਅੱਗੇ ਕਿਸੇ ਨਾ ਏਡ ਤੂਫ਼ਾਨ ਕੀਤੇ।
ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ, ਵਾਰਿਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ।
(ਪਾਠ ਭੇਦ: ਆਣ ਪਲੰਘ ਤੇ ਕੌਣ=ਮੇਰੇ ਪਲੰਘ ਤੇ ਆਣ)
ਜਵਾਨੀ ਕਮਲੀ ਰਾਜ ਏ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ ।
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੁੱਟਾਂ, ਆਇਆਂ ਕਿਧਰੋਂ ਇਹ ਬਾਦਸ਼ਾਹ ਮੈਨੂੰ ।
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾਹ ਮੈਨੂੰ ।
ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ, ਲਾਇ ਰਹੇਗਾ ਲਖ ਜੇ ਵਾਹ ਮੈਨੂੰ ।
ਇਹ ਬੋਦਲਾ ਪੀਰ ਬਗ਼ਦਾਦ ਗੁੱਗਾ, ਮੇਲੇ ਆਇ ਬੈਠਾ ਵਾਰਿਸ ਸ਼ਾਹ ਮੈਨੂੰ ।
(ਜੌਨੀ=ਬਾਹਰਲੇ ਦੇਸ਼ਾਂ ਦੀ ਹਮਲਾਵਰ ਔਰਤ, ਬੋਦਲਾ = ਹਲਕੇ ਹੋਏ ਕੁੱਤੇ ਦੇ ਵੱਢੇ ਦਾ ਇਲਾਜ ਕਰਨ ਵਾਲਾ, ਸਾਹੀਵਾਲ ਦੇ ਇਲਾਕੇ ਵਿੱਚ ਬੋਦਲੇ ਫ਼ਕੀਰ ਦੀ ਬਹੁਤ ਮਾਨਤਾ ਸੀ, ਪੀਰ ਬਗ਼ਦਾਦ=ਸੱਯਦ ਅਬਦੁਲ ਕਾਦਰ ਜਿਲਾਨੀ ਜਿਹਦੀ ਬਾਬਤ ਮਸ਼ਹੂਰ ਹੈ ਕਿ ਉਨ੍ਹਾਂ ਨੇ ਬਾਰਾਂ ਸਾਲਾਂ ਦਾ ਡੁਬਿਆ ਬੇੜਾ ਪਾਰ ਉਤਾਰ ਦਿੱਤਾ ਸੀ, ਪਾਠ ਭੇਦ: ਜਵਾਨੀ =ਜੌਨੀ)
ਉਠੀਂ ਸੁੱਤਿਆ ਸੇਜ ਅਸਾਡੜੀ ਤੋਂ, ਲੰਮਾ ਸੁੱਸਰੀ ਵਾਂਙ ਕੀ ਪਿਆ ਹੈਂ ਵੇ।
ਰਾਤੀਂ ਕਿਤੇ ਉਨੀਂਦਰਾ ਕੱਟਿਓਈ, ਐਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ ।
ਸੁੰਞੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਹਲਕੀ ਆਣ ਢਹਿ ਪਿਆ ਹੈਂ ਵੇ ।
ਕੋਈ ਤਾਪ ਕਿ ਭੂਤ ਕਿ ਜਿੰਨ ਲੱਗਾ, ਇੱਕੇ ਡਾਇਣ ਕਿਸੇ ਭਖ ਲਿਆ ਹੈਂ ਵੇ ।
ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈ ਵੇ ।
(ਲੁੜ੍ਹ ਜਣਾ=ਡੁਬ ਜਾਣਾ, ਆਹਲਕ= ਸੁਸਤੀ, ਭਖ ਲਿਆ=ਖਾ ਲਿਆ)
ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ।
ਰਾਂਝੇ ਉਠ ਕੇ ਆਖਿਆ 'ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ।
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜੁਲਫ਼ ਮੁਖੜੇ ਤੇ ਪਰੇਸ਼ਾਨ ਹੋਈ ।
ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ, ਨੈਣੀਂ ਕੱਜਲੇ ਦੀ ਘਮਸਾਨ ਹੋਈ ।
ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ।
ਨੈਣ ਮਸਤ ਕਲੇਜੜੇ ਵਿੱਚ ਧਾਣੇ, ਜਿਵੇਂ ਤਿੱਖੜੀ ਨੋਕ ਸਨਾਨ ਹੋਈ।
ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕਿਰਬਾਨ ਕਮਾਨ ਹੋਈ।
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ।
ਰੂਪ ਜੱਟ ਦਾ ਵੇਖ ਕੇ ਜਾਗ ਲਧੀ, ਹੀਰ ਘੋਲ ਘੱਤੀ ਕੁਰਬਾਨ ਹੋਈ।
ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ, ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ।
(ਤੈਮੂਸ ਬੇਟੀ=ਜ਼ੁਲੈਖ਼ਾ, ਮਾਲਕੇ=ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ ਦੇ ਨਾਮ ਬਸ਼ਰਾ ਅਤੇ ਮਾਮਲ ਸਨ ਜਿਨ੍ਹਾਂ ਦਾ ਮਾਲਕ ਜੁਅਰ-ਬਿਨ-ਮਿਸਰਸੀ, ਧਾਣੇ=ਧਸੇ ਹੋਏ, ਕਿਰਬਾਨ=ਕਮਾਨ ਰੱਖਣ ਵਾਲਾ ਕਮਾਨਦਾਨ, ਜਾਗ ਲੱਧੀ = ਜਾਗ ਉੱਠੀ)
ਰਾਂਝਾ ਆਖਦਾ ਇਹ ਜਹਾਨ ਸੁਫ਼ਨਾ, ਮਰ ਜਾਵਣਾ ਈਂ ਮਤਵਾਲੀਏ ਨੀ ।
ਤੁਸਾਂ ਜਿਹੀਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ ।
ਏਡਾ ਹੁਸਨ ਦਾ ਨਾ ਗੁਮਾਨ ਕੀਜੇ, ਇਹ ਲੈ ਪਲੰਘ ਹਈ ਸਣੇ ਨਿਹਾਲੀਏ ਨੀ ।
ਅਸਾਂ ਰੱਬ ਦਾ ਆਸਰਾ ਰੱਖਿਆ ਏ, ਉੱਠ ਜਵਾਨਾਂ ਈ ਨੈਣਾਂ ਵਾਲੀਏ ਨੀ ।
ਵਾਰਿਸ ਸ਼ਾਹ ਦੇ ਮਗਰ ਨਾ ਪਈ ਮੋਈਏ, ਏਸ ਭੈੜੇ ਦੀ ਗੱਲ ਨੂੰ ਟਾਲੀਏ ਨੀ ।
(ਮਤਵਾਲੀ=ਮਸਤ, ਲਾਜ਼ਮ ਜ਼ਰੂਰੀ, ਹਈ= ਹੈ, ਆਹ ਪਿਆ ਹੈ, ਨਿਹਾਲੀ=ਲੇਫ਼)
ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ ।
ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ ।
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ ।
ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ ।
ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ ।
ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ।
(ਕੋੜਮਾ=ਸਾਰਾ ਪਰਵਾਰ, ਖ਼ਾਨਦਾਨ ਸ਼ਰੀਕ= ਸਾਥੀ,ਉਹਦੇ ਜਿਹਾ)
ਮਾਨ-ਮੱਤੀਏ ਰੂਪ ਗੁਮਾਨ ਭਰੀਏ, ਅਠਖੇਲੀਏ ਰੰਗ ਰੰਗੀਲੀਏ ਨੀ ।
ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਨੀ ।
ਏਹ ਜੋਬਨਾ ਠਗ ਬਾਜ਼ਾਰ ਦਾ ਈ, ਟੂਣੇ-ਹਾਰੀਏ ਛੈਲ ਛਬੀਲੀਏ ਨੀ ।
ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੁਹਦਿਆਂ ਨਾਲ ਬਖੀਲੀਏ ਨੀ ।
ਵਾਰਿਸ ਸ਼ਾਹ ਬਿਨ ਕਾਰਦੋਂ ਜਿਬ੍ਹਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ ।
(ਸੁਹਦਿਆਂ=ਕਮਜ਼ੋਰਾਂ, ਬਖ਼ੀਲੀ=ਕੰਜੂਸੀ, ਨਾਮਿਹਰਬਾਨੀ, ਬਿਨ ਕਾਰਦੋਂ = ਛੁਰੀ ਜਾਂ ਕਟਾਰੀ ਦੇ ਬਗ਼ੈਰ)
ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਖਾਂ ਕਿਧਰੋਂ ਆਵਨਾ ਏਂ ।
ਕਿਸ ਮਾਨ-ਮੱਤੀ ਘਰੋਂ ਕਢਿਉ ਤੂੰ, ਜਿਸ ਵਾਸਤੇ ਫੇਰੀਆਂ ਪਾਵਨਾ ਏਂ।
ਕੌਣ ਛਡ ਆਇਉਂ ਪਿੱਛੇ ਮਿਹਰ ਵਾਲੀ, ਜਿਸ ਦੇ ਵਾਸਤੇ ਪੱਛੋਤਾਵਨਾ ਏਂ ।
ਕੌਣ ਜ਼ਾਤ ਤੇ ਵਤਨ ਕੀ ਸਾਈਆਂ ਦਾ, ਅਤੇ ਜੱਦ ਦਾ ਕੌਣ ਸਦਾਵਨਾਂ ਏਂ ।
ਤੇਰੇ ਵਾਰਨੇ ਚੌਖਨੇ ਜਾਨੀਆਂ ਮੈਂ, ਮੰਙੂ ਬਾਬਲੇ ਦਾ ਚਾਰ ਲਿਆਵਨਾ ਏਂ ।
ਮੰਙੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਵੀ ਫੰਧ ਲੱਗੇ ਜੇ ਤੂੰ ਲਾਵਨਾ ਏਂ ।
ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ, ਸਭੇ ਭੁਲ ਜਾਣੀਂ ਜਿਹੜੀਆਂ ਗਾਵਨਾਂ ਏਂ ।
(ਵਾਟ=ਰਾਹ, ਮੰਙੂ= ਚੌਣਾ,ਗਾਵਾਂ ਮੱਝਾਂ, ਚਾਕ= ਚਾਕਰ, ਚਹੀਕ= ਇੱਕ ਗੁਲਾਬੀ ਰੰਗ ਦੀ ਕਾਹੀ, ਦਰਿਆਵਾਂ ਦੇ ਕੰਢੇ ਤੇ ਹੁੰਦੀ ਹੈ ਅਤੇ ਮਾਲ ਡੰਗਰ ਇਸ ਨੂੰ ਸ਼ੌਕ ਨਾਲ ਖਾਂਦਾ ਹੈ, ਮੁੱਢੇ ਕਮਾਦ ਦੇ ਗੰਨੇ ਦੀ ਪੋਰੀ ਨੂੰ ਵੀ ਚਹੀਕ ਆਖਦੇ ਹਨ)
ਤੁਸਾਂ ਜਹੇ ਮਾਸ਼ੂਕ ਜੇ ਥੀਣ ਰਾਜ਼ੀ, ਮੰਗੂ ਨੈਣਾਂ ਦੀ ਧਾਰ ਵਿੱਚ ਚਾਰੀਏ ਨੀ ।
ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ ।
ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ।
ਗੱਲ ਘਤ ਜੰਜਾਲ ਕੰਗਾਲ ਮਾਰੇਂ, ਜਾਇ ਤ੍ਰਿੰਞਣੀ ਵੜੇਂ ਕੁਆਰੀਏ ਨੀ ।
(ਜੰਜਾਲ=ਮੁਸੀਬਤ, ਕੰਗਾਲ ਗ਼ਰੀਬ)
ਹੱਥ ਬੱਧੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਞਣਾਂ ਨਾਲ ਸਹੇਲੀਆਂ ਦੇ।
ਹੋਸਣ ਨਿਤ ਬਹਾਰਾਂ ਤੇ ਰੰਗ ਘਣੇ, ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ ।
ਸਾਨੂੰ ਰੱਬ ਨੇ ਚਾਕ ਮਿਲਾਇ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ ।
ਦਿਨੇ ਬੇਲਿਆਂ ਦੇ ਵਿੱਚ ਕਰੀਂ ਮੌਜਾਂ, ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ।
(ਬੇਲੀ=ਦੋਸਤ, ਯਾਰ, ਅਰਬੇਲੀ=ਅਲਬੇਲੀ)
ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ।
ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਸਾਡੀ ਕੋਈ ਨਾ ਲਏਗਾ ਸਾਰ ਹੀਰੇ।
ਟਿੱਕੀ ਦੇਇ ਕੇ ਵਿਹੜਿਓਂ ਕਢ ਛੱਡੇਂ, ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ ।
ਸਾਡੇ ਨਾਲ ਜੇ ਤੋੜ ਨਿਬਾਹੁਣੀ ਏਂ ਸੱਚਾ ਦੇਹ ਖਾਂ ਕੌਲ ਕਰਾਰ ਹੀਰੇ।
(ਭੰਡਾਰ=ਤ੍ਰਿੰਞਣ,ਛੋਪੇ ਪਾਉਣ ਦੀ ਥਾਂ, ਸਾਰ=ਖ਼ਬਰ)
ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ ।
ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ ।
ਖੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ ।
ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੱਤ ਮੈਂ ਹੋਰ ਲੋੜਾਂ ।
(ਖ਼ੁਆਜਾ ਖਿਜ਼ਰ= ਖੁਦਾ ਦਾ ਇੱਕ ਨਬੀ ਜਿਹੜਾ ਹਜ਼ਰਤ ਮੂਸਾ ਦੇ ਸਮੇਂ ਹੋਇਆ, ਇਹ ਪਾਣੀਆਂ ਦਾ ਪੀਰ ਮੰਨਿਆ ਜਾਂਦਾ ਹੈ ਤੇ ਮਲਾਹ ਇਹਦੇ ਨਾਂ ਦਾ ਦੀਵਾ ਬਾਲਦੇ ਹਨ ਅਤੇ ਨਿਆਜ਼ਾਂ ਵੰਡਦੇ ਹਨ। ਖ਼ਿਜ਼ਰ ਭੁੱਲਿਆਂ ਨੂੰ ਰਾਹ ਦੱਸਣ ਵਾਲਾ ਪੀਰ ਹੈ, ਲੋੜਾਂ = ਲੱਭਾਂ; ਪਾਠ ਭੇਦ: ਤੇਰੇ ਬਾਝ=ਵਾਰਿਸ ਸ਼ਾਹ)
ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ ।
ਸਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ।
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ ।
ਏਥੋਂ ਛੱਡ ਈਮਾਨ ਜੇ ਨੱਸ ਜਾਸੇ, ਅੰਤ ਰੋਜ਼ ਕਿਆਮਤੇ ਮੇਲੜਾ ਈ ।
(ਜਾਲਣਾ=ਸਹਿਣਾ, ਦੁਹੇਲੜਾ = ਔਖਾ, ਮੁਸ਼ਕਿਲ, ਤਾਬ=ਗਰਮੀ,ਤਕਲੀਫ)
ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ ਈ ।
ਪਾਸਾ ਜਾਨ ਦਾ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ ।
ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮਹਿਰ ਚੂਚਕੇ ਪਾਸ ਸਿਧਾਰਿਆ ਈ ।
ਅੱਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਲ੍ਹਾਰਿਆ ਈ ।
ਹੀਰ ਜਾਇ ਕੇ ਆਖਦੀ ਬਾਬਲਾ ਵੇ, ਤੇਰੇ ਨਾਉਂ ਤੋਂ ਘੋਲ ਘੁਮਾਈਆਂ ਮੈਂ ।
ਜਿਸ ਆਪਣੇ ਰਾਜ ਦੇ ਹੁਕਮ ਅੰਦਰ, ਵਿੱਚ ਸਾਂਦਲ-ਬਾਰ ਖਿਡਾਈਆਂ ਮੈਂ।
ਲਾਸਾਂ ਪੱਟ ਦੀਆਂ ਪਾਇ ਕੇ ਬਾਗ਼ ਕਾਲ਼ੇ, ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ।
ਮੇਰੀ ਜਾਨ ਬਾਬਲ ਜੀਵੇ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ ।
(ਸਾਂਦਲ ਬਾਰ=ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਇਲਾਕਾ, ਲਾਸਾਂ=ਰੱਸੇ, ਪਟ=ਰੇਸ਼ਮ, ਪੀਘਾਈਆਂ = ਚੜ੍ਹਾਈਆਂ, ਝੂਟੀਆਂ, ਧੌਲ= ਜਿਸ ਬਲਦ ਨੇ ਆਪਣੇ ਸਿੰਗਾਂ ਤੇ ਧਰਤੀ ਚੁੱਕੀ ਮੰਨਿਆਂ ਜਾਂਦਾ ਹੈ, ਪਾਠ ਭੇਦ: ਮਾਹੀ ਮਹੀਂ ਦਾ ਵਾਰਿਸ ਸ਼ਾਹ)
ਬਾਪ ਹਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ।
ਹੱਥ ਲਾਇਆਂ ਪਿੰਡੇ ਤੇ ਦਾਗ਼ ਪੈਂਦ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ।
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀ ਬਹੁਤ ਸੰਭਾਲ ਕੇ ਚਾਰਦਾ ਹੈ।
ਮਾਲ ਆਪਣਾ ਜਾਨ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰ ਦਾ ਹੈ।
ਹਿੱਕੇ ਨਾਲ ਪਿਆਰ ਦੀ ਹੂੰਗ ਦੇ ਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ।
ਦਿਸੇ ਨੂਰ ਅੱਲਾਹ ਦਾ ਮੁਖੜੇ ਤੇ, ਮਨੋਂ ਰਬ ਹੀ ਰਬ ਚਿਤਾਰਦਾ ਹੈ।
(ਦਰਕਾਰ=ਕੰਮ ਦਾ,ਲੋੜ, ਕੋਟ=ਕਿਲ੍ਹਾ, ਹੂੰਗ=ਹੂੰਗਾ ਮਾਰ ਕੇ; ਪਾਠ ਭੇਦ: ਮਨੋਂ ਰਬ ਹੀ ਰਬ=ਵਾਰਿਸ ਸ਼ਾਹ ਨੂੰ ਪਿਆ)
ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ, ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ ।
ਕੀਕੂੰ ਰਿਜ਼ਕ ਨੇ ਆਣ ਉਦਾਸ ਕੀਤਾ, ਏਹਨੂੰ ਕਿਹੜੇ ਪੀਰ ਦੀ ਓਟ ਹੈ ਨੀ।
ਫ਼ੌਜਦਾਰ ਵਾਂਗੂੰ ਕਰ ਕੂਚ ਧਾਣਾ, ਮਾਰ ਜਿਵੇਂ ਨਕਾਰੇ ਤੇ ਚੋਟ ਹੈ ਨੀ ।
ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ ।
(ਅਕਲ ਸ਼ਊਰ=ਸੂਝ ਬੂਝ, ਰਿਜ਼ਕ =ਰੋਟੀ, ਧਣਾ=ਕੀਤਾ, ਤ੍ਰੋਟ=ਥੁੜ੍ਹ; ਪਾਠ ਭੇਦ: ਕਿਹੜੀ ਗੱਲ ਦੀ ਏਸ ਨੂੰ ਤ੍ਰੋਟ=ਵਾਰਿਸ ਸ਼ਾਹ ਦਾ ਕੇਹੜਾ ਕੋਟ)
ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ ।
ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ, ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ।
ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖੀ ਜੀਉ ਦਾ ਨਹੀਂ ਬਖ਼ੀਲ ਹੈ ਜੀ।
ਗੱਲ ਸੋਹਣੀ ਪਰ੍ਹੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ ।
(ਅਸੀਲ=ਅੱਛੀ ਨਸਲ ਦਾ, ਬੂਪੜਾ = ਬੀਬੜਾ, ਭੋਲਾ, ਬਖ਼ੀਲ=ਕੰਜੂਸ, ਲਾਈ= ਸਾਲਸ, ਪੰਚਾਇਤੀ)
ਕੇਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ, ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ।
ਪਾੜ ਝੀੜ ਕਰ ਆਂਵਦਾ ਕਿੱਤ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ ।
ਕਿਸ ਗੱਲ ਤੋਂ ਰੁਸਕੇ ਉਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ ।
ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ ਵੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।
ਲਾਈ ਹੋਇ ਕੇ ਮਾਮਲੇ ਦੱਸ ਦੇਂਦਾ, ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ ।
ਬਾਹੋਂ ਪਕੜ ਕੇ ਕੰਢੇ ਦੇ ਪਾਰ ਲਾਵੇ, ਹਥੋਂ ਕਢ ਦੇਂਦਾ ਖੋਜ ਝੇੜਿਆਂ ਦੇ ।
ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ, ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ ।
ਧਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ, ਠੰਡ ਪਾਂਵਦਾ ਵਿੱਚ ਬਖੇੜਿਆਂ ਦੇ ।
ਸਭ ਰਹੀ ਰਹੁੰਨੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ ।
ਵਾਰਿਸ ਸ਼ਾਹ ਜਵਾਨ ਹੈ ਭਲਾ ਰਾਂਝਾ, ਜਿੱਥੇ ਨਿੱਤ ਪੌਦੇ ਲਖ ਭੇੜਿਆਂ ਦੇ ।
(ਮੁਨਸਫ=ਇਨਸਾਫ ਕਰਨ ਵਾਲਾ, ਫੇੜੇ = ਝਗੜੇ, ਵਰ੍ਹੀ=ਰੱਸੀ, ਪਾੜ=ਟੱਕ, ਧਾੜਾ-ਡਾਕੂਆਂ ਵੱਲੋਂ ਕੀਤੀ ਲੁੱਟ, ਰਹੀ ਰਹੁੰਨੀ=ਇਕੱਲੀ ਰਹੀ, ਹੇੜਿਆਂ=ਸ਼ਿਕਾਰੀਆਂ, ਭੇੜੇ=ਲੜਾਈ, ਝਗੜੇ)
ਤੇਰ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ ।
ਖ਼ਬਰਦਾਰ ਰਹੇ ਮਝੀਂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ ।
ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ, ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ ।
ਮਤਾਂ ਖੇਡ ਰੁੱਝੇ ਖੜੀਆਂ ਜਾਣ ਮੱਝੀ, ਹੋਵਣ ਪਿੰਡ ਦੇ ਵਿੱਚ ਖ਼ੁਆਰੀਆਂ ਨੀ ।
(ਖੰਧਿਆਂ= ਚੌਣਾ, ਵੱਗ)
ਪਾਸ ਮਾਉਂ ਦੇ ਨਢੜੀ ਗੱਲ ਕੀਤੀ, ਮਾਹੀ ਮਝੀਂ ਦਾ ਆਣ ਕੇ ਛੇੜਿਆ ਮੈਂ ।
ਨਿੱਤ ਪਿੰਡ ਦੇ ਵਿੱਚ ਵਿਚਾਰ ਪੌਂਦੀ, ਏਹ ਝਗੜਾ ਚਾਇ ਨਿਬੇੜਿਆ ਮੈਂ ।
ਸੁੰਞਾ ਨਿੱਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਘੜ ਹੈ ਆਣ ਸਹੇੜਿਆ ਮੈਂ ।
ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ ।
ਮੱਖਣ ਖੰਡ ਪਰਉਠੇ ਖਾਹ ਮੀਆਂ, ਮਹੀਂ ਛੇੜ ਦੇ ਰਬ ਦੇ ਆਸਰੇ ਤੇ।
ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ ।
ਹੀਰ ਆਖਦੀ ਰਬ ਰੱਜ਼ਾਕ ਤੇਰਾ, ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ।
ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ, ਆਪ ਹੋ ਬਹੀਂ ਇੱਕ ਪਾਸੜੇ ਤੇ।
(ਕਾਸੜੇ=ਭਾਂਡੇ, ਰੱਜਾਕ=ਰਿਜ਼ਕ ਦੇਣ ਵਾਲਾ)
ਬੇਲੇ ਰਬ ਦਾ ਨਾਉਂ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ।
ਉਹਦੀ ਨੇਕ ਸਾਇਤ ਰੁਜੂ ਆਣ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ।
ਬੱਚਾ ਖਾਹ ਚੂਰੀ ਚੋਇ ਮਝ ਬੂਰੀ, ਜੀਊ ਵਿੱਚ ਨਾ ਹੋਇ ਦਿਲਗੀਰ ਮੀਆਂ।
ਕਾਈ ਨਢੜੀ ਸੋਹਨੀ ਕਰੋ ਬਖ਼ਸ਼ਿਸ਼, ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ।
ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ, ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ ।
(ਜ਼ਹੀਰ=ਦੁਖੀ, ਨੇਕ ਸਾਇਤ ਰੁਜੂ ਆਣ ਹੋਈ= ਸ਼ੁਭ ਘੜੀ ਆ ਗਈ, ਦਿਲਗੀਰ=ਗ਼ਮਨਾਕ, ਭੀੜ= ਔਖਾ ਵੇਲਾ,ਤਕਲੀਫ਼)