Back ArrowLogo
Info
Profile

  1. ਵਾਕ ਕਵੀ

ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ, ਏਥੇ ਆਲ੍ਹਣਾ ਕਿਸੇ ਨਾ ਪਾਇਆ ਈ ।

ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ ।

ਵੱਡੀ ਉਮਰ ਆਵਾਜ਼ ਔਲਾਦ ਵਾਲਾ, ਜਿਸ ਨੂਹ ਤੂਫ਼ਾਨ ਮੰਗਵਾਇਆ ਈ ।

ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਿਲਾਇਆ ਈ ।

ਅਗੇ ਹੀਰ ਨਾ ਕਿਸੇ ਨੇ ਕਹੀ ਐਸੀ, ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ ।

ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ, ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ ।

 

(ਸਾਥ ਲਦਾਇਆ=ਨਾਲ ਨਹੀਂ ਲੈ ਗਏ, ਤੂਫ਼ਾਨ ਮੰਗਵਾਇਆ=ਮੰਗ ਕੇ ਤੂਫ਼ਾਨ ਲਿਆ, ਮਰਗ਼ੂਬ=ਸੁਹਣਾ)

 

  1. ਹਿਜਰੀ ਸੰਮਤ 1180, ਤਾਰੀਖ 1823 ਬਿਕਰਮੀ

ਸਨ ਯਾਰਾਂ ਸੈ ਅੱਸੀਆਂ ਨਬੀ ਹਿਜ਼ਰਤ, ਲੰਮੇ ਦੇਸ ਦੇ ਵਿੱਚ ਤਿਆਰ ਹੋਈ ।

ਅਠਾਰਾਂ ਸੈ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਾਜੀਤ ਦੀ ਸਾਰ ਹੋਈ ।

ਜਦੋਂ ਦੇਸ ਤੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ ।

ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ।

ਚੋਰ ਚੌਧਰੀ ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਥੀਂ ਚਾਰ ਹੋਈ ।

ਵਾਰਿਸ ਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ ।

 

(ਲੰਮਾ ਦੇਸ਼=ਪੰਜਾਬ ਦਾ ਦੱਖਣ ਪੱਛਮ ਦਾ ਇਲਾਕਾ, ਦੇਸ ਤੇ ਜਟ ਸਰਦਾਰ ਹੋਏ= ਆਦੀਨਾ ਬੇਗ਼ ਦੀ ਮੌਤ 1758 ਈ ਪਿੱਛੋਂ ਸਿੱਖ ਸਰਦਾਰਾਂ ਦੀਆਂ 12 ਮਿਸਲਾਂ । 1762 ਵਿੱਚ ਮਲਕਾ ਹਾਂਸ ਦਾ ਸਰਦਾਰ ਮੁਹੰਮਦ ਅਜ਼ੀਮ ਸੀ, ਉਹਦੇ ਉੱਤੇ ਅਤੇ 1766 ਵਿੱਚ ਸੂਬਾ ਮੁਲਤਾਨ ਉੱਤੇ ਸਰਦਾਰ ਝੰਡਾ ਸਿੰਘ ਗੰਡਾ ਸਿੰਘ ਨੇ ਹਮਲਾ ਕੀਤਾ ਅਤੇ ਇਹ ਇਲਾਕੇ ਮੁਹੰਮਦ ਅਜ਼ਮੀ ਤੋਂ ਖੋਹ ਲਏ, ਅਸ਼ਰਾਫ=ਸ਼ਰੀਫ਼ ਦਾ ਬਹੁ-ਵਚਨ,ਭਲੇਮਾਣਸ, ਤਾਜ਼ੇ=ਤਰੱਕੀ ਤੇ, ਭੂਤ ਮੰਡਲੀ=ਬੁਰੇ ਲੋਕ, ਆਕਬਤ= ਅਖ਼ੀਰ,ਅੰਤ)

 

  1. ਵਾਕ ਕਵੀ

ਖਰਲ ਹਾਂਸ ਦਾ ਸ਼ਹਿਰ ਮਸ਼ਹੂਰ ਮਲਕਾ, ਜਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ ।

ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖ਼ਾਸ ਦੇ ਮੈਂ ।

ਪੜ੍ਹਣ ਗਭਰੂ ਦਿਲੀਂ ਵਿੱਚ ਖ਼ੁਸ਼ੀ ਹੋ ਕੇ, ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ ।

ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ ।

 

(ਮਲਕਾ ਹਾਂਸ=ਪਾਕਪਟਨ ਸਾਹੀਵਾਲ ਸੜ੍ਹਕ ਤੇ ਪਾਕਪਟਨ ਤੋਂ 9 ਮੀਲ ਦੂਰ ਇੱਕ ਪੁਰਾਣਾ ਕਸਬਾ ਹੈ ਜਿਸਦੇ ਵਿੱਚ ਮੁਹੱਲਾ ਉੱਚਾ ਟਿੱਬਾ ਦੀ ਮਸੀਤ ਵਿੱਚ ਬੈਠ ਕੇ ਵਾਰਿਸ ਸ਼ਾਹ ਨੇ ਕਿੱਸਾ ਹੀਰ ਪੂਰਾ ਕੀਤਾ, ਨਖ਼ਾਸ=ਮੰਡੀ, ਬਾਸ=ਮਹਿਕ, ਰਾਸ=ਦੌਲਤ, ਕਾਸ ਦੇ=ਕਿਸ ਤੇ)

 

  1. ਤਥਾ

ਅਫ਼ਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ ।

ਇਹਨਾਂ ਮੋਮਨਾਂ ਖ਼ੌਫ਼ ਈਮਾਨ ਦਾ ਏ, ਅਤੇ ਹਾਜੀਆਂ ਬੈਤ ਮਾਮੂਰ ਦਾ ਏ ।

ਸੂਬਾ ਦਾਰ ਨੂੰ ਤਲਬ ਸਿਪਾਹ ਦੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਏ ।

ਸਾਰੇ ਮੁਲਕ ਖ਼ਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫ਼ਸੋਸ ਕਸੂਰ ਦਾ ਏ ।

ਸਾਨੂੰ ਸ਼ਰਮ ਹਿਆ ਦਾ ਖ਼ੌਫ਼ ਰਹਿੰਦਾ, ਜਿਵੇਂ ਮੂਸਾ ਨੂੰ ਖ਼ੌਫ਼ ਕੋਹ ਤੂਰ ਦਾ ਏ ।

ਇਹਨਾਂ ਗ਼ਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ ।

ਐਵੇਂ ਬਾਹਰੋਂ ਸ਼ਾਨ ਖ਼ਰਾਬ ਵਿੱਚੋਂ, ਜਿਵੇਂ ਢੋਲ ਸੁਹਾਵਣਾ ਦੂਰ ਦਾ ਏ ।

ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖ਼ਦੂਮ ਕਸੂਰ ਦਾ ਏ ।

ਰਬ ਆਬਰੂ ਨਾਲ ਈਮਾਨ ਬਖ਼ਸ਼ੇ, ਸਾਨੂੰ ਆਸਰਾ ਫ਼ਜ਼ਲ ਗ਼ਫੂਰ ਦਾ ਏ ।

ਵਾਰਿਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ, ਆਪ ਬਖਸ਼ ਲਕਾ ਹਜ਼ੂਰ ਦਾ ਏ ।

ਵਾਰਿਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ, ਕਰਮ ਹੋਵੇ ਜੇ ਰਬ ਸ਼ਕੂਰ ਦਾ ਏ ।

ਵਾਰਿਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ, ਹਿੱਸਾ ਬਖ਼ਸ਼ਿਆ ਆਪਣੇ ਨੂਰ ਦਾ ਏ ।

 

(ਨਾਕਸੀ=ਘਟ ਅਕਲ,ਨੁਕਸਾਂ, ਹਸ਼ਰ ਦਾ ਸੂਰ=ਕਿਆਮਤ ਦੇ ਬਿਗਲ, ਮੋਮਨ=ਮੁਸਲਮਾਨ, ਬੈਤ ਮਾਮੂਰ=ਖ਼ਾਨਾ ਕਾਅਬਾ ਦੇ ਉੱਤੇ ਰਬ ਦਾ ਘਰ ਜਿੱਥੇ ਫ਼ਰਿਸ਼ਤੇ ਭਜਨ ਬੰਦਗੀ ਕਰਦੇ ਹਨ, ਤਲਬ=ਤਨਖਾਹ, ਗ਼ਾਜ਼ੀ= ਕਾਫ਼ਰਾਂ ਨਾਲ ਲੜਣ ਵਾਲਾ, ਮਖ਼ਦੂਮ =ਆਕਾ, ਪੀਰ, ਆਬਰੂ=ਇੱਜ਼ਤ, ਗ਼ਫੂਰ=ਮੁਆਫ਼ ਕਰਨ ਵਾਲਾ, ਟਾਂਕ=ਚਾਰ ਤੋਲੇ ਭਾਰ ਤੋਲਣ ਦਾ ਵੱਟਾ ਜੋ ਕੀਮਤੀ ਵਸਤਾਂ ਹੀਰੇ ਜਵਾਹਰਾਤ ਤੋਲਣ ਲਈ ਵਰਤਿਆ ਜਾਂਦਾ ਸੀ, ਲਕਾ = ਚਿਹਰਾ, ਦੀਦਾਰ,  ਜੁਮਲਿਆਂ = ਸਾਰਿਆਂ, ਕਰਮ =ਮਿਹਰਬਾਨੀ)

 

  1. ਕਿਤਾਬ ਦਾ ਖ਼ਾਤਮਾ

ਖ਼ਤਮ ਰਬ ਦੇ ਕਰਮ ਦੇ ਨਾਲ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ ।

ਐਸਾ ਸ਼ਿਅਰ ਕੀਤਾ ਪੁਰਮਗ਼ਜ਼ ਮੋਜ਼ੂੰ, ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ ।

ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ, ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ ।

ਤਮਸੀਲ ਦੇ ਨਾਲ ਬਣਾਇ ਕਹਿਆ, ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ ।

ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ, ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ ।

ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ, ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ ।

 

(ਪੁਰ ਮਗ਼ਜ਼ = ਠੋਸ, ਮੌਜ਼ੂ ਕੀਤਾ = ਬਣਾਇਆ, ਲਿਖਿਆ, ਸ਼ਹਿਵਾਰ = ਬਾਦਸ਼ਾਹਾਂ ਲਾਇਕ, ਤੂਲ ਖੋਲ੍ਹ ਕੇ = ਵਿਸਥਾਰ ਨਾਲ. ਤਮਸੀਲ =ਉਦਾਹਰਨ ਦੇ ਕੇ, ਦ੍ਰਿਸ਼ਟਾਂਤ, ਜ਼ੀਨਤ = ਸਜਾਵਟ, ਖੁਰਸੰਦ = ਖ਼ੁਸ਼,ਪਰਸੰਨ, ਸਿਕ =ਖਾਹਿਸ਼)

 

  1. ਤਥਾ

ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ ।

ਸੁਣਨ ਵਾਲਿਆਂ ਨੂੰ ਬਖਸ਼ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ ।

ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ, ਮੀਟੀ ਮੁਠ ਹੀ ਦੇਈਂ ਲੰਘਾ ਸਾਈ ।

ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਈਮਾਨ ਲਕਾ ਸਾਈਂ ।

 

(ਅਤਾ ਕਰੀਂ=ਮਿਹਰਬਾਨੀ ਨਾਲ ਕੁੱਝ ਤੁਹਫਾ ਦੇਈਂ)

95 / 96
Previous
Next