**
ਮੈਂ ਆਪਣੇ ਮੈਡੀਟੇਸ਼ਨ ਸੈਂਟਰ ਤੇ ਹਾਂ :-
ਅੱਜ ਸਿੰਮੂ ਆਈ ਹੈ। ਓਹੀ ਅਚਾਰ ਵਾਲਿਆਂ ਦੀ ਕੁੜੀ। ਜਿਸ ਦੇ ਪਾਪਾ ਦੀ ਅਚਾਰ ਦੀ ਫੈਕਟਰੀ ਹੈ। ਉਹ ਮੇਰੇ ਸਾਹਮਣੇ ਬੈਠੀ ਖਾਣਾ ਖਾ ਰਹੀ ਹੈ। ਮੈਂ ਉਸ ਨੂੰ ਵੇਖ ਰਿਹਾ ਹਾਂ ਤੇ ਨੇ ਇੱਕ ਕਿਤਾਬ ਪੜ੍ਹ ਰਿਹਾ ਹਾਂ। ਉਹ ਜਲਦੀ ਆ ਗਈ ਸੀ। ਕਰੀਬ 10 ਕੁ ਵਜੇ। ਮੈਂ ਉਸ ਨੂੰ ਬਹੁਤ ਵਾਰ ਕਿਹਾ ਕਿ ਗਿਆਰਾਂ ਵਜੇ ਆਇਆ ਕਰੋ। ਕਹਿੰਦੀ ਮੇਰੇ ਸਵੇਰੇ ਸਵੇਰੇ ਹੀ ਗੱਲਾਂ ਯਾਦ ਰਹਿੰਦੀਆਂ ਦੁਪਹਿਰ ਤੋਂ ਬਾਅਦ ਸਭ ਭੁੱਲ ਜਾਂਦੀ ਹਾਂ। ਮੈਂ ਜੋ ਸ਼ੇਅਰ ਕਰਨਾ ਹੁੰਦਾ ਉਹ ਰਹਿ ਜਾਂਦਾ।
ਅੱਜ ਜਦੋਂ ਉਹ ਆਈ ਤਾਂ ਮੈਡੀਟੇਸ਼ਨ ਸੈਂਟਰ ਤੋਂ ਉਸ ਨੇ ਕਾਲ ਕਰਕੇ ਮੈਨੂੰ ਬੁਲਾ ਗਿਆ। ਮੇਰਾ ਘਰ ਸੈਂਟਰ ਦੇ ਬਿਲਕੁਲ ਨਾਲ ਹੈ। ਜਦੋਂ ਮੈਂ ਜਾ ਕੇ ਪੁੱਛਿਆ ਕਿਵੇਂ ਏਨੀ ਜਲਦੀ ਤਾਂ ਕਹਿੰਦੀ ਬੈਠੋ। ਮੇਰੇ ਬੈਠਣ ਬਾਅਦ ਉਸ ਨੇ ਪੰਦਰਾਂ ਸੌ ਰੁਪਏ ਆਪਣੀ ਜੀਨ ਦੀ ਜੇਬ 'ਚੋਂ ਕੱਢ ਕੇ ਮੇਰੇ ਸਾਹਮਣੇ ਰੱਖੇ ਤੇ ਕਿਹਾ ਇਹ ਤੁਹਾਡੀ ਫੀਸ, ਇਹ ਪਹਿਲਾਂ ਹੀ ਲੈ ਲਵੋ। ਨਹੀਂ ਤਾਂ ਮੈਂ ਠੀਕ ਤਰ੍ਹਾਂ ਗੱਲ ਨਹੀਂ ਕਰ ਸਕਾਂਗੀ। ਮੇਰਾ ਸਾਰਾ ਧਿਆਨ ਇਸ ਗੱਲ 'ਚ ਰਹਿੰਦਾ, ਕਿ ਜਾਂਦੇ ਹੋਏ ਕਿਤੇ ਮੈਂ ਕੋਈ ਇਮੋਸ਼ਨਲ ਗੱਲ ਕਰਕੇ ਰੋ ਰਹੀ ਹੋਵਾਂ ਤੇ ਤੁਸੀਂ ਮੈਨੂੰ ਚੁੱਪ ਕਰਵਾ ਰਹੇ ਹੋਵੋ ਤੇ ਇਸੇ ਵਿੱਚ ਮੈਂ ਪੈਸੇ ਦੇਣੇ ਭੁੱਲ ਜਾਵਾਂ ਤੇ ਚਲੀ ਜਾਵਾਂ।
ਇਹ ਕਹਿ ਕੇ ਉਹ ਹੱਸ ਪਈ ਤੇ ਕਹਿਣ ਲੱਗੀ। ਤੁਹਾਡਾ ਕੰਮ ਵਧੀਆ ਤੁਹਾਨੂੰ ਤਾਂ ਗੱਲਾਂ ਕਰਨ ਦੇ ਪੈਸੇ ਮਿਲਦੇ ਆ। ਉਸ ਤੋਂ ਬਾਅਦ ਉਸ ਨੇ ਕਿਹਾ ਮੈਂ ਨਾਸ਼ਤਾ ਨਹੀਂ ਕੀਤਾ। ਮੇਰੇ ਲਈ ਪਰੌਂਠਾ ਮੰਗਵਾ ਕੇ ਦਿਓ ਪਲੀਜ਼।
ਮੈਂ ਉਸ ਲਈ ਦੋ ਪਰੌਂਠੇ ਮੰਗਵਾਏ। ਕਹਿੰਦੀ ਦੋ ਕੀ ਕਰਨੇ ਸੀ। ਪਹਿਲਾਂ ਮੇਰਾ ਵੇਟ ਨਹੀਂ ਘਟ ਰਿਹਾ। ਮੈਂ ਕਿਹਾ ਨਹੀਂ। ਹਾਲੇ ਤੁਹਾਡੀ ਉਮਰ ਜ਼ਿਆਦਾ ਖਾਣ ਦੀ ਹੈ। ਪਤਾ ਨਹੀਂ ਤੁਸੀਂ ਕਿੰਨੇ ਬੁਆਏ ਫਰੈਂਡਜ਼ ਨਾਲ ਲੜਾਈ ਕਰਨੀ ਹੈ, ਤੁਹਾਨੂੰ ਤਕੜੇ ਹੋਣਾ ਚਾਹੀਦਾ। ਇਹ ਸੁਣ ਕੇ ਉਹ ਹੱਸਣ ਲੱਗੀ।