ਹੈਲੋ! ਮੈਂ ਬੋਲ ਰਹੀ ਹਾਂ…
ਸੂਹੇ ਅੱਖਰ
ਸਮਰਪਣ
ਉਨ੍ਹਾਂ ਸਾਰੀਆਂ ਔਰਤਾਂ ਦੇ ਨਾਂ :-
ਜਿਨ੍ਹਾਂ ਨੇ ਐਕਸਕਿਊਜ਼ ਨਹੀਂ ਲੱਭੇ ਕਿ, ਔਰਤਾਂ ਉਦਾਸੀਆਂ 'ਤੇ
ਨਹੀਂ ਜਾ ਸਕਦੀਆਂ ਜਾਂ ਔਰਤਾਂ ਬੁੱਧ ਵਾਂਗ ਘਰ ਨਹੀਂ ਛੱਡ
ਸਕਦੀਆਂ।
ਸਗੋਂ ਉਹ ਚੁੱਲ੍ਹੇ-ਚੌਂਕੇ ਵਿੱਚ ਬੈਠੀਆਂ, ਆਪਣੇ ਬੱਚਿਆਂ ਲਈ ਖਾਣਾ
ਬਣਾਉਂਦਿਆਂ ਜਾਂ ਆਟਾ ਛਾਣਦਿਆਂ ਬੁੱਧ ਹੋ ਗਈਆਂ।
ਉਸ ਨੇ ਸੁਰਮੇ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ, ਫਿਰ ਉਸ ਦੇ ਲਹੂ ਰੰਗੀ ਲਿਪਸਟਿਕ ਨਾਲ ਸਨੇ ਹੋਏ ਪਤਲੇ ਲਾਲ-ਸੁਰਖ਼ ਬੁੱਲ ਹਿੱਲੇ ਤੇ ਉਸ ਨੇ ਕਿਹਾ :
ਔਰਤ ਕੋਲ ਇੱਕ ਵਡੱਪਣ ਹੈ ਪਰ ਤੁਸੀਂ ਔਰਤ ਦੇ ਵਡੱਪਣ ਨੂੰ ਅਧੂਰਾ ਸਵੀਕਾਰ ਕੀਤਾ; ਤੁਸੀਂ ਸਵੀਕਾਰ ਕੀਤਾ ਕਿ ਔਰਤ ਆਦਮੀ ਤੋਂ ਵੱਡੀ ਹੈ ਕਿਉਂਕਿ ਆਦਮੀ ਉਸ ਚੋਂ ਪੈਦਾ ਹੁੰਦਾ ਪਰ ਔਰਤ ਦਾ ਸਿਰਫ਼ ਸਬਰ ਹੀ ਆਦਮੀ ਤੋਂ ਵੱਡਾ ਨਹੀਂ ਹੁੰਦਾ ਉਸ ਦੀ ਈਗੋ ਵੀ ਆਦਮੀ ਤੋਂ ਵੱਡੀ ਹੁੰਦੀ ਹੈ।
: ਵਿਮਲ ਕੀਰਤੀ
ਇਹ ਕਿਤਾਬ ਇਸ ਤੋਂ ਅਗਲੇ ਪੇਜ ਤੋਂ ਹੀ ਸ਼ੁਰੂ ਹੁੰਦੀ ਹੈ। ਇਸ ਦਾ ਕੋਈ ਮੁੱਖ- ਬੰਧ ਨਹੀਂ ਹੈ। ਕੋਈ ਭੂਮਿਕਾ ਨਹੀਂ, ਇਸ ਕਿਤਾਬ ਨੂੰ ਲਿਖਦਿਆਂ ਮੈਂ ਇਹ ਖ਼ਿਆਲ ਨਹੀਂ ਕੀਤਾ ਕਿ ਇਹ ਕਿਹੜੀ ਵਿਧਾ ਵਿੱਚ ਲਿਖੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਕਈ ਵਾਰ ਅਜਿਹੀਆਂ ਸਥਿਤੀਆਂ ਵਿੱਚੋਂ ਲੰਘਦੀ ਹੈ ਕਿ ਸਾਰੀਆਂ ਵਿਧਾਵਾਂ ਤੋਂ ਬਾਹਰ ਹੋ ਜਾਂਦੀ ਹੈ ਤੇ ਇਸ ਵਿਧਾ ਦਾ ਨਾਮ ਸ਼ਾਇਦ ਲਾਈਫ਼ ਹੋਣਾ ਚਾਹੀਦਾ। ਜ਼ਿੰਦਗੀ ਕਹਾਣੀ ਹੈ ਅਤੇ ਇਸ ਕਹਾਣੀ ਵਿੱਚ ਅਨੇਕਾਂ ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਕਹਾਣੀ ਕਦੇ ਵੀ ਵਿਗੜ ਸਕਦੀ ਹੈ। ਕਦੇ ਵੀ ਬਦਲ ਸਕਦੀ ਹੈ। ਜ਼ਿੰਦਗੀ ਬੜੀ ਅਚਾਨਕ ਜਿਹੀ ਚੀਜ਼ ਹੈ। ਅੱਜ ਕਿਸੇ ਨੂੰ ਲਾਟਰੀ ਨਿਕਲ ਸਕਦੀ ਹੈ। ਕੱਲ੍ਹ ਉਸੇ ਆਦਮੀ ਦਾ ਐਕਸੀਡੈਂਟ ਵੀ ਹੋ ਸਕਦਾ ਹੈ।
ਸਭ ਅਚਾਨਕ ਹੀ ਹੁੰਦਾ ਹੈ। ਬਸ ਕੁਝ ਅਚਾਨਕ ਇਸ ਤਰ੍ਹਾਂ ਦੇ ਹੁੰਦੇ ਹਨ। ਜਿਨ੍ਹਾਂ ਦਾ ਭੇਤ ਅਚਾਨਕ ਦੇ ਘਟਣ ਤੋਂ ਕੁਝ ਸਮਾਂ ਪਹਿਲਾਂ ਖੁੱਲ੍ਹ ਜਾਂਦਾ ਹੈ।
ਨਮਨ
ਯੋਗ ਮਾਰਗ ਆਦਮੀ ਤੇ ਔਰਤ ਲਈ ਬਰਾਬਰ ਰੂਪ ਵਿੱਚ ਉਪਲੱਬਧ ਹੈ। ਆਦਮੀ ਤੇ ਔਰਤਾਂ ਉਸ 'ਤੇ ਚੱਲਦੇ ਰਹਿੰਦੇ ਹਨ। ਜਿੰਨੀਆਂ ਔਰਤਾਂ ਇਸ ਮਾਰਗ 'ਤੇ ਚੱਲੀਆਂ, ਉਹਨਾਂ ਵਿੱਚੋਂ ਬਹੁਤ ਘੱਟ ਪਹੁੰਚ ਸਕੀਆਂ। ਕਸ਼ਮੀਰੀ ਰਹੱਸਮਈ ਭਗਤਣੀ/ ਸੰਤ, ਲੱਲਾ ਇਨ੍ਹਾਂ ਵਿਲੱਖਣ ਔਰਤਾਂ 'ਚੋਂ ਇੱਕ ਹੈ।
ਲੱਲਾ ਦੀ ਵਿਲੱਖਣਤਾ ਇਹ ਹੈ ਕਿ ਪੂਰਾ ਜਨਮ ਨਗਨ ਰਹੀ। ਪੂਰੇ ਵਿਸ਼ਵ ਵਿੱਚ ਇੱਕੋ ਇੱਕ ਸੰਤ ਔਰਤ ਹੈ, ਜੋ ਬਜ਼ਾਰਾਂ ਵਿੱਚ ਨਗਨ ਘੁੰਮਦੀ ਸੀ। ਉਹ ਵੀ ਅੱਜ ਤੋਂ ਸੱਤ-ਅੱਠ ਸੌ ਸਾਲ ਪਹਿਲਾਂ। ਜਦੋਂ ਕਿ ਇਹ ਨਾ-ਮੁਮਕਿਨ ਸੀ । ਇਸੇ ਲਈ ਕਸ਼ਮੀਰੀ ਲੋਕ ਆਖਦੇ ਹਨ ਅਸੀਂ ਦੋ ਹੀ ਨਾਮ ਜਾਣਦੇ ਹਾਂ, ਇੱਕ ਅੱਲਾ ਤੇ ਦੂਸਰਾ ਲੱਲਾ।
ਚੌਦਵੀਂ ਸਦੀ ਦੀ ਗੱਲ ਹੈ। ਲੱਲਾ ਯੋਗੇਸ਼ਵਰੀ ਦਾ ਬਾਲ-ਵਿਆਹ ਹੋਇਆ। ਪਤੀ ਤੇ ਮਤਰੇਈ ਸੱਸ ਦਾ ਅੱਤਿਆਚਾਰ ਉਸ ਨੂੰ ਪਾਗਲਪਣ ਤੱਕ ਲੈ ਆਇਆ। ਇਹੀ ਤਕਲੀਫ਼ ਆਤਮ-ਖੋਜ ਦਾ ਕਾਰਨ ਬਣੀ।
ਬਜ਼ਾਰ ਵਿੱਚ ਨਿਰਵਸਤਰ ਘੁੰਮਦਿਆਂ, ਕੁਝ ਲੋਕਾਂ ਨੇ ਲੱਲਾ ਨੂੰ ਕਿਹਾ ਕਿ ਇੱਕ ਔਰਤ ਦਾ ਇਸ ਤਰ੍ਹਾਂ ਘੁੰਮਣਾ ਚੰਗਾ ਨਹੀਂ ਲੱਗਦਾ ਤਾਂ ਉਸ ਸਮੇਂ ਲੱਲਾ ਨੇ ਆਪਣੇ ਪੇਟ ਦਾ ਮਾਸ ਖਿੱਚ ਕੇ ਨੀਚੇ ਵੱਲ ਕੀਤਾ ਤੇ ਆਪਣਾ ਨੰਗੇਜ਼ ਢਕ ਲਿਆ ਤੇ ਆਪਣੀ ਛਾਤੀ ਆਪਣੇ ਵਾਲਾਂ ਨਾਲ ਢਕ ਲਈ। ਉਸ ਸਮੇਂ ਦੀ ਭਾਸ਼ਾ ਵਿੱਚ ਪੇਟ ਦੇ ਮਾਸ ਨੂੰ ਲੱਲਾ ਕਿਹਾ ਜਾਂਦਾ ਸੀ । ਇਸ ਤਰ੍ਹਾਂ ਉਹ ਪਦਮਾਵਤੀ ਤੋਂ ਲੱਲਾ ਬਣ ਗਈ।
ਲੱਲਾ ਦੀ ਬਾਣੀ, ਲੱਲਾ-ਵਾਖ ਨਾਂ ਦੇ ਗ੍ਰੰਥ ਵਿੱਚ ਉਪਲਬਧ ਮਿਲਦੀ ਹੈ।
****
ਮੈਂ ਇਸ ਔਰਤ ਦੇ ਪੈਰਾਂ 'ਤੇ ਸਿਰ ਧਰਦਾ ਹਾਂ।
ਵਿਮਲ ਕੀਰਤੀ : ਸਮਾਂ ਸਵੇਰੇ ਤਿੰਨ ਵਜੇ।
ਮੈਂ ਦ੍ਰਸ਼ਟਾ ਹਾਂ। ਦ੍ਰਸ਼ਟਾ ਤੁਸੀਂ ਸਮਝ ਗਏ ਹੋਵੋਂਗੇ। ਦੇਖਣ ਵਾਲਾ। ਇਸ ਦੁਨੀਆ ਵਿੱਚ ਜਿੰਨੇ ਵੀ ਆਦਮੀ ਤੇ ਔਰਤਾਂ ਹਨ। ਉਨ੍ਹਾਂ ਕੋਲ ਇੱਕ ਦ੍ਰਸ਼ਟਾ ਮੌਜੂਦ ਹੈ। ਜਦੋਂ ਕੋਈ ਬਿਲਕੁਲ ਇਕੱਲਾ ਹੁੰਦਾ ਹੈ। ਉਦੋਂ ਵੀ ਉਹ ਇਕੱਲਾ ਨਹੀਂ ਹੁੰਦਾ। ਉਸ ਦੇ ਇਕਾਂਤ ਨੂੰ ਕੋਈ ਦੇਖਦਾ ਹੈ। ਉਸ ਇਕਾਂਤ ਨੂੰ ਕੋਈ ਮਹਿਸੂਸ ਕਰਦਾ ਹੈ। ਜਦੋਂ ਕੋਈ ਆਪਣੇ ਆਪ ਨੂੰ ਦੇਖਦਾ ਹੈ।
ਜਦੋਂ ਕੋਈ ਵੀ ਬੁਰਾ ਕੰਮ ਕਰਦਿਆਂ, ਕੁਝ ਤੁਹਾਨੂੰ ਉਸ ਤੋਂ ਰੋਕਦਾ ਹੈ। ਚੰਗਾ ਕੰਮ ਕਰਦਿਆਂ, ਤੁਹਾਨੂੰ ਉਹ ਆਖਦਾ ਹੈ : ਤੂੰ ਬਹੁਤ ਸੋਹਣਾ ਕੰਮ ਕਰ ਰਿਹੈਂ। ਉਹ ਆਪਣੇ ਆਪ ਨੂੰ ਮੁਲਾਂਕਿਤ ਕਰਨ ਦੀ ਤਾਕਤ, ਆਪਣੇ ਆਪ ਤੇ ਨਜ਼ਰ ਰੱਖਣ ਵਾਲੀ ਸ਼ਕਤੀ ਹਾਂ, ਉਹ ਦ੍ਰਸ਼ਟਾ ਹੁੰਦੀ ਹੈ।
*
ਇੱਕ ਆਦਮੀ ਵਿਮਲ ਕੀਰਤੀ, ਜੋ ਸੰਗੀਤਕਾਰ ਹੈ। ਰਬਾਬ ਵਜਾਉਂਦਾ ਹੈ। ਜੋ ਉਨ੍ਹਾਂ ਵੇਲਿਆ ਦੇ ਆਦਮੀਆਂ ਵਾਂਗ ਸੋਚਦਾ ਹੈ ਜਦੋਂ ਚੰਗੇ ਲੋਕਾਂ ਦੀ ਗਿਣਤੀ ਕਾਫ਼ੀ ਸੀ। ਜਦੋਂ ਇਕਰਾਰਨਾਮੇ ਕਰਨ ਲਈ ਕਾਗਜ਼ਾਂ ਦੀ ਲੋੜ ਨਹੀਂ ਸੀ ਪੈਂਦੀ। ਜੁਬਾਨ ਦਾ ਕਿਹਾ ਮੁੱਕਰਿਆ ਨਹੀਂ ਸੀ ਜਾਂਦਾ। ਉਹ ਪਿਛਲੀ ਸਦੀ ਦਾ ਆਦਮੀ ਜਨਮ ਲੈ ਕੇ ਮਾਡਰਨ ਯੁੱਗ ਵਿੱਚ ਆ ਗਿਆ ਹੈ। ਉਹ ਆਪਣੇ ਅੰਦਰ ਅਤੇ ਸੁਪਨਿਆਂ ਵਿੱਚ ਹਾਲੇ ਵੀ ਕਈ ਯੁੱਗ ਪਿੱਛੇ ਜਿਊਂਦਾ ਹੈ ਅਤੇ ਅਜਿਹਾ ਆਦਮੀ ਹੈ ਜੋ ਦੋ ਯੁੱਗਾਂ ਪੁਰਾਤਨ ਤੇ ਨਵੀਨ ਦਾ ਜੋੜ ਹੈ। ਉਹ ਅਕਸਰ ਗ੍ਰੰਥਾਂ ਦੀਆਂ; ਸੰਤਾਂ ਦੀਆਂ; ਜਾਂ ਆਚਰਣ ਦੀਆਂ ਗੱਲਾਂ ਕਰਦਾ ਹੈ ਅਤੇ ਜਦੋਂ ਵੀ ਕੁਝ ਲਿਖਦਾ ਹੈ ਤਾਂ ਉਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਜਿਵੇਂ ਕਿਸੇ ਰਿਸ਼ੀ ਦਾ ਲਿਖਿਆ ਪੰਚ-ਤੰਤਰ ਪੜ੍ਹ ਰਹੇ ਹੋਈਏ। ਉਹ ਦਿਨ ਵੇਲੇ ਸਾਰੀਆਂ ਮਾਡਰਨ ਸਹੂਲਤਾਂ ਮਾਣਦਾ ਹੈ ਪਰੰਤੂ ਰਾਤ ਵੇਲੇ ਉਸ ਨੂੰ ਘੋੜਿਆਂ, ਰਾਜ-ਮਹਿਲਾਂ, ਸੰਤਾਂ ਅਤੇ ਜੰਗਲਾਂ ਦੇ ਸੁਫ਼ਨੇ ਆਉਂਦੇ ਹਨ। ਉਹ ਜ਼ਿੰਦਗੀ ਦਾ ਉਹ ਕੇਂਦਰ ਬਿੰਦੂ ਹੈ ਜਿੱਥੇ ਆ ਕੇ
ਮਰਿਆਦਾਵਾਂ, ਪਤਿਤਪੁਣਾ, ਪ੍ਰੇਮਿਕਾਵਾਂ, ਫ਼ਰੇਬ, ਇਮਾਨ ਸਭ ਇਕੱਠੇ ਹੋ ਜਾਂਦੇ ਹਨ।
*
ਵਿਮਲ ਕੀਰਤੀ ਦਾ ਦੋਸਤ ਜੋ ਮਨੋਂ-ਚਕਿਤਸਕ ਹੈ। ਇੱਥੇ ਵਿਮਲ ਕੀਰਤੀ ਦੀ ਕਥਾ ਕਹਿ ਰਿਹਾ ਹੈ। ਜਿੱਥੇ ਉਸ ਦਾ ਦੋਸਤ ਗੈਰ-ਹਾਜ਼ਰ ਹੋਵੇਗਾ। ਕਥਾ ਵਿੱਚ ਓਥੇ ਮੈਂ ਹਾਜ਼ਰ ਰਹਾਂਗਾ।
ਮੈਂ ਤੁਹਾਡਾ ਅੰਦਰ ਹਾਂ, ਮੈਂ ਸਭ ਦਾ ਅੰਦਰ ਹਾਂ, ਜਿਹੜਾ ਕੁਝ ਦੂਸਰੇ ਤੁਹਾਡੇ ਅੰਦਰ ਨਹੀਂ ਦੇਖ ਸਕਦੇ। ਮੈਂ ਦੇਖ ਸਕਦਾ ਹਾਂ।
ਮੈਂ ਦ੍ਰਸ਼ਟਾ ਹਾਂ।
**
**
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ:
ਮੈਂ ਉਸ ਦੇ ਬੋਲਣ ਦੀ ਉਡੀਕ ਕਰ ਰਿਹਾ ਹਾਂ। ਵਿੱਚ ਵਿੱਚ ਮੇਰਾ ਧਿਆਨ ਵਾਰ ਵਾਰ ਉਸ ਪੇਂਟਿੰਗ ਵੱਲ ਜਾ ਰਿਹਾ ਸੀ ਜੋ ਪਹਿਲੀ ਵਾਰ ਮੈਂ ਵਿਮਲ ਕੀਰਤੀ ਦੇ ਮੈਡੀਟੇਸ਼ਨ ਰੂਮ ਵਿੱਚ ਵੇਖੀ ਸੀ। ਉਸ ਮੈਡੀਟੇਸ਼ਨ ਰੂਮ ਵਿੱਚ ਮੈਂ ਸਿਰਫ਼ ਦੇ ਵਾਰ ਗਿਆ ਹਾਂ। ਉਸ ਦਿਨ ਜੋ ਵੀ ਹੋਇਆ ਅੱਜ ਫੇਰ ਮੇਰੇ ਯਾਦ ਆ ਰਿਹਾ ਸੀ।
ਉਸ ਦਿਨ ਇਹ ਹੋਇਆ ਕਿ ਸੀ ਕਿ ਮੈਡੀਟੇਸ਼ਨ ਰੂਮ ਦੇ ਦਰਵਾਜ਼ੇ 'ਚੋਂ ਜਦੋਂ ਹੀ ਮੈਂ ਅੰਦਰ ਲੰਘਿਆ, ਬਿਲਕੁਲ ਸਾਹਮਣੇ ਵਾਲੀ ਕੰਧ, ਜਿਸ ਵਿੱਚ ਸ਼ੀਸ਼ੇ ਦੀਆਂ ਦੋ ਵੱਡੀਆਂ ਵਿੰਡੋ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇ ਵਿਚਕਾਰ ਇੱਕ ਸਪੇਸ ਹੈ। ਇਸ ਖ਼ਾਲੀ ਥਾਂ 'ਤੇ ਦੋਵਾਂ ਖਿੜਕੀਆਂ ਦੇ ਵਿਚਕਾਰ ਕੰਧ ਤੇ ਇਹ ਤਸਵੀਰ ਲੱਗੀ ਹੋਈ ਹੈ।
ਇਸ ਕਮਰੇ ਵਿੱਚ ਕੋਈ ਫ਼ਰਨੀਚਰ ਨਹੀਂ ਹੈ। ਫ਼ਰਸ਼ 'ਤੇ ਇੱਕ ਗੱਦੇ 'ਤੇ ਚਿੱਟੀ ਚਾਦਰ ਵਿਛੀ ਹੋਈ ਹੈ, ਜਿਸ ਤੇ ਗੋਲ ਸਰ੍ਹਾਣੇ ਨਾਲ ਰਬਾਬ ਪਈ ਰਹਿੰਦੀ ਹੈ ਤੇ ਕਮਰੇ ਵਿੱਚ ਸਿਰਫ਼ ਇਹ ਇੱਕ ਪੇਂਟਿੰਗ ਲੱਗੀ ਹੈ। ਮੇਰਾ ਧਿਆਨ ਇਕਦਮ ਇਸ ਤਸਵੀਰ ਵੱਲ ਖਿੱਚਿਆ ਗਿਆ ਸੀ।
ਮੈਂ ਵਿਮਲ ਕੀਰਤੀ ਨੂੰ ਪੁੱਛਿਆ : ਇਸ ਪੇਂਟਿੰਗ ਵਿੱਚ ਕੱਟਿਆ ਹੋਇਆ ਸਿਰ ਕਿਸ ਦਾ ਹੈ ?
ਵਿਮਲ ਕੀਰਤੀ ਨੇ ਮੇਰੇ ਵੱਲ ਵੇਖਿਆ, ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਉਸ ਦਾ ਚਿਹਰਾ ਲਾਲ ਹੋ ਰਿਹਾ ਸੀ, ਲੱਗਦਾ ਸੀ ਉਸ ਨੇ ਬਹੁਤ ਮੁਸ਼ਕਲ ਨਾਲ ਆਪਣਾ ਰੋਣਾ ਰੋਕਿਆ ਤੇ ਕਿਹਾ:
ਮੇਰਾ ਹੈ।
ਵਿਮਲ ਕੀਰਤੀ ਸਿੱਧਾ ਮੇਰੇ ਵੱਲ ਵੇਖ ਰਿਹਾ ਸੀ। ਇਸ ਬਾਅਦ ਨਾ ਉਹ ਕੁਝ ਬੋਲਿਆ, ਨਾ ਮੈਂ। ਉਸ ਦਾ ਇਸ ਤਰਾਂ ਮੈਨੂੰ ਵੇਖਣਾ ਮੈਂ ਭੁੱਲ ਨਹੀਂ ਸਕਿਆ ਤੇ ਮੇਰਾ ਦਿਲ ਕੀਤਾ ਕਿ ਮੈਂ ਓਥੋਂ ਹੁਣੇ ਭੱਜ ਜਾਵਾਂ ਤੇ ਮੈਂ ਕਾਹਲੀ ਨਾਲ ਵਾਪਸ ਆਪਣੇ ਘਰ ਆ ਗਿਆ।
ਮੈਂ ਇਹ ਸਭ ਸੋਚ ਹੀ ਰਿਹਾ ਸੀ ਕਿ ਮੇਰਾ ਧਿਆਨ ਇਕਦਮ ਵਿਮਲ ਕੀਰਤੀ ਵੱਲ ਗਿਆ। ਉਸ ਪੇਂਟਿੰਗ ਬਾਰੇ ਸੋਚਦੇ ਸੋਚਦੇ ਮੈਂ ਭੁੱਲ ਹੀ ਗਿਆ ਸੀ ਕਿ
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ:
ਮੈਂ ਵਿਮਲ ਕੀਰਤੀ ਨੂੰ ਸੁਆਲ ਕੀਤਾ ਕਿ ਉਸ ਤਸਵੀਰ ਬਾਰੇ ਮੈਨੂੰ ਦੱਸੋ:
ਵਿਮਲ ਨੇ ਬੋਲਣਾ ਸ਼ੁਰੂ ਕੀਤਾ:
ਉਹ ਯੁਹੱਨਾ ਹੈ। ਯੁਹੱਨਾ ਇੱਕ ਨਬੀ ਹੈ। ਨਬੀ ਹੁੰਦਾ ਪ੍ਰਮਾਤਮਾ ਦਾ ਸੁਨੇਹਾ ਦੇਣ ਵਾਲਾ। ਇਸ ਨੇ ਯਸੂ ਦੇ ਆਗਮਨ ਦੀ ਭਵਿੱਖਬਾਣੀ ਕੀਤੀ ਸੀ। ਇਹ ਉਹ ਆਦਮੀ ਹੈ, ਜਿਸ ਨੇ ਈਸਾਈਅਤ ਵਿੱਚ ਬਪਤਿਸਮਾ (ਸ਼ੁੱਧੀਕਰਨ ਦੀ ਕ੍ਰਿਆ) ਦੇਣ ਦੀ ਸ਼ੁਰੂਆਤ ਕੀਤੀ। ਯਸੂ ਨੂੰ ਇਸ ਨੇ ਹੀ ਬਪਤਿਸਮਾ ਦਿੱਤਾ ਸੀ। ਇਹ ਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ।
ਰੋਮਨ ਸਾਮਰਾਜ ਦੇ ਸਮੇਂ ਇੱਕ ਰਾਜਾ ਸੀ। ਜਿਸ ਦਾ ਨਾਮ ਹੈਰੋਡ ਐਂਟੀਪਾਸ ਸੀ। ਇਹ ਗੈਲੀਲ ਰਾਜ ਦਾ ਸ਼ਾਸਕ ਭਾਵ ਉਪ ਰਾਜਾ ਸੀ। ਇਸ ਨੇ ਆਪਣੀ ਪਹਿਲੀ ਪਤਨੀ ਫੈਸੇਲਿਸ ਨੂੰ ਤਲਾਕ ਦੇਣ ਬਾਅਦ ਆਪਣੇ ਸੁਤੇਲੇ ਭਰਾ ਹੈਰੋਡ ਫਿਲਿਪ ਦੀ ਪਤਨੀ ਹੈਰੋਡੀਆਸ ਨਾਲ ਵਿਆਹ ਕਰਵਾ ਲਿਆ ਸੀ। ਜੋ ਕਿ ਉਸ ਸਮੇਂ ਗੈਰ-ਕਾਨੂੰਨੀ ਸੀ। ਆਮ ਲੋਕ ਵੀ ਇਸ ਗੈਰ-ਮਰਯਾਦਿਤ ਕੰਮ ਨੂੰ ਲੁੱਕ-ਛਿਪ ਕੇ ਗਲਤ ਕਹਿ ਰਹੇ ਸਨ ਪਰ ਰਾਜੇ ਦੇ ਖ਼ਿਲਾਫ਼ ਬੋਲਣ ਦੀ ਹਿੰਮਤ ਕੋਈ ਨਹੀਂ ਸੀ ਕਰਦਾ, ਕਿਉਂ ਕਿ ਰਾਜੇ ਦੇ ਕਿਸੇ ਵੀ ਫ਼ੈਸਲੇ ਦੇ ਵਿਰੋਧ ਦਾ ਸਿੱਧਾ ਮਤਲਬ ਮੌਤ ਸੀ। ਯੁਹੱਨਾ ਨੇ ਇਸ ਨੂੰ ਗ਼ਲਤ ਕਿਹਾ ਤੇ ਵਿਆਹ ਦਾ ਵਿਰੋਧ ਕੀਤਾ, ਜਿਸ ਕਾਰਨ ਰਾਜਾ ਤੇ ਉਸ ਦੀ ਨਵੀਂ ਪਤਨੀ ਹੈਰੋਡੀਆਸ, ਯੁਹੱਨਾ ਨਾਲ ਖਫਾ ਸਨ। ਕਿਉਂਕਿ ਉਸ ਸਮੇਂ ਯੁਹੱਨਾ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਸੀ। ਜਿਸ ਕਾਰਨ ਬਗ਼ਾਵਤ ਦੇ ਡਰ ਤੋਂ ਯੁਹੱਨਾ ਨੂੰ ਰਾਜੇ ਦੇ ਵਿਆਹ ਦਾ ਵਿਰੋਧ ਕਰਨ ਕਾਰਨ ਰਾਜੇ ਦੁਆਰਾ ਮਾਰਿਆ ਨਹੀਂ ਸੀ ਜਾ ਸਕਦਾ ਅਤੇ ਯੁਹੱਨਾ
ਦੁਆਰਾ ਹੋਰ ਵੀ ਉਹ ਗੱਲਾਂ ਕੀਤੀਆਂ ਜਾਂਦੀਆਂ ਸਨ ਜੋ ਕਿ ਆਮ ਲੋਕਾਂ ਦੇ ਭਲੇ ਲਈ ਸਨ। ਲੋਕਾਂ ਨੂੰ ਟੈਕਸ ਦੇਣ ਲਈ ਤੰਗ ਕੀਤੇ ਜਾਣ ਦੇ ਵਿਰੋਧ ਕਰਨ ਕਰਕੇ ਦੋਸ਼ੀ ਮੰਨੇ ਜਾਣ ਕਾਰਨ ਰਾਜੇ ਹੈਰੋਡ ਐਂਟੀਪਾਸ ਦੁਆਰਾ ਯੁਹੱਨਾ ਨੂੰ ਆਪਣੇ ਮਹਿਲ ਵਿੱਚ ਕੈਦ ਕਰ ਲਿਆ ਗਿਆ। ਜਿੱਥੇ ਉਸ ਨੂੰ ਜੇਲ੍ਹ ਵਿੱਚ ਇੱਕ ਟੋਆ ਪੁਟਵਾ ਕੇ ਉਸ ਵਿੱਚ ਸੁੱਟ ਦਿੱਤਾ ਗਿਆ।
ਵਿਆਹ ਦਾ ਵਿਰੋਧ ਹੋਣ ਨਾਲ ਹੈਰੋਡੀਆਸ ਯੁਹੱਨਾ ਨੂੰ ਨਫਰਤ ਕਰਨ ਲੱਗੀ।
ਹੈਰੋਡੀਆਸ ਦੀ ਪਹਿਲੇ ਵਿਆਹ ਤੋਂ ਇੱਕ ਧੀ ਸੀ। ਜਿਸ ਦਾ ਨਾਮ ਸਲੋਮੀ ਸੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਜਦੋਂ ਹੈਰੋਡ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਤਾਂ ਇਹ ਦੋਵੇਂ ਮਾਵਾਂ ਧੀਆਂ ਵੀ ਓਥੇ ਸਨ। ਇਸ ਪਾਰਟੀ ਵਿੱਚ ਮਹਿਮਾਨਾਂ ਦੇ ਮਨੋਰੰਜਨ ਲਈ ਸਲੋਮੀ ਨੇ ਨਾਚ ਕੀਤਾ, ਰਾਜਾ ਹੈਰੋਡ ਐਂਟੀਪਾਸ ਸ਼ਰਾਬ ਪੀ ਰਿਹਾ ਸੀ ਤੇ ਨਾਚ ਦਾ ਅਨੰਦ ਲੈ ਰਿਹਾ ਸੀ। ਸਲੋਮੀ ਦੇ ਨਾਚ ਤੋਂ ਖੁਸ਼ ਹੋ ਕੇ ਰਾਜੇ ਨੇ ਕੁਝ ਵੀ ਮੰਗਣ ਲਈ ਕਿਹਾ ਤੇ ਕਿਹਾ ਮੈਂ ਏਨਾ ਖੁਸ਼ ਹਾਂ ਕਿ ਜੇਕਰ ਤੂੰ ਅੱਧਾ ਰਾਜ ਵੀ ਮੰਗ ਲਵੇਂ ਮੈਂ ਦੇ ਸਕਦਾਂ। ਸਲੋਮੀ ਨੇ ਇਸ ਬਾਰੇ ਆਪਣੀ ਮਾਂ ਨੂੰ ਪੁੱਛਿਆ ਕਿ ਮੈਨੂੰ ਕੀ ਮੰਗਣਾ ਚਾਹੀਦਾ। ਹੈਰੋਡੀਆਸ ਜੋ ਕਿ ਆਪਣੇ ਅਤੇ ਰਾਜੇ ਦੇ ਵਿਆਹ ਦੇ ਵਿਰੋਧ ਕਰਨ ਕਰਕੇ ਉਹਨਾਂ ਨੂੰ ਨਫ਼ਰਤ ਕਰਦੀ ਸੀ, ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ ਤੇ ਕਿਹਾ ਤੈਨੂੰ ਯੁਹੱਨਾ ਦਾ ਸਿਰ ਮੰਗਣਾ ਚਾਹੀਦਾ। ਸਲੋਮੀ ਨੇ ਇਹੀ ਕੀਤਾ ਤੇ ਰਾਜੇ ਨੂੰ ਕਿਹਾ ਕਿ ਮੈਨੂੰ ਯੁਹੱਨਾ ਦਾ ਸਿਰ ਕੱਟ ਕੇ ਪਲੇਟ ਵਿੱਚ ਰੱਖ ਕੇ ਦਿੱਤਾ ਜਾਵੇ। ਰਾਜਾ ਇਹ ਸੁਣ ਕੇ ਬੁਖਲਾ ਗਿਆ ਤੇ ਉਸ ਨੇ ਨਾਂਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਲੋਮੀ ਨੇ ਕਿਹਾ ਕਿ ਤੁਸੀਂ ਜ਼ੁਬਾਨ ਦਿੱਤੀ ਹੈ। ਤੁਸੀਂ ਇਸ ਤੋਂ ਪਿੱਛੇ ਨਹੀਂ ਹਟ ਸਕਦੇ।
ਤੇ ਫੇਰ ਯੁਹੱਨਾ ਦਾ ਸਿਰ ਕੱਟਿਆ ਗਿਆ ਤੇ ਪਲੇਟ 'ਚ ਰੱਖ ਕੇ ਸਲੋਮੀ ਨੂੰ ਦਿੱਤਾ ਗਿਆ।
ਅੱਜ ਵੀ ਬਹੁਤ ਲੋਕ ਇਸ ਦਿਨ ਨੂੰ ਪਵਿੱਤਰ ਦਿਨ ਵਜੋਂ ਮਨਾਉਂਦੇ ਹਨ ਤੇ ਉਸ ਦਿਨ ਗੋਲ ਪਲੇਟ ਤੇ ਛੁਰੀ ਦਾ ਇਸਤੇਮਾਲ ਨਹੀਂ ਕਰਦੇ।
ਇਹ ਕਹਾਣੀ ਸੁਣਾਉਣ ਬਾਅਦ ਵਿਮਲ ਕੀਰਤੀ ਨੇ ਮੇਰੇ ਵੱਲ ਵੇਖਿਆ ਤੇ ਪੁੱਛਿਆ : ਤੁਹਾਨੂੰ ਸਮਝ ਆਈ ਮੈਂ ਕੀ ਕਹਿਣਾ ਚਾਹੁੰਦਾ ਹਾਂ ?
ਮੈਂ ਕਿਹਾ : ਨਹੀਂ।
ਤਾਂ ਸੁਣੋਂ : ਦੋ ਹਜ਼ਾਰ ਸਾਲ ਪਹਿਲਾਂ ਵੀ ਆਦਮੀ ਤੇ ਔਰਤਾਂ ਏਨੇ ਕੁ ਹੀ ਬੁਰੇ ਚੰਗੇ ਸਨ ਜਿੰਨੇ ਅੱਜ ਹਨ ਅਤੇ ਹੁਣ ਤੋਂ ਦੋ ਹਜ਼ਾਰ ਸਾਲ ਬਾਅਦ ਵੀ ਇਹੀ ਕੁਝ ਰਹੇਗਾ। ਹਰਾਮਖੋਰ ਬੰਦੇ ਵੀ ਪੈਦਾ ਹੁੰਦੇ ਰਹਿਣਗੇ। ਫਰੇਬ ਨਾਲ ਭਰੀਆਂ ਔਰਤਾਂ ਵੀ ਪੈਦਾ ਹੋਣਗੀਆਂ। ਚੰਗੀਆਂ ਔਰਤਾਂ ਵੀ ਮਿਲਣਗੀਆਂ ਆਦਮੀ ਵੀ ਸੰਤ ਹੁੰਦੇ ਰਹਿਣਗੇ। ਇਹ ਸਭ ਇਸੇ ਤਰ੍ਹਾਂ ਚੱਲਦਾ ਰਹੇਗਾ।
ਤੇ ਹਰ ਯੁੱਗ ਵਿੱਚ ਕਿਸੇ ਯੁਹੱਨਾ ਨੂੰ ਇੱਕ ਹੈਰੋਡੀਆਸ ਮਿਲਦੀ ਰਹੇਗੀ ਜੋ ਕਿ ਗਲਤ ਕੰਮ ਦੀ ਭਾਗੀਦਾਰ ਹੁੰਦੇ ਹੋਏ ਵੀ ਇਹ ਨਹੀਂ ਸੁਣ ਸਕੇਗੀ ਕਿ ਉਹ ਗਲਤ ਹੈ।
ਅੱਜ ਬਹੁਤ ਆਦਮੀ ਦੁਨੀਆ 'ਤੇ ਬੁਰੇ ਹਨ ਤਾਂ ਇਹ ਵੀ ਸਵੀਕਾਰ ਕਰੋ ਕਿ ਕੁਝ ਫ਼ਰੇਬ ਭਰੀਆਂ ਔਰਤਾਂ ਵੀ ਹਨ। ਫਰੇਬ ਨਾਲ ਭਰੀ ਔਰਤ ਪਤਾ ਕੀ ਕਰਦੀ ਹੈ ? ਉਹ ਕਤਲ ਵੀ ਕਰੇਗੀ ਤੇ ਦੋਸ਼ ਆਪਣੇ ਸਿਰ ਨਹੀਂ ਲਏਗੀ। ਬਹੁਤਾਤ ਗਿਣਤੀ ਵਿੱਚ ਆਦਮੀ ਅੱਜ ਵੀ ਸ਼ਿਕਾਰੀ ਹਨ। ਬਹੁਤਾਤ ਗਿਣਤੀ ਵਿੱਚ ਔਰਤਾਂ ਅੱਜ ਵੀ ਦੋਸ਼ ਆਪਣੇ ਸਿਰ ਨਹੀਂ ਲੈਂਦੀਆਂ। ਇਹ ਮਨੁੱਖੀ ਸੁਭਾਅ ਹੈ।
ਯੁਹੱਨਾ ਨੇ ਇੱਕ ਔਰਤ ਦੀ ਗਲਤੀ ਨੂੰ ਗਲਤ ਕਿਹਾ। ਮੈਂ ਵੀ ਇਹੋ ਕੀਤਾ।
ਆਪਣੇ ਆਸ-ਪਾਸ ਵੇਖਣਾ, ਕੋਈ ਨਾ ਕੋਈ ਯੁਹੱਨਾ ਮਿਲ ਜਾਵੇਗਾ ਤੇ ਕੋਈ ਨਾ ਕੋਈ ਹੈਰੋਡੀਆਸ। ਬਸ ਯੁਹੱਨਾ ਤੁਹਾਨੂੰ ਲੱਭਣਾ ਪਵੇਗਾ, ਹੈਰੋਡੀਆਸ ਤੁਹਾਨੂੰ ਆਪਣੇ ਆਪ ਲੱਭ ਲਵੇਗੀ।
**
।। ਮੈਨੂੰ ਪਤਾ ਹੈ॥
॥ ਪਰਸਨਲ ਬਲਾਗ॥ ਵਿਮਲ ਕੀਰਤੀ॥
ਮੈਨੂੰ ਅਫ਼ਸੋਸ ਰਹੇਗਾ, ਕਿ ਇਹ ਸੱਚ ਹੈ।
**
ਵਿਮਲ ਕੀਰਤੀ।
ਸਮਾਂ : ਰਾਤ ਤਿੰਨ ਵਜੇ।
**
ਸਥਾਨ : ਮੈਡੀਟੇਸ਼ਨ ਸੈਂਟਰ ਦਾ ਹਾਲ
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ।
ਮੈਂ ਉਡੀਕ ਕਰ ਰਿਹਾ ਸੀ। ਉਹ ਕੁਝ ਬੋਲੇ ਪਰ ਉਹ ਚੁੱਪ ਤੇ ਸ਼ਾਂਤ ਬੈਠਾ ਰਿਹਾ। ਮੈਂ ਗੱਲਬਾਤ ਸ਼ੁਰੂ ਕਰਨ ਲਈ ਪੁੱਛਿਆ ...... ਕੁਝ ਕਹੇਂਗਾ ਨਹੀਂ ? ਚੁੱਪ ਕਿਉਂ ਹੈ?
ਉਸ ਨੇ ਮੇਰੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਥੋੜ੍ਹੇ ਸਮੇਂ ਦੀ ਚੁੱਪ ਤੋਂ ਬਾਅਦ ਉਹ ਬੋਲਿਆ :
ਮੈਨੂੰ ਕੁਝ ਸੁਣਾ। ਜਿਸ ਨੂੰ ਸੁਣਨ 'ਚ ਬਹੁਤ ਤਕਲੀਫ ਹੋਵੇ। ਇੰਨੀ ਕਿ ਮੈਂ ਆਪਣੀ ਤਕਲੀਫ਼ ਭੁੱਲ ਜਾਵਾਂ। ਕੋਈ ਇਹੋ ਜਿਹੀ ਗੱਲ ਜਿਸ 'ਚੋਂ ਲਹੂ ਟਪਕਦਾ ਹੋਵੇ।
ਮੈਂ ਕਿਹਾ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ।
ਫਿਰ ਉਸ ਨੇ ਕਿਹਾ : ਮੇਰੇ ਕੋਲ ਹੈ, ਇਸ ਤਰ੍ਹਾਂ ਦੀ ਗੱਲ। ਚੱਲ.... ਮੈਂ ਬੋਲਦਾ ਹਾਂ। ਤੂੰ ਲਿਖ।
ਮੈਂ ਕਿਹਾ ਮੈਨੂੰ ਪਤਾ ਤੂੰ ਮੇਰੇ ਤੋਂ ਕੀ ਲਿਖਵਾਉਣਾ ਪਰ ਇਹ ਸਭ ਔਰਤਾਂ ਦੀ ਬੁਰਾਈ ਕਰਨਾ ਹੈ। ਮੈਨੂੰ ਇਹ ਔਖਾ ਲੱਗਦਾ। ਤੂੰ ਮੇਰੇ ਤੋਂ ਇਹ ਨਾ ਲਿਖਵਾ। ਮੈਂ ਦੋ ਬੇਟੀਆਂ ਦਾ ਬਾਪ ਹਾਂ।
ਉਸ ਨੇ ਕਿਹਾ : ਮੇਰੇ ਵੀ ਤਿੰਨ ਬੇਟੀਆਂ ਹਨ। ਕੀ ਮੇਰੀਆਂ ਬੇਟੀਆਂ ਜਾਂ ਤੇਰੀਆਂ ਬੇਟੀਆਂ ਨੇ ਵੱਡੀਆਂ ਹੋ ਕੇ ਔਰਤਾਂ ਨਹੀਂ ਬਣਨਾ.. ?
ਫਿਰ ਵਿਮਲ ਕੀਰਤੀ ਨੇ ਕਿਹਾ : ਤੈਨੂੰ ਪਤੈ ? ਮੇਰਾ ਸਭ ਤੋਂ ਵੱਡਾ ਡਰ ਕੀ ਹੈ?
ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ :
ਮੇਰੀਆਂ ਬੇਟੀਆਂ ਵੱਡੀਆਂ ਹੋ ਕੇ, ਬੇਵਕੂਫ਼ ਔਰਤਾਂ ਨਾ ਬਣ ਜਾਣ।
**
ਮੁਹੱਬਤ ਪਵਿੱਤਰ ਜਜ਼ਬਾ ਹੈ। ਇਸ ਨੂੰ ਲੋਕ ਖ਼ੁਦਾ ਦਾ ਦਰਜਾ ਦਿੰਦੇ ਹਨ ਪਰ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਵਿਮਲ ਕੀਰਤੀ ਨੂੰ ਮੁਹੱਬਤ ਕਾਰਨ ਹੀ ਮਰਨ ਦੀ ਹੱਦ ਤੱਕ ਤੜਫ਼ਦਾ ਵੇਖਿਆ ਉਸ ਨੇ ਕਿਹਾ ਕੁਝ ਸੱਚ ਏਦਾਂ ਦੇ ਵੀ ਹੁੰਦੇ ਨੇ, ਜਿਹੜੇ ਬੋਲੀਏ ਤਾਂ ਪਾਪ ਲੱਗਦਾ, ਜੇ ਚੁੱਪ ਰਹੀਏ ਤਾਂ ਉਹ ਰੋਜ਼ ਸਾਡੀ ਆਤਮਾ ਨੂੰ ਕੱਟਦੇ ਹਨ ਡੰਗ ਮਾਰਦੇ ਹਨ। ਉਹ ਪਰਜੀਵੀ ਬਣ ਜਾਂਦੇ ਹਨ। ਫਿਰ ਆਪਣੇ ਆਪ ਨੂੰ ਜਿਊਂਦਾ ਰੱਖਣ ਲਈ, ਇਸ ਤਰ੍ਹਾਂ ਦੇ ਸੱਚ, ਗੱਲਾਂ ਬਣ ਕੇ ਰੋਜ਼ ਸਾਡਾ ਲਹੂ ਪੀਣ ਲੱਗਦੇ ਹਨ।
ਵਿਮਲ ਕੀਰਤੀ ਜਿਸ ਦੀ ਉਮਰ ਕਰੀਬ ਚਾਲੀ ਸਾਲ ਹੈ, ਸਿਰ ਦੇ ਵਾਲ ਘੁੰਗਰਾਲੇ, ਰੰਗ ਦੁੱਧ ਵਰਗਾ ਚਿੱਟਾ ਹੈ। ਉਸ ਦੀਆਂ ਗਰਲ ਫਰੈਂਡਜ਼ ਦੀ ਗਿਣਤੀ ਕਰੀਬਨ ਛੱਬੀ ਹੈ। ਕਮਾਲ ਦੀ ਗੱਲ ਇਹ ਹੈ ਕਿ ਉਹ ਸਾਰੀਆਂ ਇਹ ਜਾਣਦੀਆਂ ਹਨ ਕਿ ਇਸ ਆਦਮੀ ਦੀਆਂ ਏਨੀਆਂ ਦੋਸਤ ਹਨ, ਜਦੋਂ ਕਿ ਕੋਈ ਵੀ ਔਰਤ ਇਹ ਗੱਲ ਏਨੀ ਆਸਾਨੀ ਨਾਲ ਬਰਦਾਸ਼ਤ ਨਹੀਂ ਕਰਦੀ ਕਿ ਜਿਸ ਆਦਮੀ ਨੂੰ ਉਹ ਮੁਹੱਬਤ ਕਰੇ, ਉਹ ਕਿਸੇ ਹੋਰ ਔਰਤ ਜਾਂ ਕੁੜੀ ਵੱਲ ਧਿਆਨ ਦੇਵੇ। ਇਸ ਆਦਮੀ ਨੂੰ ਮਿਲਦਿਆਂ ਇਹ ਲੱਗਦਾ ਨਹੀਂ ਕਿ ਏਨੀਆਂ ਔਰਤਾਂ ਤੇ ਕੁੜੀਆਂ ਇਸ ਦੀਆਂ ਦੋਸਤ ਹੋਣਗੀਆਂ।
ਜੇ ਮੈਨੂੰ ਵਿਮਲ ਕੀਰਤੀ ਨਾ ਮਿਲਦਾ ਤਾਂ ਸ਼ਾਇਦ ਮੈਂ ਇਹ ਕਿਤਾਬ ਨਾ ਲਿਖ ਸਕਦਾ। ਜਦੋਂ ਵਿਮਲ ਕੀਰਤੀ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਨਾਲ ਸਬੰਧਤ ਕੁਝ ਗੱਲਾਂ ਮੈਂ ਲਿਖਦਾ ਰਹਿੰਦਾ ਹਾਂ ਤਾਂ ਉਸ ਨੇ ਕਿਹਾ ਜੇ ਕਦੇ ਤੁਹਾਡੀਆਂ ਲਿਖਤਾਂ ਕਿਤਾਬ ਬਣੀਆਂ ਤਾਂ ਉਹ ਕਿਤਾਬ ਉਨ੍ਹਾਂ ਸਾਰੀਆਂ ਔਰਤਾਂ ਦੇ ਨਾਮ ਕਰਨਾ ਜਿਹੜੀਆਂ ਝੂਠ ਦੇ ਪੁਲੰਦੇ ਹਨ ਜਿਹੜੀਆਂ ਫ਼ਰੇਬ ਦਾ ਘਰ ਹਨ ਜਿਹੜੀਆਂ ਆਦਮੀ ਵਾਂਗ ਹੀ ਆਪਣੇ ਕਿਸੇ ਵੀ ਸਵਾਰਥ ਲਈ, ਕਿਸੇ ਵੀ ਹੱਦ ਤੱਕ ਡਿੱਗ ਸਕਦੀਆਂ ਹਨ।
ਪਤਾ ਕਿਉਂ ?
ਕਿਉਂ ਕਿ ਉਹ ਵੀ ਇੱਕ ਫ਼ਰੇਬ ਨਾਲ ਭਰੀ ਔਰਤ ਹੈ। ਜਿਸ ਨੂੰ ਮੈਂ ਸੱਚੀਂ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਕੁਝ ਵੀ ਕਰਾਂ ਤੇ ਉਹ ਕੁਝ ਵੀ ਕਰੇ, ਇਹ ਰਿਸ਼ਤਾ ਕਦੇ ਖ਼ਤਮ ਨਹੀਂ ਹੋ ਸਕਦਾ। ਕਿਉਂ ਕਿ ਕੁਦਰਤ ਦੇ ਕੁਝ ਫੈਸਲੇ ਇਸ ਤਰ੍ਹਾਂ ਦੇ ਹੁੰਦੇ ਹਨ। ਜਿਨ੍ਹਾਂ ਨੂੰ ਮਨੁੱਖ ਸੁਣਦਾ ਹੈ, ਭੋਗਦਾ ਹੈ ਪਰ ਬਦਲ ਨਹੀਂ ਸਕਦਾ।
*
ਵਿਮਲ ਕੀਰਤੀ ਦੀ ਜ਼ਿੰਦਗੀ ਵਿੱਚ ਜੋ-ਜੋ ਵੀ ਮੈਂ ਵੇਖਿਆ ਤੇ ਉਸ 'ਚੋਂ ਜੋ ਵੀ ਸਾਂਝਾ ਕਰਨ ਦੇ ਯੋਗ ਹੈ। ਉਹ ਚੁਣਿਆ ਤੇ ਇੱਕ ਥਾਂ ਲਿਖਿਆ। ਕਿਉਂਕਿ ਜੋ ਵੀ ਵਿਮਲ ਕੀਰਤੀ ਨੂੰ ਮਿਲਦਿਆਂ, ਵੇਖਿਆ ਤੇ ਮਹਿਸੂਸ ਕੀਤਾ ਉਹ ਸਾਰਾ ਨਹੀਂ ਲਿਖਿਆ ਜਾ ਸਕਦਾ। ਵਿਮਲ ਕੀਰਤੀ ਨੂੰ ਜਿਨ੍ਹਾਂ ਮੈਂ ਮਿਲ ਕੇ ਜਾਣਿਆ ਉਸ ਤੋਂ ਜ਼ਿਆਦਾ ਉਸ ਦਾ ਬਲਾਗ ਪੜ੍ਹ ਕੇ ਜਾਣਿਆ। ਕਿਉਂਕਿ ਕਿਸੇ ਵੀ ਮਨੁੱਖ ਨੂੰ ਪੂਰੀ ਤਰ੍ਹਾਂ ਸਿਰਫ਼ ਇੱਕੋ ਤਰੀਕੇ ਨਾਲ ਜਾਣਿਆ ਜਾ ਸਕਦਾ, ਜੇ ਇਹ ਪਤਾ ਲੱਗ ਸਕੇ ਕਿ ਉਸ ਦੇ ਮਨ 'ਚ ਕੀ ਚੱਲਦਾ ਹੈ। ਉਹੀ ਉਸ ਦਾ ਸੱਚ ਹੁੰਦਾ ਹੈ ਜਾਂ ਇਹ ਕਹਿ ਲਈਏ ਕਿ ਉਸ ਦੇ ਬਲਾਗ ਉਸ ਦੇ ਅੰਦਰ ਦੀ ਫੋਟੋ ਸਟੇਟ ਹਨ।
ਉਹ ਕਮਾਲ ਦਾ ਆਦਮੀ ਹੈ ਪਰ ਉਸ ਦੇ ਇਸ ਕਮਾਲ ਨੂੰ ਵੇਖਣ ਲਈ ਵੀ ਯੋਗਤਾ ਚਾਹੀਦੀ ਹੈ।
ਉਸ ਬਾਰੇ ਮੈਂ ਜੋ ਜੋ ਵੀ ਉਸ ਦੇ ਆਸ ਪਾਸ ਦੇ ਲੋਕਾਂ ਤੋਂ ਸੁਣਿਆ ਸੀ। ਉਸ ਤੋਂ ਮੈਨੂੰ ਕਦੀ ਵੀ ਯਕੀਨ ਨਹੀਂ ਸੀ ਆਉਣਾ ਜੇਕਰ ਮੈਂ ਉਸ ਲੜਕੇ ਨੂੰ ਨਾ ਮਿਲਦਾ ਜਿਸ ਨੇ ਮੈਨੂੰ ਦੱਸਿਆ ਕਿ ਮੇਰਾ ਕਾਰ ਐਕਸੀਡੈਂਟ ਹੋਇਆ ਸੀ। ਜਿਸ ਬਾਅਦ ਮੈਂ ਕਾਫ਼ੀ ਟਾਈਮ ਹਸਪਤਾਲ ਰਿਹਾ। ਸਿਰ ਦੀ ਸੱਟ ਕਾਰਨ ਅਤੇ ਚਿੰਤਾਵਾਂ ਕਾਰਨ ਨੀਂਦ ਖ਼ਤਮ ਹੋ ਗਈ ਸੀ। ਡਾਕਟਰਾਂ ਨੇ ਕਾਫ਼ੀ ਕੁਝ ਕੀਤਾ। ਦਵਾਈਆਂ ਦੇ ਨਾਲ ਨਾਲ ਸੌਣ ਵੇਲੇ ਮੈਡੀਟੇਸ਼ਨ ਮਿਊਜ਼ਿਕ ਸੁਣਨ ਲਈ ਸਲਾਹਾਂ ਦਿੱਤੀਆਂ। ਮੈਂ ਸਾਊਂਡ ਸਲੀਪ ਲੈਣ ਲਈ ਰੋਜ਼ ਹਰ ਤਰ੍ਹਾਂ ਦੇ ਹੀਲੇ ਕਰਦਾ ਪਰ ਨੀਂਦ ਨਹੀਂ ਸੀ ਆਉਂਦੀ। ਇੱਕ ਦਿਨ ਸੌਣ ਵਿੱਚ ਸਹਾਇਤਾ ਕਰਨ ਵਾਲੇ ਮਿਊਜ਼ਿਕ ਸਰਚ ਕਰਦੇ ਹੋਏ ਵਿਮਲ ਕੀਰਤੀ ਦੀ ਇੱਕ ਸੰਗੀਤ ਦੀ ਐਲਬਮ ਸਾਹਮਣੇ ਆ ਗਈ। ਜਿਸ ਦਾ ਨਾਮ ਸੀ। "ਲੇ ਯੂਅਰ ਹੈੱਡ ਔਨ ਮਾਈ ਲੈਪ” ਮੈਂ ਉਹ ਸੁਣਨ ਲੱਗਿਆ ਤੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਬਹੁਤ ਮਹੀਨਿਆਂ
ਬਾਅਦ ਮੈਂ ਰੱਜ ਕੇ ਸੁੱਤਾ ਤੇ ਜਦੋਂ ਸਵੇਰੇ ਉਠਿਆ ਮੈਨੂੰ ਲੱਗਿਆ ਜਿਵੇਂ ਮੇਰਾ ਨਵਾਂ ਜਨਮ ਹੋਇਆ ਹੋਵੇ।
*
ਬਲਾਗ ਤੋਂ ਪਹਿਲਾਂ ਵਿਮਲ ਕੀਰਤੀ ਆਪਣੇ ਮਨ ਦਾ ਸਾਰਾ ਹਾਲ ਆਪਣੀ ਡਾਇਰੀ ਵਿੱਚ ਲਿਖਦਾ ਰਹਿੰਦਾ ਸੀ, ਜਦੋਂ ਤੱਕ ਉਹ ਗੁੰਮ ਨਹੀਂ ਗਈ। ਮੇਰੀ ਖ਼ੁਸ਼ਕਿਸਮਤੀ ਸੀ ਕਿ ਉਹ ਗੁੰਮੀ ਹੋਈ ਡਾਇਰੀ ਮੇਰੇ ਕੋਲ ਆ ਗਈ ਪਰ ਅਜੀਬ ਗੱਲ ਇਹ ਸੀ ਕਿ ਉਸ ਨੇ ਡਾਇਰੀ ਨੂੰ ਆਰਾਮ ਨਾਲ ਮੇਰੇ ਕੋਲ ਛੱਡ ਦਿੱਤਾ ਤੇ ਉਸਨੇ ਬਲਾਗ ਬਣਾ ਲਿਆ ਅਤੇ ਸਭ ਜੋ ਉਹ ਪਹਿਲਾਂ ਡਾਇਰੀ ਵਿੱਚ ਲਿਖਦਾ ਸੀ। ਹੁਣ ਉਹ ਸਭ ਕੁਝ ਆਪਣੇ ਬਲਾਗ ਵਿੱਚ ਲਿਖਣ ਲੱਗਿਆ ਤੇ ਇਸ ਬਾਰੇ ਗੱਲ ਕਰਨ ਤੇ ਉਸ ਨੇ ਕਿਹਾ "ਹੁਣ ਡਾਇਰੀ ਗੁੰਮ ਜਾਣ ਦਾ ਡਰ ਵੀ ਖ਼ਤਮ ਹੋ ਗਿਆ।" ਹੁਣ ਉਹ ਸਾਰੀਆਂ ਗੱਲਾਂ ਆਪਣੇ ਬਲਾਗ "ਮੈਨੂੰ ਪਤਾ ਹੈ" ਵਿੱਚ ਲਿਖਦਾ ਹੈ।
*
ਵਿਮਲ ਕੀਰਤੀ ਨਾਲ ਬਿਤਾਏ ਸਾਰੇ ਸਮੇਂ ਵਿੱਚ ਮੈਨੂੰ ਅਕਸਰ ਉਸ ਦਾ ਬਲਾਗ ਪੜ੍ਹਦੇ ਹੋਏ ਬਹੁਤ ਚੰਗਾ ਮਹਿਸੂਸ ਹੁੰਦਾ ਸੀ। ਇਸ ਬਲਾਗ "ਮੈਨੂੰ ਪਤਾ ਹੈ" ਨੂੰ ਪੜ੍ਹਦਿਆਂ ਮੈਨੂੰ ਉਸ ਨਾਲ ਏਨੀ ਨੇੜਤਾ ਮਹਿਸੂਸ ਹੋਣ ਲੱਗੀ ਕਿ ਮੈਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਉਹ ਮੇਰਾ ਸਕਾ ਭਰਾ ਹੈ। ਇਸ ਲਈ ਮੈਂ ਆਪਣੇ ਵੱਲੋਂ ਜ਼ਿਆਦਾ ਨਾ ਕਹਿ ਕੇ ਉਸ ਦੇ ਸਾਰੇ ਬਲਾਗ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤਾਂ ਕਿ ਤੁਸੀਂ ਖ਼ੁਦ ਉਸ ਆਦਮੀ ਨੂੰ ਜਾਣ ਸਕੋ ਤੇ ਉਸ ਨੂੰ ਜਾਣਨ ਨਾਲ ਜੋ ਸੁਖਦ ਅਹਿਸਾਸ ਪੈਦਾ ਹੁੰਦਾ, ਉਸ ਨੂੰ ਮਹਿਸੂਸ ਕਰ ਸਕੋ। ਉਹ ਅਕਸਰ ਬਲਾਗ ਵਿੱਚ ਇਸ ਤਰ੍ਹਾਂ ਦੇ ਛੋਟੇ ਤੇ ਕਈ ਵਾਰ ਬਹੁਤ ਵੱਡੇ ਨੋਟ ਲਿਖਦਾ ਹੈ।
**
॥ ਮੈਨੂੰ ਪਤਾ ਹੈ। ॥
।। ਪਰਸਨਲ ਬਲਾਗ ।। ਵਿਮਲ ਕੀਰਤੀ।।
ਇੱਕ ਰਾਜੇ ਨੇ ਇੱਕ ਗੁਪਤ ਬੈਠਕ ਵਿੱਚ ਆਪਣੇ ਵਿਸ਼ਵਾਸਯੋਗ ਲੋਕਾਂ ਵਿੱਚ ਕਿਹਾ ਸੀ ਕਿ ਇਸ ਬੰਦੇ ਦਾ ਕਤਲ ਕਰਨਾ ਹੈ, ਕੌਣ ਜਾਵੇਗਾ ? ਇਹ ਖ਼ਤਰਨਾਕ ਕੰਮ ਸੀ, ਕਿਉਂ ਕਿ ਜਿਸ ਆਦਮੀ ਦਾ ਕਤਲ ਕਰਨਾ ਸੀ। ਉਹ ਸਾਧਾਰਨ ਨਹੀਂ ਸੀ। ਕਿਸੇ ਨੇ ਹਾਂ ਨਹੀਂ ਕੀਤੀ, ਇੱਕ ਔਰਤ ਨੇ ਹਾਂ ਕੀਤੀ, ਜੋ ਵਿਸ਼ ਕੰਨਿਆ ਸੀ।
ਉਹ ਜਾਣ ਲੱਗੀ ਤਾਂ ਰਾਜੇ ਨੇ ਆਪਣੀ ਮਿਆਨ 'ਚੋਂ ਤਲਵਾਰ ਕੱਢੀ ਤੇ ਉਸ ਔਰਤ ਨੂੰ ਕਿਹਾ ਇਹ ਲੈ ਜਾਓ ਤਾਂ ਉਸ ਨੇ ਪਲਟ ਕੇ ਜਵਾਬ ਦਿੱਤਾ :
ਔਰਤ ਨੂੰ ਕਿਸੇ ਦਾ ਕਤਲ ਕਰਨ ਲਈ ਤਲਵਾਰ ਦੀ ਲੋੜ ਨਹੀਂ ਹੁੰਦੀ।
ਵਿਮਲ ਕੀਰਤੀ ।।
ਸਮਾਂ : ਅੱਧੀ ਰਾਤ ।।
**
॥ ਮੈਨੂੰ ਪਤਾ ਹੈ॥
॥ ਪਰਸਨਲ ਬਲਾਗ ॥ ਵਿਮਲ ਕੀਰਤੀ ॥
ਇੱਕ ਬਹੁਤ ਸੋਹਣੀ ਰਾਜਕੁਮਾਰੀ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਈ। ਜਿਸ ਦੇ ਨਾਲ ਪੰਦਰਾਂ ਕੁ ਸੈਨਿਕਾਂ ਦਾ ਇੱਕ ਦਸਤਾ ਸੀ। ਅੱਧਾ ਜੰਗਲ ਲੰਘ ਜਾਣ ਬਾਅਦ ਜਦੋਂ ਰਾਜਕੁਮਾਰੀ ਦਾ ਘੋੜਾ ਆਰਾਮ ਨਾਲ ਜੰਗਲ ਵਿੱਚ ਅੱਗ ਵਧ ਰਿਹਾ ਸੀ ਤੇ ਰਾਜ ਕੁਮਾਰੀ ਸ਼ਾਨ ਨਾਲ ਸਵਾਰੀ ਕਰਦੀ ਹੋਈ ਆਸ ਪਾਸ ਨਜ਼ਰ ਦੌੜਾਅ ਰਹੀ ਸੀ ਤਾਂ ਉਸ ਦੀ ਨਜ਼ਰ ਦੂਰ ਝਰਨੇ 'ਤੇ ਨਹਾਉਂਦੇ ਇੱਕ ਨੌਜਵਾਨ 'ਤੇ ਪਈ। ਉਸ ਨੇ ਆਪਣਾ ਘੋੜਾ ਝਰਨੇ ਵੱਲ ਮੋੜਿਆ। ਬਹੁਤ ਸੋਹਣਾ ਤੇ ਸੁਡੌਲ ਨੌਜਵਾਨ ਜੋ ਕਿਸੇ ਰਾਜਕੁਮਾਰ ਵਾਂਗ ਦਿਸਦਾ ਸੀ ਝਰਨੇ 'ਤੇ ਨਹਾਉਂਦਾ-ਨਹਾਉਂਦਾ ਰਾਜਕੁਮਾਰੀ ਅਤੇ ਉਸ ਦੇ ਸੈਨਿਕਾਂ ਵੱਲ ਵੇਖ ਕੇ ਰੁਕ ਗਿਆ। ਰਾਜ ਕੁਮਾਰੀ ਦੀ ਨਜ਼ਰ ਨੇੜਲੇ ਪੱਥਰ ਤੇ ਉਸ ਨੌਜਵਾਨ ਦੀ ਪੋਸ਼ਾਕ ਤੇ ਪਈ। ਜਿਸ ਵਿੱਚ ਕੌਡੀਆਂ, ਸਿੱਪੀਆਂ ਲੱਗੀਆਂ ਹੋਈਆਂ ਸਨ, ਜੋ ਕਿਸੇ ਜੰਗਲੀ ਕਬੀਲੇ ਦੇ ਚੰਗੇ ਰੁਤਬੇ ਵਾਲੇ ਆਦਮੀ ਦਾ ਸੰਕੇਤ ਦੇ ਰਹੀਆਂ ਸਨ।
ਰਾਜ ਕੁਮਾਰੀ ਨੇ ਹੱਥ ਨਾਲ ਆਪਣੇ ਸੈਨਿਕਾਂ ਨੂੰ ਪਿੱਛੇ ਹਟਣ ਦਾ ਇਸ਼ਾਰਾ ਕੀਤਾ ਤਾਂ ਕਿ ਉਹ ਉਸ ਨੌਜਵਾਨ ਨਾਲ ਇਕੱਲੀ ਗੱਲ ਕਰ ਸਕੇ। ਸੈਨਿਕ ਪਿੱਛੇ ਹਟ ਗਏ, ਰਾਜਕੁਮਾਰੀ ਨੇ ਉਸ ਨੌਜਵਾਨ ਨੂੰ ਹੱਥ ਨਾਲ ਇਸ਼ਾਰਾ ਕਰਕੇ ਨੇੜੇ ਆਉਣ ਲਈ ਕਿਹਾ। ਉਹ ਘੋੜੇ ਦੇ ਨਜ਼ਦੀਕ ਆ ਕੇ ਖੜ੍ਹਾ ਹੋ ਗਿਆ। ਦੋਵੇਂ ਇੱਕ ਦੂਜੇ ਦੀ ਸੁੰਦਰਤਾ ਨੂੰ ਵੇਖ ਕੇ ਮੰਤਰ-ਮੁਗਧ ਹੋ ਗਏ। ਕੁਦਰਤ ਆਪਣਾ ਕੰਮ ਕਰ ਚੁੱਕੀ ਸੀ।
ਕੌਣ ਹੋ ? ਰਾਜਕੁਮਾਰੀ ਨੇ ਸਿੱਧਾ ਉਸ ਦੀਆਂ ਅੱਖਾਂ 'ਚ ਵੇਖ ਕੇ ਸਵਾਲ ਕੀਤਾ ?
ਇਸ ਜੰਗਲ ਦੇ ਪੂਰਬ ਵੱਲ ਇੱਕ ਕਬੀਲਾ ਹੈ: ਹਾਂਮਰਾ, ਆਦਿ ਵਾਸੀ ਕਬੀਲਾ, ਉਸ ਦੇ ਸਰਦਾਰ ਦਾ ਬੇਟਾ ਹਾਂ। ਨਾਮ ਹੈ ਅਕੇਤੂ।
ਮੈਂ ਬਨਸਾਂ ਹਾਂ। ਉਚੱਕਿਆ ਰਾਜ ਦੀ ਰਾਜਕੁਮਾਰੀ। ਮੈਨੂੰ ਪਹਿਲੀ ਵਾਰ ਕਿਸੇ ਨੌਜਵਾਨ ਨੇ ਇਸ ਤਰ੍ਹਾਂ ਆਕਰਸ਼ਿਤ ਕੀਤਾ ਹੈ। ਅਸੀਂ ਫੇਰ ਅਗਲੀ ਪੁੰਨਿਆ ਤੇ ਇਸੇ ਟਾਈਮ ਇੱਥੇ ਮਿਲਾਂਗੇ।
ਬਿਨਾ ਜਵਾਬ ਸੁਣੇ ਰਾਜਕੁਮਾਰੀ ਨੇ ਆਪਣਾ ਘੋੜਾ ਮੋੜਿਆ ਤੇ ਦਸਤੇ ਸਮੇਤ ਅਲੋਪ ਹੋ ਗਈ।
*
ਇਸ ਤੋਂ ਬਾਅਦ ਕਈ ਮੁਲਾਕਾਤਾਂ ਹੋਈਆਂ। ਗੱਲ ਵਿਆਹ ਤੇ ਆ ਕੇ ਰੁਕ ਗਈ। ਭਾਵੇਂ ਰਾਜਕੁਮਾਰੀ ਨੇ ਆਪ ਪ੍ਰਸਤਾਵ ਰੱਖਿਆ ਸੀ ਪਰ ਉਸ ਨੇ ਆਪ ਹੀ ਇੱਕ ਸ਼ਰਤ ਵੀ ਰੱਖੀ ਕਿ ਅਕੇਤੂ ਤੇਰੇ ਵਿੱਚ ਸਭ ਕੁਝ ਹੈ। ਸੁਹੱਪਣ, ਤਾਕਤ, ਸਿਆਣਪ, ਦਲੇਰੀ, ਪਰ ਤੇਰੀਆਂ ਅੱਖਾਂ ਵਿੱਚ ਹਮੇਸ਼ਾ ਮੈਂ ਇੱਕ ਹਵਸ ਵੇਖੀ ਹੈ। ਜੋ ਕਿਸੇ ਔਰਤ ਨੂੰ ਸ਼ਿਕਾਰ ਦੀ ਤਰ੍ਹਾਂ ਵੇਖਦੀ ਹੈ। ਮੈਨੂੰ ਇਹ ਪਸੰਦ ਨਹੀਂ। ਤੇਰੀਆਂ ਅੱਖਾਂ ਵਿੱਚ ਔਰਤ ਲਈ ਇੱਕ ਸਮਰਪਣ, ਇੱਕ ਸਤਿਕਾਰ ਇੱਕ ਨਿਮਰਤਾ ਮੈਂ ਵੇਖਣਾ ਚਾਹਾਂਗੀ। ਮੈਨੂੰ ਆਪਣੇ ਲਈ ਸੋਲ੍ਹਾਂ ਕਲਾਂ ਸੰਪੂਰਨ ਆਦਮੀ ਚਾਹੀਦਾ ਹੈ। ਕੀ ਇਹ ਹੋ ਸਕਦਾ ਹੈ ? ਕੁਝ ਸੋਚਣ ਬਾਅਦ ਅਕੇਤੂ ਨੇ ਜਵਾਬ ਦਿੱਤਾ। ਅਜਿਹਾ ਕੁਝ ਵੀ ਨਹੀਂ ਜੋ ਨਹੀਂ ਹੋ ਸਕਦਾ।
ਤਾਂ ਠੀਕ ਹੈ। ਮੈਂ ਹਰ ਮਹੀਨੇ ਇਸੇ ਦਿਨ ਇੱਥੇ ਆਇਆ ਕਰਾਂਗੀ ਪਰ ਤੂੰ ਨਹੀਂ ਆਉਣਾ। ਤੂੰ ਉਸ ਦਿਨ ਆਵੀਂ ਜਦੋਂ ਤੇਰੀ ਨਜ਼ਰ ਨਿਰਮਲ ਹੋ ਗਈ। ਇਹ ਕਹਿ ਕੇ ਉਹ ਚਲੀ ਗਈ।
*
ਅਕੇਤੂ ਆਪਣੇ ਕਬੀਲੇ ਦੇ ਸਭ ਤੋਂ ਬੁੱਢੇ ਆਦਮੀ ਕੋਲ ਗਿਆ ਤੇ ਉਸ ਨੇ ਕਿਹਾ: ਇਹ ਮਸਲਾ ਹੈ ਤੇ ਮੈਂ ਉਸ ਦੇ ਪਿਆਰ ਵਿੱਚ ਡੁੱਬ ਚੁੱਕਿਆ ਹਾਂ। ਹੁਣ ਵਾਪਸ ਨਹੀਂ ਆਇਆ ਜਾ ਸਕਦਾ। ਹੁਣ ਇੱਕ ਹੀ ਕੰਮ ਹੋਵੇਗਾ ਜਾਂ ਰਾਜਕੁਮਾਰੀ ਬਨਸਾਂ ਜਾਂ ਮੌਤ। ਬੁੱਢੇ ਆਦਮੀ ਨੇ ਕਿਹਾ ਤੁਸੀਂ ਅਸਤ ਕੋਲ ਜਾਓ। ਅਸਤ ਉਸ ਕਬੀਲੇ ਦਾ ਸਭ ਤੋਂ ਵੱਧ ਪੂਜਾ-ਪਾਠ ਕਰਨ ਵਾਲਾ ਤੇ ਕਬੀਲੇ ਦੇ ਸਰਦਾਰ ਦਾ ਇੱਕੋ ਇੱਕ ਸਲਾਹਕਾਰ ਸੀ। ਉਹ ਹਮੇਸ਼ਾ ਪਾਠ ਤੇ ਹਵਨ ਵਿੱਚ ਰੁੱਝਿਆ ਰਹਿੰਦਾ ਸੀ। ਕਦੇ ਕਦੇ ਲੋੜ ਪੈਣ ਤੇ ਹੀ ਸਭਾ ਵਿੱਚ ਹਾਜ਼ਰ ਹੁੰਦਾ ਸੀ। ਅਸਤ ਕਬੀਲੇ ਦਾ ਸਭ ਤੋਂ ਵੱਧ ਸਤਿਕਾਰ ਯੋਗ ਆਦਮੀ ਸੀ।
ਅਸਤ ਕੋਲ ਅਕੇਤੂ ਨੇ ਆਪਣੀ ਮੁਸ਼ਕਿਲ ਰੱਖੀ ਤਾਂ ਉਸ ਨੇ ਕਿਹਾ: ਰਾਜਕੁਮਾਰ, ਇਸ ਲਈ ਤੁਹਾਨੂੰ ਆਪਣੀ ਪੂਰੀ ਦਿਨ ਚਰਿਆ ਬਦਲਣੀ ਪਵੇਗੀ, ਸਭ ਕੁਝ। ਦਰਅਸਲ ਤੁਹਾਡੇ ਅੰਦਰ ਜੋ ਔਰਤ ਪ੍ਰਤੀ ਆਕਰਸ਼ਣ ਹੈ। ਉਹ ਬਹੁਤ ਜ਼ਿਆਦਾ ਹੈ। ਇਹ ਭੁੱਖ ਜੋ ਤੁਹਾਡੀਆਂ ਅੱਖਾਂ ਚੋਂ ਬਾਹਰ ਝਾਕਦੀ ਹੈ। ਇਸ ਨੂੰ ਖ਼ਤਮ ਕਰਨਾ ਪਵੇਗਾ। ਰਾਜਕੁਮਾਰ ਨੇ ਕਿਹਾ: ਮੈਂ ਕੁਝ ਵੀ ਕਰਾਂਗਾ।
ਤਾਂ ਠੀਕ ਹੈ ਆਪਣੇ ਪਿਤਾ ਤੋਂ ਆਗਿਆ ਲੈ ਕੇ ਇੱਥੇ ਮੇਰੇ ਕੋਲ ਆ ਜਾਓ।
ਆਪਣੇ ਪਿਤਾ ਨੂੰ ਸਹਿਮਤ ਕਰਨ ਬਾਅਦ ਅਕੇਤੂ, ਅਸਤ ਦੀ ਸ਼ਰਨ ਵਿੱਚ ਆ ਗਿਆ। ਹੁਣ ਸ਼ਿਕਾਰ ਖੇਡਣ ਵਾਲਾ ਅਕੇਤੂ ਪੂਜਾ-ਪਾਠ ਕਰਦਾ ਸੀ। ਉਸ ਨੇ ਮਾਸ ਖਾਣਾ ਬੰਦ ਕਰ ਦਿੱਤਾ ਸੀ। ਉਹ ਭਾਵੁਕ ਹੋਣ ਲੱਗਿਆ ਸੀ। ਛੋਟੀ ਜਿਹੀ ਗੱਲ ਤੇ ਰੋ ਪੈਂਦਾ ਸੀ। ਸ਼ਿਕਾਰ ਕਰਕੇ ਬੇਰਹਿਮੀ ਨਾਲ ਜਾਨਵਰ ਮਾਰਨ ਵਾਲਾ ਅਕੇਤੂ, ਆਪਣੇ ਕਮਰੇ ਵਿੱਚ ਆਲ੍ਹਣੇ ਵਿੱਚੋਂ ਡਿੱਗੇ ਚਿੜੀ ਦੇ ਬੱਚੇ ਨੂੰ ਉਸ ਦੇ ਆਲ੍ਹਣੇ ਵਿੱਚ ਰੱਖ ਰਿਹਾ ਸੀ। ਕਦੇ ਉਹ ਜ਼ਖ਼ਮੀ ਹੋਏ ਕਬੂਤਰ ਦੇ ਰਗੜੀ ਹੋਈ ਹਲਦੀ ਲਗਾ ਰਿਹਾ ਹੁੰਦਾ ਸੀ। ਉਸ ਦੇ ਸਰੀਰ ਦੀ ਕਠੋਰਤਾ ਗੋਲਾਈਆਂ ਵਿੱਚ ਤਬਦੀਲ ਹੋਣ ਲੱਗੀ। ਉਸ ਦੀ ਚਾਲ ਵਿੱਚ ਹੁਣ ਬਹਾਦਰੀ ਨਹੀਂ ਸੀ ਝਲਕਦੀ। ਹੁਣ ਉਹ ਇਸ ਤਰ੍ਹਾਂ ਤੁਰਦਾ ਸੀ ਜਿਵੇਂ ਪਾਣੀ ਵਗਦਾ ਹੈ। ਚਿਹਰਾ ਤੇ ਅੱਖਾਂ ਸ਼ਾਂਤ ਹੋ ਗਈਆਂ ਸਨ ਤੇ ਹੱਥ ਕੋਮਲ।
ਕਰੀਬਨ ਸਾਢੇ ਤਿੰਨ ਸਾਲ ਬਾਅਦ ਇੱਕ ਦਿਨ ਉਸ ਨੇ ਪਾਣੀ ਵਿੱਚ ਆਪਣਾ ਚਿਹਰਾ ਵੇਖਿਆ। ਉਸ ਦੇ ਮਨ ਨੇ ਕਿਹਾ, ਕੰਮ ਹੋ ਗਿਆ। ਹੁਣ ਜਾਣਾ ਚਾਹੀਦਾ ਹੈ। ਅਗਲੇ ਦਿਨ ਪੁੰਨਿਆ ਸੀ।
ਉਸ ਨੇ ਅਸਤ ਤੋਂ ਆਗਿਆ ਲਈ ਤੇ ਸਵੇਰੇ ਸੂਰਜ ਦੇ ਚੜ੍ਹਦਿਆਂ ਹੀ ਸਾਧੂ ਦੇ ਵੇਸ ਵਿੱਚ ਝਰਨੇ ਕੋਲ ਜਾ ਕੇ ਖੜ੍ਹਾ ਹੋ ਗਿਆ।
*
ਦੁਪਹਿਰ ਲੰਘ ਚੁੱਕੀ ਸੀ। ਰਾਜਕੁਮਾਰੀ ਨਾ ਆਈ। ਅਕੇਤੂ ਦੀ ਆਸ ਟੁੱਟ ਰਹੀ ਸੀ। ਹਜ਼ਾਰਾਂ ਖ਼ਿਆਲ ਉਸ ਦੇ ਮਨ 'ਚੋਂ ਲੰਘੇ। ਦਿਨ ਢਲਣ ਦੇ ਨੇੜੇ ਸੀ ਤਾਂ ਦੂਰੋਂ ਘੋੜੇ ਦੀ ਟਾਪ ਦੀ ਆਵਾਜ਼ ਸੁਣੀ। ਕੁਝ ਪਲਾਂ ਬਾਅਦ ਰਾਜ ਕੁਮਾਰੀ ਸਾਹਮਣੇ ਸੀ। ਉਹ ਛਾਲ ਮਾਰਕੇ ਘੋੜੇ ਤੋਂ ਉਤਰੀ।
ਉਹ ਅਕੇਤੂ ਨੂੰ ਵੇਖ ਕੇ ਦੰਗ ਰਹਿ ਗਈ। ਕਾਫੀ ਟਾਈਮ ਉਹ ਕੁਝ ਨਾ ਬੋਲ ਸਕੀ। ਅਕੇਤੂ ਉਸ ਦੀਆਂ ਹੈਰਾਨ ਅੱਖਾਂ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ। ਜੋ ਇਸ ਨੇ ਚਾਹਿਆ ਸੀ। ਉਹ ਹੋ ਗਿਆ। ਸ਼ਾਇਦ ਖ਼ੁਸ਼ੀ ਕਾਰਨ ਇਹ ਅਚੰਭਿਤ ਹੋ ਗਈ ਹੈ।
ਬਨਸਾਂ ਵੇਖ ਰਹੀ ਸੀ। ਅਕੇਤੂ ਦੇ ਸਰੀਰ 'ਚੋਂ ਤਾਕਤ ਨਹੀਂ ਸੀ ਝਲਕਦੀ। ਅੱਖਾਂ ਏਨੀਆਂ ਸ਼ਾਂਤ ਕਿ ਕੋਈ ਮਾਰਨ ਵੀ ਆ ਜਾਵੇ ਤਾਂ ਅਕੇਤੂ ਅੱਖ ਨਾ ਝਪਕੇ। ਚਿਹਰਾ ਨਿਸਤੇਜ ਸੀ। ਰਾਜਕੁਮਾਰੀ ਦੇ ਮਨ ਨੇ ਕਿਹਾ ਇਹ ਤਾਂ ਮਰਦ ਹੀ ਨਹੀਂ ਰਿਹਾ।
ਹਵਸ ਨੂੰ ਖਤਮ ਕਰਦੇ ਕਰਦੇ ਕਾਮ ਵੀ ਖਤਮ ਹੋ ਚੁੱਕਿਆ ਸੀ। ਰਾਜਕੁਮਾਰੀ ਦੀ ਅੱਖ ਬਹੁਤ ਤੇਜ਼ ਸੀ। ਉਸ ਨੇ ਸਭ ਪੜ੍ਹ ਲਿਆ ਸੀ।
ਅਕੇਤੂ ਨੇ ਕਿਹਾ ਕੁਝ ਬੋਲੋਗੇ ਨਹੀਂ ? ਬਨਸਾਂ ਬਿਨਾ ਬੋਲੇ ਛਾਲ ਮਾਰਕੇ ਘੋੜੇ 'ਤੇ ਬੈਠ ਗਈ।
ਬਨਸਾ ਘੋੜੇ ਤੇ ਬੈਠੀ ਹੋਈ ਥੋੜ੍ਹੀ ਜਿਹੀ ਅਕੇਤੂ ਵੱਲ ਝੁਕੀ ਤੇ ਅਕੇਤੂ ਦੀਆਂ ਅੱਖਾਂ ਵਿੱਚ ਵੇਖਿਆ ਤੇ ਕਿਹਾ :
ਜਿਹੜਾ ਮਰਦ ਕੁਝ ਪੈਦਾ ਨਹੀਂ ਕਰ ਸਕਦਾ; ਮੈਂ ਆਪਣਾ ਆਪ ਉਸ ਦੇ ਹੱਥਾਂ ਵਿੱਚ ਨਹੀਂ ਦੇ ਸਕਦੀ।
ਇਹ ਕਹਿ ਕੇ ਉਸ ਨੇ ਆਪਣਾ ਘੋੜਾ ਮੋੜਿਆ ਤੇ ਫਿਰ ਰੁਕੀ ਤੇ ਪਿੱਛੇ ਵੇਖ ਕੇ ਅਕੇਤੂ ਨੂੰ ਕਿਹਾ: ਮੇਰੇ ਪਿੱਛੇ ਨਾ ਆਉਣਾ। ਅਸੀਂ ਹੁਣ ਕਦੇ ਨਹੀਂ ਮਿਲਾਂਗੇ।
ਰਾਜਕੁਮਾਰੀ ਘੋੜੇ ਸਮੇਤ ਅਲੋਪ ਹੋ ਚੁੱਕੀ ਸੀ।
ਅਕੇਤੂ ਚੁੱਪ-ਚਾਪ ਖੜ੍ਹਾ ਸੀ।
ਝਰਨੇ ਦਾ ਪਾਣੀ ਅਵਾਜ਼ ਕਰ ਰਿਹਾ ਸੀ।
ਸੂਰਜ ਅਸਤ ਹੋ ਚੁੱਕਿਆ ਸੀ।
**
ਵਿਮਲ ਕੀਰਤੀ । ਸਮਾਂ ਸਵੇਰੇ ਚਾਰ ਵਜੇ।
ਵਿਮਲ ਨੂੰ ਜਦੋਂ ਮੈਂ ਪੁੱਛਿਆ ਕਿ ਤੁਸੀਂ ਜੋ ਏਦਾਂ ਦੀਆਂ ਕਹਾਣੀਆਂ ਲਿਖਦੇ ਰਹਿੰਦੇ ਹੋ। ਤੁਹਾਨੂੰ ਨਹੀਂ ਲੱਗਦਾ ਕਿ ਇਹ ਕੋਈ ਅੰਧ-ਵਿਸ਼ਵਾਸ ਹੈ।
ਤਾਂ ਉਸ ਨੇ ਅਜਿਹਾ ਜਵਾਬ ਦਿੱਤਾ ਕਿ ਮੈਂ ਲਾਜਵਾਬ ਹੋ ਗਿਆ।
ਉਸ ਨੇ ਕਿਹਾ : ਕੀ ਅੰਧ-ਵਿਸ਼ਵਾਸ ਜ਼ਿੰਦਗੀ ਦਾ ਹਿੱਸਾ ਨਹੀਂ ਹੈ ? ਜਦੋਂ ਅੱਜ ਦੇ ਲੋਕ ਕਿਸੇ ਸਿਨੇਮਾ ਹਾਲ ਵਿੱਚ ਬੈਠ ਕੇ ਫ਼ਿਲਮ ਵੇਖਦੇ ਹਨ। ਜਿਸ ਵਿੱਚ ਵਿਖਾਇਆ ਗਿਆ ਹੋਵੇ ਕਿ ਅਚਾਨਕ ਇਸ ਚੱਲ ਰਹੇ ਟਾਈਮ ਵਿੱਚ ਕੋਈ ਡਾਇਨਾਸੌਰ ਨਿਊਯਾਰਕ ਵਿੱਚ ਆ ਵੜਿਆ ਹੈ, ਤਾਂ ਸਾਰੇ ਸੋਚਦੇ ਹਨ। ਕਿਆ ਜ਼ਬਰਦਸਤ ਫ਼ਿਲਮ ਹੈ। ਔਸਮ ਫਿਕਸ਼ਨ। ਲੋਕ ਖੁਸ਼ ਹੁੰਦੇ ਹਨ। ਇਸ ਝੂਠ ਦੇ ਨਜ਼ਾਰੇ ਲੈਂਦੇ ਹਨ।
ਜਦੋਂ ਮੈਂ ਇਹ ਲਿਖ ਦਿੰਦਾ ਹਾਂ ਕਿ ਇੱਕ ਰਿਸ਼ੀ ਕਿਸੇ ਦਰੱਖਤ ਥੱਲੇ ਬੈਠਾ ਹੈ। ਉਸ ਉੱਪਰ ਪੰਛੀ ਬਹੁਤ ਚੀਂ-ਚਿਹਾੜਾ ਪਾ ਰਹੇ ਸਨ। ਰਿਸ਼ੀ ਨੇ ਉੱਪਰ ਵੇਖਿਆ ਤੇ ਕੁਝ ਪਲ ਵੇਖਣ ਬਾਅਦ ਜ਼ੋਰ ਨਾਲ ਇੱਕ ਫੂਕ ਉਨ੍ਹਾਂ ਪੰਛੀਆਂ ਵੱਲ ਮਾਰੀ ਤੇ ਅਗਲੇ ਪਲ ਸਾਰੇ ਪੰਛੀ ਬੇਹੋਸ਼ ਹੋ ਕੇ ਥੱਲੇ ਡਿਗ ਪਏ। ਇਹ ਲੋਕਾਂ ਨੂੰ ਅੰਧ ਵਿਸ਼ਵਾਸ ਲੱਗਦਾ।
ਜਦੋਂ ਕਿ ਗੱਲਾਂ ਇਹ ਦੋਨੋਂ ਇੱਕ ਜਿਹੀਆਂ ਹੀ ਹਨ। ਕੁਝ ਵੀ ਕਲਪਿਆ ਜਾ ਸਕਦਾ ਹੈ। ਦਰਅਸਲ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਆਦਮੀ ਦਾ ਮਨ ਕੀ ਸਵੀਕਾਰ ਕਰ ਸਕਦਾ ਹੈ, ਕੀ ਨਹੀਂ। ਮੈਨੂੰ ਲੱਗਦਾ ਕਿ ਜ਼ਿੰਦਗੀ ਨੂੰ ਹਰ ਚੀਜ਼ ਦੀ ਲੋੜ ਹੈ। ਚੰਗੀ ਮਾੜੀ ਹਰ ਚੀਜ਼ ਦੀ। ਚੰਗੇ ਬੁਰੇ ਹਰ ਕੰਮ ਦੀ।
ਸਮਾਜ ਵਿੱਚ ਬਹੁਤ ਕੰਮ ਹਨ। ਓਹੀ ਕੰਮ ਕੁਝ ਲੋਕਾਂ ਨੂੰ ਚੰਗੇ ਲੱਗਦੇ ਹਨ। ਕੁਝ ਨੂੰ ਬੁਰੇ, ਤੇ ਆਖ਼ਰੀ ਗੱਲ ਮੈਂ ਜ਼ਿੰਦਗੀ ਬਾਰੇ ਜੋ ਜਾਣਿਆ ਇੱਥੋਂ ਹੀ ਜਾਣਿਆ ਹੈ। ਸਾਡੇ ਤੋਂ ਪਹਿਲਾਂ ਜੋ ਲੋਕ ਜਿਉਂ ਕੇ ਚਲੇ ਗਏ। ਉਹ ਜੋ ਲਿਖ ਗਏ। ਉਨ੍ਹਾਂ ਨੇ ਬਹੁਤ ਕੁਝ ਸਮਝ ਲਿਆ ਸੀ।
ਓਥੋਂ ਇਹੀ ਪਤਾ ਲੱਗਦਾ ਕਿ ਸ੍ਰਿਸ਼ਟੀ ਦਵੈਤ 'ਚੋਂ ਪੈਦਾ ਹੋਈ ਹੈ। ਦੋ ਚੀਜ਼ਾਂ ਤੋਂ ਕੁਝ ਵੀ ਦੋ ਮਿਲ ਗਏ ਹਨ। ਇਸ ਲਈ ਨਾ ਚੰਗਿਆਈ ਨੂੰ ਮਨਫ਼ੀ ਕੀਤਾ ਜਾ ਸਕਦਾ ਨਾ ਬੁਰਾਈ ਨੂੰ ਛੁਟਿਆਇਆ ਜਾ ਸਕਦਾ ਹੈ। ਦੁੱਖ ਸੁੱਖ ਨਾਲ ਚੱਲਦੇ ਰਹਿਣਗੇ। ਦਿਨ ਰਾਤ ਰਹਿਣਗੇ। ਧੁੱਪ ਛਾਂ ਰਹੇਗੀ।
ਵਫ਼ਾਦਾਰੀ ਤੇ ਫ਼ਰੇਬ ਵੀ ਚੱਲਦਾ ਰਹੇਗਾ।
**
**
।। ਮੈਨੂੰ ਪਤਾ ਹੈ ॥
॥ ਪਰਸਨਲ ਬਲਾਗ ॥ ਵਿਮਲ ਕੀਰਤੀ ॥
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਾਹ ਕੱਚੇ ਸਨ। ਰਾਹਾਂ 'ਤੇ ਕਾਰਾਂ ਜੀਪਾਂ ਨਹੀਂ ਸਨ ਦੌੜਦੀਆਂ, ਜਦੋਂ ਰਾਜਿਆਂ ਦੇ ਰਾਜ ਸਨ। ਜਦੋਂ ਕਾਲ ਪੈਂਦੇ ਸਨ ਤੇ ਮਹਾਂ ਮਾਰੀਆਂ ਫੈਲਦੀਆਂ ਸਨ ਤੇ ਹਜ਼ਾਰਾਂ ਮਨੁੱਖਾਂ ਦੇ ਮਰਨ ਨਾਲ ਪਿੰਡਾਂ ਦੇ ਪਿੰਡ ਖ਼ਾਲੀ ਹੋ ਜਾਂਦੇ ਸਨ।
ਜਦੋਂ ਰਾਹ ਬਹੁਤਾ ਸਮਾਂ ਸੁੰਨੇ ਰਹਿੰਦੇ ਸਨ। ਕਦੇ ਕਦੇ ਕਿਸੇ ਘੋੜੇ ਦੀ ਟਾਪ ਜਾਂ ਕਿਸੇ ਰਾਜੇ ਦੀ ਲੰਘਣ ਵਾਲੀ ਫ਼ੌਜ ਦੇ ਘੋੜਿਆਂ ਦੇ ਪੌੜਾਂ ਦੀ ਖੜੱਪ ਖੜੱਪ ਰਾਹਾਂ ਦੀ ਸੁੰਨ ਤੋੜਦੀ ਸੀ। ਉਦੋਂ ਪੱਖੋਂ ਨਹੀਂ ਸਨ ਤੇ ਹਵਾ ਹੁਣ ਨਾਲੋਂ ਜ਼ਿਆਦਾ ਠੰਡੀ ਸੀ। ਦਰੱਖਤ ਜ਼ਿਆਦਾ ਸਨ ਤੇ ਹਵਾ ਬਹੁਤੀ ਸਾਫ਼ ਸੀ।
ਬਹੁਤੇ ਲੋਕਾਂ ਦੇ ਕੱਪੜੇ ਜ਼ਿਆਦਾ ਸਾਫ਼ ਨਹੀਂ ਸਨ ਪਰ ਮਨਾਂ 'ਚ ਮੈਲ ਘੱਟ ਸੀ। ਜਦੋਂ ਔਰਤਾਂ ਹੋਛੀਆਂ ਨਹੀਂ ਸਨ ਤੇ ਆਦਮੀ ਸ਼ਿਕਾਰੀ ਸਨ।
ਮਨੁੱਖ ਉਦੋਂ ਵਿਹਲੇ ਬੈਠੇ ਬੋਰ ਨਹੀਂ ਹੁੰਦੇ ਸਨ। ਕਰਨ ਲਈ ਬਹੁਤ ਗੱਲਾਂ ਸਨ। ਉਦੋਂ ਔਰਤਾਂ ਜਾਂ ਤਾਂ ਸ਼ਾਂਤ ਹੁੰਦੀਆਂ ਸਨ ਜਾਂ ਪਾਗਲ ਹੋ ਜਾਂਦੀਆਂ ਸਨ। ਔਰਤਾਂ ਲਈ ਵਿਚਲੀ ਕੋਈ ਥਾਂ ਨਹੀਂ ਸੀ।
ਬੱਚੇ ਉਦੋਂ ਇੰਨੀ ਜਲਦੀ ਵੱਡੇ ਨਹੀਂ ਸਨ ਹੁੰਦੇ ਤੇ ਵੱਡੇ ਇੰਨੀ ਛੇਤੀ ਬਚਕਾਨਾ ਗੱਲਾਂ 'ਤੇ ਨਹੀਂ ਸੀ ਉੱਤਰਦੇ। ਉਦੋਂ ਖੇਡਾਂ ਦੁਸ਼ਮਣੀ ਦਾ ਮੁਖੌਟਾ ਨਹੀਂ ਸਨ।
ਉਦੋਂ ਕਿਸੇ ਸਿਆਣੇ ਆਦਮੀ ਨੂੰ ਕੋਈ ਕਹਿ ਰਿਹਾ ਹੁੰਦਾ ਸੀ ਕੋਈ ਗਿਆਨ ਦੀ ਗੱਲ ਦੱਸੋ। ਕੋਈ ਗੁਰੂ ਆਖ਼ਰੀ ਪ੍ਰਾਣ ਛੱਡਣ ਵੇਲੇ ਕੋਈ ਸੂਤਰ ਕਿਸੇ ਮਨੁੱਖ ਦੇ ਮਨ ਦੀ ਹਥੇਲੀ 'ਤੇ ਧਰ ਜਾਂਦਾ ਸੀ।
ਉਦੋਂ ਔਰਤਾਂ ਵਿੱਚ ਓਹਨਾਂ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਜਿਹੜੀਆਂ ਸੋਚਦੀਆਂ ਸਨ ਕਿ ਜੇਕਰ ਮੈਂ ਗੈਰ ਮਰਦ ਦਾ ਵਿਚਾਰ ਵੀ ਆਪਣੇ ਮਨ ਵਿੱਚ ਲੈ ਆਂਦਾ ਤਾਂ ਮੇਰਾ ਖੂਨ ਗੰਦਾ ਹੋ ਜਾਵੇਗਾ।
ਹਾਂ, ਇਹ ਉਸ ਵੇਲੇ ਦੀ ਹੀ ਕਥਾ ਹੈ :-
*
ਇੱਕ ਨਗਰ ਦੇ ਬਾਹਰ ਇੱਕ ਸੰਤ ਆਪਣੇ ਸੱਤ ਚੇਲਿਆਂ ਸਮੇਤ ਆ ਕੇ ਇੱਕ ਦਰੱਖਤ ਦੇ ਹੇਠ ਬੈਠ ਗਿਆ ਹੈ। ਪਿੰਡ ਦੇ ਲੋਕ ਮਿਲਣ ਗਏ। ਉਹਨਾਂ ਲਈ ਖਾਣਾ ਆਦਿ ਲੈ ਗਏ। ਸਤਿਕਾਰ ਕੀਤਾ ਗਿਆ। ਸੰਤ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਸਿਰਫ਼ ਅੱਜ ਦਾ ਦਿਨ ਹੀ ਇੱਥੇ ਰੁਕਣਾ ਹੈ। ਕੱਲ੍ਹ ਚਲੇ ਜਾਣਾ ਹੈ। ਅਗਲੇ ਦਿਨ ਜਦੋਂ ਜਾਣ ਦਾ ਸਮਾਂ ਆਇਆ ਤਾਂ ਲੋਕਾਂ ਨੇ ਉਸ ਸੰਤ ਨੂੰ ਕਿਹਾ ਕਿ ਇੱਕ ਬੇਨਤੀ ਹੈ। ਸਾਡੇ ਨਗਰ ਵਿੱਚ ਪਿਛਲੇ ਛੇ ਮਹੀਨੇ ਤੋਂ ਇੱਕ ਸਮੱਸਿਆ ਆ ਗਈ ਹੈ। ਇੱਥੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਪਹਿਲਾਂ ਕੁਝ ਪਰਿਵਾਰਾਂ ਨੂੰ ਇਹ ਸਮੱਸਿਆ ਆਈ। ਹੁਣ ਪੂਰਾ ਪਿੰਡ ਬੇਅਰਾਮ ਹੈ। ਇਸ ਲਈ ਕੁਝ ਕਰੋ।
ਸੰਤ ਨੇ ਕੁਝ ਪਲ ਦੀ ਚੁੱਪ ਬਾਅਦ ਆਪਣੇ ਸਾਹਮਣੇ ਬੈਠੇ ਚੇਲਿਆ 'ਚੋਂ ਇੱਕ ਨੂੰ ਇਸ਼ਾਰਾ ਕੀਤਾ ਉਹ ਉੱਠ ਕੇ ਖੜ੍ਹਾ ਹੋ ਗਿਆ। ਉਸ ਨੂੰ ਕਿਹਾ ਗਿਆ ਕਿ ਤੂੰ ਇਸ ਪਿੰਡ ਵਿੱਚ ਰਹਿਣਾ ਹੈ। ਇੱਕ ਮਹੀਨਾ, ਮੇਰੇ ਖ਼ਿਆਲ ਵਿੱਚ ਇੱਕ ਮਹੀਨੇ ਵਿੱਚ ਸਭ ਠੀਕ ਹੋ ਜਾਵੇਗਾ।
ਸੰਤ ਨੇ ਲੋਕਾਂ ਨੂੰ ਕਿਹਾ ਕਿ ਇਹ ਮੇਰਾ ਚੇਲਾ ਹੈ। ਸ਼ਾਂਤੀ ਨੰਦਨ। ਇਸ ਦੀ ਧਿਆਨ ਸਾਧਨਾ ਬਹੁਤ ਕਮਾਲ ਦੀ ਹੈ। ਬੜੀ ਸਕਾਰਾਤਮਿਕ ਊਰਜਾ ਦਾ ਘੇਰਾ ਇਸ ਦੇ ਆਸ ਪਾਸ ਰਹਿੰਦਾ ਹੈ। ਇਸ ਦੇ ਇੱਥੇ ਰਹਿਣ ਨਾਲ ਹੀ ਸਭ ਠੀਕ ਹੋਣਾ ਸ਼ੁਰੂ ਹੋ ਜਾਵੇਗਾ।
ਪਰ ਸੰਤ ਨੇ ਸ਼ਰਤ ਰੱਖੀ ਕਿ ਸ਼ਾਂਤੀ ਨੰਦਨ ਕਿਸੇ ਦੇ ਘਰ ਨਹੀਂ ਰਹੇਗਾ। ਇਹ ਪਿੰਡ ਵਿੱਚ ਤਾਂ ਹੀ ਰਹਿ ਸਕਦਾ ਹੈ ਜੇ ਓਥੇ ਕੋਈ ਉੱਜੜਿਆ ਹੋਇਆ ਘਰ ਹੋਵੇ। ਸੰਤ ਨੇ ਪੁੱਛਿਆ ਕਿ ਕੀ ਤੁਹਾਡੇ ਪਿੰਡ ਵਿੱਚ ਕੋਈ ਉੱਜੜਿਆ ਹੋਇਆ ਘਰ ਹੈ ? ਤਾਂ ਪਿੰਡ ਵਾਲਿਆਂ ਨੇ ਜਵਾਬ ਦਿੱਤਾ ਕਿ ਉਹਨਾਂ ਦੇ ਪਿੰਡ ਦੇ ਦੂਜੇ ਪਾਸੇ ਇੱਕ ਉੱਜੜਿਆ ਹੋਇਆ ਮੱਠ ਹੈ। ਜਿੱਥੇ ਕੁਝ ਵਿਹਲੇ ਬੁੱਢੇ ਲੋਕ ਬੈਠੇ ਰਹਿੰਦੇ ਹਨ ਜਾਂ ਬੱਚੇ ਖੇਡਦੇ ਰਹਿੰਦੇ ਹਨ। ਸੰਤ ਨੇ ਕਿਹਾ ਉਹ ਜਗ੍ਹਾ ਠੀਕ ਹੈ।
ਜਾਣ ਦਾ ਵੇਲਾ ਹੋ ਗਿਆ ਸੀ। ਸੰਤ ਉੱਠ ਖੜ੍ਹਾ ਹੋਇਆ ਪਿੰਡ ਦੇ ਲੋਕ ਵਿਦਾ ਕਹਿਣ ਲਈ ਹੱਥ ਬੰਨ੍ਹ ਕੇ ਖੜ੍ਹੇ ਸਨ। ਸੰਤ ਨੇ ਸ਼ਾਂਤੀ ਨੰਦਨ ਨੂੰ ਕੋਲ ਬੁਲਾਇਆ ਤੇ ਕਿਹਾ ਦੋ ਗੱਲਾਂ ਯਾਦ ਰੱਖਣਾ। ਪਹਿਲੀ ਕਿਸੇ ਔਰਤ ਨੂੰ ਪੈਰਾਂ ਨੂੰ ਹੱਥ ਨਹੀਂ ਲਗਾਉਣ ਦੇਣਾ। ਦੂਸਰੀ ਸੂਰਜ ਦੇ ਛਿਪਣ ਬਾਅਦ ਕੋਈ ਵੀ ਆਦਮੀ ਔਰਤ ਜਾਂ ਬੱਚਾ ਤੇਰੇ ਕੋਲ ਨਹੀਂ ਹੋਣਾ ਚਾਹੀਦਾ, ਤੇਰੇ ਕੋਲ ਜਿਸ ਨੇ ਵੀ ਆਉਣਾ ਹੈ,
ਉਹ ਸਿਰਫ਼ ਉਦੋਂ ਆ ਸਕਦਾ ਜਦੋਂ ਸੂਰਜ ਹੋਵੇ। ਸ਼ਾਂਤੀ ਨੰਦਨ ਨੇ ਹੱਥ ਜੋੜ ਕੇ ਸਿਰ ਨਿਵਾਇਆ। ਇਸ ਬਾਅਦ ਸੰਤ ਆਪਣੇ ਚੇਲਿਆਂ ਸਮੇਤ ਚਲਿਆ ਗਿਆ ਤੇ ਸ਼ਾਂਤੀ ਨੰਦਨ ਪਿੰਡ ਦੇ ਲੋਕਾਂ ਨਾਲ ਪੁਰਾਣੇ ਮੱਠ ਵਿੱਚ ਪਹੁੰਚ ਗਿਆ।
ਇਹ ਮੱਠ ਛੋਟੇ ਕਿਲ੍ਹੇ ਵਾਂਗ ਸੀ। ਜਿਸ ਵਿੱਚ ਕਈ ਵਰਾਂਡੇ ਤੇ ਕਮਰੇ ਸਨ, ਜਿਨ੍ਹਾਂ ਨੂੰ ਕੋਈ ਦਰਵਾਜ਼ਾ ਨਹੀਂ ਸੀ ਲੱਗਿਆ ਹੋਇਆ। ਇਸ ਮੱਠ ਦੇ ਵਿਹੜੇ ਵਿੱਚ ਇੱਕ ਕੁਰਸੀ ਨੁਮਾ ਲਾਲ ਰੰਗ ਦਾ ਪੱਥਰ ਪਿਆ ਸੀ। ਜਿਸ ਤੇ ਸਭ ਤੋਂ ਪਹਿਲਾਂ ਸ਼ਾਂਤੀ ਨੰਦਨ ਦੀ ਨਿਗ੍ਹਾ ਗਈ। ਓਥੇ ਪਹੁੰਚ ਕੇ ਸ਼ਾਂਤੀ ਨੰਦਨ ਨੇ ਪਿੰਡ ਦੇ ਜੋ ਲੋਕ ਉਸ ਨੂੰ ਓਥੇ ਛੱਡਣ ਆਏ, ਉਹਨਾਂ ਨੂੰ ਕਿਹਾ ਕਿ ਮੇਰੇ ਲਈ ਇੱਥੇ ਇੱਕ ਪਾਣੀ ਦਾ ਘੜਾ ਰੱਖ ਜਾਓ ਜਿਸ ਦੇ ਉੱਪਰ ਇੱਕ ਲੋਟਾ ਪਾਣੀ ਪੀਣ ਲਈ ਹੋਵੇ, ਤੇ ਰੋਜ਼ ਇੱਕ ਵਕਤ ਦਾ ਖਾਣਾ ਦੁਪਹਿਰ ਵੇਲੇ ਮੇਰੇ ਲਈ ਇੱਥੇ ਭੇਜ ਦੇਣਾ, ਅਤੇ ਇੱਕ ਪਿੰਡ ਦਾ ਕੋਈ ਜੁਆਨ ਸਿਆਣਾ ਮੁੰਡਾ ਇੱਥੇ ਰਹੇਗਾ ਜੋ ਮੱਠ ਦੇ ਦਰਵਾਜ਼ੇ ਤੇ ਬੈਠੇ। ਪਿੰਡ ਦੇ ਲੋਕਾਂ ਨੇ ਇਸੇ ਤਰ੍ਹਾਂ ਕੀਤਾ ਤੇ ਚਲੇ ਗਏ।
ਦਰਵਾਜ਼ੇ 'ਤੇ ਬੈਠਣ ਵਾਲੇ ਮੁੰਡੇ ਨੂੰ ਸ਼ਾਂਤੀ ਨੰਦਨ ਨੇ ਕਿਹਾ ਤੂੰ ਸਿਰਫ਼ ਦਰਵਾਜ਼ੇ ਤੇ ਬੈਠਣਾ ਹੈ ਤੇ ਕੱਲ੍ਹ ਤੋਂ ਲੋਕ ਸੁਭਾ ਮੇਰੇ ਕੋਲ ਆਇਆ ਕਰਨਗੇ। ਜਿਹੜਾ ਵੀ ਆਵੇ ਉਸ ਨੂੰ ਸਿਰਫ਼ ਇਹੀ ਕਹਿਣਾ ਕਿ ਉਹ ਮੇਰੇ ਪੈਰਾਂ ਨੂੰ ਹੱਥ ਨਾ ਲਾਵੇ ਖ਼ਾਸ ਕਰ ਹਰ ਔਰਤ ਨੂੰ ਜ਼ਰੂਰ ਕਹਿਣਾ।
ਫਿਰ ਇਹੀ ਚਲਦਾ ਰਿਹਾ। ਸ਼ਾਂਤੀ ਨੰਦਨ ਵਿਹੜੇ ਵਿੱਚ ਪਏ ਪੱਥਰ ਤੇ ਧਿਆਨ ਵਿੱਚ ਬੈਠਾ ਰਹਿੰਦਾ। ਇੱਕ ਵਕਤ ਖਾਣਾ ਖਾਂਦਾ। ਲੋਕ ਸਵੇਰੇ ਆਉਂਦੇ ਉਸ ਨੂੰ ਧਿਆਨ ਵਿੱਚ ਬੈਠੇ ਨੂੰ ਸਿਰ ਨਿਵਾਉਂਦੇ ਤੇ ਆਪਣੇ ਕੰਮ ਕਾਰਾਂ ਲਈ ਚਲੇ ਜਾਂਦੇ। ਤਕਰੀਬਨ ਦਸ ਕੁ ਦਿਨਾਂ ਬਾਅਦ ਲੋਕਾਂ ਨੂੰ ਮਹਿਸੂਸ ਹੋਣ ਲੱਗਿਆ ਕਿ ਓਥੇ ਸਭ ਬਦਲ ਰਿਹਾ ਸੀ। ਲੋਕਾਂ ਨੂੰ ਉਸ ਦੇ ਸੰਪਰਕ ਵਿੱਚ ਆਰਾਮ ਮਹਿਸੂਸ ਹੋਣ ਲੱਗਿਆ ਸੀ।
ਇਸ ਤੋਂ ਬਾਅਦ ਔਰਤਾਂ ਵੀ ਸਵੇਰੇ ਓਥੇ ਆਉਣ ਲੱਗੀਆਂ।
ਇੱਥੇ ਨਗਰ ਦੀਆਂ ਦੋ ਬਹੁਤ ਖੂਬਸੂਰਤ ਔਰਤਾਂ ਆਹਮੋ-ਸਾਹਮਣੇ ਹੋਈਆਂ। ਕੁਦਰਤੀ, ਉਹਨਾਂ ਦੇ ਆਉਣ ਦਾ ਵੇਲਾ ਹਰ ਰੋਜ਼ ਮਿਲ ਜਾਂਦਾ ਸੀ। ਉਹ ਇਕੱਠੀਆਂ ਹੀ ਆਉਂਦੀਆਂ। ਪਹਿਲਾਂ ਉਹਨਾਂ ਨੇ ਇੱਕ ਦੂਜੇ ਨੂੰ ਨਹੀਂ ਸੀ ਵੇਖਿਆ। ਉਹ ਆਉਂਦੀਆਂ ਤੇ ਸ਼ਾਂਤੀ ਨੰਦਨ ਨੂੰ ਸਿਰ ਨਿਵਾ ਕੇ ਚਲੀਆਂ ਜਾਂਦੀਆਂ ਤੇ ਇੱਕ ਦੂਜੀ ਨੂੰ ਵੇਖਦੀਆਂ। ਉਹਨਾਂ ਦੀ ਆਪਸ ਵਿੱਚ ਕੋਈ ਵੀ ਗੱਲ ਨਹੀਂ ਸੀ ਹੁੰਦੀ।
ਇਹਨਾਂ ਵਿੱਚੋਂ ਇੱਕ ਦਾ ਨਾਮ ਵਿਪੱਸਨਾ ਸੀ, ਜਿਹੜੀ ਹਮੇਸ਼ਾ ਚਿੱਟੇ ਕੱਪੜੇ ਪਾਉਂਦੀ, ਬਸ ਦੁਪੱਟਾ ਲਾਲ ਰੰਗ ਦਾ ਲੈਂਦੀ ਸੀ ਅਤੇ ਦੂਜੀ ਦਾ ਨਾਮ ਤਰਾਟਿਕਾ। ਤਰਾਟਿਕਾ ਬਹੁਤ ਸਜਣ ਸੰਵਰਨ ਵਾਲੀ ਸੀ ਅਤੇ ਝਾਂਜਰਾਂ ਪਾ ਕੇ ਰੱਖਦੀ।
ਬਹੁਤ ਵਾਰ ਇਹ ਹੁੰਦਾ ਸੀ ਕਿ ਇਹ ਦੋਵੇਂ ਸਵੇਰੇ ਥੋੜ੍ਹੀ ਦੇਰ ਨਾਲ ਮੱਠ ਵਿੱਚ ਆਉਂਦੀਆਂ ਉਦੋਂ ਤੱਕ ਸਭ ਆ ਕੇ ਚਲੇ ਗਏ ਹੁੰਦੇ ਤੇ ਇਹ ਦੋਵੇਂ ਹੀ ਹੁੰਦੀਆਂ ਜਾਂ ਬਸ ਇੱਕ ਦੋ ਜਣੇ ਓਥੇ ਹੁੰਦੇ।
ਇੱਕ ਦਿਨ ਵਿਪੱਸਨਾ ਪਹਿਲਾਂ ਆਈ ਤੇ ਉਹ ਸ਼ਾਂਤੀ ਨੰਦਨ ਕੋਲ ਹੱਥ ਜੋੜ ਕੇ ਖੜ੍ਹੀ ਹੋਈ ਸੀ। ਪਿੱਛੇ ਆਈ ਤਰਾਟਿਕਾ ਦਰਵਾਜ਼ੇ ਵਿੱਚ ਰੁਕ ਗਈ ਤੇ ਉਸ ਨੂੰ ਵੇਖਣ ਲੱਗੀ। ਵਿਪੱਸਨਾ ਨੇ ਆਪਣੀ ਚੁੰਨੀ ਦੇ ਲੜ 'ਚੋਂ ਚਿੱਟੇ ਰੰਗ ਦੇ ਰਾਤ ਦੀ ਰਾਣੀ ਦੇ ਕੁਝ ਫੁੱਲ ਕੱਢੇ ਤੇ ਹੌਲੀ ਦੇਣੇ ਆਸ-ਪਾਸ ਵੇਖਿਆ। ਉਸ ਨੂੰ ਲੱਗਿਆ ਕਿ ਆਸ ਪਾਸ ਕੋਈ ਨਹੀਂ। ਉਸ ਨੇ ਉਹ ਫੁੱਲ ਸ਼ਾਂਤੀ ਨੰਦਨ ਦੇ ਪੈਰਾਂ ਤੇ ਰੱਖੇ, ਮੱਥਾ ਟੇਕਿਆ ਤੇ ਉਸ ਦੇ ਮੂੰਹ ਵੱਲ ਵੇਖਿਆ ਸ਼ਾਂਤੀ ਨੰਦਨ ਅੱਖਾਂ ਬੰਦ ਕਰਕੇ ਧਿਆਨ-ਮਗਨ ਸੀ। ਫਿਰ ਉਹ ਚਲੀ ਗਈ ਤੇ ਜਾਂਦੇ ਹੋਏ ਦਰਵਾਜ਼ੇ ਵਿੱਚ ਤਰਾਟਿਕਾ ਨੂੰ ਵੇਖ ਕੇ ਲੰਘੀ ਜੋ ਅੰਦਰ ਆ ਰਹੀ ਸੀ।
ਤਰਾਟਿਕਾ ਨੂੰ ਮਹਿਸੂਸ ਹੋਇਆ ਕਿ ਵਿਪੱਸਨਾ ਸ਼ਾਂਤੀ ਨੰਦਨ ਤੇ ਮੋਹਿਤ ਹੋ ਰਹੀ ਹੈ। ਉਹ ਆਦਮੀ ਹੀ ਏਦਾਂ ਦਾ ਸੀ। ਉਸ ਦੇ ਚਿਹਰੇ ਦਾ ਤੇਜ਼ ਤੇ ਭੋਲਾਪਣ ਖਿੱਚ ਲੈਂਦਾ ਸੀ। ਤਰਾਟਿਕਾ ਜਦੋਂ ਸ਼ਾਂਤੀ ਨੰਦਨ ਕੋਲ ਆ ਰਹੀ ਸੀ ਤਾਂ ਸ਼ਾਂਤੀ ਨੰਦਨ ਉਸ ਸਮੇਂ ਜ਼ਿਆਦਾ ਗਹਿਰੇ ਧਿਆਨ ਵਿੱਚ ਨਹੀਂ ਸੀ। ਇਸ ਲਈ ਉਸ ਨੇ ਝਾਂਜਰਾਂ ਦੀ ਆਵਾਜ਼ ਸੁਣੀ। ਤਰਾਟਿਕਾ ਬਹੁਤ ਸੋਹਣਾ ਤੁਰਦੀ ਸੀ। ਜਿਸ ਨਾਲ ਉਸ ਦੀਆਂ ਝਾਂਜਰਾਂ 'ਚੋਂ ਮਨ ਨੂੰ ਮੋਹਿਤ ਕਰਨ ਵਾਲੀ ਤਾਲ ਪੈਦਾ ਹੁੰਦੀ ਸੀ। ਸ਼ਾਂਤੀ ਨੰਦਨ ਨੇ ਅਵਾਜ਼ ਸੁਣੀ ਪਰ ਅੱਖਾਂ ਨਹੀਂ ਖੋਲ੍ਹੀਆਂ। ਜਦੋਂ ਹੀ ਤਰਾਟਿਕਾ ਮੱਥਾ ਟੇਕਣ ਲਈ ਝੁਕੀ ਤੇ ਫਿਰ ਖੜੀ ਹੋਈ। ਸ਼ਾਂਤੀ ਨੰਦਨ ਨੇ ਮਹਿਸੂਸ ਕੀਤਾ ਕਿ ਕੋਈ ਔਰਤ ਸਾਹਮਣੇ ਹੈ। ਉਸ ਨੇ ਬਿਨਾਂ ਅੱਖਾਂ ਖੋਲ੍ਹੇ ਆਪਣਾ ਹੱਥ ਉੱਪਰ ਚੁੱਕਿਆ ਤੇ ਆਸ਼ੀਰਵਾਦ ਦਿੱਤਾ। ਇਹ ਪਹਿਲੀ ਵਾਰ ਹੋ ਰਿਹਾ ਸੀ। ਤਰਾਟਿਕਾ ਖ਼ੁਸ਼ੀ ਨਾਲ ਝੂਮ ਉੱਠੀ, ਉਹ ਇਸ ਨਗਰ ਵਿੱਚ ਪਹਿਲੀ ਸੀ, ਜਿਸ ਨੂੰ ਸ਼ਾਂਤੀ ਨੰਦਨ ਨੇ ਆਸ਼ੀਰਵਾਦ ਦਿੱਤਾ, ਭਾਵੇਂ ਸ਼ਾਂਤੀ ਨੰਦਨ ਨੇ ਉਸ ਨੂੰ ਵੇਖਿਆ ਨਹੀਂ ਸੀ ਪਰ ਤਰਾਟਿਕਾ ਨੂੰ ਇਹ ਨਹੀਂ ਸੀ ਪਤਾ ਕਿ ਵਿਪੱਸਨਾ ਇਸ ਸਭ ਲੁਕ ਕੇ ਵੇਖ ਰਹੀ ਸੀ ਪਰ ਉਹ ਤਰਾਟਿਕਾ ਦੇ ਦਰਵਾਜ਼ੇ ਤੱਕ ਆਉਣ ਤੋਂ ਪਹਿਲਾਂ ਹੀ ਚਲੀ ਗਈ।
ਅੱਜ ਘਰ ਜਾ ਕੇ ਵਿਪੱਸਨਾ ਬੇਚੈਨ ਸੀ। ਉਹ ਏਨੇ ਸੋਹਣੇ ਪੁਰਸ਼ ਦੇ ਨਾਲ ਕਿਸੇ ਹੋਰ ਔਰਤ ਦੀ ਨੇੜਤਾ ਬਰਦਾਸ਼ਤ ਨਹੀਂ ਕਰ ਸਕੀ। ਜਦੋਂ ਕਿ ਉਸ ਨੂੰ ਪਤਾ ਸੀ ਕਿ ਉਹ ਆਪ ਬਹੁਤ ਸੋਹਣੀ ਹੈ। ਉਸ ਦਾ ਮਨ ਵਾਰ ਵਾਰ ਇੱਕੋ ਗੱਲ ਦੁਹਰਾ ਰਿਹਾ ਸੀ ਕਿ ਜੇਕਰ ਇਹ ਸੰਨਿਆਸੀ ਕਿਸੇ ਔਰਤ ਦਾ ਹੋ ਸਕਦਾ, ਜੇ ਇਸ ਦੀ ਜ਼ਿੰਦਗੀ ਵਿੱਚ ਕੋਈ ਔਰਤ ਆਵੇਗੀ ਤਾਂ ਉਹ ਸਿਰਫ ਮੈਂ ਹੀ ਹੋ ਸਕਦੀ ਹਾਂ।
ਸਮਾਂ ਲੰਘ ਰਿਹਾ ਸੀ। ਸ਼ਾਂਤੀ ਨੰਦਨ ਨੂੰ ਇੱਥੇ ਆਏ ਮਹੀਨਾ ਖ਼ਤਮ ਹੋਣ ਵਾਲਾ ਸੀ। ਨਗਰ ਸ਼ਾਂਤੀ ਨਾਲ ਭਰ ਗਿਆ ਸੀ। ਸਭ ਠੀਕ ਠਾਕ ਹੋ ਰਿਹਾ ਸੀ।
ਤੇ ਫਿਰ ਇੱਕ ਸ਼ਾਮ ਨਗਰ ਵਾਸੀਆਂ ਦੇ ਕਹਿਣ ਤੇ ਸ਼ਾਂਤੀ ਨੰਦਨ ਨੇ ਹੋਰ ਸਮਾਂ ਰੁਕਣ ਲਈ ਆਪਣੀ ਸਹਿਮਤੀ ਦੇ ਦਿੱਤੀ।
ਸ਼ਾਂਤੀ ਨੰਦਨ ਦੀ ਉਸਤਤ ਵਧ ਰਹੀ ਸੀ। ਹਰ ਕੋਈ ਉਸ ਦੇ ਹੋਣ ਨਾਲ ਅਨੰਦ ਵਿੱਚ ਸੀ। ਬੱਚਿਆਂ ਨੂੰ ਤੇ ਵੱਡਿਆਂ ਨੂੰ ਇਹ ਸਤਿਕਾਰ ਦਾ ਪਾਤਰ ਲੱਗਦਾ ਸੀ ਅਤੇ ਔਰਤਾਂ ਨੂੰ ਪਿਆਰਾ ਲੱਗਦਾ ਸੀ।
ਵਿਪੱਸਨਾ ਤੇ ਤਰਾਟਿਕਾ ਦੇ ਵਿਚਕਾਰ ਚੁੱਪ-ਚਾਪ ਇੱਕ ਮੁਕਾਬਲਾ ਸ਼ੁਰੂ ਹੋ ਗਿਆ ਸੀ। ਉਹਨਾਂ ਵਿੱਚੋਂ ਕੋਈ ਵੀ ਇਹ ਨਹੀਂ ਸੀ ਚਾਹੁੰਦੀ ਕਿ ਇਸ ਸਾਧੂ ਦੇ ਨਜ਼ਦੀਕ ਕੋਈ ਹੋਰ ਇਸਤਰੀ ਹੋਵੇ।
ਤਰਾਟਿਕਾ ਰੋਜ਼ ਚਿੱਟੇ ਫੁੱਲ ਲੈ ਕੇ ਆਉਂਦੀ ਤੇ ਮੱਥਾ ਟੇਕਦੇ ਸਮੇਂ ਉਡੀਕ ਕਰਦੀ ਕਿ ਸ਼ਾਂਤੀ ਨੰਦਨ ਅੱਖਾਂ ਖੋਲ੍ਹੇ ਤੇ ਕੋਈ ਸ਼ਬਦ ਸਾਂਝ ਬਣੇ ਪਰ ਸ਼ਾਂਤੀ ਨੰਦਨ ਟਿਕਿਆ ਹੋਇਆ ਸੀ।
ਇੱਕ ਦਿਨ ਵਿਪੱਸਨਾ ਥੋੜ੍ਹੀ ਦੇਰ ਨਾਲ ਆਈ ਤੇ ਮੱਠ ਦੇ ਇੱਕ ਪਾਸੇ ਬੈਠ ਕੇ ਇੰਤਜਾਰ ਕਰਦੀ ਰਹੀ ਕਿ ਜਦੋਂ ਸਾਰੇ ਆ ਕੇ ਚਲੇ ਜਾਣ ਤੇ ਉਹ ਇਕੱਲੀ ਹੋਵੇ।
ਸਮਾਂ ਆ ਗਿਆ ਸੀ। ਸੂਰਜ ਚੜ੍ਹ ਚੁੱਕਿਆ ਸੀ। ਲੋਕ ਆ ਕੇ ਚਲੇ ਗਏ ਸਨ। ਹਾ ਸੀ। ਦਰਵਾਜ਼ੇ 'ਤੇ ਇੱਕ ਜਵਾਨ ਮੁੰਡਾ ਬੈਠਾ ਸੀ। ਜਿਸ ਦਾ ਸ਼ਾਂਤੀ ਨੰਦਨ ਵੱਲ ਕੋਈ ਧਿਆਨ ਨਹੀਂ ਸੀ। ਇਹੀ ਮੌਕਾ ਸੀ। ਇਹੀ ਘੜੀ, ਜਿਸ ਦਾ ਵਿਪੱਸਨਾ ਇੰਤਜ਼ਾਰ ਕਰ ਰਹੀ ਸੀ। ਉਹ ਜਾ ਕੇ ਸ਼ਾਂਤੀ ਨੰਦਨ ਦੇ ਸਾਹਮਣੇ ਖੜ੍ਹੀ ਹੋ ਗਈ ਤੇ ਫਿਰ ਬੈਠਕੇ ਆਪਣੇ ਹੱਥਾਂ ਵਿਚਲੇ ਛੋਟੇ ਜਿਹੇ ਲੋਟੇ ਵਿਚਲੇ ਪਾਣੀ ਨਾਲ ਸ਼ਾਂਤੀ ਨੰਦਨ ਦੇ ਪੈਰ ਧੋਣ ਲੱਗੀ। ਸ਼ਾਂਤੀ ਨੰਦਨ ਗਹਿਰੇ ਧਿਆਨ ਵਿੱਚ ਵਿਲੀਨ ਸੀ। ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਵਿਪੱਸਨਾ ਹੱਥ ਜੋੜ ਕੇ ਸਾਹਮਣੇ ਬੈਠੀ ਸ਼ਾਂਤੀ ਨੰਦਨ ਦੇ
ਚਿਹਰੇ ਵੱਲ ਵੇਖ ਰਹੀ ਸੀ ਕਿ ਉਹ ਅੱਖਾਂ ਖੋਲ੍ਹੇ। ਉਸ ਨੂੰ ਬੁਲਾਉਣ ਜਾਂ ਧਿਆਨ 'ਚੋਂ ਬਾਹਰ ਲਿਆਉਣ ਦਾ ਹੌਸਲਾ ਉਹ ਨਹੀਂ ਕਰ ਸਕਦੀ ਸੀ। ਫਿਰ ਵਿਪੱਸਨਾ ਨੇ ਹੱਥ ਵਿਚਲਾ ਖ਼ਾਲੀ ਲੋਟਾ ਥੋੜ੍ਹਾ ਉੱਪਰੋਂ ਧਰਤੀ ਤੇ ਸੁੱਟਿਆ, ਜੋ ਪਥਰੀਲੀ ਜ਼ਮੀਨ 'ਤੇ ਡਿੱਗ ਕੇ ਆਵਾਜ਼ ਹੋਵੇ ਤਾਂ ਕਿ ਸ਼ਾਇਦ ਇਸ ਨਾਲ ਉਹ ਅੱਖ ਖੋਲ੍ਹੇ। ਵਿਪੱਸਨਾ ਨੇ ਬਹੁਤ ਚਲਾਕੀ ਨਾਲ ਲੋਟਾ ਏਨੀ ਕੁ ਉਚਾਈ ਤੋਂ ਸਿੱਟਿਆ ਕਿ ਆਵਾਜ਼ ਸਿਰਫ਼ ਸ਼ਾਂਤੀ ਨੰਦਨ ਤੱਕ ਰਹੇ। ਬਾਹਰ ਦਰਵਾਜ਼ੇ ਤੇ ਬੈਠੇ ਜਵਾਨ ਮੁੰਡੇ ਨੂੰ ਨਾ ਸੁਣੇ, ਨਹੀਂ ਤਾਂ ਉਹ ਅੰਦਰ ਆ ਜਾਵੇਗਾ।
ਅਖੀਰ ਵਿਪੱਸਨਾ ਨੇ ਸੋਚਿਆ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ ਪਰ ਉਹ ਵਾਪਸ ਨਹੀਂ ਸੀ ਮੁੜਨਾ ਚਾਹੁੰਦੀ। ਉਸ ਦੇ ਇਸਤਰੀ ਭਾਵ ਨੂੰ ਚੋਟ ਲੱਗੀ ਕਿ ਇੱਕ ਮਰਦ ਮੈਨੂੰ ਕਿਵੇਂ ਬਿਨਾ ਆਪਣਾ ਧਿਆਨ ਦਿੱਤੇ ਰਹਿ ਸਕਦਾ ਹੈ। ਉਸਨੂੰ ਆਪਣੇ ਸੁਹੱਪਣ 'ਤੇ ਹੰਕਾਰ ਸੀ। ਹੰਕਾਰ ਨੂੰ ਵੀ ਚੋਟ ਲੱਗੀ।
ਉਸ ਨੇ ਸੋਚਿਆ ਆਖ਼ਰੀ ਕੋਸ਼ਿਸ਼ ਕਰਦੀ ਹਾਂ। ਉਹ ਫੇਰ ਸ਼ਾਂਤੀ ਨੰਦਨ ਦੇ ਅੱਗੇ ਝੁਕੀ ਉਸ ਦੇ ਪੈਰਾਂ ਕੋਲ ਬੈਠੀ ਤੇ ਉਸ ਨੇ ਆਪਣੇ ਬੁੱਲ੍ਹ ਸ਼ਾਂਤੀ ਨੰਦਨ ਦੇ ਪੈਰ ਉੱਪਰ ਰੱਖ ਦਿੱਤੇ ; ਤੇ ਫੇਰ ਉੱਪਰ ਸ਼ਾਂਤੀ ਨੰਦਨ ਦੇ ਚਿਹਰੇ ਵੱਲ ਵੇਖਿਆ।
ਸ਼ਾਂਤੀ ਨੰਦਨ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਨੇ ਤਿੱਖੀ ਨਜ਼ਰ ਨਾਲ ਵਿਪੱਸਨਾ ਵੱਲ ਵੇਖਿਆ। ਵਿਪੱਸਨਾ ਨੇ ਹੱਥ ਜੋੜੇ ਤੇ ਕਿਹਾ- ਮੁਆਫ਼ੀ, ਮੈਨੂੰ ਮੱਦਦ ਚਾਹੀਦੀ ਹੈ। ਸ਼ਾਂਤੀ ਨੰਦਨ ਨੇ ਏਨਾ ਹੀ ਕਿਹਾ : ਬੋਲੋ।
ਵਿਪੱਸਨਾ ਨੇ ਓਥੇ ਹੀ ਬੈਠੇ ਹੋਏ ਹੱਥ ਜੋੜ ਕੇ ਬੋਲਣਾ ਸ਼ੁਰੂ ਕੀਤਾ:
ਸਾਡੇ ਨਗਰ ਵਿੱਚ ਇੱਕ ਆਦਮੀ ਨੂੰ ਕੋਈ ਚਰਮ ਰੋਗ ਹੋ ਗਿਆ ਸੀ, ਕਰੀਬ ਇੱਕ ਸਾਲ ਪਹਿਲਾਂ ਉਸ ਦਾ ਪੂਰਾ ਸਰੀਰ ਖ਼ਰਾਬ ਹੋ ਗਿਆ ਸੀ। ਉਸ ਕੋਲ ਖੜ੍ਹਾ ਹੋਣਾ ਮੁਸ਼ਕਿਲ ਸੀ। ਉਸ ਨੂੰ ਨਗਰ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿੱਥੇ ਤੁਸੀਂ ਪਹਿਲੇ ਦਿਨ ਆਪਣੇ ਗੁਰੂ ਨਾਲ ਆ ਕੇ ਬੈਠੇ ਸੀ। ਉਸ ਤੋਂ ਥੋੜ੍ਹੀ ਦੂਰ ਹੀ ਉਸਦੀ ਝੋਂਪੜੀ ਹੈ। ਉਸ ਦੇ ਕੋਲ ਕੋਈ ਨਹੀਂ ਸੀ ਜਾਂਦਾ। ਲੋਕ ਦਿਨ ਵਿੱਚ ਇੱਕ ਅੱਧ ਵਾਰ ਉਸ ਕੋਲ ਰੋਟੀ ਸੁੱਟ ਆਉਂਦੇ ਤੇ ਉਸ ਦੇ ਬਰਤਨ ਵਿੱਚ ਪਾਣੀ ਪਾ ਆਉਂਦੇ। ਨਗਰ ਵਿਚਲੇ ਵੈਦ ਨੇ ਕਿਹਾ ਕਿ ਉਸ ਦਾ ਇਲਾਜ ਨਹੀਂ ਹੋ ਸਕਦਾ। ਸਿਰ ਬਚਾਅ ਲਈ ਇਸ ਨੂੰ ਅਲੱਗ ਰੱਖਿਆ ਜਾਵੇ ਤਾਂ ਜੋ ਹੋਰਾਂ ਨੂੰ ਇਹ ਲਾਗ ਨਾ ਲੱਗੇ।
ਦਸ ਕੁ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਜਿਸ ਲੜਕੇ ਨੇ ਉਸ ਦਾ ਸਸਕਾਰ ਕੀਤਾ। ਉਹ ਸਾਡੇ ਨਗਰ ਵਿੱਚ ਹੀ ਰਹਿੰਦਾ ਹੈ। ਭਲਾ ਆਦਮੀ ਹੈ। ਉਸ
ਨੇ ਤਾਂ ਭਲਾ ਕੀਤਾ ਸੀ ਪਰ ਉਸ ਨੂੰ ਵੀ ਲਾਗ ਲੱਗ ਗਈ ਹੈ। ਵੈਦ ਨੇ ਕਿਹਾ ਹੈ, ਕਿ ਉਸ ਦੇ ਠੀਕ ਹੋਣ ਦੀ ਸੰਭਾਵਨਾ ਹੈ। ਮੈਂ ਉਸ ਲਈ ਪ੍ਰਾਰਥਨਾ ਕਰਦੀ ਹਾਂ।
ਸ਼ਾਂਤੀ ਨੰਦਨ ਨੇ ਸੁਆਲ ਕੀਤਾ ਕਿ ਉਹ ਤੁਹਾਡਾ ਕੀ ਲੱਗਦਾ ਕਿ ਤੁਸੀਂ ਉਸ ਲਈ ਪ੍ਰਾਰਥਨਾ ਕਰਦੇ ਹੋ?
ਵਿਪੱਸਨਾ ਨੇ ਜਵਾਬ ਦਿੱਤਾ ਕਿ ਮੇਰਾ ਕੁਝ ਨਹੀਂ ਲੱਗਦਾ। ਮੈਂ ਕਿਸੇ ਦਾ ਦੁੱਖ ਨਹੀਂ ਦੇਖ ਸਕਦੀ।
ਫਿਰ ਸ਼ਾਂਤੀ ਨੰਦਨ ਨੇ ਕਿਹਾ ਮੈਂ ਕੀ ਕਰ ਸਕਦਾ ਹਾਂ... ?
ਤੁਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਉਹ ਮੇਰੀ ਪ੍ਰਾਰਥਨਾ ਸੁਣ ਲਵੇ। ਤੁਸੀਂ ਪ੍ਰਮਾਤਮਾ ਨੂੰ ਕਹੋ ਕਿ ਉਹ ਮੇਰੀ ਜ਼ਿੰਦਗੀ ਲੈ ਲਵੋ, ਅਤੇ ਉਸ ਲੜਕੇ ਦੀ ਜ਼ਿੰਦਗੀ ਬਚ ਜਾਵੇ। ਮੈਨੂੰ ਜਿਉਣ ਵਿੱਚ ਕੋਈ ਦਿਲਚਸਪੀ ਨਹੀਂ।
ਸ਼ਾਂਤੀ ਨੰਦਨ ਨੇ ਕਿਹਾ ਕਿ ਪ੍ਰਮਾਤਮਾ ਕੋਲ ਇਸ ਤਰ੍ਹਾਂ ਦਾ ਕੋਈ ਸਮਾਧਾਨ ਨਹੀਂ ਹੈ। ਹਰ ਜੀਵ ਆਪਣਾ ਕਰਮ ਭੋਗਦਾ ਹੈ।
ਫਿਰ ਸ਼ਾਂਤੀ ਨੰਦਨ ਨੇ ਕਿਹਾ ਪਰ ਮੈਨੂੰ ਹੋਰ ਕੁਝ ਦਿਖਾਈ ਦੇ ਰਿਹਾ ਹੈ। ਤੁਸੀਂ ਉਸ ਲਈ ਕੋਈ ਪ੍ਰਾਰਥਨਾ ਨਹੀਂ ਕਰ ਰਹੇ। ਤੁਸੀਂ ਤਾਂ ਆਪਣੇ ਸੁਖ ਲਈ ਪ੍ਰਾਰਥਨਾ ਕਰ ਰਹੇ ਹੋ। ਤੁਸੀਂ ਤਾਂ ਆਪਣੀ ਜ਼ਿੰਦਗੀ ਦੇ ਦੁੱਖ ਤੋਂ ਪਰੇਸ਼ਾਨ ਹੋ। ਤੁਹਾਨੂੰ ਆਪਣੀ ਜ਼ਿੰਦਗੀ ਕੂੜਾ ਲੱਗਦੀ ਹੈ। ਇਸ ਲਈ ਏਨੀ ਆਸਾਨੀ ਨਾਲ ਤੁਸੀਂ ਇਹ ਸੋਚ ਸਕਦੇ ਹੋ ਕਿ ਉਸ ਲੜਕੇ ਦੇ ਬਦਲੇ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਲੈ ਲਵੇ।
ਮੈਂ ਸੱਚ ਕਹਾਂਗਾ। ਮੈਨੂੰ ਤੁਹਾਡੇ ਗੱਲ ਕਰਨ ਤੋਂ ਇਸ ਤਰ੍ਹਾਂ ਨਹੀਂ ਲੱਗਿਆ ਕਿ ਤੁਸੀਂ ਕਿਸੇ ਲਈ ਕੋਈ ਤਿਆਗ ਕਰ ਰਹੇ ਹੋ।
ਜਿਹੜੀ ਚੀਜ਼ ਤੁਹਾਡੇ ਕੋਲ ਤੁਹਾਨੂੰ ਫ਼ਾਲਤੂ ਲੱਗਦੀ ਹੈ ਤੁਸੀਂ ਓਹੀ ਕਿਸੇ ਨੂੰ ਦੇਣ ਲਈ ਰਾਜ਼ੀ ਹੋ। ਇਸ ਨਾਲ ਤੁਹਾਡੇ ਦੋ ਮਕਸਦ ਸਿੱਧ ਹੁੰਦੇ ਹਨ। ਪਹਿਲਾਂ ਤੁਹਾਡਾ ਆਪਣਾ ਇੱਕ ਲਗਾਤਾਰ ਚੱਲੇ ਆ ਰਹੇ ਦੁੱਖ ਤੋਂ ਛੁਟਕਾਰਾ ਹੁੰਦਾ ਹੈ। ਦੂਸਰਾ ਤੁਹਾਡਾ ਹੰਕਾਰ ਪੋਸ਼ਿਤ ਹੁੰਦਾ ਹੈ ਕਿ ਤੁਸੀਂ ਬਹੁਤ ਮਹਾਨ ਕੰਮ ਕਰ ਰਹੇ ਹੋ। ਤੁਸੀਂ ਕੋਈ ਰੱਬੀ ਰੂਹ ਹੋ। ਮੈਨੂੰ ਇਹ ਸੱਚ ਕਹਿਣ ਲਈ ਮੁਆਫ਼ ਕਰਨਾ। ਇਸ ਨਾਲ ਤੁਹਾਡੇ ਮਨ ਨੂੰ ਜ਼ਰੂਰ ਚੋਟ ਲੱਗੇਗੀ।
ਇਹ ਸੁਣਨ ਬਾਅਦ ਵਿਪੱਸਨਾ ਚਲੀ ਗਈ, ਤੇ ਕਾਫ਼ੀ ਦਿਨ ਫੇਰ ਮੱਠ 'ਚ ਨਹੀਂ ਆਈ। ਸ਼ਾਂਤੀ ਨੰਦਨ ਫੇਰ ਧਿਆਨ ਵਿੱਚ ਲੀਨ ਸੀ।
ਵਿਪੱਸਨਾ ਚਲਾਕੀ ਨਾਲ ਸ਼ਾਂਤੀ ਨੰਦਨ ਦੀ ਨਜ਼ਰ ਵਿੱਚ ਚੰਗੀ ਬਣਨਾ ਚਾਹੁੰਦੀ ਸੀ ਪਰ ਉਹ ਨਾਕਾਮ ਰਹੀ। ਉਸ ਦੀ ਚਲਾਕੀ ਫੜ੍ਹੀ ਗਈ।
ਵਿਪੱਸਨਾ ਦਿਨ ਰਾਤ ਇਹੀ ਸੋਚਦੀ ਸੀ, ਕਿ ਉਸ ਸਾਧੂ ਨੇ ਮੇਰਾ ਅਪਮਾਨ ਕੀਤਾ ਹੈ ਪਰ ਉਸ ਦੀ ਖਿੱਚ ਘਟ ਨਹੀਂ ਸੀ ਰਹੀ। ਉਹ ਆਪਣੇ ਅਪਮਾਨ ਦੇ ਉੱਪਰੋਂ ਦੀ ਲੰਘ ਕੇ ਫੇਰ ਉਸ ਕੋਲ ਜਾਣਾ ਚਾਹੁੰਦੀ ਸੀ। ਉਸ ਨੂੰ ਇਹ ਗੱਲ ਵੀ ਤੰਗ ਕਰਦੀ ਸੀ ਕਿ ਜੇਕਰ ਮੈਂ ਕਾਫ਼ੀ ਦਿਨ ਓਥੇ ਨਾ ਗਈ ਤਾਂ ਤਰਾਟਿਕਾ ਦੀ ਨੇੜਤਾ ਉਸ ਨਾਲ ਵਧ ਜਾਵੇਗੀ।
ਕਾਫ਼ੀ ਦਿਨਾਂ ਬਾਅਦ ਫੇਰ ਵਿਪੱਸਨਾ ਮੱਠ ਗਈ। ਉਸ ਨੇ ਦਰਵਾਜ਼ੇ ਕੋਲ ਖੜ੍ਹ ਕੇ ਵੇਖਿਆ ਤਰਾਟਿਕਾ ਸ਼ਾਂਤੀ ਨੰਦਨ ਨੂੰ ਮੱਥਾ ਟੇਕ ਰਹੀ ਸੀ ਤੇ ਸ਼ਾਂਤੀ ਨੰਦਨ ਉਸ ਨੂੰ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦੇ ਰਿਹਾ ਸੀ। ਇਸ ਬਾਅਦ ਤਰਾਟਿਕਾ ਚਲੀ ਗਈ ਪਰ ਵਿਪੱਸਨਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ।
ਉਹ ਗੁੱਸੇ ਨਾਲ ਭਰੀ ਹੋਈ ਸ਼ਾਂਤੀ ਨੰਦਨ ਕੋਲ ਗਈ। ਉਸ ਨੇ ਬਿਨਾ ਸਿਰ ਨਿਵਾਏ ਉਸ ਦੇ ਅੱਗੇ ਖੜ੍ਹ ਕੇ ਕਿਹਾ। ਮੈਂ ਗੱਲ ਕਰਨੀ ਹੈ। ਸ਼ਾਂਤੀ ਨੰਦਨ ਨੇ ਅੱਖਾਂ ਖੋਲੀਆਂ ਤੇ ਕਿਹਾ: ਕਹੋ।
ਮੇਰੀ ਇੱਕ ਮੁਸ਼ਕਲ ਦਾ ਹੱਲ ਕਰੋ। ਮੇਰਾ ਪਤੀ ਮੇਰਾ ਧਿਆਨ ਨਹੀਂ ਰੱਖਦਾ। ਮੈਨੂੰ ਤਕਲੀਫ਼ ਹੈ। ਦੂਸਰੀ ਗੱਲ ਇਹ ਜੋ ਔਰਤ ਮੇਰੇ ਤੋਂ ਪਹਿਲਾਂ ਆਈ ਸੀ। ਤੁਸੀਂ ਇਸ ਨੂੰ ਇੱਥੇ ਆਉਣ ਤੋਂ ਮਨ੍ਹਾਂ ਕਰ ਦਿਓ। ਇਹ ਠੀਕ ਔਰਤ ਨਹੀਂ ਹੈ।
ਸ਼ਾਂਤੀ ਨੰਦਨ ਨੇ ਕਿਹਾ ਮੈਂ ਦੇਖ ਸਕਦਾ ਹਾਂ। ਮੈਨੂੰ ਤੁਹਾਡੇ ਕੋਲੋਂ ਜਿਨਸੀ ਲੋੜਾਂ ਦੀ ਬੂ ਆ ਰਹੀ ਹੈ। ਤੁਸੀਂ ਖ਼ਿਆਲ ਕਰੋ ਤੇ ਆਪਣੇ ਆਪ ਕੋਲ ਰਹੋ। ਦੂਸਰੀ ਗੱਲ, ਉਹ ਜੋ ਪਹਿਲਾਂ ਔਰਤ ਆਈ ਸੀ ਉਹ ਕੋਈ ਫ਼ਾਲਤੂ ਗੱਲ ਨਹੀਂ ਕਰਦੀ। ਉਸ ਦੀ ਕੋਈ ਇੱਛਾ ਵੀ ਨਹੀਂ ਹੈ। ਉਹ ਆਉਂਦੀ ਹੈ ਤੇ ਬਸ ਚਲੀ ਜਾਂਦੀ ਹੈ।
ਵਿਪੱਸਨਾ ਗੁੱਸੇ ਵਿੱਚ ਪਾਗਲ ਹੋ ਰਹੀ ਸੀ। ਉਹ ਬਿਨਾ ਸਿਰ ਨਿਵਾਏ ਓਥੋਂ ਆ ਗਈ।
ਹੁਣ ਉਹ ਘਰ ਵਿੱਚ ਹਮੇਸ਼ਾ ਪਰੇਸ਼ਾਨ ਰਹਿੰਦੀ। ਉਸ ਨੂੰ ਕਿਸੇ ਵੀ ਕੀਮਤ 'ਤੇ ਉਹ ਸਾਧੂ ਚਾਹੀਦਾ ਸੀ। ਦੂਸਰਾ ਇਸ ਅਪਮਾਨ ਬਾਅਦ ਉਸ ਦੇ ਮਨ ਦਾ ਇੱਕ ਹਿੱਸਾ ਉਸ ਨੂੰ ਜਾਣ ਤੋਂ ਰੋਕਦਾ ਸੀ ਪਰ ਇਹ ਗੱਲ ਉਸ ਨੂੰ ਵੱਢ ਵੱਢ ਕੇ ਖਾ ਰਹੀ ਸੀ ਕਿ ਤਰਾਟਿਕਾ ਉਸ ਦੇ ਨੇੜੇ ਹੋ ਰਹੀ ਸੀ।
ਉਹ ਬਹੁਤ ਬੇਆਰਾਮ ਹੋ ਰਹੀ ਸੀ। ਇਸ ਸਾਰੀ ਮਾਨਸਿਕ ਉਲਝਣ ਦੇ ਚਲਦਿਆਂ ਉਸ ਨੇ ਇੱਕ ਦਿਨ ਫਿਰ ਫੈਸਲਾ ਕੀਤਾ ਤੇ ਮੱਠ ਵਿੱਚ ਚਲੀ ਗਈ। ਉਸ ਦਿਨ ਉਹ ਸਜ-ਸੰਵਰ ਕੇ ਮੱਠ ਗਈ।
ਉਹ ਸ਼ਾਂਤੀ ਨੰਦਨ ਦੇ ਸਾਹਮਣੇ ਖੜ੍ਹੀ ਸੀ। ਉਸ ਦੇ ਹੱਥ ਵਿੱਚ ਥਾਲੀ ਸੀ। ਜਿਸ ਵਿੱਚ ਖੀਰ ਤੇ ਪ੍ਰਸਾਦ ਸੀ। ਉਸ ਨੇ ਸਿੱਧਾ ਜਾ ਕੇ ਸ਼ਾਂਤੀ ਨੰਦਨ ਨੂੰ ਸਵਾਲ ਕੀਤਾ ਤੁਸੀਂ ਮੇਰਾ ਲਿਆਂਦਾ ਖਾਣਾ ਖਾ ਲਵੋਗੇ ?
ਸ਼ਾਂਤੀ ਨੰਦਨ ਨੇ ਅੱਖਾਂ ਖੋਲੀਆਂ ਤੇ ਕਿਹਾ : ਖਾਣਾ ਮੈਂ ਖਾ ਲਵਾਂਗਾ, ਪਰ ਜੋ ਤੁਹਾਨੂੰ ਮੇਰੇ ਤੋਂ ਚਾਹੀਦਾ ਉਹ ਤੁਹਾਨੂੰ ਨਹੀਂ ਮਿਲ ਸਕਦਾ।
ਵਿਪੱਸਨਾ ਨੇ ਇੱਕ ਦਮ ਗੱਲ ਕੱਟਦਿਆਂ ਗੁੱਸੇ 'ਚ ਕਿਹਾ:
ਮੈਨੂੰ ..... . ? ਮੈਨੂੰ ਕੀ ਚਾਹੀਦਾ ? ਮੈਂਨੂੰ ਕੁਝ ਨਹੀਂ ਚਾਹੀਦਾ। ਉਹ ਤਾਂ ਪਿਛਲੇ ਦਿਨਾਂ 'ਚ ਮੇਰਾ ਮਨ ਕੁਝ ਖਰਾਬ ਸੀ, ਬਸ। ਮੇਰੇ ਕੋਲ ਸਭ ਹੈ। ਮੈਨੂੰ ਕੋਈ ਤਕਲੀਫ ਨਹੀਂ।
ਵਿਪੱਸਨਾ ਨੂੰ ਬਦਲਦੇ ਹੋਏ ਵੇਖ ਸ਼ਾਂਤੀ ਨੰਦਨ ਹੈਰਾਨੀ ਨਾਲ ਭਰ ਗਿਆ, ਪਰ ਚੁੱਪ ਰਿਹਾ। ਉਹ ਭੋਜਨ ਰੱਖ ਕੇ ਚਲੀ ਗਈ।
ਸੂਰਜ ਢਲ ਰਿਹਾ ਸੀ। ਦੁਪਹਿਰ ਸ਼ਾਮ ਵੱਲ ਵਧ ਰਹੀ ਸੀ। ਸ਼ਾਂਤੀ ਨੰਦਨ ਦੀ ਦੇਹ ਨੀਲੀ ਹੋ ਰਹੀ ਸੀ। ਉਹ ਮੱਠ ਦੇ ਇੱਕ ਕਮਰੇ ਵਿੱਚ ਬਿਸਤਰ ਤੇ ਤੜਫ਼ ਰਿਹਾ ਸੀ। ਨਗਰ 'ਚੋਂ ਵੈਦ ਬੁਲਾਇਆ ਗਿਆ। ਕਾਫ਼ੀ ਲੋਕ ਇਕੱਠੇ ਹੋ ਗਏ। ਵੈਦ ਨੇ ਕਿਹਾ ਇਹ ਵਿਸ਼ਾਕਤ ਭੋਜਨ ਕਰਕੇ ਹੋਇਆ ਹੈ। ਸ਼ਾਂਤੀ ਨੰਦਨ ਦੇ ਇਸ਼ਾਰਾ ਕਰਨ ਤੇ ਸਭ ਲੋਕਾਂ ਨੂੰ ਮੱਠ ਤੋਂ ਬਾਹਰ ਜਾਣ ਲਈ ਕਿਹਾ ਗਿਆ। ਓਥੇ ਸਿਰਫ਼ ਨਗਰ ਦਾ ਵੈਦ ਅਤੇ ਸ਼ਾਂਤੀ ਨੰਦਨ ਸਨ।
ਵੈਦ ਨੇ ਸ਼ਾਂਤੀ ਨੰਦਨ ਨੂੰ ਕਿਹਾ ਬਾਬਾ ਜੀ। ਇਹ ਭੋਜਨ ਕੌਣ ਦੇ ਕੇ ਗਿਆ ਸੀ। ਇਸ ਕਿਸ ਤਰ੍ਹਾਂ ਦਾ ਜ਼ਹਿਰ ਹੈ। ਜਿਸ ਨੂੰ ਦਵਾਈ ਕੱਟ ਨਹੀਂ ਰਹੀ।
ਸ਼ਾਂਤੀ ਨੰਦਨ ਨੇ ਆਪਣੀਆਂ ਬੁਝਦੀ ਹੋਈ ਜੋਤ ਵਾਲੀਆਂ ਅੱਖਾਂ ਥੋੜ੍ਹੀਆਂ ਜਿਹੀਆਂ ਖੋਲ੍ਹੀਆਂ ਤੇ ਆਖ਼ਰੀ ਸਾਹ ਲਿਆ ਤੇ ਕਿਹਾ:
ਵਿਪੱਸਨਾ।
ਏਨਾ ਕਹਿ ਕੇ ਸ਼ਾਂਤੀ ਨੰਦਨ ਨੇ ਪ੍ਰਾਣ ਛੱਡ ਦਿੱਤੇ।
ਓਹ….. ! ਵੈਦ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਵਿਪੱਸਨਾ ਉਸ ਵੈਦ ਦੀ ਰਖੇਲ ਸੀ। ਪਿਛਲੀ ਰਾਤ ਉਹ ਵੈਦ ਦੇ ਕੋਲ ਹੀ ਸੀ ਤੇ ਉਸ ਕੋਲੋਂ ਸਵੇਰੇ ਜਾਣ ਵੇਲੇ ਇਹ ਤੇਜ਼ ਜ਼ਹਿਰ ਲੈ ਕੇ ਗਈ ਸੀ। ਜੋ ਕਿਸੇ ਬਹੁਤ ਜ਼ਹਿਰੀਲੇ ਸੱਪ ਤੋਂ ਲਿਆ ਗਿਆ ਸੀ।
ਇਸ ਮੱਠ ਦੀਆਂ ਇੱਟਾਂ ਤੇ ਇਸ ਵਿਚਲੀ ਵਗਦੀ ਹਵਾ ਤੇ ਵੈਦ ਤੋਂ ਬਿਨਾ ਕਿਸੇ ਨੂੰ ਨਹੀਂ ਸੀ ਪਤਾ ਕਿ ਕੀ ਹੋ ਗਿਆ ਹੈ, ਤੇ ਇਹ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਵਿਪੱਸਨਾ ਨੇ ਆਪਣੇ ਹੰਕਾਰ ਨੂੰ ਪੋਸ਼ਿਤ ਕਰਨ ਲਈ ਤੇ ਆਪਣੀ ਜਿਨਸੀ ਖ਼ਾਹਿਸ਼ ਪੂਰੀ ਨਾ ਹੋਣ ਦੇ ਇਵਜ਼ ਵਿੱਚ, ਇਸ ਭਲੇ ਪੁਰਸ਼ ਦੀ ਜਾਨ ਲੈ ਲਈ ਸੀ।
ਉਸੇ ਸ਼ਾਮ ਜਦੋਂ ਵਿਪੱਸਨਾ ਵੈਦ ਨੂੰ ਮਿਲਣ ਆਈ ਤਾਂ ਉਸ ਦੇ ਚਿਹਰੇ ਤੇ ਕੋਈ ਵੀ ਏਦਾਂ ਦਾ ਭਾਵ ਨਹੀਂ ਸੀ ਕਿ ਅੱਜ ਕੁਝ ਹੋਇਆ ਹੈ।
ਸੂਰਜ ਡੁੱਬ ਰਿਹਾ ਸੀ। ਸ਼ਾਂਤੀ ਨੰਦਨ ਦਾ ਸਸਕਾਰ ਕਰ ਦਿੱਤਾ ਗਿਆ। ਦਿਨ, ਰਾਤ ਵੱਲ ਵਧ ਰਿਹਾ ਸੀ ਤੇ ਵਿਪੱਸਨਾ ਆਪਣੇ ਬਿਸਤਰ ਵਿੱਚ ਮਾਣ ਨਾਲ ਭਰੀ ਹੋਈ ਇਹ ਸੋਚ ਰਹੀ ਸੀ ਕਿ ਜੋ ਮੇਰਾ ਨਹੀਂ ਉਹ ਕਿਸੇ ਦਾ ਨਹੀਂ ਹੋ ਸਕਦਾ।
*
ਇਹ ਕਹਾਣੀ ਮੈਂ ਵਿਮਲ ਕੀਰਤੀ ਦੀ ਡਾਇਰੀ ਵਿੱਚ ਪੜ੍ਹੀ, ਜਿਸ ਦੇ ਅੱਗੇ ਇਹ ਨੋਟ ਵੀ ਲਿਖਿਆ ਹੋਇਆ ਸੀ :
॥ ਮੈਨੂੰ ਪਤਾ ਹੈ।।
ਮੇਰੇ ਕੋਲ ਨਸ਼ੇ ਜਾਂ ਕਿਤਾਬਾਂ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੈ। ਹੋਰ ਕੁਝ ਕੰਮ ਵੀ ਨਹੀਂ ਕਰਦਾ। ਹੁਣ ਔਰਤਾਂ ਦੀ ਹਾਜ਼ਰੀ ਜਾਂ ਪਿਆਰ ਨਾਲ ਭਰੇ ਲਫ਼ਜ ਜ਼ਹਿਰ ਲੱਗਦੇ ਹਨ। ਸਭ ਕੁਝ ਬੁਰਾ ਲੱਗਦਾ ਹੈ।
ਅੱਜ ਮੈਨੂੰ ਚੰਗਾ ਲੱਗ ਰਿਹਾ ਸੀ। ਮੈਨੂੰ ਕੋਈ ਲੜਕੀ ਇੱਕ ਕਿਤਾਬ ਦੇ ਕੇ ਗਈ ਸੀ। ਇਸ ਕਿਤਾਬ ਨੇ ਮੇਰਾ ਧਿਆਨ ਖਿੱਚ ਲਿਆ। ਦਰਅਸਲ ਇਸ ਨੇ ਓਹ ਗੱਲ ਕਹੀ ਜੋ ਮੈਂ ਸੁਣਨੀ ਚਾਹੁੰਦਾ ਸੀ। ਮੈਨੂੰ ਹਮੇਸ਼ਾ ਸ਼ੱਕ ਰਹਿੰਦਾ ਸੀ ਕਿ ਸ਼ਾਇਦ ਮੈਂ ਗਲਤ ਹਾਂ, ਕਿ ਔਰਤਾਂ ਬੁਰੀਆਂ ਵੀ ਹੁੰਦੀਆਂ। ਮੈਨੂੰ ਹਮੇਸ਼ਾ ਇਸੇ ਗੱਲ ਦੀ ਤਲਾਸ਼ ਰਹਿੰਦੀ ਸੀ ਕਿ ਕੋਈ ਇਸ ਗੱਲ ਬਾਰੇ ਚਰਚਾ ਕਰੇ ਕਿ ਔਰਤਾਂ ਬੁਰੀਆਂ
ਹੁੰਦੀਆਂ। ਇਸ ਲੜਕੀ ਨੇ ਮੈਨੂੰ ਕਿਤਾਬ ਦਿੰਦੇ ਹੋਏ ਕਿਹਾ ਕਿ, ਸਰ ਮੈਂ ਔਰਤ ਹਾਂ ਪਰ ਮੈਂ ਜਾਣਦੀ ਹਾਂ, ਹੁਣ ਬਹੁਤ ਔਰਤਾਂ ਨੇ ਜੋ ਆਦਮੀਆਂ ਤੋਂ ਬੁਰੀਆਂ ਨੇਂ। ਮੈਂ ਇਸ ਬਾਰੇ ਕਾਫੀ ਕੁਝ ਕਹਿਣਾ ਚਾਹੁੰਦੀ ਹਾਂ। ਮੈਂ ਉਸ ਦੀ ਗੱਲ ਸੁਣੀ ਪਰ ਕੋਈ ਜਵਾਬ ਨਹੀਂ ਦੇ ਸਕਿਆ। ਉਸ ਨੂੰ ਲੱਗਿਆ ਕਿ ਸ਼ਾਇਦ ਮੈਂ ਇਸ ਸਮੇਂ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਲੋਕਾਂ ਕੋਲ ਮੇਰਾ ਅਕਸ ਇਹੀ ਬਣਿਆ ਹੋਇਆ ਸੀ ਕਿ ਮੈਂ ਇੰਟਰੋਵਰਟ ਆਦਮੀ ਹਾਂ। ਮੇਰੀ ਪ੍ਰਾਬਲਮ ਹੈ ਕਿ ਮੈਂ ਜਲਦੀ ਰਿਐਕਟ ਨਹੀਂ ਕਰ ਸਕਦਾ।
ਉਹ ਮੈਨੂੰ ਇਹ ਕਿਤਾਬ ਦੇ ਕੇ ਚਲੀ ਗਈ। ਇਹ ਛੋਟੀ ਜਿਹੀ ਕਿਤਾਬ ਸੀ। ਮੇਰੇ ਲਈ ਇੱਕ ਹੋਰ ਹੈਰਾਨੀ ਵਾਲੀ ਗੱਲ ਸੀ। ਜਿਵੇਂ ਕਿ ਮੇਰੀ ਲਾਈਫ਼ ਵਿੱਚ ਹਮੇਸ਼ਾ ਹੈਰਾਨ ਕਰਨ ਵਾਲੇ ਇਤਫ਼ਾਕ ਵਾਰ-ਵਾਰ ਹੁੰਦੇ ਰਹਿੰਦੇ ਹਨ।
ਅੱਜ ਸਵੇਰੇ ਹੀ ਮੈਂ ਇਹ ਗੱਲ ਸੋਚ ਰਿਹਾ ਸੀ ਕਿ ਮੈਨੂੰ ਪ੍ਰਸ਼ਾਦ 'ਚ ਪਾ ਕੇ ਜ਼ਹਿਰ ਦਿੱਤਾ ਗਿਆ। ਮੈਨੂੰ ਫਰੇਬ ਮੁਹੱਬਤ ਦਾ ਮੁਖੌਟਾ ਪਾ ਕੇ ਮਿਲਿਆ, ਤੇ ਮੈਂ ਮਰ ਗਿਆ। ਇਸ ਕਿਤਾਬ ਦੀ ਵੀ ਇਹੋ ਕਥਾ ਸੀ। ਇਹ ਪੁਰਾਣੀ ਜਿਹੀ ਕਿਤਾਬ ਸੀ। ਜਿਵੇਂ ਕਿਸੇ ਪਿਛਲੀ ਸਦੀ ਦਾ ਕੋਈ ਦਸਤਾਵੇਜ਼। ਇਸ ਨੂੰ ਹੱਥ 'ਚ ਫੜਦੇ ਹੀ ਮੈਨੂੰ ਕੁਝ ਮਹਿਸੂਸ ਹੋਇਆ, ਜਿਵੇਂ ਇਸ 'ਚ ਮੈਨੂੰ ਕੋਈ ਬੁਲਾ ਰਿਹਾ ਹੋਵੇ ਕਿ ਆ.....ਇਸ ਕਿਤਾਬ 'ਚ ਤੇਰੀ ਉਡੀਕ ਕੀਤੀ ਜਾ ਰਹੀ ਹੈ। ਇਹ ਕਿਸੇ ਉਰਦੂ ਦੀ ਕਿਤਾਬ ਦਾ ਤਰਜਮਾ ਹੈ। ਜਿਸ ਦਾ ਨਾਮ ਹੈ : ਜ਼ਹਿਰ।
*
ਵਿਮਲ ਕੀਰਤੀ ਦੀ ਇਹ ਡਾਇਰੀ ਹਮੇਸ਼ਾ ਲਈ ਹੀ ਮੇਰੇ ਕੋਲ ਹੈ। ਇਹ ਡਾਇਰੀ ਮਿਲਣ ਦੀ ਕਹਾਣੀ ਵੀ ਅਜੀਬ ਹੈ। ਮੈਂ ਇੱਕ ਵਾਰ ਆਪਣੇ ਘਰ ਤੋਂ ਕਾਫ਼ੀ ਦੂਰ ਇੱਕ ਕੌਫ਼ੀ ਹਾਊਸ ਵਿੱਚ ਕੌਫ਼ੀ ਪੀਣ ਲਈ ਗਿਆ। ਜਦੋਂ ਹੀ ਮੈਂ ਕੁਰਸੀ ਤੇ ਬੈਠਿਆ ਤੇ ਸਾਹਮਣੇ ਪਏ ਟੇਬਲ ਤੋਂ ਮੀਨੂੰ ਚੁੱਕਿਆ ਜਿਸ 'ਚ ਘੱਟੋ ਘੱਟ ਪੰਦਰਾਂ ਵੀਹ ਤਰ੍ਹਾਂ ਦੀ ਕੌਫ਼ੀ ਦੀਆਂ ਕਿਸਮਾਂ ਦਰਸਾਈਆਂ ਹੋਈਆਂ ਸਨ। ਇਸੇ ਮੀਨੂੰ ਦੇ ਥੱਲੇ ਇਹ ਡਾਇਰੀ ਪਈ ਸੀ। ਮੈਂ ਸਮਝ ਗਿਆ ਸੀ ਕਿ ਇੱਥੇ ਕੌਫ਼ੀ ਪੀਣ ਵਾਲਾ ਆਪਣੀ ਡਾਇਰੀ ਭੁੱਲ ਗਿਆ ਹੈ।
ਇਹ ਕਿਤਾਬ ਦੇ ਆਕਾਰ ਦੀ ਚਮੜੇ ਦੀ ਜਿਲਦ ਵਾਲੀ ਪੁਰਾਣੀ ਜਿਹੀ ਦਿਸਣ ਵਾਲੀ ਕਰੀਮ ਰੰਗ ਦੇ ਕਰੱਸ਼ਡ ਪੇਜਾਂ ਵਾਲੀ ਡਾਇਰੀ ਹੈ। ਇਸ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਕਾਫ਼ੀ ਕੀਮਤੀ ਹੋਵੇਗੀ।
ਇਹ ਮੈਨੂੰ ਏਨੀ ਵਧੀਆ ਲੱਗੀ ਕਿ ਮੈਂ ਬਜਾਏ ਕੌਫ਼ੀ ਹਾਊਸ ਵਾਲਿਆਂ ਨੂੰ ਇਸ ਬਾਰੇ ਦੱਸਣ ਦੇ, ਚੁੱਪ ਚਾਪ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਆਪਣੇ ਬੈਗ ਵਿੱਚ ਪਾ ਲਿਆ ਤੇ ਸੋਚਿਆ ਇਹ ਜਿਸ ਦੀ ਹੈ। ਉਸ ਕੋਲ ਮੈਂ ਆਪਣੇ ਆਪ-ਪਹੁੰਚਾ ਦੇਵਾਂਗਾ।
ਇਸ ਡਾਇਰੀ ਨੂੰ ਮੈਂ ਆਪਣੇ ਕੋਲ ਰੱਖਦਾ ਹਾਂ, ਰੋਜ਼ ਥੋੜ੍ਹੀ ਜਿਹੀ ਪੜ੍ਹਦਾ ਹਾਂ ਪਰ ਲਗਾਤਾਰ ਨਹੀਂ ਪੜ੍ਹਦਾ। ਇਸ ਡਾਇਰੀ ਨਾਲ ਮੇਰਾ ਅਜੀਬ ਭਾਵਨਾਤਮਕ ਸਬੰਧ ਹੈ। ਮੈਨੂੰ ਇਸ ਡਾਇਰੀ ਕੋਲੋਂ ਅਜੀਬ ਜਿਹਾ ਡਰ ਆਉਂਦਾ ਪਰ ਫਿਰ ਵੀ ਮੈਂ ਇਸ ਨੂੰ ਆਪਣੇ ਕੋਲ ਰੱਖਦਾ ਹਾਂ। ਸੌਣ ਸਮੇਂ ਸਰ੍ਹਾਣੇ ਕੋਲ। ਜਦੋਂ ਹੀ ਇਸ ਨੂੰ ਪੜ੍ਹਨ ਲੱਗਦਾ ਹਾਂ, ਇੱਕ ਅਜੀਬ ਜਿਹਾ ਡਰ ਮੈਨੂੰ ਫੜਨ ਲੱਗਦਾ ਹੈ; ਫਿਰ ਥੋੜ ਜਿਹੀ ਪੜ੍ਹ ਕੇ ਰੱਖ ਦਿੰਦਾ ਹਾਂ।
ਇਸ ਡਾਇਰੀ ਵਿੱਚ ਕੁਝ ਵੀ ਲਿਖਣ ਤੋਂ ਪਹਿਲਾਂ ਲਿਖਿਆ ਹੋਇਆ ਸੀ: ਮੈਨੂੰ ਪਤਾ ਹੈ।
ਜਿਸ ਦਿਨ ਇਹ ਡਾਇਰੀ ਮੈਨੂੰ ਮਿਲੀ ਤੇ ਮੈਂ ਇਸ ਨੂੰ ਖੋਲ੍ਹਿਆ ਤਾਂ ਸਭ ਤੋਂ ਪਹਿਲਾਂ ਇਹ ਨੋਟ ਮੇਰੇ ਸਾਹਮਣੇ ਆਏ ਜਿਨ੍ਹਾਂ ਕਰਕੇ ਮੈਂ ਇਹ ਸੋਚਿਆ ਕਿ ਇਹ ਮੇਰੇ ਪੜ੍ਹਨ ਦੀ ਚੀਜ਼ ਹੈ :-
**
॥ ਮੈਨੂੰ ਪਤਾ ਹੈ।।
ਇਹ ਕਿਸੇ ਆਦਮੀ ਦੀਆਂ ਅੰਤਿਮ ਰਸਮਾਂ ਸਨ। ਲੋਕ ਬੈਠੇ ਸਨ। ਭੋਗ ਦੇ ਸਲੋਕ ਉਚਾਰਨ ਕੀਤੇ ਜਾ ਰਹੇ ਸਨ। ਹੋਰ ਕੋਈ ਆਵਾਜ਼ ਸੁਣ ਨਹੀਂ ਸੀ ਰਹੀ।ਇਸ ਇਕੱਠ ਵਿੱਚ ਦਸ-ਪੰਦਰਾਂ ਮਿੰਟਾਂ ਬਾਅਦ ਕੋਈ ਆ ਜਾ ਰਿਹਾ ਸੀ। ਲੋਕਾਂ 'ਚ ਹਿਲਜੁਲ ਘੱਟ ਸੀ।
ਏਨੇ ਨੂੰ ਇੱਕ ਆਦਮੀ ਆਇਆ ਉਮਰ ਹੋਵੇਗੀ ਚਾਲੀ ਕੁ ਸਾਲ, ਕੁੜਤਾ ਪਜਾਮਾ ਪਾਇਆ ਹੋਇਆ। ਸਿਰ ਦੇ ਵਾਲ ਤੇ ਦਾੜ੍ਹੀ ਕੱਟੀ ਹੋਈ ਅੱਧੇ ਵਾਲ ਚਿੱਟੇ ਅੱਧੇ ਕਾਲੇ। ਉਹ ਹੌਲੀ ਹੌਲੀ ਤੁਰ ਰਿਹਾ ਸੀ। ਉਸ ਦਾ ਪਤਲਾ ਜਿਹਾ ਸਰੀਰ ਸ਼ਾਂਤ ਸੀ। ਉਸ ਨੇ ਆਪਣਾ ਇੱਕ ਹੱਥ ਪਜਾਮੇ ਨੂੰ ਪਾਇਆ ਹੋਇਆ ਸੀ।
ਉਸ ਨੂੰ ਵੇਖ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਕਮਲਾ ਹੈ। ਦਿਮਾਰੀ ਸੰਤੁਲਨ ਵਿਗੜ ਚੁੱਕਿਆ ਹੈ।
ਮੈਂ ਸੋਚਿਆ ਜੇਕਰ ਕਮਲ ਇਸ ਤਰ੍ਹਾਂ ਉਜਾਗਰ ਹੋ ਸਕਦਾ ਹੈ ਕਿ ਕਿਸੇ ਨੂੰ ਵੇਖਦੇ ਸਾਰ ਹੀ ਇਹ ਸਮਝ ਆ ਜਾਂਦਾ ਹੈ ਕਿ ਇਹ ਆਦਮੀ ਕਮਲਾ ਹੈ ਜਾਂ ਸਿਧਰਾ ਹੈ
ਤਾਂ ਸਿਆਣਪ ਵੀ ਜ਼ਰੂਰ ਚਿਹਰੇ ਤੇ ਦਿਸਦੀ ਹੈ। ਪੂਰੀ ਦੇਹ ਤੇ ਜੋ ਚੀਜ਼ ਵਾਪਰਦੀ ਹੈ। ਉਹ ਚਿਹਰੇ ਤੇ ਪ੍ਰਗਟ ਹੋ ਜਾਂਦੀ ਹੈ। ਮੈਂ ਸਿਫ਼ਤੀ ਦੀਆਂ ਅੱਖਾਂ ਵਿੱਚ ਇੱਕ ਖਿੱਚ ਵੇਖੀ ਸੀ। ਬਾਅਦ 'ਚ ਪਤਾ ਲੱਗਿਆ ਇਹ ਮੁਹੱਬਤ ਨਹੀਂ ਕਾਮ ਸੀ।
*
ਉਸ ਬਾਰੇ ਸੋਚਦਾ ਹਾਂ ਤਾਂ ਲੱਗਦਾ ਹੈ ਕਿ ਇਹ ਝੂਠ ਹੈ ਕਿ ਔਰਤ ਜਿਸ ਕੋਲ ਜਾਂਦੀ ਹੈ, ਸਾਰਾ ਕੁਝ ਉਸ ਤੋਂ ਕੁਰਬਾਨ ਕਰ ਦਿੰਦੀ ਹੈ। ਪਰ ਓਥੇ ਤਾਂ ਇਸ ਤਰ੍ਹਾਂ ਨਹੀਂ ਹੋਇਆ। ਓਥੇ ਇਹ ਲੱਗਿਆ ਕਿ ਔਰਤ ਕਦੇ ਵੀ ਆਪਣੇ ਆਪ ਨੂੰ ਸੰਪੂਰਨ ਰੂਪ ਵਿੱਚ ਕਿਸੇ ਦੇ ਹੱਥਾਂ ਵਿੱਚ ਨਹੀਂ ਦਿੰਦੀ। ਉਹ ਜ਼ਰੂਰ ਕੁਝ ਨਾ ਕੁਝ ਬਚਾ ਲੈਂਦੀ ਹੈ। ਜਦੋਂ ਉਹ ਪ੍ਰੇਮੀ ਕੋਲ ਹੁੰਦੀ ਹੈ ਤਾਂ ਤਨ ਬਚਾਉਂਦੀ ਹੈ। ਉਸ ਕੋਲ ਡਰ ਹੁੰਦਾ ਕਿ ਇਸ ਤਰ੍ਹਾਂ ਰਿਸ਼ਤਾ ਖ਼ਤਮ ਹੋ ਜਾਵੇਗਾ। ਪਤੀ ਕੋਲ ਉਹ ਮਨ ਬਚਾ ਲੈਂਦੀ ਹੈ। ਉਸ ਨੂੰ ਦੇਹ ਦੇ ਦਿੰਦੀ ਹੈ। ਉਹ ਸਮੇਂ ਸਮੇਂ ਇਹ ਨਿਸ਼ਚਿਤ ਕਰਦੀ ਰਹਿੰਦੀ ਹੈ ਕਿ ਕਿੰਨਾ ਘੱਟ ਦੇ ਕੇ ਉਹ ਆਪਣਾ ਸਵਾਰਥ ਸਿੱਧ ਕਰ ਸਕਦੀ ਹੈ।
ਉਸ ਕੋਲ ਜਾਣ ਬਾਅਦ ਇਹੀ ਲੱਗਿਆ। ਔਰਤ ਸਿਰਫ਼ ਓਨਾ ਹੀ ਕਿਸੇ ਮਰਦ ਨੂੰ ਦਿੰਦੀ ਹੈ ਜਿੰਨਾ ਕੁ ਉਸ ਦੀ ਮਜਬੂਰੀ ਹੋਵੇ। ਜਦੋਂ ਮੈਂ ਔਰਤ ਦੇ ਮਨ ਦੀ ਬਣਤਰ ਬਾਰੇ ਉਪਨਿਸ਼ਦ ਤੇ ਅਧਿਆਤਮ ਪੜ੍ਹਿਆ ਤਾਂ ਜਾਣਿਆ ਇਹ ਇੱਕ ਬਹੁਤ ਘਿਨੌਣਾ ਸੱਚ ਹੈ। ਇਸ ਨੂੰ ਅਸੀਂ ਸੱਚ ਹੁੰਦੇ ਹੋਏ ਵੀ ਸਵੀਕਾਰ ਨਹੀਂ ਕਰ ਸਕਦੇ। ਅਸੀਂ ਕਮਜ਼ੋਰ ਲੋਕ ਹਾਂ।
*
ਮੈਂ ਉਸ ਦੇ ਮਨ 'ਚੋਂ ਉੱਤਰ ਗਿਆ ਹਾਂ। ਮੈਂ ਉਡੀਕ ਕਰ ਰਿਹਾ ਹਾਂ। ਉਹ ਮੇਰੇ ਮਨ 'ਚੋਂ ਉਤਰ ਜਾਵੇ। ਮੈਂ ਸੋਚਦਾ ਹਾਂ। ਜਿਸ ਦਿਨ ਉਹ ਮੇਰੇ ਮਨ 'ਚੋਂ ਉੱਤਰ ਗਈ, ਮੈਂ ਉਸ ਨੂੰ ਉਸੇ ਥਾਂ ਤੇ ਮਾਰ ਦਿਆਂਗਾ, ਜਿੱਥੇ ਅਸੀਂ ਪਹਿਲੀ ਵਾਰ ਮਿਲੇ ਸੀ।
ਪਰ, ਫੇਰ ਸੋਚਦਾ ਹਾਂ, ਇਸ ਨਾਲ ਮੈਨੂੰ ਚੈਨ ਨਹੀਂ ਆਵੇਗਾ। ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ। ਪਿਆਰ, ਅਧਿਆਤਮ ਅਤੇ ਹਰ ਸਫ਼ਰ ਦਾ ਅੰਤ ਮੌਤ ਹੈ। ਤੁਸੀਂ ਜ਼ਿੰਦਗੀ ਦੀਆਂ ਜਦੋਂ ਡੂੰਘਾਣਾਂ 'ਚ ਉਤਰੋਂਗੇ ਜਾਂ ਬਹੁਤ ਉਚਾਈ 'ਤੇ ਜਾਵੋਗੇ ਤਾਂ ਤੁਹਾਡਾ ਸਾਹਮਣਾ ਓਥੇ ਮੌਤ ਨਾਲ ਹੀ ਹੋਵੇਗਾ। ਉਸ ਨੂੰ ਮਿਲਣ ਬਾਅਦ ਮੈਨੂੰ ਸਮਝ ਆਇਆ ਕਿ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਮਾਰ ਦੇਣਾ ਜਾਂ ਆਪ ਮਰ ਜਾਣਾ, ਦੁਨਿਆਵੀ ਮੁਹੱਬਤ ਦਾ ਸਿਖ਼ਰ ਹੈ ਪਰ ਕਿਸੇ ਵੀ ਆਮ ਆਦਮੀ ਜਾਂ ਔਰਤ ਨੂੰ ਇਹ ਗੱਲ ਸਮਝ ਨਹੀਂ ਆ ਸਕਦੀ।
*
ਮੈਨੂੰ ਸਭ ਤੋਂ ਵੱਧ ਡਿਸਟਰਬ ਪਤਾ ਕਿਹੜੀ ਗੱਲ ਕਰਦੀ ਹੈ ਕਿ ਚੰਗੀਆਂ ਰੱਜੀਆਂ- ਪੁੱਜੀਆਂ, ਜਿਨ੍ਹਾਂ ਕੋਲ ਕੋਈ ਕਮੀ ਨਹੀਂ ਉਹ ਔਰਤਾਂ ਵੀ ਦੋਹਰੀ ਜ਼ਿੰਦਗੀ ਜਿਊਂਦੀਆਂ ਹਨ। ਆਦਮੀ ਨੂੰ ਬੁਰਾ ਮੰਨ ਹੀ ਲਿਆ ਗਿਆ ਹੈ। ਆਦਮੀ ਦੇ ਬੁਰੇ ਹੋਣ ਨੂੰ ਸਮਾਜ ਖਿੜੇ ਮੱਥੇ ਸਵੀਕਾਰ ਕਰਦਾ ਹੈ ਪਰ ਔਰਤਾਂ ਕੋਲ ਵੀ ਮੁਖੌਟੇ ਹਨ।
ਸਿਫ਼ਤੀ ਜਿਸ ਔਰਤ ਨੂੰ ਫੌਲੋ ਕਰਦੀ ਹੈ। ਉਹ ਔਰਤ ਅਤੇ ਉਸ ਦਾ ਪ੍ਰੇਮੀ ਦੋਨੋਂ ਪੂਰੀ ਉਮਰ ਇੱਕੋ ਘਰ ਵਿੱਚ ਬਿਨਾ ਕਿਸੇ ਵੀ ਸਰੀਰਕ ਸਬੰਧ ਦੇ ਰਹੇ, ਤੇ ਸਿਫ਼ਤੀ ਆਪਣੇ ਆਪ ਨੂੰ ਉਸੇ ਤਰ੍ਹਾਂ ਦੀ ਪ੍ਰੇਮਿਕਾ ਦੇ ਰੂਪ ਵਿੱਚ ਵੇਖਦੀ ਹੈ ਪਰ ਆਪਣੀਆਂ ਜਿਨਸੀ ਖ਼ਾਹਿਸ਼ਾਂ ਦੇ ਅੱਗੇ ਹਾਰ ਜਾਂਦੀ ਹੈ।
*
ਮੈਂ ਇਹ ਸਭ ਨਹੀਂ ਕਹਿਣਾ ਚਾਹੁੰਦਾ ਸੀ ਪਰ ਉਸ ਨੇ ਹਮੇਸ਼ਾ ਆਪਣੇ ਮਨ ਦੀ ਕੀਤੀ। ਉਸ ਨੇ ਓਹੀ ਕੀਤਾ ਜੋ ਉਸ ਨੂੰ ਚੰਗਾ ਲੱਗਿਆ ਤੇ ਇਸ ਰਸਤੇ 'ਚ ਜੋ ਵੀ ਆਇਆ ਉਸ ਨੇ ਆਪਣੀ ਲਾਈਫ਼ 'ਚੋਂ ਜਾਂ ਮਨ 'ਚੋਂ ਬਾਹਰ ਕੱਢ ਦਿੱਤਾ।
ਮੈਂ ਬਹੁਤ ਸਿੱਧਾ ਆਦਮੀ ਸੀ। ਮੈਂ ਹਮੇਸ਼ਾ ਇਹ ਸੋਚਦਾ ਸੀ ਕਿ ਇੱਕ ਸਪੰਨ ਪਰਿਵਾਰ ਦੀ ਔਰਤ ਜੋ ਬਹੁਤ ਸਮਝਦਾਰ ਹੈ। ਉਸ ਨੂੰ ਚਲਾਕੀਆਂ ਤੇ ਝੂਠ ਦੀ ਲੋੜ ਨਹੀਂ ਪੈਂਦੀ ਪਰ ਇਹ ਸੱਚ ਨਹੀਂ ਸੀ।
ਉਹ ਆਪਣੀਆਂ ਕਹੀਆਂ ਹੋਈਆਂ ਗੱਲਾਂ ਤੋਂ ਮੁੱਕਰ ਗਈ। ਮੈਂ ਇਹ ਗੱਲਾਂ ਕਿਸ ਨੂੰ ਕਹਾਂ। ਇਨ੍ਹਾਂ ਨੂੰ ਕੋਈ ਵੀ ਸੁਣੇਗਾ ਤਾਂ ਬਕਵਾਸ ਸਮਝੇਗਾ। ਇਸ ਲਈ ਇਹ ਕਾਗ਼ਜ਼ਾਂ ਨੂੰ ਸੁਣਾਉਂਦਾ ਹਾਂ।
*
ਅਸੀਂ ਆਪਣੀਆਂ ਬੱਚੀਆਂ ਨੂੰ ਸੁਚੇਤ ਕਰਦੇ ਹਾਂ ਕਿ ਗੈਰ ਮਰਦਾਂ ਤੋਂ ਬਚੋ। ਕੁਝ ਭਲੇ ਮਾਣਸ ਆਦਮੀ ਵੀ ਹੁੰਦੇ ਹਨ। ਉਹਨਾਂ ਨੂੰ ਵੀ ਸੁਚੇਤ ਕਰਨ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਔਰਤਾਂ ਤੋਂ ਬਚੋ। ਇਹ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਨਰਕ ਦੇ ਦਰਵਾਜ਼ੇ 'ਤੇ ਛੱਡ ਆਉਣਗੀਆਂ।
*
ਵਿਮਲ ਕੀਰਤੀ।
**
ਔਰਤਾਂ ਬੇਵਕੂਫ਼ ਹੁੰਦੀਆਂ
ਤੇ ਸੱਚ ਬੜਾ ਬਤਮੀਜ਼ ਹੁੰਦਾ
ਗੰਦਾ.... ਨੰਗਾ
ਜੇ ਇਹ ਗੱਲ ਕਿਸੇ ਆਦਮੀ ਨੇ ਕਹੀ ਹੁੰਦੀ
ਮੈਂ ਕਦੇ ਯਕੀਨ ਨਾ ਕਰਦਾ
ਪਰ ਇਹ ਗੱਲ ਵਿਮਲ ਕੀਰਤੀ, ਜੋ ਮੇਰਾ ਦੋਸਤ ਹੈ, ਉਸ ਦੀ ਗਰਲ ਫਰੈਂਡ ਨੇ ਕਹੀ
ਹੁਣ ਇਸ 'ਤੇ ਵਿਸ਼ਵਾਸ ਕਰਾਂ ਜਾਂ ਨਾ ਕਰਾਂ ?
ਮੇਰੀ ਸਮਝ ਤੋਂ ਬਾਹਰ ਹੈ।
ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਵਿਮਲ ਕੀਰਤੀ ਦੀ ਫਰੈਂਡ ਇੱਕ ਕਿਤਾਬ ਲਿਖ ਰਹੀ ਹੈ। ਜਿਸ ਦਾ ਨਾਮ ਉਸ ਨੇ ਇਹੀ ਰੱਖਿਆ ਹੈ "ਬੇਵਕੂਫ਼ ਔਰਤਾਂ"। ਮੈਂ ਕਿਹਾ ਇਹ ਬੁਰਾ ਹੋਵੇਗਾ। ਔਰਤਾਂ ਇਸ ਤੇ ਇਤਰਾਜ਼ ਕਰਨਗੀਆਂ। ਉਸ ਦਾ ਜਵਾਬ ਸੀ। ਤੁਹਾਨੂੰ ਕੀ ਪਤਾ ਔਰਤਾਂ ਬਾਰੇ ? ਤੁਸੀਂ ਆਦਮੀ ਹੋ। ਤੁਸੀਂ ਔਰਤਾਂ ਨੂੰ ਵੇਖਦੇ, ਸੁਣਦੇ, ਭੋਗਦੇ ਹੋ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ, ਕਿ ਔਰਤ ਜਦੋਂ ਮੁਹੱਬਤ ਵਿੱਚ ਹੁੰਦੀ ਹੈ ਤਾਂ ਪ੍ਰਮਾਤਮਾ ਦੇ ਸਿਰ ਤੇ ਹੱਥ ਰੱਖ ਕੇ ਵੀ ਝੂਠੀ ਸਹੁੰ ਖਾ ਸਕਦੀ ਹੈ।
ਮੈਂ ਹਾਲੇ ਇਸ ਬਾਰੇ ਸੋਚ ਹੀ ਰਿਹਾ ਸੀ। ਕਿ ਮੇਰੇ ਫ਼ੋਨ ਤੇ ਇੱਕ ਅਨ-ਨੋਨ ਨੰਬਰ ਤੋਂ ਕਾਲ ਆਈ। ਫੋਨ ਆਨ ਕਰਦੇ ਸਾਰ ਹੀ ਮੈਂ ਹਾਲੇ, ਹੈਲੋ ਵੀ ਨਹੀਂ ਕਿਹਾ ਉਧਰੋਂ ਆਵਾਜ਼ ਆਈ :
ਹੈਲੋ ..... ! .. ਮੈਂ ਬੋਲ ਰਹੀ ਹਾਂ।
ਮੈ ਕੌਣ...
ਮੈਂ ਰਜਨੀ ਮਲਹੋਤਰਾ
ਹਾਂਜੀ ਦੱਸੋ
ਤੁਸੀਂ ਕੌਂਸਲਰ ਹੋ ਨਾ
ਹਾਂਜੀ
ਮੈਂ ਮਿਲਣਾ ਚਾਹੁੰਦੀ ਹਾਂ ਤੁਹਾਨੂੰ .......... ਕਦੋਂ ਆ ਸਕਦੀ ਹਾਂ
ਕੱਲ੍ਹ ਆ ਜਾਣਾ ਗਿਆਰਾਂ ਵਜੇ ..... ਐਡਰੈੱਸ ਪਤਾ ਤੁਹਾਨੂੰ
ਹਾਂਜੀ ਪਤਾ
ਓਕੇ ਬਾਏ
ਫੋਨ ਬੰਦ ਕਰਦੇ ਹੀ ਮੈਂ ਫਿਰ ਵਿਮਲ ਕੀਰਤੀ ਬਾਰੇ ਸੋਚਣ ਲੱਗਿਆ। ਇਹ ਆਦਮੀ ਅਕਸਰ ਮੇਰੇ ਕੋਲ ਬਿਨਾ ਕੰਮ ਤੋਂ ਵੀ ਆ ਜਾਂਦਾ। ਹੁਣ ਇਹ ਮੇਰਾ ਪੇਸ਼ੈਂਟ ਨਹੀਂ ਰਿਹਾ, ਦੋਸਤ ਬਣ ਗਿਆ ਹੈ। ਉਸ 'ਚ ਕੋਈ ਕਮੀ ਨਹੀਂ। ਬਸ ਇੱਕ ਤਾਂ ਉਸ ਦੀ ਦਿੱਖ ਸਧਾਰਨ ਹੈ। ਦੂਸਰਾ ਉਹ ਆਪਣੀਆਂ ਸਾਰੀਆਂ ਗੱਲਾਂ ਮੈਨੂੰ ਦੱਸ ਦਿੰਦਾ। ਆਪਣਾ ਫੋਨ ਮੈਨੂੰ ਫੜਾ ਦਿੰਦਾ ਤੇ ਆਖਦਾ ਹੈ। ਇਸ ਕੁੜੀ ਨਾਲ ਮੇਰੀ ਚੈਟ ਪੜ੍ਹੋ। ਭਾਵੇਂ ਇਹ ਗੱਲ ਸੱਚ ਹੈ ਕਿ ਇਹ ਸਭ ਉਹ ਸਿਰਫ਼ ਮੇਰੇ ਨਾਲ ਹੀ ਸ਼ੇਅਰ ਕਰਦਾ ਹੈ।
ਪਿਛਲੇ ਵਾਰ ਜਦੋਂ ਉਹ ਆਇਆ ਸੀ ਤਾਂ ਕਿਸੇ ਕੁੜੀ ਬਾਰੇ ਗੱਲ ਕਰ ਰਿਹਾ ਸੀ। ਜਿਸ ਦੀ ਉਮਰ ਕਰੀਬਨ ਛੱਬੀ ਸਤਾਈ ਸਾਲ ਦੀ ਹੈ। ਉਹ ਕੁੜੀ ਲਗਾਤਾਰ ਉਸ ਨੂੰ ਮੈਸੇਜ ਕਰ ਰਹੀ ਹੈ। ਪਿਆਰ ਕਰਦੀ ਹੈ ਪਰ ਕਹਿੰਦੀ ਨਹੀਂ। ਬਸ ਮੈਸੇਜ ਕਰਦੀ ਹੈ। ਵਿਮਲ ਕੀਰਤੀ ਨੇ ਉਸ ਨੂੰ ਝਿੜਕ ਦਿੱਤਾ ਸੀ, ਕਿ ਏਨੇ ਮੈਸੇਜ ਨਾ ਕਰੇ ਪਰ ਉਹ ਹਟਦੀ ਨਹੀਂ। ਮੈਨੂੰ ਉਸ ਨੇ ਉਸ ਕੁੜੀ ਨਾਲ ਕੀਤੀ ਚੈਟ ਵੀ ਪੜਾਈ ਜੋ ਮੈਨੂੰ ਇੰਨ-ਬਿੰਨ ਯਾਦ ਹੈ। ਉਸ 'ਚ ਲਿਖਿਆ ਸੀ :-
ਹੈਲੋ.. ਕੀ ਹਾਲ ਐ?
ਠੀਕ
ਤੁਸੀਂ ਯਾਦ ਨਹੀਂ ਕਰਦੇ ਮੈਨੂੰ ?
ਕਰਦਾ ਹਾਂ
ਮੈਂ ਤੰਗ ਕਰਦੀ ਹਾਂ ਤੁਹਾਨੂੰ.. ਹਨਾਂ..?
ਨਹੀਂ..... ਕੋਈ ਗੱਲ ਨਈ
ਤੁਹਾਨੂੰ ਪਤੈ.... ਮੈਂ ਲੱਲ੍ਹੀ ਹਾਂ
ਲੱਲ੍ਹੀ...? ਉਹ ਕੀ ਹੁੰਦਾ..?
ਸਿਧਰੀ...... ਜਾਂ ਕਮਲੀ ਕਹਿ ਲਵੋ
ਫੇਰ ਕੀ ਆ ?
ਹੈ ਤਾਂ ਕੁਝ ਵੀ ਨਹੀਂ ਪਰ ਮੈਨੂੰ ਲੱਗਦਾ, ਤਾਂ ਦੱਸਿਆ।
ਪਰ ਥੋੜ੍ਹੇ ਜਿਹੇ ਕਮਲੇ ਤਾਂ ਹੋਣਾ ਚਾਹੀਦਾ
ਕਿਉਂ ?
ਤੈਨੂੰ ਪਤਾ ਨਈਂ
ਉਹ ਔਰਤਾਂ ਜਾਂ ਕੁੜੀਆਂ ਜਿਹੜੀਆਂ ਖੂਬਸੂਰਤ ਹੋਣ ਤੇ ਬੇਵਕੂਫ਼ ਹੋਣ। ਮੈਨੂੰ ਬਹੁਤ ਚੰਗੀਆਂ ਲੱਗਦੀਆਂ।
ਕਿਉਂ ?
ਇਹਨਾਂ ਦੀ ਅਪਣੱਤ ਵਿੱਚ ਇੱਕ ਅਜੀਬ ਕਿਸਮ ਦਾ ਪਾਗਲਪਣ ਹੁੰਦਾ। ਉਹ ਮੇਰੀ ਆਤਮਾ ਨੂੰ ਟੁੰਬਦਾ ਹੈ। ਨਾਲੇ ਔਰਤਾਂ ਨੂੰ ਬਹੁਤ ਜ਼ਿਆਦਾ ਸਿਆਣੀਆਂ ਨਹੀਂ ਹੋਣਾ ਚਾਹੀਦਾ।
ਇਹ ਕੀ ਗੱਲ ਹੋਈ?
ਬਹੁਤ ਸਿਆਣੀਆਂ ਔਰਤਾਂ ਨੂੰ ਮੁਹੱਬਤ ਨਹੀਂ ਕੀਤੀ ਜਾ ਸਕਦੀ। ਮੈਨੂੰ ਤਾਂ ਇਹੋ ਲੱਗਦਾ।
ਕਈ ਵਾਰ ਇਹ ਵੀ ਲੱਗਦਾ ਕਿ ਕੁਝ ਔਰਤਾਂ ਦੇ ਐਬ ਹੀ ਉਹਨਾਂ ਦਾ ਸੁਹੱਪਣ ਹੁੰਦੇ ਹਨ।
ਪਤਾ ਕਿਉਂ...? ਕਿਉਂ ਕਿ ਸਿੱਧਰੀਆਂ ਜਾਂ ਬੇਵਕੂਫ਼ ਔਰਤਾਂ ਬਹੁਤ ਕਮਾਲ ਦੀ ਮੁਹੱਬਤ ਕਰਦੀਆਂ ਹਨ, ਤੇ ਜਿਹੜਾ ਕਮਲ ਉਹ ਮੁਹੱਬਤ 'ਚ ਕੁੱਟਦੀਆਂ ਨੇ ਉਸ ਸੁਹੱਪਣ ਦਾ ਕੋਈ ਮੁਕਾਬਲਾ ਨਹੀਂ। ਸੱਚੀ ਹਰ ਕੋਈ ਇਸੇ ਤਰ੍ਹਾਂ ਦਾ ਧਿਆਨ ਜਾਂ ਮੁਹੱਬਤ ਲੱਭਦਾ ਹੈ।
ਵਿਮਲ ਕੀਰਤੀ ਨੇ ਇਸ ਕੁੜੀ ਬਾਰੇ ਮੈਨੂੰ ਅਜੀਬ ਗੱਲਾਂ ਦੱਸੀਆਂ। ਜਿਹੜੀਆ ਕਿ ਉਹ ਸੋਚਦਾ ਸੀ। ਉਸ ਨੇ ਕਿਹਾ ਕਿ ਇਹ ਮੈਨੂੰ ਚੰਗੀ ਲੱਗਦੀ ਹੈ, ਬਸ। ਪਰ ਮੈਂ ਇਸ ਨਾਲ ਕੋਈ ਸਬੰਧ ਮਹਿਸੂਸ ਨਹੀਂ ਕਰਦਾ। ਹਾਂ ਪਿਛਲੇ ਪੂਰੇ ਇੱਕ ਸਾਲ ਵਿੱਚ ਮੈਂ ਸਿਰਫ਼ ਇੱਕ ਰਾਤ ਇਸ ਬਾਰੇ ਸੋਚਿਆ। ਕਈ ਵਾਰ ਸੋਚਦਾ ਹਾਂ, ਇਸ ਨਾਲ ਮੇਰਾ ਰਿਸ਼ਤਾ, ਸਿਰਫ਼ ਇੱਕ ਰਾਤ ਸੀ। ਉਹ ਵੀ, ਉਸ ਕੁੜੀ ਨੂੰ ਪਤਾ ਨਹੀਂ ਸੀ, ਕਿ ਮੈਂ ਉਸ ਬਾਰੇ ਸੋਚ ਰਿਹਾ ਹਾਂ।
ਫਿਰ ਥੋੜ੍ਹਾ ਰੁਕ ਕੇ ਵਿਮਲ ਕੀਰਤੀ ਨੇ ਕਿਹਾ :
ਮੇਰਾ ਦਿਲ ਕਰਦਾ ਕਿ ਇਹ ਕੁੜੀ ਮੇਰੇ ਘਰ ਵਿੱਚ ਰਹੇ। ਮੇਰੀ ਪਤਨੀ ਬਣ ਕੇ ਨਹੀਂ। ਮੇਰੀ ਰਖੇਲ ਬਣ ਕੇ। ਰਖੇਲ ਵੀ ਪਤਾ ਕਿਵੇਂ ? ਕਿ ਇਹ ਮੈਨੂੰ ਇਸ ਤਰ੍ਹਾਂ ਮੁਹੱਬਤ ਕਰੇ ਕਿ ਮੈਨੂੰ ਛੱਡ ਨਾ ਸਕੇ, ਤੇ ਮੈਂ ਇਹ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਰੋਜ਼ ਕੁੱਟਾਂ। ਇਸ ਦੇ ਥੱਪੜ ਮਾਰਾਂ, ਥੱਪੜ ਮਾਰ ਮਾਰ ਕੇ ਇਸ ਦੇ ਸਿਰ ਦੇ ਵਾਲ ਖਿਲਾਰ ਦੇਵਾਂ ਤੇ ਇਹ ਚੁੱਪ-ਚਾਪ ਕੁੱਟ ਖਾਂਦੀ ਰਹੇ ਤੇ ਇਸ ਕੁੱਟ ਨੂੰ ਸਵੀਕਾਰ ਕਰੇ। ਇਸ ਦੇ ਦਿਲ 'ਚ ਏਨਾ ਪਿਆਰ ਮੇਰੇ ਲਈ ਹੋਵੇ ਕਿ ਇਹ ਮੇਰੀ ਨਫ਼ਰਤ ਨੂੰ ਵੀ ਇੱਕ ਨਿਆਮਤ ਸਮਝੇ ਤੇ ਮੇਰਾ ਅਹਿਸਾਨ ਮੰਨੇ ਕਿ ਮੈਂ ਇਸ ਤੇ ਜ਼ੁਲਮ ਕਰ ਰਿਹਾ ਹਾਂ। ਸੱਚੀਂ ਜਦੋਂ ਮੈਂ ਇਸ ਦੀ ਕਲਪਨਾ ਕਰਦਾ ਹਾਂ ਕਿ ਕੁੱਟਣ ਬਾਅਦ ਉਹ ਖਿੱਲਰੇ ਵਾਲਾਂ ਨੂੰ ਠੀਕ ਕਰਦੀ ਹੋਈ, ਰੋ ਰਹੀ ਹੋਵੇ ਤਾਂ ਫਿਰ ਮੈਂ ਉਸ ਨੂੰ ਪਿਆਰ ਨਾਲ ਚੁੱਪ ਕਰਵਾਵਾਂ ਤੇ ਉਹ ਫਿਰ ਵੀ ਮੇਰੇ ਸੀਨੇ ਨਾਲ ਲੱਗ ਜਾਵੇ ਤੇ ਕਹੇ ਕਿ
" ਤੂੰ ਕੁਝ ਵੀ ਕਰ ਜਿਵੇਂ ਮਰਜ਼ੀ ਰੱਖ ਮੈਂ ਤੇਰੀ ਹਾਂ, ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ" ਇਹ ਸਭ ਸੋਚਦਿਆਂ ਮੈਨੂੰ ਬੜਾ ਸਕੂਨ ਮਿਲਦਾ ਹੈ।
ਵਿਮਲ ਕੀਰਤੀ ਇਹ ਜਾਣਦਾ ਹੈ ਕਿ ਹਰ ਚੀਜ਼ ਦਾ ਇੱਕ ਚਰਮ ਹੁੰਦਾ ਹੈ, ਇੱਕ ਸਿਖਰ। ਜ਼ੁਲਮ ਦਾ ਵੀ ਮੁਹੱਬਤ ਦਾ ਵੀ, ਤੇ ਮੁਹੱਬਤ ਆਪਣੇ ਚਰਮ ਤੇ ਸਿਖਰ ਤੇ ਜਾ ਕੇ ਬਹੁਤੇ ਵਾਰ ਜ਼ੁਲਮ ਹੀ ਬਣ ਜਾਂਦੀ ਹੈ। ਭਾਵੇਂ ਕਿ ਇਹ ਜ਼ੁਲਮ ਕੋਈ ਆਪਣੇ ਆਪ ਤੇ ਕਰੇ ਜਾਂ ਦੂਸਰੇ ਤੇ। ਅੱਜ ਕੱਲ੍ਹ ਵਿਮਲ ਕੀਰਤੀ ਇਨ੍ਹਾਂ ਵਿਚਾਰਾਂ ਤੋਂ ਖਹਿੜਾ ਛੁਡਾਉਣ ਲਈ ਮੇਰੇ ਕੋਲ ਆਉਂਦਾ ਹੈ। ਉਹ ਚਾਹੁੰਦਾ ਹੈ ਕਿ ਮੈਂ ਉਸ ਨੂੰ ਜਿਉਣ ਦਾ ਉਹ ਤਰੀਕਾ ਦੱਸਾਂ ਕਿ ਇਸ ਤਰ੍ਹਾਂ ਦੇ ਵਿਚਾਰ ਉਸ ਦੇ ਮਨ 'ਚ ਨਾ ਆਉਣ। ਉਹ ਦੱਸਦਾ ਹੈ ਕਿ ਮੈਨੂੰ ਪਤਾ, ਕਿ ਕਿਸੇ ਔਰਤ ਤੇ ਜ਼ੁਲਮ ਕਰਨ ਬਾਰੇ ਸੋਚਣਾ ਬੁਰਾ ਹੈ, ਪਰ ਮੈਂ ਕੀ ਕਰਾਂ ? ਇਸ ਤਰ੍ਹਾਂ ਸੋਚਣਾ ਮੈਨੂੰ ਚੰਗਾ ਲੱਗਦਾ ਹੈ ਤੇ ਇਸੇ ਨਾਲ ਹੀ ਮੈਂ ਆਤਮ ਗਿਲਾਨੀ ਨਾਲ ਭਰਨ ਲੱਗਦਾ ਹਾਂ ਤੇ ਫਿਰ ਸੋਚਦਾ ਹਾਂ ਕਿ ਮੈਂ ਬੁਰਾ ਆਦਮੀ ਹਾਂ, ਤਾਂ ਹੀ ਇਸ ਤਰ੍ਹਾਂ ਸੋਚਦਾ ਹਾਂ। ਮੈਂ ਇਸ ਤਰ੍ਹਾਂ ਦੇ ਵਿਚਾਰਾਂ ਤੋਂ ਜਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਦੇ ਘਟੀਆ ਸਵਾਦ ਤੋਂ ਛੁਟਕਾਰਾ ਚਾਹੁੰਦਾ ਹਾਂ।
**
**
ਅਗਲੇ ਦਿਨ ਸਵੇਰੇ ਤਕਰੀਬਨ ਨੌਂ ਵਜੇ ਮੈਂ ਆਪਣੇ ਮੈਡੀਟੇਸ਼ਨ ਸੈਂਟਰ ਤੇ ਸੀ। ਅੱਜ ਦੇ ਔਰਤਾਂ ਨੇ ਮੈਨੂੰ ਮਿਲਣ ਲਈ ਆਉਣਾ ਸੀ। ਮੇਰੇ ਮਨ 'ਚ ਰਲੇ ਮਿਲੇ ਜਿਹੇ ਵਿਚਾਰ ਚੱਲ ਰਹੇ ਸਨ। ਪਹਿਲਾਂ ਮੈਂ ਵਿਮਲ ਕੀਰਤੀ ਬਾਰੇ ਸੋਚਦਾ ਰਿਹਾ। ਉਸ ਦੀਆਂ ਕਹੀਆਂ ਕੁਝ ਗੱਲਾਂ ਯਾਦ ਆ ਰਹੀਆਂ ਸਨ। ਕਿ ਸੱਚੀ ਮੁਹੱਬਤ ਦੀ ਇਹੋ ਪਹਿਚਾਣ ਹੈ ਕਿ ਉਹ ਕਬੂਲ ਨਹੀਂ ਹੁੰਦੀ ਅਤੇ ਮੁਹੱਬਤ ਉਪਦੇਸ਼ ਨਹੀਂ ਸੁਣਦੀ, ਬਸ ਏਨਾ ਕੁ ਜਾਣਨਾ ਚਾਹੁੰਦੀ ਹੈ, ਕਿ ਉਹ ਕਬੂਲ ਹੋਈ ਹੈ ਜਾਂ ਨਹੀਂ। ਮੈਂ ਅਤੀਤ ਬਾਰੇ ਵੀ ਸੋਚ ਰਿਹਾ ਸੀ, ਜਦੋਂ ਮੈਂ ਸੋਚਿਆ ਕਰਦਾ ਸੀ ਕਿ ਕਦੇ ਮੇਰਾ ਆਪਣਾ ਇੱਕ ਮੈਡੀਟੇਸ਼ਨ ਸੈਂਟਰ ਹੋਵੇ। ਸ਼ੁਕਰ ਹੈ, ਮੇਰਾ ਇਹ ਸੁਪਨਾ ਪੰਜ ਸਾਲ ਪਹਿਲਾਂ ਪੂਰਾ ਹੋ ਗਿਆ ਸੀ। ਇਸ ਮੈਡੀਟੇਸ਼ਨ ਸੈਂਟਰ ਨੂੰ ਬਣਾਉਣ ਤੇ ਮੇਰਾ ਪੂਰਾ ਬਿਆਲੀ ਲੱਖ ਰੁਪਿਆ ਲੱਗਿਆ ਪਰ ਜੋ ਇੱਥੇ ਬੈਠ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਸ ਦਾ ਕੋਈ ਮੁੱਲ ਨਹੀਂ। ਆਮ ਤੌਰ ਤੇ ਇੱਥੇ ਆਉਣ ਵਾਲੀਆਂ ਔਰਤਾਂ ਮੈਨੂੰ ਇਹੀ ਆਖਦੀਆਂ ਹਨ, ਕਿ ਇਹ ਥਾਂ ਏਨੀ ਸੋਹਣੀ ਹੈ ਕਿ ਅਸੀਂ ਅੱਧੀਆਂ ਤਾਂ ਇੱਥੇ ਆ ਕੇ ਹੀ ਠੀਕ ਹੋ ਜਾਂਦੀਆਂ ਹਾਂ।
ਸਫਾਈ ਕਰਨ ਵਾਲੀ ਲੜਕੀ ਆਸ਼ਾ ਸਫ਼ਾਈ ਦਾ ਕੰਮ ਕਰ ਰਹੀ ਸੀ। ਇਹ ਪਤਲੀ ਜਿਹੀ ਪੱਚੀ ਕੁ ਸਾਲ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਕੁੜੀ, ਤਿੰਨ ਸਾਲ ਪਹਿਲਾਂ ਮੇਰੇ ਕੋਲ ਆਈ ਸੀ। ਮੈਂ ਬੈਠਾ ਹਾਲ ਦੇ ਫਰਸ਼ ਨੂੰ ਵੇਖ ਰਿਹਾ ਸੀ। ਇਹ ਲੱਕੜ ਦਾ ਫਰਸ਼ ਜਿਸ ਦਾ ਰੰਗ ਕੌਫ਼ੀ ਬ੍ਰਾਊਨ ਹੈ। ਇਹ ਦਿਲਕਸ਼ ਰੰਗ ਮੈਨੂੰ ਬਹੁਤ ਸੋਹਣਾ ਲੱਗਦਾ। ਇਸ ਹਾਲ ਦੇ ਇੱਕ ਪਾਸੇ ਪੂਰੀ ਕੰਧ ਜਿੰਨੇ ਥਾਂ ਵਿੱਚ ਸਿਰਫ਼ ਸ਼ੀਸ਼ਾ ਲਗਾਇਆ ਹੋਇਆ। ਜਿਸ 'ਚੋਂ ਲੰਘਦੀ ਰੋਸ਼ਨੀ ਫ਼ਰਸ਼ ਨੂੰ ਹੋਰ ਵੀ ਸੋਹਣਾ ਬਣਾਉਂਦੀ ਹੈ, ਤੇ ਇਸ ਸ਼ੀਸ਼ੇ ਦੀ ਵੱਡੀ ਵਿੰਡੋ ਕੋਲ ਦੋਵੇਂ ਪਾਸੇ ਗਮਲਿਆਂ ਵਿੱਚ ਲੱਗੇ ਛੋਟੇ ਛੋਟੇ ਬਾਂਸ ਦੇ ਬੂਟੇ ਇਸ ਹਾਲ ਨੂੰ ਕੁਦਰਤ ਨਾਲ ਇੱਕ ਮਿੱਕ ਕਰਦੇ ਹਨ। ਇਸ ਹਾਲ ਦੇ ਫਰਸ ਲਈ ਮੈਂ ਜਦੋਂ ਲੱਕੜ ਖਰੀਦੀ ਤਾਂ ਮੈਨੂੰ ਇਸ ਦੀ ਕੁਆਲਟੀ ਬਾਰੇ ਕੁਝ ਨਹੀਂ ਸੀ ਪਤਾ, ਬਸ ਇਹ ਮੈਨੂੰ ਸੋਹਣੀ ਲੱਗੀ ਸੀ। ਲੱਕੜ ਦਾ ਕੰਮ ਕਰਨ ਵਾਲੇ ਇੱਕ ਕਾਰੀਗਰ ਨੇ ਮੈਨੂੰ ਦੱਸਿਆ ਸੀ ਕਿ ਇਸ ਲੱਕੜ ਨੂੰ ਰਸ਼ੀਅਨ ਚਾਪ ਕਹਿੰਦੇ
ਹਨ। ਆਸ਼ਾ ਸਫ਼ਾਈ ਕਰਦੀ ਹੋਈ ਇੱਧਰ ਓਧਰ ਜਾਂਦੀ ਤਾਂ ਉਸ ਦੇ ਤੁਰਨ ਨਾਲ ਇਸ ਫਰਸ਼ 'ਚੋਂ ਬੜੀ ਦਿਲਕਸ਼ ਆਵਾਜ਼ ਪੈਦਾ ਹੁੰਦੀ।
ਇਸ ਲੜਕੀ ਆਸ਼ਾ ਦੀ ਆਪਣੀ ਇੱਕ ਕਹਾਣੀ ਹੈ। ਇਹ ਪਟਨੇ ਦੀ ਰਹਿਣ ਵਾਲੀ ਹੈ। ਪਹਿਲਾਂ ਇਸ ਦੀ ਮਾਸੀ ਮੇਰੇ ਕੋਲ ਸਫ਼ਾਈ ਦਾ ਕੰਮ ਕਰਦੀ ਸੀ। ਉਹ ਇੱਕ ਦਿਨ ਇਸ ਨੂੰ ਆਪਣੇ ਨਾਲ ਲੈ ਆਈ ਸੀ। ਇਹ ਬਿਲਕੁਲ ਅਨਪੜ੍ਹ ਹੈ। ਜਦੋਂ ਇਹ ਪਹਿਲੇ ਦਿਨ ਮੇਰੇ ਕੋਲ ਆਈ ਸੀ ਤਾਂ ਇਸ ਦੇ ਫਟੀ ਹੋਈ ਕਰੀਮ ਅਤੇ ਨੀਲੇ ਰੰਗ ਦੀ ਸਾੜੀ ਪਾਈ ਹੋਈ ਸੀ। ਵਾਲ ਲੱਗਦਾ ਸੀ ਜਿਵੇਂ ਮਹੀਨੇ ਤੋਂ ਵਾਹੇ ਹੀ ਨਹੀਂ। ਮੂੰਹ ਸੁੱਜਿਆ ਹੋਇਆ ਸੀ। ਮੈਨੂੰ ਯਾਦ ਹੈ ਕਿ ਉਸ ਦਿਨ ਮੇਰਾ ਧਿਆਨ ਪਹਿਲਾਂ ਇਸ ਦੇ ਪੈਰਾਂ ਵੱਲ ਗਿਆ ਜਿਨ੍ਹਾਂ 'ਚ ਬੜੀਆਂ ਪੁਰਾਣੀਆਂ, ਘਸੀਆਂ ਹੋਈਆਂ ਚੱਪਲਾਂ ਪਾਈਆਂ ਹੋਈਆਂ ਸਨ ਜਿਹੜੀਆਂ ਮਿੱਟੀ ਨਾਲ ਲਿੱਬੜੀਆਂ ਹੋਈਆਂ ਸਨ। ਉਸ ਦਾ ਧਿਆਨ ਨਹੀਂ ਸੀ ਕਿ ਉਸ ਦੀਆਂ ਚੱਪਲਾਂ ਫਰਸ਼ ਨੂੰ ਗੰਦਾ ਕਰ ਰਹੀਆਂ ਸਨ ਪਰ ਮੈਂ ਸਮਝ ਸਕਦਾ ਸੀ। ਉਹ ਏਨੀ ਪਰੇਸ਼ਾਨ ਸੀ ਜਿਵੇਂ ਬੇਹੋਸ਼ੀ ਵਿੱਚ ਚੱਲ ਰਹੀ ਹੋਵੇ। ਉਹ ਡਿਪਰੈਸ਼ਨ ਵਿੱਚ ਸੀ।
ਆਸ਼ਾ ਦੀ ਮਾਸੀ ਨੇ ਉਸ ਦੀ ਬਾਂਹ ਫੜ੍ਹੀ ਤੇ ਮੈਨੂੰ ਕਿਹਾ ਸੀ : ਸਾਬ ਇਸਕਾ ਕੁਛ ਕਰੋ। ਯੇ ਮੇਰੀ ਬੇਟੀ ਹੈ। ਮੈਂ ਪਰੇਸ਼ਾਨ ਹੂੰ ਇਸਕੇ ਕਾਰਨ। ਉਸ ਨੂੰ ਆਰਾਮ ਨਾਲ ਬਿਠਾਉਣ ਤੇ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਇੱਕ ਰਿਕਸ਼ਾ ਚਲਾਉਣ ਵਾਲੇ ਨੂੰ ਵਿਆਹੀ ਹੋਈ ਸੀ। ਜੋ ਲਗਾਤਾਰ ਸ਼ਰਾਬ ਪੀਂਦਾ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਉਹ ਗੈਰ ਔਰਤਾਂ ਕੋਲ ਜਾਂਦਾ ਸੀ ਤੇ ਬਹੁਤ ਵਾਰ ਉਹਨਾਂ ਨੂੰ ਆਪਣੇ ਕਮਰੇ ਵਿੱਚ ਲੈ ਆਉਂਦਾ ਸੀ। ਜਿਨ੍ਹਾਂ ਵਿੱਚ ਕੂੜਾ ਚੁਗਣ ਵਾਲੀਆਂ ਜਾਂ ਜੁਰਾਬਾਂ ਵੇਚਣ ਵਾਲੀਆਂ ਕੁੜੀਆਂ ਹੁੰਦੀਆਂ ਸਨ। ਜਿਸ ਤੇ ਆਸ਼ਾ ਇਤਰਾਜ਼ ਕਰਦੀ ਸੀ ਤੇ ਉਸ ਤੋਂ ਕੁੱਟ ਖਾਂਦੀ ਸੀ। ਮੈਂ ਉਸ ਨੂੰ ਸਭ ਠੀਕ ਹੋਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਉਹ ਆਪਣੇ ਪਤੀ ਤੇ ਕੋਈ ਵੀ ਇਤਰਾਜ਼ ਕਰਨਾ ਬੰਦ ਕਰੇ ਅਤੇ ਉਸ ਦੀਆਂ ਬੇਵਕੂਫੀਆਂ ਨੂੰ ਅਣਦੇਖਾ ਕਰੇ, ਹੋਰ ਕਾਫ਼ੀ ਗੱਲਾਂ ਦੱਸੀਆਂ ਜੋ ਅਕਸਰ ਮੈਂ ਆਪਣੇ ਪੇਸ਼ੈਂਟਸ ਨੂੰ ਦੱਸਦਾ ਹਾਂ। ਫੇਰ ਮੈਂ ਉਸ ਨੂੰ ਘਰ ਭੇਜ ਦਿੱਤਾ ਤੇ ਨਹਾ ਕੇ ਆਉਣ ਲਈ ਕਿਹਾ ਤੇ ਸ਼ਾਮ ਨੂੰ ਆਸ਼ਾ ਨੂੰ ਮੈਂ ਆਪਣੀ ਇੱਕ ਦੋਸਤ ਲੇਡੀ ਡਾਕਟਰ ਕੋਲ ਲੈ ਕੇ ਗਿਆ। ਡਾਕਟਰ ਨੇ ਦੱਸਿਆ ਕਿ ਉਸ ਦੀ ਓਵਰੀ 'ਚ ਇਨਫੈਕਸ਼ਨ ਹੈ ਤੇ ਜਿਸ ਕਾਰਨ ਲਗਾਤਾਰ ਹਲਕਾ ਬੁਖ਼ਾਰ ਰਹਿੰਦਾ ਹੈ। ਕਿੰਨੇ ਲੋਕ ਇਸ ਤਰ੍ਹਾਂ ਦੀ ਹਾਲਤ 'ਚ ਹਨ। ਉਸ ਨੂੰ
ਪਤਾ ਵੀ ਨਹੀਂ ਸੀ ਕਿ ਉਸ ਨੂੰ ਬੁਖ਼ਾਰ ਹੈ। ਮੈਂ ਉਸ ਦਾ ਟਰੀਟਮੈਂਟ ਕਰਵਾਇਆ ਉਸ ਦੀ ਹਾਲਤ ਸੁਧਰ ਰਹੀ ਸੀ। ਕੁਝ ਟਾਈਮ ਬਾਅਦ ਉਸ ਦਾ ਪਤੀ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਿਆ ਤੇ ਮਾਸੀ ਪਟਨੇ ਚਲੀ ਗਈ ਸੀ, ਤੇ ਆਸ਼ਾ ਪੱਕੇ ਤੌਰ ਤੇ ਮੇਰੇ ਕੋਲ ਆ ਗਈ। ਇੱਥੇ ਮੇਰੇ ਪੂਰੇ ਮੈਡੀਟੇਸ਼ਨ ਸੈਂਟਰ ਦੀ ਸਫ਼ਾਈ ਤੇ ਹਰ ਚੀਜ਼ ਦਾ ਧਿਆਨ ਰੱਖਦੀ ਹੈ। ਹਾਂ, ਪਰ ਹੁਣ ਇਹ ਹਮੇਸ਼ਾ ਪੈਂਟ ਸ਼ਰਟ ਪਾਉਂਦੀ ਹੈ। ਮੈਡੀਟੇਸ਼ਨ ਵੀ ਕਰਦੀ ਹੈ। ਖੁਸ਼ ਹੈ ਪਰ ਸੈਂਸਟਿਵ ਬਹੁਤ ਹੈ। ਪਿਛਲੇ ਹਫਤੇ ਇਸ ਤੋਂ ਇੱਕ ਫੁੱਲਦਾਨ ਟੁੱਟ ਗਿਆ ਸੀ। ਤਿੰਨ ਦਿਨ ਰੋਂਦੀ ਰਹੀ। ਬਿਲਕੁਲ ਬੱਚਿਆਂ ਵਾਂਗ ਹੈ।
ਇਹ ਟੁੱਟਿਆ ਹੋਇਆ ਫੁੱਲਦਾਨ ਮੈਂ ਦੁਬਾਰਾ ਜੋੜ ਲਿਆ ਤੇ ਸੱਚੀ ਇਹ ਹੋਰ ਵੀ ਸੋਹਣਾ ਲੱਗਣ ਲੱਗ ਪਿਆ। ਇਹ ਫੁੱਲਦਾਨ ਮੈਨੂੰ ਇੱਕ ਕੁੜੀ ਨੇ ਗਿਫ਼ਟ ਕੀਤਾ ਸੀ। ਜੋ ਆਪਣੀ ਇੱਕ ਅਜੀਬ ਪ੍ਰਾਬਲਮ ਲੈ ਕੇ ਮੇਰੇ ਕੋਲ ਆਈ ਸੀ। ਉਸਦਾ ਨਾਮ ਨਫੀਸਾ ਸੀ। ਉਦੋਂ ਉਹ ਡੀ ਫਾਰਮੇਸੀ ਕਰਦੀ ਸੀ ਤੇ ਡਿਪਰੈਸ਼ਨ ਵਿੱਚ ਸੀ। ਉਹ ਮਹੀਨੇ ਕੁ ਵਿੱਚ ਠੀਕ ਹੋ ਗਈ ਸੀ। ਉਸ ਦੀਆਂ ਇੱਛਾਵਾਂ ਸੁਣਦਿਆਂ ਆਮ ਬੰਦਾ ਹੈਰਾਨੀ ਨਾਲ ਭਰ ਸਕਦਾ ਹੈ। ਉਹ ਬੜੀ ਬੋਲਡ ਸੀ ਅਤੇ ਉਸ ਮੈਨੂੰ ਦੱਸਿਆ ਸੀ ਕਿ ਉਸ ਨੂੰ ਕਿਸੇ ਤੇ ਅਧਿਕਾਰ ਜਮਾਉਣ 'ਚ ਬਹੁਤ ਲੁਤਫ ਆਉਂਦਾ ਹੈ। ਉਹ ਚਾਹੁੰਦੀ ਸੀ ਕਿ ਉਸ ਦਾ ਵਿਆਹ ਕਿਸੇ ਅਵਾਰਾਗਰਦ ਬੰਦੇ ਨਾਲ ਹੋਵੇ। ਕਰੈਕਟਰਲੈੱਸ ਨਾਲ। ਜਿਹੜਾ ਨਿੱਤ ਦਿਹਾੜੇ ਕਿਸੇ ਨਾ ਕਿਸੇ ਨਵੀਂ ਔਰਤ ਦਾ ਪਿੱਛਾ ਕਰਦਾ ਰਹੇ ਅਤੇ ਉਹ ਉਸ ਨਾਲ ਹਮੇਸ਼ਾ ਝਗੜਦੀ ਰਹੇ ਤੇ ਉਸ ਨੂੰ ਧੱਕੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਤੂੰ ਸਿਰਫ ਮੇਰਾ ਹੈ।
ਮੈਂ ਉਸ ਨੂੰ ਕਿਹਾ ਕਿ ਤੂੰ ਏਦਾਂ ਦਾ ਮਰਦ ਕਿਉਂ ਚਾਹੁੰਦੀ ਹੈਂ .. ? ਤਾਂ ਉਸਨੇ ਕਿਹਾ ਕਿ ਏਦਾਂ ਦੇ ਮਰਦਾਂ ਵਿੱਚ ਇੱਕ ਖਾਸ ਕਿਸਮ ਦੀ ਗਿਲਾਨੀ ਹੁੰਦੀ ਹੈ। ਉਹਨਾਂ ਦੇ ਅੰਦਰ ਇੱਕ ਅਜਿਹੀ ਥਾਂ ਹੁੰਦੀ ਹੈ। ਜਿੱਥੇ ਉਹ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦੇ ਆਦਮੀਆਂ ਨਾਲ ਰਹਿਣ ਦਾ ਆਪਣਾ ਹੀ ਇੱਕ ਸਵਾਦ ਹੈ। ਕਿਉਂ ਕਿ ਇਹ ਤੁਹਾਡੇ ਸਾਹਮਣੇ ਇੱਕ ਸ਼ਰਮਿੰਦਗੀ ਨਾਲ ਭਰੇ ਰਹਿੰਦੇ ਹਨ। ਭਾਵੇਂ ਕਿ ਇਹ ਆਪਣਾ ਕੰਮ ਨਹੀਂ ਛੱਡਦੇ। ਮੈਂ ਇਸ ਗੱਲ ਦੇ ਜਵਾਬ ਵਿੱਚ ਉਸ ਨੂੰ ਕਿਹਾ ਕਿ ਜੇ ਉਹ ਸ਼ਰਮਿੰਦਗੀ ਨਾਲ ਨਾ ਭਰਿਆ ਹੋਇਆ ਤੇ ਬੇਸ਼ਰਮ ਹੋਇਆ ਫੇਰ। ਉਸ ਦਾ ਜਵਾਬ ਸੀ: ਹਾਂ ਇਹ ਹੋ ਸਕਦਾ ਪਰ ਮੈਂ ਏਦਾਂ ਹੋਣ ਨਹੀਂ ਦਿਆਂਗੀ।
ਮੈਂ ਆਪਣੇ ਮੈਡੀਟੇਸ਼ਨ ਸੈਂਟਰ ਤੇ ਰਜਨੀ ਮਲਹੋਤਰਾ ਦਾ ਇੰਤਜ਼ਾਰ ਕਰ ਰਿਹਾ ਸੀ। ਤਕਰੀਬਨ ਸਾਢੇ ਕੁ ਗਿਆਰਾਂ ਵਜੇ ਉਹ ਆਈ। ਜਵਾਨ ਕੁੜੀ। ਚਿੱਟੀ ਸ਼ਰਟ ਨਾਲ ਜੀਨ ਪਾਈ ਹੋਈ। ਉਸ ਦਾ ਮੇਰੇ ਕਮਰੇ 'ਚ ਆਉਣਾ ਅਲੱਗ ਤਰ੍ਹਾਂ ਦਾ ਸੀ। ਉਸ ਦੇ ਚਿਹਰੇ ਤੇ ਏਦਾਂ ਦਾ ਕੋਈ ਭਾਵ ਨਹੀਂ ਸੀ ਜਿਵੇਂ ਉਹ ਪਹਿਲੀ ਵਾਰ ਮੈਨੂੰ ਮਿਲ ਰਹੀ ਹੋਵੇ। ਉਸ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਮੇਰੇ ਵੱਲ ਵੇਖਿਆ ਤੇ ਸਿੱਧੀ ਆ ਕੇ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ। ਬੈਠਦੇ ਹੀ ਉਸ ਨੇ ਸਾਡੇ ਦੋਹਾਂ ਦੇ ਵਿਚਕਾਰ ਪਏ ਟੇਬਲ ਤੇ ਆਪਣਾ ਰਿਵਾਲਵਰ ਰੱਖ ਦਿੱਤਾ। ਮੈਂ ਇਸੇ ਬਾਰੇ ਹੀ ਸਭ ਤੋਂ ਪਹਿਲਾਂ ਉਸ ਨੂੰ ਸਵਾਲ ਕੀਤਾ: ਤੇ ਸਾਡੀ ਗੱਲਬਾਤ ਸ਼ੁਰੂ ਹੋਈ :
ਇਹ ਰਿਵਾਲਵਰ ਕਿਸ ਲਈ.....?
ਆਪਣੀ ਰੱਖਿਆ ਕਰਨ ਲਈ
ਤੁਹਾਨੂੰ ਕਿਸ ਤੋਂ ਖ਼ਤਰਾ ਹੈ .. ?
ਹਨ ਕੁਝ ਲੋਕ, ਜਿਨ੍ਹਾਂ ਤੋਂ ਮੈਨੂੰ ਖ਼ਤਰਾ। ਮੇਰੇ ਪਾਪਾ ਦਾ ਸ਼ਰਾਬ ਦਾ ਬਿਜ਼ਨਸ ਹੈ। ਜਿਸ ਕਾਰਨ ਕੁਝ ਲੋਕਾਂ ਨਾਲ ਉਹਨਾਂ ਦਾ ਮਨ ਮੁਟਾਵ ਹੋ ਗਿਆ ਸੀ। ਪਿਛਲੇ ਸਾਲ ਪਾਪਾ ਨੇ ਇੱਕ ਆਦਮੀ ਨੂੰ ਪੁਲੀਸ ਕੋਲ ਫੜਾ ਦਿੱਤਾ ਸੀ। ਉਹ ਨਕਲੀ ਸ਼ਰਾਬ ਦਾ ਕੰਮ ਕਰਦਾ ਸੀ। ਨਕਲੀ ਸ਼ਰਾਬ ਕਾਰਨ ਸਾਡਾ ਬਿਜ਼ਨਸ ਪ੍ਰਭਾਵਿਤ ਹੁੰਦਾ ਹੈ, ਸਾਡੀ ਸੇਲ ਘਟਦੀ ਹੈ। ਮੈਂ ਪਾਪਾ ਦੀ ਗੱਡੀ ਲੈ ਕੇ ਜਾ ਰਹੀ ਸੀ। ਉਸ ਆਦਮੀ ਨੇ ਸਮਝਿਆ, ਗੱਡੀ ਵਿੱਚ ਮੇਰੇ ਪਾਪਾ ਹਨ। ਪੰਜ ਛੇ ਬੰਦਿਆਂ ਨੇ ਗੱਡੀ ਤੇ ਹਾਕੀਆਂ ਨਾਲ ਹਮਲਾ ਕਰ ਦਿੱਤਾ। ਮੈਂ ਗੱਡੀ ਭਜਾਉਣ 'ਚ ਸਫਲ ਹੋ ਗਈ। ਫੇਰ ਪਾਪਾ ਨੇ ਮੈਨੂੰ ਅਲੱਗ ਗੱਡੀ ਲੈ ਕੇ ਦਿੱਤੀ ਤੇ ਇਹ ਰਿਵਾਲਵਰ।
ਤੁਹਾਡੇ ਪਾਪਾ ਨੂੰ ਇਹ ਨਹੀਂ ਲੱਗਿਆ ਕਿ ਇੱਕ ਕੁੜੀ ਨੂੰ ਰਿਵਾਲਵਰ ਨਹੀਂ ਲੈ ਕੇ ਦੇਣਾ ਚਾਹੀਦਾ.... ?
ਨਹੀਂ .....ਬਿਲਕੁਲ ਨਹੀਂ। ਉਹ ਮੈਨੂੰ ਮੁੰਡਿਆਂ ਵਾਂਗ ਹੀ ਸਮਝਦੇ ਹਨ। ਮੈਂ ਵੀ ਆਪਣੇ ਆਪ ਨੂੰ ਮੁੰਡਿਆਂ ਤੋਂ ਘੱਟ ਨਹੀਂ ਸਮਝਦੀ। ਮੇਰੀ ਮਾਂ ਕਹਿੰਦੀ ਹੈ, ਅਕਸਰ ਘਰਾਂ ਵਿੱਚ ਇੱਕ ਹੀ ਬਾਪ ਹੁੰਦਾ। ਪਰ ਇੱਕ ਸਾਡਾ ਪਰਿਵਾਰ ਹੈ ਜਿੱਥੇ ਦੋ ਬਾਪ ਹਨ। ਇੱਕ ਮੈਂ ਤੇ ਇੱਕ ਮੇਰੇ ਪਾਪਾ ....ਹਾ .....ਹਾ। ਸਾਡੇ ਪਰਿਵਾਰ ‘ਚ ਉਲਟਾ ਕੰਮ ਹੈ। ਮੇਰਾ ਭਰਾ ਕੁੜੀਆਂ ਵਰਗਾ ਹੈ। ਉਹ ਕੁੜੀਆਂ ਤੋਂ ਬਹੁਤ ਸੰਗਦਾ। ਸਾਡੇ ਘਰ 'ਚ ਬਸ ਇੱਕ ਹੀ ਪ੍ਰਾਬਲਮ ਹੈ। ਮੇਰੀ ਤੇ ਮੇਰੇ ਪਾਪਾ ਦੀ ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ। ਮੈਂ ਰਾਤ ਨੂੰ ਕਲੱਬ ਵਿੱਚ ਜਾਣਾ ਪਸੰਦ ਕਰਦੀ ਹਾਂ, ਤੇ ਕਈ ਵਾਰ ਸ਼ਰਾਬ ਪੀਂਦੀ ਹਾਂ। ਪਾਪਾ ਮੈਨੂੰ ਸਮਝਾਉਂਦੇ ਹਨ। ਕਿ ਆਪਣੇ ਭਰਾ ਤੋਂ ਕੁਝ ਸਿੱਖ। ਉਹ ਸ਼ਰਾਬ ਵਗੈਰਾ ਨਹੀ ਪੀਂਦਾ। ਰੋਜ਼ ਸਵੇਰੇ ਮੰਦਰ ਜਾਂਦਾ ਹੈ। ਮੈਂ ਉਸ ਬਾਰੇ ਅਕਸਰ ਸੋਚਦੀ ਹਾਂ। ਉਸਨੇ ਤਾਂ ਜੰਮ ਕੇ ਆਪਣਾ ਜਨਮ ਹੀ ਖ਼ਰਾਬ ਕੀਤਾ। ਉਸ ਨੇ ਆਦਮੀ ਹੋਣ ਦਾ ਕੋਈ ਲਾਹਾ ਨਹੀਂ ਲਿਆ। ਮੈਂ ਸੋਚਦੀ ਹਾਂ, ਉਸ ਨੂੰ ਐਸ਼ ਕਰਨੀ ਚਾਹੀਦੀ ਹੈ। ਉਹ ਛੱਬੀ ਸਾਲ ਦਾ ਹੈ। ਮੇਰੇ ਤੋਂ ਦੋ ਸਾਲ ਛੋਟਾ, ਤੇ ਸੋਚੋ ਉਸ ਦੀ ਕੋਈ ਵੀ ਗਰਲ ਫਰੈਂਡ ਨਹੀਂ ਹੈ।
ਤੁਹਾਡਾ ਫਰੈਂਡ ਹੈ ਕੋਈ.....?
ਹਾਂ, ਹੈ, ਇਸੇ ਲਈ ਤਾਂ ਇੱਥੇ ਆਈ ਹਾਂ, ਤੁਹਾਡੇ ਕੋਲ।
ਮੈਂ ਚਾਰ ਸਾਲ ਤੋਂ ਰਿਲੇਸ਼ਨ ਵਿੱਚ ਹਾਂ, ਤੇ ਆਪਣੇ ਫਰੈਂਡ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਪਰ ਪਾਪਾ ਰਾਜ਼ੀ ਨਹੀਂ। ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਕਿਵੇਂ ਉਹਨਾਂ ਨੂੰ ਇਸ ਲਈ ਰਾਜ਼ੀ ਕਰਾਂ।
ਤੁਸੀਂ ਇਸ ਬਾਰੇ ਆਪਣੇ ਪਾਪਾ ਨਾਲ ਗੱਲ ਕੀਤੀ..?
ਨਹੀਂ, ਮੈਂ ਸਿੱਧੀ ਗੱਲ ਨਹੀਂ ਕੀਤੀ। ਮੇਰੇ ਮੰਮਾ ਨੇ ਗੱਲ ਕੀਤੀ, ਮੈਂ ਮਾਂ ਨੂੰ ਹੀ ਗੱਲ ਕਰਨ ਲਈ ਕਿਹਾ ਸੀ ਪਰ ਪਾਪਾ ਨੇ ਮਨ੍ਹਾ ਕਰ ਦਿੱਤਾ। ਉਹ ਕਹਿੰਦੇ ਸਾਡੇ ਪਰਿਵਾਰ 'ਚ ਏਦਾਂ ਨਹੀਂ ਹੁੰਦਾ। ਕਿ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਵੇ।
ਜਿਸ ਲੜਕੇ ਨਾਲ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ, ਉਹ ਠੀਕ ਹੈ? ਮਤਲਬ, ਉਸ ਦੀ ਫੈਮਲੀ, ਉਸ ਦੀ ਫਾਇਨਾਂਸ਼ੀਅਲ ਪੁਜ਼ੀਸ਼ਨ ਸਭ ਠੀਕ ਹੈ?
ਹਾਂਜੀ, ਸਭ ਠੀਕ, ਉਹਨਾਂ ਦਾ ਪਲਾਈ ਐਂਡ ਸਨ ਮਾਈਕਾਂ ਦਾ ਬਿਜ਼ਨਸ ਹੈ। ਉਹ ਆਪਣੇ ਪਾਪਾ ਨਾਲ ਹੀ ਬਿਜ਼ਨਸ ਵੇਖਦਾ।
ਫਿਰ ਤੁਸੀਂ ਇੱਕੋ ਕੰਮ ਕਰ ਸਕਦੇ। ਤੁਸੀਂ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਆਪਣੇ ਪੱਖ 'ਚ ਕਰੋ। ਜਦੋਂ ਤੁਹਾਡੇ ਪਾਪਾ ਇਕੱਲੇ ਵਿਰੋਧ ਕਰਨ ਵਾਲੇ ਰਹਿ ਜਾਣਗੇ ਤਾਂ ਜ਼ਰੂਰ ਉਹਨਾਂ ਦੀ ਰਾਇ ਕਮਜ਼ੋਰ ਹੋ ਜਾਵੇਗੀ ਪਰ ਇਸ ਲਈ ਟਾਈਮ ਲੱਗੇਗਾ।
ਹਾਂ, ਠੀਕ ਹੈ ਮੈਂ ਏਦਾਂ ਕਰਕੇ ਵੇਖਦੀ ਹਾਂ।
ਰਜਨੀ ਕਾਫ਼ੀ ਦੇਰ ਮੇਰੇ ਨਾਲ ਗੱਲ ਕਰਦੀ ਰਹੀ। ਜਾਣ ਵੇਲੇ ਉਸ ਨੂੰ ਵੇਖ ਕੇ ਲੱਗਦਾ ਸੀ ਕਿ ਉਸ ਵਿੱਚ ਥੋੜ੍ਹਾ ਜਿਹਾ ਵਿਸ਼ਵਾਸ ਪੈਦਾ ਹੋ ਗਿਆ ਸੀ ਕਿ ਉਹ ਆਪਣੇ ਪਾਪਾ ਨੂੰ ਵਿਆਹ ਲਈ ਰਾਜ਼ੀ ਕਰ ਲਵੇਗੀ।
**
**
ਅੱਜ ਸਵੇਰੇ ਜਦੋਂ ਵਿਮਲ ਕੀਰਤੀ ਮੇਰੇ ਕੋਲ ਆਇਆ ਤਾਂ ਉਹ ਕਾਫੀ ਪਰੇਸ਼ਾਨ ਸੀ। ਉਹ ਮੈਨੂੰ ਆਪਣੀ ਦੂਸਰੀ ਫਰੈਂਡ ਬਾਰੇ ਦੱਸ ਰਿਹਾ ਸੀ। ਜਿਸ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਹ ਵਿਮਲ ਕੀਰਤੀ ਦਾ ਨਾਮ ਲਿਖ ਕੇ ਆਤਮ-ਹੱਤਿਆ ਕਰ ਲਵੇਗੀ। ਕਰੀਬ ਇੱਕ ਸਾਲ ਤੋਂ ਇਹ ਵਿਮਲ ਦੀ ਫਰੈਂਡ ਹੈ।
ਵਿਮਲ ਨੇ ਦੱਸਿਆ ਕਿ ਅਕਸਰ ਉਹ ਮੇਰੇ ਨਾਲ ਅਸ਼ਲੀਲ ਚੈਟਿੰਗ ਕਰਦੀ ਹੈ। ਮੈਂ ਬਸ ਲੋੜ ਜਿੰਨਾ ਰਿਪਲਾਈ ਕਰਦਾ ਹਾਂ। ਆਪਣੇ ਵੱਲੋਂ ਕਦੇ ਕੁਝ ਵੀ ਜਿਆਦਾ ਰਿਐਕਟ ਨਹੀਂ ਕੀਤਾ। ਹਾਂ ਮੈਂ ਮੰਨਦਾ ਹਾਂ, ਇਹ ਥੋੜ੍ਹਾ ਜਿਹਾ ਮੈਨੂੰ ਚੰਗਾ ਲੱਗਦਾ। ਇੱਕ ਆਦਮੀ ਹੋਣ ਕਾਰਨ ਮੈਂ ਇਸ ਮਾਨਸਿਕ ਆਯਾਸ਼ੀ ਨੂੰ ਬਹੁਤੀ ਬੁਰੀ ਵੀ ਨਹੀਂ ਮੰਨਦਾ ਪਰ ਇਸ ਦੇ ਪਿੱਛੇ ਜੋ ਕਾਰਨ ਨੇ, ਉਹ ਮੈਨੂੰ ਪਰੇਸ਼ਾਨ ਕਰਦੇ ਨੇ ਜਿਸ ਤੋਂ ਹਜ਼ਾਰਾਂ ਸਵਾਲ ਮੇਰੇ ਮਨ 'ਚ ਤੁਰਨ ਲੱਗਦੇ ਹਨ। ਕਿ ਔਰਤ ਦੀ ਸਮਾਜ 'ਚ ਕੀ ਜਗ੍ਹਾ ਹੈ। ਉਹ ਆਪਣੀ ਭਾਵਨਾਵਾਂ ਵਿਅਕਤ ਕਰਨ ਲਈ ਕਿੰਨਾ ਕੁਝ ਸੋਚਦੀ ਹੈ। ਅਕਸਰ ਮੈਂ ਇੱਕ ਥਾਂ 'ਤੇ ਜਾ ਕੇ ਉਲਝ ਜਾਂਦਾ ਹਾਂ। ਕਿ ਜੋ ਬੰਦਿਸ਼ਾਂ ਸਾਡੇ ਸਮਾਜ ਨੇ ਆਦਮੀ ਤੇ ਔਰਤ 'ਤੇ ਲਗਾਈਆਂ ਹਨ। ਉਹ ਠੀਕ ਹਨ ਜਾਂ ਨਹੀਂ। ਉਹਨਾਂ ਦਾ ਕਿੰਨਾ ਕੁ ਫ਼ਾਇਦਾ ਜਾਂ ਨੁਕਸਾਨ ਹੈ। ਜਦੋਂ ਕਿ ਸਭ ਨੂੰ ਪਤਾ ਹੈ। ਜੀਵਨ ਥੋੜ੍ਹੇ ਚਿਰ ਦਾ ਹੈ। ਫਿਰ ਇਸ ਨੂੰ ਜ਼ਿਆਦਾ ਸੌਖਾ ਬਣਾਉਣ ਲਈ ਕੁਝ ਕੀਤਾ ਕਿਉਂ ਨਹੀਂ ਜਾਂਦਾ।
ਵਿਮਲ ਕੀਰਤੀ ਕਿੰਨਾ ਹੀ ਟਾਈਮ ਇਹ ਸਭ ਦੱਸਦਾ ਰਿਹਾ, ਤੇ ਜਾਣ ਵੇਲੇ ਮੈਨੂੰ ਉਸ ਨੋਟ ਦਾ ਲਿੰਕ ਦੇ ਕੇ ਚਲਾ ਗਿਆ। ਜੋ ਉਸ ਨੇ ਦੋ ਦਿਨ ਪਹਿਲਾਂ ਆਪਣੇ ਬਲੌਗ 'ਚ ਲਿਖਿਆ ਸੀ। ਜਿਸ ਨੂੰ ਪੜ੍ਹ ਕੇ ਉਸ ਦੀ ਫਰੈਂਡ ਨੇ ਕਿਹਾ ਸੀ ਕਿ "ਤੈਨੂੰ ਮੇਰੇ ਬਾਰੇ ਇਹ ਸਭ ਨਹੀਂ ਲਿਖਣਾ ਚਾਹੀਦਾ ਸੀ। ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ।"
ਭਾਵੇਂ ਕਿ ਇਹ ਨੋਟ ਜੋ ਮੈਂ ਪੜਿਆ ਉਹ ਵਿਮਲ ਕੀਰਤੀ ਨੇ ਇਸ ਲਈ ਲਿਖਿਆ ਸੀ। ਕਿਉਂ ਕਿ ਉਹ ਉਸ ਔਰਤ ਪ੍ਰਤੀ ਬਹੁਤ ਜਿਆਦਾ ਹਮਦਰਦੀ ਨਾਲ ਭਰ
ਗਿਆ ਸੀ। ਉਸ ਦੀ ਤਕਲੀਫ ਨੂੰ ਉਹ ਬਹੁਤ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਪਰ ਉਸ ਔਰਤ ਨੂੰ ਇਹ ਗੱਲ ਸਮਝ ਨਹੀਂ ਆਈ।
ਮੈਂ ਇਹ ਨੋਟ ਪੜ੍ਹ ਰਿਹਾ ਸੀ। ਜੇ ਇਸ ਤਰ੍ਹਾਂ ਆਪਣੇ ਅਤੇ ਆਪਣੀ ਫਰੈਂਡ ਬਾਰੇ ਵਿਮਲ ਕੀਰਤੀ ਨੇ ਲਿਖਿਆ ਸੀ :
ਵਰਜਿਤ ਸੰਵਾਦ:
ਉਹ ਦੁੱਧ ਵਰਗੀ ਹੈ। ਚਿੱਟੀ-ਚਾਟ। ਦੁੱਧ ਜਿਸ ਵਿੱਚ ਹਾਲੇ ਕੇਸਰ ਨਹੀਂ ਘੁਲਿਆ। ਬਹੁਤ ਲੋਕ ਇਸੇ ਤਰ੍ਹਾਂ ਹੀ ਮਿਲਦੇ ਹਨ। ਰਿਸ਼ਤੇ ਪਲਾਨਿੰਗ ਹਨ ਅੱਜ-ਕੱਲ੍ਹ, ਮੁਹੱਬਤ ਐਕਸੀਡੈਂਟ ਹੁੰਦੀ ਹੈ। ਪਰ ਉਸ ਦਾ ਮਿਲਣਾ ਮੁਹੱਬਤ ਬਿਲਕੁਲ ਨਹੀਂ ਹੈ। ਉਹ ਮੇਰੇ ਕੋਲ ਆਈ ਹੈ। ਇਹ ਪਤਾ ਨਹੀਂ ਕਿਹੜੀ ਕਿਸਮ ਦਾ ਐਕਸੀਡੈਂਟ ਹੈ। ਮੈਨੂੰ ਪਤਾ ਨਹੀਂ ਲੱਗਦਾ, ਉਸ ਨੂੰ ਮੇਰੀ ਲੋੜ ਹੈ ਜਾਂ ਮੈਨੂੰ ਉਸ ਦੀ। ਉਹ ਖ਼ੁਸ਼ ਲੱਗਦੀ ਹੈ। ਹਰ ਗੱਲ ਮਜਾਕ ਵਿੱਚ ਲੈ ਲੈਂਦੀ ਹੈ। ਇਹ ਹੌਸਲਾ ਉਹ ਕਰ ਲੈਂਦੀ ਹੈ। ਆਪਣੀ ਹਰ ਗੱਲ ਹਾਸੇ 'ਚ ਉਡਾ ਦਿੰਦੀ ਹੈ। ਉਹ ਔਰਤ ਇੱਕ ਹੈ ਪਰ ਮੇਰੇ ਕੋਲ ਦੋ ਟੁਕੜਿਆਂ 'ਚ ਆਉਂਦੀ ਹੈ। ਰਾਤ ਨੂੰ ਆਖਦੀ ਹੈ, ਮੈਂ ਤੈਨੂੰ ਪਿਆਰ ਕਰਦੀ ਹਾਂ। ਸਵੇਰੇ ਆਖਦੀ ਹੈ ਕਿੱਦਾਂ ਲੱਗਿਆ ਮਜ਼ਾਕ। ਰਾਤ ਮੈਂ ਮਜ਼ਾਕ ਕੀਤਾ ਸੀ। ਉਸ ਦੇ ਤਨ ਦੀ ਆਪਣੀ ਲੋੜ ਹੈ। ਮਨ ਦੀ ਆਪਣੀ। ਦਿਮਾਗ਼ ਸਮਾਜ ਬਾਰੇ ਸੋਚਦਾ ਹੈ। ਮੈਨੂੰ ਤਾਂ ਪਤਾ ਹੈ। ਸੱਚ ਤਾਂ ਹਜ਼ਾਰਾਂ ਤਰ੍ਹਾਂ ਦਾ ਨਹੀਂ ਅਣਗਿਣਤ ਤਰ੍ਹਾਂ ਦਾ ਹੈ। ਬਹੁਤ ਸੱਚ ਤੁਹਾਨੂੰ ਦੁਨੀਆ ਵਿੱਚ ਮਿਲਣਗੇ। ਬਹੁਤ ਆਸੇ-ਪਾਸੇ ਲੋਕਾਂ ਦੇ ਮਨਾਂ ਵਿੱਚ ਤੁਸੀਂ ਭਟਕਦੇ ਰਹਿਣਾ। ਕੁਝ ਸੱਚ ਤੁਹਾਨੂੰ ਕਿਤੇ ਨਹੀਂ ਮਿਲਣੇ। ਜਦੋਂ ਤੁਸੀਂ ਭਟਕ ਕੇ ਆਪਣੇ ਆਪ ਨੂੰ ਸਿਆਣੇ ਸਿੱਧ ਕਰਨ ਬਾਅਦ। ਆਪਣੇ ਆਪ ਨੂੰ ਮੂਰਖ ਬਣਾਉਣ ਬਾਅਦ। ਆਪਣੇ ਕੁਝ ਸੱਚ ਸੁਣਨ ਬਾਅਦ। ਆਪਣੇ ਆਪ ਨੂੰ ਕੁਝ ਝੂਠ ਸੁਣਾਉਣ ਬਾਅਦ। ਤੁਸੀਂ ਵਾਪਸ ਪਰਤਦੇ ਹੋ, ਆਪਣੇ ਘਰ। ਕੁਝ ਸੱਚ ਸਿਰਫ ਤੁਹਾਨੂੰ ਓਥੇ ਮਿਲਣਗੇ। ਆਪਣੇ ਬਿਸਤਰੇ ਵਿੱਚ ਜਿੱਥੇ ਤੁਸੀਂ ਸੌਂਦੇ ਹੈ। ਓਥੇ ਦੇਹ ਦੇ ਸੱਚ ਉਜਾਗਰ ਹੁੰਦੇ ਹਨ। ਉਹ ਵੀ ਸੌਂਦੀ ਹੈ। ਬਹੁਤ ਦੇਰ ਰਾਤ ਤੱਕ ਜਾਗਦੀ ਹੈ। ਓਥੇ ਉਹ ਆਪਣੇ ਬਿਸਤਰੇ ਵਿੱਚ, ਇੱਕ ਮਰਦ ਦੀ ਕਲਪਨਾ ਕਰਦੀ ਹੈ। ਫਿਰ ਮੈਨੂੰ ਦੱਸਦੀ ਹੈ। ਸਰ ਆਜ਼ਾਦੀ ਹੋਣੀ ਚਾਹੀਦੀ ਹੈ। ਮੈਂ ਕਿਸੇ ਆਦਮੀ ਦੇ ਟੱਚ ਵਿੱਚ ਨਹੀਂ ਹਾਂ। ਮੈਨੂੰ ਟੱਚ ਚਾਹੀਦਾ ਹੈ।ਸਿਰਹਾਣੇ ਨਾਲ ਲੱਗ ਕੇ ਸੌਂ ਜਾਂਦੀ ਹੋਵੇਗੀ। ਔਰਤਾਂ ਦੀ ਪ੍ਰਾਬਲਮ ਹੈ। ਕਈ ਵਾਰ ਬੱਚਿਆਂ ਵਾਂਗ ਹੋ ਜਾਂਦੀਆਂ ਹਨ। ਬਹੁਤੇ ਵਾਰ ਬੱਚਿਆਂ ਨੂੰ ਭੁੱਖ ਲੱਗਦੀ ਹੈ
ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਿ ਭੁੱਖ ਲੱਗੀ ਹੈ। ਉਹ ਰੋਣ ਲੱਗਦੇ ਹਨ। ਔਰਤਾਂ ਨੂੰ ਜਦੋਂ ਪਿਆਰ ਜਾਂ ਧਿਆਨ ਦੀ ਲੋੜ ਹੋਵੇ। ਬਹੁਤ ਵਾਰ ਉਹ ਲੜਨ ਲੱਗਦੀਆਂ ਹਨ। ਉਹ ਮੈਨੂੰ ਦੱਸਦੀ ਹੈ। ਸਰ ਮੈਂ ਸੁਪਨਾ ਵੇਖ ਰਹੀ ਸੀ। ਮੈਂ ਤੁਹਾਡੇ ਕੱਪੜੇ ਉਤਾਰ ਰਹੀ ਹਾਂ।ਮੈਂ ਚੁੱਪ-ਚਾਪ ਸੁਣਦਾ ਹਾਂ। ਕਈ ਵਾਰ ਬਹੁਤੇ ਲੋਕਾਂ ਲਈ ਸ਼ਰਮ ਵੀ ਜ਼ਹਿਰ ਬਣ ਜਾਂਦੀ ਹੈ। ਚੁੱਪ-ਚਾਪ ਪੀ ਲੈਂਦੇ ਹਨ। ਮਰਨਾ ਬਹੁਤ ਤਰ੍ਹਾਂ ਦਾ ਹੁੰਦਾ। ਮੈਂ ਬਹੁਤ ਕੁੜੀਆਂ ਵੇਖਦਾ ਹਾਂ। ਮਾਪਿਆਂ ਦੇ ਘਰ ਹੀ ਬੁੱਢੀਆਂ ਹੋ ਜਾਂਦੀਆਂ। ਕਹਿ ਨਹੀਂ ਸਕਦੀਆਂ ਕਿ ਵਿਆਹ ਦੀ ਲੋੜ ਆ। ਬਹੁਤ ਕੁੜੀਆ ਵੇਖਦਾ ਹਾਂ, ਜੋ ਵਿਆਹ ਦੇ ਲਾਇਕ ਨਹੀਂ ਹੁੰਦੀਆਂ। ਮੰਦ-ਬੁੱਧੀ ਹੁੰਦੀਆਂ ਨੇ, ਜਾਂ ਵਿਆਹ ਨਹੀਂ ਚਾਹੁੰਦੀਆਂ। ਸਮਾਜ ਦੀ ਮਰਜ਼ੀ ਰੱਖਣ ਲਈ, ਮਾਵਾਂ ਬਣਦੀਆਂ ਹਨ, ਇਹ ਸਿੱਧਰੀਆਂ ਕੁੜੀਆਂ। ਜਿਨ੍ਹਾਂ ਨੂੰ ਨਾ ਤਾਂ ਮਾਂ ਬਣਨ ਦੇ ਸੁੱਖ ਦਾ ਪਤਾ ਹੈ, ਨਾ ਹੀ ਕਾਮ ਦੇ ਦੁੱਖ ਦਾ। ਬਹੁਤ ਕੁਝ ਬਸ ਕੀਤਾ ਜਾ ਰਿਹਾ। ਹੋ ਰਿਹਾ, ਬੇਹੋਸ਼ੀ ਵਿੱਚ। ਮੈਨੂੰ ਉਹ ਬੁਰੀ ਨਹੀਂ ਲੱਗਦੀ। ਜੇਕਰ ਉਹ ਆਪਣੀ ਲੋੜ ਦੱਸਦੀ ਹੈ, ਬੁਰਾ ਕੀ ਹੈ। ਜੇ ਉਹ ਮੇਰਾ ਫਿਕਰ ਕਰਦੀ ਹੈ, ਬੁਰਾ ਕੀ ਹੈ ? ਵਾਰ ਵਾਰ ਆਖਦੀ ਹੈ, ਸਰ ਸੋਚਣਾ ਬੰਦ ਕਰੋ, ਆਪਣੀ ਮਹਿਬੂਬ ਬਾਰੇ। ਤੁਸੀਂ ਖ਼ੁਸ਼ ਰਹੋ। ਲਓ ਮੈਂ ਬਣਦੀ ਹਾਂ ਤੁਹਾਡੀ ਮਹਿਬੂਬ। ਕਹੋ ਜੋ ਕਹਿਣਾ ਹੈ। ਲਓ ਮੈਂ ਸੌਂ ਲੈਂਦੀ ਹਾਂ, ਤੁਹਾਡੇ ਨਾਲ। ਤੁਸੀਂ ਆਪਣੀ ਸਾਰੀ ਭਟਕਣਾ ਮੈਨੂੰ ਦੇਵੋ, ਮੈਂ ਸਵੀਕਾਰ ਕਰਦੀ ਹਾਂ।
ਮੈਂ ਸੋਚਦਾ ਹਾਂ, ਕਿ ਉਸ ਦੇ ਘਰ ਦਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਇਸ ਬੇਟੀ ਨੂੰ ਆਦਮੀ ਦੀ ਲੋੜ ਹੈ। ਜੇ ਉਹ ਸ਼ਰਮ ਜਾਂ ਸੰਸਕਾਰਾਂ ਨਾਲ ਚੁੱਪ ਹੈ, ਤੇ ਘੁਟਨ ਨਾਲ, ਪਰੇਸ਼ਾਨੀ ਹੋਣ ਨਾਲ, ਪਾਗਲ ਹੋਣ ਵੱਲ ਵਧ ਰਹੀ ਹੈ, ਤਾਂ ਜ਼ਰੂਰ ਇਸ ਦਾ ਕੋਈ ਹੱਲ ਹੋਣਾ ਚਾਹੀਦਾ ।ਮੇਰੀ ਇਹ ਇੱਛਾ ਬਿਲਕੁਲ ਨਹੀਂ, ਕਿ ਵੇਸਵਾ ਘਰ ਖੋਲੇ ਜਾਣ। ਮੈਂ ਏਨਾ ਕੁ ਚਾਹੁੰਦਾ ਹਾਂ, ਆਦਮੀ ਤੇ ਔਰਤਾਂ ਇੱਕ ਦੂਜੇ ਨੂੰ ਸਮਝ ਲੈਣ। ਜੋ ਮਰਿਆਦਾ ਵਿੱਚ ਉਪਲਬਧ ਹੋ ਸਕਦਾ ਹੈ। ਉਸ ਤੋਂ ਕੋਈ ਵੰਚਿਤ ਨਾ ਹੋਵੇ। ਇਹ ਆਪਣੀ ਕਿਸਮ ਦੀ ਹੱਤਿਆ ਹੈ। ਦੁਨੀਆ 'ਚ ਬਹੁਤ ਬੁਰੇ ਕੰਮ ਹਨ। ਜੋ ਸਦੀਆਂ ਤੋਂ ਹੋ ਰਹੇ ਹਨ। ਸਦੀਆਂ ਤੋਂ ਜਾਨਵਰ ਖਾਣ ਲਈ ਕੱਟੇ ਜਾ ਰਹੇ ਹਨ। ਦੰਗੇ ਹੋ ਰਹੇ ਹਨ। ਸਭ ਕੁਝ ਜੋ ਬੁਰਾ ਹੈ ਲਗਾਤਾਰ ਇਸ ਜ਼ਮੀਨ ਤੇ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਸ਼ਰਮੀਲੇ ਲੋਕਾਂ ਨੂੰ ਚੁੱਪ-ਚਾਪ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ। ਕਿੰਨੀ ਅਜੀਬ ਗੱਲ ਹੈ। ਸਾਡੇ ਆਸ ਪਾਸ ਲੋਕ ਅੰਦਰੋਂ ਅੰਦਰੀ ਮਰ ਰਹੇ ਹਨ, ਤੇ ਸਾਨੂੰ ਪਤਾ ਤੱਕ ਨਹੀਂ ਹੁੰਦਾ।
॥ ਵਿਮਲ ਕੀਰਤੀ ।। ਸਮਾਂ : ਮੈਨੂੰ ਨਹੀਂ ਪਤਾ।।
ਇੱਕ ਬੇਵਕੂਫ਼ ਪ੍ਰੇਮਿਕਾ ਨਾਲੋਂ ਵੇਸਵਾ ਲੱਖ ਦਰਜੇ ਚੰਗੀ ਹੁੰਦੀ ਹੈ। ਕਿਉਂ ਕਿ ਜਦੋਂ ਤੁਸੀਂ ਤੜਫ ਤੜਫ ਕੇ ਤਿਲ ਤਿਲ ਮਰ ਰਹੇ ਹੁੰਦੇ ਹੋ, ਤਾਂ ਉਹ ਤੁਹਾਡਾ ਮਰਨਾ ਇੰਜੁਆਏ ਨਹੀਂ ਕਰਦੀ, ਤੇ ਆਪਣੀਆਂ ਮੂਰਖਤਾਵਾਂ ਨਾਲ ਤੁਹਾਡੀ ਆਤਮਾ ਦੇ ਟੁਕੜੇ ਨਹੀਂ ਕਰਦੀ, ਤੇ ਤੁਸੀਂ ਆਪਣੀ ਕੱਟੀ ਜਾ ਰਹੀ ਆਤਮਾ 'ਚੋਂ ਡਿਗਦੇ ਲਹੂ ਦੇ ਤੁਪਕਿਆਂ ਦਾ ਖੜਾਕ ਸੁਣਨ ਤੋਂ ਬਚ ਜਾਂਦੇ ਹੋ।
ਆਪਣੇ ਮੈਡੀਟੇਸ਼ਨ ਸੈਂਟਰ ਤੇ ਸਵੇਰੇ ਕਰੀਬ ਦਸ ਵਜੇ ਮੈਂ ਵਿਮਲ ਕੀਰਤੀ ਦਾ ਇਹ ਮੈਸੇਜ ਪੜ੍ਹਦੇ ਹੋਏ ਉਸ ਦੀ ਮਾਨਸਿਕ ਦਸ਼ਾ ਦਾ ਹਿਸਾਬ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਵਿਮਲ ਕੀਰਤੀ ਦੀ ਕਹੀ ਹੋਈ ਇਹ ਗੱਲ ਯਾਦ ਕਰ ਰਿਹਾ ਸੀ ਕਿ :
ਮੇਰੇ ਕੋਲ ਇਹੀ ਇੱਕ ਸਬੰਧ ਹੈ। ਜਿਸ ਨਾਲ ਮੈਂ ਆਪਣੇ ਆਪ ਨੂੰ ਜਿਊਂਦਾ ਮਹਿਸੂਸ ਕਰਦਾ ਹਾਂ। ਇਸ ਬਿਨਾ ਮੈਂ ਜਿੰਦਾ ਲਾਸ਼ ਬਣ ਜਾਵਾਂਗਾ ਅਤੇ ਮੇਰੀ ਇਹ ਪ੍ਰਾਬਲਮ ਹੈ, ਕਿ ਮੈਂ ਜਲਦੀ ਕਿਸੇ ਨਾਲ ਜੁੜ ਨਹੀਂ ਸਕਦਾ ਤੇ ਫਿਰ ਜਲਦੀ ਟੁੱਟ ਨਹੀਂ ਸਕਦਾ। ਮੈਂ ਇਸ ਨੂੰ ਇਸ ਲਈ ਵੀ ਗਵਾਉਣਾ ਨਹੀਂ ਚਾਹੁੰਦਾ ਜੇਕਰ ਇਹ ਸਬੰਧ ਟੁੱਟ ਜਾਂਦਾ ਹੈ ਤਾਂ ਮੈਂ ਫਿਰ ਦੁਬਾਰਾ ਕਿਸੇ ਨਾਲ ਏਦਾਂ ਦਾ ਰਿਸ਼ਤਾ ਨਹੀਂ ਬਣਾ ਸਕਾਂਗਾ। ਬਹੁਤੇ ਲੋਕ ਇਹ ਗੱਲ ਕਹਿੰਦੇ ਤਾਂ ਹਨ ਪਰ ਫਿਰ ਸਭ ਭੁੱਲ ਕੇ ਅਗਲੇ ਰਿਲੇਸ਼ਨ 'ਚ ਚਲੇ ਜਾਂਦੇ ਹਨ ਪਰ ਮੈਂ ਇਹ ਨਹੀਂ ਕਰ ਸਕਾਂਗਾ, ਤੇ ਸੱਚੀ ਗੱਲ ਹੈ, ਬੇਵਕੂਫ਼ ਪ੍ਰੇਮਿਕਾ ਜਿੱਡੀ ਕੋਈ ਕਿਤਾਬ ਨਹੀਂ। ਉਹ ਤੁਹਾਨੂੰ, ਉਹ ਸਿਖਾਵੇਗੀ ਜੋ ਕੋਈ ਨਹੀਂ ਸਿਖਾ ਸਕਦਾ।
ਤੇ ਸਭ ਤੋਂ ਵੱਡੀ ਗੱਲ ਜਦੋਂ ਕੋਈ ਮਰਿਆਦਾ ਨੂੰ ਸਮਝਣ ਵਾਲਾ ਆਦਮੀ ਆਪਣੀ ਮਹਿਬੂਬ ਕੋਲ ਜਾਂਦਾ ਹੈ। ਜੇ ਉਹ ਚੰਗਾ ਬੰਦਾ ਔਰਤ ਦਾ ਮਾਣ ਨਹੀਂ ਤੋੜਦਾ ਤਾਂ ਜ਼ਰੂਰੀ ਨਹੀਂ, ਉਸ ਦੀ ਮਹਿਬੂਬਾ ਉਸ ਨੂੰ ਸਾਊ ਬੰਦਾ ਸਮਝੇ, ਉਹ ਉਸ ਨੂੰ ਨਾ-ਮਰਦ ਵੀ ਸਮਝ ਸਕਦੀ ਹੈ।
ਇਹ ਸਭ ਬਾਅਦ ਮੈਂ ਸੋਚ ਰਿਹਾ ਸੀ। ਵਿਮਲ ਕੀਰਤੀ ਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਉਸ ਦੇ ਮਨ 'ਚ ਔਰਤਾਂ ਬਾਰੇ ਏਦਾਂ ਦਾ ਕੁਝ ਚੱਲਦਾ ਹੋਵੇਗਾ। ਮੈਂ ਕਈ ਵਾਰ ਮਹਿਸੂਸ ਕੀਤਾ। ਉਸ ਔਰਤਾਂ ਦੀ ਪੂਜਾ ਕਰਨ ਵਾਲੇ ਆਦਮੀ ਦੇ ਦਿਲ ਦਾ ਕੋਈ ਕੋਨਾ ਹੈ। ਜਿਸ ਵਿੱਚ ਕਾਫ਼ੀ ਜ਼ਹਿਰ ਭਰਿਆ ਪਿਆ ਹੈ ਤੇ ਉਸ ਕੋਨੇ ਨੂੰ ਜ਼ਰੂਰ ਫਰੋਲਣਾ ਚਾਹੀਦਾ ਹੈ।
ਇਹ ਸੋਚਦੇ ਸੋਚਦੇ ਮੈਂ ਮੈਡੀਟੇਸ਼ਨ ਸੈਂਟਰ ਦੀ ਛੱਤ 'ਤੇ ਚਲਿਆ ਗਿਆ। ਇਹ ਵੇਖਣ ਕੇ ਛੱਤ ਸਾਫ਼ ਹੈ ਜਾਂ ਨਹੀਂ। ਮੀਂਹ ਦੇ ਦਿਨਾਂ ਵਿੱਚ ਦਰੱਖਤਾਂ ਦੇ ਪੱਤੇ ਵਗ਼ੈਰਾ ਡਿੱਗਣ ਨਾਲ ਛੱਤ ਤੇ ਪਾਣੀ ਰੁਕ ਜਾਂਦਾ ਹੈ। ਦਸ ਕੁ ਮਿੰਟ ਬਾਅਦ ਮੈਂ ਵਾਪਸ ਨੀਚੇ ਆਇਆ ਤੇ ਵੇਖਿਆ ਮੇਰੇ ਕੈਬਿਨ ਵਿੱਚ ਕੋਈ ਹੈ। ਕੋਲ ਜਾ ਕੇ ਵੇਖਿਆ ਤਾਂ ਇਹ ਰਜਨੀ ਮਲਹੋਤਰਾ ਸੀ। ਵਾਲ ਖਿੱਲਰੇ ਹੋਏ, ਉਹ ਰੋ ਰਹੀ ਸੀ। ਉਸ ਨੇ ਕਾਲਾ ਟੌਪ ਤੇ ਜੀਨ ਪਾਈ ਹੋਈ ਸੀ। ਮੈਂ ਕੰਬਿਨ 'ਚ ਆਉਂਦੇ ਹੀ ਪੁੱਛਿਆ ਕੀ ਹੋਇਆ ?..... ਉਸ ਨੇ ਕੋਈ ਜਵਾਬ ਨਹੀਂ ਦਿੱਤਾ, ਨਾ ਹੀ ਮੇਰੇ ਵੱਲ ਕੋਈ ਧਿਆਨ ਦਿੱਤਾ। ਉਹ ਸਿਰ ਨੀਂਵਾਂ ਕਰਕੇ ਲਗਾਤਾਰ ਰੋ ਰਹੀ ਸੀ। ਮੈਂ ਚੁੱਪ ਚਾਪ ਆਪਣੀ ਚੇਅਰ ਤੇ ਉਸ ਦੇ ਸਾਹਮਣੇ ਬੈਠ ਗਿਆ ਤੇ ਸੋਚਿਆ। ਇਸ ਨੂੰ ਥੋੜ੍ਹਾ ਸਮਾਂ ਰੋ ਲੈਣ ਦੇਣਾ ਚਾਹੀਦਾ। ਪੰਜ ਸੱਤ ਮਿੰਟ ਬਾਅਦ ਮੈਂ ਫਿਰ ਪੁੱਛਿਆ ਕੀ ਹੋਇਆ?........... ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਕੁਰਸੀ ਤੋਂ ਖੜ੍ਹੀ ਹੋਈ ਤੇ ਉਸ ਨੇ ਬਿਨਾ ਝਿਜਕ ਮੇਰੇ ਸਾਹਮਣੇ ਆਪਣਾ ਕਾਲਾ ਟੌਪ ਉਤਾਰ ਦਿੱਤਾ। ਉਹ ਕਾਲੀ ਬਰਾ ਵਿੱਚ ਮੇਰੇ ਸਾਹਮਣੇ ਖੜੀ ਸੀ। ਮੈਨੂੰ ਝਟਕ ਲੱਗਿਆ। ਇਸ ਤੋਂ ਪਹਿਲਾਂ ਮੈਂ ਕੁਝ ਬੋਲਦਾ, ਉਹ ਘੁੰਮ ਗਈ ਤੇ ਉਸ ਨੇ ਮੇਰੇ ਵੱਲ ਪਿੱਠ ਕਰ ਲਈ। ਉਸ ਦੀ ਪੂਰੀ ਪਿੱਠ ਤੇ ਲਾਸਾਂ ਪਈਆਂ ਹੋਈਆਂ ਸਨ। ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਕੁਝ ਕੁ ਥਾਵਾਂ ਤੋਂ ਥੋੜ੍ਹਾ ਥੋੜ੍ਹਾ ਲਹੂ ਸਿਮ ਰਿਹਾ ਸੀ। ਫਿਰ ਉਹ ਉਸੇ ਤਰ੍ਹਾਂ ਕੁਰਸੀ 'ਤੇ ਬੈਠ ਗਈ। ਮੇਰੇ ਕੁਝ ਵੀ ਬੋਲਣ ਤੋਂ ਪਹਿਲਾਂ ਬੋਲੀ :
ਕੋਈ ਇਸ ਤਰ੍ਹਾਂ ਵੀ ਆਪਣੇ ਬੱਚੇ ਨੂੰ ਮਾਰਦਾ ਹੈ................?
ਕਿਸ ਨੇ ਮਾਰਿਆ ਤੁਹਾਨੂੰ............?
ਪਾਪਾ ਨੇ ….. ਹੋਰ ਕਿਸ ਨੇ ਮਾਰਨਾ।
ਰਜਨੀ ਕਾਫ਼ੀ ਦੇਰ ਰੋਂਦੀ ਰਹੀ, ਤੇ ਆਪਣਾ ਮਨ ਖ਼ਾਲੀ ਕਰਦੀ ਰਹੀ । ਮੈਂ ਸੁਣਦਾ ਰਿਹਾ ਤੇ ਉਸ ਨੂੰ ਸਮਝਾਉਂਦਾ ਰਿਹਾ। ਬਾਅਦ ਦੁਪਹਿਰ ਉਹ ਚਲੀ ਗਈ।
*
ਰਾਤ ਨੂੰ ਕਰੀਬਨ ਦਸ ਵਜੇ ਮੈਂ ਆਪਣਾ ਫੋਨ ਵੇਖਿਆ। ਵਿਮਲ ਕੀਰਤੀ ਦਾ ਮੈਸਜ ਸੀ। ਕਿ ਮੈਂ ਡਿਸਟਰਬ ਹਾਂ। ਨੀਂਦ ਘਟ ਰਹੀ ਹੈ। ਅੱਧੀ ਰਾਤ ਬਾਅਦ ਨੀਂਦ ਨਹੀਂ ਆਉਂਦੀ ਨਾ ਹੀ ਉਸ ਟਾਈਮ ਏਦਾਂ ਦਾ ਕੋਈ ਵਿਚਾਰ ਆਉਂਦਾ ਕਿ ਕੁਝ ਹੋਰ ਕਰਾਂ, ਅਖ਼ਬਾਰ ਪੜ੍ਹਾਂ, ਟੀ.ਵੀ ਵੇਖਾਂ ਜਾਂ ਕੁਝ ਹੋਰ ਕਰਾਂ। ਬਸ ਘਰ ਦੀ ਲਾਬੀ ਵਿੱਚ ਗੇੜੇ ਕੱਢਦਾਂ ਹਾਂ, ਤੇ ਘੜੀਆਂ ਦੀ ਟਿਕ ਟਿਕ ਸੁਣਦਾ ਹਾਂ।
ਰਾਤ ਨੂੰ ਗਿਆਰਾਂ ਕੁ ਵਜੇ ਮੈਂ ਵਿਮਲ ਕੀਰਤੀ ਦਾ ਪਰਸਨਲ ਬਲਾਗ ਪੜ੍ਹ ਰਿਹਾ ਸੀ
॥ ਮੈਨੂੰ ਪਤਾ ਹੈ॥
॥ ਪਰਸਨਲ ਬਲਾਗ ॥ ਵਿਮਲ ਕੀਰਤੀ॥
ਮੈਨੂੰ ਪਤਾ ਹੈ। ਸਾਰੀਆਂ ਔਰਤਾਂ ਬੇਵਕੂਫ਼ ਨਹੀਂ ਹੁੰਦੀਆਂ। ਜਦੋਂ ਏਦਾਂ ਦੀ ਕੋਈ ਗੱਲ ਮੈਂ ਸੁਣਦਾ ਹਾਂ। ਮੈਨੂੰ ਔਖਾ ਲੱਗਦਾ। ਮੈਂ ਔਰਤਾਂ ਦੀ ਪੂਜਾ ਕਰਦਾ ਹਾਂ। ਉਹਨਾਂ ਔਰਤਾਂ ਵਿੱਚੋਂ ਜਿੰਨੀਆਂ ਵੀ ਮੈਨੂੰ ਮਿਲੀਆਂ, ਕੁਝ ਵਿੱਚ ਇੱਕ ਅਜੀਬ ਕਿਸਮ ਦਾ ਸਬਰ ਤੇ ਠਹਿਰਾਅ ਮੈਂ ਵੇਖਿਆ। ਕਈਆਂ ਦੀਆਂ ਤਾਂ ਅੱਖਾਂ ਹੀ ਅਜਿਹੀਆਂ ਹਨ, ਜਿਵੇਂ ਕਿਸੇ ਚੀਜ਼ ਨਾਲ ਭਰੀਆਂ ਹੋਣ। ਵਿਚਾਰਾਂ ਨਾਲ, ਸਵਾਲਾਂ ਨਾਲ, ਉਡੀਕ ਨਾਲ ਜਾਂ ਸ਼ਾਇਦ ਸ਼ਿਕਾਇਤਾਂ ਨਾਲ। ਜਾਂ ਸ਼ਾਇਦ ਉਹਨਾਂ ਗੱਲਾਂ ਨਾਲ ਜਿਹੜੀਆਂ ਉਹਨਾਂ ਦੀਆਂ ਕਿਸੇ ਨੇ ਨਹੀਂ ਸੁਣੀਆਂ।
ਤੇ ਜਦੋਂ ਮੈਨੂੰ ਸਿਫਤੀ ਮਿਲੀ ਉਦੋਂ ਤਾਂ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਸੀ। ਮੈਂ ਸੋਚਦਾ ਸੀ। ਇਸ ਤਰ੍ਹਾਂ ਦੀਆਂ ਔਰਤਾਂ ਦੇ ਹੁੰਦਿਆਂ ਸਾਨੂੰ ਕਿੰਨੀ ਸੌਖੀ ਤਰ੍ਹਾਂ ਪ੍ਰਮਾਤਮਾ ਦੀ ਅਨੁਭੂਤੀ ਹੋ ਸਕਦੀ ਹੈ। ਕਿੰਨਾ ਸੌਖਾ ਹੋ ਜਾਂਦਾ ਇਹਨਾਂ ਦੇ ਨੇੜੇ ਹੁੰਦਿਆਂ ਇਹ ਜਾਣ ਲੈਣਾ ਕਿ ਪ੍ਰਮਾਤਮਾ ਕੀ ਹੈ। ਖ਼ਾਸ ਕਰਕੇ ਸਿਫਤੀ ਨੂੰ
ਤੁਰਦੇ ਵੇਖਦਾ ਤਾਂ ਦੂਰੋਂ ਵੇਖ ਕੇ ਲੱਗਦਾ। ਇਸੇ ਤਰ੍ਹਾਂ ਦੀ ਔਰਤ ਹੀ ਕਿਸੇ ਸੰਤ ਨੂੰ ਜਨਮ ਦੇ ਸਕਦੀ ਹੈ।
ਮੈਨੂੰ ਯਾਦ ਹੈ ਸਿਫਤੀ ਅਜੀਬ ਤਰੀਕੇ ਨਾਲ ਮੇਰੀ ਲਾਈਫ 'ਚ ਆ ਗਈ ਸੀ। ਮੈਂ ਸੋਚਿਆ ਨਹੀਂ ਸੀ। ਉਸ ਦਿਨ ਵੀ ਮੇਰਾ ਇੱਕ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਵਿੱਚ ਮੈਂ ਸਿਰਫ ਅੱਧਾ ਘੰਟਾ ਹੀ ਪ੍ਰਫਾਰਮ ਕਰਨਾ ਸੀ। ਮੈਨੂੰ ਪਤਾ ਸੀ, ਓਥੇ ਕਿੰਨੇ ਹੀ ਲੋਕ ਸਨ, ਜੋ ਬਾਕੀ ਦੇ ਪ੍ਰੋਗਰਾਮ ਨੂੰ ਨਹੀਂ ਵੇਖਦੇ ਸਨ ਤੇ ਸਿਰਫ ਮੇਰਾ ਰਬਾਬ ਸੁਣਨ ਆਉਂਦੇ ਸਨ। ਮੈਨੂੰ ਖ਼ੁਦ ਨੂੰ ਹੈਰਾਨੀ ਹੁੰਦੀ ਸੀ। ਲੋਕ ਮੈਨੂੰ ਚਮਤਕਾਰੀ ਗੱਲਾਂ ਦੱਸਦੇ ਕਿ ਮੈਨੂੰ ਸਾਹਮਣੇ ਬੈਠ ਕੇ ਸੁਣਨ ਨਾਲ ਜੋ ਉਹਨਾਂ ਨੂੰ ਫ਼ੀਲ ਹੁੰਦਾ ਸੀ। ਇਸ ਤੋਂ ਪਿਛਲੇ ਪ੍ਰੋਗਰਾਮ ਦੇ ਖ਼ਤਮ ਹੋਣ ਬਾਅਦ ਇੱਕ ਪਤਲੀ ਜਿਹੀ ਜਵਾਨ ਔਰਤ ਮੇਰੇ ਕੋਲ ਆਈ ਉਸ ਦੀ ਗੋਦ ਵਿੱਚ ਇੱਕ ਨਿੱਕਾ ਬੱਚਾ ਸੀ। ਹਮੇਸ਼ਾ ਰਾਤ ਨੂੰ ਬਹੁਤ ਰੋਂਦਾ ਸੀ। ਉਹ ਪਰੇਸ਼ਾਨ ਸੀ। ਡਾਕਟਰ ਇਲਾਜ ਕਰ ਰਹੇ ਸਨ ਪਰ ਸਮਝ ਨਹੀਂ ਸੀ ਆਉਂਦਾ। ਬੱਚਾ ਸਿਰਫ਼ ਰਾਤ ਨੂੰ ਰੋਂਦਾ ਸੀ। ਦਿਨ ਵੇਲੇ ਨਹੀਂ। ਉਸ ਔਰਤ ਨੇ ਮੈਨੂੰ ਦੱਸਿਆ ਕਿ ਮੇਰੀ ਇੱਕ ਫਰੈਂਡ ਨੇ ਮੈਨੂੰ ਕਿਹਾ ਸੀ ਇੱਕ ਆਦਮੀ ਹੈ। ਉਹ ਰਬਾਬ ਵਜਾਉਂਦਾ ਹੈ, ਤੇ ਉਸ ਨੂੰ ਸਾਹਮਣੇ ਬੈਠਕੇ ਸੁਣਨ ਨਾਲ ਜੋ ਫੀਲ ਹੁੰਦਾ ਉਹ ਦੱਸਿਆ ਨਹੀਂ ਜਾ ਸਕਦਾ। ਉਸ ਟਾਈਮ ਲੱਗਦਾ ਕੋਈ ਅਵਤਾਰੀ ਊਰਜਾ ਜ਼ਮੀਨ ਤੇ ਉੱਤਰ ਰਹੀ ਹੈ, ਤਾਂ ਉਹ ਔਰਤ ਇੱਕ ਸ਼ਾਮ ਮੇਰਾ ਸੰਗੀਤ ਸੁਣਨ ਆਈ ਸੀ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਉਸ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਤੁਹਾਡੇ ਪ੍ਰੋਗਰਾਮ ਵਿੱਚ ਮੈਂ ਆਪਣੇ ਬੱਚੇ ਨੂੰ ਲੈਕੇ ਆਈ ਸੀ। ਉਹ ਦੱਸ ਰਹੀ ਸੀ ਕਿ ਜਦੋਂ ਮੈਂ ਪ੍ਰੋਗਰਾਮ ਵਿੱਚ ਪਹੁੰਚੀ ਤੇ ਤੁਹਾਨੂੰ ਸਟੇਜ ਤੇ ਆਉਂਦੇ ਵੇਖਿਆ ਤਾਂ ਮੈਂ ਭੁੱਲ ਹੀ ਗਈ ਸੀ ਕਿ ਮੇਰੀ ਗੋਦ ਚ ਬੱਚਾ ਹੈ। ਮੈਂ ਵੇਖਦੀ ਰਹੀ। ਰਬਾਬ ਦੀ ਧੁਨ ਸ਼ੁਰੂ ਹੋਈ। ਪ੍ਰੋਗਰਾਮ ਖ਼ਤਮ ਹੋਇਆ। ਮੈਂ ਸਤਬੱਧ ਹੋਈ। ਉੱਠ ਕੇ ਚਲੀ ਗਈ। ਉਸ ਸ਼ਾਮ ਤੋਂ ਬਾਅਦ ਮੇਰਾ ਬੱਚਾ ਰਾਤ ਨੂੰ ਕਦੇ ਨਹੀਂ ਰੋਇਆ। ਇਸ ਪਿੱਛੇ ਕੀ ਕਾਰਨ ਹੈ, ਮੈਨੂੰ ਨਹੀਂ ਪਤਾ। ਕੋਈ ਕੋ ਇਨਸੀਡੈਂਟ ਵੀ ਹੋ ਸਕਦਾ ਪਰ ਹੁਣ ਤਹਾਡੇ ਹਰ ਪ੍ਰੋਗਰਾਮ ਵਿੱਚ ਮੈਂ ਸ਼ਾਮਿਲ ਹੁੰਦੀ ਹਾਂ।
ਇਸ ਪ੍ਰੋਗਰਾਮ ਵਿੱਚ ਮੈਨੂੰ ਸਿਫ਼ਤੀ ਪਹਿਲੀ ਵਾਰ ਮਿਲੀ ਸੀ।
**
॥ ਮੈਨੂੰ ਪਤਾ ਹੈ॥
॥ ਪਰਸਨਲ ਬਲਾਗ ॥ ਵਿਮਲ ਕੀਰਤੀ॥
ਇੱਕ ਦਿਨ ਇਹ ਹੋਇਆ ਕਿ ਮੈਂ ਸਟੇਜ 'ਤੇ ਜਾਣ ਤੋਂ ਪਹਿਲਾਂ ਆਪਣੀ ਜੁੱਤੀ ਸਟੇਜ ਦੇ ਪਿਛਲੇ ਪਾਸੇ ਖੁੱਲ੍ਹਦੇ ਦਰਵਾਜ਼ੇ ਤੋਂ ਪਹਿਲਾਂ ਹੀ ਉਤਾਰ ਕੇ ਸਟੇਜ ਤੇ ਚਲਾ ਗਿਆ ਸੀ। ਇਹ ਜੁੱਤੀ ਮੇਰੇ ਇੱਕ ਮਿੱਤਰ ਨੇ ਤੋਹਫ਼ੇ ਵਿੱਚ ਦਿੱਤੀ ਸੀ। ਇਸ ਜੁੱਤੀ ਤੇ ਚਿੱਟੇ ਮੋਤੀ ਜੜੇ ਹੋਏ ਸਨ। ਉਸ ਨੇ ਦੱਸਿਆ ਸੀ ਕਿ ਇਹ ਜੁੱਤੀ ਉਹ ਅਫ਼ਗਾਨਿਸਤਾਨ ਤੋਂ ਮੇਰੇ ਲਈ ਲੈ ਕੇ ਆਇਆ। ਉਹ ਹਰ ਸਾਲ ਜਨਵਰੀ ਵਿੱਚ ਮੈਨੂੰ ਮਿਲਣ ਆਉਂਦਾ। ਕਈ ਸਾਲਾਂ ਤੋਂ ਇਹ ਚੱਲ ਰਿਹਾ। ਉਹ ਮੈਨੂੰ ਬਹੁਤ ਪਿਆਰ ਕਰਦਾ। ਉਸ ਨੇ ਕਿਹਾ ਸੀ ਕਿ ਮੈਂ ਹਮੇਸ਼ਾ ਤੁਹਾਡੇ ਲਈ ਇਹ ਤੋਹਫ਼ਾ ਲੈ ਕੇ ਆਇਆ ਕਰਾਂਗਾ। ਤੁਸੀਂ ਕਦੀ ਵੀ ਆਪਣੇ ਲਈ ਜੁੱਤੀ ਨਾ ਖ਼ਰੀਦਣਾ।
ਇਸੇ ਹੀ ਪ੍ਰੋਗਰਾਮ ਦੇ ਖ਼ਤਮ ਹੋਣ ਬਾਅਦ ਜਦੋਂ ਮੈਂ ਸਟੇਜ ਤੋਂ ਵਾਪਸ ਆ ਕੇ ਆਪਣੀ ਜੁੱਤੀ ਪਾਉਣ ਲਈ ਪੈਰ ਅੱਗੇ ਵਧਾਇਆ ਤਾਂ ਵੇਖਿਆ ਮੇਰੀ ਜੁੱਤੀ ਕੋਲ ਇੱਕ ਗੁਲਾਬ ਦਾ ਫੁੱਲ ਪਿਆ ਸੀ; ਜੇ ਹਾਲੇ ਪੂਰੀ ਤਰ੍ਹਾਂ ਖਿੜਿਆ ਨਹੀਂ ਸੀ ਉਹ ਗੁਲਾਬ ਦੀ ਇੱਕ ਕਲੀ ਹੀ ਸੀ ਜੋ ਹਾਲੇ ਫੁੱਲ ਨਹੀਂ ਸੀ ਬਣਿਆ ਜਾਂ ਕਹਿ ਲਈਏ ਅੱਧ-ਖਿੜਿਆ ਫੁੱਲ।
ਮੈਂ ਉਸ ਗੁਲਾਬ ਦੇ ਬੰਦ ਫੁੱਲ ਨੂੰ ਚੁੱਕ ਕੇ ਘਰ ਲੈ ਆਇਆ ਪਰ ਮੈਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਫੁੱਲ ਮੇਰੀ ਜੁੱਤੀ ਕੋਲ ਕੌਣ ਰੱਖ ਕੇ ਗਿਆ ਹੈ। ਇਹ ਸਿਲਸਿਲਾ ਚਲਦਾ ਰਿਹਾ। ਹਰ ਮਹੀਨੇ ਕਿਸੇ ਨਾ ਕਿਸੇ ਸ਼ਹਿਰ ਵਿੱਚ ਮੇਰਾ ਇੱਕ ਪ੍ਰੋਗਰਾਮ ਹੁੰਦਾ ਤੇ ਜਦ ਮੈਂ ਵਾਪਸ ਆਉਂਦਾ ਮੇਰੀ ਜੁੱਤੀ ਕੋਲ ਉਸੇ ਤਰ੍ਹਾਂ ਦਾ ਇੱਕ ਫੁੱਲ ਪਿਆ ਮੈਨੂੰ ਮਿਲਦਾ ਤੇ ਮੈਂ ਉਸ ਨੂੰ ਲਿਆ ਕੇ ਘਰ ਰੱਖ ਲੈਂਦਾ। ਸ਼ਾਇਦ ਛੇ ਜਾਂ ਸੱਤ ਮਹੀਨੇ ਇਹ ਸਿਲਸਿਲਾ ਚਲਦਾ ਰਿਹਾ। ਫਿਰ ਇੱਕ ਦਿਨ ਮੈਨੂੰ ਮੇਰੇ ਡਰਾਈਵਰ ਨੇ ਦੱਸਿਆ ਕਿ ਇਹ ਫੁੱਲ ਕੋਈ ਕੁੜੀ ਰੱਖ ਕੇ ਜਾਂਦੀ ਹੈ। ਉਸ ਨੇ ਸਾਰਾ ਕੁਝ ਜੋ ਵੇਖਿਆ ਦੱਸਿਆ ਕਿ ਉਹ ਇੱਕ ਰਿਸ਼ਟ
ਪੁਸ਼ਟ, ਥੋੜ੍ਹੀ ਜਿਹੀ ਮੋਟੀ ਚਮਕਦੇ ਚਿਹਰੇ ਵਾਲੀ ਠੀਕ ਠਾਕ ਕੱਦ ਵਾਲੀ ਕੁੜੀ ਹੈ। ਮੈਂ ਸੁਣ ਕੇ ਚੁੱਪ ਰਿਹਾ।
ਫਿਰ ਇੱਕ ਦਿਨ ਫੁੱਲ ਦੇ ਨਾਲ ਮੈਨੂੰ ਇੱਕ ਕਾਗਜ਼ ਦਾ ਟੁਕੜਾ ਵੀ ਮਿਲਿਆ। ਜੋ ਫੁੱਲ ਦੀ ਡੰਡੀ ਵਿੱਚ ਫਸਿਆ ਹੋਇਆ ਸੀ। ਉਸ ਤੋਂ ਇੱਕ ਮੋਬਾਇਲ ਨੰਬਰ ਸੀ ਮੈਂ ਉਸੇ ਤਰ੍ਹਾਂ ਓਸ ਫੁੱਲ ਨੂੰ ਚੁੱਕਿਆ ਤੇ ਘਰ ਲੈ ਗਿਆ। ਘਰ ਜਾ ਕੇ ਆਪਣੇ ਕਮਰੇ ਵਿੱਚ ਆਪਣੇ ਸਟੱਡੀ ਟੇਬਲ 'ਤੇ ਰੱਖ ਦਿੱਤਾ ਜਿੱਥੇ ਪਿਛਲੇ ਛੇ ਮਹੀਨਿਆ ਤੋਂ ਮੈਂ ਫੁੱਲ ਰੱਖਦਾ ਆ ਰਿਹਾ ਸੀ। ਮੈਂ ਓਸ ਨੰਬਰ ਤੇ ਕਾਲ ਨਹੀਂ ਕੀਤੀ।
ਇਸ ਤੋਂ ਅਗਲੇ ਮਹੀਨੇ ਦੇ ਪ੍ਰੋਗਰਾਮ ਬਾਅਦ ਜਦੋਂ ਕਿ ਮੈਨੂੰ ਉਮੀਦ ਸੀ ਕਿ ਕਿ ਮੈਨੂੰ ਜੁੱਤੀ ਕੋਲ ਫੁੱਲ ਮਿਲੇਗਾ। ਓਥੇ ਮੈਨੂੰ ਕੋਈ ਫੁੱਲ ਨਹੀਂ ਮਿਲਿਆ। ਮੈਂ ਸੋਚ ਰਿਹਾ ਸੀ। ਉਹ ਨਿਰਾਸ਼ ਹੋ ਗਈ ਹੋਵੇਗੀ। ਕਿਉਂ ਕਿ ਮੈਂ ਕਾਲ ਨਹੀਂ ਸੀ ਕੀਤੀ।
ਇਸ ਇੱਕ ਮਹੀਨੇ ਦੇ ਵਕਫ਼ੇ ਬਾਅਦ ਮੈਨੂੰ ਫੇਰ ਉਸੇ ਤਰ੍ਹਾਂ ਦਾ ਫੁੱਲ ਮਿਲਿਆ ਪਰ ਉਹ ਅੱਧਾ ਸੜਿਆ ਹੋਇਆ ਸੀ। ਜਿਵੇਂ ਕਿਸੇ ਨੇ ਅੱਗ ਤੇ ਰੱਖ ਕੇ ਚੁੱਕ ਲਿਆ ਹੋਵੇ। ਇਸ ਸ਼ਾਮ ਮੈਂ ਬੇਚੈਨ ਸੀ। ਮੈਂ ਘਰ ਗਿਆ ਤੇ ਆਪਣੇ ਟੇਬਲ ਤੇ ਸੁੱਕੇ ਫੁੱਲਾਂ ਦੇ ਵਿੱਚੋਂ ਉਹ ਫੁੱਲ ਚੁੱਕਿਆ, ਜਿਸ ਦੀ ਡੰਡੀ ਵਿੱਚ ਕਾਗਜ਼ ਦੇ ਟੁਕੜੇ ਤੇ ਮੋਬਾਈਲ ਨੰਬਰ ਸੀ। ਮੈਂ ਸੋਚਦਾ ਰਿਹਾ ਕਾਲ ਕਰਾਂ ਕਿ ਨਾ। ਫੇਰ ਉਸ ਕਾਗਜ਼ ਦੇ ਟੁਕੜੇ ਨੂੰ ਜੇਬ 'ਚ ਪਾਉਣ ਬਾਅਦ ਮੈਂ ਖਾਣਾ ਖਾਣ ਚਲਿਆ ਗਿਆ। ਮੈਂ ਪੂਰਾ ਸਮਾਂ ਬੇਚੈਨ ਸੀ। ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਖਾਣੇ 'ਚ ਕੀ ਖਾਧਾ। ਮੈਂ ਵਾਪਸ ਆਪਣੇ ਬੈੱਡ ਰੂਮ 'ਚ ਆ ਕੇ ਕੁਝ ਦੇਰ ਟਹਿਲਦਾ ਰਿਹਾ ਤੇ ਫੇਰ ਛੋਟੀ ਲਾਈਟ ਆਨ ਕਰਨ ਬਾਅਦ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਮੈਨੂੰ ਨੀਂਦ ਨਹੀਂ ਆਈ।
ਤੇ ਰਾਤ ਨੂੰ ਕਰੀਬ ਇੱਕ ਵਜੇ ਮੈਂ ਉਸ ਫੋਨ ਨੰਬਰ ਤੇ ਕਾਲ ਕੀਤੀ। ਪਹਿਲੀ ਬੈੱਲ ਤੇ ਹੀ ਫੋਨ ਚੁੱਕ ਲਿਆ ਗਿਆ। ਉਧਰੋਂ ਆਵਾਜ਼ ਆਈ:
ਹੈਲੋ
ਹਾਂਜੀ.....
ਮੇਰੇ ਤੋਂ ਸਿਰਫ ਏਨਾ ਹੀ ਕਿਹਾ ਗਿਆ, ਮੈਂ ਬੋਲ ਰਿਹਾ ਹਾਂ। ਮੈਂ ਆਪਣਾ ਨਾਮ ਨਹੀਂ ਲੈ ਸਕਿਆ। ਤੇ ਉਧਰੋਂ ਕਿਹਾ ਗਿਆ। ਹਾਂਜੀ, ਮੈਂ ਪਹਿਚਾਣ ਲਿਆ। ਮੈਂ ਸਿਫਤੀ ਸੰਧੂ ਬੋਲ ਰਹੀ ਹਾਂ। ਮੈਂ ਇਹ ਪੁੱਛਿਆ, ਤੁਸੀਂ ਏਨੀ ਛੇਤੀ ਫੋਨ ਪਿਕ ਕੀਤਾ। ਤੁਸੀਂ ਸੁੱਤੇ ਨਹੀਂ ਹਾਲੇ।
ਨਹੀਂ ਮੈਂ ਤੁਹਾਡੇ ਫੋਨ ਦੀ ਵੇਟ ਕਰ ਰਹੀ ਸੀ।
ਤੁਹਾਨੂੰ ਕਿਵੇਂ ਪਤਾ ਸੀ ਕਿ ਮੈਂ ਕਾਲ ਕਰਾਂਗਾ।
ਮੈਨੂੰ ਪਤਾ ਸੀ। ਤੁਸੀਂ ਮੈਨੂੰ ਜ਼ਰੂਰ ਕਾਲ ਕਰੋਗੇ। ਇਹ ਹੋ ਹੀ ਨਹੀਂ ਸੀ ਸਕਦਾ ਕਿ ਤੁਸੀਂ ਕਾਲ ਨਾ ਕਰਦੇ।
ਤੁਹਾਨੂੰ ਇਸ ਗੱਲ ਦਾ ਏਨਾ ਵਿਸ਼ਵਾਸ ਕਿਉਂ ਸੀ ਕਿ ਮੈਂ ਕਾਲ ਕਰਾਂਗਾ।
ਮੈਨੂੰ ਬਹੁਤ ਕੁਝ ਪਤਾ ਹੁੰਦਾ ਸਰ ਜੀ।
ਉਸ ਨੇ ਇਹ ਕਹਿਣ ਤੋਂ ਬਾਅਦ ਦੋ ਕੁ ਮਿੰਟ ਗੱਲ ਕੀਤੀ ਤੇ ਮੈਂ ਕਿਹਾ ਅਸੀਂ ਜਲਦੀ ਮਿਲਾਂਗੇ। ਸਿਫ਼ਤੀ ਨੇ ਸੰਖੇਪ ਉੱਤਰ ਦਿੱਤਾ : ਜੀ ਠੀਕ।
ਇਸ ਗੱਲਬਾਤ ਦੌਰਾਨ ਇਹ ਤੈਅ ਨਹੀਂ ਹੋਇਆ। ਅਸੀਂ ਕਦੋਂ ਮਿਲਣਾ ਹੈ। ਕਿੱਥੇ ਮਿਲਣਾ ਹੈ। ਅਸੀਂ ਦੋਨੋਂ, ਇਸ ਬਾਰੇ ਗੱਲ ਨਹੀਂ ਕਰ ਸਕੇ।
*
ਰਾਤ ਨੂੰ ਵਿਮਲ ਕੀਰਤੀ ਦਾ ਬਲਾਗ ਪੜ੍ਹਦੇ-ਪੜ੍ਹਦੇ ਮੈਂ ਸੌਂ ਗਿਆ ਸੀ। ਸਵੇਰੇ ਦੇਰ ਨਾਲ ਉੱਠਿਆ। ਮੇਰੀ ਮੇਡ ਆਸ਼ਾ ਮੇਰੇ ਲਈ ਟੇਬਲ ਤੇ ਚਾਹ ਅਤੇ ਅਖ਼ਬਾਰ ਰੱਖ ਗਈ ਸੀ ਪਰ ਚਾਹ ਪੀਣ ਤੋਂ ਪਹਿਲਾਂ ਮੇਰੀ ਨਜ਼ਰ ਅਖ਼ਬਾਰ ਤੇ ਪਈ। ਜਿਸ ਤੇ ਖ਼ਬਰ ਸੀ। ਇੱਕ ਧੀ ਵੱਲੋਂ ਬਾਪ ਦਾ ਗੋਲੀ ਮਾਰ ਕੇ ਕਤਲ। ਮੇਰੇ ਲਈ ਇਹ ਖਬਰ ਹੋਰ ਵੀ ਝਟਕਾ ਦੇਣ ਵਾਲੀ ਸੀ। ਜਦੋਂ ਮੈਂ ਡਿਟੇਲ ਪੜ੍ਹੀ। ਮੈਨੂੰ ਪਤਾ ਲੱਗਿਆ ਕਿ ਰਜਨੀ ਮਲਹੋਤਰਾ ਨੇ ਆਪਣੇ ਬਾਪ ਦੇ ਗੋਲੀ ਮਾਰ ਦਿੱਤੀ ਹੈ, ਤੇ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਇਸ ਘਟਨਾ ਦੇ ਕਰੀਬ ਚਾਰ ਦਿਨ ਬਾਅਦ ਮੈਨੂੰ ਪੁਲੀਸ ਸਟੇਸ਼ਨ ਤੋਂ ਕਾਲ ਆਈ ਕਿ ਰਜਨੀ ਮਲਹੋਤਰਾ
ਮੈਨੂੰ ਮਿਲਣਾ ਚਾਹੁੰਦੀ ਹੈ। ਮੈਂ ਪੁਲੀਸ ਸਟੇਸ਼ਨ ਗਿਆ। ਉਸ ਨੂੰ ਮੁਲਾਕਾਤ ਲਈ ਲਿਆਂਦਾ ਗਿਆ। ਮੇਰੇ ਅਤੇ ਉਸ ਦੇ ਵਿਚਾਲੇ ਲੋਹੇ ਦੀਆਂ ਸਲਾਖਾਂ ਤੇ ਜਾਲੀਆਂ ਸੀ। ਮੁਲਾਕਾਤ ਲਈ ਵੀਹ ਮਿੰਟ ਦਿੱਤੇ ਗਏ ਸਨ। ਜਦੋਂ ਮੈਂ ਜਾਲੀ ਵਿੱਚੋਂ ਦੀ ਉਸ ਨੂੰ ਵੇਖਿਆ ਤਾਂ ਉਸ ਦਾ ਚਿਹਰਾ ਨਿਰਭਾਵ ਸੀ। ਜਾਲੀ ਸੰਘਣੀ ਹੋਣ ਕਾਰਨ ਮੈਂ ਉਸ ਦੀਆਂ ਅੱਖਾਂ ਸਹੀ ਤਰ੍ਹਾਂ ਨਹੀਂ ਵੇਖ ਸਕਿਆ। ਜਦੋਂ ਹੀ ਅਸੀਂ ਇਕ ਦੂਜੇ ਦੇ ਸਾਹਮਣੇ ਆਏ ਤਾਂ ਰਜਨੀ ਨੇ ਸਿੱਧਾ ਸਵਾਲ ਕੀਤਾ। ਕੀ ਮੈਂ ਠੀਕ ਕੀਤਾ ? ਇਹ ਕਰ ਕੇ। ਮੈਂ ਕਿਹਾ ਕਿ ਇਹ ਤਾਂ ਹੁਣ ਹੋ ਹੀ ਗਿਆ ਹੈ। ਇਸ ਠੀਕ ਗਲਤ ਦਾ ਹੁਣ ਕੀ ਕਰਾਂਗੇ। ਰਜਨੀ ਦੇ ਜਵਾਬ ਵਿੱਚ ਹਰ ਵਾਰ ਦੀ ਤਰ੍ਹਾਂ ਇੱਕ ਜ਼ਿਦੀ ਭਾਵ ਸੀ, ਤੇ ਹਮੇਸ਼ਾ ਦੀ ਤਰ੍ਹਾਂ ਪੂਰੇ ਵਿਸ਼ਵਾਸ ਨਾਲ ਉਸ ਆਪਣਾ ਜਵਾਬ ਦਿੱਤਾ:
ਨਹੀਂ ਇਸ ਦੇ ਠੀਕ ਗਲਤ ਹੋਣ ਨਾਲ ਫਰਕ ਪੈਂਦਾ, ਲੋਕ ਸਿਰਫ਼ ਇਸ ਬਾਰੇ ਗੱਲ ਕਰਨਗੇ ਕਿ ਮੈਂ ਇਹ ਗਲਤ ਕੰਮ ਕੀਤਾ ਅਤੇ ਮੈਨੂੰ ਜ਼ਰੂਰ ਇਸ ਦਾ ਪਛਤਾਵਾ ਹੋਵੇਗਾ, ਪਰ ਉਹ ਇਹ ਨਹੀਂ ਸੋਚਣਗੇ ਕਿ ਮੈਂ ਉਸ ਗਲਤੀ ਦੇ ਪਛਤਾਵੇ ਵਿੱਚ ਹਾਂ, ਜੋ ਮੈਂ ਜਾਣਬੁੱਝ ਕੇ ਨਹੀਂ ਕੀਤੀ, ਕਈ ਵਾਰ ਅਸੀਂ ਸਥਿਤੀਆਂ ਦੇ ਹੱਥਾਂ ਦਾ ਖਿਡੌਣਾ ਬਣ ਜਾਦੇ ਹਾਂ ਤੇ ਆਸ ਪਾਸ ਅਤੇ ਸਾਡੇ ਅੰਦਰ ਚੱਲਣ ਵਾਲੇ ਸਭ ਕੁਝ ਦੇ ਵਿਚਕਾਰ ਅਸੀਂ ਬੇਬਸ ਹੋ ਜਾਂਦੇ ਹਾਂ, ਨਾ ਹੀ ਲੋਕ ਇਹ ਸੋਚਣਗੇ ਕਿ ਇਸ ਨਾਲ ਮੈਨੂੰ ਕਿੰਨੀ ਤਕਲੀਫ਼ ਹੈ। ਸਗੋਂ ਉਹਨਾਂ ਨੂੰ ਇਹ ਜਾਣ ਕੇ ਸਕੂਨ ਮਿਲੇਗਾ ਕਿ ਮੈਂ ਇੱਕ ਨਾ ਝੱਲੇ ਜਾਣ ਵਾਲੇ ਪਛਤਾਵੇ ਹੇਠ ਮਰ ਰਹੀ ਹਾਂ; ਜਾਂ ਲੋਕ ਮੇਰੀ ਮਾਂ ਬਾਰੇ ਗੱਲ ਕਰਨਗੇ ਕਿ ਇੱਕ ਔਰਤ ਜਿਸ ਦੇ ਪਤੀ ਨੂੰ ਉਸ ਦੀ ਬੇਟੀ ਨੇ ਹੀ ਮਾਰ ਦਿੱਤਾ, ਉਹ ਜਾਣੀ ਕਿ ਮੇਰੀ ਮਾਂ ਆਪਣੀ ਔਲਾਦ ਬਾਰੇ ਕੀ ਸੋਚਦੀ ਹੋਵੇਗੀ। ਲੋਕ ਬਸ ਮੈਨੂੰ ਬੁਰਾ ਕਹਿਣਗੇ। ਮੈਂ ਪਹਿਲਾਂ ਵੀ ਤਕਲੀਫ਼ ਵਿੱਚ ਸੀ ; ਹੁਣ ਵੀ। ਮੈਂ ਇੱਕ ਤਕਲੀਫ਼ ਚੋਂ ਨਿਕਲਣ ਲਈ ਇੱਕ ਹੋਰ ਤਕਲੀਫ਼ ਸਹੇੜ ਲਈ ਹੈ। ਇਹ ਇਸੇ ਤਰ੍ਹਾਂ ਹੈ, ਜਿਵੇਂ ਕੋਈ ਆਪਣੇ ਜਖਮ ਦੀ ਪੀੜ ਤੋਂ ਤੰਗ ਆ ਕੇ ਆਪਣਾ ਅੰਗ ਵੱਢ ਦੇਵੇ। ਤੁਹਾਨੂੰ ਪਤੈ ? ਪਿਛਲੀਆਂ ਤਿੰਨ ਰਾਤਾਂ ਤੋਂ ਸੁੱਤੀ ਨਹੀਂ। ਦੇਖੋ ਮੇਰੀਆਂ ਅੱਖਾਂ। ਮੇਰਾ ਮੂੰਹ ਸੁੱਜਿਆ ਹੋਇਆ। ਇਹ ਕਹਿ ਕੇ ਉਹ ਰੋਣ ਲੱਗੀ।
ਉਹ ਲੜਕਾ ਨਹੀਂ ਆਇਆ?... ਤੁਹਾਡਾ ਫਰੈਂਡ .... ਮੈਂ ਸਵਾਲ ਕੀਤਾ।
ਹਾਂ, ਉਹ ਆਇਆ ਸੀ। ਵਕੀਲ ਨਾਲ ਗੱਲ ਕਰ ਰਿਹਾ। ਉਹ ਹਰ ਕੋਸ਼ਿਸ਼ ਕਰੇਗਾ ਕਿ ਮੈਂ ਬਚ ਜਾਵਾਂ ਪਰ ਮੈਨੂੰ ਦੱਸਾਂ। ਇੱਕ ਕੁੜੀ ਜੋ ਆਪਣੇ ਮੁਤਾਬਿਕ ਜਿਉਂ ਨਹੀਂ ਸਕਦੀ ਤੇ ਤੁਹਾਡੇ ਮੁਤਾਬਿਕ ਜਿਊਣਾ ਨਹੀਂ ਚਾਹੁੰਦੀ, ਉਹ ਕੀ ਕਰੇ...?
ਮੈਂ ਰਜਨੀ ਦੇ ਇਸ ਸਵਾਲ ਦਾ ਕੋਈ ਉੱਤਰ ਨਹੀਂ ਦੇ ਸਕਿਆ, ਉਸ ਦੇ ਇਸ ਸਵਾਲ ਵੱਲ ਧਿਆਨ ਨਾ ਦੇਣ ਦਾ ਦਿਖਾਵਾ ਕਰਦੇ ਹੋਏ ਪੁੱਛਿਆ ਕਿ ਤੁਹਾਡੇ ਪਾਪਾ ਨਾਲ ਝਗੜਾ ਕਿਸ ਗੱਲ ਤੋਂ ਹੋਇਆ ਸੀ ?
ਰਜਨੀ ਇਹ ਗੱਲ ਸੁਣ ਕੇ ਚੁੱਪ ਕਰ ਗਈ। ਕੁਝ ਦੇਰ ਬਾਅਦ ਉਸ ਨੇ ਕਿਹਾ। ਉਹ ਗੱਲ ਸੁਣਨ 'ਚ ਬਹੁਤੀ ਚੰਗੀ ਨਹੀਂ ਜਿਸ ਪਿੱਛੇ ਲੜਾਈ ਹੋਈ।
ਕੋਈ ਨਾ ਤੁਸੀਂ ਦੱਸੋ... ?
ਤੁਹਾਨੂੰ ਪਤੈ। ਮੈਂ ਸ਼ਰਾਬ ਪੀਂਦੀ ਹਾਂ। ਕੁਝ ਦਿਨ ਪਹਿਲਾਂ ਮੈਂ ਜ਼ਿਆਦਾ ਸ਼ਰਾਬ ਪੀ ਲਈ ਸੀ। ਵਜ੍ਹਾ ਪਤੈ ਤੁਹਾਨੂੰ.... ? ਮੈਂ ਕਿਉਂ ਸ਼ਰਾਬ ਪੀਂਦੀ ਹਾਂ.... ?
ਮੈਂ ਕਿਹਾ..... ਨਹੀਂ ਇਹ ਨਹੀਂ ਪਤਾ।
ਗੱਲ ਇਹ ਹੋਈ ਸੀ ਕਿ ਮੈਨੂੰ ਪੀਰੀਅਡਜ਼ ਦੌਰਾਨ ਬਹੁਤ ਤਕਲੀਫ਼ ਹੁੰਦੀ ਹੈ। ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਮੇਰੀ ਡਾਕਟਰ ਮੈਨੂੰ ਬਹੁਤ ਤੇਜ਼ ਪੇਨ ਕਿੱਲਰ ਦਿੰਦੀ ਹੈ। ਉਹ ਖਾਣ ਨਾਲ ਹੋਰ ਬਹੁਤ ਦਿੱਕਤਾਂ ਆਉਂਦੀਆਂ। ਇਸ ਲਈ ਮੈਂ ਇਹ ਢੰਗ ਚੁਣਿਆ। ਮੈਂ ਸ਼ਰਾਬ ਪੀ ਲੈਂਦੀ ਹਾਂ। ਇਸ ਨਾਲ ਮੈਂ ਤਕਲੀਫ਼ ਤੋਂ ਥੋੜੀ ਜਿਹੀ ਪਾਸੇ ਹੋ ਜਾਂਦੀ ਹਾਂ। ਫਿਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਏਨੀ ਕੁ ਸ਼ਰਾਬ ਮੇਰੀ ਸਿਹਤ ਦਾ ਕੋਈ ਨੁਕਸਾਨ ਕਰਦੀ ਹੋਵੇਗੀ। ਜੇ ਕਰਦੀ ਵੀ ਹੋਵੇਗੀ ਤਾਂ ਓਹਨਾਂ ਪੇਨ-ਕਿੱਲਰਜ਼ ਤੋਂ ਘੱਟ ਹੀ ਕਰਦੀ ਹੋਵੇਗੀ। ਮੈਨੂੰ ਇਹੋ ਲੱਗਦਾ।
ਮੈਂ ਸ਼ਰਾਬ ਪੀਤੀ ਹੋਈ ਸੀ। ਮੈਨੂੰ ਪੇਨ ਜਿਆਦਾ ਹੋ ਰਿਹਾ ਸੀ। ਮੈਂ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ। ਉਸ ਸ਼ਾਮ ਜਦੋਂ ਦੀ ਇਹ ਗੱਲ ਹੈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਓਵਰੀ ਰਿਮੂਵ ਕਰਵਾ ਦੇਣੀ ਹੈ। ਮੈਂ ਹਰ ਮਹੀਨੇ ਇਹ ਤਕਲੀਫ਼ ਨਹੀਂ ਝੱਲ ਸਕਦੀ। ਮਾਂ ਨੇ ਕਿਹਾ ਕਿ ਫਿਰ ਤੂੰ ਮਾਂ ਨਹੀਂ ਬਣ ਸਕੇਗੀ। ਮੈਂ ਜਵਾਬ ਦਿੱਤਾ ਕਿ ਮੈਨੂੰ ਇਸ 'ਚ ਕੋਈ ਦਿਲਚਸਪੀ ਨਹੀਂ। ਮੈਂ ਬੱਚਾ ਗੋਦ ਲੈ ਲਵਾਂਗੀ। ਮਾਂ ਕਹਿੰਦੀ ਫਿਰ ਤੇਰੇ ਨਾਲ ਕੌਣ ਵਿਆਹ ਕਰਵਾਏਗਾ... ? ਸ਼ਾਇਦ ਕੋਈ
ਨਹੀਂ। ਇੰਨੀ ਗੱਲ ਬਾਅਦ ਮੈਂ ਆਪਣੇ ਬੁਆਏ ਫਰੈਂਡ ਨੂੰ ਫੋਨ ਮਿਲਾ ਲਿਆ। ਮੈਂ ਉਸ ਨੂੰ ਇਹ ਸਾਰੀ ਗੱਲ ਦੱਸੀ। ਮੇਰੀ ਮਾਂ ਮੈਨੂੰ ਉਸ ਟਾਈਮ ਗੱਲ ਕਰਨ ਤੋਂ ਰੋਕ ਰਹੀ ਸੀ ਪਰ ਮੈਂ ਨਸ਼ੇ ਵਿੱਚ ਸੀ ਪਰ ਫਿਰ ਵੀ ਮੈਨੂੰ ਇਹ ਪਤਾ ਸੀ ਕਿ ਮੈਂ ਕੀ ਕਰ ਰਹੀ ਹਾਂ। ਮੈਂ ਫੋਨ ਤੇ ਆਪਣੇ ਫਰੈਂਡ ਨੂੰ ਕਿਹਾ ਕਿ ਮੈਂ ਓਵਰੀ ਰਿਮੂਵ ਕਰਵਾਉਣਾ ਚਾਹੁੰਦੀ ਹਾਂ, ਤੇ ਉਸ ਨੂੰ ਉਸੇ ਟਾਈਮ ਇਹ ਫੈਸਲਾ ਕਰਨ ਲਈ ਕਿਹਾ ਕਿ ਤੂੰ ਦੱਸ ਇਸ ਤਰ੍ਹਾਂ ਕਰਨ ਨਾਲ ਤੂੰ ਮੇਰੇ ਨਾਲ ਵਿਆਹ ਕਰਵਾਏਂਗਾ ਜਾਂ ਨਹੀਂ ? ਉਸਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਤੂੰ ਹੁਣ ਸ਼ਰਾਬ ਪੀਤੀ ਹੋਈ ਹੈ। ਆਪਾਂ ਸਵੇਰੇ ਗੱਲ ਕਰ ਲਵਾਂਗੇ ਪਰ ਮੈਂ ਜ਼ਿੱਦ ਤੇ ਅੜ ਗਈ ਤੇ ਕਿਹਾ ਮੈਨੂੰ ਹੁਣੇ ਦੱਸ। ਫਿਰ ਉਸ ਨੇ ਅਖੀਰ ਤੇ ਕਿਹਾ ਤੂੰ ਕੁਝ ਵੀ ਕਰ। ਮੈਂ ਤੈਨੂੰ ਛੱਡ ਨਹੀਂ ਸਕਦਾ।
ਫੋਨ ਕੱਟਣ ਬਾਅਦ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੇਰੇ ਵਿਆਹ 'ਚ ਕੋਈ ਪ੍ਰਾਬਲਮ ਨਹੀਂ ਆਵੇਗੀ। ਜਦੋਂ ਏਨੀ ਗੱਲ ਹੋਈ ਤਾਂ ਮੇਰੇ ਪਾਪਾ ਆ ਗਏ। ਮੈਂ ਆਪਣੇ ਕਮਰੇ 'ਚ ਚਲੀ ਗਈ। ਪਾਪਾ ਮਾਂ ਨਾਲ ਗੱਲ ਕਰ ਰਹੇ ਸੀ। ਮੈਨੂੰ ਸੁਣ ਰਿਹਾ ਸੀ। ਮਾਂ ਪਾਪਾ ਨੂੰ ਦੱਸ ਰਹੀ ਸੀ, ਜੋ ਵੀ ਹੋਇਆ। ਮੈਂ ਆਪਣੇ ਕਮਰੇ ਵਿਚ ਜਾ ਕੇ ਹੋਰ ਸ਼ਰਾਬ ਪੀ ਲਈ। ਥੋੜ੍ਹੇ ਟਾਈਮ ਬਾਅਦ ਪਾਪਾ ਮੇਰੇ ਕਮਰੇ 'ਚ ਆਏ ਤੇ ਬਹੁਤ ਗੁੱਸੇ 'ਚ ਕਹਿਣ ਲੱਗੇ।
ਤੂੰ ਕਿਹੜੇ ਜਨਮ ਦਾ ਪਾਪ ਹੈਂ ਮੇਰਾ......?
ਕਿਉਂ ....? ਪਾਪ ਨੂੰ ਮੈਂ ਕੀ ਕੀਤਾ…..?
ਮੇਰੇ ਏਨੀ ਕੁ ਗੱਲ ਕਹਿਣ ਦੀ ਦੇਰ ਸੀ। ਪਾਪਾ ਹੋਰ ਭੜਕ ਗਏ। ਕਹਿਣ ਲੱਗੇ ਕਰਨ ਨੂੰ ਰਹਿ ਵੀ ਕੀ ਗਿਆ। ਦਾਰੂ ਪੀ ਲਈ। ਯਾਰੀਆਂ ਪਾਲ ਲਈਆਂ, ਗਸ਼ਤੀਪੁਣਾ ਰਹਿ ਗਿਆ, ਓਹ ਵੀ ਕਰ ਲੈ ਹੁਣ, ਕੁੱਤੀ ਔਲਾਦ। ਇਹ ਸਭ ਸੁਣ ਕੇ ਮੈਂ ਕਿਹਾ ਪਾਪਾ ਮੇਰੇ ਨਾਲ ਏਦਾਂ ਦੀਆਂ ਗੱਲਾਂ ਨਾ ਕਰੋ। ਓਹ ਕਹਿੰਦੇ ਅੱਛਾ ਇਹ ਸੁਣ ਕੇ ਸ਼ਰਮ ਆਉਂਦੀ ਹੈ। ਧੰਨਭਾਗ, ਤੈਨੂੰ ਸ਼ਰਮ ਵੀ ਆਈ।
ਇਸ ਕਹਾ ਸੁਣੀ ਵਿੱਚ ਪਾਪਾ ਨੇ ਬਹੁਤ ਕੁਝ ਗੰਦਾ ਬੋਲਿਆ ਮੈਨੂੰ। ਮੈਂ ਆਪੇ ਤੋਂ ਬਾਹਰ ਹੋ ਗਈ। ਪਾਪਾ ਨੇ ਮੇਰੇ ਥੱਪੜ ਮਾਰਿਆ, ਫਿਰ ਮੇਰੇ ਤੋਂ ਰਿਵਾਲਵਰ ਚੱਲ ਗਿਆ। ਬੁਰੀ ਕਿਸਮਤ ਗੋਲੀ ਉਹਨਾਂ ਦੇ ਸਿਰ 'ਚ ਲੱਗ ਗਈ ਤੇ ਦੋ ਘੰਟੇ ਬਾਅਦ ਓਹਨਾਂ ਦੀ ਡੈੱਥ ਹੋ ਗਈ।
*
ਮੈਂ ਵਿਮਲ ਕੀਰਤੀ ਦਾ ਬਲਾਗ ਪੜ੍ਹ ਰਿਹਾ ਹਾਂ:
॥ ਮੈਨੂੰ ਪਤਾ ਹੈ॥
॥ ਪਰਸਨਲ ਬਲਾਗ ॥ ਵਿਮਲ ਕੀਰਤੀ॥
ਮੇਰੇ ਕੋਲ ਹੁਣ ਰੋਜ ਸਵੇਰੇ ਇੱਕ ਮੈਸੇਜ ਆਉਂਦਾ ਹੈ। ਗੁੱਡ ਮੌਰਨਿੰਗ ਸਰ। ਆਉਣ ਵਾਲੇ ਅਣਗਿਣਤ ਮੈਸੇਜਸ ਵਿੱਚੋਂ ਮੈਂ ਇਸ ਦਾ ਰਿਪਲਾਈ ਕਰਦਾ ਹਾਂ। ਹੈ। ਸਿਫਤੀ ਸੰਧੂ ਦੇ ਇਸ ਮੈਸੇਜ ਦੇ ਆਉਣ ਨਾਲ ਮੇਰੇ ਅੰਦਰ ਦਾ ਖ਼ਾਲੀ ਪਣ ਕੁਝ ਭਰਨ ਲੱਗਿਆ ਹੈ। ਰੋਜ ਸਵੇਰੇ ਸਾਢੇ ਚਾਰ ਜਾਂ ਪੰਜ ਵਜੇ ਇਹ ਸੁਨੇਹਾ ਮੇਰੇ ਲਈ ਲਿਖਿਆ ਜਾਂਦਾ ਹੈ। ਇਸ ਅੰਮ੍ਰਿਤ ਵੇਲੇ ਵਿੱਚ ਮੈਂ ਇੱਕ ਸਕੂਨ ਨੂੰ ਮਹਿਸੂਸ ਕਰਦਾ ਹਾਂ। ਜਿਸ ਦੀ ਵਜ੍ਹਾ ਸਿਫ਼ਤੀ ਸੰਧੂ ਹੈ। ਮੈਂ ਕੁਝ ਵੀ, ਉਸ ਬਾਰੇ ਬਿਨਾ ਸੋਚੇ ਇੱਕ ਅਨੰਦ ਵਿੱਚ ਹਾਂ। ਹਾਲੇ ਮੈਂ ਇਹ ਫ਼ੈਸਲਾ ਨਹੀਂ ਕਰ ਪਾ ਰਿਹਾ, ਕਿ ਇਸ ਅਨੰਦ ਵਿੱਚ ਸਿਫ਼ਤੀ ਨੇ ਕੁਝ ਹੋਰ ਜੋੜ ਦਿੱਤਾ ਹੈ ਜਾਂ ਉਹ ਇਸ ਦਾ ਇੱਕ ਹਿੱਸਾ ਬਣ ਰਹੀ ਹੈ।
ਪਿਛਲੇ ਸਮੇਂ ਵਿੱਚ ਮੈਂ ਸਿਰਫ਼ ਇੱਕ ਹੀ ਪ੍ਰੇਮ ਸਬੰਧ ਵਿੱਚ ਜਿਉਂਦਾ ਰਿਹਾ ਹਾਂ। ਕਰੀਬਨ ਪੱਚੀ ਸਾਲ। ਇਹ ਇੱਕ ਤਰਫਾ ਸੀ। ਉਸ ਕੁੜੀ ਅਵਨੀ ਦੀ ਬੇਧਿਆਨੀ ਨੇ ਹੀ ਮੈਨੂੰ ਨਾ ਮੁੱਕਣ ਵਾਲੇ ਇਕਲਾਪੇ ਵੱਲ ਧੱਕ ਦਿੱਤਾ ਸੀ। ਇਹ । ਉਹ ਮੇਰੇ ਨਾਲ ਮਿਊਜ਼ਿਕ ਦੀ ਸਟੂਡੈਂਟ ਸੀ। ਉਸ ਨੇ ਮੇਰਾ ਧਿਆਨ ਖਿੱਚ ਲਿਆ ਸੀ। ਉਸ ਨੂੰ ਮਿਊਜ਼ਿਕ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਸੀ। ਮੈਂ ਅਕਸਰ ਇਹੀ ਸੋਚਦਾ ਕਿ ਅਵਨੀ ਇੱਥੇ ਕਿਉਂ ਹੈ। ਉਹ ਡਾਂਸ ਸੋਹਣਾ ਕਰਦੀ ਸੀ। ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੈਂ ਕਿਸੇ ਹੋਰ ਔਰਤ ਜਾਂ ਕੁੜੀ ਵੱਲ ਆਕਰਸ਼ਿਤ ਹੋ ਸਕਦਾ ਹਾਂ। ਮੇਰੀ ਸੰਗੀਤ ਦੀ ਸਿੱਖਿਆ ਪੂਰੀ ਹੋਣ ਬਾਅਦ ਅਸੀਂ ਅਲੱਗ ਹੋ ਗਏ ਪਰ ਮਾਨਸਿਕ ਤੌਰ ਤੇ ਮੈਂ ਆਪਣੇ ਆਪ ਨੂੰ ਉਸ ਨਾਲੋਂ ਤੋੜ ਨਹੀਂ ਸਕਿਆ। ਉਸ ਨੂੰ ਮਿਲ ਲੈਣ ਦੀ ਤੜਫ ਕਦੀ ਵੀ ਘੱਟ ਨਹੀਂ ਹੋਈ। ਇੱਕ ਖਿੱਚ ਉਸ ਵੱਲ ਹਮੇਸ਼ਾ ਬਣੀ ਰਹੀ
ਤੇ ਮੈਂ ਇਸ ਸਾਰੀ ਤੜਫ ਨੂੰ ਚੁੱਪ ਚਾਪ ਵੇਖਦਾ ਰਿਹਾ ਤੇ ਆਪਣੇ ਅੰਦਰ ਸਭ ਦਫ਼ਨ ਹੋਣ ਦਿੱਤਾ। ਇਹ ਕਿਸੇ ਇਬਾਦਤ ਵਾਂਗ ਸੀ। ਜਿੱਥੇ ਮੈਨੂੰ ਉਸ ਦਾ ਸਰੀਰ ਨਹੀਂ ਸੀ ਚਾਹੀਦਾ। ਸਿਰਫ਼ ਹਾਜ਼ਰੀ ਚਾਹੀਦੀ ਸੀ। ਉਸ ਦਾ ਮੇਰੇ ਕੋਲ ਹੋਣਾ। ਪੂਰੀ ਲਾਈਫ਼ ਵਿੱਚ ਕਦੀ ਵੀ ਉਸ ਨੂੰ ਛੂਹਣ ਬਾਰੇ ਜਾਂ ਉਸ ਨਾਲ ਸੌਣ ਬਾਰੇ ਸੋਚਿਆ ਹੀ ਨਹੀਂ ਸੀ।
ਸਿਫਤੀ ਦੇ ਆਉਣ ਨਾਲ ਮੈਂ ਅਵਨੀ ਨਾਲੋਂ ਟੁੱਟਣਾ ਸ਼ੁਰੂ ਹੋਇਆ। ਹੋਰ ਬਹੁਤ ਔਰਤਾਂ ਮੇਰੀ ਲਾਈਫ 'ਚ ਹਨ ਪਰ ਕੋਈ ਵੀ ਮੇਰੇ ਅੰਦਰ ਤੱਕ, ਮੇਰੇ ਮਨ ਦੀਆਂ ਸਾਰੀਆਂ ਪਰਤਾਂ ਦੇ ਪਰਲੇ ਪਾਰ ਡੂੰਘਾਈ ਵਿੱਚ ਨਹੀਂ ਜਾ ਸਕੀ। ਸਭ ਨੂੰ ਮੈਂ ਦਿਮਾਗ ਨਾਲ ਮਿਲਦਾ ਸੀ। ਕਿਸੇ ਕੋਲ ਜਾ ਕੇ ਵੀ ਮੈਂ ਬੇਵੱਸ ਨਹੀਂ ਸੀ ਹੁੰਦਾ। ਮੈਂ ਆਪਣੇ ਆਪ ਨੂੰ ਕਿਸੇ ਦੇ ਹੱਥਾਂ ਵਿੱਚ ਨਹੀਂ ਸੀ ਦਿੰਦਾ। ਸਿਫਤੀ ਵਿੱਚ ਕੁਝ ਸੀ। ਜਿਸ ਨਾਲ ਮੈਂ ਉਸ ਵੱਲ ਬਹੁਤ ਹੌਲੀ-ਹੌਲੀ ਖਿਸਕ ਰਿਹਾ ਸੀ। ਏਨਾ ਹੈ ਕਿ ਜਿਵੇਂ ਸਾਨੂੰ ਦੋਹਾਂ ਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਚੁੱਪ ਚਾਪ ਬੇ ਧਿਆਨੇ ਜਿਹੇ ਕਿੱਧਰ ਜਾ ਰਹੇ ਹਾਂ, ਜਾਂ ਲਾਈਫ ਸਾਨੂੰ ਕਿੱਧਰ ਲਿਜਾ ਰਹੀ ਹੈ।
ਮੈਂ ਬਹੁਤ ਵਾਰ ਸੋਚਦਾ ਇਸ ਦਾ ਨਾਮ ਮੁਕਤੀ ਹੋਣਾ ਚਾਹੀਦਾ। ਇਸ ਨੇ ਮੈਨੂੰ ਓਸ ਸਬੰਧ ਤੋਂ ਮੁਕਤ ਕੀਤਾ ਹੈ। ਜਿਸ ਨੇ ਹਮੇਸ਼ਾ ਮੈਨੂੰ ਇੱਕ ਤੜਫ ਦਿੱਤੀ ਪਰ ਸ਼ਾਇਦ ਉਸ ਦੀ ਇਹ ਸਿਫ਼ਤ ਸੀ। ਇਸ ਲਈ ਉਸ ਦਾ ਨਾਮ ਸਿਫ਼ਤੀ ਹੈ।
*
ਮੈਂ ਵਿਮਲ ਕੀਰਤੀ ਦਾ ਬਲਾਗ ਪੜ੍ਹ ਰਿਹਾ ਹਾਂ :
॥ ਮੈਨੂੰ ਪਤਾ ਹੈ।।
॥ ਪਰਸਨਲ ਬਲਾਗ ॥ ਵਿਮਲ ਕੀਰਤੀ ।।
ਮੈਂ ਸੋਚਿਆ ਨਹੀਂ ਸੀ। ਮੇਰੀ ਤੇ ਸਿਫ਼ਤੀ ਦੀ ਇਹ ਮੁਲਾਕਾਤ ਇਸ ਤਰ੍ਹਾਂ ਹੋਵੇਗੀ। ਉਸ ਸ਼ਾਮ ਮੇਰਾ ਪ੍ਰੋਗਰਾਮ ਸੀ। ਪ੍ਰੋਗਰਾਮ ਦੇ ਖ਼ਤਮ ਹੁੰਦੇ ਰਾਤ ਹੋ ਰਹੀ ਸੀ। ਕਰੀਬਨ ਸਾਢੇ ਨੌਂ ਦਾ ਸਮਾਂ ਹੋਵੇਗਾ। ਮੈਂ ਸਟੇਜ ਤੋਂ ਉੱਠ ਕੇ ਸਟੇਜ ਦੇ ਨਾਲ ਲੱਗਦੇ ਦਰਵਾਜ਼ੇ ਵਿੱਚੋਂ ਲੰਘ ਕੇ ਇੱਕ ਗੈਲਰੀ ਵਿੱਚ ਆਇਆ ਜਿੱਥੇ ਹਲਕੇ ਦੂਧੀਆ ਰੰਗ ਦੀ ਰੋਸ਼ਨੀ ਸੀ। ਮੈਂ ਇਸ ਗੈਲਰੀ ਵਿੱਚ ਆਪਣੀ ਜੁੱਤੀ ਪਾਉਣ ਲਈ ਆਇਆ ਸੀ, ਜੋ ਪ੍ਰੋਗਰਾਮ ਤੋਂ ਪਹਿਲਾਂ ਮੈਂ ਉਤਾਰ ਕੇ ਸਟੇਜ ਤੇ ਗਿਆ ਸੀ।
ਇਸ ਗੈਲਰੀ ਵਿੱਚ ਮੈਂ ਵੇਖਿਆ, ਪੂਰੀ ਗੈਲਰੀ ਖਾਲੀ ਸੀ। ਸਿਰਫ਼ ਮੇਰਾ ਡਰਾਈਵਰ ਓਥੇ ਖੜ੍ਹਾ ਸੀ। ਜੁੱਤੀ ਵਾਲੀ ਜਗ੍ਹਾ ਤੇ ਮੈਂ ਵੇਖਿਆ, ਓਥੇ ਇੱਕ ਲੜਕੀ ਬੈਠੀ ਸੀ। ਦੂਰੋਂ ਉਸ ਨੂੰ ਵੇਖ ਕੇ ਮੈਂ ਅੰਦਾਜ਼ਾ ਨਹੀਂ ਲਗਾ ਸਕਿਆ ਇਹ ਲੜਕੀ ਸੀ ਜਾਂ ਔਰਤ। ਉਹ ਕੰਧ ਨਾਲ ਢੋਅ ਲਗਾ ਕੇ ਬੈਠੀ ਸੀ। ਕੋਲ ਜਾ ਕੇ ਵੇਖਿਆ ਤਾਂ ਉਸ ਨੇ ਮੇਰੀ ਜੁੱਤੀ ਆਪਣੀ ਗੋਦ 'ਚ ਰੱਖੀ ਹੋਈ ਸੀ। ਅੱਖਾਂ ਬੰਦ ਸਨ। ਪਤਾ ਨਹੀਂ ਸੀ ਲੱਗ ਰਿਹਾ ਓਹ ਸੌਂ ਰਹੀ ਸੀ, ਜਾਂ ਕੁਝ ਸੋਚ ਰਹੀ ਸੀ। ਉਸ ਦਾ ਸਿਰ ਇੱਕ ਪਾਸੇ ਨੂੰ ਝੁਕਿਆ ਹੋਇਆ ਸੀ। ਉਸ ਦਾ ਚਿਹਰਾ ਚਮਕ ਰਿਹਾ ਸੀ ਤੇ ਚਿਹਰੇ ਦੇ ਦੋਵੇਂ ਪਾਸੇ ਵਾਲਾਂ ਦੀ ਲਟਾ ਲਟਕ ਰਹੀਆਂ ਸਨ। ਮੈਂ ਉਸ ਨੂੰ ਵੇਖ ਹੀ ਰਿਹਾ ਸੀ ਕਿ ਮੇਰੇ ਡਰਾਈਵਰ ਨੇ ਇਸ਼ਾਰਾ ਕੀਤਾ ਅਤੇ ਅਸੀਂ ਉਸ ਤੋਂ ਥੋੜ੍ਹੀ ਦੂਰ ਚਲੇ ਗਏ। ਸਾਈਡ ਤੇ ਜਾ ਕੇ ਡਰਾਈਵਰ ਨੇ ਦੱਸਿਆ ਕਿ ਇਹੀ ਹੈ ਓਹ, ਜੋ ਫੁੱਲ ਰੱਖ ਕੇ ਜਾਂਦੀ ਸੀ।
ਹਾਂ.... । ਮੈਨੂੰ ਪਤਾ ਹੈ।
ਮੈਂ ਏਨਾ ਹੀ ਜਵਾਬ ਦਿੱਤਾ ਤੇ ਡਰਾਈਵਰ ਨੂੰ ਗੱਡੀ ਕੋਲ ਜਾਣ ਲਈ ਕਿਹਾ ਤੇ ਆਪ ਓਥੇ ਆ ਗਿਆ ਜਿੱਥੇ ਸਿਫਤੀ ਬੈਠੀ ਸੀ। ਮੈਂ ਆ ਕੇ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਪਰ ਓਹ ਬੇ-ਧਿਆਨੀ ਅੱਖਾਂ ਬੰਦ ਕਰਕੇ ਬੈਠੀ ਰਹੀ। ਉਹ ਏਨੇ ਆਰਾਮ ਵਿੱਚ ਸੀ ਕਿ ਮੈਨੂੰ ਉਸ ਨੂੰ ਬੁਲਾਉਣਾ ਔਖਾ ਲੱਗਿਆ। ਮੈਂ ਸੋਚ ਰਿਹਾ ਸੀ। ਇਸ ਨੂੰ ਕਿਵੇਂ ਜਗਾਵਾਂ ਜਾਂ ਉਠਾਵਾਂ। ਪਹਿਲਾਂ ਮੈਂ ਸੋਚਿਆ ਮੈਂ ਜੁੱਤੀ ਤੋਂ ਬਗੈਰ ਚਲਿਆ ਜਾਂਦਾ ਹਾਂ। ਫਿਰ ਰੁਕ ਗਿਆ। ਮੈਂ ਹਾਲੇ ਦੁਚਿੱਤੀ ਵਿੱਚ ਸੀ, ਕਿ ਸਿਫ਼ਤੀ ਨੇ ਅੱਖਾਂ ਖੋਲ੍ਹੀਆਂ। ਉਹ ਉੱਠੀ ਤੇ ਮੇਰੀ ਜੁੱਤੀ ਮੇਰੇ ਪੈਰਾਂ ਕੋਲ ਰੱਖੀ। ਮੈਂ ਪੈਰਾਂ 'ਚ ਜੁੱਤੀ ਪਾ ਲਈ। ਉਸ ਨੇ ਮੇਰੀ ਸੱਜੀ ਜੁੱਤੀ 'ਤੇ ਆਪਣਾ ਹੱਥ ਏਨੇ ਕੁ ਜ਼ੋਰ ਨਾਲ ਰੱਖਿਆ ਕਿ ਮੈਂ ਜੁੱਤੀ ਦੇ ਅੰਦਰ ਪੈਰ ਤੇ ਉਸ ਦੇ ਹੱਥ ਦੇ ਦਬਾਅ ਨੂੰ ਮਹਿਸੂਸ ਕੀਤਾ। ਮੇਰੀ ਜੁੱਤੀ ਤੇ ਹੱਥ ਲਗਾ ਕੇ ਉਸ ਨੇ ਆਪਣੇ ਸਿਰ ਤੇ ਫੇਰਿਆ। ਉਸ ਨੇ ਚਿੱਟੀ ਚੁੰਨੀ ਲਈ ਹੋਈ ਸੀ ਤੇ ਸ਼ਾਇਦ ਕੋਈ ਹਲਕੇ ਰੰਗ ਦਾ ਸੂਟ ਪਾਇਆ ਹੋਇਆ ਸੀ।
ਮੈਂ ਚੁੱਪ ਰਿਹਾ ਤੇ ਸਿਫਤੀ ਨੇ ਬੋਲਣਾ ਸ਼ੁਰੂ ਕੀਤਾ। ਮੈਂ ਅੱਜ ਕੰਮ ਤੇ ਨਹੀਂ ਗਈ। ਕਿਸੇ ਦੀ ਡੈੱਥ ਹੋ ਗਈ ਸੀ। ਭੋਗ ਤੋਂ ਬਾਅਦ ਮੈਂ ਸਿੱਧੀ ਇੱਥੇ ਆ ਗਈ। ਇੰਨੀ ਗੱਲ ਸੁਣਨ ਬਾਅਦ ਮੈਂ ਕਿਹਾ ਤੁਸੀਂ ਹੁਣ ਕਿੱਥੇ ਜਾਣਾ ? ਉਸ ਨੇ ਕਿਹਾ ਮੈਂ ਘਰ ਜਾਣਾ। ਮੈਂ ਉਸ ਨੂੰ ਕਿਹਾ ਕਿ ਆਪਣੇ ਘਰ ਦੇ ਨਜ਼ਦੀਕ ਕਿਸੇ ਬਹੁਤ ਅੱਛੇ ਕੌਫੀ
ਹਾਊਸ ਦਾ ਐਡਰੈੱਸ ਭੇਜਣਾ, ਅਸੀਂ ਅਗਲੇ ਹਫ਼ਤੇ ਮਿਲਾਂਗੇ। ਉਸ ਨੇ ਹਾਂ ਕੀਤੀ ਤੇ ਚਲੀ ਗਈ। ਉਸ ਦੇ ਵਿਹਾਰ 'ਚ ਕੋਈ ਵੀ ਕਾਹਲ ਨਹੀਂ ਸੀ।
*
ਮੈਂ ਵਿਮਲ ਕੀਰਤੀ ਦਾ ਬਲਾਗ ਪੜ੍ਹ ਰਿਹਾ ਹਾਂ :
।। ਮੈਨੂੰ ਪਤਾ ਹੈ ।।
।। ਪਰਸਨਲ ਬਲਾਗ ॥ ਵਿਮਲ ਕੀਰਤੀ ।।
ਤਕਲੀਫ਼
ਮੈਂ ਸੁਪਨੇ ਵੇਖਦਾ ਹਾਂ। ਬਹੁਤੇ ਵਾਰ ਸੁਪਨੇ ਔਰਤਾਂ ਦੇ ਹੁੰਦੇ ਹਨ। ਮੈਨੂੰ ਇਹ ਠੀਕ ਵੀ ਲੱਗਦਾ। ਇੱਕ ਆਦਮੀ ਨੂੰ ਔਰਤਾਂ ਦੇ ਹੀ ਸੁਪਨੇ ਆਉਣੇ ਚਾਹੀਦੇ ਨੇ। ਘੱਟੋ- ਘੱਟ ਉਸ ਨੂੰ ਜ਼ਰੂਰ, ਜਿਹੜਾ ਇਮਪੋਟੈਂਟ ਨਹੀਂ ਹੈ। ਮੈਨੂੰ ਸਾਰੇ ਸੁਪਨੇ ਯਾਦ ਰਹਿੰਦੇ ਹਨ। ਜਿਹੜੇ ਸੁਪਨੇ ਭੁੱਲ ਜਾਂਦੇ ਹਨ। ਉਹ ਥੋੜ੍ਹਾ ਜਿਹਾ ਯਾਦਦਾਸ਼ਤ ਤੇ ਜ਼ੋਰ ਦੇਣ ਨਾਲ ਯਾਦ ਆ ਜਾਂਦੇ ਹਨ।
ਪਰ ਕੁਝ ਸੁਪਨੇ ਮੈਂ ਜਾਗਦੀਆਂ ਅੱਖਾਂ ਨਾਲ ਵੇਖਦਾ ਹਾਂ। ਇਸ ਨੂੰ ਲੋਕ ਫਿਕਸ਼ਨ ਕਹਿੰਦੇ ਹਨ। ਕਲਪਨਾ। ਇਹ ਇਸ ਤਰ੍ਹਾਂ ਹੁੰਦੀ ਹੈ ਕਿ ਕਿਸੇ ਵਿਚਾਰ ਦਾ ਕੋਈ ਲੜ ਮੇਰੀ ਸੁਰਤ ਫੜ੍ਹ ਲੈਂਦੀ ਹੈ। ਫਿਰ ਅੱਗੇ ਲੜੀ ਤੁਰਦੀ ਜਾਂਦੀ ਹੈ। ਜਦੋਂ ਤੱਕ ਇਹ ਕਿਸੇ ਚਰਮ ਤੇ ਨਹੀਂ ਜਾਂਦੀ, ਮੈਂ ਇਸ 'ਚ ਡੁੱਬਿਆ ਰਹਿੰਦਾ ਹਾਂ। ਕੁਝ ਘੜੀਆਂ ਪਲਾਂ ਬਾਅਦ ਇਹ ਖੇਡ ਖ਼ਤਮ ਹੋ ਜਾਂਦੀ ਹੈ। ਇਸ ਤਰ੍ਹਾਂ ਦੀਆਂ ਗੱਲ ਜਾਂ ਕਹਾਣੀਆਂ ਮੇਰੇ ਅੰਦਰ ਬਿਨਾਂ ਮੇਰੀ ਇਜਾਜ਼ਤ ਤੇ ਹੀ ਬਣਦੀਆਂ ਰਹਿੰਦੀਆਂ ਹਨ। ਮੈਨੂੰ ਇਹ ਸੱਚ ਲੱਗਦੀਆਂ ਹਨ। ਭਾਵੇਂ ਇਹ ਕਹਾਣੀਆਂ ਗੰਦੀਆਂ ਚੰਗੀਆਂ, ਸੋਹਣੀਆਂ ਜਾਂ ਜੋ ਵੀ ਹੋਣ। ਆਖ਼ਰ ਇਹ ਇਸੇ ਜ਼ਿੰਦਗੀ ਦਾ ਹਿੱਸਾ ਹਨ। ਜਿਹੜੀ ਅਸੀਂ ਹਰ ਪਲ ਜੀ ਰਹੇ ਹਾਂ।
ਆਦਮੀ ਕੋਲ ਦੋ ਆਪਸ਼ਨ ਹਨ। ਜਾਂ ਤਾਂ ਕਿਸੇ ਚੀਜ਼ ਨੂੰ ਪਾਉਣ ਲਈ ਸਿਰ ਤੋੜ ਯਤਨ ਕਰ ਲਵੇ। ਜਾਂ ਛੱਡ ਦੇਵੇ। ਬਹੁਤ ਵਾਰ ਮੈਂ ਛੱਡ ਦੇਣ ਨੂੰ ਪਹਿਲ ਦਿੰਦਾ ਹਾਂ। ਪਾ ਲੈਣ 'ਚ ਸਵਾਦ ਹੈ। ਛੱਡ ਦੇਣ 'ਚ ਅਨੰਦ ਹੈ। ਛੱਡ ਦੇਣ 'ਚ ਇੱਕ ਆਪਣੀ ਹੀ ਕਿਸਮ ਦਾ ਵਡੱਪਣ ਹੈ। ਇਸੇ ਲਈ ਕਿਸੇ ਹਜ਼ਾਰਾਂ ਰਿਆਸਤਾਂ ਦੇ
ਰਾਜੇ ਤੋਂ ਇੱਕ ਮਲੰਗ ਤੇ ਨੰਗਾ ਫ਼ਕੀਰ ਵੱਡਾ ਹੁੰਦਾ ਹੈ। ਜਦੋਂ ਰਾਜਾ ਤੇ ਫਕੀਰ ਮਿਲਦੇ ਹਨ। ਰਾਜਾ ਸਿਰ ਨਿਵਾ ਦਿੰਦਾ ਹੈ। ਬਹੁਤੇ ਵਾਰ ਮੈਂ ਆਪਣੇ ਆਪ ਨੂੰ ਆਪਣੇ ਤੋਂ ਬਾਹਰ ਖੜ੍ਹ ਕੇ ਵੇਖਦਾ ਹਾਂ, ਤੇ ਹਰ ਵਾਰ ਇੱਦਾਂ ਕਰਦਿਆਂ ਮੈਂ ਆਪਣੇ ਆਪ ਨੂੰ ਇੱਕ ਸੰਤ ਦੇ ਰੂਪ ਵਿੱਚ ਵੇਖਿਆ ਹੈ ਤੇ ਮੈਂ ਆਤਮਾ ਤੱਕ ਇੱਕ ਅਦੁੱਤੀ ਅਨੰਦ ਨਾਲ ਭਰ ਜਾਂਦਾ ਹਾਂ। ਮੈਂ ਆਪਣੇ ਆਪ ਨੂੰ ਮੱਥਾ ਟੇਕਦਾ ਹਾਂ। ਉਦੋਂ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਦ ਗਰੇਟ ਮੈਨ ਇਜ ਹਿਅਰ। ਬਹੁਤ ਇਕਾਂਤ ਪਲਾਂ ਵਿੱਚ ਹਮੇਸ਼ਾ ਇੱਦਾਂ ਹੁੰਦਾ। ਹੋ ਸਕਦਾ ਇਹ ਸਭ ਨਾਲ ਹੁੰਦਾ ਹੋਵੇ ਪਰ ਮੈਨੂੰ ਇਸ ਬਾਰੇ ਨਹੀਂ ਪਤਾ।
ਇੱਕ ਸੁਪਨਾ ਮੈਂ ਇੱਥੇ ਲਿਖਦਾ ਹਾਂ।
ਮੈਂ ਸੰਤ ਹੋਣ ਦੇ ਲੋਭ ਵਿੱਚ ਹਾਂ। ਮੈਨੂੰ ਜਿੱਥੇ ਵੀ ਦੱਸ ਪੈਂਦੀ ਹੈ ਕਿ ਇੱਧਰ ਕੋਈ ਅਧਿਆਤਮਿਕਤਾ ਹੈ। ਕੋਈ ਸੰਤ ਹੈ। ਮੇਰੀ ਸੁਰਤ ਸਭ ਛੱਡਕੇ ਓਧਰ ਤੁਰ ਪੈਂਦੀ ਹੈ। ਮੈਂ ਫੇਰ ਫਿਕਸ਼ਨ ਵਿੱਚ ਹਾਂ :
ਮੈਂ ਵੇਖਦਾ ਹਾਂ। ਇੱਕ ਦਰੱਖਤਾਂ ਦੇ ਝੁੰਡ ਦੇ ਵਿਚਕਾਰ ਇੱਕ ਔਰਤ ਜੋ ਬਹੁਤ ਰਿਸ਼ਟ-ਪੁਸ਼ਟ ਤੇ ਸੋਹਣੀ ਹੈ। ਅੱਧ ਲੇਟੀ ਅਵਸਥਾ 'ਚ ਇੱਕ ਅੱਧ ਟੁੱਟੇ ਮੰਜੇ ਤੇ ਪਈ ਹੈ। ਵਾਲ ਖੁੱਲ੍ਹੇ ਹੋਏ ਹਨ। ਉਸ ਦੀ ਦੇਹ ਤੇ ਸਿਰਫ਼ ਇੱਕ ਹੀ ਹਲਕੇ ਗੇਰੂ ਰੰਗ ਦਾ ਕੱਪੜਾ ਪਿਆ ਹੈ। ਜੋ ਉਸ ਦੀ ਛਾਤੀ ਤੇ ਲੱਕ ਨੂੰ ਢੱਕ ਰਿਹਾ। ਮੈਂ ਉਸ ਵੱਲ ਜਾ ਰਿਹਾ। ਉਸ ਦੇ ਮੰਜੇ ਦੇ ਕੋਲ ਥੋੜ੍ਹੀਆਂ ਜਿਹੀਆਂ ਲੱਕੜਾਂ ਦਾ ਇੱਕ ਨਿੱਕਾ ਜਿਹਾ ਢੇਰ ਬੁਝਦੀ ਹੋਈ ਅੱਗ ਨਾਲ ਧੁਖ ਰਿਹਾ, ਲੱਗਦਾ ਹੁਣੇ ਕੁਝ ਸਮਾਂ ਪਹਿਲਾਂ ਹੀ ਅੱਗ ਬੁਝੀ ਹੈ। ਧੂੰਆਂ ਉਸ ਔਰਤ ਵੱਲ ਜਾਂਦਾ ਹੈ। ਮੈਂ ਉਸ ਔਰਤ ਤੋਂ ਕੁਝ ਕੁ ਦੂਰੀ ਤੇ ਜਾ ਕੇ ਰੁਕ ਜਾਂਦਾ ਹਾਂ ਤੇ ਉਸ ਵੱਲ ਵੇਖਣ ਲੱਗਦਾ ਹਾਂ।
ਮੈਨੂੰ ਕੁਝ ਪਲ ਉਹ ਵੇਖਦੀ ਹੈ। ਫਿਰ ਬੋਲਦੀ ਹੈ:
ਆ ਗਿਆ...... ? ਬੋਲ ਕੀ ਚਾਹੀਦਾ.......।
ਨਹੀਂ........ ਕੁਝ ਨਹੀਂ ਚਾਹੀਦਾ।
ਫੇਰ ਇੱਥੇ ਕੀ ਕਰਨ ਆਇਐਂ ....?
ਮੈਂ ਚੁੱਪ ਚਾਪ ਖੜਾ ਰਹਿੰਦਾ ਹਾਂ। ਕੁਝ ਨਹੀਂ ਬੋਲਦਾ। ਉਹ ਆਪਣੇ ਇੱਕ ਪੈਰ ਨਾਲ ਦੂਜੇ ਪੈਰ ਤੇ ਖੁਰਕ ਕਰਨ ਲੱਗਦੀ ਹੈ। ਫੇਰ ਆਪਣੇ ਚਿਹਰੇ ਤੇ ਆਏ
ਥੋੜ੍ਹੇ ਜਿਹੇ ਵਾਲ ਆਪਣੇ ਹੱਥ ਨਾਲ਼ ਪਾਸੇ ਕਰਦੀ ਹੈ, ਤੇ ਫਿਰ ਬੋਲਦੀ ਹੈ:
ਤੈਨੂੰ ਓਹਨੇ ਕਿਹਾ ਸੀ ਨਾ। ਤੈਨੂੰ ਓਹ ਔਰਤ ਨਹੀਂ ਮਿਲੇਗੀ। ਜਿਹੜੀ ਤੂੰ ਲੱਭ ਰਿਹਾਂ। ਤੂੰ ਮੂਰਖ ਹੈਂ। ਤੂੰ ਸੰਤ ਔਰਤ ਲੱਭਦੈਂ। ਉਹ ਵੀ ਪਿਆਰ ਕਰਨ ਲਈ। ਸੰਤ ਆਦਮੀ ਘਰ ਛੱਡ ਜਾਂਦੇ ਹਨ। ਸੰਤ ਆਦਮੀ ਔਰਤਾਂ ਛੱਡ ਜਾਂਦੇ ਹਨ। ਸੰਤ ਔਰਤਾਂ ਦਾ ਤੈਨੂੰ ਪਤੈ ਕੁਝ।
ਮੈਨੂੰ ਕੁਝ ਨਹੀਂ ਪਤਾ
ਮੈਂ ਇੰਨਾ ਹੀ ਜਵਾਬ ਦਿੱਤਾ ਓਸ ਨੇ ਕਿਹਾ। ਚੱਲ ਮੈਂ ਦੱਸਦੀ ਹਾਂ:
ਗੱਲ ਸੁਣ, ਯਕੀਨ ਕਰੇਂਗਾ ? ਮੈਨੂੰ ਪਤਾ ਸੀ ਤੂੰ ਆਏਂਗਾ। ਮੈਂ ਤੈਨੂੰ ਪਿਆਰ ਕਰਦੀ ਹਾਂ। ਤੈਨੂੰ ਪਤਾ ਵੀ ਨਹੀਂ ਹੋਣਾ, ਔਰਤ ਇੱਦਾਂ ਹੀ ਕਰਦੀ ਹੈ। ਪਿਆਰ ਕਰਦੇ ਸਾਰ ਪਹਿਲਾਂ ਚੁੱਪ ਹੋ ਜਾਂਦੀ ਆ। ਆਦਮੀ ਕੀ ਕਰਦਾ ਤੈਨੂੰ ਪਤਾ ਹੋਣਾ... ਹਨਾਂ....?
ਮੈਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਫਿਰ ਓਹ ਬੋਲੀ:
ਓਹ ਠੂਲ੍ਹਾ ਪਿਆ ਦਿਸਦਾ....? ਓਸ ਨੇ ਆਪਣੀ ਨੰਗੀ ਬਾਂਹ ਉੱਪਰ ਚੁੱਕੀ ਤੇ ਹੱਥ ਦੀ ਉਂਗਲ ਨਾਲ ਮੰਜੇ ਤੋਂ ਕੁਝ ਦੂਰੀ ਤੇ ਜ਼ਮੀਨ ਤੇ ਪਏ ਮਿੱਟੀ ਦੇ ਭਾਂਡੇ ਵੱਲ ਇਸ਼ਾਰਾ ਕੀਤਾ, ਜਿਹੜਾ ਕਿਸੇ ਕਸੋਰੇ, ਛੰਨੇ, ਜਾਂ ਇੱਦਾਂ ਦੇ ਹੀ ਕਿਸੇ ਭਾਂਡੇ ਵਰਗਾ ਸੀ। ਫਿਰ ਓਹ ਬੋਲੀ :
ਓਸ 'ਚ ਥੋੜ੍ਹੀ ਜਿਹੀ ਲੱਸੀ ਪਈ ਆ। ਕੁੱਤਾ ਹੁਣੇ ਪੀ ਕੇ ਗਿਆ ਲੱਸੀ। ਬਾਕੀ ਜੂਠੀ ਛੱਡ ਗਿਆ। ਏਨਾ ਕਹਿ ਕੇ ਉਹ ਚੁੱਪ ਕਰ ਗਈ। ਮੈਂ ਵੇਖਦਾ ਰਿਹਾ।
ਕੁਝ ਦੇਰ ਬਾਅਦ ਉਹ ਬੋਲੀ। ਕੀ ਕਹਿੰਨਾ ਫਿਰ...?
ਮੈਂ ਕਿਹਾ। ਮੇਰੀ ਮੁਹੱਬਤ ਦਾ ਕੀ ਬਣਿਆ? ਮੈਂ ਕਦੋਂ ਸੁਣਾਂਗਾ। ਉਹ ਸਭ ਜੋ ਮੈਨੂੰ ਸ਼ਾਂਤੀ ਦੇਵੇ। ਉਸ ਨੇ ਕਿਹਾ ਮੁਹੱਬਤ ਦਾ ਕੀ ਬਣਨਾ ਹੁੰਦਾ। ਮਹੱਬਤ ਜੇ ਬੋਲ ਪਵੇ ਤਾਂ ਸਿਰਫ ਕਲੰਕ ਬਣਦੀ ਹੈ। ਜੇ ਚੱਪ ਰਹਿ ਜਾਵੇ ਪ੍ਰਮਾਤਮਾ ਹੋ ਜਾਂਦੀ ਹੈ ਪਰ ਤੂੰ ਸੁਣਨ ਆਇਐਂ। ਤੇਰੀ ਇੱਛਾ ਬੜੀ ਪਵਿੱਤਰ ਹੈ। ਤੇਰੀ ਲੱਭਤ ਵੱਡੀ ਹੈ। ਤੇਰੀ ਕੋਸਿਸ਼ ਸ਼ਬਦਾਂ ਤੋਂ ਪਰ੍ਹੇ ਹੈ। ਤੇਰਾ ਸਿਦਕ ਅਨੋਖਾ ਹੈ। ਤਾਂ ਮੈਂ ਤੈਨੂੰ ਕਿਹਾ। ਮੈਂ ਤੈਨੂੰ ਪਿਆਰ ਕਰਦੀ ਹਾਂ। ਚੱਲ ਹੁਣ.... ਮੁਹੱਬਤ ਪਰਖ ਮੰਗਦੀ ਹੈ ਪਰਖ 'ਚ ਪੂਰਾ ਉੱਤਰ।
ਫਿਰ ਉਹ ਬੋਲੀ, ਮੈਂ ਤੈਨੂੰ ਸਵੀਕਾਰ ਕਰ ਲਵਾਂਗੀ। ਤੈਨੂੰ ਗਲ ਨਾਲ ਲਾ ਲਵਾਂਗੀ। ਇਹੀ ਚਾਹੁੰਦਾ ਸੀ ਨਾ ਤੂੰ। ਚੱਲ... ਚੱਕ ਉਹ ਠੂਲ੍ਹਾ ਤੇ ਕੁੱਤੇ ਦੀ ਜੂਠੀ ਲੱਸੀ ਪੀ ਜਾ। ਮੈਂ ਇਹ ਸੁਣ ਕੇ ਖੜ੍ਹਾ ਰਿਹਾ। ਉਹ ਫਿਰ ਬੋਲੀ ...ਬਸ..... ਹੋ ਗਈ ਮੁਹੱਬਤ ?
ਮੈਂ ਇੱਕ ਵਾਰ ਉਸ ਵੱਲ ਵੇਖਿਆ ਤੇ ਠੂਲ੍ਹੇ ਕੋਲ ਚਲਿਆ ਗਿਆ। ਮੈਂ ਬੇਵਸੀ ਵਿੱਚ ਆਪਣੇ ਗੋਡੇ ਜ਼ਮੀਨ ਤੇ ਟੇਕ ਦਿੱਤੇ। ਮੈਨੂੰ ਲੱਗਦਾ ਸੀ। ਮੈਂ ਇੱਥੋਂ ਵਾਪਸ ਨਹੀਂ ਜਾ ਸਕਦਾ। ਮੈਂ ਠੂਲ੍ਹਾ ਚੁੱਕਿਆ ਮੂੰਹ ਨੂੰ ਲਾਇਆ ਤੇ ਕੁੱਤੇ ਦੀ ਜੂਠੀ ਲੱਸੀ ਪੀ ਲਈ। ਮੈਂ ਹਾਲੇ ਠੂਲ੍ਹਾ ਜ਼ਮੀਨ ਤੇ ਰੱਖ ਕੇ ਆਪਣਾ ਮੂੰਹ ਹੀ ਪੂੰਝਿਆ ਸੀ। ਓਹ ਉੱਚੀ ਉੱਚੀ ਹੱਸ ਪਈ :
ਹਾ ਹਾ .........ਹਾ ਹਾ ਹਾ ਹਾ
ਉਹ ਉੱਠ ਕੇ ਬੈਠ ਗਈ। ਉਸ ਦੀ ਛਾਤੀ ਤੋਂ ਕੱਪੜਾ ਖਿਸਕ ਗਿਆ ਪਰ ਉਹ ਬੇਫਿਕਰ ਸੀ। ਫਿਰ ਉਹ ਤਾੜੀ ਮਾਰ ਕੇ ਹੱਸੀ। ਮੈਂ ਹੈਰਾਨੀ ਨਾਲ ਭਰਿਆ ਹੋਇਆ ਉਸ ਵੱਲ ਵੇਖ ਰਿਹਾ ਸੀ। ਫਿਰ ਉਸ ਨੇ ਕਿਹਾ:
ਬੇਵਕੂਫਾ..... ਮੈਂ ਤੈਨੂੰ ਪਿਆਰ ਨਹੀਂ ਕਰਦੀ।
ਜਾ........ ਦਫ਼ਾ ਹੋ ਜਾ ਇੱਥੋਂ।
ਮੈਨੂੰ ਲੱਗਿਆ ਜਿਵੇਂ ਮੇਰੇ ਸਾਰੇ ਸਰੀਰ ਦਾ ਖੂਨ ਮੇਰੇ ਸਿਰ 'ਚ ਆ ਗਿਆ ਹੋਵੇ। ਕੁਝ ਦੇਰ ਮੈਂ ਚੁੱਪ ਚਾਪ ਖੜ੍ਹਾ ਰਿਹਾ। ਫੇਰ ਮੈਂ ਏਨਾ ਕਿਹਾ :
ਆਪਣੇ ਵਿਸ਼ਵਾਸ ਦਾ ਫਲ ਮੈਂ ਪਾ ਲਵਾਂਗਾ ...... ਮੈਂ ਇਸ਼ਕ ਨੂੰ ਖੁਦਾ ਮੰਨਿਆ ਹੈ।
ਆਪਣੇ ਫਰੇਬ ਦੀ ਕੀਮਤ ਤੂੰ ਚੁਕਾ ਲਵੀਂ।
ਮੈਂ ਜਾਂਦਾ ਹਾਂ।
*
ਵਿਮਲ ਕੀਰਤੀ।
**
**
ਕਾਲੇ ਨਿੰਬੂ
ਮੈਂ ਆਪਣੇ ਮੈਡੀਟੇਸ਼ਨ ਸੈਂਟਰ 'ਤੇ ਸੀ। ਸੁਭਾ ਕਰੀਬ ਗਿਆਰਾਂ ਵਜੇ ਅੱਜ ਮਿਲਣ ਲਈ ਪਹਿਲਾਂ ਨੰਬਰ ਇੱਕ ਕੁੜੀ ਦਾ ਸੀ। ਮੈਨੂੰ ਨਹੀਂ ਪਤਾ ਇਸ ਨੂੰ ਕੁੜੀ ਕਹਾਂ ਜਾਂ ਔਰਤ ਉਸ ਦੀ ਉਮਰ 33 ਸਾਲ ਹੈ। ਚਿਹਰਾ ਭਰਵਾਂ ਗੋਲ, ਸੁਭਾਅ ਮੁੰਡਿਆ ਵਰਗਾ। ਉਹ ਆ ਕੇ ਬੈਠਣ ਬਾਅਦ ਕੁਝ ਦੇਰ ਫਾਰਮਲ ਜਿਹੀਆਂ ਗੱਲਾਂ ਕਰਦੀ ਰਹੀ। ਫੇਰ ਅਸੀਂ ਚਾਹ ਪੀਤੀ। ਉਸ ਨੇ ਕਿਹਾ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ।
ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ, ਮੈਂ ਲਵ ਮੈਰਿਜ ਚਾਹੁੰਦੀ ਹਾਂ ਪਰ ਮੇਰਾ ਕੋਈ ਬੁਆਏ ਫਰੈਂਡ ਨਹੀਂ ਹੈ। ਮੈਂ ਕਿਹਾ ਬੁਆਏ ਫਰੈਂਡ ਕਿਉਂ ਨਹੀਂ ਹੈ, ਤਾਂ ਉਸਨੇ ਕਿਹਾ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਓਸ ਤਰ੍ਹਾਂ ਦਾ ਮਿਲ ਨਹੀਂ ਰਿਹਾ। ਮੈਂ ਇੱਕ ਸਵਾਲ ਕੀਤਾ ਕਿ ਜੇ ਬੁਆਏ ਫਰੈਂਡ ਮਿਲ ਗਿਆ। ਘਰ ਦੇ ਲਵ ਮੈਰਿਜ ਲਈ ਮੰਨ ਜਾਣਗੇ ? ਉਸ ਨੇ ਕਿਹਾ ਓਹ ਬਾਅਦ 'ਚ ਵੇਖਿਆ ਜਾਵੇਗਾ। ਇਹ ਕੁੜੀ ਫੈਸਲਾ ਨਹੀਂ ਸੀ ਕਰ ਪਾ ਰਹੀ ਕਿ ਵਿਆਹ ਦੇ ਮਾਮਲੇ 'ਚ ਉਸ ਨੂੰ ਕੀ ਕਰਨਾ ਚਾਹੀਦਾ। ਇਸ ਮਸਲੇ ਤੇ ਵਿਚਾਰ ਕਰਨ ਲਈ ਉਹ ਮੇਰੇ ਕੋਲ ਆਈ ਸੀ।
ਇਸ ਕੁੜੀ ਦਾ ਛੋਟਾ ਨਾਮ ਸਿੰਮੂ ਹੈ। ਇਸ ਨਾਲ ਗੱਲਬਾਤ ਦੌਰਾਨ ਮੈਨੂੰ ਪਤਾ ਲੱਗਿਆ ਕਿ ਇਸ ਦੇ ਬਾਪ ਦੀ ਆਚਾਰ ਦੀ ਫੈਕਟਰੀ ਹੈ। ਸਿੰਮੂ ਨੇ ਮੈਨੂੰ ਦੱਸਿਆ ਕਿ ਤੁਸੀਂ ਆਚਾਰ ਦੇ ਇੱਕ ਬਰਾਂਡ ਦਾ ਨਾਮ ਸੁਣਿਆ ਹੋਵੇਗਾ "ਸਵਾਦ" ਮੈਂ ਕਿਹਾ ਹਾਂ ਮੈਂ ਸੁਣਿਆ ਹੈ। ਇਹ ਤਾਂ ਕਾਫ਼ੀ ਮਹਿੰਗਾ ਆਚਾਰ ਹੈ।
ਫਿਰ ਸਿੰਮੂ ਨੇ ਮੈਨੂੰ ਇਸ ਮਹਿੰਗੇ ਆਚਾਰ ਦੇ ਪਿੱਛੇ ਦੀ ਕਹਾਣੀ ਸੁਣਾਈ। ਸਿੰਮੂ ਨੇ ਕਿਹਾ :
ਮੇਰੇ ਪਾਪਾ ਨੇ ਮੈਨੂੰ ਦੱਸਿਆ ਕਿ :-
ਜਦੋਂ ਮੈਂ ਛੋਟਾ ਸੀ। ਓਦੋਂ ਮੇਰਾ ਬਾਪ ਇੱਕ ਨਿੰਬੂਆਂ ਦੇ ਬਾਗ ਵਿੱਚ ਕੰਮ ਕਰਦਾ ਸੀ। ਬਾਗ ਦਾ ਮਾਲਕ ਹਮੇਸ਼ਾ ਕੁਝ ਨਿੰਬੂ ਮੇਰੇ ਬਾਪ ਨੂੰ ਦੇ ਦਿਆ ਕਰਦਾ ਸੀ। ਮੇਰੀ ਮਾਂ ਵੀ ਕਿਸੇ ਦੇ ਘਰ ਕੰਮ ਕਰਦੀ ਸੀ। ਮੇਰੀ ਮਾਂ ਆਪਣੀ ਕਮਾਈ ਦੇ ਥੋੜ੍ਹੇ ਜਿਹੇ ਪੈਸਿਆਂ ਵਿੱਚੋਂ ਕੁਝ ਪੈਸਿਆਂ ਨਾਲ ਹਰੇਕ ਮਹੀਨੇ ਕੱਚ ਦੇ ਦੋ ਜਾਂ ਤਿੰਨ ਬਰਤਮਾਨ ਖਰੀਦ ਲੈਂਦੀ ਅਤੇ ਜਿਹੜੇ ਨਿੰਬੂ ਮੇਰਾ ਬਾਪ ਘਰ ਲਿਆਉਂਦਾ ਉਹਨਾਂ ਦਾ ਅਚਾਰ ਪਾ ਦਿੰਦੀ। ਕੁਝ ਦਿਨਾਂ ਬਾਅਦ ਇਹ ਆਚਾਰ ਬਣ ਜਾਂਦਾ ਤਾਂ ਅਸੀਂ ਇਸ ਨੂੰ ਵੇਚ ਦਿੰਦੇ। ਇਹ ਅਚਾਰ ਏਨਾ ਸਵਾਦ ਹੁੰਦਾ ਸੀ ਕਿ ਇਹ ਬਣਨ ਤੋਂ ਪਹਿਲਾਂ ਇਸ ਨੂੰ ਖ਼ਰੀਦਣ ਵਾਲੇ ਤਿਆਰ ਰਹਿੰਦੇ ਸਨ। ਬਸ ਏਦਾਂ ਹੀ ਜ਼ਿੰਦਗੀ ਚੱਲ ਰਹੀ ਸੀ।
ਮੈਂ ਕਰੀਬਨ ਪੰਦਰਾਂ ਸੋਲ੍ਹਾਂ ਸਾਲ ਦਾ ਸੀ ਜਦੋਂ ਮੇਰੇ ਬਾਪ ਦੀ ਮੌਤ ਹੋ ਗਈ। ਫਿਰ ਮੈਂ ਬਾਗ ਵਿੱਚ ਉਸ ਦੀ ਥਾਂ ਤੇ ਕੰਮ ਕਰਨ ਜਾਣ ਲੱਗਿਆ। ਬਾਕੀ ਸਭ ਉਸੇ ਤਰ੍ਹਾਂ ਚੱਲਦਾ ਰਿਹਾ। ਇਸ ਤੋਂ ਕਰੀਬਨ ਪੰਜ ਕੁ ਸਾਲ ਬਾਅਦ ਮੇਰੀ ਮਾਂ ਵੀ ਚੱਲ ਵਸੀ। ਇਸ ਸਮੇਂ ਦੇ ਵਿੱਚ ਮੈਂ ਇਕੱਲਾ ਰਹਿ ਗਿਆ ਸੀ, ਕਿਉਂ ਕਿ ਮੇਰੇ ਤੋਂ ਛੋਟਾ ਜੋ ਮੇਰਾ ਭਰਾ ਸੀ। ਉਹ ਮੇਰੇ ਮਾਮੇ ਨੇ ਗੋਦ ਲੈ ਲਿਆ ਸੀ ਜੋ ਵਿਦੇਸ਼ ਵਿੱਚ ਰਹਿੰਦਾ ਹੈ। ਉਹਨਾਂ ਨਾਲ ਸਾਡਾ ਕਾਫ਼ੀ ਸਮੇਂ ਤੋਂ ਕੋਈ ਜ਼ਿਆਦਾ ਰਾਬਤਾ ਨਹੀਂ ਸੀ। ਮਾਂ ਦੀ ਮੌਤ ਤੋਂ ਬਾਅਦ ਮੈਂ ਬਹੁਤ ਉਦਾਸ ਹੋ ਗਿਆ ਤੇ ਪੂਰਾ ਦਿਨ ਆਪਣੇ ਘਰ ਦੇ ਸਾਹਮਣੇ ਇੱਕ ਬਗੀਚੇ ਵਿੱਚ ਇਕੱਲਾ ਬੈਠਾ ਰਹਿੰਦਾ।
ਬਗੀਚੇ ਵਿੱਚ ਇੱਕ ਝੂਲਾ ਸੀ। ਮੈਂ ਓਥੇ ਬੈਠਾ ਰਹਿੰਦਾ। ਮੈਂ ਕਾਫ਼ੀ ਦਿਨ ਕੰਮ ਤੇ ਨਹੀਂ ਗਿਆ। ਸਭ ਜਾਣ ਪਛਾਣ ਵਾਲੇ ਆ ਕੇ ਚਲੇ ਗਏ ਸਨ। ਮੇਰੀ ਇੱਕ ਬੁੱਢੀ ਮਾਸੀ ਸੀ। ਉਹ ਵੀ ਇਕੱਲੀ ਸੀ। ਉਹ ਸਾਡੇ ਘਰ ਤੋਂ ਕਾਫ਼ੀ ਦੂਰੀ ਤੇ ਰਹਿੰਦੀ ਸੀ। ਮੇਰਾ ਖਿਆਲ ਰੱਖਣ ਦੀ ਗੱਲ ਉਸ ਦੇ ਮਨ 'ਚ ਆਈ। ਮੈਨੂੰ ਵੀ ਇਸ ਟਾਈਮ ਕਿਸੇ ਦੀ ਲੋੜ ਸੀ। ਫਿਰ ਮਾਸੀ ਮੇਰੇ ਕੋਲ ਰਹਿਣ ਲੱਗੀ। ਉਸ ਨੇ ਮੈਨੂੰ ਸਮਝਾਇਆ ਤੇ ਹੌਂਸਲਾ ਰੱਖਣ ਲਈ ਕਿਹਾ। ਮੈਂ ਫੇਰ ਕੰਮ ਤੇ ਜਾਣ ਲੱਗਿਆ। ਬੁੱਢੀ ਮਾਸੀ ਮੁਸ਼ਕਲ ਨਾਲ ਤੁਰਦੀ ਸੀ। ਉਸ ਦੇ ਗੋਡਿਆਂ ’ਚ ਹਮੇਸ਼ਾ ਦਰਦ ਰਹਿੰਦਾ ਪਰ ਉਹ ਫਿਰ ਵੀ ਸਾਰਾ ਦਿਨ ਹੌਲੀ ਹੌਲੀ ਕੰਮ ਕਰਦੀ ਰਹਿੰਦੀ ਸੀ ਤੇ ਘਰ ਦਾ ਸਾਰਾ ਕੰਮ ਕਰਦੀ। ਮੇਰੇ ਲਈ ਸੁਆਦ ਖਾਣਾ ਬਣਾਉਂਦੀ ਸੀ। ਹੌਲੀ ਹੌਲੀ ਮੈਂ ਆਪਣਾ ਦੁੱਖ ਭੁੱਲ ਗਿਆ।
ਇੱਕ ਦਿਨ ਮੇਰੀ ਮਾਸੀ ਨੇ ਮੈਨੂੰ ਕਿਹਾ ਤੂੰ ਅਚਾਰ ਦਾ ਕੰਮ ਸ਼ੁਰੂ ਕਰ। ਆਪਾਂ ਅਚਾਰ ਬਣਾ ਕੇ ਵੇਚਿਆ ਕਰਾਂਗੇ। ਫੇਰ ਜਿਹੜੇ ਨਿੰਬੂ ਮੈਨੂੰ ਮਿਲਦੇ ਸਨ। ਉਹਨਾ ਦਾ ਅਚਾਰ ਮਾਸੀ ਨੇ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਹਰ ਚੀਜ਼ ਦਾ ਆਚਾਰ ਬਣਾਉਣ ਲੱਗੇ ਜਿਸ ਦਾ ਵੀ ਬਣ ਸਕਦਾ ਸੀ। ਮੈਨੂੰ ਉਹ ਦਿਨ ਯਾਦ ਹੈ। ਜਦੋਂ ਮੈਂ ਅੰਬ ਦਾ ਆਚਾਰ ਬਣਾਉਣ ਲਈ ਅੰਬਾਂ ਨੂੰ ਕੱਟਣ ਵਾਸਤੇ ਬਜ਼ਾਰ 'ਚੋਂ ਲੋਹੇ ਦਾ ਟੋਕਾ ਖਰੀਦਿਆ ਸੀ। ਉਸ ਦਿਨ ਮੈਨੂੰ ਧੁਰ ਅੰਦਰੋਂ ਮਹਿਸੂਸ ਹੋਇਆ ਸੀ ਕਿ ਇਹ ਸਿਰਫ ਇੱਕ ਟੋਕਾ ਨਹੀਂ ਹੈ। ਮੇਰੀ ਕਿਸਮਤ ਦੀ ਚਾਬੀ ਹੈ। ਫੇਰ ਪੰਜ ਸਾਲ ਏਨਾ ਕੁ ਕੰਮ ਕੀਤਾ ਕਿ ਬਹੁਤ ਪੈਸੇ ਆ ਗਏ। ਫਿਰ ਆਚਾਰ ਦੀ ਛੋਟੀ ਜਿਹੀ ਫੈਕਟਰੀ ਸ਼ੁਰੂ ਹੋਈ। ਅਚਾਰ ਦਾ ਸਮਾਨ ਮਿਕਸ ਕਰਨ ਲਈ ਚਾਰ ਮਿਕਸਰ ਖ਼ਰੀਦੇ। ਕੁਝ ਔਰਤਾਂ ਨੂੰ ਕੰਮ ਤੇ ਰੱਖਿਆ ਤੇ ਇਨ੍ਹਾਂ ਦਿਨਾਂ ਵਿੱਚ ਇੱਕ ਬਹੁਤ ਚੰਗੀ ਗੱਲ ਹੋਈ ਕਿ ਨਾਲ ਦੇ ਸ਼ਹਿਰ 'ਚੋਂ ਇੱਕ ਅਮੀਰ ਆਦਮੀ ਮੇਰੇ ਕੋਲ ਆਇਆ। ਉਸ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਮਿੱਤਰ ਦੇ ਘਰ ਮਹਿਮਾਨ ਸੀ ਤਾਂ ਓਥੇ ਮੈਂ ਨਿੰਬੂਆਂ ਦਾ ਆਚਾਰ ਖਾਣੇ ਨਾਲ ਖਾਧਾ। ਪਤਾ ਕਰਨ ਤੇ ਮੈਨੂੰ ਦੱਸਿਆ ਗਿਆ ਕਿ ਇਹ ਆਚਾਰ ਤੁਹਾਡੇ ਤੋਂ ਮਿਲੇਗਾ। ਇਹ ਆਦਮੀ ਬਹੁਤ ਖੁੱਲ੍ਹ ਦਿਲਾ ਤੇ ਸਮਝਦਾਰ ਸੀ। ਇਸ ਨੇ ਹੀ ਮੈਨੂੰ ਇਹ ਸਲਾਹ ਦਿੱਤੀ ਕਿ ਮੈਂ ਅਚਾਰ ਦਾ ਆਪਣਾ ਬਰਾਂਡ ਰਜਿਸਟਰਡ ਕਰਾਵਾਂ ਤੇ ਉਸਦਾ ਨਾਮ ਸਵਾਦ ਰੱਖਾਂ। ਕਿਉਂ ਕਿ ਇਹ ਆਚਾਰ ਸੱਚਮੁੱਚ ਸਵਾਦ ਹੈ।
ਉਸ ਆਦਮੀ ਦੇ ਆਚਾਰ ਮੰਗਣ ਤੇ ਮੈਂ ਘਰ ਦੇ ਸਟੋਰ 'ਚ ਗਿਆ। ਇਹ ਘਰ ਦੀ ਉਹ ਥਾਂ ਸੀ। ਜਿੱਥੇ ਮੈਂ ਸਾਲ 'ਚ ਮਸਾਂ ਇੱਕ ਦੋ ਵਾਰ ਹੀ ਜਾਂਦਾ ਸੀ। ਮੈਨੂੰ ਹਲਕਾ ਜਿਹਾ ਯਾਦ ਰਹਿੰਦਾ ਕਿ ਇੱਥੇ ਕੁਝ ਵਰਤਮਾਨ ਪਏ ਹਨ। ਜਿਨਾਂ ਚ ਮਾਂ ਦਾ ਬਣਾਇਆ ਹੋਇਆ ਅਚਾਰ ਪਿਆ ਹੈ। ਮੇਰੇ ਮਨ ‘ਚ ਪਤਾ ਨਹੀਂ ਕਿਉਂ ਏਦਾਂ ਹੀ ਆਉਂਦਾ ਕਿ ਮੈਂ ਇਨ੍ਹਾਂ ਬਰਤਮਾਨਾਂ ਨੂੰ ਨਾ ਛੇੜਾਂ। ਮੈਨੂੰ ਹਮੇਸ਼ਾ ਲੱਗਾ ਸੀ ਕਿ ਮੇਰੀ ਮਾਂ ਦੀ ਸੁਰਤ ਦਾ ਕੋਈ ਹਿੱਸਾ ਇਨਾਂ ਬਰਤਮਾਨਾਂ ਦੇ ਆਚਾਰ ਵਿੱਚ ਪਿਆ ਹੈ। ਮੈਨੂੰ ਇਨ੍ਹਾਂ ਨੂੰ ਛੂਹਣ ਤੋਂ ਵੀ ਝਿਜਕ ਹੁੰਦੀ। ਮੈਨੂੰ ਹਮੇਸ਼ਾ ਲੱਗਦਾ ਕਿ ਇਨ੍ਹਾਂ ਬਰਤਮਾਨਾਂ ਨੂੰ ਛੂਹਣ ਨਾਲ ਮੇਰੀ ਮਾਂ ਦੀ ਰੂਹ ਨੂੰ ਤਕਲੀਫ ਹੋਵੇਗੀ ਪਤਾ ਨਹੀਂ ਕਿਉਂ। ਮੈਂ ਜਦੋਂ ਕਦੇ ਭੁੱਲ ਭੁਲੇਖੇ ਇਨਾਂ ਨੂੰ ਦੇਖ ਲੈਂਦਾ ਤਾਂ ਅਣਦੇਖਿਆ ਕਰਦਾ ਤੇ ਆਪਣੀ ਮਾਸੀ ਨੂੰ ਆਖਦਾ : ਇਨ੍ਹਾਂ ਬਰਤਮਾਨਾਂ ਨੂੰ ਕਦੇ ਨਾ ਛੇੜਨਾ। ਇਨ੍ਹਾਂ ਤੇ ਮਿੱਟੀ ਵੀ ਪੈ ਜਾਵੇ ਤਾਂ ਸਾਫ ਨਾ ਕਰਨਾ। ਇਨ੍ਹਾਂ ਨੂੰ ਛੂਹਣਾ ਨਹੀਂ। ਉਹ ਮੇਰੀ ਗੱਲ ਚੁੱਪ ਚਾਪ ਮੰਨ ਲੈਂਦੀ ਸੀ।
ਇਸ ਦਿਨ ਪਤਾ ਨਹੀਂ ਕੀ ਹੋਇਆ। ਜਦੋਂ ਉਹ ਆਦਮੀ ਆਇਆ ਤਾਂ ਮੈਂ ਸਟੋਰ 'ਚ ਗਿਆ। ਇੱਕ ਕੱਪੜਾ ਚੁੱਕ ਕੇ ਪੁਰਾਣੇ ਬਰਤਮਾਨਾਂ 'ਚੋਂ ਇੱਕ ਨੂੰ ਚੰਗੀ ਤਰ੍ਹਾਂ ਸਾਫ ਕੀਤਾ। ਉਸ ਤੇ ਕਾਫ਼ੀ ਮਿੱਟੀ ਘੱਟਾ ਸੀ। ਸਾਫ਼ ਕਰਨ ਬਾਅਦ ਮੈਂ ਇੱਕ ਬਰਤਮਾਨ ਉਸ ਆਦਮੀ ਦੇ ਅੱਗੇ ਰੱਖ ਦਿੱਤਾ।
ਬਰਤਮਾਨ ਦਾ ਢੱਕਣ ਖੋਲ੍ਹਿਆ। ਅਚਾਰ ਦੀ ਮਹਿਕ ਬਹੁਤ ਜ਼ਿਆਦਾ ਅੱਛੀ ਸੀ। ਕਈ ਸਾਲ ਪੁਰਾਣਾ ਹੋਣ ਕਾਰਨ ਸਾਰੇ ਨਿੰਬੂ ਪੂਰੇ ਕਾਲੇ ਹੋ ਚੁੱਕੇ ਸਨ। ਲੱਗਦਾ ਸੀ ਜਿਵੇਂ ਕੋਲਾ ਪੀਸ ਕੇ ਉਹਨਾਂ ਉੱਪਰ ਭੁੱਕ ਦਿੱਤਾ ਹੋਵੇ। ਮੈਂ ਟੇਸਟ ਕਰ ਸਕਦਾਂ...? ਉਸ ਨੇ ਪੁੱਛਿਆ। ਮੈਂ ਕਿਹਾ ਹਾਂ, ਜ਼ਰੂਰ। ਮੈਂ ਉਸ ਨੂੰ ਇੱਕ ਚਮਚ ਲਿਆ ਕੇ ਦਿੱਤਾ। ਉਸ ਨੇ ਅਚਾਰ ਖਾਧਾ ਤੇ ਕਿਹਾ ਇਹ ਮੈਂ ਆਪਣੀ ਬੇਟੀ ਨੂੰ ਭੇਜਣਾ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਉਹ ਨਿੰਬੂ ਦੇ ਅਚਾਰ ਨੂੰ ਬਹੁਤ ਪਸੰਦ ਕਰਦੀ ਹੈ, ਤੇ ਫਿਰ ਇਹ ਤਾਂ ਕਮਾਲ ਹੈ। ਇਹ ਆਚਾਰ ਜਿਸ ਦੀ ਬਜ਼ਾਰ 'ਚ ਕੀਮਤ ਚਾਰ ਸੌ ਰੁਪਏ ਸੀ। ਉਸ ਆਦਮੀ ਨੇ ਮੈਨੂੰ ਇਸ ਦੇ ਦੋ ਹਜ਼ਾਰ ਰੁਪਏ ਦਿੱਤੇ।
ਅਸਲ 'ਚ ਇਹੀ ਉਹ ਆਦਮੀ ਸੀ। ਜਿਸ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਮੇਰੇ ਕੰਮ ਦੀ ਜਾਂ ਮੇਰੀ ਮਾਂ ਦੀ ਜੋ ਕੰਮ ਪ੍ਰਤੀ ਸ਼ਰਧਾ ਸੀ। ਉਸ ਦੀ ਕੀ ਕੀਮਤ ਹੈ।
ਤੇ ਹੁਣ ਬਾਕੀ ਸਭ ਕੁਝ ਬਜ਼ਾਰ ਦੇ ਭਾਅ ਤੇ ਵਿਕਦਾ ਹੈ ਪਰ ਹਰ ਸਾਲ ਅਸੀਂ 100 ਬਰਤਮਾਨ ਨਿੰਬੂ ਦਾ ਆਚਾਰ ਉਸ ਤਰ੍ਹਾਂ ਬਣਾਉਂਦੇ ਹਾਂ, ਜਿਵੇਂ ਮਾਂ ਬਣਾਉਂਦੀ ਸੀ। ਤੇ ਇਹ ਇੱਕ ਅਚਾਰ ਦਾ ਵਰਤਮਾਨ ਪੰਜ ਹਜ਼ਾਰ ਰੁਪਏ 'ਚ ਲੋਕ ਖ਼ਰੀਦਦੇ ਹਨ।
ਇਹ ਸਭ ਸੁਣਨ ਬਾਅਦ ਮੈਂ ਸਿੰਮੂ ਨੂੰ ਕਿਹਾ। ਅੱਜ ਦੀ ਮੁਲਾਕਾਤ ਤਾਂ ਆਚਾਰ ਦੇ ਬਰਤਮਾਨ 'ਚ ਪੈ ਗਈ..... । ਉਹ ਹੱਸ ਪਈ।
ਚਲੋ ਅਗਲੀ ਵਾਰ ਅਸੀਂ ਲਵ ਸਟੋਰੀ ਦਾ ਅਚਾਰ ਬਣਾਵਾਂਗੇ। ਉਸ ਨੇ ਮਜ਼ਾਕ ਕੀਤਾ ਤੇ ਚਲੀ ਗਈ।
ਮੈਂ ਅੱਜ ਥੋੜ੍ਹੀ ਜਿਹੀ ਸ਼ਰਾਬ ਪੀਤੀ। ਮੇਰੇ ਕੋਲ ਇੱਕ ਹੋਰ ਮੁਸੀਬਤ ਹੈ। ਜਿਸ ਸ਼ਾਮ ਮੈਂ ਸ਼ਰਾਬ ਪੀਂਦਾ ਹਾਂ ਤਾਂ ਮੈਨੂੰ ਬਹੁਤ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ। ਹੁਣ ਰਾਤ ਨੂੰ ਦੋ ਵਜੇ ਮੈਂ ਜਾਗ ਰਿਹਾ ਹਾਂ। ਸਿੰਮੂ ਬਾਰੇ ਸੋਚ ਰਿਹਾ ਹਾਂ। ਮੈਨੂੰ ਲੱਗਦਾ ਹੈ। ਇਹ ਕੁੜੀ ਵਿਆਹ ਨੂੰ ਜ਼ਿਆਦਾ ਦੇਰ ਝੱਲ ਨਹੀਂ ਸਕੇਗੀ। ਇਹ ਲੋੜ ਤੋਂ ਜ਼ਿਆਦਾ ਪ੍ਰੈਕਟੀਕਲ ਹੈ। ਸਮਝੌਤਾ ਘੱਟ ਕਰਦੀ ਹੈ। ਕੈਲਕੁਲੇਟਡ ਬਹੁਤ ਹੈ। ਹਰ ਚੀਜ਼ ਵਾਸਤੇ ਕੈਲਕੂਲੇਟਰ ਲੈ ਕੇ ਬੈਠ ਜਾਂਦੀ ਹੈ। ਗੱਲਬਾਤ ਦੌਰਾਨ ਵੀ ਉਸ ਨੇ ਕੁਝ ਏਦਾਂ ਦੀਆਂ ਗੱਲਾਂ ਕੀਤੀਆਂ ਕਿ ਮੇਰੇ ਹੋਣ ਵਾਲੇ ਬੁਆਏ ਫਰੈਂਡ ਨੇ ਜੇ ਇਹ ਕੀਤਾ ਤਾਂ ਮੈਨੂੰ ਵੀ ਇਹੀ ਕਰਨਾ ਚਾਹੀਦਾ ਪਰ ਵਿਆਹ ਬਾਰੇ ਉਸ ਦੇ ਆਪਣੇ ਵਿਚਾਰ ਇਹ ਹਨ ਕਿ ਉਹ ਬਹੁਤ ਭਾਗਾਂ ਵਾਲਾ ਮੁੰਡਾ ਹੋਵੇਗਾ ਜਿਸ ਨੂੰ ਪਤਨੀ ਦੇ ਰੂਪ ਵਿੱਚ ਮੈਂ ਮਿਲਾਂਗੀ। ਉਸ ਦੀ ਇਹ ਗੱਲ ਸੁਣ ਕੇ ਮੈਂ ਅੰਦਰੋਂ ਅੰਦਰੀ ਹੱਸਿਆ ਪਰ ਰਿਐਕਟ ਨਹੀਂ ਕੀਤਾ।
ਇਹ ਸੋਚਦੇ ਸੋਚਦੇ ਮੈਂ ਪਾਣੀ ਪੀਤਾ ਤੇ ਟੈਬ ਚੁੱਕ ਲਈ। ਕੁਝ ਖ਼ਬਰਾਂ ਪੜ੍ਹੀਆਂ ਤੇ ਅਖੀਰ ਤੇ ਵਿਮਲ ਕੀਰਤੀ ਦਾ ਬਲਾਗ ਪੜ੍ਹਨ ਲੱਗਿਆ :
*
।। ਮੈਨੂੰ ਪਤਾ ਹੈ।।
॥ ਪਰਸਨਲ ਬਲਾਗ ।। ਵਿਮਲ ਕੀਰਤੀ ।।
ਮੈਨੂੰ ਅਜੇ ਕੁਝ ਨਹੀਂ ਪਤਾ।
ਇਹ ਸ਼ਬਦ ਸਿਫਤੀ ਸੰਧੂ ਨੇ ਮਿਲਣ ਬਾਅਦ, ਜਾਣ ਸਮੇਂ ਮੈਨੂੰ ਕਹੇ ਸਨ। ਉਸ ਮੁਲਾਕਾਤ ਬਾਰੇ ਜਦੋਂ ਸੋਚਦਾ ਹਾਂ ਤਾਂ ਸਭ ਤੋਂ ਪਹਿਲਾਂ ਉਸ ਦੀ ਕਹੀ ਇਹੀ ਗੱਲ ਯਾਦ ਆਉਂਦੀ ਹੈ।
ਇਹ ਬਹੁਤ ਸੋਹਣਾ ਕੌਫੀ ਹਾਊਸ ਹੈ। ਏਨਾ ਸੋਹਣਾ ਕਿ ਇੱਥੇ ਆ ਕੇ ਮੈਨੂੰ ਇੱਕ ਵਾਰ ਇਹ ਲੱਗਿਆ ਕਿ ਮੈਂ ਸਵਰਗ ਵਿੱਚ ਹਾਂ। ਇਹ ਕੌਫ਼ੀ ਹਾਊਸ ਮੇਰੇ ਘਰ ਤੋਂ 300 ਕਿਲੋਮੀਟਰ ਅਤੇ ਸਿਫ਼ਤੀ ਦੇ ਘਰ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰੀ ਤੇ ਹੈ।
ਮੈਂ ਸਿਫ਼ਤੀ ਦੀ ਉਡੀਕ ਕਰ ਰਿਹਾ ਸੀ। ਉਹ ਦੇਰ ਨਾਲ ਆਈ। ਉਸ ਨੇ ਕਿਹਾ ਸੀ ਦੋ ਵਜੇ ਆਏਗੀ ਪਰ ਤਿੰਨ ਵਜੇ ਆਈ। ਕੌਫ਼ੀ ਹਾਊਸ ਵਿੱਚ ਬਹੁਤ ਜ਼ਿਆਦਾ ਲੋਕ ਸਨ। ਮੈਂ ਬਿਨਾ ਆਸੇ ਪਾਸੇ ਧਿਆਨ ਦਿੱਤੇ ਉਸ ਨੂੰ ਵੇਖ ਰਿਹਾ ਸੀ। ਉਹ ਆਈ, ਉਸ ਨੇ ਸਿਰ ਝੁਕਾ ਕੇ ਵਿਸ਼ ਕੀਤੀ ਤੇ ਮੇਰੇ ਸਾਹਮਣੇ ਵਾਲੀ ਚੇਅਰ ਤੇ ਬੈਠ ਗਈ। ਸਾਡੇ ਵਿਚਕਾਰ ਬਸ ਦੋ ਕੁ ਫੁੱਟ ਦਾ ਟੇਬਲ ਸੀ। ਉਹ ਬੜੀ ਸ਼ਾਂਤ ਦਿਸ ਰਹੀ ਸੀ। ਲੱਗਦਾ ਸੀ, ਉਹ ਸਿਰਫ਼ ਇੱਥੇ ਬੈਠਣ ਲਈ ਹੀ ਹੈ। ਉਹ ਪੂਰੀ ਤਰ੍ਹਾਂ ਮੇਰੇ ਕੋਲ ਸੀ। ਕੁਝ ਫਾਰਮਲ ਗੱਲਾਂ ਕਰਨ ਬਾਅਦ ਮੈਂ ਕੌਫ਼ੀ ਆਰਡਰ ਕੀਤੀ ਅਤੇ ਨਾਲ ਦੋ ਇਟਾਲੀਅਨ ਸੈਂਡਵਿਚ। ਬਹੁਤ ਹੀ ਘੱਟ ਮੇਕਅੱਪ ਨਾਲ ਉਹ ਬਹੁਤ ਖੂਬਸੂਰਤ ਦਿਸ ਰਹੀ ਸੀ। ਉਸ ਨੇ ਦੱਸਿਆ ਕਿ ਉਹ ਇੱਕ ਮੇਕਅੱਪ ਆਰਟਿਸਟ ਹੈ। ਸ਼ਾਰਟ ਫਿਲਮਾਂ ਅਤੇ ਕਲਾ ਫਿਲਮਾਂ ਦੇ ਆਰਟਿਸਟ ਨੂੰ ਸਜਾਉਣ- ਸੰਵਾਰਨ ਦਾ ਕੰਮ ਕਰਦੀ ਹੈ। ਮੈਂ ਨਰਵਸ ਸੀ ਇਸ ਲਈ, ਉਸ ਨੂੰ ਵੇਖ ਕੇ ਮੈਂ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਉਹ ਵਿਆਹੀ ਹੋਈ ਹੈ ਜਾਂ ਨਹੀਂ। ਉਸ ਦੇ ਮੱਥੇ ਤੇ ਬਿੰਦੀ ਅਤੇ ਸੰਧੂਰ ਨਹੀਂ ਸੀ।
ਅਸੀਂ ਕੌਫੀ ਪੀਣ ਲੱਗੇ ਤੇ ਸਿਫ਼ਤੀ ਨੇ ਬੋਲਣਾ ਸ਼ੁਰੂ ਕੀਤਾ। ਮੈਂ ਸੱਤ ਸਾਲ ਤੋਂ ਇੱਕ ਆਦਮੀ ਨਾਲ ਰਿਲੇਸ਼ਨ ਵਿੱਚ ਹਾਂ। ਉਹ ਵਿਆਹਿਆ ਹੋਇਆ ਹੈ। ਇੱਥੇ ਹੀ ਉਸ ਨੇ ਦੱਸਿਆ ਕਿ ਮੈਂ ਵੀ ਵਿਆਹੀ ਹੋਈ ਆਂ। ਮੇਰਾ ਵਿਆਹ ਛੋਟੀ ਉਮਰ ਵਿੱਚ ਹੋ ਗਿਆ ਸੀ। ਮੇਰੇ ਹਸਬੈਂਡ ਇੱਕ ਫ਼ੈਕਟਰੀ ਵਿੱਚ ਕੰਮ ਕਰਦੇ ਹਨ। ਮੇਰੇ ਦੋ ਬੱਚੇ ਹਨ। ਮੇਰੇ ਕੋਲ ਸਭ ਕੁਝ ਹੈ। ਮੇਰੇ ਹਸਬੈਂਡ ਬਹੁਤ ਕੇਅਰਿੰਗ ਹਨ। ਮੇਰਾ ਬਹੁਤ ਖ਼ਿਆਲ ਰੱਖਦੇ ਹਨ। ਉਹਨਾਂ ਨੇ ਵਿਆਹ ਤੋਂ ਪਹਿਲਾਂ ਮੈਨੂੰ ਵੇਖਿਆ ਸੀ ਤੇ ਪਸੰਦ ਕਰ ਲਿਆ ਸੀ। ਫੇਰ ਉਹਨਾਂ ਦੀ ਕੋਸ਼ਿਸ਼ ਨਾਲ ਹੀ ਸਾਡਾ ਵਿਆਹ ਹੋਇਆ।
ਇਹ ਗੱਲ ਸੁਣ ਕੇ ਮੈਂ ਕਿਹਾ ਕਿ ਤੁਸੀਂ ਸੱਚਮੁੱਚ ਖੂਬਸੂਰਤ ਹੋ, ਤਾਂ ਸਿਫ਼ਤੀ ਨੇ ਜਵਾਬ ਦਿੱਤਾ ਕਿ ਮੇਰੇ ਆਸ ਪਾਸ ਦੀ ਔਰਤਾਂ ਅਕਸਰ ਇਸ ਗੱਲ ਦਾ ਅਹਿਸਾਸ ਮੈਨੂੰ ਕਰਵਾਉਂਦੀਆਂ ਰਹਿੰਦੀਆਂ ਹਨ ਤੇ ਅਕਸਰ ਮੇਰੇ ਨਾਲ ਨੇੜਤਾ ਬਣਾਉਣ
ਦੀ ਕੋਸ਼ਿਸ਼ ਕਰਦੀਆਂ ਹਨ। ਮੇਰੇ ਕਸਟਮਰ ਜੋ ਵੀ ਹਨ। ਜੋ ਵੀ ਇੱਕ ਵਾਰ ਮੇਰੇ ਕੋਲ ਆ ਜਾਂਦਾ ਹੈ। ਉਹ ਮੈਨੂੰ ਭੁੱਲਦਾ ਜਾਂ ਛੱਡਦਾ ਨਹੀਂ।
ਮੈਂ ਵੀ ਇਹ ਗੱਲ ਮਹਿਸੂਸ ਕਰ ਰਿਹਾ ਸੀ, ਕਿ ਉਸ `ਚ ਅਜਿਹੀ ਕੋਈ ਗੱਲ ਹੈ ਜੋ ਇਸ ਖਿੱਚ ਦਾ ਕਾਰਨ ਹੈ। ਉਹ ਕੀ ਹੈ। ਇਹ ਮੈਨੂੰ ਸਮਝ ਨਹੀਂ ਸੀ ਆ ਰਹੀ।
ਉਹ ਆਪਣੇ ਬਾਰੇ ਦੱਸਦੀ ਰਹੀ ਕਿ ਜਦੋਂ ਉਹ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਸੀ ਤਾਂ ਉਦੋਂ ਤਿੰਨ ਮਹੀਨੇ ਦੀ ਸਪੈਸ਼ਲ ਟਰੇਨਿੰਗ ਲਈ ਇੱਕ ਆਰਟ ਟੀਚਰ ਕੋਲ ਕਲਾਸ ਲਗਾਉਣ ਗਈ ਸੀ ਤਾਂ ਉਸ ਵੱਲ ਅਟਰੈਕਟ ਹੋ ਗਈ। ਉਸ ਆਰਟ ਟੀਚਰ ਦੇ ਆਸ ਪਾਸ ਕਾਫ਼ੀ ਕੁੜੀਆਂ ਰਹਿੰਦੀਆਂ ਸਨ। ਕੁਝ ਕੰਮ ਸਿੱਖਦੀਆਂ ਸਨ। ਕੁਝ ਕੁੜੀਆਂ ਕਿਸੇ ਕੰਮ ਲਈ ਜਾਂ ਕੁਝ ਮਾਡਲਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਪਰ ਉਹ ਕਿਸੇ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦਾ। ਮੈਂ ਉਸ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਅਖੀਰ ਅਸੀਂ ਇੱਕ ਦੂਜੇ ਦੇ ਨਜ਼ਦੀਕ ਆ ਗਏ।
ਇੰਨਾ ਕਹਿਣ ਬਾਅਦ ਸਿਫਤੀ ਆਪਣੇ ਹੱਥਾਂ ਵੱਲ ਵੇਖਣ ਲੱਗੀ ਮੈਂ ਵੀ ਵੇਖ ਰਿਹਾ ਸੀ। ਉਸ ਦੇ ਹੱਥ ਮੈਨੂੰ ਇਸ ਤਰ੍ਹਾਂ ਲੱਗੇ ਜਿਵੇਂ ਕਾਫੀ ਟਾਈਮ ਪਾਣੀ ਵਿਚ ਡੁੱਬੇ ਰਹੇ ਹੋਣ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਮੇਰੇ ਕੋਲ ਆਉਣ ਤੋਂ ਪਹਿਲਾਂ ਉਸ ਨੇ ਹਲਕੇ ਗਰਮ ਪਾਣੀ ਵਿੱਚ ਜੈਤੂਨ ਦਾ ਤੇਲ ਪਾ ਕੇ ਉਸ ਵਿੱਚ ਹੱਥ ਡੋਬ ਕੇ ਰੱਖੇ ਸਨ ਤਾਂ ਕਿ ਉਹਨਾਂ ਦਾ ਸੁਹੱਪਣ ਬਣਿਆ ਰਹੇ। ਇਹ ਕਹਿ ਕਿ ਉਸ ਨੇ ਆਪਣੇ ਖੁੱਲ੍ਹੇ ਵਾਲਾਂ ਵਿੱਚ ਹੱਥ ਫੇਰਿਆ। ਉਸ ਦੇ ਵਾਲਾਂ ਵਿੱਚ ਗੋਲਡਨ ਲੇਅਰ ਪਾਈਆਂ ਹੋਈਆਂ ਸਨ। ਮੈਂ ਉਸ ਨੂੰ ਕਿਹਾ ਮੈਨੂੰ ਆਪਣਾ ਹੱਥ ਦਿਖਾਓ। ਉਸ ਨੇ ਮੇਰੇ ਸਾਹਮਣੇ ਟੇਬਲ ਤੇ ਆਪਣਾ ਹੱਥ ਖੋਲ੍ਹ ਕੇ ਰੱਖ ਦਿੱਤਾ। ਕੀ ਦੇਖ ਰਹੇ ਓ ? ਉਸ ਨੇ ਪੁੱਛਿਆ। ਮੈਂ ਕਿਹਾ ਕੁਝ ਨਹੀਂ। ਫੇਰ ਉਸ ਨੇ ਕਿਹਾ-
ਮੇਰਾ ਹੱਥ ਫੜੋ। ਮੈਂ ਕਿਹਾ ਨਹੀਂ, ਉਸ ਨੇ ਦੂਜੀ ਵਾਰ ਫੇਰ ਕਿਹਾ। ਮੈਂ ਫੇਰ ਨਾਂਹ ਕਰ ਦਿੱਤੀ, ਫੇਰ ਉਹ ਮੈਨੂੰ ਸਮਝਾਉਣ ਲੱਗੀ। ਤੁਸੀਂ ਘਰ ਕਦੇ ਵੀ ਆਪਣੀ ਮਾਂ ਜਾਂ ਭੈਣ ਦਾ ਹੱਥ ਨਹੀਂ ਫੜਿਆ ? ਏਨੀ ਝਿਜਕ ਕਿਉਂ ?
ਸਿਫਤੀ ਦੇ ਤਿੰਨ ਵਾਰ ਕਹਿਣ ਬਾਅਦ ਮੈਂ ਉਸ ਦਾ ਅੱਧਾ ਹੱਥ ਫੜਿਆ ਤੇ ਦੋ ਤਿੰਨ ਸਕਿੰਟ ਬਾਅਦ ਛੱਡ ਦਿੱਤਾ। ਉਸ ਦਾ ਹੱਥ ਛੂਹਣ ਨਾਲ ਮੈਨੂੰ ਇਸ ਤਰ੍ਹਾਂ ਦੀ ਫੀਲਿੰਗ ਨਹੀਂ ਆਈ ਕਿ ਮੈਂ ਕਿਸੇ ਗੈਰ ਔਰਤ ਦਾ ਹੱਥ ਫੜ੍ਹ ਰਿਹਾ ਹਾਂ। ਮੈਨੂੰ
ਉਸ ਦੀ ਛੋਹ ਇਸ ਤਰ੍ਹਾਂ ਲੱਗੀ ਜਿਵੇਂ ਮੈਂ ਆਪਣੇ ਹੀ ਸਰੀਰ ਦੇ ਕਿਸੇ ਅੰਗ ਨੂੰ ਛੂਹ ਰਿਹਾ ਹਾਂ।
ਗੱਲਾਂ ਕਰਦੇ ਕਰਦੇ ਫਿਰ ਉਹ ਉਦਾਸ ਹੋ ਗਈ ਤੇ ਕਿਹਾ ਹੁਣ ਮੈਂ ਤਕਲੀਫ ਵਿੱਚ ਹਾਂ, ਪਤਾ ਕਿਉਂ ? ਮੇਰੇ ਸਰ, ਮੇਰੇ ਆਰਟ ਟੀਚਰ ਹੁਣ ਮੈਨੂੰ ਪਿਆਰ ਨਹੀਂ ਕਰਦੇ। ਮੈਨੂੰ ਬਹੁਤ ਔਖ ਹੁੰਦੀ ਹੈ। ਮੈਂ ਕਿਹਾ ਸਾਡੇ ਸਾਰਿਆਂ ਕੋਲ ਆਪਣੀਆਂ ਆਪਣੀਆਂ ਤਕਲੀਫਾਂ ਹਨ। ਤੁਸੀਂ ਪੋਜਟਿਵ ਸੋਚਿਆ ਕਰੋ।
ਇਸ ਤੋਂ ਬਾਅਦ ਮੈਂ ਕਿਹਾ ਕਿ ਆਪਾਂ ਨੂੰ ਹੁਣ ਜਾਣਾ ਚਾਹੀਦਾ, ਹਨੇਰਾ ਹੋ ਰਿਹਾ ਪਰ ਸਿਫਤੀ ਨੂੰ ਕੋਈ ਕਾਹਲ ਨਹੀਂ ਸੀ। ਉਸ ਨੇ ਕਿਹਾ ਕੁਝ ਦੇਰ ਹੋਰ ਬੈਠ ਜਾਵੋ। ਮੈਂ ਕਿਹਾ ਹਨੇਰਾ ਹੋ ਰਿਹਾ ਫਿਰ ਸਫਰ ਕਰਨ ਵਿੱਚ ਔਖ ਹੋਵੇਗੀ, ਤਾਂ ਉਸ ਨੇ ਕਿਹਾ ਤੁਸੀਂ ਇੱਥੇ ਰੁਕ ਜਾਵੋ, ਕੋਈ ਰੂਮ ਲੈ ਲਵੋ, ਪਰ ਮੈਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਰਾਤ ਨੂੰ ਘਰ ਰਹਿਣਾ ਹੀ ਪਸੰਦ ਕਰਦਾ ਹਾਂ।
ਅਸੀਂ ਆਪੋ ਆਪਣੇ ਘਰ ਜਾਣ ਲਈ ਉੱਠ ਖੜੇ ਹੋਏ। ਮੈਂ ਉਸ ਨੂੰ ਪੁੱਛਿਆ ਕਿ ਅਸੀਂ ਫੇਰ ਕਦੋਂ ਮਿਲਾਂਗੇ ਤਾਂ ਉਸ ਨੇ ਕਿਹਾ :
ਮੈਨੂੰ ਅਜੇ ਕੁਝ ਨਹੀਂ ਪਤਾ।
**
**
ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ ......
ਅੱਜ ਮੈਡੀਟੇਸ਼ਨ ਸੈਂਟਰ ਤੇ ਮੈਨੂੰ ਤਿੰਨ ਜਾਣੇ ਮਿਲਣ ਆਏ। ਪਹਿਲੀ ਰਜਨੀ ਮਲਹੋਤਰਾ। ਉਸ ਦੀ ਜ਼ਮਾਨਤ ਹੋ ਚੁੱਕੀ ਸੀ, ਦੂਸਰੀ ਸਿੰਮੂ ਤੇ ਤੀਸਰਾ ਵਿਮਲ ਕੀਰਤੀ। ਵਿਮਲ ਕੀਰਤੀ ਦੁਪਹਿਰ ਤੋਂ ਬਾਅਦ ਆਇਆ, ਅਸੀਂ ਮੈਡੀਟੇਸ਼ਨ ਸੈਂਟਰ ਦੀ ਲਾਬੀ ਵਿੱਚ ਬੈਠੇ ਕੌਫ਼ੀ ਪੀ ਰਹੇ ਸੀ। ਵਿਮਲ ਕੀਰਤੀ ਨੂੰ ਕੌਫੀ ਪੀਣਾ ਬਹੁਤ ਪਸੰਦ ਹੈ।
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ
ਉਹ ਸਾਹਮਣੇ ਵਾਲੀ ਕੰਧ ਤੇ ਲੱਗੀ ਪੇਂਟਿੰਗ ਵੱਲ ਵੇਖ ਰਿਹਾ ਸੀ। ਇਹ ਕਾਫੀ ਵੱਡੀ ਪੇਂਟਿੰਗ ਹੈ। ਜਿਸ ਵਿੱਚ ਇੱਕ ਬਹੁਤ ਸੋਹਣੀ ਜਵਾਨ ਔਰਤ ਹੈ। ਉਸ ਔਰਤ ਦੇ ਸਾਹਮਣੇ ਬਹੁਤ ਸੋਹਣਾ ਆਦਮੀ ਜਿਸ ਦੇ ਹੱਥ ਵਿੱਚ ਚਾਕੂ ਹੈ ਅਤੇ ਉਹ ਚਾਕੂ ਉਸ ਹੁਸੀਨ ਔਰਤ ਦੇ ਪੇਟ 'ਚ ਮਾਰ ਰਿਹਾ ਹੈ ਤੇ ਉਹ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਵੇਖ ਰਹੇ ਨੇ। ਇਸੇ ਪੇਂਟਿੰਗ ਵਿੱਚ ਕੋਈ ਹੋਰ ਵੀ ਹੈ ਜੋ ਦੋਵਾਂ ਨੂੰ ਇੱਕ ਦਰਵਾਜ਼ੇ ਦੇ ਓਹਲੇ ਤੋਂ ਥੋੜ੍ਹਾ ਜਿਹਾ ਮੂੰਹ ਬਾਹਰ ਕੱਢ ਕੇ ਚੁੱਪ ਚਾਪ ਵੇਖ ਰਿਹਾ ਹੈ।
ਵਿਮਲ ਕੀਰਤੀ ਨੇ ਪੁੱਛਿਆ ਇਹ ਕਿਸ ਤਰ੍ਹਾਂ ਦੀ ਪੇਂਟਿੰਗ ਹੈ ? ਮੈਂ ਉਸ ਨੂੰ ਦੱਸਿਆ ਕਿ ਇਹ ਪੇਂਟਿੰਗ ਦੋ ਪਿਆਰ ਕਰਨ ਵਾਲਿਆਂ ਦੀ ਹੈ। ਜਿਸ ਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਾਰ ਰਿਹਾ। ਵਿਮਲ ਕੀਰਤੀ ਨੇ ਕਿਹਾ: ਇਹ ਠੀਕ ਕਰ ਰਿਹਾ।
ਵਿਮਲ ਕੀਰਤੀ ਪਹਿਲਾ ਆਦਮੀ ਸੀ, ਜਿਸਨੇ ਇਹ ਕਿਹਾ ਕਿ ਇਹ ਠੀਕ ਕਰ ਰਿਹਾ ਹੈ। ਜਿਆਦਾਤਰ ਲੋਕ ਜੋ ਮੈਨੂੰ ਮਿਲਣ ਆਉਂਦੇ ਉਹ ਹਮੇਸ਼ਾ ਇਹੋ ਆਖਦੇ ਸੀ ਕਿ ਇਹ ਗਲਤ ਹੈ। ਮੈਂ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਵਿਮਲ ਕੀਰਤੀ ਨੇ ਬੋਲਣਾ ਸ਼ੁਰੂ ਕੀਤਾ :
ਪਿਆਰ ਇੱਕ ਸਫ਼ਰ ਹੈ, ਹਾਂ ਅਸੀਂ ਇਸ ਸਫ਼ਰ ਨੂੰ ਆਪਣੇ ਅੰਦਰ ਕਰਦੇ ਹਾਂ, ਇਹ ਬਾਹਰ ਨਹੀਂ ਦਿਸਦਾ। ਇਸ ਲਈ ਇਹ ਸੁਰਤ ਦਾ ਸਫ਼ਰ ਹੈ। ਪੌੜੀ ਦਰ ਪੌੜੀ। ਇਸੇ ਲਈ ਇਸ ਨੂੰ ਸਾਧਨਾ ਕਿਹਾ ਜਾਂਦਾ। ਆਦਮੀ ਆਪਣੇ ਆਪ ਨੂੰ ਸਾਧਦਾ ਹੈ। ਹੋਰ ਪਿਉਰ, ਹੋਰ ਪਿਉਰ ਕਰਦਾ ਰਹਿੰਦਾ ਜਾਂ ਹੁੰਦਾ ਰਹਿੰਦਾ। ਨਿਰਹੰਕਾਰ ਹੋਣ ਵੱਲ ਵੱਧਦਾ ਰਹਿੰਦਾ। ਹਰ ਰੋਜ਼ ਤੁਹਾਡੀ ਈਗੋ ਟੁੱਟਦੀ ਰਹਿੰਦੀ। ਤੁਹਾਨੂੰ ਪਤਾ, ਈਗੋ ਨੂੰ ਤੋੜਨ ਲਈ ਸਭ ਤੋਂ ਕਾਰਗਰ ਚੀਜ਼ ਹੈ, ਵੇਟ.. ਇੰਤਜ਼ਾਰ।
ਇਹ ਤੁਹਾਨੂੰ ਬੁਰੀ ਤਰ੍ਹਾਂ ਤੋੜਦਾ ਹੈ, ਪੀਸਦਾ ਹੈ। ਮੈਨੂੰ ਲੱਗਦਾ ਇਸ ਸਫ਼ਰ ਤੇ ਜਦੋਂ ਆਦਮੀ ਐਨ ਓਸ ਹਾਲਤ ਵਿੱਚ ਹੁੰਦਾ ਹੈ, ਜਦੋਂ ਤੁਹਾਡਾ ਪਿਆਰ ਇਸ਼ਕ ਬਣਦਾ ਹੈ। ਜਦੋਂ ਤੁਸੀਂ ਸੰਤ ਹੋਣ ਦੇ ਐਨ ਨੇੜੇ ਹੁੰਦੇ ਹੋ। ਜਦੋਂ ਤੁਸੀਂ ਆਦਮੀ ਤੋਂ ਪੈਗੰਬਰ ਹੋਣ ਵਾਲੇ ਹੁੰਦੇ ਹੋ। ਓਥੇ ਤੁਹਾਡੀ ਐਨਰਜੀ ਬਹੁਤ ਫੋਕਸਡ ਹੁੰਦੀ ਹੈ। ਬਿਲਕੁਲ ਉਸੇ ਸਮੇਂ ਬਹੁਤੇ ਲੋਕ ਡੋਲ ਜਾਂਦੇ ਹਨ। ਭਗਤੀ ਸਿਰੇ ਤੇ ਆ ਕੇ ਹੀ ਹਮੇਸ਼ਾ ਡੋਲ ਜਾਂਦੀ ਹੈ। ਇਹ ਇਸ ਤਰ੍ਹਾਂ ਦਾ ਸਫ਼ਰ ਹੈ। ਇਹ ਇਸ ਤਰ੍ਹਾਂ ਦਾ ਸਮੁੰਦਰ ਹੈ। ਜਿਸ ਵਿੱਚ ਲੋਕ ਕਿਨਾਰੇ ਤੇ ਆ ਕੇ ਡੁੱਬ ਜਾਂਦੇ ਹਨ। ਉਸ ਸਮੇਂ ਆਦਮੀ ਆਪਣੇ ਹੀ ਕੀਤੇ ਦੀਆਂ ਗੁੰਝਲਾ 'ਚੋਂ ਨਿਕਲਣ ਲਈ ਆਖ਼ਰੀ ਕਿਨਾਰੇ ਤੇ ਹੁੰਦਾ ਹੈ। ਇਸੇ ਥਾਂ ਤੇ ਆ ਕੇ ਜਦੋਂ ਉਸ ਦਾ ਯਕੀਨ ਟੁੱਟਦਾ ਹੈ। ਜਦੋਂ ਉਸ ਨੂੰ ਲੱਗਦਾ ਹੈ ਕਿ ਇਹ ਤਾਂ ਗਲਤ ਹੋ ਗਿਆ। ਜਦੋਂ ਉਸ ਨੂੰ ਲੱਗਦਾ ਹੈ ਕਿ ਉਸਦਾ ਏਨਾ ਵੱਡਾ ਸਫ਼ਰ ਸਭ ਵਿਅਰਥ ਜਾ ਰਿਹਾ ਹੈ ਤਾਂ ਉਹ ਹਿੰਸਕ ਹੋ ਜਾਂਦਾ। ਇਸੇ ਤਰ੍ਹਾਂ ਦੇ ਲੋਕ ਅਕਸਰ ਇਸ ਤਰ੍ਹਾਂ ਦਾ ਕੰਮ ਕਰਦੇ ਹਨ। ਭਾਵੇਂ ਇਸ ਦਾ ਦੂਜਾ ਪਾਸਾ ਵੀ ਹੈ। ਕੁਝ ਸਵਾਰਥੀ ਲੋਕ ਵੀ ਇਹ ਕੰਮ ਕਰਦੇ ਹਨ, ਕਿ ਉਹ ਆਪਣੇ ਮਹਿਬੂਬ ਨੂੰ ਹਾਸਲ ਕਰਨ ਲਈ ਉਸ ਨੂੰ ਮਾਰਨ ਤੱਕ ਜਾਂਦੇ ਹਨ। ਉਹ ਸਿਰੇ ਦਾ ਸਵਾਰਥ ਪੁਣਾ ਹੈ। ਉਹ ਸਾਧਨਾ ਨਹੀਂ ਹੈ। ਉਸ ਵਿੱਚ ਤੇ ਇਬਾਦਤ ਵਿੱਚ ਜਾਂ ਇਸ਼ਕ ਵਿੱਚ ਫ਼ਰਕ ਇਹੀ ਹੈ। ਕਿ ਸਵਾਰਥੀ ਲੋਕਾਂ ਵਿੱਚ ਸਬਰ ਨਹੀਂ ਹੁੰਦਾ। ਉਹ ਬਹੁਤ ਛੇਤੀ ਇਸ ਸਫ਼ਰ ਦੇ ਸ਼ੁਰੂ ਵਿੱਚ ਹੀ ਇਸ ਥਾਂ ਤੇ ਆ ਜਾਂਦੇ ਹਨ ਕਿ ਆਪਾ ਖੋ ਬੈਠਦੇ ਹਨ।
ਤੇ ਇਸ ਪੇਂਟਿੰਗ ਨੂੰ ਮੈਂ ਬਹੁਤ ਧਿਆਨ ਨਾਲ ਵੇਖਿਆ ਹੈ। ਬਹੁਤ ਵਾਰ ਮੈਨੂੰ ਲੱਗਦਾ ਇਸ ਵਿੱਚ ਦਿਸਣ ਵਾਲਾ ਆਦਮੀ ਸਾਧਾਰਨ ਨਹੀਂ ਹੈ। ਜੇ ਇਸ ਨੇ ਇਹ ਕੰਮ ਕੀਤਾ ਹੈ ਤਾਂ ਜਰੂਰ ਇਹ ਕਰਨਾ ਬਣਦਾ ਹੈ। ਇਹ ਕੁਦਰਤੀ ਹੈ। ਇਹ ਗੈਰ-ਕੁਦਰਤੀ ਨਹੀਂ ਹੈ। ਤੁਹਾਨੂੰ ਪਤੈ ਜਦੋਂ ਭੁਚਾਲ ਆਉਂਦੇ ਹਨ। ਕੁਦਰਤ ਤਬਾਹੀ ਕਰਦੀ ਹੈ। ਹਜਾਰਾਂ ਲੱਖਾਂ ਲੋਕ ਮਰਦੇ ਹਨ। ਇਹ ਉਸੇ ਤਰ੍ਹਾਂ ਦੀ ਗੱਲ ਹੈ
ਪਰ ਹਰ ਆਦਮੀ ਦਾ ਵਿਜ਼ਨ ਏਨਾ ਕਲੀਅਰ ਨਹੀਂ ਹੁੰਦਾ ਕਿ ਇਸ ਗੱਲ ਨੂੰ ਵੇਖ ਜਾਂ ਸਮਝ ਸਕੇ।
ਹਾਂ ਇੱਥੇ ਮੈਂ ਇਹ ਕਹਿ ਸਕਦਾ ਹਾਂ ਕਿ ਇਸ ਔਰਤ ਨੇ ਹੀ ਇਸ ਨੂੰ ਇਸ ਕੰਮ ਲਈ ਉਕਸਾਇਆ ਹੋਣਾ। ਕੁਝ ਕੰਮ ਅਸੀਂ ਆਪ ਕਰਦੇ ਹਾਂ, ਤੇ ਦੋਸ਼ ਦੂਜੇ ਨੂੰ ਦਿੰਦੇ ਹਾਂ। ਇੱਥੇ ਵੀ ਇਸ ਪੇਂਟਿੰਗ ਵਿੱਚ ਮੈਨੂੰ ਇਹੋ ਲਗਦਾ ਹੈ ਕਿ ਇਸ ਔਰਤ ਨੇ ਇਸ ਨੂੰ ਇਸ ਤਰ੍ਹਾਂ ਕਰਨ ਲਈ ਅਸਿੱਧੇ ਤਰੀਕੇ ਨਾਲ ਉਕਸਾਇਆ ਹੋਣਾ ਪਰ ਦੋਸ਼ ਆਦਮੀ ਸਿਰ ਆਏਗਾ। ਸਾਨੂੰ ਜੋ ਜੋ ਵੀ ਦਿਸਦਾ ਹੈ। ਉਹ ਸਭ ਸਹੀ ਜਾਂ ਸੱਚ ਨਹੀਂ ਹੁੰਦਾ।
ਤੁਹਾਨੂੰ ਪਤੈ ਜਦੋਂ ਮੈਂ ਅਵਨੀ ਬਾਰੇ ਸੋਚਦਾ ਹਾਂ। ਆਪਣੀ ਪਹਿਲੀ ਫਰੈਂਡ ਬਾਰੇ ਮੇਰੇ ਮਨ 'ਚ ਉਸ ਪ੍ਰਤੀ ਘ੍ਰਿਣਾ ਕਦੇ ਨਹੀਂ ਆਈ। ਪਤਾ ਕਿਉਂ ...? ਕਿਉਂਕਿ ਉਹ ਹਮੇਸ਼ਾ ਹੀ ਸ਼ਾਂਤ ਰਹੀ। ਉਸ ਨੇ ਕਦੇ ਵੀ ਨੈਗੇਟਿਵ ਜਾਂ ਪੋਜ਼ਟਿਵ ਕੋਈ ਵੀ ਰਿਸਪਾਂਸ ਦਿੱਤਾ ਹੀ ਨਹੀਂ। ਦੂਸਰਾ ਮੈਂ ਪੋਜਟਿਵ ਆਦਮੀ ਹਾਂ। ਸੋ ਕੁਝ ਨੈਗੇਟਿਵ ਹੋਇਆ ਹੀ ਨਹੀਂ।
ਮੈਂ ਉਸ ਤੋਂ ਕੁਝ ਵੀ, ਇਸ ਤੋਂ ਜ਼ਿਆਦਾ ਨਹੀਂ ਚਾਹਿਆ ਸੀ ਕਿ ਉਹ ਇਸ ਗੱਲ ਨੂੰ ਸਵੀਕਾਰ ਕਰ ਲਵੇ ਕਿ ਮੇਰੀ, ਉਸ ਦੀ ਜ਼ਿੰਦਗੀ 'ਚ ਕੋਈ ਥਾਂ ਹੈ। ਮੈਨੂੰ ਇਸ ਨਾਲ ਹੀ ਅਨੰਤ ਸਕੂਨ ਮਿਲ ਜਾਣਾ ਸੀ। ਮੇਰੀਆਂ ਸੈਂਕੜੇ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਕਦੇ ਵੀ ਉਸ ਨੂੰ ਦਸ ਜਾਂ ਪੰਦਰਾਂ ਮਿੰਟ ਲਈ ਵੀ ਇਕਾਂਤ ਵਿੱਚ ਨਹੀਂ ਮਿਲ ਸਕਿਆ। ਮੈਂ ਸਿਰਫ਼ ਆਪਣੀ ਇੱਕ ਛਵੀ ਉਸ ਦੀਆਂ ਅੱਖਾਂ ਚ ਦੇਖਣਾ ਚਾਹੁੰਦਾ ਸੀ। ਇਹ ਬੱਚਿਆਂ ਵਾਂਗ ਸੋਚਣ ਵਰਗੀ ਗੱਲ ਸੀ।
ਪੱਚੀ - ਛੱਬੀ ਸਾਲ ਦੀ ਵੇਟ ਬਾਅਦ, ਆਪਣੇ ਸੈਂਕੜੇ ਸੁਨੇਹਿਆਂ, ਜਿਨ੍ਹਾਂ ਦਾ ਕੋਈ ਜਵਾਬ ਨਹੀਂ ਸੀ ਆਇਆ। ਜਿਨ੍ਹਾਂ ਨੂੰ ਸਿਰਫ਼ ਪੜ੍ਹਿਆ ਗਿਆ। ਮੈਂ ਮਹਿਸੂਸ ਕਰਦਾ ਸੀ। ਕਿੰਨੀ ਤਕਲੀਫ਼ ਹੁੰਦੀ ਸੀ। ਮੈਨੂੰ ਉਹ ਸਭ ਲਿਖਦੇ ਜੋ ਮੇਰੇ ਅੰਦਰੋਂ ਮੈਂ ਮਸਾਂ ਬਾਹਰ ਲਿਆਉਂਦਾ ਸੀ। ਉਹ ਸ਼ਬਦ ਨਹੀਂ ਸਨ। ਮੇਰਾ ਲਹੂ ਸੀ। ਉਹ ਸ਼ਬਦਾਂ ਨੂੰ ਵੇਖ ਕੇ ਕੋਈ ਕਿਵੇਂ ਚੁੱਪ ਰਹਿ ਸਕਦਾ ਸੀ। ਉਹ ਵੀ ਇੱਕ ਔਰਤ ਨਿਮਰਤਾ ਦੀ ਦੇਵੀ, ਜਿਸ ਨੂੰ ਅਸੀਂ ਮੰਨਦੇ ਹਾਂ। ਫਿਰ ਬਹੁਤ ਕੁਝ ਸੋਚਣ ਬਾਅਦ ਲੱਗਦਾ ਸੀ ਕਿ ਨਹੀਂ। ਉਹ ਠੀਕ ਕਰ ਰਹੀ ਹੈ। ਉਸ ਦੀਆਂ ਆਪਣੀਆਂ ਲਿਮੀਟੇਸ਼ਨ ਹਨ। ਮੈਂ ਫਿਰ ਉਸ ਲਈ ਪਿਆਰ ਨਾਲ ਭਰਦਾ ਰਿਹਾ। ਅਖੀਰ ਤੇ
ਜਦੋਂ ਮੈਂ ਬਿਲਕੁਲ ਟੁੱਟ ਗਿਆ। ਜਦੋਂ ਇਹ ਰਿਸ਼ਤਾ ਇੰਨਾ ਕੁ ਤੜਫਿਆ ਕਿ ਸਵਾਹ ਹੋ ਗਿਆ। ਮੈਂ ਬਿਲਕੁਲ ਅਖੀਰ ਤੇ ਸੀ।
ਤਾਂ ਇੱਕ ਦਿਨ ਮੈਂ ਉਸ ਨੂੰ ਫੇਰ ਮੈਸੇਜ ਕੀਤਾ, ਤੇ ਲਿਖਿਆ :
ਹੁਣ ਮੈਂ ਕੀ ਕਰਾਂ.....???
ਤੁਸੀਂ ਸੋਚ ਸਕਦੇ ਹੋ। ਉਸ ਨੇ ਕੀ ਜਵਾਬ ਲਿਖਿਆ ਹੋਣਾਂ। ਉਸ ਨੇ ਲਿਖਿਆ:
ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ……………..???
ਤੇ ਬਸ। ਇਹ ਸ਼ਬਦ ਪੜ੍ਹਦੇ ਸਾਰ……. ਮੈਨੂੰ ਲੱਗਿਆ ਮੈਂ ਕਿਸੇ ਖ਼ਲਾਅ ਵਿੱਚ ਹਾਂ, ਸਭ ਖ਼ਤਮ ਹੋ ਗਿਆ। ਇਨ੍ਹਾਂ ਸ਼ਬਦਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਸੋਚਿਆ, ਮੈਨੂੰ ਕੀ ਚਾਹੀਦਾ ? ਮੈਨੂੰ ਆਪਣੇ ਅੰਦਰ ਇਸ ਦਾ ਕੋਈ ਜਵਾਬ ਨਹੀਂ ਮਿਲਿਆ।
ਮੈਂ ਮਹਿਸੂਸ ਕੀਤਾ, ਮੈਂ ਉਸ ਤੋਂ ਕੀ ਮੰਗਾਂ ? ਹਰ ਚੀਜ਼ ਜੋ ਮੈਨੂੰ ਉਹ ਦੇ ਸਕਦੀ ਸੀ। ਮੇਰੀ ਮੁਹੱਬਤ, ਮੇਰੀ ਵੇਟ, ਮੇਰੀਆਂ ਹਜ਼ਾਰਾਂ ਰਾਤਾਂ ਜਿਨ੍ਹਾਂ 'ਚ ਮੈਂ ਸਿਰਫ਼ ਉਸ ਨਾਲ ਇੱਕ ਗੱਲ ਕਰਨ ਲਈ ਤੜਫਿਆ। ਉਸ ਦੀ ਉਹ ਬੇਧਿਆਨੀ ਜਿਸ ਨੇ ਮੈਨੂੰ ਵੱਢ ਦਿੱਤਾ ਸੀ। ਉਸ ਸਭ ਦੇ ਸਾਹਮਣੇ ਕੁਝ ਵੀ ਮਿਲਦਾ ਸਭ ਵਿਅਰਥ ਸੀ। ਇਹ ਇੱਕ ਸੂਰਜ ਨੂੰ ਖੁਸ਼ ਕਰਨ ਲਈ ਜੁਗਨੂੰ ਕੀ ਬਲੀ ਦੇਣ ਵਾਲੀ ਗੱਲ ਸੀ। ਇਹ ਕਿਸੇ ਨੂੰ ਹਜ਼ਾਰਾਂ ਜ਼ਖ਼ਮ ਦੇਣ ਬਾਅਦ ਇੱਕ ਫੂਕ ਮਾਰ ਕੇ ਹੱਸਣਾ ਸੀ।
ਮੈਂ ਉਸ ਦੇ ਇਸ ਸੁਨੇਹੇ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਦਾ ਇਹ ਸੁਨੇਹਾ ਅੱਜ ਤੱਕ ਬਿਨਾ ਜਵਾਬ ਦੇ ਮੇਰੇ ਕੋਲ ਪਿਆ ਹੈ।
ਤੇ ਹੁਣ ਮੈਨੂੰ, ਸੱਚੀ ਕੁਝ ਨਹੀਂ ਚਾਹੀਦਾ। ਮੈਂ ਆਪਣੀ ਇਬਾਦਤ ਵਰਗੀ ਮੁਹੱਬਤ ਨੂੰ ਛੋਟਾ ਨਹੀਂ ਹੋਣ ਦੇ ਸਕਦਾ।
ਇਸ ਦੇ ਬਦਲੇ ਮੈਂ ਕੁਝ ਵੀ ਲੈਣ ਤੋਂ ਇਨਕਾਰ ਕਰਦਾ ਹਾਂ।
**
**
ਮੈਂ ਆਪਣੇ ਮੈਡੀਟੇਸ਼ਨ ਸੈਂਟਰ 'ਤੇ ਸੀ। ਵਿਮਲ ਕੀਰਤੀ ਨੇ ਆਉਣਾ ਸੀ। ਮੈਂ ਅਖਬਾਰ ਪੜ੍ਹ ਰਿਹਾ ਸੀ। ਜਿਸ ਵਿੱਚ ਚੋਰੀਆਂ, ਡਕੈਤੀਆਂ ਤੇ ਕੁਝ ਬਲਾਤਕਾਰ ਦੀਆਂ ਖ਼ਬਰਾਂ ਸਨ। ਥੋੜ੍ਹੇ ਜਿਹੇ ਇੰਤਜ਼ਾਰ ਬਾਅਦ ਕਰੀਬਨ ਸਾਢੇ ਕੁ ਦਸ ਵਜੇ ਵਿਮਲ ਕੀਰਤੀ ਆਇਆ। ਅਸੀਂ ਕੌਫੀ ਪੀਤੀ ਤੇ ਚੁੱਪ ਰਹੇ। ਮੈਨੂੰ ਪਤਾ ਸੀ। ਇਹ ਬੰਦਾ ਹਰ ਵਾਰ ਆਪਣਾ ਮਨ ਬੰਦ ਕਰ ਕੇ ਬੈਠ ਜਾਂਦਾ। ਇਸ ਨੂੰ ਛੇੜਨਾ ਪੈਂਦਾ ਤੇ ਫੇਰ ਜਦੋਂ ਇਹ ਬੋਲਣਾ ਸ਼ੁਰੂ ਹੋ ਜਾਵੇ, ਫੇਰ ਕਾਫ਼ੀ ਟਾਈਮ ਬੋਲਦਾ ਰਹਿੰਦਾ। ਫੇਰ ਤਾਂ ਇਸ ਨੂੰ ਕੁਝ ਪੁੱਛਣਾ ਵੀ ਨਹੀਂ ਪੈਂਦਾ। ਸਾਰੇ ਸਵਾਲ-ਜਵਾਬ ਆਪ ਹੀ ਕਰਦਾ ਰਹਿੰਦਾ।
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਏ।
ਮੈਂ ਗੱਲ ਸ਼ੁਰੂ ਕੀਤੀ।
ਮੈਂ ਤੁਹਾਡੇ ਬਲਾਗ ਵਿੱਚ ਸਿਫ਼ਤੀ ਸੰਧੂ ਬਾਰੇ ਪੜ੍ਹਿਆ ਸੀ। ਤੁਹਾਡੀ ਉਸ ਨਾਲ ਪਹਿਲੀ ਮੁਲਾਕਾਤ। ਦੂਜੀ ਮੁਲਾਕਾਤ ਹੋਈ ਉਸ ਨਾਲ ਤੁਹਾਡੀ ?
ਵਿਮਲ ਕੀਰਤੀ ਕੁਝ ਦੇਰ ਮੇਰੇ ਵੱਲ ਵੇਖ ਕੇ ਸੋਚਦਾ ਰਿਹਾ ਤੇ ਫੇਰ ਉਸ ਨੇ ਬੋਲਣਾ ਸ਼ੁਰੂ ਕੀਤਾ :
ਹਾਂ, ਉਸ ਕੋਲ ਹੋਣਾ, ਸਵਰਗ ਵਿੱਚ ਹੋਣਾ ਸੀ। ਸੱਚੀਂ, ਉਹ ਕਮਾਲ ਦੀ ਔਰਤ ਹੈ। ਮੈਨੂੰ ਹਮੇਸ਼ਾ ਇਹ ਸਮਝ ਨਹੀਂ ਸੀ ਆਉਂਦਾ। ਕਿ ਉਸ ਵਿੱਚ ਕੀ ਹੈ। ਜੋ ਇੰਨਾ ਅਲੱਗ ਤੇ ਸੋਹਣਾ ਹੈ। ਅਸੀਂ ਦੋਬਾਰਾ ਵੀ ਓਥੇ ਹੀ ਮਿਲੇ ਜਿੱਥੇ ਪਹਿਲੀ ਵਾਰ ਅਸੀਂ ਕੌਫੀ ਹਾਊਸ ਵਿੱਚ ਮਿਲੇ ਸੀ। ਮੈਂ ਉਸ ਦੇ ਵਾਲ ਵੇਖ ਰਿਹਾ ਸੀ। ਜਿਨ੍ਹਾਂ ਵਿੱਚ ਗੋਲਡਨ ਲੇਅਰ ਪਾਈਆਂ ਹੋਈਆਂ ਸੀ। ਜਿਨ੍ਹਾਂ ਵਿੱਚ ਉਹ ਥੋੜ੍ਹੇ ਸਮੇਂ ਬਾਅਦ ਹੱਥ ਫੇਰ ਰਹੀ ਸੀ। ਮੈਂ ਕੌਫੀ ਆਰਡਰ ਕੀਤੀ। ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੁਝ ਖਾਣਾ ਨਹੀਂ। ਤਾਂ ਮੈਂ ਕਿਹਾ ਮੈਂ ਤੁਹਾਨੂੰ ਉਡੀਕ ਰਿਹਾ ਸੀ। ਤੁਸੀਂ ਥੋੜ੍ਹੀ ਦੇਰ ਕਰ ਦਿੱਤੀ। ਮੈਨੂੰ ਭੁੱਖ ਲੱਗੀ, ਮੈਂ ਖਾਣਾ ਖਾ ਲਿਆ ਸੀ।
ਉਸ ਨੇ ਥੋੜ੍ਹੀ ਜਿਹੀ ਨਰਾਜ਼ਗੀ ਜਤਾਈ ਕਿ ਮੇਰੇ ਬਿਨਾਂ ਤੁਸੀਂ ਖਾਣਾ ਕਿਉਂ ਖਾਧਾ, ਮੈਂ ਵੀ ਖਾਣਾ ਸੀ। ਇਹ ਨਰਾਜ਼ਗੀ ਝੂਠੀ ਸੀ। ਮੈਨੂੰ ਉਸ ਦੇ ਚਿਹਰੇ 'ਤੇ ਦਿਸ ਰਿਹਾ ਸੀ ਪਰ ਮੈਨੂੰ ਇਹ ਚੰਗੀ ਲੱਗੀ।
ਮੈਂ ਉਸ ਨੂੰ ਕਿਹਾ:
ਕਿ ਮੈਂ ਬਹੁਤ ਦੇਰ ਚੁੱਪ ਰਿਹਾ ਹਾਂ। ਸ਼ਾਇਦ ਹੁਣ ਤੱਕ ਦੀ ਸਾਰੀ ਉਮਰ। ਮੈਨੂੰ ਇਸ ਤਰ੍ਹਾਂ ਦਾ ਕੋਈ ਮਿਲਿਆ ਹੀ ਨਹੀਂ ਜਿਸ ਕੋਲ ਬੈਠ ਕੇ ਮੈਨੂੰ ਲੱਗਦਾ ਕਿ ਇਸ ਨਾਲ ਮੈਂ ਆਪਣੀ ਹਰ ਗੱਲ ਕਰ ਸਕਦਾ ਹਾਂ। ਸਿਰਫ਼ ਤੁਹਾਡੇ ਕੋਲ ਆ ਕੇ ਮੈਨੂੰ ਲੱਗਦਾ ਕਿ ਤੁਹਾਡੇ ਨਾਲ, ਮੈਂ ਹਰ ਗੱਲ ਕਰ ਸਕਦਾਂ। ਤੁਹਾਨੂੰ ਪਤੈ ? ਕਈ ਵਾਰ ਅਸੀਂ ਕੁਝ ਗੱਲਾਂ ਕਰਨਾ ਚਾਹੁੰਦੇ ਹਾਂ ਪਰ ਇਹ ਵੀ ਚਾਹੁੰਦੇ ਹਾਂ ਕਿ ਉਹ ਗੱਲਾਂ ਕੋਈ ਨਾ ਸੁਣੇ। ਅਜਿਹੀਆਂ ਗੱਲਾਂ ਲੋਕ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨਾਲ ਕਰਨ ਲੱਗਦੇ ਹਨ, ਜਾਂ ਕੁਝ ਲੋਕ ਸ਼ੀਸ਼ੇ ਮੂਹਰੇ ਖੜਕੇ ਬੁੜਬੁੜਾਉਣ ਲੱਗਦੇ ਹਨ। ਤੁਹਾਡੇ ਨਾਲ ਗੱਲ ਕਰਦਿਆਂ ਮੈਨੂੰ ਇਹ ਲੱਗਦਾ ਹੈ ਕਿ ਮੈਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹਾਂ। ਏਥੋਂ ਤੱਕ ਕਿ ਤੁਹਾਨੂੰ ਜੇਕਰ ਮੈਂ ਛੂੰਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਛੂਹ ਰਿਹਾ ਹਾਂ। ਸਾਡੇ ਵਿਚਕਾਰ ਦੀ ਜੋ ਸਪੇਸ ਸਾਡਾ ਮਨ ਮਹਿਸੂਸ ਕਰਦਾ ਹੈ। ਉਹ ਮਿਟ ਗਈ ਹੈ। ਇਹ ਸ਼ਾਇਦ ਹੱਦ ਤੋਂ ਵੱਧ ਦੀ ਅਪਣੱਤ ਜਾਂ ਉਹ ਨੇੜਤਾ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਮੈਨੂੰ ਲੱਗਦਾ ਸ਼ਾਇਦ ਇਸੇ ਨੂੰ ਰੂਹ ਦਾ ਸਬੰਧ ਆਖਦੇ ਹਨ। ਇਹ ਇਹੀ ਹੁੰਦਾ। ਇੱਛਾ ਰਹਿਤ ਕਿਸੇ ਦੇ ਕੋਲ ਹੋਣਾ। ਕਿਸੇ ਦੇ ਹੋਣ ਨਾਲ ਹੀ ਸਭ ਭਰਿਆ-ਭਰਿਆ ਹੋਣਾ।
ਕੁਝ ਦੇਰ ਉਹ ਮੈਨੂੰ ਸੁਣਦੀ ਰਹੀ। ਫਿਰ ਆਪਣੇ ਬਾਰੇ ਗੱਲਾਂ ਕਰਨ ਲੱਗੀ। ਉਸ ਨੇ ਮੈਨੂੰ ਦੱਸਿਆ ਕਿ ਮੇਰਾ ਕਜ਼ਨ ਬ੍ਰਦਰ ਮੇਰੇ 'ਤੇ ਮਾੜੀ ਨਿਗ੍ਹਾ ਰੱਖਦਾ। ਉਹਨਾਂ ਦਾ ਘਰ ਨਾਲ ਦੇ ਪਿੰਡ 'ਚ ਹੈ। ਜਿਸ ਸ਼ਹਿਰ 'ਚ ਮੈਂ ਰਹਿ ਰਹੀ ਹਾਂ। ਉਹ ਅਕਸਰ ਆ ਜਾਂਦਾ। ਉਸ ਨੂੰ ਮੇਰੇ ਅਤੇ ਮੇਰੇ ਟੀਚਰ ਦੇ ਸਬੰਧ ਬਾਰੇ ਪਤਾ। ਉਹ ਮੈਨੂੰ ਇਸ ਸਬੰਧ ਕਰਕੇ ਬਲੈਕਮੇਲ ਕਰਨਾ ਚਾਹੁੰਦਾ। ਉਹ ਇਸ ਬਾਰੇ ਕਈ ਵਾਰ ਕੋਸ਼ਿਸ਼ ਕਰ ਚੁੱਕਿਆ। ਉਹ ਚਾਹੁੰਦਾ ਹੈ ਕਿ ਮੈਂ ਆਪਣੇ ਪਿਆਰ ਨੂੰ ਛੱਡ ਦੇਵਾਂ ਅਤੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦੇਵਾਂ। ਉਸ ਨੇ ਇੱਕ ਦਿਨ ਕਿਹਾ ਸੀ ਕਿ ਤੇਰੇ ਉੱਪਰ ਤੇਰੇ ਘਰ ਵਾਲੇ ਅਤੇ ਸਿਰਫ਼ ਮੇਰਾ ਅਧਿਕਾਰ ਹੈ। ਪਤਾ ਨਹੀਂ ਉਹ ਇਸ ਤਰ੍ਹਾਂ ਕਿਉਂ ਕਹਿੰਦਾ। ਉਸ ਦੀਆਂ ਲਗਾਤਾਰ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਦੀਆਂ ਕੋਸ਼ਿਸ਼ਾਂ ਮੈਨੂੰ ਬਹੁਤ ਪਰੇਸ਼ਾਨ ਕਰਦੀਆਂ। ਇਸ ਤੋਂ ਬਿਨਾ ਮੈਂ ਜਦ ਕੰਮ 'ਤੇ ਜਾਂਦੀ ਹਾਂ ਮੈਨੂੰ ਓਥੇ ਵੀ ਕਈ ਇਸੇ ਤਰ੍ਹਾਂ ਦੀਆਂ ਪਰੇਸ਼ਾਨੀਆਂ
ਦਾ ਸਾਹਮਣਾ ਕਰਨਾ ਪੈਂਦਾ। ਮੈਨੂੰ ਪਤਾ ਮੇਰੀ ਪ੍ਰਸਨੈਲਟੀ ਆਕਰਸ਼ਕ ਹੈ। ਪਿਛਲੇ ਮਹੀਨੇ ਜਦੋਂ ਮੈਂ ਇੱਕ ਫਿਲਮ ਦੀ ਸ਼ੂਟਿੰਗ ਲਈ ਪੂਰੀ ਟੀਮ ਨਾਲ ਦੁਬਈ ਗਈ ਸੀ ਤਾਂ ਓਥੇ ਫਿਲਮ ਦਾ ਆਰਟ ਡਾਇਰੈਕਟਰ ਵੀ ਨਾਲ ਸੀ। ਪੂਰੇ ਛੇ ਦਿਨ ਅਸੀਂ ਓਥੇ ਸੀ ਤਾਂ ਉਹ ਮੇਰੇ ਮਗਰ ਲੱਗਿਆ ਰਿਹਾ। ਹਰ ਸਮੇਂ ਉਹ ਲੋੜ ਤੋਂ ਜਿਆਦਾ ਧਿਆਨ ਮੇਰੇ ਵੱਲ ਦੇ ਰਿਹਾ ਸੀ। ਮੈਂ ਉਸ ਨੂੰ ਕੁਝ ਕਹਿ ਨਹੀ ਸਕੀ। ਹਰ ਟਾਈਮ ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ ਸੀ। ਖਾਣਾ ਖਾਣ ਸਮੇਂ ਅਸੀਂ ਸਾਰੇ ਇਕੱਠੇ ਖਾਣਾ ਖਾਂਦੇ ਸੀ, ਤਾਂ ਜੇਕਰ ਮੈਨੂੰ ਟਿਸ਼ੂ ਜਾਂ ਚਮਚ ਵਗੈਰਾ ਚਾਹੀਦਾ ਹੁੰਦਾ ਤਾਂ ਉਹ ਮੈਨੂੰ ਬੋਲਣ ਵੀ ਨਹੀਂ ਸੀ ਦਿੰਦਾ, ਮੈਂ ਜਿਸ ਚੀਜ਼ ਵੱਲ ਵੇਖਦੀ ਉਹ ਜਲਦੀ ਨਾਲ ਚੁੱਕ ਕੇ ਮੈਨੂੰ ਫੜਾ ਦਿੰਦਾ। ਅਖੀਰਲੇ ਦਿਨ ਤਾਂ ਉਹ ਬੋਲ ਪਿਆ। ਉਸ ਨੇ ਮੇਰੀ ਬਾਂਹ ਫੜੀ ਤੇ ਕਿਹਾ : ਤੁਹਾਨੂੰ ਸਮਝ ਆ ਜਾਣਾ ਚਾਹੀਦਾ ਹੈ। ਮੈਂ ਕੀ ਕਹਿ ਰਿਹਾ ਹਾਂ। ਮੈਂ ਥੋੜ੍ਹਾ ਜਿਹਾ ਗੁੱਸੇ 'ਚ ਕਿਹਾ, ਮੈਨੂੰ ਕੁਝ ਸਮਝ ਨਹੀਂ ਆਉਂਦਾ, ਨਾ ਮੈਂ ਸਮਝਣਾ ਚਾਹੁੰਦੀ ਹਾਂ। ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ, ਫੇਰ ਉਹ ਪਿੱਛੇ ਹਟ ਗਿਆ। ਤੁਹਾਨੂੰ ਨਹੀਂ ਪਤਾ ਇੱਕ ਔਰਤ ਜੋ ਲੋੜ ਤੋਂ ਜ਼ਿਆਦਾ ਆਕਰਸ਼ਕ ਹੋਵੇ, ਉਸ ਨੂੰ ਮਰਦਾਂ ਦੇ ਵਿਚਕਾਰ ਰਹਿੰਦਿਆਂ ਕੰਮ ਕਰਨਾ ਕਿੰਨਾ ਔਖਾ ਹੈ। ਇਸ ਸਾਰੀ ਗੱਲਬਾਤ ਦੌਰਾਨ ਉਸ ਨੇ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਮੈਨੂੰ ਮਰਦਾਂ ਦੁਆਰਾ ਹਮੇਸ਼ਾ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਨਾਲ ਮੈਨੂੰ ਬਹੁਤ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਅਤੇ ਇਹ ਵੀ ਦੱਸਿਆ ਕਿ ਮੇਰੇ ਲਈ ਮੈਨੂੰ ਲੱਗਦਾ ਇਹ ਗੱਲਾਂ ਇੱਕ ਆਮ ਔਰਤ ਨਾਲੋਂ ਹਟ ਕੇ ਅਰਥ ਰੱਖਦੀਆਂ ਹਨ। ਮੈਨੂੰ ਤਾਂ ਮੇਰੇ ਵਿਆਹ ਵੇਲੇ ਵੀ ਇਸ ਤਰਾਂ ਦੀਆਂ ਗੱਲਾਂ ਬਾਰੇ ਕੁਝ ਜਿਆਦਾ ਪਤਾ ਨਹੀਂ ਸੀ। ਮੇਰੇ ਪਤੀ ਨੇ ਮੈਨੂੰ ਬੱਚਿਆਂ ਵਾਂਗ ਸੰਭਾਲਿਆ।
ਉਸ ਨੇ ਇਹ ਵੀ ਦੱਸਿਆ ਕਿ ਉਹ ਸ਼ਾਂਤੀ ਅਤੇ ਇਕਾਂਤ ਪਸੰਦ ਔਰਤ ਹੈ। ਉਸ ਦੀ ਕੋਈ ਔਰਤ ਦੋਸਤ ਵੀ ਨਹੀਂ ਹੈ। ਉਹਨਾਂ ਦਾ ਘਰ ਜਿਸ ਜਗ੍ਹਾ ਤੇ ਹੈ। ਉਹੋ ਥਾਂ ਬਿਲਕੁਲ ਮੇਨ ਰੋਡ ਦੇ ਨੇੜੇ ਹੋਣ ਕਾਰਨ ਓਥੇ ਆਵਾਜਾਈ ਤੇ ਵਹੀਕਲਾਂ ਦੇ ਹਾਰਨ ਦੀ ਆਵਾਜ਼ ਹਮੇਸ਼ਾ ਦਿਨ ਰਾਤ ਆਉਂਦੀ ਰਹਿੰਦੀ ਹੈ। ਇਹ ਸ਼ੋਰ ਉਸਨੂੰ ਪਾਗਲ ਕਰ ਦਿੰਦਾ। ਇਸ ਲਈ ਉਹ ਘਰੋਂ ਬਾਹਰ ਇਕਾਂਤ ਵਿੱਚ ਬਿਨਾ ਸ਼ੋਰ ਵਾਲੀਆਂ ਥਾਵਾਂ ਅਕਸਰ ਲੱਭਦੀ ਹੈ ਅਤੇ ਓਥੇ ਬੈਠੀ ਰਹਿੰਦੀ ਹੈ। ਕਈ ਵਾਰ ਉਹ ਬਿਨਾਂ ਦੱਸੇ ਇਸ ਸਭ ਚੀਜਾਂ ਤੋਂ ਤੰਗ ਆ ਕੇ ਘਰੋਂ ਚਲੀ ਜਾਂਦੀ ਹੈ। ਜਿਸ ਕਾਰਨ ਉਸ ਦੇ ਪਤੀ ਦੀ ਉਸ ਨਾਲ ਲੜਾਈ ਵੀ ਹੁੰਦੀ ਹੈ। ਫਿਰ ਉਸ ਨੇ ਕਿਹਾ
ਮੈਂ ਆਪਣੇ ਆਪ ਨੂੰ ਬਦਲ ਨਹੀਂ ਸਕਦੀ, ਕਿਉਂ ਕਿ ਮੈਂ ਕੁਝ ਵੀ ਗਲਤ ਨਹੀਂ ਕਰ ਰਹੀ।
ਉਸ ਦੀ ਇਸ ਗੱਲ ਨਾਲ ਵੀ ਮੈਨੂੰ ਹੈਰਾਨੀ ਹੋਈ ਕਿ ਬਹੁਤ ਵਾਰ ਉਹ ਕਈ ਕੰਮਾਂ ਨੂੰ ਬਿਨਾਂ ਪੈਸੇ ਦੀ ਪ੍ਰਵਾਹ ਕੀਤੇ ਵਿਚਾਲੇ ਛੱਡ ਦਿੰਦੀ ਹੈ। ਉਹ ਪੈਸੇ ਨੂੰ ਪਹਿਲ ਨਹੀਂ ਦਿੰਦੀ ਅਤੇ ਮੇਕਅੱਪ ਆਰਟਿਸਟ ਵਜੋਂ ਜਿਹੜਾ ਵੀ ਕੰਮ ਉਸ ਨੂੰ ਮਿਲਦਾ ਹੈ। ਉਸ ਦਾ ਦਿਲ ਕਰੇ ਤਾਂ ਕਰਦੀ ਹੈ ਨਹੀਂ ਤਾਂ ਘਰ ਰਹਿੰਦੀ ਹੈ। ਉਹ ਕਿਸੇ ਚੀਜ਼ ਵਿੱਚ ਬੱਝ ਕੇ ਜਾਂ ਕਿਸੇ ਦੀ ਮਰਜ਼ੀ ਮੁਤਾਬਿਕ ਜਿਉਣਾ ਪਸੰਦ ਨਹੀਂ ਕਰਦੀ।
ਇਸ ਮੁਲਾਕਾਤ ਦੇ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਉਹ ਮੇਰੇ ਹੱਥਾਂ ਵੱਲ ਵੇਖਣ ਲੱਗੀ ਮੈਂ ਪੁੱਛਿਆ ਕੀ ਵੇਖ ਰਹੇ ਹੋ, ਤਾਂ ਉਸ ਨੇ ਪੁੱਛਿਆ, ਉਹ ਕਿੱਥੇ ਹੈ। ਮੈਂ ਸਮਝ ਗਿਆ ਉਹ ਮਾਲਾ ਬਾਰੇ ਪੁੱਛ ਰਹੀ ਹੈ। ਉਸ ਨੇ ਪਹਿਲੀ ਮੁਲਾਕਾਤ ਵੇਲੇ ਮੈਨੂੰ ਇੱਕ ਚੰਦਨ ਦੀ ਮਾਲਾ ਗਿਫ਼ਟ ਕੀਤੀ ਸੀ ਤੇ ਕਿਹਾ ਸੀ ਕਿ ਸਿਮਰਨ ਕਰਿਆ ਕਰੋ। ਮੈਂ ਉਸ ਨੂੰ ਪੁੱਛਿਆ ਸੀ ਕਿ ਇਸ ਨੂੰ ਗਲੇ 'ਚ ਪਾ ਲਵਾਂ। ਉਸ ਨੇ ਕਿਹਾ। ਜਿਵੇਂ ਠੀਕ ਸਮਝੋ। ਮੈਂ ਉਸ ਮਾਲਾ ਨੂੰ ਹੱਥ ਵਿੱਚ ਪਾ ਲਿਆ ਸੀ। ਕੁਝ ਦਿਨਾਂ ਬਾਅਦ ਮੈਂ ਇਹ ਮਾਲਾ ਉਤਾਰ ਦਿੱਤੀ ਸੀ। ਮੈਨੂੰ ਇਹ ਮਹਿਸੂਸ ਹੋਇਆ ਕਿ ਉਸ ਨੂੰ ਇਸ ਗੱਲ ਨਾਲ ਬਹੁਤਾ ਝਟਕਾ ਨਹੀਂ ਲੱਗਿਆ ਕਿ ਮੈਂ ਉਹ ਮਾਲਾ ਉਤਾਰ । ਦਿੱਤੀ ਪਰ ਉਹ ਸਿਰਫ ਇਸ ਬਾਰੇ ਗੱਲ ਕਰਕੇ ਮੈਨੂੰ ਯਾਦ ਕਰਾਉਣਾ ਚਾਹੁੰਦੀ ਸੀ, ਕਿ ਉਸ ਦੁਆਰਾ ਬਹੁਤ ਪਿਆਰ ਅਤੇ ਸ਼ਰਧਾ ਨਾਲ ਦਿੱਤੀ ਹੋਈ ਚੀਜ਼ ਮੈਂ ਸਹੀ ਥਾਂ 'ਤੇ ਨਹੀਂ ਰੱਖੀ। ਉਹ ਸ਼ਾਇਦ ਚਾਹੁੰਦੀ ਸੀ ਕਿ ਮੇਰੇ ਮਨ 'ਤੇ ਥੋੜ੍ਹਾ ਜਿਹਾ ਇਸ ਗੱਲ ਦਾ ਬੋਝ ਹੋਵੇ ਅਤੇ ਮੈਂ ਉਸ ਦੀ ਅਪਣੱਤ ਨੂੰ ਮਹਿਸੂਸ ਕਰਾਂ।
ਇਸ ਦੂਸਰੀ ਮੁਲਾਕਾਤ ਦੌਰਾਨ ਉਸ ਨੇ ਕਾਫ਼ੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਿਸ ਤੋਂ ਮੈਨੂੰ ਇਹ ਲੱਗ ਸਕੇ, ਕਿ ਉਸ ਨੂੰ ਹਮੇਸ਼ਾ ਆਸ ਪਾਸ ਦੇ ਮਰਦਾਂ ਵੱਲੋਂ ਸਬੰਧ ਬਣਾਉਣ ਲਈ ਉਕਸਾਇਆ ਜਾਂਦਾ ਹੈ। ਜਿਸ ਕਾਰਨ ਉਹ ਬਹੁਤ ਮਾਨਸਿਕ ਪਰੇਸ਼ਾਨੀ ਵਿੱਚ ਹੈ ਅਤੇ ਉਸ ਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ। ਬਹੁਤ ਦੇਰ ਤੱਕ ਉਹ ਰਾਤ ਨੂੰ ਜਾਗਦੀ ਹੈ। ਮੇਰੇ ਮਨ 'ਤੇ ਇਸ ਗੱਲ ਦਾ ਬਹੁਤ ਗਹਿਰਾ ਅਸਰ ਹੋਇਆ ਕਿ ਕਿਸ ਤਰ੍ਹਾਂ ਉਹ ਇਸ ਤਕਲੀਫ ਨੂੰ ਝੱਲ ਰਹੀ ਹੈ। ਉਸ ਵਾਸਤੇ ਮੇਰੇ ਮਨ 'ਚ ਬਹੁਤ ਗਹਿਰੀ ਥਾਂ ਬਣ ਚੁੱਕੀ ਸੀ। ਉਸ ਦੀਆਂ ਦੱਸੀਆਂ ਉਹ ਸਾਰੀਆਂ ਗੱਲਾਂ ਜੋ ਉਸ ਨੂੰ ਤਕਲੀਫ਼ ਦਿੰਦੀਆਂ ਸਨ। ਮੈਨੂੰ ਵੀ ਤਕਲੀਫ ਦੇਣ ਲੱਗੀਆਂ ਸਨ। ਮੇਰੀ ਜ਼ਿੰਦਗੀ ਵਿੱਚ ਹੌਲੀ ਹੌਲੀ ਤਕਲੀਫ ਭਰ ਰਹੀ ਸੀ। ਇੱਕ ਅਜੀਬ ਤਰ੍ਹਾਂ ਦਾ ਦਰਦ ਸੀ। ਜੋ ਮੈਂ ਪੈਦਾ ਨਹੀਂ ਸੀ ਕੀਤਾ ਅਤੇ ਜਿਸ ਨੂੰ ਖ਼ਤਮ ਕਰਨ ਲਈ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ। ਮੈਂ ਸਿਰਫ ਇੱਕ
ਪੀੜ ਮਹਿਸੂਸ ਕਰਦਾ ਸੀ। ਮੈਂ ਅਕਸਰ ਆਪਣੇ ਆਪ ਨੂੰ ਕਿਤੇ ਫਸਿਆ ਹੋਇਆ ਮਹਿਸੂਸ ਕਰਦਾ। ਮੈਨੂੰ ਪਤਾ ਨਹੀਂ ਸੀ ਲਗਦਾ ਕਿ ਉਸ ਨੂੰ ਇਸ ਤਕਲੀਫ ਤੋਂ ਕਿਵੇਂ ਬਚਾਵਾਂ ਅਤੇ ਆਪਣੇ ਆਪ ਨੂੰ ਇਸ ਤਕਲੀਫ ਚੋਂ ਕਿਵੇਂ ਬਾਹਰ ਕੱਢਾਂ। ਮੇਰੀ ਵੀ ਰਾਤ ਦੀ ਨੀਂਦ ਘਟ ਰਹੀ ਸੀ। ਮੈਂ ਕਿਸੇ ਨਸ਼ੇ ਦੀ ਲੋੜ ਮਹਿਸੂਸ ਕਰਨ ਲੱਗਿਆ ਸੀ। ਫਿਰ ਮੈਂ ਸ਼ਰਾਬ ਪੀਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਜ਼ਿੰਦਗੀ ਵਿੱਚ ਮੈਂ ਲਗਾਤਾਰ ਕਦੇ ਸ਼ਰਾਬ ਨਹੀਂ ਸੀ ਪੀਤੀ।
ਬਸ ਇਸ ਤਰ੍ਹਾਂ ਦੀ ਸੀ ਦੂਸਰੀ ਮੁਲਾਕਾਤ।
ਤੇ ਇਸ ਮੁਲਾਕਾਤ ਦੇ ਬਾਅਦ ਹੀ ਸਭ ਕੁਝ ਹੌਲੀ ਹੌਲੀ ਬਦਲਣ ਲੱਗਿਆ ਸੀ। ਮੈਨੂੰ ਸਿਫ਼ਤੀ ਵੱਲੋਂ ਮੈਸੇਜ ਆ ਰਹੇ ਸਨ ਜੋ ਬੜੇ ਭੇਦ ਭਰੇ ਅਤੇ ਯਕੀਨ ਨਾ ਆਉਣ ਵਾਲੇ ਸਨ।
ਉਹ ਲਿਖਦੀ ਸੀ:
ਵਿਮਲ ਤੈਨੂੰ ਮੇਰੇ ਤੋਂ ਕੀ ਚਾਹੀਦਾ ? ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਤੈਨੂੰ ਪਿਆਰ ਕਰਦਾ ਹਾਂ। ਬਸ ਤੇਰੇ ਸੰਪਰਕ ਵਿੱਚ ਰਹਿਣਾ ਹੀ ਮੇਰੇ ਲਈ ਸਭ ਤੋਂ ਵੱਡਾ ਸੁਖ ਹੈ। ਮੈਂ ਸਾਲ ਵਿੱਚ ਇੱਕ ਦੋ ਵਾਰ ਤੇਰੇ ਕੋਲ ਆਇਆ ਕਰਾਂਗਾ। ਇੱਕ ਘੰਟਾ, ਅੱਧਾ ਘੰਟਾ ਜਿੰਨਾ ਕੁ ਤੂੰ ਟਾਈਮ ਦੇ ਸਕੇਂ। ਮੈਂ ਤੈਨੂੰ ਦੇਖ ਜਾਇਆ ਕਰਾਂਗਾ। ਮੈਨੂੰ ਤੇਰੇ ਹੋਣ ਨਾਲ ਹੀ ਸਭ ਮਿਲ ਗਿਆ ਹੈ। ਇਸ ਤੋਂ ਜਿਆਦਾ ਕੁਝ ਨਹੀਂ ਚਾਹੀਦਾ, ਹਾਂ ਜੇਕਰ ਤੈਨੂੰ ਕਦੀ ਵੀ ਕਿਸੇ ਵੀ ਚੀਜ਼ ਜਾਂ ਹੈਲਪ ਦੀ ਲੋੜ ਹੋਵੇ ਮੈਨੂੰ ਸਭ ਤੋਂ ਪਹਿਲਾਂ ਦੱਸਣਾ। ਇਹ ਬਹੁਤ ਚੰਗਾ ਹੋਵੇਗਾ ਕਿ ਜੇ ਮੈਂ ਕਿਸੇ ਕੰਮ ਆ ਸਕਾਂ।
ਫਿਰ ਉਸ ਨੇ ਇੱਕ ਦਿਨ ਮੈਸੇਜ ਕੀਤਾ ਕਿ :
"ਵਿਮਲ ਟਾਈਮ ਨਿਕਲ ਰਿਹਾ।"
ਮੈਂ ਸੋਚ ਰਿਹਾ ਸੀ। ਇਹ ਇਸ ਤਰ੍ਹਾਂ ਦੇ ਮੈਸੇਜ ਕਿਉਂ' ਲਿਖ ਰਹੀ ਹੈ। ਮੈਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਉਸ ਨੂੰ ਦੇਹ ਦੀ ਭੁੱਖ ਤੰਗ ਕਰ ਰਹੀ ਹੈ। ਮੈਨੂੰ ਇਹ ਬੁਰਾ ਨਹੀਂ ਲੱਗਿਆ। ਇਹ ਕੁਦਰਤੀ ਹੈ। ਕਈ ਵਾਰ ਮਨ ਇਸ ਤਰਾਂ ਹੋ ਜਾਂਦਾ। ਮੈਂ ਇਸ ਬਾਰੇ ਕਾਫ਼ੀ ਸੋਚਦਾ ਰਿਹਾ। ਇੱਕ ਦਿਨ ਮੈਂ ਉਸਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਮਿਲਣਾ ਹੈ ਤਾਂ ਉਸ ਨੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਸ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ। ਇਹ ਸਿਰਫ ਮੇਰੀ ਲੋੜ
ਹੈ। ਗੱਲ ਕਰਦੇ ਕਰਦੇ ਉਸ ਨੇ ਕਿਹਾ ਵਿਮਲ ਜੋ ਤੂੰ ਸੋਚ ਰਿਹੈਂ ਤੈਨੂੰ ਉਹ ਨਹੀਂ ਮਿਲੇਗਾ। ਮੈਂ ਸ਼ੌਕਡ ਹੋ ਗਿਆ। ਮੈਂ ਸੋਚਣ ਲੱਗਿਆ ਕਿ ਇਹ ਇਸ ਤਰ੍ਹਾਂ ਦਾ ਬਿਹੇਵ ਕਿਉਂ ਕਰ ਰਹੀ ਹੈ। ਮੈਨੂੰ ਗਿਲਾਨੀ ਫੀਲ ਹੋਈ ਕਿ ਸ਼ਾਇਦ ਮੈਂ ਘਟੀਆ ਸੋਚ ਰਿਹਾ ਹਾਂ। ਮੈਂ ਇੱਕ ਪਵਿੱਤਰ ਸਬੰਧ ਨੂੰ ਦੇਹ ਵੱਲ ਖਿੱਚ ਰਿਹਾ ਹਾਂ। ਮੈਂ ਇਸ ਸਭ ਨਾਲ ਇੱਕ ਉਲਝਣ ਵਿੱਚ ਫਸ ਗਿਆ। ਮੈਨੂੰ ਕੁਝ ਵੀ ਸਪਸ਼ੱਟ ਨਹੀਂ ਸੀ ਹੋ ਰਿਹਾ ਕਿ ਉਹ ਕੀ ਚਾਹੁੰਦੀ ਹੈ। ਉਸ ਦੀਆਂ ਸਾਰੀਆਂ ਗੱਲਾਂ। ਏਦਾਂ ਦੀਆਂ ਸਨ ਕਿ ਇਸ਼ਕ ਜਾਂ ਮੁਹੱਬਤ ਰੱਬੀ ਚੀਜ਼ ਹੈ। ਇਹ ਦੇਹਾਂ ਤੋਂ ਪਾਰ ਦੀ ਗੱਲ ਹੈ। ਇਹ ਜਨਮ-ਜਨਮਾਂਤਰਾਂ ਦੀ ਗੱਲ ਹੈ। ਇਹ ਬਹੁਤ ਵੱਡੀ ਚੀਜ਼ ਹੈ। ਸ਼ਾਇਦ ਦੁਨੀਆ ਵਿੱਚ ਜੇ ਕੁਝ ਵੱਡਾ ਹੈ ਤਾਂ ਇਹੀ ਹੈ। ਉਸ ਦੀਆਂ ਕੀਤੀਆਂ ਧਾਰਮਿਕ ਗੱਲਾਂ ਅਤੇ ਦੁਨਿਆਵੀ ਸਬੰਧਾਂ ਬਾਰੇ ਉਸ ਦੇ ਸਾਰੇ ਵਿਚਾਰ ਸੁਣਦਿਆਂ ਮੈਨੂੰ ਇਹ ਲੱਗਦਾ ਸੀ ਕਿ ਦੇਹ ਦਾ ਸਬੰਧ ਉਸ ਦੀ ਨਜ਼ਰ ਵਿੱਚ ਕੁਝ ਵੀ ਨਹੀਂ ਪਰ ਉਸ ਦੀਆਂ ਗੱਲਾਂ ਤੋਂ ਮੈਨੂੰ ਇਹ ਕਿਉਂ ਲੱਗ ਰਿਹਾ ਸੀ ਕਿ ਉਹ ਇਸ ਤਰ੍ਹਾਂ ਦਾ ਕੁਝ ਚਾਹੁੰਦੀ ਹੈ। ਮੈਨੂੰ ਸਮਝ ਨਹੀਂ ਸੀ ਆ ਰਿਹਾ।
ਇਹ ਸਭ ਹਾਲੇ ਵਿਮਲ ਕੀਰਤੀ ਮੈਨੂੰ ਦੱਸ ਹੀ ਰਿਹਾ ਸੀ ਕਿ ਉਸ ਨੂੰ ਫੋਨ 'ਤੇ ਕੋਈ ਮੈਸੇਜ ਆਇਆ। ਉਸ ਨੇ ਫੋਨ ਵੇਖਿਆ ਤੇ ਕਿਹਾ: ਮੈਨੂੰ ਜਾਣਾ ਪਵੇਗਾ, ਤੇ ਉਹ ਚਲਿਆ ਗਿਆ।
ਵਿਮਲ ਕੀਰਤੀ ਦੇ ਜਾਣ ਬਾਅਦ ਮੈਂ ਦੋ ਹੋਰ ਔਰਤਾਂ ਨੂੰ ਮਿਲਿਆ। ਸਿੰਮੂ ਨੇ ਵੀ ਆਉਣਾ ਸੀ। ਉਸ ਦਾ ਸਿਰਫ਼ ਮੈਸੇਜ ਆਇਆ ਕਿ ਸਰ ਮੈਨੂੰ ਬੁਆਏ ਫਰੈਂਡ ਮਿਲ ਗਿਆ ਹੈ। ਥੋੜ੍ਹਾ ਜਿਹਾ ਸੈਂਟੀ ਹੈ ਪਰ ਵਧੀਆ ਹੈ। ਮੈਂ ਉਸ ਨਾਲ ਫਿਲਮ ਵੇਖਣ ਜਾ ਰਹੀ ਹਾਂ। ਇਸ ਸਭ ਦੇ ਬਾਅਦ ਮੇਰੇ ਕੋਲ ਸਮਾਂ ਸੀ। ਮੈਂ ਫੇਰ ਆਪਣੀ ਮੇਡ ਆਸ਼ਾ ਨੂੰ ਕੌਫ਼ੀ ਲਿਆਉਣ ਲਈ ਕਿਹਾ। ਉਹ ਮੇਰੇ ਲਈ ਕੌਫ਼ੀ ਲੈ ਆਈ। ਉਸ ਦੇ ਆਉਣ ਤੱਕ ਮੈਂ ਅੱਜ ਮਿਲਣ ਆਈਆਂ ਦੋਹਾਂ ਔਰਤਾਂ ਦੇ ਕੇਸ ਸਟੱਡੀ ਕਰ ਰਿਹਾ ਸੀ। ਜਿਨ੍ਹਾਂ ਵਿੱਚੋਂ ਇੱਕ ਡਾਇਵੋਰਸ ਹੋਣ ਬਾਅਦ ਡਿਪਰੈਸ਼ਨ ਵਿੱਚ ਸੀ ਅਤੇ ਦੂਸਰੀ ਉਹ ਸੀ ਜਿਸ ਨੇ ਆਪਣੇ ਹਸਬੈਂਡ ਨਾਲ ਤਲਾਕ ਲੈਣ ਬਾਅਦ ਦੁਬਾਰਾ ਵਿਆਹ ਕਰਵਾ ਲਿਆ ਸੀ, ਪਰ ਉਹ ਜ਼ਿਆਦਾ ਸਮਾਂ ਆਪਣੇ ਪਹਿਲੇ ਘਰ ਵਾਲੇ ਨਾਲ ਹੀ ਫੋਨ ਤੇ ਗੱਲ ਕਰਦੀ ਰਹਿੰਦੀ ਸੀ।
ਫਿਰ ਕੌਫੀ ਪੀਂਦਿਆਂ ਮੈਂ ਆਪਣੀ ਟੈਬ ਚੁੱਕੀ ਤੇ ਵਿਮਲ ਕੀਰਤੀ ਦਾ ਬਲਾਗ ਪੜ੍ਹਨ ਲੱਗਿਆ :
।। ਮੈਨੂੰ ਪਤਾ ਹੈ ।।
॥ ਪਰਸਨਲ ਬਲਾਗ ।। ਵਿਮਲ ਕੀਰਤੀ ।।
ਅੱਜ ਮੈਂ ਇੱਕ ਕਥਾ ਕਹਿੰਦਾ ਹਾਂ:-
ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਚੋਰ ਸੀ। ਛੋਟੇ ਹੁੰਦੇ ਉਸ ਨੇ ਜਦੋਂ ਛੋਟੀਆਂ ਮੋਟੀਆਂ ਚੋਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਕਈ ਵਾਰ ਉਹ ਫੜਿਆ ਗਿਆ ਤੇ ਕੁੱਟ ਵੀ ਪਈ। ਜਵਾਨ ਹੋਣ ਤੱਕ ਉਹ ਬਹੁਤ ਕੁਸ਼ਲ ਚੋਰ ਬਣ ਚੁੱਕਿਆ ਸੀ।
ਇੱਕ ਦਿਨ ਸ਼ਾਮ ਨੂੰ ਜਦੋਂ ਹਨੇਰਾ ਹੋ ਰਿਹਾ ਸੀ ਤਾਂ ਉਹ ਆਪਣੇ ਘਰੋਂ ਚੋਰੀ ਲਈ ਨਿਕਲ ਤੁਰਿਆ। ਰਾਤ ਗਹਿਰੀ ਹੋ ਰਹੀ ਸੀ। ਸਾਰੇ ਲੋਕ ਹਾਲੇ ਸੁੱਤੇ ਨਹੀਂ ਸਨ। ਉਹ ਤੁਰਦਾ ਰਿਹਾ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਪੂਰਾ ਇੱਕ ਪਿੰਡ ਲੰਘ ਚੁੱਕਿਆ ਸੀ ਤੇ ਉਹ ਇੱਕ ਅਣਜਾਣ ਥਾਂ 'ਤੇ ਕਿਸੇ ਨਗਰ ਵਿੱਚ ਸੀ। ਰਾਤ ਅੱਧੀ ਹੋਣ ਦੇ ਨੇੜੇ ਸੀ। ਗਲੀ ਦੇ ਇੱਕ ਮੋੜ ਤੋਂ ਮੁੜਦੇ ਹੋਏ ਚੰਨ ਚਾਨਣੀ ਰਾਤ ਵਿੱਚ ਉਸ ਨੇ ਇੱਕ ਬਹੁਤ ਵੱਡਾ ਵਲਗਣ ਵੇਖਿਆ। ਇੱਕ ਕਾਫ਼ੀ ਵੱਡੇ ਜਮੀਨ ਦੇ ਟੁਕੜੇ ਨੂੰ ਇੱਕ ਕੰਧ ਨੇ ਘੇਰਿਆ ਹੋਇਆ ਸੀ। ਕਾਫ਼ੀ ਦੇਰ ਉਹ ਕੰਧ ਦੇ ਨਾਲ ਪਏ ਵੱਡੇ ਪੱਥਰ ਤੇ ਖੜ੍ਹ ਕੇ ਕੰਧ ਦੇ ਦੂਜੇ ਪਾਸੇ, ਅੰਦਰ ਵੇਖਦਾ ਰਿਹਾ। ਅੰਦਰ ਉਸ ਨੂੰ ਕੁਝ ਝੌਂਪੜੀ ਨੁਮਾ ਕਮਰੇ ਵਿਖਾਈ ਦਿੱਤੇ ਜਿਨ੍ਹਾਂ ਦੀਆਂ ਛੱਤਾਂ ਸੁੱਕੇ ਹੋਏ ਘਾਹ ਤੇ ਬਾਂਸ ਦੀਆਂ ਸਨ। ਓਥੇ ਚੰਨ ਦਾ ਹਲਕਾ ਚਾਨਣ ਸੀ। ਉਹਨਾਂ ਕਮਰਿਆਂ ਦੇ ਆਸ ਪਾਸ ਛੋਟੇ-ਛੋਟੇ ਫੁੱਲਾਂ ਦੇ ਬੂਟੇ ਲੱਗੇ ਹੋਏ ਸਨ। ਇਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਬਾਗ਼ ਵਿੱਚ ਛੋਟੇ-ਛੋਟੇ ਘਰ ਹੋਣ। ਫੇਰ ਉਸ ਚੋਰ ਨੇ ਉਸ ਕੰਧ ਦੇ ਨਾਲ ਨਾਲ ਤੁਰਨਾ ਸ਼ੁਰੂ ਕੀਤਾ ਅਤੇ ਓਥੇ ਪਹੁੰਚ ਗਿਆ ਜਿੱਥੇ ਇਸ ਦਾ ਮੁੱਖ ਦਰਵਾਜ਼ਾ ਸੀ। ਓਥੇ ਕੰਧ ਤੇ ਟੰਗਿਆ ਇੱਕ ਮਿੱਟੀ ਦੇ ਤੇਲ ਵਾਲਾ ਲੈਂਪ ਜਲ ਰਿਹਾ ਸੀ। ਦਰਵਾਜ਼ਾ ਜਿਹੜਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਕੀਤਾ ਗਿਆ ਦੇ ਵਿੱਚ ਇੱਕ ਸਾਧੂ ਜ਼ਮੀਨ ਤੇ ਬੈਠਾ ਸੀ। ਚੋਰ ਉਸ ਸਾਧੂ ਕੋਲ ਜਾ ਕੇ ਬੈਠ ਗਿਆ ਤੇ ਉਸ ਸਾਧੂ ਨਾਲ ਗੱਲਾਂ ਕਰਨ ਲੱਗਿਆ।
ਬਾਬਾ ਇੱਥੇ ਕਿਉਂ ਬੈਠਾਂ?
ਮੈਂ ਇੱਥੇ ਆਉਣ ਜਾਣ ਵਾਲਿਆਂ ਤੇ ਧਿਆਨ ਰੱਖਦਾ ਹਾਂ ਬੱਚਾ। ਇਹ ਸਾਰਾ ਡੇਰਾ ਹੈ। ਸਾਡੇ ਗੁਰੂ ਨੇ ਕਿਹਾ ਹੈ ਕਿ ਉਸ ਦੇ ਸਾਰੇ ਚੇਲਿਆਂ ਵਿੱਚੋਂ ਹਰ ਰੋਜ ਇੱਕ ਚੇਲਾ ਹਰ ਰਾਤ ਤੇ ਦਿਨ ਵਾਰੀ ਨਾਲ ਇਸ ਦਰਵਾਜ਼ੇ ਤੇ ਬੈਠ ਕੇ ਆਉਣ ਜਾਣ ਵਾਲਿਆਂ ਤੇ ਨਿਗ੍ਹਾ ਰੱਖੇ।
ਬਾਬਾ ਤੁਹਾਡਾ ਗੁਰੂ ਕੌਣ ਹੈ ?
ਉਹ ਇੱਕ ਸੰਤ ਆਦਮੀ ਹੈ। ਉਸ ਦੀ ਸੰਗਤ ਵਿੱਚ ਅਸੀਂ ਪ੍ਰਮਾਤਮਾ ਦੀ ਛੋਹ ਮਾਣ ਲੈਂਦੇ ਹਾਂ। ਦੁਨਿਆਵੀ ਮੋਹ ਨਾਲ ਆਉਣ ਵਾਲੀਆਂ ਤਕਲੀਫ਼ਾਂ ਤੋਂ ਬਚ ਜਾਂਦੇ ਹਾਂ। ਸਾਨੂੰ ਇਹੀ ਚੰਗਾ ਲੱਗਦਾ।
ਇਸ ਤੋਂ ਬਾਅਦ ਇਹ ਸਾਧੂ ਇਸ ਚੋਰ ਨੂੰ ਦੱਸਦਾ ਰਿਹਾ ਕਿ ਉਹ ਕਿਵੇਂ ਆਪਣਾ ਦਿਨ ਬਿਤਾਉਂਦੇ ਹਨ। ਸੁਭਾ ਸ਼ਾਮ ਆਰਤੀ ਹੁੰਦੀ ਹੈ। ਲੋਕ ਖਾਣ ਪੀਣ ਦੀਆਂ ਵੰਨ-ਸੁਵੰਨੀਆਂ ਚੀਜ਼ਾਂ ਇੱਥੇ ਦੇ ਜਾਂਦੇ ਹਨ। ਜਿਨ੍ਹਾਂ 'ਚ ਖੀਰ ਤੇ ਮਠਿਆਈ ਵੀ ਹੁੰਦੀ ਹੈ। ਗੱਲਾਂ ਕਰਦੇ ਕਰਦੇ ਸਵੇਰ ਹੋਣ ਦੇ ਨੇੜੇ ਸੀ। ਇਹ ਗੱਲਾਂ ਕਰਦੇ ਕਰਦੇ ਉਹ ਦੋਵੇਂ ਓਥੇ ਬੈਠੇ ਹੀ ਸੌਂ ਗਏ।
ਸਵੇਰੇ ਉੱਠ ਕੇ ਦੋਵੇਂ ਡੇਰੇ ਦੇ ਅੰਦਰ ਚਲੇ ਗਏ। ਚੋਰ ਨੇ ਸਾਧੂ ਨੂੰ ਕਿਹਾ ਮੈਂ ਤੁਹਾਡੇ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ। ਸਾਧੂ ਨੇ ਕਿਹਾ ਹੁਣ ਸਵੇਰ ਦੀ ਆਰਤੀ ਹੋਵੇਗੀ। ਉਸ ਤੋਂ ਬਾਅਦ ਗੁਰੂ ਜੀ ਓਥੇ ਸਾਹਮਣੇ ਓਸ ਥੜ੍ਹੇ ਤੇ ਬੈਠਣਗੇ। ਫੇਰ ਤੁਸੀਂ ਮਿਲ ਸਕਦੇ ਹੋ।
ਜਦੋਂ ਆਰਤੀ ਹੋ ਰਹੀ ਸੀ ਤਾਂ ਚੋਰ ਸਭ ਤੋਂ ਪਿੱਛੇ ਖੜ੍ਹਾ ਸੀ। ਆਰਤੀ ਬਾਅਦ, ਉਹ ਉਸ ਸਾਧੂ ਨਾਲ ਡੇਰੇ ਦੇ ਮੁਖੀ ਰਹਿਮਤ ਦਾਸ ਕੋਲ ਗਿਆ। ਜੋ ਸਾਹਮਣੇ ਦਰੱਖਤ ਦੇ ਥੱਲੇ ਇੱਕ ਥੜ੍ਹੇ ਤੇ ਬੈਠਾ ਸੀ। ਇਹ ਇੱਕ ਚਾਲੀ ਕੁ ਸਾਲ ਦਾ ਰਿਸ਼ਟ ਪੁਸ਼ਟ ਸਰੀਰ ਵਾਲਾ ਆਦਮੀ ਸੀ ਜਿਸ ਦੀ ਦਾੜ੍ਹੀ ਅਤੇ ਸਿਰ ਦੇ ਵਾਲ ਬਿਲਕੁਲ ਸਾਫ਼ ਕੀਤੇ ਹੋਏ ਸਨ ਅਤੇ ਉਸ ਨੇ ਗੇਰੂਏ ਰੰਗ ਦੇ ਮੋਟੇ ਖੱਦਰ ਦੇ ਕੱਪੜੇ ਦੀ ਬੁੱਕਲ ਮਾਰੀ ਹੋਈ ਸੀ। ਉਸ ਥੜ੍ਹੇ ਦੇ ਕੋਲ ਕੁਝ ਲੋਕ ਅਤੇ ਰਹਿਮਤ ਦਾਸ ਦੇ ਚੇਲੇ ਬੈਠੇ ਸਨ।
ਸਾਧੂ ਨੇ ਹੱਥੇ ਬੰਨ੍ਹ ਕੇ ਰਹਿਮਤ ਦਾਸ ਨੂੰ ਕਿਹਾ ਗੁਰੂ ਜੀ ਇਹ ਬੱਚਾ ਤੁਹਾਨੂੰ ਮਿਲਣਾ ਚਾਹੁੰਦਾ ਸੀ, ਇਹ ਕਹਿ ਕੇ ਉਸ ਨੇ ਆਪਣੇ ਪਿੱਛੇ ਖੜੇ ਚੋਰ ਵੱਲ ਹੱਥ ਨਾਲ ਇਸ਼ਾਰਾ ਕੀਤਾ। ਚੋਰ ਨੇ ਹੱਥ ਜੋੜ ਕੇ ਨਮਸਕਾਰ ਕੀਤੀ।
ਹਾਂ, ਕੀ ਨਾਮ ਹੈ ਤੇਰਾ ............? ਰਹਿਮਤ ਦਾਸ ਨੇ ਸਵਾਲ ਕੀਤਾ।
ਜੀ ਮਨ। ਮੇਰਾ ਨਾਮ ਮਨ ਹੈ। ਚੋਰ ਨੇ ਜਵਾਬ ਦਿੱਤਾ।
ਇਹ ਸੁਣ ਕੇ ਰਹਿਮਤ ਦਾਸ ਨੇ ਕਿਹਾ :
ਨਹੀਂ ਅੱਜ ਤੋਂ ਤੇਰਾ ਨਾਮ ਮਨ ਦਾਸ ਹੈ। ਕਿਉਂ ਕਿ ਜਦੋਂ ਮਨ ਤੇਰਾ ਦਾਸ ਹੋਵੇਗਾ, ਤਾਂ ਹੀ ਗੱਲ ਬਣੇਗੀ।
ਫਿਰ ਉਸ ਚੋਰ, ਮਨ ਦਾਸ ਨੇ ਅਗਲਾ ਸਵਾਲ ਕੀਤਾ ਕਿ ਮੈਂ ਕੁਝ ਦਿਨ ਡੇਰੇ ਵਿੱਚ ਰੁਕ ਸਕਦਾ ਹਾਂ ? ਤਾਂ ਰਹਿਮਤ ਦਾਸ ਨੇ ਹਾਂ ਕਰ ਦਿੱਤੀ।
ਉਹ ਚੋਰ, ਜਿਸ ਦਾ ਨਾਮ ਹੁਣ ਮਨ ਦਾਸ ਹੋ ਗਿਆ ਸੀ, ਨੂੰ ਡੇਰੇ ਵਿੱਚ ਇੱਕ ਪਾਸੇ ਇੱਕ ਨਿੱਕਾ ਜਿਹਾ ਕੱਚਾ ਕਮਰਾ ਦੇ ਦਿੱਤਾ ਗਿਆ। ਜਿਸ ਦੀਆਂ ਕੰਧਾਂ ਕੱਚੀਆਂ ਸਨ ਤੇ ਕੰਧਾਂ ਤੇ ਕਲੀ ਕੀਤੀ ਹੋਈ ਸੀ। ਇਸ ਕਮਰੇ ਦੀ ਛੱਤ ਘਾਹ ਫੂਸ ਦੀ ਬਣੀ ਹੋਈ ਸੀ।
ਅੱਜ ਮਨ ਦਾਸ ਦੀ ਡੇਰੇ ਵਿੱਚ ਪਹਿਲੀ ਰਾਤ ਸੀ। ਸ਼ਾਮ ਦਾ ਸਵਾਦਿਸ਼ਟ ਅਤੇ ਵਧੀਆ ਖਾਣਾ ਖਾਣ ਬਾਅਦ ਉਹ ਆਪਣੇ ਕਮਰੇ ਵਿੱਚ ਆ ਗਿਆ। ਜਿੱਥੇ ਉਸ ਨੂੰ ਓਹੀ ਬੁੱਢਾ ਬਾਬਾ ਛੱਡ ਕੇ ਗਿਆ ਜੋ ਉਸ ਨੂੰ ਰਾਤ ਦਰਵਾਜ਼ੇ ਤੇ ਮਿਲਿਆ ਸੀ। ਸਾਧੂਆਂ ਦੀ ਕਤਾਰ ਵਿੱਚ ਬੈਠ ਕੇ ਖਾਣਾ ਖਾਂਦਿਆ ਖਾਂਦਿਆਂ ਜੋ ਗੱਲਾਂ ਉਸ ਨੇ ਸੁਣੀਆਂ ਸਨ। ਉਹਨਾਂ ਬਾਰੇ ਸੋਚਦਿਆਂ ਉਹ ਆਪਣੇ ਕੱਚੇ ਕਮਰੇ ਵਿੱਚ ਜੋ ਬਹੁਤ ਸਾਫ ਸੁਥਰਾ ਸੀ, ਸੌਣ ਦੀ ਤਿਆਰੀ ਕਰ ਰਿਹਾ ਸੀ।
ਸੌਣ ਦੀ ਕੋਸ਼ਿਸ਼ ਕਰਦੇ ਸਮੇਂ ਮਨ ਦਾਸ ਦਾ ਧਿਆਨ ਵਾਰ ਵਾਰ ਲੱਕੜ ਦੇ ਉਸ ਪਾਤਰ ਵੱਲ ਜਾ ਰਿਹਾ ਸੀ, ਜੋ ਉਸ ਨੇ ਡੇਰੇ ਦੇ ਮੁਖੀ ਸੰਤ ਰਹਿਮਤ ਦਾਸ ਦੇ ਕੋਲ ਪਿਆ ਵੇਖਿਆ ਸੀ। ਜਿਸ ਵਿੱਚ ਥੋੜੇ ਜਿਹੀਆਂ ਫੁੱਲਾਂ ਦੀਆਂ ਪੱਤੀਆਂ ਰੱਖੀਆਂ ਹੋਈਆਂ ਸਨ। ਜਦੋਂ ਉਹ ਸਭਾ ਆਰਤੀ ਤੋਂ ਬਾਅਦ ਪ੍ਰਵਚਨ ਦੇ ਸਮੇਂ ਰਹਿਮਤ ਦਾਸ ਨੂੰ ਮਿਲਣ ਗਿਆ ਸੀ ਤਾਂ ਉਦੋਂ ਇਸ ਪਾਤਰ ਨੂੰ ਵੇਖਦੇ ਹੀ ਉਸ ਦਾ ਦਿਲ ਇਸ ਤੇ ਆ ਗਿਆ ਸੀ। ਇਹ ਲੱਕੜ ਦਾ ਗੋਲ ਆਕਾਰ ਦਾ ਛੰਨੇ ਵਰਗਾ ਬਰਤਨ ਸੀ ਜਿਸ ਵਿੱਚ ਬਹੁਤ ਸੋਹਣੇ ਚਿੱਟੇ, ਲਾਲ ਅਤੇ ਕਾਲੇ ਰੰਗ ਦੇ ਮੋਤੀ ਜੜੇ ਹੋਏ ਸਨ। ਮਨ ਦਾਸ ਨੂੰ ਜੋ ਬਾਬਾ ਸਾਧੂ ਰਹਿਮਤ ਦਾਸ ਕੋਲ ਲੈ ਗਿਆ ਸੀ। ਉਸਨੇ ਦੱਸਿਆ ਕਿ ਇਹ ਪਾਤਰ ਸ਼ਹਿਰ ਦੇ ਇੱਕ ਵਪਾਰੀ ਨੇ ਸ਼ਰਧਾ ਨਾਲ ਭੇਂਟ ਕੀਤਾ ਸੀ। ਮਨ ਦਾਸ ਨੂੰ ਇਹ ਗੱਲ ਘੱਟ ਚੰਗੀ ਲੱਗ ਰਹੀ ਸੀ ਕਿ ਇਸਦੇ ਮੋਤੀਆਂ ਦੇ ਕੀਮਤੀ ਹੋਣ ਨਾਲ ਇਹ ਪਾਤਰ ਉਸ ਦੇ ਕੰਮ ਆ ਸਕਦਾ ਸੀ। ਸਗੋਂ ਉਸ ਨੂੰ ਇਹ ਏਨਾ ਸੋਹਣਾ ਲੱਗਿਆ ਕਿ ਉਹ ਸੋਚ ਰਿਹਾ ਸੀ ਕਿ ਇਹ ਮੇਰੇ ਕੋਲ ਹੋਣਾ ਚਾਹੀਦਾ ਹੈ ਅਤੇ ਉਹ ਉਸਨੂੰ ਚੋਰੀ ਕਰਨ ਦਾ ਮਨ ਬਣਾਉਣ ਲੱਗਿਆ। ਇਸ ਬਾਰੇ ਸੋਚਦਿਆਂ ਸੋਚਦਿਆਂ ਉਸ ਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ।
ਸੁਭਾ ਜਲਦੀ ਹੀ ਕਿਸੇ ਨੇ ਮਨ ਦਾਸ ਦੇ ਕਮਰੇ ਦਾ ਦਰਵਾਜਾ ਖੜਕਾਇਆ ਤੇ ਕਿਹਾ ਉੱਠੋ ਤੇ ਇਸ਼ਨਾਨ ਕਰ ਕੇ ਆਰਤੀ ਲਈ ਆ ਜਾਓ ਫੇਰ ਚਾਹ ਪਾਣੀ ਪੀ ਲੈਣਾ। ਮਨ ਦਾਸ ਉੱਠਿਆ ਤੇ ਕੁਝ ਸਾਧੂਆਂ ਨਾਲ ਡੇਰੇ ਦੇ ਪਿਛਲੇ ਪਾਸੇ ਵਗਦੀ ਛੋਟੀ ਜਿਹੀ ਨਦੀ ਤੇ ਨਹਾਉਣ ਲਈ ਚਲਿਆ ਗਿਆ। ਨਹਾਉਂਦੇ ਹੋਏ ਉਸ ਨੇ ਕੁਝ ਸਾਧੂਆਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣਿਆ ਕਿ ਜਿਹੜੇ ਲੋਕ ਸੰਤ ਜੀ ਨੂੰ ਪੈਸੇ ਦੇ ਜਾਂਦੇ ਹਨ। ਉਹਨਾਂ ਦਾ ਸੰਤ ਕੀ ਕਰਨਗੇ ਜਾਂ ਕਦੇ, ਜਦੋਂ ਰਹਿਮਤ ਦਾਸ ਚਲੇ ਜਾਣਗੇ ਤਾਂ ਇਹ ਪੈਸੇ ਕਿਸ ਨੂੰ ਮਿਲਣਗੇ ਜਾਂ ਇਨ੍ਹਾਂ ਤੋਂ ਬਾਅਦ ਇਸ ਡੇਰੇ ਦਾ ਮੁਖੀ ਕੌਣ ਹੋਵੇਗਾ।
ਨਹਾਉਣ ਬਾਅਦ ਮਨ ਦਾਸ ਆਰਤੀ ਵਿੱਚ ਗਿਆ ਓਥੇ ਉਹ ਪਿੱਛੇ ਖੜ੍ਹਾ ਰਿਹਾ। ਬਾਕੀ ਸਭ ਝੂਮ ਝੂਮ ਕੇ ਆਰਤੀ ਗਾ ਰਹੇ ਸਨ। ਆਰਤੀ ਬਾਅਦ ਉਹ ਦੁੱਧ ਪੀਣ ਲਈ ਇੱਕ ਕਮਰੇ ਵਿੱਚ ਚਲਿਆ ਗਿਆ ਅਤੇ ਦੁੱਧ ਪੀਣ ਬਾਅਦ ਸਭ ਡੇਰੇ ਦੇ ਵਿਚਕਾਰ ਉਸ ਥੜ੍ਹੇ ਕੋਲ ਇਕੱਠੇ ਹੋ ਰਹੇ ਸਨ ਜਿੱਥੇ ਹਰ ਰੋਜ਼ ਰਹਿਮਤ ਦਾਸ ਕੁਝ ਬੋਲਦਾ ਸੀ ਅਤੇ ਉਹ ਸਭ ਸੁਣਦੇ ਸਨ। ਇਸ ਬਾਅਦ ਸਭ ਚੇਲੇ ਡੇਰੇ ਦੇ ਕੰਮ ਕਾਜ ਵਿੱਚ ਵਿਅਸਤ ਹੋ ਜਾਂਦੇ ਸਨ। ਡੇਰੇ ਵਿੱਚ ਕੁਝ ਪਸੂ ਸਨ। ਜਿਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਸੀ ਅਤੇ ਦੁੱਧ ਘਿਉ ਵੇਚਿਆ ਜਾਂਦਾ ਸੀ ਅਤੇ ਡੇਰੇ ਦੀ ਕੁਝ ਜ਼ਮੀਨ ਵੀ ਸੀ ਜਿਸ ਵਿੱਚ ਕੁਝ ਜੜੀਆਂ ਬੂਟੀਆਂ ਉਗਾਈਆਂ ਜਾਂਦੀਆਂ ਸਨ ਅਤੇ ਲੋੜਵੰਦ, ਦੂਰੋਂ ਨੇੜਿਉਂ ਆਉਂਦੇ ਲੋਕਾਂ ਨੂੰ ਕੁਝ ਬਿਮਾਰੀਆਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਸਨ।
ਸਭ ਥੜ੍ਹੇ ਦੇ ਕੋਲ ਬੈਠ ਚੁੱਕੇ ਸਨ। ਮਨ ਦਾਸ ਸਭ ਤੋਂ ਮੂਹਰੇ ਬੈਠਾ ਸੀ। ਆਪਣੇ ਨਵੇਂ ਦੋਸਤ ਕੋਲ। ਓਥੇ ਇੱਕ ਸਾਧੂ ਸੀ ਜਿਸ ਦਾ ਨਾਮ ਸ੍ਰੀ ਨਿਵਾਸ ਸੀ, ਉਹ ਉਸ ਦੇ ਨਾਲ ਬੈਠਾ ਸੀ। ਕੁਝ ਪਲ ਬਾਅਦ ਰਹਿਮਤ ਦਾਸ ਆਇਆ। ਸਭ ਉੱਠ ਕੇ ਖੜੇ ਹੋ ਗਏ। ਰਹਿਮਤ ਦਾਸ ਦੇ ਨਾਲ ਦੋ ਚੇਲੇ ਸਨ। ਇੱਕ ਨੇ ਓਹੀ ਸੋਹਣਾ ਪਾਤਰ ਹੱਥ ਵਿੱਚ ਫੜਿਆ ਹੋਇਆ ਸੀ ਜਿਸ ਵਿੱਚ ਰੋਜ਼ ਵਾਂਗ ਕੁਝ ਫੁੱਲ ਸਨ ਅਤੇ ਦੂਸਰੇ ਨੇ ਗੇਰੂਏ ਕੱਪੜੇ ਦੀ ਇੱਕ ਛੋਟੀ ਜਿਹੀ ਥੈਲੀ ਫੜ੍ਹੀ ਹੋਈ ਸੀ ਜਿਸ ਵਿੱਚ ਰਹਿਮਤ ਦਾਸ ਪੈਸੇ ਪਾ ਕੇ ਰੱਖਦਾ ਸੀ। ਰਹਿਮਤ ਦਾਸ ਆ ਕੇ ਬੈਠ ਗਿਆ। ਉਸ ਦਾ ਪਾਤਰ ਅਤੇ ਥੈਲੀ ਉਸ ਦੇ ਅੱਗੇ ਰੱਖੇ ਗਏ। ਫਿਰ ਸਾਰੇ ਜਣੇ ਬੈਠ ਗਏ ਅਤੇ ਦੋਵੇਂ ਨਾਲ ਆਏ ਚੇਲੇ ਵੀ ਹੇਠਾਂ ਜਾ ਕੇ ਚੇਲਿਆਂ ਵਿੱਚ ਬੈਠ ਗਏ। ਇੱਥੇ ਰੋਜ਼ ਰਹਿਮਤ ਦਾਸ ਦੇ 13 ਚੇਲੇ ਅਤੇ ਪੰਜ ਸੱਤ ਜਣੇ ਪਿੰਡ ਦੇ ਲੋਕ ਹੁੰਦੇ ਸਨ। ਪਿੰਡ ਦੇ ਲੋਕ ਵਾਰੀ ਵਾਰੀ ਇੱਥੇ ਆਉਂਦੇ ਸਨ। ਹਰ ਰੋਜ਼ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਇੱਥੇ ਕਦੇ ਭੀੜ ਨਹੀਂ ਸੀ ਹੁੰਦੀ।
ਸੁਭਾ ਦਾ ਸਮਾਂ ਸੀ। ਬੜੀ ਸ਼ਾਂਤੀ ਸੀ। ਰਹਿਮਤ ਦਾਸ ਨੇ ਸਭ ਵੱਲ ਵੇਖਿਆ। ਚੁੱਪ ਚਾਪ ਉਸ ਦੇ ਬੋਲਣ ਦੀ ਉਡੀਕ ਵਿੱਚ ਸਨ। ਰਹਿਮਤ ਦਾਸ ਨੇ ਅੱਖਾਂ ਬੰਦ ਕੀਤੀਆਂ ਤੇ ਕਿਹਾ:
ਅੱਜ ਮੈਂ ਇੱਕ ਕਥਾ ਕਹਿੰਦਾ ਹਾਂ :
ਕਥਾ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਰੱਬ ਨੂੰ ਮੰਨੀਏ ਚਾਹੇ ਮੰਨੀਏ ਇਹ ਅਲੱਗ ਗੱਲ ਹੈ ਪਰ ਕਿੰਨੀਆਂ ਗੱਲਾਂ ਹਨ, ਜਿਹੜੀਆਂ ਸੱਚ ਹਨ ਜਿਵੇਂ ਜਿਹੜੇ ਬੀਜ ਬੀਜੇ ਜਾਂਦੇ ਹਨ। ਉਨ੍ਹਾਂ ਚੋਂ ਬਹੁਤੇ ਉੱਗ ਪੈਂਦੇ ਹਨ। ਤੁਹਾਨੂੰ ਜੋ ਇੱਥੇ ਮਨੁੱਖੀ ਜਾਮੇ ਵਿੱਚ ਮਿਲਿਆ ਹੈ। ਉਹ ਇੱਥੇ ਹੀ ਦੇ ਕੇ ਜਾਣਾ ਪਵੇਗਾ। ਮੈਂ ਸਰੀਰ ਦੀ ਗੱਲ ਕਰ ਰਿਹਾ ਹਾਂ। ਕੁਦਰਤ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਉਸ ਦਾ ਹਿਸਾਬ ਬੜਾ ਬਰੀਕ ਹੈ, ਬੇ-ਬੂਝ ਹੈ। ਉਦਾਹਰਨ ਵਜੋਂ ਕਥਾ ਕਹਿ ਰਿਹਾ ਹਾਂ। ਜਿਹੜੀ ਦੱਸਦੀ ਹੈ ਕਿ ਕਰਮ ਬੀਜ ਹੈ। ਤੁਹਾਡਾ ਕੀਤਾ ਹੋਇਆ ਕੰਮ ਹੀ ਤੁਹਾਡਾ ਸਭ ਕੁਝ ਨਿਰਧਾਰਿਤ ਕਰਦਾ ਹੈ।
ਸੋ ਕਥਾ ਇਹ ਹੈ ਕਿ ਇੱਕ ਰਾਜਾ ਸੀ। ਬੜਾ ਪਰਾਕਰਮੀ, ਸਿਆਣਾ, ਉਸਦਾ ਬੜਾ ਜਸ ਸੀ। ਬੜੀ ਸੋਭਾ ਸੀ। ਸੰਪੂਰਨ ਆਦਮੀ ਸੀ ਪਰ ਕਈ ਵਾਰ ਬਹੁਤ ਸਿਆਣੇ ਲੋਕ ਵੀ ਗਲਤੀ ਕਰ ਬੈਠਦੇ ਹਨ। ਇੱਕ ਦਿਨ ਬਾਅਦ ਦੁਪਹਿਰ ਜਦੋਂ ਰਾਜੇ ਨੇ ਥੋੜੀ ਜਿਹੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਆਪਣੇ ਮਹਿਲ ਦੇ ਨਾਲ ਲਗਦੇ ਅਸਤਬਲ ਵਿੱਚ ਸੀ ਅਤੇ ਆਪਣੇ ਘੋੜਿਆਂ ਨੂੰ ਦੇਖ ਰਿਹਾ ਸੀ। ਰਾਜਾ ਇੱਕ ਬੁੱਢੇ ਘੋੜੇ ਕੋਲ ਸੀ। ਜਿਸ ਤੇ ਉਸ ਦਾ ਬਾਪ ਸਵਾਰੀ ਕਰਦਾ ਹੁੰਦਾ ਸੀ। ਦੂਸਰੇ ਬੁੱਢੇ ਘੋੜੇ ਮਾਰ ਦਿੱਤੇ ਜਾਂਦੇ ਸਨ ਪਰ ਇਹ ਘੋੜਾ ਜਿਉਂਦਾ ਰੱਖਿਆ ਗਿਆ। ਕਿਉਂਕਿ ਰਾਜੇ ਦੇ ਬਾਪ ਨੇ ਮਰਨ ਤੋਂ ਪਹਿਲਾਂ ਕਾਫ਼ੀ ਵਾਰ ਇਸ ਦੀ ਸਵਾਰੀ ਕੀਤੀ ਸੀ। ਰਾਜਾ ਉਸ ਘੋੜੇ ਦੀ ਪਿੱਠ ਤੇ ਹੱਥ ਫੇਰ ਰਿਹਾ ਸੀ ਅਤੇ ਆਪਣੇ ਬਾਪ ਦੀ ਕਹੀ ਆਖ਼ਰੀ ਗੱਲ ਯਾਦ ਕਰ ਰਿਹਾ ਸੀ ਕਿ ਘੋੜੇ ਅਤੇ ਔਰਤ ਤੇ ਇਤਬਾਰ ਨਹੀਂ ਕਰਨਾ। ਰਾਜੇ ਦੇ ਬਾਪ ਨੂੰ ਇੱਕ ਨੱਚਣ ਵਾਲੀ ਨੇ ਜ਼ਹਿਰ ਦੇ ਦਿੱਤਾ ਸੀ। ਜਿਸ ਨਾਲ ਉਹ ਹੌਲੀ ਹੌਲੀ ਬਿਸਤਰ ਤੇ ਆ ਗਿਆ ਤੇ ਮਰ ਗਿਆ ਸੀ।
ਰਾਜਾ ਅਜਿਹੀਆਂ ਗੱਲਾਂ ਸੋਚ ਹੀ ਰਿਹਾ ਸੀ ਕਿ ਉਸਦਾ ਧਿਆਨ ਅਸਤਬਲ ਦੇ ਦਰਵਾਜੇ ਵੱਲ ਗਿਆ। ਜਿੱਥੇ ਰਾਜੇ ਦੇ ਅੰਗਰਕਸ਼ਕ ਨਾਲ ਇੱਕ ਸਾਧੂ ਗੱਲ ਕਰ ਰਿਹਾ ਸੀ। ਸਾਧੂ ਰਾਜੇ ਨੂੰ ਮਿਲਣਾ ਚਾਹੁੰਦਾ ਸੀ ਤੇ ਸੈਨਿਕ ਉਸਨੂੰ ਰੋਕ ਰਿਹਾ ਸੀ। ਰਾਜੇ ਨੇ ਅੰਗਰਕਸ਼ਕ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਅੰਦਰ ਆਉਣ ਦਿਉ। ਸਾਧੂ ਨੇ ਰਾਜੇ ਕੋਲ ਆ ਕੇ ਕਿਹਾ: ਜਸੱਸਵੀ ਭਵ ਅਤੇ ਆਪਣਾ ਕਮੰਡਲ ਅੱਗੇ
ਕਰ ਦਿੱਤਾ। ਰਾਜੇ ਨੇ ਗਲੇ 'ਚੋਂ ਇੱਕ ਛੋਟਾ ਹਾਰ ਉਤਾਰਿਆ ਤੇ ਕਮੰਡਲ 'ਚ ਪਾਉਣ ਲੱਗਿਆ। ਸਾਧੂ ਨੇ ਕਿਹਾ ਇਹ ਨਹੀਂ ਚਾਹੀਦਾ। ਰਾਜੇ ਨੇ ਹੱਥ ਪਿੱਛੇ ਕੀਤਾ ਤੇ ਕਿਹਾ ਫੇਰ ਘੋੜਾ ਲੈ ਜਾਓ। ਜਿਹੜਾ ਵੀ ਸੋਹਣਾ ਲੱਗਦਾ। ਸਾਧੂ ਨੇ ਫੇਰ ਕਿਹਾ ਘੋੜਾ ਨਹੀਂ ਚਾਹੀਦਾ। ਮੈਨੂੰ ਕੁਝ ਖਾਣ ਲਈ ਚਾਹੀਦਾ।
ਇਹ ਸ਼ਾਇਦ ਉਹ ਸਮਾਂ ਸੀ ਜਦੋਂ ਕੁਦਰਤ ਰਾਜੇ ਦੀ ਪ੍ਰੀਖਿਆ ਲੈ ਰਹੀ ਸੀ ਪਰ ਸਭ ਕੁਝ ਬੇਧਿਆਨੀ ਵਿੱਚ ਹੋ ਰਿਹਾ ਸੀ। ਸਾਧੂ ਨਾਲ ਗੱਲ ਕਰਦੇ ਹੋਏ ਰਾਜੇ ਦੇ ਦਿਮਾਗ਼ 'ਚ ਸ਼ੈਤਾਨੀ ਆ ਗਈ ਤੇ ਨੇ ਉਹ ਬੋਲਿਆ, ਬਾਬਾ ਦੌਲਤ ਨਹੀਂ ਚਾਹੀਦੀ, ਘੋੜਾ ਨਹੀਂ ਚਾਹੀਦਾ ਹੋਰ ਤਾਂ ਫੇਰ ਦੇਣ ਨੂੰ ਇੱਥੇ ਇੱਕ ਹੀ ਚੀਜ਼ ਬਚੀ ਆ, ਤੇ ਰਾਜੇ ਨੇ ਝੁਕ ਕੇ ਘੋੜੇ ਦੀ ਲਿੱਦ ਦੀ ਮੁੱਠੀ ਭਰ ਲਈ। ਸਾਧੂ ਨੇ ਰਾਜੇ ਦੀਆਂ ਅੱਖਾਂ 'ਚ ਵੇਖਿਆ ਤੇ ਕਮੰਡਲ ਅੱਗੇ ਕਰ ਦਿੱਤਾ; ਤੇ ਰਾਜੇ ਨੇ ਘੋੜੇ ਦੀ ਲਿੱਦ ਦੀ ਮੁੱਠੀ ਕਮੰਡਲ ਵਿੱਚ ਪਾ ਦਿੱਤੀ। ਇਸ ਤੋਂ ਬਾਅਦ ਸਾਧੂ ਚਲਿਆ ਗਿਆ।
ਕਈ ਸਾਲ ਲੰਘਣ ਬਾਅਦ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਅਤੇ ਜੰਗਲ ਦੇ ਵਿੱਚ ਕਾਫ਼ੀ ਦੂਰ ਨਿਕਲ ਗਿਆ। ਰਾਜੇ ਦੇ ਨਾਲ ਜੋ ਸੈਨਿਕਾਂ ਦੀ ਟੁਕੜੀ ਸੀ। ਉਹ ਜੰਗਲ ਦੇ ਵਿੱਚ ਲਗਾਏ ਗਏ ਤੰਬੂ ਵਿੱਚ ਸੀ ਰਾਜੇ ਦੇ ਨਾਲ ਸਿਰਫ ਉਸ ਦਾ ਵਜ਼ੀਰ ਤੇ ਦੋ ਹੀ ਸੈਨਿਕ ਸਨ। ਜੰਗਲ ਵਿੱਚ ਘੁੰਮਦਿਆਂ ਹੀ ਰਾਜੇ ਨੂੰ ਤੇਹ ਲੱਗੀ ਤਾਂ ਰਾਜਾ ਅਤੇ ਉਸ ਦੇ ਨਾਲ ਦੇ ਸੈਨਿਕ ਅਤੇ ਵਜ਼ੀਰ ਪਾਣੀ ਲੱਭਣ ਲੱਗੇ। ਉਨ੍ਹਾਂ ਨੂੰ ਥੋੜ੍ਹੀ ਦੂਰ ਇੱਕ ਥਾਂ ਤੋਂ ਧੂੰਆਂ ਉੱਠਦਾ ਨਜ਼ਰ ਆਇਆ। ਉਹ ਓਥੇ ਚਲੇ ਗਏ। ਉਹਨਾਂ ਨੇ ਵੇਖਿਆ ਕਿ ਇੱਕ ਛੋਟੀ ਜਿਹੀ ਝੋਂਪੜੀ ਕੋਲ ਇੱਕ ਸਾਧੂ ਆਪਣਾ ਧੂਣਾ ਲਗਾ ਕੇ ਅੱਖਾਂ ਬੰਦ ਕਰਕੇ ਬੈਠਾ ਸੀ। ਰਾਜੇ ਨੇ ਆਪਣੇ ਨਾਲ ਦੇ ਸੈਨਿਕਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਅਤੇ ਖੜਕਾ ਨਾ ਕਰਨ ਲਈ ਕਿਹਾ ਤਾਂ ਜੋ ਸਾਧੂ ਦਾ ਧਿਆਨ ਭੰਗ ਨਾ ਹੋਵੇ। ਉਹਨਾਂ ਨੇ ਆਸ ਪਾਸ ਵੇਖਿਆ ਤਾਂ ਕੋਲ ਹੀ ਇੱਕ ਚਮੜੇ ਦੀ ਮਸ਼ਕ ਪਈ ਸੀ। ਉਹਨਾਂ ਨੇ ਚੁੱਪ-ਚਾਪ ਉਸ ਵਿੱਚੋਂ ਪਾਣੀ ਪੀਤਾ। ਪਾਣੀ ਪੀਣ ਬਾਅਦ ਰਾਜੇ ਦਾ ਧਿਆਨ ਸਾਧੂ ਦੇ ਕੋਲ ਪਏ ਇੱਕ ਲਿੱਦ ਦੇ ਢੇਰ ਤੇ ਗਿਆ। ਰਾਜੇ ਨੇ ਹੌਲੀ ਆਵਾਜ਼ ਵਿੱਚ ਵਜ਼ੀਰ ਨੂੰ ਪੁੱਛਿਆ। ਇੱਥੇ ਘੋੜਾ ਤਾਂ ਕੋਈ ਹੈ ਨਹੀਂ। ਫਿਰ ਏਨੀ ਲਿੱਦ ਏਥੇ ਕਿਵੇਂ ਆ ਗਈ। ਰਾਜੇ ਦੇ ਮਨ 'ਚ ਜਗਿਆਸਾ ਸੀ। ਉਸ ਨੇ ਵਜ਼ੀਰ ਨੂੰ ਕਿਹਾ ਕਿ ਇਹ ਗੱਲ ਇਸ ਸਾਧੂ ਨੂੰ ਪੁੱਛਣੀ ਚਾਹੀਦੀ ਹੈ। ਰਾਜਾ ਸਾਧੂ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਿਹਾ ਨਮਸਕਾਰ, ਤੇ ਸਾਧ ਦੀਆਂ ਅੱਖਾਂ ਖੁੱਲਣ ਦਾ ਇੰਤਜ਼ਾਰ ਕਰਨ ਲੱਗਿਆ। ਰਾਜੇ ਦੇ ਬੋਲਣ ਤੋਂ ਦੋ ਕੁ ਪਲ ਬਾਅਦ ਹੀ ਸਾਧੂ ਨੇ ਅੱਖਾਂ ਖੋਲੀਆਂ। ਰਾਜੇ ਨੇ ਦੱਸਿਆ ਕਿ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਲਈ
ਆਇਆ ਤੇ ਪਾਣੀ ਦੀ ਲੋੜ ਪਈ ਅਤੇ ਜੋ ਵੀ ਹੋਇਆ ਸਭ ਕਹਿਣ ਬਾਅਦ ਰਾਜੇ ਨੇ ਆਪਣਾ ਸਵਾਲ ਰੱਖਿਆ।
ਬਾਬਾ ਜੀ। ਇੱਥੇ ਘੋੜਾ ਕੋਈ ਨਹੀਂ ਹੈ। ਫਿਰ ਇਹ ਲਿੱਦ ਦਾ ਢੇਰ ਕਿਵੇਂ?
ਸਾਧੂ ਨੇ ਰਾਜੇ ਦੀਆਂ ਅੱਖਾਂ ਵਿੱਚ ਵੇਖਿਆ ਤੇ ਕਿਹਾ। ਹਰ ਚੀਜ ਫਲਦੀ ਹੈ। ਪੁੰਨ ਪਾਪ ਜਾਂ ਕੁਝ ਵੀ।
ਇਹ ਦਾਨ ਹੈ। ਕਿਸੇ ਰਾਜੇ ਨੇ ਮੈਨੂੰ ਦਾਨ 'ਚ ਇਹ ਲਿੱਦ ਦਿੱਤੀ ਸੀ। ਮੈਂ ਲਿਆ ਕੇ ਇੱਥੇ ਰੱਖ ਦਿੱਤੀ। ਇਹ ਵਧ ਰਹੀ ਹੈ। ਹਰ ਰੋਜ਼। ਜਦੋਂ ਇਹ ਜ਼ਿਆਦਾ ਵਧ ਗਈ ਤਾਂ ਜ਼ਰੂਰ ਇਹ ਪੁੰਨ ਪਾਪ 'ਚ ਬਦਲ ਜਾਵੇਗਾ।
ਰਾਜੇ ਨੂੰ ਸਭ ਯਾਦ ਆ ਰਿਹਾ ਸੀ। ਰਾਜਾ ਇਹ ਸੁਣ ਕੇ ਡਰ ਗਿਆ ਅਤੇ ਇਸ ਪੁੰਨ ਨੂੰ ਪਾਪ 'ਚ ਬਦਲਣ ਬਾਅਦ ਜੋ ਤਕਲੀਫ ਦਾ ਸਾਹਮਣਾ ਉਸਨੂੰ ਕਰਨਾ ਪਵੇਗਾ ਉਸ ਨੂੰ ਸੋਚ ਕੇ ਉਹ ਘਬਰਾ ਰਿਹਾ ਸੀ।
ਰਾਜੇ ਨੇ ਹੱਥ ਜੋੜ ਕੇ ਪੁੱਛਿਆ। ਫਿਰ ਇਸ ਦਾ ਉਪਾਅ ਕੀ ਹੈ ?
ਸਾਧੂ ਥੋੜ੍ਹਾ ਜਿਹਾ ਹੱਸਿਆ ਤੇ ਕਿਹਾ, ਬੱਚਾ ਇਹ ਤਾਂ ਖਾਣੀ ਪਵੇਗੀ।
ਰਾਜਾ ਹੋਰ ਪਰੇਸ਼ਾਨੀ ਵਿੱਚ ਪੈ ਗਿਆ। ਰਾਜੇ ਨੇ ਗੋਡੇ ਜ਼ਮੀਨ 'ਤੇ ਟੇਕ ਦਿੱਤੇ ਕਿਹਾ ਮੈਨੂੰ ਮੁਆਫ਼ ਕਰੋ ਤੇ ਇਸ ਦੁੱਖ ਤੋਂ ਬਚਾਓ।
ਸਾਧੂ ਕੁਝ ਦੇਰ ਚੁੱਪ ਰਿਹਾ। ਫੇਰ ਬੋਲਿਆ। ਤਕਲੀਫ ਤਾਂ ਆਏਗੀ। ਇਸ ਦਾ ਹੱਲ ਨਹੀਂ ਹੈ ਪਰ ਮੈਂ ਤਕਲੀਫ਼ ਬਦਲ ਸਕਦਾ ਹਾਂ।
ਹਾਂ, ਜ਼ਰੂਰ ਕਿਰਪਾ ਕਰੋ।
ਸਾਧੂ ਨੇ ਕਿਹਾ। ਅਪਜਸ, ਬਦਨਾਮੀ, ਅਪਮਾਨ ਵੀ ਤਕਲੀਫਾਂ ਹਨ। ਇਸ ਦੇ ਬਦਲੇ ਉਹ ਲੈ ਲਵੋਗੇ ?
ਜੋ ਵੀ ਠੀਕ ਸਮਝੋ। ਰਾਜੇ ਨੇ ਸਹਿਮਤੀ ਦਿੱਤੀ।
ਸਾਧੂ ਨੇ ਕਿਹਾ ਕਿ ਫਿਰ ਇਸ ਤਰ੍ਹਾਂ ਕਰੋ। ਤੁਹਾਡੀ ਕੋਈ ਬੇਟੀ ਹੈ। ਰਾਜੇ ਨੇ ਕਿਹਾ ਹਾਂ ਹੈ। 18 ਸਾਲ ਦੀ। ਸਾਧੂ ਨੇ ਕਿਹਾ ਆਪਣੀ ਬੇਟੀ ਦੀ ਉਮਰ ਦੀ ਕਿਸੇ ਕੁੜੀ ਨੂੰ ਆਪਣੇ ਰਾਜ ਮਹਿਲ ਵਿੱਚ ਬੁਲਾਓ। ਉਸਨੂੰ ਆਪਣੇ ਘੋੜੇ ਤੇ ਆਪਣੇ ਅੱਗੇ ਬੈਠਾਓ। ਹੱਥ 'ਚ ਮਦਿਰਾ ਦੀ ਬੋਤਲ ਫੜੋ। ਤੁਸੀਂ ਇਸ ਤਰ੍ਹਾਂ ਲੱਗਣੇ ਚਾਹੀਦੇ ਹੋ ਕਿ ਤੁਸੀਂ ਕਾਫ਼ੀ ਨਸ਼ੇ ਵਿੱਚ ਹੋ। ਇਸ ਤਰ੍ਹਾਂ ਆਪਣੇ ਰਾਜ ਵਿੱਚ ਪੈਂਦੇ ਇਲਾਕੇ ਵਿੱਚ ਘੋੜੇ ਤੇ ਗੇੜੇ ਦਿਓ।
ਰਾਜੇ ਨੇ ਫਿਰ ਸਵਾਲ ਕੀਤਾ। ਇਸ ਨਾਲ ਕੀ ਹੋਵੇਗਾ। ਸਾਧੂ ਨੇ ਕਿਹਾ ਇਸ ਨਾਲ ਤੁਹਾਡੀ ਬਦਨਾਮੀ ਹੋਵੇਗੀ। ਅਪਜਸ ਹੋਵੇਗਾ। ਇਹ ਪਾਪ ਘਟ ਜਾਵੇਗਾ। ਲੋਕ ਤੁਹਾਨੂੰ ਬੁਰਾ ਕਹਿਣਗੇ। ਇਹ ਕਰਨ ਬਾਅਦ ਮੇਰੇ ਕੋਲ ਆ ਜਾਣਾ।
ਰਾਜਾ ਵਾਪਸ ਚਲਿਆ ਗਿਆ। ਉਹ ਹੁਣ ਸੌਂ ਨਹੀਂ ਸੀ ਸਕਦਾ। ਕਈ ਦਿਨ ਅਤੇ ਰਾਤਾਂ ਬਹੁਤ ਪਰੇਸ਼ਾਨ ਰਹਿਣ ਬਾਅਦ। ਰਾਜੇ ਨੇ ਸਾਧੂ ਦੇ ਕਹੇ ਅਨੁਸਾਰ ਸਭ ਕਰਨ ਦਾ ਫੈਸਲਾ ਕਰ ਲਿਆ।
ਘੋੜੇ ਉੱਪਰ ਸਵਾਰ ਹੋਇਆ। ਆਪਣੇ ਅੱਗੇ ਇੱਕ ਜਵਾਨ ਕੁੜੀ ਬਿਠਾਈ, ਹੱਥ 'ਚ ਮਦਿਰਾ ਦੀ ਬੋਤਲ ਫੜ੍ਹੀ ਤੇ ਪੂਰੇ ਰਾਜ 'ਚ ਚੱਕਰ ਲਗਾਇਆ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ। ਕਾਫ਼ੀ ਕੁਝ ਬੁਰਾ-ਭਲਾ ਕਿਹਾ ਗਿਆ। ਇਹ ਕਰਨ ਬਾਅਦ ਰਾਜਾ ਸ਼ਾਮ ਨੂੰ ਪਰੇਸ਼ਾਨੀ ਦੀ ਹਾਲਤ ਵਿੱਚ ਆਪਣੇ ਮਹਿਲ ਵਿੱਚ ਸੀ। ਉਸ ਨੇ ਆਪਣੇ ਵਜ਼ੀਰ ਨੂੰ ਬੁਲਾਇਆ ਤੇ ਕਿਹਾ। ਆਪਾਂ ਕੱਲ੍ਹ ਫੇਰ ਜੰਗਲ ਵਿੱਚ ਜਾਣਾ। ਤੁਹਾਨੂੰ ਪਤੈ ਨਾ ਕਿੱਥੇ ਜਾਣਾ ? ਵਜ਼ੀਰ ਨੇ ਕਿਹਾ ਹਾਂਜੀ, ਮੈਨੂੰ ਪਤਾ ਹੈ।
ਅਗਲੇ ਦਿਨ ਸਵੇਰੇ। ਰਾਜਾ ਤੇ ਵਜ਼ੀਰ ਅਤੇ ਕੁਝ ਸਿਪਾਰੀ ਜੰਗਲ ਵੱਲ ਨਿਕਲ ਗਏ। ਸਾਧੂ ਕੋਲ ਪਹੁੰਚ ਗਏ। ਸਾਧੂ ਉਸੇ ਤਰ੍ਹਾਂ ਬੈਠਾ ਸੀ। ਜਿਵੇਂ ਉਹਨਾਂ ਨੂੰ ਪਹਿਲਾਂ ਮਿਲਿਆ। ਉਹਨਾਂ ਨੇ ਸਾਧੂ ਨੂੰ ਹੱਥ ਜੋੜ ਕੇ ਆਦਰ ਦਿੱਤਾ ਤੇ ਆਸ ਪਾਸ ਵੇਖਿਆ। ਓਥੋਂ ਸੱਚਮੁੱਚ ਉਹ ਢੇਰ ਗਾਇਬ ਹੋ ਚੁੱਕਿਆ ਸੀ।
ਸਾਧੂ ਨੇ ਕਿਹਾ ਰਾਜਨ ਤੈਨੂੰ ਤਕਲੀਫ਼ ਮਿਲ ਗਈ। ਇਸ ਤਕਲੀਫ਼ ਦੀ ਥਾਂ ਓਸ ਤਕਲੀਫ ਨੇ ਲੈ ਲਈ। ਵੇਖ ਢੇਰ ਲੁਪਤ ਹੋ ਗਿਆ ਹੈ।
ਸੋ ਇਹ ਅੱਜ ਦੀ ਕਥਾ ਹੈ :
ਫੇਰ ਰਹਿਮਤ ਦਾਸ ਨੇ ਕਿਹਾ : ਇਹ ਕਥਾ ਮੈਨੂੰ ਮੇਰੀ ਦਾਦੀ ਨੇ ਸੁਣਾਈ ਸੀ। ਜਦੋਂ ਮੈਂ ਛੋਟਾ ਸੀ। ਮੈਨੂੰ ਵੀ ਪਤਾ ਹੈ ਕਿ ਇਹ ਕਥਾ ਝੂਠ ਹੈ ਪਰ ਜ਼ਿੰਦਗੀ ਵਿੱਚ ਕੁਝ ਵੀ ਸਿੱਖਣ ਵਾਸਤੇ ਬਹੁਤ ਸਾਰੀਆਂ ਉਹ ਚੀਜ਼ਾਂ ਮੰਨ ਲਈਆਂ ਜਾਂਦੀਆਂ ਹਨ; ਜੋ ਹੁੰਦੀਆਂ ਹੀ ਨਹੀਂ। ਜਿੱਥੇ ਬੱਚੇ ਪੜ੍ਹਦੇ ਹਨ। ਓਥੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਮੰਨ ਲਓ ਤੁਹਾਡੇ ਕੋਲ ਪੰਜ ਸੇਬ ਹਨ, ਤਿੰਨ ਖ਼ਰਾਬ ਹੋ ਗਏ ਬਾਕੀ ਕਿੰਨੇ ਬਚ ਗਏ। ਬੱਚੇ ਇਸ ਤਰ੍ਹਾਂ ਜਮ੍ਹਾਂ ਘਟਾਓ ਸਿੱਖਦੇ ਹਨ। ਓਥੇ ਕੋਈ ਸੇਬ ਨਹੀਂ ਹੁੰਦਾ। ਬਸ ਮੰਨ ਲਿਆ ਜਾਂਦਾ ਹੈ। ਜ਼ਿੰਦਗੀ ਬਹੁਤ ਕੁਝ ਸਿਰਫ਼ ਮੰਨ ਲੈਣ ਨਾਲ ਹੀ ਚੱਲਦੀ ਹੈ।
ਇਸ ਕਥਾ ਦੀ ਸਿੱਖਿਆ ਇਹੀ ਹੈ। ਕਿ ਕੋਈ ਵੀ ਕੀਤਾ ਗਿਆ ਗਲਤ ਕੰਮ ਭਵਿੱਖ ਵਿੱਚ ਕਦੇ ਵੀ ਤੁਹਾਡੇ ਸਾਹਮਣੇ ਆ ਸਕਦਾ ਹੈ। ਇੱਕ ਵਾਰ ਗਲਤ ਰਸਤੇ ਤੇ ਗਿਆ ਆਦਮੀ ਸਦਾ ਲਈ ਭਟਕ ਸਕਦਾ ਹੈ। ਇੱਕ ਝੂਠ ਦੂਜੇ ਝੂਠ ਦਾ ਸਵਾਗਤ ਕਰਦਾ ਹੈ। ਗਲਤ ਗੱਲਾਂ ਭਾਵੇਂ ਸਿਰਫ਼ ਸੋਚੀਆਂ ਹੀ ਹੋਣ, ਥੋੜ੍ਹੀ ਬਹੁਤੀ ਤਕਲੀਫ ਦਾ ਕਾਰਨ ਜ਼ਰੂਰ ਬਣਦੀਆਂ ਹਨ।
ਇਹ ਕਥਾ ਸੁਣਨ ਬਾਅਦ। ਰਹਿਮਤ ਦਾਸ ਆਪਣੇ ਕਮਰੇ ਵਿੱਚ ਚਲਿਆ ਗਿਆ। ਬਾਕੀ ਸਾਰੇ ਚੇਲੇ ਆਪੋ ਆਪਣੇ ਕੰਮ ਲੱਗ ਗਏ। ਇਹ ਉਹੀ ਦਿਨ ਸੀ ਜਦੋਂ ਮਨ ਦਾਸ ਨੇ ਇੱਕ ਕੋਲੇ ਦੇ ਟੁਕੜੇ ਨਾਲ ਆਪਣੇ ਕਮਰੇ ਦੇ ਬਾਹਰ ਕੰਧ ਤੇ ਲਿਖਿਆ "ਚੋਰੀ ਕਰਨਾ ਪਾਪ ਹੈ।"
ਸਭ ਚੇਲੇ ਇਸ ਬਾਰੇ ਗੱਲ ਕਰ ਰਹੇ ਸਨ। ਕਿ ਇਸ ਤਰ੍ਹਾਂ ਦੀ ਗੱਲ ਇਸ ਡੇਰੇ ਵਿੱਚ ਕਦੇ ਪਹਿਲਾਂ ਹੋਈ ਹੀ ਨਹੀਂ। ਇਸ ਬਾਰੇ ਡੇਰੇ ਵਿੱਚ ਦਿਨ ਵੇਲੇ ਚਰਚਾ ਚਲਦੀ ਰਹੀ। ਜਦੋਂ ਮਨ ਦਾਸ ਨੂੰ ਇੱਕ ਦੋ ਚੇਲਿਆਂ ਨੇ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੇਰੇ ਮਨ 'ਚ ਆਇਆ ਤਾਂ ਮੈਂ ਲਿਖ ਦਿੱਤਾ।
ਇਸ ਦਿਨ ਸ਼ਾਮ ਤੋਂ ਬਾਅਦ ਇਹੀ ਉਹ ਰਾਤ ਸੀ। ਜਦੋਂ ਇਸ ਡੇਰੇ ਵਿੱਚ ਪਹਿਲੀ ਚੋਰੀ ਹੋਈ। ਸਵੇਰੇ ਪਤਾ ਲੱਗਿਆ ਕਿ ਡੇਰੇ ਦੇ ਮੁਖੀ ਸੰਤ ਰਹਿਮਤ ਦਾਸ ਦਾ ਮੋਤੀਆਂ ਜੜਿਆ ਪਾਤਰ ਚੋਰੀ ਹੋ ਗਿਆ ਹੈ।
ਸਵੇਰ ਦੇ ਇਕੱਠ ਵਿੱਚ ਸੰਤ ਰਹਿਮਤ ਦਾਸ ਨੇ ਹਦਾਇਤ ਕੀਤੀ ਕਿ ਇਸ ਚੋਰੀ ਬਾਰੇ ਕੋਈ ਕਿਸੇ ਕੋਲ ਕਿਸੇ ਤਰ੍ਹਾਂ ਦੀ ਗੱਲ ਨਾ ਕਰੇ ਤੇ ਇਸ ਨੂੰ ਅਣਦੇਖਿਆ ਕੀਤਾ ਜਾਵੇ।
ਸਭ ਚੁੱਪ ਚਾਪ ਚੱਲਦਾ ਰਿਹਾ।
ਫੇਰ ਹਰ ਦੋ ਚਾਰ ਦਿਨ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗੀਆਂ। ਜੋ ਵੀ ਘਟਨਾ ਹੋਣੀ ਹੁੰਦੀ। ਜਦੋਂ ਵੀ ਮਨ ਦਾਸ ਨੇ ਕੁਝ ਕਰਨਾ ਹੁੰਦਾ ਜਾਂ ਝੂਠ ਬੋਲਣਾ ਹੁੰਦਾ ਤਾਂ ਉਸ ਬਾਰੇ ਮਨ ਦਾਸ ਪਹਿਲਾਂ ਹੀ ਕੰਧ ਤੇ ਲਿਖ ਦਿੰਦਾ ਸੀ। ਇਸ ਬਾਰੇ ਵੀ ਗੱਲਬਾਤ ਡੇਰੇ ਵਿੱਚ ਹੋਣ ਲੱਗੀ ਕਿ ਮਨ ਦਾਸ ਨੂੰ ਪਹਿਲਾਂ ਹੀ ਕਿਵੇਂ ਪਤਾ ਲੱਗ ਜਾਂਦਾ। ਹਰ ਵਾਰ ਪੁੱਛਣ ਤੇ ਮਨ ਦਾਸ ਆਖਦਾ : ਪਤਾ ਨਹੀਂ ਜਦੋਂ ਦਾ ਮੈਂ ਡੇਰੇ ਵਿੱਚ ਆਇਆ ਹਾਂ। ਮੇਰੇ ਮਨ 'ਚ ਏਦਾਂ ਦੀਆਂ ਗੱਲਾਂ ਆਉਂਦੀਆਂ ਨੇ ਤੇ ਜੀ ਕਰਦਾ ਮੈਂ ਕੰਧ ਤੇ ਲਿਖ ਦੇਵਾਂ ਤਾਂ ਲਿਖ ਦਿੰਦਾ ਹਾਂ।
ਫੇਰ ਇੱਕ ਦਿਨ ਸਵੇਰ ਦੇ ਪ੍ਰਵਚਨ ਵੇਲੇ ਜਦੋਂ ਸਾਰੇ ਬੈਠ ਕੇ ਰਹਿਮਤ ਦਾਸ ਤੋਂ ਪ੍ਰਵਚਨ ਸੁਣ ਰਹੇ ਸਨ ਤਾਂ ਰਹਿਮਤ ਦਾਸ ਵੱਲੋਂ ਮਨ ਦਾਸ ਨੂੰ ਖੜ੍ਹੇ ਹੋਣ ਲਈ ਕਿਹਾ। ਮਨ ਦਾਸ ਡਰ ਗਿਆ ਕਿ ਮੈਨੂੰ ਇਸ ਤਰ੍ਹਾਂ ਖੜ੍ਹੇ ਹੋਣ ਲਈ ਕਿਉਂ ਕਿਹਾ ਗਿਆ।
ਰਹਿਮਤ ਦਾਸ ਨੇ ਕਿਹਾ ਮਨ ਦਾਸ ਆਪਣੇ ਆਪ ਕਬੂਲ ਕਰ ਲੈ ਕਿ ਏਥੇ ਜੋ ਕੁਝ ਵੀ ਊਟ-ਪਟਾਂਗ ਹੋ ਰਿਹਾ ਉਹ ਤੂੰ ਕੀਤਾ ਹੈ।
ਮਨ ਦਾਸ ਪਹਿਲਾਂ ਚੁੱਪ ਕਰਕੇ ਨੀਵੀਂ ਪਾ ਕੇ ਖੜ੍ਹਾ ਰਿਹਾ ਫੇਰ ਉਸ ਨੇ ਹਾਂ ਵਿੱਚ ਸਿਰ ਹਿਲਾਇਆ।
ਕਿਉਂ ਕੀਤਾ ........... ?
ਮੈਨੂੰ ਲੋੜ ਸੀ ਇਸ ਲਈ ਕੀਤਾ। ਮੈਨੂੰ ਪੈਸਿਆਂ ਦੀ ਲੋੜ ਸੀ। ਮੈਂ ਤੁਹਾਡਾ ਪਾਤਰ ਚੋਰੀ ਕਰ ਲਿਆ। ਦੂਸਰੀ ਗੱਲ ਮੈਨੂੰ ਝੂਠ ਬੋਲਣ 'ਚ ਸਵਾਦ ਆਉਂਦਾ। ਇਸ ਲਈ ਮੈਂ ਝੂਠ ਬੋਲਦਾ ਰਿਹਾ ਹਾਂ।
ਫੇਰ ਹੁਣ ਕੀ ਕੀਤਾ ਜਾਣਾ ਚਾਹੀਦਾ ....... ?
ਮਨ ਦਾਸ ਨੇ ਭੋਲਾ ਚਿਹਰਾ ਬਣਾ ਕੇ ਕਿਹਾ, ਕੁਝ ਵੀ ਨਹੀਂ ਜੀ। ਮੈਂ ਤਾਂ ਨਾ ਸਮਝ ਹਾਂ। ਤੁਸੀਂ ਸੰਤ ਆਦਮੀ ਹੋ। ਮੈਂ ਤਾਂ ਗਲਤੀ ਕਰ ਹੀ ਸਕਦਾ ਹਾਂ। ਤੁਸੀਂ ਤਾਂ ਮੁਆਫ਼ ਕਰੋ। ਤੁਹਾਨੂੰ ਇਹ ਥੋੜ੍ਹਾ ਸ਼ੋਭਾ ਦਿੰਦਾ ਕਿ ਹੁਣ ਤੁਸੀਂ ਇਸ ਬੱਚੇ ਨੂੰ ਸਜਾ ਦਿਓਗੇ।
ਰਹਿਮਤ ਦਾਸ ਉਲਝਣ ਵਿੱਚ ਪੈ ਗਿਆ, ਕਿ ਇਹ ਤਾਂ ਚੋਰ ਹੈ, ਪਰ ਮੁਆਫ਼ ਨਾ ਕਰਨਾ ਮੇਰੇ ਸੰਤ ਹੋਣ ਤੇ ਪ੍ਰਸ਼ਨ ਚਿੰਨ੍ਹ ਲਗਾਏਗਾ।
ਸਾਰੇ ਚੇਲੇ ਵੇਖ ਰਹੇ ਸਨ। ਰਹਿਮਤ ਦਾਸ ਕੁਝ ਚਿਰ ਚੁੱਪ ਰਿਹਾ ਤੇ ਫਿਰ ਬੋਲਿਆ:
ਜਾ ਤੈਨੂੰ ਮੁਆਫ਼ ਕੀਤਾ ਪਰ ਤੂੰ ਏਥੋਂ ਚਲਿਆ ਜਾ।
ਇੰਨੀ ਗੱਲ ਸੁਣਦੇ ਹੀ ਮਨ ਦਾਸ ਓਥੋਂ ਚਲਿਆ ਗਿਆ ਤੇ ਬਾਕੀ ਚੇਲੇ ਅਤੇ ਰਹਿਮਤ ਦਾਸ ਆਪੋ ਆਪਣੇ ਕੰਮਾਂ ਵੱਲ ਚਲੇ ਗਏ।
**
**
ਕੰਜਰ
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ।
ਅਸੀਂ ਮੇਰੇ ਮੈਡੀਟੇਸ਼ਨ ਸੈਂਟਰ 'ਤੇ ਹਾਂ। ਮੈਨੂੰ ਉਮੀਦ ਨਹੀਂ ਸੀ ਉਹ ਸਵੇਰੇ ਸਵੇਰੇ ਏਨੀ ਜਲਦੀ ਆ ਜਾਵੇਗਾ। ਮੈਂ ਜਦੋਂ ਆਇਆ ਤਾਂ ਉਹ ਪਹਿਲਾਂ ਤੋਂ ਹੀ ਬੈਠਾ ਸੀ। ਮੇਰੀ ਮੇਡ ਆਸ਼ਾ ਸੈਂਟਰ ਦੀ ਸਫ਼ਾਈ ਕਰ ਰਹੀ ਸੀ। ਮੈਂ ਉਸ ਨੂੰ ਕੁਝ ਨਹੀਂ ਕਿਹਾ ਤੇ ਇੱਕ ਬਾਂਸ ਦੀ ਬਣੀ ਹੋਈ ਕੁਰਸੀ ਖਿੱਚ ਕੇ ਉਸ ਤੋਂ ਕੁਝ ਦੂਰੀ ਤੇ ਬੈਠ ਗਿਆ। ਵਿਮਲ ਨੇ ਇੱਕ ਵਾਰ ਮੇਰੇ ਵੱਲ ਵੇਖਿਆ ਸੀ ਜਦੋਂ ਮੈਂ ਮੈਡੀਟੇਸ਼ਨ ਸੈਂਟਰ ਦੀ ਲਾਬੀ ਵਿੱਚ ਦਾਖਲ ਹੋਇਆ, ਉਸ ਤੋਂ ਬਾਅਦ ਉਹ ਹੱਥ ਵਿੱਚ ਫੜਿਆ ਅਖ਼ਬਾਰ ਪੜ੍ਹਨ ਲੱਗਿਆ।
ਵਿਮਲ ਨੂੰ ਵੇਖ ਕੇ ਮੈਨੂੰ ਪਤਾ ਲੱਗ ਗਿਆ ਸੀ, ਕਿ ਉਹ ਅਖ਼ਬਾਰ ਨਹੀਂ ਪੜ੍ਹ ਰਿਹਾ। ਸਗੋਂ ਕਿਸੇ ਚਿੰਤਾ ਵਿੱਚ ਹੈ। ਉਸ ਨੇ ਮੱਥਾ ਸੁਕੇੜਿਆ ਹੋਇਆ ਸੀ ਤੇ ਉਹ ਕੁਝ ਬੁੜਬੜਾ ਰਿਹਾ ਸੀ।
ਜੋ ਕੁਝ ਵੀ ਉਹ ਬੁੜਬੜਾ ਰਿਹਾ ਸੀ। ਮੈਨੂੰ ਉਸ 'ਚੋਂ ਸਿਰਫ਼ ਇੱਕ ਲਾਈਨ ਹੀ ਸਾਫ਼ ਤਰ੍ਹਾਂ ਸੁਣੀ ਤੇ ਸਮਝ ਆਈ :
"ਮੁਹੱਬਤ ਵਾਸਨਾ ਤੋਂ ਹਾਰ ਗਈ ਹੈ।"
ਮੈਂ ਬਿਨਾ ਇਹਨਾਂ ਸੁਣੇ ਹੋਏ ਸ਼ਬਦਾਂ ਵੱਲ ਧਿਆਨ ਦਿੱਤੇ। ਵਿਮਲ ਨੂੰ ਕਿਹਾ ਕਿ ਮੈਂ ਕੱਲ੍ਹ ਤੁਹਾਡੇ ਬਲਾਗ ਵਿੱਚ ਇੱਕ ਚੋਰ ਦੀ ਕਹਾਣੀ ਪੜ੍ਹ ਰਿਹਾ ਸੀ। ਤੁਸੀਂ ਇਹ ਕਹਾਣੀ ਕਿਉਂ ਲਿਖੀ ਹੈ...?
ਵਿਮਲ ਕੀਰਤੀ ਨੇ ਜਵਾਬ ਦਿੱਤਾ :
ਮਨ ਕੁੱਤਾ ਹੈ। ਕੁੱਤੇ ਨੂੰ ਜਦੋਂ ਬਦਹਜ਼ਮੀ ਹੁੰਦੀ ਹੈ। ਉਹ ਘਾਹ ਖਾਂਦਾ ਹੈ, ਤੇ ਸਭ ਬਾਹਰ ਕੱਢ ਦਿੰਦਾ ਹੈ। ਮੇਰਾ ਮਨ ਵੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਭਰ ਜਾਂਦਾ ਹੈ। ਜੋ ਮੈਨੂੰ ਤੰਗ ਕਰਦੀਆਂ ਹਨ ਤਾਂ ਮੈਂ ਇਸ ਤਰ੍ਹਾਂ ਦੀਆਂ ਕਹਾਣੀਆ ਲਿਖ ਕੇ ਆਪਣਾ ਮਨ ਖ਼ਾਲੀ ਕਰਦਾ ਹਾਂ। ਬਹੁਤੇ ਲੋਕਾਂ ਵਾਂਗ ਮੈਨੂੰ ਵੀ ਕਈ ਵਾਰ ਇਹ ਲੱਗਦਾ ਹੈ ਕਿ ਇਹ ਝੂਠ ਹੈ ਬਕਵਾਸ ਹੈ। ਪਰ ਮੇਰੇ ਲਈ ਇਹ ਰੇਚਨ ਹੈ। ਮਨ ਨੂੰ ਖ਼ਾਲੀ ਕਰਨ ਦੀ ਵਿਧੀ।
ਦੂਸਰੀ ਗੱਲ, ਇਹ ਕਹਾਣੀ ਮੈਂ ਉਸ ਚੋਰ ਬਾਰੇ ਨਹੀਂ ਸੀ ਲਿਖੀ ਇਸ ਨੂੰ ਲਿਖਣ ਪਿੱਛੇ ਵੀ ਸਿਫਤੀ ਸੰਧੂ ਹੀ ਹੈ। ਮੈਂ ਪਿਛਲੇ ਸਮੇਂ ਵਿੱਚ ਔਰਤਾਂ ਬਾਰੇ ਪੜ੍ਹਦਾ ਰਿਹਾ ਹਾਂ। ਕਿ ਇਹ ਵਚਿੱਤਰ ਵਿਹਾਰ ਕਿਉਂ ਕਰਦੀਆਂ ਤੇ ਬਹੁਤ ਵਾਰ ਇਹ ਕਿਉਂ ਕਿਹਾ ਜਾਂਦਾ ਹੈ, ਕਿ ਔਰਤ ਨੂੰ ਸਮਝਿਆ ਨਹੀਂ ਜਾ ਸਕਦਾ। ਦਰਅਸਲ ਇੱਥੇ ਆਦਮੀ ਜਾਂ ਔਰਤ ਹੋਣ ਦਾ ਕੋਈ ਮਤਲਬ ਨਹੀਂ ਹੈ। ਅਸੀਂ ਸਭ ਆਦਮੀ ਔਰਤ ਹੋਣ ਦੇ ਨਾਲ ਨਾਲ ਮਨ ਹਾਂ। ਸਰੀਰ ਕੋਈ ਵੀ ਹੋਵੇ। ਆਪਣੇ ਮਨ ਦਾ ਪਿੱਛਾ ਕਰ ਰਿਹਾ ਹੈ। ਜਿਵੇਂ ਉਹ ਚੋਰ ਕਰਦਾ ਸੀ ਦਰਅਸਲ ਅਸਲੀ ਚੋਰ ਮਨ ਹੀ ਹੈ। ਉਸੇ ਤਰ੍ਹਾਂ ਹੀ ਸਿਫ਼ਤੀ ਸੰਧੂ ਕਰਦੀ ਹੈ। ਉਸ ਦਾ ਪੂਰਾ ਜੀਵਨ ਸਲੀਕੇ ਭਰਿਆ ਹੈ। ਭਾਸ਼ਾ ਬੜੇ ਅਦਬ ਵਾਲੀ ਹੈ। ਜੀ, ਹਾਂਜੀ ਕਹਿ ਕੇ ਗੱਲ ਕਰੇਗੀ। ਹੱਥ ਵਿੱਚ ਸਿਮਰਨਾ ਪਾ ਕੇ ਰੱਖਦੀ ਹੈ ਪਰ ਉਹ ਹਰ ਉਸ ਆਮ ਔਰਤ ਜਿੰਨਾ ਹੀ ਝੂਠ ਬੋਲਦੀ ਹੈ। ਜਿਹੜੀ ਸਮਾਜ ਦੇ ਕਿਸੇ ਵੀ ਸਧਾਰਨ ਪਰਿਵਾਰ ਵਿੱਚ ਪਲਦੀ ਹੈ। ਉਹ ਵੀ ਆਪਣੀ ਵਾਲ ਤੇ ਹਮੇਸ਼ਾ ਇੱਦਾਂ ਦੀਆਂ ਗੱਲਾਂ ਲਿਖਦੀ ਹੈ। ਕਿ ਇਸ਼ਕ ਇਬਾਦਤ ਹੁੰਦਾ। ਵਿਰਾਗ, ਵਿਯੋਗ, ਮੁਹੱਬਤ ਇਹ ਸਭ ਸ਼ਬਦ ਪਰ, ਇਹ ਸਿਰਫ਼ ਮੁਖੌਟਾ ਹੈ। ਇਸ ਦੇ ਪਿੱਛੇ ਓਹੀ ਫ਼ਰੇਬ, ਝੂਠ, ਮਨ 'ਚ ਚਲਦੀ ਆਯਾਸ਼ੀ ਹੈ। ਜਾਨਵਰਾਂ ਤੇ ਚਲਦੇ ਅੱਤਿਆਚਾਰ ਦਾ ਉਸਨੂੰ ਬੜਾ ਫ਼ਿਕਰ ਹੈ, ਪਰ ਉਸ ਬੰਦੇ ਦਾ ਕੋਈ ਫਿਕਰ ਨਹੀਂ ਜਿਸ ਨੂੰ ਉਸ ਨੇ ਆਪਣੇ ਇੱਕ ਨਿੱਕੇ ਜਿਹੇ ਜਿਨਸੀ ਸਵਾਰਥ ਲਈ ਮੌਤ ਦੇ ਮੂੰਹ 'ਚ ਧੱਕ ਦਿੱਤਾ ਹੈ।
ਮੈਨੂੰ ਹੈਰਾਨੀ ਹੁੰਦੀ ਹੈ। ਜਿਹੜੀਆਂ ਔਰਤਾਂ ਸ਼ੋਸ਼ਣ ਦਾ ਜਾਂ ਬਲੈਕਮੇਲ ਦਾ ਸ਼ਿਕਾਰ ਹੁੰਦੀਆਂ ਜਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ। ਉਹਨਾਂ ਨਾਲ ਸਿਫਤੀ ਨੂੰ ਬੜੀ ਹਮਦਰਦੀ ਹੈ ਪਰ ਉਸ ਦਾ ਅਚੇਤ ਮਨ ਉਹਨਾਂ ਹੀ ਬੰਦਿਆਂ ਨੂੰ ਲੱਭ ਰਿਹਾ, ਜਿਹੜੇ ਔਰਤ ਨਾਲ ਵਧੀਕੀਆਂ ਕਰ ਸਕਣ ਤੇ ਔਰਤ ਦੇ ਨੇੜੇ ਹੁੰਦਿਆਂ ਹੀ ਆਸਾਨੀ ਨਾਲ ਮਰਿਆਦਾ ਤੋੜ ਦੇਣ।
ਮੈਂ ਸੋਚਦਾ ਰਿਹਾਂ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਉਸ ਤੋਂ ਬਾਅਦ ਤੇ ਹੁਣ ਵੀ ਮਨੁੱਖ ਇਹੋ ਕੁਝ ਕਰ ਰਿਹਾ ਹੈ। ਉਦੋਂ ਕੰਧਾਂ ਸਨ। ਹੁਣ ਸੋਸ਼ਲ ਸਾਈਟਸ ਦੀਆਂ ਵਾਲ ਹਨ। ਮਨੁੱਖ ਜੋ ਉਹਨਾਂ ਕੰਧਾਂ ਤੇ ਲਿਖਦਾ ਸੀ। ਉਹ ਵੀ ਦੂਜਿਆਂ ਨੂੰ ਗੁਮਰਾਹ ਕਰਨ ਲਈ ਸੀ ਅਤੇ ਜੋ ਹੁਣ ਸੋਸ਼ਲ ਸਾਈਟਸ ਦੀਆਂ ਵਾਲਜ਼ ਤੇ ਲਿਖਿਆ ਜਾਂਦਾ, ਇਹ ਵੀ ਫਰੇਬ ਹੈ। ਕੁਝ ਵੀ ਨਹੀਂ ਬਦਲਿਆ। ਮਨੁੱਖ ਦਾ ਚਰਿੱਤਰ ਓਥੇ ਹੀ ਖੜ੍ਹਾ ਹੈ। ਧਾਰਮਿਕਤਾ ਤੇ ਵੱਡੀਆਂ ਗੱਲਾਂ ਸਿਰਫ਼ ਵਿਖਾਵਾ ਹੈ। ਬਹੁਤੇ ਲੋਕ ਸਿਰਫ ਚੰਗੇ ਤੇ ਮਹਾਨ ਦਿਸਣਾ ਚਾਹੁੰਦੇ ਹਨ, ਬਣਨਾ ਨਹੀਂ। ਕੋਈ ਵੀ ਆਦਮੀ ਔਰਤ ਕਿਸੇ ਨੂੰ ਵੀ ਆਪਣੇ ਛੋਟੇ ਜਿਹੇ ਸਵਾਰਥ ਵਾਸਤੇ ਕਿੰਨਾ ਵੀ ਖਰਾਬ ਕਰ ਸਕਦਾ ਹੈ। ਝੂਠ ਬੋਲ ਸਕਦਾ ਹੈ। ਇਹ ਅਜੀਬ ਤਰ੍ਹਾਂ ਦੀ ਢੀਠਤਾਈ ਤੇ ਬੇਹ੍ਯਾਈ ਹੈ। ਸਭ ਤੋਂ ਵੱਡੀ ਗੱਲ, ਇਸ ਤਰ੍ਹਾਂ ਕਰਨ ਵਾਲੇ ਆਦਮੀਆਂ ਤੇ ਔਰਤਾਂ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਉਹ ਗਲਤ ਹਨ। ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਕਿਸੇ ਦਾ ਧਨ ਲੁੱਟ ਲੈਣਾ ਜਾਂ ਕਿਸੇ ਦਾ ਕਤਲ ਕਰ ਦੇਣਾ ਹੀ ਪਾਪ ਹੈ। ਸਾਡੇ ਕੋਲ ਸਿਰਫ਼ ਸਥੂਲ ਘਟਨਾਵਾਂ ਲਈ ਸਜਾਵਾਂ ਹਨ। ਕਿਸੇ ਦੀ ਆਤਮਾ ਨੂੰ ਵੱਢ ਦੇਣ ਦਾ ਕਿਸੇ ਕਨੂੰਨ ਵਿੱਚ ਕੋਈ ਡੰਨ ਨਹੀਂ ਹੈ। ਜਿਉਂਦੇ ਜੀ ਕਿਸੇ ਨੂੰ ਮਰਨ ਵਰਗੀ ਹਾਲਤ ਵਿੱਚ ਸਦਾ ਲਈ ਛੱਡ ਦੇਣ ਲਈ ਕੋਈ ਸਜਾ ਨਹੀਂ ਹੈ।
ਮੈਂ ਉਸ ਚੋਰ ਦੀ ਕਹਾਣੀ ਇਸੇ ਲਈ ਲਿਖੀ ਸੀ। ਕਿ ਮੈਂ ਸਿੱਧੇ ਤੌਰ ਤੇ ਇਹ ਨਹੀਂ ਸੀ ਕਹਿਣਾ ਚਾਹੁੰਦਾ ਕਿ ਬਹੁਤ ਆਦਮੀ ਤੇ ਔਰਤਾਂ ਅੱਜ ਵੀ ਇਹੀ ਕਰ ਰਹੇ ਨੇ। ਸਿਫ਼ਤੀ ਨੂੰ ਇੱਕ ਵਾਰ ਮੈਂ ਕਿਹਾ ਸੀ ਕਿ ਉਹ ਇਹ ਕੁਝ ਕਿਉਂ ਕਰਦੀ ਹੈ। ਕਿਉਂ ਆਦਮੀਆਂ ਨੂੰ ਬੇਵਕੂਫ ਬਣਾਉਂਦੀ ਹੈ, ਤਾਂ ਉਸ ਦਾ ਜਵਾਬ ਵੀ ਇਹੀ ਸੀ। ਜੇ ਮੈਂ ਇਹ ਨਹੀਂ ਕਰਦੀ ਤਾਂ ਮੈਨੂੰ ਤਕਲੀਫ਼ ਹੁੰਦੀ ਹੈ। ਮਤਲਬ ਅੱਜ ਕੱਲ੍ਹ ਅਸੀਂ ਸਬੰਧ ਨਹੀਂ ਬਣਾਉਂਦੇ ਸਿਰਫ਼ ਆਪਣੀਆਂ ਉਹ ਤਕਲੀਫ਼ਾਂ ਜਿਹੜੀਆਂ ਅਸੀਂ ਆਪ ਝੱਲ ਨਹੀਂ ਸਕਦੇ ਅਤੇ ਆਪਣੇ ਸੁਭਾਅ ਦੀਆਂ ਬੁਰਾਈਆਂ ਅਸੀਂ ਦੂਜਿਆਂ ਵੱਲ ਧੱਕ ਰਹੇ ਹਾਂ। ਆਪਣੀਆਂ ਤਕਲੀਫਾਂ ਦੂਜਿਆਂ ਨੂੰ ਦੇ ਕੇ ਉਹਨਾਂ ਨੂੰ ਆਪਣੀ ਤਕਲੀਫ ਵਿੱਚ ਸ਼ਾਮਿਲ ਕਰ ਰਹੇ ਹਾਂ, ਤੇ ਸਹਾਰਾ ਕਿਸ ਚੀਜ਼ ਦਾ ਲਿਆ ਜਾ ਰਿਹਾ। ਮੁਹੱਬਤ ਦਾ। ਪਿਆਰ ਦਾ। ਜਿਸ ਨੂੰ ਲੋਕ ਪ੍ਰਮਾਤਮਾ ਕਹਿੰਦੇ ਹਨ। ਅਸੀਂ ਆਪਣੇ ਇਸੇ ਸਾਰੇ ਕਮੀਨੇਪਣ ਨੂੰ ਮੁਹੱਬਤ ਤੇ ਇਸ਼ਕ ਦਾ ਨਾਮ ਦਿੱਤਾ ਹੈ। ਲਾਹਨਤ ਹੈ।
ਜਿਸ ਤਰ੍ਹਾਂ ਇਸ ਚੋਰ ਨੇ ਆਪਣੀ ਗ਼ਲਤੀ ਛੁਪਾਉਣ ਲਈ ਇਹ ਕੀਤਾ ਕਿ ਰਹਿਮਤ ਦਾਸ ਤੇ ਉਸ ਦੀ ਚੰਗਿਆਈ ਦਾ ਬੋਝ ਪਾ ਦਿੱਤਾ। ਉਹ ਚਲਾਕੀ
ਵਰਤ ਗਿਆ। ਆਪਣੀ ਗਲਤੀ, ਉਸ ਨੇ ਰਹਿਮਤ ਦਾਸ ਦੀ ਚੰਗਿਆਈ ਨਾਲ ਢੱਕ ਲਈ ਤੇ ਕਿਹਾ ਮੈਂ ਤਾਂ ਅਨਜਾਣ ਹਾਂ। ਤੁਸੀਂ ਸੰਤ ਹੋ। ਤੁਸੀਂ ਮੁਆਫ ਕਰੋ। ਸਿਫ਼ਤੀ ਨੇ ਵੀ ਇਹੀ ਕੀਤਾ। ਜਦੋਂ ਮੈਂ ਉਸ ਨੂੰ ਕਿਹਾ ਕਿ ਤੂੰ ਇਹ ਗਲਤ ਕੀਤਾ ਤੇ ਇੱਕ ਚੰਗੇ ਬੰਦੇ ਨੂੰ ਤਕਲੀਫ਼ ਵਿੱਚ ਧੱਕਿਆ ਹੈ। ਜਿਸ ਨੇ ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ, ਤਾਂ ਉਸ ਦਾ ਜਵਾਬ ਵੀ ਇਹੀ ਸੀ। ਕੀ ਹੁਣ ਇਹ ਚੰਗਾ ਬੰਦਾ ਇਸ ਤਰ੍ਹਾਂ ਇੱਕ ਔਰਤ ਦਾ ਤ੍ਰਿਸਕਾਰ ਕਰੇਗਾ। ਕੀ ਉਸ ਨੂੰ ਸਮਝ ਨਹੀਂ ਕਿ ਔਰਤ ਦਾ ਸਤਿਕਾਰ ਜਰੂਰੀ ਹੈ। ਕਿਸੇ ਵੀ ਬੰਦੇ ਨੂੰ ਔਰਤ ਦਾ ਅਪਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਔਰਤ ਮਾਂ ਹੁੰਦੀ ਹੈ ਅਤੇ ਉਹ ਚੰਗਾ ਬੰਦਾ ਵੀ ਕਿਸੇ ਔਰਤ ਦੀ ਕੁੱਖ 'ਚੋਂ ਹੀ ਪੈਦਾ ਹੋਇਆ ਹੈ। ਉਸ ਨੇ ਆਪਣੀ ਗਲਤੀ ਸਵੀਕਾਰ ਕਰਨ ਦੀ ਬਜਾਏ ਆਪਣੇ ਅਪਮਾਨ ਨੂੰ ਮੇਰੀ ਗਿਲਾਨੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਹੀ ਅਜੀਬ ਤਰ੍ਹਾਂ ਦੀਆਂ ਬਰੀਕ ਚਲਾਕੀਆਂ ਹਨ। ਜਿਨ੍ਹਾਂ ਕਰਕੇ ਕਿਹਾ ਜਾਂਦਾ ਕਿ ਔਰਤ ਨੂੰ ਸਮਝਿਆ ਨਹੀਂ ਜਾ ਸਕਦਾ ਪਰ ਮੇਰੇ ਕੋਲ ਭੇਦ ਖੁੱਲ੍ਹ ਗਿਆ ਹੈ। ਔਰਤ ਨੂੰ ਸਮਝਿਆ ਜਾ ਸਕਦਾ ਹੈ। ਮੇਰੇ ਲਈ ਔਰਤ ਹੁਣ ਭੇਦ ਨਹੀਂ ਰਹੀ। ਔਰਤ ਦਾ ਮਨ ਹੀ ਏਦਾਂ ਦਾ ਹੈ। ਉਹ ਕਿਸੇ ਵੇਲੇ ਵੀ ਬਦਲ ਸਕਦਾ ਹੈ। ਬਸ ਇੰਨੀ ਗੱਲ ਸਮਝਣ ਵਾਲੀ ਹੈ।
ਇਹ ਬੋਲਣ ਬਾਅਦ ਵਿਮਲ ਫੇਰ ਚੁੱਪ ਕਰਕੇ ਬੈਠ ਗਿਆ। ਮੈਂ ਗੱਲ ਦੁਬਾਰਾ ਸ਼ੁਰੂ ਕਰਨ ਲਈ ਕਿਹਾ : ਹੋਰ ਫਿਰ ਅੱਜ ਕੱਲ੍ਹ ਕੀ ਕਰ ਰਹੇ ਹੋ ?
ਵਿਮਲ ਕੀਰਤੀ ਨੇ ਮੇਰੇ ਵੱਲ ਕੌੜੀ ਜਿਹੀ ਨਜ਼ਰ ਨਾਲ ਵੇਖਿਆ ਤੇ ਕਿਹਾ:
ਅੱਜ ਕੱਲ੍ਹ.....?
ਅੱਜ ਕੱਲ੍ਹ ਮੈਂ ਵਰਤ ਕੇ ਛੱਡੀਆਂ ਔਰਤਾਂ ਦਾ ਵਿਰਲਾਪ ਸੁਣਦਾ ਹਾਂ।
ਮਤਲਬ......?
ਮਤਲਬ ਇਹ ਕਿ ਮੇਰੇ ਸੰਪਰਕ ਵਿੱਚ ਜਿਹੜੀਆਂ ਵੀ ਔਰਤਾਂ ਹਨ। ਉਨ੍ਹਾਂ ਵਿੱਚੋਂ ਬਹੁਤੀਆਂ ਦੇ ਵਿਚਾਰ ਬੰਦਿਆਂ ਬਾਰੇ ਤਕਰੀਬਨ ਇੱਕੋ ਜਿਹੇ ਹੀ ਹਨ। ਤੁਹਾਨੂੰ ਤਾਂ ਪਤੈ ਮੇਰੇ ਨਾਲ ਲਗਾਤਾਰ ਗੱਲ ਕਰਨ ਵਾਲੀਆਂ ਤੇ ਮਿਲਣ ਵਾਲੀਆਂ ਜਾਂ ਕਿਸੇ ਵੀ ਤਰ੍ਹਾਂ ਸੰਪਰਕ ਵਿੱਚ ਜਿਆਦਾ ਰਹਿਣ ਵਾਲੀਆਂ ਔਰਤਾਂ ਦੀ ਗਿਣਤੀ ਕਰੀਬਨ ਛੱਬੀ ਹੈ।
ਇਹਨਾਂ ਵਿੱਚੋਂ ਜਦੋਂ ਵੀ ਕਿਸੇ ਨੇ ਆਪਣੀਆਂ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ ਤਾਂ ਹਮੇਸ਼ਾ ਇਹੀ ਕਿਹਾ ਕਿ ਮੇਰਾ ਫਾਇਦਾ ਉਠਾਇਆ ਗਿਆ, ਮੈਨੂੰ ਵਰਤਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੈਨੂੰ ਨਹੀਂ ਯਾਦ ਕਿ ਕਿਸੇ ਔਰਤ ਨੇ ਜਾਂ ਸ਼ਾਇਦ ਇੱਕ ਨੇ ਕਿਹਾ ਹੋਵੇ ਕਿ ਮੈਨੂੰ ਲੋੜ ਸੀ ਤਾਂ ਮੈਂ ਇਹ ਕੀਤਾ ਜਾਂ ਮੈਂ ਕਿਸੇ ਕੋਲ ਚਲੀ ਗਈ। ਇਹ ਗੱਲਾਂ ਜਦੋਂ ਮੇਰੇ ਦਿਮਾਗ਼ ਵਿੱਚ ਤੁਰਦੀਆਂ ਹਨ ਤਾਂ ਉਹ ਗੱਲ ਜੋ ਮੈਨੂੰ ਸਭ ਤੋਂ ਵੱਧ ਤੰਗ ਕਰਦੀ ਹੈ, ਵਾਰ ਵਾਰ ਬੁਰੀ ਤਰ੍ਹਾਂ ਯਾਦ ਆਉਣ ਲੱਗਦੀ ਹੈ। ਵੈਸੇ ਤਾਂ ਉਹ ਗੱਲ ਮੈਨੂੰ ਭੁੱਲਦੀ ਹੀ ਨਹੀਂ ਪਰ ਫੇਰ ਤਕਲੀਫ ਵਧ ਜਾਂਦੀ ਹੈ। ਮੈਂ ਆਪਣੇ ਅੰਦਰ ਅਜੀਬ ਤਰ੍ਹਾਂ ਦਾ ਗੁੱਸਾ ਤੇ ਖਿਝ ਮਹਿਸੂਸ ਕਰਦਾ ਹਾਂ। ਜੋ ਅੱਜ ਤੱਕ ਦੀ ਪੂਰੀ ਲਾਈਫ ਵਿੱਚ ਕਦੇ ਵੀ ਨਹੀਂ ਕੀਤੀ।
ਮੈਂ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਦੱਸੀਆਂ। ਖ਼ਾਸ ਕਰ ਮੇਰੇ ਤੇ ਸਿਫਤੀ ਬਾਰੇ ਉਹ ਗੱਲ ਜਿਹੜੀ ਮੇਰੇ ਗਲੇ 'ਚ ਫਸੀ ਪਈ ਹੈ। ਜਿਸ ਨੂੰ ਨਾ ਮੈਂ ਕਹਿ ਸਕਦਾ ਹਾਂ ਨਾ ਰਹਿ ਸਕਦਾ ਹਾਂ। ਇਹ ਸਭ ਸਾਂਝਾ ਕਰਨਾ ਨੰਗੇ ਹੋਣ ਵਰਗਾ ਹੈ। ਕਿਉਂ ਕਿ ਇਹ ਹੁਣ ਸਿਰਫ਼ ਉਸ ਦਾ ਨਹੀਂ ਰਿਹਾ। ਮੈਂ ਉਸ ਨੂੰ ਏਨੀ ਜ਼ਿਆਦਾ ਆਪਣੀ ਮਹਿਸੂਸ ਕਰਦਾ ਹਾਂ, ਕਿ ਮੈਨੂੰ ਆਪਣੇ ਤੇ ਉਸ ਵਿੱਚ ਕੋਈ ਫ਼ਰਕ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਜੇਕਰ ਉਸ ਦੀ ਕੋਈ ਬੁਰਾਈ, ਮੈਂ ਕਰਦਾ ਹਾਂ, ਤਾਂ ਆਪਣੀ ਹੀ ਕਰ ਰਿਹਾ ਹਾਂ ਪਰ ਇਹ ਲਗਾਤਾਰ ਮੈਨੂੰ ਤੰਗ ਕਰ ਰਿਹਾ ਹੈ। ਮੈਨੂੰ ਕਦੇ ਵੀ ਹੁਣ ਤੱਕ, ਕਿਸੇ ਗੱਲ ਨੇ ਇਸ ਤਰ੍ਹਾਂ ਤੰਗ ਨਹੀਂ ਕੀਤਾ। ਜਿਸ ਨੂੰ ਸੋਚ ਕੇ ਮੈਂ ਮਹਿਸੂਸ ਕਰਾਂ ਕਿ ਇਹ ਗੱਲ ਜੇਕਰ ਮੈਂ ਕਿਸੇ ਨੂੰ ਦੱਸ ਦੇਵਾਂ ਤਾਂ ਹਲਕਾ ਹੋ ਜਾਵਾਂਗਾ। ਮੈਂ ਸਾਰੇ ਕੌੜੇ ਜਾਂ ਬੁਰੇ ਸੱਚ ਚੁੱਪ-ਚਾਪ ਆਪਣੇ ਕੋਲ ਲੁਕਾਉਂਦਾ ਆਇਆ ਹਾਂ। ਬਹੁਤੇ ਵਾਰ ਮੈਂ ਫੀਲ ਕਰਦਾ ਹਾਂ, ਮੈਂ ਕੋਈ ਖੂਹ ਹਾਂ। ਲੋਕ ਆਉਂਦੇ ਹਨ, ਮੇਰੀ ਮੌਣ ਤੇ ਖੜ੍ਹਦੇ ਹਨ, ਮੇਰੇ ਵਿੱਚ ਝਾਕਦੇ ਹਨ। ਆਪਣਾ ਚਿਹਰਾ ਇਸ ਖੂਹ ਵਿੱਚ ਲਮਕਾ ਕੇ ਆਪਣੀਆਂ ਤਕਲੀਫ਼ਾਂ ਕਹਿੰਦੇ ਹਨ ਤੇ ਚਲੇ ਜਾਂਦੇ ਹਨ। ਇਸ ਬਾਅਦ ਇਹ ਸਭ ਕਿਹਾ ਹੋਇਆ ਅਲੋਪ ਹੋ ਜਾਂਦਾ ਹੈ ਪਰ ਮੈਨੂੰ ਤੰਗ ਨਹੀਂ ਕਰਦਾ।
ਪਰ ਉਹ ਗੱਲ ਜੋ ਮੈਨੂੰ ਸਭ ਤੋਂ ਵੱਧ ਤੰਗ ਕਰਦੀ ਹੈ। ਕਿਵੇਂ ਕਹਾਂ। ਹਾਂ ਪਰ ਜਦੋਂ ਮੈਂ ਇਹ ਸੋਚਦਾ ਹਾਂ ਕਿ ਕਿਸੇ ਦਿਨ ਇਹ ਹੋ ਜਾਣਾ। ਮੈਂ ਆਤਮਿਕ ਆਦਮੀ ਹਾਂ। ਮੈਨੂੰ ਪਤਾ ਹੈ। ਕੁਦਰਤ ਸਾਡੇ ਸਭ ਦੇ ਕਿੰਨੇ ਹੀ ਔਗੁਣ ਢੱਕ ਕੇ ਰੱਖਦੀ ਹੈ। ਸਾਨੂੰ ਕਿਸੇ ਦਾ ਪਰਦਾ ਨਹੀਂ ਚੱਕਣਾ ਚਾਹੀਦਾ। ਅਸੀਂ ਸਭ ਹੀ ਬੁਰੇ ਹਾਂ ਪਰ ਕਿਸੇ ਦਿਨ ਮੈਨੂੰ ਇਹ ਕਰਨਾ ਪਵੇਗਾ। ਇਹ ਕਿਸੇ ਦੀ ਹੱਤਿਆ ਕਰਨ ਵਾਂਗ ਹੈ, ਤੇ
ਫਿਰ ਆਪਣਾ ਮਹਿਬੂਬ। ਮਹਿਬੂਬ ਸ਼ਬਦ ਲੋਕ ਵਰਤਦੇ ਹਨ। ਉਹਨਾਂ ਨੂੰ ਇਸ ਦਾ ਅਰਥ ਨਹੀਂ ਪਤਾ। ਮੈਨੂੰ ਪਤਾ ਹੈ। ਪ੍ਰਮਾਤਮਾ ਕੋਲ ਤੇ ਮਹਿਬੂਬ ਕੋਲ ਝੂਠ ਬੋਲਣਾ ਇੱਕੋ ਜਿਹੇ ਗੁਨਾਹ ਹਨ। ਪ੍ਰਮਾਤਮਾ ਦੇ ਨਾਮ ਤੇ ਜਾਂ ਪਿਆਰ ਦੇ ਨਾਮ ਤੇ ਕਿਸੇ ਨਾਲ ਫਰੇਬ ਕਰਨਾ ਇੱਕੋ ਜਿਹੇ ਪਾਪ ਹਨ ਪਰ ਪਿਆਰ ਨੂੰ ਲੋਕਾਂ ਨੇ ਮਖੌਲ ਬਣਾਇਆ ਹੋਇਆ। ਦਰਅਸਲ ਮਖ਼ੌਲ ਵੀ ਨਹੀਂ। ਉਹ ਇੱਕ ਵਕਤੀ ਆਕਰਸ਼ਣ ਨੂੰ ਪਿਆਰ ਸਮਝ ਲੈਂਦੇ ਹਨ। ਪਿਆਰ ਆਕਰਸ਼ਣ ਤੋਂ ਅਗਾਂਹ ਦੀ ਗੱਲ ਹੈ। ਉਸ ਤੋਂ ਅੱਗੇ ਮੁਹੱਬਤ ਹੈ। ਫਿਰ ਸਿਦਕ ਹੈ। ਫੇਰ ਇਬਾਦਤ ਹੈ। ਫਿਰ ਜਾ ਕੇ ਇਹ ਇਸ਼ਕ ਬਣਦਾ ਹੈ। ਓਥੇ ਜਾ ਕੇ ਪਿਆਰ ਪ੍ਰਮਾਤਮਾ ਹੁੰਦਾ ਹੈ। ਏਥੇ ਸਭ ਨੇ ਬਿਸਤਰਿਆਂ 'ਚ ਲਿਟਣ ਨੂੰ ਪਿਆਰ ਬਣਾ ਲਿਆ ਹੈ।
ਮੈਂ ਕਦੇ ਨਹੀਂ ਸੋਚਿਆ ਕਿ ਮੈਂ ਉਸ ਦੇ ਕਿਸੇ ਵੀ ਦੁੱਖ ਦਾ ਸਬੱਬ ਬਣਾਂਗਾ ਪਰ ਉਸ ਨੇ ਮੈਨੂੰ ਮਜਬੂਰ ਕੀਤਾ। ਮੈਂ ਤਾਂ ਉਸ ਦਾ ਸੱਚ ਕਹਿਣ ਨੂੰ ਵੀ ਏਨੀ ਵੱਡੀ ਗੱਲ ਸਮਝਦਾ ਹਾਂ, ਕਿ ਮੈਨੂੰ ਲੱਗਦਾ ਹੈ। ਜਦੋਂ ਮੈਂ ਇਹ ਭੇਤ ਕਹਾਂਗਾ, ਤਾਂ ਇਹ ਇਸ ਤਰ੍ਹਾਂ ਹੈ ਕਿ ਕਈ ਆਪਣੇ ਹੀ ਮਹਿਬੂਬ ਦੀ ਖੱਲ ਉਤਾਰ ਰਿਹਾ ਹੋਵੇ। ਇਹ ਕਿੰਨਾ ਔਖਾ ਹੈ ਪਰ ਉਸ ਨੇ ਮੈਨੂੰ ਉਸ ਥਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਮੇਰੇ ਕੋਲ ਕੋਈ ਰਾਹ ਨਹੀਂ ਹੈ।
ਮੇਰਾ ਇੱਕ ਦੋਸਤ ਹੈ। ਉਸ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਚੁੱਪ ਰਹਾਂ। ਕੁਝ ਨਾ ਕਹਾਂ ਪਰ ਮੈਂ ਉਸ ਨੂੰ ਇਹ ਸਵਾਲ ਪੁੱਛਿਆ ਕਿ ਕੀ ਕਿਸੇ ਨੂੰ ਉਸ ਦੀ ਗਲਤੀ ਸਿਰਫ ਇਸ ਕਰਕੇ ਮੁਆਫ਼ ਕਰ ਦੇਣੀ ਚਾਹੀਦੀ ਹੈ ਕਿ ਉਹ ਇੱਕ ਔਰਤ ਹੈ। ਇਸ ਦਾ ਮਤਲਬ ਔਰਤ ਕੁਝ ਵੀ ਕਰਦੀ ਰਹੇ। ਜਾਂ ਇਹ ਕਹਿ ਲਈਏ ਕਿ ਔਰਤਾਂ ਹਰ ਤਰ੍ਹਾਂ ਦੀ ਘਟੀਆ ਗੱਲ ਕਰਨ ਲਈ ਆਜ਼ਾਦ ਹਨ। ਮੇਰੇ ਇਸ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ।
ਇਹ ਕਹਿਣ ਬਾਅਦ ਵਿਮਲ ਚੁੱਪ ਕਰ ਗਿਆ ਤੇ ਆਪਣੇ ਹੱਥ ਵੇਖਣ ਲੱਗਿਆ। ਕੁਝ ਦੇਰ ਰੁਕ ਕੇ ਬੋਲਿਆ: ਲੋਕ ਕਹਿੰਦੇ ਨੇ ਮੇਰੇ ਹੱਥ ਬਹੁਤ ਸੋਹਣੇ ਹਨ। ਹੁਣ ਮੈਂ ਅਕਸਰ ਇਹ ਸੋਚਦਾ ਹਾਂ। ਇਹ ਹੱਥ ਜਿਹੜੇ ਰਬਾਬ ਵਜਾਉਂਦੇ ਹਨ। ਇਹ ਸੋਹਣੇ ਹੱਥ ਜਿਨਾਂ ਨੂੰ ਮੇਰੇ ਮਿਲਣ ਵਾਲੇ ਫੜ ਕੇ ਚੁੰਮ ਕੇ ਮੱਥੇ ਨਾਲ ਲਾਉਂਦੇ ਹਨ। ਇਹਨਾਂ ਹੱਥਾਂ ਨਾਲ ਮੈਂ ਉਸ ਔਰਤ ਦੀ ਖੱਲ ਉਤਾਰਾਂਗਾ ? ਜਿਹੜੀ ਨੂੰ ਮੈਂ ਸਭ ਤੋਂ ਵੱਧ ਪਿਆਰ ਕੀਤਾ। ਮੈਂ ਬਹੁਤ ਵਾਰ ਸੋਚਦਾ ਹਾਂ ਕਿ ਜੇ ਮੈਂ ਏਨਾ ਕੁ ਅਵੇਅਰ ਨਾ ਹੁੰਦਾ ਜਿੰਨਾ ਹੁਣ ਹਾਂ। ਮੈਂ ਨਿਸ਼ਚਿਤ ਤੌਰ ਤੇ ਉਸ ਨੂੰ ਮਾਰ ਦਿੰਦਾ
ਜਾਂ ਆਤਮ ਹੱਤਿਆ ਕਰ ਲੈਂਦਾ ਪਰ ਪ੍ਰਾਬਲਮ ਇਹ ਹੈ ਕਿ ਉਸ ਨੂੰ ਮਾਰਨ ਨਾਲ ਮੇਰੀ ਤਕਲੀਫ਼ ਨਹੀਂ ਘਟੇਗੀ। ਮੈਂ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵੇਖ ਰਿਹਾ ਸੀ। ਇੱਕ ਲੜਕੇ ਨੇ ਸੜਕ ਤੇ ਆਪਣੀ ਫਰੈਂਡ ਨਾਲ ਝਗੜਾ ਕਰਨ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ। ਫੇਰ ਉਹ ਉਸ ਦੀ ਬਾਡੀ ਕੋਲ ਬੈਠ ਕੇ ਉੱਚੀ ਉੱਚੀ ਚੀਕਾਂ ਮਾਰਨ ਲੱਗਿਆ। ਇਹ ਵੀਡੀਓ ਸੜਕ ਦੇ ਨਾਲ ਲੱਗਦੇ ਘਰ ਦੀ ਬਾਲਕੋਨੀ 'ਚੋਂ ਕੋਈ ਔਰਤ ਬਣਾ ਰਹੀ ਸੀ। ਉਹ ਵੀਡੀਓ ਵਿੱਚ ਮੁੰਡੇ ਨੂੰ ਬੁਰਾ ਭਲਾ ਕਹਿ ਰਹੀ ਸੀ। ਉਹ ਲੜਕਾ ਰੋ ਰਿਹਾ ਸੀ ਤੇ ਮਰੀ ਪਈ ਕੁੜੀ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਚੁੰਮ ਰਿਹਾ ਸੀ ਤੇ ਉਸ ਦੇ ਖਿੱਲਰੇ ਹੋਏ ਵਾਲਾਂ ਵਿੱਚ ਹੱਥ ਫੇਰ ਰਿਹਾ ਸੀ।
ਤੁਸੀਂ ਸੋਚ ਸਕਦੇ ਹੋ ? ਆਮ ਆਦਮੀ ਜਾਂ ਔਰਤ ਸਿਰਫ਼ ਇੱਕ ਆਦਮੀ ਦੇ ਹੱਥੋਂ ਮਰਦੀ ਹੋਈ ਇੱਕ ਔਰਤ ਨੂੰ ਵੇਖਦੇ ਹਨ। ਕਾਨੂੰਨ ਕੋਲ ਇਸ ਆਦਮੀ ਲਈ ਸਿਰਫ ਇੱਕ ਕਤਲ ਦੀ ਸਜ਼ਾ ਹੈ ਪਰ ਕੀ ਕਿਸੇ ਨੂੰ ਉਸ ਆਦਮੀ ਦੀ ਤਕਲੀਫ ਦਾ ਅੰਦਾਜ਼ਾ ਹੈ। ਤੁਹਾਨੂੰ ਪਤੈ ? ਆਪਣੇ ਮਹਿਬੂਬ ਨੂੰ ਕਤਲ ਕਰਨਾ ਆਤਮ ਹੱਤਿਆ ਤੋਂ ਵੀ ਔਖਾ ਕੰਮ ਹੈ। ਇਹ ਉਸ ਨੇ ਆਸਾਨੀ ਨਾਲ ਨਹੀਂ ਕੀਤਾ ਹੋਣਾ। ਉਸ ਨੂੰ ਇੱਥੋਂ ਤੱਕ ਕੋਈ ਲੈ ਆਇਆ ਹੈ, ਕਿ ਉਸ ਕੋਲ ਹੋਰ ਕੋਈ ਰਸਤਾ ਨਹੀਂ ਹੈ। ਘੱਟ ਵਾਰ ਸਮਾਜ ਤੇ ਬਹੁਤੇ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਚ ਔਰਤਾਂ ਖ਼ੁਦ ਦੋਸ਼ੀ ਹੁੰਦੀਆਂ ਹਨ।
ਵਿਮਲ ਕੁਝ ਦੇਰ ਫੇਰ ਚੁੱਪ ਰਿਹਾ ਉਸ ਨੇ ਪਾਣੀ ਮੰਗਿਆ। ਮੈਂ ਆਪਣੀ ਮੇਡ ਆਸ਼ਾ ਨੂੰ ਆਵਾਜ਼ ਮਾਰੀ ਤੇ ਪਾਣੀ ਲਿਆਉਣ ਲਈ ਕਿਹਾ। ਵਿਮਲ ਨੂੰ ਪਾਣੀ ਪੀਣ ਲੱਗੇ ਖੰਘ ਆ ਗਈ। ਪਾਣੀ ਉਸ ਦੇ ਉੱਪਰ ਡੁੱਲ੍ਹ ਗਿਆ।
ਕੁਝ ਦੇਰ ਦੇ ਵਿਰਾਮ ਬਾਅਦ ਕੱਪੜੇ ਝਾੜਨ ਬਾਅਦ ਉਹ ਫੇਰ ਬੋਲਣ ਲੱਗਿਆ। ਮੈਂ ਸਭ ਛੱਡ ਦਿੱਤਾ ਸੀ। ਮੈਂ ਸੋਚਦਾ ਸੀ। ਇਹ ਔਰਤ ਵੀ ਹਰ ਉਸ ਆਦਮੀ ਜਾਂ ਔਰਤ ਜਿੰਨੀ ਹੀ ਬੇਹੋਸ਼ ਹੈ ਜੋ ਜਾਣਦੇ ਹੀ ਨਹੀਂ ਉਹ ਕੀ ਕਰ ਰਹੇ ਹਨ। ਇਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਪਰ ਪਿਛਲੇ ਦਿਨੀਂ ਇਸ ਨੇ ਫੇਰ ਮੇਰੇ ਜ਼ਖ਼ਮ ਤਾਜ਼ਾ ਕਰ ਦਿੱਤੇ।
ਪਿਛਲੇ ਹਫ਼ਤੇ ਮੈਨੂੰ ਇੱਕ ਔਰਤ ਨੇ ਮਿਲਣ ਲਈ ਕਿਹਾ ਸੀ। ਉਹ ਪੱਤਰਕਾਰ ਹੈ ਪਰ ਮੈਂ ਮਨ੍ਹਾ ਕਰ ਦਿੱਤਾ ਸੀ ਪਰ, ਪਰਸੋਂ ਉਸ ਦਾ ਫੇਰ ਮੈਸਜ ਆਇਆ ਕਿ ਉਹ
ਸਿਫਤੀ ਦੀ ਦੋਸਤ ਹੈ। ਇਸ ਗੱਲ ਨੇ ਮੇਰੇ ਅੰਦਰ ਉਸ ਨੂੰ ਮਿਲਣ ਲਈ ਥਾਂ ਬਣਾ ਲਈ। ਕਿਉਂ ਕਿ ਹੁਣ ਸਿਫਤੀ ਨਾਲ ਮੇਰੀ ਗੱਲ ਨਹੀਂ ਹੁੰਦੀ। ਜਦੋਂ ਕਿ ਮੈਂ ਉਸਨੂੰ ਨਾ ਭੁੱਲ ਸਕਦਾ ਹਾਂ। ਨਾ ਛੱਡ ਸਕਦਾ ਹਾਂ। ਨਾ ਰੱਖ ਸਕਦਾ ਹਾਂ। ਨਾ ਮੁਆਫ ਕਰ ਸਕਦਾ ਹਾਂ ਨਾ ਹੀ ਉਸ ਨੂੰ ਮਾਰ ਸਕਦਾ ਹਾਂ। ਮੈਨੂੰ ਸਮਝ ਨਹੀਂ ਆਉਂਦਾ ਉਸ ਔਰਤ ਦਾ ਮੈਂ ਕੀ ਕਰਾਂ। ਸਿਰਫ ਇਹ ਗੱਲ ਸੁਣ ਕੇ ਕਿ ਇਹ ਔਰਤ ਸਿਫ਼ਤੀ ਦੀ ਦੋਸਤ ਹੈ। ਮੈਂ ਮਿਲਣ ਲਈ ਹਾਂ ਕੀਤੀ।
ਇਸ ਔਰਤ ਦਾ ਨਾਂ ਇੰਦੂ ਹੈ। ਮੈਂ ਇਸ ਨੂੰ ਵੀ ਇੱਕ ਕੌਫੀ ਹਾਊਸ ਵਿੱਚ ਮਿਲਣ ਲਈ ਕਿਹਾ। ਉਹ ਟਾਈਮ ਤੇ ਆ ਗਈ ਸੀ। ਅਸੀਂ ਕੌਫੀ ਪੀਂਦੇ ਗੱਲ ਕਰ ਰਹੇ ਸੀ ਉਸ ਨੂੰ ਮਿਲਣ ਤੋਂ ਕੁਝ ਟਾਈਮ ਬਾਅਦ ਮੈਨੂੰ ਲੱਗਿਆ ਕਿ ਉਹ ਆਪ ਹੀ ਮੈਨੂੰ ਮਿਲਣਾ ਚਾਹੁੰਦੀ ਸੀ। ਸਿਫ਼ਤੀ ਬਾਰੇ ਉਸ ਕੋਲ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਮੈਂ ਇਹ ਸੋਚ ਰਿਹਾ ਸੀ ਕਿ ਸ਼ਾਇਦ ਇਸ ਦੇ ਕੋਲ ਕੋਈ ਗੱਲ ਹੋਵੇ। ਮੈਂ ਹਾਲੇ ਵੀ ਇਹ ਸੁਣਨਾ ਚਾਹੁੰਦਾ ਸੀ ਕਿ ਸਿਫ਼ਤੀ ਨੇ ਕਿਹਾ ਹੈ ਕਿ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਜਾਂ ਇਹੀ ਕਹਿ ਦੇਵੇ ਕਿ ਉਹ ਸਭ ਗੱਲਾਂ ਭੁੱਲਾ ਚੁੱਕੀ ਹੈ, ਜੋ ਮੈਂ ਉਸ ਨੂੰ ਗੁੱਸੇ ਵਿੱਚ ਆ ਕੇ ਕਹੀਆਂ। ਜਿਹੜੀਆਂ ਉਸ ਨੇ ਮੈਨੂੰ ਕਹਿਣ ਲਈ ਮਜਬੂਰ ਕੀਤਾ ਸੀ। ਜ਼ਿੰਦਗੀ ਦੇ ਵਿੱਚ ਇਸ ਥਾਂ ਤੇ ਆ ਕੇ ਮੈਂ ਪਹਿਲੀ ਵਾਰ ਆਪਣੀ ਈਗੋ ਨੂੰ ਮਹਿਸੂਸ ਕੀਤਾ। ਇਸ ਤੋਂ ਪਹਿਲਾਂ ਪੂਰੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਹਜ਼ਾਰਾਂ ਘਟਨਾਵਾਂ ਵਿੱਚੋਂ ਕਿਸੇ ਨੇ ਵੀ ਮੇਰੀ ਈਗੋ ਨੂੰ ਸੱਟ ਨਹੀਂ ਮਾਰੀ।
ਇੰਦੂ ਕੌਫੀ ਪੀਂਦੀ ਪੀਂਦੀ ਕੋਈ ਨਾ ਕੋਈ ਗੱਲ ਪੁੱਛ ਲੈਂਦੀ ਮੈਂ ਸੰਖੇਪ ਜਵਾਬ ਦੇ ਰਿਹਾ ਸੀ ਪਰ ਓਥੇ ਮੈਨੂੰ ਮਹਿਸੂਸ ਹੋਇਆ ਕਿ ਇਹ ਔਰਤ ਸਿਰਫ ਮੇਰੀ ਜਿੰਦਗੀ ਵਿੱਚ ਝਾਕਣ ਦਾ ਸਵਾਦ ਲੈ ਰਹੀ ਹੈ। ਮੈਨੂੰ ਔਖ ਮਹਿਸੂਸ ਹੋਈ। ਮੇਰਾ ਦਿਲ ਕੀਤਾ, ਮੈਂ ਉੱਠ ਕੇ ਚਲਾ ਜਾਵਾਂ ਪਰ, ਮੈਂ ਧੁਰ ਅੰਦਰੋਂ ਉਡੀਕ ਰਿਹਾ ਸੀ ਕਿ ਇਹ ਕੋਈ ਸਿਫਤੀ ਦੀ ਗੱਲ ਕਰੇ। ਇਹ ਸਾਰਾ ਕੁਝ ਹੋ ਜਾਣ ਬਾਅਦ ਵੀ ਮੈਨੂੰ ਪਤਾ ਹੈ ਕਿ ਉਹ ਮੇਰਾ ਪਿਆਰ ਹੈ। ਉਹ .... ਉਹ ਔਰਤ ਹੈ ਜਿਸ ਦੀ ਥਾਂ ਹੋਰ ਕੋਈ ਵੀ ਨਹੀਂ ਲੈ ਸਕਦਾ। ਉਸ ਦੀਆਂ ਹਜ਼ਾਰਾਂ ਬੁਰਾਈਆਂ ਸਮੇਤ ਵੀ ਮੈਂ ਉਸਨੂੰ ਪਿਆਰ ਕਰਦਾ ਹਾਂ ਪਰ ਉਸ ਦੀਆਂ ਇੱਛਾਵਾਂ, ਉਸ ਦੇ ਸਵਾਰਥ ਤੇ ਮੂਰਖਤਾਈਆਂ ਨੇ ਪ੍ਰਮਾਤਮਾ ਵਰਗਾ ਸਬੰਧ ਮਿੱਟੀ 'ਚ ਮਿਲਾ ਦਿੱਤਾ।
ਇੰਦੂ ਆਪਣੀ ਕੌਫੀ ਖ਼ਤਮ ਕਰ ਚੱਕੀ ਸੀ। ਮੈਂ ਹਾਲੇ ਆਰਾਮ ਨਾਲ ਕੌਫੀ ਪੀ ਰਿਹਾ ਸੀ, ਕਿਉਂ ਕਿ ਮੈਨੂੰ ਕੌਫੀ ਪੀਣ ਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ
ਲੱਗਿਆ ਕਿ ਹੁਣ ਇੰਦੂ ਚਲੀ ਜਾਵੇਗੀ। ਪਰ ਜਦੋਂ ਹੀ ਮੈਂ ਉੱਠਣ ਲਈ ਤਿਆਰ ਹੋਇਆ ਤਾਂ ਉਸ ਨੇ ਝਿਜਕਦੇ ਹੋਏ ਕਿਹਾ, ਮੈਂ ਇੱਕ ਗੱਲ ਕਹਿਣੀ ਹੈ, ਗੁੱਸਾ ਤਾਂ ਨਹੀਂ ਕਰੋਗੇ। ਮੈਂ ਕਿਹਾ ਨਹੀਂ। ਉਸ ਨੇ ਕਿਹਾ ਮੈਂ ਸਿਫ਼ਤੀ ਨੂੰ ਕੁਝ ਦਿਨ ਪਹਿਲਾਂ ਮਿਲੀ ਸੀ। ਉਸ ਨੇ ਤੁਹਾਡੇ ਬਾਰੇ ਮੇਰੇ ਨਾਲ ਗੱਲ ਕੀਤੀ।
ਇਹ ਗੱਲ ਸੁਣਦੇ ਹੀ ਮੇਰੀ ਹਾਰਟ ਬੀਟ ਵਧ ਗਈ। ਮੇਰੇ ਸਿਰ 'ਚੋਂ ਸੇਕ ਨਿਕਲਣ ਲੱਗਿਆ। ਮੇਰਾ ਅੰਦਰ ਕਾਹਲਾ ਪੈ ਰਿਹਾ ਸੀ ਕਿ ਉਸ ਨੇ ਕੀ ਕਿਹਾ। ਮੈਂ ਉਹ ਜਲਦੀ ਸੁਣਾਂ। ਇੰਦੂ ਨੇ ਕਿਹਾ ਕਿ ਸਿਫ਼ਤੀ ਖਿਝੀ ਹੋਈ ਸੀ। ਉਸ ਨੇ ਕਿਹਾ ਲੋਕ ਵੈਸੇ ਹੀ ਪਤਾ ਨਹੀਂ ਕਿਉਂ ਵਿਮਲ ਕੀਰਤੀ ਨੂੰ ਚੰਗਾ ਤੇ ਬਹੁਤ ਚੰਗਾ ਬੰਦਾ ਸਮਝਦੇ ਨੇ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਕੰਜਰ ਹੈ। ਔਰਤਾਂ ਨਾਲ ਹੌਲੀ-ਹੌਲੀ ਤੁਆਲਕ ਬਣਾਉਣੇ ਤੇ ਫਿਰ ਉਹਨਾਂ ਨੂੰ ਵਰਤਣਾ ਉਸ ਦਾ ਕੰਮ ਹੈ।
ਇਹ ਸੁਣਦੇ ਹੀ ਮੈਨੂੰ ਲੱਗਿਆ ਕਿ ਜਿਵੇਂ ਮੇਰੇ ਕਿਸੇ ਨੇ ਬਿਨਾ ਕਿਸੇ ਕਸੂਰ ਦੇ ਹੀ ਥੱਪੜ ਮਾਰਿਆ ਹੋਵੇ। ਮੈਂ ਸੋਚਣ ਲੱਗਿਆ ਕਿ ਇਹ ਗੱਲ ਮੈਂ ਅੱਜ ਤਾਂ ਹੀ ਸੁਣ ਰਿਹਾ ਹਾਂ, ਕਿਉਂ ਕਿ ਮੈਂ ਆਪਣੀ ਮਰਿਆਦਾ ਨਹੀਂ ਤੋੜੀ। ਮੈਂ ਉਸ ਦੀਆਂ ਜਿਨਸੀ ਖਾਹਿਸ਼ਾਂ ਪੂਰੀਆਂ ਨਹੀਂ ਕੀਤੀਆਂ। ਇਹ ਚੰਗੇ ਹੋਣ ਦੀ ਕੀਮਤ ਮੈਨੂੰ ਚੁਕਾਉਣੀ ਪਈ। ਇਹ ਇੱਕ ਔਰਤ ਨੂੰ ਦੇਵੀਆਂ ਵਰਗਾ ਸਤਿਕਾਰ ਦੇਣ ਦੇ ਇਵਜ਼ ਵਿੱਚ ਮਿਲਿਆ ਇਨਾਮ ਹੈ। ਕੰਜਰ।
ਮੈਂ ਇਹ ਸਭ ਸੋਚ ਰਿਹਾ ਸੀ ਤੇ ਇੰਦੂ ਇਸ ਤੇ ਮੇਰਾ ਰਿਐਕਸ਼ਨ ਜਾਣਨ ਲਈ ਮੇਰੇ ਵੱਲ ਵੇਖ ਰਹੀ ਸੀ। ਮੈਂ ਚੁੱਪ ਰਿਹਾ ਤਾਂ ਇੰਦੂ ਨੇ ਮੈਨੂੰ ਪੁੱਛਿਆ ਕਿ ਉਸ ਨੇ ਤੁਹਾਨੂੰ ਕੰਜਰ ਕਿਉਂ ਕਿਹਾ। ਤੁਸੀਂ ਇਸ ਤਰ੍ਹਾਂ ਦਾ ਕੀ ਕੀਤਾ ?
ਮੇਰੇ ਅੰਦਰ ਜੋ ਇਸ ਸ਼ਬਦ ਨੂੰ ਸੁਣਨ ਬਾਅਦ ਚੱਲ ਰਿਹਾ ਸੀ। ਮੈਂ ਇੰਦੂ ਤੋਂ ਲੁਕਾ ਲਿਆ ਤੇ ਕਿਹਾ : ਉਸ ਨੇ ਸਹੀ ਕਿਹਾ ਹੈ। ਉਹ ਸਾਰੇ ਆਦਮੀ ਜਿਹੜੇ ਗੈਰ ਸਮਾਜਿਕ ਜਾ ਗੈਰ ਇਖ਼ਲਾਕੀ ਸਬੰਧਾਂ ਦੀਆਂ ਸਿਫ਼ਤਾਂ ਕਰਦੇ ਹਨ ਜਾਂ ਇਹਨਾਂ ਨੂੰ ਚਾਹੁੰਦੇ ਹਨ। ਉਹਨਾਂ ਲਈ ਇਹੀ ਸ਼ਬਦ ਵਰਤਿਆ ਜਾਂਦਾ ਤੇ ਮੈਨੂੰ ਉਸ ਨੇ ਇਸ ਲਈ ਕਿਹਾ ਕਿ ਮੈਂ ਇੱਕ ਅਜਿਹੀ ਔਰਤ ਵਿੱਚ ਪ੍ਰਮਾਤਮਾ ਵੇਖ ਰਿਹਾ ਸੀ ਜੋ ਬਿਨਾ ਆਪਣੇ ਸਵਾਰਥ ਤੇ ਦੇਹ ਦੇ ਸਵਾਦ ਤੋਂ ਕੁਝ ਵੇਖ ਨਹੀਂ ਸੀ ਪਾ ਰਹੀ। ਮੈਨੂੰ ਹੀ ਚਾਹੀਦਾ ਸੀ ਕਿ ਜੇ ਮੈਨੂੰ ਪ੍ਰਮਾਤਮਾ ਦੀ ਲੋੜ ਸੀ ਤਾਂ ਮੈਂ ਕਿਸੇ ਮੰਦਰ, ਮਸਜਿਦ, ਗੁਰਦੁਆਰੇ ਜਾਂਦਾ। ਸਿੱਧਾ ਰਸਤਾ ਫੜਦਾ। ਕਿਸੇ ਔਰਤ ਦੇ
ਵਿੱਚੋਂ ਦੀ ਪ੍ਰਮਾਤਮਾ ਤੱਕ ਜਾਣ ਦਾ ਰਸਤਾ ਮੈਂ ਚੁਣਿਆ। ਮੈਂ ਉਹ ਕੰਮ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਇਸ ਲਈ ਮੈਂ ਇਹ ਸਵੀਕਾਰ ਕਰਦਾ ਹਾਂ ਕਿ ਮੈਂ ਕੰਜਰ ਹਾਂ, ਨਾਲੇ ਇਹ ਸ਼ਬਦ ਉਸ ਔਰਤ ਨੇ ਮੈਨੂੰ ਦਿੱਤਾ ਹੈ। ਜਿਸਦਾ ਦਰਜਾ ਮਹਿਬੂਬ ਦਾ ਹੈ। ਮੈਂ ਉਸ ਵੱਲੋਂ ਦਿੱਤੀ ਕਿਸੇ ਵੀ ਸ਼ੈਅ ਨੂੰ ਸਿਰ ਝੁਕਾਅ ਕੇ ਕਬੂਲ ਕਰ ਸਕਦਾਂ। ਮੈਨੂੰ ਬਿਲਕੁਲ ਵੀ ਇਸ ਤੇ ਇਤਰਾਜ਼ ਨਹੀਂ।
ਉਸ ਦਿਨ ਮੈਂ ਜਦੋਂ ਘਰ ਆਇਆ ਤੇ ਸ਼ੀਸ਼ਾ ਵੇਖਿਆ ਕਿ ਮੈਂ ਚਿਹਰੇ ਤੋਂ ਕਿਸ ਤਰ੍ਹਾਂ ਦਿਸਦਾ ਹਾਂ। ਬੁਰਾ ਜਾਂ ਚੰਗਾ। ਮੈਂ ਮਹਿਸੂਸ ਕੀਤਾ ਕਿ ਮੈਂ ਬਹੁਤ ਦੇਰ ਬਾਅਦ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਿਆ ਸੀ। ਪਹਿਲਾਂ ਤਾਂ ਜਦੋਂ ਮੈਂ ਸ਼ੀਸ਼ਾ ਵੇਖਦਾ ਸੀ ਉਦੋਂ ਵੀ ਮੇਰੀ ਸੁਰਤ ਵਿੱਚ ਸਿਫਤੀ ਦਾ ਚਿਹਰਾ ਹੀ ਚੱਲ ਰਿਹਾ ਹੁੰਦਾ ਸੀ। ਸ਼ੀਸ਼ੇ ਦੇ ਕੋਲ ਹੀ ਮੇਰੀ ਵਾਈਫ਼ ਦੀ ਲਿਪਸਟਿਕ ਪਈ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਲਿਪਸਟਿਕ ਨਾਲ ਸ਼ੀਸ਼ੇ ਲਿਖ ਦਿੱਤਾ : ਕੰਜਰ।
ਪਿਆਰ ਕਿਸ ਤਰ੍ਹਾਂ ਦੀ ਅਜੀਬ ਚੀਜ਼ ਹੈ। ਮੈਂ ਸਵੀਕਾਰ ਕਰ ਲਿਆ ਸੀ। ਮੇਰੇ ਲਈ ਇਹ ਸਹੀ ਸ਼ਬਦ ਹੈ। ਭਾਵੇਂ ਮੈਂ ਕੁਝ ਗਲਤ ਨਹੀਂ ਕੀਤਾ ਪਰ ਇਹ ਉਸ ਨੇ ਕਿਹਾ ਸੀ। ਮੈਨੂੰ ਚੰਗਾ ਲੱਗਿਆ।
ਮੇਰੀ ਵਾਈਫ ਨੇ ਮੈਨੂੰ ਉਸ ਸ਼ਾਮ ਪੁੱਛਿਆ ਕਿ ਸ਼ੀਸ਼ੇ ਤੇ ਇਹ ਕਿਉਂ ਲਿਖਿਆ। ਮੇਰੇ ਕੋਲ ਕੋਈ ਜਵਾਬ ਨਹੀਂ ਸੀ।
ਵਿਮਲ ਕੀਰਤੀ ਚੁੱਪ ਕਰ ਗਿਆ ਤੇ ਅੱਖਾਂ ਬੰਦ ਕਰਕੇ ਕੁਰਸੀ ਦੀ ਢੋਅ ਨਾਲ ਸਿਰ ਲਗਾ ਕੇ ਬੈਠ ਗਿਆ।
ਮੈਂ ਫਿਰ ਵਿਮਲ ਨੂੰ ਪੁੱਛਿਆ ਕੀ ਹੁਣ ਤੁਹਾਡੀ ਜ਼ਿੰਦਗੀ 'ਚ ਕੋਈ ਔਰਤ ਹੈ। ਤਾਂ ਉਸ ਨੇ ਕਿਹਾ : ਹਾਂ ਬਹੁਤ ਨੇ ਪਰ ਜ਼ਿਆਦਾ ਨਜ਼ਦੀਕ ਦੋ ਨੇ .... ਕੀਰਾ ਅਤੇ ਸਾਫ਼ੀਆ ਬੇਗ ਪਰ ਇਨ੍ਹਾਂ ਨੂੰ ਮੈਂ ਪਿਆਰ ਨਹੀਂ ਕਰਦਾ। ਇਹ ਜੋ ਵੀ ਕਹਿੰਦੀਆਂ ਨੇ ਮੈਂ ਪੱਥਰ ਬਣ ਕੇ ਸੁਣਦਾ ਰਹਿੰਦਾ ਹਾਂ। ਇਨ੍ਹਾਂ ਨਾਲ ਗੱਲ ਕਰਦੇ ਮੇਰਾ ਦਿਲ ਤੇਜੀ ਨਾਲ ਨਹੀਂ ਧੜਕਦਾ। ਇਨ੍ਹਾਂ ਸਬੰਧਾਂ ਵਿੱਚ ਲੱਗਦਾ ਕਿ ਜਿਵੇਂ ਜਾਨ ਨਹੀਂ ਹੈ।
ਇਨਾਂ ਬਾਰੇ ਫੇਰ ਕਿਸੇ ਦਿਨ ਗੱਲ ਕਰਾਂਗੇ। ਇਹ ਕਹਿ ਕੇ ਵਿਮਲ ਕੀਰਤੀ ਉੱਠ ਕੇ ਚਲਾ ਗਿਆ।
**
**
ਮੈਂ ਆਪਣੇ ਮੈਡੀਟੇਸ਼ਨ ਸੈਂਟਰ ਤੇ ਹਾਂ :-
ਅੱਜ ਸਿੰਮੂ ਆਈ ਹੈ। ਓਹੀ ਅਚਾਰ ਵਾਲਿਆਂ ਦੀ ਕੁੜੀ। ਜਿਸ ਦੇ ਪਾਪਾ ਦੀ ਅਚਾਰ ਦੀ ਫੈਕਟਰੀ ਹੈ। ਉਹ ਮੇਰੇ ਸਾਹਮਣੇ ਬੈਠੀ ਖਾਣਾ ਖਾ ਰਹੀ ਹੈ। ਮੈਂ ਉਸ ਨੂੰ ਵੇਖ ਰਿਹਾ ਹਾਂ ਤੇ ਨੇ ਇੱਕ ਕਿਤਾਬ ਪੜ੍ਹ ਰਿਹਾ ਹਾਂ। ਉਹ ਜਲਦੀ ਆ ਗਈ ਸੀ। ਕਰੀਬ 10 ਕੁ ਵਜੇ। ਮੈਂ ਉਸ ਨੂੰ ਬਹੁਤ ਵਾਰ ਕਿਹਾ ਕਿ ਗਿਆਰਾਂ ਵਜੇ ਆਇਆ ਕਰੋ। ਕਹਿੰਦੀ ਮੇਰੇ ਸਵੇਰੇ ਸਵੇਰੇ ਹੀ ਗੱਲਾਂ ਯਾਦ ਰਹਿੰਦੀਆਂ ਦੁਪਹਿਰ ਤੋਂ ਬਾਅਦ ਸਭ ਭੁੱਲ ਜਾਂਦੀ ਹਾਂ। ਮੈਂ ਜੋ ਸ਼ੇਅਰ ਕਰਨਾ ਹੁੰਦਾ ਉਹ ਰਹਿ ਜਾਂਦਾ।
ਅੱਜ ਜਦੋਂ ਉਹ ਆਈ ਤਾਂ ਮੈਡੀਟੇਸ਼ਨ ਸੈਂਟਰ ਤੋਂ ਉਸ ਨੇ ਕਾਲ ਕਰਕੇ ਮੈਨੂੰ ਬੁਲਾ ਗਿਆ। ਮੇਰਾ ਘਰ ਸੈਂਟਰ ਦੇ ਬਿਲਕੁਲ ਨਾਲ ਹੈ। ਜਦੋਂ ਮੈਂ ਜਾ ਕੇ ਪੁੱਛਿਆ ਕਿਵੇਂ ਏਨੀ ਜਲਦੀ ਤਾਂ ਕਹਿੰਦੀ ਬੈਠੋ। ਮੇਰੇ ਬੈਠਣ ਬਾਅਦ ਉਸ ਨੇ ਪੰਦਰਾਂ ਸੌ ਰੁਪਏ ਆਪਣੀ ਜੀਨ ਦੀ ਜੇਬ 'ਚੋਂ ਕੱਢ ਕੇ ਮੇਰੇ ਸਾਹਮਣੇ ਰੱਖੇ ਤੇ ਕਿਹਾ ਇਹ ਤੁਹਾਡੀ ਫੀਸ, ਇਹ ਪਹਿਲਾਂ ਹੀ ਲੈ ਲਵੋ। ਨਹੀਂ ਤਾਂ ਮੈਂ ਠੀਕ ਤਰ੍ਹਾਂ ਗੱਲ ਨਹੀਂ ਕਰ ਸਕਾਂਗੀ। ਮੇਰਾ ਸਾਰਾ ਧਿਆਨ ਇਸ ਗੱਲ 'ਚ ਰਹਿੰਦਾ, ਕਿ ਜਾਂਦੇ ਹੋਏ ਕਿਤੇ ਮੈਂ ਕੋਈ ਇਮੋਸ਼ਨਲ ਗੱਲ ਕਰਕੇ ਰੋ ਰਹੀ ਹੋਵਾਂ ਤੇ ਤੁਸੀਂ ਮੈਨੂੰ ਚੁੱਪ ਕਰਵਾ ਰਹੇ ਹੋਵੋ ਤੇ ਇਸੇ ਵਿੱਚ ਮੈਂ ਪੈਸੇ ਦੇਣੇ ਭੁੱਲ ਜਾਵਾਂ ਤੇ ਚਲੀ ਜਾਵਾਂ।
ਇਹ ਕਹਿ ਕੇ ਉਹ ਹੱਸ ਪਈ ਤੇ ਕਹਿਣ ਲੱਗੀ। ਤੁਹਾਡਾ ਕੰਮ ਵਧੀਆ ਤੁਹਾਨੂੰ ਤਾਂ ਗੱਲਾਂ ਕਰਨ ਦੇ ਪੈਸੇ ਮਿਲਦੇ ਆ। ਉਸ ਤੋਂ ਬਾਅਦ ਉਸ ਨੇ ਕਿਹਾ ਮੈਂ ਨਾਸ਼ਤਾ ਨਹੀਂ ਕੀਤਾ। ਮੇਰੇ ਲਈ ਪਰੌਂਠਾ ਮੰਗਵਾ ਕੇ ਦਿਓ ਪਲੀਜ਼।
ਮੈਂ ਉਸ ਲਈ ਦੋ ਪਰੌਂਠੇ ਮੰਗਵਾਏ। ਕਹਿੰਦੀ ਦੋ ਕੀ ਕਰਨੇ ਸੀ। ਪਹਿਲਾਂ ਮੇਰਾ ਵੇਟ ਨਹੀਂ ਘਟ ਰਿਹਾ। ਮੈਂ ਕਿਹਾ ਨਹੀਂ। ਹਾਲੇ ਤੁਹਾਡੀ ਉਮਰ ਜ਼ਿਆਦਾ ਖਾਣ ਦੀ ਹੈ। ਪਤਾ ਨਹੀਂ ਤੁਸੀਂ ਕਿੰਨੇ ਬੁਆਏ ਫਰੈਂਡਜ਼ ਨਾਲ ਲੜਾਈ ਕਰਨੀ ਹੈ, ਤੁਹਾਨੂੰ ਤਕੜੇ ਹੋਣਾ ਚਾਹੀਦਾ। ਇਹ ਸੁਣ ਕੇ ਉਹ ਹੱਸਣ ਲੱਗੀ।
ਫੇਰ ਆਪਣੇ ਬੁਆਏ ਫਰੈਂਡ ਬਾਰੇ ਸੋਚ ਕੇ ਕਹਿੰਦੀ : ਹਾਏ.. ਜੇ ਉਹ ਚੰਦਰਾ ਵੀ ਮੇਰਾ ਏਨਾ ਖਿਆਲ ਰੱਖਦਾ ਹੁੰਦਾ ਤਾਂ ਕੱਲ੍ਹ ਮੇਰੇ ਤੋਂ ਚਪੇੜ ਨਾ ਖਾਂਦਾ।
ਏਨਾ ਕਹਿ ਕੇ ਉਹ ਫੇਰ ਹੱਸ ਪਈ।
ਸੋ, ਹੁਣ ਉਹ ਪਰੌਂਠਾ ਖਾ ਰਹੀ ਹੈ। ਇਸ ਤੋਂ ਬਾਅਦ ਉਹ ਚਾਹ ਪੀਵੇਗੀ। ਫਿਰ ਮੈਨੂੰ ਆਪਣੇ ਬੁਆਏ ਫਰੈਂਡ ਦੀਆਂ ਗੱਲਾਂ ਸੁਣਾਏਗੀ। ਆਪਣੇ ਪਾਪਾ ਦੀਆਂ ਸ਼ਿਕਾਇਤਾਂ ਲਗਾਏਗੀ। ਫੇਰ ਰੋਵੇਗੀ ਤੇ ਚਲੀ ਜਾਵੇਗੀ।
ਉਸ ਦਾ ਹਰ ਵਾਰ ਦਾ ਏਹੀ ਕੰਮ ਹੈ। ਉਸ ਦੀਆਂ ਬਹੁਤ ਗੱਲਾਂ ਤੇ ਰਿਐਕਸ਼ਨ ਮੈਨੂੰ ਯਾਦ ਹੋ ਚੁੱਕੇ ਨੇ। ਮੈਨੂੰ ਪਤਾ ਹੁੰਦਾ ਕਿ ਕਿਸ ਗੱਲ ਤੇ ਉਹ ਕੀ ਕਹੇਗੀ।
ਖਾਣਾ ਖਾਣ ਬਾਅਦ ਉਸ ਨੇ ਦੱਸਿਆ ਕਿ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਾਪਾ ਨੂੰ ਮੇਰੇ ਮੰਮਾ ਤੋਂ ਮੇਰੇ ਰਿਲੇਸ਼ਨ ਬਾਰੇ ਥੋੜ੍ਹਾ ਜਿਹਾ ਪਤਾ ਲੱਗਿਆ ਤਾਂ ਉਹਨਾਂ ਦਾ ਰਿਐਕਸ਼ਨ ਪਾਜ਼ਟਿਵ ਨਹੀਂ ਸੀ।
ਦੂਸਰੀ ਗੱਲ ਜਿਹੜੀ ਮਨ ਦੁਖੀ ਕਰਨ ਵਾਲੀ ਸੀ। ਜੋ ਉਸ ਨੇ ਪਹਿਲਾਂ ਮੇਰੇ ਨਾਲ ਸ਼ੇਅਰ ਨਹੀਂ ਕੀਤੀ ਕਿ ਉਸ ਦੇ ਪਾਪਾ ਸਾਈਕੀ ਦੇ ਪੇਸ਼ੈਂਟ ਹਨ। ਇਹ ਲਗਾਤਾਰ ਕਰੀਬਨ ਵੀਹ ਸਾਲ ਤੋਂ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਹਨ।
ਉਸ ਨੇ ਕਿਹਾ ਕਿ ਹੁਣ ਉਹਨਾਂ ਦਾ ਵੇਟ ਵੀ ਵਧ ਰਿਹਾ ਹੈ ਤੇ ਨੀਂਦ ਘਟ ਰਹੀ ਹੈ। ਕੰਮ ਬਹੁਤ ਜ਼ਿਆਦਾ ਰਹਿੰਦਾ ਹੈ। ਹੁਣ ਸਾਡੀ ਫ਼ੈਕਟਰੀ ਦਾ ਅਚਾਰ ਜ਼ਿਆਦਾ ਮਾਤਰਾ 'ਚ ਐਕਸਪੋਰਟ ਵੀ ਹੋਣ ਲੱਗਿਆ ਹੈ ਪਰ ਪਾਪਾ ਦੀ ਤਬੀਅਤ ਲਗਾਤਾਰ ਵਿਗੜ ਰਹੀ ਹੈ। ਕਈ ਵਾਰ ਏਦਾਂ ਹੁੰਦਾ ਜਿਵੇਂ ਡਿਪਰੈਸ਼ਨ ਦਾ ਦੌਰਾ ਪਿਆ ਹੋਵੇ। ਮੈਂ ਉਹਨਾਂ ਨੂੰ ਤੁਹਾਡੇ ਕੋਲ ਆਉਣ ਲਈ ਕਿਹਾ ਸੀ ਪਰ ਉਹ ਮਨ੍ਹਾਂ ਕਰਦੇ ਹਨ। ਉਹ ਵੀਹ ਸਾਲ ਤੋਂ ਇੱਕੋ ਡਾਕਟਰ ਤੋਂ ਦਵਾਈ ਲੈ ਰਹੇ ਹਨ। ਕੱਲ੍ਹ ਉਹਨਾਂ ਨੇ ਚਾਕੂ ਨਾਲ ਆਪਣਾ ਹੱਥ ਕੱਟ ਲਿਆ ਸੀ। ਅੱਧੀ ਰਾਤ ਦਾ ਟਾਈਮ ਸੀ। ਮੰਮਾ ਨੇ ਵੇਖ ਲਿਆ ਉਹਨਾਂ ਦੇ ਸਾਰੇ ਕੱਪੜੇ ਖੂਨ ਨਾਲ ਲੱਥ ਪੱਥ ਸਨ। ਰਾਤ ਨੂੰ ਡਾਕਟਰ ਦੇ ਜਾਣਾ ਪਿਆ ਅੱਜ ਸੁਭਾ ਉਹਨਾਂ ਨੂੰ ਘਰ ਲਿਆਂਦਾ ਹੈ।
ਮੈਨੂੰ ਪਤਾ ਹੈ, ਓਹਨਾਂ ਨੇ ਮੇਰੀ ਲਵ ਮੈਰਿਜ ਲਈ ਕਦੀ ਵੀ ਹਾਂ ਨਹੀਂ ਕਰਨੀ, ਨਾ ਹੀ ਉਹ ਮੇਰੇ ਮੁਤਾਬਿਕ ਇਲਾਜ ਲੈਣ ਲਈ ਰਾਜੀ ਹਨ। ਫੈਕਟਰੀ ਦਾ ਸਟਾਫ
ਓਹਨਾਂ ਦੀ ਬਹੁਤ ਇੱਜ਼ਤ ਕਰਦਾ। ਹੋਰਨਾਂ ਲੋਕਾਂ ਨਾਲ ਉਹਨਾਂ ਦਾ ਵਤੀਰਾ ਹਮੇਸ਼ਾ ਬਹੁਤ ਚੰਗਾ ਰਹਿੰਦਾ, ਪਰ ਮੇਰੇ ਕੋਲ ਉਹ ਇਕਦਮ ਅਜੀਬ ਵਿਵਹਾਰ ਕਰਦੇ ਨੇ, ਗੁੱਸੇ ਨਾਲ ਭਰੇ ਹੋਏ ਜਾਂ ਖਿਝੇ ਹੋਏ ਦਿਸਦੇ ਨੇ। ਬਹੁਤੇ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਪਤਾ। ਉਹਨਾਂ ਨੇ ਬਿਮਾਰੀ ਕਾਰਨ ਆਪਣੀ ਜ਼ਿੰਦਗੀ ਨੂੰ ਕਿੰਨੀ ਔਖੀ ਬਣਾ ਲਿਆ ਹੈ। ਵਾਰ ਵਾਰ ਹੱਥ ਧੋਂਦੇ ਹਨ। ਲਾਈਟ ਆਫ਼ ਕਰਨ ਬਾਅਦ ਸਵਿੱਚ ਨੂੰ ਵਾਰ ਵਾਰ ਚੈੱਕ ਕਰਦੇ ਨੇ। ਨੀਂਦ ਨਹੀਂ ਆਉਂਦੀ ਤਾਂ ਵਾਰ ਵਾਰ ਉੱਠ ਕੇ ਬੈਠ ਜਾਂਦੇ ਆ। ਖਾਣਾ ਖਾਣ ਲੱਗੇ ਓਹਨਾਂ ਦੇ ਹੱਥ ਕੰਬਦੇ ਹਨ। ਮੈਨੂੰ ਬਹੁਤ ਡਰ ਲੱਗਦਾ ਕਈ ਵਾਰ।
ਇਹ ਸਭ ਸੁਣਨ ਬਾਅਦ ਮੈਂ ਸਿੰਮੂ ਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਡਾਕਟਰ ਰਾਜਨ ਕੋਲ ਵਿਖਾਵਾਂਗੇ। ਉਹ ਬਰੇਨ ਦੇ ਡਾਕਟਰ ਹਨ। ਉਹ ਹੁਣ ਕੌਂਸਲਿੰਗ ਨਾਲ ਠੀਕ ਹੋਣ ਦੀ ਹਾਲਤ ਵਿੱਚ ਨਹੀਂ ਹਨ ਪਰ ਸਿੰਮੂ ਨੇ ਕਿਹਾ ਉਹ ਟਰੀਟਮੈਂਟ ਲੈਣ ਲਈ ਰਾਜ਼ੀ ਨਹੀਂ ਹੋਣਗੇ ਤਾਂ ਮੈਂ ਕਿਹਾ ਇਸ ਦਾ ਹੱਲ ਮੈਂ ਲੱਭ ਲਵਾਂਗਾ।
ਇਸ ਤੋਂ ਬਾਅਦ ਸਿੰਮੂ ਚਲੀ ਗਈ।
**
**
ਮੇਰੇ ਕੋਲ ਸਲਾਹ ਲਈ ਆਉਂਦੇ ਬਹੁਤ ਲੋਕਾਂ ਵਿੱਚੋਂ ਕੇਵਲ ਵਿਮਲ ਕੀਰਤੀ ਹੀ ਮੇਰੇ ਹਮੇਸ਼ਾ ਯਾਦ ਰਹਿੰਦਾ ਹੈ। ਇਸ ਬੰਦੇ ਨੂੰ ਮਿਲਦਿਆਂ ਜਾਂ ਯਾਦ ਕਰਦਿਆਂ ਹਮੇਸ਼ਾ ਮਹਿਸੂਸ ਹੁੰਦਾ ਕਿ ਇਸ ਲਈ ਕੁਝ ਕੀਤਾ ਜਾਵੇ। ਉਸ ਦੀ ਸ਼ਖ਼ਸੀਅਤ ਹੀ ਇਸ ਤਰ੍ਹਾਂ ਦੀ ਹੈ। ਕਿ ਸਿਰਫ਼ ਉਸ ਬਾਰੇ ਥੋੜ੍ਹਾ ਜਿਹਾ ਜਾਣ ਲੈਣ ਨਾਲ ਹੀ, ਉਸ ਨਾਲ ਬਹੁਤੇ ਲੋਕਾਂ ਨੂੰ ਅਥਾਹ ਪਿਆਰ ਹੋ ਜਾਂਦਾ ਹੈ ਜਾਂ ਬਹੁਤ ਨਫ਼ਰਤ ਹੋ ਜਾਂਦੀ ਹੈ। ਇਹ ਪਤਾ ਨਹੀਂ ਕਿਉਂ ਹੁੰਦਾ। ਮੈਂ ਉਸ ਨੂੰ ਪੁੱਛਿਆ ਸੀ ਇੱਕ ਦਿਨ।
ਉਸ ਨੇ ਬੜਾ ਖੂਬਸੂਰਤ ਜਵਾਬ ਮੈਨੂੰ ਇਸ ਬਾਰੇ ਦਿੱਤਾ ਸੀ।
ਉਸ ਨੇ ਕਿਹਾ ਕਿ ਜਦੋਂ ਵੀ ਕਦੇ ਕੋਈ ਆਦਮੀ ਖ਼ਾਸ ਕਰ ਕਲਾ ਜਾਂ ਅਧਿਆਤਮ ਦੇ ਖੇਤਰ ਵਿੱਚ ਉੱਪਰ ਉੱਠਦਾ ਹੈ ਤਾਂ ਬਹੁਤ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਉਸ ਦੇ ਕੀਤੇ ਹੋਏ ਕੰਮ ਜਾਂ ਕਲਾ ਵਿੱਚ ਕਿਸੇ ਪ੍ਰਾਪਤੀ ਕਰਕੇ ਪਿਆਰ ਜਾਂ ਨਫ਼ਰਤ ਕੀਤੀ ਜਾ ਰਹੀ ਹੈ। ਦਰਅਸਲ ਏਦਾਂ ਨਹੀਂ ਹੁੰਦਾ। ਜਦੋਂ ਕੋਈ ਤੁਹਾਨੂੰ ਪਿਆਰ ਕਰਦਾ ਹੈ ਤਾਂ ਬਹੁਤੇ ਵਾਰ ਇਹ ਬਿਨਾ ਕਿਸੇ ਵੀ ਬਾਹਰੀ ਤੌਰ ਤੇ ਦਿਸਣ ਵਾਲੇ ਕਾਰਨ ਕਰਕੇ ਹੁੰਦਾ ਹੈ। ਹੁੰਦਾ ਅਸਲ ਵਿੱਚ ਇਹ ਹੈ ਕਿ ਤੁਸੀਂ ਜੋ ਅੰਦਰੋਂ ਹੋ। ਸਾਹਮਣੇ ਵਾਲੇ ਦਾ ਅੰਦਰ ਇਸ ਨੂੰ ਪਹਿਚਾਣ ਲੈਂਦਾ ਹੈ। ਭਾਵੇਂ ਜਦੋਂ ਇਹ ਘਟਨਾ ਘਟਦੀ ਹੈ ਤਾਂ ਜਿਨ੍ਹਾਂ ਦੋ ਮਨੁੱਖਾਂ ਦੇ ਵਿਚਾਲੇ ਇਹ ਹੋ ਰਿਹਾ ਹੁੰਦਾ ਉਹਨਾਂ ਨੂੰ ਵੀ ਇਸ ਬਾਰੇ ਸੁਚੇਤ ਤੌਰ ਤੇ ਪਤਾ ਨਹੀਂ ਹੁੰਦਾ। ਉਦੋਂ ਦੋ ਐਨਰਜੀਆਂ ਇੱਕ ਦੂਸਰੇ ਨੂੰ ਖਿੱਚਦੀਆਂ ਹਨ। ਪਰ ਜਦੋਂ ਕੋਈ ਕਿਸੇ ਨੂੰ ਸਵੀਕਾਰ ਨਹੀਂ ਕਰ ਰਿਹਾ ਹੁੰਦਾ। ਉਦੋਂ ਮਨ ਆਪਣਾ ਕੰਮ ਕਰ ਰਿਹਾ ਹੁੰਦਾ, ਤੇ ਮਨ ਤਾਂ ਹੈ ਹੀ ਚੋਰ। ਇਸ 'ਚ ਹਜ਼ਾਰਾ ਐਬ ਸਮਾਏ ਹੋਏ ਹੁੰਦੇ ਨੇ।
ਮੈਨੂੰ ਸਰਮਦ ਫਕੀਰ ਯਾਦ ਆਉਂਦਾ ਹੈ। ਜਿਸ ਦਾ ਔਰੰਗਜੇਬ ਨੇ ਦਿੱਲੀ ਦੀ ਜਾਮਾ ਮਸਜਿਦ ਵਿੱਚ ਸਿਰ ਉਤਰਵਾ ਦਿੱਤਾ ਸੀ। ਉਹ ਕੱਪੜੇ ਨਹੀਂ ਸੀ ਪਾਉਂਦਾ ਯਹੂਦੀ ਸੀ। ਬਾਹਰੋਂ ਆਇਆ ਸੀ। ਇੰਡੀਆ ਆ ਕੇ ਫਕੀਰ ਹੋ ਗਿਆ। ਮਸਜਿਦ ਦੀਆਂ ਪੌੜੀਆਂ ਵਿੱਚ ਨੰਗਾ ਪਿਆ ਰਹਿੰਦਾ ਸੀ। ਲੱਖਾਂ ਲੋਕ ਉਸ ਨੂੰ ਮੱਥਾ
ਟੇਕਦੇ ਸਨ। ਜਦੋਂ ਉਸ ਦਾ ਸਿਰ ਉਤਾਰਿਆ ਗਿਆ ਤਾਂ ਔਰੰਗਜ਼ੇਬ ਨੂੰ ਮਹੀਨਿਆਂ ਬੱਧੀ ਦਿੱਲੀ ਵਿੱਚ ਫੌਜ ਲਗਾ ਕੇ ਰੱਖਣੀ ਪਈ ਕਿ ਲੋਕ ਬਗਾਵਤ ਨਾ ਕਰ ਦੇਣ। ਸਰਮਦ ਲੋਕਾਂ ਨੂੰ ਕੁਝ ਨਹੀਂ ਸੀ ਦਿੰਦਾ। ਉਹ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਸੀ ਕਰਦਾ ਪਰ ਸਭ ਨੂੰ ਮਹਿਸੂਸ ਹੁੰਦਾ ਸੀ ਕਿ ਕੁਝ ਹੈ।
ਇਹੀ ਉਹ ਚੀਜ਼ ਹੈ। ਜਿਸ ਨੂੰ ਲੋਕ ਸਿਰ ਝੁਕਾਉਂਦੇ ਹਨ। ਕੁਦਰਤ ਦੀ ਕੋਈ ਬਖਸ਼ਿਸ਼ ਕੋਈ ਅਦਭੁਤ ਚੀਜ਼ ਜੋ ਮਨੁੱਖ ਦੇ ਅੰਤਸ ਵਿੱਚ ਟਿਕੀ ਰਹਿੰਦੀ ਹੈ।
ਮੈਂ ਅੰਦਰੋਂ ਚੰਗਾ ਹਾਂ। ਮੇਰੇ ਅੰਦਰ ਕੁਝ ਮੈਂ ਮਹਿਸੂਸ ਕਰਦਾ ਹਾਂ। ਜੋ ਬੜਾ ਸਕੂਨ ਭਰਿਆ ਤੇ ਅਦਭੁੱਤ ਹੈ। ਉਸੇ ਕਰਕੇ ਹੀ ਲੋਕ ਮੈਨੂੰ ਪਿਆਰ ਕਰਦੇ ਹਨ ਪਰ ਹੁਣ ਉਹ ਚੀਜ਼ ਟੁੱਟ ਗਈ ਹੈ। ਉਹ ਅੰਦਰ ਜੋ ਦੂਧੀਆ ਰੰਗ ਦੀ ਇੱਕ ਲਾਟ ਮੈਂ ਫ਼ੀਲ ਕਰਦਾ ਸੀ। ਡਿਸਟਰਬ ਹੋ ਗਈ ਹੈ। ਉਸ ਨੂੰ ਟਿਕਣ ਲਈ ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗਣਾ। ਸ਼ਾਇਦ ਇਹ ਪੂਰਾ ਜਨਮ।
ਵਿਮਲ ਕੀਰਤੀ ਦੀਆਂ ਇਹ ਗੱਲਾਂ ਯਾਦ ਕਰਦੇ ਹੋਏ ਮੈਂ ਸੋਚ ਰਿਹਾ ਸੀ ਜਦੋਂ ਉਹ ਹੁਣ ਆਇਆ ਤਾਂ ਉਸ ਤੋਂ ਜ਼ਰੂਰ ਕੁਝ ਗੱਲਾਂ ਪੁੱਛਣੀਆਂ ਹਨ। ਇੱਕ ਤਾਂ ਇਹ ਕਿ ਕੀਰਾ ਤੇ ਸਾਫ਼ੀਆ ਬੇਗ਼ ਕੌਣ ਹਨ। ਦੂਸਰਾ ਉਹ ਕਿਹੜੀ ਗੱਲ ਹੈ ਜਿਹੜੀ ਉਸ ਨੂੰ ਖਾਂਦੀ ਹੈ ਤੇ ਜਿਹੜੀ ਉਹ ਕਦੇ ਵੀ ਕਿਸੇ ਨੂੰ ਕਹਿ ਨਹੀਂ ਸਕਿਆ।
ਮੈਂ ਹਾਲੇ ਇਹ ਸੋਚ ਹੀ ਰਿਹਾ ਸੀ ਕਿ ਵਿਮਲ ਕੀਰਤੀ ਦਾ ਮੈਸੇਜ ਆਇਆ ਕਿ ਉਹ ਕਾਫ਼ੀ ਦਿਨਾਂ ਲਈ ਕੇਰਲਾ ਜਾ ਰਿਹਾ ਹੈ।
ਤਾਂ ਮੈਂ ਕਿਹਾ ਕਿ ਆਪਣੀ ਮਾਨਸਿਕ ਹਾਲਤ ਬਾਰੇ ਮੈਨੂੰ ਦੱਸਦੇ ਰਹਿਣਾ। ਉਸ ਨੇ ਜਵਾਬ ਦਿੱਤਾ ਮੈਂ ਜੋ ਵੀ ਸੋਚਾਂਗਾ ਰੋਜ਼ ਆਪਣੇ ਬਲਾਗ ਵਿੱਚ ਲਿਖਦਾ ਰਹਾਂਗਾ। ਜੋ ਵੀ ਮਨ 'ਚ ਆਵੇਗਾ ਨਾਲ ਦੀ ਨਾਲ ਖ਼ਾਲੀ ਕਰਦਾ ਰਹਾਂਗਾ।
**