ਉਸ ਨੇ ਸੁਰਮੇ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ, ਫਿਰ ਉਸ ਦੇ ਲਹੂ ਰੰਗੀ ਲਿਪਸਟਿਕ ਨਾਲ ਸਨੇ ਹੋਏ ਪਤਲੇ ਲਾਲ-ਸੁਰਖ਼ ਬੁੱਲ ਹਿੱਲੇ ਤੇ ਉਸ ਨੇ ਕਿਹਾ :
ਔਰਤ ਕੋਲ ਇੱਕ ਵਡੱਪਣ ਹੈ ਪਰ ਤੁਸੀਂ ਔਰਤ ਦੇ ਵਡੱਪਣ ਨੂੰ ਅਧੂਰਾ ਸਵੀਕਾਰ ਕੀਤਾ; ਤੁਸੀਂ ਸਵੀਕਾਰ ਕੀਤਾ ਕਿ ਔਰਤ ਆਦਮੀ ਤੋਂ ਵੱਡੀ ਹੈ ਕਿਉਂਕਿ ਆਦਮੀ ਉਸ ਚੋਂ ਪੈਦਾ ਹੁੰਦਾ ਪਰ ਔਰਤ ਦਾ ਸਿਰਫ਼ ਸਬਰ ਹੀ ਆਦਮੀ ਤੋਂ ਵੱਡਾ ਨਹੀਂ ਹੁੰਦਾ ਉਸ ਦੀ ਈਗੋ ਵੀ ਆਦਮੀ ਤੋਂ ਵੱਡੀ ਹੁੰਦੀ ਹੈ।
: ਵਿਮਲ ਕੀਰਤੀ
ਇਹ ਕਿਤਾਬ ਇਸ ਤੋਂ ਅਗਲੇ ਪੇਜ ਤੋਂ ਹੀ ਸ਼ੁਰੂ ਹੁੰਦੀ ਹੈ। ਇਸ ਦਾ ਕੋਈ ਮੁੱਖ- ਬੰਧ ਨਹੀਂ ਹੈ। ਕੋਈ ਭੂਮਿਕਾ ਨਹੀਂ, ਇਸ ਕਿਤਾਬ ਨੂੰ ਲਿਖਦਿਆਂ ਮੈਂ ਇਹ ਖ਼ਿਆਲ ਨਹੀਂ ਕੀਤਾ ਕਿ ਇਹ ਕਿਹੜੀ ਵਿਧਾ ਵਿੱਚ ਲਿਖੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਕਈ ਵਾਰ ਅਜਿਹੀਆਂ ਸਥਿਤੀਆਂ ਵਿੱਚੋਂ ਲੰਘਦੀ ਹੈ ਕਿ ਸਾਰੀਆਂ ਵਿਧਾਵਾਂ ਤੋਂ ਬਾਹਰ ਹੋ ਜਾਂਦੀ ਹੈ ਤੇ ਇਸ ਵਿਧਾ ਦਾ ਨਾਮ ਸ਼ਾਇਦ ਲਾਈਫ਼ ਹੋਣਾ ਚਾਹੀਦਾ। ਜ਼ਿੰਦਗੀ ਕਹਾਣੀ ਹੈ ਅਤੇ ਇਸ ਕਹਾਣੀ ਵਿੱਚ ਅਨੇਕਾਂ ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਕਹਾਣੀ ਕਦੇ ਵੀ ਵਿਗੜ ਸਕਦੀ ਹੈ। ਕਦੇ ਵੀ ਬਦਲ ਸਕਦੀ ਹੈ। ਜ਼ਿੰਦਗੀ ਬੜੀ ਅਚਾਨਕ ਜਿਹੀ ਚੀਜ਼ ਹੈ। ਅੱਜ ਕਿਸੇ ਨੂੰ ਲਾਟਰੀ ਨਿਕਲ ਸਕਦੀ ਹੈ। ਕੱਲ੍ਹ ਉਸੇ ਆਦਮੀ ਦਾ ਐਕਸੀਡੈਂਟ ਵੀ ਹੋ ਸਕਦਾ ਹੈ।
ਸਭ ਅਚਾਨਕ ਹੀ ਹੁੰਦਾ ਹੈ। ਬਸ ਕੁਝ ਅਚਾਨਕ ਇਸ ਤਰ੍ਹਾਂ ਦੇ ਹੁੰਦੇ ਹਨ। ਜਿਨ੍ਹਾਂ ਦਾ ਭੇਤ ਅਚਾਨਕ ਦੇ ਘਟਣ ਤੋਂ ਕੁਝ ਸਮਾਂ ਪਹਿਲਾਂ ਖੁੱਲ੍ਹ ਜਾਂਦਾ ਹੈ।
ਨਮਨ
ਯੋਗ ਮਾਰਗ ਆਦਮੀ ਤੇ ਔਰਤ ਲਈ ਬਰਾਬਰ ਰੂਪ ਵਿੱਚ ਉਪਲੱਬਧ ਹੈ। ਆਦਮੀ ਤੇ ਔਰਤਾਂ ਉਸ 'ਤੇ ਚੱਲਦੇ ਰਹਿੰਦੇ ਹਨ। ਜਿੰਨੀਆਂ ਔਰਤਾਂ ਇਸ ਮਾਰਗ 'ਤੇ ਚੱਲੀਆਂ, ਉਹਨਾਂ ਵਿੱਚੋਂ ਬਹੁਤ ਘੱਟ ਪਹੁੰਚ ਸਕੀਆਂ। ਕਸ਼ਮੀਰੀ ਰਹੱਸਮਈ ਭਗਤਣੀ/ ਸੰਤ, ਲੱਲਾ ਇਨ੍ਹਾਂ ਵਿਲੱਖਣ ਔਰਤਾਂ 'ਚੋਂ ਇੱਕ ਹੈ।
ਲੱਲਾ ਦੀ ਵਿਲੱਖਣਤਾ ਇਹ ਹੈ ਕਿ ਪੂਰਾ ਜਨਮ ਨਗਨ ਰਹੀ। ਪੂਰੇ ਵਿਸ਼ਵ ਵਿੱਚ ਇੱਕੋ ਇੱਕ ਸੰਤ ਔਰਤ ਹੈ, ਜੋ ਬਜ਼ਾਰਾਂ ਵਿੱਚ ਨਗਨ ਘੁੰਮਦੀ ਸੀ। ਉਹ ਵੀ ਅੱਜ ਤੋਂ ਸੱਤ-ਅੱਠ ਸੌ ਸਾਲ ਪਹਿਲਾਂ। ਜਦੋਂ ਕਿ ਇਹ ਨਾ-ਮੁਮਕਿਨ ਸੀ । ਇਸੇ ਲਈ ਕਸ਼ਮੀਰੀ ਲੋਕ ਆਖਦੇ ਹਨ ਅਸੀਂ ਦੋ ਹੀ ਨਾਮ ਜਾਣਦੇ ਹਾਂ, ਇੱਕ ਅੱਲਾ ਤੇ ਦੂਸਰਾ ਲੱਲਾ।
ਚੌਦਵੀਂ ਸਦੀ ਦੀ ਗੱਲ ਹੈ। ਲੱਲਾ ਯੋਗੇਸ਼ਵਰੀ ਦਾ ਬਾਲ-ਵਿਆਹ ਹੋਇਆ। ਪਤੀ ਤੇ ਮਤਰੇਈ ਸੱਸ ਦਾ ਅੱਤਿਆਚਾਰ ਉਸ ਨੂੰ ਪਾਗਲਪਣ ਤੱਕ ਲੈ ਆਇਆ। ਇਹੀ ਤਕਲੀਫ਼ ਆਤਮ-ਖੋਜ ਦਾ ਕਾਰਨ ਬਣੀ।
ਬਜ਼ਾਰ ਵਿੱਚ ਨਿਰਵਸਤਰ ਘੁੰਮਦਿਆਂ, ਕੁਝ ਲੋਕਾਂ ਨੇ ਲੱਲਾ ਨੂੰ ਕਿਹਾ ਕਿ ਇੱਕ ਔਰਤ ਦਾ ਇਸ ਤਰ੍ਹਾਂ ਘੁੰਮਣਾ ਚੰਗਾ ਨਹੀਂ ਲੱਗਦਾ ਤਾਂ ਉਸ ਸਮੇਂ ਲੱਲਾ ਨੇ ਆਪਣੇ ਪੇਟ ਦਾ ਮਾਸ ਖਿੱਚ ਕੇ ਨੀਚੇ ਵੱਲ ਕੀਤਾ ਤੇ ਆਪਣਾ ਨੰਗੇਜ਼ ਢਕ ਲਿਆ ਤੇ ਆਪਣੀ ਛਾਤੀ ਆਪਣੇ ਵਾਲਾਂ ਨਾਲ ਢਕ ਲਈ। ਉਸ ਸਮੇਂ ਦੀ ਭਾਸ਼ਾ ਵਿੱਚ ਪੇਟ ਦੇ ਮਾਸ ਨੂੰ ਲੱਲਾ ਕਿਹਾ ਜਾਂਦਾ ਸੀ । ਇਸ ਤਰ੍ਹਾਂ ਉਹ ਪਦਮਾਵਤੀ ਤੋਂ ਲੱਲਾ ਬਣ ਗਈ।
ਲੱਲਾ ਦੀ ਬਾਣੀ, ਲੱਲਾ-ਵਾਖ ਨਾਂ ਦੇ ਗ੍ਰੰਥ ਵਿੱਚ ਉਪਲਬਧ ਮਿਲਦੀ ਹੈ।
****
ਮੈਂ ਇਸ ਔਰਤ ਦੇ ਪੈਰਾਂ 'ਤੇ ਸਿਰ ਧਰਦਾ ਹਾਂ।
ਵਿਮਲ ਕੀਰਤੀ : ਸਮਾਂ ਸਵੇਰੇ ਤਿੰਨ ਵਜੇ।
ਮੈਂ ਦ੍ਰਸ਼ਟਾ ਹਾਂ। ਦ੍ਰਸ਼ਟਾ ਤੁਸੀਂ ਸਮਝ ਗਏ ਹੋਵੋਂਗੇ। ਦੇਖਣ ਵਾਲਾ। ਇਸ ਦੁਨੀਆ ਵਿੱਚ ਜਿੰਨੇ ਵੀ ਆਦਮੀ ਤੇ ਔਰਤਾਂ ਹਨ। ਉਨ੍ਹਾਂ ਕੋਲ ਇੱਕ ਦ੍ਰਸ਼ਟਾ ਮੌਜੂਦ ਹੈ। ਜਦੋਂ ਕੋਈ ਬਿਲਕੁਲ ਇਕੱਲਾ ਹੁੰਦਾ ਹੈ। ਉਦੋਂ ਵੀ ਉਹ ਇਕੱਲਾ ਨਹੀਂ ਹੁੰਦਾ। ਉਸ ਦੇ ਇਕਾਂਤ ਨੂੰ ਕੋਈ ਦੇਖਦਾ ਹੈ। ਉਸ ਇਕਾਂਤ ਨੂੰ ਕੋਈ ਮਹਿਸੂਸ ਕਰਦਾ ਹੈ। ਜਦੋਂ ਕੋਈ ਆਪਣੇ ਆਪ ਨੂੰ ਦੇਖਦਾ ਹੈ।
ਜਦੋਂ ਕੋਈ ਵੀ ਬੁਰਾ ਕੰਮ ਕਰਦਿਆਂ, ਕੁਝ ਤੁਹਾਨੂੰ ਉਸ ਤੋਂ ਰੋਕਦਾ ਹੈ। ਚੰਗਾ ਕੰਮ ਕਰਦਿਆਂ, ਤੁਹਾਨੂੰ ਉਹ ਆਖਦਾ ਹੈ : ਤੂੰ ਬਹੁਤ ਸੋਹਣਾ ਕੰਮ ਕਰ ਰਿਹੈਂ। ਉਹ ਆਪਣੇ ਆਪ ਨੂੰ ਮੁਲਾਂਕਿਤ ਕਰਨ ਦੀ ਤਾਕਤ, ਆਪਣੇ ਆਪ ਤੇ ਨਜ਼ਰ ਰੱਖਣ ਵਾਲੀ ਸ਼ਕਤੀ ਹਾਂ, ਉਹ ਦ੍ਰਸ਼ਟਾ ਹੁੰਦੀ ਹੈ।
*
ਇੱਕ ਆਦਮੀ ਵਿਮਲ ਕੀਰਤੀ, ਜੋ ਸੰਗੀਤਕਾਰ ਹੈ। ਰਬਾਬ ਵਜਾਉਂਦਾ ਹੈ। ਜੋ ਉਨ੍ਹਾਂ ਵੇਲਿਆ ਦੇ ਆਦਮੀਆਂ ਵਾਂਗ ਸੋਚਦਾ ਹੈ ਜਦੋਂ ਚੰਗੇ ਲੋਕਾਂ ਦੀ ਗਿਣਤੀ ਕਾਫ਼ੀ ਸੀ। ਜਦੋਂ ਇਕਰਾਰਨਾਮੇ ਕਰਨ ਲਈ ਕਾਗਜ਼ਾਂ ਦੀ ਲੋੜ ਨਹੀਂ ਸੀ ਪੈਂਦੀ। ਜੁਬਾਨ ਦਾ ਕਿਹਾ ਮੁੱਕਰਿਆ ਨਹੀਂ ਸੀ ਜਾਂਦਾ। ਉਹ ਪਿਛਲੀ ਸਦੀ ਦਾ ਆਦਮੀ ਜਨਮ ਲੈ ਕੇ ਮਾਡਰਨ ਯੁੱਗ ਵਿੱਚ ਆ ਗਿਆ ਹੈ। ਉਹ ਆਪਣੇ ਅੰਦਰ ਅਤੇ ਸੁਪਨਿਆਂ ਵਿੱਚ ਹਾਲੇ ਵੀ ਕਈ ਯੁੱਗ ਪਿੱਛੇ ਜਿਊਂਦਾ ਹੈ ਅਤੇ ਅਜਿਹਾ ਆਦਮੀ ਹੈ ਜੋ ਦੋ ਯੁੱਗਾਂ ਪੁਰਾਤਨ ਤੇ ਨਵੀਨ ਦਾ ਜੋੜ ਹੈ। ਉਹ ਅਕਸਰ ਗ੍ਰੰਥਾਂ ਦੀਆਂ; ਸੰਤਾਂ ਦੀਆਂ; ਜਾਂ ਆਚਰਣ ਦੀਆਂ ਗੱਲਾਂ ਕਰਦਾ ਹੈ ਅਤੇ ਜਦੋਂ ਵੀ ਕੁਝ ਲਿਖਦਾ ਹੈ ਤਾਂ ਉਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਜਿਵੇਂ ਕਿਸੇ ਰਿਸ਼ੀ ਦਾ ਲਿਖਿਆ ਪੰਚ-ਤੰਤਰ ਪੜ੍ਹ ਰਹੇ ਹੋਈਏ। ਉਹ ਦਿਨ ਵੇਲੇ ਸਾਰੀਆਂ ਮਾਡਰਨ ਸਹੂਲਤਾਂ ਮਾਣਦਾ ਹੈ ਪਰੰਤੂ ਰਾਤ ਵੇਲੇ ਉਸ ਨੂੰ ਘੋੜਿਆਂ, ਰਾਜ-ਮਹਿਲਾਂ, ਸੰਤਾਂ ਅਤੇ ਜੰਗਲਾਂ ਦੇ ਸੁਫ਼ਨੇ ਆਉਂਦੇ ਹਨ। ਉਹ ਜ਼ਿੰਦਗੀ ਦਾ ਉਹ ਕੇਂਦਰ ਬਿੰਦੂ ਹੈ ਜਿੱਥੇ ਆ ਕੇ
ਮਰਿਆਦਾਵਾਂ, ਪਤਿਤਪੁਣਾ, ਪ੍ਰੇਮਿਕਾਵਾਂ, ਫ਼ਰੇਬ, ਇਮਾਨ ਸਭ ਇਕੱਠੇ ਹੋ ਜਾਂਦੇ ਹਨ।
*
ਵਿਮਲ ਕੀਰਤੀ ਦਾ ਦੋਸਤ ਜੋ ਮਨੋਂ-ਚਕਿਤਸਕ ਹੈ। ਇੱਥੇ ਵਿਮਲ ਕੀਰਤੀ ਦੀ ਕਥਾ ਕਹਿ ਰਿਹਾ ਹੈ। ਜਿੱਥੇ ਉਸ ਦਾ ਦੋਸਤ ਗੈਰ-ਹਾਜ਼ਰ ਹੋਵੇਗਾ। ਕਥਾ ਵਿੱਚ ਓਥੇ ਮੈਂ ਹਾਜ਼ਰ ਰਹਾਂਗਾ।
ਮੈਂ ਤੁਹਾਡਾ ਅੰਦਰ ਹਾਂ, ਮੈਂ ਸਭ ਦਾ ਅੰਦਰ ਹਾਂ, ਜਿਹੜਾ ਕੁਝ ਦੂਸਰੇ ਤੁਹਾਡੇ ਅੰਦਰ ਨਹੀਂ ਦੇਖ ਸਕਦੇ। ਮੈਂ ਦੇਖ ਸਕਦਾ ਹਾਂ।
ਮੈਂ ਦ੍ਰਸ਼ਟਾ ਹਾਂ।
**