ਤੇ ਮੈਂ ਇਸ ਸਾਰੀ ਤੜਫ ਨੂੰ ਚੁੱਪ ਚਾਪ ਵੇਖਦਾ ਰਿਹਾ ਤੇ ਆਪਣੇ ਅੰਦਰ ਸਭ ਦਫ਼ਨ ਹੋਣ ਦਿੱਤਾ। ਇਹ ਕਿਸੇ ਇਬਾਦਤ ਵਾਂਗ ਸੀ। ਜਿੱਥੇ ਮੈਨੂੰ ਉਸ ਦਾ ਸਰੀਰ ਨਹੀਂ ਸੀ ਚਾਹੀਦਾ। ਸਿਰਫ਼ ਹਾਜ਼ਰੀ ਚਾਹੀਦੀ ਸੀ। ਉਸ ਦਾ ਮੇਰੇ ਕੋਲ ਹੋਣਾ। ਪੂਰੀ ਲਾਈਫ਼ ਵਿੱਚ ਕਦੀ ਵੀ ਉਸ ਨੂੰ ਛੂਹਣ ਬਾਰੇ ਜਾਂ ਉਸ ਨਾਲ ਸੌਣ ਬਾਰੇ ਸੋਚਿਆ ਹੀ ਨਹੀਂ ਸੀ।
ਸਿਫਤੀ ਦੇ ਆਉਣ ਨਾਲ ਮੈਂ ਅਵਨੀ ਨਾਲੋਂ ਟੁੱਟਣਾ ਸ਼ੁਰੂ ਹੋਇਆ। ਹੋਰ ਬਹੁਤ ਔਰਤਾਂ ਮੇਰੀ ਲਾਈਫ 'ਚ ਹਨ ਪਰ ਕੋਈ ਵੀ ਮੇਰੇ ਅੰਦਰ ਤੱਕ, ਮੇਰੇ ਮਨ ਦੀਆਂ ਸਾਰੀਆਂ ਪਰਤਾਂ ਦੇ ਪਰਲੇ ਪਾਰ ਡੂੰਘਾਈ ਵਿੱਚ ਨਹੀਂ ਜਾ ਸਕੀ। ਸਭ ਨੂੰ ਮੈਂ ਦਿਮਾਗ ਨਾਲ ਮਿਲਦਾ ਸੀ। ਕਿਸੇ ਕੋਲ ਜਾ ਕੇ ਵੀ ਮੈਂ ਬੇਵੱਸ ਨਹੀਂ ਸੀ ਹੁੰਦਾ। ਮੈਂ ਆਪਣੇ ਆਪ ਨੂੰ ਕਿਸੇ ਦੇ ਹੱਥਾਂ ਵਿੱਚ ਨਹੀਂ ਸੀ ਦਿੰਦਾ। ਸਿਫਤੀ ਵਿੱਚ ਕੁਝ ਸੀ। ਜਿਸ ਨਾਲ ਮੈਂ ਉਸ ਵੱਲ ਬਹੁਤ ਹੌਲੀ-ਹੌਲੀ ਖਿਸਕ ਰਿਹਾ ਸੀ। ਏਨਾ ਹੈ ਕਿ ਜਿਵੇਂ ਸਾਨੂੰ ਦੋਹਾਂ ਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਚੁੱਪ ਚਾਪ ਬੇ ਧਿਆਨੇ ਜਿਹੇ ਕਿੱਧਰ ਜਾ ਰਹੇ ਹਾਂ, ਜਾਂ ਲਾਈਫ ਸਾਨੂੰ ਕਿੱਧਰ ਲਿਜਾ ਰਹੀ ਹੈ।
ਮੈਂ ਬਹੁਤ ਵਾਰ ਸੋਚਦਾ ਇਸ ਦਾ ਨਾਮ ਮੁਕਤੀ ਹੋਣਾ ਚਾਹੀਦਾ। ਇਸ ਨੇ ਮੈਨੂੰ ਓਸ ਸਬੰਧ ਤੋਂ ਮੁਕਤ ਕੀਤਾ ਹੈ। ਜਿਸ ਨੇ ਹਮੇਸ਼ਾ ਮੈਨੂੰ ਇੱਕ ਤੜਫ ਦਿੱਤੀ ਪਰ ਸ਼ਾਇਦ ਉਸ ਦੀ ਇਹ ਸਿਫ਼ਤ ਸੀ। ਇਸ ਲਈ ਉਸ ਦਾ ਨਾਮ ਸਿਫ਼ਤੀ ਹੈ।
*
ਮੈਂ ਵਿਮਲ ਕੀਰਤੀ ਦਾ ਬਲਾਗ ਪੜ੍ਹ ਰਿਹਾ ਹਾਂ :
॥ ਮੈਨੂੰ ਪਤਾ ਹੈ।।
॥ ਪਰਸਨਲ ਬਲਾਗ ॥ ਵਿਮਲ ਕੀਰਤੀ ।।
ਮੈਂ ਸੋਚਿਆ ਨਹੀਂ ਸੀ। ਮੇਰੀ ਤੇ ਸਿਫ਼ਤੀ ਦੀ ਇਹ ਮੁਲਾਕਾਤ ਇਸ ਤਰ੍ਹਾਂ ਹੋਵੇਗੀ। ਉਸ ਸ਼ਾਮ ਮੇਰਾ ਪ੍ਰੋਗਰਾਮ ਸੀ। ਪ੍ਰੋਗਰਾਮ ਦੇ ਖ਼ਤਮ ਹੁੰਦੇ ਰਾਤ ਹੋ ਰਹੀ ਸੀ। ਕਰੀਬਨ ਸਾਢੇ ਨੌਂ ਦਾ ਸਮਾਂ ਹੋਵੇਗਾ। ਮੈਂ ਸਟੇਜ ਤੋਂ ਉੱਠ ਕੇ ਸਟੇਜ ਦੇ ਨਾਲ ਲੱਗਦੇ ਦਰਵਾਜ਼ੇ ਵਿੱਚੋਂ ਲੰਘ ਕੇ ਇੱਕ ਗੈਲਰੀ ਵਿੱਚ ਆਇਆ ਜਿੱਥੇ ਹਲਕੇ ਦੂਧੀਆ ਰੰਗ ਦੀ ਰੋਸ਼ਨੀ ਸੀ। ਮੈਂ ਇਸ ਗੈਲਰੀ ਵਿੱਚ ਆਪਣੀ ਜੁੱਤੀ ਪਾਉਣ ਲਈ ਆਇਆ ਸੀ, ਜੋ ਪ੍ਰੋਗਰਾਮ ਤੋਂ ਪਹਿਲਾਂ ਮੈਂ ਉਤਾਰ ਕੇ ਸਟੇਜ ਤੇ ਗਿਆ ਸੀ।