ਫਿਰ ਉਹ ਬੋਲੀ, ਮੈਂ ਤੈਨੂੰ ਸਵੀਕਾਰ ਕਰ ਲਵਾਂਗੀ। ਤੈਨੂੰ ਗਲ ਨਾਲ ਲਾ ਲਵਾਂਗੀ। ਇਹੀ ਚਾਹੁੰਦਾ ਸੀ ਨਾ ਤੂੰ। ਚੱਲ... ਚੱਕ ਉਹ ਠੂਲ੍ਹਾ ਤੇ ਕੁੱਤੇ ਦੀ ਜੂਠੀ ਲੱਸੀ ਪੀ ਜਾ। ਮੈਂ ਇਹ ਸੁਣ ਕੇ ਖੜ੍ਹਾ ਰਿਹਾ। ਉਹ ਫਿਰ ਬੋਲੀ ...ਬਸ..... ਹੋ ਗਈ ਮੁਹੱਬਤ ?
ਮੈਂ ਇੱਕ ਵਾਰ ਉਸ ਵੱਲ ਵੇਖਿਆ ਤੇ ਠੂਲ੍ਹੇ ਕੋਲ ਚਲਿਆ ਗਿਆ। ਮੈਂ ਬੇਵਸੀ ਵਿੱਚ ਆਪਣੇ ਗੋਡੇ ਜ਼ਮੀਨ ਤੇ ਟੇਕ ਦਿੱਤੇ। ਮੈਨੂੰ ਲੱਗਦਾ ਸੀ। ਮੈਂ ਇੱਥੋਂ ਵਾਪਸ ਨਹੀਂ ਜਾ ਸਕਦਾ। ਮੈਂ ਠੂਲ੍ਹਾ ਚੁੱਕਿਆ ਮੂੰਹ ਨੂੰ ਲਾਇਆ ਤੇ ਕੁੱਤੇ ਦੀ ਜੂਠੀ ਲੱਸੀ ਪੀ ਲਈ। ਮੈਂ ਹਾਲੇ ਠੂਲ੍ਹਾ ਜ਼ਮੀਨ ਤੇ ਰੱਖ ਕੇ ਆਪਣਾ ਮੂੰਹ ਹੀ ਪੂੰਝਿਆ ਸੀ। ਓਹ ਉੱਚੀ ਉੱਚੀ ਹੱਸ ਪਈ :
ਹਾ ਹਾ .........ਹਾ ਹਾ ਹਾ ਹਾ
ਉਹ ਉੱਠ ਕੇ ਬੈਠ ਗਈ। ਉਸ ਦੀ ਛਾਤੀ ਤੋਂ ਕੱਪੜਾ ਖਿਸਕ ਗਿਆ ਪਰ ਉਹ ਬੇਫਿਕਰ ਸੀ। ਫਿਰ ਉਹ ਤਾੜੀ ਮਾਰ ਕੇ ਹੱਸੀ। ਮੈਂ ਹੈਰਾਨੀ ਨਾਲ ਭਰਿਆ ਹੋਇਆ ਉਸ ਵੱਲ ਵੇਖ ਰਿਹਾ ਸੀ। ਫਿਰ ਉਸ ਨੇ ਕਿਹਾ:
ਬੇਵਕੂਫਾ..... ਮੈਂ ਤੈਨੂੰ ਪਿਆਰ ਨਹੀਂ ਕਰਦੀ।
ਜਾ........ ਦਫ਼ਾ ਹੋ ਜਾ ਇੱਥੋਂ।
ਮੈਨੂੰ ਲੱਗਿਆ ਜਿਵੇਂ ਮੇਰੇ ਸਾਰੇ ਸਰੀਰ ਦਾ ਖੂਨ ਮੇਰੇ ਸਿਰ 'ਚ ਆ ਗਿਆ ਹੋਵੇ। ਕੁਝ ਦੇਰ ਮੈਂ ਚੁੱਪ ਚਾਪ ਖੜ੍ਹਾ ਰਿਹਾ। ਫੇਰ ਮੈਂ ਏਨਾ ਕਿਹਾ :
ਆਪਣੇ ਵਿਸ਼ਵਾਸ ਦਾ ਫਲ ਮੈਂ ਪਾ ਲਵਾਂਗਾ ...... ਮੈਂ ਇਸ਼ਕ ਨੂੰ ਖੁਦਾ ਮੰਨਿਆ ਹੈ।
ਆਪਣੇ ਫਰੇਬ ਦੀ ਕੀਮਤ ਤੂੰ ਚੁਕਾ ਲਵੀਂ।
ਮੈਂ ਜਾਂਦਾ ਹਾਂ।
*
ਵਿਮਲ ਕੀਰਤੀ।
**