ਮੈਂ ਦ੍ਰਸ਼ਟਾ ਹਾਂ। ਦ੍ਰਸ਼ਟਾ ਤੁਸੀਂ ਸਮਝ ਗਏ ਹੋਵੋਂਗੇ। ਦੇਖਣ ਵਾਲਾ। ਇਸ ਦੁਨੀਆ ਵਿੱਚ ਜਿੰਨੇ ਵੀ ਆਦਮੀ ਤੇ ਔਰਤਾਂ ਹਨ। ਉਨ੍ਹਾਂ ਕੋਲ ਇੱਕ ਦ੍ਰਸ਼ਟਾ ਮੌਜੂਦ ਹੈ। ਜਦੋਂ ਕੋਈ ਬਿਲਕੁਲ ਇਕੱਲਾ ਹੁੰਦਾ ਹੈ। ਉਦੋਂ ਵੀ ਉਹ ਇਕੱਲਾ ਨਹੀਂ ਹੁੰਦਾ। ਉਸ ਦੇ ਇਕਾਂਤ ਨੂੰ ਕੋਈ ਦੇਖਦਾ ਹੈ। ਉਸ ਇਕਾਂਤ ਨੂੰ ਕੋਈ ਮਹਿਸੂਸ ਕਰਦਾ ਹੈ। ਜਦੋਂ ਕੋਈ ਆਪਣੇ ਆਪ ਨੂੰ ਦੇਖਦਾ ਹੈ।
ਜਦੋਂ ਕੋਈ ਵੀ ਬੁਰਾ ਕੰਮ ਕਰਦਿਆਂ, ਕੁਝ ਤੁਹਾਨੂੰ ਉਸ ਤੋਂ ਰੋਕਦਾ ਹੈ। ਚੰਗਾ ਕੰਮ ਕਰਦਿਆਂ, ਤੁਹਾਨੂੰ ਉਹ ਆਖਦਾ ਹੈ : ਤੂੰ ਬਹੁਤ ਸੋਹਣਾ ਕੰਮ ਕਰ ਰਿਹੈਂ। ਉਹ ਆਪਣੇ ਆਪ ਨੂੰ ਮੁਲਾਂਕਿਤ ਕਰਨ ਦੀ ਤਾਕਤ, ਆਪਣੇ ਆਪ ਤੇ ਨਜ਼ਰ ਰੱਖਣ ਵਾਲੀ ਸ਼ਕਤੀ ਹਾਂ, ਉਹ ਦ੍ਰਸ਼ਟਾ ਹੁੰਦੀ ਹੈ।
*
ਇੱਕ ਆਦਮੀ ਵਿਮਲ ਕੀਰਤੀ, ਜੋ ਸੰਗੀਤਕਾਰ ਹੈ। ਰਬਾਬ ਵਜਾਉਂਦਾ ਹੈ। ਜੋ ਉਨ੍ਹਾਂ ਵੇਲਿਆ ਦੇ ਆਦਮੀਆਂ ਵਾਂਗ ਸੋਚਦਾ ਹੈ ਜਦੋਂ ਚੰਗੇ ਲੋਕਾਂ ਦੀ ਗਿਣਤੀ ਕਾਫ਼ੀ ਸੀ। ਜਦੋਂ ਇਕਰਾਰਨਾਮੇ ਕਰਨ ਲਈ ਕਾਗਜ਼ਾਂ ਦੀ ਲੋੜ ਨਹੀਂ ਸੀ ਪੈਂਦੀ। ਜੁਬਾਨ ਦਾ ਕਿਹਾ ਮੁੱਕਰਿਆ ਨਹੀਂ ਸੀ ਜਾਂਦਾ। ਉਹ ਪਿਛਲੀ ਸਦੀ ਦਾ ਆਦਮੀ ਜਨਮ ਲੈ ਕੇ ਮਾਡਰਨ ਯੁੱਗ ਵਿੱਚ ਆ ਗਿਆ ਹੈ। ਉਹ ਆਪਣੇ ਅੰਦਰ ਅਤੇ ਸੁਪਨਿਆਂ ਵਿੱਚ ਹਾਲੇ ਵੀ ਕਈ ਯੁੱਗ ਪਿੱਛੇ ਜਿਊਂਦਾ ਹੈ ਅਤੇ ਅਜਿਹਾ ਆਦਮੀ ਹੈ ਜੋ ਦੋ ਯੁੱਗਾਂ ਪੁਰਾਤਨ ਤੇ ਨਵੀਨ ਦਾ ਜੋੜ ਹੈ। ਉਹ ਅਕਸਰ ਗ੍ਰੰਥਾਂ ਦੀਆਂ; ਸੰਤਾਂ ਦੀਆਂ; ਜਾਂ ਆਚਰਣ ਦੀਆਂ ਗੱਲਾਂ ਕਰਦਾ ਹੈ ਅਤੇ ਜਦੋਂ ਵੀ ਕੁਝ ਲਿਖਦਾ ਹੈ ਤਾਂ ਉਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਜਿਵੇਂ ਕਿਸੇ ਰਿਸ਼ੀ ਦਾ ਲਿਖਿਆ ਪੰਚ-ਤੰਤਰ ਪੜ੍ਹ ਰਹੇ ਹੋਈਏ। ਉਹ ਦਿਨ ਵੇਲੇ ਸਾਰੀਆਂ ਮਾਡਰਨ ਸਹੂਲਤਾਂ ਮਾਣਦਾ ਹੈ ਪਰੰਤੂ ਰਾਤ ਵੇਲੇ ਉਸ ਨੂੰ ਘੋੜਿਆਂ, ਰਾਜ-ਮਹਿਲਾਂ, ਸੰਤਾਂ ਅਤੇ ਜੰਗਲਾਂ ਦੇ ਸੁਫ਼ਨੇ ਆਉਂਦੇ ਹਨ। ਉਹ ਜ਼ਿੰਦਗੀ ਦਾ ਉਹ ਕੇਂਦਰ ਬਿੰਦੂ ਹੈ ਜਿੱਥੇ ਆ ਕੇ
ਮਰਿਆਦਾਵਾਂ, ਪਤਿਤਪੁਣਾ, ਪ੍ਰੇਮਿਕਾਵਾਂ, ਫ਼ਰੇਬ, ਇਮਾਨ ਸਭ ਇਕੱਠੇ ਹੋ ਜਾਂਦੇ ਹਨ।
*
ਵਿਮਲ ਕੀਰਤੀ ਦਾ ਦੋਸਤ ਜੋ ਮਨੋਂ-ਚਕਿਤਸਕ ਹੈ। ਇੱਥੇ ਵਿਮਲ ਕੀਰਤੀ ਦੀ ਕਥਾ ਕਹਿ ਰਿਹਾ ਹੈ। ਜਿੱਥੇ ਉਸ ਦਾ ਦੋਸਤ ਗੈਰ-ਹਾਜ਼ਰ ਹੋਵੇਗਾ। ਕਥਾ ਵਿੱਚ ਓਥੇ ਮੈਂ ਹਾਜ਼ਰ ਰਹਾਂਗਾ।
ਮੈਂ ਤੁਹਾਡਾ ਅੰਦਰ ਹਾਂ, ਮੈਂ ਸਭ ਦਾ ਅੰਦਰ ਹਾਂ, ਜਿਹੜਾ ਕੁਝ ਦੂਸਰੇ ਤੁਹਾਡੇ ਅੰਦਰ ਨਹੀਂ ਦੇਖ ਸਕਦੇ। ਮੈਂ ਦੇਖ ਸਕਦਾ ਹਾਂ।
ਮੈਂ ਦ੍ਰਸ਼ਟਾ ਹਾਂ।
**
**
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ:
ਮੈਂ ਉਸ ਦੇ ਬੋਲਣ ਦੀ ਉਡੀਕ ਕਰ ਰਿਹਾ ਹਾਂ। ਵਿੱਚ ਵਿੱਚ ਮੇਰਾ ਧਿਆਨ ਵਾਰ ਵਾਰ ਉਸ ਪੇਂਟਿੰਗ ਵੱਲ ਜਾ ਰਿਹਾ ਸੀ ਜੋ ਪਹਿਲੀ ਵਾਰ ਮੈਂ ਵਿਮਲ ਕੀਰਤੀ ਦੇ ਮੈਡੀਟੇਸ਼ਨ ਰੂਮ ਵਿੱਚ ਵੇਖੀ ਸੀ। ਉਸ ਮੈਡੀਟੇਸ਼ਨ ਰੂਮ ਵਿੱਚ ਮੈਂ ਸਿਰਫ਼ ਦੇ ਵਾਰ ਗਿਆ ਹਾਂ। ਉਸ ਦਿਨ ਜੋ ਵੀ ਹੋਇਆ ਅੱਜ ਫੇਰ ਮੇਰੇ ਯਾਦ ਆ ਰਿਹਾ ਸੀ।
ਉਸ ਦਿਨ ਇਹ ਹੋਇਆ ਕਿ ਸੀ ਕਿ ਮੈਡੀਟੇਸ਼ਨ ਰੂਮ ਦੇ ਦਰਵਾਜ਼ੇ 'ਚੋਂ ਜਦੋਂ ਹੀ ਮੈਂ ਅੰਦਰ ਲੰਘਿਆ, ਬਿਲਕੁਲ ਸਾਹਮਣੇ ਵਾਲੀ ਕੰਧ, ਜਿਸ ਵਿੱਚ ਸ਼ੀਸ਼ੇ ਦੀਆਂ ਦੋ ਵੱਡੀਆਂ ਵਿੰਡੋ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇ ਵਿਚਕਾਰ ਇੱਕ ਸਪੇਸ ਹੈ। ਇਸ ਖ਼ਾਲੀ ਥਾਂ 'ਤੇ ਦੋਵਾਂ ਖਿੜਕੀਆਂ ਦੇ ਵਿਚਕਾਰ ਕੰਧ ਤੇ ਇਹ ਤਸਵੀਰ ਲੱਗੀ ਹੋਈ ਹੈ।
ਇਸ ਕਮਰੇ ਵਿੱਚ ਕੋਈ ਫ਼ਰਨੀਚਰ ਨਹੀਂ ਹੈ। ਫ਼ਰਸ਼ 'ਤੇ ਇੱਕ ਗੱਦੇ 'ਤੇ ਚਿੱਟੀ ਚਾਦਰ ਵਿਛੀ ਹੋਈ ਹੈ, ਜਿਸ ਤੇ ਗੋਲ ਸਰ੍ਹਾਣੇ ਨਾਲ ਰਬਾਬ ਪਈ ਰਹਿੰਦੀ ਹੈ ਤੇ ਕਮਰੇ ਵਿੱਚ ਸਿਰਫ਼ ਇਹ ਇੱਕ ਪੇਂਟਿੰਗ ਲੱਗੀ ਹੈ। ਮੇਰਾ ਧਿਆਨ ਇਕਦਮ ਇਸ ਤਸਵੀਰ ਵੱਲ ਖਿੱਚਿਆ ਗਿਆ ਸੀ।
ਮੈਂ ਵਿਮਲ ਕੀਰਤੀ ਨੂੰ ਪੁੱਛਿਆ : ਇਸ ਪੇਂਟਿੰਗ ਵਿੱਚ ਕੱਟਿਆ ਹੋਇਆ ਸਿਰ ਕਿਸ ਦਾ ਹੈ ?
ਵਿਮਲ ਕੀਰਤੀ ਨੇ ਮੇਰੇ ਵੱਲ ਵੇਖਿਆ, ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਉਸ ਦਾ ਚਿਹਰਾ ਲਾਲ ਹੋ ਰਿਹਾ ਸੀ, ਲੱਗਦਾ ਸੀ ਉਸ ਨੇ ਬਹੁਤ ਮੁਸ਼ਕਲ ਨਾਲ ਆਪਣਾ ਰੋਣਾ ਰੋਕਿਆ ਤੇ ਕਿਹਾ:
ਮੇਰਾ ਹੈ।
ਵਿਮਲ ਕੀਰਤੀ ਸਿੱਧਾ ਮੇਰੇ ਵੱਲ ਵੇਖ ਰਿਹਾ ਸੀ। ਇਸ ਬਾਅਦ ਨਾ ਉਹ ਕੁਝ ਬੋਲਿਆ, ਨਾ ਮੈਂ। ਉਸ ਦਾ ਇਸ ਤਰਾਂ ਮੈਨੂੰ ਵੇਖਣਾ ਮੈਂ ਭੁੱਲ ਨਹੀਂ ਸਕਿਆ ਤੇ ਮੇਰਾ ਦਿਲ ਕੀਤਾ ਕਿ ਮੈਂ ਓਥੋਂ ਹੁਣੇ ਭੱਜ ਜਾਵਾਂ ਤੇ ਮੈਂ ਕਾਹਲੀ ਨਾਲ ਵਾਪਸ ਆਪਣੇ ਘਰ ਆ ਗਿਆ।
ਮੈਂ ਇਹ ਸਭ ਸੋਚ ਹੀ ਰਿਹਾ ਸੀ ਕਿ ਮੇਰਾ ਧਿਆਨ ਇਕਦਮ ਵਿਮਲ ਕੀਰਤੀ ਵੱਲ ਗਿਆ। ਉਸ ਪੇਂਟਿੰਗ ਬਾਰੇ ਸੋਚਦੇ ਸੋਚਦੇ ਮੈਂ ਭੁੱਲ ਹੀ ਗਿਆ ਸੀ ਕਿ
ਵਿਮਲ ਕੀਰਤੀ ਮੇਰੇ ਸਾਹਮਣੇ ਬੈਠਾ ਹੈ:
ਮੈਂ ਵਿਮਲ ਕੀਰਤੀ ਨੂੰ ਸੁਆਲ ਕੀਤਾ ਕਿ ਉਸ ਤਸਵੀਰ ਬਾਰੇ ਮੈਨੂੰ ਦੱਸੋ:
ਵਿਮਲ ਨੇ ਬੋਲਣਾ ਸ਼ੁਰੂ ਕੀਤਾ:
ਉਹ ਯੁਹੱਨਾ ਹੈ। ਯੁਹੱਨਾ ਇੱਕ ਨਬੀ ਹੈ। ਨਬੀ ਹੁੰਦਾ ਪ੍ਰਮਾਤਮਾ ਦਾ ਸੁਨੇਹਾ ਦੇਣ ਵਾਲਾ। ਇਸ ਨੇ ਯਸੂ ਦੇ ਆਗਮਨ ਦੀ ਭਵਿੱਖਬਾਣੀ ਕੀਤੀ ਸੀ। ਇਹ ਉਹ ਆਦਮੀ ਹੈ, ਜਿਸ ਨੇ ਈਸਾਈਅਤ ਵਿੱਚ ਬਪਤਿਸਮਾ (ਸ਼ੁੱਧੀਕਰਨ ਦੀ ਕ੍ਰਿਆ) ਦੇਣ ਦੀ ਸ਼ੁਰੂਆਤ ਕੀਤੀ। ਯਸੂ ਨੂੰ ਇਸ ਨੇ ਹੀ ਬਪਤਿਸਮਾ ਦਿੱਤਾ ਸੀ। ਇਹ ਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ।
ਰੋਮਨ ਸਾਮਰਾਜ ਦੇ ਸਮੇਂ ਇੱਕ ਰਾਜਾ ਸੀ। ਜਿਸ ਦਾ ਨਾਮ ਹੈਰੋਡ ਐਂਟੀਪਾਸ ਸੀ। ਇਹ ਗੈਲੀਲ ਰਾਜ ਦਾ ਸ਼ਾਸਕ ਭਾਵ ਉਪ ਰਾਜਾ ਸੀ। ਇਸ ਨੇ ਆਪਣੀ ਪਹਿਲੀ ਪਤਨੀ ਫੈਸੇਲਿਸ ਨੂੰ ਤਲਾਕ ਦੇਣ ਬਾਅਦ ਆਪਣੇ ਸੁਤੇਲੇ ਭਰਾ ਹੈਰੋਡ ਫਿਲਿਪ ਦੀ ਪਤਨੀ ਹੈਰੋਡੀਆਸ ਨਾਲ ਵਿਆਹ ਕਰਵਾ ਲਿਆ ਸੀ। ਜੋ ਕਿ ਉਸ ਸਮੇਂ ਗੈਰ-ਕਾਨੂੰਨੀ ਸੀ। ਆਮ ਲੋਕ ਵੀ ਇਸ ਗੈਰ-ਮਰਯਾਦਿਤ ਕੰਮ ਨੂੰ ਲੁੱਕ-ਛਿਪ ਕੇ ਗਲਤ ਕਹਿ ਰਹੇ ਸਨ ਪਰ ਰਾਜੇ ਦੇ ਖ਼ਿਲਾਫ਼ ਬੋਲਣ ਦੀ ਹਿੰਮਤ ਕੋਈ ਨਹੀਂ ਸੀ ਕਰਦਾ, ਕਿਉਂ ਕਿ ਰਾਜੇ ਦੇ ਕਿਸੇ ਵੀ ਫ਼ੈਸਲੇ ਦੇ ਵਿਰੋਧ ਦਾ ਸਿੱਧਾ ਮਤਲਬ ਮੌਤ ਸੀ। ਯੁਹੱਨਾ ਨੇ ਇਸ ਨੂੰ ਗ਼ਲਤ ਕਿਹਾ ਤੇ ਵਿਆਹ ਦਾ ਵਿਰੋਧ ਕੀਤਾ, ਜਿਸ ਕਾਰਨ ਰਾਜਾ ਤੇ ਉਸ ਦੀ ਨਵੀਂ ਪਤਨੀ ਹੈਰੋਡੀਆਸ, ਯੁਹੱਨਾ ਨਾਲ ਖਫਾ ਸਨ। ਕਿਉਂਕਿ ਉਸ ਸਮੇਂ ਯੁਹੱਨਾ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਸੀ। ਜਿਸ ਕਾਰਨ ਬਗ਼ਾਵਤ ਦੇ ਡਰ ਤੋਂ ਯੁਹੱਨਾ ਨੂੰ ਰਾਜੇ ਦੇ ਵਿਆਹ ਦਾ ਵਿਰੋਧ ਕਰਨ ਕਾਰਨ ਰਾਜੇ ਦੁਆਰਾ ਮਾਰਿਆ ਨਹੀਂ ਸੀ ਜਾ ਸਕਦਾ ਅਤੇ ਯੁਹੱਨਾ
ਦੁਆਰਾ ਹੋਰ ਵੀ ਉਹ ਗੱਲਾਂ ਕੀਤੀਆਂ ਜਾਂਦੀਆਂ ਸਨ ਜੋ ਕਿ ਆਮ ਲੋਕਾਂ ਦੇ ਭਲੇ ਲਈ ਸਨ। ਲੋਕਾਂ ਨੂੰ ਟੈਕਸ ਦੇਣ ਲਈ ਤੰਗ ਕੀਤੇ ਜਾਣ ਦੇ ਵਿਰੋਧ ਕਰਨ ਕਰਕੇ ਦੋਸ਼ੀ ਮੰਨੇ ਜਾਣ ਕਾਰਨ ਰਾਜੇ ਹੈਰੋਡ ਐਂਟੀਪਾਸ ਦੁਆਰਾ ਯੁਹੱਨਾ ਨੂੰ ਆਪਣੇ ਮਹਿਲ ਵਿੱਚ ਕੈਦ ਕਰ ਲਿਆ ਗਿਆ। ਜਿੱਥੇ ਉਸ ਨੂੰ ਜੇਲ੍ਹ ਵਿੱਚ ਇੱਕ ਟੋਆ ਪੁਟਵਾ ਕੇ ਉਸ ਵਿੱਚ ਸੁੱਟ ਦਿੱਤਾ ਗਿਆ।
ਵਿਆਹ ਦਾ ਵਿਰੋਧ ਹੋਣ ਨਾਲ ਹੈਰੋਡੀਆਸ ਯੁਹੱਨਾ ਨੂੰ ਨਫਰਤ ਕਰਨ ਲੱਗੀ।
ਹੈਰੋਡੀਆਸ ਦੀ ਪਹਿਲੇ ਵਿਆਹ ਤੋਂ ਇੱਕ ਧੀ ਸੀ। ਜਿਸ ਦਾ ਨਾਮ ਸਲੋਮੀ ਸੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਜਦੋਂ ਹੈਰੋਡ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਤਾਂ ਇਹ ਦੋਵੇਂ ਮਾਵਾਂ ਧੀਆਂ ਵੀ ਓਥੇ ਸਨ। ਇਸ ਪਾਰਟੀ ਵਿੱਚ ਮਹਿਮਾਨਾਂ ਦੇ ਮਨੋਰੰਜਨ ਲਈ ਸਲੋਮੀ ਨੇ ਨਾਚ ਕੀਤਾ, ਰਾਜਾ ਹੈਰੋਡ ਐਂਟੀਪਾਸ ਸ਼ਰਾਬ ਪੀ ਰਿਹਾ ਸੀ ਤੇ ਨਾਚ ਦਾ ਅਨੰਦ ਲੈ ਰਿਹਾ ਸੀ। ਸਲੋਮੀ ਦੇ ਨਾਚ ਤੋਂ ਖੁਸ਼ ਹੋ ਕੇ ਰਾਜੇ ਨੇ ਕੁਝ ਵੀ ਮੰਗਣ ਲਈ ਕਿਹਾ ਤੇ ਕਿਹਾ ਮੈਂ ਏਨਾ ਖੁਸ਼ ਹਾਂ ਕਿ ਜੇਕਰ ਤੂੰ ਅੱਧਾ ਰਾਜ ਵੀ ਮੰਗ ਲਵੇਂ ਮੈਂ ਦੇ ਸਕਦਾਂ। ਸਲੋਮੀ ਨੇ ਇਸ ਬਾਰੇ ਆਪਣੀ ਮਾਂ ਨੂੰ ਪੁੱਛਿਆ ਕਿ ਮੈਨੂੰ ਕੀ ਮੰਗਣਾ ਚਾਹੀਦਾ। ਹੈਰੋਡੀਆਸ ਜੋ ਕਿ ਆਪਣੇ ਅਤੇ ਰਾਜੇ ਦੇ ਵਿਆਹ ਦੇ ਵਿਰੋਧ ਕਰਨ ਕਰਕੇ ਉਹਨਾਂ ਨੂੰ ਨਫ਼ਰਤ ਕਰਦੀ ਸੀ, ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ ਤੇ ਕਿਹਾ ਤੈਨੂੰ ਯੁਹੱਨਾ ਦਾ ਸਿਰ ਮੰਗਣਾ ਚਾਹੀਦਾ। ਸਲੋਮੀ ਨੇ ਇਹੀ ਕੀਤਾ ਤੇ ਰਾਜੇ ਨੂੰ ਕਿਹਾ ਕਿ ਮੈਨੂੰ ਯੁਹੱਨਾ ਦਾ ਸਿਰ ਕੱਟ ਕੇ ਪਲੇਟ ਵਿੱਚ ਰੱਖ ਕੇ ਦਿੱਤਾ ਜਾਵੇ। ਰਾਜਾ ਇਹ ਸੁਣ ਕੇ ਬੁਖਲਾ ਗਿਆ ਤੇ ਉਸ ਨੇ ਨਾਂਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਲੋਮੀ ਨੇ ਕਿਹਾ ਕਿ ਤੁਸੀਂ ਜ਼ੁਬਾਨ ਦਿੱਤੀ ਹੈ। ਤੁਸੀਂ ਇਸ ਤੋਂ ਪਿੱਛੇ ਨਹੀਂ ਹਟ ਸਕਦੇ।
ਤੇ ਫੇਰ ਯੁਹੱਨਾ ਦਾ ਸਿਰ ਕੱਟਿਆ ਗਿਆ ਤੇ ਪਲੇਟ 'ਚ ਰੱਖ ਕੇ ਸਲੋਮੀ ਨੂੰ ਦਿੱਤਾ ਗਿਆ।
ਅੱਜ ਵੀ ਬਹੁਤ ਲੋਕ ਇਸ ਦਿਨ ਨੂੰ ਪਵਿੱਤਰ ਦਿਨ ਵਜੋਂ ਮਨਾਉਂਦੇ ਹਨ ਤੇ ਉਸ ਦਿਨ ਗੋਲ ਪਲੇਟ ਤੇ ਛੁਰੀ ਦਾ ਇਸਤੇਮਾਲ ਨਹੀਂ ਕਰਦੇ।
ਇਹ ਕਹਾਣੀ ਸੁਣਾਉਣ ਬਾਅਦ ਵਿਮਲ ਕੀਰਤੀ ਨੇ ਮੇਰੇ ਵੱਲ ਵੇਖਿਆ ਤੇ ਪੁੱਛਿਆ : ਤੁਹਾਨੂੰ ਸਮਝ ਆਈ ਮੈਂ ਕੀ ਕਹਿਣਾ ਚਾਹੁੰਦਾ ਹਾਂ ?