Back ArrowLogo
Info
Profile

ਔਰ ਇਹ ਰੀਤਿ ਅੱਜ ਦੀ ਨਹੀਂ ਸਤਿਗੁਰਾਂ ਦੇ ਵੇਲੇ ਤੋਂ ਚਲੀ ਆਈ ਹੈ। (ਇਸ ਦੀ ਪੁਸ਼ਟੀ ਲਈ ਦੇਖੋ ਅੱਠ ਅੰਕ ਵਿਚ ਪ੍ਰਮਾਣ)

(ਅ) ਪਹਿਲੇ ਨੌਂ ਸਤਿਗੁਰਾਂ ਦੇ ਵੇਲੇ 'ਚਰਨਾਮ੍ਰਿਤ' ਦਿਤਾ ਜਾਂਦਾ ਸੀ (ਜੋ ਆਪ ਦੇ ਜਨੇਊ ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿਚ ਹੈ), ਇਹ ਸੰਸਕਾਰ ਆਪ ਦੇ ਮਤ ਤੋਂ ਇਸ ਵਾਸਤੇ ਵਿਰੁੱਧ ਹੈ ਕਿ ਚਾਰੇ ਵਰਣ ਇਕੱਠੇ ਸਤਿਗੁਰਾਂ ਦਾ ਚਰਨਾਮ੍ਰਿਤ ਪੀਂਦੇ ਸੇ। ਜਿਸ ਪਰ ਭਾਈ ਗੁਰਦਾਸ ਜੀ ਦਾ ਬਚਨ ਹੈ :

ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ ।.....

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।॥੨੩॥                                         (ਭਾਈ ਗੁਰਦਾਸ, ਵਾਰ ੧)

ਅਸੀਂ ਸਤਿਗੁਰਾਂ ਦੀ ਕੋਈ ਜਾਤੀ ਨਹੀਂ ਮੰਨਦੇ ਪਰ ਆਪ ਦੇ ਖ਼ਿਆਲ ਅਨੁਸਾਰ ਗੁਰੂ ਸਾਹਿਬ ਛੱਤ੍ਰੀ ਸੇ, ਛੱਤ੍ਰੀ ਦਾ ਚਰਨਾਮ੍ਰਿਤ, ਆਪ ਦੇ ਧਰਮ ਸ਼ਾਸਤ੍ਰਾਂ ਅਨੁਸਾਰ ਬ੍ਰਾਹਮਣ ਕਦੇ ਭੀ ਨਹੀਂ ਸੀ ਪੀ ਸਕਦਾ ਔਰ ਚਰਨਾਮ੍ਰਿਤ ਦਾ ਪਹਿਲਾਂ ਪ੍ਰਵਿਰਤ ਕਰਨਾ ਹੀ ਇਸ ਲਈ ਸੀ ਕਿ ਜਾਤੀ ਅਭਿਮਾਨ ਦੀ ਜੜ੍ਹ ਪੁੱਟ ਦਿੱਤੀ ਜਾਵੇ ਫੇਰ ਏਸੇ ਚਰਨਾਮ੍ਰਿਤ ਸੰਸਕਾਰ ਨੂੰ ਦਸਮੇਂ ਪਾਤਸ਼ਾਹ ਨੇ 'ਖੰਡੇ ਦੇ ਅੰਮ੍ਰਿਤ' ਵਿਚ ਬਦਲ ਦਿੱਤਾ ਔਰ ਅੰਮ੍ਰਿਤ ਛਕਾਉਣ ਵੇਲੇ ਜੋ ਕਲਗੀਧਰ ਨੇ ਉਪਦੇਸ਼ ਦਿਤਾ ਹੈ, ਉਸ ਤੋਂ ਸਾਫ ਪਾਇਆ ਜਾਂਦਾ ਹੈ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ।

(ੲ) ਅਨੰਦਾ ਦੀ ਰੀਤੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ ਪ੍ਰਚੱਲਤ ਹੈ,

_______________

੧ ਇਕ ਚਾਲਾਕ ਹਿੰਦੂ ਪੰਡਿਤ, ਅਗਿਆਨੀ ਸਿੱਖਾਂ ਨੂੰ ਧੋਖਾ ਦੇਣ ਲਈ ਲਿਖਦਾ ਹੈ ਕਿ ਅਨੰਦ ਪੜ੍ਹ ਕੇ ਵਿਆਹ ਨਹੀਂ ਕਰਨਾ ਚਾਹੀਦਾ, ਕਿਉਂਕਿ 'ਅਨੰਦੁ' ਬਾਣੀ ਵਿਚ ਲਿਖਿਆ ਹੈ : ਅਨੰਦੁ ਭਇਆ ਮੇਰੀ ਮਾਏ..... ॥                                  (ਰਾਮਕਲੀ ਮ: ੩ ਅਨੰਦੁ, ਪੰਨਾ ੯੧੭)

ਇਸ ਪਾਠ ਤੋਂ ਇਸਤ੍ਰੀ ਮਾਂ ਬਣ ਜਾਂਦੀ ਹੈ।

ਅਸੀਂ ਏਸ ਦੇ ਉੱਤਰ ਵਿਚ ਇਹ ਆਖਦੇ ਹਾਂ ਕਿ ਅਨੰਦ ਬਾਣੀ ਵਿਵਾਹ ਪੱਧਤਿ ਵਿਚ ਦੱਸੀ ਹੋਈ ਰੀਤੀ ਦੀ ਤਰ੍ਹਾਂ "ਵਰ ਪਠਨੀਯ ਮੰਤ੍ਰ” ਨਹੀਂ ਹੈ, ਔਰ ਨਾ ਏਥੇ 'ਮਾਏ’ ਪਦ ਦਾ ਅਰਥ 'ਜਨਨੀ' ਹੈ। ਪਰ ਪੰਡਿਤ ਜੀ ਨੂੰ ਹੇਠ ਲਿਖੇ ਬਚਨਾਂ ਪਰ ਜ਼ਰੁਰ ਧਿਆਨ ਦੇਣਾ ਚਾਹੀਏ :

"ਪਹਿਲਾਂ ਸੋਮ, ਗੰਧਰਵ ਔਰ ਅਗਨੀ ਇਹ ਤਿੰਨੇ ਦੇਵਤੇ ਇਸਤ੍ਰੀ ਦੇ ਪਤੀ ਹੁੰਦੇ ਹਨ, ਫੇਰ ਚੌਥੇ ਦਰਜੇ ਮਨੁਸ਼ ਪਤੀ ਬਣਦਾ ਹੈ।”

(ਰਿਗ ਵੇਦ ਮੰਡਲ ੧੦ ਸੂਤਕ ੮੫ ਮੰਤ੍ਰ ੪੦)

ਦੇਵਤਿਆਂ ਦੀ ਭੋਗੀ ਹੋਈ (ਦੇਵ ਇਸਤ੍ਰੀ) ਦੇਵ ਭਗਤਾਂ ਦੀ ਮਾਂ ਹੈ, ਜਾਂ ਕੁਛ ਹੋਰ ?

ਕਈ ਪੰਡਿਤ ਬੁੱਧੂ ਆਦਮੀਆਂ ਨੂੰ ਅਰਥ ਕਰ ਕੇ ਦੱਸਦੇ ਹਨ ਕਿ 'ਪਤੀ' ਪਦ ਦਾ ਅਰਥ ਰੱਖਿਅਕ ਹੈ, ਅਸੀਂ ਇਸ ਪਰ ਇਹ ਆਖਦੇ ਹਾਂ ਕਿ ਜੇਕਰ ਦੇਵਤੇ ਕੇਵਲ ਰੱਖਿਅਕ ਹਨ ਔਰ ਪਤੀ (ਖਸਮ) ਨਹੀਂ, ਤਾਂ ਹੁਣ ਪੁਰਸ਼ ਭੀ ਰੱਖਿਅਕ (ਪਤੀ) ਹੀ ਰਹੇ, ਅਰਥਾਤ ਸਨਮਾਨ ਨਾਲ ਇਸਤ੍ਰੀ ਨੂੰ ਸੰਭਾਲ ਰਖੇ, ਹੋਰ ਕਿਸੀ ਤਰ੍ਹਾਂ ਦਾ ਗ੍ਰਿਹਸਤ ਵਿਵਹਾਰ ਨਾ ਕਰੇ।

ਅਸੀਂ ਇਹ ਭੀ ਪੁਛਦੇ ਹਾਂ ਕਿ ਜੇ ਪਤੀ ਦਾ ਅਰਥ ਖਸਮ ਨਹੀਂ ਤਾਂ ਇਸ ਵਾਕ ਦਾ ਕੀ ਅਰਥ ਹੈ :

“ਪੂਰਬੰ ਸਤ੍ਰਿਯ: ਸੁਰੈ: ਭੁਕਤਾ! ਸੋਮ ਗੰਧਰਵ ਵੰਨ੍ਹਿ ਭਿ:!”

ਔਰ ਮੰਨੂੰ ਜੀ ਇਕ ਹੋਰ ਬਾਤ ਆਖਦੇ ਹਨ, ਉਹ ਭੀ ਸੁਣਨ ਲਾਇਕ ਹੈ :

"ਵੀਰਯ ਰੂਪ ਕਰਕੇ ਪਤੀ ਇਸਤ੍ਰੀ ਦੇ ਗਰਭ ਵਿਚ ਪ੍ਰਵੇਸ਼ ਕਰਦਾ ਹੈ ਔਰ ਪੁਤ੍ਰ ਰੂਪ ਹੋ ਕੇ ਜੰਮਦਾ ਹੈ, ਇਸ ਕਰਕੇ ਇਸਤ੍ਰੀ 'ਜਾਯਾ' (ਮਾਈ) ਕਹਾਉਂਦੀ ਹੈ।                                                (ਅ: ੯ ਸ਼: ੮)

109 / 121
Previous
Next