ਕਿਉਂ ਹਿੰਦੂ ਭਾਈ ਸਾਹਿਬ! ਚੌਰ ਔਰ ਪੱਖੇ ਦਾ ਕੰਮ ਬੋਦੀ ਭੀ ਦੇ ਸਕਦੀ ਹੈ ? ਔਰ ਆਪ ਪਾਸ ਅਜੇਹਾ ਇਕ ਪ੍ਰਮਾਣ ਭੀ ਨਹੀਂ, ਜੋ ਸਾਬਤ ਕਰਦਾ ਹੋਵੇ ਕਿ ਸਤਿਗੁਰਾਂ ਕੇਸ ਨਹੀਂ ਰਖੇ।
ਹਿੰਦੂ : ਆਪ ਨੇ ਜੋ ੧੪ ਪ੍ਰਕਰਣ ਮੈਨੂੰ ਸੁਣਾ ਕੇ ਹਿੰਦੂ ਧਰਮ ਦੇ ਨਿਯਮ ਪ੍ਰਗਟ ਕੀਤੇ ਹਨ, ਇਸ ਤੋਂ ਜਾਪਦਾ ਹੈ ਕਿ ਪ੍ਰੇਮੀ ਜੀ! ਆਪ ਸਾਡੇ ਧਰਮ ਤੋਂ ਪੂਰੇ ਜਾਣੂ ਨਹੀਂ ।
ਹਿੰਦੂ ਧਰਮ ਦੇ ਆਲਮਗੀਰ ਸੱਤ ਅਸੂਲ ਇਹ ਹਨ ਜਿਨ੍ਹਾਂ ਨੂੰ ਸਭ ਵਿਦਵਾਨ ਮੰਨਦੇ ਹਨ, ਅਰ ਇਨ੍ਹਾਂ ਅਸੂਲਾਂ ਨੂੰ ਸਿੱਖ ਭੀ ਆਪਣੇ ਨਿਯਮ ਜਾਣਦੇ ਹਨ, ਇਸ ਕਰਕੇ ਅਸੀਂ ਤੁਸੀਂ ਦੋ ਨਹੀਂ ਹੋ ਸਕਦੇ।
ਸੱਤ ਨਿਯਮ
(੧) ਵੇਦਾਂ ਨੂੰ ਸਤਿ ਔਰ ਹਿੰਦੂ ਧਰਮ ਦਾ ਆਧਾਰ ਮੰਨਣਾ।
(੨) ਆਸਤਕਤਾ ਰੱਖਣੀ, ਅਰਥਾਤ ਜੀਵ ਈਸ਼ਵਰ ਦਾ ਅਨਾਦੀਪਣਾ ਔਰ ਪੁੰਨ ਪਾਪ ਦਾ ਫਲ ਸੁਰਗ ਨਰਕ ਮੰਨਣਾ।
(੩) ਆਵਾਗਵਨ ਮੰਨ ਕੇ ਮੁਕਤੀ ਦੀ ਇਛਾ ਕਰਨੀ।
(੪) ਬਰਣ ਆਸ਼੍ਰਮ ਨੂੰ ਹਿੰਦੂ ਕੌਮ ਦਾ ਭੂਸ਼ਨ ਸਮਝਣਾ।
(੫) ਮੁਰਦਿਆਂ ਨੂੰ ਫੂਕਣਾ।
(੬) ਗਊ ਰੱਖਿਆ ਕਰਨੀ।
(੭) ਛੂਤ ਛਾਤ ਦੇ ਵਿਸ਼ਵਾਸੀ ਹੋਣਾ।
ਸਿੱਖ : ਇਨ੍ਹਾਂ ਸੱਤ ਨਿਯਮਾਂ ਬਾਬਤ ਸਾਡਾ ਸਮੁੱਚਾ ਉੱਤਰ ਇਹ ਹੈ ਕਿ ਕਿਸੇ ਮਤ ਨਾਲ ਇਕ ਦੋ ਨਿਯਮ ਮਿਲ ਜਾਣ ਕਰਕੇ ਏਕਤਾ ਨਹੀਂ ਹੋਇਆ ਕਰਦੀ ਔਰ ਹਰੇਕ ਨਿਯਮ ਬਾਬਤ ਭਿੰਨ ਭਿੰਨ ਨਿਰਣਾ ਇਸ ਤਰ੍ਹਾਂ ਹੈ :
(੧) ਸਿੱਖਾਂ ਦੇ ਧਰਮ ਦਾ ਆਧਾਰ ਵੇਦ ਨਹੀਂ ਹੈ। (ਦੇਖੋ ਇਸ ਪੁਸਤਕ ਦਾ ਅੰਗ ਪਹਿਲਾ)
(੨) ਆਸਤਕਤਾ ਕੇਵਲ ਹਿੰਦੂਆਂ ਵਿਚ ਹੀ ਨਹੀਂ, ਬਲਕਿ ਜੋ ਮਤ ਪ੍ਰਮੇਸ਼ਵਰ ਔਰ ਕਿਸੇ ਖ਼ਾਸ ਪੁਸਤਕ ਦੇ ਮੰਨਣ ਵਾਲੇ ਹਨ, ਉਹ ਸਭ ਆਸਤਕ ਹਨ। ਔਰ ਸਿਖ ਧਰਮ ਵਿਚ ਵਾਹਿਗੁਰੂ ਤੋਂ ਛੁਟ ਹੋਰ ਕੋਈ ਅਨਾਦੀ ਨਹੀਂ। ਔਰ ਪੁੰਨ ਪਾਪ ਦਾ ਫਲ ਸੁਖ ਔਰ ਦੁਖ ਸਾਰੇ ਆਸਤਕ ਲੋਕ ਮੰਨਦੇ ਹਨ।
(੩) ਆਵਾਗਮਨ ਸਿੱਖ ਔਰ ਹਿੰਦੂ ਹੀ ਨਹੀਂ ਮੰਨਦੇ, ਸਗੋਂ ਪ੍ਰਾਚੀਨ ਸਮੇਂ ਵਿਚ ਮਿਸਰ ਔਰ ਯੂਨਾਨ ਨਿਵਾਸੀ ਭੀ ਇਸ ਬਾਤ ਦੇ ਵਿਸ਼ਵਾਸੀ ਸਨ। ਔਰ ਇੰਗਲਿਸਤਾਨ ਦਾ ਡਰੂਇਡ (Druid) ਪਾਦਰੀ, ਤਥਾ ਪੀਥਾਗੋਰਸ (Pythagoras), ਐਮਪੀਡੋਕਲਸ (Empedocles) ਆਦਿਕ ਫ਼ਿਲਾਸਫ਼ਰ ਭੀ ਆਵਾਗਮਨ ਮੰਨਣ ਵਾਲੇ ਹੋਏ ਹਨ।