ਮੁੱਢਲੇ ਸ਼ਬਦ
ਕਿਸੇ ਵੀ ਧਰਮ-ਸੰਸਥਾ ਦੀ ਆਪਣੀਆਂ ਸਮਕਾਲੀ ਧਰਮ-ਸੰਸਥਾਵਾਂ ਨਾਲ ਅੰਤਰ- ਕਿਰਿਆ ਇਕ ਸਹਿਜ ਅਮਲ ਹੈ। ਇਹ ਅਮਲ ਹੀ ਧਾਰਮਿਕ ਬਹੁ-ਏਕਤਾਵਾਦ ਅਤੇ ਸਹਿ-ਹੋਂਦ ਦਾ ਆਧਾਰ ਬਣਦਾ ਹੈ। ਪਰੰਤੂ ਜਦੋਂ ਕਿਸੇ ਧਰਮ-ਸੰਸਥਾ ਵੱਲੋਂ ਕਿਸੇ ਜੀਵਿਤ ਧਰਮ-ਸੰਸਥਾ ਦੀ ਹੋਂਦ ਪ੍ਰਤਿ ਚੁਣੌਤੀ ਪੈਦਾ ਹੋਵੇ ਤਾਂ ਉਸ ਵੱਲੋਂ ਆਪਣੀ ਵਿਲੱਖਣ ਹੋਂਦ ਪ੍ਰਤਿ ਜਾਗਰੂਕ ਹੋਣਾ ਵੀ ਸਹਿਜ ਪ੍ਰਤਿਕਰਮ ਹੈ। ਕਈ ਵੇਰ ਅਜਿਹੇ ਅੰਤਰ-ਵਿਰੋਧੀ ਸੰਬਾਦ ਕਿਸੇ ਧਰਮ ਦੀ ਕਲਾਸਿਕ ਵਿਆਖਿਆ ਵੀ ਹੋ ਨਿਬੜਦੇ ਹਨ। ਉਨੀਵੀਂ ਸਦੀ ਦੇ ਅੰਤਲੇ ਦਹਾਕੇ ਦੇ ਧਾਰਮਿਕ ਖਿੱਚੋਤਾਣ ਅਤੇ ਆਪੋ-ਧਾਪੀ ਵਾਲੇ ਮਾਹੌਲ ਵਿਚਲੇ ਤਿੱਖੇ ਸੰਬਾਦ ਵਿਚੋਂ ਹੀ ਭਾਈ ਕਾਨ੍ਹ ਸਿੰਘ ਕ੍ਰਿਤ ਹਮ ਹਿੰਦੂ ਨਹੀਂ ਵਰਗੀ ਅਹਿਮ ਰਚਨਾ ਦਾ ਵੀ ਜਨਮ ਹੋਇਆ।
ਜਦੋਂ ਵੀ ਕਦੇ ਸਿੱਖ-ਵਿਦਵਤਾ ਦਾ ਜ਼ਿਕਰ ਹੋਵੇ ਤਾਂ ਭਾਈ ਕਾਨ੍ਹ ਸਿੰਘ ਜੀ ਦਾ ਨਾਂ ਮੁੱਢ ਵਿਚ ਆਉਂਦਾ ਹੈ । ਭਾਈ ਸਾਹਿਬ ਸਿੱਖ-ਜਗਤ ਦੇ ਪ੍ਰਬੁੱਧ ਵਿਦਵਾਨ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖ ਸਾਹਿਤ ਦੀ ਤਾਤਵਿਕ ਵਿਆਖਿਆ ਪ੍ਰਤਿ ਅਰਪਿਤ ਕੀਤੀ। ਸਿੱਖ ਧਰਮ ਦੇ ਮੂਲ ਸੰਕਲਪਾਂ ਪ੍ਰਤਿ ਪੀਡੀ ਪਕੜ ਹੋਣ ਕਰਕੇ ਆਪ ਹਮੇਸ਼ਾ ਵਿਸ਼ਲੇਸ਼ਣੀ ਬਿਰਤੀ ਧਾਰਨ ਕਰਨ ਦੇ ਬਾਵਜੂਦ ਅਸਲ ਰਸਤਿਓਂ ਖੁੰਝੇ ਨਹੀਂ।
ਭਾਈ ਸਾਹਿਬ ਰਚਿਤ ਹੱਥਲੀ ਪੁਸਤਕ, ਸਿੱਖ ਧਰਮ ਦੀ ਦੂਸਰੇ ਸਥਾਨਕ ਧਰਮਾਂ ਦੇ ਪ੍ਰਸੰਗ ਵਿਚ ਤਾਤਵਿਕ ਵਿਆਖਿਆ ਹੈ। ਇਸ ਪੁਸਤਕ ਦਾ ਮੁਹਾਵਰਾ ਬਹੁਤ ਨਰਮ ਤੇ ਬਾ-ਦਲੀਲ ਹੈ। ਬੜੇ ਨਾਜ਼ੁਕ ਵਿਸ਼ੇ ਸੰਬੰਧੀ ਲਿਖਣ ਦੇ ਬਾਵਜੂਦ ਰਚਨਾਕਾਰ ਕਿਤੇ ਵੀ ਸਮਕਾਲੀ ਧਰਮਾਂ ਸੰਬੰਧੀ ਹੀਣਿਤ-ਭਾਵ ਵਾਲੀਆਂ ਟਿੱਪਣੀਆਂ ਨਹੀਂ ਦਿੰਦਾ ਬਲਕਿ ਲੇਖਕ 'ਸਭਸ ਨਾਲ ਪੂਰਨ ਪਿਆਰ ਕਰਨ ਅਰ ਹਰ ਵੇਲੇ ਸਭ ਦਾ ਹਿਤ ਚਾਹੁਣ' ਦਾ ਹੀ ਉਪਦੇਸ਼ ਦਿੰਦਾ ਹੈ। ਸਮੁੱਚੇ ਰੂਪ ਵਿਚ ਇਹ ਰਚਨਾ ਮੂਲ ਧਰਮ-ਗ੍ਰੰਥਾਂ ਉਪਰ ਹੀ ਆਧਾਰਿਤ ਹੈ ਅਤੇ ਤੁਲਨਾਤਮਕ ਧਰਮ-ਅਧਿਐਨ ਦੀ ਇਕ ਪ੍ਰਮਾਣਿਕ ਰਚਨਾ ਹੈ। ਇਹ ਪੁਸਤਕ ਆਪਣੇ ਧਰਮ ਦੀ ਗੌਰਵਤਾ ਦ੍ਰਿੜਾਣ ਦੇ ਨਾਲ ਨਾਲ ਧਾਰਮਿਕ ਸਹਿ-ਹੋਂਦ ਨੂੰ ਵੀ ਉਤਸ਼ਾਹਿਤ ਕਰਦੀ ਹੈ।
ਸਿੱਖ ਧਰਮ ਦੀ ਵਿਲੱਖਣ ਹਸਤੀ ਪ੍ਰਤਿ ਅਨੇਕਾਂ ਚੁਣੌਤੀਆਂ ਦਾ ਸੰਤਾਪ ਸਿੱਖ-ਜਗਤ ਅੱਜ ਵੀ ਭੋਗ ਰਿਹਾ ਹੈ, ਭਾਵੇਂ ਕਿ ਸੰਦਰਭ ਬਦਲ ਗਿਆ ਹੈ। ਇਹ ਪੁਸਤਕ ਚੂੰਕਿ ਸਿੱਖ ਧਰਮ ਦੀ ਦਾਰਸ਼ਨਿਕ ਗੌਰਵਤਾ ਨੂੰ ਦ੍ਰਿੜਾਉਣ ਦੇ ਨਾਲ ਹੀ ਸਿੱਖ ਧਰਮ ਨੂੰ ਹਰ ਸਤਰ ਤੇ ਵਿਲੱਖਣ ਹਸਤੀ ਵਜੋਂ ਵੀ ਸੁਚੱਜੇ ਢੰਗ ਨਾਲ ਨਿਰੂਪਿਤ ਕਰਦੀ ਹੈ, ਇਸ ਲਈ ਇਸ
ਪੁਸਤਕ ਦੀ ਸਾਰਥਕਤਾ ਅਜੋਕੇ ਸਮੇਂ ਦੀ ਵੀ ਇਕ ਅਹਿਮ ਲੋੜ ਹੈ। ਇਸੇ ਕਰਕੇ ਪਿਛਲੇ ਦੋ ਦਹਾਕਿਆਂ ਵਿਚ ਹੀ ਕਈ ਸੰਸਥਾਵਾਂ ਵਲੋਂ ਇਸ ਪੁਸਤਕ ਦੇ ਕਈ ਸੰਸਕਰਣ ਛਪ ਚੁੱਕੇ ਹਨ।
ਇਹ ਪੁਸਤਕ ਮੂਲ ਰੂਪ ਵਿਚ ੧੮੯੮ ਈ: ਵਿਚ ਛਪੀ ਸੀ। ਹੱਥਲੇ ਸੰਸਕਰਣ ਦੀ ਤਿਆਰੀ ਸਮੇਂ ੧੯੧੭ ਈ: ਵਿਚ ਪੰਚ ਖ਼ਾਲਸਾ ਦੀਵਾਨ ਵੱਲੋਂ ਪ੍ਰਕਾਸ਼ਤ ਛੇਵੀਂ ਐਡੀਸ਼ਨ ਨਾਲ ਪੁਸਤਕ ਦੇ ਪਾਠ ਦਾ ਮਿਲਾਨ ਕਰ ਕੇ ਲੋੜੀਂਦੀਆਂ ਸੋਧਾਂ ਕੀਤੀਆਂ ਗਈਆਂ ਹਨ। ਪੁਸਤਕ ਨੂੰ ਵਧੇਰੇ ਉਪਯੋਗੀ ਬਣਾਣ ਲਈ ਇਸ ਵਿਚ ਸ਼ਾਮਲ ਤੁਕਾਂ ਦੇ ਲੋੜੀਂਦੇ ਹਵਾਲੇ ਵੀ ਅੰਕਿਤ ਕੀਤੇ ਗਏ ਹਨ ਤੇ ਮੁੱਢ ਵਿਚ ਅੱਖਰ ਕ੍ਰਮ ਅਨੁਸਾਰ ਵਿਸ਼ੈ-ਸੂਚੀ ਵੀ ਸ਼ਾਮਲ ਕੀਤੀ ਗਈ ਹੈ। ਹੱਥਲੇ ਸੰਸਕਰਣ ਦੀ ਤਿਆਰੀ ਸਮੇਂ ਭਾਈ ਮੋਹਨ ਸਿੰਘ ਵੱਲੋਂ ਕਾਫ਼ੀ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
੨੫ ਫ਼ਰਵਰੀ, ੧੯੯੨ -ਪ੍ਰਕਾਸ਼ਕ
ੴ ਸਤਿਗੁਰਪ੍ਰਸਾਦਿ॥
ਕਰਤਾ ਵੱਲੋਂ ਜ਼ਰੂਰੀ ਬੇਨਤੀ
ਪਯਾਰੇ ਪਾਠਕ ਜੀ! ਹਮ ਹਿੰਦੂ ਨਹੀਂ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਅਰ ਸਿੱਖ ਕੌਮ, ਹੋਰ ਕੌਮ ਦੀ ਤਰ੍ਹਾਂ ਇਕ ਜੁਦੀ ਕੌਮ ਹੈ, ਪਰ ਇਹ ਕਦੇ ਖ਼ਿਆਲ ਨਹੀਂ ਹੋਣਾ ਚਾਹੀਏ ਕਿ ਆਪ ਹਿੰਦੂ ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ ਅਰ ਉਨ੍ਹਾਂ ਦੇ ਧਰਮਾਂ ਉੱਪਰ ਕੁਤਰਕ ਕਰੋਂ, ਅਥਵਾ ਦੇਸ਼-ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ-ਭੂਮੀ ਤੋਂ ਸਰਾਪ ਲਓ, ਸਗੋਂ ਆਪ ਨੂੰ ਉਚਿਤ ਹੈ ਕਿ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ :
ਏਕੁ ਪਿਤਾ ਏਕਸ ਕੇ ਹਮ ਬਾਰਿਕ….॥ (ਸੋਰਠਿ ਮ: ੫, ਪੰਨਾ ੬੧੧)
ਔਰ
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (ਧਨਾਸਰੀ ਮ: ੫, ਪੰਨਾ ੬੭੧)
ਸਭਸ ਨਾਲ ਪੂਰਨ ਪਿਆਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋਂ।
ਜਿਸ ਦੇਸ਼ ਦੇ ਆਦਮੀ ਵਿਦਿਆ ਦੇ ਤੱਤ ਔਰ ਦੀਰਘ ਵਿਚਾਰ ਤੋਂ ਖ਼ਾਲੀ ਰਹਿ ਕੇ ਧਰਮ, ਨੀਤੀ ਔਰ ਸਮਾਜ ਆਦਿਕ ਦੇ ਮੁਆਮਲਿਆਂ ਦੀ ਖਿਚੜੀ ਬਣ ਕੇ ਪਰਸਪਰ ਈਰਖਾ, ਦਵੈਤ ਨਾਲ ਸੜਦੇ ਔਰ ਲੜਦੇ ਹਨ, ਉਹ ਲੋਕ ਪ੍ਰਲੋਕ ਦਾ ਸੁਖ ਖੋ ਬੈਠਦੇ ਹਨ। ਔਰ ਪਰਮ ਪਿਤਾ ਵਾਹਿਗੁਰੂ ਦੇ ਪੁੱਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ, ਬਲਕਿ ਮਨੁੱਖ ਪਦਵੀ ਤੋਂ ਵੀ ਪਤਿਤ ਹੋ ਜਾਂਦੇ ਹਨ ਅਰ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ । ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ ਹੋਣ ਪਰ ਭੀ ਇਕ ਨੇਸ਼ਨ (Nation) ਵਾਂਗ ਮਿਲ ਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਉਹ ਸਭ ਸੁਖਾਂ ਦੇ ਪਾਤਰ ਹੁੰਦੇ ਹਨ ਅਰ ਸਭ੍ਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ।
ਭਾਰਤ ਸੇਵਕ ਕਾਨ੍ਹ ਸਿੰਘ
ੴ ਵਾਹਿਗੁਰੂ ਜੀ ਕੀ ਫ਼ਤਹ ॥
ਭੂਮਿਕਾ
ਪਯਾਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ ਨੂੰ ਦੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫੇਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ"? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ ਹੀ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ ? ਇਸ ਸ਼ੰਕਾ ਦੇ ਉੱਤਰ ਵਿਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚਲਦੇ ਹਨ ਔਰ ਖਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖਿਆ, ਇਹ ਗ੍ਰੰਥ ਉਨ੍ਹਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ, ਜਿਨ੍ਹਾਂ ਪੁਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ, ਜਿਸ ਦਾ ਸੰਖੇਪ ਇਉਂ ਹੈ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਗਧੇ ਨੂੰ ਸ਼ੇਰ ਦੀ ਖੱਲ ਪਹਿਨਾ ਕੇ ਜੰਗਲ ਵਿਚ ਛੱਡ ਦਿੱਤਾ । ਸਾਰੇ ਆਦਮੀ ਅਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ ਇਤਨਾ ਡਰਨ ਕਿ ਕੋਈ ਉਸ ਦੇ ਪਾਸ ਨਾ ਜਾਵੇ, ਔਰ ਉਹ ਗੁਣ ਚੱਕਣ ਦੇ ਦੁੱਖ ਤੋਂ ਛੁਟਕਾਰਾ ਪਾ ਕੇ, ਮਨ-ਭਾਉਂਦੀਆਂ ਖੇਤੀਆਂ ਖਾ ਕੇ ਮੋਟਾ ਡਾਢਾ ਹੋ ਗਿਆ, ਔਰ ਅਨੰਦਪੁਰ ਦੇ ਆਸ ਪਾਸ ਫਿਰ ਕੇ ਅਨੰਦ ਵਿਚ ਦਿਨ ਬਿਤਾਉਣ ਲਗਾ, ਪਰ ਇਕ ਦਿਨ ਆਪਣੇ ਸਾਥੀਆਂ ਦੀ ਮਨੋਹਰ ਧੁਨੀ (ਹੀਂਙਣ) ਸੁਣ ਕੇ ਕੁੰਭਿਆਰ ਦੇ ਘਰ ਨੂੰ ਉੱਠ ਨੱਠਾ, ਔਰ ਖੁਰਲੀ ਪਰ ਜਾ ਖੜੋਤਾ । ਕੁੰਭਿਆਰ ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉਤੋਂ ਉਤਾਰ ਦਿੱਤੀ ਅਤੇ ਗੂੰਣ ਲੱਦ ਕੇ ਸੋਟੇ ਨਾਲ ਅੱਗੇ ਕਰ ਲਇਆ।
ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿਤਾ ਕਿ, "ਹੇ ਮੇਰੇ ਸਪੁੱਤਰੋ ! ਮੈਂ ਤੁਹਾਨੂੰ ਇਸ ਗਧੇ ਦੀ ਤਰ੍ਹਾਂ ਕੇਵਲ ਚਿੰਨ੍ਹ-ਮਾਤ੍ਰ ਸ਼ੇਰ ਨਹੀਂ ਬਣਾਇਆ, ਸਗੋਂ ਗੁਣਧਾਰੀ, ਸਰਬ ਗੁਣ ਭਰਪੂਰ, ਜਾਤਿ ਪਾਤਿ ਦੇ ਬੰਧਨਾਂ ਤੋਂ ਮੁਕਤ, ਆਪਣੀ ਸੰਤਾਨ ਬਣਾ ਕੇ ਸ੍ਰੀ ਸਾਹਿਬ ਕੌਰ ਦੀ ਗੋਦੀ ਪਾਇਆ ਹੈ, ਹੁਣ ਤੁਸੀਂ ਅਗਿਆਨ ਦੇ ਵੱਸ ਹੋ ਕੇ ਇਸ ਗਧੇ ਦੀ ਤਰ੍ਹਾਂ ਪੁਰਾਣੀ ਜਾਤਿ ਪਾਤਿ ਵਿਚ ਨਾ ਜਾ ਵੜਨਾ। ਜੇ ਮੇਰੇ ਉਪਦੇਸ਼ ਨੂੰ ਭੁਲਾ ਕੇ ਪਵਿੱਤਰ ਖਾਲਸਾ ਧਰਮ ਤਿਆਗ ਕੇ ਉਨ੍ਹਾਂ ਜਾਤਾਂ ਵਿਚ ਹੀ ਜਾ ਵੜੋਗੇ, ਜਿਨ੍ਹਾਂ ਤੋਂ ਮੈਂ ਤੁਹਾਨੂੰ ਕੱਢਿਆ
ਹੈ, ਤਾਂ ਇਸ ਗਧੇ ਜੇਹੀ ਦਸ਼ਾ ਹੋਊ, ਔਰ ਤੁਸਾਡੀ ਧਰਮ ਨੇਸ਼ਠਾ ਅਤੇ ਸੂਰਵੀਰਤਾ ਸਭ ਜਾਂਦੀ ਰਹੂ।”੧
ਸਤਿਗੁਰੂ ਦੇ ਇਸ ਉਪਦੇਸ਼ ਤੋਂ ਬੇਮੁੱਖ ਹੁਣ ਸਾਡੇ ਵਿਚ ਬਹੁਤ ਭਾਈ ਐਸੇ ਹਨ, ਜੋ ਆਪਣੇ ਆਪ ਨੂੰ ਸਿੰਘ ਹੋ ਕੇ ਭੀ ਹਿੰਦੂ ਧਰਮੀ ਮੰਨਦੇ ਹਨ, ਔਰ ਗੁਰਬਾਣੀ ਅਨੁਸਾਰ ਚੱਲਣੇ ਅਤੇ ਸਿਖ ਧਰਮ ਨੂੰ ਹਿੰਦੂ ਧਰਮ ਤੋਂ ਜੁਦਾ ਅਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿਚ ਹਾਨੀ ਜਾਣਦੇ ਹਨ। ਜਿਸਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕੀਤਾ, ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ, ਕੇਵਲ ਅਨਮਤਾਂ ਦੀਆਂ ਪੋਥੀਆਂ ਔਰ ਸਵਾਰਥੀ ਪ੍ਰਪੰਚੀਆਂ ਦੀ ਸਿੱਖਿਆ ਸੁਣਨ ਵਿਚ ਉਮਰ ਬਿਤਾਈ ਹੈ। ਪਰ ਸ਼ੋਕ ਹੈ ਐਸੇ ਭਾਈਆਂ ਉਪਰ ਜੋ ਪਰਮ ਪੂਜਨੀਕ ਪਿਤਾ ਦੇ ਉਪਕਾਰਾਂ ਨੂੰ ਭੁਲਾ ਕੇ (ਜਿਸ ਨੇ ਨੀਚੋਂ ਊਚ ਕੀਤਾ, ਕੰਗਾਲੋਂ ਰਾਜੇ ਬਣਾਏ, ਗਿੱਦੜੋਂ ਸ਼ੇਰ ਔਰ ਚਿੜੀਆਂ ਤੋਂ ਬਾਜ ਸਜਾਏ) ਗੁਰਮਤਿ ਵਿਰੋਧੀਆਂ ਦੇ ਪਿੱਛੇ ਲੱਗ ਕੇ, ਪਾਖੰਡ ਜਾਲ ਵਿਚ ਫਸ ਕੇ ਆਪਣਾ ਮਨੁੱਖ ਜਨਮ ਹਾਰਦੇ ਹੋਏ ਖਾਲਸਾ ਧਰਮ ਤੋਂ ਪਤਿਤ ਹੋ ਰਹੇ ਹਨ।
ਕੇਵਲ ਹਿੰਦੂ ਧਰਮ ਤੋਂ ਹੀ ਖਾਲਸੇ ਦੀ ਭਿੰਨਤਾ ਇਸ ਪੁਸਤਕ ਵਿਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ, ਪਰ ਅਗਿਆਨ ਕਰਕੇ ਖਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇਕ ਫ਼ਿਰਕਾ ਖ਼ਿਆਲ ਕਰਦੇ ਹਨ।
ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਗ੍ਰੰਥ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਅਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ :
'ਹਮ ਹਿੰਦੂ ਨਹੀਂ'।
੧ ਜੇਠ, ਸਾਲ ਨਾ: ੪੨੯
____________
੧. ਤਬਿ ਸਤਿਗੁਰ ਸਭਿਹੂੰਨਿ ਸੁਨਾਯੋ। 'ਇਹੁ ਦ੍ਰਿਸ਼ਟਾਂਤ ਤੁਮਹਿਂ ਦਿਖਰਾਯੋ ॥੧੪॥
ਜਾਤਿ ਪਾਤਿ ਮਹਿ ਰਾਸਭ ਜੈਸੇ। ਬਸੀ ਕੁਲਾਲ ਲਾਜ ਮਹਿ ਤੈਸੇ।
ਤਿਸ ਤੇ ਸਤਿਗੁਰ ਲਏ ਨਿਕਾਸ। ਬਖਸ਼ੇ ਸਕਲ ਪਦਾਰਥ ਪਾਸ॥੧੫॥
ਸ੍ਰੀ ਅਸਿਧੁਜ ਕੋ ਦੇ ਕਰਿ ਬਾਣਾ। ਸਭਿ ਤੇ ਊਚੇ ਕਰੇ ਸੁ ਤਾਣਾ ।.....
ਪੁਨ ਕੁਲਾਲ ਕੇ ਪ੍ਰਵਿਸ਼ਯੋ ਜਾਈ। ਲਾਦ ਗੁਣ ਕੋ ਲਸ਼ਟ ਲਗਾਈ।
ਤਿਮ ਹੁਇ ਸਿੰਘ, ਜਾਤਿ ਮੈਂ ਪਰੈ। ਤਜਹਿ ਸ਼ਸਤ੍ਰ, ਭੈ ਕੋਇ ਨ ਧਰੈ ॥੧੮॥......
ਯਾਂ ਤੇ ਸ਼੍ਰੀ ਅਕਾਲ ਕੋ ਬਾਨਾ। ਦੇ, ਮੈਂ ਕੀਨੇ ਸਿੰਘ ਸਮਾਨਾ।
ਇਸ ਕੇ ਧਰੇ ਸਦਾ ਸੁਖ ਹੋਈ। ਤਯਾਗੇ, ਦੋਨਹੁਂ ਲੋਕ ਨ ਢੋਈ ॥੨੦॥
(ਗੁਰ ਪ੍ਰਤਾਪ ਸੂਰਯ, ਰੁਤ ੩, ਅੰਸੂ ੨੨)