ਕੇਹਾ ਚੰਗਾ ਹੁੰਦਾ ਜੇ ਇਹ ਉਦਮ ਇਸ ਚਰਚਾ ਦੇ ਉਠਣ ਤੋਂ ਪਹਿਲਾਂ ਕੀਤਾ ਜਾਂਦਾ। ਵਿਦਵਾਨਾਂ ਨੂੰ ਹੁਣ ਆਪਣਾ ਏਹ ਯਤਨ ਨਿਸਫਲ ਜਾਪਦਾ ਹੈ।
ਸਾਨੂੰ ਇਸ ਵੇਲੇ ਆਪ ਦੇ ਮੂੰਹੋਂ 'ਹਿੰਦੂ' ਪਦ ਸੰਸਕ੍ਰਿਤ ਭਾਸ਼ਾ ਦਾ ਹੋਣਾ ਸੁਣ ਕੇ ਭਾਰਤੇਂਦੂ ਬਾਬੂ ਹਰੀਸ਼ ਚੰਦਰ ਦਾ ਲੇਖ ਯਾਦ ਆਇਆ ਹੈ, ਜਿਸ ਦਾ ਸਾਰ ਇਉਂ ਹੈ :
“ਦੱਖਣਾ ਦੇ ਕੇ ਜੇਹੀ ਬਿਵਸਥਾ ਚਾਹੀਏ, ਪੰਡਿਤ ਜੀ ਤੋਂ ਲੈ ਸਕੀਦੀ ਹੈ । ਔਰ ਜੋ ਬਾਤ ਸ਼ਾਸਤ੍ਰਾਂ ਵਿਚੋਂ ਸਿੱਧ ਕਰਾਉਣੀ ਚਾਹੋ, ਸੋ ਸਿੱਧ ਹੋ ਜਾਂਦੀ ਹੈ।”
ਉਦਾਹਰਣ:
ਪ੍ਰਸ਼ਨ: ਕਯਾ ਪੰਡਿਤ ਜੀ ! ਆਪ ਕ੍ਰਿਸਤਾਨ ਔਰ ਮੁਸਲਮਾਨਾਂ ਨੂੰ ਭੀ ਕਿਸੀ ਪ੍ਰਮਾਣ ਔਰ ਯੁਕਤੀ ਨਾਲ ਹਿੰਦੂ ਸਿੱਧ ਕਰ ਸਕਦੇ ਹੋ ?
ਪੰਡਿਤ ਜੀ ਦਾ ਉੱਤਰ: ਹਾਂ, ਦੱਖਣਾ ਲਿਆਓ, ਹੁਣੇ ਸਿੱਧ ਕਰ ਕੇ ਦਿਖਾ ਦੇਂਦੇ ਹਾਂ।
ਪ੍ਰਸ਼ਨ : ਭਲਾ ਕਿਸ ਤਰ੍ਹਾਂ ?
ਪੰਡਿਤ ਜੀ : ਭਾਈ ! ਕ੍ਰਿਸਤਾਨ ਔਰ ਮੁਸਲਮਾਨ ਤਾਂ ਸ਼ੁੱਧ ਬ੍ਰਾਹਮਣ ਹਨ, ਅਸਲ ਬਾਤ ਇਉਂ ਹੈ ਕਿ ਯਾਦਵਾਂ ਦੇ ਦੋ ਪੁਰੋਹਿਤ ਸੇ, ਇਕ ਨੂੰ ਕ੍ਰਿਸ਼ਨ ਭਗਵਾਨ ਮੰਨਿਆ ਕਰਦੇ ਸੇ। ਇਸ ਕਰਕੇ ਉਸ ਪੁਰੋਹਿਤ ਦਾ ਨਾਉਂ 'ਕ੍ਰਿਸ਼ਨ ਮਾਨ੍ਯ' ਸੀ, ਦੂਜੇ ਨੂੰ ਕ੍ਰਿਸ਼ਨ ਜੀ ਦਾ ਭਾਈ ਮੁਸਲਿ (ਬਲਭਦ੍ਰ) ਮੰਨਿਆ ਕਰਦਾ ਸੀ, ਇਸ ਕਰਕੇ ਉਸ ਦਾ ਨਾਉਂ 'ਮੁਸਲਿ ਮਾਨ੍ਯ' ਸੀ, ਇਹ ਦੋਵੇਂ (ਕ੍ਰਿਸਤਾਨ ਔਰ ਮੁਸਲਮਾਨ) ਮਤ, ਉਨ੍ਹਾਂ ਪੁਰੋਹਿਤਾਂ ਦੀ ਸੰਤਾਨ ਹਨ । ਲੋਕਾਂ ਨੂੰ ਸੰਸਕ੍ਰਿਤ ਦਾ ਸ਼ੁੱਧ ਉਚਾਰਣ ਨਹੀਂ ਆਉਂਦਾ, ਇਸ ਵਾਸਤੇ ਕ੍ਰਿਸ਼ਨ ਮਾਨ੍ਯ ਦੀ ਜਗ੍ਹਾ ਕ੍ਰਿਸਤਾਨ, ਔਰ ਮੁਸਲਿ ਮਾਨ੍ਯ ਦੀ ਜਗ੍ਹਾ ਮੁਸਲਮਾਨ ਆਖਣ ਲਗ ਪਏ। ਲਿਆਓ ਦੱਖਣਾ ! ਤੁਹਾਨੂੰ ਹੁਣੇ ਇਹ ਬਿਵਸਥਾ ਲਿਖ ਕੇ ਦੇਈਏ।
ਪਿਆਰੇ ਹਿੰਦੂ ਭਾਈ! ਸਾਨੂੰ ਆਪ ਦੇ ਹਿੰਦੂ ਪਦ ਦਾ ਸੰਸਕ੍ਰਿਤ ਸਿੱਧ ਹੋਣਾ ਭੀ ਅਜੇਹੀ ਬਿਵਸਥਾ ਦਾ ਹੀ ਫਲ ਜਾਪਦਾ ਹੈ।
(ਕ) ਇੰਦੁ, ਔਰ ਸਿੰਧੁ ਪਦ ਤੋਂ ਹਿੰਦੂ ਪਦ ਬਣਨਾ ਕੇਵਲ ਆਪ ਦੀ ਕਪੋਲ ਕਲਪਨਾ ਹੈ, ਆਪ ਦੇ ਪ੍ਰਾਚੀਨ ਗ੍ਰੰਥਾਂ ਤੋਂ ਸਿੱਧ ਨਹੀਂ ਹੈ । ਜੇ ਹੈ ਤਾਂ ਉਦਾਹਰਣ ਲਈ ਕੋਈ ਪ੍ਰਸੰਗ ਦਸੋ ।
ਹਿੰਦੂ: ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ:
ਹਿੰਦੂ ਸਾਲਾਹੀ ਸਾਲਾਹਨਿ........॥ (ਵਾਰ ਆਸਾ ਮ: ੧, ਪੰਨਾ ੪੬੫)
ਸਿੱਖ : ਹਿੰਦੂ ਸਾਹਿਬ! ਤੁਕ ਦਾ ਅੱਧਾ ਹਿੱਸਾ ਪੜ੍ਹ ਕੇ ਅਗਿਆਨੀ ਸਿੱਖਾਂ ਨੂੰ ਧੋਖਾ ਨਾ ਦਿਓ। ਏਸ ਸ਼ਬਦ ਵਿਚ ਸਤਿਗੁਰਾਂ ਨੇ ਹਿੰਦੂਆਂ ਦੀ ਮਹਿਮਾ ਨਹੀਂ ਆਖੀ, ਧਿਆਨ ਦੇ ਕੇ ਸੁਣੋ! ਗੁਰੂ ਸ਼ਬਦ ਕੀ ਕਹਿੰਦਾ ਹੈ :
________
੧. ਬਲਭਦ੍ਰ ਆਪਣੇ ਹੱਥ ਵਿਚ ਹਲ ਅਤੇ ਮੂਸਲ ਰੱਖਦਾ ਹੁੰਦਾ ਸੀ, ਇਸ ਕਰਕੇ ਉਸ ਨੂੰ 'ਹਲੀ' ਔਰ 'ਮੂਸਲੀ' ਆਖਦੇ ਸੇ।