Back ArrowLogo
Info
Profile

ਜਿਸ ਤਰ੍ਹਾਂ ਹਿੰਦੂ ਯੋਗੀ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਇਸੀ ਤਰ੍ਹਾਂ ਮੁਸਲਮਾਨਾਂ ਪ੍ਰਤੀ ਕਥਨ ਕਰਦੇ ਹਨ :

ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥                      (ਵਾਰ ਗਉੜੀ ਮ: ੫, ਪੰਨਾ ੩੧੯)

ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥           (ਵਾਰ ਮਾਝ ਮ: ੧, ਪੰਨਾ ੧੪੧)

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥                         (ਵਾਰ ਮਾਝ ਮ: ੧, ਪੰਨਾ ੧੪੦)

ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥

ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥                    (ਮਾਰੂ ਮ: ੫, ਪੰਨਾ ੧੦੮੪)

ਕੀ ਇਨ੍ਹਾਂ ਉਪਦੇਸ਼ਾਂ ਦਾ ਆਪ ਇਹ ਸਿੱਟਾ ਕੱਢੋਗੇ ਕਿ ਗੁਰੂ ਸਾਹਿਬ ਸਿੱਖਾਂ ਨੂੰ ਮੁਹੰਮਦ ਸਾਹਿਬ ਦੀ ਪੈਰਵੀ ਕਰਨ ਦਾ ਹੁਕਮ ਦਿੰਦੇ ਹਨ। ਅਸਲ ਵਿਚ ਆਪ ਉਪਦੇਸ਼ ਦੇ ਢੰਗ ਤੇ ਸਤਿਗੁਰਾਂ ਦੇ ਆਸ਼ੇ ਤੋਂ ਅਗਿਆਨੀ ਹੋ।

ਹਿੰਦੂ: ਗ੍ਰੰਥ ਸਾਹਿਬ ਵਿਚ ਲਿਖਿਆ ਹੈ:

ਵੇਦ ਪੁਰਾਨ ਕਹੋ ਮਤਿ ਝੂਠੇ ਝੂਠਾ ਜੋ ਨਾ ਬਿਚਾਰੈ।

ਸਿੱਖ : ਪਾਠ ਸਹੀ ਇਸ ਤਰ੍ਹਾਂ ਹੈ :

ਬੇਦ ਕਤੇਬ ਕਹਹੁ ਮਤ ਝੂਠੇ..... ॥                                        (ਪ੍ਰਭਾਤੀ ਕਬੀਰ, ਪੰਨਾ ੧੩੫੦)

ਇਸ ਦਾ ਭਾਵ ਇਹ ਹੈ-ਕਾਂਸ਼ੀ ਵਿਚ ਕਬੀਰ ਜੀ ਪਾਸ ਹਿੰਦੂ ਔਰ ਮੁਸਲਮਾਨ ਇਕ ਦੂਜੇ ਦੀ ਨਿੰਦਾ ਕਰਦੇ ਹੋਏ, ਔਰ ਇਕ ਦੂਜੇ ਦੀਆਂ ਧਰਮ ਪੁਸਤਕਾਂ ਨੂੰ ਗਾਲ੍ਹੀਆਂ ਦਿੰਦੇ ਹੋਏ ਆਏ? ਜਿਸ ਪਰ ਕਬੀਰ ਜੀ ਨੇ ਸ਼ਾਂਤੀ ਕਰਾਉਣ ਲਈ ਉੱਤਮ ਉਪਦੇਸ਼ ਦਿੱਤਾ ਕਿ ਐਵੇਂ ਬਿਨਾਂ ਵਿਚਾਰੇ ਪੱਖਪਾਤ ਨਾਲ ਕ੍ਰੋਧ ਦੇ ਅਧੀਨ ਹੋ ਕੇ ਵੇਦ ਔਰ ਕੁਰਾਨ ਨੂੰ ਝੂਠੇ ਝੂਠੇ ਨਾ ਕਹੋ, ਅਸਲੀਅਤ ਸਮਝ ਕੇ ਜੋ ਕੁਝ ਆਖਣਾ ਹੈ, ਸੋ ਯਥਾਰਥ ਆਖੋ ਅਰ ਸ਼ਾਂਤੀ ਨਾਲ ਧਰਮ ਗ੍ਰੰਥਾਂ ਦੇ ਮਰਮ ਨੂੰ ਸਮਝੋ।

ਆਪ ਨੇ ਕਬੀਰ ਜੀ ਦਾ ਸ਼ਬਦ ਵੇਦਾਂ ਦੀ ਤਾਈਦ ਵਿਚ (ਬਿਨਾਂ ਪ੍ਰਸੰਗ ਸਮਝੇ) ਦਿੱਤਾ ਹੈ, ਅਸੀਂ ਮੁਨਾਸਬ ਜਾਣਦੇ ਹਾਂ ਕਿ ਆਪ ਨੂੰ ਕਬੀਰ ਜੀ ਦੀ ਆਪਣੀ ਰਾਏ ਵੇਦ ਔਰ ਕੁਰਾਨ ਬਾਬਤ ਸੁਣਾਈਏ, ਜੋ ਇਹ ਹੈ :

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥                       (ਤਿਲੰਗ ਕਬੀਰ, ਪੰਨਾ ੭੨੭)

_____________

੧. ਸ਼ੈਤਾਨ, ਭਾਵ ਕਾਮਾਦਿਕ ਵਿਚਾਰਾਂ ਤੋਂ ਹੈ।

੨. ਚਰਚਾ 'ਬਲੀਦਾਨ' ਔਰ 'ਕੁਰਬਾਨੀ' ਦੇ ਮਸਲੇ ਪਰ ਦੋਹਾਂ ਧਿਰਾਂ ਦੀ ਛਿੜੀ ਹੋਈ ਸੀ।

42 / 121
Previous
Next