(ਅ) ਗੁਰੂ ਜੀ ਤੋਂ ਸਿੱਖਾਂ ਨੇ ਕੁੰਭ ਮੇਲੇ ਦਾ ਮਹਾਤਮ ਪੁੱਛਿਆ, ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ :
ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ ॥ (ਵਾਰ ਆਸਾ ਮ: ੧, ਪੰਨਾ ੪੬੯)
(ੲ) ਗੁਰੂ ਸਾਹਿਬ ਨੇ ਆਸਾ ਦੇਸ਼ ਵਿਚ ਸ਼ੇਖ ਫਰੀਦ ਨਾਲ ਮੁਲਾਕਾਤ ਕੀਤੀ, ਔਰ ਆਸਾ ਰਾਗ ਵਿਚ ਬਾਣੀ ਉਚਾਰੀ, ਔਰ ਧਨਾਸਰੀ ਦੇਸ਼ ਵਿਚ ਧਨਾਸਰੀ ਰਾਗ ਉਚਾਰਨ ਕੀਤਾ।
(ਸ) ਛੇਵੇਂ ਗੁਰੂ, ਭੂਤ ਔਰ ਭੂਤਨੀਆਂ ਭੇਜ ਕੇ ਦੇਸ਼ ਦੇਸ਼ਾਂਤਰਾਂ ਤੋਂ ਖ਼ਬਰ ਮੰਗਵਾਯਾ ਕਰਦੇ ਸੇ।
(ਹ) ਦਸਵੇਂ ਗੁਰੂ ਸਾਹਿਬ ਕ੍ਰਿਸ਼ਨ ਦੀ ਤਰ੍ਹਾਂ ਪਾਣੀ ਭਰਨ ਆਈਆਂ ਇਸਤ੍ਰੀਆਂ ਦੇ ਘੜੇ ਭੰਨ ਦਿੰਦੇ ਸੇ, ਔਰ ਗਵਾਂਢੀਆਂ ਦਾ ਮੱਖਣ ਚੁਰਾ ਕੇ ਖਾ ਜਾਂਦੇ ਸੇ ।
(ਕ) ਸਈਯਦਾਂ ਦੀ ਉਤਪਤੀ ਪਾਂਡਵਾਂ ਵੇਲੇ ਹੋਈ, ਔਰ ਮੁਗ਼ਲ ਬ੍ਰਾਹਮਣਾਂ ਦੀ ਉਲਾਦ ਹਨ।
ਇਤਿਆਦਿਕ ਬਹੁਤ ਲੇਖ ਹਨ, ਜਿਨ੍ਹਾਂ ਦੇ ਏਥੇ ਲਿਖਣ ਕਰਕੇ ਵਿਸਥਾਰ ਹੁੰਦਾ ਹੈ। ਕਬੀਰ ਜੀ ਔਰ ਭਾਈ ਮਨੀ ਸਿੰਘ ਜੀ ਦੇ ਕਥਨ ਅਨੁਸਾਰ ਗੁਰਮੁਖਾਂ ਨੂੰ ਚਾਹੀਏ ਕਿ ਮੱਖਣ ਨੂੰ ਗ੍ਰਹਿਣ ਕਰਕੇ ਛਾਛ ਦਾ ਤਿਆਗ ਕਰ ਦੇਣ।"
ਸਿਧਾਂਤ ਏਹ ਹੈ ਕਿ ਜੋ ਪ੍ਰਮਾਣ ਗੁਰਬਾਣੀ ਸੰਮਤ ਹੈ, ਉਹੀ ਮੰਨਣ ਯੋਗ ਹੈ, ਔਰ ਜੋ ਵਿਰੁੱਧ ਹੈ, ਉਸ ਦਾ ਸਰਬਥਾ ਤਿਆਗ ਹੈ।
ਜੋ ਲੋਕ ਅਪ੍ਰਮਾਣ ਪ੍ਰਮਾਣਾਂ ਨਾਲ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦਾ ਯਤਨ ਕਰਦੇ ਹਨ, ਉਹ ਆਪਣੀ ਮਿਹਨਤ ਹੀ ਨਹੀਂ ਗਵਾਉਂਦੇ, ਸਗੋਂ ਆਪਣੀ ਅਗਿਆਨਤਾ ਅਥਵਾ ਸਵਾਰਥ ਭਰੀ ਕੁਟਿਲਤਾ ਪ੍ਰਸਿੱਧ ਕਰਕੇ ਹਾਸੀ ਅਤੇ ਘ੍ਰਿਣਾ ਦੇ ਯੋਗ ਹੁੰਦੇ ਹਨ।
ਇਸ ਪੁਸਤਕ ਅਥਵਾ ਸਵਾਲ ਪਰ ਜੋ ਪੰਥ ਦੀ ਸੰਮਤੀ ਹੈ, ਏਥੇ ਉਸ ਦਾ ਪ੍ਰਗਟ ਕਰ ਦੇਣਾ ਭੀ ਜ਼ਰੂਰੀ ਹੈ, ਜਿਸ ਤੋਂ ਸਭ ਨੂੰ ਪ੍ਰਤੀਤ ਹੋ ਜਾਵੇ ਕਿ ਕੌਮ ਦੇ ਮੁਖੀਏ ਪ੍ਰੇਮੀਆਂ ਦੀ ਇਸ ਵਿਸ਼ੇ ਤੇ ਕੀ ਰਾਏ ਹੈ :
____________
੧. ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥ (ਸਲੋਕ ਕਬੀਰ, ਪੰਨਾ ੧੩੬੫)
"ਵੇਦ ਆਦਿਕਾਂ ਦਾ ਵਿਅਰਥ ਵਾਕ ਤਿਆਗਣਾ, ਸਾਰ ਵਾਲਾ ਵਾਕ ਬਾਲਕ ਦਾ ਭੀ ਮੰਨਣਾ।” (ਰਤਨਮਾਲ)