Back ArrowLogo
Info
Profile

ਇਸੇ ਤਰ੍ਹਾਂ ਪ੍ਰੇਮੀ ਹਿੰਦੂ ਜੀ ! ਆਪ ਨਾਮਦੇਵ ਆਦਿਕ ਭਗਤਾਂ ਦੀ ਕਥਾ ਦਾ ਸਿਧਾਂਤ ਸਮਝ ਲਓ।

(੬) ਸੰਧਿਆ-ਤਰਪਣ

ਆਪ ਗਾਯਤੀ ਆਦਿਕ ਦੇਵਤਿਆਂ ਦੀ ਮਹਿਮਾ ਔਰ ਉਸਤਤਿ ਦੇ ਮੰਤ੍ਰ ਪੜ੍ਹ ਕੇ ਔਰ ਅੰਨ੍ਯਾਸ ਕਰ ਕੇ ਸੰਧਯਾ ਕਰਦੇ ਹੋ ਔਰ ਤਰਪਣ ਕਰ ਕੇ ਦੇਵਤਾ ਪਿਤਰ ਆਦਿਕਾਂ ਨੂੰ ਪਾਣੀ ਦੇਂਦੇ ਹੋ, ਪਰ ਸਿਖ ਧਰਮ ਵਿਚ ਅਜੇਹੀ ਸੰਧਿਆ ਵਰਜਿਤ ਹੈ, ਕੇਵਲ ਵਾਹਿਗੁਰੂ ਦਾ ਆਰਾਧਨ ਔਰ ਗੁਰਬਾਣੀ ਦਵਾਰਾ ਉਸ ਸਰਬ ਸ਼ਕਤੀਮਾਨ ਦਾ ਸਿਮਰਣ ਕਰਨਾ ਵਿਧਾਨ ਹੈ, ਯਥਾ:

ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥

ਹਰਿ ਸਿਉ ਪ੍ਰੀਤਿ ਉਪਜੈ ਮਾਇਆ ਮੋਹੁ ਜਲਾਵੈ ॥

ਗੁਰ ਪਰਸਾਦੀ ਦੁਬਿਧਾ ਮਰੈ,

ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥

ਨਾਨਕ ਸੰਧਿਆ ਕਰੈ ਮਨਮੁਖੀ

ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥                                         (ਵਾਰ ਬਿਹਾਗੜਾ ਮ: ੩, ਪੰਨਾ ੫੫੩)

ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ॥                               (ਸੋਰਠਿ ਮ: ੩, ਪੰਨਾ ੬੦੩)

ਗੁਰੁ ਸਿੱਖਾਂ ਲਈ ਜੋ ਨਿਤ ਕਰਮ ਹੈ ਸੋ ਭਾਈ ਗੁਰਦਾਸ ਜੀ ਕਥਨ ਕਰਦੇ ਹਨ :

ਅੰਮ੍ਰਿਤ ਵੇਲੈ ਨਾਵਣਾ, ਗੁਰਮੁਖਿ ਜਪੁ ਗੁਰੁ ਮੰਤ੍ਰੁ ਜਪਾਇਆ।

ਰਾਤਿ ਆਰਤੀ ਸੋਹਿਲਾ, ਮਾਇਆ ਵਿਚਿ ਉਦਾਸੁ ਰਹਾਇਆ।....॥੪॥                                  (ਭਾਈ ਗੁਰਦਾਸ, ਵਾਰ ੨੬)

______________

੧. ਤਤ ਸਵਿਤੁ : ਵਰੇਣਯੰ ਭਰਗੋ ਦੇਵਸਯ ਧੀ ਮਹਿ, ਧਿਯੋ ਯੋਨ: ਪ੍ਰਚੋਦਯਾਤ। ਹਿੰਦੂਆਂ ਦੇ ਧਰਮ ਦਾ ਮੂਲ ਆਧਾਰ ਏਹ ਗਾਇਤ੍ਰੀ ਮੰਤ੍ਰ ਹੈ। ਏਸ ਮੰਤ੍ਰ ਦੇ ਆਦਿ ਵਿਚ ਹਿੰਦੂ ਰਿਸ਼ੀਆਂ ਨੇ “ਓਅੰ ਭੂ: ਭੁਵ: ਸ੍ਰ:" ਏਨਾ ਵਾਧੂ ਪਾਠ ਪਿਛੋਂ ਹੋਰ ਲਾ ਦਿੱਤਾ ਹੈ।

ਗਾਇਤ੍ਰੀ ਦਾ ਅਰਥ ਏਹ ਹੈ:

"ਜੋ ਸੂਰਜ ਦੇਵਤਾ ਸਭ ਨੂੰ ਜਿਵਾਉਂਦਾ ਹੈ, ਦੁਖਾਂ ਤੋਂ ਛੁਡਾਉਂਦਾ ਹੈ, ਪ੍ਰਕਾਸ਼ ਰੂਪ ਹੈ, ਬੇਨਤੀ ਕਰਨ ਯੋਗ ਹੈ, ਪਾਪ ਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧਿਆਨ ਕਰਦੇ ਹਾਂ ।" ਅੱਜ ਕੱਲ੍ਹ ਦੇ ਕਈ ਵਿਦਵਾਨ ਹਿੰਦੂਆਂ ਨੇ ਗਾਇਤ੍ਰੀ ਦੇ ਅਰਥ ਪ੍ਰਮੇਸ਼ਰ ਵਲ ਭੀ ਲਾਏ ਹਨ, ਪਰ ਅਸਲ ਅਰਥ ਸੂਰਜ ਦੀ ਮਹਿਮਾ ਵਿਚ ਹਨ। ਏਹ ਗਾਇਤ੍ਰੀ ਮੰਤ੍ਰ ਵਿਸ੍ਵਾਮਿਤ੍ਰ ਦਾ ਬਣਾਇਆ ਹੋਇਆ ਹੈ।

੨. ਰਿਦਾ, ਸਿਰ, ਬਾਹਾਂ, ਨੇਤ੍ਰ ਆਦਿਕ ਅੰਗਾਂ ਨੂੰ ਛੁਹ ਕੇ ਮੰਤ੍ਰ ਪੜ੍ਹਨਾ, ਚੁਟਕੀਆਂ ਔਰ ਤਾੜੀਆਂ ਵਜਾਉਣੀਆਂ।

੩. ਇਸ ਬਾਤ ਦੇ ਸਮਝੇ ਬਿਨਾਂ ਕਿ ਜੋ ਸਭ ਦਾ ਆਧਾਰ ਔਰ ਮੂਲ ਰੂਪ ਵਾਹਿਗੁਰੂ ਹੈ, ਉਸ ਨੂੰ ਛੱਡ ਕੇ ਅਸੀਂ ਕਿਉਂ ਉਸ ਦੇ ਕੀਤੇ ਹੋਏ ਸੂਰਜ ਔਰ ਚੰਦ੍ਰਮਾ ਆਦਿਕ ਦੇ ਪਿਛੇ ਭਟਕਦੇ ਹਾਂ, ਔਰ ਜੀਊਂਦੇ ਬਜ਼ੁਰਗਾਂ ਦੀ ਸੇਵਾ ਤਿਆਗ ਕੇ ਕਿਉਂ ਬ੍ਰਿਥਾ ਤਰਪਣ ਦਾ ਪਾਣੀ ਦੇਵਤਿਆਂ ਅਤੇ ਪਿਤਰਾਂ ਨੂੰ ਪੁਚਾਉਣ ਦਾ ਯਤਨ ਕਰਦੇ ਹਾਂ। 

80 / 121
Previous
Next