ਮੰਨਣਾ।" ਪਿਆਰੇ ਨੇ ਇਲਮਦੀਨ ਦੀ ਬਜ਼ੁਰਗੀ ਵਾਸਤੇ ਇਕ-ਵਚਨ ਤੇ ਆਪਣੀ ਜਵਾਨੀ ਵਾਸਤੇ ਬਹੁ-ਵਚਨ ਸ਼ਬਦ ਵਰਤੇ। ਸੱਜੇ ਹੱਥ ਨਾਲ ਹਲ ਦੀ ਜੰਘੀ ਕਾਬੂ ਕਰਦਿਆਂ ਉਹਨੇ ਖੱਬਾ ਹੱਥ ਕੰਨ 'ਤੇ ਧਰ ਕੇ ਸੁਰ ਚੁੱਕੀ:
"ਮਿਰਜ਼ਾ ਕਹਿੰਦਾ, ਸਾਹਿਬਾਂ!
ਫਿੱਕੇ ਬੋਲ ਨਾ ਬੋਲ।
ਕਦੇ ਆਸ਼ਕ ਸੁਖਨ ਨਾ ਹਾਰਦੇ
ਉਹ ਪਰਬਤ ਵਾਂਗ ਅਡੋਲ।
ਝੂਠੇ ਲੋਕ ਪਤਾਸੇ ਵੰਡਦੇ
ਆਸ਼ਕ ਜਿੰਦੜੀ ਦੇਂਦੇ ਘੋਲ।
ਉਹ ਗਲੀ ਢੰਡੋਰਾ ਪਿੱਟਦੇ
ਜਿਨ੍ਹਾਂ ਅੰਦਰ ਹੋਵੇ ਪੋਲ।
ਉਹ ਉੱਚੀ ਸਾਹ ਨਾ ਕੱਢਦੇ
ਹੋਵੇ ਸਿਦਕ ਜਿਨ੍ਹਾਂ ਦੇ ਕੋਲ
ਉਹ ਹੂਰਾਂ ਵੱਲ ਨਾ ਝਾਕਦੇ
ਜਿਨ੍ਹਾਂ ਹਾਣੀ ਲੱਭ ਲੈ ਟੋਲ।
ਉਹ ਸੌਦੇ ਕਰਦੇ ਦਿਲਾਂ ਦੇ
ਸਿਰ ਇਸ਼ਕ ਦੀ ਤਕੜੀ ਤੋਲ
ਨਹੀਂ ਸੂਰਜ ਚੜ੍ਹਦਾ ਲਹਿੰਦਿਓਂ ਜੱਟੀਏ!
ਤੇ ਮਰਦ ਨਾ ਹਾਰਨ ਕੌਲ, ਓਹ ਜੱਟਾ ਮਿਰਜ਼ਿਆ ਆ।"
ਪਿਆਰੇ ਨੇ ਇਕ ਲੰਮੀ ਹੇਕ ਵਿੱਚ ਸੁਰ ਖ਼ਤਮ ਕੀਤੀ।
"ਵਾਹ, ਵਾਹ!” ਇਲਮਦੀਨ ਨੇ ਮਸਤੀ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਕਦੇ ਮਰਦ ਨਾ ਹਾਰਨ ਕੌਲ। ਉਹ ਮਰਦ ਕਾਹਦਾ ਜਿਹੜਾ ਕੌਲ ਦਾ ਪੂਰਾ ਨਾ ਹੋਵੇ। ਠੀਕ ਕਿਹਾ ਈ ਭਈ ਗੱਭਰੂਆ! ਬਹੁਤ ਖੂਬ !”
ਇਲਮਦੀਨ ਰਾਜਪੂਤ ਮੁਸਲਮਾਨ ਸੀ, ਪਰ ਗ਼ਰੀਬ ਹੋਣ ਕਰਕੇ ਲੋਕ ਉਸ ਨੂੰ ਤੇ ਉਹਦੀ ਬਰਾਦਰੀ ਨੂੰ ਰੰਘੜ ਹੀ ਕਹਿੰਦੇ ਸਨ। ਅਖਾਣ ਹੈ ਨਾ! ਰੱਜਿਆ ਰਾਜਪੂਤ ਤੇ ਭੁੱਖਾ ਰੰਘੜ। ਇਲਮਦੀਨ ਨੂੰ ਏਸ ਗੱਲ ਨਾਲ ਕੋਈ ਫ਼ਰਕ ਨਹੀਂ ਸੀ। ਉਹ ਸੂਫ਼ੀ ਖ਼ਿਆਲਾਂ ਦਾ ਇਕ ਨੇਕ ਇਨਸਾਨ ਸੀ, ਸੁਲ੍ਹਾ-ਕੁੱਲ। ਖ਼ਲਕਿ ਖ਼ੁਦਾ ਨੂੰ ਖ਼ੁਦਾ ਦਾ ਨੂਰ ਸਮਝਣਾ ਉਹਦਾ ਮਜ਼ਹਬ ਸੀ। ਏਸੇ ਵਾਸਤੇ ਮਸੀਤ ਦੇ ਮੁੱਲਾਂ ਤੇ ਮੁੱਲਾਂ ਦਿਆਂ ਹਿਮਾਇਤੀਆਂ ਨਾਲ ਉਹਦੀ ਨਹੀਂ ਸੀ ਬਣਦੀ। ਇਕ ਵਾਰ ਰੋਜ਼ਿਆਂ ਦੇ ਦਿਨਾਂ ਵਿੱਚ ਰੋਜ਼ੇ ਨਾ ਰੱਖਣ ਦੇ ਕਾਰਨ ਬਰਾਦਰੀ ਨੇ ਉਹਨੂੰ ਛੇਕ ਵੀ ਦਿੱਤਾ