ਪਹਿਲਾ ਭਾਗ
੧.
"ਚਲ ਬੋਤਿਆ ! ਚਲ।" ਪ੍ਰੀਤੂ ਨੇ ਦੋਵੇਂ ਅੱਡੀਆਂ ਮਾਰਦਿਆਂ ਪਿਆਰੇ ਦੇ ਜੂੜੇ ਨੂੰ ਜ਼ੋਰ ਦੀ ਹਿਲਾ ਕੇ ਕਿਹਾ।
"ਬੱ-ਬੱ-ਬੱ।" ਪਿਆਰੇ ਨੇ ਬੋਤੇ ਵਾਂਗ ਬੱਭਲੀ ਪਾਉਂਦਿਆਂ ਸੱਜੇ ਖੱਬੇ ਮੋਢੇ ਮਾਰਨੇ ਸ਼ੁਰੂ ਕਰ ਦਿੱਤੇ।
"ਬੱਸ ਬੱਸ। ਪੁੱਚ ਪੁੱਚ।" ਪ੍ਰੀਤੂ ਨੇ ਬੇਕਾਬੂ ਹੋ ਰਹੇ ਜਾਨਵਰ ਨੂੰ ਪੁਚਕਾਰਿਆ।
ਭੂਤਰਿਆ ਹੋਇਆ ਬੋਤਾ ਸਗੋਂ ਭੁੜਕਣ ਲੱਗ ਪਿਆ। ਕਦੇ ਉਹ ਸੱਜੀ ਲੱਤ ਨਿਸਲ ਕਰਕੇ ਊਠ ਵਾਂਗ ਦੜਾਂ ਮਾਰਦਾ ਤੇ ਕਦੇ ਖੱਬੀ ਲੱਤ ਓਸੇ ਤਰ੍ਹਾਂ ਛੱਡਦਾ।
"ਵੇਖ ਉਇ। ਡੇਗ ਦੇਣਾ ਈ ?" ਡਿਗਣ ਦੇ ਡਰ ਤੋਂ ਪ੍ਰੀਤੂ ਨੇ ਭਰਾ ਦੇ ਸਿਰ ਨੂੰ ਬਾਹੀਂ ਵਿੱਚ ਘੁੱਟ ਲਿਆ।
"ਬੋਤਾ ਬੀਬਾ ਬਣ ਕੇ ਤੁਰੇ ਖਾਂ। ਮੈਂ ਬੋਤੇ ਦਾ ਨਿੱਕਾ ਵੀਰ ਹੋਇਆ।" ਪ੍ਰੀਤੂ ਨੇ ਭਰਾ-ਪੁਣੇ ਦਾ-ਮਾਨੋ ਵਾਸਤਾ ਪਾ ਕੇ ਕਿਹਾ।
"ਹੱਛਾ; ਮੇਰੇ ਵਾਲ ਛੱਡ ਦਿਹ। ਹੁਣ ਨਹੀਂ ਬੋਤਾ ਭੁੜਕਦਾ।"
ਦੋਹਾਂ ਵਿੱਚ ਸਮਝੌਤਾ ਹੋ ਗਿਆ। ਅਸਵਾਰ ਨੇ ਸਖ਼ਤੀ ਕਰਨੀ ਛੱਡ ਦਿੱਤੀ, ਤਾਂ ਬੋਤਾ ਵੀ ਆਪਣੀ ਸਿਧੀ ਚਾਲੇ ਪੈ ਤੁਰਿਆ। ਹੱਸਦੇ ਖੇਡਦੇ ਦੋਵੇਂ ਭਰਾ ਘਰ ਆ ਪੁੱਜੇ।
"ਇਹ ਛੋਟਾ ਏ ਵਹਿੜਕਾ ਸਾਰਾ ? ਹਰ ਵੇਲੇ ਇਹਨੂੰ ਮੋਢਿਆਂ 'ਤੇ ਚੁੱਕੀ ਫਿਰਦਾ ਏਂ।" ਮਾਂ ਨੇ ਵੱਡੇ ਪੁੱਤਰ ਨੂੰ ਮਿੱਠੀ ਜੇਹੀ ਝਿੜਕ ਦੇਂਦਿਆਂ ਕਿਹਾ।
"ਮਾਂ ? ਇਹ ਤਾਂ ਮੇਰਾ ਬੋਤਾ ਏ।" ਪ੍ਰੀਤੂ ਨੇ ਭਰਾ ਦੇ ਮੋਢਿਆਂ ਤੋਂ ਉਤਰਦਿਆਂ ਕਿਹਾ।
"ਵੱਡੇ ਭਰਾ ਨੂੰ ਬੋਤਾ ਆਹੰਦਿਆਂ ਸ਼ਰਮ ਨਹੀਂ ਔਂਦੀ ?" ਮਾਂ ਨੇ ਨਿੱਕੇ ਨੂੰ ਝਿੜਕਣਾ ਵੀ ਜ਼ਰੂਰੀ ਸਮਝਿਆ, ਭਾਵੇਂ ਝਿੜਕ ਝੰਬ ਬਿਲਕੁਲ ਬਨਾਉਟੀ ਸੀ। ਉਹਦੇ ਖਿੜੇ ਹੋਏ ਚਿਹਰੇ 'ਤੇ ਘੂਰੀ ਦੀ ਥਾਂ ਮੁਸਕਰਾਹਟ ਫੈਲੀ ਹੋਈ ਸੀ।
"ਉਹ ਬੋਤਾ ਏ, ਤਾਂ ਤੂੰ ਕੀ ਏਂ ? ਗਧਾ ?"