ਵੱਲ ਪ੍ਰੇਰਿਆ। ਪੰਜਾਬ ਵਿੱਚ ਉਸ ਵੇਲੇ ਸਾਂਝੀ ਵਜ਼ਾਰਤ ਸੀ ਤੇ ਉਸ ਦਾ ਮੁੱਖ ਮੰਤਰੀ ਸੀ ਖ਼ਿਜ਼ਰ ਹਯਾਤ ਖ਼ਾਂ। ਮੁਸਲਮ ਲੀਗੀਆਂ ਨੇ ਜਲਸੇ ਜਲੂਸਾਂ ਰਾਹੀਂ ਤੇ ਗਲੀ ਬਜ਼ਾਰਾਂ ਵਿੱਚ ਸਿਆਪੇ ਕਰਕੇ ਖ਼ਿਜ਼ਰ ਹਯਾਤ ਖ਼ਾਂ ਦਾ ਨੱਕ ਵਿੱਚ ਦਮ ਕਰ ਦਿੱਤਾ। ਤੰਗ ਪੈ ਕੇ ਖਿਜ਼ਰ ਹਯਾਤ ਖਾਂ ਨੇ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ। ਪੰਜਾਬ ਦੇ ਗਵਰਨਰ ਨੇ ਵੀ ਨਵੀਂ ਵਜ਼ਾਰਤ ਬਣਾਉਣ ਵਾਸਤੇ ਮੁਸਲਮ ਲੀਗੀਆਂ ਨੂੰ ਸੱਦਾ ਦਿੱਤਾ। ਕਾਂਗਰਸੀਆਂ ਤੇ ਅਕਾਲੀਆਂ ਦੇ ਵਿਰੋਧ ਕਰਕੇ ਮੁਸਲਮ ਲੀਗ ਪੰਜਾਬ ਵਿੱਚ ਵਜ਼ਾਰਤ ਨਾ ਬਣਾ ਸਕੀ। ਸਿੱਟਾ ਇਹ ਨਿਕਲਿਆ ਕਿ ਛਿੱਥੇ ਪੈ ਕੇ ਅਗਲੇ ਦਿਨ ਹੀ ਮੁਸਲਮ ਲੀਗੀਆਂ ਨੇ ਲਾਹੌਰ ਵਿੱਚ ਫ਼ਸਾਦ ਸ਼ੁਰੂ ਕਰ ਦਿੱਤਾ। ਏਥੇ ਹੀ ਬੱਸ ਨਹੀਂ, ਪੰਜ ਮਾਰਚ ਨੂੰ ਉਹਨਾਂ ਅੰਮ੍ਰਿਤਸਰ ਵਿੱਚ ਵੀ ਲਹੂ ਦੀ ਹੋਲੀ ਆਰੰਭ ਕਰ ਦਿੱਤੀ। ਪੰਜਾਬ ਦੇ ਸਾਰੇ ਹੀ ਵੱਡੇ-ਵੱਡੇ ਸ਼ਹਿਰਾਂ ਵਿੱਚ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ। ਪੱਛਮੀ ਪੰਜਾਬ ਵਿੱਚ ਦੀ ਅੱਗ ਪਿੰਡਾਂ ਤੱਕ ਵੀ ਅੱਪੜ ਗਈ। ਪੀਹੜੀਆਂ ਦੀਆਂ ਸਾਂਝਾਂ ਟੁੱਟ ਗਈਆਂ। ਪੱਗਾਂ ਵਟੀਆਂ ਦੇ ਭਾਈਚਾਰੇ ਦੁਸ਼ਮਣੀ ਵਿੱਚ ਬਦਲ ਗਏ। ਜਿਨ੍ਹਾਂ ਕਦੇ ਸਿਰ ਨਾਲ ਨਿਭਾਉਣ ਦੇ ਕੌਲ ਇਕਰਾਰ ਕੀਤੇ ਸਨ, ਉਹ ਇਕ ਦੂਜੇ ਦੀ ਰੱਤ ਦੇ ਪਿਆਸੇ ਬਣ ਗਏ। ਗਵਾਂਢੀ ਗਵਾਂਢੀ ਦੇ ਬੁਰੇ 'ਤੇ ਉੱਤਰ ਆਇਆ। ਟਕੂਏ, ਕੁਹਾੜੀਆਂ, ਛੁਰੇ, ਕਿਰਪਾਨਾਂ, ਬਰਛੇ ਤੇ ਤਰਸੂਲ ਭਰਾਵਾਂ ਦੀ ਰੁੱਤ ਵਿੱਚ ਰੰਗੇ ਜਾਣ ਲੱਗਾ। ਚਾਰ ਚੁਫੇਰੇ ਅੱਗ ਦੇ ਭਾਂਬੜ ਸਭ ਕੁਛ, ਭਸਮ ਕਰਨ ਲੱਗੇ। ਮੁਸਲਮਾਨ ਤੇ ਗ਼ੈਰ ਮੁਸਲਮਾਨ ਵਿੱਚ ਲਹੂ ਦੀ ਲਕੀਰ ਖਿੱਚ ਦਿੱਤੀ ਗਈ। ਦੇਸ਼ ਦਾ ਅਮਨ ਖੰਭ ਲਾ ਕੇ ਉੱਡ ਗਿਆ।
ਇਸ ਖੂਨ ਖ਼ਰਾਬੇ ਦਾ ਸਿੱਟਾ, ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇਕ ਬਣਾਏ ਦੇਸ਼ ਨੂੰ ਗ਼ੈਰ ਕੁਦਰਤੀ ਢੰਗ ਨਾਲ ਵੰਡਣ ਦਾ ਫ਼ੈਸਲਾ ਹੋ ਗਿਆ। ਤਿੰਨ ਜੂਨ ੧੯੪੭ ਈ: ਨੂੰ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਹੋ ਗਿਆ। ਸ਼ਾਇਦ ਇਸ ਦਿਨ ਦੇਸ਼ ਦੇ ਵੱਡੇ ਬੰਦਿਆਂ ਨੇ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਫ਼ਿਰਕਾ- ਦਾਰਾਨਾ ਝਗੜੇ ਸਦਾ ਵਾਸਤੇ ਮੁੱਕ ਜਾਣਗੇ, ਪਰ ਉਹਨਾਂ ਇਹ ਨਾ ਸੋਚਿਆ ਕਿ ਕਿਸੇ ਤੀਜੇ ਦੇ ਇਸ਼ਾਰੇ 'ਤੇ ਇਹਨਾਂ ਛੋਟੇ-ਮੋਟੇ ਝਗੜਿਆਂ ਦੀ ਥਾਂ ਇਕ ਬਹੁਤ ਵੱਡੇ ਝਗੜੇ ਦੀ ਨੀਂਹ ਧਰ ਦਿੱਤੀ ਗਈ ਹੈ।
ਸਮੁੱਚੇ ਦੇਸ਼ ਦੇ ਬਟਵਾਰੇ ਦੇ ਨਾਲ ਬੰਗਾਲ ਤੇ ਪੰਜਾਬ ਦੇ ਵੀ ਟੁਕੜੇ ਕਰ ਦਿੱਤੇ ਗਏ। ਆਜ਼ਾਦੀ ਆ ਗਈ, ਪਰ ਬਹੁਤੇ ਮਹਿੰਗੇ ਮੁੱਲ। ਪੰਜਾਬ ਦਾ ਸਭ ਤੋਂ ਬਦਕਿਸਮਤ ਜ਼ਿਲ੍ਹਾ ਲਾਹੌਰ ਸੀ। ਬਾਕੀ ਜ਼ਿਲ੍ਹਿਆਂ ਦਾ ਫ਼ੈਸਲਾ ਹੋ ਗਿਆ। ਲਾਹੌਰ ਦਾ ਫੈਸਲਾ ਹੱਦ ਬੰਦੀ ਕਮਿਸ਼ਨ ਨੇ ਕਰਨਾ ਸੀ। ਉਹਨੇ ਆਪਣੇ ਫ਼ੈਸਲੇ ਦਾ ਐਲਾਨ ਦੋ ਦਿਨ ਪਿੱਛੇ ਪਾ ਦਿੱਤਾ। ਇਹ ਦੋ ਦਿਨ ਉਹਨਾਂ ਲੋਕਾਂ ਵਾਸਤੇ ਦੋ ਸਾਲਾਂ ਵਾਂਗ
ਬੀਤੇ, ਜਿਨ੍ਹਾਂ ਦੀ ਕਿਸਮਤ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲਟਕ ਰਹੀ ਸੀ।
ਜਿੱਥੇ ਦੋ ਬੰਦੇ ਮਿਲਦੇ ਓਥੇ ਏਹੀ ਚਰਚਾ ਸ਼ੁਰੂ ਹੋ ਜਾਂਦੀ, ਘਬਰਾਉਣ ਦੀ ਲੋੜ ਨਹੀਂ, ਸਾਡਾ ਪਿੰਡ ਹਿੰਦੁਸਤਾਨ ਵਿੱਚ ਰਹੇਗਾ।
"ਝੂਠੀ ਗੱਲ। ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਏ ਕਿ ਸਾਡਾ ਪਿੰਡ ਪਾਕਿਸਤਾਨ ਵਿੱਚ ਚਲਾ ਜਾਣਾ ਏਂ।"
"ਫੇਰ ਕੀ ਬਣੇਗਾ ?"
"ਬਣਨਾ ਕੀ ਏ ? ਜੋ ਭਾਗ।"
ਬਰਕੀ ਵਿੱਚ ਵੀ ਏਹਾ ਚਰਚਾ ਚਲਦੀ ਰਹਿੰਦੀ। ਜਿੱਥੇ ਚਾਰ ਹਿੰਦੂ ਸਿੱਖ ਰਲ ਕੇ ਖਲੋਂਦੇ; ਉਹ ਆਪਣੇ ਆਪ ਨੂੰ ਹੌਸਲਾ ਦੇਣ ਵਾਸਤੇ ਕਹਿੰਦੇ, "ਸਾਡੇ ਵਕੀਲਾਂ ਨੇ ਬੜੀਆਂ ਪੱਕੀਆਂ ਦਲੀਲਾਂ ਦੇ ਕੇ ਹੱਦ-ਬੰਦੀ ਕਮਿਸ਼ਨ ਕੋਲ ਸਾਬਤ ਕਰ ਦਿੱਤਾ ਏ ਕਿ ਲਾਹੌਰ ਜ਼ਿਲ੍ਹੇ ਉੱਤੇ ਹਿੰਦੁਸਤਾਨ ਦਾ ਹੱਕ ਏ।"
"ਪਰ ਰੈੱਡ ਕਲੱਬ ਨੇ ਸਾਡਾ ਹੱਕ ਮੰਨਦਿਆਂ ਹੋਇਆਂ ਵੀ ਪਾਕਿਸਤਾਨ ਨੂੰ ਖ਼ੁਸ਼ ਕਰਨ ਬਦਲੇ ਲਾਹੌਰ ਸ਼ਹਿਰ ਉਹਨੂੰ ਦੇ ਦੇਣਾ ਜੇ। ਵੇਖ ਲਿਆ ਜੇ ਤੁਸੀਂ, ਮੀਆਂ ਮੀਰ ਵਾਲੀ ਨਹਿਰ ਹੱਦ ਬਣਨੀ ਏਂ। ਬੱਸ; ਛੋਣੀ ਲਾਹੌਰ ਸ਼ਹਿਰ ਪਾਕਿਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਹਿੰਦੁਸਤਾਨ ਵਿੱਚ।”
"ਭਈ ਜੇ ਲਾਹੌਰ ਸ਼ਹਿਰ ਵੀ ਪਾਕਿਸਤਾਨ ਨੂੰ ਨਾ ਮਿਲੇ ਤਾਂ ਫੇਰ ਪਾਕਿਸਤਾਨ ਬਣਨ ਦਾ ਅਰਥ ਕੀ ਹੋਇਆ ? ਇਹ ਤਾਂ ਕਾਂਗਰਸ ਦੀ ਦਰਿਆ ਦਿਲੀ ਏ ਕਿ ਉਨ੍ਹਾਂ ਲਾਹੌਰ ਸ਼ਹਿਰ ਪਾਕਿਸਤਾਨ ਨੂੰ ਦੇਣਾ ਮੰਨ ਲਿਆ, ਨਹੀਂ ਤਾਂ ਜਿਨਾਹ ਵਿਚਾਰੇ ਦੇ ਹੱਥ ਪੱਲੇ ਕੀ ਸੀ।"
"ਖਸਮਾਂ ਨੂੰ ਖਾਏ ਕਾਂਗਰਸ ਤੇ ਢੱਠੇ ਖੂਹ ਪਵੇ ਮੁਸਲਮ ਲੀਗ। ਅੱਧਾ ਮੁਲਕ ਉੱਜੜ ਗਿਆ ਏ, ਰਹਿੰਦਾ ਉੱਜੜ ਜਾਏਗਾ।"
"ਉਹ ਸ਼ੁਕਰ ਕਰ, ਆਪਣਾ ਪਿੰਡ ਬਚ ਗਿਆ ਏ। ਨਹੀਂ ਤਾਂ ਰਾਵਲਪਿੰਡੀ ਵੱਲੋਂ ਜੋ ਉੱਜੜ ਕੇ ਆਏ ਨੇ, ਉਹਨਾਂ ਦਾ ਹਾਲ ਵੇਖੋ।"
"ਉ ਖਸਮਾਂ ਨੂੰ ਖਾਏ ਸਭ ਕੁਝ। ਜੋ ਹੋਣਾ ਏਂ ਛੇਤੀ ਹੋ ਜਾਏ। ਐਸ ਸਹਿਮ ਨਾਲੋਂ ਤਾਂ ਇਕ ਏਕੜੀ ਹੋ ਜਾਏ ਤਾਂ ਠੀਕ ਏ।”
"ਲੈ, ਸੁਣ ਲੈ, ਫਿਰ ਬਾਬਾ ਇਲਮਦੀਨ ਵਰਗਾ ਸੱਚਾ ਬੰਦਾ ਤਾਂ ਹੋਰ ਕੋਈ ਨਹੀਂ ਨਾ ਪਿੰਡ ਵਿੱਚ, ਉਹਦੀ ਖ਼ਬਰ ਈ। ਉਹ ਦੱਸਦਾ ਏ, ਤਸੀਲ ਲਾਹੌਰ ਤੇ ਚੂਹਣੀਆਂ ਤਾਂ ਪੱਕੀ ਤਰ੍ਹਾਂ ਪਾਕਿਸਤਾਨ ਵਿੱਚ ਜਾਣਗੀਆਂ। ਬਾਕੀ ਕਸੂਰ ਤਸੀਲ ਦਾ ਪਤਾ ਨਹੀਂ।"
“ਭਈ, ਇਲਮਦੀਨ ਵੀ ਹੈ ਤਾਂ ਅੰਤ ਮੁਸਲਮਾਨ ਈ ਨਾ। ਉਹਨੇ ਵੀ
ਪਾਕਿਸਤਾਨ ਵੱਲ ਦੀ ਈ ਗੱਲ ਕਰਨੀ ਹੋਈ।”
"ਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਸੀ ਆਖਿਆ ਕਿ ਮੁਸਲਮਾਨ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ।"
"ਹਰ ਗੱਲ ਗੁਰੂ ਸਾਹਿਬ ਦੇ ਨਾਂ ਨਾਲ ਮੜ੍ਹੀ ਜਾਇਆ ਕਰੋ। ਗਨੀ ਖ਼ਾਂ, ਨਬੀ ਖ਼ਾਂ ਤੇ ਸਯਦ ਬੁੱਧੂ ਸ਼ਾਹ ਤਾਂ ਮੁਸਲਮਾਨ ਈ ਸਨ। ਸੋ, ਹਰ ਮਜ਼੍ਹਬ ਵਿੱਚ ਚੰਗੇ ਵੀ ਹੁੰਦੇ ਨੇ, ਮੰਦੇ ਵੀ।"
'ਉਇ ਗੋਲੀ ਮਾਰੋ ਇਹਨਾਂ ਚੰਗਿਆਂ ਮੰਦਿਆਂ ਨੂੰ, ਤੁਸੀਂ ਆਪਣੇ ਬਾਰੇ ਸੋਚੋ। ਮੇਰੀ ਮੰਨੋ, ਤਾਂ ਰਾਤੋ ਰਾਤ ਗੱਡੀ ਜੋ ਕੇ ਤੁਰਦੇ ਬਣੋ।”
“ਆਹੋ, ਤੁਰ ਕੇ ਵਖਾ ਤੂੰ। ਜੇ ਸਣੇ ਗੱਡੇ ਤੈਨੂੰ ਜਿਉਂਦੇ ਨੂੰ ਅੱਗ ਨਾ ਲਾ ਦੇਈਏ।”
"ਘਰ ਨੂੰ ਪਿੱਛੋਂ ਮੈਂ ਮੁਆਤਾ ਲਾ ਦਿਆਂਗਾ।"
“ਭਈ, ਸਾਡੇ ਲੀਡਰ ਆਹੰਦੇ ਨੇ, ਘਰਾਂ ਦੇ ਨਾਲ ਈ ਸਤੀ ਹੋ ਜਾਉ। ਸੋ ਜਿਊਂਦੀ ਜਾਨ ਤਾਂ ਛੱਡ ਕੇ ਨੱਸਦੇ ਨਹੀਂ।"
“ਨੱਸਦੇ ਨਹੀਂ, ਜ਼ਰਾ ਹੱਦ-ਬੰਦੀ ਦਾ ਐਲਾਨ ਹੋ ਲੈਣ ਦਿਹੋ। ਸਭ ਤੋਂ ਪਹਿਲਾਂ ਏਸੇ ਨੱਸਣਾ ਏਂ।"
"ਓਇ, ਨੱਸੇ ਵੀ, ਤਾਂ ਵਿਹਲਾ ਕਰਕੇ ਨੱਸਾਂਗੇ। ਇਹ ਬਰਛੇ ਕਿਰਪਾਨਾਂ ਤੇ ਛਿਆਂ-ਛਿਆਂ ਗੋਲੀਆਂ ਵਾਲੇ ਘੁੱਗੂ ਕਾਹਦੇ ਵਾਸਤੇ ਨੇ।"
ਅੱਧੀ-ਅੱਧੀ ਰਾਤ ਤਕ ਨਿੱਕੀਆਂ-ਨਿੱਕੀਆਂ ਪਰ੍ਹੇ ਜੁੜੀਆਂ ਰਹਿੰਦੀਆਂ। ਹਰ ਨਿੱਕਾ ਵੱਡਾ ਏਸੇ ਹੀ ਉਲਝਣ ਵਿੱਚ ਫਸਿਆ ਹੋਇਆ ਸੀ। ਹਰ ਜਿੰਦ ਉੱਤੇ ਮੌਤ ਦਾ ਸਹਿਮ ਛਾਇਆ ਹੋਇਆ ਸੀ।
ਦੂਜੇ ਪਾਸੇ ਮੁਸਲਮਾਨ ਵੀ ਮਸੀਤ ਵਿੱਚ ਤੁਰਦੇ ਬੰਦਿਆਂ ਦੇ ਘਰਾਂ ਵਿੱਚ ਜੁੜ-ਜੁੜ ਬਹਿੰਦੇ। ਉਹਨਾਂ ਨੂੰ ਪੱਕੀਆਂ ਖ਼ਬਰਾਂ ਮਿਲ ਚੁੱਕੀਆਂ ਸਨ ਕਿ ਤਸੀਲ ਲਾਹੌਰ ਪਾਕਸਤਾਨ ਵਿੱਚ ਹੈ। ਇਸ ਦਾ ਮਤਲਬ ਸੀ ਕਿ ਪਾਕਿਸਤਾਨ ਦੀ ਹੱਦ ਬਰਕੀ ਤੋਂ ਚੜ੍ਹਦੇ ਪਾਸੇ ਲਗਭਗ ਖਾਲੜੇ ਵਾਲੀ ਨਹਿਰ ਤਕ ਚਲੀ ਜਾਵੇਗੀ। ਸੋ, ਮੁਸਲਮਾਨਾਂ ਦੀਆਂ ਸੋਚਾਂ ਸਿੱਖਾਂ ਨਾਲੋਂ ਵੱਖਰੀਆਂ ਸਨ ਕਿ ਕਿਸ ਹਿੰਦੂ ਜਾਂ ਸਿੱਖ ਉੱਤੇ ਕੀਹਨੇ ਹਮਲਾ ਕਰਨਾ ਹੈ ਤੇ ਕਿਹੜਾ ਘਰ ਕੀਹਨੇ ਮੱਲਣਾ ਹੈ। ਆਗੂਆਂ ਵੱਲੋਂ ਸਭ ਨੂੰ ਛੁਰੀਆਂ ਕੁਹਾੜੀਆਂ ਤੇਜ਼ ਰੱਖਣ ਦਾ ਹੁਕਮ ਮਿਲ ਚੁੱਕਾ ਸੀ।
ਅੰਤ ੨੭ ਅਗਸਤ ਦੀ ਸ਼ਾਮ ਨੂੰ ਹੱਦ-ਬੰਦੀ ਕਮਿਸ਼ਨ ਨੇ ਫੈਸਲਾ ਸੁਣਾ ਦਿੱਤਾ। ਕਸੂਰ ਤਸੀਲ ਦਾ ਲਗਪਗ ਅੱਧਾ ਹਿੱਸਾ ਪੱਟੀ ਵੱਲ ਦਾ ਹਿੰਦੁਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ। ਐਲਾਨ ਸੁਣਦਿਆਂ ਹੀ
ਅਗਲੇ ਦਿਨ ਲਾਹੌਰ ਸ਼ਹਿਰ ਵਿੱਚੋਂ ਹਜ਼ਾਰਾਂ ਮੁਸਲਮ ਲੀਗੀ ਹਥਿਆਰ ਲੈ ਕੇ ਉਦਾਲੇ ਦੇ ਪਿੰਡਾਂ ਨੂੰ ਤਬਾਹ ਕਰਨ ਲਈ ਚੜ੍ਹ ਪਏ।
੯.
"ਧਰਮ ਸਿਹਾਂ। ਛੇਤੀ ਕਰੋ, ਜੋ ਹੱਥ ਲੱਗਦਾ ਜੋ, ਸੰਭਾਲੋ ਤੇ ਖਾਲੜੇ ਵੱਲ ਨੱਸਣ ਦੀ ਕਰੋ।" ਇਲਮਦੀਨ ਨੇ ਹਵੇਲੀ ਦੇ ਅੰਦਰ ਪੈਰ ਧਰਦਿਆਂ ਹੀ ਸਹਿਮੀ ਹੋਈ ਸੁਰ ਵਿੱਚ ਕਿਹਾ।
"ਹਾਏ ਮੈਂ ਮਰ ਗਈ।” ਦਲੀਪ ਕੌਰ ਦੀ ਜਿਵੇਂ ਡਰ ਨਾਲ ਚੀਕ ਨਿਕਲ ਗਈ। ਉਸ ਦੇ ਕੰਮ ਕਰਦੇ ਹੱਥ ਓਥੇ ਹੀ ਰੁਕ ਗਏ। ਉਹ ਘਰ ਦੇ ਚਾਰੇ ਜੀਅ ਹੁਣੇ- ਹੁਣੇ ਰਾਤ ਦੀ ਰੋਟੀ ਖਾ ਕੇ ਹੱਟੇ ਸਨ। ਜੂਠੇ ਭਾਂਡੇ ਓਸੇ ਤਰ੍ਹਾਂ ਚੌਂਕੇ ਵਿੱਚ ਖਿਲਰੇ ਪਏ ਸਨ। ਦਲੀਪ ਕੌਰ ਰੋਟੀ ਪਿੱਛੋਂ ਪੀਣ ਵਾਸਤੇ ਤੱਤਾ ਕੀਤਾ ਹੋਇਆ ਦੁੱਧ ਡੋਹਰੀ ਨਾਲ ਹਿਲਾ-ਹਿਲਾ ਕੇ ਠੰਡਾ ਕਰ ਰਹੀ ਸੀ।
ਮੁੰਡੇ ਦੋਵੇਂ ਰੋਟੀ ਖਾ ਕੇ ਹੁਣੇ ਘਰੋਂ ਬਾਹਰ ਨਿਕਲੇ ਸਨ । ਧਰਮ ਸਿੰਘ ਅਲ੍ਹਾਣੇ ਮੰਜੇ ਉੱਤੇ ਲੰਮਾ ਪਿਆ ਹੋਇਆ ਸੀ।
"ਕਿਉਂ ? ਕੀ ਹੋਇਆ ?" ਕਹਿੰਦਾ ਹੋਇਆ ਧਰਮ ਸਿੰਘ ਉੱਠ ਕੇ ਬਹਿ ਗਿਆ।
"ਜੋ ਕੁਛ ਹੋਣ ਦੀ ਉਮੀਦ ਸੀ। ਛੇਤੀ ਕਰੋ ਤੁਸੀਂ। ਗੱਲਾਂ ਵਿੱਚ ਵਕਤ ਨਾ ਗੁਆਓ। ਅੱਠ-ਦਸ ਹਜ਼ਾਰ ਮੁਸਲਮ ਲੀਗੀ ਲੁਟੇਰੇ ਛੌਣੀ ਵੱਲੋਂ ਪਿੰਡ 'ਤੇ ਚੜ੍ਹ ਆਏ ਨੇ। ਬੱਸ, ਅੱਧੇ ਘੰਟੇ ਤਕ ਉਹ ਪਿੰਡ ਵਿੱਚ ਵੜਨਗੇ। ਫੇਰ ਕੁਛ ਨਹੀਂ ਬਣਨਾ। ਜਿੰਨਾ ਕੁਛ ਸਿਰ 'ਤੇ ਚੁੱਕ ਸਕਦੇ ਓ, ਕੱਢ ਲਵੋ।" ਇਲਮਦੀਨ ਖੁਰਲੀ ਵੱਲੋਂ ਵੱਧ ਕੇ ਪਸ਼ੂਆਂ ਦੇ ਰੱਸੇ ਖੁਹਲਣ ਲੱਗ ਪਿਆ। ਮਹਿੰ ਦਾ ਰੱਸਾ ਉਹਨੇ ਗਲ ਵਿੱਚ ਵਲ ਦਿੱਤਾ ਤੇ ਬਲਦ ਦੋਵੇਂ ਨਰੜ ਕਰ ਦਿੱਤੇ।
"ਹੈ ਹੈ, ਮੁੰਡੇ ਕਿੱਥੇ ਜੇ ?" ਦੁੱਧ ਵਿੱਚੇ ਛੱਡ ਕੇ ਦਲੀਪ ਕੌਰ ਘਬਰਾਈ ਹੋਈ ਉੱਠ ਖਲੋਤੀ।
"ਮੁੰਡੇ ਵੀ ਆ ਜਾਂਦੇ ਨੇ। ਤੂੰ ਅੰਦਰੋਂ ਜੋ ਕੁਛ ਨਿਕਲਦਾ ਈ ਕੱਢ।" ਇਲਮਦੀਨ ਉਹਨਾਂ ਨੂੰ ਹੱਲਾਸ਼ੇਰੀ ਦੇਂਦਾ ਹੋਇਆ ਆਪ ਵੀ ਵਸੋਂ ਵਾਲੇ ਕੋਠੇ ਵੱਲ ਵਧਿਆ।
ਲਾਲਟੈਣ ਅੰਦਰ ਕਿੱਲੀ ਨਾਲ ਟੰਗ ਕੇ ਦਲੀਪ ਕੌਰ ਸੰਦੂਕ ਦਾ ਬੂਹਾ ਖੁਹਲਣ ਜਾ ਲੱਗੀ। ਮੌਤ-ਭੈ ਨਾਲ ਉਹ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਉਹਨੂੰ
ਏਨੀ ਹੱਥਾਂ ਪੈਰਾਂ ਦੀ ਪੈ ਗਈ ਕਿ ਚਾਬੀ ਲਾਉਣ ਵਾਸਤੇ ਜੰਦਰੇ ਦਾ ਛੇਕ ਵੀ ਨਾ ਲੱਭਦਾ।
"ਉਰ੍ਹਾਂ ਮੇਰੇ ਵੱਲ ਕਰ ਕੁੰਜੀ। ਤੂੰ ਆਈ ਮੌਤ ਤੋਂ ਪਹਿਲਾਂ ਹੀ ਮਰਨ ਹਾਕੀ ਹੋ ਗਈ ਏਂ।” ਇਲਮਦੀਨ ਨੇ ਆਪ ਕੁੰਜੀ ਫੜ ਕੇ ਜੰਦਰਾ ਖੁਹਲਿਆ।
"ਤੂੰ ਸਾਰੀ ਉਮਰ ਸੁਖਮਨੀ ਸਾਹਿਬ ਪੜ੍ਹ ਕੇ ਏਹਾ ਕੁਛ ਸਿਖਿਆ ਏ ?" ਇਲਮਦੀਨ ਨੇ ਮਿੱਠੀ ਜੇਹੀ ਝਿੜਕ ਦਿੰਦਿਆਂ ਕਿਹਾ। "ਜਾਨ ਖ਼ੁਦਾ ਦੀ ਅਮਾਨਤ ਏ। ਜਿੱਥੋਂ ਤਕ ਹੋ ਸਕੇ ਇਸ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ। ਭੈਣ ਦਲੀਪ ਕੁਰੇ। ਛੇਤੀ ਕਰ ਤੂੰ। ਨਕਦ ਮਾਲ ਧਰਮ ਸਿਹਾਂ! ਜੇਬ ਵਿੱਚ ਪਾ ਲੈ।"
"ਨਕਦ ਮਾਲ, ਭਾਈ! ਹੈਗਾ ਈ ਕਿੱਥੇ ਆ। ਦੋ ਤਿੰਨ ਨਿੱਕੀਆਂ-ਨਿੱਕੀਆਂ ਟੁੰਬਾਂ ਤੇ ਸੌ-ਸਵਾ ਸੌ ਰੁਪਈਆ।” ਦਲੀਪ ਕੌਰ ਨੇ ਮਰਦੀ ਜੇਹੀ ਵਾਜ ਵਿੱਚ ਕਿਹਾ।
"ਚਲੋ, ਜੋ ਵੀ ਹੈ। ਗ਼ਰੀਬਾਂ ਕੋਲ ਹੁੰਦਾ ਈ ਕਿੰਨਾ ਕੁ ਏ। ਬੇਈਮਾਨੀ ਬਿਨਾਂ ਵਧੇਰੇ ਜੁੜਦਾ ਈ ਕਦੋਂ ਏਂ।" ਇਲਮਦੀਨ ਦੀ ਰਾਏ ਕਿੰਨੀ ਖਰੀ ਸੀ।
ਦਲੀਪ ਕੌਰ ਨੇ ਇਕਹਿਰਾ ਖੇਸ ਭੋਇੰ 'ਤੇ ਖਿਲਾਰ ਦਿੱਤਾ। ਫਿਰ ਉਹ ਸੰਦੂਕ ਵਿੱਚੋਂ ਲੋੜੀਂਦੇ ਕੱਪੜੇ ਕੱਢ-ਕੱਢ ਕੇ ਸੁੱਟੀ ਗਈ। ਹੱਥੋਂ-ਹੱਥ ਇਲਮਦੀਨ ਤੇ ਧਰਮ ਸਿੰਘ ਨੇ ਚੁੱਕਣ ਯੋਗ ਤਿੰਨ ਪੰਡਾਂ ਬੰਨ੍ਹ ਲਈਆਂ। ਕੁਛ ਨਿੱਤ ਦੇ ਵਰਤਣ ਜੋਗੇ ਭਾਂਡੇ ਤੇ ਕੁਛ ਲੀੜਾ ਲੱਤਾ ਤੇ ਪੈਸੇ ਦਲੀਪ ਕੌਰ ਨੇ ਕੁੜਤੇ ਹੇਠਲੀ ਬੰਡੀ ਦੀ ਜੇਬ ਵਿੱਚ ਪਾ ਕੇ ਸਲਵਾਰ ਦੇ ਨੇਂਘ ਵਿੱਚ ਦੇ ਲਏ।
"ਭਾਈ! ਕੀ-ਕੀ ਕੁਛ ਚੁੱਕ ਲਵਾਂਗੇ ? ਮੇਰੀ ਸਾਰੀ ਉਮਰ ਦੀਆਂ ਭੁੱਖਿਆਂ ਤਿਹਾਇਆਂ ਰਹਿ ਕੇ ਬਣਾਈਆਂ ਹੋਈਆਂ ਚੀਜ਼ਾਂ ਵਸਤਾਂ ਦੁਸ਼ਮਣ ਵਰਤਣਗੇ। ਹੋ ਰੱਬ ਸੱਚਿਆ। ਇਹ ਦਿਨ ਵੇਖਣੇ ਵੀ ਲਿਖੇ ਹੋਏ ਸਨ।” ਦਲੀਪ ਕੌਰ ਉੱਚੀ-ਉੱਚੀ ਰੋ ਪਈ।
"ਹੁਣ ਚੀਜ਼ਾਂ ਦੇ ਗਲ ਲੱਗ ਕੇ ਮਰ ਜਾਣਾ ਈਂ ? ਜੋ ਭਾਣਾ ਮਾਲਕ ਦਾ।" ਧਰਮ ਸਿੰਘ ਨੇ ਜੀਵਨ ਸਾਥਣ ਨੂੰ ਹੌਂਸਲਾ ਦਿੰਦਿਆਂ ਕਿਹਾ।
"ਘਰ ਦੀਆਂ ਲੋੜਾਂ ਦਾ ਜਨਾਨੀਆਂ ਨੂੰ ਈ ਪਤਾ ਹੁੰਦਾ ਏ। ਭਾਣਾ ਮਾਲਕ ਦਾ ਆਖ ਲੈਣਾ ਸੌਖਾ ਏ, ਪਰ ਪਤਾ ਉਹਨੂੰ ਲੱਗਦਾ ਏ, ਜੀਹਦੇ ਸਿਰ ਵਰਤਦਾ ਏ।" ਦਲੀਪ ਕੌਰ ਨੇ ਅੱਖਾਂ ਪੂੰਝਦਿਆਂ ਕਿਹਾ।
"ਫੇਰ ਦੱਸ ਹੁਣ। ਕੀ ਕੀਤਾ ਜਾਏ।"
"ਪੋਟੇ ਵਿੰਨ੍ਹ-ਵਿੰਨ੍ਹ ਨੋਹਾਂ ਵਾਸਤੇ ਬਾਗ਼ ਕੱਢੇ ਸਨ। ਐਸ ਜਿਉਣ ਨਾਲੋਂ ਤਾਂ ਕੱਲ੍ਹ ਮਰ ਜਾਂਦੀ ਚੰਗਾ ਸੀ। .... ਭਾਈ! ਅਹੁ ਦੂਸਰਾ ਖੇਸ ਵਿਛਾ ਫੜ ਕੇ। ਆਹ