ਰੰਗ-ਬਿਰੰਗੀਆਂ ਜੈਕਟਾਂ ਹੇਠ ਉਹਨਾਂ ਦੇ ਦਿਲਾਂ ਦੀਆਂ ਡੂੰਘਾਈਆਂ ਵਿੱਚ ਕਿਤੇ ਲੁਕੀ ਬੈਠੀ ਸੀ। ਇਹ ਪ੍ਰਮਾਣ ਸੀ ਨਿੱਘੇ ਅਤੇ ਸੁੱਖ ਦੇਣੇ ਜਿਸਮ ਵਾਲੀਆਂ ਪਤਨੀਆਂ ਦੀ ਬਿਰਹਾ ਪੀੜ ਦਾ, ਜਿਨ੍ਹਾਂ ਨੂੰ ਉਹ ਘਰ ਛੱਡ ਕੇ ਆਏ ਸਨ।
ਹਾਂ ਤਾਂ ਅਜਿਹੇ ਸਨ ਇਹ ਲੋਕ- ਗੁਲਾਬੀ ਯੇਵਸੂਕੋਵ, ਮਰਿਊਤਕਾ ਅਤੇ ਤੇਈ ਸਿਪਾਹੀ, ਜੋ ਅਮੁੱਕ ਮਾਰੂਥਲ ਦੀ ਠੰਢੀ ਰੇਤ ਵਿੱਚ ਭੱਜ ਨਿਕਲੇ ਸਨ।
ਇਹ ਦਿਨ ਸਨ ਫਰਵਰੀ ਦੇ, ਜਦ ਮੌਸਮ ਆਪਣੇ ਤੂਫ਼ਾਨੀ ਸੁਰ ਛੇੜ ਦਿੰਦਾ ਹੈ। ਰੇਤ ਦੇ ਟਿੱਲਿਆਂ ਵਿਚਲੀਆਂ ਗੁਫਾਵਾਂ ਵਿੱਚ ਨਰਮ ਨਰਮ ਬਰਫ਼ ਦਾ ਗਲੀਚਾ ਵਿਛ ਚੁੱਕਿਆ ਸੀ। ਤੂਫ਼ਾਨ ਅਤੇ ਹਨ੍ਹੇਰੇ ਵਿੱਚ ਤੁਰਦੇ ਰਹਿਣ ਵਾਲੇ ਇਹਨਾਂ ਲੋਕਾਂ ਦੇ ਸਿਰ ਉੱਪਰਲਾ ਅਕਾਸ਼ ਗੂੰਜਦਾ ਰਹਿੰਦਾ, ਜਾਂ ਤਾਂ ਚੀਖਦੀਆਂ ਹਵਾਵਾਂ ਨਾਲ ਜਾਂ ਹਵਾ ਨੂੰ ਚੀਰ ਦੇਣ ਵਾਲੀਆਂ ਦੁਸ਼ਮਣ ਦੀਆਂ ਗੋਲੀਆਂ ਨਾਲ।
ਸਫ਼ਰ ਜਾਰੀ ਰੱਖਣਾ ਬਹੁਤ ਮੁਸ਼ਕਲ ਸੀ। ਘਸੇ ਫਟੇ ਬੂਟ ਰੇਤ ਅਤੇ ਬਰਫ਼ ਵਿੱਚ ਡੂੰਘੇ ਧਸ ਧਸ ਜਾਂਦੇ ਸਨ । ਭੁੱਖੇ, ਊਠ ਬਿਲਬਿਲਾਉਂਦੇ, ਹੁੰਕਾਰਦੇ ਅਤੇ ਮੂੰਹ 'ਚੋਂ ਝੰਗ ਕੱਢਦੇ।
ਤੇਜ਼ ਹਵਾਵਾਂ ਕਾਰਨ ਸੁੱਕੀਆਂ ਝੀਲਾਂ ਉੱਤੇ ਲੂਣ ਦੇ ਕਣ ਚਮਕ ਉੱਠਦੇ। ਦੁਮੇਲ ਦੀ ਝੀਲ ਸਾਰੇ ਪਾਸਿਓਂ ਸੈਂਕੜੇ ਮੀਲਾਂ ਤੱਕ ਅਕਾਸ਼ ਨੂੰ ਧਰਤੀ ਤੋਂ ਅਲੱਗ ਕਰਦੀ ਨਜ਼ਰ ਆਉਂਦੀ। ਇਹ ਲੀਕ ਐਨੀ ਸਪੱਸ਼ਟ ਅਤੇ ਇੱਕ ਸਮਾਨ ਸੀ ਜਿਵੇਂ ਚਾਕੂ ਨਾਲ ਕੱਟ ਕੇ ਬਣਾਈ ਗਈ ਹੋਵੇ।
ਸੱਚੀ ਗੱਲ ਤਾਂ ਇਹ ਹੈ ਕਿ ਮੇਰੀ ਇਸ ਕਹਾਣੀ ਵਿੱਚ ਇਸ ਕਾਂਡ ਦੀ ਬਿਲਕੁਲ ਜ਼ਰੂਰਤ ਨਹੀਂ ਸੀ।
ਚੰਗਾ ਤਾਂ ਇਹੀ ਹੁੰਦਾ ਕਿ ਮੈਂ ਸਿੱਧਾ-ਸਿੱਧਾ ਮੁੱਖ ਗੱਲ ਦੀ ਚਰਚਾ ਕਰਦਾ, ਉਸੇ ਵਿਸ਼ੇ ਤੋਂ ਸ਼ੁਰੂ ਕਰਦਾ, ਜਿਸ ਦਾ ਅੱਗੇ ਜਾ ਕੇ ਵਰਣਨ ਕੀਤਾ ਗਿਆ ਹੈ।
ਪਰ ਹੋਰ ਬਹੁਤ ਸਾਰੀਆਂ ਗੱਲਾਂ ਤੋਂ ਸਿਵਾ ਪਾਠਕ ਨੂੰ ਇਹ ਪਤਾ ਹੋਣਾ ਵੀ ਜ਼ਰੂਰੀ ਹੈ ਕਿ ਗੁਰੀਯੇਵ ਦੇ ਖਾਸ ਦਸਤੇ ਦਾ ਜੋ ਹਿੱਸਾ ਜਿਵੇਂ ਕਿਵੇਂ ਕਰਾ-ਕੂਦੁਕ ਖੂਹ ਤੋਂ ਸੈਂਤੀ ਕਿਲੋਮੀਟਰ ਉੱਤਰ-ਪੱਛਮ ਵਿੱਚ ਪਹੁੰਚ ਗਿਆ ਸੀ, ਉਹ ਕਿੱਥੋਂ ਆਇਆ ਸੀ, ਉਸ ਵਿੱਚ ਇੱਕ ਲੜਕੀ ਕਿਉਂ ਸੀ ਅਤੇ ਕਿਸ ਵਜ੍ਹਾ ਨਾਲ ਕਮੀਸਾਰ ਯੇਵਸੂਕੋਵ ਨੂੰ 'ਗੁਲਾਬੀ' ਕਿਹਾ ਜਾਂਦਾ ਸੀ।
ਅਤੇ ਇਸ ਲਈ ਮੈਂ ਇਹ ਕਾਂਡ ਲਿਖਿਆ।
ਹਾਂ ਪਰ ਮੈਂ ਤੁਹਾਨੂੰ ਇਹ ਯਕੀਨ ਦਿਲਾ ਸਕਦਾ ਹਾਂ ਕਿ ਇਸ ਦਾ ਕੋਈ ਮਹੱਤਵ ਨਹੀਂ ਹੈ।
ਦੂਜਾ ਕਾਂਡ
ਜਿਸ ਵਿੱਚ ਦੁਮੇਲ 'ਤੇ ਇੱਕ ਕਾਲਾ ਧੱਬਾ ਜਿਹਾ ਦਿਖਾਈ ਦਿੰਦਾ ਹੈ...
ਨੇੜੇ ਜਾ ਕੇ ਵੇਖਣ 'ਤੇ ਪਤਾ ਲੱਗਦਾ ਹੈ ਕਿ ਉਹ ਸਫ਼ੈਦ ਗਾਰਡ ਦਾ ਲੈਫਟੀਨੈਂਟ ਗੋਵੋਰੂਖਾ-ਓਤ੍ਰੇਕ ਹੈ।
ਜਾਨ-ਗੇਲਦੀ ਖੂਹ ਤੋਂ ਸਾਈ-ਕੂਦੁਕ ਖੂਹ ਤੱਕ 70 ਕਿਲੋਮੀਟਰ ਅਤੇ ਉੱਥੋਂ ਉਸ਼ਕਾਨ ਨਾਮਕ ਚਸ਼ਮੇ ਤੱਕ 62 ਕਿਲੋਮੀਟਰ ਦਾ ਫਾਸਲਾ ਹੋਰ ਸੀ।
ਰਾਤ ਵੇਲੇ ਸਕਸੌਲ ਦੇ ਤਣੇ 'ਤੇ ਬੰਦੂਕ ਦਾ ਬੱਟ ਮਾਰਦੇ ਹੋਏ ਯੇਵਸੂਕੋਵ ਨੇ ਜੰਮੀ ਹੋਈ ਅਵਾਜ ਵਿੱਚ ਕਿਹਾ:
"ਠਹਿਰ ਜਾਓ! ਰਾਤ ਦਾ ਪੜਾਅ ਇੱਥੇ ਹੀ ਹੋਵੇਗਾ।"
ਸਕਸੌਲ ਦੀਆਂ ਟਾਹਣੀਆਂ ਇਕੱਠੀਆਂ ਕਰਕੇ ਇਹਨਾਂ ਲੋਕਾਂ ਨੇ ਅੱਗ ਜਲਾਈ। ਵਲ ਖਾਂਦੇ ਹੋਏ ਕਾਲੇ ਭੰਬੂਲੇ ਉੱਠਣ ਲੱਗੇ ਅਤੇ ਅੱਗ ਦੇ ਚਾਰੇ ਪਾਸੇ ਨਮੀ ਦਾ ਕਾਲਾ ਜਿਹਾ ਘੇਰਾ ਦਿਖਾਈ ਦੇਣ ਲੱਗਿਆ।
ਫੌਜੀਆਂ ਨੇ ਆਪਣੇ ਥੈਲਿਆਂ ਵਿੱਚੋਂ ਚੌਲ ਅਤੇ ਚਰਬੀ ਕੱਢੀ। ਲੋਹੇ ਦੋ ਵੱਡੇ ਸਾਰੇ ਪਤੀਲੇ ਵਿੱਚ ਇਹ ਦੋਵੇਂ ਚੀਜ਼ਾਂ ਉੱਬਲਣ ਲੱਗੀਆਂ ਅਤੇ ਭੇਡ ਦੀ ਚਰਬੀ ਦੀ ਤੇਜ਼ ਗੰਧ ਫੈਲਣੀ ਸ਼ੁਰੂ ਹੋ ਗਈ।
ਇਹ ਲੋਕ ਅੱਗ ਦੇ ਆਲੇ ਦੁਆਲੇ ਰਲ ਗੱਡ ਹੋਏ ਪਏ ਸਨ। ਸਾਰਿਆਂ ਨੇ ਚੁੱਪ ਧਾਰੀ ਹੋਈ ਸੀ ਅਤੇ ਇਹਨਾਂ ਦੇ ਦੰਦ ਵੱਜ ਰਹੇ ਸਨ। ਉਹ ਹੱਡਚੀਰਵੀਂ ਹਵਾ ਦੇ ਠੰਢੇ ਬੁੱਲਿਆਂ ਤੋਂ ਆਪਣੇ ਸਰੀਰ ਬਚਾਉਣ ਦਾ ਯਤਨ ਕਰ ਰਹੇ ਸਨ। ਪੈਰ ਗਰਮਾਉਣ ਲਈ ਉਹ ਉਹਨਾਂ ਨੂੰ ਅੱਗ ਵਿੱਚ ਘੁਸੇੜ੍ਹ ਦਿੰਦੇ ਸਨ । ਉਹਨਾਂ ਦੇ ਬੂਟਾਂ ਦਾ ਸਖ਼ਤ ਚਮੜਾ ਚਮਕ ਰਿਹਾ ਸੀ।
ਬਰਫ਼ ਦੀ ਸਫੇਦ-ਧੁੰਦ ਵਿੱਚ ਬੰਨ੍ਹੇ ਊਠਾਂ ਦੀਆਂ ਘੰਟੀਆਂ ਦੀ ਉਦਾਸ ਟੁਣਕਾਰ ਗੂੰਜ ਰਹੀ ਸੀ।
ਯੋਵਸੂਕੋਵ ਨੇ ਕੰਬਦੀਆਂ ਉਂਗਲਾਂ ਨਾਲ ਸਿਗਰਟ ਲਪੇਟੀ।
ਧੂੰਏਂ ਦਾ ਬੱਦਲ ਉਡਾਉਂਦੇ ਹੋਏ ਉਸ ਨੇ ਮੁਸ਼ਕਿਲ ਨਾਲ ਕਿਹਾ:
"ਸਾਥੀਓ, ਹੁਣ ਇਹ ਤੈਅ ਕਰਨਾ ਹੈ ਕਿ ਅਸੀਂ ਕਿੱਥੇ ਜਾਵਾਂਗੇ।"
"ਆਪਾਂ ਜਾ ਹੀ ਕਿੱਥੇ ਸਕਦੇ ਹਾਂ ?" ਅੱਗ ਦੇ ਦੂਜੇ ਪਾਸਿਓਂ ਇੱਕ ਮਰੀ ਜਿਹੀ ਅਵਾਜ਼ ਆਈ: "ਹਰ ਹਾਲ ਵਿੱਚ ਅੰਤ ਤਾਂ ਇੱਕੋ ਹੀ ਹੈ – ਮੌਤ! ਗੁਰਯੇਵ ਵਾਪਸ ਜਾਣਾ
ਸੰਭਵ ਨਹੀਂ - ਖੂਨ ਦੇ ਪਿਆਸੇ ਕਜ਼ਾਕ ਅਜੇ ਉੱਥੇ ਹੀ ਨੇ ਅਤੇ ਗੁਰਯੇਵ ਤੋਂ ਬਿਨਾਂ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਜਾਣਾ ਸੰਭਵ ਹੋਵੇ ?"
"ਖੀਵਾ ਬਾਰੇ ਕੀ ਖਿਆਲ ਹੈ ?"
"ਹੂੰ। ਡੂੰਘੇ ਸਿਆਲ ਵਿੱਚ ਕਹਾਕੁਮ ਦੇ ਕੋਲ 600 ਕਿਲੋਮੀਟਰ ਕਿਵੇਂ ਜਾਇਆ ਜਾਏਗਾ ? ਖਾਵਾਂਗ ਕੀ? ਪੈਂਟਾਂ 'ਚ ਜੂੰਆਂ ਪਾਲ ਕੇ ਖਾਵਾਂਗੇ ?"
ਜ਼ੋਰ ਦਾ ਠਹਾਕਾ ਗੂੰਜਿਆ। ਉਸੇ ਮੁਰਦਾ ਅਵਾਜ਼ ਵਿੱਚ ਨਿਰਾਸ਼ਾ ਨਾਲ ਭਰੇ ਇਹ ਸ਼ਬਦ ਸੁਣਾਈ ਦਿੱਤੇ-
"ਇੱਕ ਹੀ ਅੰਤ ਹੈ ਸਾਡਾ-ਮੌਤ!"
ਗੁਲਾਬੀ ਵਰਦੀ ਦੇ ਹੇਠ ਯੇਵਸੂਕੋਵ ਦਾ ਦਿਲ ਬੈਠ ਗਿਆ । ਪਰ ਉਸ ਨੇ ਆਪਣੀ ਇਹ ਹਾਲਤ ਜ਼ਾਹਰ ਨਹੀਂ ਹੋਣ ਦਿੱਤੀ। ਉਹਨੇ ਕੜਕਦੀ ਅਵਾਜ਼ ਵਿੱਚ ਕਿਹਾ-
"ਤੂੰ ਡਰਪੋਕ! ਹੋਰਾਂ ਨੂੰ ਨਾ ਡਰਾਂ ! ਮਰਨਾ ਤਾਂ ਹਰ ਬੇਵਕੂਫ਼ ਜਾਣਦਾ ਹੈ। ਲੋੜ ਹੈ ਅਕਲ ਤੋਂ ਕੰਮ ਲੈਣ ਦੀ ਤਾਂ ਕਿ ਮਰ ਨਾ ਜਾਈਏ !"
"ਅਲੇਕਸਾਂਦਰੋਵਸਕੀ” ਕਿਲ੍ਹੇ ਵਿੱਚ ਜਾਇਆ ਜਾ ਸਕਦਾ ਹੈ। ਉੱਥੇ ਆਪਣੇ ਹੀ ਭਾਈ, ਯਾਨੀ ਮਛੇਰੇ ਰਹਿੰਦੇ ਨੇ।"
"ਅਜਿਹਾ ਕਰਨਾ ਠੀਕ ਨਹੀਂ ਹੋਏਗਾ," ਯੇਵਸੂਕੋਵ ਨੇ ਗੱਲ ਕੱਟੀ, "ਮੈਨੂੰ ਸੂਚਨਾ ਮਿਲ ਚੁੱਕੀ ਹੈ ਕਿ ਦੇਨੀਕਿਨ* ਨੇ ਆਪਣੀ ਫੌਜ ਉੱਥੇ ਉਤਾਰ ਦਿੱਤੀ ਹੈ। ਕਰਸਨੋਵੋਦਸਕੀ ਅਤੇ ਅਲੈਕਸਾਂਦਰੋਵਸਕੀ 'ਤੇ ਸਫੇਦ ਫੌਜ ਦਾ ਕਬਜ਼ਾ ਹੈ।"
ਕੋਈ ਨੀਂਦ ਵਿੱਚ ਕਰਾਹ ਉੱਠਿਆ।
ਯੇਵਸੂਕੋਵ ਨੇ ਅੱਗ ਨਾਲ ਗਰਮ ਹੋਏ ਆਪਣੇ ਗੋਡੇ 'ਤੇ ਜ਼ੋਰ ਨਾਲ ਹੱਥ ਮਾਰਿਆ। ਫਿਰ ਕੜਕਦੀ ਹੋਈ ਅਵਾਜ਼ ਵਿੱਚ ਕਿਹਾ:
"ਬਸ। ਇੱਕ ਹੀ ਰਾਸਤਾ ਹੈ, ਸਾਥੀਓ, ਅਰਾਲ ਸਾਗਰ ਵੱਲ। ਜਿਵੇਂ ਕਿਵੇਂ ਅਰਾਲ ਪਹੁੰਚਾਂਗੇ, ਉੱਥੇ ਸਾਗਰ ਤੱਟ ਦੇ ਖਾਨਾਬਦੋਸ਼ ਕਿਰਗਿਜਾਂ ਕੋਲ ਜਾ ਕੇ ਕੁਝ ਖਾਵਾਂ-ਪੀਵਾਂਗੇ ਅਤੇ ਫਿਰ ਅਰਾਲ ਦਾ ਚੱਕਰ ਕੱਟ ਕੇ ਕਜ਼ਾਲੀਨਸਕ ਵੱਲ ਵਧਾਂਗੇ। ਕਜਾਲੀਨਸਕ ਵਿੱਚ ਆਪਣਾ ਹੈੱਡ-ਕੁਆਰਟਰ ਹੈ। ਉੱਥੇ ਜਾਣਾ ਤਾਂ ਜਿਵੇਂ ਆਪਣੇ ਘਰ ਜਾਣਾ ਹੈ।"
ਉਸਨੇ ਜ਼ੋਰਦਾਰ ਅਵਾਜ਼ ਵਿੱਚ ਇਹ ਕਿਹਾ ਅਤੇ ਚੁੱਪ ਹੋ ਗਿਆ। ਉਸ ਨੂੰ ਖੁਦ ਵੀ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਉਹ ਅਰਾਲ ਸਾਗਰ ਤੱਕ ਪਹੁੰਚ ਜਾਣਗੇ।
ਯੇਵਸੂਕੋਵ ਦੇ ਨਾਲ ਪਏ ਵਿਅਕਤੀ ਨੇ ਸਿਰ ਉੱਪਰ ਚੁੱਕਿਆ ਅਤੇ ਪੁੱਛਿਆ:
"ਪਰ ਅਰਾਲ ਤੱਕ ਖਾਵਾਂਗੋ ਕੀ ?"
ਯੇਵਸੂਕੋਵ ਨੇ ਫਿਰ ਜ਼ੋਰਦਾਰ ਅਵਾਜ਼ ਵਿੱਚ ਜਵਾਬ ਦਿੱਤਾ:
---------------------
* ਜ਼ਾਰਸ਼ਾਹੀ ਜਨਰਲ, ਖਾਨਾਜੰਗੀ ਦੌਰਾਨ ਦੱਖਣੀ ਰੂਸ 'ਚ ਸੋਵੀਅਤ ਵਿਰੋਧੀ ਫੌਜਾਂ ਦਾ ਪ੍ਰਧਾਨ ਸੈਨਾਪਤੀ।
"ਕਮਰ ਕੱਸਣੀ ਪਏਗੀ। ਰਾਜਕੁਮਾਰ ਤਾਂ ਆਪਾਂ ਹਾਂ ਨਹੀਂ! ਤੁਸੀਂ ਤਾਂ ਚਾਹੁੰਦੇ ਹੋ ਮਜ਼ੇਦਾਰ ਮੱਛੀ ਅਤੇ ਸ਼ਹਿਦ! ਪਰ ਇਸ ਤੋਂ ਬਿਨਾਂ ਹੀ ਕੰਮ ਚਲਾਉਣਾ ਪਏਗਾ। ਅਜੇ ਤਾਂ ਚੌਲ ਵੀ ਪਏ ਹਨ, ਥੋੜ੍ਹਾ ਆਟਾ ਵੀ ਹੈ।"
"ਤਿੰਨ ਦਿਨਾਂ ਤੋਂ ਜ਼ਿਆਦਾ ਨਹੀਂ ਚੱਲਣਗੇ।"
"ਤਾਂ ਕੀ ਹੋਇਆ ਚੇਰਨੀਸ਼ ਖਲੀਜ਼ ਤੱਕ ਪਹੁੰਚਣ ਵਿੱਚ ਦਸ ਦਿਨ ਲੱਗਣਗੇ। ਸਾਡੇ ਕੋਲ ਛੇ ਊਠ ਹਨ। ਰਾਸ਼ਨ ਖਤਮ ਹੁੰਦੇ ਹੀ ਊਠਾਂ ਨੂੰ ਵੱਢਣਾ ਸ਼ੁਰੂ ਕਰ ਦਿਆਂਗੇ। ਵੈਸੇ ਵੀ ਹੁਣ ਇਹਨਾਂ ਦਾ ਕੋਈ ਫ਼ਾਇਦਾ ਤਾਂ ਨਹੀਂ। ਇੱਕ ਊਠ ਨੂੰ ਕੱਟਾਂਗੇ ਅਤੇ ਦੂਜੇ 'ਤੇ ਮਾਸ ਲੱਦ ਕੇ ਅੱਗੇ ਤੁਰ ਪਵਾਂਗੇ। ਬਸ ਇਸੇ ਤਰ੍ਹਾਂ ਮੰਜ਼ਿਲ ਤੱਕ ਪਹੁੰਚ ਜਾਵਾਂਗੇ।"
ਖਾਮੋਸ਼ੀ ਛਾ ਗਈ। ਮਰਿਊਤਕਾ ਅੱਗ ਕੋਲ ਲੇਟੀ ਹੋਈ ਸੀ। ਸਿਰ ਹੱਥਾਂ ਵਿੱਚ ਫੜੀ ਉਹ ਆਪਣੀਆਂ ਬਿੱਲੀ ਵਰਗੀਆਂ ਅੱਖਾਂ ਨਾਲ ਲਾਟਾਂ ਨੂੰ ਇੱਕ ਟੱਕ ਵੇਖਦੀ ਜਾ ਰਹੀ ਸੀ। ਯੇਵਸੂਕੋਵ ਨੂੰ ਅਚਾਨਕ ਬੇਚੈਨੀ ਜਿਹੀ ਮਹਿਸੂਸ ਹੋਈ।
ਉਹ ਉੱਠ ਕੇ ਖੜ੍ਹਾ ਹੋਇਆ ਅਤੇ ਆਪਣੀ ਜੈਕਟ ਤੋਂ ਬਰਫ਼ ਝਾੜਨ ਲੱਗਿਆ।
"ਬਸ। ਮੇਰਾ ਹੁਕਮ ਹੈ - ਪਹੁ-ਫੁੱਟਦੇ ਹੀ ਆਪਣੇ ਰਾਸਤੇ ਚੱਲ ਪਓ। ਹੋ ਸਕਦਾ ਹੈ ਆਪਾਂ ਸਾਰੇ ਨਾ ਪਹੁੰਚ ਸਕੀਏ।" ਕਮੀਸਾਰ ਦੀ ਅਵਾਜ਼ ਚੌਕੰਨੀ ਚਿੜੀ ਵਾਂਗ ਉੱਚੀ ਹੋ ਗਈ, "ਪਰ ਜਾਣਾ ਤਾਂ ਪਏਗਾ ਹੀ... ਇਹ ਇਨਕਲਾਬ ਦਾ ਸਵਾਲ ਹੈ ਸਾਥੀਓ... ਸਾਰੀ ਦੁਨੀਆਂ ਦੇ ਕਿਰਤੀਆਂ ਲਈ।"
ਕਮੀਸਾਰ ਨੇ ਵਾਰੀ ਵਾਰੀ ਤੇਈ ਦੇ ਤੇਈ ਫੌਜੀਆਂ ਦੀਆਂ ਅੱਖਾਂ ਵਿੱਚ ਝਾਕ ਕੇ ਵੇਖਿਆ। ਉਹ ਸਾਲ ਭਰ ਤੋਂ ਉਹਨਾਂ ਦੀਆਂ ਅੱਖਾਂ ਵਿੱਚ ਜਿਸ ਚਮਕ ਨੂੰ ਦੇਖਣ ਦਾ ਆਦੀ ਹੋ ਗਿਆ ਸੀ, ਉਹ ਅੱਜ ਗਾਇਬ ਸੀ। ਉਹਨਾਂ ਦੀਆਂ ਅੱਖਾਂ ਵਿੱਚ ਉਦਾਸੀ ਸੀ, ਨਿਰਾਸ਼ਾ ਸੀ। ਉਹਨਾਂ ਦੀਆਂ ਝੁਕੀਆਂ ਪਲਕਾਂ ਹੇਠ ਨਿਰਾਸ਼ਾ ਅਤੇ ਬੇਵਸਾਹੀ ਦੀ ਝਲਕ ਸੀ।
"ਪਹਿਲਾਂ ਊਠਾਂ ਨੂੰ, ਫਿਰ ਇੱਕ ਦੂਜੇ ਨੂੰ ਖਾਵਾਂਗੇ," ਕਿਸੇ ਨੇ ਕਿਹਾ।
ਫਿਰ ਚੁੱਪ ਛਾ ਗਈ।
ਯੇਵਸੂਕੋਵ ਅਚਾਨਕ ਔਰਤਾਂ ਵਾਂਗ ਚੀਕ ਉੱਠਿਆ:
"ਬਕਵਾਸ ਬੰਦ ਕਰੋ! ਇਨਕਲਾਬ ਪ੍ਰਤੀ ਆਪਣਾ ਫਰਜ਼ ਭੁੱਲ ਗਏ ? ਹੁਣ ਚੁੱਪ! ਹੁਕਮ ਹੁਕਮ ਹੈ! ਨਹੀਂ ਮੰਨੋਗੇ ਤਾਂ ਗੋਲੀ ਨਾਲ ਉਡਾ ਦਿੱਤੇ ਜਾਉਂਗੇ।"
ਉਹ ਖੰਘ ਕੇ ਬੈਠ ਗਿਆ।
ਉਹ ਆਦਮੀ ਜੋ ਬੰਦੂਕ ਦੇ ਗਜ਼ ਨਾਲ ਚੌਲ ਹਿਲਾ ਰਿਹਾ ਸੀ ਚਾਣਚੱਕ ਹੀ ਬੜੀ ਜ਼ਿੰਦਾਦਿਲੀ ਨਾਲ ਕਹਿ ਉੱਠਿਆ
"ਨੱਕ ਕਿਉਂ ਸੁੜ੍ਹਕ ਰਹੇ ਹੋ ? ਢਿੱਡ 'ਚ ਚੌਲ ਭਰੋ! ਐਵੇਂ ਹੀ ਤਾਂ ਨਹੀਂ ਪਕਾਏ ਮੈਂ! ਫੌਜੀ ਕਹਿੰਦੇ ਹੋ ਆਪਣੇ ਆਪ ਨੂੰ, ਜੂਆਂ ਹੋ ਜੂਆਂ।"
ਉਹਨਾਂ ਨੇ ਚਮਚਿਆਂ ਨਾਲ ਫੁੱਲੇ ਹੋਏ ਚਿਕਨੇ ਚੌਲਾਂ ਦੇ ਗੋਲੇ ਨਿਗਲੇ। ਇਸ ਕੋਸ਼ਿਸ਼ ਵਿੱਚ ਕਿ ਉਹ ਠੰਢੇ ਨਾ ਹੋ ਜਾਣ ਉਹਨਾਂ ਨੇ ਚੌਲਾਂ ਨੂੰ ਜਲਦੀ ਜਲਦੀ ਨਿਗਲ ਕੇ
ਆਪਣੇ ਗਲ ਜਲਾ ਲਏ। ਫਿਰ ਵੀ ਮੋਮ ਵਰਗੀ ਠੰਢੀ ਚਰਬੀ ਦੀ ਮੋਟੀ ਸਫੇਦ ਪੇਪੜੀ ਉਹਨਾਂ ਦੇ ਬੁੱਲਾਂ ਉੱਤੇ ਜੰਮੀ ਰਹਿ ਜਾਂਦੀ ਸੀ।
ਅੱਗ ਠੰਢੀ ਹੁੰਦੀ ਜਾ ਰਹੀ ਸੀ। ਰਾਤ ਦੀ ਕਾਲੀ ਪਿੱਠਭੂਮੀ ਵਿੱਚ ਸੰਗਤਰੀ ਰੰਗ ਦੀਆਂ ਚਿੰਗਾੜੀਆਂ ਦੀ ਵਾਛੜ ਹੋ ਰਹੀ ਸੀ। ਲੋਕ ਇੱਕ ਦੂਜੇ ਦੇ ਹੋਰ ਨੇੜੇ ਹੋ ਗਏ, ਊਂਘੇ, ਘੁਰਾੜੇ ਮਾਰਨ ਲੱਗੇ ਅਤੇ ਫਿਰ ਨੀਂਦ ਵਿੱਚ ਕਰਾਹੁਣ ਅਤੇ ਬੁੜਬੜਾਉਣ ਲੱਗੇ ।
ਮੂੰਹ ਹਨ੍ਹੇਰੇ ਹੀ ਕਿਸੇ ਨੇ ਮੋਢਾ ਹਿਲਾ ਕੇ ਯੇਵਸੂਕੋਵ ਨੂੰ ਜਗਾਇਆ। ਆਪਣੀਆਂ ਜੁੜੀਆਂ ਹੋਈਆਂ ਪਲਕਾਂ ਨੂੰ ਉਸ ਨੇ ਬੜੀ ਮੁਸ਼ਕਿਲ ਨਾਲ ਖੋਲ੍ਹਿਆ। ਉਹ ਉੱਠ ਕੇ ਬੈਠ ਗਿਆ ਅਤੇ ਆਦਤਨ ਬੰਦੂਕ ਵੱਲ ਹੱਥ ਵਧਾ ਦਿੱਤਾ।
"ਠਹਿਰੋ !"
ਮਰਿਊਤਕਾ ਉਸਦੇ ਉੱਪਰ ਝੁਕੀ ਹੋਈ ਸੀ। ਹਨ੍ਹੇਰੀ ਦੇ ਨੀਲੇ ਭੂਰੇਪਨ ਵਿੱਚ ਉਸ ਦੀਆਂ ਬਿੱਲੀ ਵਰਗੀਆਂ ਅੱਖਾਂ ਚਮਕ ਰਹੀਆਂ ਸਨ।
"ਕੀ ਗੱਲ ਹੈ?"
"ਸਾਥੀ ਕਮੀਸਾਰ ਉੱਠੋ! ਪਰ ਚੁੱਪ ਚਾਪ । ਜਦੋਂ ਤੁਸੀਂ ਸਾਰੇ ਸੌ ਰਹੇ ਸੀ ਤਾਂ ਮੈਂ ਊਠ 'ਤੇ ਸਵਾਰ ਹੋ ਕੇ ਨਿਕਲੀ। ਜਾਨਗੇਲਦੀ ਤੋਂ ਕਿਰਗਿਜ਼ਾਂ ਦਾ ਇੱਕ ਕਾਫਲਾ ਆ ਰਿਹਾ ਹੈ।"
ਯੇਵਸੂਕੋਵ ਨੇ ਦੂਸਰੇ ਪਾਸੇ ਨੂੰ ਕਰਵਟ ਬਦਲੀ । ਉਸ ਨੇ ਹੈਰਾਨ ਹੁੰਦਿਆਂ ਪੁੱਛਿਆ:
"ਕਿਹੋ ਜਿਹਾ ਕਾਫ਼ਲਾ ?" ਕਿਉਂ ਝੂਠ ਬੋਲ ਰਹੀ ਏਂ ?"
"ਬਿਲਕੁਲ ਸੱਚ... ਮੱਛੀ ਦਾ ਹੈਜਾ, ਬਿਲਕੁਲ ਸੱਚ। ਕੋਈ ਚਾਲੀ ਦੇ ਕਰੀਬ ਊਠ ਹਨ।“
ਯੇਵਸੂਕੋਵ ਉੱਛਲ ਕੇ ਖੜ੍ਹਾ ਹੋਇਆ ਅਤੇ ਉਸ ਨੇ ਉਂਗਲਾਂ ਮੂੰਹ 'ਚ ਪਾ ਕੇ ਸੀਟੀ ਵਜਾਈ। ਤੇਈ ਫੌਜੀਆਂ ਲਈ ਉੱਠਣਾ ਅਤੇ ਆਪਣੇ ਜੰਮੇ ਹੋਏ ਹੱਥ-ਪੈਰ ਸਿੱਧੇ ਕਰਨਾ ਦੁੱਭਰ ਹੋ ਰਿਹਾ ਸੀ। ਪਰ ਜਿਵੇਂ ਹੀ ਉਹਨਾਂ ਕਾਫਲੇ ਦਾ ਨਾਮ ਸੁਣਿਆ ਉਹਨਾਂ ਦੀ ਜਾਨ ਵਿੱਚ ਜਾਨ ਆਈ।
ਬਾਈ ਫੌਜੀ ਉੱਠੇ । ਤੇਈਵਾਂ ਉੱਥੇ ਦਾ ਉੱਥੇ ਹੀ ਪਿਆ ਰਿਹਾ। ਉਹ ਘੋੜੇ ਦਾ ਝੱਲ ਲਪੇਟ ਕੇ ਲੇਟਿਆ ਹੋਇਆ ਸੀ ਅਤੇ ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ।
"ਜ਼ੋਰ ਦਾ ਬੁਖਾਰ", ਫੌਜੀ ਦੇ ਕਾਲਰ ਅੰਦਰ ਉਂਗਲੀ ਨਾਲ ਉਸ ਦੇ ਤਨ ਨੂੰ ਛੂਹ ਕੇ ਮਰਿਊਤਕਾ ਨੇ ਵਿਸ਼ਵਾਸ ਨਾਲ ਕਿਹਾ।
"ਉਹ। ਇਹ ਤਾਂ ਬੁਰਾ ਹੋਇਆ। ਪਰ ਕੀ ਕਰ ਸਕਦੇ ਹਾਂ ? ਇਹਨੂੰ ਹੋਰ ਕੱਪੜੇ ਲਪੇਟ ਦਿਓ ਅਤੇ ਪਿਆ ਰਹਿਣ ਦਿਓ। ਵਾਪਸ ਆ ਕੇ ਇਸ ਨੂੰ ਸੰਭਾਲ ਲਵਾਂਗ। ਹਾਂ ਤਾਂ ਕਿੱਧਰ ਹੈ ਕਾਫ਼ਲਾ ?"
ਮਰਿਊਤਕਾ ਨੇ ਹੱਥ ਨਾਲ ਪੱਛਮ ਵੱਲ ਸੰਕੇਤ ਕੀਤਾ।
"ਬਹੁਤ ਦੂਰ ਨਹੀਂ। ਕੋਈ ਛੇ ਕੁ ਕਿਲੋਮੀਟਰ ਹੋਵੇਗਾ। ਊਠਾਂ ਉੱਪਰ ਬਹੁਤ ਵੱਡੇ ਵੱਡੇ ਬੰਡਲ ਲੱਦੇ ਹੋਏ ਨੇ।"