ਇਕਤਾਲ਼ੀਵਾਂ
ਬੋਰਿਸ ਲਵਰੇਨਿਓਵ
ਅਨੁਵਾਦਕ : ਸਵਜੀਤ
ਇਸ ਕਿਤਾਬ ਬਾਰੇ
ਬੋਰਿਸ ਲਵਰੇਨਿਓਵ (1891-1959) ਇੱਕ ਸ਼ਾਨਦਾਰ ਸੋਵੀਅਤ ਨਾਵਲਕਾਰ ਸਨ। ਉਹਨਾਂ ਦੀ ਗਿਣਤੀ ਫ਼ਦੇਯੇਵ, ਫ਼ੇਦਿਨ, ਅਲੈਕਸੇਈ ਤਾਲਸਤਾਏ, ਸ਼ੋਲੋਖੋਵ ਆਦਿ ਨਾਲ ਗੋਰਕੀ ਤੋਂ ਅਗਲੀ ਪੀੜ੍ਹੀ ਦੇ ਮੋਢੀ ਸਮਾਜਵਾਦੀ ਯਥਾਰਥਵਾਦੀ ਲੇਖਕਾਂ ਵਿੱਚ ਕੀਤੀ ਜਾਂਦੀ ਹੈ।
ਲਵਰੇਨਿਓਵ ਦਾ ਜਨਮ ਕਾਲੇ ਸਾਗਰ ਦੇ ਤਟ 'ਤੇ ਸਥਿਤ ਖੇਰਸੋਨ ਨਗਰ ਵਿੱਚ ਹੋਇਆ ਸੀ। ਉਹਨਾਂ ਨੇ ਮਾਸਕੋ ਯੂਨੀਵਰਸਿਟੀ ਦੇ ਕਾਨੂੰਨ-ਵਿਭਾਗ ਵਿੱਚ ਸਿੱਖਿਆ ਪ੍ਰਾਪਤ ਕੀਤੀ। ਪਹਿਲੇ ਸੰਸਾਰ ਯੁੱਧ ਵਿੱਚ ਭਾਗ ਲੈਂਦੇ ਹੋਏ, ਕੌਮੀ ਸੰਕਟ ਦੀ ਲਹਿਰ ਦੌਰਾਨ, ਉਹਨਾਂ ਦੀ ਚੇਤਨਾ ਦਾ ਇਨਕਲਾਬੀਕਰਨ ਹੋਇਆ ਅਤੇ ਆਪਣੀ ਉਮਰ ਦੇ ਜ਼ਿਆਦਾਤਰ ਨੌਜਵਾਨ ਸੈਨਿਕਾਂ ਵਾਂਗ ਉਹਨਾਂ ਨੇ ਇਨਕਲਾਬ ਦਾ ਪੱਖ ਚੁਣਿਆ। ਇਨਕਲਾਬ ਤੋਂ ਬਾਅਦ ਘਰੇਲੂ ਯੁੱਧ ਦੌਰਾਨ ਵੀ ਉਹਨਾਂ ਨੇ ਉਲਟ ਇਨਕਲਾਬੀਆਂ ਖਿਲਾਫ਼ ਜੰਗੀ ਮੁਹਿੰਮ ਵਿੱਚ ਹਿੱਸਾ ਲਿਆ।
ਲਵਰੇਨਿਓਵ ਦੀ ਪਹਿਲੀ ਸਾਹਿਤਕ ਰਚਨਾ 1924 ਵਿੱਚ ਪ੍ਰਕਾਸ਼ਿਤ ਹੋਈ। 1924 ਵਿੱਚ ਹੀ ਉਹਨਾਂ ਦਾ ਇਹ ਨਾਵਲਿਟ 'ਇਕਤਾਲੀਵਾਂ' ਵੀ ਪ੍ਰਕਾਸ਼ਿਤ ਹੋਇਆ। ਅੱਜ ਇਸ ਦੀ ਗਿਣਤੀ ਉਹਨਾਂ ਕ੍ਰਿਤਾਂ ਵਿੱਚ ਕੀਤੀ ਜਾਂਦੀ ਹੈ ਜਿਹਨਾਂ ਤੋਂ ਬਿਨਾਂ ਕਲਾਸੀਕੀ ਰੂਸੀ ਸੋਵੀਅਤ ਸਾਹਿਤ ਦੀ ਕਲਪਨਾ ਕਰਨਾ ਅਸੰਭਵ ਹੈ। ਇਹ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਬਾਅਦ ਚੱਲ ਰਹੇ ਘਰੇਲੂ ਯੁੱਧ ਵਿੱਚ ਇੱਕ ਇਸਤਰੀ ਲਾਲ ਸੈਨਿਕ ਮਰਿਊਤਕਾ ਦੇ ਸਾਹਸੀ ਚਰਿੱਤਰ ਅਤੇ ਇਨਕਲਾਬ ਪ੍ਰਤੀ ਅਡਿੱਗ ਪ੍ਰਤੀਬੱਧਤਾ ਦੀ ਕਹਾਣੀ ਪੇਸ਼ ਕਰਦੀ ਹੈ ਅਤੇ ਨਾਲ ਹੀ ਇਹ ਵੀ ਦਰਸਾਉਂਦੀ ਹੈ ਕਿ ਇਨਕਲਾਬੀ ਨਿਹਚਾ ਅਤੇ ਕਠੋਰ ਕਰਤੱਵਪਾਲਣਾ ਦੀ ਭਾਵਨਾ ਨਾਲ ਲਬਰੇਜ਼ ਉਹਦੇ ਦਿਲ ਵਿੱਚ ਪਿਆਰ ਦੀ ਤੀਬਰ ਅਤੇ ਕੋਮਲ ਭਾਵਨਾ ਵੀ ਮੌਜੂਦ ਹੈ। ਮਰਿਊਤਕਾ ਦਾ ਪਿਆਰ ਇਨਕਲਾਬ ਪ੍ਰਤੀ ਉਸਦੇ ਨਿਹਚੇ ਨੂੰ ਰੱਤੀ ਭਰ ਵੀ ਕਮਜ਼ੋਰ ਨਹੀਂ ਕਰ ਸਕਿਆ। ਇੱਕ ਇਨਕਲਾਬੀ ਦੇ ਚਰਿੱਤਰ ਦੀ ਸਰਲਤਾ ਅਤੇ ਉੱਤਮਤਾ ਦਾ ਇਹ ਕ੍ਰਿਤ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਣ ਕਰਦੀ ਹੈ।
ਲਵਰੇਨਿਓਵ ਦੀ ਇਸ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਰਚਨਾ ਉੱਤੇ ਸੋਵੀਅਤ ਸੰਘ ਵਿੱਚ ਇੱਕ ਫਿਲਮ ਵੀ ਬਣੀ ਸੀ; ਜਿਸ ਨੂੰ ਨਾ ਸਿਰਫ਼ ਆਪਣੇ ਮੁਲਕ ਵਿੱਚ ਸਗੋਂ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਵਿਆਪਕ ਪ੍ਰਸਿੱਧੀ ਮਿਲੀ ਸੀ।
ਪਾਵੇਲ ਦਮਿਤ੍ਰੀਏਵਿਚ ਜ਼ੂਕੋਵ ਨੂੰ ਸਮਰਪਿਤ
ਪਹਿਲਾ ਕਾਂਡ
ਜੋ ਸਿਰਫ਼ ਇਸ ਲਈ ਲਿਖਿਆ ਗਿਆ ਕਿਉਂਕਿ ਇਸ ਤੋਂ ਬਗੈਰ ਕੰਮ ਨਹੀਂ ਚੱਲ ਸਕਦਾ ਸੀ।
ਮਸ਼ੀਨ ਗੰਨ ਦੀਆਂ ਗੋਲੀਆਂ ਦੀ ਬੇਰੋਕ ਵਾਛੜ ਨਾਲ ਉੱਤਰੀ ਦਿਸ਼ਾ ਵਿੱਚ ਕਜ਼ਾਕਾ* ਦੀਆਂ ਚਮਕਦੀਆਂ ਤਲਵਾਰਾਂ ਦਾ ਘੇਰਾ ਥੋੜ੍ਹੀ ਦੇਰ ਲਈ ਟੁੱਟ ਗਿਆ। ਗੁਲਾਬੀ ਕਮਿਸਾਰ ਯੇਵਸੂਕੋਵ ਨੇ ਆਪਣੀ ਤਾਕਤ ਇਕੱਠੀ ਕੀਤੀ, ਪੂਰਾ ਜ਼ੋਰ ਲਾਇਆ ਅਤੇ ਦਗੜ ਦਗੜ ਕਰਦਾ ਉਸ ਪਾੜ 'ਚੋਂ ਬਾਹਰ ਨਿਕਲ ਗਿਆ।
ਮਾਰੂਥਲੀ ਉਜਾੜ ਵਿੱਚ ਮੌਤ ਦੇ ਇਸ ਘੇਰੇ ਵਿੱਚੋਂ ਜਿਹੜੇ ਲੋਕ ਨਿੱਕਲ ਕੇ ਭੱਜੇ ਸਨ, ਉਹਨਾਂ ਵਿੱਚ ਗੁਲਾਬੀ ਯੇਵਸੂਕੋਵ, ਉਸ ਦੇ ਤੇਈ ਆਦਮੀ ਅਤੇ ਮਰਿਊਤਕਾ ਸ਼ਾਮਲ ਸਨ।
ਬਾਕੀ ਇੱਕ ਸੌ ਉਂਨੀ ਫੌਜੀ ਅਤੇ ਲਗਭਗ ਸਾਰੇ ਊਠ ਸੱਪ ਵਾਂਗ ਵਲ ਖਾਧੇ ਸਕਲੋਲ ਦੇ ਤਣੇ ਅਤੇ ਤਾਮਰਿਸਕ ਦੀਆਂ ਲਾਲ ਟਾਹਣੀਆਂ ਵਿਚਕਾਰ ਠੰਢੀ ਰੇਤ ਉੱਤੇ ਨਿਰਜਿੰਦ, ਅਹਿੱਲ ਪਏ ਸਨ।
ਕਜ਼ਾਕ ਅਫ਼ਸਰ ਬੁਰੀਗਾ ਨੂੰ ਇਹ ਸੂਚਨਾ ਦਿੱਤੀ ਗਈ ਕਿ ਬਾਕੀ ਬਚੇ ਦੁਸ਼ਮਣ ਭੱਜ ਗਏ ਹਨ। ਇਹ ਸੁਣ ਕੇ ਉਸ ਨੇ ਭਾਲੂ ਦੇ ਪੰਜੇ ਵਰਗੇ ਹੱਥ ਨਾਲ ਆਪਣੀਆਂ ਸੰਘਣੀਆ ਮੁੱਛਾਂ ਨੂੰ ਤਾਅ ਦਿੱਤਾ ਅਤੇ ਉਬਾਸੀ ਲੈਂਦੇ ਹੋਏ ਆਪਣਾ ਗੁਫ਼ਾ ਵਰਗਾ ਮੂੰਹ ਖੋਲ੍ਹਿਆ ਅਤੇ ਸ਼ਬਦਾਂ ਨੂੰ ਖਿੱਚ ਖਿੱਚ ਕੇ ਬੜੇ ਅਰਾਮ ਨਾਲ ਕਿਹਾ:
"ਢੱਠੇ ਖੂਹ 'ਚ ਪੈਣ ਦੇ ਉਹਨਾਂ ਨੂੰ ! ਕੋਈ ਜ਼ਰੂਰਤ ਨਹੀਂ, ਪਿੱਛਾ ਕਰਨ ਦੀ। ਐਵੇਂ ਬਿਨਾਂ ਮਤਲਬ ਘੋੜੇ ਥੱਕਣਗੇ। ਮਾਰੂਥਲ ਆਪੇ ਹੀ ਉਹਨਾਂ ਨਾਲ ਨਿੱਬੜ ਲਵੇਗਾ।"
ਇਸ ਦੌਰਾਨ ਗੁਲਾਬੀ ਯੋਵਸੂਕੋਵ, ਉਸ ਦੇ ਤੇਈ ਆਦਮੀ ਅਤੇ ਮਰਿਊਤਕਾ ਗਿੱਦੜਾਂ ਵਾਂਗ ਜਾਨ ਬਚਾ ਕੇ ਅਸੀਮ ਮਾਰੂਥਲ ਵਿੱਚ ਜਿਆਦਾ ਤੋਂ ਜ਼ਿਆਦਾ ਦੂਰ ਭੱਜਦੇ ਜਾ ਰਹੇ ਸਨ।
ਪਾਠਕ ਤਾਂ ਜ਼ਰੂਰ ਹੀ ਇਹ ਜਾਨਣ ਲਈ ਬੇਚੈਨ ਹੋਣਗੇ ਕਿ ਯੇਵਸੂਕੋਵ ਨੂੰ 'ਗੁਲਾਬੀ' ਕਿਉਂ ਕਿਹਾ ਗਿਆ ਹੈ।
ਲਓ, ਮੈਂ ਦੱਸਦਾਂ ਤੁਹਾਨੂੰ।
ਹੋਇਆ ਇਹ ਕਿ ਕੋਲਚਾਕ** ਨੇ ਚਮਕਦੀਆਂ-ਨੁਕੀਲੀਆਂ ਸੰਗੀਨਾਂ ਅਤੇ
-----------------
* ਅਕਤੂਬਰ ਇਨਕਲਾਬ ਦੌਰਾਨ ਕਜ਼ਾਕਾਂ ਦੀਆਂ ਫੌਜਾਂ ਇਨਕਲਾਬ ਵਿਰੋਧੀ ਘੋਲ ਦਾ ਮੁੱਖ ਅਧਾਰ ਸਨ।
** ਕੋਲਚਾਕ-ਜ਼ਾਰ ਦੀ ਜਲਸੈਨਾ ਦਾ ਐਡਮਿਰਲ । ਜਿਸ ਨੇ ਸਾਈਬੇਰੀਆ 'ਚ ਸੋਵੀਅਤ ਸਤ੍ਹਾ ਵਿਰੁੱਧ ਸਰਗਰਮ ਹਿੱਸਾ ਲਿਆ।
ਇਨਸਾਨੀ ਜਿਸਮਾਂ ਨਾਲ ਉਰੇਨਬੂਰਸ ਰੇਲਵੇ ਲਾਈਨ ਦੀ ਨਾਕਾ-ਬੰਦੀ ਕਰ ਦਿੱਤੀ। ਉਸ ਨੇ ਇੰਜਣ ਠੱਪ ਕਰ ਦਿੱਤੇ ਅਤੇ ਉਹ ਸਾਈਡਲਾਈਨਾਂ 'ਤੇ ਖੜ੍ਹੇ ਖੜ੍ਹੇ ਜੰਗ ਖਾਣ ਲੱਗੇ। ਤਦ ਤੁਰਕਿਸਤਾਨੀ ਲੋਕਤੰਤਰ ਵਿੱਚ ਚਮੜਾ ਰੰਗਣ ਦਾ ਕਾਲਾ ਰੰਗ ਬਿਲਕੁਲ ਖਤਮ ਹੋ ਗਿਆ।
ਅਤੇ ਇਹ ਜ਼ਮਾਨਾ ਸੀ ਬੰਬਾਂ-ਗੋਲਿਆਂ ਦੀ ਧੂਮ-ਧੜਾਕ, ਮਾਰਧਾੜ ਅਤੇ ਚਮੜੇ ਦੀਆਂ ਪੋਸ਼ਾਕਾਂ ਦਾ।
ਲੋਕ ਘਰੇਲੂ ਅਰਾਮ ਦੀ ਗੱਲ ਭੁੱਲ ਚੁੱਕੇ ਸਨ। ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਗੋਲੀਆਂ ਦੀ ਸਾਂ-ਸਾਂ ਦਾ, ਮੀਂਹ ਅਤੇ ਕੜਕਦੀ ਧੁੱਪ ਦਾ, ਗਰਮੀ ਅਤੇ ਠੰਢ ਦਾ। ਉਹਨਾਂ ਨੂੰ ਤਨ ਕੱਜਣ ਲਈ ਮਜ਼ਬੂਤ ਪੋਸ਼ਾਕ ਦੀ ਜ਼ਰੂਰਤ ਸੀ।
ਇਸ ਲਈ ਚਮੜੇ 'ਤੇ ਹੀ ਜ਼ੋਰ ਸੀ।
ਆਮ ਤੌਰ 'ਤੇ ਜਾਕਟਾਂ ਨੂੰ ਨੀਲੇ ਕਾਲੇ ਰੰਗ ਨਾਲ ਰੰਗਿਆ ਜਾਂਦਾ ਸੀ । ਇਹ ਰੋਗ ਉਸੇ ਤਰ੍ਹਾਂ ਪੱਕਾ ਅਤੇ ਜ਼ੋਰਦਾਰ ਸੀ, ਜਿਵੇਂ ਇਸ ਨਾਲ ਰੰਗੇ ਚਮੜੇ ਦੇ ਕੱਪੜੇ ਪਹਿਨਣ ਵਾਲੇ।
ਪਰ ਤੁਰਕਿਸਤਾਨ ਵਿੱਚ ਇਸ ਕਾਲੇ ਰੰਗ ਦਾ ਕਿਤੇ ਕੋਈ ਨਾਮੋ-ਨਿਸ਼ਾਨ ਨਹੀਂ ਬਚਿਆ ਸੀ।
ਇਸ ਲਈ ਇਨਕਲਾਬੀ ਹੈੱਡ-ਕੁਆਰਟਰਾਂ ਨੂੰ ਜਰਮਨ ਦੇ ਰਸਾਇਣਿਕ ਰੰਗਾਂ ਦੇ ਨਿੱਜੀ ਜ਼ਖੀਰਿਆਂ 'ਤੇ ਕਬਜ਼ਾ ਕਰਨਾ ਪਿਆ। ਫਰਗਾਨਾ ਘਾਟੀ ਦੀਆਂ ਉਜ਼ਬੇਕ ਔਰਤਾਂ ਇਹਨਾਂ ਹੀ ਰੋਗਾਂ ਨਾਲ ਆਪਣੇ ਬਰੀਕ ਰੇਸ਼ਮ ਨੂੰ ਚਮਕਦਾ-ਦਮਕਦਾ ਰੰਗ ਦਿੰਦੀਆਂ ਸਨ। ਇਹਨਾਂ ਹੀ ਰੰਗਾਂ ਨਾਲ ਪਤਲੇ ਪਤਲੇ ਬੁੱਲ੍ਹਾਂ ਵਾਲੀਆਂ ਤੁਰਕਮਾਨ ਔਰਤਾਂ ਆਪਣੇ ਮਸ਼ਹੂਰ ਤੇਕਿਨ ਗਲੀਚਿਆਂ 'ਤੇ ਰੰਗ-ਬਿਰੰਗੇ ਫੁੱਲ ਬੂਟੇ ਬਣਾਉਂਦੀਆਂ ਸਨ।
ਇਹਨਾਂ ਰੰਗਾਂ ਨਾਲ ਹੁਣ ਤਾਜ਼ਾ ਚਮੜਾ ਰੰਗਿਆ ਜਾਣ ਲੱਗਿਆ। ਤੁਰਕਿਸਤਾਨ ਦੀ ਲਾਲ ਫੌਜ ਵਿੱਚ ਕੁਝ ਹੀ ਦਿਨਾਂ ਵਿੱਚ ਗੁਲਾਬੀ, ਸੰਗਤਰੀ, ਪੀਲਾ, ਨੀਲਾ, ਅਸਮਾਨੀ ਅਤੇ ਹਰਾ ਮਤਲਬ ਕਿ ਸਤਰੰਗੀ ਪੀਂਘ ਦੇ ਸਾਰੇ ਰੰਗ ਨਜ਼ਰ ਆਉਣ ਲੱਗੇ।
ਇਤਫ਼ਾਕ ਦੀ ਗੱਲ ਹੈ ਕਿ ਚੇਚਕ ਦੇ ਦਾਗਾਂ ਵਾਲੇ ਸਪਲਾਈ ਮੈਨ ਨੇ ਕਮਿਸਾਰ ਯੇਵਸੂਕੋਵ ਨੂੰ ਗੁਲਾਬੀ ਜੈਕੇਟ ਅਤੇ ਬਿਰਜਿਸ ਦੇ ਦਿੱਤੀ।
ਖੁਦ ਯੇਵਸੂਕੋਵ ਦਾ ਚਿਹਰਾ ਵੀ ਗੁਲਾਬੀ ਸੀ ਅਤੇ ਉਸ 'ਤੇ ਬਦਾਮੀ ਥਿੰਮਾਂ ਦੀ ਭਰਮਾਰ ਸੀ। ਰਹੀ ਸਿਰ ਦੀ ਗੱਲ ਤਾਂ ਉੱਥੇ ਵਾਲਾਂ ਦੀ ਬਜਾਏ ਕੋਮਲ ਰੂੰਏਂ ਸਨ।
ਅਸੀਂ ਇਹ ਗੱਲ ਵੀ ਜੋੜ ਦੇਣਾ ਚਾਹੁੰਦੇ ਹਾਂ ਕਿ ਕੱਦ ਉਸ ਦਾ ਮੱਧਰਾ ਸੀ ਅਤੇ ਸਰੀਰ ਭਾਰਾ, ਬਿਲਕੁਲ ਅੰਡੇ ਦੀ ਸ਼ਕਲ ਵਰਗਾ। ਹੁਣ ਇਹ ਕਲਪਨਾ ਕਰਨਾ ਮੁਸ਼ਕਿਲ ਨਹੀਂ ਹੋਵੇਗਾ ਕਿ ਗੁਲਾਬੀ ਜੈਕੇਟ ਅਤੇ ਬਿਰਜਸ ਪਹਿਨ ਕੇ ਉਹ ਤੁਰਦਾ ਫਿਰਦਾ ਈਸਟਰ ਦਾ ਰੰਗੀਨ ਅੰਡਾ ਜਾਪਦਾ ਸੀ।
ਪਰ ਈਸਟਰ ਦੇ ਅੰਡੇ ਵਾਂਗ ਦਿਖਾਈ ਦੇਣ ਵਾਲੇ ਯੋਵਸੂਕੋਵ ਦੀ ਨਾ ਤਾਂ ਈਸਟਰ
ਵਿੱਚ ਕੋਈ ਸ਼ਰਧਾ ਸੀ ਅਤੇ ਨਾ ਹੀ ਈਸਾ ਵਿੱਚ ਵਿਸ਼ਵਾਸ।
ਉਸ ਨੂੰ ਵਿਸ਼ਵਾਸ ਸੀ ਸੋਵੀਅਤ ਵਿੱਚ, ਇੰਟਰਨੈਸ਼ਨਲ, ਚੇਕਾ* ਅਤੇ ਉਸ ਕਾਲੇ ਰੰਗ ਦੇ ਭਾਰੇ ਪਿਸਤੋਲ 'ਤੇ ਜਿਸ ਨੂੰ ਉਹ ਆਪਣੀਆਂ ਮਜ਼ਬੂਤ ਅਤੇ ਖੁਰਦਰੀਆਂ ਉਂਗਲਾਂ ਵਿੱਚ ਘੁੱਟ ਕੇ ਰੱਖਦਾ ਸੀ।
ਯੇਵਸੂਕੋਵ ਦੇ ਨਾਲ ਤਲਵਾਰਾਂ ਦੇ ਮੌਤ ਦੇ ਘੇਰੇ ਵਿੱਚੋਂ ਜੋ ਤੇਈ ਫੌਜੀ ਭੱਜ ਨਿਕਲੇ ਸਨ ਉਹ ਲਾਲ ਫੌਜ ਦੇ ਸਧਾਰਨ ਫੌਜੀਆਂ ਵਰਗੇ ਫੌਜੀ ਸਨ, ਬਿਲਕੁਲ ਮਾਮੂਲੀ ਲੋਕ।
ਇਹਨਾਂ ਦੇ ਨਾਲ ਹੀ ਉਹ ਕੁੜੀ ਮਰਿਊਤਕਾ ਸੀ ।
ਮਰਿਊਤਕਾ ਯਤੀਮ ਸੀ। ਉਹ ਮਛੇਰਿਆਂ ਦੀ ਇੱਕ ਛੋਟੀ ਜਿਹੀ ਬਸਤੀ ਦੀ ਰਹਿਣ ਵਾਲੀ ਸੀ। ਇਹ ਬਸਤੀ ਅਸਤਰਖਾਨ ਦੇ ਲਾਗੇ ਵੋਲਗਾ ਦੇ ਚੌੜੇ ਡੈਲਟਾ ਵਿੱਚ ਸਥਿਤ ਸੀ ਅਤੇ ਉੱਚੇ ਉੱਚੇ ਤੇ ਸੰਘਣੇ ਸਰਕੜਿਆਂ ਵਿੱਚ ਲੁਕੀ ਹੋਈ ਸੀ।
ਸੱਤ ਸਾਲ ਦੀ ਉਮਰ ਤੋਂ ਲੈ ਕੇ ਉੱਨੀ ਸਾਲ ਦੀ ਹੋਣ ਤੱਕ ਉਸ ਦਾ ਜ਼ਿਆਦਾਤਰ ਸਮਾਂ ਇੱਕ ਬੈਂਚ 'ਤੇ ਬੈਠੇ ਬੈਠੇ ਗੁਜ਼ਰਿਆ ਸੀ। ਇਸ ਬੈਂਚ 'ਤੇ ਮੱਛੀਆਂ ਦੀਆਂ ਅੰਤੜੀਆਂ ਦੇ ਚੀਕਣੇ ਧੱਬੇ ਪਏ ਹੋਏ ਸਨ। ਉਹ ਕਨਵਾਸ ਦੀ ਸਖ਼ਤ ਪਤਲੂਣ ਪਹਿਨ ਕੇ ਇਸ ਬੈਂਚ 'ਤੇ ਬੈਠੀ ਬੈਠੀ ਹੈਰਿੰਗ ਮੱਛੀਆਂ ਦੇ ਬੱਗੇ ਚੀਕਣੇ ਢਿੱਡ ਚੀਰਦੀ ਰਹਿੰਦੀ ਸੀ।
ਜਦੋਂ ਇਹ ਐਲਾਨ ਹੋਇਆ ਕਿ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਾਲ ਗਾਰਡ ਭਰਤੀ ਕੀਤੇ ਜਾ ਰਹੇ ਹਨ ਤਾਂ ਮਰਿਊਤਕਾ ਨੇ ਆਪਣੀ ਛੁਰੀ ਬੈਂਚ ਵਿੱਚ ਖੁਭੋ ਦਿੱਤੀ, ਉੱਠੀ ਅਤੇ ਕਨਵਾਸ ਦੀ ਉਹੀ ਸਖ਼ਤ ਪਤਲੂਣ ਪਹਿਨੇ ਹੋਏ ਲਾਲ ਗਾਰਡਾਂ ਵਿੱਚ ਆਪਣਾ ਨਾਮ ਲਿਖਵਾਉਣ ਲਈ ਚੱਲ ਪਈ।
ਸ਼ੁਰੂ ਵਿੱਚ ਤਾਂ ਉਸ ਨੂੰ ਭਜਾ ਦਿੱਤਾ ਗਿਆ। ਪਰ ਇਹ ਦੇਖਦੇ ਹੋਏ ਕਿ ਉਹ ਹਰ ਰੋਜ਼ ਉੱਥੇ ਹਾਜ਼ਰ ਰਹਿੰਦੀ ਹੈ, ਉਹਨਾਂ ਲੋਕਾਂ ਨੇ ਦਿਲ ਭਰ ਕੇ ਦੱਸਣ ਤੋਂ ਬਾਅਦ ਦੂਜਿਆਂ ਦੇ ਬਰਾਬਰ ਨਿਯਮਾਂ 'ਤੇ ਹੀ ਉਸ ਨੂੰ ਵੀ ਭਰਤੀ ਕਰ ਲਿਆ। ਪਰ ਉਸ ਤੋਂ ਇਹ ਲਿਖਵਾ ਲਿਆ ਗਿਆ ਕਿ ਪੂੰਜੀ ਉੱਤੇ ਕਿਰਤ ਦੀ ਫੈਸਲਾਕੁੰਨ ਜਿੱਤ ਹੋਣ ਤੱਕ ਉਹ ਔਰਤਾਂ ਦੇ ਜੀਵਨ ਦੇ ਆਸ-ਪਾਸ ਵੀ ਨਹੀਂ ਜਾਵੇਗੀ, ਬੱਚੇ ਨਹੀਂ ਜਨਮੇਗੀ।
ਮਰਿਊਤਕਾ ਬਿਲਕੁਲ ਦੁਬਲੀ-ਪਤਲੀ ਸੀ, ਨਦੀ ਕਿਨਾਰੇ ਉੱਗਣ ਵਾਲੇ ਸਰਕੜਿਆਂ ਵਾਂਗ। ਵਾਲਾਂ ’ਤੇ ਉਹਦੇ ਕੁਝ ਕੁਝ ਲਾਲੀ ਸੀ । ਉਹ ਉਹਨਾਂ ਨੂੰ ਸਿਰ ਦੇ ਚਾਰੇ ਪਾਸੇ ਗੁੱਤਾਂ ਕਰਕੇ ਲਪੇਟ ਲੈਂਦੀ ਅਤੇ ਉੱਪਰੋਂ ਭੂਰੀ ਤੁਰਕਮਾਨੀ ਟੋਪੀ ਪਹਿਨ ਲੈਂਦੀ। ਉਸ ਦੀਆਂ ਅੱਖਾਂ ਬਦਾਮ ਵਰਗੀਆਂ ਤਿਰਛੀਆਂ ਸਨ, ਜਿਹਨਾਂ ਵਿੱਚ ਪੀਲੀ ਪੀਲੀ ਚਮਕ ਅਤੇ ਗੁਸਤਾਖੀ ਝਲਕਦੀ ਰਹਿੰਦੀ ਸੀ।
ਮਰਿਊਤਕਾ ਦੇ ਜੀਵਨ ਵਿੱਚ ਸਭ ਤੋਂ ਮੁੱਖ ਚੀਜ਼ ਸੀ - ਸੁਪਨੇ। ਉਹ ਦਿਨੇ ਵੀ
---------------------
* ਉਲਟ-ਇਨਕਲਾਬੀਆਂ ਅਤੇ ਭੰਨਤੋੜ ਕਰਨ ਵਾਲਿਆਂ ਦਾ ਮੁਕਾਬਲਾ ਕਰਨ ਲਈ 1918 'ਚ ਨਿਯੁਕਤ ਕੀਤਾ ਗਿਆ ਅਸਾਧਾਰਨ ਕਮਿਸ਼ਨ ।
ਸੁਪਨੇ ਦੇਖਿਆ ਕਰਦੀ ਸੀ । ਏਹੀ ਨਹੀਂ, ਕਾਗਜ਼ ਦਾ ਜੋ ਵੀ ਛੋਟਾ ਮੋਟਾ ਟੁਕੜਾ ਹੱਥ ਲੱਗ ਜਾਂਦਾ, ਉਸ 'ਤੇ ਪੈਨਸਲ ਦੇ ਇੱਕ ਛੋਟੇ ਜਿਹੇ ਟੁਕੜੇ ਨਾਲ ਵਿੰਗੇ-ਟੇਡੇ ਅੱਖਰ ਝਰੀਟ ਕੇ ਤੁੱਕਬੰਦੀ ਕਰਦੀ।
ਦਸਤੇ ਦੇ ਸਾਰੇ ਲੋਕਾਂ ਨੂੰ ਇਸ ਗੱਲ ਦਾ ਇਲਮ ਸੀ। ਦਸਤਾ ਜਦੋਂ ਕਦੇ ਕਿਸੇ ਅਜਿਹੇ ਸ਼ਹਿਰ ਵਿੱਚ ਪਹੁੰਚਦਾ, ਜਿੱਥੇ ਕੋਈ ਖੇਤਰੀ ਅਖ਼ਬਾਰ ਨਿਕਲਦਾ ਹੁੰਦਾ ਤਾਂ ਮਰਿਊਤਕਾ ਦਫ਼ਤਰ 'ਚ ਜਾ ਕੇ ਲਿਖਣ ਲਈ ਕਾਗਜ਼ ਦੀ ਮੰਗ ਕਰਦੀ।
ਉਹ ਉਤੇਜਨਾ ਨਾਲ ਖੁਸ਼ਕ ਹੋਏ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰਦੀ ਅਤੇ ਬੜੀ ਮਿਹਨਤ ਨਾਲ ਆਪਣੀਆਂ ਕਵਿਤਾਵਾਂ ਦੀ ਨਕਲ ਉਤਾਰਦੀ। ਉਹ ਹਰ ਕਵਿਤਾ ਦਾ ਸਿਰਲੇਖ ਲਿਖਦੀ ਅਤੇ ਥੱਲੇ ਆਪਣੇ ਦਸਤਖ਼ਤ ਕਰਦੀ- ਕਵਿਤਰੀ ਮਾਰੀਆ ਬਾਸੋਵਾ।
ਮਰਿਊਤਕਾ ਭਿੰਨ-ਭਿੰਨ ਵਿਸ਼ਿਆਂ 'ਤੇ ਕਵਿਤਾ ਰਚਦੀ। ਉਸ ਦੀਆਂ ਕਵਿਤਾਵਾਂ ਹੁੰਦੀਆਂ ਇਨਕਲਾਬ ਬਾਰੇ, ਸੰਘਰਸ਼ ਅਤੇ ਆਗੂਆਂ ਨਾਲ ਸਬੰਧਤ, ਜਿਹਨਾਂ ਵਿੱਚ ਲੈਨਿਨ ਵੀ ਸ਼ਾਮਲ ਸਨ।
ਸਾਡੇ ਮਜ਼ਦੂਰ-ਕਿਸਾਨਾਂ ਦੇ ਨੇਤਾ ਨੇ ਲੈਨਿਨ,
ਉਹਨਾਂ ਦੀ ਮੂਰਤੀ ਸਜਾ ਦੇਵਾਂਗੇ ਅਸੀਂ ਚੌਂਕ ਵਿੱਚ,
ਸੁੱਖ-ਆਰਾਮ, ਮਹਿਲ ਸਾਰੇ ਠੁਕਰਾਈਏ,
ਜੋ ਕਿਰਤੀ ਘੋਲਾਂ ਨਾਲ ਜੂਝੇ,
ਉਹਨਾਂ ਨਾਲ ਹੱਥ ਮਿਲਾਈਏ।
ਉਹ ਅਖ਼ਬਾਰ ਦੇ ਦਫ਼ਤਰ ਵਿੱਚ ਆਪਣੀਆਂ ਕਵਿਤਾਵਾਂ ਲੈ ਕੇ ਪਹੁੰਚਦੀ। ਸੰਪਾਦਕ ਚਮੜੇ ਦੀ ਜੈਕੇਟ ਵਾਲੀ ਅਤੇ ਮੋਢੇ 'ਤੇ ਬੰਦੂਕ ਚੁੱਕੀ ਇਸ ਪਤਲੀ ਜਿਹੀ ਕੁੜੀ ਨੂੰ ਦੇਖਕੇ ਹੈਰਾਨ ਹੁੰਦੇ, ਉਸ ਤੋਂ ਕਵਿਤਾਵਾਂ ਫੜ੍ਹ ਲੈਂਦੇ ਅਤੇ ਪੜ੍ਹਨ ਦਾ ਵਾਅਦਾ ਕਰਦੇ।
ਸਾਰਿਆਂ ਨੂੰ ਵਾਰੀ ਵਾਰੀ ਸ਼ਾਂਤ ਨਜ਼ਰ ਨਾਲ ਦੇਖਦੀ ਹੋਈ ਮਰਿਊਤਕਾ ਬਾਹਰ ਚਲੀ ਜਾਂਦੀ।
ਸੰਪਾਦਕ ਮੰਡਲ ਦਾ ਸੈਕਟਰੀ ਇਹ ਕਵਿਤਾਵਾਂ ਬੜੇ ਚਾਅ ਨਾਲ ਪੜ੍ਹਦਾ। ਫਿਰ ਕੀ ਹੁੰਦਾ ਕਿ ਉਸ ਦੇ ਮੋਢੇ ਉੱਪਰ ਉੱਠ ਜਾਂਦੇ, ਕੰਬਣ ਲੱਗਦੇ ਅਤੇ ਜਦੋਂ ਹਾਸਾ ਨਾ ਰੁਕਦਾ ਤਾਂ ਉਸ ਦੀ ਸ਼ਕਲ ਅਜੀਬ ਜਿਹੀ ਹੋ ਜਾਂਦੀ। ਫਿਰ ਉਹਦੇ ਸਾਥੀ ਆਲੇ ਦੁਆਲੇ ਇਕੱਠੇ ਹੋ ਜਾਂਦੇ ਅਤੇ ਠਹਾਕਿਆਂ ਦੀ ਗੂੰਜ ਵਿੱਚ ਸੈਕਟਰੀ ਕਵਿਤਾਵਾਂ ਪੜ੍ਹ ਕੇ ਸੁਣਾਉਂਦਾ।
ਬਾਰੀਆਂ ਦੀਆਂ ਸਿਲਾਂ ਉੱਤੇ ਬੈਠੇ (ਉਸ ਜ਼ਮਾਨੇ ਦਫਤਰਾਂ ਵਿੱਚ ਫਰਨੀਚਰ ਨਹੀਂ ਹੁੰਦਾ ਸੀ।) ਸੈਕਟਰੀ ਦੇ ਸਾਥੀ ਲੋਟ ਪੋਟ ਹੋ ਜਾਂਦੇ।
ਅਗਲੀ ਸਵੇਰ ਮਰਿਊਤਕਾ ਫਿਰ ਉੱਥੇ ਹਾਜ਼ਰ ਹੁੰਦੀ। ਉਹ ਸੈਕਟਰੀ ਦੇ ਹਾਸੇ ਕਾਰਨ ਹਿੱਲਦੇ-ਕੰਬਦੇ ਚਿਹਰੇ ਨੂੰ ਬਹੁਤ ਗਹੁ ਨਾਲ ਵਾਚਦੀ, ਆਪਣੇ ਕਾਗਜ਼ ਸਮੇਟਦੀ ਅਤੇ ਗੁਣਗੁਣਾਉਂਦੀ ਅਵਾਜ਼ ਵਿੱਚ ਕਹਿੰਦੀ-
"ਮਤਲਬ ਇਹ ਕਿ ਛਾਪੀਆਂ ਨਹੀਂ ਜਾ ਸਕਦੀਆਂ? ਕੱਚੀਆਂ ਨੇ? ਮੈਂ ਤਾਂ
ਇਹਨਾਂ ਨੂੰ ਰਚਦੀ ਹਾਂ ਆਪਣਾ ਦਿਲ ਵੱਢ ਕੱਢ ਕੇ, ਬਿਲਕੁਲ ਕੁਹਾੜੀ ਚਲਾ ਚਲਾ ਕੇ, ਪਰ ਗੱਲ ਫਿਰ ਵੀ ਨਹੀਂ ਬਣਦੀ। ਖੈਰ ਮੈਂ ਹੋਰ ਕੋਸ਼ਿਸ਼ ਕਰਾਂਗੀ - ਕੀ ਕਰਾਂ। ਪਤਾ ਨਹੀਂ, ਇਹ ਐਨਾ ਔਖਾ ਕਿਉਂ ਹੈ? ਮੱਛੀ ਦਾ ਹੇਜ਼ਾ।"
ਆਪਣੀ ਤੁਰਕਮਾਨੀ ਟੋਪੀ ਨੂੰ ਮੱਥੇ 'ਤੇ ਖਿੱਚਦੀ ਹੋਈ ਅਤੇ ਮੋਢੇ ਝਟਕਦੀ ਉਹ ਬਾਹਰ ਚਲੀ ਜਾਂਦੀ।
ਮਰਿਊਤਕਾ ਤੋਂ ਕਵਿਤਾ ਤਾਂ ਐਸੀ-ਵੈਸੀ ਹੀ ਬਣਦੀ, ਪਰ ਉਹਦਾ ਬੰਦੂਕ ਦਾ ਨਿਸ਼ਾਨਾ ਬਿਲਕੁਲ ਨਹੀਂ ਸੀ ਖੁੰਝਦਾ। ਆਪਣੇ ਦਸਤੇ ਵਿੱਚ ਉਹਦੀ ਨਿਸ਼ਾਨੇਬਾਜ਼ੀ ਦਾ ਜਵਾਬ ਨਹੀਂ ਸੀ। ਲੜਾਈ ਦੌਰਾਨ ਉਹ ਹਮੇਸ਼ਾ ਗੁਲਾਬੀ ਕਮਿਸਾਰ ਦੇ ਨਜ਼ਦੀਕ ਰਹਿੰਦੀ।
ਯੇਵਸੂਕੋਵ ਉਂਗਲ ਦਾ ਇਸ਼ਾਰਾ ਕਰ ਕੇ ਕਹਿੰਦਾ:
"ਮਰਿਊਤਕਾ। ਔਹ ਵੇਖ! ਉਹ ਰਿਹਾ ਅਫ਼ਸਰ!"
ਮਰਿਊਤਕਾ ਉੱਧਰ ਨਜ਼ਰ ਘੁਮਾਉਂਦੀ, ਬੁੱਲ੍ਹਾਂ 'ਤੇ ਜੀਭ ਫੇਰਦੀ ਅਤੇ ਇਤਮਿਨਾਨ ਨਾਲ ਬੰਦੂਕ ਉੱਪਰ ਚੁੱਕਦੀ। ਧਮਾਕਾ ਹੁੰਦਾ, ਨਿਸ਼ਾਨਾ ਕਦੇ ਖਾਲੀ ਨਾ ਜਾਂਦਾ।
ਉਹ ਬੰਦੂਕ ਥੱਲੇ ਕਰਦੀ ਅਤੇ ਹਰ ਗੋਲੀ ਦਾਗਣ ਤੋਂ ਬਾਅਦ ਗਿਣਤੀ ਕਰਦੀ ਹੋਈ ਕਹਿੰਦੀ:
"ਉਨਤਾਲੀਵਾਂ, ਮੱਛੀ ਦਾ ਹੈਜ਼ਾ! ਚਾਲੀਵਾਂ, ਮੱਛੀ ਦਾ ਹੈਜ਼ਾ।"
"ਮੱਛੀ ਦਾ ਹੈਜ਼ਾ" - ਇਹ ਮਰਿਊਤਕਾ ਦਾ ਤਕੀਆਕਲਾਮ ਸੀ।
ਮਾਂ ਭੈਣ ਦੀਆਂ ਗੰਦੀਆਂ ਗਾਲਾਂ ਉਸ ਨੂੰ ਪਸੰਦ ਨਹੀਂ ਸਨ । ਲੋਕ ਜਦੋਂ ਉਹਦੀ ਹਾਜ਼ਰੀ ਵਿੱਚ ਗਾਲਾਂ ਕੱਢਦੇ ਤਾਂ ਉਹਦੇ ਮੱਥੇ ਤੇ ਤਿਊੜੀਆਂ ਪੈ ਜਾਂਦੀਆਂ, ਉਹ ਚੁੱਪ ਰਹਿੰਦੀ ਅਤੇ ਉਸ ਦਾ ਚਿਹਰਾ ਭਖ ਉੱਠਦਾ।
ਮਰਿਊਤਕਾ ਨੇ ਭਰਤੀ ਹੋਣ ਵੇਲੇ ਸੈਨਿਕ ਦਫ਼ਤਰ ਵਿੱਚ ਜੋ ਵਚਨ ਦਿੱਤਾ ਸੀ, ਉਹ ਉਸਦਾ ਸਖ਼ਤੀ ਨਾਲ ਪਾਲਣ ਕਰ ਰਹੀ ਸੀ। ਪੂਰੇ ਦਸਤੇ ਵਿੱਚ ਇੱਕ ਵੀ ਅਜਿਹਾ ਵਿਅਕਤੀ ਨਹੀਂ ਸੀ ਜੋ ਮਰਿਊਤਕਾ ਦਾ ਪਿਆਰ ਹਾਸਲ ਕਰ ਲੈਣ ਦੀ ਫੜ ਮਾਰ ਸਕਦਾ ਹੋਵੇ।
ਇੱਕ ਰਾਤ ਇਹ ਘਟਨਾ ਘਟੀ। ਗੂਚਾ ਨਾਮ ਦਾ ਹੰਗਰੀਆਈ, ਜੋ ਹੁਣੇ ਹੁਣੇ ਦਸਤੇ ਵਿੱਚ ਆਇਆ ਸੀ, ਕੁਝ ਦਿਨਾਂ ਤੋਂ ਮਰਿਊਤਕਾ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਇੱਕ ਰਾਤ ਉਹ ਉੱਥੇ ਪਹੁੰਚ ਗਿਆ, ਜਿੱਥੇ ਮਰਿਊਤਕਾ ਸੌਂ ਰਹੀ ਸੀ । ਉਹਦੇ ਨਾਲ ਬਹੁਤ ਬੁਰੀ ਹੋਈ। ਹੰਗਰੀਆਈ ਜਦੋਂ ਰੀਂਘਦਾ ਹੋਇਆ ਮੁੜਿਆ ਤਾਂ ਉਸ ਦੇ ਤਿੰਨ ਦੰਦ ਗਾਇਬ ਸਨ ਅਤੇ ਮੱਥੇ 'ਤੇ ਇੱਕ ਗੁੰਮਟ ਦਾ ਵਾਧਾ ਹੋ ਗਿਆ ਸੀ । ਪਿਸਤੌਲ ਦੇ ਦਸਤੇ ਨਾਲ ਮਰਿਊਤਕਾ ਨੇ ਉਸ ਦੀ ਖ਼ਬਰ ਲਈ ਸੀ।
ਸਿਪਾਹੀ ਮਰਿਊਤਕਾ ਨਾਲ ਤਰ੍ਹਾਂ ਤਰ੍ਹਾਂ ਦਾ ਹਾਸਾ-ਮਜਾਕ ਕਰਦੇ ਪਰ ਲੜਾਈ ਦੇ ਸਮੇਂ ਆਪਣੀ ਜਾਨ ਤੋਂ ਕਿਤੇ ਵੱਧ ਕੇ ਉਸ ਦੀ ਜਾਨ ਦੀ ਫ਼ਿਕਰ ਕਰਦੇ।
ਇਹ ਪ੍ਰਮਾਣ ਸੀ ਅਸਪੱਸ਼ਟ ਕੋਮਲ ਭਾਵਨਾ ਦਾ, ਜੋ ਉਹਨਾਂ ਦੀਆਂ ਸਖ਼ਤ ਅਤੇ
ਰੰਗ-ਬਿਰੰਗੀਆਂ ਜੈਕਟਾਂ ਹੇਠ ਉਹਨਾਂ ਦੇ ਦਿਲਾਂ ਦੀਆਂ ਡੂੰਘਾਈਆਂ ਵਿੱਚ ਕਿਤੇ ਲੁਕੀ ਬੈਠੀ ਸੀ। ਇਹ ਪ੍ਰਮਾਣ ਸੀ ਨਿੱਘੇ ਅਤੇ ਸੁੱਖ ਦੇਣੇ ਜਿਸਮ ਵਾਲੀਆਂ ਪਤਨੀਆਂ ਦੀ ਬਿਰਹਾ ਪੀੜ ਦਾ, ਜਿਨ੍ਹਾਂ ਨੂੰ ਉਹ ਘਰ ਛੱਡ ਕੇ ਆਏ ਸਨ।
ਹਾਂ ਤਾਂ ਅਜਿਹੇ ਸਨ ਇਹ ਲੋਕ- ਗੁਲਾਬੀ ਯੇਵਸੂਕੋਵ, ਮਰਿਊਤਕਾ ਅਤੇ ਤੇਈ ਸਿਪਾਹੀ, ਜੋ ਅਮੁੱਕ ਮਾਰੂਥਲ ਦੀ ਠੰਢੀ ਰੇਤ ਵਿੱਚ ਭੱਜ ਨਿਕਲੇ ਸਨ।
ਇਹ ਦਿਨ ਸਨ ਫਰਵਰੀ ਦੇ, ਜਦ ਮੌਸਮ ਆਪਣੇ ਤੂਫ਼ਾਨੀ ਸੁਰ ਛੇੜ ਦਿੰਦਾ ਹੈ। ਰੇਤ ਦੇ ਟਿੱਲਿਆਂ ਵਿਚਲੀਆਂ ਗੁਫਾਵਾਂ ਵਿੱਚ ਨਰਮ ਨਰਮ ਬਰਫ਼ ਦਾ ਗਲੀਚਾ ਵਿਛ ਚੁੱਕਿਆ ਸੀ। ਤੂਫ਼ਾਨ ਅਤੇ ਹਨ੍ਹੇਰੇ ਵਿੱਚ ਤੁਰਦੇ ਰਹਿਣ ਵਾਲੇ ਇਹਨਾਂ ਲੋਕਾਂ ਦੇ ਸਿਰ ਉੱਪਰਲਾ ਅਕਾਸ਼ ਗੂੰਜਦਾ ਰਹਿੰਦਾ, ਜਾਂ ਤਾਂ ਚੀਖਦੀਆਂ ਹਵਾਵਾਂ ਨਾਲ ਜਾਂ ਹਵਾ ਨੂੰ ਚੀਰ ਦੇਣ ਵਾਲੀਆਂ ਦੁਸ਼ਮਣ ਦੀਆਂ ਗੋਲੀਆਂ ਨਾਲ।
ਸਫ਼ਰ ਜਾਰੀ ਰੱਖਣਾ ਬਹੁਤ ਮੁਸ਼ਕਲ ਸੀ। ਘਸੇ ਫਟੇ ਬੂਟ ਰੇਤ ਅਤੇ ਬਰਫ਼ ਵਿੱਚ ਡੂੰਘੇ ਧਸ ਧਸ ਜਾਂਦੇ ਸਨ । ਭੁੱਖੇ, ਊਠ ਬਿਲਬਿਲਾਉਂਦੇ, ਹੁੰਕਾਰਦੇ ਅਤੇ ਮੂੰਹ 'ਚੋਂ ਝੰਗ ਕੱਢਦੇ।
ਤੇਜ਼ ਹਵਾਵਾਂ ਕਾਰਨ ਸੁੱਕੀਆਂ ਝੀਲਾਂ ਉੱਤੇ ਲੂਣ ਦੇ ਕਣ ਚਮਕ ਉੱਠਦੇ। ਦੁਮੇਲ ਦੀ ਝੀਲ ਸਾਰੇ ਪਾਸਿਓਂ ਸੈਂਕੜੇ ਮੀਲਾਂ ਤੱਕ ਅਕਾਸ਼ ਨੂੰ ਧਰਤੀ ਤੋਂ ਅਲੱਗ ਕਰਦੀ ਨਜ਼ਰ ਆਉਂਦੀ। ਇਹ ਲੀਕ ਐਨੀ ਸਪੱਸ਼ਟ ਅਤੇ ਇੱਕ ਸਮਾਨ ਸੀ ਜਿਵੇਂ ਚਾਕੂ ਨਾਲ ਕੱਟ ਕੇ ਬਣਾਈ ਗਈ ਹੋਵੇ।
ਸੱਚੀ ਗੱਲ ਤਾਂ ਇਹ ਹੈ ਕਿ ਮੇਰੀ ਇਸ ਕਹਾਣੀ ਵਿੱਚ ਇਸ ਕਾਂਡ ਦੀ ਬਿਲਕੁਲ ਜ਼ਰੂਰਤ ਨਹੀਂ ਸੀ।
ਚੰਗਾ ਤਾਂ ਇਹੀ ਹੁੰਦਾ ਕਿ ਮੈਂ ਸਿੱਧਾ-ਸਿੱਧਾ ਮੁੱਖ ਗੱਲ ਦੀ ਚਰਚਾ ਕਰਦਾ, ਉਸੇ ਵਿਸ਼ੇ ਤੋਂ ਸ਼ੁਰੂ ਕਰਦਾ, ਜਿਸ ਦਾ ਅੱਗੇ ਜਾ ਕੇ ਵਰਣਨ ਕੀਤਾ ਗਿਆ ਹੈ।
ਪਰ ਹੋਰ ਬਹੁਤ ਸਾਰੀਆਂ ਗੱਲਾਂ ਤੋਂ ਸਿਵਾ ਪਾਠਕ ਨੂੰ ਇਹ ਪਤਾ ਹੋਣਾ ਵੀ ਜ਼ਰੂਰੀ ਹੈ ਕਿ ਗੁਰੀਯੇਵ ਦੇ ਖਾਸ ਦਸਤੇ ਦਾ ਜੋ ਹਿੱਸਾ ਜਿਵੇਂ ਕਿਵੇਂ ਕਰਾ-ਕੂਦੁਕ ਖੂਹ ਤੋਂ ਸੈਂਤੀ ਕਿਲੋਮੀਟਰ ਉੱਤਰ-ਪੱਛਮ ਵਿੱਚ ਪਹੁੰਚ ਗਿਆ ਸੀ, ਉਹ ਕਿੱਥੋਂ ਆਇਆ ਸੀ, ਉਸ ਵਿੱਚ ਇੱਕ ਲੜਕੀ ਕਿਉਂ ਸੀ ਅਤੇ ਕਿਸ ਵਜ੍ਹਾ ਨਾਲ ਕਮੀਸਾਰ ਯੇਵਸੂਕੋਵ ਨੂੰ 'ਗੁਲਾਬੀ' ਕਿਹਾ ਜਾਂਦਾ ਸੀ।
ਅਤੇ ਇਸ ਲਈ ਮੈਂ ਇਹ ਕਾਂਡ ਲਿਖਿਆ।
ਹਾਂ ਪਰ ਮੈਂ ਤੁਹਾਨੂੰ ਇਹ ਯਕੀਨ ਦਿਲਾ ਸਕਦਾ ਹਾਂ ਕਿ ਇਸ ਦਾ ਕੋਈ ਮਹੱਤਵ ਨਹੀਂ ਹੈ।
ਦੂਜਾ ਕਾਂਡ
ਜਿਸ ਵਿੱਚ ਦੁਮੇਲ 'ਤੇ ਇੱਕ ਕਾਲਾ ਧੱਬਾ ਜਿਹਾ ਦਿਖਾਈ ਦਿੰਦਾ ਹੈ...
ਨੇੜੇ ਜਾ ਕੇ ਵੇਖਣ 'ਤੇ ਪਤਾ ਲੱਗਦਾ ਹੈ ਕਿ ਉਹ ਸਫ਼ੈਦ ਗਾਰਡ ਦਾ ਲੈਫਟੀਨੈਂਟ ਗੋਵੋਰੂਖਾ-ਓਤ੍ਰੇਕ ਹੈ।
ਜਾਨ-ਗੇਲਦੀ ਖੂਹ ਤੋਂ ਸਾਈ-ਕੂਦੁਕ ਖੂਹ ਤੱਕ 70 ਕਿਲੋਮੀਟਰ ਅਤੇ ਉੱਥੋਂ ਉਸ਼ਕਾਨ ਨਾਮਕ ਚਸ਼ਮੇ ਤੱਕ 62 ਕਿਲੋਮੀਟਰ ਦਾ ਫਾਸਲਾ ਹੋਰ ਸੀ।
ਰਾਤ ਵੇਲੇ ਸਕਸੌਲ ਦੇ ਤਣੇ 'ਤੇ ਬੰਦੂਕ ਦਾ ਬੱਟ ਮਾਰਦੇ ਹੋਏ ਯੇਵਸੂਕੋਵ ਨੇ ਜੰਮੀ ਹੋਈ ਅਵਾਜ ਵਿੱਚ ਕਿਹਾ:
"ਠਹਿਰ ਜਾਓ! ਰਾਤ ਦਾ ਪੜਾਅ ਇੱਥੇ ਹੀ ਹੋਵੇਗਾ।"
ਸਕਸੌਲ ਦੀਆਂ ਟਾਹਣੀਆਂ ਇਕੱਠੀਆਂ ਕਰਕੇ ਇਹਨਾਂ ਲੋਕਾਂ ਨੇ ਅੱਗ ਜਲਾਈ। ਵਲ ਖਾਂਦੇ ਹੋਏ ਕਾਲੇ ਭੰਬੂਲੇ ਉੱਠਣ ਲੱਗੇ ਅਤੇ ਅੱਗ ਦੇ ਚਾਰੇ ਪਾਸੇ ਨਮੀ ਦਾ ਕਾਲਾ ਜਿਹਾ ਘੇਰਾ ਦਿਖਾਈ ਦੇਣ ਲੱਗਿਆ।
ਫੌਜੀਆਂ ਨੇ ਆਪਣੇ ਥੈਲਿਆਂ ਵਿੱਚੋਂ ਚੌਲ ਅਤੇ ਚਰਬੀ ਕੱਢੀ। ਲੋਹੇ ਦੋ ਵੱਡੇ ਸਾਰੇ ਪਤੀਲੇ ਵਿੱਚ ਇਹ ਦੋਵੇਂ ਚੀਜ਼ਾਂ ਉੱਬਲਣ ਲੱਗੀਆਂ ਅਤੇ ਭੇਡ ਦੀ ਚਰਬੀ ਦੀ ਤੇਜ਼ ਗੰਧ ਫੈਲਣੀ ਸ਼ੁਰੂ ਹੋ ਗਈ।
ਇਹ ਲੋਕ ਅੱਗ ਦੇ ਆਲੇ ਦੁਆਲੇ ਰਲ ਗੱਡ ਹੋਏ ਪਏ ਸਨ। ਸਾਰਿਆਂ ਨੇ ਚੁੱਪ ਧਾਰੀ ਹੋਈ ਸੀ ਅਤੇ ਇਹਨਾਂ ਦੇ ਦੰਦ ਵੱਜ ਰਹੇ ਸਨ। ਉਹ ਹੱਡਚੀਰਵੀਂ ਹਵਾ ਦੇ ਠੰਢੇ ਬੁੱਲਿਆਂ ਤੋਂ ਆਪਣੇ ਸਰੀਰ ਬਚਾਉਣ ਦਾ ਯਤਨ ਕਰ ਰਹੇ ਸਨ। ਪੈਰ ਗਰਮਾਉਣ ਲਈ ਉਹ ਉਹਨਾਂ ਨੂੰ ਅੱਗ ਵਿੱਚ ਘੁਸੇੜ੍ਹ ਦਿੰਦੇ ਸਨ । ਉਹਨਾਂ ਦੇ ਬੂਟਾਂ ਦਾ ਸਖ਼ਤ ਚਮੜਾ ਚਮਕ ਰਿਹਾ ਸੀ।
ਬਰਫ਼ ਦੀ ਸਫੇਦ-ਧੁੰਦ ਵਿੱਚ ਬੰਨ੍ਹੇ ਊਠਾਂ ਦੀਆਂ ਘੰਟੀਆਂ ਦੀ ਉਦਾਸ ਟੁਣਕਾਰ ਗੂੰਜ ਰਹੀ ਸੀ।
ਯੋਵਸੂਕੋਵ ਨੇ ਕੰਬਦੀਆਂ ਉਂਗਲਾਂ ਨਾਲ ਸਿਗਰਟ ਲਪੇਟੀ।
ਧੂੰਏਂ ਦਾ ਬੱਦਲ ਉਡਾਉਂਦੇ ਹੋਏ ਉਸ ਨੇ ਮੁਸ਼ਕਿਲ ਨਾਲ ਕਿਹਾ:
"ਸਾਥੀਓ, ਹੁਣ ਇਹ ਤੈਅ ਕਰਨਾ ਹੈ ਕਿ ਅਸੀਂ ਕਿੱਥੇ ਜਾਵਾਂਗੇ।"
"ਆਪਾਂ ਜਾ ਹੀ ਕਿੱਥੇ ਸਕਦੇ ਹਾਂ ?" ਅੱਗ ਦੇ ਦੂਜੇ ਪਾਸਿਓਂ ਇੱਕ ਮਰੀ ਜਿਹੀ ਅਵਾਜ਼ ਆਈ: "ਹਰ ਹਾਲ ਵਿੱਚ ਅੰਤ ਤਾਂ ਇੱਕੋ ਹੀ ਹੈ – ਮੌਤ! ਗੁਰਯੇਵ ਵਾਪਸ ਜਾਣਾ
ਸੰਭਵ ਨਹੀਂ - ਖੂਨ ਦੇ ਪਿਆਸੇ ਕਜ਼ਾਕ ਅਜੇ ਉੱਥੇ ਹੀ ਨੇ ਅਤੇ ਗੁਰਯੇਵ ਤੋਂ ਬਿਨਾਂ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਜਾਣਾ ਸੰਭਵ ਹੋਵੇ ?"
"ਖੀਵਾ ਬਾਰੇ ਕੀ ਖਿਆਲ ਹੈ ?"
"ਹੂੰ। ਡੂੰਘੇ ਸਿਆਲ ਵਿੱਚ ਕਹਾਕੁਮ ਦੇ ਕੋਲ 600 ਕਿਲੋਮੀਟਰ ਕਿਵੇਂ ਜਾਇਆ ਜਾਏਗਾ ? ਖਾਵਾਂਗ ਕੀ? ਪੈਂਟਾਂ 'ਚ ਜੂੰਆਂ ਪਾਲ ਕੇ ਖਾਵਾਂਗੇ ?"
ਜ਼ੋਰ ਦਾ ਠਹਾਕਾ ਗੂੰਜਿਆ। ਉਸੇ ਮੁਰਦਾ ਅਵਾਜ਼ ਵਿੱਚ ਨਿਰਾਸ਼ਾ ਨਾਲ ਭਰੇ ਇਹ ਸ਼ਬਦ ਸੁਣਾਈ ਦਿੱਤੇ-
"ਇੱਕ ਹੀ ਅੰਤ ਹੈ ਸਾਡਾ-ਮੌਤ!"
ਗੁਲਾਬੀ ਵਰਦੀ ਦੇ ਹੇਠ ਯੇਵਸੂਕੋਵ ਦਾ ਦਿਲ ਬੈਠ ਗਿਆ । ਪਰ ਉਸ ਨੇ ਆਪਣੀ ਇਹ ਹਾਲਤ ਜ਼ਾਹਰ ਨਹੀਂ ਹੋਣ ਦਿੱਤੀ। ਉਹਨੇ ਕੜਕਦੀ ਅਵਾਜ਼ ਵਿੱਚ ਕਿਹਾ-
"ਤੂੰ ਡਰਪੋਕ! ਹੋਰਾਂ ਨੂੰ ਨਾ ਡਰਾਂ ! ਮਰਨਾ ਤਾਂ ਹਰ ਬੇਵਕੂਫ਼ ਜਾਣਦਾ ਹੈ। ਲੋੜ ਹੈ ਅਕਲ ਤੋਂ ਕੰਮ ਲੈਣ ਦੀ ਤਾਂ ਕਿ ਮਰ ਨਾ ਜਾਈਏ !"
"ਅਲੇਕਸਾਂਦਰੋਵਸਕੀ” ਕਿਲ੍ਹੇ ਵਿੱਚ ਜਾਇਆ ਜਾ ਸਕਦਾ ਹੈ। ਉੱਥੇ ਆਪਣੇ ਹੀ ਭਾਈ, ਯਾਨੀ ਮਛੇਰੇ ਰਹਿੰਦੇ ਨੇ।"
"ਅਜਿਹਾ ਕਰਨਾ ਠੀਕ ਨਹੀਂ ਹੋਏਗਾ," ਯੇਵਸੂਕੋਵ ਨੇ ਗੱਲ ਕੱਟੀ, "ਮੈਨੂੰ ਸੂਚਨਾ ਮਿਲ ਚੁੱਕੀ ਹੈ ਕਿ ਦੇਨੀਕਿਨ* ਨੇ ਆਪਣੀ ਫੌਜ ਉੱਥੇ ਉਤਾਰ ਦਿੱਤੀ ਹੈ। ਕਰਸਨੋਵੋਦਸਕੀ ਅਤੇ ਅਲੈਕਸਾਂਦਰੋਵਸਕੀ 'ਤੇ ਸਫੇਦ ਫੌਜ ਦਾ ਕਬਜ਼ਾ ਹੈ।"
ਕੋਈ ਨੀਂਦ ਵਿੱਚ ਕਰਾਹ ਉੱਠਿਆ।
ਯੇਵਸੂਕੋਵ ਨੇ ਅੱਗ ਨਾਲ ਗਰਮ ਹੋਏ ਆਪਣੇ ਗੋਡੇ 'ਤੇ ਜ਼ੋਰ ਨਾਲ ਹੱਥ ਮਾਰਿਆ। ਫਿਰ ਕੜਕਦੀ ਹੋਈ ਅਵਾਜ਼ ਵਿੱਚ ਕਿਹਾ:
"ਬਸ। ਇੱਕ ਹੀ ਰਾਸਤਾ ਹੈ, ਸਾਥੀਓ, ਅਰਾਲ ਸਾਗਰ ਵੱਲ। ਜਿਵੇਂ ਕਿਵੇਂ ਅਰਾਲ ਪਹੁੰਚਾਂਗੇ, ਉੱਥੇ ਸਾਗਰ ਤੱਟ ਦੇ ਖਾਨਾਬਦੋਸ਼ ਕਿਰਗਿਜਾਂ ਕੋਲ ਜਾ ਕੇ ਕੁਝ ਖਾਵਾਂ-ਪੀਵਾਂਗੇ ਅਤੇ ਫਿਰ ਅਰਾਲ ਦਾ ਚੱਕਰ ਕੱਟ ਕੇ ਕਜ਼ਾਲੀਨਸਕ ਵੱਲ ਵਧਾਂਗੇ। ਕਜਾਲੀਨਸਕ ਵਿੱਚ ਆਪਣਾ ਹੈੱਡ-ਕੁਆਰਟਰ ਹੈ। ਉੱਥੇ ਜਾਣਾ ਤਾਂ ਜਿਵੇਂ ਆਪਣੇ ਘਰ ਜਾਣਾ ਹੈ।"
ਉਸਨੇ ਜ਼ੋਰਦਾਰ ਅਵਾਜ਼ ਵਿੱਚ ਇਹ ਕਿਹਾ ਅਤੇ ਚੁੱਪ ਹੋ ਗਿਆ। ਉਸ ਨੂੰ ਖੁਦ ਵੀ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਉਹ ਅਰਾਲ ਸਾਗਰ ਤੱਕ ਪਹੁੰਚ ਜਾਣਗੇ।
ਯੇਵਸੂਕੋਵ ਦੇ ਨਾਲ ਪਏ ਵਿਅਕਤੀ ਨੇ ਸਿਰ ਉੱਪਰ ਚੁੱਕਿਆ ਅਤੇ ਪੁੱਛਿਆ:
"ਪਰ ਅਰਾਲ ਤੱਕ ਖਾਵਾਂਗੋ ਕੀ ?"
ਯੇਵਸੂਕੋਵ ਨੇ ਫਿਰ ਜ਼ੋਰਦਾਰ ਅਵਾਜ਼ ਵਿੱਚ ਜਵਾਬ ਦਿੱਤਾ:
---------------------
* ਜ਼ਾਰਸ਼ਾਹੀ ਜਨਰਲ, ਖਾਨਾਜੰਗੀ ਦੌਰਾਨ ਦੱਖਣੀ ਰੂਸ 'ਚ ਸੋਵੀਅਤ ਵਿਰੋਧੀ ਫੌਜਾਂ ਦਾ ਪ੍ਰਧਾਨ ਸੈਨਾਪਤੀ।
"ਕਮਰ ਕੱਸਣੀ ਪਏਗੀ। ਰਾਜਕੁਮਾਰ ਤਾਂ ਆਪਾਂ ਹਾਂ ਨਹੀਂ! ਤੁਸੀਂ ਤਾਂ ਚਾਹੁੰਦੇ ਹੋ ਮਜ਼ੇਦਾਰ ਮੱਛੀ ਅਤੇ ਸ਼ਹਿਦ! ਪਰ ਇਸ ਤੋਂ ਬਿਨਾਂ ਹੀ ਕੰਮ ਚਲਾਉਣਾ ਪਏਗਾ। ਅਜੇ ਤਾਂ ਚੌਲ ਵੀ ਪਏ ਹਨ, ਥੋੜ੍ਹਾ ਆਟਾ ਵੀ ਹੈ।"
"ਤਿੰਨ ਦਿਨਾਂ ਤੋਂ ਜ਼ਿਆਦਾ ਨਹੀਂ ਚੱਲਣਗੇ।"
"ਤਾਂ ਕੀ ਹੋਇਆ ਚੇਰਨੀਸ਼ ਖਲੀਜ਼ ਤੱਕ ਪਹੁੰਚਣ ਵਿੱਚ ਦਸ ਦਿਨ ਲੱਗਣਗੇ। ਸਾਡੇ ਕੋਲ ਛੇ ਊਠ ਹਨ। ਰਾਸ਼ਨ ਖਤਮ ਹੁੰਦੇ ਹੀ ਊਠਾਂ ਨੂੰ ਵੱਢਣਾ ਸ਼ੁਰੂ ਕਰ ਦਿਆਂਗੇ। ਵੈਸੇ ਵੀ ਹੁਣ ਇਹਨਾਂ ਦਾ ਕੋਈ ਫ਼ਾਇਦਾ ਤਾਂ ਨਹੀਂ। ਇੱਕ ਊਠ ਨੂੰ ਕੱਟਾਂਗੇ ਅਤੇ ਦੂਜੇ 'ਤੇ ਮਾਸ ਲੱਦ ਕੇ ਅੱਗੇ ਤੁਰ ਪਵਾਂਗੇ। ਬਸ ਇਸੇ ਤਰ੍ਹਾਂ ਮੰਜ਼ਿਲ ਤੱਕ ਪਹੁੰਚ ਜਾਵਾਂਗੇ।"
ਖਾਮੋਸ਼ੀ ਛਾ ਗਈ। ਮਰਿਊਤਕਾ ਅੱਗ ਕੋਲ ਲੇਟੀ ਹੋਈ ਸੀ। ਸਿਰ ਹੱਥਾਂ ਵਿੱਚ ਫੜੀ ਉਹ ਆਪਣੀਆਂ ਬਿੱਲੀ ਵਰਗੀਆਂ ਅੱਖਾਂ ਨਾਲ ਲਾਟਾਂ ਨੂੰ ਇੱਕ ਟੱਕ ਵੇਖਦੀ ਜਾ ਰਹੀ ਸੀ। ਯੇਵਸੂਕੋਵ ਨੂੰ ਅਚਾਨਕ ਬੇਚੈਨੀ ਜਿਹੀ ਮਹਿਸੂਸ ਹੋਈ।
ਉਹ ਉੱਠ ਕੇ ਖੜ੍ਹਾ ਹੋਇਆ ਅਤੇ ਆਪਣੀ ਜੈਕਟ ਤੋਂ ਬਰਫ਼ ਝਾੜਨ ਲੱਗਿਆ।
"ਬਸ। ਮੇਰਾ ਹੁਕਮ ਹੈ - ਪਹੁ-ਫੁੱਟਦੇ ਹੀ ਆਪਣੇ ਰਾਸਤੇ ਚੱਲ ਪਓ। ਹੋ ਸਕਦਾ ਹੈ ਆਪਾਂ ਸਾਰੇ ਨਾ ਪਹੁੰਚ ਸਕੀਏ।" ਕਮੀਸਾਰ ਦੀ ਅਵਾਜ਼ ਚੌਕੰਨੀ ਚਿੜੀ ਵਾਂਗ ਉੱਚੀ ਹੋ ਗਈ, "ਪਰ ਜਾਣਾ ਤਾਂ ਪਏਗਾ ਹੀ... ਇਹ ਇਨਕਲਾਬ ਦਾ ਸਵਾਲ ਹੈ ਸਾਥੀਓ... ਸਾਰੀ ਦੁਨੀਆਂ ਦੇ ਕਿਰਤੀਆਂ ਲਈ।"
ਕਮੀਸਾਰ ਨੇ ਵਾਰੀ ਵਾਰੀ ਤੇਈ ਦੇ ਤੇਈ ਫੌਜੀਆਂ ਦੀਆਂ ਅੱਖਾਂ ਵਿੱਚ ਝਾਕ ਕੇ ਵੇਖਿਆ। ਉਹ ਸਾਲ ਭਰ ਤੋਂ ਉਹਨਾਂ ਦੀਆਂ ਅੱਖਾਂ ਵਿੱਚ ਜਿਸ ਚਮਕ ਨੂੰ ਦੇਖਣ ਦਾ ਆਦੀ ਹੋ ਗਿਆ ਸੀ, ਉਹ ਅੱਜ ਗਾਇਬ ਸੀ। ਉਹਨਾਂ ਦੀਆਂ ਅੱਖਾਂ ਵਿੱਚ ਉਦਾਸੀ ਸੀ, ਨਿਰਾਸ਼ਾ ਸੀ। ਉਹਨਾਂ ਦੀਆਂ ਝੁਕੀਆਂ ਪਲਕਾਂ ਹੇਠ ਨਿਰਾਸ਼ਾ ਅਤੇ ਬੇਵਸਾਹੀ ਦੀ ਝਲਕ ਸੀ।
"ਪਹਿਲਾਂ ਊਠਾਂ ਨੂੰ, ਫਿਰ ਇੱਕ ਦੂਜੇ ਨੂੰ ਖਾਵਾਂਗੇ," ਕਿਸੇ ਨੇ ਕਿਹਾ।
ਫਿਰ ਚੁੱਪ ਛਾ ਗਈ।
ਯੇਵਸੂਕੋਵ ਅਚਾਨਕ ਔਰਤਾਂ ਵਾਂਗ ਚੀਕ ਉੱਠਿਆ:
"ਬਕਵਾਸ ਬੰਦ ਕਰੋ! ਇਨਕਲਾਬ ਪ੍ਰਤੀ ਆਪਣਾ ਫਰਜ਼ ਭੁੱਲ ਗਏ ? ਹੁਣ ਚੁੱਪ! ਹੁਕਮ ਹੁਕਮ ਹੈ! ਨਹੀਂ ਮੰਨੋਗੇ ਤਾਂ ਗੋਲੀ ਨਾਲ ਉਡਾ ਦਿੱਤੇ ਜਾਉਂਗੇ।"
ਉਹ ਖੰਘ ਕੇ ਬੈਠ ਗਿਆ।
ਉਹ ਆਦਮੀ ਜੋ ਬੰਦੂਕ ਦੇ ਗਜ਼ ਨਾਲ ਚੌਲ ਹਿਲਾ ਰਿਹਾ ਸੀ ਚਾਣਚੱਕ ਹੀ ਬੜੀ ਜ਼ਿੰਦਾਦਿਲੀ ਨਾਲ ਕਹਿ ਉੱਠਿਆ
"ਨੱਕ ਕਿਉਂ ਸੁੜ੍ਹਕ ਰਹੇ ਹੋ ? ਢਿੱਡ 'ਚ ਚੌਲ ਭਰੋ! ਐਵੇਂ ਹੀ ਤਾਂ ਨਹੀਂ ਪਕਾਏ ਮੈਂ! ਫੌਜੀ ਕਹਿੰਦੇ ਹੋ ਆਪਣੇ ਆਪ ਨੂੰ, ਜੂਆਂ ਹੋ ਜੂਆਂ।"
ਉਹਨਾਂ ਨੇ ਚਮਚਿਆਂ ਨਾਲ ਫੁੱਲੇ ਹੋਏ ਚਿਕਨੇ ਚੌਲਾਂ ਦੇ ਗੋਲੇ ਨਿਗਲੇ। ਇਸ ਕੋਸ਼ਿਸ਼ ਵਿੱਚ ਕਿ ਉਹ ਠੰਢੇ ਨਾ ਹੋ ਜਾਣ ਉਹਨਾਂ ਨੇ ਚੌਲਾਂ ਨੂੰ ਜਲਦੀ ਜਲਦੀ ਨਿਗਲ ਕੇ
ਆਪਣੇ ਗਲ ਜਲਾ ਲਏ। ਫਿਰ ਵੀ ਮੋਮ ਵਰਗੀ ਠੰਢੀ ਚਰਬੀ ਦੀ ਮੋਟੀ ਸਫੇਦ ਪੇਪੜੀ ਉਹਨਾਂ ਦੇ ਬੁੱਲਾਂ ਉੱਤੇ ਜੰਮੀ ਰਹਿ ਜਾਂਦੀ ਸੀ।
ਅੱਗ ਠੰਢੀ ਹੁੰਦੀ ਜਾ ਰਹੀ ਸੀ। ਰਾਤ ਦੀ ਕਾਲੀ ਪਿੱਠਭੂਮੀ ਵਿੱਚ ਸੰਗਤਰੀ ਰੰਗ ਦੀਆਂ ਚਿੰਗਾੜੀਆਂ ਦੀ ਵਾਛੜ ਹੋ ਰਹੀ ਸੀ। ਲੋਕ ਇੱਕ ਦੂਜੇ ਦੇ ਹੋਰ ਨੇੜੇ ਹੋ ਗਏ, ਊਂਘੇ, ਘੁਰਾੜੇ ਮਾਰਨ ਲੱਗੇ ਅਤੇ ਫਿਰ ਨੀਂਦ ਵਿੱਚ ਕਰਾਹੁਣ ਅਤੇ ਬੁੜਬੜਾਉਣ ਲੱਗੇ ।
ਮੂੰਹ ਹਨ੍ਹੇਰੇ ਹੀ ਕਿਸੇ ਨੇ ਮੋਢਾ ਹਿਲਾ ਕੇ ਯੇਵਸੂਕੋਵ ਨੂੰ ਜਗਾਇਆ। ਆਪਣੀਆਂ ਜੁੜੀਆਂ ਹੋਈਆਂ ਪਲਕਾਂ ਨੂੰ ਉਸ ਨੇ ਬੜੀ ਮੁਸ਼ਕਿਲ ਨਾਲ ਖੋਲ੍ਹਿਆ। ਉਹ ਉੱਠ ਕੇ ਬੈਠ ਗਿਆ ਅਤੇ ਆਦਤਨ ਬੰਦੂਕ ਵੱਲ ਹੱਥ ਵਧਾ ਦਿੱਤਾ।
"ਠਹਿਰੋ !"
ਮਰਿਊਤਕਾ ਉਸਦੇ ਉੱਪਰ ਝੁਕੀ ਹੋਈ ਸੀ। ਹਨ੍ਹੇਰੀ ਦੇ ਨੀਲੇ ਭੂਰੇਪਨ ਵਿੱਚ ਉਸ ਦੀਆਂ ਬਿੱਲੀ ਵਰਗੀਆਂ ਅੱਖਾਂ ਚਮਕ ਰਹੀਆਂ ਸਨ।
"ਕੀ ਗੱਲ ਹੈ?"
"ਸਾਥੀ ਕਮੀਸਾਰ ਉੱਠੋ! ਪਰ ਚੁੱਪ ਚਾਪ । ਜਦੋਂ ਤੁਸੀਂ ਸਾਰੇ ਸੌ ਰਹੇ ਸੀ ਤਾਂ ਮੈਂ ਊਠ 'ਤੇ ਸਵਾਰ ਹੋ ਕੇ ਨਿਕਲੀ। ਜਾਨਗੇਲਦੀ ਤੋਂ ਕਿਰਗਿਜ਼ਾਂ ਦਾ ਇੱਕ ਕਾਫਲਾ ਆ ਰਿਹਾ ਹੈ।"
ਯੇਵਸੂਕੋਵ ਨੇ ਦੂਸਰੇ ਪਾਸੇ ਨੂੰ ਕਰਵਟ ਬਦਲੀ । ਉਸ ਨੇ ਹੈਰਾਨ ਹੁੰਦਿਆਂ ਪੁੱਛਿਆ:
"ਕਿਹੋ ਜਿਹਾ ਕਾਫ਼ਲਾ ?" ਕਿਉਂ ਝੂਠ ਬੋਲ ਰਹੀ ਏਂ ?"
"ਬਿਲਕੁਲ ਸੱਚ... ਮੱਛੀ ਦਾ ਹੈਜਾ, ਬਿਲਕੁਲ ਸੱਚ। ਕੋਈ ਚਾਲੀ ਦੇ ਕਰੀਬ ਊਠ ਹਨ।“
ਯੇਵਸੂਕੋਵ ਉੱਛਲ ਕੇ ਖੜ੍ਹਾ ਹੋਇਆ ਅਤੇ ਉਸ ਨੇ ਉਂਗਲਾਂ ਮੂੰਹ 'ਚ ਪਾ ਕੇ ਸੀਟੀ ਵਜਾਈ। ਤੇਈ ਫੌਜੀਆਂ ਲਈ ਉੱਠਣਾ ਅਤੇ ਆਪਣੇ ਜੰਮੇ ਹੋਏ ਹੱਥ-ਪੈਰ ਸਿੱਧੇ ਕਰਨਾ ਦੁੱਭਰ ਹੋ ਰਿਹਾ ਸੀ। ਪਰ ਜਿਵੇਂ ਹੀ ਉਹਨਾਂ ਕਾਫਲੇ ਦਾ ਨਾਮ ਸੁਣਿਆ ਉਹਨਾਂ ਦੀ ਜਾਨ ਵਿੱਚ ਜਾਨ ਆਈ।
ਬਾਈ ਫੌਜੀ ਉੱਠੇ । ਤੇਈਵਾਂ ਉੱਥੇ ਦਾ ਉੱਥੇ ਹੀ ਪਿਆ ਰਿਹਾ। ਉਹ ਘੋੜੇ ਦਾ ਝੱਲ ਲਪੇਟ ਕੇ ਲੇਟਿਆ ਹੋਇਆ ਸੀ ਅਤੇ ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ।
"ਜ਼ੋਰ ਦਾ ਬੁਖਾਰ", ਫੌਜੀ ਦੇ ਕਾਲਰ ਅੰਦਰ ਉਂਗਲੀ ਨਾਲ ਉਸ ਦੇ ਤਨ ਨੂੰ ਛੂਹ ਕੇ ਮਰਿਊਤਕਾ ਨੇ ਵਿਸ਼ਵਾਸ ਨਾਲ ਕਿਹਾ।
"ਉਹ। ਇਹ ਤਾਂ ਬੁਰਾ ਹੋਇਆ। ਪਰ ਕੀ ਕਰ ਸਕਦੇ ਹਾਂ ? ਇਹਨੂੰ ਹੋਰ ਕੱਪੜੇ ਲਪੇਟ ਦਿਓ ਅਤੇ ਪਿਆ ਰਹਿਣ ਦਿਓ। ਵਾਪਸ ਆ ਕੇ ਇਸ ਨੂੰ ਸੰਭਾਲ ਲਵਾਂਗ। ਹਾਂ ਤਾਂ ਕਿੱਧਰ ਹੈ ਕਾਫ਼ਲਾ ?"
ਮਰਿਊਤਕਾ ਨੇ ਹੱਥ ਨਾਲ ਪੱਛਮ ਵੱਲ ਸੰਕੇਤ ਕੀਤਾ।
"ਬਹੁਤ ਦੂਰ ਨਹੀਂ। ਕੋਈ ਛੇ ਕੁ ਕਿਲੋਮੀਟਰ ਹੋਵੇਗਾ। ਊਠਾਂ ਉੱਪਰ ਬਹੁਤ ਵੱਡੇ ਵੱਡੇ ਬੰਡਲ ਲੱਦੇ ਹੋਏ ਨੇ।"
“ਲੈ ਬਈ, ਹੁਣ ਗੱਲ ਬਣ ਗਈ। ਬਸ ਉਹਨਾਂ ਨੂੰ ਹੱਥੋਂ ਨਿਕਲਣ ਨਹੀਂ ਦੇਣਾ ਚਾਹੀਦਾ। ਜਿਵੇਂ ਹੀ ਕਾਫ਼ਲਾ ਦਿਖਾਈ ਦੇਵੇ ਚਾਰੋਂ ਪਾਸਿਓਂ ਘੇਰ ਲਵੋ। ਭੱਜ-ਨੱਠ ਦੀ ਕੋਈ ਪਰਵਾਹ ਨਾ ਕਰੋ। ਕੁਝ ਖੱਬਿਓ, ਕੁਝ ਸੱਜਿਓ - ਬਸ ਤੁਰ ਪਓ।"
ਉਹਨਾਂ ਨੇ ਇੱਕ ਹੀ ਲਾਈਨ ਬਣਾ ਕੇ ਰੇਤ ਦੇ ਟਿੱਲਿਆਂ ਵਿਚਕਾਰ ਚੱਲਣਾ ਸ਼ੁਰੂ ਕੀਤਾ। ਉਹ ਝੁਕ ਕੇ ਦੂਹਰੇ ਹੁੰਦੇ ਜਾ ਰਹੇ ਸਨ, ਪਰ ਉਹਨਾਂ ਵਿੱਚ ਜ਼ੋਰ ਸੀ ਅਤੇ ਤੇਜ਼ ਚਾਲ ਨਾਲ ਉਹਨਾਂ ਦੇ ਸਰੀਰਾਂ ਵਿੱਚ ਗਰਮੀ ਪੈਦਾ ਹੋ ਰਹੀ ਸੀ।
ਇੱਕ ਟਿੱਲੇ ਦੀ ਚੋਟੀ ਤੋਂ ਉਹਨਾਂ ਨੂੰ ਮੇਜ਼ ਵਾਂਗਰ ਸਮਤਲ ਮੈਦਾਨ ਵਿੱਚ ਊਠਾਂ ਦੀ ਇੱਕ ਲਾਈਨ ਦਿਖਾਈ ਦਿੱਤੀ । ਊਠ ਆਪਣੇ ਬੰਡਲਾਂ ਦੇ ਭਾਰ ਨਾਲ ਦੱਬੇ ਜਾ ਰਹੇ ਸਨ।
"ਰੱਬ ਨੇ ਭੇਜ ਦਿੱਤੇ। ਬੜੀ ਕ੍ਰਿਪਾ ਉਸ ਦੀ।" ਗਵੋਜਗੋਵ ਨਾਮ ਦੇ ਇੱਕ ਚੇਚਕ ਦੇ ਦਾਗਾਂ ਵਾਲੇ ਫ਼ੌਜੀ ਨੇ ਫੁਸਫਸਾ ਕੇ ਕਿਹਾ।
ਯੇਵਸੂਕੋਵ ਚੁੱਪ ਨਾ ਰਹਿ ਸਕਿਆ ਅਤੇ ਵਿਗੜਦਾ ਹੋਇਆ ਬੋਲ ਪਿਆ:
"ਰੱਬ ਨੇ। ਕਿੰਨੀ ਵਾਰ ਤੁਹਾਨੂੰ ਦੱਸਿਆ ਹੈ ਕਿ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਹਰ ਚੀਜ਼ ਦਾ ਇੱਕ ਭੌਤਿਕ ਨਿਯਮ ਹੈ।"
ਪਰ ਇਹ ਵਾਦ-ਵਿਵਾਦ ਦਾ ਸਮਾਂ ਨਹੀਂ ਸੀ । ਹੁਕਮ ਦੇ ਮੁਤਾਬਿਕ ਸਾਰੇ ਫੌਜੀ ਰੇਤ ਦੇ ਹਰ ਢੇਰ, ਝਾੜੀਆਂ ਦੇ ਹਰ ਝੁਰਮਟ ਦੀ ਵਰਤੋਂ ਕਰਦੇ ਹੋਏ ਤੇਜ਼ੀ ਨਾਲ ਝਪਟ ਪਏ। ਉਹਨਾਂ ਨੇ ਆਪਣੀਆਂ ਬੰਦੂਕਾਂ ਨੂੰ ਐਸਾ ਕਸ ਕੇ ਫੜਿਆ ਹੋਇਆ ਸੀ ਕਿ ਉਹਨਾਂ ਦੀਆਂ ਉਂਗਲਾਂ ਵਿੱਚ ਦਰਦ ਹੋਣ ਲੱਗ ਪਿਆ ਸੀ। ਕਾਫ਼ਲਾ ਹੱਥੋਂ ਨਿਕਲ ਜਾਵੇ, ਨਹੀਂ, ਅਜਿਹਾ ਤਾਂ ਹਰਗਿਜ਼ ਨਹੀਂ ਹੋਣ ਦਿੱਤਾ ਜਾ ਸਕਦਾ। ਇਹਨਾਂ ਊਠਾਂ 'ਤੇ ਹੀ ਤਾਂ ਉਹਨਾਂ ਦੀਆਂ ਆਸਾਂ ਸਨ, ਇਹ ਹੀ ਤਾਂ ਉਹਨਾਂ ਦੇ ਪ੍ਰਾਣ ਸਨ, ਉਹਨਾਂ ਦੇ ਬਚਾਅ ਦੇ ਸਾਧਨ ਸਨ।
ਕਾਫ਼ਲਾ ਝੂਮਦਾ ਹੋਇਆ ਅਤੇ ਮਸਤੀ ਵਿੱਚ ਤੁਰਿਆ ਆ ਰਿਹਾ ਸੀ। ਊਠਾਂ ਦੀਆਂ ਪਿੱਠਾਂ ਉੱਪਰ ਲੱਦੇ ਹੋਏ ਰੰਗੀਨ ਨਮਦੇ ਹੁਣ ਨਜ਼ਰ ਆਉਣ ਲੱਗੇ ਸਨ। ਊਠਾਂ ਦੇ ਨਾਲ ਨਾਲ ਗਰਮ ਚੋਗੇ ਅਤੇ ਬਘਿਆੜ ਦੀ ਖੱਲ ਦੇ ਟੋਪ ਪਹਿਨੀ ਕਿਰਗਿਜ਼ ਚੱਲ ਰਹੇ ਸਨ।
ਅਚਾਨਕ ਯੇਵਸੂਕੋਵ ਦੀ ਗੁਲਾਬੀ ਵਰਦੀ ਇੱਕ ਟਿੱਲੇ 'ਤੇ ਉੱਭਰੀ। ਉਸ ਨੇ ਬੰਦੂਕ ਤਾਣੀ ਹੋਈ ਸੀ। ਉਸਨੇ ਚੀਕ ਕੇ ਕਿਹਾ:
"ਜਿੱਥੇ ਹੋ ਉੱਥੇ ਹੀ ਰੁੱਕ ਜਾਓ। ਕੋਈ ਹਥਿਆਰ ਹੈ ਤਾਂ ਜ਼ਮੀਨ 'ਤੇ ਸੁੱਟ ਦਿਓ। ਕੋਈ ਤਮਾਸ਼ਾ ਨਹੀਂ ਕਰਨਾ, ਨਹੀਂ ਤਾਂ ਸਾਰੇ ਭੁੰਨ ਦਿੱਤੇ ਜਾਓਗੇ।"
ਯੇਵਸੂਕੋਵ ਅਜੇ ਆਪਣੀ ਗੱਲ ਪੂਰੀ ਵੀ ਨਾ ਕਰ ਸਕਿਆ ਸੀ ਕਿ ਡਰੇ ਸਹਿਮੇ ਕਿਰਗਿਜ਼ ਰੇਤ ਉੱਪਰ ਡਿੱਗ ਪਏ।
ਤੇਜ਼ੀ ਨਾਲ ਭੱਜਣ ਕਾਰਨ ਹਫ਼ਦੇ ਹੋਏ ਸੈਨਿਕ ਸਾਰੇ ਪਾਸਿਓਂ ਕਾਫਲੇ ਵੱਲ ਲਪਕੇ।
"ਜਵਾਨੋਂ, ਊਠ ਫੜ ਲਓ!" ਯੇਵਸੂਕੋਵ ਚੀਕਿਆ।
ਪਰ ਯੋਵਸੂਕੋਵ ਦੀ ਅਵਾਜ਼ ਕਾਫਲੇ ਵੱਲੋਂ ਆਉਣ ਵਾਲੀਆਂ ਗੋਲੀਆਂ ਦੀ
ਇੱਕ ਸਧੀ ਹੋਈ ਅਤੇ ਜ਼ੋਰਦਾਰ ਵਾਛੜ ਵਿੱਚ ਡੁੱਬ ਗਈ। ਸਾਂ ਸਾਂ ਕਰਦੀਆਂ ਹੋਈਆਂ ਗੋਲੀਆਂ ਕਤੂਰਿਆਂ ਵਾਂਗ ਭੌਂਕ ਰਹੀਆਂ ਸਨ। ਯੇਵਸੂਕੋਵ ਦੇ ਕੋਲ ਹੀ ਕੋਈ ਹੱਥ ਫੈਲਾ ਕੇ ਰੇਤ 'ਤੇ ਡਿੱਗਿਆ।
"ਲੇਟ ਜਾਓ! ਅਕਲ ਠਿਕਾਣੇ ਲਿਆ ਦਿਓ ਇਹਨਾਂ ਸ਼ੈਤਾਨਾਂ ਦੀ!"
ਟਿੱਲੇ ਦੀ ਓਟ ਵਿੱਚ ਹੁੰਦੇ ਹੋਏ ਯੇਵਸੂਕੋਵ ਨੇ ਚੀਕ ਨੇ ਕਿਹਾ। ਗੋਲੀਆਂ ਹੋਰ ਤੇਜ਼ੀ ਨਾਲ ਆਉਣ ਲੱਗੀਆਂ।
ਜ਼ਮੀਨ 'ਤੇ ਬਿਠਾਏ ਹੋਏ ਊਠਾਂ ਦੇ ਪਿੱਛਿਓਂ ਗੋਲੀਆਂ ਆ ਰਹੀਆਂ ਸਨ। ਗੋਲੀਆਂ ਚਲਾਉਣ ਵਾਲੇ ਨਜ਼ਰ ਨਹੀਂ ਸਨ ਆ ਰਹੇ।
ਗੋਲੀਆਂ ਸਿੱਧੀਆਂ ਨਿਸ਼ਾਨੇ 'ਤੇ ਆ ਰਹੀਆਂ ਸਨ। ਕਿਰਗਿਜ਼ ਏਨੇ ਵਧੀਆ ਨਿਸ਼ਾਨੇਬਾਜ਼ ਨਹੀਂ ਹੁੰਦੇ। ਇਸ ਲਈ ਇਹ ਉਹਨਾਂ ਦਾ ਕੰਮ ਨਹੀਂ ਸੀ।
ਲਾਲ ਫੌਜ ਦੇ ਲੇਟੇ ਹੋਏ ਜਵਾਨਾਂ ਦੇ ਚਾਰੇ ਪਾਸੇ ਗੋਲੀਆਂ ਵਰ੍ਹ ਰਹੀਆਂ ਸਨ।
ਮਾਰੂਥਲ ਗੂੰਜ ਰਿਹਾ ਸੀ। ਪਰ ਹੌਲੀ ਹੌਲੀ ਕਾਫ਼ਲੇ ਵੱਲੋਂ ਗੋਲੀਆਂ ਆਉਣੀਆਂ ਬੰਦ ਹੋ ਗਈਆਂ।
ਜਦੋਂ ਕੋਈ ਤੀਹ ਕੁ ਕਦਮ ਦਾ ਫਾਸਲਾ ਰਹਿ ਗਿਆ ਤਾਂ ਯੇਵਸੂਕੋਵ ਨੂੰ ਊਠ ਦੇ ਪਿੱਛੇ ਫਰ ਦੀ ਟੋਪੀ ਦੇ ਉੱਪਰ ਸਫੇਦ ਕੰਨਟੋਪ ਵਾਲਾ ਸਿਰ ਦਿਖਾਈ ਦਿੱਤਾ। ਫਿਰ ਮੋਢਿਆਂ 'ਤੇ ਸੁਨਹਿਰੀ ਫੀਤੀਆਂ ਵੀ ਨਜ਼ਰ ਆਈਆਂ।
"ਮਰਿਊਤਕਾ! ਉਹ ਦੇਖ ਅਫ਼ਸਰ" ਯੇਵਸੂਕੋਵ ਨੇ ਆਪਣੇ ਪਿੱਛੇ ਰੀਂਘਦੀ ਹੋਈ ਆਉਂਦੀ ਮਰਿਊਤਕਾ ਵੱਲ ਗਰਦਨ ਘੁਮਾ ਕੇ ਕਿਹਾ।
"ਦੇਖ ਰਹੀ ਹਾਂ ।"
ਉਸਨੇ ਪੂਰੇ ਠਰੰਮੇ ਨਾਲ ਨਿਸ਼ਾਨਾ ਬੰਨਿਆ ਅਤੇ ਗੋਲੀ ਚਲਾਈ। ਸ਼ਾਇਦ ਇਸ ਲਈ ਕਿ ਮਰਿਊਤਕਾ ਦੀਆਂ ਉਂਗਲਾਂ ਬਿਲਕੁਲ ਜੰਮੀਆਂ ਪਈਆਂ ਸਨ, ਜਾਂ ਇਸ ਲਈ ਕਿ ਉਤੇਜਨਾ ਅਤੇ ਭੱਜ-ਨੱਠ ਕਾਰਨ ਕੰਬ ਰਹੀਆਂ ਸਨ, ਉਸ ਦਾ ਨਿਸ਼ਾਨਾ ਖੁੰਝ ਗਿਆ। ਉਸਨੇ ਅਜੇ "ਇਕਤਾਲੀਵਾਂ, ਮੱਛੀ ਦਾ ਹੈਜ਼ਾ" ਕਿਹਾ ਹੀ ਸੀ ਕਿ ਊਠ ਦੇ ਪਿੱਛਿਓਂ ਸਫੇਦ ਕੰਨਟੋਪ ਅਤੇ ਨੀਲੇ ਕੋਟ ਵਾਲਾ ਵਿਅਕਤੀ ਉੱਠ ਕੇ ਖੜਾ ਹੋ ਗਿਆ ਅਤੇ ਉਸ ਨੇ ਆਪਣੀ ਬੰਦੂਕ ਉੱਚੀ ਉਠਾਈ। ਬੰਦੂਕ ਦੀ ਸੰਗੀਨ ਨਾਲ ਚਿੱਟਾ ਰੁਮਾਲ ਲਹਿਰਾ ਰਿਹਾ ਸੀ।
ਮਰਿਊਤਕਾ ਨੇ ਆਪਣੀ ਬੰਦੂਕ ਰੇਤ 'ਤੇ ਸੁੱਟ ਦਿੱਤੀ ਅਤੇ ਭੁੱਬੀਂ ਰੋ ਪਈ। ਉਹ ਆਪਣੇ ਗੰਦੇ ਅਤੇ ਹਵਾ ਨਾਲ ਝੁਲਸੇ ਹੋਏ ਚਿਹਰੇ ਉੱਤੇ ਹੰਝੂ ਮਲਦੀ ਜਾ ਰਹੀ ਸੀ।
ਯੇਵਸੂਕੋਵ ਅਫ਼ਸਰ ਵੱਲ ਭੱਜਿਆ। ਲਾਲ ਫ਼ੌਜ ਦਾ ਇੱਕ ਸਿਪਾਹੀ ਯੇਵਸੂਕੋਵ ਤੋਂ ਵੀ ਅੱਗੇ ਨਿਕਲ ਗਿਆ ਅਤੇ ਦੌੜਦੇ ਹੋਏ ਉਹਨੇ ਆਪਣੀ ਸੰਗੀਨ ਵੀ ਸਿੱਧੀ ਕਰ ਲਈ ਸੀ ਤਾਂ ਕਿ ਅਫ਼ਸਰ ਦੀ ਛਾਤੀ 'ਤੇ ਜ਼ੋਰਦਾਰ ਹਮਲਾ ਕਰ ਸਕੇ।
"ਮਾਰਨਾ ਨਹੀਂ। ਜਿਊਂਦਾ ਫੜੋ", ਕਮੀਸਾਰ ਚੀਕਿਆ।
ਨੀਲੇ ਕੋਟ ਵਾਲੇ ਨੂੰ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਗਿਆ।
ਅਫਸਰ ਦੇ ਪੰਜ ਹੋਰ ਸਾਥੀ ਉਹਨਾਂ ਪਿੱਛੇ ਸ਼ੀਸ਼ੇ ਵਾਂਗ ਵੱਢੇ ਪਏ ਸੀ।
ਲਾਲ ਫੌਜ ਦੇ ਸੈਨਿਕਾਂ ਨੇ ਹੱਸਦੇ ਹੋਏ ਅਤੇ ਗਾਲਾਂ ਕੱਢਦੇ ਹੋਏ ਊਠਾਂ ਦੀਆਂ ਨੱਥਾਂ ਫੜ੍ਹੀਆਂ ਅਤੇ ਉਹਨਾਂ ਨੂੰ ਗਰੁੱਪਾਂ ਵਿੱਚ ਬੰਨ੍ਹ ਦਿੱਤਾ।
ਕਿਰਗਿਜ਼ ਯੋਵਸੂਕੋਵ ਦੇ ਮਗਰ ਮਗਰ ਹੋ ਤੁਰੇ ਅਤੇ ਉਸ ਦੀ ਜੈਕਟ ਨੂੰ ਫੜ ਕੇ ਮਿੰਨਤਾ ਤਰਲੇ ਕਰਨ ਅਤੇ ਹਾੜੇ ਕੱਢਣ ਲੱਗੇ। ਉਹਨਾਂ ਦੀਆਂ ਅੱਖਾਂ ਦਇਆ ਦੀ ਭੀਖ ਮੰਗ ਰਹੀਆਂ ਸਨ ਅਤੇ ਉਹ ਤਿਰਛੀ ਨਜ਼ਰ ਨਾਲ ਉਸ ਦੇ ਚਿਹਰੇ ਨੂੰ ਵੇਖ ਰਹੇ ਸਨ।
ਕਮੀਸਾਰ ਨੇ ਉਹਨਾਂ ਨੂੰ ਝਪਟ ਕੇ ਦੂਰ ਕੀਤਾ, ਉਹਨਾਂ ਤੋਂ ਦੂਰ ਭੱਜਿਆ, ਉਹਨਾਂ ਨੂੰ ਝਿੜਕਿਆ। ਖੁਦ ਦਇਆ ਨਾਲ ਪਿਘਲਦੇ ਹੋਏ ਨੱਕ ਮੂੰਹ ਬਣਾ ਕੇ ਉਹਨਾਂ ਦੀਆਂ ਚਪਟੀਆਂ ਨਾਸਾਂ ਅਤੇ ਨੁਕੀਲੀ ਗੱਲ੍ਹ ਦੀਆਂ ਹੱਡੀਆਂ ਵਿੱਚ ਪਿਸਤੌਲ ਦੀ ਨਲੀ ਘੁਸਾਈ।
"ਰੁਕ, ਦੂਰ ਰਹੋ ਮਿੰਨਤਾਂ ਤਰਲੇ ਕਰਨਾ ਬੰਦ ਕਰੋ।"
ਚਿੱਟੀ ਦਾੜੀ ਵਾਲੇ ਇੱਕ ਬਜ਼ੁਰਗ ਕਿਰਗਿਜ਼ ਨੇ, ਜਿਸ ਨੇ ਹੋਰਾਂ ਨਾਲ ਜ਼ਿਆਦਾ ਚੰਗੇ ਕੱਪੜੇ ਪਹਿਨੇ ਹੋਏ ਸਨ, ਯੇਵਸੂਕੋਵ ਦੀ ਪੇਟੀ ਫੜ ਲਈ। ਉਸ ਨੇ ਫੁਸਫਸਾਉਂਦੇ ਹੋਏ ਅਤੇ ਹਾੜੇ ਕੱਢਦੇ ਹੋਏ ਜਲਦੀ ਜਲਦੀ ਅਤੇ ਟੁੱਟੀ ਫੁੱਟੀ ਰੂਸੀ ਵਿੱਚ ਕਿਹਾ:
"ਓ ਜਨਾਬ.... ਬਹੁਤ ਮਾੜਾ ਕੀਤਾ ਤੁਸੀਂ... ਊਠ ਤਾਂ ਕਿਰਗਿਜ਼ ਦੀ ਜਾਨ ਹੁੰਦਾ ਹੈ। ਊਠ ਗਿਆ ਤਾਂ ਕਿਰਗਿਜ਼ ਦੀ ਜਾਨ ਗਈ... ਓ ਸਰਕਾਰ, ਐਸਾ ਜੁਲਮ ਨਾ ਕਰੋ... ਰਕਮ ਚਾਹੀਦੀ ਹੈ — ਹਾਜ਼ਰ ਹੈ। ਚਾਂਦੀ ਦੇ ਸਿੱਕੇ, ਜ਼ਾਰ ਦੇ ਸਿੱਕੇ, ਕਾਗਜ਼ੀ ਨੋਟ... ਹੁਕਮ ਕਰੋ ਕਿੰਨਾ ਚਾਹੀਦਾ ਹੈ। ਊਠ ਵਾਪਸ ਕਰ ਦਿਓ!'
“ਮੂਰਖ, ਇਹ ਕਿਉਂ ਨਹੀਂ, ਸਮਝਦਾ ਕਿ ਉਨ੍ਹਾਂ ਤੋਂ ਬਿਨਾਂ ਇਸ ਸਮੇਂ ਅਸੀਂ ਵੀ ਮੌਤ ਦੇ ਮੂੰਹ ਵਿੱਚ ਜਾ ਪਹੁੰਚਾਂਗੇ। ਮੈਂ ਇਹਨਾਂ ਨੂੰ ਚੁਰਾ ਕੇ ਨਹੀਂ ਲੈ ਜਾ ਰਿਹਾ। ਇਨਕਲਾਬ ਲਈ ਇਹਨਾਂ ਦੀ ਜ਼ਰੂਰਤ ਹੈ, ਅਸਥਾਈ ਤੌਰ 'ਤੇ। ਤੁਸੀਂ ਤਾਂ ਇੱਥੋਂ ਪੈਦਲ ਵੀ ਆਪਣੇ ਘਰ ਪਹੁੰਚ ਜਾਓਗੇ, ਪਰ ਸਾਨੂੰ ਤਾਂ ਮੌਤ ਦਾ ਸਾਹਮਣਾ ਕਰਨਾ ਪਏਗਾ।"
"ਸਰਕਾਰ, ਬਹੁਤ ਬੁਰਾ ਕਰ ਰਹੇ ਹੋ। ਊਠ ਵਾਪਸ ਕਰ ਦਿਓ। ਮਾਲ ਲੈ ਲਓ, ਰਕਮ ਲੈ ਲਓ," ਕਿਰਗਿਜ਼ ਨੇ ਤਰਲਾ ਕੀਤਾ।
ਯੇਵਸੂਕੋਵ ਨੇ ਗੱਲ ਮੁਕਾਈ।
"ਕਹਿ ਦਿੱਤਾ ਨਾ ਬੱਸ। ਬਕ ਬਕ ਬੰਦ ਕਰੋ! ਇਹ ਲਓ ਰਸੀਦ ਅਤੇ ਨਿਕਲੋ।" ਉਸ ਨੇ ਅਖ਼ਬਾਰ ਦੇ ਇੱਕ ਟੁਕੜੇ 'ਤੇ ਰਸੀਦ ਲਿਖ ਕੇ ਕਿਰਗਿਜ਼ ਨੂੰ ਦਿੱਤੀ।
ਕਿਰਗਿਜ਼ ਨੇ ਉਹ ਰਸੀਦ ਰੇਤੇ 'ਤੇ ਸੁੱਟ ਦਿੱਤੀ, ਜ਼ਮੀਨ 'ਤੇ ਢਹਿ ਪਿਆ ਅਤੇ ਹੱਥਾਂ ਨਾਲ ਮੂੰਹ ਢੱਕ ਕੇ ਰੋਣ ਲੱਗ ਪਿਆ।
ਬਾਕੀ ਕਿਰਗਿਜ਼ ਚੁੱਪ-ਚਾਪ ਖੜ੍ਹੇ ਸਨ। ਉਹਨਾਂ ਦੀਆਂ ਤਿਰਛੀਆਂ ਕਾਲੀਆਂ ਅੱਖਾਂ ਵਿੱਚ ਬੇਜਾਨ ਅੱਥਰੂ ਕੰਬ ਰਹੇ ਸਨ। ਯੇਵਸੂਕੋਵ ਘੁੰਮਿਆ। ਉਸ ਨੂੰ ਕੈਦੀ ਬਣਾਏ ਗਏ ਅਫਸਰ ਦਾ ਖਿਆਲ ਆਇਆ। ਉਹ ਦੋ ਫੌਜੀਆਂ ਵਿਚਾਲੇ ਖੜ੍ਹਾ ਸੀ । ਉਹਦਾ ਚਿਹਰਾ ਸ਼ਾਂਤ ਸੀ। ਉਸ ਨੇ ਉੱਚੇ
ਸਵੀਡਸ਼ ਫੇਲਟ ਬੂਟ ਪਾਏ ਹੋਏ ਸਨ ਅਤੇ ਸੱਜਾ ਪੈਰ ਅੱਗੇ ਕਰੀ ਸ਼ਾਨ ਨਾਲ ਖੜ੍ਹਾ ਸੀ। ਉਹ ਸਿਗਰਟ ਪੀਂਦਾ ਹੋਇਆ ਕਮੀਸਾਰ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਵੇਖ ਰਿਹਾ ਸੀ ।
"ਕੌਣ ਹੈ ਤੂੰ ?" ਯੇਵਸੂਕੋਵ ਨੇ ਪੁੱਛਿਆ।
"ਸਫ਼ੇਦ ਗਾਰਡ ਦਾ ਲੈਫਟੀਨੈਂਟ ਗੋਵੋਰੂਖਾ ਓਤ੍ਰੇਕ ਅਤੇ ਤੂੰ ਕੌਣ ਹੈ ?" ਅਫ਼ਸਰ ਨੇ ਧੂੰਏ ਦਾ ਬੱਦਲ ਉਡਾਉਂਦੇ ਹੋਏ ਜਵਾਬ ਵਿੱਚ ਪੁੱਛਿਆ।
ਅਤੇ ਉਸ ਨੇ ਆਪਣਾ ਸਿਰ ਉੱਪਰ ਚੁੱਕਿਆ।
ਉਸਦੇ ਸਿਰ ਉੱਪਰ ਚੁੱਕਣ ਨਾਲ ਲਾਲ ਫ਼ੌਜ ਦੇ ਸਿਪਾਹੀਆਂ ਅਤੇ ਯੋਵਸੂਕੋਵ ਨੇ ਜਦੋਂ ਉਹ ਦੀਆਂ ਅੱਖਾਂ ਦੇਖੀਆਂ ਤਾਂ ਦੰਗ ਰਹਿ ਗਏ। ਉਸ ਦੀਆਂ ਅੱਖਾਂ ਇੱਕਦਮ ਨੀਲੀਆਂ ਨੀਲੀਆਂ ਸਨ। ਅਜਿਹਾ ਲੱਗਦਾ ਸੀ ਜਿਵੇਂ ਸਾਬਣ ਦੀ ਝੱਗ ਅੰਦਰ ਵਧੀਆ ਫਰਾਂਸੀਸੀ ਨੀਲ ਦੇ ਦੋ ਗੋਲੇ ਤੈਰ ਰਹੇ ਹੋਣ।
ਤੀਜਾ ਕਾਂਡ
ਜਿਸ ਵਿੱਚ ਊਠਾਂ ਤੋਂ ਬਗੈਰ ਮੱਧ-ਏਸ਼ੀਆ ਦੇ ਮਾਰੂਥਲ ਦੇ ਸਫ਼ਰ ਦੀਆਂ ਔਕੜਾਂ ਦਾ ਵਰਣਨ ਕੀਤਾ ਗਿਆ ਹੈ ਅਤੇ ਕੋਲੰਬਸ ਦੇ ਜਹਾਜੀਆਂ ਦੇ ਤਜ਼ਰਬੇ ਦਾ ਹਵਾਲਾ ਦਿੱਤਾ ਗਿਆ ਹੈ।
ਮਰਿਊਤਕਾ ਦੀ ਸੂਚੀ ਵਿੱਚ ਗਾਰਡ ਦੇ ਲੈਫਟੀਨੈਂਟ ਗੋਵੋਰੂਖਾ-ਓਤ੍ਰੇਕ ਨੂੰ ਇਕਤਾਲੀਵਾਂ ਹੋਣਾ ਚਾਹੀਦਾ ਸੀ।
ਪਰ ਜਾਂ ਤਾਂ ਠੰਢ ਕਾਰਨ ਜਾਂ ਉਤੇਜਿਤ ਹੋਣ ਦੀ ਵਜ੍ਹਾ ਨਾਲ ਮਰਿਊਤਕਾ ਦਾ ਨਿਸ਼ਾਨਾ ਖੁੰਝ ਗਿਆ ਸੀ।
ਇਸ ਤਰ੍ਹਾਂ ਜਿਊਂਦੇ ਲੋਕਾਂ ਦੀ ਸੂਚੀ ਵਿੱਚ ਇਹ ਲੈਫਟੀਨੈਂਟ ਇੱਕ ਵਾਧੂ ਸੰਖਿਆ ਸੀ।
ਯੇਵਸੂਕੋਵ ਦੇ ਹੁਕਮ ਮੁਤਾਬਿਕ ਲੈਫਟੀਨੈਂਟ ਦੀ ਤਲਾਸ਼ੀ ਲਈ ਗਈ। ਉਸ ਦੀ ਖੂਬਸੂਰਤ ਜੈਕਟ ਦੀ ਪਿੱਠ ਵਿੱਚ ਇੱਕ ਗੁਪਤ ਜੇਬ ਮਿਲੀ।
ਲਾਲ ਫੌਜ ਦੇ ਆਦਮੀਆਂ ਨੇ ਜਦੋਂ ਇਹ ਜੇਬ ਖੋਜ ਲਈ ਤਾਂ ਲੈਫਟੀਨੈਂਟ ਇੱਕ ਵਹਿਸ਼ੀ ਘੋੜੇ ਵਾਂਗ ਟੱਪਿਆ। ਪਰ ਉਸ ਨੂੰ ਕੱਸ ਕੇ ਕਾਬੂ ਵਿੱਚ ਰੱਖਿਆ ਗਿਆ। ਉਸ ਦੇ ਕੰਬਦੇ ਬੁੱਲ੍ਹ ਅਤੇ ਚਿਹਰੇ ਦਾ ਉੱਡਿਆ ਰੰਗ ਹੀ ਉਸ ਦੀ ਉਤੇਜਨਾ ਅਤੇ ਪ੍ਰੇਸ਼ਾਨੀ ਨੂੰ ਜ਼ਾਹਰ ਕਰ ਰਿਹਾ ਸੀ।
ਯੇਵਸੂਕੋਵ ਨੇ ਬੜੀ ਸਾਵਧਾਨੀ ਨਾਲ ਪੈਕੇਟ ਖੋਲ੍ਹਿਆ ਅਤੇ ਉਸ ਵਿੱਚ ਰੱਖੇ ਦਸਤਾਵੇਜ਼ ਨੂੰ ਬਹੁਤ ਧਿਆਨ ਨਾਲ ਪੜ੍ਹਿਆ । ਉਸਨੇ ਸਿਰ ਹਿਲਾਇਆ ਅਤੇ ਸੋਚਾਂ ਵਿੱਚ ਡੁੱਬ ਗਿਆ।
ਦਸਤਾਵੇਜ਼ ਵਿੱਚ ਲਿਖਿਆ ਸੀ ਕਿ ਰੂਸ ਦੇ ਸਰਵਉੱਚ ਸ਼ਾਸਕ ਐਡਮਿਰਲ ਕੋਲਚਾਕ ਨੇ ਗਾਰਡ ਦੇ ਲੈਫਟੀਨੈਂਟ ਗੋਵੋਰੂਖਾ-ਓਤ੍ਰੇਕ, ਵਦੀਮ ਨਿਕੋਲਾਏਵਿਚ, ਨੂੰ ਜਨਰਲ ਦੇਕੀਕਿਨ ਦੀ ਟਰਾਂਸਕਾਸਪਿਅਨ ਸਰਕਾਰ ਦੇ ਸਨਮੁੱਖ ਆਪਣੇ ਵੱਲੋਂ ਪ੍ਰਤੀਨਿਧਤਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਚਿੱਠੀ ਵਿੱਚ ਇਹ ਸੰਕੇਤ ਵੀ ਸੀ ਕਿ ਲੈਫਟੀਨੈਂਟ ਨੂੰ ਕੁਝ ਗੁਪਤ ਗੱਲਾਂ ਵੀ ਦੱਸੀਆਂ ਗਈਆਂ ਹਨ, ਜਿਹੜੀਆਂ ਉਹ ਜਨਰਲ ਦਰਤਸੇਨਕੋ ਨੂੰ ਜ਼ੁਬਾਨੀ ਦੱਸੇਗਾ।
ਯੇਵਸੂਕੋਵ ਨੇ ਬੜੀ ਸਾਵਧਾਨੀ ਨਾਲ ਪੈਕਟ ਨੂੰ ਲਪੇਟ ਕੇ ਆਪਣੀ ਜੈਕਟ ਦੀ ਅੰਦਰੂਨੀ ਜੇਬ ਵਿੱਚ ਰੱਖਿਆ ਅਤੇ ਲੈਫਟੀਨੈਂਟ ਨੂੰ ਪੁੱਛਿਆ:
"ਹਾਂ ਤਾਂ, ਅਫ਼ਸਰ ਸਾਹਿਬ, ਕਿਹੜੀਆਂ ਨੇ ਤੁਹਾਡੀਆਂ ਗੁਪਤ ਗੱਲਾਂ ? ਬਿਨਾਂ ਕੁਝ ਲੁਕਾਏ ਸਭ ਸਾਫ਼ ਸਾਫ਼ ਦੱਸ ਦੇਣ ਵਿੱਚ ਹੀ ਤੁਹਾਡਾ ਭਲਾ ਹੈ । ਤੁਸੀਂ ਹੁਣ ਲਾਲ ਫੌਜ ਦੇ ਸਿਪਾਹੀਆਂ ਦੇ ਕੈਦੀ ਹੋ ਅਤੇ ਮੈਂ ਉਹਨਾਂ ਦਾ ਕਮਾਂਡਰ ਅਰਸੇਨਤੀ ਯੇਵਸੂਕੋਵ ਹਾਂ।"
ਲੈਫਟੀਨੈਂਟ ਦੀਆਂ ਚਮਕੀਲੀਆਂ ਨੀਲੀਆਂ ਗੋਲੀਆਂ ਯੇਵਸੂਕੋਵ ਵੱਲ ਉੱਠੀਆਂ।
ਉਹ ਮੁਸਕਰਾਇਆ ਅਤੇ ਖੜਾਕ ਨਾਲ ਆਪਣੀਆਂ ਅੱਡੀਆਂ ਵਜਾਈਆਂ।
"ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਸ਼੍ਰੀਮਾਨ ਯੇਵਸੂਕੋਵ! ਅਫ਼ਸੋਸ ਹੈ ਕਿ ਮੇਰੀ ਸਰਕਾਰ ਨੇ ਤੁਹਾਡੇ ਵਰਗੀ ਸ਼ਾਨਦਾਰ ਹਸਤੀ ਨਾਲ ਕੂਟਨੀਤਕ ਗੱਲਬਾਤ ਕਰਨ ਦਾ ਹੱਕ ਮੈਨੂੰ ਨਹੀਂ ਦਿੱਤਾ ਹੈ।"
ਯੇਵਸੂਕੋਵ ਦੇ ਬੁੰਦੀਆਂ ਵਾਲੇ ਚਿਹਰੇ ਦਾ ਰੰਗ ਉੱਡ ਗਿਆ। ਪੂਰੇ ਦਸਤੇ ਸਾਹਮਣੇ ਇਹ ਲੈਫਟੀਨੈਂਟ ਉਸ ਦਾ ਮਜ਼ਾਕ ਉਡਾ ਰਿਹਾ ਸੀ।
ਕਮੀਸਾਰ ਨੇ ਪਿਸਤੌਲ ਕੱਢ ਲਿਆ।
"ਸਫ਼ੇਦ ਹਰਾਮੀ। ਗੱਲਾਂ ਨਾ ਬਣਾ। ਸਿੱਧਾ ਸਿੱਧਾ ਸਭ ਕੁਝ ਦੱਸ ਦੇ, ਨਹੀਂ ਤਾਂ ਤੇਰੇ ਆਰ ਪਾਰ ਹੋ ਜਾਏਗੀ।"
ਲੈਫਟੀਨੈਂਟ ਨੇ ਮੋਢੇ ਝਟਕੇ।
"ਤੂੰ ਕਮੀਸਾਰ ਤਾਂ ਹੈ, ਪਰ ਮੂਰਖ ਵੀ ਹੈ। ਜੇ ਮਾਰ ਦਵੇਗਾ ਫਿਰ ਤਾਂ ਕੁਝ ਵੀ ਪੱਲੇ ਨਹੀਂ ਪੈਣਾ।"
ਕਮੀਸਾਰ ਨੇ ਬੁਰਾ-ਭਲਾ ਕਹਿੰਦੇ ਹੋਏ ਪਿਸਤੌਲ ਹੇਠਾਂ ਕਰ ਲਿਆ।
"ਮੈਂ ਤੈਨੂੰ ਨਾਨੀ ਯਾਦ ਕਰਵਾ ਦਿਆਂਗਾਂ, ਕੁੱਤੇ ਦਿਆ ਪੁੱਤਰਾ! ਮੈਂ ਤੇਰਾ ਮੂੰਹ ਖੁੱਲਵਾ ਕੇ ਹੀ ਛੱਡਾਂਗਾ।" ਉਹ ਬੁੜਬੜਾਇਆ।
ਲੈਫਟੀਨੈਂਟ ਪਹਿਲਾਂ ਵਾਂਗ ਹੀ ਬੁੱਲ੍ਹਾਂ ਦੇ ਇੱਕ ਕੋਨੇ ਤੋਂ ਮੁਸਕਰਾਉਂਦਾ ਰਿਹਾ। ਯੇਵਸੂਕੋਵ ਨੇ ਥੁੱਕਿਆ ਅਤੇ ਉੱਥੋਂ ਹੱਟ ਗਿਆ।
"ਕਿਉਂ ਸਾਥੀ ਕਮੀਸਾਰ, ਭੇਜ ਦਈਏ ਇਹਨੂੰ ਸਵਰਗ ?" ਇੱਕ ਸਿਪਾਹੀ ਨੇ ਪੁੱਛਿਆ।
ਕਮੀਸਾਰ ਨੇ ਨਹੁੰ ਨਾਲ ਆਪਣਾ ਨੱਕ ਖੁਰਕਿਆ।
"ਨਹੀਂ... ਇਸ ਨਾਲ ਕੰਮ ਨਹੀਂ ਬਣਨਾ। ਉਹ ਸਖ਼ਤ ਜਾਨ ਹੈ, ਸਖ਼ਤ ਜਾਨ। ਇਹਨੂੰ ਜਿਵੇਂ ਕਿਵੇਂ ਕਰਕੇ ਕਜਾਲੀਨਸਕ ਪਹੁੰਚਾਉਣਾ ਪਏਗਾ। ਉੱਥੇ ਹੈੱਡ-ਕੁਆਰਟਰ ਵਿੱਚ ਉਹ ਇਸ ਤੋਂ ਸਭ ਕੁਝ ਬਕਵਾ ਲੈਣਗੇ।
"ਇਸ ਨੂੰ ਕਿੱਥੇ ਨਾਲ ਨਾਲ ਚੁੱਕੀ ਫਿਰਾਂਗੇ। ਆਪਾਂ ਹੀ ਪਹੁੰਚ ਜਾਈਏ ਤਾਂ ਗਨੀਮਤ ਹੈ।
"ਹੁਣ ਕੀ ਸਫੇਦ ਅਫ਼ਸਰਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ ?"
ਯੇਵਸੂਕੋਵ ਟੁਣਕ ਕੇ ਬੋਲਿਆ:
"ਤੈਨੂੰ ਇਸ ਨਾਲ ਕੀ ਮਤਲਬ? ਮੈਂ ਲੈ ਕੇ ਜਾ ਰਿਹਾ ਹਾਂ, ਮੈਂ ਹੀ ਜ਼ਿੰਮੇਵਾਰ ਹਾਂ।
ਬਸ ਖ਼ਤਮ!"
ਜਦੋਂ ਉਹ ਘੁੰਮਿਆ ਤਾਂ ਮਰਿਊਤਕਾ 'ਤੇ ਨਜ਼ਰ ਪਈ।
"ਸੁਣ, ਮਰਿਊਤਕਾ। ਇਹ ਅਫ਼ਸਰ ਤੇਰੀ ਦੇਖ ਰੇਖ ਹੇਠ ਰਹੇਗਾ। ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀ। ਜੇ ਇਹ ਭੱਜ ਗਿਆ ਤਾਂ ਤੇਰੀ ਚਮੜੀ ਉਧੇੜ ਦਊਗਾਂ।"
ਮਰਿਊਤਕਾ ਨੇ ਚੁੱਪ-ਚਾਪ ਬੰਦੂਕ ਮੋਢੇ 'ਤੇ ਰੱਖ ਲਈ।
ਉਹ ਕੈਦੀ ਕੋਲ ਗਈ।
"ਇੱਧਰ ਆ ਜਰਾ ! ਮੇਰੀ ਨਿਗਰਾਨੀ ਵਿੱਚ ਰਹੇਗਾ। ਪਰ ਇਸ ਭੁਲੇਖੇ ਵਿੱਚ ਨਾ ਰਹੀ ਕਿ ਮੈਂ ਔਰਤ ਹਾਂ, ਇਸ ਲਈ ਨਿਕਲ ਜਾਏਗਾ। ਤੇਰੇ ਭੱਜਣ 'ਤੇ ਮੈਂ ਤਿੰਨ ਸੌ ਗਜ਼ ਦੀ ਦੂਰੀ ਤੋਂ ਵੀ ਗੋਲੀ ਮਾਰ ਸਕਦੀ ਹਾਂ। ਇੱਕ ਵਾਰ ਨਿਸ਼ਾਨਾ ਖੁੰਝ ਗਿਆ, ਦੁਬਾਰਾ ਨਹੀਂ ਖੁੰਝਣਾ, ਮੱਛੀ ਦਾ ਹੈਜ਼ਾ।"
ਲੈਫਟੀਨੈਂਟ ਨੇ ਟੇਢਾ ਜਿਹਾ ਉਸ ਨੂੰ ਤੱਕਿਆ। ਹਾਸੇ ਨਾਲ ਉਸ ਦੇ ਮੋਢੇ ਹਿੱਲ ਰਹੇ ਸਨ। ਉਹ ਨੇ ਨਿਮਰਤਾ ਨਾਲ ਸਿਰ ਝੁਕਾ ਕੇ ਕਿਹਾ:
"ਅਜਿਹੀ ਸੁੰਦਰੀ ਦਾ ਕੈਦੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।"
"ਕੀ ? ਕੀ ਬਕ ਰਿਹਾ ਹੈ ?" ਉਸ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦੇ ਹੋਏ ਮਰਿਊਤਕਾ ਨੇ ਪੁੱਛਿਆ। "ਬਦਮਾਸ਼ ਮਾਜੂਰਕਾ ਨਾਚ ਨੱਚਣ ਤੋਂ ਬਿਨਾਂ ਲੱਗਦੈ ਕੁਝ ਹੋਰ ਨਹੀਂ ਜਾਣਦਾ! ਬਿਨਾਂ ਮਤਲਬ ਬਕ ਬਕ ਨਾ ਕਰ। ਜੁਬਾਨ ਬੰਦ ਕਰ ਤੇ ਤੁਰ।"
ਉਹਨਾਂ ਨੇ ਇੱਕ ਛੋਟੀ ਜਿਹੀ ਝੀਲ ਕਿਨਾਰੇ ਰਾਤ ਗੁਜ਼ਾਰੀ।
ਬਰਫ਼ ਦੀ ਤਹਿ ਹੇਠਾਂ ਖਾਰੇ ਪਾਣੀ ਵਿੱਚੋਂ ਆਇਓਡੀਨ ਅਤੇ ਗਲਣ-ਸੜਨ ਵੀ ਬਦਬੂ ਆ ਰਹੀ ਸੀ।
ਇਹ ਲੋਕ ਬੜੇ ਹੀ ਮਜ਼ੇ ਦੀ ਨੀਂਦਰ ਸੁੱਤੇ। ਕਿਰਗਿਜ਼ਾ ਦੇ ਊਠਾਂ ਤੋਂ ਉਹਨਾਂ ਨੇ ਗਲੀਚੇ ਅਤੇ ਨਮਦੇ ਉਤਾਰ ਕੇ ਆਪਣੇ ਆਲੇ ਦੁਆਲੇ ਲਪੇਟ ਲਏ ਸਨ । ਮੁਰਦਿਆਂ ਵਾਂਗ ਸੁੱਤੇ।
ਰਾਤ ਦੇ ਸਮੇਂ ਮਰਿਊਤਕਾ ਨੇ ਰੱਸੀ ਨਾਲ ਗਾਰਡ ਦੇ ਲੈਫਟੀਨੈਂਟ ਦੇ ਹੱਥ ਪੈਰ ਕੱਸ ਕੇ ਬੰਨ੍ਹ ਦਿੱਤੇ। ਰੱਸੀ ਉਸ ਦੀ ਪਿੱਠ ਦੁਆਲੇ ਲਪੇਟ ਕੇ ਉਸ ਨੇ ਦੂਜੇ ਸਿਰੇ ਨੂੰ ਆਪਣੇ ਹੱਥ ਨਾਲ ਬੰਨ੍ਹ ਲਿਆ। ਸਿਪਾਹੀਆਂ ਨੇ ਜੀਅ ਭਰ ਕੇ ਮਖੌਲ ਉਡਾਇਆ। ਫੁੱਲੀਆਂ ਅੱਖਾਂ ਵਾਲਾ ਸੇਮਆਨੀ ਚੀਕਿਆ:
"ਭਰਾਵੋ, ਮਰਿਊਤਕਾ ਨੇ ਆਪਣੇ ਪ੍ਰੇਮੀ ਨੂੰ ਜਾਦੂ ਦੀ ਡੋਰ ਨਾਲ ਬੰਨ੍ਹ ਲਿਆ ਹੈ। ਹੁਣ ਉਸ ਨੂੰ ਐਸੀ ਗੁੜ੍ਹਤੀ ਪਿਲਾਊਗੀ ਕਿ ਉਹ ਲੱਟੂ ਹੋ ਜਾਏਗਾ।"
ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਰਿਊਤਕਾ ਨੇ ਕਿਹਾ:
"ਭੌਂਕੀ ਜਾਓ ਜਿੰਨਾਂ ਜੀਅ ਕਰੇ, ਮੱਛੀ ਦਾ ਹੈਜ਼ਾ! ਤੁਹਾਨੂੰ ਹਾਸਾ ਆ ਰਿਹਾ ਹੈ ... ਜੇ ਭੱਜ ਗਿਆ ਤਾਂ ?"
"ਉੱਲੂ ਹੈਂ ਤੂੰ! ਉਸ ਦਾ ਦਿਮਾਗ ਖ਼ਰਾਬ ਹੈ? ਇਸ ਮਾਰੂਥਲ ਵਿੱਚ ਭੱਜ ਕੇ
ਜਾਊਗਾ ਕਿੱਥੇ ?"
"ਮਾਰੂਥਲ ਹੋਵੇ ਜਾਂ ਨਾ, ਪਰ ਇਸ ਤਰ੍ਹਾਂ ਜਿਆਦਾ ਠੀਕ ਹੈ । ਸੌਂ ਜਾ ਤੂੰ, ਸੂਰਮਿਆ ।"
ਮਰਿਊਤਕਾ ਨੇ ਲੈਫਟੀਨੈਂਟ ਨੂੰ ਨਮਦੇ ਹੇਠਾਂ ਧੱਕ ਦਿੱਤਾ ਅਤੇ ਖੁਦ ਨੇੜੇ ਹੀ ਲੋਟਣੀ ਖਾ ਕੇ ਸੌਂ ਗਈ।
ਨਮਦੇ ਦਾ ਕੰਬਲ ਲਪੇਟ ਕੇ ਸੌਣ ਵਿੱਚ ਤਾਂ ਬਹੁਤ ਸਵਾਦ ਆਉਂਦਾ ਹੈ। ਨਮਦੇ ਨਾਲ ਜੁਲਾਈ ਦੀ ਗਰਮੀ, ਘਾਹ ਅਤੇ ਦੂਰ ਦੂਰ ਤੱਕ ਫੈਲੇ ਅਥਾਹ ਮੈਦਾਨਾਂ ਦਾ ਅਨੁਭਵ ਹੁੰਦਾ ਹੈ। ਸੁੱਖ ਚੈਨ ਦੀ ਨੀਂਦ ਵਿੱਚ ਡੁੱਬਿਆ ਸਰੀਰ ਬਿਲਕੁਲ ਗਰਮ ਅਤੇ ਨਰਮ ਹੋ ਜਾਂਦਾ ਹੈ।
ਯੇਵਸੂਕੋਵ ਆਪਣੇ ਗਲੀਚੇ ਹੇਠਾਂ ਪਿਆ ਘੁਰਾੜੇ ਮਾਰ ਰਿਹਾ ਸੀ। ਮਰਿਊਤਕਾ ਦੇ ਚਿਹਰੇ ਤੇ ਸੁਪਨੀਲੀ ਜਿਹੀ ਮੁਸਕਾਨ ਸੀ। ਗਾਰਡ ਦਾ ਲੈਫਟੀਨੈਂਟ ਗੋਵੋਰੂਖਾ ਸਿੱਧਾ ਲੇਟਿਆ ਹੋਇਆ ਗੂੜ੍ਹੀ ਨੀਂਦ ਸੌਂ ਰਿਹਾ ਸੀ । ਉਸ ਦੇ ਪਤਲੇ ਪਤਲੇ ਬੁੱਲ ਇੱਕ ਸੁੰਦਰ ਰੇਖਾ ਬਣਾ ਰਹੇ ਸਨ।
ਨਹੀਂ ਸੌਂ ਰਿਹਾ ਸੀ ਤਾਂ ਸਿਰਫ਼ ਸੰਤਰੀ। ਉਹ ਨਮਦੇ ਦੇ ਸਿਰੇ 'ਤੇ ਬੈਠਾ ਸੀ ਅਤੇ ਬੰਦੂਕ ਉਸ ਨੇ ਗੋਡਿਆਂ 'ਤੇ ਰੱਖੀ ਹੋਈ ਸੀ । ਬੰਦੂਕ ਉਸ ਨੂੰ ਆਪਣੀ ਪਤਨੀ ਅਤੇ ਪ੍ਰੇਮਿਕਾ ਨਾਲੋਂ ਵੀ ਜ਼ਿਆਦਾ ਪਿਆਰੀ ਸੀ।
ਸੰਤਰੀ ਨੇ ਚਿੱਟੀ ਬਰਫ਼ ਦੀ ਧੁੰਦ ਵਿੱਚ ਉਸ ਪਾਸੇ ਨਜ਼ਰ ਗੱਡੀ ਹੋਈ ਸੀ, ਜਿੱਧਰੋਂ ਊਠਾਂ ਦੀਆਂ ਘੰਟੀਆਂ ਦੀ ਹਲਕੀ ਹਲਕੀ ਟਨ ਟਨ ਸੁਣਾਈ ਦੇ ਰਹੀ ਸੀ।
ਚੁਤਾਲੀ ਊਠ ਨੇ ਹੁਣ। ਮੰਜ਼ਿਲ ਤੱਕ ਪਹੁੰਚ ਹੀ ਜਾਵਾਂਗੇ, ਚਾਹੇ ਔਕੜਾਂ ਦਾ ਸਾਹਮਣਾ ਵੀ ਕਰਨਾ ਪਵੇ।
ਲਾਲ ਫੌਜ ਦੇ ਸਿਪਾਹੀਆਂ ਦੇ ਮਨ ਵਿੱਚ ਹੁਣ ਕੋਈ ਡਰ ਸ਼ੰਕਾ ਨਹੀਂ ਸੀ ਰਿਹਾ।
ਤੇਜ਼ ਹਵਾ ਦੇ ਬੁੱਲੇ ਚੀਕਦੇ ਹੋਏ ਆਉਂਦੇ ਅਤੇ ਸੰਤਰੀ ਦੇ ਤਨ ਨੂੰ ਚੀਰਦੇ ਹੋਏ ਲੰਘ ਜਾਂਦੇ । ਠੰਢ ਨਾਲ ਸੁੰਗੜਦੇ ਹੋਏ ਸੰਤਰੀ ਨੇ ਪਿੱਠ 'ਤੇ ਨਮਦਾ ਲਪੇਟ ਲਿਆ। ਬਰਫ਼ੀਲੀਆਂ ਛੁਰੀਆਂ ਨੇ ਉਸ ਦਾ ਜਿਸਮ ਕੱਟਣਾ ਬੰਦ ਕਰ ਦਿੱਤਾ ਅਤੇ ਉਸ ਦੇ ਸਰੀਰ ਵਿੱਚ ਗਰਮੀ ਆ ਗਈ।
ਬਰਫ਼, ਧੁੰਦ, ਰੇਤ।
ਅਣਜਾਣ ਏਸ਼ਿਆਈ ਦੇਸ਼।
"ਊਠ ਕਿੱਥੇ ਨੇ ? ਤੇਰਾ ਬੇੜਾ ਗਰਕ ਹੋਵੇ, ਊਠ ਕਿੱਥੇ ਨੇ ? ਲਾਹਨਤ ਹੈ ਤੇਰੇ ਤੇ। ਸੌਂ ਰਿਹਾ ਹੈਂ ਕੰਬਖਤ ? ਆਹ ਤੂੰ ਕੀ ਕਰ ਦਿੱਤਾ, ਕਮੀਨਿਆ ? ਤੇਰੀ ਖੱਲ ਉਧੇੜ ਦਊਂਗਾ।"
ਬੂਟ ਦੀ ਜ਼ੋਰਦਾਰ ਠੋਕਰ ਲੱਗਣ ਨਾਲ ਸੰਤਰੀ ਦਾ ਸਿਰ ਚਕਰਾ ਗਿਆ। ਉਹ ਬਹਿਕੀਆਂ ਬਹਿਕੀਆਂ ਨਜ਼ਰਾਂ ਨਾਲ ਚਾਰੇ ਪਾਸੇ ਦੇਖਣ ਲੱਗਿਆ।
ਬਰਫ਼ ਅਤੇ ਧੁੰਦ ।
ਹਲਕਾ ਹਲਕਾ ਧੁੰਦਲਕਾ, ਸਵੇਰ ਦਾ ਧੁੰਦਲਕਾ। ਰੇਤ।
ਊਠ ਗਾਇਬ ਸਨ।
ਊਠ ਜਿੱਥੇ ਚਰ ਰਹੇ ਸਨ ਉੱਥੇ ਊਠਾਂ ਅਤੇ ਆਦਮੀਆਂ ਦੇ ਪੈਰਾਂ ਦੇ ਨਿਸ਼ਾਨ ਸਨ। ਉੱਥੇ ਕਿਰਗਿਜ਼ਾਂ ਦੀਆਂ ਨੁਕੀਲੀਆਂ ਜੁੱਤੀਆਂ ਦੇ ਨਿਸ਼ਾਨ ਸਨ।
ਜਾਪਦਾ ਸੀ ਕਿ ਤਿੰਨ ਕਿਰਗਿਜ਼ ਸਾਰੀ ਰਾਤ ਦਸਤੇ ਦਾ ਪਿੱਛਾ ਕਰਦੇ ਰਹੇ ਸਨ ਅਤੇ ਜਿਵੇਂ ਹੀ ਸੰਤਰੀ ਦੀ ਅੱਖ ਲੱਗੀ ਊਠ ਲੈ ਉੱਡੇ ਸਨ।
ਲਾਲ ਫੌਜ ਦੇ ਸਿਪਾਹੀ ਚੁੱਪ-ਚਾਪ ਖੜ੍ਹੇ ਸਨ । ਊਠ ਗਾਇਬ ਸਨ । ਲੱਭਿਆ ਵੀ ਜਾਵੇ ਤਾਂ ਕਿੱਥੇ ? ਮਾਰੂਥਲ ਵਿੱਚ ਖੋਜਣਾ ਸੰਭਵ ਨਹੀਂ...
"ਤੈਨੂੰ ਕੁੱਤੇ ਦੇ ਪੁੱਤਰ ਨੂੰ ਜੇ ਗੋਲੀ ਵੀ ਮਾਰ ਦਿੱਤੀ ਜਾਏ ਤਾਂ ਘੱਟ ਹੈ।" ਯੇਵਸੂਕੋਵ ਨੇ ਸੰਤਰੀ ਨੂੰ ਕਿਹਾ।
ਸੰਤਰੀ ਖਾਮੋਸ਼ ਸੀ। ਹੰਝੂਆਂ ਦੇ ਤੁਪਕੇ ਉਸ ਦੀਆਂ ਅੱਖਾਂ ਦੇ ਕੋਨਿਆਂ ਵਿੱਚ ਮੋਤੀਆਂ ਵਾਂਗ ਚਮਕ ਰਹੇ ਸਨ।
ਲੈਫਟੀਨੈਂਟ ਨਮਦੇ ਹੇਠੋਂ ਨਿਕਲਿਆ। ਆਸੇ ਪਾਸੇ ਦੇਖਦੇ ਹੋਏ ਉਸ ਨੇ ਸੀਟੀ ਵਜਾਈ ਅਤੇ ਮਖੌਲ ਉਡਾਉਂਦੇ ਹੋਏ ਕਿਹਾ:
"ਇਹ ਹੈ ਅਨੁਸਾਸ਼ਨ। ਰੱਬ ਹੀ ਰਾਖਾ।"
"ਚੁੱਪ ਰਹਿ ਹਰਾਮੀ।" ਯੇਵਸੂਕੋਵ ਗੁੱਸੇ ਵਿੱਚ ਗਰਜਿਆ ਅਤੇ ਫਿਰ ਪਰਾਈ ਜਿਹੀ ਅਵਾਜ਼ ਵਿੱਚ ਹੌਲੀ ਜਿਹੇ ਫੁਸਫਸਾਇਆ: "ਇੱਥੇ ਖੜ੍ਹੇ ਖੜ੍ਹੇ ਕੀ ਕਰ ਰਹੇ ਹੋ ਭਰਾਵੋ, ਅੱਗੇ ਵਧੇ ।"
ਹੁਣ ਕੇਵਲ ਗਿਆਰਾਂ ਵਿਅਕਤੀ ਇੱਕ ਹੀ ਕਤਾਰ ਵਿੱਚ ਘਿਸੜਦੇ ਹੋਏ ਚੱਲ ਰਹੇ ਸਨ। ਉਹ ਥੱਕ ਕੇ ਚੂਰ ਹੋ ਚੁੱਕੇ ਸਨ ਅਤੇ ਲੜਖੜਾਉਂਦੇ ਹੋਏ ਰੇਤਲੇ ਟਿੱਲਿਆਂ ਨੂੰ ਪਾਰ ਕਰ ਰਹੇ ਸਨ।
ਦਸ ਜਣੇ ਇਸ ਭਿਆਨਕ ਰਸਤੇ ਵਿੱਚ ਦਮ-ਤੋੜ ਚੁੱਕੇ ਸਨ।
ਸਵੇਰੇ ਕੋਈ ਨਾ ਕੋਈ ਬਹੁਤ ਬੁਰੀ ਹਾਲਤ ਵਿੱਚ ਆਖ਼ਰੀ ਵਾਰ ਮੁੰਦੀਆਂ ਅੱਖਾਂ ਮੁਸ਼ਕਿਲ ਨਾਲ ਖੋਲ੍ਹਦਾ, ਲੱਕੜੀ ਵਾਂਗ ਸਖ਼ਤ ਅਤੇ ਸੁੱਜੇ ਹੋਏ ਪੈਰ ਫੈਲਾਉਂਦਾ ਅਤੇ ਭਾਰੀਆਂ ਅਵਾਜ਼ਾਂ ਕੱਢਦਾ।
ਗੁਲਾਬੀ ਯੇਵਸੂਕੋਵ ਲੇਟੇ ਹੋਏ ਵਿਅਕਤੀ ਦੇ ਕੋਲ ਜਾਂਦਾ । ਕਮੀਸਾਰ ਦਾ ਚਿਹਰਾ ਹੁਣ ਜੈਕਟ ਵਰਗਾ ਗੁਲਾਬੀ ਨਹੀਂ ਰਹਿ ਗਿਆ ਸੀ । ਉਹ ਸੁੱਕ ਗਿਆ ਸੀ ਅਤੇ ਉਸ ਉੱਪਰ ਦੁੱਖ-ਮੁਸੀਬਤਾਂ ਦੀ ਛਾਪ ਸਾਫ਼ ਨਜ਼ਰ ਆਉਂਦੀ ਸੀ। ਚਿਹਰੇ ਦੀਆਂ ਬੂੰਦੀਆਂ ਤਾਂਬੇ ਦੇ ਪੁਰਾਣੇ ਸਿੱਕਿਆਂ ਵਰਗੀਆਂ ਲੱਗਦੀਆਂ ਸਨ।
ਕਮੀਸਾਰ ਇਸ ਸਿਪਾਹੀ ਨੂੰ ਗੌਰ ਨਾਲ ਦੇਖਦਾ ਅਤੇ ਸਿਰ ਹਿਲਾਉਂਦਾ। ਫਿਰ ਉਸ ਦੀ ਪਿਸਤੌਲ ਦੀ ਨਲੀ ਇਸ ਆਦਮੀ ਦੀ ਚਿਪਕੀ ਸੁੱਕੀ ਪੁੜਪੜੀ ਵਿੱਚ ਇੱਕ ਸੁਰਾਖ ਕਰ ਦਿੰਦੀ। ਇੱਕ ਕਾਲਾ ਜਿਹਾ ਅਤੇ ਲਗਭਗ ਖੂਨ-ਰਹਿਤ ਧੱਬਾ ਬਾਕੀ ਰਹਿ ਜਾਂਦਾ।
ਝਟਪਟ ਉਸ ਉੱਪਰ ਰੇਤ ਪਾ ਕੇ ਇਹ ਲੋਕ ਅੱਗੇ ਚੱਲ ਪੈਂਦੇ।
ਲੋਕਾਂ ਦੀਆਂ ਜੈਕਟਾਂ ਅਤੇ ਪਤਲੂਣਾਂ ਲੀਰ ਲੀਰ ਹੋ ਚੁੱਕੀਆਂ ਸਨ। ਬੂਟ ਟੁੱਟ ਕੇ ਰਾਹ ਵਿੱਚ ਡਿੱਗ ਗਏ ਸਨ। ਉਹਨਾਂ ਨੇ ਪੈਰਾਂ 'ਤੇ ਨਮਦੇ ਦੇ ਟੁਕੜੇ ਅਤੇ ਠੰਢ ਨਾਲ ਸੁੰਨ ਹੋਈਆਂ ਉਂਗਲਾਂ 'ਤੇ ਚੀਥੜੇ ਲਪੇਟ ਲਏ ਸਨ।
ਹੁਣ ਦਸ ਆਦਮੀ ਲੜਖੜਾਉਂਦੇ, ਹਵਾ ਦੇ ਬੁੱਲਿਆਂ ਵਿੱਚ ਡਗਮਗਾਉਂਦੇ ਹੋਏ ਅੱਗੇ ਵੱਧ ਰਹੇ ਸਨ।
ਹਾਂ, ਇੱਕ ਆਦਮੀ ਸੀ ਜੋ ਬਹੁਤ ਸ਼ਾਂਤ ਭਾਵ ਨਾਲ ਤਣ ਕੇ ਚੱਲ ਰਿਹਾ ਸੀ।
ਇਹ ਸੀ ਗਾਰਡ ਦਾ ਲੈਫਟੀਨੈਂਟ ਗੋਵੋਰੂਖਾ ਓਤ੍ਰੇਕ।
ਲਾਲ ਸੈਨਕਾਂ ਨੇ ਕਈ ਵਾਰ ਯੇਵਸੂਕੋਵ ਨੂੰ ਕਿਹਾ:
"ਸਾਥੀ ਕਮੀਸਾਰ ਕਦੋਂ ਤੱਕ ਇਸੇ ਤਰ੍ਹਾਂ ਇਹਨੂੰ ਨਾਲ ਨਾਲ ਲਟਕਾਈ ਫਿਰਾਂਗੇ ? ਬੇਕਾਰ ਹੀ ਇਸ ਨੂੰ ਵੀ ਖਵਾਉਣਾ ਪੈ ਰਿਹਾ ਹੈ। ਫਿਰ ਇਸ ਦੇ ਕੱਪੜੇ, ਇਸ ਦੇ ਬੂਟ ਵੀ ਵਧੀਆ ਹਨ, ਉਹਨਾਂ ਨੂੰ ਵੰਡਿਆ ਜਾ ਸਕਦਾ ਹੈ।"
ਪਰ ਯੇਵਸੂਕੋਵ ਨੇ ਬਹੁਤ ਸਖ਼ਤੀ ਨਾਲ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। "ਇਸ ਨੂੰ ਜਾਂ ਤਾਂ ਹੈੱਡ ਕੁਆਰਟਰ ਪਹੁੰਚਾਊਂਗਾ ਜਾਂ ਫਿਰ ਖੁਦ ਵੀ ਇਸ ਦੇ ਨਾਲ ਹੀ ਖਤਮ ਹੋ ਜਾਊਂਗਾ। ਉਹ ਬਹੁਤ ਸਾਰੀਆਂ ਗੱਲਾਂ ਦੱਸ ਸਕਦਾ ਹੈ। ਅਜਿਹੇ ਆਦਮੀ ਨੂੰ ਐਵੇਂ ਹੀ ਖਤਮ ਕਰ ਦੇਣਾ ਠੀਕ ਨਹੀਂ ਹੈ। ਉਸ ਨੂੰ ਜਾਇਜ਼ ਸਜ਼ਾ ਮਿਲੇਗੀ।"
ਲੈਫਟੀਨੈਂਟ ਦੀਆਂ ਕੂਹਣੀਆਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ ਅਤੇ ਰੱਸੀ ਦਾ ਦੂਜਾ ਸਿਰਾ ਮਰਿਊਤਕਾ ਦੇ ਲੱਕ ਨਾਲ। ਮਰਿਊਤਕਾ ਬਹੁਤ ਮੁਸ਼ਕਿਲ ਨਾਲ ਘਿਸੜਦੀ ਹੋਈ ਚੱਲ ਰਹੀ ਸੀ। ਉਸ ਦੇ ਲਹੂ-ਵਿਹੂਣੇ ਚਿਹਰੇ 'ਤੇ ਬਿੱਲੀ ਵਰਗੀਆਂ ਪੀਲੀਆਂ ਅਤੇ ਚਮਕਦੀਆਂ ਅੱਖਾਂ ਹੁਣ ਹੋਰ ਵੀ ਜ਼ਿਆਦਾ ਵੱਡੀਆਂ ਵੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ।
ਪਰ ਲੈਫਟੀਨੈਂਟ ਇਸ ਤੋਂ ਬੇਖ਼ਬਰ ਸੀ। ਹਾਂ ਉਸ ਦੇ ਚਿਹਰੇ ਦਾ ਰੰਗ ਜ਼ਰੂਰ ਕੁਝ ਫਿੱਕਾ ਪੈ ਗਿਆ ਸੀ। ਯੇਵਸੂਕੋਵ ਇੱਕ ਦਿਨ ਲੈਫਟੀਨੈਂਟ ਕੋਲ ਗਿਆ। ਉਸ ਨੇ ਉਸ ਦੀਆਂ ਡੂੰਘੀਆਂ ਨੀਲੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਅਤੇ ਬੜੀ ਮੁਸ਼ਕਿਲ ਨਾਲ ਕਿਹਾ: "ਸ਼ੈਤਾਨ ਹੀ ਜਾਣਦਾ ਹੈ ਤੈਨੂੰ! ਤੂੰ ਆਦਮੀ ਹੈ ਜਾਂ ਕੁਝ ਹੋਰ ? ਸਰੀਰ 'ਤੇ ਮਾਸ ਨਹੀਂ ਪਰ ਤਾਕਤ ਦੋ ਦੇ ਬਰਾਬਰ। ਕਿੱਥੋਂ ਆਈ ਤੇਰੇ 'ਚ ਐਨੀ ਤਾਕਤ ?"
ਲੈਫਟੀਨੈਂਟ ਦੇ ਬੁੱਲ੍ਹਾਂ 'ਤੇ ਹਮੇਸ਼ਾ ਵਾਂਗ ਖਿਝਾਉਣ ਵਾਲੀ ਮੁਸਕਾਨ ਫੈਲ ਗਈ। ਉਸ ਨੇ ਸ਼ਾਂਤ ਭਾਵ ਨਾਲ ਜਵਾਬ ਦਿੱਤਾ:
"ਤੇਰੇ ਸਮਝ 'ਚ ਨਹੀਂ ਆਉਣੀ ਇਹ ਗੱਲ। ਸੱਭਿਆਚਾਰ ਦਾ ਫ਼ਰਕ ਹੈ । ਤੁਹਾਡੀ ਆਤਮਾ ਤੁਹਾਡੇ ਸਰੀਰ ਦੀ ਗੁਲਾਮ ਹੈ ਅਤੇ ਮੇਰਾ ਸਰੀਰ ਮੇਰੀ ਆਤਮਾ ਦੇ ਇਸ਼ਾਰੇ 'ਤੇ ਚੱਲਦਾ ਹੈ। ਮੈਂ ਆਪਣੇ ਸਰੀਰ ਨੂੰ ਸਭ ਕੁਝ ਸਹਿਣ ਕਰਨ ਦਾ ਹੁਕਮ ਦੇ ਸਕਦਾ ਹਾਂ।"
"ਤਾਂ ਇਹ ਗੱਲ ਹੈ।" ਕਮੀਸਾਰ ਨੇ ਸ਼ਬਦਾਂ 'ਤੇ ਜ਼ੋਰ ਦੇ ਕੇ ਕਿਹਾ।
ਦੋਨਾਂ ਪਾਸੇ ਰੇਤਲੀਆਂ ਪਹਾੜੀਆਂ ਸਿਰ ਚੁੱਕੀ ਖੜ੍ਹੀਆਂ ਸਨ- ਨਰਮ ਨਰਮ, ਢਾਲ ਵਾਲੀਆਂ ਅਤੇ ਲਹਿਰਾਉਂਦੀਆਂ ਹੋਈਆਂ। ਇਹਨਾਂ ਦੀਆਂ ਚੋਟੀਆਂ 'ਤੇ ਰੇਤ ਸੱਪਾਂ ਵਾਂਗ ਤੇਜ਼ ਹਵਾ ਵਿੱਚ ਸਰਸਰਾ ਅਤੇ ਲਹਿਰਾ ਰਹੀ ਸੀ। ਜਾਪਦਾ ਸੀ ਕਿ ਮਾਰੂਥਲ ਦਾ ਕਦੇ ਅੰਤ ਨਹੀਂ ਹੋਵੇਗਾ।
ਕਦੇ ਨਾ ਕਦੇ ਕੋਈ ਨਾ ਕੋਈ ਦੰਦ ਮੀਚ ਕੇ ਰੇਤ 'ਤੇ ਡਿੱਗ ਪੈਂਦਾ। ਉਹ ਨਿਰਾਸ਼ ਹੋ ਕੇ ਗਿੜਗਿੜਾਉਂਦਾ
"ਹੁਣ ਹੋਰ ਅੱਗੇ ਨਹੀਂ ਚੱਲ ਹੁੰਦਾ। ਮੈਨੂੰ ਇੱਥੇ ਹੀ ਛੱਡ ਦਿਓ। ਹੋਰ ਹਿੰਮਤ ਨਹੀਂ ਰਹੀ।"
ਯੇਵਸੂਕੋਵ ਉਸਦੇ ਕਰੀਬ ਜਾਂਦਾ, ਡਾਂਟਦਾ-ਝਾੜਦਾ ਅਤੇ ਧੱਕਦਾ ਹੋਇਆ ਕਹਿੰਦਾ- "ਚੱਲ ਅੱਗੇ! ਇਨਕਲਾਬ ਨੂੰ ਪਿੱਠ ਦਿਖਾਉਂਦਿਆਂ ਸ਼ਰਮ ਨਹੀਂ ਆਉਂਦੀ ?''
ਇਹ ਲੋਕ ਜਿਵੇਂ ਕਿਵੇਂ ਉੱਠਦੇ। ਅੱਗੇ ਚੱਲ ਪੈਂਦੇ। ਇੱਕ ਦਿਨ ਇੱਕ ਸਿਪਾਹੀ ਰੀਂਘਦਾ ਹੋਇਆ ਇੱਕ ਪਹਾੜੀ ਦੀ ਚੋਟੀ 'ਤੇ ਚੜ੍ਹਿਆ ਅਤੇ ਆਪਣਾ ਸੁੱਕਿਆ ਹੋਇਆ ਸਿਰ ਘੁਮਾ ਕੇ ਚੀਕ ਪਿਆ:
"ਭਰਾਵੋ ਅਰਾਲ।"
ਇੰਨਾ ਕਹਿ ਕੇ ਉਹ ਮੂੰਹ ਭਾਰ ਡਿੱਗ ਪਿਆ। ਯੇਵਸੂਕੋਵ ਆਪਣੀ ਬਚੀ ਖੁਚੀ ਤਾਕਤ ਇਕੱਠੀ ਕਰ ਕੇ ਪਹਾੜੀ 'ਤੇ ਚੜ੍ਹਿਆ ਉਸ ਨੇ ਆਪਣੀਆਂ ਫੁੱਲੀਆਂ ਹੋਈਆਂ ਅੱਖਾ ਦੇ ਸਾਹਮਣੇ ਚਕਾਚੌਂਧ ਕਰਦੀ ਹੋਈ ਨੀਲੱਤਣ ਦੇਖੀ। ਉਸ ਨੇ ਅੱਖਾਂ ਮੀਟ ਲਈਆਂ ਅਤੇ ਆਪਣੀਆਂ ਟੇਢੀਆਂ ਉਂਗਲੀਆਂ ਨਾਲ ਰੇਤ ਖੁਰਚਣ ਲੱਗਿਆ।
ਕਮੀਸਾਰ ਨੇ ਕੰਲੋਬਸ ਦਾ ਨਾਮ ਨਹੀਂ ਸੁਣਿਆ ਸੀ। ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ "ਜ਼ਮੀਨ ।" ਸ਼ਬਦ ਸੁਣ ਕੇ ਸਪੇਨੀ ਮਲਾਹ ਵੀ ਆਪਣੀਆਂ ਉਂਗਲੀਆਂ ਨਾਲ ਇਸੇ ਤਰ੍ਹਾਂ ਜਹਾਜ਼ ਦੇ ਡੈੱਕ ਨੂੰ ਖੁਰਚਣ ਲੱਗਦੇ ਸਨ।
ਚੌਥਾ ਕਾਂਡ
ਜਿਸ ਵਿੱਚ ਮਰਿਊਤਕਾ ਪਹਿਲੀ ਵਾਰ ਲੈਫਟੀਨੈਂਟ ਨਾਲ ਗੱਲਬਾਤ ਕਰਦੀ ਹੈ ਅਤੇ ਕਮੀਸਾਰ ਇੱਕ ਸਮੁੰਦਰੀ ਮੁਹਿੰਮ ਦਲ ਭੇਜਦਾ ਹੈ।
ਦੂਜੇ ਦਿਨ ਤੱਟ 'ਤੇ ਵਸੀ ਕਿਰਗਿਜ਼ਾਂ ਦੀ ਇੱਕ ਬਸਤੀ ਦਿਖਾਈ ਦਿੱਤੀ।
ਇਸ ਦੀ ਪਹਿਲੀ ਨਿਸ਼ਾਨੀ ਸੀ ਪਾਥੀਆਂ ਦੇ ਧੂੰਏ ਦੀ ਤੇਜ਼ ਗੰਧ, ਜੋ ਰੇਤਲੀਆਂ ਪਹਾੜੀਆਂ ਵੱਲੋਂ ਆ ਰਹੀ ਸੀ । ਲੋਕਾਂ ਦੇ ਖ਼ਾਲੀ ਢਿੱਡਾਂ ਵਿੱਚ ਬੇਤਹਾਸ਼ਾ ਚੂਹੇ ਨੱਚਣ ਲੱਗੇ।
ਫਿਰ ਉਹਨਾਂ ਨੂੰ ਮਕਾਨਾਂ ਦੇ ਅਧਮੈਲੇ ਗੁੰਬਦ ਦਿਖਾਈ ਦਿੱਤੇ। ਛੋਟੇ-ਛੋਟੇ ਕੱਦ ਵਾਲੇ, ਜੱਤਲ ਕੁੱਤੇ ਭੌਂਕਦੇ ਹੋਏ ਉਹਨਾਂ ਵੱਲ ਦੌੜੇ।
ਕਿਰਗਿਜ਼ ਆਪਣੇ ਆਪਣੇ ਘਰਾਂ ਦੇ ਦਰਵਾਜਿਆਂ 'ਤੇ ਜਮ੍ਹਾ ਹੋ ਗਏ। ਉਹ ਚੱਲਦੇ ਫਿਰਦੇ ਮਨੁੱਖੀ ਪਿੰਜਰਾਂ ਨੂੰ ਤਰਸ ਅਤੇ ਹੈਰਾਨੀ ਦੀ ਨਜ਼ਰ ਨਾਲ ਵੇਖ ਰਹੇ ਸਨ।
ਮਿੱਡੇ ਨੱਕ ਵਾਲਾ ਇੱਕ ਬੁੱਢਾ ਆਪਣੀ ਬੱਕਰੇ ਵਰਗੀ ਦਾੜੀ ਸਹਿਲਾਉਂਦਾ ਅਤੇ ਫਿਰ ਛਾਤੀ 'ਤੇ ਹੱਥ ਫੇਰਦਾ ਹੋਇਆ ਬੋਲਿਆ:
"ਸਲਾਮ-ਆ-ਲੇਕੁਮ! ਕਿੱਧਰ ਜਾ ਰਹੇ ਹੋ ਜਵਾਨੋ ?"
ਯੇਵਸੂਕੋਵ ਨੇ ਹੌਲੀ ਜਿਹੇ ਹੱਥ ਮਿਲਾਇਆ।
"ਅਸੀ ਲਾਲ ਫੌਜ ਦੇ ਸਿਪਾਹੀ ਹਾਂ। ਕਜਾਲੀਨਸਕ ਜਾ ਰਹੇ ਹਾਂ। ਕ੍ਰਿਪਾ ਕਰਕੇ ਸਾਨੂੰ ਘਰ ਲਿਜਾ ਕੇ ਖਾਣਾ ਖਵਾ ਦਿਓ। ਸੋਵੀਅਤ ਇਹਦੇ ਲਈ ਤੁਹਾਡੀ ਰਿਣੀ ਰਹੇਗੀ।"
ਕਿਰਗਿਜ਼ ਨੇ ਆਪਣੀ ਬੱਕਰ ਦਾੜ੍ਹੀ ਹਿਲਾਈ ਅਤੇ ਬੁੱਲ੍ਹ ਚੱਬੇ।
"ਅਰੇ ਹਜ਼ੂਰ.... ਲਾਲ ਸਿਪਾਹੀ। ਬਾਲਸ਼ਵਿਕ ਕੇਂਦਰ ਤੋਂ ਆਏ ਹੋ ?"
"ਨਹੀਂ, ਬਾਬਾ। ਕੇਂਦਰ ਤੋਂ ਨਹੀਂ, ਗੁਰਯੇਵ ਤੋਂ ਆ ਰਹੇ ਹਾਂ ।"
"ਗੁਰਯੇਵ ਤੋਂ ? ਓ ਹਜੂਰ, ਓ ਹਜ਼ੂਰ ਕਰਾਕੁਮ ਨੂੰ ਪਾਰ ਕਰਕੇ ਆਏ ਹੋ ?"
ਕਿਰਗਿਜ਼ ਦੀਆਂ ਤਿਰਛੀਆਂ ਅੱਖਾਂ ਵਿੱਚ ਇਸ ਫਿੱਕੇ ਪਏ ਗੁਲਾਬੀ ਵਿਅਕਤੀ ਲਈ ਆਦਰ ਅਤੇ ਭੈਅ ਦੀ ਭਾਵਨਾ ਚਮਕ ਉੱਠੀ, ਜੋ ਫਰਵਰੀ ਮਹੀਨੇ ਦੀਆਂ ਬਰਫ਼ੀਲੀਆਂ ਹਵਾ ਨਾਲ ਲੋਹਾ ਲੈਂਦਾ ਹੋਇਆ ਕਰਾਕੁਮ ਦਾ ਭਿਆਨਕ ਮਾਰੂਥਲ ਪੈਦਲ ਪਾਰ ਕਰਕੇ ਗੁਰਯੇਵ ਤੋਂ ਅਰਾਲ ਸਾਗਰ ਪਹੁੰਚਿਆ ਸੀ।
ਬੁੱਢੇ ਨੇ ਤਾੜੀ ਮਾਰੀ। ਕੁਝ ਔਰਤਾਂ ਭੱਜਦੀਆਂ ਹੋਈਆਂ ਆਈਆ। ਬੁੱਢੇ ਨੇ ਹੌਲੀ ਜਿਹੇ ਉਹਨਾਂ ਨੂੰ ਕੋਈ ਹੁਕਮ ਦਿੱਤਾ।
ਉਸ ਨੇ ਕਮੀਸਾਰ ਦੀ ਬਾਂਹ ਫੜੀ।
"ਚਲੋ ਜਵਾਨ ਅੰਦਰ! ਥੋੜ੍ਹਾ ਜਿਹਾ ਸੌਂ ਲਓ! ਫਿਰ ਉੱਠ ਕੇ ਪੁਲਾਓ ਖਾਣਾ।"
ਸਿਪਾਹੀ ਘਰ ਅੰਦਰ ਲਾਸ਼ਾਂ ਵਾਂਗੂ ਜਾ ਡਿੱਗੇ ਅਤੇ ਇਸ ਤਰ੍ਹਾਂ ਸੁੱਤੇ ਕਿ ਰਾਤ ਹੋਣ ਤੱਕ ਉਹਨਾਂ ਨੇ ਪਾਸਾ ਵੀ ਨਾ ਬਦਲਿਆ। ਕਿਰਗਿਜ਼ਾ ਨੇ ਪੁਲਾਓ ਤਿਆਰ ਕੀਤਾ ਅਤੇ ਮਹਿਮਾਨਾਂ ਨੂੰ ਖਵਾਇਆ। ਉਹਨਾਂ ਨੇ ਸਿਪਾਹੀਆਂ ਦੇ ਮੋਢਿਆਂ ਦੀਆਂ ਉੱਭਰੀਆਂ ਹੋਈਆਂ ਹੱਡੀਆਂ ਨੂੰ ਹਮਦਰਦੀ ਨਾਲ ਥਪਥਪਾਇਆ।
"ਖਾਓ, ਜਵਾਨੋ, ਖਾਓ! ਤੁਸੀਂ ਸੁੱਕ ਹੀ ਗਏ ਹੋ! ਖਾਓ, ਤਕੜੇ ਹੋ ਜਾਓਗੇ!”
ਇਹ ਲੋਕ ਖਾਣੇ 'ਤੇ ਬਸ ਟੁੱਟ ਹੀ ਪਏ। ਚਰਬੀ ਵਾਲੇ ਪੁਲਾਓ ਨਾਲ ਇਹਨਾਂ ਦੇ ਢਿੱਡ ਫੁੱਲ ਗਏ ਅਤੇ ਬਹੁਤਿਆਂ ਦੀ ਤਾਂ ਤਬੀਅਤ ਵੀ ਖ਼ਰਾਬ ਹੋ ਗਈ। ਉਹ ਭੱਜ ਕੇ ਮੈਦਾਨ ਵਿੱਚ ਜਾਂਦੇ, ਤਬੀਅਤ ਹਲਕੀ ਕਰਦੇ ਅਤੇ ਮੁੜ ਕੇ ਫਿਰ ਖਾਣ ਲੱਗਦੇ। ਉਹਨਾਂ ਦੇ ਢਿੱਡ ਫਿਰ ਭਰ ਗਏ, ਸਰੀਰ ਗਰਮ ਹੋ ਗਏ ਅਤੇ ਫਿਰ ਉਹ ਸੌਂ ਗਏ।
ਪਰ ਮਰਿਊਤਕਾ ਅਤੇ ਲੈਫਟੀਨੈਂਟ ਨਹੀਂ ਸੁੱਤੇ।
ਮਰਿਊਤਕਾ ਅੰਗੀਠੀ ਵਿੱਚ ਬਲਦੇ ਕੋਲਿਆਂ ਕੋਲ ਬੈਠੀ ਸੀ। ਉਹ ਬੀਤੀਆਂ ਮੁਸੀਬਤਾਂ ਨੂੰ ਭੁੱਲ ਚੁੱਕੀ ਸੀ।
ਉਹਨੇ ਆਪਣੇ ਥੈਲੇ 'ਚੋਂ ਪੈਨਸਲ ਦਾ ਇੱਕ ਟੁਕੜਾ ਕੱਢਿਆ ਅਤੇ ਚਿੱਤਰਾਂ ਵਾਲੇ ਮਾਸਿਕ 'ਨਵਾਂ ਜ਼ਮਾਨਾ' ਦੇ ਇੱਕ ਸਫੇ 'ਤੇ ਕੁਝ ਅੱਖਰ ਲਿਖੇ। ਇਹ ਰਸਾਲਾ ਉਹਨੇ ਇੱਕ ਕਿਰਗਿਜ਼ ਔਰਤ ਤੋਂ ਮੰਗ ਲਿਆ ਸੀ। ਇਸ ਦੇ ਇੱਕ ਪੂਰੇ ਦੇ ਪੂਰੇ ਸਫ਼ੇ 'ਤੇ ਵਿੱਤ ਮੰਤਰੀ ਕਾਉਂਟ ਕੋਕੋਵਤਸੇਵ ਦਾ ਚਿੱਤਰ ਛਪਿਆ ਹੋਇਆ ਸੀ। ਮਰਿਊਤਕਾ ਨੇ ਕਾਉਂਟ ਦੇ ਚੌੜੇ ਮੱਥੇ ਅਤੇ ਸੁਨਹਿਰੀ ਦਾੜੀ 'ਤੇ ਟੇਢੇ-ਮੇਢੇ ਅੱਖਰ ਲਿਖੇ।
ਰੱਸੀ ਅਜੇ ਵੀ ਮਰਿਊਤਕਾ ਦੇ ਲੱਕ ਨਾਲ ਬੰਨ੍ਹੀ ਹੋਈ ਸੀ ਅਤੇ ਉਸ ਦੇ ਦੂਜੇ ਸਿਰੇ ਨੇ ਪਿੱਠ ਪਿੱਛੇ ਬੰਨ੍ਹੇ ਹੋਏ ਲੈਫਟੀਨੈਂਟ ਦੇ ਹੱਥਾਂ ਨੂੰ ਕਸਿਆ ਹੋਇਆ ਸੀ।
ਮਰਿਊਤਕਾ ਨੇ ਕੇਵਲ ਇੱਕ ਘੰਟੇ ਲਈ ਉਸ ਦੇ ਹੱਥ ਖੋਲ੍ਹੇ ਸਨ ਤਾਂ ਕਿ ਉਹ ਪੁਲਾਓ ਖਾ ਸਕੇ। ਇਸ ਤੋਂ ਬਾਅਦ ਉਸ ਨੇ ਲੈਫਟੀਨੈਂਟ ਦੇ ਹੱਥ ਫਿਰ ਕੱਸ ਕੇ ਬੰਨ੍ਹ ਦਿੱਤੇ।
ਲਾਲ ਫੌਜ ਦੇ ਸਿਪਾਹੀ ਮਜ਼ਾਕ ਕਰਦੇ:
"ਬਿਲਕੁਲ ਇੱਦਾਂ, ਜਿਵੇਂ ਸੰਗਲੀ ਨਾਲ ਕੁੱਤਾ ਬੰਨ੍ਹਿਆ ਹੋਵੇ।"
"ਮਰਿਊਤਕਾ, ਲੱਗਦਾ ਹੈ ਤੂੰ ਤਾਂ ਦਿਲ ਦੇ ਬੈਠੀ ਹੈਂ ?" ਬੰਨ੍ਹ ਕੇ ਰੱਖ ਆਪਣੇ ਪ੍ਰੇਮੀ ਨੂੰ। ਕਿਤੇ ਅਜਿਹਾ ਨਾ ਹੋਵੇ ਕਿ ਪਰੀ ਦੇਸ਼ ਦੀ ਕੋਈ ਰਾਜਕੁਮਾਰੀ ਉੱਡਣ-ਖਟੋਲੇ 'ਤੇ ਉੱਡਦੀ ਹੋਈ ਆਵੇ ਅਤੇ ਤੇਰੇ ਚੰਨ ਨੂੰ ਉਡਾ ਕੇ ਲੈ ਜਾਏ।
ਮਰਿਊਤਕਾ ਚੁੱਪ ਧਾਰੀ ਰੱਖਦੀ।
ਲੈਫਟੀਨੈਂਟ ਘਰ ਅੰਦਰ ਗੱਡੇ ਇੱਕ ਬਾਂਸ ਨਾਲ ਪਿੱਠ ਲਾਈ ਬੈਠਾ ਸੀ। ਉਸ ਦੀਆਂ ਨੀਲੀਆਂ ਅੱਖਾਂ ਹੌਲੀ ਹੌਲੀ ਹਿੱਲਣ-ਜੁੱਲਣ ਵਾਲੀ ਪੈਨਸਲ ਨੂੰ ਬੜੇ ਧਿਆਨ ਨਾਲ ਦੇਖ ਰਹੀਆਂ ਸਨ।
ਅੱਗੇ ਵੱਲ ਝੁਕਦੇ ਹੋਏ ਉਸ ਨੇ ਪੁੱਛਿਆ
"ਕੀ ਲਿਖ ਰਹੀ ਏਂ ?"
ਮਰਿਊਤਕਾ ਨੇ ਆਪਣੀ ਲਟਕਦੀ ਹੋਈ ਲਾਲ ਜੁਲਫ਼ ਵਿੱਚੋਂ ਉਸ 'ਤੇ ਇੱਕ ਨਜ਼ਰ ਸੁੱਟੀ ਅਤੇ ਕਿਹਾ:
"ਤੈਨੂੰ ਕੀ ਮਤਲਬ?"
"ਸ਼ਾਇਦ ਤੂੰ ਚਿੱਠੀ ਲਿਖਣਾ ਚਾਹੁੰਦੀ ਏਂ ? ਤੂੰ ਬੋਲ ਦੇ, ਮੈਂ ਲਿਖ ਦਿਆਂਗਾ।"
ਮਰਿਊਤਕਾ ਜ਼ਰਾ ਹੱਸ ਪਈ।
"ਬਹੁਤ ਚਲਾਕ ਬਣਦੈਂ ? ਮਤਲਬ ਕਿ ਤੇਰੇ ਹੱਥ ਖੋਲ੍ਹ ਦਿਆਂ, ਤੂੰ ਮੈਨੂੰ ਇੱਕ ਮਾਰੇਂ ਅਤੇ ਨੌਂ ਦੋ ਗਿਆਰਾ ਹੋ ਜਾਵੇ ? ਐਨੀ ਬੁੱਧੂ ਨਾ ਸਮਝ ਮੈਨੂੰ! ਤੇਰੀ ਮਦਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਕਵਿਤਾ ਲਿਖ ਰਹੀ ਹਾਂ ।"
ਲੈਫਟੀਨੈਂਟ ਦੀਆਂ ਪਲਕਾਂ ਹੈਰਾਨੀ ਨਾਲ ਫੈਲ ਗਈਆਂ। ਉਹਨੇ ਬਾਂਸ ਨਾਲੋਂ ਪਿੱਠ ਹਟਾਈ।
"ਕ-ਵਿ-ਤਾ ? ਤੂੰ ਕਵਿਤਾ ਲਿਖਦੀ ਏਂ ?"
ਮਰਿਊਤਕਾ ਨੇ ਪੈਨਸਲ ਚਲਾਉਣੀ ਬੰਦ ਕੀਤੀ ਅਤੇ ਸ਼ਰਮ ਨਾਲ ਲਾਲ ਹੋ ਗਈ।
"ਘੂਰ ਕੀ ਰਿਹੈਂ ? ਤੂੰ ਕੀ ਸਮਝਣਾ ਏਂ ਕਿ ਬਸ ਤੂੰ ਹੀ ਬੜਾ ਹਜ਼ਰਤ ਏਂ ਜਿਹਨੂੰ ਮਜੂਰਕਾ ਨਾਚ ਨੱਚਣਾ ਆਉਂਦਾ ਹੈ ਤੇ ਮੈਂ ਬੇਵਕੂਫ ਪੇਂਡੂ ਕੁੜੀ ਹਾਂ। ਤੇਰੇ ਤੋਂ ਜ਼ਿਆਦਾ ਬੇਵਕੂਫ ਨਹੀਂ ਹਾਂ।"
ਲੈਫਟੀਨੈਂਟ ਨੇ ਮੋਢੇ ਝਟਕੇ ਪਰ ਉਸ ਦੇ ਹੱਥ ਨਹੀਂ ਹਿੱਲੇ।
"ਮੈਂ ਤੈਨੂੰ ਬੇਵਕੂਫ ਨਹੀਂ ਸਮਝਦਾ। ਸਿਰਫ਼ ਹੈਰਾਨ ਹੋ ਰਿਹਾ ਹਾਂ। ਕਵਿਤਾ ਲਿਖਣ ਭਲਾ ਅੱਜ ਕੱਲ੍ਹ ਕਿਹੜਾ ਸਮਾਂ ਹੈ ?"
ਮਰਿਊਤਕਾ ਨੇ ਪੈਨਸਲ ਇੱਕ ਪਾਸੇ ਰੱਖ ਦਿੱਤੀ ਅਤੇ ਝਟਕੇ ਨਾਲ ਸਿਰ ਉੱਪਰ ਚੁੱਕਿਆ। ਉਸ ਦੇ ਲਾਲ ਰੰਗ ਦੇ ਵਾਲ ਮੋਢਿਆਂ 'ਤੇ ਫੈਲ ਗਏ।
"ਸੱਚਮੁੱਚ ਬੜਾ ਹੀ ਅਜੀਬ ਆਦਮੀ ਏਂ ਤੂੰ। ਤੂੰ ਸ਼ਾਇਦ ਇਹੀ ਸਮਝਦਾ ਹੈ ਕਿ ਰੂੰ ਦੇ ਨਰਮ ਨਰਮ ਬਿਸਤਰ 'ਤੇ ਲੇਟ ਕੇ ਹੀ ਕਵਿਤਾ ਲਿਖੀ ਜਾ ਸਕਦੀ ਹੈ? ਪਰ ਜੇ ਮੇਰੀ ਆਤਮਾ ਬੇਚੈਨ ਹੋਵੇ ਤਾਂ ? ਕਿਵੇਂ ਅਸੀਂ ਭੁੱਖੇ ਢਿੱਡ ਅਤੇ ਠੰਢ ਨਾਲ ਕੰਬਦੇ ਹੋਏ ਮਾਰੂਥਲ ਪਾਰ ਕੀਤਾ, ਮੈਂ ਇਸ ਨੂੰ ਸ਼ਬਦਾਂ ਵਿੱਚ ਜ਼ਾਹਰ ਕਰਨ ਦੇ ਸੁਪਨੇ ਦੇਖਦੀ ਹਾਂ। ਕਾਸ਼, ਮੈਂ ਲੋਕਾਂ ਦੇ ਦਿਲਾਂ ਤੱਕ ਆਪਣੀ ਗੱਲ ਪਹੁੰਚਾ ਸਕਦੀ । ਮੈਂ ਤਾਂ ਆਪਣੇ ਦਿਲ ਦੇ ਲਹੂ ਨਾਲ ਕਵਿਤਾ ਰਚਦੀ ਹਾਂ, ਪਰ ਕੋਈ ਛਾਪਦਾ ਹੀ ਨਹੀਂ। ਕਹਿੰਦੇ ਨੇ ਕਿ ਮੈਨੂੰ ਪੜ੍ਹਨਾ ਚਾਹੀਦਾ ਹੈ। ਪਰ ਪੜ੍ਹਨ ਦਾ ਵਕਤ ਹੀ ਕਿੱਥੇ ਹੈ? ਮੈਂ ਤਾਂ ਸਿੱਧੇ ਸਾਦੇ ਢੰਗ ਨਾਲ ਆਪਣੇ ਦਿਲ ਦੀ ਗੱਲ ਲਿਖਦੀ ਹਾਂ।"
ਲੈਫਟੀਨੈਂਟ ਜ਼ਰਾ ਕੁ ਮੁਸਕਰਾਇਆ।
"ਸੁਣਾਓ ਤਾਂ। ਬਹੁਤ ਜਗਿਆਸਾ ਹੈ ਮੈਨੂੰ । ਮੈਂ ਕਵਿਤਾ ਨੂੰ ਥੋੜ੍ਹਾ-ਬਹੁਤ ਸਮਝਦਾ
ਹਾਂ।“
"ਤੇਰੀ ਸਮਝ 'ਚ ਨਹੀਂ ਆਉਣੀ ਇਹ। ਤੇਰੀਆਂ ਨਸਾਂ ਵਿੱਚ ਅਮੀਰਾਂ ਦਾ ਖੂਨ ਹੈ, ਬਹੁਤ ਚਿਕਨਾ ਚਿਕਨਾ । ਤੁਸੀਂ ਫੁੱਲਾਂ ਅਤੇ ਖੂਬਸੂਰਤ ਔਰਤਾਂ ਬਾਰੇ ਲਿਖੀਆਂ ਕਵਿਤਾਵਾਂ ਪਸੰਦ ਕਰਦੇ ਹੋ ਅਤੇ ਮੈਂ ਲਿਖਦੀ ਹਾਂ ਗਰੀਬਾਂ ਬਾਰੇ, ਇਨਕਲਾਬ ਦੇ ਸਬੰਧ ਵਿੱਚ," ਮਰਿਊਤਕਾ ਨੇ ਦੁਖੀ ਹੁੰਦਿਆਂ ਕਿਹਾ।
"ਸਮਝੂੰਗਾ ਕਿਉਂ ਨਹੀਂ ?" ਲੈਫਟੀਨੈਂਟ ਨੇ ਜਵਾਬ ਦਿੱਤਾ। 'ਹੋ ਸਕਦਾ ਹੈ ਕਿ ਉਹਨਾਂ ਦੀ ਵਿਸ਼ਾ-ਵਸਤੂ ਮੇਰੀ ਲਈ ਪਰਾਈ ਹੋਵੇ, ਪਰ ਆਦਮੀ ਆਦਮੀ ਨੂੰ ਸਮਝ ਤਾਂ ਸਕਦਾ ਹੀ ਏ।"
ਮਰਿਊਤਕਾ ਨੇ ਕੁਝ ਝਿਜਕਦੇ ਹੋਏ ਕੋਕੋਵਤਸੇਵ ਦਾ ਚਿੱਤਰ ਪਲਟਿਆ ਅਤੇ ਅੱਖਾਂ ਝੁਕਾ ਲਈਆਂ।
"ਖੈਰ, ਚਾਹੁੰਦੇ ਹੋ ਤਾਂ ਸੁਣੋ। ਪਰ ਹੱਸਣਾ ਨਹੀਂ। ਤੇਰੇ ਬਾਪ ਨੇ ਤਾਂ 20 ਸਾਲ ਦੀ ਉਮਰ ਤੱਕ ਤੇਰੀ ਦੇਖਭਾਲ ਲਈ ਦਾਈ ਰੱਖੀ ਹੋਣੀ ਹੈ। ਪਰ ਮੈਂ ਤਾਂ ਆਪਣੇ ਬਲਬੂਤੇ 'ਤੇ ਹੀ ਇਸ ਉਮਰ ਤੱਕ ਪਹੁੰਚੀ ਹਾਂ।"
"ਨਹੀਂ ਹੱਸਦਾ। ਕਸਮ ਨਾਲ।"
"ਤਾਂ ਸੁਣ। ਮੈਂ ਸਭ ਕੁਝ ਹੀ ਕਵਿਤਾ ਵਿੱਚ ਲਿਖ ਦਿੱਤਾ ਹੈ। ਕਿਵੇਂ ਅਸੀਂ ਕਜ਼ਾਕਾਂ ਨਾਲ ਜੂਝੇ, ਕਿਵੇਂ ਬਚ ਕੇ ਮਾਰੂਥਲ ਪਹੁੰਚੇ।" ਮਰਿਊਤਕਾ ਨੇ ਖੰਘੂਰਾ ਮਾਰ ਕੇ ਗਲ ਸਾਫ਼ ਕੀਤਾ। ਉਹਨੇ ਨੀਵੀਂ ਅਵਾਜ਼ ਵਿੱਚ ਸ਼ਬਦਾਂ 'ਤੇ ਜ਼ੋਰ ਦੇ ਕੇ ਕਵਿਤਾ ਪਾਠ ਸ਼ੁਰੂ ਕੀਤਾ। ਉਹ ਭਿਆਨਕ ਢੰਗ ਨਾਲ ਆਪਣੀਆਂ ਅੱਖਾਂ ਮਟਕਾ ਰਹੀ ਸੀ।
ਆਏ, ਆਏ ਸਾਡੇ 'ਤੇ ਕਜ਼ਾਕ ਚੜ੍ਹ ਕੇ,
ਲਿਆ ਅਸੀਂ ਉਹਨਾਂ ਨਾਲ ਲੋਹਾ ਡਟ ਕੇ।
ਦੁਸ਼ਮਣਾਂ ਦੀ ਸੰਖਿਆ ਸੀ ਬੜੀ ਭਾਰੀ,
ਅਸੀਂ ਬਾਜ਼ੀ ਜਿੱਤੀ, ਪਰ ਫੇਰ ਹਾਰੀ।
ਰੱਖ ਕੇ ਤਲੀ ਉੱਤੇ ਸੀਸ ਅਸੀਂ ਲੜੇ,
ਥੋੜ੍ਹੇ ਸੀ ਅਸੀਂ, ਪਰ ਫਿਰ ਵੀ ਅੜੇ।
ਤੇਈ ਅਸੀਂ ਬਚੇ, ਬਾਕੀ ਗਏ ਮਾਰੇ।
ਮੋਰਚੇ ਤੋਂ ਹਟੇ ਅਸੀਂ, ਇਸ ਤਰਾਂ ਹਾਰੇ।
"ਬਸ ਇਸ ਤੋਂ ਅੱਗੇ ਇਹ ਕਵਿਤਾ ਕਿਸੇ ਤਰ੍ਹਾਂ ਵਧ ਹੀ ਨਹੀਂ ਰਹੀ, ਮੱਛੀ ਦਾ ਹੈਜ਼ਾ। ਸਮਝ ਨਹੀਂ ਆਉਂਦਾ ਕਿ ਊਠਾਂ ਦਾ ਜ਼ਿਕਰ ਕਿਵੇਂ ਕਰਾਂ ?" ਮਰਿਊਤਕਾ ਨੇ ਪ੍ਰੇਸ਼ਾਨ ਹੁੰਦਿਆਂ ਕਿਹਾ।
ਲੈਫਟੀਨੈਂਟ ਦੀਆਂ ਨੀਲੀਆਂ ਅੱਖਾਂ ਤਾਂ ਪਰਛਾਵੇਂ ਵਿੱਚ ਸਨ, ਕੇਵਲ ਅੱਖਾਂ ਦੀ ਸਫੇਦੀ 'ਤੇ ਅੰਗੀਠੀ ਦੀ ਚਮਕਦੀ ਅੱਗ ਦੀ ਝਲਕ ਪੈ ਰਹੀ ਸੀ। ਉਸ ਨੇ ਕੁਝ ਦੇਰ ਬਾਅਦ
ਕਿਹਾ:
"ਹਾਂ... ਕਾਫ਼ੀ ਵਧੀਆ ਹੈ। ਬਹੁਤ ਸਾਰੇ ਅਨੁਭਵ ਹਨ, ਭਾਵਨਾਵਾਂ ਹਨ। ਸਮਝੀ ਨਾ ? ਸਾਫ਼ ਪਤਾ ਲੱਗਦਾ ਹੈ ਕਿ ਦਿਲ ਦੀ ਡੂੰਘਾਈ 'ਚੋਂ ਨਿਕਲੀਆਂ ਪੰਕਤੀਆਂ ਹਨ।" ਐਨਾ ਕਹਿਣ ਤੋਂ ਬਾਅਦ ਉਸ ਦਾ ਸਾਰਾ ਸਰੀਰ ਇੱਕ ਵਾਰ ਹਿੱਲਿਆ ਅਤੇ ਹਿਚਕੀ ਵਰਗੀ ਅਵਾਜ਼ ਹੋਈ। ਉਹਨੇ ਜਿਵੇਂ ਇਸ ਅਵਾਜ਼ ਨੂੰ ਲੁਕਾਉਂਦੇ ਹੋਏ ਜਲਦੀ ਜਲਦੀ ਕਿਹਾ: "ਦੇਖ ਬੁਰਾ ਨਾ ਮੰਨੀ, ਪਰ ਕਵਿਤਾ ਦੇ ਰੂਪ ਵਿੱਚ ਇਹ ਪੰਕਤੀਆਂ ਬਹੁਤ ਕਮਜ਼ੋਰ ਨੇ । ਇਹਨਾਂ ਨੂੰ ਮਾਂਜਣ ਦੀ ਲੋੜ ਹੈ, ਇਹਨਾਂ ਵਿੱਚ ਕਲਾ ਦੀ ਕਮੀ ਹੈ ।"
ਮਰਿਊਤਕਾ ਨੇ ਉਦਾਸੀ ਨਾਲ ਕਾਗਜ਼ ਆਪਣੇ ਗੋਡਿਆਂ 'ਤੇ ਰੱਖ ਦਿੱਤਾ। ਉਹ ਚੁੱਪ ਚਾਪ ਮਕਾਨ ਦੀ ਛੱਤ ਵੱਲ ਤੱਕਣ ਲੱਗੀ। ਫਿਰ ਉਸਨੇ ਮੋਢੇ ਝਟਕੇ।
"ਮੈਂ ਵੀ ਤਾਂ ਇਹੀ ਕਹਿੰਦੀ ਹਾਂ ਕਿ ਇਸ ਵਿੱਚ ਭਾਵਨਾਵਾਂ ਹਨ। ਜਦ ਮੈਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ ਹਾਂ ਤਾਂ ਮੇਰੇ ਅੰਦਰ ਦੀ ਹਰ ਚੀਜ਼ ਸਿਸਕਣ ਲੱਗਦੀ ਹੇ। ਰਹੀ ਇਹ ਗੱਲ ਕਿ ਇਹਨਾਂ ਨੂੰ ਮਾਂਜਿਆ ਨਹੀਂ ਗਿਆ ਤਾਂ ਹਰ ਥਾਂ ਇਹੀ ਸੁਣਨ ਨੂੰ ਮਿਲਦਾ ਹੈ, ਬਿਲਕੁਲ ਇਸੇ ਤਰ੍ਹਾਂ ਜਿਵੇਂ ਤੂੰ ਕਿਹਾ ਹੈ" ਤੁਹਾਡੀਆਂ ਕਵਿਤਾਵਾਂ ਵਿੱਚ ਲਿਸ਼ਕ ਨਹੀਂ, ਛਾਪਿਆ ਨਹੀਂ ਜਾ ਸਕਦਾ।" ਪਰ ਇਹਨਾਂ ਨੂੰ ਮਾਂਜਿਆ ਕਿਵੇਂ ਜਾਏ। ਕੀ ਗੁਰ ਹੈ ਇਸ ਦਾ! ਤੁਸੀਂ ਪੜ੍ਹੇ-ਲਿਖੇ ਆਦਮੀ ਹੋ, ਸ਼ਾਇਦ ਤੁਹਾਨੂੰ ਇਹ ਗੁਰ ਪਤਾ ਹੋਵੇ ?" ਮਰਿਊਤਕਾ ਜਜ਼ਬਾਤੀ ਹੋ ਕੇ ਲੈਫਟੀਨੈਂਟ ਨੂੰ 'ਤੁਸੀਂ' ਤੱਕ ਕਹਿ ਗਈ।
ਲੈਫਟੀਨੈਂਟ ਕੁਝ ਦੇਰ ਚੁੱਪ ਰਿਹਾ ਅਤੇ ਫਿਰ ਬੋਲਿਆ
"ਮੁਸ਼ਕਿਲ ਹੈ ਇਸ ਸਵਾਲ ਦਾ ਜਵਾਬ ਦੇਣਾ। ਕਵਿਤਾ ਰਚਨਾ ਤਾਂ, ਦੇਖੋ ਨਾ, ਇੱਕ ਕਲਾ ਹੈ। ਹਰ ਕਲਾ ਲਈ ਅਧਿਐਨ ਜ਼ਰੂਰੀ ਹੈ। ਹਰ ਕਲਾ ਦੇ ਆਪਣੇ ਨਿਯਮ, ਆਪਣੇ ਕਨੂੰਨ ਹੁੰਦੇ ਹਨ। ਮਿਸਾਲ ਵਜੋਂ ਜੇ ਇੰਜੀਨੀਅਰ ਨੂੰ ਪੁਲ ਬਣਾਉਣ ਦੇ ਸਾਰੇ ਨਿਯਮ ਪਤਾ ਨਾ ਹੋਣ ਤਾਂ ਜਾਂ ਤਾਂ ਉਹ ਪੁਲ ਬਣਾ ਹੀ ਨਹੀਂ ਸਕੇਗਾ ਜਾਂ ਫਿਰ ਐਸਾ ਨਿਕੰਮਾ ਪੁਲ ਬਣਾਏਗਾ ਜੋ ਕਿਸੇ ਵੀ ਕੰਮ ਦਾ ਨਹੀਂ ਹੋਵੇਗਾ।"
"ਇਹ ਤਾਂ ਪੁਲ ਦੀ ਗੱਲ ਹੋਈ। ਇਹਦੇ ਲਈ ਤਾਂ ਗਣਿਤ ਅਤੇ ਅਕਲ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਜ਼ਰੂਰੀ ਹੈ। ਪਰ ਕਵਿਤਾ ਤਾਂ ਮੇਰੀ ਰੂਹ ਵਿੱਚ ਵਸੀ ਹੋਈ ਹੈ, ਜਨਮਜਾਤ ਹੈ। ਹੋ ਸਕਦਾ ਹੈ ਕਿ ਇਹ ਪ੍ਰਤਿਭਾ ਹੀ ਹੋਵੇ ?"
"ਪ੍ਰਤਿਭਾ ਹੋਵੇ, ਤਾਂ ਵੀ ਕੀ ਫਰਕ ਪੈਂਦਾ ਹੈ ? ਅਧਿਐਨ ਨਾਲ ਪ੍ਰਤਿਭਾ ਦਾ ਵੀ ਵਿਕਾਸ ਹੁੰਦਾ ਹੈ। ਇੰਜੀਨੀਅਰ ਇਸ ਲਈ ਡਾਕਟਰ ਨਹੀਂ, ਸਗੋਂ ਇੰਜੀਨੀਅਰ ਹੈ ਕਿਉਂਕਿ ਉਸ ਵਿੱਚ ਬਚਪਨ ਤੋਂ ਹੀ ਇੰਜੀਨੀਅਰਿੰਗ ਵੱਲ ਝੁਕਾਅ ਸੀ। ਪਰ ਜੇਕਰ ਉਹ ਪੜ੍ਹਨ- ਲਿਖਣ ਵਿੱਚ ਦਿਲਚਸਪੀ ਨਾ ਲੈਂਦਾ ਤਾਂ ਉਸ ਦਾ ਕੁਝ ਵੀ ਨਾ ਬਣਦਾ।"
“ਅੱਛਾ! ਹਾਂ ਐਦਾਂ ਹੀ ਲੱਗਦਾ ਹੈ, ਮੱਛੀ ਦਾ ਹੈਜ਼ਾ। ਲੜਾਈ ਖ਼ਤਮ ਹੋਣ ਸਾਰ ਹੀ ਅਜਿਹੇ ਸਕੂਲ ਵਿੱਚ ਭਰਤੀ ਹੋ ਜਾਵਾਂਗੀ ਜਿੱਥੇ ਕਵਿਤਾ ਲਿਖਣਾ ਸਿਖਾਉਂਦੇ ਹੋਣ। ਅਜਿਹੇ ਸਕੂਲ ਵੀ ਤਾਂ ਹੁੰਦੇ ਹੋਣਗੇ ਨਾ ?"
"ਸ਼ਾਇਦ, ਹੁੰਦੇ ਹੋਣ" ਲੈਫਟੀਨੈਂਟ ਨੇ ਸੋਚਦੇ ਹੋਏ ਕਿਹਾ।
"ਜ਼ਰੂਰ ਜਾਊਂਗੀ ਅਜਿਹੇ ਸਕੂਲ 'ਚ ਪੜ੍ਹਨ। ਕਵਿਤਾ ਤਾਂ ਮੇਰੀ ਜ਼ਿੰਦਗੀ ਬਣ ਕੇ ਰਹਿ ਗਈ ਹੈ। ਮੇਰੀ ਆਤਮਾ ਤੜਫਦੀ ਹੈ ਆਪਣੀਆਂ ਕਵਿਤਾਵਾਂ ਨੂੰ ਕਿਤਾਬ ਦੇ ਰੂਪ ਵਿੱਚ ਛਪਿਆ ਦੇਖਣ ਲਈ ਅਤੇ ਬੇਚੈਨ ਰਹਿੰਦੀ ਹੈ ਹਰ ਕਵਿਤਾ ਦੇ ਹੇਠਾਂ 'ਮਾਰੀਆ ਬਾਸੋਵਾ' ਨਾਮ ਦੇਖਣ ਨੂੰ।"
ਅੰਗੀਠੀ ਬੁੱਝ ਚੁੱਕੀ ਸੀ । ਹਨ੍ਹੇਰੇ ਵਿੱਚ ਮਕਾਨ ਨਾਲ ਟਕਰਾਉਂਦੀ ਹੋਈ ਹਵਾ ਦੀ ਸਰਸਰਾਹਟ ਸੁਣਾਈ ਦੇ ਰਹੀ ਸੀ।
"ਸੁਣੋ" ਮਰਿਊਤਕਾ ਨੇ ਕਿਹਾ, "ਰੱਸੀ ਨਾਲ ਤੇਰੇ ਹੱਥ ਦੁੱਖਦੇ ਹੋਣਗੇ ਨਾ?"
"ਜ਼ਿਆਦਾ ਤਾਂ ਨਹੀਂ। ਬਸ, ਜ਼ਰਾ ਸੁੰਨ ਹੋ ਗਏ ਨੇ।"
"ਅੱਛਾ ਦੇਖ, ਤੂੰ ਸੌਂਹ ਖਾ ਕਿ ਭੱਜੇਗਾ ਨਹੀਂ, ਮੈਂ ਤੇਰੇ ਹੱਥ ਖੋਲ੍ਹ ਦਿਆਂਗੀ।"
"ਮੈਂ ਭੱਜ ਕੇ ਜਾ ਹੀ ਕਿੱਥੇ ਸਕਦਾ ਹਾਂ ? ਮਾਰੂਥਲ ਵਿੱਚ ਤਾਂ ਕਿ ਗਿੱਦੜ ਮੈਨੂੰ ਨੋਚ ਨੋਚ ਖਾ ਜਾਣ। ਅਜਿਹਾ ਬੇਵਕੂਫ਼ ਨਹੀਂ ਹਾਂ ਮੈਂ।"
"ਖੈਰ, ਫਿਰ ਵੀ ਕਸਮ ਖਾਓ। ਮੇਰੇ ਪਿੱਛੇ ਪਿੱਛੇ ਦੁਹਰਾਓ ਇਹ ਸ਼ਬਦ: 'ਆਪਣੇ ਹੱਕਾਂ ਲਈ ਲੜਨ ਵਾਲੇ ਪ੍ਰੋਲੇਤਾਰੀ ਦੀ ਕਸਮ ਖਾ ਕੇ ਲਾਲ ਫੌਜੀ ਮਰੀਆ ਬਾਸੋਵਾ ਨੂੰ ਵਚਨ ਦਿੰਦਾ ਹਾਂ ਕਿ ਮੈਂ ਭੱਜਣਾ ਨਹੀਂ ਚਾਹੁੰਦਾ।"
ਲੈਫਟੀਨੈਂਟ ਨੇ ਕਸਮ ਦੁਹਰਾਈ।
ਮਰਿਊਤਕਾ ਨੇ ਰੱਸੀ ਦੀ ਗੰਢ ਢਿੱਲੀ ਕਰ ਦਿੱਤੀ, ਫੁੱਲੇ ਹੋਏ ਗੁੱਟਾਂ ਨੂੰ ਰਾਹਤ ਮਿਲੀ।
ਲੈਫਟੀਨੈਂਟ ਨੇ ਅਰਾਮ ਨਾਲ ਆਪਣੀਆਂ ਉਂਗਲਾਂ ਹਿਲਾਈਆਂ।
"ਅੱਛਾ, ਹੁਣ ਸੌਂ ਜਾਓ", ਮਰਿਊਤਕਾ ਨੇ ਉਬਾਸੀ ਲਈ, "ਹੁਣ ਵੀ ਜੇ ਭੱਜਿਆ ਤਾਂ ਦੁਨੀਆਂ ਵਿੱਚ ਸਭ ਤੋਂ ਕਮੀਨਾ ਆਦਮੀ ਹੋਵੇਗਾ। ਆਹ ਲੈ, ਨਮਦਾ, ਉੱਤੇ ਲੈ ਲੈ।"
"ਸ਼ੁਕਰੀਆਂ, ਮੈਂ ਆਪਣਾ ਕੋਟ-ਲਪੇਟ ਲਊਗਾ। ਸ਼ੁਭ ਰਾਤਰੀ, ਮਰੀਆ..."
"ਮਰੀਆ ਫ਼ਿਲਾਤੋਵਨਾ", ਮਰਿਊਤਕਾ ਨੇ ਬੜੇ ਮਾਣ ਨਾਲ ਲੈਫਟੀਨੈਂਟ ਨੂੰ ਆਪਣਾ ਪੂਰਾ ਨਾਮ ਦੱਸਿਆ ਅਤੇ ਨਮਦੇ ਹੇਠਾਂ ਦੁਬਕ ਗਈ।
ਯੇਵਸੂਕੋਵ ਨੂੰ ਹੈੱਡ-ਕੁਆਰਟਰ ਤੱਕ ਆਪਣੀ ਖ਼ਬਰ ਪਹੁੰਚਾਉਣ ਦੀ ਕਾਹਲੀ ਸੀ।
ਪਰ ਬਸਤੀ ਵਿੱਚ ਕੁਝ ਦਿਨਾਂ ਤੱਕ ਅਰਾਮ ਕਰਨਾ, ਕੰਬਣੀ ਤੋਂ ਛੁੱਟੀ ਪਾਉਣਾ ਅਤੇ ਪੇਟ ਭਰ ਖਾਣਾ ਵੀ ਜ਼ਰੂਰੀ ਸੀ । ਇੱਕ ਹਫ਼ਤੇ ਬਾਅਦ ਉਸਨੇ ਤੱਟ ਦੇ ਨਾਲ ਨਾਲ ਚੱਲਦੇ ਹੋਏ ਆਰਾਲਸਕ ਦੀ ਬਸਤੀ ਤੱਕ ਪਹੁੰਚਣ ਅਤੇ ਫਿਰ ਉੱਥੋਂ ਕਜਾਲੀਨਸਕ ਜਾਣ ਦਾ ਫੈਸਲਾ ਕੀਤਾ।
ਦੂਜੇ ਹਫ਼ਤੇ ਵਿੱਚ ਕਮੀਸਾਰ ਨੂੰ ਇੱਧਰੋਂ ਲੰਘਣ ਵਾਲੇ ਕਿਰਗਿਜਾਂ ਦੇ ਮੂੰਹੋਂ ਇਹ ਪਤਾ ਲੱਗਿਆ ਕਿ ਪੱਤਝੜ ਦੇ ਤੂਫ਼ਾਨ ਨੇ ਮਛੇਰਿਆਂ ਦੀ ਇੱਕ ਕਿਸ਼ਤੀ ਨੂੰ ਚਾਰ ਕਿਲੋਮੀਟਰ
ਦੂਰ ਇੱਕ ਖਾੜੀ 'ਤੇ ਲਿਆ ਪਟਕਿਆ ਹੈ। ਕਿਰਗਿਜ਼ਾਂ ਨੇ ਦੱਸਿਆ ਕਿ ਕਿਸ਼ਤੀ ਬਿਲਕੁਲ ਸਹੀ-ਸਲਾਮਤ ਹੈ। ਉਹ ਐਵੇਂ ਹੀ ਤੱਟ ਦੇ ਪਈ ਹੈ ਅਤੇ ਮਛੇਰੇ ਜ਼ਰੂਰ ਹੀ ਡੁੱਬ ਗਏ ਹੋਣਗੇ।
ਕਮੀਸਾਰ ਕਿਸ਼ਤੀ ਨੂੰ ਦੇਖਣ ਗਿਆ।
ਕਿਸ਼ਤੀ ਲਗਭਗ ਨਵੀਂ ਸੀ, ਸ਼ਾਹਬਲੂਤ ਦੀ ਮਜ਼ਬੂਤ ਲੱਕੜ ਦੀ ਬਣੀ ਹੋਈ। ਤੂਫ਼ਾਨ ਨੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। ਸਿਰਫ਼ ਬਾਦਬਾਨ ਫੱਟ ਗਿਆ ਸੀ ਅਤੇ ਚੱਪੂ ਟੁੱਟ ਗਿਆ ਸੀ।
ਯੋਵਸੂਕੋਵ ਨੇ ਸਿਪਾਹੀਆਂ ਨਾਲ ਸਲਾਹ-ਮਸ਼ਵਰਾ ਕੀਤਾ। ਉਸਨੇ ਸਮੁੰਦਰ ਦੇ ਰਾਸਤੇ ਸੀਰ ਦਰਿਆ ਦੇ ਮੂਹਾਣੇ ਤੱਕ ਫੌਰਨ ਇੱਕ ਟੋਲੀ ਭੇਜਣ ਦਾ ਫੈਸਲਾ ਕੀਤਾ। ਕਿਸ਼ਤੀ ਵਿੱਚ ਆਸਾਨੀ ਨਾਲ ਚਾਰ ਆਦਮੀ ਬੈਠ ਸਕਦੇ ਸਨ ਅਤੇ ਥੋੜ੍ਹਾ ਰਾਸ਼ਨ ਵੀ ਭੇਜਿਆ ਜਾ ਸਕਦਾ ਸੀ।
"ਇੱਦਾਂ ਕਰਨਾ ਠੀਕ ਰਹੇਗਾ" ਕਮੀਸਾਰ ਨੇ ਕਿਹਾ, "ਇਸ ਤਰ੍ਹਾਂ ਕੈਦੀ ਨੂੰ ਛੇਤੀ ਉੱਥੇ ਪਹੁੰਚਾਇਆ ਜਾ ਸਕੇਗਾ। ਕੌਣ ਜਾਣੇ ਪੈਦਲ ਸਫ਼ਰ 'ਚ ਕੀ ਹੋ ਜਾਵੇ! ਉਹਨੂੰ ਹੈੱਡ- ਕੁਆਰਟਰ ਤੱਕ ਪਹੁੰਚਾਉਣਾ ਜ਼ਰੂਰੀ ਹੈ। ਦੂਜਾ ਹੈੱਡ-ਕੁਆਰਟਰ ਨੂੰ ਸਾਡੀ ਖ਼ਬਰ ਮਿਲ ਜਾਏਗੀ। ਉੱਥੋਂ ਘੁੜ ਸਵਾਰਾਂ ਜ਼ਰੀਏ ਆਪਾਂ ਨੂੰ ਕੱਪੜੇ ਅਤੇ ਕੁਝ ਜ਼ਰੂਰੀ ਚੀਜ਼ਾਂ ਮਿਲ ਜਾਣਗੀਆਂ। ਅਨੁਕੂਲ ਹਵਾ ਹੋਣ 'ਤੇ ਤਾਂ ਕਿਸ਼ਤੀ ਰਾਹੀਂ, ਤਿੰਨ-ਚਾਰ ਦਿਨਾਂ ਵਿੱਚ ਅਰਾਲ ਸਾਗਰ ਪਾਰ ਕਰਕੇ ਪੰਜਵੇਂ ਦਿਨ ਕਜਾਲੀਨਸਕ ਪਹੁੰਚਿਆ ਜਾ ਸਕਦਾ ਹੈ।"
ਯੇਵਸੂਕੋਵ ਨੇ ਰਿਪੋਰਟ ਲਿਖ ਕੇ ਤਿਆਰ ਕੀਤੀ। ਲੈਫਟੀਨੈਂਟ ਤੋਂ ਹਾਸਲ ਹੋਏ ਦਸਤਾਵੇਜਾਂ ਨਾਲ ਉਸਨੇ ਉਸ ਨੂੰ ਕੈਨਵਾਸ ਦੇ ਇੱਕ ਥੈਲੇ ਵਿੱਚ ਸਿਉਂ ਦਿੱਤਾ। ਇਹ ਦਸਤਾਵੇਜ਼ ਉਹ ਹਰ ਵੇਲੇ ਆਪਣੀ ਜੈਕਟ ਦੀ ਅੰਦਰੂਨੀ ਜੇਬ ਵਿੱਚ ਸੰਭਾਲ ਕੇ ਰੱਖਦਾ ਸੀ।
ਕਿਰਗਿਜ਼ ਔਰਤਾਂ ਨੇ ਬਾਦਬਾਨ ਦੀ ਮੁਰੰਮਤ ਕੀਤੀ ਅਤੇ ਖੁਦ ਕਮੀਸਾਰ ਨੇ ਟੁੱਟੇ ਹੋਏ ਤਖ਼ਤਿਆਂ ਤੋਂ ਚੱਪੂ ਬਣਾਇਆ।
ਫਰਵਰੀ ਦੀ ਇੱਕ ਠੰਢੀ ਸਵੇਰ, ਜਦੋਂ ਫਿਰੋਜ਼ਾ ਦੀ ਪਿੱਠਭੂਮੀ 'ਤੇ ਨੀਵਾਂ-ਲਟਕਦਾ ਸੂਰਜ ਪਾਲਿਸ਼ ਕੀਤੇ ਹੋਏ ਪਿੱਤਲ ਦੇ ਥਾਲ ਵਾਂਗ ਰੀਂਘ ਰਿਹਾ ਸੀ, ਕਈ ਊਠ ਕਿਸ਼ਤੀ ਨੂੰ ਘਸੀਟ ਕੇ ਜੰਮੀ ਬਰਫ਼ ਦੀ ਹੱਦ ਤੱਕ ਲੈ ਆਏ।
ਕਿਸ਼ਤੀ ਨੂੰ ਖੁੱਲ੍ਹੇ ਪਾਣੀ ਵਿੱਚ ਠੇਲ ਦਿੱਤਾ ਗਿਆ ਅਤੇ ਮੁਸਾਫ਼ਿਰ ਇਸ ਵਿੱਚ ਸਵਾਰ ਹੋਏ।
ਯੇਵਸੂਕੋਵ ਨੇ ਮਰਿਊਤਕਾ ਨੂੰ ਕਿਹਾ
"ਤੂੰ ਇਸ ਦਲ ਦੀ ਆਗੂ ਹੋਵੇਗੀ! ਤੇਰੇ ਉੱਤੇ ਸਾਰੀ ਜ਼ਿੰਮੇਵਾਰੀ ਹੋਵੇਗੀ। ਇਸ ਅਫ਼ਸਰ ਦਾ ਧਿਆਨ ਰੱਖੀਂ। ਜੇ ਇਹ ਬਚ ਕੇ ਨਿਕਲ ਗਿਆ ਤਾਂ ਤੁਹਾਡੇ ਜਿਉਣ 'ਤੇ ਲਾਹਨਤ ਹੈ। ਇਹਨੂੰ ਜਿਉਂਦਾ ਜਾਂ ਮੁਰਦਾ ਹੈੱਡ-ਕੁਆਰਟਰ ਤੱਕ ਪਹੁੰਚਾਉਣਾ ਹੀ ਹੈ। ਜੇ ਕਿਤੇ ਸਫੇਦ ਗਾਰਡਾਂ ਦੇ ਹੱਥ ਚੜ੍ਹ ਗਏ ਤਾਂ ਇਹਨੂੰ ਜਿਉਂਦਾ ਨਹੀਂ ਛੱਡਣਾ। ਚੰਗਾ ਜਾਓ।"
ਪੰਜਵਾਂ ਕਾਂਡ
ਇਹ ਸਾਰਾ ਕਾਂਡ ਡੈਨਿਅਲ ਡੇਫੋ ਦੇ ਨਾਵਲ 'ਰਾਬਿਨਸਨ ਕਰੂਸੋ' ਤੋਂ ਚੋਰੀ ਕੀਤਾ ਗਿਆ ਹੈ...
ਹਾਂ, ਇੰਨਾ ਫ਼ਰਕ ਜ਼ਰੂਰ ਹੈ ਕਿ ਇਸ ਵਿੱਚ ਰਾਬਿਨਸਨ ਨੂੰ ਫ਼ਰਾਇਡੇ ਲਈ ਬਹੁਤ ਦੇਰ ਤੱਕ ਉਡੀਕ ਨਹੀਂ ਕਰਨੀ ਪੈਂਦੀ।
ਅਰਾਲ ਦਿਲਕਸ਼ ਸਾਗਰ ਨਹੀਂ ਹੈ।
ਤੱਟ ਬਿਲਕੁਲ ਪੱਧਰਾ ਹੈ, ਜਿਸ 'ਤੇ ਘਾਹ ਉੱਗਿਆ ਹੈ, ਰੇਤ ਅਤੇ ਰੇਤ ਦੀਆਂ ਚੱਲਦੀਆਂ ਫਿਰਦੀਆਂ ਪਹਾੜੀਆਂ ਹਨ।
ਅਰਾਲ ਦੇ ਟਾਪੂ ਕੜਾਹੀ ਵਿੱਚ ਪਈ ਰੋਟੀ ਵਰਗੇ ਨਜ਼ਰ ਆਉਂਦੇ ਹਨ। ਉਹ ਐਨੇ ਪੱਧਰੇ ਹਨ ਜਿਵੇਂ ਉਹਨਾਂ 'ਤੇ ਪਾਲਿਸ਼ ਕਰ ਦਿੱਤੀ ਗਈ ਹੋਵੇ। ਉਹ ਬਿਲਕੁਲ ਨਿਰਜੀਵ ਜਾਪਦੇ ਹਨ।
ਇੱਥੇ ਨਾ ਹਰਿਆਲੀ ਹੈ, ਨਾ ਪੰਛੀ ਅਤੇ ਨਾ ਕੋਈ ਦੂਜੇ ਜੀਵ-ਜੰਤੂ। ਇਨਸਾਨ ਇੱਥੇ ਸਿਰਫ਼ ਗਰਮੀਆਂ ਵਿੱਚ ਹੀ ਨਜ਼ਰ ਆਉਂਦੇ ਹਨ।
ਅਰਾਲ ਦਾ ਸਭ ਤੋਂ ਵੱਡਾ ਟਾਪੂ ਹੈ ਬਰਸਾ-ਕੇਲਮੇਸ।
ਇਸ ਦਾ ਕੀ ਮਤਲਬ ਹੈ, ਕੋਈ ਨਹੀਂ ਜਾਣਦਾ। ਪਰ ਕਿਰਗਿਜ਼ ਇਸ ਦਾ ਅਰਥ 'ਇਨਸਾਨ ਦੀ ਮੌਤ' ਦੱਸਦੇ ਹਨ।
ਗਰਮੀਆਂ ਵਿੱਚ ਆਰਾਲਸਕ ਦੀ ਬਸਤੀ ਤੋਂ ਮਛੇਰੇ ਇਸ ਟਾਪੂ ਉੱਤੇ ਆਉਂਦੇ ਹਨ। ਬਰਸਾ-ਕੇਲਮੇਸ ਵਿੱਚ ਖੂਬ ਸਾਰੀਆਂ ਮੱਛੀਆਂ ਹੱਥ ਲੱਗ ਜਾਂਦੀਆਂ ਹਨ, ਸਮੁੰਦਰ ਮੱਛੀਆਂ ਨਾਲ ਭਰਿਆ ਰਹਿੰਦਾ ਹੈ।
ਪਰ ਪੱਤਝੜ ਵਿੱਚ ਜਿਉਂ ਹੀ ਸਮੁੰਦਰ ਦੀ ਸਤ੍ਹਾ 'ਤੇ ਚਿੱਟੀਆਂ ਝੰਗ ਦੀਆਂ ਟੋਪੀਆਂ ਦਿਖਾਈ ਦੇਣ ਲੱਗ ਪੈਂਦੀਆਂ ਹਨ, ਮਛੇਰੇ ਆਰਾਲਸਕ ਬਸਤੀ ਦੀ ਸ਼ਾਂਤ ਖਾੜੀ ਵਿੱਚ ਵਾਪਸ ਪਰਤ ਜਾਂਦੇ ਹਨ ਅਤੇ ਫਿਰ ਬਸੰਤ ਤੱਕ ਉਹ ਨਜ਼ਰ ਹੀ ਨਹੀਂ ਆਉਂਦੇ।
ਜੇ ਤੂਫ਼ਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਛੇਰੇ ਸਾਰੀਆਂ ਮੱਛੀਆਂ ਤੱਟ ਤੱਕ ਲੈ ਜਾਣ ਵਿੱਚ ਸਫਲ ਨਹੀਂ ਹੁੰਦੇ ਤਾਂ ਉਹ ਲੂਣ-ਲੱਗੀਆਂ ਮੱਛੀਆਂ ਨੂੰ ਪੂਰੀਆਂ ਸਰਦੀਆਂ ਲਈ ਲੱਕੜ ਦੇ ਢਾਰਿਆਂ ਵਿੱਚ ਟਾਪੂ 'ਤੇ ਛੱਡ ਦਿੰਦੇ ਹਨ।
ਸਖ਼ਤ ਸਿਆਲ ਵਿੱਚ ਜਦੋਂ ਸਮੁੰਦਰ ਚੇਰਨਿਸ਼ੇਵ ਖਲੀਜ ਤੋਂ ਬਰਸਾ ਕੇਲਮੇਸ ਟਾਪੂ ਤੱਕ ਜੰਮ ਜਾਂਦਾ ਹੈ, ਤਾਂ ਗਿੱਦੜਾਂ ਦੀ ਤਾਂ ਖੂਬ ਮੌਜ ਬਣ ਜਾਂਦੀ ਹੈ। ਉਹ ਦੌੜਦੇ ਹੋਏ ਟਾਪੂ 'ਤੇ ਪਹੁੰਚਦੇ ਅਤੇ ਇੰਨੀਆਂ ਜ਼ਿਆਦਾ ਨਮਕੀਨ ਮੱਛੀਆਂ ਖਾ ਲੈਂਦੇ ਕਿ ਉੱਥੇ ਹੀ ਉਹਨਾਂ ਦੀ
ਮੌਤ ਹੋ ਜਾਂਦੀ।
ਬਸੰਤ ਆਉਂਦੀ ਤਾਂ ਸੀਰ ਦਰਿਆ ਦਾ ਪੀਲਾ ਹੜ੍ਹ ਬਰਫ਼ ਦੀ ਚਾਦਰ ਨੂੰ ਤੋੜਦਾ ਹੈ। ਤਾਂ ਮਛੇਰੇ ਟਾਪੂ ਉੱਤੇ ਵਾਪਸ ਆਉਂਦੇ ਹਨ। ਪਰ ਪੱਤਝੜ ਵਿੱਚ ਉੱਥੇ ਛੱਡੀਆਂ ਮੱਛੀਆਂ ਗਾਇਬ ਹੁੰਦੀਆਂ।
ਨਵੰਬਰ ਤੋਂ ਫਰਵਰੀ ਤੱਕ ਸਮੁੰਦਰ ਵਿੱਚ ਬੜੀ ਹਲਚਲ ਰਹਿੰਦੀ ਹੈ, ਚਾਰੇ ਪਾਸਿਓਂ ਜ਼ੋਰਾਂ ਦੇ ਤੂਫ਼ਾਨ ਆਉਂਦੇ ਹਨ। ਬਾਕੀ ਸਮਾਂ ਥੋੜ੍ਹੀ ਹਵਾ ਚੱਲਦੀ ਹੈ ਅਤੇ ਗਰਮੀਆਂ ਵਿੱਚ ਅਰਾਲ ਸਾਗਰ ਸ਼ੀਸ਼ੇ ਵਾਂਗ ਸ਼ਾਂਤ ਅਤੇ ਸਮਤਲ ਹੋ ਜਾਂਦਾ ਹੈ।
ਅਰਾਲ ਉਕਤਾਹਟ ਪੈਦਾ ਕਰਨ ਵਾਲਾ ਸਮੁੰਦਰ ਹੈ।
ਅਰਾਲ ਵਿੱਚ ਕੇਵਲ ਇੱਕ ਹੀ ਆਕਰਸ਼ਕ ਚੀਜ਼ ਹੈ ਇਸ ਦੀ ਨੀਲੱਤਣ, ਗੈਰ-ਸਧਾਰਨ ਨੀਲੱਤਣ।
ਗਹਿਰਾ ਨੀਲਾਪਣ, ਮਖ਼ਮਲੀ-ਮੁਲਾਇਮ ਨੀਲਾਪਣ, ਅਥਾਹ ਨੀਲਾਪਣ।
ਭੂਗੋਲ ਦੀਆਂ ਸਾਰੀਆਂ ਕਿਤਾਬਾਂ ਵਿੱਚ ਇਸੇ ਤਰ੍ਹਾਂ ਵਰਨਣ ਕੀਤਾ ਗਿਆ ਹੈ ਇਸ ਸਾਗਰ ਦਾ।
ਮਰਿਊਤਕਾ ਅਤੇ ਲੈਫਟੀਨੈਂਟ ਨੂੰ ਰਵਾਨਾ ਕਰਦੇ ਹੋਏ ਕਮੀਸਾਰ ਨੂੰ ਇਹ ਉਮੀਦ ਸੀ ਕਿ ਆਉਣ ਵਾਲੇ ਹਫ਼ਤੇ ਦੌਰਾਨ ਮੌਸਮ ਸ਼ਾਂਤ ਰਹੇਗਾ। ਕਿਰਗਿਜ਼ ਬਜ਼ੁਰਗਾਂ ਨੇ ਵੀ ਇਹੀ ਕਿਹਾ ਸੀ ਕਿ ਸ਼ਾਂਤ ਮੌਸਮ ਦੇ ਚਿੰਨ੍ਹ ਹਨ।
ਇਸੇ ਲਈ ਤਾਂ ਮਰਿਊਤਕਾ, ਲੈਫਟੀਨੈਂਟ ਅਤੇ ਕਿਸ਼ਤੀ ਚਲਾਉਣ ਵਿੱਚ ਮਾਹਿਰ ਦੋ ਸਿਪਾਹੀਆਂ - ਸੇਮਯਾਨੀ ਅਤੇ ਵਯਾਖਿਰ ਨੂੰ ਸਮੁੰਦਰੀ ਰਸਤੇ ਕਜਾਲੀਨਸਕ ਵੱਲ ਲੈ ਜਾਣ ਵਾਲੀ ਕਿਸ਼ਤੀ ਆਪਣੇ ਸਫ਼ਰ 'ਤੇ ਰਵਾਨਾ ਹੋ ਗਈ।
ਅਨੁਕੂਲ ਹਵਾ ਨਾਲ ਬਾਦਬਾਨ ਫੁੱਲ ਰਿਹਾ ਸੀ ਅਤੇ ਪਾਣੀ ਵਿੱਚ ਪਿਆਰੀਆਂ- ਪਿਆਰੀਆਂ ਛੱਲਾਂ ਪੈਦਾ ਹੋ ਰਹੀਆਂ ਸਨ। ਚੱਪੂ ਦੀ ਛਪ-ਛਪ ਲੋਰੀਆਂ ਸੁਣਾ ਰਹੀ ਸੀ। ਕਿਸ਼ਤੀ ਦੇ ਦੋਵੇਂ ਪਾਸੇ ਗਾੜ੍ਹੀ ਜਿਹੀ ਝੱਗ ਪੈਦਾ ਹੋ ਰਹੀ ਸੀ।
ਮਰਿਊਤਕਾ ਨੇ ਲੈਫਟੀਨੈਂਟ ਦੇ ਹੱਥ ਬਿਲਕੁਲ ਖੋਲ੍ਹ ਦਿੱਤੇ। ਕਿਸ਼ਤੀ 'ਚੋਂ ਭਲਾ ਇਹ ਕਿੱਥੇ ਭੱਜ ਸਕਦਾ ਹੈ ? ਲੈਫਟੀਨੈਂਟ ਹੁਣ ਕਿਸ਼ਤੀ ਚਲਾਉਣ ਵਿੱਚ ਸੇਮਯਾਨੀ ਅਤੇ ਵਯਾਖਿਰ ਦਾ ਹੱਥ ਵੰਡਾਉਣ ਲੱਗਿਆ।
ਉਹ ਖੁਦ ਆਪਣੇ ਆਪ ਨੂੰ ਕੈਦਖਾਨੇ ਵੱਲ ਲਿਜਾ ਰਿਹਾ ਸੀ।
ਜਦ ਉਸ ਦੀ ਵਾਰੀ ਨਾ ਹੁੰਦੀ ਤਾਂ ਉਹ ਨਮਦਾ ਲਪੇਟ ਕੇ ਕਿਸ਼ਤੀ ਵਿੱਚ ਲੇਟ ਜਾਂਦਾ। ਕਿਸੇ ਗੁਪਤ ਗਹਿਰੇ ਰਹੱਸਾਂ ਨੂੰ ਯਾਦ ਕਰਕੇ, ਜਿਹਨਾਂ ਨੂੰ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ ਸੀ, ਉਹ ਮੁਸਕਰਾਉਂਦਾ ਰਹਿੰਦਾ।
ਮਰਿਊਤਕਾ ਉਸ ਦੇ ਇਸ ਅੰਦਾਜ਼ ਤੋਂ ਪ੍ਰੇਸ਼ਾਨ ਹੋ ਜਾਂਦੀ।
"ਕਿਉਂ ਇਹ ਸਾਰਾ ਦਿਨ ਦੰਦ ਕੱਢਦਾ ਰਹਿੰਦਾ ਹੈ ? ਜਿਵੇਂ ਆਪਣੇ ਘਰ ਜਾ ਰਿਹਾ ਹੋਵੇ। ਉਸ ਦਾ ਅੰਤ ਤਾਂ ਬਿਲਕੁਲ ਸਪੱਸ਼ਟ ਹੈ - ਹੈੱਡ ਕੁਆਰਟਰ ਪਹੁੰਚੇਗਾ, ਉੱਥੇ
ਉਸ ਦੀ ਪੁੱਛ-ਗਿੱਛ ਹੋਵੇਗੀ ਅਤੇ ਉਸ ਤੋਂ ਬਾਅਦ ਖੇਡ ਖਤਮ। ਜ਼ਰੂਰ ਇਹਦੇ ਕੁਝ ਪੇਚ ਢਿੱਲੇ ਨੇ! "
ਪਰ ਲੈਫਟੀਨੈਂਟ ਮਰਿਊਤਕਾ ਦੇ ਵਿਚਾਰਾਂ ਤੋਂ ਬੇਖ਼ਬਰ ਪਹਿਲਾਂ ਵਾਂਗ ਹੀ ਮੁਸਕਰਾਉਂਦਾ ਰਿਹਾ।
ਮਰਿਊਤਕਾ ਜਦੋਂ ਸਬਰ ਨਾ ਕਰ ਸਕੀ ਤਾਂ ਉਸਨੇ ਪੁੱਛ ਹੀ ਲਿਆ।
"ਤੂੰ ਕਿਸ਼ਤੀ ਚਲਾਉਂਣੀ ਕਿੱਥੋਂ ਸਿੱਖੀ?"
ਗੋਵੋਰੂਖਾ ਓਤ੍ਰੇਕ ਨੂੰ ਸੋਚ ਕੇ ਜਵਾਬ ਦਿੱਤਾ:
"ਪੀਟਰਜ਼ਬਰਗ ਵਿੱਚ... ਮੇਰਾ ਆਪਣਾ ਯਾਟ*" ਸੀ... ਵੱਡਾ ਸਾਰਾ। ਮੈਂ ਉਸ ਵਿੱਚ ਸਮੁੰਦਰ 'ਚ ਜਾਂਦਾ ਸੀ।"
"ਕਿਹੋ ਜਿਹਾ ਯਾਟ ?"
"ਅਜਿਹਾ... ਬਾਦਬਾਨੀ ਜਹਾਜ਼ ।"
"ਓਹ ਅਜਿਹੇ ਯਾਟਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਅਸਤਰਖ਼ਾਨ ਦੇ ਕਲੱਬ ਵਿੱਚ ਬੁਰਜੂਆ ਲੋਕਾਂ ਦੇ ਅਜਿਹੇ ਬਥੇਰੇ ਯਾਟ ਦੇਖੇ ਨੇ ਮੈਂ। ਢੇਰਾਂ ਦੇ ਢੇਰ ਸਨ ਉਹਨਾਂ ਕੋਲ! ਸਾਰੇ ਹੰਸਾਂ ਵਰਗੇ ਚਿੱਟੇ ਅਤੇ ਕਾਫ਼ੀ ਵੱਡੇ ਵੱਡੇ। ਪਰ ਮੇਰਾ ਸਵਾਲ ਕੁਝ ਹੋਰ ਸੀ। ਕੀ ਨਾਮ ਸੀ ਉਸ ਦਾ ?"
"ਨੇਲੀ"
"ਇਹ ਕੀ ਨਾਮ ਹੋਇਆ ?"
"ਮੇਰੀ ਭੈਣ ਦਾ ਨਾਮ ਸੀ ਇਹ। ਉਸੇ ਦੇ ਨਾਮ 'ਤੇ ਮੈਂ ਯਾਟ ਦਾ ਨਾਮ ਰੱਖਿਆ ਸੀ। "
"ਇਸਾਈਆਂ ਦੇ ਨਾਮ ਤਾਂ ਅਜਿਹੇ ਨਹੀਂ ਹੁੰਦੇ।"
"ਉਸ ਦਾ ਨਾਮ ਤਾਂ ਯੇਲੇਨਾ ਸੀ.. ਪਰ ਅੰਗਰੇਜ਼ੀ ਢੰਗ ਨਾਲ-ਨੇਲੀ।"
ਮਰਿਊਤਕਾ ਚੁੱਪ ਹੋ ਗਈ। ਉਹ ਸਫੇਦ ਸੂਰਜ ਨੂੰ ਦੇਖਣ ਲੱਗੀ ਜਿਸ ਦੀ ਠੰਢੀ ਅਤੇ ਸਫੇਦ ਮਿਠਾਸ ਹਰ ਚੀਜ਼ ਨੂੰ ਸ਼ਹਿਦ ਵਰਗਾ ਮਿੱਠਾ ਬਣਾ ਰਹੀ ਸੀ। ਉਹ ਪਾਣੀ ਦੇ ਨਿਲੱਤਣ ਨੂੰ ਆਪਣੀਆਂ ਬਾਹਾਂ ਵਿੱਚ ਭਰਨ ਲਈ ਥੱਲੇ ਉੱਤਰ ਰਿਹਾ ਸੀ।
ਮਰਿਊਤਕਾ ਨੇ ਫਿਰ ਗੱਲ ਚਲਾਈ:
"ਇਹ ਪਾਣੀ ਕਿੰਨਾਂ ਨੀਲਾ ਹੈ। ਕੈਸਪੀਅਨ ਦਾ ਪਾਣੀ ਹਰਾ ਹੈ ਅਤੇ ਇੱਥੇ ਦੇਖੋ ਤਾਂ ਕਿੰਨਾਂ ਨੀਲਾ ਹੈ।"
ਲੈਫਟੀਨੈਂਟ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ ਜਿਵੇਂ ਆਪਣੇ ਆਪ ਨਾਲ ਹੀ ਗੱਲ ਕਰ ਰਿਹਾ ਹੋਵੇ, ਖੁਦ ਨੂੰ ਹੀ ਜਵਾਬ ਦੇ ਰਿਹਾ ਹੋਵੇ:
"ਫੋਰੇਲ ਦੇ ਮੁਤਾਬਿਕ ਇਸ ਦਾ ਲਗਭਗ ਤੀਜਾ ਨੰਬਰ ਹੈ।"
----------------------
*ਬਾਦਬਾਨ ਵਾਲੀ ਕਿਸ਼ਤੀ ਜੋ ਕਿਸ਼ਤੀ ਦੌੜਾਂ ਸਮੇਂ ਵਰਤੀ ਜਾਂਦੀ ਹੈ।
"ਕੀ ?" ਮਰਿਊਤਕਾ ਚੌਂਕੀ ਤੇ ਉਸ ਵੱਲ ਮੁੜੀ।
"ਇਹ ਤਾਂ ਮੈਂ ਖੁਦ ਨੂੰ ਹੀ ਕਹਿ ਰਿਹਾ ਸੀ। ਪਾਣੀ ਬਾਰੇ। ਮੈਂ ਹਾਈਡਰੋਗ੍ਰਾਫ਼ੀ ਦੀ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਇਸ ਸਮੁੰਦਰ ਦਾ ਪਾਣੀ ਬਹੁਤ ਚਮਕਦਾਰ ਨੀਲਾ ਹੈ। ਫੋਰੇਲ ਨਾਮੀ ਇੱਕ ਵਿਗਿਆਨਕ ਨੇ ਵੱਖ ਵੱਖ ਸਮੁੰਦਰਾਂ ਦੇ ਪਾਣੀ ਦੀ ਇੱਕ ਸੂਚੀ ਬਣਾਈ ਹੈ। ਸਭ ਤੋਂ ਜ਼ਿਆਦਾ ਨੀਲਾ ਪਾਣੀ ਸ਼ਾਂਤ ਮਹਾਂਸਾਗਰ ਦਾ ਹੈ। ਇਸ ਸੂਚੀ ਮੁਤਾਬਿਕ ਇਸ ਸਮੁੰਦਰ ਦਾ ਤੀਜਾ ਨੰਬਰ ਹੈ।"
ਮਰਿਊਤਕਾ ਨੇ ਆਪਣੀਆਂ ਅੱਖਾਂ ਮੀਚ ਲਈਆਂ ਜਿਵੇਂ ਪਾਣੀ ਦੀ ਨਿਲੱਤਣ ਦੱਸਣ ਵਾਲੀ ਸੂਚੀ ਨੂੰ ਆਪਣੀ ਕਲਪਨਾ ਵਿੱਚ ਵੇਖ ਰਹੀ ਹੋਵੇ।
"ਬਹੁਤ ਹੀ ਨੀਲਾ ਹੈ ਇਹ ਪਾਣੀ। ਕਿਸੇ ਦੂਜੀ ਚੀਜ਼ ਨਾਲ ਇਸ ਦੀ ਤੁਲਨਾ ਕਰਨਾ ਸੰਭਵ ਨਹੀਂ। ਇਹ ਅਜਿਹਾ ਨੀਲਾ ਹੈ ਜਿਵੇਂ ਕਿ ਅਚਾਨਕ ਉਸ ਦੀਆਂ ਬਿੱਲੀ ਵਰਗੀਆਂ ਪੀਲੀਆਂ ਅੱਖਾਂ ਲੈਫਟੀਨੈਂਟ ਦੀਆਂ ਨੀਲੀਆਂ ਅੱਖਾਂ ਉੱਤੇ ਟਿਕ ਗਈਆਂ। ਉਹ ਅੱਗੇ ਵੱਲ ਝੁਕੀ ਉਸ ਦਾ ਪੂਰਾ ਸਰੀਰ ਇਸ ਤਰ੍ਹਾਂ ਕੰਬਿਆ ਜਿਵੇਂ ਉਸ ਨੇ ਕੋਈ ਅਸਾਧਾਰਨ ਚੀਜ਼ ਖੋਜ ਲਈ ਹੋਵੇ। ਉਸ ਦੇ ਬੁੱਲ੍ਹ ਹੈਰਾਨੀ ਨਾਲ ਖੁੱਲ੍ਹੇ ਹੀ ਰਹਿ ਗਏ। ਉਹ ਬੁੜਬੜਾਈ "ਉਹ ਮਾਂ ਤੇਰੀਆਂ ਅੱਖਾਂ ਵੀ ਤਾਂ ਬਿਲਕੁਲ ਅਜਿਹੀਆਂ ਹੀ ਨੀਲੀਆਂ ਨੇ। ਇਸ ਪਾਣੀ ਵਰਗੀਆਂ! ਇਹੀ ਤਾਂ ਮੈਂ ਸੋਚ ਰਹੀ ਸੀ ਕਿ ਇਸ ਵਿੱਚ ਕੋਈ ਜਾਣੀ-ਪਹਿਚਾਣੀ ਗੱਲ ਹੈ, ਮੱਛੀ ਦਾ ਹੈਜ਼ਾ।"
ਲੈਫਟੀਨੈਂਟ ਖਾਮੋਸ਼ ਰਿਹਾ।
ਦੁਮੇਲ ਸੰਗਤਰੀ ਰੰਗ ਵਿੱਚ ਡੁੱਬ ਗਿਆ। ਦੂਰ ਕਿਤੇ ਪਾਣੀ ਵਿੱਚ ਸਿਆਹੀ ਦੇ ਧੱਬੇ ਨਜ਼ਰ ਆ ਰਹੇ ਸਨ । ਬਰਫੀਲੀ ਹਵਾ ਸਾਗਰ ਦੇ ਤਲ 'ਤੇ ਹਲਚਲ ਪੈਦਾ ਕਰਨ ਲੱਗੀ ਸੀ।
"ਪੂਰਬੀ ਹਵਾ ਹੈ, ਸੈਮਯਾਨੀ ਨੇ ਆਪਣੀ ਫਟੀ ਹੋਈ ਵਰਦੀ ਲਪੇਟਦੇ ਹੋਏ ਕਿਹਾ।
"ਸ਼ਾਇਦ ਤੂਫ਼ਾਨ ਆਏਗਾ।" ਵਯਾਖਿਰ ਬੋਲਿਆ।
"ਆ ਜਾਵੇ ਦੋ ਘੰਟੇ ਹੋਰ ਕਿਸ਼ਤੀ ਚਲਾਵਾਂਗੇ ਤਾਂ ਬਰਸਾ ਨਜ਼ਰ ਆਉਣ ਲੱਗੇਗਾ। ਹਵਾ ਚੱਲੀ ਤਾਂ ਰਾਤ ਉੱਥੇ ਹੀ ਰੁੱਕ ਜਾਵਾਂਗੇ।"
ਚੁੱਪ ਛਾ ਗਈ। ਉੱਠਦੀਆਂ ਹੋਈਆਂ ਕਾਲੀਆਂ ਕਾਲੀਆਂ ਲਹਿਰਾਂ 'ਤੇ ਕਿਸ਼ਤੀ ਡਿੱਕ ਡੋਲੇ ਖਾਣ ਲੱਗੀ।
ਅਸਮਾਨ ਵਿੱਚ ਵੱਡੇ ਵੱਡੇ ਕਾਲੇ ਬੱਦਲ ਦਿਖਾਈ ਦੇਣ ਲੱਗੇ।
"ਬੇਸ਼ੱਕ ਅਜਿਹਾ ਹੀ ਹੈ। ਤੂਫ਼ਾਨ ਆ ਰਿਹਾ ਹੈ।"
"ਬਰਸਾ ਟਾਪੂ ਜਲਦੀ ਹੀ ਨਜ਼ਰ ਆਵੇਗਾ। ਖੱਬੇ ਪਾਸੇ ਨੂੰ ਹੋਵੇਗਾ ਉਹ। ਪੁੱਠੀ ਜਿਹੀ ਥਾਂ ਹੈ ਇਹ ਬਰਸਾ ਵੀ । ਉੱਥੇ ਚਾਹੇ ਜਿੱਥੇ ਵੀ ਚਲੇ ਜਾਓ ਹਰ ਥਾਂ ਰੇਤ ਹੀ ਰੇਤ ਹੈ। ਬਸ ਹਵਾ ਫਰਾਟੇ ਮਾਰਦੀ ਰਹਿੰਦੀ ਹੈ।... ਓਏ ਬਾਦਬਾਨ ਢਿੱਲਾ ਕਰੋ, ਜਲਦੀ। ਇਹ ਤੇਰੇ ਜਨਰਲ
ਦੀ ਪਤਲੂਣ ਨਹੀਂ ਹੈ।" ਲੈਫਟੀਨੈਂਟ ਸਮੇਂ 'ਤੇ ਬਾਦਬਾਨ ਢਿੱਲਾ ਨਾ ਕਰ ਸਕਿਆ। ਕਿਸ਼ਤੀ ਨੇ ਇੱਕ ਪਾਸੇ ਨੂੰ ਝਟਕਾ ਖਾਧਾ ਅਤੇ ਝੱਗ ਉਹਨਾਂ ਸਾਰਿਆਂ ਦੇ ਮੂੰਹਾਂ 'ਤੇ ਵਿਛ ਗਈ।
"ਮੇਰੇ 'ਤੇ ਕਿਉਂ ਬਰਸ ਰਹੇ ਹੋ ? ਮਰੀਆ ਫਿਲਾਤੋਵਨਾ ਤੋਂ ਗਲਤੀ ਹੋ ਗਈ ਸੀ।"
"ਮੇਰੇ ਤੋਂ ਭੁੱਲ ਹੋਈ ਸੀ ? ਕੀ ਕਹਿ ਰਿਹਾ ਹੈ, ਮੱਛੀ ਦਾ ਹੈਜ਼ਾ। ਪੰਜ ਸਾਲ ਦੀ ਉਮਰ ਤੋਂ ਚੱਪੂ 'ਤੇ ਮੇਰਾ ਹੱਥ ਰਿਹਾ ਹੈ।"
ਉੱਚੀਆਂ ਉੱਚੀਆਂ ਕਾਲੀਆਂ ਲਹਿਰਾਂ ਕਿਸ਼ਤੀ ਦਾ ਪਿੱਛਾ ਕਰ ਰਹੀਆਂ ਸਨ। ਉਹ ਮੂੰਹ ਖੋਲ੍ਹੀ ਅਜਗਰਾਂ ਵਰਗੀਆਂ ਦਿਖਾਈ ਦੇ ਰਹੀਆਂ ਸਨ। ਉਹ ਕਿਸ਼ਤੀ ਦੇ ਪਾਸਿਆਂ 'ਤੇ ਟੁੱਟ ਕੇ ਪੈ ਰਹੀਆਂ ਸਨ।
"ਹਾਏ ਮਾਂ! ਕਦੋਂ ਆਏਗਾ ਇਹ ਕੰਬਖਤ ਬਰਸਾ! ਹਨੇਰਾ ਕਿੰਨਾ ਹੈ; ਹੱਥ ਨੂੰ ਹੱਥ ਮਾਰਿਆ ਨਹੀਂ ਦਿੱਸਦਾ।"
ਵਯਾਖਿਰ ਨੇ ਖੱਬੇ ਪਾਸੇ ਨਜ਼ਰ ਮਾਰੀ। ਉਹ ਖੁਸ਼ੀ ਨਾਲ ਚੀਕ ਉੱਠਿਆ:
"ਉਹ ਰਿਹਾ, ਕੰਬਖਤ ਕਿਸੇ ਥਾਂ ਦਾ।"
ਝੱਗ ਅਤੇ ਧੁੰਦ ਵਿਚਾਲੇ ਇੱਕ ਸਫੇਦ ਲੀਕ ਸਾਫ਼ ਚਮਕ ਰਹੀ ਸੀ।
"ਵਧਾਓ ਤਟ ਵੱਲ," ਸੇਮਯਾਨੀ ਚੀਕਿਆ।"ਰੱਬ ਨੇ ਚਾਹਿਆ ਤਾਂ ਉੱਥੇ ਪਹੁੰਚ ਜਾਵਾਂਗੇ।"
ਕਿਸ਼ਤੀ ਦਾ ਪਿਛਲਾ ਹਿੱਸਾ ਚਰਮਰਾਇਆ, ਬੱਲੀਆਂ ਵੀ ਹਿੱਲੀਆਂ। ਇੱਕ ਲਹਿਰ ਤਾਂ ਉੱਛਲ ਕੇ ਕਿਸ਼ਤੀ ਦੇ ਅੰਦਰ ਗਿੱਟਿਆਂ ਤੱਕ ਆ ਵੜੀ।
"ਪਾਣੀ ਬਾਹਰ ਕੱਢੋ।" ਮਰਿਊਤਕਾ ਉੱਛਲ ਕੇ ਖੜ੍ਹੀ ਹੋ ਗਈ ਅਤੇ ਚੀਕੀ।
"ਪਾਣੀ ਕੱਢੀਏ ? ਪਰ ਕਾਹਦੇ ਨਾਲ, ਆਪਣੇ ਸਿਰ ਨਾਲ ?"
"ਟੋਪੀਆਂ ਨਾਲ।"
ਸੇਮਯਾਨੀ ਅਤੇ ਵਯਾਖਿਰ ਨੇ ਝਟਪਟ ਟੋਪੀਆਂ ਉਤਾਰੀਆਂ ਅਤੇ ਤੇਜ਼ੀ ਨਾਲ ਪਾਣੀ ਬਾਹਰ ਕੱਢਣ ਲੱਗੇ।
ਲੈਫਟੀਨੈਂਟ ਪਲ ਭਰ ਲਈ ਤਾਂ ਝਿਜਕਿਆ, ਫਿਰ ਉਸ ਨੇ ਵੀ ਆਪਣੀ ਫ਼ਰ ਵਾਲੀ ਟੋਪੀ ਲਾਹੀ ਅਤੇ ਪਾਣੀ ਕੱਢਣ ਵਿੱਚ ਉਹਨਾਂ ਦਾ ਸਾਥ ਦੇਣ ਲੱਗਿਆ।
ਨੀਵੀਂ ਅਤੇ ਸਫ਼ੈਦ ਰੇਖਾ ਤੇਜ਼ੀ ਨਾਲ ਕਿਸ਼ਤੀ ਦੇ ਨਜ਼ਦੀਕ ਆ ਰਹੀ ਸੀ, ਬਰਫ਼ ਨਾਲ ਢੱਕੇ ਹੋਏ ਤਟ ਦਾ ਰੂਪ ਲੈਂਦੀ ਜਾ ਰਹੀ ਸੀ। ਉੱਬਲਦੀ ਹੋਈ ਝੱਗ ਕਾਰਨ ਉਹ ਹੋਰ ਵੀ ਜ਼ਿਆਦਾ ਸਫੈਦ ਦਿਖਾਈ ਦੇ ਰਹੀ ਸੀ।
ਹਵਾ ਗਰਜਦੀ ਅਤੇ ਫੁੰਕਾਰਦੀ ਹੋਈ ਆਉਂਦੀ ਅਤੇ ਲਹਿਰਾਂ ਨੂੰ ਹੋਰ ਉੱਚਾ ਚੁੱਕ ਦਿੰਦੀ।
ਇੱਕ ਤੂਫ਼ਾਨੀ ਬੁੱਲ੍ਹਾ ਬਾਦਬਾਨ 'ਤੇ ਝਪਟਿਆ, ਜੋ ਫੁੱਲੇ ਹੋਏ ਢਿੱਡ ਵਾਂਗ ਬਾਹਰ ਨੂੰ ਨਿਕਲ ਗਿਆ।
ਕੈਨਵਾਸ ਦਾ ਪੁਰਾਣਾ ਬਾਦਬਾਨ ਤੋਪ ਦੇ ਗੋਲੇ ਵਾਂਗ ਫਟਿਆ।
ਸੇਮਯਾਨੀ ਅਤੇ ਵਯਾਖਿਰ ਮਸਤੂਲ ਵੱਲ ਦੌੜੇ।
"ਰੱਸਾ ਫੜੋ", ਚੱਪੂ 'ਤੇ ਪੂਰੀ ਤਰ੍ਹਾਂ ਝੁਕਦੀ ਹੋਈ ਮਰਿਊਤਕਾ ਚੀਕੀ।
ਸਰਸਰਾਉਂਦੀ ਅਤੇ ਗਰਜਦੀ ਹੋਈ ਇੱਕ ਵੱਡੀ ਸਾਰੀ ਲਹਿਰ ਪਿੱਛਿਓਂ ਆਈ। ਕਿਸ਼ਤੀ ਇੱਕ ਪਾਸੇ ਨੂੰ ਝੁੱਕ ਗਈ ਅਤੇ ਠੰਢੀ ਠੰਢੀ ਅਤੇ ਚਮਕਦੀ ਹੋਈ ਮੋਟੀ ਜਿਹੀ ਧਾਰ ਇਸ ਦੇ ਉੱਪਰੋਂ ਲੰਘ ਗਈ।
ਕਿਸ਼ਤੀ ਜਦੋਂ ਸਿੱਧੀ ਹੋਈ ਤਾਂ ਉੱਪਰ ਤੱਕ ਪਾਣੀ ਨਾਲ ਭਰੀ ਹੋਈ ਸੀ ਅਤੇ ਸੇਮਯਾਨੀ ਅਤੇ ਵਯਾਖਿਰ ਦਾ ਕੋਈ ਅਤਾ-ਪਤਾ ਨਹੀਂ ਸੀ। ਪਾਣੀ ਨਾਲ ਗੜੁੱਚ ਅਤੇ ਫਟੇ ਹੋਏ ਬਾਦਬਾਨ ਦੇ ਟੁਕੜੇ ਹਵਾ ਵਿੱਚ ਲਹਿਰਾ ਰਹੇ ਸਨ।
ਲੈਫ਼ਟੀਨੈਂਟ ਲੱਕ ਤੱਕ ਪਾਣੀ ਵਿੱਚ ਬੈਠਾ ਜਲਦੀ ਜਲਦੀ ਆਪਣੇ ਉੱਪਰ ਸਲੀਬ ਬਣਾ ਰਿਹਾ ਸੀ। "ਸ਼ੈਤਾਨ। ਲਾਹਨਤ ਹੈ ਤੇਰੇ 'ਤੇ! ਪਾਣੀ ਕੱਢ!" ਮਰਿਊਤਕਾ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਬਹੁਤ ਸਾਰੀਆਂ ਮੋਟੀਆਂ ਮੋਟੀਆਂ ਅਤੇ ਭੱਦੀਆਂ ਗਾਲ੍ਹਾਂ ਕੱਢੀਆਂ ਲੈਫਟੀਨੈਂਟ ਭਿੱਜੀ ਬਿੱਲੀ ਵਾਂਗ ਛਾਲ ਮਾਰ ਕੇ ਖੜ੍ਹਾ ਹੋ ਗਿਆ ਅਤੇ ਪਾਣੀ ਬਾਹਰ ਕੱਢਣ ਲੱਗਿਆ। ਮਰਿਊਤਕਾ ਰਾਤ ਦੇ ਹਨ੍ਹੇਰੇ, ਸ਼ੋਰ ਅਤੇ ਹਵਾ ਵਿੱਚ ਪੁਕਾਰ ਰਹੀ ਸੀ:
"ਸੇ-ਮ-ਯਾ-ਨੀ! ਵ-ਯਾ-ਖਿ-ਰ! "
ਝੱਗ ਦਾ ਥਪੇੜ੍ਹਾ ਮੂੰਹ 'ਤੇ ਵੱਜਿਆਂ। ਕੋਈ ਜਵਾਬ ਨਹੀਂ ਮਿਲਿਆ।
"ਡੁੱਬ ਗਏ, ਸ਼ੈਤਾਨ!"
ਹਵਾ ਨੇ ਅੱਧੀ ਡੁੱਬੀ ਹੋਈ ਕਿਸ਼ਤੀ ਨੂੰ ਤਟ ਵੱਲ ਧੱਕ ਦਿੱਤਾ। ਆਲ਼ੇ-ਦੁਆਲੇ ਪਾਣੀ ਤਾਂ ਜਿਵੇਂ ਉੱਬਲ ਰਿਹਾ ਸੀ। ਪਿੱਛਿਓਂ ਇੱਕ ਹੋਰ ਲਹਿਰ ਆਈ ਅਤੇ ਕਿਸ਼ਤੀ ਦੀ ਤਹਿ ਜ਼ਮੀਨ ਨਾਲ ਜਾ ਟਕਰਾਈ।
"ਬਾਹਰ ਚੱਲ।" ਕਿਸ਼ਤੀ ਤੋਂ ਬਾਹਰ ਛਾਲ ਮਾਰਦੇ ਹੋਏ ਮਰਿਊਤਕਾ ਚੀਕੀ। ਲੈਫਟੀਨੈਂਟ ਉਸ ਦੇ ਪਿੱਛੇ ਪਿੱਛੇ ਕੁੱਦ ਕੇ ਬਾਹਰ ਆ ਗਿਆ।
"ਕਿਸ਼ਤੀ ਨੂੰ ਖਿੱਚ ਲਿਆਓ!"
ਪਾਣੀ ਦੇ ਜ਼ੋਰਦਾਰ ਛਿੱਟਿਆਂ ਨਾਲ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸਨ । ਇਸ ਤਰ੍ਹਾਂ ਉਹਨਾਂ ਨੇ ਕਿਸ਼ਤੀ ਨੂੰ ਤਟ 'ਤੇ ਖਿੱਚਿਆ। ਉਹ ਰੇਤ ਵਿੱਚ ਮਜ਼ਬੂਤੀ ਨਾਲ ਧਸ ਗਈ। ਮਰਿਊਤਕਾ ਨੇ ਬੰਦੂਕਾਂ ਸੰਭਾਲੀਆਂ।
"ਰਾਸ਼ਨ ਦੇ ਬੋਰੇ ਬਾਹਰ ਕੱਢ ਲਿਆਉ।"
ਲੈਫਟੀਨੈਂਟ ਨੇ ਚੁੱਪ-ਚਾਪ ਮਰਿਊਤਕਾ ਦਾ ਹੁਕਮ ਮੰਨਿਆ। ਖੁਸ਼ਕ ਜਗ੍ਹਾ ਦੇਖ ਕੇ ਮਰਿਊਤਕਾ ਨੇ ਬੰਦੂਕਾਂ ਰੇਤੇ ਉੱਪਰ ਸੁੱਟ ਦਿੱਤੀਆਂ। ਲੈਫਟੀਨੈਂਟ ਨੇ ਬੋਰੇ ਰੱਖ ਦਿੱਤੇ।
ਮਰਿਊਤਕਾ ਨੇ ਇੱਕ ਵਾਰ ਫਿਰ ਹਨ੍ਹੇਰੇ ਵਿੱਚ ਪੁਕਾਰਿਆ।
"ਸੇ-ਮ-ਯਾ-ਨੀ! ਵ-ਯਾ-ਖਿ-ਰ! "
ਕੋਈ ਜਵਾਬ ਨਹੀਂ ਮਿਲਿਆ।
ਮਰਿਊਤਕਾ ਬੋਰਿਆਂ 'ਤੇ ਬੈਠ ਕੇ ਔਰਤਾਂ ਵਾਂਗ ਰੋ ਪਈ।
ਲੈਫਟੀਨੈਂਟ ਉਹਦੇ ਪਿੱਛੇ ਖੜ੍ਹਾ ਸੀ । ਉਸ ਦੇ ਦੰਦ ਵੱਜ ਰਹੇ ਸਨ।
ਉਸਨੇ ਆਪਣੇ ਮੋਢੇ ਝਟਕੇ ਅਤੇ ਜਿਵੇਂ ਹਵਾ ਨੂੰ ਕਿਹਾ:
"ਬੇੜਾ ਗਰਕ! ਇਹ ਤਾਂ ਬਿਲਕੁਲ ਕੋਈ ਪਰੀ ਕਹਾਣੀ ਹੀ ਹੈ। ਰਾਬਿਨਸਨ ਕਰੂਸੋ ਅਤੇ ਫਰਾਇਡੇ!"
ਛੇਵਾਂ ਕਾਂਡ
ਜਿਸ ਵਿੱਚ ਦੂਜੀ ਵਾਰ ਗੱਲਬਾਤ ਹੁੰਦੀ ਹੈ ਅਤੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਿਫ਼ਰ ਤੋਂ ਦੋ ਦਰਜੇ ਉੱਪਰ ਸੈਂਟੀਗ੍ਰੇਡ ਵਾਲੇ ਸਮੁੰਦਰੀ ਪਾਣੀ ਵਿੱਚ ਨਹਾਉਣ ਨਾਲ ਕੀ ਹੁੰਦਾ ਹੈ।
ਲੈਫਟੀਨੈਂਟ ਨੇ ਮਰਿਊਤਕਾ ਦਾ ਮੋਢਾ ਹਲੂਣਿਆ।
ਉਸਨੇ ਕਈ ਵਾਰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਬੁਰੀ ਤਰ੍ਹਾਂ ਵੱਜ ਰਹੇ ਉਸਦੇ ਜਬਾੜੇ ਨੇ ਉਸ ਨੂੰ ਕੁਝ ਕਹਿਣ ਨਾ ਦਿੱਤਾ।
ਉਸਨੇ ਮੁੱਠੀ ਰੱਖ ਕੇ ਜਬਾੜੇ ਨੂੰ ਜ਼ੋਰ ਨਾਲ ਦਬਾਇਆ ਅਤੇ ਆਪਣੀ ਗੱਲ ਕਹੀ:
"ਰੋਣ ਨਾਲ ਕੁਝ ਹਾਸਿਲ ਨਹੀਂ ਹੋਣਾ। ਚੱਲਣਾ ਚਾਹੀਦਾ ਹੈ। ਇੱਥੇ ਬੈਠੇ ਬੈਠੇ ਮਰਨਾ ਤਾਂ ਨਹੀਂ ਹੈ। ਜੰਮ ਜਾਵਾਂਗੇ।"
ਮਰਿਊਤਕਾ ਨੇ ਸਿਰ ਉੱਪਰ ਚੁੱਕਿਆ। ਨਿਰਾਸ਼ ਹੁੰਦੇ ਹੋਏ ਕਿਹਾ: "ਜਾਵਾਂਗੇ ਵੀ ਤਾਂ ਕਿੱਥੇ ? ਆਪਾਂ ਟਾਪੂ 'ਤੇ ਹਾਂ। ਹਰ ਪਾਸੇ ਪਾਣੀ ਹੈ।"
ਫਿਰ ਵੀ ਚੱਲਣਾ ਚਾਹੀਦਾ ਹੈ। ਮੈਂ ਜਾਣਦਾ ਹਾਂ ਕਿ ਇੱਥੇ ਲੱਕੜ ਦੇ ਢਾਰੇ ਹਨ।
"ਤੈਨੂੰ ਕਿਵੇਂ ਪਤਾ? ਤੂੰ ਕਦੇ ਇੱਥੇ ਆਇਆ ਹੈ।"
"ਨਹੀਂ, ਆਇਆ ਤਾਂ ਕਦੇ ਨਹੀਂ। ਜਦੋਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਹਨਾਂ ਦਿਨਾਂ ਵਿੱਚ ਮੈਂ ਪੜ੍ਹਿਆ ਸੀ ਕਿ ਮਛੇਰੇ ਮੱਛੀਆਂ ਰੱਖਣ ਲਈ ਇੱਥੇ ਢਾਰੇ ਬਣਾਉਂਦੇ ਹਨ। ਸਾਨੂੰ ਇਹੋ ਜਿਹਾ ਕੋਈ ਢਾਰਾ ਲੱਭਣਾ ਚਾਹੀਦਾ ਹੈ।"
"ਚਲੋ ਮੰਨ ਲਓ ਕਿ ਦਾਰਾ ਮਿਲ ਗਿਆ। ਫਿਰ ਅੱਗੇ ਕੀ ?"
"ਇਹ ਸਵੇਰੇ ਦੇਖਾਂਗੇ। ਉੱਠੋ, ਫਰਾਇਡੇ!"
ਮਰਿਊਤਕਾ ਨੇ ਸਹਿਮ ਕੇ ਲੈਫਟੀਨੈਂਟ ਵੱਲ ਦੇਖਿਆ।
''ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ ? ਹਾਏ ਰੱਬਾ! ਕੀ ਕਰੂੰਗੀ ਮੈਂ ਤੇਰਾ? ਅੱਜ ਫਰਾਇਡੇ ਨਹੀਂ, ਬੁੱਧਵਾਰ ਹੈ।"
"ਖੈਰ, ਸਭ ਠੀਕ ਹੈ। ਤੂੰ ਮੇਰੀਆਂ ਗੱਲਾਂ ਵੱਲ ਧਿਆਨ ਨਾ ਦੇ। ਆਪਾਂ ਇਸ ਬਾਰੇ ਫਿਰ ਚਰਚਾ ਕਰਾਂਗੇ। ਹੁਣ ਉੱਠੋ!"
ਮਰਿਊਤਕਾ ਉਸ ਦੀ ਗੱਲ ਮੰਨਦੇ ਹੋਏ ਚੁੱਪ-ਚਾਪ ਖੜ੍ਹੀ ਹੋ ਗਈ।
ਲੈਫਟੀਨੈਂਟ ਬੰਦੂਕਾਂ ਚੁੱਕਣ ਲਈ ਝੁਕਿਆ, ਪਰ ਮਰਿਊਤਕਾ ਨੇ ਉਸ ਦਾ ਹੱਥ ਫੜ ਲਿਆ।
"ਰੁਕ ਗੜਬੜ ਨਹੀਂ ਕਰਨੀ। ਤੂੰ ਵਚਨ ਦਿੱਤਾ ਹੈ ਕਿ ਭੱਜੇਂਗਾ ਨਹੀਂ।"
ਲੈਫਟੀਨੈਂਟ ਨੇ ਹੱਥ ਪਿੱਛੇ ਕਰ ਲਿਆ ਅਤੇ ਜ਼ੋਰ ਨਾਲ ਠਹਾਕੇ ਮਾਰਨ ਲੱਗਿਆ।
"ਲੱਗਦਾ ਹੈ ਦਿਮਾਗ ਮੇਰਾ ਨਹੀਂ, ਤੇਰਾ ਦਿਮਾਗ਼ ਫਿਰ ਗਿਆ ਹੈ। ਜਰਾ ਸੋਚ ਤਾਂ ਕੀ ਮੈਂ ਇਸ ਸਮੇਂ ਭੱਜਣ ਦੀ ਗੱਲ ਸੋਚ ਸਕਦਾ ਹਾਂ ? ਬੰਦੂਕਾਂ ਇਸ ਲਈ ਚੁੱਕਣ ਲੱਗਿਆ ਸਾਂ ਕਿ ਤੈਨੂੰ ਚੁੱਕਣ ਵਿੱਚ ਤਕਲੀਫ਼ ਹੋਵੇਗੀ।"
ਮਰਿਊਤਕਾ ਸ਼ਾਂਤ ਹੋ ਗਈ, ਪਰ ਮਿੱਠੇ ਅਤੇ ਗੰਭੀਰ ਢੰਗ ਨਾਲ ਉਸ ਨੇ ਕਿਹਾ
"ਮੱਦਦ ਲਈ ਸ਼ੁਕਰੀਆ। ਪਰ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਤੈਨੂੰ ਹੈੱਡ- ਕੁਆਰਟਰ ਤੱਕ ਪਹੁੰਚਾ ਦਿਆਂ... ਇਸ ਲਈ ਸਾਫ਼ ਹੈ ਤੈਨੂੰ ਬੰਦੂਕਾਂ ਨਹੀਂ ਦੇ ਸਕਦੀ, ਮੇਰੇ ਉੱਤੇ ਤੇਰੀ ਜ਼ਿੰਮੇਵਾਰੀ ਜੋ ਹੈ।"
ਲੈਫਟੀਨੈਂਟ ਨੇ ਮੋਢੇ ਝਟਕੇ ਅਤੇ ਬੋਰੇ ਚੁੱਕ ਕੇ ਅੱਗੇ ਅੱਗੇ ਤੁਰ ਪਿਆ।
ਰੇਤ, ਜਿਸ ਵਿੱਚ ਬਰਫ਼ ਰਲੀ ਹੋਈ ਸੀ, ਪੈਰਾਂ ਥੱਲੇ ਚਰਮਰਾ ਰਹੀ ਸੀ। ਥੱਲੇ, ਸੁੰਨਸਾਨ ਅਤੇ ਸਮਤਲ ਤਟ ਦਾ ਕੋਈ ਅੰਤ ਨਹੀਂ ਸੀ । ਦੂਰ ਕੋਈ ਭਾਰੀ ਚੀਜ਼ ਬਰਫ਼ ਨਾਲ ਢੱਕੀ ਹੋਈ ਨਜ਼ਰ ਆਈ।
ਮਰਿਊਤਕਾ ਤਿੰਨ ਬੰਦੂਕਾਂ ਦੇ ਭਾਰ ਨਾਲ ਦੱਬੀ ਜਾ ਰਹੀ ਸੀ।
"ਕਈ ਗੱਲ ਨਹੀਂ, ਮਰੀਆ ਫਿਲਾਤੋਵਨਾ, ਥੋੜ੍ਹੀ ਹੋਰ ਹਿੰਮਤ ਰੱਖੋ। ਜ਼ਰੂਰ ਇਹ ਢਾਰਾ ਹੀ ਹੈ!"
"ਕਾਸ਼ ਕਿ ਢਾਰਾ ਹੀ ਹੋਵੇ । ਮੇਰਾ ਤਾਂ ਦਮ ਨਿਕਲਦਾ ਜਾ ਰਿਹਾ ਹੈ। ਠੰਢ ਨਾਲ ਬਿਲਕੁਲ ਆਕੜ ਗਈ ਹਾਂ ।" ਉਹ ਢਾਰੇ ਅੰਦਰ ਦਾਖਲ ਹੋਏ। ਅੰਦਰ ਘੁੱਪ ਹਨ੍ਹੇਰਾ ਸੀ । ਹਰ ਪਾਸੇ ਲੂਣ ਲੱਗੀਆਂ ਮੱਛੀਆਂ ਅਤੇ ਜੰਗ ਲੱਗੇ ਲੂਣ ਦੀ ਸੜਾਂਦ ਫੈਲੀ ਹੋਈ ਸੀ।
ਲੈਫਟੀਨੈਂਟ ਨੇ ਮੱਛੀਆਂ ਦੇ ਢੇਰ ਨੂੰ ਹੱਥ ਨਾਲ ਛੂਹਿਆ।
"ਉਹ ਮੱਛੀ! ਚੱਲੋ ਭੁੱਖੇ ਮਰਨ ਦੀ ਨੌਬਤ ਤਾਂ ਨਹੀਂ ਆਏਗੀ।"
"ਕਾਸ਼ ! ਰੌਸ਼ਨੀ ਹੁੰਦੀ! ਚਾਰੇ ਪਾਸੇ ਦੇਖਣਾ ਚਾਹੀਦਾ। ਸ਼ਾਇਦ ਹਵਾ ਤੋਂ ਬਚਣ ਲਈ ਕੋਈ ਖੂੰਜਾ ਹੀ ਮਿਲ ਜਾਵੇ ।" ਮਰਿਊਤਕਾ ਨੇ ਹੌਂਕਾ ਭਰ ਕੇ ਕਿਹਾ।
"ਬਿਜਲੀ ਦੀ ਉਮੀਦ ਤਾਂ ਇੱਥੇ ਨਹੀਂ ਕੀਤੀ ਜਾ ਸਕਦੀ।"
"ਮੱਛੀ ਬਾਲੀ ਜਾਵੇ.... ਦੇਖ ਤਾਂ ਇਸ ਵਿੱਚ ਕਿੰਨੀ ਚਰਬੀ ਹੈ।" ਲੈਫਟੀਨੈਂਟ ਨੇ ਫਿਰ ਠਹਾਕਾ ਮਾਰਿਆ।
"ਮੱਛੀ ਬਾਲੀ ਜਾਵੇ ? ਤੂੰ ਤਾਂ ਸਚਮੁਚ ਪਾਗਲ ਹੋ ਗਈ ਹੈ।"
"ਉਹ ਕਿਉਂ ?" ਮਰਿਊਤਕਾ ਨੇ ਖਿਝ ਕੇ ਕਿਹਾ। "ਵੋਲਗਾ ਤੱਟ 'ਤੇ ਸਾਡੇ ਉੱਥੇ ਤਾਂ ਬਹੁਤ ਬਾਲੀਆਂ ਜਾਂਦੀਆਂ ਨੇ। ਲੱਕੜੀਆਂ ਤੋਂ ਵੀ ਵਧੀਆ ਜਲਦੀਆਂ ਨੇ !"
"ਪਹਿਲੀ ਵਾਰ ਸੁਣ ਰਿਹਾ ਹਾਂ - ਪਰ ਬਾਲਾਂਗੇ ਕਿਵੇਂ ? ਮੇਰੇ ਕੋਲ ਚਕਮਕ ਤਾਂ ਹੈ ਪਰ ਸੱਕੜ ਕਿੱਥੋਂ...?"
“ਵਾਹ ਉਏ ਸੂਰਮਿਆਂ। ਸਮਝ ਗਈ ਕਿ ਮਾਂ ਦੀ ਘੱਗਰੀ ਦੀ ਛਾਵੇਂ ਹੀ ਉਮਰ ਗੁਜ਼ਾਰੀ ਹੈ। ਲੈ ਇਹ ਕਾਰਤੂਸ ਪਾੜ ਅਤੇ ਮੈਂ ਕੰਧ ਤੋਂ ਕੁਝ ਸੱਕੜ ਲਾਹੁੰਦੀ ਹਾਂ ।"
ਬੁਰੀ ਤਰ੍ਹਾਂ ਜੰਮੀਆਂ ਹੋਈਆਂ ਉਂਗਲਾਂ ਨਾਲ ਲੈਫਟੀਨੈਂਟ ਨੇ ਬਹੁਤ ਮੁਸ਼ਕਿਲ ਨਾਲ ਤਿੰਨ ਕਾਰਤੂਸ ਫਾੜੇ। ਸੱਕੜ ਲਿਆਉਂਦੇ ਹੋਏ ਮਰਿਊਤਕਾ ਹਨ੍ਹੇਰੇ ਵਿੱਚ ਲੈਫਟੀਨੈਂਟ 'ਤੇ ਡਿੱਗਦੇ ਡਿੱਗਦੇ ਮਸਾਂ ਬਚੀ।
"ਬਰੂਦ ਇੱਥੇ ਛਿੜਕ। ਇੱਕ ਹੀ ਜਗ੍ਹਾ 'ਤੇ... ਚਕਮਕ ਕੱਢ।"
ਚਕਮਕ 'ਚੋਂ ਸੰਗਤਰੀ ਭਾਂਬੜ ਨਿਕਲਿਆ। ਮਰਿਊਤਕਾ ਨੇ ਉਸ ਨੂੰ ਬਾਰੂਦ ਦੇ ਢੇਰ ਵਿੱਚ ਵਾੜ ਦਿੱਤਾ। ਇੱਕ ਫੂੰਕਾਰ ਜਿਹੀ ਹੋਈ। ਫਿਰ ਹੌਲੀ ਹੌਲੀ ਪੀਲੀਆਂ ਚੰਗਿਆੜੀਆਂ ਦੀ ਫੁੱਲਝੜੀ ਜਿਹੀ ਚੱਲੀ ਅਤੇ ਸੁੱਕੇ ਛਿੱਲੜਾਂ ਨੂੰ ਅੱਗ ਲੱਗਣੀ ਸ਼ੁਰੂ ਹੋਈ।
"ਬਲ ਗਈ ਅੱਗ," ਮਰਿਊਤਕਾ ਖੁਸ਼ੀ ਨਾਲ ਚੀਕੀ, "ਮੱਛੀਆਂ ਲਿਆਓ... ਸਭ ਤੋਂ ਜ਼ਿਆਦਾ ਚਰਬੀ ਵਾਲੀਆਂ।"
"ਬਲਦੇ ਹੋਏ ਸੈਂਕੜਾਂ ਉੱਤੇ ਉਹਨੇ ਢੰਗ ਨਾਲ ਮੱਛੀਆਂ ਚਿਣੀਆਂ। ਸ਼ੁਰੂ ਵਿੱਚ ਤਾਂ ਸੂੰ-ਸੂੰ ਦੀ ਅਵਾਜ਼ ਹੋਈ ਅਤੇ ਫਿਰ ਚਮਕਦਾਰ ਅਤੇ ਗਰਮ-ਗਰਮ ਲਪਟਾਂ ਨਿਕਲਣ ਲੱਗੀਆਂ।
"ਹੁਣ ਸਿਰਫ਼ ਬਾਲਣ ਹੀ ਪਾਉਂਦੇ ਰਹਿਣਾ ਪਏਗਾ। ਛੇ ਮਹੀਨਿਆਂ ਤੱਕ ਮੱਛੀਆਂ ਕਾਫੀ ਨੇ।“
ਮਰਿਊਤਕਾ ਨੇ ਸਾਰੇ ਪਾਸੇ ਨਜ਼ਰ ਦੌੜਾਈ। ਮੱਛੀਆਂ ਦੇ ਵੱਡੇ ਵੱਡੇ ਢੇਰਾਂ 'ਤੇ ਲਪਟਾਂ ਦੇ ਨੱਚਦੇ ਹੋਏ ਪਰਛਾਵੇਂ ਪੈ ਰਹੇ ਸਨ । ਢਾਰੇ ਦੀਆਂ ਲੱਕੜ ਦੀਆਂ ਕੰਧਾਂ ਵਿੱਚ ਤ੍ਰੇੜਾਂ ਅਤੇ ਸੁਰਾਖ ਸਨ।
ਮਰਿਊਤਕਾ ਨੇ ਢਾਰੇ ਦਾ ਨਿਰੀਖਣ ਕੀਤਾ। ਉਹ ਇੱਕ ਕੋਨੇ ਤੋਂ ਚੀਕੀ:
"ਇੱਥੇ ਇੱਕ ਸਹੀ ਸਲਾਮਤ ਕੋਨਾ ਹੈ! ਅੱਗ ਵਿੱਚ ਮੱਛੀ ਹੋਰ ਪਾ ਦਿਓ, ਕਿਤੇ ਬੁਝ ਨਾ ਜਾਏ। ਮੈਂ ਇੱਥੇ ਚਾਰੇ ਪਾਸੇ ਓਟ ਕਰ ਦਿਆਂਗੀ - ਬਿਲਕੁਲ ਕਮਰੇ ਵਰਗਾ ਬਣ ਜਾਏਗਾ।"
ਲੈਫਟੀਨੈਂਟ ਅੱਗ ਕੋਲ ਸੁੰਗੜ ਕੇ ਬੈਠਾ ਗਰਮੀ ਲੈ ਰਿਹਾ ਸੀ। ਮਰਿਊਤਕਾ ਕੋਨੇ ਵਿੱਚ ਮੱਛੀਆਂ ਚੁੱਕ ਕੇ ਸੁੱਟ ਰਹੀ ਸੀ। ਆਖਿਰ ਉਸ ਨੇ ਪੁਕਾਰ ਕੇ ਕਿਹਾ:
"ਤਿਆਰ ਹੋ ਗਿਆ। ਰੋਸ਼ਨੀ ਲਿਆਓ ?"
ਲੈਫਟੀਨੈਂਟ ਨੇ ਬਲਦੀ ਹੋਈ ਮੱਛੀ ਪੂਛ ਤੋਂ ਫੜ ਕੇ ਚੁੱਕੀ। ਉਹ ਕੋਨੇ ਵਿੱਚ ਪਹੁੰਚਿਆ। ਮਰਿਊਤਕਾ ਨੇ ਤਿੰਨ ਪਾਸਿਓਂ ਮੱਛੀਆਂ ਦੀ ਕੰਧ ਬਣਾ ਦਿੱਤੀ ਸੀ ਅਤੇ ਵਿਚਕਾਰ ਥੋੜ੍ਹੀ ਜਿਹੀ ਖਾਲੀ ਥਾਂ ਰਹਿ ਗਈ ਸੀ।
"ਇੱਥੇ ਬੈਠ ਕੇ ਅੱਗ ਬਾਲ ਲੈ। ਮੈਂ ਵਿਚਾਲੇ ਮੱਛੀਆਂ ਦਾ ਢੇਰ ਲਗਾ ਦਿੱਤਾ ਹੈ। ਮੈਂ ਉਦੋਂ ਤੱਕ ਰਾਸ਼ਨ ਲੈ ਕੇ ਆਉਂਦੀ ਹਾਂ।"
ਲੈਫਟੀਨੈਂਟ ਨੇ ਬਲਦੀ ਹੋਈ ਮੱਛੀ ਮੱਛੀਆਂ ਦੇ ਢੇਰ ਦੇ ਵਿਚਕਾਰ ਟਿਕਾ ਦਿੱਤੀ। ਅੱਗ ਬਹੁਤ ਹੌਲੀ ਹੌਲੀ ਅਤੇ ਜਿਵੇਂ ਮਕ ਮਾਰ ਕੇ ਬਲੀ । ਮਰਿਊਤਕਾ ਵਾਪਸ ਆਈ । ਉਸਨੇ ਬੰਦੂਕ ਕੋਨੇ ਵਿੱਚ ਖੜ੍ਹੀ ਕਰ ਦਿੱਤੀ ਅਤੇ ਬੋਰੇ ਜ਼ਮੀਨ 'ਤੇ ਰੱਖ ਦਿੱਤੇ।
"ਉਹ, ਮੱਛੀ ਦਾ ਹੇਜ਼ਾ ! ਸਾਥੀਆਂ ਦਾ ਅਫ਼ਸੋਸ ਹੁੰਦਾ ਹੈ। ਐਵੇਂ ਹੀ ਡੁੱਬ ਗਏ।"
"ਚੰਗਾ ਹੋਵੇ ਕਿ ਅਸੀਂ ਕੱਪੜੇ ਸੁਕਾ ਲਈਏ। ਨਹੀਂ ਤਾਂ ਠੰਢ ਲੱਗ ਜਾਵੇਗੀ।"
"ਤਾਂ ਸੁਕਾਉਂਦਾ ਕਿਉਂ ਨਹੀਂ ? ਮੱਛੀ ਦੀ ਅੱਗ ਬਥੇਰੀ ਤੇਜ਼ ਹੈ। ਉਤਾਰ ਕੱਪੜੇ, ਸੁਕਾ।“
ਲੈਫਟੀਨੈਂਟ ਝਿਜਕਿਆ।
"ਪਹਿਲਾਂ ਤੂੰ ਸੁਕਾ ਲੈ, ਮਰੀਆ ਫਿਲਾਤੋਵਨਾ। ਮੈਂ ਤਦ ਤੱਕ ਉੱਥੇ ਉਡੀਕ ਕਰਦਾ ਹਾਂ । ਫਿਰ ਮੈਂ ਆਪਣੇ ਕੱਪੜੇ ਸੁਕਾ ਲਵਾਂਗਾ।"
ਲੈਫਟੀਨੈਂਟ ਦਾ ਕੰਬਦਾ ਚਿਹਰਾ ਵੇਖ ਕੇ ਮਰਿਊਤਕਾ ਨੂੰ ਉਸ 'ਤੇ ਤਰਸ ਆਇਆ।
"ਦੇਖ ਰਹੀ ਹਾਂ ਕਿ ਤੂੰ ਬਿਲਕੁਲ ਬੁੱਧੂ ਹੈ। ਅਸਲੀ ਅਮੀਰਜ਼ਾਦਾ ਹੈ। ਤੈਨੂੰ ਡਰ ਕਾਹਦਾ ਹੈ ? ਕਦੇ ਕੋਈ ਨੰਗੀ ਔਰਤ ਨਹੀਂ ਦੇਖੀ ?"
"ਨਹੀਂ, ਇਹ ਗੱਲ ਨਹੀਂ ਹੈ... ਮੈਂ ਸੋਚਿਆ ਕਿ ਸ਼ਾਇਦ ਤੈਨੂੰ ਚੰਗਾ ਨਾ ਲੱਗੇ।"
"ਬਕਵਾਸ ਹੈ! ਆਪਾਂ ਸਾਰੇ ਇੱਕੋ ਜਿਹੇ ਹੱਡ ਮਾਸ ਦੇ ਬਣੇ ਹੋਏ ਹਾਂ। ਫਰਕ ਹੀ ਕੀ ਹੈ। ਕੱਪੜੇ ਉਤਾਰ, ਬੁੱਧੂ!"
ਉਹ ਚੀਕ ਪਈ, ਤੇਰੇ ਦੰਦ ਤਾਂ ਮਸ਼ੀਨਗੰਨ ਵਾਂਗੂ ਵੱਜ ਰਹੇ ਨੇ । ਤੂੰ ਤਾਂ ਮੇਰੇ ਲਈ ਪੂਰੀ ਮੁਸੀਬਤ ਹੈਂ!"
ਬੰਦੂਕਾਂ 'ਤੇ ਲਟਕੇ ਹੋਏ ਕੱਪੜਿਆਂ 'ਚੋਂ ਭਾਫ਼ ਉੱਠ ਰਹੀ ਸੀ।
ਲੈਫਟੀਨੈਂਟ ਅਤੇ ਮਰਿਊਤਕਾ ਅੰਗ ਸਾਹਮਣੇ, ਇੱਕ ਦੂਸਰੇ ਦੇ ਆਹਮੋ-ਸਾਹਮਣੇ ਬੈਠੇ ਸਨ ਅਤੇ ਆਪਣੇ ਆਪ ਨੂੰ ਗਰਮਾ ਰਹੇ ਸਨ।
ਮਰਿਊਤਕਾ ਲੈਫਟੀਨੈਂਟ ਦੀ ਗੋਰੀ ਗੋਰੀ, ਕੋਮਲ ਅਤੇ ਪਤਲੀ ਜਿਹੀ ਪਿੱਠ ਨੂੰ ਬਹੁਤ ਧਿਆਨ ਨਾਲ ਅਤੇ ਟਿਕਟਿਕੀ ਬੰਨ੍ਹ ਕੇ ਦੇਖ ਰਹੀ ਸੀ। ਉਹ ਬੋਲੀ।
"ਤੂੰ ਐਨਾ ਗੋਰਾ ਕਿਵੇਂ ਹੈ ? ਮੱਛੀ ਦਾ ਹੈਜ਼ਾ! ਲੱਗਦਾ ਹੈ ਤੈਨੂੰ ਮਲਾਈ ਨਾਲ ਮਲ ਮਲ ਕੇ ਨਹਾਉਂਦੇ ਰਹੇ ਨੇ।"
ਲੈਫਟੀਨੈਂਟ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ। ਉਸ ਨੇ ਮਰਿਊਤਕਾ ਵੱਲ ਦੇਖਿਆ। ਕੁਝ ਕਹਿਣਾ ਚਾਹਿਆ, ਪਰ ਮਰਿਊਤਕਾ ਦੀ ਗੋਲ ਗੋਲ ਛਾਤੀ 'ਤੇ ਅੰਗ ਦੇ ਪੀਲੇ ਪਰਛਾਵੇਂ ਨੱਚਦੇ ਵੇਖ ਕੇ ਉਸ ਨੇ ਆਪਣੀਆਂ ਨੀਲੀਆਂ ਨੀਲੀਆਂ ਅੱਖਾਂ ਝੁਕਾ ਲਈਆਂ।
ਕੱਪੜੇ ਸੁੱਕ ਗਏ। ਮਰਿਊਤਕਾ ਨੇ ਮੋਢੇ 'ਤੇ ਚਮੜੇ ਦੀ ਜੈਕਟ ਰੱਖ ਲਈ।
"ਹੁਣ ਸੌਂਣਾ ਚਾਹੀਦਾ ਹੈ। ਹੋ ਸਕਦਾ ਹੈ ਕੱਲ੍ਹ ਤੱਕ ਤੂਫ਼ਾਨ ਥੰਮ ਜਾਵੇ। ਇਹੀ ਚੰਗੀ ਕਿਸਮਤ ਹੈ ਕਿ ਕਿਸ਼ਤੀ ਨਹੀਂ ਡੁੱਬੀ। ਸ਼ਾਇਦ ਕਦੇ ਨਾ ਕਦੇ ਸੀਰ ਦਰਿਆ ਤੱਕ ਪਹੁੰਚ ਹੀ ਜਾਵਾਂਗੇ। ਉੱਥੇ ਮਛੇਰੇ ਮਿਲ ਜਾਣਗੇ । ਤੂੰ ਸੌਂ ਜਾ, ਮੈਂ ਅੱਗ ਦੀ ਦੇਖਭਾਲ ਕਰਾਂਗੀ। ਜਦੋਂ ਨੀਂਦ ਨਾਲ ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ ਤਾਂ ਮੈਂ ਤੈਨੂੰ ਜਗਾ ਦਿਆਂਗੀ। ਇਸ ਤਰ੍ਹਾਂ ਆਪਾਂ ਵਾਰੀ ਵਾਰੀ ਅੱਗ ਦੀ ਰਖਵਾਲੀ ਕਰਾਂਗੇ।"
ਲੈਫਟੀਨੈਂਟ ਨੇ ਆਪਣੇ ਕੱਪੜੇ ਥੱਲੇ ਵਿਛਾਏ ਅਤੇ ਉੱਪਰ ਕੋਟ ਲੈ ਲਿਆ। ਉਹ ਸੌਂ ਤਾਂ ਗਿਆ, ਪਰ ਬੇਚੈਨੀ ਭਰੀ ਨੀਂਦ ਵਿੱਚ ਉਹ ਬੁੜਬੜਾਉਂਦਾ ਰਿਹਾ। ਮਰਿਊਤਕਾ ਉਸ ਨੂੰ ਟਿਕਟਿਕੀ ਬੰਨ੍ਹ ਕੇ ਦੇਖਦੀ ਰਹੀ।
ਫਿਰ ਉਸਨੇ ਮੋਢੇ ਝਟਕੇ।
"ਇਹ ਤਾਂ ਮੇਰੇ ਗਲ ਪੈ ਗਿਆ । ਬੜਾ ਹੀ ਨਾਜ਼ੁਕ ਹੈ। ਕਿਤੇ ਠੰਢ ਨਾ ਲੱਗ ਗਈ ਹੋਵੇ ਇਹਨੂੰ! ਆਪਣੇ ਘਰ ਤਾਂ ਸ਼ਾਇਦ ਮਖਮਲ ਵਿੱਚ ਹੀ ਲਿਪਟਿਆ ਰਹਿੰਦਾ ਹੋਵੇਗਾ। ਆਹ, ਕੀ ਚੀਜ਼ ਹੈ ਇਹ ਜ਼ਿੰਦਗੀ, ਮੱਛੀ ਦਾ ਹੈਜ਼ਾ।"
ਸਵੇਰੇ ਜਦੋਂ ਛੱਤ ਦੀਆਂ ਤ੍ਰੇੜਾਂ ਵਿੱਚੋਂ ਚਾਨਣ ਝਾਕਣ ਲੱਗਿਆ ਤਾਂ ਮਰਿਊਤਕਾ ਨੇ ਲੈਫਟੀਨੈਂਟ ਨੂੰ ਜਗਾਇਆ।
"ਦੇਖ, ਤੂੰ ਅੱਗ ਦਾ ਧਿਆਨ ਰੱਖ ਅਤੇ ਮੈਂ ਤਟ ਵੱਲ ਜਾ ਕੇ ਆਉਂਦੀ ਹਾਂ। ਦੇਖ ਕੇ ਆਉਂਦੀ ਹਾਂ ਕਿ ਕਿਤੇ ਆਪਣੇ ਸਾਥੀ ਤੈਰ ਕੇ ਨਿਕਲ ਹੀ ਨਾ ਆਏ ਹੋਣ ਅਤੇ ਤਟ 'ਤੇ ਬੈਠੇ ਹੋਣ।"
ਲੈਫਟੀਨੈਂਟ ਬੜੀ ਮੁਸ਼ਕਿਲ ਨਾਲ ਉੱਠਿਆ। ਸਿਰ ਹੱਥਾਂ ਵਿੱਚ ਫੜ ਕੇ ਉਸ ਨੇ ਡੁੱਬਦੀ ਜਿਹੀ ਅਵਾਜ਼ ਵਿੱਚ ਕਿਹਾ: "ਸਿਰ ਦਰਦ ਕਰ ਰਿਹਾ ਹੈ।"
"ਕੋਈ ਗੱਲ ਨਹੀਂ... ਇਹ ਤਾਂ ਧੂੰਏ ਅਤੇ ਥਕਾਵਟ ਦਾ ਨਤੀਜਾ ਹੈ। ਠੀਕ ਹੋ ਜਾਏਗਾ। ਬੋਰੇ 'ਚੋਂ ਰੋਟੀ ਕੱਢ ਲੈ, ਮੱਛੀ ਭੁੰਨ ਲੈ ਅਤੇ ਖਾ ਲੈ।"
ਮਰਿਊਤਕਾ ਨੇ ਬੰਦੂਕ ਚੁੱਕੀ, ਜੈਕਟ ਨਾਲ ਸਾਫ਼ ਕੀਤੀ ਅਤੇ ਤੁਰ ਪਈ।
ਲੈਫਟੀਨੈਂਟ ਗੋਡਿਆਂ ਭਾਰ ਰੀਂਗ ਕੇ ਅੱਗ ਕੋਲ ਪਹੁੰਚਿਆ। ਉਹਨੇ ਬੋਰੇ ਵਿੱਚੋਂ ਭਿੱਜੀ ਹੋਈ ਰੋਟੀ ਕੱਢੀ, ਰੋਟੀ ਦੀ ਬੁਰਕੀ ਤੋੜੀ, ਥੋੜ੍ਹੀ ਜਿਹੀ ਚਬਾਈ, ਅਤੇ ਬਾਕੀ ਉਸਦੇ ਹੱਥਾਂ 'ਚੋਂ ਥੱਲੇ ਡਿੱਗ ਪਈ। ਫਿਰ ਉਹ ਅੱਗ ਦੇ ਕੋਲ ਫਰਸ਼ 'ਤੇ ਹੀ ਢਹਿ ਗਿਆ।
ਮਰਿਊਤਕਾ ਨੇ ਲੈਫਟੀਨੈਂਟ ਦਾ ਮੋਢਾ ਝੰਜੋੜਿਆ ਅਤੇ ਬੇਬਸੀ ਵਿੱਚ ਚੀਕ ਕੇ ਕਿਹਾ
"ਉੱਠ! ਬੇੜਾ ਗਰਕ! ਮੁਸੀਬਤ!"
ਲੈਫਟੀਨੈਂਟ ਦੀਆਂ ਅੱਖਾਂ ਫੈਲ ਗਈਆਂ, ਬੁੱਲ ਖੁੱਲ੍ਹੇ ਰਹਿ ਗਏ।
"ਉੱਠ, ਕਹਿ ਰਹੀ ਆਂ। ਮੁਸੀਬਤ ਆ ਗਈ। ਲਹਿਰਾਂ ਕਿਸ਼ਤੀ ਵਹਾ ਕੇ ਲੈ ਗਈਆਂ। ਆਪਾਂ ਤਾਂ ਹੁਣ ਕਿਤੋਂ ਦੇ ਨਹੀਂ, ਰਹੇ।"
ਲੈਫਟੀਨੈਂਟ ਉਹਦਾ ਮੂੰਹ ਤੱਕਦਾ ਹੋਇਆ ਖਾਮੋਸ਼ ਰਿਹਾ।
ਮਰਿਊਤਕਾ ਨੇ ਉਸ ਨੂੰ ਧਿਆਨ ਨਾਲ ਦੇਖਿਆ ਅਤੇ ਹੌਂਕਾ ਭਰਿਆ।
ਲੈਫਟੀਨੈਂਟ ਦੀਆਂ ਨੀਲੀਆਂ ਅੱਖਾਂ ਧੁੰਦਲੀਆਂ ਧੁੰਦਲੀਆਂ ਅਤੇ ਖਾਲੀ ਖਾਲੀ ਜਿਹੀਆਂ ਨਜ਼ਰ ਆ ਰਹੀਆਂ ਸਨ। ਬਦਹਵਾਸੀ ਵਿੱਚ ਉਸ ਦੀ ਗੱਲ੍ਹ ਮਰਿਊਤਕਾ ਦੇ ਹੱਥ 'ਤੇ ਆ ਪਈ। ਉਹ ਅੰਗਾਰਿਆਂ ਵਾਂਗ ਤਪ ਰਹੀ ਸੀ।
“ਉਏ, ਹਿੰਮਤ ਹਾਰਨ ਵਾਲੇ, ਤਾਂ ਤੈਨੂੰ ਠੰਢ ਲੱਗ ਹੀ ਗਈ। ਹੁਣ ਮੈਂ ਕਰਾਂ ਤਾਂ ਕੀ ਕਰਾਂ?"
ਲੈਫਟੀਨੈਂਟ ਦੇ ਬੁੱਲ੍ਹ ਕੁਝ ਹਿੱਲੇ।
ਮਰਿਊਤਕਾ ਝੁਕ ਕੇ ਸੁਣਨ ਲੱਗੀ:
"ਮਿਖਾਇਲ ਈਵਾਨੋਵਿਚ -ਮੈਨੂੰ ਨੰਬਰ ਘੱਟ ਨਾ ਦਿਓ... ਮੈਂ ਪਾਠ ਯਾਦ ਨਹੀਂ ਕਰ ਸਕਿਆ... ਕੱਲ੍ਹ ਨੂੰ ਤਿਆਰ ਕਰ ਲਵਾਂਗਾ।"
“ਇਹ ਤੂੰ ਕੀ ਬਕ ਰਿਹਾ ਹੈ ?" ਮਰਿਊਤਕਾ ਨੇ ਥੋੜ੍ਹਾ ਖਿਝਦੇ ਹੋਏ ਪੁੱਛਿਆ।
"ਉਏ... ਲੈ ਲੈ ਇਸ ਨੂੰ ਜੰਗਲੀ ਮੁਰਗਾ... " ਲੈਫਟੀਨੈਂਟ ਅਚਾਨਕ ਚੀਕਿਆ ਅਤੇ ਇੱਕ ਵਾਰ ਤਾਂ ਉੱਛਲ ਪਿਆ।
ਲੈਫਟੀਨੈਂਟ ਫਿਰ ਡਿੱਗ ਗਿਆ ਅਤੇ ਉਂਗਲਾਂ ਨਾਲ ਰੇਤ ਖੁਰਚਣ ਲੱਗਿਆ।
ਮਰਿਊਤਕਾ ਪਿੱਛੇ ਹਟ ਗਈ ਅਤੇ ਉਸ ਨੇ ਹੱਥਾਂ ਨਾਲ ਮੂੰਹ ਢੱਕ ਲਿਆ।
ਉਹ ਜਲਦੀ ਜਲਦੀ ਕੁਝ ਊਟ-ਪਟਾਂਗ ਬਕੀ ਜਾ ਰਿਹਾ ਸੀ।
ਮਰਿਊਤਕਾ ਨੇ ਨਿਰਾਸ਼ਾ ਵਿੱਚ ਚਾਰੇ ਪਾਸੇ ਨਜ਼ਰ ਦੌੜਾਈ।
ਉਸਨੇ ਜੈਕਟ ਉਤਾਰ ਕੇ ਜ਼ਮੀਨ 'ਤੇ ਸੁੱਟ ਦਿੱਤੀ ਅਤੇ ਲੈਫਟੀਨੈਂਟ ਦੇ ਬੇਹੋਸ਼ ਸਰੀਰ ਨੂੰ ਬੜੀ ਮੁਸ਼ਕਿਲ ਨਾਲ ਖਿੱਚ ਕੇ ਉਸ 'ਤੇ ਲੈ ਆਈ। ਫਿਰ ਉਸ ਨੂੰ ਕੋਟ ਨਾਲ ਢੱਕ ਦਿੱਤਾ।
ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਲਾਚਾਰ ਮਹਿਸੂਸ ਕਰਦੀ ਹੋਈ ਝੁਕ ਕੇ ਉਸ ਦੇ ਨੇੜੇ ਬੈਠ ਗਈ। ਉਸ ਦੀਆਂ ਦੁਬਲੀਆਂ ਪਤਲੀਆਂ ਗੱਲ੍ਹਾਂ 'ਤੇ ਧੁੰਦਲੀਆਂ ਹੋਈਆਂ ਅੱਖਾਂ ਵਿੱਚੋਂ ਹੌਲੀ ਹੌਲੀ ਹੰਝੂ ਲੁੜਕਣ ਲੱਗੇ।
ਲੈਫਟੀਨੈਂਟ ਪਾਸੇ ਮਾਰਦਾ ਹੋਇਆ ਕੋਟ ਨੂੰ ਵਾਰ ਵਾਰ ਉਤਾਰ ਕੇ ਸੁੱਟ ਦਿੰਦਾ ਸੀ। ਪਰ ਮਰਿਊਤਕਾ ਉਸ ਨੂੰ ਹਰ ਵਾਰ ਠੋਡੀ ਤੱਕ ਢੱਕ ਦਿੰਦੀ ਸੀ।
ਮਰਿਊਤਕਾ ਨੇ ਦੇਖਿਆ ਕਿ ਲੈਫਟੀਨੈਂਟ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ ਹੈ। ਉਸ ਨੇ ਉਸ ਦੇ ਸਿਰ ਥੱਲੇ ਬੋਰੇ ਰੱਖ ਦਿੱਤੇ। ਉਸ ਨੇ ਉੱਪਰ, ਜਿਵੇਂ ਅਸਮਾਨ ਨੂੰ ਸੰਬੋਧਨ ਕਰਦੇ ਹੋਏ ਦਰਦ ਭਰੀ ਅਵਾਜ਼ ਵਿੱਚ ਕਿਹਾ: "ਜੇਕਰ ਇਹ ਮਰ ਗਿਆ... ਤਾਂ ਮੈਂ ਯੇਵਸੂਕੋਵ ਨੂੰ ਕੀ ਜਵਾਬ ਦੇਵਾਂਗੀ? ਹਾਏ, ਕੀ ਮੁਸੀਬਤ ਹੈ।"
ਉਹ ਬੁਖਾਰ ਨਾਲ ਤਪ ਰਹੇ ਲੈਫਟੀਨੈਂਟ ਦੇ ਸਰੀਰ 'ਤੇ ਝੁਕੀ ਅਤੇ ਉਸਨੇ ਉਸ ਦੀਆਂ ਧੁੰਦਲੀਆਂ ਹੋਈਆਂ ਨੀਲੀਆਂ ਅੱਖਾਂ ਵਿੱਚ ਝਾਕਿਆ।
ਮਰਿਊਤਕਾ ਦੇ ਦਿਲ ਨੂੰ ਠੇਸ ਲੱਗੀ। ਉਸ ਨੇ ਹੱਥ ਵਧਾ ਕੇ ਲੈਫਟੀਨੈਂਟ ਦੇ ਉਲਝੇ ਹੋਏ ਘੁੰਗਰਾਲੇ ਵਾਲਾਂ ਨੂੰ ਹੌਲੀ ਜਿਹੇ ਸਹਿਲਾਇਆ। ਉਸ ਦਾ ਸਿਰ ਆਪਣੇ ਹੱਥਾਂ ’ਚ ਲੈ ਕੇ ਉਹ ਕੋਮਲਤਾ ਨਾਲ ਬੋਲੀ:
"ਨੀਲੀਆਂ ਅੱਖਾਂ ਵਾਲੇ ਮੇਰੇ ਬੁੱਧੂ।"
ਸੱਤਵਾਂ ਕਾਂਡ
ਸ਼ੁਰੂਆਤ 'ਚ ਬੁਝਾਰਤ, ਅੰਤ ਵਿੱਚ ਬਿਲਕੁਲ ਸਾਫ਼
ਚਾਂਦੀ ਦੀਆਂ ਸ਼ਹਿਨਾਈਆਂ, ਸ਼ਹਿਨਾਈਆਂ 'ਤੇ ਲੱਗੀਆਂ ਘੰਟੀਆਂ।
ਸ਼ਹਿਨਾਈਆਂ ਵੱਜਦੀਆਂ ਹਨ, ਘੰਟੀਆਂ ਟੁਣਕਦੀਆਂ ਹਨ, ਬਰਫ਼ ਵਰਗੀ ਕੋਮਲ ਟਣਕਾਰ ਪੈਦਾ ਕਰਦੀਆਂ ਹੋਈਆਂ:
ਟਨ-ਟਨਾਟਨ-ਟਨ
ਟਨ-ਟਨਾਟਨ-ਟਨ
ਸ਼ਹਿਨਾਈਆਂ ਗੂੰਜਦੀਆਂ ਹਨ:
ਤੂ-ਤੂ-ਤੂ-ਤੜੂ
ਤੂ-ਤੂ-ਤੂ-ਤੜੂ।
ਇਹ ਸਾਫ਼ ਤੌਰ 'ਤੇ ਫ਼ੌਜੀ ਮਾਰਚ ਹੈ। ਬੇਸ਼ੱਕ ਮਾਰਚ ਹੈ, ਉਹੀ ਜੋ ਹਮੇਸ਼ਾ ਪਰੇਡ ਦੇ ਸਮੇਂ ਹੁੰਦਾ ਹੈ।
ਮੈਦਾਨ ਵੀ ਉਹੀ ਹੈ, ਜਿਸ ਵਿੱਚ ਮੇਪਲ ਦੇ ਰੁੱਖਾਂ ਦੀਆਂ ਹਰੀਆਂ ਹਰੀਆਂ ਰੇਸ਼ਮੀ ਪੱਤੀਆਂ 'ਚੋਂ ਛਣ ਕੇ ਆਉਣ ਵਾਲੀ ਧੁੱਪ ਫੈਲੀ ਹੋਈ ਹੈ।
ਬੈਂਡ ਮਾਸਟਰ ਬੈਂਡ ਦਾ ਨਿਰਦੇਸ਼ਨ ਕਰ ਰਿਹਾ ਹੈ।
ਬੈਂਡ ਮਾਸਟਰ ਬੈਂਡ ਵੱਲ ਪਿੱਠ ਕਰਕੇ ਖੜ੍ਹਾ ਹੈ ਅਤੇ ਉਸ ਦੇ ਲੰਮੇ ਕੋਟ ਦੀ ਕਾਟ ਵਿੱਚੋਂ ਪੂਛ ਬਾਹਰ ਨਿਕਲੀ ਹੋਈ ਹੈ, ਲੂੰਬੜੀ ਵਰਗੀ ਵੱਡੀ ਸਾਰੀ ਲਾਲ ਪੂਛ। ਪੂਛ ਦੇ ਸਿਰੇ 'ਤੇ ਸੁਨਹਿਰੀ ਗੇਂਦ ਹੈ ਅਤੇ ਗੇਂਦ ਵਿੱਚ ਸੁਰ-ਕਾਂਟਾ ਲੱਗਿਆ ਹੈ।
ਪੂਛ ਇੱਧਰ-ਉੱਧਰ ਹਿੱਲ-ਜੁਲ ਰਹੀ ਹੈ, ਸੁਰ-ਕਾਂਟਾ ਵਾਜਿਆਂ ਨੂੰ ਸੰਕੇਤ ਕਰਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਤਾਸ਼ੇ ਅਤੇ ਬਿਗਲ ਕਦੋਂ ਵੱਜਣ। ਜਦੋਂ ਕੋਈ ਵਾਦਕ ਕਿਸੇ ਸੋਚ ਵਿੱਚ ਡੁੱਬ ਜਾਂਦਾ ਹੈ ਤਾਂ ਸੁਰ-ਕਾਂਟਾ ਜ਼ੋਰ ਨਾਲ ਉਸ ਦੇ ਮੱਥੇ 'ਤੇ ਵੱਜਦਾ ਹੈ।
ਬੈਂਡ ਵਾਲੇ ਆਪਣੀ ਪੂਰੀ ਕੋਸ਼ਿਸ਼ ਨਾਲ ਬੈਂਡ ਵਜਾ ਰਹੇ ਹਨ। ਬੈਂਡ ਵਾਲੇ ਬਹੁਤ ਅਜੀਬ ਜਿਹੇ ਹਨ।
ਬੈਂਡ ਵਜਾਉਣ ਵਾਲੇ ਮਾਮੂਲੀ ਅਤੇ ਵੱਖ ਵੱਖ ਰੈਜਮੈਂਟਾਂ ਦੇ ਸਿਪਾਹੀ ਹਨ। ਇਹ ਪੂਰੀ ਫੌਜ ਦਾ ਬੈਂਡ ਹੈ।
ਪਰ ਬੈਂਡ ਵਜਾਉਣ ਵਾਲਿਆਂ ਦੇ ਮੂੰਹ ਨਹੀਂ ਹਨ... ਨੱਕ ਥੱਲੇ ਬਿਲਕੁਲ ਪੱਧਰੀ ਜਗ੍ਹਾ ਹੈ। ਸ਼ਹਿਨਾਈਆਂ ਉਹਨਾਂ ਦੀਆਂ ਖੱਬੀਆਂ ਨਾਸਾਂ ਵਿੱਚ ਘੁਸੀਆਂ ਹੋਈਆਂ ਹਨ।
ਉਹ ਸੱਜੀਆਂ ਨਾਸਾਂ ਨਾਲ ਸਾਹ ਲੈਂਦੇ ਹਨ, ਖੱਬੀਆਂ ਨਾਸਾਂ ਨਾਲ ਸ਼ਹਿਨਾਈ ਵਜਾਉਂਦੇ ਹਨ। ਸ਼ਹਿਨਾਈਆਂ ਵਿੱਚੋਂ ਖਾਸ ਤਰ੍ਹਾਂ ਦੀ ਅਵਾਜ਼ ਨਿਕਲਦੀ ਹੈ, ਝਨਝਨਾਉਂਦੀ
ਹੋਈ ਅਤੇ ਮਨ ਨੂੰ ਬਹਿਲਾਉਂਦੀ ਹੋਈ।
"ਸਾਵਧਾਨ!"
ਬੰਦੂਕ ਮੋਢੇ 'ਤੇ
"ਰੈਜਮੈਂਟ!"
"ਬਟਾਲੀਅਨ"
"ਕੰਪਨੀ!”
“ਬਟਾਲੀਅਨ ਨੰਬਰ ਇੱਕ-ਫਾਰਵਰਡ ਮਾਰਚ !"
ਸ਼ਹਿਨਾਈਆਂ!
ਤੂ-ਤੂ-ਤੂ-ਤੜੂ!
ਘੰਟੀਆਂ!
ਟਨ-ਟਨ-ਟਨ।
ਕਾਲੇ ਚਮਕਦਾਰ ਬੂਟ ਪਾਈ ਕਪਤਾਨ ਸ਼ਵੇਤਸੋਵ ਬੜੀ ਸ਼ਾਨ ਨਾਲ ਨੱਚਦਾ ਹੈ। ਕਪਤਾਨ ਦਾ ਕਸਿਆ ਹੋਇਆ ਅਤੇ ਚਿਕਨਾ ਪਿਛਵਾੜਾ ਸੂਰ ਦੇ ਲੋਥੜੇ ਵਰਗਾ ਹੈ। ਉਸਦੇ ਪੈਰ ਤਾਲ ਦੇ ਰਹੇ ਹਨ -ਥਪ-ਥਪ।
"ਬਹੁਤ ਖੂਬ ਜਵਾਨੋ।"
"ਡਮ-ਡਮ-ਡਮ!"
"ਲੈਫਟੀਨੈਂਟ!"
"ਲੈਫਟੀਨੈਂਟ! ਜਨਰਲ ਸਾਹਿਬ ਤੁਹਾਨੂੰ ਯਾਦ ਕਰ ਰਹੇ ਹਨ।"
"ਕਿਸ ਲੈਫਟੀਨੈਂਟ ਨੂੰ ?"
“ਤੀਜੀ ਕੰਪਨੀ ਦੇ! ਲੈਫਟੀਨੈਂਟ ਗੋਵੋਰੂਖਾ-ਓਤ੍ਰੇਕ ਨੂੰ ਜਨਰਲ ਸਾਹਿਬ ਯਾਦ ਕਰ ਰਹੇ ਹਨ।"
ਜਨਰਲ ਘੋੜੇ 'ਤੇ ਸਵਾਰ ਹੈ। ਘੋੜਾ ਚੌਂਕ ਦੇ ਐਨ ਵਿਚਕਾਰ ਖੜ੍ਹਾ ਹੈ। ਜਨਰਲ ਦਾ ਚਿਹਰਾ ਲਾਲ ਅਤੇ ਮੁੱਛਾਂ ਚਿੱਟੀਆਂ ਹਨ।
"ਲੈਫਟੀਨੈਂਟ। ਇਹ ਕੀ ਹਿਮਾਕਤ ਹੈ?"
"ਹੀ-ਹੀ-ਹੀ! ਹਾ-ਹਾ-ਹਾ!"
“ਦਿਮਾਗ ਫਿਰ ਗਿਆ ਹੈ ? ਹੱਸਣ ਦੀ ਜੁਰੱਅਤ ? ਮੈਂ ਤੇਰਾ ਦਿਮਾਗ ਠਿਕਾਣੇ ਲਿਆ... ਤੂੰ ਕਿਸ ਨਾਲ ਗੱਲ ਕਰ ਰਿਹਾ ਹੈ ?"
"ਹੋ-ਹੋ-ਹੋ! ਓ ਹਾਂ, ਤੁਸੀਂ ਜਨਰਲ ਨਹੀਂ, ਬਿੱਲਾ ਹੋ, ਹਜੂਰ!"
ਜਨਰਲ ਘੋੜੇ 'ਤੇ ਸਵਾਰ ਹੈ। ਜਨਰਲ ਲੱਕ ਤੱਕ ਤਾਂ ਜਨਰਲ ਹੈ ਅਤੇ ਉਸ ਤੋਂ ਹੇਠਾਂ ਦਾ ਧੜ ਬਿੱਲੇ ਦਾ ਹੈ। ਕਿਸੇ ਵਧੀਆ ਨਸਲ ਦੇ ਬਿੱਲੇ ਦਾ ਵੀ ਨਹੀਂ ਹਰ ਘਰ ਦੇ ਪਿਛਵਾੜੇ ਨਜ਼ਰ ਆਉਣ ਵਾਲੇ ਸਧਾਰਨ ਨਸਲ ਦੇ ਮਟਮੈਲੇ ਅਤੇ ਧਾਰੀਦਾਰ ਬਿੱਲੇ ਦਾ।
ਉਸ ਨੇ ਆਪਣੇ ਪੰਜਿਆਂ ਨਾਲ ਰਕਾਬ ਦੱਬੀ ਹੋਈ ਹੈ।
"ਮੈਂ ਤੇਰਾ ਕੋਰਟ-ਮਾਰਸ਼ਲ ਕਰਾਂਗਾ ਲੈਫਟੀਨੈਂਟ! ਕਿਹੀ ਅਣਸੁਣੀ ਗੱਲ ਹੈ। ਗਾਰਡ ਦਾ ਅਫ਼ਸਰ ਅਤੇ ਉਸਦੀ ਧੁੰਨੀ ਬਾਹਰ ਨਿਕਲੀ ਹੋਈ ਹੋਵੇ।" ਲੈਫਟੀਨੈਂਟ ਨੇ ਨਜ਼ਰ ਝੁਕਾ ਕੇ ਦੇਖਿਆ ਅਤੇ ਉਸ ਦਾ ਜਿਵੇਂ ਦਮ ਨਿਕਲ ਗਿਆ। ਉਸ ਦੇ ਕਮਰਬੰਦ ਦੇ ਹੇਠੋਂ ਧੁੰਨੀ ਬਾਹਰ ਨਿਕਲੀ ਹੋਈ ਸੀ, ਪਤਲੀ ਪਤਲੀ ਅਤੇ ਹਰੀ ਹਰੀ। ਧੁੰਨੀ ਹੈਰਾਨ ਕਰ ਦੇਣ ਵਾਲੀ ਤੇਜ਼ੀ ਨਾਲ ਘੁੰਮ ਰਹੀ ਸੀ... ਉਸ ਨੇ ਆਪਣੀ ਧੁੰਨੀ ਫੜੀ ਪਰ ਉਹ ਤਿਲਕ ਗਈ।
"ਗ੍ਰਿਫ਼ਤਾਰ ਕਰ ਲਓ ਇਸ ਨੂੰ। ਇਸ ਨੇ ਸਹੁੰ ਦੀ ਉਲੰਘਣਾ ਕੀਤੀ ਹੈ।"
ਜਨਰਲ ਨੇ ਰਕਾਬ ਵਿੱਚੋਂ ਪੰਜਾ ਕੱਢਿਆ; ਨਹੁੰ ਖੋਲੇ ਅਤੇ ਲੈਫਟੀਨੈਂਟ ਵੱਲ ਵਧਾਏ। ਪੰਜੇ ਵਿੱਚ ਚਮਕਦਾਰ ਅੜ ਲੱਗੀ ਹੋਈ ਸੀ ਅਤੇ ਉਸ ਦੀ ਇੱਕ ਕੜੀ ਦੀ ਜਗ੍ਹਾ ਇੱਕ ਅੱਖ ਜੜੀ ਹੋਈ ਸੀ।
ਸਧਾਰਨ ਅੱਖ। ਗੋਲ ਪੀਲੀ ਪਤਲੀ ਅਤੇ ਅਜਿਹੀ ਤਿੱਖੀ ਕਿ ਲੈਫਟੀਨੈਂਟ ਦੇ ਦਿਲ ਵਿੱਚ ਉੱਤਰਦੀ ਚਲੀ ਗਈ।
ਇਸ ਅੱਖ ਨੇ ਪਿਆਰ ਨਾਲ ਅੱਖ ਮਾਰੀ ਅਤੇ ਕੁਝ ਕਹਿਣ ਲੱਗੀ। ਅੱਖ ਕਿਵੇਂ ਬੋਲਣ ਲੱਗੀ ਇਹ ਕੋਈ ਨਹੀਂ ਜਾਣਦਾ, ਪਰ ਉਹ ਬੋਲ ਰਹੀ ਸੀ
"ਡਰ ਨਾ! ਡਰ ਨਾ! ਆਖਿਰ ਹੋਸ਼ ਵਿੱਚ ਆ ਗਿਆ।"
ਇੱਕ ਹੱਥ ਨੇ ਲੈਫਟੀਨੈਂਟ ਦਾ ਸਿਰ ਉੱਪਰ ਚੁੱਕਿਆ। ਲੈਫਟੀਨੈਂਟ ਨੇ ਅੱਖਾਂ ਖੋਲ੍ਹ ਦਿੱਤੀਆਂ। ਉਹਨੇ ਇੱਕ ਦੁਬਲਾ-ਪਤਲਾ ਜਿਹਾ ਚਿਹਰਾ ਦੇਖਿਆ ਜਿਸ 'ਤੇ ਲਾਲ ਜੁਲਫ਼ਾ ਲਟਕੀਆਂ ਹੋਈਆਂ ਸਨ ਅਤੇ ਅੱਖ ਪਿਆਰ ਭਰੀ ਅਤੇ ਪੀਲੀ ਸੀ, ਬਿਲਕੁਲ ਉਹੋ ਜਿਹੀ ਹੀ ਜਿਹੇ ਜਿਹੀ ਉਸ ਨੇ ਅੜ ਵਿੱਚ ਜੜੀ ਹੋਈ ਦੇਖੀ ਸੀ।
"ਵੇ ਜ਼ਾਲਮਾ, ਤੂੰ ਤਾਂ ਮੈਨੂੰ ਬਿਲਕੁਲ ਡਰਾ ਹੀ ਦਿੱਤਾ ਸੀ। ਪੂਰੇ ਹਫ਼ਤੇ ਤੋਂ ਤੇਰੇ ਸਿਰਹਾਣੇ ਬੈਠੀ ਪ੍ਰੇਸ਼ਾਨ ਹੋ ਰਹੀ ਹਾਂ। ਮੈਨੂੰ ਤਾਂ ਲੱਗ ਰਿਹਾ ਸੀ ਕਿ ਤੂੰ ਚੱਲ ਵੱਸੇਂਗਾ। ਇਸ ਟਾਪੂ 'ਤੇ ਆਪਾਂ ਬਿਲਕੁਲ ਇਕੱਲੇ ਹਾਂ। ਨਾ ਕੋਈ ਦਵਾ-ਦਾਰੂ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਮਦਦ। ਉਬਲਦੇ ਪਾਣੀ ਦਾ ਹੀ ਸ਼ੁਕਰ। ਸ਼ੁਰੂ ਵਿੱਚ ਤਾਂ ਉਹ ਵੀ ਬਾਹਰ ਕੱਢ ਦਿੰਦਾ ਸੀ... ਖਰਾਬ, ਨਮਕੀਨ ਪਾਣੀ ਨੂੰ ਆਂਦਰਾਂ ਸਹਿੰਦੀਆਂ ਨਹੀਂ ਸਨ।"
ਲੈਫਟੀਨੈਂਟ ਬਹੁਤ ਮੁਸ਼ਕਿਲ ਨਾਲ ਪਿਆਰ ਅਤੇ ਚਿੰਤਾ ਦੇ ਇਹ ਸ਼ਬਦ ਸਮਝ ਸਕਿਆ।
ਉਸਨੇ ਸਿਰ ਚੁੱਕਿਆ ਅਤੇ ਇਸ ਤਰ੍ਹਾਂ ਇਧਰ-ਉਧਰ ਦੇਖਿਆ ਜਿਵੇਂ ਕੁਝ ਵੀ ਸਮਝ ਨਾ ਪਾ ਰਿਹਾ ਹੋਵੇ । ਸਾਰੇ ਪਾਸੇ ਮੱਛੀਆਂ ਦੇ ਢੇਰ ਸਨ। ਅੱਗ ਬਲ ਰਹੀ ਸੀ, ਗਜ 'ਤੇ ਕੇਤਲੀ ਲਟਕ ਰਹੀ ਸੀ, ਪਾਣੀ ਉੱਬਲ ਰਿਹਾ ਸੀ।
"ਇਹ ਸਭ ਕੀ ਹੈ ? ਕਿੱਥੇ ਹਾਂ ਮੈਂ ?"
"ਭੁੱਲ ਗਿਆ ? ਨਹੀਂ ਪਹਿਚਾਣਦਾ ? ਮੈਂ ਮਰਿਊਤਕਾ ਹਾਂ।"
ਲੈਫਟੀਨੈਂਟ ਨੇ ਆਪਣੇ ਨਾਜ਼ੁਕ ਅਤੇ ਪੀਲੇ ਹੱਥ ਨਾਲ ਮੱਥਾ ਰਗੜਿਆ।
ਉਸ ਨੂੰ ਸਭ ਕੁਝ ਯਾਦ ਆ ਗਿਆ, ਉਹ ਹੌਲੀ ਜਿਹੇ ਮੁਸਕਰਾਇਆ ਅਤੇ
ਬੁੜਬੜਾਇਆ:
"ਹਾਂ... ਯਾਦ ਆਇਆ। ਰਾਬਿਨਸਨ ਫਰਾਇਡੇ।"
"ਲੈ ਫਿਰ ਬਹਿਕ ਗਿਆ। ਇਹ ਫਰਾਇਡੇ ਤਾਂ ਤੇਰੇ ਦਿਮਾਗ ਵਿੱਚ ਜੰਮ ਕੇ ਬੈਠ ਗਿਆ ਹੈ। ਪਤਾ ਨਹੀਂ ਅੱਜ ਕਿਹੜਾ ਦਿਨ ਹੈ। ਮੈਂ ਤਾਂ ਇਹਨਾਂ ਦਾ ਹਿਸਾਬ ਹੀ ਭੁੱਲ ਗਈ ਹਾਂ। "
ਲੈਫਟੀਨੈਂਟ ਫਿਰ ਮੁਸਕਰਾਇਆ।
"ਦਿਨ ਨਹੀਂ। ਇਹ ਤਾਂ ਇੱਕ ਨਾਮ ਹੈ... ਅਜਿਹੀ ਇੱਕ ਕਹਾਣੀ ਹੈ ਕਿ ਜਹਾਜ਼ ਟੁੱਟ ਜਾਣ ਤੋਂ ਬਾਅਦ ਇੱਕ ਆਦਮੀ ਇੱਕ ਵੀਰਾਨ ਟਾਪੂ 'ਤੇ ਜਾ ਪਹੁੰਚਿਆ। ਉੱਥੇ ਉਸ ਦਾ ਇੱਕ ਦੋਸਤ ਬਣਿਆ। ਉਸ ਦਾ ਨਾਮ ਸੀ ਫਰਾਇਡੇ। ਤੂੰ ਇਹ ਕਹਾਣੀ ਕਦੇ ਨਹੀਂ ਪੜ੍ਹੀ ?" ਉਹ ਜੈਕਟ 'ਤੇ ਢਹਿ ਪਿਆ ਅਤੇ ਖੰਘਣ ਲੱਗਿਆ।
"ਨਹੀਂ... ਕਹਾਣੀਆਂ ਤਾਂ ਬਹੁਤ ਪੜ੍ਹੀਆਂ ਨੇ, ਪਰ ਇਹ ਨਹੀਂ। ਤੂੰ ਆਰਾਮ ਨਾਲ ਪਿਆ ਰਹਿ, ਹਿੱਲਜੁੱਲ ਨਾ। ਨਹੀਂ ਤਾਂ ਫਿਰ ਬਿਮਾਰ ਹੋ ਜਾਵੇਗਾ। ਮੈਂ ਕੁਝ ਮੱਛੀਆਂ ਉਬਾਲਦੀ ਹਾਂ। ਖਾਣ ਨਾਲ ਸਰੀਰ ਵਿੱਚ ਜਾਨ ਆ ਜਾਏਗੀ। ਪੂਰੇ ਹਫ਼ਤੇ ਤੋਂ ਪਾਣੀ ਤੋਂ ਬਿਨਾਂ ਤੇਰੇ ਮੂੰਹ ਵਿੱਚ ਇੱਕ ਦਾਣਾ ਵੀ ਤਾਂ ਨਹੀਂ ਗਿਆ। ਦੇਖ ਤਾਂ ਬਿਲਕੁਲ ਸਫੇਦ ਹੋ ਗਿਆ ਹੈ, ਮੋਮ ਵਾਂਗ। ਪਿਆ ਰਹਿ।"
ਲੈਫਟੀਨੈਂਟ ਨੇ ਸੁਸਤੀ ਮਹਿਸੂਸ ਕਰਦਿਆਂ ਅੱਖਾਂ ਮੁੰਦ ਲਈਆਂ। ਉਸ ਦੇ ਸਿਰ ਵਿੱਚ ਹੌਲੀ ਹੌਲੀ ਬਿਲੌਰੀ ਘੰਟੀਆਂ ਵੱਜ ਰਹੀਆਂ ਸਨ । ਉਸ ਨੂੰ ਬਿਲੌਰੀ ਘੰਟੀਆਂ ਵਾਲੀਆਂ ਸ਼ਹਿਨਾਈਆਂ ਦੀ ਯਾਦ ਆਈ। ਉਹ ਹੌਲੀ ਜਿਹੇ ਹੱਸ ਪਿਆ।
"ਕੀ ਗੱਲ ਹੈ ?" ਮਰਿਊਤਕਾ ਨੇ ਪੁੱਛਿਆ।
"ਐਵੇਂ ਹੀ ਕੁਝ ਯਾਦ ਆ ਗਿਆ.. ਬੇਹੋਸ਼ੀ ਦੀ ਹਾਲਤ ਵਿੱਚ ਇੱਕ ਅਜੀਬ ਜਿਹਾ ਸੁਪਨਾ ਦੇਖਿਆ ਸੀ।"
“ਤੂੰ ਸੁਪਨੇ ਵਿੱਚ ਕੁਝ ਬੋਲ ਰਿਹਾ ਸੀ । ਤੂੰ ਲਗਾਤਾਰ ਆਡਰ ਦਿੰਦਾ ਸੀ, ਡਾਂਟਦਾ ਝਾੜਦਾ ਸੀ... ਕੀ ਕੁਝ ਨਹੀਂ ਹੋਇਆ। ਹਵਾ ਸੀਟੀਆਂ ਵਜਾਉਂਦੀ ਸੀ, ਚਾਰੇ ਪਾਸੇ ਵੀਰਾਨ ਸੀ ਅਤੇ ਮੈਂ ਟਾਪੂ ਉੱਤੇ ਤੇਰੇ ਨਾਲ ਇਕੱਲੀ ਸੀ ਅਤੇ ਤੂੰ ਹੋਸ਼ ਵਿੱਚ ਨਹੀਂ ਸੀ । ਡਰ ਨਾਲ ਮੇਰਾ ਦਮ ਨਿਕਲਦਾ ਜਾ ਰਿਹਾ ਸੀ।" ਉਹ ਕੰਬ ਗਈ। "ਸਮਝ ਨਹੀਂ ਆ ਰਿਹਾ ਸੀ ਕੀ ਕਰਾਂ।"
"ਫਿਰ ਤੂੰ ਕਿਵੇਂ ਕੰਮ ਚਲਾਇਆ ?"
"ਬਸ ਜਿਵੇਂ ਕਿਵੇਂ ਚਲਾ ਹੀ ਲਿਆ। ਸਭ ਤੋਂ ਵੱਧ ਡਰ ਤਾਂ ਮੈਨੂੰ ਇਸ ਗੱਲ ਦਾ ਸੀ ਕਿ ਤੂੰ ਭੁੱਖ ਨਾਲ ਮਰ ਜਾਏਂਗਾ। ਪਾਣੀ ਤੋਂ ਬਿਨਾਂ ਹੋਰ ਕੁਝ ਖਾਧਾ-ਪੀਤਾ ਵੀ ਤਾਂ ਨਹੀਂ। ਬਚੀ ਹੋਈ ਰੋਟੀ ਹੀ ਪਾਣੀ 'ਚ ਉਬਾਲ ਕੇ ਤੈਨੂੰ ਪਿਲਾਉਂਦੀ ਰਹੀ। ਹੁਣ ਤਾਂ ਸਿਰਫ਼ ਮੱਛੀ ਹੀ ਬਚੀ ਹੈ। ਨਮਕੀਨ ਮੱਛੀ ਬਿਮਾਰ ਲਈ ਕੀ ਕਰਦੀ ? ਪਰ ਜਿਵੇਂ ਹੀ ਦੇਖਿਆ ਕਿ ਤੈਨੂੰ ਹੋਸ਼ ਆ ਰਿਹਾ ਹੈ, ਅੱਖਾਂ ਖੋਲ੍ਹ ਰਿਹਾ ਹੈ ਤਾਂ ਮੇਰੇ ਮਨ ਦਾ ਬੋਝ ਹਲਕਾ ਹੋ ਗਿਆ।"
ਲੈਫਟੀਨੈਂਟ ਨੇ ਆਪਣਾ ਹੱਥ ਅੱਗੇ ਵਧਾਇਆ। ਮਿੱਟੀ-ਘੱਟੇ ਨਾਲ ਲਥਪਥ
ਹੋਣ ਦੇ ਬਾਵਜੂਦ ਸੁੰਦਰ ਅਤੇ ਪਤਲੀਆਂ ਉਂਗਲਾਂ ਉਸ ਨੇ ਮਰਿਊਤਕਾ ਦੀ ਬਾਂਹ ਉੱਤੇ ਰੱਖ ਦਿੱਤੀਆਂ। ਸਹਿਜੇ ਜਿਹੇ ਉਸ ਦੀ ਬਾਂਹ ਥਪਥਪਾਉਂਦਿਆਂ ਲੈਫਟੀਨੈਂਟ ਨੇ ਕਿਹਾ
"ਸ਼ੁਕਰੀਆ, ਪਿਆਰੀ!"
ਮਰਿਊਤਕਾ ਦੇ ਚਿਹਰੇ 'ਤੇ ਲਾਲੀ ਦੌੜ ਗਈ ਅਤੇ ਉਸਨੇ ਲੈਫਟੀਨੈਂਟ ਦਾ ਹੱਥ ਹਟਾ ਦਿੱਤਾ।
"ਅਹਿਸਾਨ ਪ੍ਰਗਟ ਨਾ ਕਰੋ । ਧੰਨਵਾਦ ਕਹਿਣ ਦੀ ਕੋਈ ਲੋੜ ਨਹੀਂ ਹੈ। ਤੂੰ ਕੀ ਸੋਚਦਾ ਹੈ ਕਿ ਆਪਣੀਆਂ ਅੱਖਾਂ ਸਾਹਵੇਂ ਕਿਸੇ ਨੂੰ ਮਰਨ ਦਿੱਤਾ ਜਾ ਸਕਦਾ ਹੈ ? ਮੈਂ ਜਾਨਵਰ ਹਾਂ ਜਾਂ ਇਨਸਾਨ ?"
"ਪਰ ਮੈਂ ਤਾਂ... ਤੇਰਾ ਦੁਸ਼ਮਣ ਹਾਂ। ਮੈਨੂੰ ਬਚਾਉਣ ਦੀ ਤੈਨੂੰ ਕੀ ਪਈ ਸੀ ? ਖੁਦ ਤੇਰੇ ਵਿੱਚ ਵੀ ਜਾਨ ਨਹੀਂ ਰਹੀ।"
ਮਰਿਊਤਕਾ ਘੜੀ ਕੁ ਤਾਂ ਚੁਪ ਰਹੀ, ਉਲਝਣ ਵਿੱਚ ਉਲਝੀ ਹੋਈ। ਫਿਰ ਉਸ ਨੇ ਹੱਥ ਹਿਲਾਇਆ ਅਤੇ ਹੱਸ ਪਈ।
"ਦੁਸ਼ਮਣ ? ਹੱਥ ਤਾਂ ਤੇਰੇ ਤੋਂ ਚੁੱਕਿਆ ਨਹੀਂ ਜਾਂਦਾ । ਵੱਡਾ ਆਇਆ ਦੁਸ਼ਮਣ,! ਮੇਰੀ ਕਿਸਮਤ ਵਿੱਚ ਇਹੀ ਲਿਖਿਆ ਸੀ। ਗੋਲੀ ਤੇਰੇ 'ਤੇ ਸਿੱਧੀ ਨਹੀਂ ਚੱਲੀ। ਨਿਸ਼ਾਨਾ ਖੁੰਝ ਗਿਆ। ਉਹ ਵੀ ਜ਼ਿੰਦਗੀ ਵਿੱਚ ਪਹਿਲੀ ਵਾਰ । ਹੁਣ ਤੇਰੇ ਲਈ ਲਗਾਤਾਰ ਪ੍ਰੇਸ਼ਾਨ ਹੋਣਾ ਪਏਗਾ। ਲੈ, ਖਾਹ!"
ਮਰਿਊਤਕਾ ਨੇ ਲੈਫਟੀਨੈਂਟ ਵੱਲ ਪਤੀਲੀ ਵਧਾਈ। ਉਸ ਵਿੱਚ ਚਰਬੀ ਵਾਲੀ ਸੁਨਹਿਰੀ ਮੱਛੀ ਤੈਰ ਰਹੀ ਸੀ। ਮੱਛੀ ਦੀ ਹਲਕੀ ਹਲਕੀ ਅਤੇ ਪਿਆਰੀ ਪਿਆਰੀ ਮਹਿਕ ਆ ਰਹੀ ਸੀ।
ਲੈਫਟੀਨੈਂਟ ਨੇ ਪਤੀਲੀ ਵਿੱਚ ਮੱਛੀ ਦੇ ਕੁਝ ਟੁਕੜੇ ਕੱਢੇ ਅਤੇ ਮਜ਼ੇ ਨਾਲ ਖਾਣ ਲੱਗਿਆ।
"ਬੇਹੱਦ ਨਮਕੀਨ ਹੈ। ਗਲਾ ਜਲ ਰਿਹਾ ਹੈ।"
"ਕੋਈ ਚਾਰਾ ਨਹੀਂ, ਇਹਦਾ। ਜੇ ਮਿੱਠਾ ਪਾਣੀ ਹੁੰਦਾ ਤਾਂ ਮੱਛੀ ਨੂੰ ਉਸ ਵਿੱਚ ਉਬਾਲ ਕੇ ਲੂਣ ਕੱਢ ਲੈਂਦੇ। ਪਰ ਬਦਕਿਸਮਤੀ ਕਿ ਉਹ ਵੀ ਨਹੀਂ ਹੈ। ਮੱਛੀ ਨਮਕੀਨ, ਪਾਣੀ ਵੀ ਨਮਕੀਨ! ਕੀ ਮੁਸੀਬਤ ਹੈ, ਮੱਛੀ ਦਾ ਹੈਜਾ।"
ਲੈਫਟੀਨੈਂਟ ਨੇ ਪਤੀਲੀ ਇੱਕ ਪਾਸੇ ਕਰ ਦਿੱਤੀ।
"ਕੀ ਹੋਇਆ ? ਹੋਰ ਨਹੀਂ, ਖਾਣਾ?"
"ਨਹੀਂ। ਮੈਂ ਖਾ ਲਿਆ। ਤੁਸੀਂ ਖਾਓ।"
"ਗੋਲੀ ਮਾਰ ਏਹਨੂੰ, ਹਫ਼ਤੇ ਤੋਂ ਇਹੀ ਖਾ ਰਹੀ ਹਾਂ । ਗਲੇ 'ਚ ਫਸ ਕੇ ਰਹਿ ਗਈ ਹੈ ਇਹ ਤਾਂ ।"
ਲੈਫਟੀਨੈਂਟ ਕੂਹਣੀ ਦੇ ਭਾਰ ਲੇਟਿਆ ਸੀ।
"ਕਾਸ਼... ਸਿਗਰਟ ਹੁੰਦੀ।" ਉਸਨੇ ਹੌਂਕਾ ਭਰ ਕੇ ਕਿਹਾ।
"ਸਿਗਰਟ ? ਤਾਂ ਦੱਸਿਆ ਕਿਉਂ ਨਹੀਂ ਮੈਨੂੰ ? ਸੇਮਯਾਨੀ ਦੇ ਥੈਲੇ 'ਚੋਂ ਮੈਨੂੰ ਕੁਝ ਤੰਬਾਕੂ ਮਿਲਿਆ ਹੈ। ਥੋੜ੍ਹਾ ਗਿੱਲਾ ਸੀ ਪਰ ਮੈਂ ਉਸ ਨੂੰ ਸੁਕਾ ਲਿਆ ਹੈ। ਪਤਾ ਸੀ ਮੈਨੂੰ ਕਿ ਤੂੰ ਤੰਬਾਕੂਨੋਸ਼ੀ ਕਰਨੀ ਚਾਹੇਗਾ । ਬਿਮਾਰੀ ਤੋਂ ਬਾਅਦ ਸਿਗਰਟ ਪੀਣ ਦੀ ਚਾਹ ਹੋਰ ਵੀ ਵੱਧ ਜਾਂਦੀ ਹੈ। ਆਹ ਲੈ।"
ਲੈਫਟੀਨੈਂਟ ਦੇ ਮਨ 'ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਉਸਨੇ ਕੰਬਦੀਆਂ ਉਂਗਲਾਂ ਨਾਲ ਤੰਬਾਕੂ ਦੀ ਥੈਲੀ ਫੜ ਲਈ।
"ਤੂੰ ਤਾਂ ਹੀਰਾ ਹੈ, ਮਰਿਊਤਕਾ। ਨਰਸ ਤੋਂ ਵੀ ਵੱਧ ਕੇ!"
"ਨਰਸ ਤੋਂ ਬਿਨਾਂ ਤੂੰ ਜੀ ਹੀ ਨਹੀਂ ਸਕਦਾ ?" ਉਸਨੇ ਰੁੱਖੇਪਣ ਨਾਲ ਜਵਾਬ ਦਿੱਤਾ ਅਤੇ ਉਸਦੇ ਗੱਲ੍ਹ ਲਾਲ ਹੋ ਗਏ।
"ਹੁਣ ਤੰਬਾਕੂ ਲਪੇਟਣ ਲਈ ਕਾਗਜ਼ ਨਹੀਂ ਹੈ। ਤੇਰੇ ਉਸ ਗੁਲਾਬੀ ਮੂੰਹ ਨੇ ਮੇਰੇ ਸਾਰੇ ਕਾਗਜ਼ ਖੋਹ ਲਏ ਅਤੇ ਪਾਈਪ ਮੈਂ ਗੁਆ ਚੁੱਕਿਆ ਹਾਂ।"
"ਕਾਗਜ਼..." ਮਰਿਊਤਕਾ ਸੋਚਣ ਲੱਗੀ।
ਫਿਰ ਫੈਸਲਾਕੁੰਨ ਝਟਕੇ ਨਾਲ ਉਹ ਜੈਕਟ ਵੱਲ ਮੁੜੀ, ਜੋ ਲੈਫਟੀਨੈਂਟ ਨੇ ਉੱਪਰ ਲਈ ਹੋਈ ਸੀ। ਉਸਨੇ ਜੈਕਟ ਦੀ ਜੇਬ ਵਿੱਚ ਹੱਥ ਪਾ ਕੇ ਇੱਕ ਛੋਟਾ ਜਿਹਾ ਬੰਡਲ ਕੱਢਿਆ।
ਉਸਨੇ ਬੰਡਲ ਖੋਲ੍ਹ ਕੇ ਉਸ ਵਿੱਚੋਂ ਕੁਝ ਕਾਗਜ਼ ਕੱਢੇ ਅਤੇ ਲੈਫਟੀਨੈਂਟ ਵੱਲ ਵਧਾਏ।
"ਆਹ ਲੈ।"
ਲੈਫਟੀਨੈਂਟ ਨੇ ਕਾਗਜ਼ ਫੜੇ ਅਤੇ ਉਹਨਾਂ ਨੂੰ ਧਿਆਨ ਨਾਲ ਦੇਖਿਆ। ਫਿਰ ਮਰਿਊਤਕਾ ਵੱਲ ਨਜ਼ਰ ਉਠਾਈ। ਉਸ ਦੀਆਂ ਅੱਖਾਂ ਦੀ ਨਿਲੱਤਣ ਵਿੱਚ ਹੈਰਾਨੀ-ਪ੍ਰੇਸ਼ਾਨੀ ਚਮਕ ਰਹੀ ਸੀ।
"ਇਹ ਤਾਂ ਤੇਰੀਆਂ ਕਵਿਤਾਵਾਂ ਨੇ ਤੇਰਾ ਦਿਮਾਗ ਖਰਾਬ ਹੋ ਗਿਆ ? ਮੈਂ ਨਹੀਂ ਲੈਣੇ।"
“ਲੈ ਲੈ, ਤੇਰੇ 'ਤੇ ਸ਼ੈਤਾਨ ਦੀ ਮਾਰ ਪਵੇ! ਮੇਰਾ ਦਿਲ ਨਾ ਦੁਖਾ; ਮੱਛੀ ਦਾ ਹੈਜ਼ਾ!" ਮਰਿਊਤਕਾ ਚਿੱਲਾਈ।
ਲੈਫ਼ਟੀਨੈਂਟ ਨੇ ਗੌਰ ਨਾਲ ਉਸ ਵੱਲ ਵੇਖਿਆ।
"ਸ਼ੁਕਰੀਆ। ਇਹ ਮੈਂ ਕਦੇ ਨਹੀਂ ਭੁੱਲਾਂਗਾ।"
ਉਸਨੇ ਕਾਗਜ਼ ਦੇ ਸਿਰੇ ਤੋਂ ਇੱਕ ਛੋਟਾ ਜਿਹਾ ਟੁਕੜਾ ਪਾੜਿਆ, ਤੰਬਾਕੂ ਲਪੇਟ ਕੇ ਸਿਗਰਟ ਬਣਾਈ ਅਤੇ ਧੂੰਆ ਉਡਾਉਣ ਲੱਗਿਆ। ਫਿਰ ਸਿਗਰਟ ਦੇ ਨੀਲੇ ਧੂੰਏ ਵਿੱਚ ਕਿਤੇ ਦੂਰ ਦੇਖਣ ਲੱਗਿਆ।
ਮਰਿਊਤਕਾ ਉਸ ਨੂੰ ਇੱਕ ਟੱਕ ਦੇਖਦੀ ਰਹੀ। ਫਿਰ ਚਾਣਚੱਕ ਹੀ ਉਸਨੇ ਕਿਹਾ:
"ਮੈਂ ਤੈਨੂੰ ਦੇਖਦੀ ਹਾਂ ਅਤੇ ਇੱਕ ਗੱਲ ਕਿਸੇ ਤਰ੍ਹਾਂ ਵੀ ਸਮਝ ਨਹੀਂ ਆਉਂਦੀ। ਤੇਰੀਆਂ ਅੱਖਾਂ ਅਜਿਹੀਆਂ ਨੀਲੀਆਂ ਕਿਉਂ ਨੇ? ਜ਼ਿੰਦਗੀ 'ਚ ਕਦੇ ਇਹੋ ਜਿਹੀਆਂ ਅੱਖਾਂ
ਨਹੀਂ ਦੇਖੀਆਂ। ਐਸੀਆਂ ਨੀਲੀਆਂ ਨੇ ਤੇਰੀਆਂ ਅੱਖਾਂ ਕਿ ਆਦਮੀ ਇਹਨਾਂ ਵਿੱਚ ਡੁੱਬ ਸਕਦਾ ਹੈ।"
''ਪਤਾ ਨਹੀਂ", ਲੈਫਟੀਨੈਂਟ ਨੇ ਜਵਾਬ ਦਿੱਤਾ, "ਜਨਮ ਤੋਂ ਹੀ ਅਜਿਹੀਆਂ ਨੇ। ਬਹੁਤ ਲੋਕਾਂ ਨੇ ਮੈਨੂੰ ਕਿਹਾ ਹੈ ਕਿ ਇਹਨਾਂ ਦਾ ਰੰਗ ਅਸਧਾਰਨ ਹੈ।"
"ਹਾਂ, ਸੱਚ ਹੈ। ਤੇਰੇ ਕੈਦੀ ਬਣਾਏ ਜਾਣ ਤੋਂ ਕੁਝ ਹੀ ਦੇਰ ਬਾਅਦ ਮੈਂ ਸੋਚਿਆ। ਕਿ ਇਹ ਦੀਆਂ ਅੱਖਾਂ ਅਜਿਹੀਆਂ ਕਿਉਂ ਨੇ। ਖ਼ਤਰਨਾਕ ਨੇ ਤੇਰੀਆਂ ਅੱਖਾਂ।"
"ਕੀਹਦੇ ਲਈ ।"
"ਔਰਤਾਂ ਲਈ। ਚਾਣਚੱਕ ਹੀ ਧੁਰ ਅੰਦਰ ਲਹਿ ਜਾਂਦੀਆਂ ਨੇ। ਉਹਨਾਂ ਨੂੰ ਮੋਹ ਲੈਂਦੀਆਂ ਨੇਂ।"
"ਤੈਨੂੰ ਵੀ ਮੋਹ ਲਿਆ ?"
ਮਰਿਊਤਕਾ ਭੜਕ ਉੱਠੀ।
"ਦੇਖ ਤਾਂ ਸ਼ੈਤਾਨ ਨੂੰ! ਰਾਜ ਜਾਣਨਾ ਚਾਹੁੰਦਾ ਹੈ। ਲੇਟਿਆ ਰਹਿ, ਮੈਂ ਪਾਣੀ ਲੈਣ ਜਾ ਰਹੀ ਹਾਂ।"
ਮਰਿਊਤਕਾ ਉੱਠੀ, ਉਸਨੇ ਲਾਪਰਵਾਹੀ ਨਾਲ ਕੇਤਲੀ ਉਠਾਈ, ਪਰ ਮੱਛੀਆਂ ਦੇ ਢੇਰ ਤੋਂ ਅੱਗੇ ਜਾ ਕੇ ਖੁਸ਼ੀ ਨਾਲ ਮੁੜੀ ਅਤੇ ਪਹਿਲਾਂ ਵਾਂਗ ਬੋਲੀ:
"ਮੇਰੀਆਂ ਨੀਲੀਆਂ ਅੱਖਾਂ ਵਾਲੇ ਬੁੱਧੂ!"
ਅੱਠਵਾਂ ਕਾਂਡ
ਜਿਸ ਲਈ ਕਿਸੇ ਵਿਆਖਿਆ ਦੀ ਲੋੜ ਨਹੀਂ
ਮਾਰਚ ਦੀ ਧੁੱਪ ਹੈ- ਵਾਤਾਵਰਨ ਵਿੱਚ ਬਸੰਤ ਦਾ ਰੰਗ।
ਮਾਰਚ ਦੀ ਧੁੱਪ ਅਰਾਲ ਸਾਗਰ 'ਤੇ ਫੈਲੀ ਹੋਈ ਹੈ - ਨਜ਼ਰ ਦੀ ਹੱਦ ਤੱਕ ਨੀਲੀ ਮਖ਼ਮਲ 'ਤੇ। ਕੜਕਦੀ ਧੁੱਪ ਆਪਣੇ ਤੇਜ਼ ਦੰਦਾਂ ਨਾਲ ਕੱਟਦੀ ਜਿਹੀ ਜਾਪਦੀ ਹੈ, ਆਦਮੀ ਦਾ ਖੂਨ ਤਾਂ ਜਿਵੇਂ ਰਿੱਝ-ਰਿੱਝ ਜਾਂਦਾ ਹੈ।
ਹੁਣ ਤਿੰਨ ਦਿਨਾਂ ਤੋਂ ਲੈਫਟੀਨੈਂਟ ਰੋਜ਼ ਬਾਹਰ ਨਿਕਲਦਾ ਹੈ।
ਉਹ ਢਾਰੇ ਤੋਂ ਬਾਹਰ ਬੈਠ ਕੇ ਧੁੱਪ ਸੇਕਦਾ ਹੈ, ਆਪਣੇ ਚਾਰੇ ਪਾਸੇ ਦੇਖਦਾ ਹੈ। ਉਸ ਦੀਆਂ ਅੱਖਾਂ ਵਿੱਚ ਹੁਣ ਖੁਸ਼ੀ ਝਲਕਦੀ ਹੈ, ਉਹਨਾਂ ਵਿਚ ਚਮਕ ਆ ਗਈ ਹੈ ਅਤੇ ਉਹ ਨੀਲੇ ਸਾਗਰ ਵਾਂਗ ਨੀਲੀਆਂ ਨਜ਼ਰ ਆਉਂਦੀਆਂ ਹਨ। ਇਸ ਦਰਮਿਆਨ ਮਰਿਊਤਕਾ ਨੇ ਸਾਰਾ ਟਾਪੂ ਛਾਣ ਮਾਰਿਆ ਹੈ।
ਆਪਣੀ ਇਸ ਛਾਣ-ਬੀਣ ਦੇ ਆਖ਼ਰੀ ਦਿਨ ਉਹ ਸੂਰਜ ਛਿਪਣ ਦੇ ਸਮੇਂ ਖੁਸ਼ੀ ਖੁਸ਼ੀ ਵਾਪਸ ਪਰਤੀ।
"ਸੁਣ ਰਿਹਾ! ਕੱਲ੍ਹ ਆਪਾਂ ਇੱਥੋਂ ਜਾ ਰਹੇ ਹਾਂ।"
"ਕਿੱਥੇ?"
"ਉੱਥੇ ਕੁਝ ਹੀ ਦੂਰ! ਇੱਥੋਂ ਕੋਈ ਅੱਠ ਕੁ ਕਿਲੋਮੀਟਰ ਦੇ ਫਾਸਲੇ 'ਤੇ।"
"ਉੱਥੇ ਕੀ ਹੈ?"
"ਮਛੇਰਿਆਂ ਦੀ ਝੋਪੜੀ ਮਿਲ ਗਈ ਹੈ। ਏਦਾਂ ਮੰਨ ਕਿ ਬਸ ਮਹਿਲ ਹੈ। ਬਿਲਕੁਲ ਖੁਸ਼ਕ ਅਤੇ ਠੀਕ ਠਾਕ ਹੈ। ਖਿੜਕੀਆਂ ਦਾ ਮਜ਼ਬੂਤ ਸ਼ੀਸ਼ਾ ਤੱਕ ਸਹੀ-ਸਲਾਮਤ ਹੈ। ਉਸ ਵਿੱਚ ਤੰਦੂਰ ਅਤੇ ਮਿੱਟੀ ਦੇ ਕੁਝ ਟੁੱਟੇ ਫੁੱਟੇ ਭਾਂਡੇ ਵੀ ਹਨ। ਉਹ ਸਾਰੇ ਕੰਮ ਆ ਜਾਣਗੇ । ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੌਣ ਲਈ ਤਖ਼ਤੇ ਲੱਗੇ ਹੋਏ ਹਨ। ਹੁਣ ਜ਼ਮੀਨ 'ਤੇ ਲੇਟਣ ਦੀ ਜ਼ਰੂਰਤ ਨਹੀਂ ਰਹੇਗੀ। ਆਪਾਂ ਨੂੰ ਤਾਂ ਸ਼ੁਰੂ ਵਿੱਚ ਹੀ ਉੱਥੇ ਚਲੇ ਜਾਣਾ ਚਾਹੀਦਾ ਸੀ।"
“ਪਰ ਇਹ ਪਤਾ ਹੀ ਕਿਸ ਨੂੰ ਸੀ ?"
"ਇਹੀ ਤਾਂ ਗੱਲ ਹੈ! ਐਨਾਂ ਹੀ ਨਹੀਂ, ਇੱਕ ਹੋਰ ਖੋਜ ਵੀ ਕੱਢ ਮਾਰੀ ਹੈ ਮੈਂ। ਵਧੀਆ ਖੋਜ!"
"ਉਹ ਕੀ ਹੈ?"
"ਤੰਦੂਰ ਦੇ ਪਿੱਛੇ ਖਾਣ-ਪੀਣ ਦਾ ਕੁਝ ਸਮਾਨ ਵੀ ਹੈ । ਰਾਸ਼ਨ ਲੁਕਿਆ ਹੋਇਆ ਹੈ। ਬਹੁਤਾ ਨਹੀਂ ਹੈ। ਚੌਲ ਹਨ ਤੇ ਕੋਈ ਅੱਠ-ਦਸ ਸੇਰ ਆਟਾ ਆਟਾ। ਕੁਝ ਖ਼ਰਾਬ ਹੋ ਗਿਆ ਹੈ, ਪਰ ਫਿਰ ਵੀ ਖਾਧਾ ਜਾ ਸਕਦਾ ਹੈ। ਲੱਗਦਾ ਹੈ ਕਿ ਪੱਤਝੜ ਵਿੱਚ ਜਿਵੇਂ ਹੀ
ਤੂਫ਼ਾਨ ਆਉਂਦਾ ਦੇਖਿਆ ਹੋਵੇਗਾ, ਮਛੇਰਿਆਂ ਨੇ ਉੱਥੋਂ ਭੱਜਣ ਦੀ ਕਾਹਲੀ ਕੀਤੀ ਹੋਵੇਗੀ ਅਤੇ ਜਲਦਬਾਜ਼ੀ ਵਿੱਚ ਰਾਸ਼ਨ ਸਮੇਟਣਾ ਭੁੱਲ ਗਏ ਹੋਣਗੇ। ਹੁਣ ਤਾਂ ਖੂਬ ਨਜ਼ਾਰੇ ਨੇ ਆਪਣੇ।"
ਅਗਲੀ ਸਵੇਰ ਉਹ ਨਵੀਂ ਜਗ੍ਹਾ ਲਈ ਚੱਲ ਪਏ। ਊਠ ਵਾਂਗ ਲੱਦੀ ਹੋਈ ਮਰਿਊਤਕਾ ਅੱਗੇ-ਅੱਗੇ ਚੱਲ ਰਹੀ ਸੀ। ਉਸਨੇ ਸਭ ਕੁਝ ਆਪਣੇ ਉੱਪਰ ਲੱਦ ਲਿਆ ਸੀ। ਲੈਫਟੀਨੈਂਟ ਨੂੰ ਕੁਝ ਵੀ ਚੱਕਣ ਨਹੀਂ ਦਿੱਤਾ ਸੀ।
"ਰਹਿਣ ਦੇ। ਕਿਤੇ ਫਿਰ ਬਿਮਾਰ ਹੋ ਗਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਤੂੰ ਫਿਕਰ ਨਾ ਕਰ! ਦੇਖਣ ਵਿੱਚ ਭਾਵੇਂ ਮੈਂ ਦੁਬਲੀ-ਪਤਲੀ ਹਾਂ, ਪਰ ਮਜ਼ਬੂਤ ਹਾਂ।"
ਦੁਪਹਿਰ ਤੱਕ ਉਹ ਦੋਵੇਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ। ਉਹਨਾਂ ਨੇ ਬਰਫ਼ ਹਟਾਈ ਅਤੇ ਦਰਵਾਜਿਆਂ ਨੂੰ ਕਬਜ਼ਿਆਂ ਵਿੱਚ ਲੱਗਾ ਕੇ ਖੜ੍ਹਾ ਕੀਤਾ । ਉਹਨਾਂ ਨੇ ਤੰਦੂਰ ਮੱਛੀਆਂ ਨਾਲ ਭਰ ਕੇ ਜਲਾਇਆ ਅਤੇ ਅੱਗ ਸੇਕਣ ਲੱਗੇ। ਉਹਨਾਂ ਦੇ ਚਿਹਰਿਆਂ 'ਤੇ ਸੁਖਦ ਮੁਸਕਾਨ ਖੇਡ ਰਹੀ ਸੀ।
"ਵਾਹ... ਕਿਆ ਸ਼ਾਹੀ ਠਾਠ ਹੈ ?"
"ਬਹੁਤ ਕਮਾਲ ਹੈ ਤੂੰ ਮਰਿਊਤਕਾ! ਉਮਰ ਭਰ ਤੇਰਾ ਅਹਿਸਾਨ ਮੰਨੂੰਗਾ... ਤੂੰ ਨਾ ਹੁੰਦੀ ਤਾਂ ਦਮ ਨਿਕਲ ਗਿਆ ਹੁੰਦਾ।"
"ਸੋ ਤਾਂ ਹੈ, ਸ਼ਹਿਜ਼ਾਦੇ।"
ਉਹ ਚੁੱਪ ਹੋ ਕੇ ਅੱਗ 'ਤੇ ਹੱਥ ਸੇਕਣ ਲੱਗੀ।
"ਗਰਮ ਹੈ, ਖੂਬ ਗਰਮ ਹੈ ...ਹਾਂ ਤਾਂ ਹੁਣ ਆਪਾਂ ਅੱਗੇ ਕੀ ਕਰਾਂਗੇ ?"
"ਕੀ ਕਰਾਂਗੇ ? ਇੰਤਜ਼ਾਰ।"
"ਕਿਸ ਚੀਜ਼ ਦਾ ?"
"ਬਸੰਤ ਦਾ! ਥੋੜ੍ਹਾ ਹੀ ਸਮਾਂ ਰਹਿ ਗਿਆ ਹੈ- ਅੱਧਾ ਮਾਰਚ ਗੁਜ਼ਰ ਗਿਆ ਹੈ। ਬਸ ਇਹੀ ਕੋਈ ਦੋ ਹਫ਼ਤਿਆਂ ਦੀ ਹੋਰ ਗੱਲ ਹੈ। ਉਮੀਦ ਹੈ ਫਿਰ ਮਛੇਰੇ ਇੱਥੇ ਆਪਣੀਆਂ ਮੱਛੀਆਂ ਲੈਣ ਆਉਣਗੇ ਅਤੇ ਆਪਾਂ ਨੂੰ ਉਸ ਪਾਰ ਪਹੁੰਚਾਉਣਗੇ।"
"ਕਾਸ਼, ਐਦਾਂ ਹੀ ਹੋਵੇ। ਮੱਛੀਆਂ ਅਤੇ ਸੜੇ ਹੋਏ ਆਟੇ ਦੇ ਸਹਾਰੇ ਆਪਾਂ ਬਹੁਤਾ ਚਿਰ ਜਿਉਂਦੇ ਨਹੀਂ ਰਹਿ ਸਕਾਂਗੇ। ਦੋ ਹਫ਼ਤੇ ਹੋਰ ਜੀਅ ਲਵਾਂਗੇ ਅਤੇ ਫਿਰ ਖੇਡ ਖਤਮ, ਮੱਛੀ ਦਾ ਹੈਜ਼ਾ।"
"ਇਹ ਤੂੰ ਕੀ ਮੁਹਾਵਰਾ ਬੋਲਿਆ ਕਰਦੀ ਏਂ, ਹਰ ਵੇਲੇ 'ਮੱਛੀ ਦਾ ਹੈਜ਼ਾ' ? ਕਿੱਥੋਂ ਸਿੱਖਿਆ ਤੂੰ ਇਹ ?"
"ਆਪਣੇ ਅਸਤਰਖ਼ਾਨ ਵਿੱਚ। ਮਛੇਰੇ ਇਸ ਤਰ੍ਹਾਂ ਗੱਲਬਾਤ ਕਰਦੇ ਨੇ। ਗਾਲੀ ਗਲੋਚ ਦੀ ਜਗ੍ਹਾ। ਗਾਲਾਂ ਵਗੈਰਾ ਮੈਨੂੰ ਪਸੰਦ ਨਹੀਂ। ਜਦੋਂ ਕਦੇ ਗੁੱਸਾ ਆਉਂਦਾ ਹੈ ਤਾਂ ਇਹੀ ਕਹਿ ਕੇ ਦਿਲ ਦੀ ਭੜਾਸ ਕੱਢ ਲੈਂਦੀ ਹਾਂ।"
ਉਸਨੇ ਬੰਦੂਕ ਦੇ ਗਜ਼ ਨਾਲ ਤੰਦੂਰ ਵਿੱਚ ਮੱਛੀਆਂ ਹਿਲਾਈਆਂ ਅਤੇ ਕਿਹਾ:
“ਉਏ ਹਾਂ, ਤੂੰ ਕਦੇ ਮੇਰੇ ਨਾਲ ਇੱਕ ਕਹਾਣੀ ਦੀ ਚਰਚਾ ਕੀਤੀ ਸੀ, ਕਿਸੇ ਟਾਪੂ ਬਾਰੇ... ਫਰਾਇਡੇ ਦੇ ਸਬੰਧ ਵਿੱਚ। ਐਵੇਂ ਵਿਹਲੇ ਬੈਠੇ ਰਹਿਣ ਨਾਲੋਂ ਤਾਂ ਚੰਗਾ ਹੈ ਕਿ ਉਹ ਕਹਾਣੀ ਸੁਣਾ। ਦੀਵਾਨੀ ਹਾਂ ਮੈਂ ਤਾਂ ਕਹਾਣੀਆਂ ਦੀ! ਐਦਾਂ ਹੁੰਦਾ ਸੀ ਕਿ ਪਿੰਡ ਦੀਆਂ ਔਰਤਾਂ ਮੇਰੀ ਮਾਸੀ ਦੇ ਘਰ ਇਕੱਠੀਆਂ ਹੁੰਦੀਆਂ ਸਨ ਅਤੇ ਗੁਗਨੀਖਾ ਨਾਮ ਦੀ ਇੱਕ ਬੁੱਢੀ ਨੂੰ ਵੀ ਆਪਣੇ ਨਾਲ ਲੈ ਆਉਂਦੀਆਂ ਸਨ । ਸੌ ਸਾਲ ਜਾਂ ਸ਼ਾਇਦ ਇਸ ਤੋਂ ਵੀ ਵੱਧ ਉਮਰ ਸੀ ਉਸ ਦੀ। ਨੈਪੋਲੀਅਨ ਦੇ ਰੂਸ ਆਉਣ ਤੱਕ ਦੀ ਯਾਦ ਸੀ ਉਸ ਨੂੰ। ਜਿਵੇਂ ਹੀ ਉਹ ਕਹਾਣੀ ਕਹਿਣਾ ਸ਼ੁਰੂ ਕਰਦੀ ਮੈਂ ਕੋਨੇ ਵਿੱਚ ਹੀ ਬੈਠੀ ਰਹਿ ਜਾਂਦੀ । ਸਾਹ ਤੱਕ ਨਾ ਲੈਂਦੀ ਕਿ ਕਿਤੇ ਕੋਈ ਸ਼ਬਦ ਨਾ ਛੁੱਟ ਜਾਵੇ ।"
"ਤੂੰ ਰਾਬਿਨਸਨ ਕਰੂਸੋ ਦੀ ਕਹਾਣੀ ਸੁਣਾਉਣ ਨੂੰ ਕਹਿ ਰਹੀ ਏਂ ਨਾ? ਅੱਧੀ ਕਹਾਣੀ ਤਾਂ ਮੈਂ ਵੀ ਭੁੱਲ ਚੁੱਕਿਆ ਹਾਂ। ਇੱਕ ਅਰਸਾ ਪਹਿਲਾਂ ਪੜ੍ਹੀ ਸੀ।"
"ਤੂੰ ਯਾਦ ਕਰਨ ਦੀ ਕੋਸ਼ਿਸ਼ ਕਰ, ਜਿੰਨੀ ਯਾਦ ਆ ਜਾਏ ਉਨੀ ਹੀ ਸੁਣਾ ਦਈ।"
"ਅੱਛਾ, ਕੋਸ਼ਿਸ਼ ਕਰਦਾ ਹਾਂ ।"
ਲੈਫਟੀਨੈਂਟ ਨੇ ਕਹਾਣੀ ਯਾਦ ਕਰਦੇ ਕਰਦੇ ਜ਼ਰਾ ਅੱਖਾਂ ਮੁੰਦ ਲਈਆਂ।
ਮਰਿਊਤਕਾ ਨੇ ਸੌਣ ਵਾਲੇ ਤਖ਼ਤੇ ਉੱਤੇ ਆਪਣੀ ਜੈਕਟ ਵਿਛਾ ਲਈ ਅਤੇ ਤੰਦੂਰ ਦੇ ਨਜ਼ਦੀਕ ਵਾਲੇ ਕੋਨੇ ਵਿੱਚ ਬੈਠ ਗਈ। "ਇੱਥੇ ਆ ਜਾ, ਇੱਥੇ ਕੋਨੇ ਵਿੱਚ ਜ਼ਿਆਦਾ ਗਰਮੀ ਹੈ।"
ਲੈਫਟੀਨੈਂਟ ਕੋਨੇ ਵਿੱਚ ਜਾ ਬੈਠਿਆ । ਤੰਦੂਰ ਕਾਫ਼ੀ ਗਰਮ ਹੋ ਚੁੱਕਿਆ ਸੀ, ਉਸ ਚੋਂ ਸੁਖਦ ਗਰਮੀ ਆ ਰਹੀ ਸੀ।
"ਤੂੰ ਸ਼ੁਰੂ ਤਾਂ ਕਰ। ਜਾਨ ਛਿੜਕਦੀ ਹਾਂ ਮੈਂ ਇਹਨਾਂ ਕਹਾਣੀਆਂ 'ਤੇ।"
ਲੈਫਟੀਨੈਂਟ ਨੇ ਠੋਡੀ 'ਤੇ ਹੱਥ ਰੱਖਿਆ ਅਤੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ:
"ਲਿਵਰਪੂਲ ਨਗਰ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸ ਦਾ ਨਾਮ ਸੀ ਰਾਬਿਨਸਨ ਕਰੂਸੋ.."
"ਇਹ ਸ਼ਹਿਰ ਕਿੱਥੇ ਹੈ?"
"ਇੰਗਲੈਂਡ ਵਿੱਚ... ਹਾਂ, ਤਾਂ ਉੱਥੇ ਇੱਕ ਧਨੀ ਰਹਿੰਦਾ ਸੀ, ਰਾਬਿਨਸਨ ਕਰੂਸੋ....."
"ਜ਼ਰਾ ਰੁਕੋ! ਅਮੀਰ ਆਦਮੀ ਕਿਹਾ ਨਾ ਤੂੰ ? ਇਹ ਸਾਰੀਆਂ ਕਹਾਣੀਆਂ ਅਮੀਰਾਂ ਅਤੇ ਰਾਜਿਆਂ ਮਹਾਰਾਜਿਆਂ ਬਾਰੇ ਹੀ ਕਿਉਂ ਹੁੰਦੀਆਂ ਨੇ ? ਗਰੀਬਾਂ ਬਾਰੇ ਕਹਾਣੀਆਂ ਕਿਉਂ ਨਹੀਂ ਹੁੰਦੀਆਂ ?"
"ਪਤਾ ਨਹੀਂ," ਲੈਫਟੀਨੈਂਟ ਨੇ ਫਿੱਕਾ ਜਿਹਾ ਪੈਂਦਿਆਂ ਜਵਾਬ ਦਿੱਤਾ, "ਮੈਂ ਕਦੇ ਇਹਦੇ ਬਾਰੇ ਸੋਚਿਆ ਨਹੀਂ।"
"ਜ਼ਰੂਰ ਇਸ ਲਈ ਕਿ ਅਮੀਰਾਂ ਨੇ ਇਹ ਕਹਾਣੀਆਂ ਲਿਖੀਆਂ ਹੋਣਗੀਆਂ।
ਮੈਨੂੰ ਹੀ ਲੈ ਲਓ। ਕਵਿਤਾ ਲਿਖਣਾ ਚਾਹੁੰਦੀ ਹਾਂ, ਪਰ ਇਸ ਵਾਸਤੇ ਮੇਰੇ ਕੋਲ ਗਿਆਨ ਦੀ ਕਮੀ ਹੈ। ਪੂਰੇ ਵਧੀਆ ਢੰਗ ਨਾਲ ਲਿਖਦੀ ਮੈਂ ਗਰੀਬਾਂ ਬਾਰੇ। ਖ਼ੈਰ ਕੋਈ ਗੱਲ ਨਹੀਂ। ਪੜ੍ਹ- ਲਿਖ ਜਾਊਂਗੀ, ਫਿਰ ਲਿਖਾਂਗੀ।"
"ਹਾਂ ਤਾਂ... ਇਸ ਰਾਬਿਨਸਨ ਕਰੂਸੋ ਦੇ ਦਿਮਾਗ ਵਿੱਚ ਦੁਨੀਆਂ ਦੇ ਚਾਰੇ ਪਾਸੇ ਚੱਕਰ ਲਗਾਉਣ ਦੀ ਗੱਲ ਆਈ। ਉਹ ਦੇਖਣਾ ਚਾਹੁੰਦਾ ਸੀ ਕਿ ਹੋਰ ਲੋਕ ਕਿਵੇਂ ਰਹਿਣ ਸਹਿਣ ਕਰਦੇ ਹਨ। ਉਹ ਬਾਦਬਾਨਾਂ ਵਾਲੇ ਇੱਕ ਵੱਡੇ ਜਹਾਜ਼ ਵਿੱਚ ਆਪਣੇ ਸ਼ਹਿਰ ਤੋਂ ਚੱਲਿਆ...”
ਤੰਦੂਰ ਵਿੱਚ ਅੱਗ ਬਲ ਰਹੀ ਸੀ, ਲੈਫਟੀਨੈਂਟ ਰਵਾਨਗੀ ਨਾਲ ਕਹਾਣੀ ਸੁਣਾ ਰਿਹਾ ਸੀ।
ਹੌਲੀ ਹੌਲੀ ਉਸ ਨੂੰ ਸਾਰੀ ਕਹਾਣੀ ਦੇ ਨਿੱਕੇ ਤੋਂ ਨਿੱਕੇ ਵੇਰਵੇ ਵੀ ਯਾਦ ਆਉਂਦੇ ਜਾ ਰਹੇ ਸਨ।
ਮਰਿਊਤਕਾ ਸਾਹ ਰੋਕੀ ਬੈਠੀ ਸੀ । ਕਹਾਣੀ ਦੇ ਸਭ ਤੋਂ ਪ੍ਰਭਾਵਸ਼ਾਲੀ ਅੰਸ਼ਾਂ 'ਤੇ ਉਹ ਬਹੁਤ ਹੀ ਖੁਸ਼ੀ ਨਾਲ ਆਹ ਭਰਦੀ।
ਲੈਫਟੀਨੈਂਟ ਨੇ ਜਦੋਂ ਰਾਬਿਨਸਨ ਕਰੂਸੋ ਦੇ ਜਹਾਜ਼ ਦੀ ਦੁਰਘਟਨਾ ਦੀ ਚਰਚਾ ਕੀਤੀ ਤਾਂ ਮਰਿਊਤਕਾ ਨੇ ਘ੍ਰਿਣਾ ਨਾਲ ਮੋਢੇ ਝਟਕੇ ਅਤੇ ਪੁੱਛਿਆ:
"ਇਸ ਦਾ ਮਤਲਬ ਇਹ ਹੈ ਕਿ ਰਾਬਿਨਸਨ ਕਰੂਸੋ ਦੇ ਸਾਰੇ ਸਾਥੀ ਮਾਰੇ ਗਏ ?"
"ਹਾਂ ਸਾਰੇ। "
"ਫਿਰ ਤਾਂ ਜ਼ਰੂਰ ਜਹਾਜ਼ ਦੇ ਕਪਤਾਨ ਦੇ ਦਿਮਾਗ ਵਿੱਚ ਫੂਸ ਭਰਿਆ ਹੋਇਆ ਸੀ ਜਾਂ ਫਿਰ ਦੁਰਘਟਨਾ ਤੋਂ ਪਹਿਲਾਂ ਉਹਨੇ ਬਹੁਤ ਜ਼ਿਆਦਾ ਪੀ ਲਈ ਸੀ । ਮੈਂ ਤਾਂ ਹਰਗਿਜ਼ ਇਹ ਮੰਨਣ ਨੂੰ ਤਿਆਰ ਨਹੀਂ, ਕਿ ਕੋਈ ਵਧੀਆ ਕਪਤਾਨ ਆਪਣੇ ਜਹਾਜ਼ੀਆਂ ਨੂੰ ਇਸ ਤਰ੍ਹਾਂ ਮਰਨ ਦੇਵੇਗਾ। ਕੈਸਪੀਅਨ ਸਾਗਰ ਵਿੱਚ ਸਾਡੇ ਜਹਾਜ਼ ਇਸੇ ਤਰ੍ਹਾਂ ਕਈ ਵਾਰ ਦੁਰਘਟਨਾ ਦੇ ਸ਼ਿਕਾਰ ਹੋਏ ਹਨ ਅਤੇ ਦੋ ਤਿੰਨ ਤੋਂ ਜ਼ਿਆਦਾ ਆਦਮੀ ਕਦੇ ਨਹੀਂ ਡੁੱਬੇ, ਬਾਕੀ ਸਾਰਿਆਂ ਨੂੰ ਬਚਾ ਲਿਆ ਜਾਂਦਾ ਸੀ।"
"ਇਹ ਤੂੰ ਕਿਵੇਂ ਕਹਿ ਸਕਦੀ ਹੈ ? ਆਪਣੇ ਸੇਮਯਾਨੀ ਅਤੇ ਵਯਾਖਿਰ ਵੀ ਤਾਂ ਡੁੱਬ ਗਏ ਹਨ ਨਾ! ਇਹਦਾ ਮਤਲਬ ਇਹ ਹੈ ਕਿ ਤੂੰ ਬਹੁਤ ਘਟੀਆ ਕਪਤਾਨ ਹੈ, ਜਾਂ ਫਿਰ ਦੁਰਘਟਨਾ ਤੋਂ ਪਹਿਲਾਂ ਤੂੰ ਬਹੁਤ ਚੜ੍ਹਾ ਲਈ ਸੀ ?"
ਮਰਿਊਤਕਾ ਹੱਕੀ ਬੱਕੀ ਰਹਿ ਗਈ।
"ਚਾਰੋਂ ਖਾਨੇ ਚਿੱਤ ਕਰ ਦਿੱਤੇ ਤੂੰ ਤਾਂ, ਮੱਛੀ ਦਾ ਹੈਜ਼ਾ। ਚੰਗਾ, ਅੱਗੇ ਸੁਣਾਓ ਕਹਾਣੀ।"
ਫਰਾਇਡੇ ਨਾਲ ਮੁਲਾਕਾਤ ਦਾ ਜਦੋਂ ਜ਼ਿਕਰ ਆਇਆ ਤਾਂ ਮਰਿਊਤਕਾ ਨੇ ਫਿਰ ਟੋਕਿਆ
"ਹਾਂ ਤਾਂ ਹੁਣ ਸਮਝੀ ਕਿ ਤੂੰ ਮੈਨੂੰ ਫਰਾਇਡੇ ਕਿਉਂ ਕਿਹਾ ਸੀ ? ਤੂੰ ਖੁਦ ਜਿਵੇਂ
ਰਾਬਿਨਸਨ ਹੀ ਹੈਂ ਨਾ ?"
ਜਦੋਂ ਸਮੁੰਦਰੀ ਡਾਕੂਆਂ ਦੇ ਹਮਲੇ ਦਾ ਜ਼ਿਕਰ ਆਇਆ ਤਾਂ ਮਰਿਊਤਕਾ ਦੀਆਂ ਅੱਖਾਂ ਚਮਕ ਉੱਠੀਆਂ ਅਤੇ ਉਸਨੇ ਲੈਫਟੀਨੈਂਟ ਨੂੰ ਕਿਹਾ:
"ਇੱਕ ਜਣੇ 'ਤੇ ਦਸ ਟੁੱਟ ਕੇ ਪੈ ਗਏ ? ਬਹੁਤ ਮਾੜੀ ਗੱਲ ਸੀ ਨਾ ਇਹ ਤਾਂ, ਮੱਛੀ ਦਾ ਹੈਜਾ।"
ਲੈਫਟੀਨੈਂਟ ਨੇ ਆਖਿਰਕਾਰ ਕਹਾਣੀ ਖਤਮ ਕੀਤੀ।
ਮਰਿਊਤਕਾ ਲੈਫਟੀਨੈਂਟ ਦੇ ਮੋਢੇ ਦਾ ਸਹਾਰਾ ਲੈ ਕੇ ਜਿਵੇਂ ਜਾਦੂ ਵਿੱਚ ਬੰਨ੍ਹੀ ਹੋਈ ਬੈਠੀ ਸੀ। ਉਸਨੇ ਜਿਵੇਂ ਸੁਪਨੇ ਵਿੱਚ ਕਿਹਾ:
"ਕਮਾਲ ਹੈ! ਲੱਗਦਾ ਹੈ ਕਿ ਤੂੰ ਬਹੁਤ ਕਹਾਣੀਆਂ ਜਾਣਦਾ ਏਂ। ਇੱਕ ਦਿਨ ਇੱਕ ਕਹਾਣੀ ਸੁਣਾਇਆ ਕਰ।"
"ਕੀ ਸੱਚਮੁਚ ਤੈਨੂੰ ਚੰਗੀ ਲੱਗੀ ?"
"ਬਹੁਤ ਹੀ ਵਧੀਆ। ਇਸ ਤਰ੍ਹਾਂ ਹਰ ਸ਼ਾਮ ਜਲਦੀ ਜਲਦੀ ਬੀਤ ਜਾਏਗੀ। ਸਮੇਂ ਦਾ ਪਤਾ ਵੀ ਨਹੀਂ ਚੱਲੇਗਾ।"
ਲੈਫਟੀਨੈਂਟ ਨੇ ਉਬਾਸੀ ਲਈ।
"ਨੀਂਦ ਆ ਰਹੀ ਹੈ ?"
"ਨਹੀਂ... ਬਿਮਾਰੀ ਤੋਂ ਬਾਅਦ ਕਮਜ਼ੋਰ ਹੋ ਗਿਆ ਹਾਂ।"
"ਹਾਏ ਵਿਚਾਰਾ!"
ਮਰਿਊਤਕਾ ਨੇ ਫਿਰ ਪਿਆਰ ਨਾਲ ਉਸਦੇ ਵਾਲ ਸਹਿਲਾਏ। ਲੈਫਟੀਨੈਂਟ ਨੇ ਹੈਰਾਨ ਹੋ ਕੇ ਆਪਣੀਆਂ ਨੀਲੀਆਂ ਅੱਖਾਂ ਉਸ ਵੱਲ ਚੁੱਕੀਆਂ।
ਉਹਨਾਂ ਅੱਖਾਂ ਵਿੱਚ ਕੁਝ ਅਜਿਹੀ ਗਰਮੀ ਸੀ, ਜੋ ਮਰਿਊਤਕਾ ਦੇ ਦਿਲ ਦੀਆਂ ਡੂੰਘਾਈਆਂ ਤੱਕ ਨੂੰ ਛੂਹ ਗਈ। ਉਹ ਆਪਣੀ ਸੁੱਧ-ਬੁੱਧ ਭੁੱਲ ਗਈ, ਝੁਕੀ ਅਤੇ ਆਪਣੇ ਖੁਸ਼ਕ ਅਤੇ ਫਟੇ ਹੋਏ ਬੁੱਲ ਲੇਫਟੀਨੈਂਟ ਦੀ ਕਮਜ਼ੋਰ ਅਤੇ ਖਰਵੀ ਗੱਲ੍ਹ ਉੱਤੇ ਰੱਖ ਦਿੱਤੇ।
ਨੌਵਾਂ ਕਾਂਡ
ਜੋ ਇਹ ਤਸਦੀਕ ਕਰਦਾ ਹੈ ਕਿ ਦਿਲ ਜੇ ਕਿਸੇ ਨਿਯਮ-ਕਾਨੂੰਨ ਨੂੰ ਨਹੀਂ ਵੀ ਮੰਨਦਾ ਤਾਂ ਵੀ ਮਨੁੱਖ ਦੀ ਚੇਤਨਾ ਯਥਾਰਥ ਤੋਂ ਮੂੰਹ ਨਹੀਂ ਮੋੜ ਸਕਦੀ।
ਮਰਿਊਤਕਾ ਨੇ ਨਾ ਖੁੰਝਣ ਵਾਲੇ ਨਿਸ਼ਾਨੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਸੂਚੀ ਵਿੱਚ ਸਫੇਦ ਗਾਰਡ ਦੇ ਲੈਫਟੀਨੈਂਟ ਗੋਵੋਰੂਖਾ ਓਤ੍ਰੇਕ ਦਾ ਨੰਬਰ ਇਕਤਾਲੀਵਾਂ ਹੋਣਾ ਚਾਹੀਦਾ ਸੀ।
ਪਰ ਹੋਇਆ ਇਹ ਕਿ ਮਰਿਊਤਕਾ ਦੀਆਂ ਖੁਸ਼ੀਆਂ ਵਿੱਚ ਉਸ ਦਾ ਸਥਾਨ ਪਹਿਲਾ ਹੋ ਨਿੱਬੜਿਆ।
ਮਰਿਊਤਕਾ ਜੀਅ-ਜਾਨ ਨਾਲ ਲੈਫਟੀਨੈਂਟ 'ਤੇ ਮਰ ਮਿਟੀ। ਉਸ ਦੇ ਪਤਲੇ ਪਤਲੇ ਹੱਥਾਂ 'ਤੇ, ਉਸ ਦੀ ਪਿਆਰੀ ਪਿਆਰੀ ਅਵਾਜ਼ 'ਤੇ ਅਤੇ ਸਭ ਤੋਂ ਜ਼ਿਆਦਾ ਤਾਂ ਉਸ ਦੀਆਂ ਅਸਧਾਰਨ ਨੀਲੀਆਂ ਅੱਖਾਂ 'ਤੇ।
ਉਹਨਾਂ ਦੀ ਨਿਲੱਤਣ ਨਾਲ ਜ਼ਿੰਦਗੀ ਜਗਮਗਾ ਉੱਠੀ।
ਉਹ ਅਰਾਲ ਸਾਗਰ ਦੀ ਉਕਤਾਹਟ ਭੁੱਲ ਗਈ, ਨਮਕੀਨ ਮੱਛੀ ਅਤੇ ਸੜੇ ਹੋਏ ਆਟੇ ਦੇ ਅਕਾ ਦੇਣ ਵਾਲੇ ਸਵਾਦ ਦਾ ਵੀ ਉਸ ਨੂੰ ਧਿਆਨ ਨਹੀਂ ਰਿਹਾ। ਕਾਲੇ ਪਾਣੀ ਦੇ ਵਿਸਥਾਰ ਤੋਂ ਪਰੇ ਜੀਵਨ ਦੇ ਰੌਲੇ ਰੱਪੇ ਵਿੱਚ ਹਿੱਸਾ ਲੈਣ ਦੀ ਨਾ ਦਬਾਈ ਜਾ ਸਕਣ ਵਾਲੀ ਤੀਬਰ ਇੱਛਾ ਵੀ ਹੁਣ ਮਿਟ ਗਈ। ਦਿਨ ਦੇ ਸਮੇਂ ਉਹ ਸਧਾਰਨ ਕੰਮ ਕਾਜ ਕਰਦੀ - ਰੋਟੀਆਂ ਪਕਾਉਂਦੀ ਅਤੇ ਉਕਤਾਹਟ ਪੈਦਾ ਕਰਨ ਵਾਲੀ ਮੱਛੀ ਉਬਾਲਦੀ, ਜਿਸ ਦੀ ਵਜ੍ਹਾ ਨਾਲ ਉਹਨਾਂ ਦੇ ਮਸੂੜੇ ਸੁੱਜ ਗਏ ਸਨ। ਕਦੇ ਕਦੇ ਉਹ ਤਟ 'ਤੇ ਜਾ ਕੇ ਇਹ ਵੀ ਦੇਖ ਲੈਂਦੀ ਕਿ ਲਹਿਰਾਂ 'ਤੇ ਕਿਤੇ ਉਹ ਬਾਦਬਾਨ ਤਾਂ ਉਹਨਾਂ ਵੱਲ ਨਹੀਂ ਆ ਰਿਹਾ, ਜਿਸ ਦਾ ਇੰਤਜ਼ਾਰ ਸੀ।
ਸ਼ਾਮ ਨੂੰ ਜਦੋਂ ਬਸੰਤ ਦੇ ਆਕਾਸ਼ ਤੋਂ ਕੰਜੂਸ ਸੂਰਜ ਆਪਣਾ ਕਿਰਨਜਾਲ ਸਮੇਟਣ ਲੱਗਦਾ ਤਾਂ ਉਹ ਆਪਣੇ ਕੋਨੇ ਵਾਲੇ ਤਖਤੇ 'ਤੇ ਜਾ ਬੈਠਦੀ। ਉਹ ਲੈਫਟੀਨੈਂਟ ਦੇ ਮੋਢੇ 'ਤੇ ਆਪਣਾ ਸਿਰ ਟਿਕਾ ਦਿੰਦੀ ਅਤੇ ਕਹਾਣੀ ਸੁਣਦੀ।
ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਲੈਫਟੀਨੈਂਟ ਨੇ । ਚੰਗੀ ਮੁਹਾਰਤ ਹਾਸਲ ਸੀ ਉਸ ਨੂੰ ਕਹਾਣੀਆਂ ਸੁਣਾਉਣ ਵਿੱਚ।
ਦਿਨ ਬੀਤਦੇ ਗਏ, ਲਹਿਰਾਂ ਵਾਂਗ ਹੌਲੀ ਹੌਲੀ ਬੋਝਲ-ਬੋਝਲ।
ਇੱਕ ਦਿਨ ਲੈਫਟੀਨੈਂਟ ਝੋਪੜੀ ਦੀ ਦੇਹਲੀ 'ਤੇ ਬੈਠਾ, ਧੁੱਪ ਸੇਕਦਾ ਹੋਇਆ
ਮਰਿਊਤਕਾ ਦੀਆਂ ਉਂਗਲਾਂ ਵੱਲ ਧਿਆਨ ਨਾਲ ਵੇਖ ਰਿਹਾ ਸੀ, ਉਹ ਨਿਪੁੰਨ ਹੋਣ ਕਾਰਨ ਬੜੀ ਫੁਰਤੀ ਨਾਲ ਇੱਕ ਮੋਟੀ ਮੱਛੀ ਨੂੰ ਸਾਫ਼ ਕਰ ਰਹੀ ਸੀ । ਲੈਫਟੀਨੈਂਟ ਨੇ ਅੱਖਾਂ ਝਪਕਾਈਆਂ ਅਤੇ ਮੋਢੇ ਝਟਕ ਕੇ ਕਿਹਾ:
"ਹੂੰਅ... ਬਿਲਕੁਲ ਬਕਵਾਸ ਹੈ। ਢੱਠੇ ਖੂਹ 'ਚ ਪਵੇ।"
"ਕੀ ਹੋਇਆ ਪਿਆਰੇ ?"
"ਮੈਂ ਕਹਿੰਦਾ ਹਾਂ ਸਭ ਬਕਵਾਸ ਹੈ… ਸਾਰੀ ਜ਼ਿੰਦਗੀ ਹੀ ਫਜੂਲ ਹੈ। ਮੁੱਢਲੇ ਸੰਸਕਾਰ, ਲੱਦੇ ਗਏ ਵਿਚਾਰ। ਬਿਲਕੁਲ ਬਕਵਾਸ! ਤਰ੍ਹਾਂ ਤਰ੍ਹਾਂ ਦੇ ਰਸਮੀ ਨਾਮ, ਉਪਾਧੀਆਂ ਗਾਰਡ ਦਾ ਲੈਫਟੀਨੈਂਟ ? ਢੱਠੇ ਖੂਹ 'ਚ ਪਵੇ ਗਾਰਡ ਦਾ ਲੈਫਟੀਨੈਂਟ! ਮੈਂ ਜਿਉਂਣਾ ਚਾਹੁੰਦਾ ਹਾਂ। ਸਤਾਈ ਸਾਲ ਤੱਕ ਜੀਅ ਚੁੱਕਿਆ, ਪਰ ਸੱਚ ਤਾਂ ਇਹ ਹੈ ਕਿ ਜੀਅ ਕੇ ਤਾਂ ਬਿਲਕੁਲ ਦੇਖਿਆ ਹੀ ਨਹੀਂ। ਬੇਅੰਤ ਦੌਲਤ ਲੁਟਾਈ, ਕਿਸੇ ਆਦਰਸ਼ ਦੀ ਭਾਲ ਵਿੱਚ ਦੇਸ਼-ਵਿਦੇਸ਼ ਭਟਕਿਆ, ਪਰ ਮੇਰੇ ਦਿਲ ਵਿੱਚ ਕਿਸੇ ਕਮੀ, ਕਿਸੇ ਅਸੰਤੋਸ਼ ਦੀ ਜਾਨਲੇਵਾ ਅੱਗ ਭੜਕਦੀ ਰਹੀ । ਹੁਣ ਸੋਚਦਾ ਹਾਂ ਕਿ ਜੇ ਕੋਈ ਉਦੋਂ ਮੈਨੂੰ ਇਹ ਕਹਿੰਦਾ ਕਿ ਆਪਣੇ ਜੀਵਨ ਦੇ ਸਭ ਤੋਂ ਭਰਪੂਰ ਦਿਨ ਮੈਂ ਇਸ ਬੇਹੂਦਾ ਸਾਗਰ ਵਿਚਕਾਰ, ਇਸ ਰੋਟੀ ਦੀ ਸ਼ਕਲ ਵਾਲੇ ਟਾਪੂ 'ਤੇ ਗੁਜ਼ਾਰਾਂਗਾ ਤਾਂ ਮੈਂ ਕਦੇ ਵਿਸ਼ਵਾਸ ਨਾ ਕਰਦਾ ।"
"ਕੀ ਕਿਹਾ ਤੂੰ, ਕਿਹੋ ਜਿਹੇ ਦਿਨ ?"
"ਸਭ ਤੋਂ ਜ਼ਿਆਦਾ ਭਰਪੂਰ! ਨਹੀਂ ਸਮਝੀ ? ਕਿਵੇਂ ਕਹਾਂ ਕਿ ਤੂੰ ਆਸਾਨੀ ਨਾਲ ਸਮਝ ਜਾਵੇ ? ਅਜਿਹੇ ਦਿਨ, ਜਦੋਂ ਸਾਰੀ ਦੁਨੀਆਂ ਖਿਲਾਫ਼ ਮੈਂ ਇਕੱਲਾ ਹੀ ਖੁਦ ਨੂੰ ਮੋਰਚਾ ਲੈਂਦਾ ਹੋਇਆ ਅਨੁਭਵ ਨਹੀਂ ਕਰ ਰਿਹਾ ਹਾਂ, ਜਦੋਂ ਮੈਨੂੰ ਇਕੱਲੇ ਨੂੰ ਹੀ ਸੰਘਰਸ਼ ਨਹੀਂ ਕਰਨਾ ਪੈ ਰਿਹਾ ਹੈ। ਮੈਂ ਇਸ ਸਮੁੱਚੇ ਵਾਤਾਵਰਨ ਵਿੱਚ ਗੁਆਚ ਕੇ ਰਹਿ ਗਿਆ ਹਾਂ ।" ਉਸ ਨੇ ਆਪਣੀਆਂ ਬਾਹਾਂ ਇਸ ਤਰ੍ਹਾਂ ਫੈਲਾਈਆਂ ਮੰਨੋ ਪੂਰਾ ਆਸਮਾਨ ਉਹਨਾਂ ਵਿੱਚ ਸਮੇਟ ਲਿਆ। "ਇੰਝ ਲੱਗਦਾ ਹੈ ਕਿ ਮੈਂ ਇਸ ਵਾਤਾਵਰਣ ਦਾ ਅਟੁੱਟ ਅੰਗ ਬਣ ਗਿਆ ਹਾਂ। ਇਸ ਦੇ ਸਾਹ, ਮੇਰੇ ਸਾਹ ਹਨ। ਆਹ ਦੇਖ ਕਿ ਲਹਿਰਾਂ ਸਾਹ ਲੈ ਰਹੀਆਂ ਹਨ... ਸਾਂ... ਸਾਂ.... ਸਾਂ... ਇਹ ਲਹਿਰਾਂ ਨਹੀਂ ਮੇਰੇ ਸਾਹ ਹਨ, ਮੇਰੀ ਆਤਮਾ ਦੇ ਸਾਹ ਹਨ, ਇਹ ਮੈਂ ਹਾਂ।"
ਮਰਿਊਤਕਾ ਨੇ ਚਾਕੂ ਰੱਖ ਦਿੱਤਾ।
"ਤੂੰ ਤਾਂ ਵਿਦਵਾਨਾਂ ਦੀ ਭਾਸ਼ਾ ਵਿੱਚ ਗੱਲਾਂ ਕਰਦੈਂ। ਤੇਰੀਆਂ ਸਾਰੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ। ਮੈਂ ਤਾਂ ਸਿੱਧੇ ਸਾਦੇ ਢੰਗ ਨਾਲ ਇਹ ਕਹਿੰਦੀ ਹਾਂ - ਮੈਂ ਹੁਣ ਖੁਦ ਨੂੰ ਭਾਗਾਂ ਵਾਲੀ ਮਹਿਸੂਸ ਕਰਦੀ ਹਾਂ।"
"ਸ਼ਬਦ ਵੱਖ ਵੱਖ ਨੇ, ਪਰ ਅਰਥ ਇੱਕੋ ਹੀ ਹੈ । ਹੁਣ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਇਸ ਬੇਹੂਦਾ ਗਰਮ ਰੇਤ ਨੂੰ ਛੱਡ ਕੇ ਕਿਤੇ ਨਾ ਜਾਇਆ ਜਾਏ, ਹਮੇਸ਼ਾ ਲਈ ਇੱਥੇ ਹੀ ਰਿਹਾ ਜਾਏ, ਇਸ ਫੈਲੀ ਹੋਈ ਗਰਮ ਧੁੱਪ ਦੀ ਗਰਮੀ ਵਿੱਚ ਘੁੱਲ-ਮਿਲ ਜਾਇਆ ਜਾਏ, ਜਾਨਵਰਾਂ ਵਾਂਗ ਸੰਤੋਖ ਦਾ ਜੀਵਨ ਬਿਤਾਇਆ ਜਾਵੇ ਤਾਂ ਕਿੰਨਾ ਚੰਗਾ ਹੋਵੇ।"
ਮਰਿਊਤਕਾ ਇੱਕੋ ਟੱਕ ਰੇਤ ਨੂੰ ਦੇਖਦੀ ਰਹੀ ਜਿਵੇਂ ਕੋਈ ਜ਼ਰੂਰੀ ਗੱਲ ਯਾਦ ਕਰ
ਰਹੀ ਹੋਵੇ। ਫਿਰ ਉਸ ਦੇ ਬੁੱਲਾਂ 'ਤੇ ਇੱਕ ਅਪਰਾਧੀ ਦੀ ਮੁਸਕਾਨ ਵਰਗੀ ਕੋਮਲ ਮੁਸਕਾਨ ਨਜ਼ਰ ਆਈ।
"ਨਹੀਂ... ਬਿਲਕੁਲ ਨਹੀਂ! ਮੈਂ ਤਾਂ ਕਦੇ ਇੱਥੇ ਨਾ ਰਹਿੰਦੀ। ਆਲਸੀ ਬਣ ਕੇ ਰਹਿਣਾ ਚੁੱਭਣ ਲੱਗਦਾ ਹੈ, ਇਸ ਤਰ੍ਹਾਂ ਤਾਂ ਆਦਮੀ ਹੌਲੀ ਹੌਲੀ ਢਿੱਲਾ ਹੋ ਜਾਂਦਾ ਹੈ। ਅਜਿਹਾ ਵੀ ਤਾਂ ਕੋਈ ਨਹੀਂ ਜਿਸ ਦੇ ਸਾਹਮਣੇ ਆਪਣੀ ਖੁਸ਼ੀ ਜ਼ਾਹਰ ਕੀਤੀ ਜਾ ਸਕੇ। ਸਾਰੇ ਪਾਸੇ ਮੁਰਦਾ ਮੱਛੀਆਂ ਨੇ। ਚੰਗਾ ਹੋਵੇ, ਜੇ ਮਛੇਰੇ ਜਲਦੀ ਹੀ ਮੱਛੀਆਂ ਫੜਨ ਲਈ ਆ ਜਾਣ। ਉਏ ਹਾਂ, ਹੁਣ ਤਾਂ ਮਾਰਚ ਖਤਮ ਹੋਣ ਵਾਲਾ ਹੈ। ਮੈਂ ਜਿਉਂਦੇ ਲੋਕਾਂ ਵਿੱਚ ਜਾਣ ਲਈ ਤੜਪ ਰਹੀ ਹਾਂ ।"
"ਤਾਂ ਕੀ ਅਸੀ, ਜ਼ਿੰਦਾ ਲੋਕ ਨਹੀਂ ?"
"ਹਾਂ, ਹੈ ਤਾਂ ਸਹੀ। ਪਰ ਜਿਵੇਂ ਹੀ ਬਚਿਆ ਖੁਚਿਆ ਸੜਿਆ ਹੋਇਆ ਆਟਾ ਇੱਕ ਹਫ਼ਤੇ ਬਾਅਦ ਖਤਮ ਹੋ ਜਾਵੇਗਾ ਅਤੇ ਜਦੋਂ ਸਕਰਵੀ ਹੋ ਜਾਏਗੀ, ਫਿਰ ਦੇਖਾਂਗੀ ਕਿ ਤੂੰ ਕੀ ਰਾਗ ਅਲਾਪੇਂਗਾ ? ਫਿਰ ਪਿਆਰੇ, ਤੈਨੂੰ ਇਹ ਵੀ ਤਾਂ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਤੰਦੂਰ ਨਾਲ ਲੱਗ ਕੇ ਬੈਠਣ ਦਾ ਜ਼ਮਾਨਾ ਨਹੀਂ ਹੈ। ਦੇਖ ਨਾ, ਉੱਥੇ ਸਾਡੇ ਸਾਥੀ ਮੋਰਚਾ ਲੈ ਰਹੇ ਨੇ, ਆਪਣਾ ਖੂਨ ਵਹਾ ਰਹੇ ਨੇ। ਇੱਕ ਇੱਕ ਆਦਮੀ ਦੀ ਕੀਮਤ ਹੈ। ਅਜਿਹੇ ਸਮੇਂ ਵਿੱਚ ਮੈਂ ਅਰਾਮ ਨਾਲ ਬੈਠ ਕੇ ਮਜ਼ੇ ਨਹੀਂ ਲੁੱਟ ਸਕਦੀ। ਮੈਂ ਫੌਜ ਵਿੱਚ ਭਰਤੀ ਹੋਣ ਸਮੇਂ ਐਵੇਂ ਹੀ ਤਾਂ ਸਹੁੰ ਨਹੀਂ ਸੀ ਖਾਧੀ।"
ਲੈਫਟੀਨੈਂਟ ਦੀਆਂ ਅੱਖਾਂ ਵਿੱਚ ਹੈਰਾਨੀ ਦੀ ਚਮਕ ਝਲਕ ਉੱਠੀ।
"ਕੀ ਮਤਲਬ ਹੈ ਤੇਰਾ? ਫਿਰ ਤੋਂ ਫ਼ੌਜ ਵਿੱਚ ਵਾਪਸ ਜਾਣ ਦਾ ਇਰਾਦਾ ਰੱਖਦੀ ਏਂ?”
"ਤਾਂ ਹੋਰ ਕੀ ?"
ਲੈਫਟੀਨੈਂਟ ਦਰਵਾਜੇ ਦੀ ਚੌਗਾਠ ਨਾਲੋਂ ਤੋੜੇ ਹੋਏ ਲੱਕੜੀ ਦੇ ਇੱਕ ਟੁਕੜੇ ਨਾਲ ਚੁੱਪਚਾਪ ਖੇਡਦਾ ਰਿਹਾ। ਫਿਰ ਉਸ ਨੇ ਹੌਲੀ ਧਾਰਾ ਵਰਗੀ ਅਵਾਜ਼ ਵਿੱਚ ਕਿਹਾ
"ਅਜੀਬ ਲੜਕੀ ਏਂ ਤੂੰ! ਦੇਖ ਮਰਿਊਤਕਾ, ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਸੀ। ਮੈਂ ਤੰਗ ਆ ਗਿਆ ਹਾਂ ਇਸ ਸਾਰੀ ਬਕਵਾਸ ਤੋਂ। ਕਿੰਨੇ ਸਾਲ ਹੋ ਗਏ ਲਹੂ ਵਹਿੰਦਿਆਂ, ਨਫ਼ਰਤ ਦੀ ਅੱਗ ਜਲਦੇ ਹੋਏ। ਜਨਮ ਤੋਂ ਹੀ ਮੈਂ ਸਿਪਾਹੀ ਨਹੀਂ ਸੀ। ਕਦੇ ਤਾਂ ਮੇਰੀ ਵੀ ਇਨਸਾਨਾਂ ਵਰਗੀ, ਚੰਗੀ ਜ਼ਿੰਦਗੀ ਸੀ। ਜਰਮਨੀ ਨਾਲ ਯੁੱਧ ਹੋਣ ਤੋਂ ਪਹਿਲਾਂ ਮੈਂ ਵਿਦਿਆਰਥੀ ਸੀ, ਭਾਸ਼ਾ ਅਤੇ ਸਾਹਿਤ ਪੜ੍ਹਦਾ ਸੀ, ਆਪਣੀਆਂ ਪਿਆਰੀਆਂ ਅਤੇ ਵਿਸ਼ਵਾਸਪਾਤਰ ਕਿਤਾਬਾਂ ਦੀ ਦੁਨੀਆਂ ਵਿੱਚ ਰਹਿੰਦਾ ਸੀ। ਢੇਰ ਕਿਤਾਬਾਂ ਸਨ ਮੇਰੇ ਕੋਲ। ਮੇਰੇ ਕਮਰੇ ਦੀਆਂ ਤਿੰਨ ਪਾਸਿਆਂ ਦੀਆਂ ਕੰਧਾਂ ਹੇਠੋਂ ਲੈ ਕੇ ਉੱਪਰ ਤੱਕ ਕਿਤਾਬਾਂ ਨਾਲ ਭਰੀਆਂ ਰਹਿੰਦੀਆਂ ਸਨ। ਉਹਨਾਂ ਦਿਨਾਂ ਵਿੱਚ ਕਦੇ ਕਦੇ ਅਜਿਹਾ ਹੁੰਦਾ ਕਿ ਪੀਟਰਜ਼ਬਰਗ ਵਿੱਚ ਸ਼ਾਮ ਨੂੰ ਧੁੰਦ ਸੜਕ ਦੇ ਰਾਹੀਆਂ ਨੂੰ ਆਪਣੇ ਪੰਜੇ ਵਿੱਚ ਦਬੋਚ ਲੈਂਦੀ, ਜਿਵੇਂ ਉਹਨਾਂ ਨੂੰ ਨਿਗਲ ਜਾਂਦੀ । ਤਦ ਮੇਰੇ ਕਮਰੇ ਵਿੱਚ ਅੰਗੀਠੀ ਖੂਬ ਗਰਮ ਹੁੰਦੀ, ਨੀਲੇ ਸ਼ੇਡ ਵਾਲਾ ਲੈਂਪ
ਬਲਦਾ ਹੁੰਦਾ। ਕਿਤਾਬ ਲੈ ਕੇ ਅਰਾਮ ਕੁਰਸੀ ਵਿੱਚ ਬੈਠਾ ਹੋਇਆ ਮੈਂ ਖੁਦ ਏਦਾਂ ਦਾ ਅਨੁਭਵ ਕਰਦਾ ਜਿਵੇਂ ਕਿ ਇਸ ਸਮੇਂ - ਸਭ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਮੁਕਤ ਆਤਮਾ ਖਿੜ ਉੱਠਦੀ, ਮਨ ਦੀਆਂ ਕਲੀਆਂ ਦੇ ਚਟਖਣ ਤੱਕ ਦੀ ਅਵਾਜ਼ ਵੀ ਸੁਣਾਈ ਦਿੰਦੀ। ਬਸੰਤ ਵਿੱਚ ਬਦਾਮ ਦੇ ਰੁੱਖਾਂ ਵਾਂਗ ਉਸ ਵਿੱਚ ਫੁੱਲ ਖਿੜਦੇ। ਸਮਝਦੀ ਹੈ ?"
"ਹੂਂਅ..." ਮਰਿਊਤਕਾ ਦੇ ਕੰਨ ਖੜ੍ਹੇ ਹੋ ਗਏ।
"ਫਿਰ ਕਿਸਮਤ ਦਾ ਲਿਖਿਆ ਉਹ ਦਿਨ ਆਇਆ, ਜਦੋਂ ਇਹ ਸਭ ਕੁਝ ਖਤਮ ਹੋ ਗਿਆ, ਟੁਕੜੇ ਟੁਕੜੇ ਹੋ ਗਿਆ, ਤਾਰ ਤਾਰ ਹੋ ਕੇ ਹਵਾ ਵਿੱਚ ਉੱਡ ਗਿਆ... ਉਹ ਦਿਨ ਮੈਨੂੰ ਇਸ ਤਰ੍ਹਾਂ ਯਾਦ ਹੈ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ । ਮੈਂ ਆਪਣੇ ਪਿੰਡ ਵਾਲੇ ਬੰਗਲੇ ਦੇ ਵਰਾਂਡੇ ਵਿੱਚ ਬੈਠਾ ਸੀ ਅਤੇ ਮੈਨੂੰ ਇਹ ਤਾਂ ਯਾਦ ਹੈ ਕਿ ਕੋਈ ਕਿਤਾਬ ਪੜ੍ਹ ਰਿਹਾ ਸੀ। ਸੂਰਜ ਛਿਪ ਰਿਹਾ ਸੀ। ਸਾਰੇ ਪਾਸੇ ਲਾਲ ਲਹੂ ਜਿਹਾ ਫੈਲਿਆ ਹੋਇਆ ਸੀ। ਰੇਲਗੱਡੀ ਵਿੱਚ ਪਿਤਾ ਸ਼ਹਿਰੋਂ ਆਏ। ਉਹਨਾਂ ਦੇ ਹੱਥ ਵਿੱਚ ਅਖ਼ਬਾਰ ਸੀ, ਖੁਦ ਪ੍ਰੇਸ਼ਾਨ ਸਨ। ਉਹਨਾਂ ਨੇ ਸਿਰਫ਼ ਇੱਕ ਸ਼ਬਦ ਕਿਹਾ, ਪਰ ਉਹ ਇੱਕ ਸ਼ਬਦ ਹੀ ਪਾਰੇ ਵਾਂਗ ਭਾਰੀ, ਮੌਤ ਵਰਗਾ ਭਿਆਨਕ ਸੀ... ਜੰਗ। ਇਹ ਸੀ ਉਹ ਸ਼ਬਦ - ਸੂਰਜ ਛਿਪਣ ਦੀ ਲਾਲੀ ਵਰਗਾ ਖੂਨੀ। ਪਿਤਾ ਨੇ ਹੋਰ ਕਿਹਾ, "ਵਾਦੀਮ, ਤੇਰੇ ਪੜਦਾਦਾ, ਦਾਦਾ ਅਤੇ ਪਿਤਾ ਨੇ ਦੇਸ਼ ਦੀ ਪੁਕਾਰ ਸਾਹਮਣੇ ਸਦਾ ਸਿਰ ਝੁਕਾਇਆ ਹੈ। ਉਮੀਦ ਹੈ ਕਿ ਤੂੰ ਵੀ ?" ਪਿਤਾ ਦੀ ਆਸ ਵਿਅਰਥ ਨਹੀਂ ਗਈ। ਮੈਂ ਕਿਤਾਬਾਂ ਤੋਂ ਵਿਦਾ ਲਈ । ਤਦ ਮੈਂ ਸੱਚੇ ਦਿਲ ਨਾਲ ਹੀ ਅਜਿਹਾ ਫੈਸਲਾ ਕੀਤਾ ਸੀ... "
“ਬਿਲਕੁਲ ਬੇਵਕੂਫੀ!" ਮਰਿਊਤਕਾ ਮੋਢੇ ਝਟਕ ਕੇ ਚੀਕੀ। "ਇਹ ਤਾਂ ਬਿਲਕੁਲ ਉਹੀ ਗੱਲ ਹੋਈ ਕਿ ਜੇ ਮੇਰਾ ਬਾਪ ਨਸ਼ੇ ਵਿੱਚ ਧੁੱਤ ਹੋ ਕੇ ਕੰਧ ਨਾਲ ਆਪਣਾ ਸਿਰ ਮਾਰੇ ਤਾਂ ਮੈਨੂੰ ਵੀ ਜ਼ਰੂਰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ? ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਉਂਦੀ।"
ਲੈਫਟੀਨੈਂਟ ਨੇ ਡੂੰਘਾ ਸਾਹ ਭਰਿਆ।
"ਹਾਂ... ਤੂੰ ਇਹ ਨਹੀਂ ਸਮਝ ਸਕੇਗੀ। ਤੈਨੂੰ ਕਦੇ ਆਪਣੀ ਛਾਤੀ 'ਤੇ ਇਹ ਭਾਰ ਨਹੀਂ ਸਹਿਣਾ ਪਿਆ। ਕੁੱਲ ਦਾ ਨਾਮ, ਮਾਣ-ਮਰਿਆਦਾ, ਫਰਜ਼... ਅਸੀਂ ਇਸ ਦੀ ਬਹੁਤ ਕਦਰ ਕਰਦੇ ਸਾਂ ।"
"ਤਾਂ ਕੀ ਹੋਇਆ? ਮੈਂ ਵੀ ਆਪਣੇ ਸਵਰਗਵਾਸੀ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ । ਪਰ ਜੇ ਉਸ ਦਾ ਦਿਮਾਗ ਖਰਾਬ ਹੋ ਜਾਂਦਾ ਤਾਂ ਮੇਰੇ ਲਈ ਉਸ ਦੇ ਕਦਮਾਂ 'ਤੇ ਚੱਲਣਾ ਜ਼ਰੂਰੀ ਨਹੀਂ ਸੀ। ਤੈਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਅੰਗੂਠਾ ਦਿਖਾ ਦਿੰਦਾ।"
ਲੈਫਟੀਨੈਂਟ ਮੂੰਹ ਬਣਾ ਕੇ, ਕੁੜੱਤਣ ਨਾਲ ਮੁਸਕਰਾਇਆ।
"ਨਹੀਂ ਦਿਖਾਇਆ ਮੈਂ ਉਹਨਾਂ ਨੂੰ ਅੰਗੂਠਾ । ਲੜਾਈ ਨੇ ਹੀ ਮੈਨੂੰ ਆਪਣੇ ਖੂਨੀ ਰਾਹ 'ਤੇ ਘੜੀਸ ਲਿਆ। ਆਪਣੇ ਹੱਥੀਂ ਮੈਂ ਆਪਣਾ ਹੀ ਇਹ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਦਿਲ ਕੂੜੇ ਦੇ ਢੇਰ ਵਿੱਚ, ਸਰਬਵਿਆਪੀ ਕਬਰਸਤਾਨ ਵਿੱਚ ਦਫਨਾ ਦਿੱਤਾ। ਫਿਰ ਇਨਕਲਾਬ ਆਇਆ। ਮੈਂ ਉਸ 'ਤੇ ਪ੍ਰੇਮਿਕਾ ਵਾਂਗ ਵਿਸ਼ਵਾਸ ਕੀਤਾ... ਪਰ ਉਸ ਨੇ... ਮੈਂ
ਆਪਣੀ ਅਫ਼ਸਰੀ ਦੌਰਾਨ ਇੱਕ ਵੀ ਸਿਪਾਹੀ 'ਤੇ ਉਂਗਲ ਨਹੀਂ ਉਠਾਈ। ਫਿਰ ਵੀ ਮੈਨੂੰ ਗੋਮੇਲ ਸਟੇਸ਼ਨ 'ਤੇ ਭਗੌੜਿਆਂ ਨੇ ਫੜ ਲਿਆ। ਮੇਰੇ ਪਦ-ਚਿੰਨ ਪਾੜ ਸੁੱਟੇ, ਮੂੰਹ 'ਤੇ ਥੁੱਕਿਆ, ਚਿਹਰੇ 'ਤੇ ਗੰਦਗੀ ਮਲ ਦਿੱਤੀ । ਭਲਾ ਕਿਉਂ? ਮੈਂ ਭੱਜਿਆ ਅਤੇ ਉਰਾਲ ਜਾ ਅੱਪੜਿਆ। ਮਾਤਭੂਮੀ 'ਤੇ ਮੇਰਾ ਵਿਸ਼ਵਾਸ ਉਦੋਂ ਵੀ ਬਾਕੀ ਸੀ। ਮੈਂ ਫਿਰ ਤੋਂ ਲੜ੍ਹਨ ਲੱਗਿਆ-ਲਤਾੜੀ ਗਈ ਮਾਤਭੂਮੀ ਲਈ, ਉਹਨਾਂ ਫੀਤਿਆਂ ਲਈ ਜਿਹਨਾਂ ਦਾ ਐਨਾ ਅਪਮਾਨ ਕੀਤਾ ਗਿਆ ਸੀ। ਲੜਿਆ ਅਤੇ ਇਹ ਮਹਿਸੂਸ ਕੀਤਾ ਕਿ ਮੇਰੀ ਕੋਈ ਮਾਤ-ਭੂਮੀ ਨਹੀਂ ਰਹੀ, ਕਿ ਮਾਤਭੂਮੀ ਵੀ ਇਨਕਲਾਬ ਵਾਂਗ ਹੀ ਢੋਲ ਵਿੱਚ ਪੋਲ ਹੈ। ਦੋਨੋਂ ਹੀ ਖੂਨ ਦੇ ਪਿਆਸੇ ਹਨ। ਫੀਤਿਆਂ ਲਈ ਲੜਨ ਵਿੱਚ ਕੋਈ ਤੁਕ ਨਹੀਂ ਸੀ। ਮੈਨੂੰ ਯਾਦ ਆਈ ਇਕਲੌਤੀ ਮਨੁੱਖੀ ਚੀਜ਼ ਦੀ - ਵਿਚਾਰ ਦੀ। ਮੈਨੂੰ ਕਿਤਾਬਾਂ ਦੀ ਯਾਦ ਆਈ। ਇਹੀ ਚਾਹੁੰਦਾ ਸੀ ਕਿ ਉਹਨਾਂ ਕੋਲ ਵਾਪਸ ਪਰਤ ਜਾਵਾਂ, ਉਹਨਾਂ ਤੋਂ ਮਾਫੀ ਮੰਗਾਂ, ਉਹਨਾਂ ਦੇ ਨਾਲ ਰਹਾਂ ਅਤੇ ਮਨੁੱਖ ਜਾਤੀ ਨੂੰ ਉਸ ਦੀ ਮਾਤਭੂਮੀ, ਇਨਕਲਾਬ, ਉਸ ਦੇ ਖੂਨ-ਖਰਾਬੇ ਕਾਰਨ ਠੋਕਰ ਮਾਰ ਦਿਆ ।"
"ਸਮਝੀ ! ਮਤਲਬ ਇਹ ਕਿ ਦੁਨੀਆਂ ਟੁੱਟ ਕੇ ਦੋ ਟੁਕੜੇ ਹੋ ਰਹੀ ਹੈ, ਲੋਕ ਸੱਚ ਦੀ ਤਲਾਸ਼ ਕਰ ਰਹੇ ਨੇ, ਖੂਨ ਵਹਾ ਰਹੇ ਨੇ ਅਤੇ ਤੂੰ ਨਰਮ ਸੋਫੇ 'ਤੇ ਲੇਟ ਕੇ ਕਿੱਸੇ-ਕਹਾਣੀਆਂ ਪੜੇਂਗਾ।"
"ਮੈਨੂੰ ਨਹੀਂ ਪਤਾ... ਅਤੇ ਨਾ ਹੀ ਜਾਨਣਾ ਚਾਹੁੰਦਾ ਹਾਂ," ਲੈਫਟੀਨੈਂਟ ਪ੍ਰੇਸ਼ਾਨ ਹੋ ਕੇ ਚੀਕਿਆ ਅਤੇ ਉੱਛਲ ਕੇ ਖੜ੍ਹਾ ਹੋ ਗਿਆ। "ਸਿਰਫ਼ ਏਨਾ ਜਾਣਦਾ ਹਾਂ ਕਿ ਪਰਲੋ ਦੀ ਘੜੀ ਨੇੜੇ ਹੀ ਹੈ। ਤੂੰ ਠੀਕ ਹੀ ਕਿਹਾ ਹੈ ਕਿ ਧਰਤੀ ਟੁੱਟ ਕੇ ਦੋ ਟੁਕੜੇ ਹੋਈ ਜਾ ਰਹੀ ਹੈ। ਟੁਕੜੇ-ਟੁਕੜੇ ਹੋਈ ਜਾ ਰਹੀ ਹੈ ਬੁੱਢੀ ਕਿਤੋਂ ਦੀ। ਉਹ ਗਲ ਸੜ ਚੁੱਕੀ ਹੈ, ਖੰਡ-ਖੰਡ ਹੋ ਰਹੀ ਹੈ। ਉਹ ਬਿਲਕੁਲ ਖਾਲੀ ਹੈ, ਉਸ ਦੀ ਸਾਰੀ ਦੌਲਤ ਲੁੱਟੀ ਜਾ ਚੁੱਕੀ ਹੈ। ਉਹ ਇਸੇ ਖੋਖਲੇਪਣ ਦੀ ਵਜ੍ਹਾ ਨਾਲ ਖਤਮ ਹੋਈ ਜਾ ਰਹੀ ਹੈ। ਕਦੇ ਉਹ ਜਵਾਨ ਸੀ, ਲਹਿਰਾਉਂਦੀ ਮਹਿਕਦੀ ਸੀ, ਉਸ ਵਿੱਚ ਬਹੁਤ ਕੁਝ ਲੁਕਿਆ ਪਿਆ ਸੀ । ਉਸ ਵਿੱਚ ਨਵੇਂ ਨਵੇਂ ਦੇਸ਼ਾਂ ਦੀ ਖੋਜ, ਅਣਜਾਣ ਧਨ-ਦੌਲਤ ਨੂੰ ਲੱਭ ਲੈਣ ਦੀ ਖਿੱਚ ਸੀ। ਉਹ ਸਭ ਕੁਝ ਖਤਮ ਹੋ ਗਿਆ, ਉਸ ਵਿੱਚ ਕੁਝ ਨਵਾਂ ਖੋਜਣ ਲਈ ਬਾਕੀ ਨਹੀਂ ਰਿਹਾ। ਅੱਜ ਮਨੁੱਖ ਜਾਤੀ ਦੀ ਸਾਰੀ ਸਮਝ ਇਸੇ ਗੱਲ ਵਿੱਚ ਲੱਗੀ ਹੋਈ ਹੈ ਕਿ ਜੋ ਕੁਝ ਉਸਦੇ ਕੋਲ ਹੈ ਉਸੇ ਨੂੰ ਬਚਾ ਕੇ ਰੱਖ ਸਕੇ, ਜਿਵੇਂ ਕਿਵੇਂ ਸਦੀ, ਸਾਲ ਅਤੇ ਘੜੀ ਲੰਘ ਜਾਏ। ਤਕਨੀਕ। ਮੁਰਦਾ ਗਣਿਤ! ਅਤੇ ਵਿਚਾਰ ਜਿਹਨਾਂ ਨੂੰ ਗਣਿਤ ਨੇ ਦੀਵਾਲੀਆਂ ਬਣਾ ਦਿੱਤਾ ਹੈ। ਇਹ ਸਾਰੇ ਮਨੁੱਖ ਦੇ ਵਿਕਾਸ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਲੱਗੇ ਹੋਏ ਹਨ। ਵੱਧ ਤੋਂ ਵੱਧ ਲੋਕਾਂ ਦਾ ਨਾਸ਼ ਜ਼ਰੂਰੀ ਹੈ, ਤਾਂ ਕਿ ਬਾਕੀ ਲੋਕ ਆਪਣੇ ਢਿੱਡ ਅਤੇ ਜੇਬਾਂ ਜ਼ਿਆਦਾ ਫੁਲਾ ਸਕਣ। ਢੱਠੇ ਖੂਹ 'ਚ ਜਾਵੇ ਇਹ ਸਭ ਕੁੱਝ ਆਪਣੇ ਸੱਚ ਤੋਂ ਬਿਨਾਂ ਕਿਸੇ ਹੋਰ ਸੱਚ ਦੀ ਮੈਨੂੰ ਲੋੜ ਨਹੀਂ। ਤੁਹਾਡੇ ਬਾਲਸ਼ਵਿਕਾਂ ਨੇ ਹੀ ਭਲਾ ਕਿਹੜਾ ਸੱਚ ਲੱਭ ਲਿਆ ਹੈ? ਇਨਸਾਨ ਦੀ ਜਿਉਂਦੀ-ਜਾਗਦੀ ਆਤਮਾ ਨੂੰ ਕੀ ਆਡਰ ਅਤੇ ਰਾਸ਼ਨ ਵਿੱਚ ਨਹੀਂ ਬਦਲ ਦਿੱਤਾ ? ਬਸ ਬਹੁਤ ਹੋ ਗਿਆ। ਮੈਂ ਇਸ ਨਾਲ ਭਰ
ਗਿਆ। ਹੁਣ ਆਪਣੇ ਹੱਥਾਂ 'ਤੇ ਖੂਨ ਦੇ ਹੋਰ ਧੱਬੇ ਨਹੀਂ ਲਗਾਉਣਾ ਚਾਹੁੰਦਾ।"
"ਦੁੱਧ ਦਾ ਧੋਤਾ ? ਹੱਥ 'ਤੇ ਹੱਥ ਰੱਖ ਕੇ ਬੈਠਣ ਵਾਲਾ ? ਤੂੰ ਇਹੀ ਚਾਹੁੰਦਾ ਹੈ ਨਾ ਕਿ ਤੇਰੀ ਥਾਂ ਹੋਰ ਲੋਕ ਰਾਹ ਦਾ ਕੂੜਾ-ਕਰਕਟ ਸਾਫ਼ ਕਰਨ ?"
"ਹਾਂ ਬੇਸ਼ੱਕ ਕਰਨ! ਨਰਕ 'ਚ ਪੈਣ ਇਹ ਸਾਰੇ! ਜਿਹਨਾਂ ਨੂੰ ਇਹ ਪਸੰਦ ਹੈ ਉਹ ਇਸ ਸਿਆਪੇ ਵਿੱਚ ਪੈਣ। ਸੁਣ ਮਰਿਊਤਕਾ। ਜਿਵੇਂ ਹੀ ਇੱਥੋਂ ਛੁਟਕਾਰਾ ਪਾਵਾਂਗੇ। ਸਿੱਧਾ ਕਾਕੇਸ਼ੀਆ ਜਾਵਾਂਗੇ। ਸੁਖੂਮੀ ਕੋਲ ਮੇਰਾ ਇੱਕ ਛੋਟਾ ਜਿਹਾ ਬੰਗਲਾ ਹੈ। ਉੱਥੇ ਅੱਪੜਾਂਗਾ ਅਤੇ ਕਿਤਾਬਾਂ ਲੈ ਕੇ ਬੈਠ ਜਾਵਾਂਗਾ ਅਤੇ ਬੱਸ ਨਰਕ 'ਚ ਪੈ ਜਾਵੇ ਦੁਨੀਆਂ । ਚੁੱਪਚਾਪ ਅਤੇ ਸ਼ਾਂਤੀਪੂਰਨ ਜੀਵਨ ਬਿਤਾਊਂਗਾ। ਮੈਨੂੰ ਹੁਣ ਸੱਚ ਦੀ ਹੋਰ ਜ਼ਰੂਰਤ ਨਹੀਂ - ਮੈਂ ਅਮਨ ਚਾਹੁੰਦਾ ਹਾਂ ਅਤੇ ਤੂੰ ਪੜੇਂਗੀ-ਲਿਖੇਂਗੀ। ਤੂੰ ਤਾਂ ਪੜ੍ਹਨਾ ਚਾਹੁੰਦੀ ਏਂ ਨਾ? ਤੂੰ ਹੀ ਤਾਂ ਸ਼ਿਕਾਇਤ ਕਰਦੀ ਹੈ ਕਿ ਪੜ੍ਹ ਨਹੀਂ ਸਕੀ। ਲੈ ਹੁਣ ਪੜ੍ਹ ਲਈਂ। ਮੈਂ ਤੇਰੇ ਲਈ ਸਭ ਕੁਝ ਕਰਾਂਗਾ। ਤੂੰ ਮੈਨੂੰ ਮੌਤ ਦੇ ਮੂੰਹੋਂ ਕੱਢਿਆ ਹੈ, ਮੈਂ ਇਹ ਤਾਂ ਨਹੀਂ ਭੁੱਲ ਸਕਦਾ।"
ਮਰਿਊਤਕਾ ਉੱਛਲ ਕੇ ਖੜ੍ਹੀ ਹੋ ਗਈ। ਤੀਰਾਂ ਵਾਂਗ ਉਸਨੇ ਸ਼ਬਦਾਂ ਦੀ ਝੜੀ ਲਗਾ ਦਿੱਤੀ:
“ਤਾਂ ਮੈਂ ਤੇਰੇ ਸ਼ਬਦਾਂ ਦਾ ਇਹ ਮਤਲਬ ਸਮਝਾਂ ਕਿ ਮੈਂ ਮਠਿਆਈਆਂ ਨਿਗਲਦੀ ਫਿਰਾ, ਜਦ ਕਿ ਹਰ ਮਠਿਆਈ 'ਤੇ ਕਿਸੇ ਦੇ ਖੂਨ ਦੇ ਧੱਬੇ ਹੋਣਗੇ? ਆਪਾਂ ਰੂੰ ਵਾਲੇ ਨਰਮ ਨਰਮ ਬਿਸਤਰੇ ਉੱਤੇ ਉੱਪਰ-ਥੱਲੇ ਹੁੰਦੇ ਰਹਾਂਗੇ, ਜਦੋਂ ਕਿ ਦੂਜੇ ਲੋਕ ਸੱਚ ਲਈ ਆਪਣਾ ਲਹੂ ਡੋਲਦੇ ਰਹਿਣਗੇ ? ਇਹੀ ਕਹਿਣਾ ਚਾਹੁੰਦਾ ਹੈਂ ਨਾ ਤੂੰ ?"
"ਤੂੰ ਅਜਿਹੀਆਂ ਭੱਦੀਆਂ ਗੱਲਾਂ ਕਿਉਂ ਕਰਦੀ ਏਂ?" ਲੈਫਟੀਨੈਂਟ ਨੇ ਦੁਖੀ ਹੁੰਦਿਆ ਕਿਹਾ।
"ਭੱਦੀਆਂ ਗੱਲਾਂ ? ਤੈਨੂੰ ਤਾਂ ਹਰ ਚੀਜ਼ ਨਰਮ ਨਾਜ਼ੁਕ ਚਾਹੀਦੀ ਹੈ ਨਾ, ਮਿਸ਼ਰੀ ਵਾਂਗੂ ਮਿੱਠੀ-ਮਿੱਠੀ । ਨਹੀਂ ਇਹ ਨਹੀਂ ਹੋ ਸਕਦਾ। ਸੁਣ ਜ਼ਰਾ ਤੂੰ ਬਾਲਸ਼ਵਿਕਾਂ ਦੇ ਸੱਚ 'ਤੇ ਨੱਕ ਮੂੰਹ ਚੜਾਉਂਦਾ ਹੈ। ਕਹਿੰਦਾ ਹੈਂ ਕਿ ਤੂੰ ਸੱਚ ਨੂੰ ਜਾਨਣਾ ਨਹੀਂ ਚਾਹੁੰਦਾ। ਪਰ ਉਸ ਸੱਚ ਨੂੰ ਤੂੰ ਕਦੇ ਜਾਣਿਆ ਵੀ ? ਜਾਣਦਾ ਹੈ ਕਿ ਉਸ ਦਾ ਸਾਰਤੱਤ ਕੀ ਹੈ ? ਕਿਸ ਤਰ੍ਹਾਂ ਲੋਕਾਂ ਦੇ ਪਸੀਨੇ ਅਤੇ ਹੰਝੂਆਂ ਨਾਲ ਭਿੱਜਿਆ ਹੋਇਆ ਹੈ ?"
"ਨਹੀਂ ਜਾਣਦਾ", ਲੈਫਟੀਨੈਂਟ ਨੇ ਬੁਝੀ ਜਿਹੀ ਅਵਾਜ਼ ਵਿੱਚ ਉੱਤਰ ਦਿੱਤਾ, "ਪਰ ਮੈਨੂੰ ਇਹ ਗੱਲ ਜ਼ਰੂਰ ਅਜੀਬ ਜਿਹੀ ਲੱਗਦੀ ਹੈ ਕਿ ਤੂੰ ਕੁੜੀ ਹੋ ਕੇ ਐਨੀ ਕਠੋਰ, ਐਨੀ ਉਜੱਡ ਹੋ ਗਈ ਏਂ ਕਿ ਇਹਨਾਂ ਨਸ਼ੇ ਵਿੱਚ ਧੁੱਤ ਅਤੇ ਗੰਦੇ ਮੰਦੇ ਆਵਾਰਾਗਰਦਾਂ ਨਾਲ ਕੱਟ-ਵੱਢ ਵਿੱਚ ਹਿੱਸਾ ਲੈਣਾ ਚਾਹੁੰਦੀ ਹੈ।"
ਮਰਿਊਤਕਾ ਨੇ ਲੱਕ 'ਤੇ ਹੱਥ ਰੱਖ ਲਏ। ਉਹ ਫਟ ਪਈ:
“ਉਹਨਾਂ ਦੇ ਸਰੀਰ ਗੰਦੇ ਹੋ ਸਕਦੇ ਨੇ, ਪਰ ਤੇਰੀ ਤਾਂ ਆਤਮਾ ਗੰਦੀ ਹੈ। ਮੈਨੂੰ ਤਾਂ ਸ਼ਰਮ ਆਉਂਦੀ ਹੈ ਕਿ ਅਜਿਹੇ ਆਦਮੀ ਦੀ ਪਕੜ ਵਿੱਚ ਫਸ ਗਈ। ਬਹੁਤ ਕਮੀਨਾ, ਬਹੁਤ ਡਰਪੋਕ ਏਂ ਤੂੰ।" "ਪਿਆਰੀ, ਆਪਾਂ ਸੁੱਖ ਚੈਨ ਨਾਲ ਲੱਤਾਂ ਨਿਸਾਲ ਕੇ ਬਿਸਤਰੇ 'ਤੇ
ਲੇਟਾਂਗੇ..." ਉਸਨੇ ਚਿੜਾਉਂਦੇ ਹੋਏ ਕਿਹਾ। "ਦੂਜੇ ਖੂਨ ਪਸੀਨਾ ਇੱਕ ਕਰਕੇ ਧਰਤੀ ਦੀ ਕਾਇਆਪਲਟ ਕਰ ਰਹੇ ਨੇ, ਅਤੇ ਤੂੰ? ਤੂੰ ਕੁੱਤੇ ਦਾ ਪੁੱਤਰ ਏਂ।'
"ਲੈਫਟੀਨੈਂਟ ਦਾ ਚਿਹਰਾ ਲਾਲ ਹੋ ਗਿਆ। ਉਸ ਦੇ ਪਤਲੇ ਬੁੱਲ ਮਿਚ ਕੇ ਇੱਕ ਲਕੀਰ ਵਰਗੇ ਬਣ ਗਏ।
"ਜ਼ਬਾਨ ਨੂੰ ਲਗਾਮ ਦੇ! ਆਪਣੇ ਆਪ ਨੂੰ ਭੁੱਲ ਰਹੀ ਹੈ ਤੂੰ... ਕਮੀਨੀ ਔਰਤ!"
ਮਰਿਊਤਕਾ ਇੱਕ ਕਦਮ ਅੱਗੇ ਵਧੀ, ਉਸਨੇ ਹੱਥ ਚੁੱਕਿਆ ਅਤੇ ਲੈਫਟੀਨੈਂਟ ਦੀ ਖਰਵੇ ਦੁਬਲੇ ਪਤਲੇ ਚਿਹਰੇ 'ਤੇ ਕੱਸ ਕੇ ਥੱਪੜ ਜੜ ਦਿੱਤਾ।
ਲੈਫਟੀਨੈਂਟ ਪਿੱਛੇ ਹਟਿਆ, ਉਹ ਕੰਬ ਰਿਹਾ ਸੀ ਅਤੇ ਉਸਨੇ ਮੁੱਠੀਆਂ ਕੱਸੀਆਂ ਹੋਈਆਂ ਸਨ। ਉਸਨੇ ਰੁਕ ਰੁਕ ਕੇ ਕਿਹਾ:
"ਖੁਸ਼ਕਿਸਮਤੀ ਹੈ ਤੇਰੀ ਕਿ ਤੂੰ ਔਰਤ ਏਂ! ਨਫ਼ਰਤ ਕਰਦਾਂ ਮੈਂ ਤੈਨੂੰ… ਨੀਚ ਕਿਸੇ ਥਾਂ ਦੀ।"
ਉਹ ਝੋਂਪੜੀ ਅੰਦਰ ਚਲਾ ਗਿਆ।
ਬੌਂਦਲੀ ਜਿਹੀ ਮਰਿਊਤਕਾ ਆਪਣੀ ਦੁੱਖਦੀ ਹੋਈ ਹਥੇਲੀ ਨੂੰ ਦੇਖਦੀ ਰਹੀ, ਫਿਰ ਉਸਨੇ ਹੱਥ ਝਟਕਿਆ ਅਤੇ ਜਿਵੇਂ ਆਪਣੇ ਆਪ ਨੂੰ ਹੀ ਕਿਹਾ:
"ਵੱਡਾ ਆਇਆ ਨਵਾਬਜ਼ਾਦਾ! ਮੱਛੀ ਦਾ ਹੈਜ਼ਾ!"
ਦਸਵਾਂ ਕਾਂਡ
ਜਿਸ ਵਿੱਚ ਲੈਫ਼ਟੀਨੈਂਟ ਗੋਵੋਰੂਖਾ ਓਤ੍ਰੇਕ ਪ੍ਰਿਥਵੀ ਗ੍ਰਹਿ ਨੂੰ ਹਿਲਾ ਦੇਣ ਵਾਲਾ ਧਮਾਕਾ ਸੁਣਦਾ ਹੈ ਅਤੇ ਕਹਾਣੀਕਾਰ ਕਹਾਣੀ ਦੇ ਅੰਤ ਦੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲੈਂਦਾ ਹੈ।
ਝਗੜਾ ਹੋਣ ਦੇ ਤਿੰਨ ਦਿਨਾਂ ਤੱਕ ਲੈਫਟੀਨੈਂਟ ਅਤੇ ਮਰਿਊਤਕਾ ਵਿਚਕਾਰ ਕੋਈ ਗੱਲਬਾਤ ਨਾ ਹੋਈ। ਪਰ ਸੁੰਨਸਾਨ ਟਾਪੂ 'ਤੇ ਅਲੱਗ-ਅਲੱਗ ਰਹਿਣਾ ਸੰਭਵ ਨਹੀਂ ਸੀ। ਫਿਰ ਬਸੰਤ ਵੀ ਆ ਗਿਆ ਸੀ, ਉਹ ਵੀ ਇੱਕਦਮ ਹੀ ਅਤੇ ਕਾਫ਼ੀ ਗਰਮੀ ਲੈ ਕੇ।
ਟਾਪੂ ਨੂੰ ਢੱਕਣ ਵਾਲੀ ਬਰਫ਼ ਦੀ ਪਤਲੀ ਜਿਹੀ ਤਹਿ ਕਈ ਦਿਨ ਪਹਿਲਾਂ ਹੀ ਬਸੰਤ ਦੇ ਨੰਨ੍ਹੇ ਸੁਨਹਿਰੀ ਖੁਰਾਂ ਥੱਲ੍ਹੇ ਲਤਾੜੀ ਜਾ ਚੁੱਕੀ ਸੀ । ਸਾਗਰ ਦੇ ਡੂੰਘੇ ਨੀਲੇ ਦਰਪਣ ਦੀ ਪਿੱਠਭੂਮੀ ਵਿੱਚ ਹੁਣ ਤੱਟ ਨੇ ਚਮਕਦਾ ਪੀਲਾ ਰੰਗ ਧਾਰਨ ਕਰ ਲਿਆ ਸੀ।
ਦੁਪਹਿਰ ਦੇ ਸਮੇਂ ਰੇਤ ਜਲਣ ਲੱਗਦੀ। ਉਸ ਨੂੰ ਛੂਹਣ ਨਾਲ ਹੱਥ ਜਲ ਜਾਂਦੇ। ਸੂਰਜ ਡੂੰਘੇ ਨੀਲੇ ਅੰਬਰ ਵਿੱਚ ਸੋਨੇ ਦੇ ਥਾਲ ਵਾਂਗ ਘੁੰਮਦਾ। ਬਸੰਤੀ ਹਵਾਵਾਂ ਨੇ ਉਸ 'ਤੇ ਪਾਲਿਸ਼ ਕਰਕੇ ਉਸ ਨੂੰ ਜਗਮਗਾ ਦਿੱਤਾ ਸੀ।
ਧੁੱਪ, ਬਸੰਤੀ ਹਵਾਵਾਂ ਅਤੇ ਸਕਰਵੀ ਦੇ ਸਤਾਏ ਇਹਨਾਂ ਦੋਨਾਂ ਪ੍ਰਾਣੀਆਂ ਵਿੱਚ ਹੁਣ ਲੜਾਈ ਝਗੜਾ ਕਰਨ ਦੀ ਕੋਈ ਤਾਕਤ ਨਹੀਂ ਰਹੀ।
ਉਹ ਦੋਨੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇਤ 'ਤੇ ਲੇਟੇ ਰਹਿੰਦੇ, ਇੱਕ ਟੱਕ ਉਸ ਗਹਿਰੇ ਨੀਲੇ ਦਰਪਣ ਨੂੰ ਦੇਖਦੇ ਰਹਿੰਦੇ, ਉਹਨਾਂ ਦੀਆਂ ਸੁੱਜੀਆਂ ਅੱਖਾਂ ਕਿਸੇ ਬਾਦਬਾਨ ਦੇ ਨਿਸ਼ਾਨ ਭਾਲਦੀਆਂ ਰਹਿੰਦੀਆਂ।
"ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਜੇ ਤਿੰਨ ਦਿਨ ਤੱਕ ਮਛੇਰੇ ਨਹੀਂ ਆਏ ਤਾਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਮੈਂ ਇੱਕ ਗੋਲੀ ਆਪਣੇ ਸਿਰ 'ਚੋਂ ਪਾਰ ਕਰ ਦਿਆਂਗੀ।" ਮਰਿਊਤਕਾ ਨੇ ਇੱਕ ਦਿਨ ਨਿਰਾਸ਼ ਹੋ ਕੇ ਉਦਾਸ ਨੀਲੇ ਸਾਗਰ ਵੱਲ ਦੇਖਦੇ ਹੋਏ ਕਿਹਾ।
ਲੈਫਟੀਨੈਂਟ ਨੇ ਹੌਲੀ ਜਿਹੇ ਸੀਟੀ ਵਜਾਈ।
"ਮੈਨੂੰ ਤਾਂ ਕਮੀਨਾ ਅਤੇ ਡਰਪੋਕ ਕਿਹਾ ਸੀ ਅਤੇ ਖੁਦ ਕੀ ਹੋ ਗਿਆ ? ਥੋੜ੍ਹਾ ਹੋਰ ਸਬਰ ਕਰ - ਸਰਦਾਰ ਬਣ ਜਾਏਗੀ। ਤੇਰਾ ਰਾਹ ਬਿਲਕੁਲ ਸਿੱਧਾ ਹੈ- ਅਵਾਰਾਗਰਦਾਂ ਦੇ ਕਿਸੇ ਟੋਲੇ ਦੀ ਸਰਦਾਰ ਬਣ ਜਾਏਂਗੀ।"
"ਤੂੰ ਫਿਰ ਕਿਉਂ ਇਹ ਬੀਤੀਆਂ ਗੱਲਾਂ ਲੈ ਕੇ ਬੈਠ ਗਿਐਂ ? ਉਹੀ ਪੁਰਾਣਾ ਸਿਆਪਾ! ਮੈਨੂੰ ਗੁੱਸਾ ਆ ਗਿਆ ਸੀ, ਇਸ ਲਈ ਤੈਨੂੰ ਬੁਰਾ ਭਲਾ ਕਿਹਾ ਸੀ। ਅਤੇ ਉਸ ਦੀ ਜ਼ਰੂਰਤ
ਵੀ ਸੀ। ਇਹ ਜਾਣ ਕੇ ਮੇਰੇ ਦਿਲ ਨੂੰ ਡੂੰਘੀ ਸੱਟ ਲੱਗੀ ਸੀ ਕਿ ਤੂੰ ਕਿੰਨਾ ਨਿਕੰਮਾ ਏਂ, ਬਿਲਕੁਲ ਕਾਇਰ ਹੈਂ। ਮੈਨੂੰ ਦੁੱਖ ਹੁੰਦਾ ਹੈ ਕਿ ਤੂੰ ਅਜਿਹਾ ਏਂ। ਤੂੰ ਤਾਂ ਮੇਰੇ ਦਿਲ ਵਿੱਚ ਵਸ ਗਿਆ ਏਂ, ਮੇਰਾ ਦਿਮਾਗ ਖਰਾਬ ਕਰ ਦਿੱਤਾ ਏ, ਨੀਲੀਆਂ ਅੱਖਾਂ ਵਾਲੇ ਸ਼ੈਤਾਨ!"
ਲੈਫਟੀਨੈਂਟ ਨੇ ਜ਼ੋਰ ਨਾਲ ਠਹਾਕਾ ਮਾਰਿਆ ਅਤੇ ਗਰਮ ਰੇਤ 'ਤੇ ਚਿਤ ਲੇਟ ਕੇ ਹਵਾ ਵਿੱਚ ਲੱਤਾਂ ਲਹਿਰਾਉਣ ਲੱਗਿਆ।
"ਤੇਰਾ ਦਿਮਾਗ ਤਾਂ ਠੀਕ ਏ ?" ਮਰਿਊਤਕਾ ਨੇ ਕਿਹਾ।
ਲੈਫਟੀਨੈਂਟ ਨੇ ਫਿਰ ਜ਼ੋਰ ਨਾਲ ਠਹਾਕਾ ਮਾਰਿਆ।
"ਓਏ ਓਹ, ਗੂੰਗੇ। ਕੁਝ ਬੋਲਦਾ ਕਿਉਂ ਨਹੀਂ ?"
ਪਰ ਲੈਫਟੀਨੈਂਟ ਤਦ ਤੱਕ ਆਪਣੇ ਠਹਾਕੇ ਮਾਰਦਾ ਰਿਹਾ, ਜਦੋਂ ਤੱਕ ਕਿ ਮਰਿਊਤਕਾ ਨੇ ਉਸ ਦੀਆਂ ਪਸਲੀਆਂ ਵਿੱਚ ਇੱਕ ਘਸੁੰਨ ਨਹੀਂ ਮਾਰਿਆ।
ਲੈਫਟੀਨੈਂਟ ਉੱਠਿਆ ਅਤੇ ਉਸ ਨੇ ਹਾਸੇ ਕਾਰਨ ਅੱਖਾਂ ਵਿੱਚ ਆ ਜਾਣ ਵਾਲ਼ੇ ਹੰਝੂਆਂ ਦੀਆਂ ਬੂੰਦਾਂ ਸਾਫ਼ ਕੀਤੀਆਂ।
"ਤੂੰ ਇਹ ਠਹਾਕੇ ਕਿਸ ਗੱਲ 'ਤੇ ਲਗਾ ਰਿਹਾ ਏਂ ?"
"ਕਮਾਲ ਦੀ ਕੁੜੀ ਏਂ ਤੂੰ, ਮਰੀਆ ਫਿਰਲਾਤੋਵਨਾ, ਕਿਸੇ ਨੂੰ ਵੀ ਇਸ ਤਰ੍ਹਾਂ ਹਸਾ ਸਕਦੀ ਹੈਂ। ਮੁਰਦਾ ਵੀ ਤੇਰੇ ਨਾਲ ਨੱਚਣ ਲੱਗ ਪਵੇ!"
"ਕਿਉਂ ਨਹੀਂ ? ਤੇਰੇ ਹਿਸਾਬ ਨਾਲ ਤਾਂ ਉਸ ਲੱਕੜੀ ਦੇ ਟੁਕੜੇ ਵਾਂਗ ਮੰਝਧਾਰ ਵਿੱਚ ਗੇੜੇ ਕੱਢਣਾ ਠੀਕ ਹੈ, ਜੋ ਨਾ ਇੱਕ ਕਿਨਾਰੇ, ਨਾ ਦੂਸਰੇ ? ਖ਼ੁਦ ਵੀ ਚੱਕਰ ਵਿੱਚ ਰਹੋ ਅਤੇ ਦੂਜਿਆਂ ਨੂੰ ਵੀ ਚੱਕਰ ਵਿੱਚ ਪਾ ਦਿਓ ?"
ਲੈਫਟੀਨੈਂਟ ਨੇ ਫਿਰ ਠਹਾਕਾ ਮਾਰਿਆ। ਉਸ ਨੇ ਮਰਿਊਤਕਾ ਦਾ ਮੋਢਾ ਥਾਪੜਿਆ।
"ਤੇਰੀ ਜੈ ਹੋਵੇ, ਔਰਤਾਂ ਦੀ ਮਹਾਰਾਣੀ। ਮੇਰੀ ਪਿਆਰੀ ਫਰਾਇਡੇ। ਤੂੰ ਤਾਂ ਮੇਰੀ ਦੁਨੀਆਂ ਹੀ ਬਦਲ ਦਿੱਤੀ, ਮੇਰੀਆਂ ਰਗਾਂ ਵਿੱਚ ਅੰਮ੍ਰਿਤ ਦਾ ਪ੍ਰਭਾਵ ਪੈਦਾ ਕਰ ਦਿੱਤਾ ਹੈ। ਤੇਰੀ ਉਪਮਾ ਅਨੁਸਾਰ ਮੈਂ ਹੁਣ ਕਿਸੇ ਲੱਠ ਵਾਂਗ ਮੰਝਧਾਰ ਵਿੱਚ ਗੇੜੇ ਨਹੀਂ ਖਾਣਾ ਚਾਹੁੰਦਾ। ਮੈਂ ਖ਼ੁਦ ਮਹਿਸੂਸ ਕਰ ਰਿਹਾ ਹਾਂ ਕਿ ਅਜੇ ਕਿਤਾਬਾਂ ਦੀ ਦੁਨੀਆਂ ਵਿੱਚ ਵਾਪਸ ਪਰਤਣ ਦਾ ਵੇਲਾ ਨਹੀਂ ਆਇਆ। ਨਹੀਂ, ਮੈਂ ਅਜੇ ਹੋਰ ਜਿਉਂਣਾ ਹੈ। ਆਪਣੇ ਦੰਦ ਹੋਰ ਮਜ਼ਬੂਤ ਕਰਨੇ ਹਨ। ਭੇੜੀਏ ਵਾਂਗੂੰ ਵੱਢਦੇ ਫਿਰਨਾ ਹੈ ਤਾਂ ਕਿ ਮੇਰੇ ਆਸ-ਪਾਸ ਲੋਕ ਮੇਰੇ ਦੰਦਾਂ ਤੋਂ ਡਰ ਜਾਣ।"
"ਕੀ ਮਤਲਬ! ਕੀ ਸੱਚਮੁਚ ਤੇਰੀ ਅਕਲ ਠਿਕਾਣੇ ਆ ਗਈ ?"
"ਹਾਂ, ਮੇਰੀ ਅਕਲ ਠਿਕਾਣੇ ਆ ਗਈ, ਪਿਆਰੀ! ਠਿਕਾਣੇ ਆ ਗਈ ਮੇਰੀ ਅਕਲ! ਸ਼ੁਕਰੀਆ, ਤੂੰ ਕੁਝ ਰਾਸਤਾ ਦਿਖਾ ਦਿੱਤਾ। ਜੇਕਰ ਅਸੀਂ ਕਿਤਾਬਾਂ ਲੈ ਕੇ ਬੈਠ ਜਾਵਾਂਗੇ ਅਤੇ ਤੁਹਾਨੂੰ ਸਾਰੀ ਦੁਨੀਆਂ ਦੀ ਵਾਂਗਡੋਰ ਸੌਂਪ ਦਿਆਂਗੇ ਤਾਂ ਤੁਸੀਂ ਤਾਂ ਅਜਿਹਾ ਬੇੜਾ ਗਰਕ ਕਰੋਗੇ ਕਿ ਬਸ! ਬਿਲਕੁਲ ਬੁੱਧੂ ਏ ਤੂੰ, ਮੇਰੀ ਪਿਆਰੀ। ਜਦੋਂ ਦੋ ਸੱਭਿਆਚਾਰਾਂ
ਦੀ ਟੱਕਰ ਹੋ ਰਹੀ ਹੈ ਤਾਂ ਗੱਲ ਇੱਕ ਪਾਸੇ ਤਾਂ ਲੱਗਣੀ ਚਾਹੀਦੀ ਹੈ। ਜਦੋਂ ਤੱਕ..."
ਉਸਨੇ ਗੱਲ ਵਿਚਾਲੇ ਹੀ ਛੱਡ ਦਿੱਤੀ।
ਉਸ ਦੀਆਂ ਗਹਿਰੀਆਂ ਨੀਲੀਆਂ ਅੱਖਾਂ ਦੁਮੇਲ 'ਤੇ ਜੰਮੀਆਂ ਹੋਈਆਂ ਸਨ, ਉਹਨਾਂ ਵਿੱਚ ਖੁਸ਼ੀ ਦੀਆਂ ਚਿੰਗਾੜੀਆਂ ਨੱਚ ਰਹੀਆਂ ਸਨ।
ਉਸ ਨੇ ਸਮੁੰਦਰ ਵੱਲ ਇਸ਼ਾਰਾ ਕੀਤਾ ਅਤੇ ਧੀਮੀ ਅਤੇ ਕੰਬਦੀ ਹੋਈ ਅਵਾਜ਼ ਵਿੱਚ ਕਿਹਾ:
"ਬਾਦਬਾਨ।"
ਮਰਿਊਤਕਾ ਇਸ ਤਰ੍ਹਾਂ ਉੱਛਲ ਕੇ ਖੜ੍ਹੀ ਹੋਈ ਜਿਵੇਂ ਉਸ ਵਿੱਚ ਬਿਜਲੀ ਦੌੜ ਗਈ ਹੋਵੇ। ਉਸਨੇ ਦੇਖਿਆ:
ਦੂਰ, ਬਹੁਤ ਦੂਰ, ਦੁਮੇਲ ਦੀ ਗਹਿਰੀ ਨੀਲੀ ਰੇਖਾ 'ਤੇ ਇੱਕ ਸਫੇਦ ਚੰਗਿਆੜੀ ਜਿਹੀ ਚਮਕ ਰਹੀ ਸੀ, ਝਿਲਮਿਲਾ ਰਹੀ ਸੀ - ਇੱਕ ਬਾਦਬਾਨ ਹਵਾ ਵਿੱਚ ਲਹਿਰਾ ਰਿਹਾ ਸੀ।
ਮਰਿਊਤਕਾ ਨੇ ਹਥੇਲੀਆਂ ਨਾਲ ਆਪਣੀ ਛਾਤੀ ਦਬਾ ਲਈ। ਪਲ ਭਰ ਲਈ ਤਾਂ ਇਸ ਬਾਦਬਾਨ 'ਤੇ ਵਿਸ਼ਵਾਸ ਨਾ ਕਰਦੇ ਹੋਏ ਉਸ ਨੇ ਉਸ ਉੱਪਰ ਅੱਖਾਂ ਗੱਡ ਦਿੱਤੀਆਂ।
ਲੈਫਟੀਨੈਂਟ ਉਸ ਦੇ ਨੇੜੇ ਆ ਗਿਆ। ਉਸਨੇ ਮਰਿਊਤਕਾ ਦੇ ਹੱਥ ਫੜ ਲਏ, ਖਿੱਚ ਕੇ ਉਹਨਾਂ ਨੂੰ ਛਾਤੀ ਤੋਂ ਅਲੱਗ ਕੀਤਾ, ਨੱਚਣ-ਟੱਪਣ ਲੱਗਿਆ ਅਤੇ ਮਰਿਊਤਕਾ ਨੂੰ ਆਪਣੇ ਚਾਰੇ ਪਾਸੇ ਘੁੰਮਾਉਣ ਲੱਗਿਆ।
ਉਹ ਨੱਚ ਰਿਹਾ ਸੀ, ਫਟੀ ਪਤਲੂਨ ਵਿੱਚ ਆਪਣੀਆਂ ਪਤਲੀਆਂ ਪਤਲੀਆਂ ਲੱਤਾਂ ਨੂੰ ਉੱਪਰ ਵੱਲ ਉਛਾਲਦਾ ਹੋਇਆ ਆਪਣੀ ਕੁਰੱਖਤ ਅਵਾਜ਼ ਵਿੱਚ ਗਾ ਰਿਹਾ ਸੀ:
ਸਾਗਰ ਦੇ ਉਸ ਨੀਲੇ ਨੀਲੇ ਪਸਾਰ ਵਿੱਚ
ਸਫ਼ੇਦ ਬਾਦਬਾਨ ਆਪਣੀ ਇੱਕ ਝਲਕ ਦਿਖਾਉਂਦਾ ਹੈ...
ਨੀਲੇ ਨੀਲੇ ਵਿੱਚ !.. ਦਿਖਾਉਂਦਾ ਹੈ.... ਹੈ।
"ਬੰਦ ਕਰ ਇਹ ਬਕਵਾਸ ।" ਮਰਿਊਤਕਾ ਨੇ ਖੁਸ਼ੀ ਵਿੱਚ ਹੱਸਦੇ ਹੋਏ ਕਿਹਾ।
"ਮੇਰੀ ਪਿਆਰੀ ਮਰਿਊਤਕਾ! ਕਮਲੀ! ਸੁੰਦਰੀਆਂ ਦੀ ਮਹਾਰਾਣੀ! ਹੁਣ ਜਾਨ ਬਚਣ ਦਾ ਰਾਹ ਨਿਕਲ ਆਇਆ! ਆਪਾਂ ਹੁਣ ਬਚ ਗਏ!"
"ਸ਼ੈਤਾਨ ਕਿਸੇ ਥਾਂ ਦਾ। ਦੇਖਦਾ ਹੈ ਨਾ ਕਿ ਤੈਨੂੰ ਵੀ ਇਸ ਟਾਪੂ ਤੋਂ ਇਨਸਾਨਾਂ ਦੀ ਦੁਨੀਆਂ ਵਿੱਚ ਜਾਣ ਦੀ ਪ੍ਰਬਲ ਇੱਛਾ ਹੈ।"
"ਹੈ, ਪ੍ਰਬਲ ਇੱਛਾ ਹੈ! ਕਹਿ ਤਾਂ ਚੁੱਕਿਆ ਹਾਂ ਮੈਂ ਤੈਨੂੰ ਕਿ ਮੈਨੂੰ ਇਸ ਦੀ ਬਹੁਤ ਇੱਛਾ ਹੈ।"
"ਜ਼ਰਾ ਠਹਿਰ… ਸਾਨੂੰ ਉਹਨਾਂ ਨੂੰ ਸੰਕੇਤ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇੱਧਰ ਬੁਲਾਉਣਾ ਚਾਹੀਦਾ ਹੈ।"
"ਇਸ ਦੀ ਕੀ ਲੋੜ ਹੈ ? ਉਹ ਖ਼ੁਦ ਹੀ ਇੱਧਰ ਆ ਰਹੇ ਨੇ।"
"ਅਤੇ ਜੇ ਕਿਸੇ ਦੂਜੇ ਟਾਪੂ ਵੱਲ ਮੁੜ ਗਏ ਤਾਂ ? ਕਿਰਗਿਜ਼ਾਂ ਨੇ ਤਾਂ ਕਿਹਾ ਸੀ ਕਿ ਇੱਥੇ ਅਣਗਿਣਤ ਟਾਪੂ ਹਨ। ਹੋ ਸਕਦਾ ਹੈ ਕਿ ਸਾਡੇ ਕੋਲੋਂ ਹੀ ਨਿੱਕਲ ਜਾਣ। ਜਾ ਝੋਪੜੀ 'ਚੋਂ ਬੰਦੂਕ ਚੁੱਕ ਕੇ ਲਿਆ ।"
ਲੈਫਟੀਨੈਂਟ ਝਪਟ ਕੇ ਝੋਪੜੀ ਵਿੱਚ ਗਿਆ। ਉਹ ਬੰਦੂਕ ਨੂੰ ਹਵਾ ਵਿੱਚ ਉੱਚਾ ਉਛਾਲਦਾ ਹੋਇਆ ਫੌਰਨ ਵਾਪਸ ਆਇਆ।
"ਇਹ ਖੇਡ ਬੰਦ ਕਰ।" ਮਰਿਊਤਕਾ ਚਿੱਲਾਈ, "ਤਿੰਨ ਗੋਲੀਆਂ ਦਾਗ ਦੇ।"
ਲੈਫਟੀਨੈਂਟ ਨੇ ਬੰਦੂਕ ਦਾ ਬੱਟ ਮੋਢੇ ਨਾਲ ਲਾਇਆ। ਸ਼ੀਸ਼ੇ ਵਰਗੀ ਖਾਮੋਸ਼ੀ ਨੂੰ ਚੀਰਦੀਆਂ ਤਿੰਨ ਗੋਲੀਆਂ ਚੱਲਣ ਦੀ ਅਵਾਜ਼ ਹਵਾ ਵਿੱਚ ਗੂੰਜ ਗਈ। ਹਰ ਗੋਲੀ ਚੱਲਣ 'ਤੇ ਲੈਫਟੀਨੈਂਟ ਲੜਖੜਾਇਆ। ਹੁਣ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਬਹੁਤ ਕਮਜ਼ੋਰ ਹੋ ਗਿਆ ਹੈ।
ਬਾਦਬਾਨ ਹੁਣ ਸਾਫ਼ ਨਜ਼ਰ ਆਉਣ ਲੱਗਿਆ ਸੀ । ਉਹ ਵੱਡਾ ਕੁਝ ਗੁਲਾਬੀ ਅਤੇ ਪੀਲਾ ਸੀ। ਉਹ ਸ਼ੁਭ ਸਗਨ ਸੂਚਕ ਪੰਛੀ ਵਾਂਗੂੰ ਪਾਣੀ ਵਿੱਚ ਤਿਲਕਦਾ ਜਿਹਾ ਵਧਿਆ ਆ ਰਿਹਾ ਸੀ।
"ਇਹ ਕੀ ਬਲਾ ਹੈ?" ਕਿਸ਼ਤੀ ਨੂੰ ਧਿਆਨ ਨਾਲ ਦੇਖਦੇ ਹੋਏ ਮਰਿਊਤਕਾ ਬੁੜਬੜਾਈ। ਕਿਹੋ ਜਿਹੀ ਕਿਸ਼ਤੀ ਹੈ ਇਹ ? ਮਛੇਰਿਆਂ ਦੀ ਕਿਸ਼ਤੀ ਵਰਗੀ ਤਾਂ ਬਿਲਕੁਲ ਨਹੀਂ। ਉਸ ਤੋਂ ਤਾਂ ਬਹੁਤ ਵੱਡੀ ਹੈ।"
ਕਿਸ਼ਤੀ ਵਾਲਿਆਂ ਨੇ ਗੋਲੀਆਂ ਦੀ ਅਵਾਜ਼ ਸੁਣ ਲਈ ਸੀ। ਬਾਦਬਾਨ ਲਹਿਰਾ ਕੇ ਦੂਜੇ ਪਾਸੇ ਝੁਕ ਗਿਆ ਅਤੇ ਕਿਸ਼ਤੀ ਮੁੜ ਕੇ ਸਿੱਧੀ ਤੱਟ ਵੱਲ ਆਉਣ ਲੱਗੀ।
ਗੁਲਾਬੀ-ਪੀਲੇ ਬਾਦਬਾਨ ਹੇਠਾਂ ਨੀਲੇ ਸਾਗਰ ਦੀ ਪਿੱਠਭੂਮੀ ਵਿੱਚ ਇਹ ਕਿਸ਼ਤੀ ਕਾਲੇ ਧੱਬੇ ਵਰਗੀ ਦਿਖਾਈ ਦੇ ਰਹੀ ਸੀ।
“ਇਹ ਕਿਸ਼ਤੀ ਤਾਂ ਮਛੇਰੇ ਵਿਭਾਗ ਦੇ ਇੰਸਪੈਕਟਰ ਦੀ ਕਿਸ਼ਤੀ ਵਰਗੀ ਲੱਗਦੀ ਹੈ। ਪਰ ਉਹ ਅੱਜ ਕੱਲ੍ਹ ਇੱਥੇ ਕੀ ਕਰਨ ਆਏ ਹਨ। ਸਮਝ ਨਹੀਂ ਆ ਰਿਹਾ", ਮਰਿਊਤਕਾ ਹੌਲੀ ਹੌਲੀ ਬੜਬੜਾਈ।
ਕਿਸ਼ਤੀ ਜਦ ਕੋਈ ਸੌ ਮੀਟਰ ਦੀ ਦੂਰੀ 'ਤੇ ਰਹਿ ਗਈ ਤਾਂ ਉਹ ਖੱਬੇ ਪਾਸੇ ਘੁੰਮੀ। ਉਸ 'ਤੇ ਇੱਕ ਆਦਮੀ ਦਿਖਾਈ ਦਿੱਤਾ। ਉਸ ਨੇ ਆਪਣੇ ਦੋਵੇਂ ਹੱਥ ਮੂੰਹ ਦੇ ਸਾਹਮਣੇ ਲਿਆਂਦੇ ਅਤੇ ਜ਼ੋਰ ਨਾਲ ਪੁਕਾਰ ਕੇ ਕੁਝ ਚਿੱਲਾਇਆ।
ਲੈਫਟੀਨੈਂਟ ਚੁਕੰਨਾ ਹੋਇਆ। ਉਹ ਅੱਗੇ ਵੱਲ ਝੁਕਿਆ। ਉਸਨੇ ਬੰਦੂਕ ਰੇਤ ਉੱਪਰ ਸੁੱਟ ਦਿੱਤੀ ਅਤੇ ਦੋ ਹੀ ਛਾਲਾਂ ਮਾਰ ਪਾਣੀ ਤੱਕ ਜਾ ਪਹੁੰਚਿਆ। ਉਸਨੇ ਆਪਣੇ ਹੱਥ ਫੈਲਾਏ ਅਤੇ ਖੁਸ਼ੀ ਵਿੱਚ ਮਸਤ ਹੋ ਕੇ ਚੀਕ ਉੱਠਿਆ
"ਹੁਰਰਾ! ਇਹ ਤਾਂ ਸਾਡੇ ਆਦਮੀ ਨੇ। ਜਲਦੀ ਕਰੋ ਸ਼੍ਰੀਮਾਨ । ਜਲਦੀ ਕਰੋ।"
ਮਰਿਊਤਕਾ ਨੇ ਆਪਣੀਆਂ ਅੱਖਾਂ ਕਿਸ਼ਤੀ ਉੱਤੇ ਗੱਡ ਦਿੱਤੀਆਂ। ਉਸ ਨੂੰ ਚੱਪੂ ਚਲਾ ਰਹੇ ਵਿਅਕਤੀ ਦੇ ਮੋਢਿਆਂ 'ਤੇ ਸੁਨਹਿਰੇ ਫੀਤੇ ਝਿਲਮਿਲਾਉਂਦੇ ਹੋਏ ਨਜ਼ਰ ਆਏ।
ਮਰਿਊਤਕਾ ਇੱਕ ਡਰੀ-ਸਹਿਮੀ ਚਿੜੀ ਵਾਂਗ ਫੜਫੜਾਈ।
ਉਸ ਦੀਆਂ ਯਾਦਾਂ ਵਿੱਚ ਇੱਕ ਚਿੱਤਰ ਉੱਭਰਿਆ:
ਬਰਫ਼... ਨੀਲਾ ਪਾਣੀ.. ਯੇਵਸੂਕੋਵ ਦਾ ਚਿਹਰਾ। ਉਸਦੇ ਸ਼ਬਦ "ਜੇ ਸਫੇਦ ਗਾਰਡਾਂ ਦੇ ਹੱਥ ਚੜ ਗਏ ਤਾਂ ਇਸ ਨੂੰ ਜਿਉਂਦਾ ਉਹਨਾਂ ਦੇ ਹਵਾਲੇ ਨਾ ਕਰੀਂ।"
ਉਸਨੇ ਹੌਕਾ ਭਰਿਆ। ਆਪਣੇ ਬੁੱਲ ਚਿੱਥੇ ਅਤੇ ਝਪਟ ਕੇ ਬੰਦੂਕ ਚੁੱਕ ਲਈ।
ਉਹ ਬਦਹਵਾਸ ਜਿਹੀ ਚੀਕ ਪਈ:
ਉਏ, ਕੰਬਖਤ ਅਫਸਰ! ਪਿੱਛੇ ਮੁੜ! ਮੈਂ ਕਹਿੰਦੀ ਹਾਂ… ਪਿੱਛੇ ਮੁੜ, ਕੰਬਖਤ!" " ਲੈਫਟੀਨੈਂਟ ਗਿੱਟਿਆਂ ਤੱਕ ਪਾਣੀ ਵਿੱਚ ਖੜ੍ਹਾ ਹੱਥ ਹਿਲਾਉਂਦਾ ਰਿਹਾ।
ਅਚਾਨਕ ਉਸ ਨੂੰ ਆਪਣੇ ਪਿੱਛੇ ਅੱਗ ਅਤੇ ਤੂਫ਼ਾਨ ਨਾਲ ਚਕਨਾਚੂਰ ਪ੍ਰਿਥਵੀ- ਗ੍ਰਹਿ ਦੇ ਫਟਣ ਦਾ ਬੋਲਾ ਕਰ ਦੇਣ ਵਾਲਾ ਧਮਾਕਾ ਸੁਣਾਈ ਦਿੱਤਾ। ਉਸ ਦੀ ਸਮਝ ਵਿੱਚ ਕੁਝ ਨਹੀਂ ਆਇਆ। ਉਹ ਇਸ ਮੁਸੀਬਤ ਤੋਂ ਬਚਣ ਲਈ ਇੱਕ ਪਾਸੇ ਨੂੰ ਕੁੱਦਿਆ ਅਤੇ ਟੁਕੜੇ ਟੁਕੜੇ ਹੋਈ ਜਾ ਰਹੀ ਪ੍ਰਿਥਵੀ ਦਾ ਧਮਾਕਾ ਹੀ ਉਹ ਆਖਰੀ ਅਵਾਜ਼ ਸੀ, ਜੋ ਉਸਨੇ ਸੁਣੀ।
ਮਰਿਊਤਕਾ ਬੇਹੋਸ਼ ਹੋ ਕੇ ਡਿੱਗੇ ਪਏ ਨੂੰ ਦੇਖ ਰਹੀ ਸੀ। ਉਹ ਆਪਣਾ ਖੱਬਾ ਪੈਰ ਅਨਜਾਣੇ ਹੀ ਅਤੇ ਐਵੇਂ ਹੀ ਜ਼ਮੀਨ 'ਤੇ ਲਗਾਤਾਰ ਪਟਕ ਰਹੀ ਸੀ।
ਲੈਫਟੀਨੈਂਟ ਸਿਰ ਭਾਰ ਪਾਣੀ ਵਿੱਚ ਜਾ ਡਿੱਗਿਆ। ਉਸਦੇ ਫਟੇ ਹੋਏ ਸਿਰ ਵਿੱਚੋਂ ਲਾਲ ਧਾਰਾਵਾਂ ਵਹਿ ਕੇ ਸਮੁੰਦਰ ਦੇ ਦਰਪਣ ਵਿੱਚ ਘੁਲ ਮਿਲ ਰਹੀਆਂ ਸਨ।
ਮਰਿਊਤਕਾ ਇੱਕ ਕਦਮ ਅੱਗੇ ਵਧੀ, ਫਿਰ ਝੁਕੀ। ਉਹ ਕੁਰਲਾ ਉੱਠੀ, ਉਸਨੇ ਆਪਣੀ ਵਰਦੀ ਪਾੜ ਸੁੱਟੀ ਅਤੇ ਬੰਦੂਕ ਸੁੱਟ ਦਿੱਤੀ।
ਪਾਣੀ ਵਿੱਚ ਗੁਲਾਬੀ ਰੰਗ ਦੇ ਕੋਮਲ ਧਾਗੇ ਨਾਲ ਜੁੜੀ ਹੋਈ ਅੱਖ ਤੈਰ ਰਹੀ ਸੀ। ਉਸ ਵਿੱਚ ਹੈਰਾਨੀ ਅਤੇ ਦੁੱਖ ਦੀ ਝਲਕ ਸੀ। ਸਮੁੰਦਰ ਵਰਗੀਆਂ ਨੀਲੀਆਂ ਅੱਖਾਂ ਮਰਿਊਤਕਾ ਨੂੰ ਵੇਖ ਰਹੀਆਂ ਸਨ।
ਉਹ ਗੋਡਿਆਂ ਭਾਰ ਪਾਣੀ ਵਿੱਚ ਡਿੱਗ ਪਈ। ਉਸਨੇ ਬੇਜਾਨ ਅਤੇ ਲਹੂ-ਲੁਹਾਣ ਸਿਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਅਚਾਨਕ ਲਾਸ਼ 'ਤੇ ਢਹਿ ਪਈ। ਉਹ ਤੜਫ਼ਣ ਲੱਗੀ, ਉਸਨੇ ਆਪਣਾ ਚਿਹਰਾ ਲਹੂ ਨਾਲ ਲਥਪਥ ਕਰ ਲਿਆ ਅਤੇ ਦੁੱਖ ਭਰੀ ਅਵਾਜ ਵਿੱਚ ਕੂਕਣ ਲੱਗੀ
"ਮੇਰੇ ਪਿਆਰੇ! ਆਹ ਕੀ ਕਰ ਦਿੱਤਾ ਮੈਂ? ਅੱਖਾਂ ਖੋਲ੍ਹ! ਮੇਰੇ ਵੱਲ ਦੇਖ ਮੇਰੇ ਪਿਆਰੇ! ਓਏ, ਨੀਲੀਆਂ ਅੱਖਾਂ ਵਾਲੇ!"
ਕਿਸ਼ਤੀ ਵਿੱਚ ਤੱਟ 'ਤੇ ਪਹੁੰਚੇ ਲੋਕ ਉਹਨਾਂ ਨੂੰ ਇੰਝ ਦੇਖ ਰਹੇ ਸਨ ਜਿਵੇਂ ਉਹਨਾਂ ਨੂੰ ਸੱਪ ਸੁੰਘ ਗਿਆ ਹੋਵੇ।