ਕੈਨਵਾਸ ਦਾ ਪੁਰਾਣਾ ਬਾਦਬਾਨ ਤੋਪ ਦੇ ਗੋਲੇ ਵਾਂਗ ਫਟਿਆ।
ਸੇਮਯਾਨੀ ਅਤੇ ਵਯਾਖਿਰ ਮਸਤੂਲ ਵੱਲ ਦੌੜੇ।
"ਰੱਸਾ ਫੜੋ", ਚੱਪੂ 'ਤੇ ਪੂਰੀ ਤਰ੍ਹਾਂ ਝੁਕਦੀ ਹੋਈ ਮਰਿਊਤਕਾ ਚੀਕੀ।
ਸਰਸਰਾਉਂਦੀ ਅਤੇ ਗਰਜਦੀ ਹੋਈ ਇੱਕ ਵੱਡੀ ਸਾਰੀ ਲਹਿਰ ਪਿੱਛਿਓਂ ਆਈ। ਕਿਸ਼ਤੀ ਇੱਕ ਪਾਸੇ ਨੂੰ ਝੁੱਕ ਗਈ ਅਤੇ ਠੰਢੀ ਠੰਢੀ ਅਤੇ ਚਮਕਦੀ ਹੋਈ ਮੋਟੀ ਜਿਹੀ ਧਾਰ ਇਸ ਦੇ ਉੱਪਰੋਂ ਲੰਘ ਗਈ।
ਕਿਸ਼ਤੀ ਜਦੋਂ ਸਿੱਧੀ ਹੋਈ ਤਾਂ ਉੱਪਰ ਤੱਕ ਪਾਣੀ ਨਾਲ ਭਰੀ ਹੋਈ ਸੀ ਅਤੇ ਸੇਮਯਾਨੀ ਅਤੇ ਵਯਾਖਿਰ ਦਾ ਕੋਈ ਅਤਾ-ਪਤਾ ਨਹੀਂ ਸੀ। ਪਾਣੀ ਨਾਲ ਗੜੁੱਚ ਅਤੇ ਫਟੇ ਹੋਏ ਬਾਦਬਾਨ ਦੇ ਟੁਕੜੇ ਹਵਾ ਵਿੱਚ ਲਹਿਰਾ ਰਹੇ ਸਨ।
ਲੈਫ਼ਟੀਨੈਂਟ ਲੱਕ ਤੱਕ ਪਾਣੀ ਵਿੱਚ ਬੈਠਾ ਜਲਦੀ ਜਲਦੀ ਆਪਣੇ ਉੱਪਰ ਸਲੀਬ ਬਣਾ ਰਿਹਾ ਸੀ। "ਸ਼ੈਤਾਨ। ਲਾਹਨਤ ਹੈ ਤੇਰੇ 'ਤੇ! ਪਾਣੀ ਕੱਢ!" ਮਰਿਊਤਕਾ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਬਹੁਤ ਸਾਰੀਆਂ ਮੋਟੀਆਂ ਮੋਟੀਆਂ ਅਤੇ ਭੱਦੀਆਂ ਗਾਲ੍ਹਾਂ ਕੱਢੀਆਂ ਲੈਫਟੀਨੈਂਟ ਭਿੱਜੀ ਬਿੱਲੀ ਵਾਂਗ ਛਾਲ ਮਾਰ ਕੇ ਖੜ੍ਹਾ ਹੋ ਗਿਆ ਅਤੇ ਪਾਣੀ ਬਾਹਰ ਕੱਢਣ ਲੱਗਿਆ। ਮਰਿਊਤਕਾ ਰਾਤ ਦੇ ਹਨ੍ਹੇਰੇ, ਸ਼ੋਰ ਅਤੇ ਹਵਾ ਵਿੱਚ ਪੁਕਾਰ ਰਹੀ ਸੀ:
"ਸੇ-ਮ-ਯਾ-ਨੀ! ਵ-ਯਾ-ਖਿ-ਰ! "
ਝੱਗ ਦਾ ਥਪੇੜ੍ਹਾ ਮੂੰਹ 'ਤੇ ਵੱਜਿਆਂ। ਕੋਈ ਜਵਾਬ ਨਹੀਂ ਮਿਲਿਆ।
"ਡੁੱਬ ਗਏ, ਸ਼ੈਤਾਨ!"
ਹਵਾ ਨੇ ਅੱਧੀ ਡੁੱਬੀ ਹੋਈ ਕਿਸ਼ਤੀ ਨੂੰ ਤਟ ਵੱਲ ਧੱਕ ਦਿੱਤਾ। ਆਲ਼ੇ-ਦੁਆਲੇ ਪਾਣੀ ਤਾਂ ਜਿਵੇਂ ਉੱਬਲ ਰਿਹਾ ਸੀ। ਪਿੱਛਿਓਂ ਇੱਕ ਹੋਰ ਲਹਿਰ ਆਈ ਅਤੇ ਕਿਸ਼ਤੀ ਦੀ ਤਹਿ ਜ਼ਮੀਨ ਨਾਲ ਜਾ ਟਕਰਾਈ।
"ਬਾਹਰ ਚੱਲ।" ਕਿਸ਼ਤੀ ਤੋਂ ਬਾਹਰ ਛਾਲ ਮਾਰਦੇ ਹੋਏ ਮਰਿਊਤਕਾ ਚੀਕੀ। ਲੈਫਟੀਨੈਂਟ ਉਸ ਦੇ ਪਿੱਛੇ ਪਿੱਛੇ ਕੁੱਦ ਕੇ ਬਾਹਰ ਆ ਗਿਆ।
"ਕਿਸ਼ਤੀ ਨੂੰ ਖਿੱਚ ਲਿਆਓ!"
ਪਾਣੀ ਦੇ ਜ਼ੋਰਦਾਰ ਛਿੱਟਿਆਂ ਨਾਲ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸਨ । ਇਸ ਤਰ੍ਹਾਂ ਉਹਨਾਂ ਨੇ ਕਿਸ਼ਤੀ ਨੂੰ ਤਟ 'ਤੇ ਖਿੱਚਿਆ। ਉਹ ਰੇਤ ਵਿੱਚ ਮਜ਼ਬੂਤੀ ਨਾਲ ਧਸ ਗਈ। ਮਰਿਊਤਕਾ ਨੇ ਬੰਦੂਕਾਂ ਸੰਭਾਲੀਆਂ।
"ਰਾਸ਼ਨ ਦੇ ਬੋਰੇ ਬਾਹਰ ਕੱਢ ਲਿਆਉ।"
ਲੈਫਟੀਨੈਂਟ ਨੇ ਚੁੱਪ-ਚਾਪ ਮਰਿਊਤਕਾ ਦਾ ਹੁਕਮ ਮੰਨਿਆ। ਖੁਸ਼ਕ ਜਗ੍ਹਾ ਦੇਖ ਕੇ ਮਰਿਊਤਕਾ ਨੇ ਬੰਦੂਕਾਂ ਰੇਤੇ ਉੱਪਰ ਸੁੱਟ ਦਿੱਤੀਆਂ। ਲੈਫਟੀਨੈਂਟ ਨੇ ਬੋਰੇ ਰੱਖ ਦਿੱਤੇ।
ਮਰਿਊਤਕਾ ਨੇ ਇੱਕ ਵਾਰ ਫਿਰ ਹਨ੍ਹੇਰੇ ਵਿੱਚ ਪੁਕਾਰਿਆ।
"ਸੇ-ਮ-ਯਾ-ਨੀ! ਵ-ਯਾ-ਖਿ-ਰ! "