ਇਸ਼ਕ ਮੈਖ਼ਾਨਾ
ਚੰਮ
ਵਿਸ਼ੇਸ਼ ਧੰਨਵਾਦ
ਮੈਂ ਆਪਣੇ ਪਰਮ ਮਿੱਤਰ ਰਾਜਵਿੰਦਰ ਸਿੰਘ ਮਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਜਿਸਨੇ ਹਰ ਖੁਸ਼ੀ ਗ਼ਮੀ ਮੌਕੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੇਰਾ ਸਾਥ ਦਿੱਤਾ। ਜੇ ਰਾਜਵਿੰਦਰ ਨਾ ਹੁੰਦਾ ਤਾਂ ਸ਼ਾਇਦ ਮੇਰਾ ਕਿਤਾਬ ਲਿਖਣ ਦਾ ਸੁਪਨਾ ਮਹਿਜ ਸੁਪਨਾ ਹੀ ਬਣ ਕੇ ਰਹਿ ਜਾਂਦਾ। ਇਸ ਸਖਸ਼ ਨੇ ਨਾ ਸਿਰਫ਼ ਕਿਤਾਬ ਲਿਖਣ ਲਈ ਮੈਨੂੰ ਪ੍ਰੇਰਿਤ ਕੀਤਾ ਸਗੋਂ ਕਿਤਾਬ ਦੀ ਟਾਈਪਿੰਗ ਤੋਂ ਲੈ ਕੇ ਡਿਜ਼ਾਇਨਿੰਗ ਤੱਕ ਦਾ ਸਾਰਾ ਬੋਝ ਆਪਣੇ ਮੋਢਿਆਂ ਉੱਪਰ ਲੈ ਲਿਆ। ਸ਼ਾਇਦ ਇਸਦੀ ਦੋਸਤੀ ਦਾ ਕਰਜ਼ ਉਤਾਰਣ ਲਈ ਸ਼ਾਇਦ ਮੇਰੀ ਇਕ ਜਿੰਦਗੀ ਘੱਟ ਹੈ ਪਰ ਮੇਰੇ ਪਿਆਰੇ ਮਿੱਤਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੇਰੀਆਂ ਉਮੀਦਾਂ ਤੇ ਖਰਾ ਉਤਰਨ ਦੀ।
-ਤੇਰਾ ਪਿਆਰਾ ਮਿੱਤਰ
ਚੰਮ
ਸੋਧ ਕਰਤਾ:-
ਅਨੀਤਾ ਰਾਣੀ
(ਐਮ.ਏ. ਪੰਜਾਬੀ.ਐਮ.ਐਂਡ)
ਹੈੱਡ ਟੀਚਰ
ਸਰਕਾਰੀ ਐਲੀਮੈਂਟਰੀ ਸਕੂਲ
ਮੌੜ ਕਲਾਂ ਲੱਲਾ ਪੱਤੀ
ਜਿਲ੍ਹਾ ਬਠਿੰਡਾ
ਸਮਰਪਣ
ਦਾਦਾ ਤੇਜ ਰਾਮ ਖੱਤਰੀ ਤੇ ਦਾਦੀ ਮਥੁਰਾ ਦੇਵੀ ਨੂੰ ਸਮਰਪਿਤ
ਜਿਹਨਾਂ ਨੇ ਸਾਨੂੰ ਰਾਜਿਆਂ ਵਰਗੀ ਜ਼ਿੰਦਗੀ ਦਿੱਤੀ ।
ਸਵਾਲ - ਜਵਾਬ
ਰੱਬ- ਪਿਆਰ ਕੀ ਹੈ?
ਮੈਂ-
ਪਿ- ਪਹਿਲੀ ਮੁਲਾਕਾਤ ਤੋਂ
ਆ- ਆਖ਼ਰੀ ਸਾਹ ਤੱਕ ਦੀ
ਰ- ਰੌਣਕ
ਰੱਬ- ਇਸ਼ਕ ਕੀ ਹੈ?
ਮੈਂ-
ਇ-ਇੱਕ
ਸ਼- ਸਖਸ਼ ਦਾ
ਕ- ਕਾਲਾ ਜਾਦੂ
ਰੱਬ- ਮੁਹੱਬਤ ਕੀ ਹੈ?
ਮੈਂ-
ਮੁ- ਮੁਸਕਰਾਉਂਦੇ ਹੋਏ ਸੱਜਣ ਦੀ
ਹੱ- ਹੱਥ ਨਾਲ ਦਿਲ ਵਿਚ
ਬ- ਬਣਾਈ ਹੋਈ ਸਦਾਬਹਾਰ
ਤ- ਤਸਵੀਰ
ਅਰਥ
ਜਦੋਂ ਕਿਸੇ ਨਾਮ ਨੂੰ
ਪੂਰੀ ਸ਼ਿੱਦਤ ਨਾਲ ਪੜ੍ਹ ਲਿਆ ਜਾਵੇ,
ਤਾਂ ਉਸ ਦੇ ਇਕੱਲੇ ਇਕੱਲੇ
ਲਫਜ਼ ਵਿੱਚੋਂ ਖ਼ੁਦਾ ਦਾ ਅਰਥ ਨਿਕਲਦਾ ਹੈ।
ਮੇਰੇ ਸ਼ਹਿਰ ਦੇ ਲੋਕ
ਮੇਰੇ ਸ਼ਹਿਰ ਦੇ ਲੋਕਾਂ ਦੀ
ਬੜੀ ਅਜਬ ਹੈ ਬਾਤ,
ਕਾਮ ਵੇਲੇ ਰੰਗ ਰੂਪ ਵੇਖਣ,
ਵਿਆਹਾਂ ਵੇਲੇ ਜਾਤ।
ਚੱਲ ਖੇਡੀਏ
ਚੱਲ ਆਪਾਂ ਦੋਵੇਂ ਰਲ ਕੇ ਇਸ਼ਕ- ਇਸ਼ਕ ਖੇਡੀਏ,
ਪਰ ਮੇਰੀ ਇੱਕ ਸ਼ਰਤ ਐ...
ਤੂੰ ਮੇਰੀ ਜਗ੍ਹਾ ਤੇ ਖੇਡੀ,
ਮੈਂ ਤੇਰੀ ਜਗ੍ਹਾ ਤੇ ਖੇਡਾਂਗਾ।
ਤੂੰ ਮੇਰੀ ਜਗ੍ਹਾ ਤੇ ਰੋਈਂ,
ਮੈਂ ਤੇਰੀ ਜਗ੍ਹਾ ਤੇ ਹੱਸਾਗਾਂ...
ਮੌਤ
ਹਾਂ
ਮੈਂ ਮੌਤ ਵੇਖੀ ਐ
ਮੈਂ ਆਪਣੇ ਜਜਬਾਤਾਂ ਨੂੰ
ਹਰ-ਰੋਜ਼
ਉਹਦੇ ਅੱਗੇ ਮਰਦੇ ਵੇਖਿਐ।
ਉਡੀਕ
ਸੂਰਜ ਵੀ ਉਡੀਕੇ ਰਾਤ ਨੂੰ
ਦੀਦਾਰ ਚੰਦ ਦਾ ਕਰਨ ਲਈ,
ਫੇਰ ਸਾਡੀ ਕੀ ਔਕਾਤ
ਅਸੀਂ ਤਾਂ ਫ਼ੇਰ ਵੀ ਇਨਸਾਨ ਹਾਂ।
ਤਾਰੇ
ਤਾਰਿਆਂ ਨੇ
ਤਾਰਿਆਂ ਨੂੰ
ਤਾਰਿਆਂ ਦੀ ਛਾਂ ਵਿੱਚ
ਚੋਰੀ ਚੋਰੀ ਤਾਰਿਆਂ ਤੋਂ
ਚੰਦ ਵਿਖਾਇਆ ਏ।
ਅਰਸਾ
ਅਰਸਾ ਹੋ ਗਿਆ
ਮੈਨੂੰ ਕਿਸੇ ਹੋਰ ਦਾ ਖ਼ਿਆਲ ਨਹੀਂ ਆਇਆ,
ਤੇ ਉਹਨੇ ਖ਼ਿਆਲ ਹੀ ਨਹੀਂ ਕਰਿਆ,
ਅਰਸਾ ਹੋ ਗਿਆ।
ਨਾਸਤਿਕ
ਨਾਸਤਿਕ ਹੋ ਕਿਸੇ ਨੂੰ
ਰੱਬ ਦਾ ਦਰਜਾ ਦੇਣਾ ਸੌਖਾ ਨਹੀਂ ਹੁੰਦਾ,
ਜਖ਼ਮ ਤੇ ਲੂਣ ਦੀ
ਯਾਰੀ ਕਰਵਾਉਣੀ ਪੈਂਦੀ ਏ,
ਤੇ ਵੇਖ ਤੂੰ ਸਾਨੂੰ
ਅਸੀਂ ਕਿਵੇਂ ਤੈਨੂੰ ਰੱਬ ਮੰਨਿਆ।
ਖ਼ਿਆਲ
ਸਰਗੀ ਦੀ ਸਾਂਝ ਤੋਂ
ਹਨੇਰੇ ਦੀ ਤਾਂਘ ਤੱਕ
ਆਉਣ ਵਾਲਾ
ਖ਼ਿਆਲ ਹੈ ਤੂੰ ।
ਲੰਮੀ ਉਮਰ ਦੀ ਦੁਆ
ਤੂੰ ਮੇਰੇ ਤੋਂ ਇੱਕ ਦਿਨ ਬਾਅਦ ਮਰੇਂ,
ਰੱਬ ਤੋਂ ਸਿਰਫ਼ ਇਹੀ ਦੁਆ ਮੇਰੀ..
ਤੇਰੇ ਬਿਨਾਂ ਦਿਨ ਕੀ,ਮਿੰਟ ਕੱਢਣਾ ਔਖਾ ਏ..
ਤੇ ਹਾਂ ਸੱਚ
ਮੈਂ ਤਾਂ ਅਜੇ ਸੌ ਸਾਲ ਜਿਉਣਾ ਏ ।
ਝੁਰੜੀਆਂ
ਗੱਲ੍ਹਾਂ ਵਾਲੇ ਟੋਇਆਂ ਦਾ ਕੀ ਏ
ਉਹ ਤਾਂ ਜੋਬਨ ਉਮਰ ਤੱਕ ਰਹਿਣਗੇ
ਮੈਂ ਤਾਂ ਤੇਰਾ
ਝੁਰੜੀਆਂ ਵਾਲਾ ਮੱਥਾ ਚੁੰਮਣਾ।
ਜਨਾਜ਼ੇ
ਸਾਰੀ ਦੁਨੀਆਂ ਮਹਿਬੂਬ ਦੇ ਪੈਰਾਂ ਵਿੱਚ
ਰੱਖਣ ਦਾ ਦਾਅਵਾ ਕਰਨ ਵਾਲੇ,
ਆਸ਼ਿਕਾਂ ਦੇ ਜਨਾਜ਼ਿਆਂ ਉੱਪਰ
ਕਦੇ ਭੀੜ ਨਹੀਂ ਹੁੰਦੀ ।
ਭੀਖ ਨਹੀਂ
ਮੈਂ ਉਹਨੂੰ ਚਾਹੁੰਦਾ ਸੀ
ਉਹ ਕਿਸੇ ਹੋਰ ਨੂੰ ਚਾਹੁੰਦੀ ਸੀ।
ਉਸਨੇ ਕਿਹਾ
ਜੇ ਮੈਨੂੰ ਉਹ ਨਾ ਮਿਲਿਆ
ਤਾਂ ਮੈਂ ਤੇਰੀ ਆਂ
ਪਰ ਇਹ ਗੱਲ ਤਾਂ ਠੀਕ ਨਹੀਂ,
ਪਿਆਰ ਚਾਹੀਦਾ ਜਨਾਬ
ਭੀਖ ਨਹੀਂ।
ਕੈਦ
ਇੱਕ ਨਾਦਾਨ ਪਰਿੰਦਾ
ਪਿੰਜਰੇ ਵਿੱਚੋਂ ਅਜਾਦ ਹੋ
ਖੁਸ਼ੀ ਮਨਾਉਂਦਾ ਹੈ
ਤੇ ਸਮਾਜ ਵਿੱਚ ਆ
ਇਸ਼ਕ ਦੀਆਂ ਜੰਜੀਰਾਂ ਵਿਚ
ਜਕੜਿਆ ਜਾਂਦਾ ਹੈ।
ਤੈਰਾਕ
ਉਹ ਤੈਰਾਕ ਸੀ ਚੋਟੀ ਦਾ
ਸੋਨ ਤਗਮੇ ਜਿੱਤਣ ਵਾਲਾ,
ਖੌਰੇ ਇਸ਼ਕ ਦੇ ਸਮੁੰਦਰ ਵਿੱਚ
ਕਿੰਝ ਡੁੱਬ ਗਿਆ।
ਵੇਖਾਂ
ਜੋ ਮੈਂ ਵਾਂਗ ਸ਼ੁਦਾਈਆਂ
ਤੈਨੂੰ ਵੇਖਾਂ
ਸੂਰਜ ਮੱਚ ਰਿਹਾ ਤੈਥੋਂ
ਉਹ ਵੇਖ ਕੇ।
ਉਮੀਦ
ਜਜਬਾਤਾਂ ਦੀ ਪੰਡ ਸਿਰ ਤੇ ਧਰ
ਤੈਨੂੰ ਲੱਭਣ ਨਿਕਲਿਆ ਮੈਂ
ਸ਼ਾਇਦ ਅਗਲਾ ਸ਼ਹਿਰ ਤੇਰਾ ਹੈ
ਬੱਸ ਇਹੋ ਉਮੀਦ
ਮੈਨੂੰ ਰੁਕਣ ਨਹੀਂ ਦਿੰਦੀ ।
ਮਸਤ-ਮਲੰਗ
ਚਲੋ ਹਾਲ-ਚਾਲ ਪੁੱਛਦੇ ਹਾਂ
ਇਨ੍ਹਾਂ ਮਸਤ-ਮਲੰਗਾ ਤੋਂ ..
ਚਲੋ ਇਸ਼ਕ ਕਰਨਾ ਸਿੱਖਦੇ ਹਾਂ,
ਕੁਦਰਤ ਦੇ ਰੰਗਾਂ ਤੋਂ ..
ਰੰਗਾਂ ਦੇ ਵਿੱਚ ਰੰਗੇ ਜਾਈਏ,
ਆਜਾ ਘੁੱਟ ਗਲਵੱਕੜੀ ਪਾਈਏ,
ਆਜਾ ਅੱਜ ਨੂੰ ਜਿਉਂ ਲਈਏ
ਕੀ ਪਤਾ ਕੀ ਹੋਣਾ ਕੱਲ ਨੂੰ ।
ਮਦਹੋਸ਼
ਦੁਨੀਆਂ ਤਾਂ ਉਹਦਾ ਚਿਹਰਾ ਵੇਖ ਕੇ
ਮਦਹੋਸ਼ ਹੋ ਗਈ…
ਕੋਈ ਸਾਡਾ ਹਾਲ ਵੀ ਤਾਂ ਸੋਚੋ
ਅਸੀਂ ਤਾਂ ਫੇਰ ਉਹਨੂੰ
ਚੁੰਮਿਆ ਹੋਇਆ।
ਤੂੰ ਕੀ ਹੈ?
ਜੋ ਕਦੇ ਸਮਝ ਵਿੱਚ ਨਹੀਂ ਆਉਂਦੀ,
ਤੂੰ ਹਿਸਾਬ ਤਾਂ ਨਹੀਂ ?
ਜੋ ਹਰ ਰੋਜ਼ ਹੀ ਨਵਾਂ ਵਰਕਾ ਖੋਲੇ
ਤੂੰ ਕਿਤਾਬ ਤਾਂ ਨਹੀਂ ?
ਇਸ਼ਕ-ਇਸ਼ਕ ਨੂੰ
ਇਸ਼ਕ-ਇਸ਼ਕ ਨੂੰ ਕੋਲ ਬਿਠਾ ਕੇ
ਗੱਲ ਇਸ਼ਕ ਦੀ ਦੱਸਣ ਲੱਗਾ
ਇਸ਼ਕ ਨੂੰ ਇਸ਼ਕ ਦੀ ਤੜਫ ਵੇਖ
ਇਸ਼ਕ ਹੀ ਇਸ਼ਕ ਤੇ ਹੱਸਣ ਲੱਗਾ
ਵੇਖ ਬੁੱਲੀ ਉਹਦੇ ਜ਼ਿਕਰ ਇਸ਼ਕ ਦਾ
ਇਸ਼ਕ-ਇਸ਼ਕ ਤੇ ਮੱਚਣ ਲੱਗਾ
ਵੇਖ ਇਸ਼ਕ ਨੂੰ ਠੋਕਰ ਪੈਂਦੀ ਇਸ਼ਕ ਵਿੱਚ
ਇਸ਼ਕ ਹੀ ਖੁਸ਼ੀ ਵਿੱਚ ਨੱਚਣ ਲੱਗਾ
ਕੌਣ ਕਹਿੰਦਾ ਚੰਮਾਂ ਇਸ਼ਕ ਹੀ ਸਭ ਕੁਝ
ਇੱਥੇ ਇਸ਼ਕ ਹੀ ਇਸ਼ਕ ਨੂੰ ਡੱਸਣ ਲੱਗਾ
ਖੁਸ਼ਕਿਸਮਤੀ
ਜਦੋ ਵੀ ਤੇਰੇ ਨਾਲ ਗੁਫਤਗੂ ਹੁੰਦੀ ਹੈ,
ਮੈਂ ਉਸ ਸਮੇਂ ਖੁਦ ਨੂੰ
ਦੁਨੀਆ ਦਾ ਸਭ ਤੋਂ ਖੁਸ਼ਕਿਸਮਤ
ਇਨਸਾਨ ਸਮਝਦਾ ਹਾਂ।
ਸੱਤਾ ਦਿਨਾਂ ਦਾ ਜਾਦੂ
ਸੋਮਵਾਰ ਨੂੰ ਪੀਲਾ ਸੂਟ ਪਾਇਆ,
ਲਾਲ ਰੰਗ ਨਾਲ ਮੰਗਲ ਨੂੰ ਰੰਗੀ ਹੋਈ..
ਬੁੱਧਵਾਰ ਚਿੱਟਾ ਸ਼ਰਾਰਾ ਪਾ ਕੇ,
ਜਿੰਦ ਵੀਰਵਾਰ ਦੀ ਸੂਲੀ ਟੰਗੀ ਹੋਈ..
ਸ਼ੱਕਰ ਨੂੰ ਉਨਾਬੀ ਤੇ ਰਾਜ ਕੀਤਾ,
ਰੰਗ ਗੁਲਾਬੀ ਸ਼ਨੀ ਨੂੰ ਨਿੱਖਰ ਗਿਆ..
ਤੇ ਐਤਵਾਰ ਨੂੰ ਕਾਲੇ ਸੂਟ ਦਾ ਚਰਚਾ
ਬੱਦਲ ਚੀਰ ਕੇ ਰੱਬ ਦੇ ਤੀਕਰ ਗਿਆ।
ਹੰਝੂ
ਜੇ ਕੀਮਤੀ ਹੰਝੂ
ਬੇਕੀਮਤ ਮੈਂ ਵਹਾਵਾ
ਤਾਂ ਕਾਹਦਾ ਸ਼ਾਇਰ ਕਹਾਵਾਂ।
ਤੁਸੀਂ ਕੀ ਜਾਣੋ ਮੈਂ ਕੌਣ
ਤੁਸੀਂ ਕੀ ਜਾਣੋ ਮੈਂ ਕੌਣ
ਮੈਂ ਤਾਂ ਕਦੇ ਖੁਦ ਨੂੰ ਵੀ
ਖੁੱਲ੍ਹ ਕੇ ਨਹੀਂ ਮਿਲਿਆ...
ਮੈਂ ਉਹ ਗੁਲਾਬ ਹਾਂ
ਜੋ ਕਦੇ ਵੀ ਨਹੀਂ ਖਿੜ੍ਹਿਆ,
ਇੱਕ ਰੇਤਲੀ ਸੜਕ ਉੱਪਰ
ਗੀਝੇ 'ਚੋਂ ਡਿੱਗਿਆ ਪਤਾਸਾ ਹਾਂ ਮੈਂ...
ਲੋਕਾਂ ਦੇ ਹਾਸੇ ਲਈ
ਮਹਿਜ ਇੱਕ ਤਮਾਸ਼ਾ ਹਾਂ ਮੈਂ ।
ਇੱਕ ਬਹਾਨਾ
ਸਿਰਫ ਇੱਕ ਬਹਾਨਾ ਹੋਰ ਚਾਹੀਦਾ
ਆਪਣੇ ਦੋਹਾਂ ਨੂੰ...
ਮੈਨੂੰ ਤੇਰੇ ਹੋਰ ਨੇੜੇ ਆਉਣ ਲਈ
ਤੇ
ਤੈਨੂੰ ਮੇਰੇ ਤੋਂ ਹੋਰ ਦੂਰ ਜਾਣ ਲਈ।
ਨਿਗਾਹਾਂ
ਆਸ਼ਿਕਾਂ ਦੀਆਂ ਨਿਗਾਹਾਂ
ਸੂਰਤਾਂ ਨਹੀਂ, ਸੀਰਤਾਂ ਵੇਖਦੀਆਂ ਨੇ,
ਜਿਸਮ ਨਹੀਂ, ਰੂਹਾਂ ਵੇਖਦੀਆਂ ਨੇ,
ਜੋ ਸਿਰਫ ਜਿਸਮ ਦੇਖਦੇ ਨੇ
ਉਹ ਕੋਈ ਹੋਰ ਹੁੰਦੇ ਨੇ..
ਮਾਫ਼ ਕਰਨਾ
ਸ਼ਾਇਦ ਉਹ ਚੋਰ ਹੁੰਦੇ ਨੇ ।
ਸਰਹੱਦ
ਤੇਰੇ ਇਸ਼ਕ ਦੀ ਕਿਤਾਬ ਨੂੰ
ਹਰ ਰੋਜ਼ ਮੈਂ ਪੜ੍ਹਨਾ ਚਾਹੁੰਦਾ ਹਾਂ
ਤੇਰੇ ਲਈ ਹਰ ਇੱਕ ਰਾਤ ਨੂੰ
ਬਣ ਦੀਵਾ ਬਲਣਾ ਚਾਹੁੰਦਾ ਹਾਂ
ਪਿਆਰ ਕਬੂਲ ਕੇ ਮੇਰਾ ਵੇਖ ਤਾਂ ਸਹੀ
ਅਣਗੌਲਿਆਂ ਕਰਦੇ ਇਹਨਾਂ ਸ਼ਾਸਕਾਂ ਨੂੰ
ਕੋਈ ਸਰਹੱਦ ਵੀ ਕਿੱਥੇ ਰੋਕ ਸਕਦੀ
ਇਨ੍ਹਾਂ ਪੰਛੀਆਂ ਨੂੰ ਤੇ ਇਹਨਾਂ ਆਸ਼ਕਾਂ ਨੂੰ ।
ਪੱਥਰ
ਸੱਜਣ ਦੀ ਅੱਖ
ਜਿਸ ਦਿਨ ਪੱਥਰ ਬਣ ਜਾਵੇ,
ਇਸ਼ਕ ਦਾ ਭਰਿਆ ਘੜਾ
ਆਖ਼ਿਰ ਫੁੱਟ ਹੀ ਜਾਂਦਾ ਹੈ।
ਖਾਤਾ
ਉਹਦੇ ਨਾਂ ਦਾ ਖਾਤਾ ਲਾਇਆ ਮੈਂ..
ਤਾਂਹਣੇ, ਮਹਿਣੇ ਤੇ ਨਰਾਜ਼ਗੀ ਦਾ,
ਕੁੱਲ ਜੋੜ ਲਾ ਕੇ ਰੱਖਿਆ ਸੀ..
ਉਹ ਆਈ
ਮੈਨੂੰ ਗਲ ਨਾਲ ਲਾਇਆ
ਤੇ ਸਾਰੇ ਖਾਤੇ ਉੱਪਰ ਕਾਟਾ ਮਾਰ ਦਿੱਤਾ।
ਇਤਰਾਜ਼
ਇਸ਼ਕ ਇੰਤਜ਼ਾਰ ਦਾ ਸ਼ਹਿਰ ਹੈ,
ਇੱਥੇ ਇਤਰਾਜ ਦਾ
ਕੋਈ ਵਜੂਦ ਨਹੀਂ।
ਮੈਂ ਨਹੀਂ
ਮੇਰੇ ਵਿੱਚ ਤੂੰ ਏ
ਕਵਿਤਾਵਾਂ ਵੀ ਨੇ..
ਤੇ
ਕਵਿਤਾਵਾਂ ਵਿੱਚ ਤੂੰ ਏ
ਤੇ
ਮੈਂ ਵੀ ਹਾਂ
ਪਰ ਤੇਰੇ ਵਿੱਚ ਮੈਂ ਨਹੀਂ।
ਕਲਯੁੱਗੀ ਸੱਚਾਈ
ਰਿਸ਼ਤਿਆਂ ਦੀ ਗੱਲ - ਮਜਾਕ ਦੀ ਗੱਲ਼
ਸਮਾਨ-ਅਰਥੀ
ਉਦੋਂ ਅਸ਼ਿਕ ਕੀ ਕਰੇ
ਕਿੱਧਰ ਨੂੰ ਜਾਵੇ,
ਕੀ ਸਮਝੇ, ਕੀ ਸਮਝਾਵੇ,
ਜਦੋਂ ਪਿਆਰ ਤੇ ਮਜ਼ਾਕ
ਸਮਾਨ-ਅਰਥੀ ਬਣ ਜਾਣ।
ਚੁਟਕੁਲਾ
ਮੈਂ ਕਿਹਾ ਮੈਨੂੰ ਕੋਈ ਚੁਟਕੁਲਾ ਸੁਣਾਓ
ਤੇ ਜਨਾਬ ਕਹਿੰਦੇ
ਮੈਂ ਤੁਹਾਨੂੰ ਸੱਚਾ ਪਿਆਰ ਕਰਦਾ ਹਾਂ ।
ਔਰਤ
ਇੱਕ ਔਰਤ ਮਰਦ ਪੈਦਾ ਕਰਦੀ ਹੈ
ਤਾ-ਉਮਰ ਉਸਦੀ ਅਧੀਨਗੀ ਕਰਨ ਲਈ।
ਔਰਤ ਜਾਤ
ਔਰਤ ਨੂੰ ਸਿਰਫ਼
ਕੰਮ ਲਈ ਜਾਂ ਕਾਮ ਲਈ
ਹੀ ਨਾ ਸਮਝੋ..
ਪਿਆਰ, ਇਤਬਾਰ ਤੇ ਸਤਿਕਾਰ
ਦੀ ਵੀ ਹੱਕਦਾਰ ਹੈ
ਹਰ ਔਰਤ ।
ਰੁੱਸਣਾ ਮਨਾ ਹੈ
ਬਿਨਾਂ ਮਨਾਉਣ ਵਾਲਿਆਂ ਤੋਂ
ਰੁੱਸਣਾ ਮਨਾ ਹੈ,
ਖ਼ੁਦ ਦਿਲ ਦਾ ਹਾਲ ਦੱਸ ਕੇ
ਪੁੱਛਣਾ ਮਨਾ ਹੈ,
ਤੂੰ ਕੀ ਚਾਹੁਣਾ, ਉਹ ਤੈਨੂੰ ਲੱਭੇ ?
ਮੇਰੇ ਦੋਸਤ ਲੁਕਣਾ ਮਨਾਂ ਹੈ।
ਕਮਾਲ ਕਰਦਾ ਏਂ
ਇਸ਼ਕ ਕਰਦਾ ਏਂ
ਤੇ ਸਵਾਲ ਕਰਦਾ ਏਂ
ਕਮਾਲ ਕਰਦਾ ਏਂ ...
ਖੁੱਦ ਹੱਸ ਕੇ
ਮੰਦੜਾ ਹਾਲ ਕਰਦਾ ਏਂ
ਕਮਾਲ ਕਰਦਾ ਏਂ ...
ਮੋਤੀਆਂ ਦੀ ਝਲਕ ਜਿਹੀ
ਮੋਰਾਂ ਦੀ ਪਲਕ ਜਿਹੀ
ਅੱਖ ਸੱਜਣ ਦੀ
ਲਾਲ ਕਰਦਾ ਏਂ
ਕਮਾਲ ਕਰਦਾ ਏਂ ...
ਆਖ਼ਰੀ ਦੀਦਾਰ
ਅੱਜ ਸਾਰੀ ਰਾਤ
ਚੰਦ ਦਾ ਦੀਦਾਰ ਕਰਨਾ ਹੈ,
ਸ਼ਾਇਦ ਆਖਰੀ ਵਾਰ।
ਕੱਲ ਸਾਡਾ ਚੰਦ
ਕਿਸੇ ਹੋਰ ਦੀ ਛੱਤ ਤੇ ਹੋਵੇਗਾ।
ਇਬਾਦਤ
ਹੁਣ ਕੰਡਿਆਂ ਵਰਗੇ ਤਿੱਖੇ ਬੋਲ
ਲਿਖ ਨਹੀਂ ਹੁੰਦੇ,
ਬੱਸ ਫੁੱਲਾਂ ਵਾਂਗੂੰ ਬਗ਼ੀਚਿਆਂ ਵਿੱਚ
ਇਸ਼ਕ ਭਰ ਰਿਹਾ,
ਜਦੋਂ ਦਾ ਤੈਨੂੰ ਵੇਖਿਆ ਮੈਂ,
ਬੱਸ ਤੇਰੀ ਹੀ ਇਬਾਦਤ ਕਰ ਰਿਹਾ।
ਦੀਦ
ਅਕਸਰ ਹੀ ਮੈਂ ਮੁੜ ਜਾਣਾ,
ਤੇਰੇ ਪਿੰਡ ਦਿਆਂ ਰਾਹਾਂ ਤੋਂ...
ਦਿਲ ਵਿੱਚ ਤੇਰੀ ਦੀਦ ਦੀ
ਇੱਕ ਉਮੀਦ ਜਿਹੀ ਲੈਕੇ।
ਇਸ਼ਕ ਦੀ ਕੋਠੜੀ
ਇਸ਼ਕ ਦੀਆਂ ਕੋਠੜੀਆਂ ਦੇ
ਜਿੰਦੇ ਖੁੱਲ੍ਹੇ ਸਨ,
ਜਿਸਮਾਂ ਨਾਲ,ਪੈਸਿਆਂ ਨਾਲ,
ਪਰ ਕੈਦੀ ਇਕ ਅਸ਼ਿਕ ਸੀ
ਕੋਈ ਚੋਰ ਨਹੀਂ
ਤਾਹੀਂ ਤਾ ਫ਼ਰਾਰ ਨਹੀਂ ਹੋਇਆ।
ਕਾਹਦਾ ਅਸ਼ਿਕ
ਭੱਖੜਾ, ਕੱਚ, ਅੰਗਾਰੇ,
ਖੋਰੇ ਕੀ ਕੀ ਮਿਲਣਾ ਇਸ਼ਕ ਦੇ ਰਾਹਵੇ..
ਤੇ ਜੇ ਤੂੰ ਨੰਗੇ ਪੈਰੀਂ ਨਾ ਚੱਲੇ
ਤਾਂ ਕਾਹਦਾ ਆਸ਼ਕ ਕਹਾਵੇ।
ਅੱਖਾਂ
ਮੈਂ ਤਾ ਉਮਰ
ਉਹਦੀਆਂ ਅੱਖਾਂ ਵਿੱਚੋਂ ਵੇਖ ਸਕਦਾ..
ਪਰ ਮੇਰੀ ਵੀ ਇਕ ਸ਼ਰਤ ਹੈ
ਉਹ ਕਦੇ ਵੀ ਆਪਣੀਆਂ ਅੱਖਾਂ ਨਾਂ ਚੁਰਾਵੇ।
ਟੁਕੜੇ
ਟੁਕੜੇ ਟੁਕੜੇ ਹੋ ਜਾਂਦੇ
ਖੁਦ ਟੁਕੜਾ ਟੁਕੜਾ ਸਾਂਭਣ ਵਾਲੇ।
ਵਿਆਹ
ਜਾਤਾਂ ਨਾਲ ਜਾਤਾਂ
ਵਿਆਹੀਆਂ ਜਾ ਰਹੀਆ ਨੇ,
ਰੂਹਾਂ ਵਾਲੇ ਵੇਖੋ
ਇਕੱਲੇ ਫਿਰਦੇ ਨੇ।
ਉਦਾਸੀ
ਹਾਲ ਮੇਰਾ ਵੇਖ
ਮੁਰਝਾ ਗਏ ਸਾਰੇ
ਫੁੱਲਾਂ ਤੋਂ ਉਦਾਸੀ ਮੇਰੀ
ਵੇਖੀ ਨਾ ਗਈ।
ਰੱਬ
ਜੇ ਇਸ਼ਕ ਨੂੰ ਹੀ
ਰੱਬ ਮੰਨਦੇ,
ਰੱਬ ਵੀ ਉਹਨਾਂ ਦਾ
ਆਸ਼ਿਕ ਹੋ ਜਾਂਦਾ।
ਮੁਲਾਕਾਤ
ਉਹ ਆਪਣੇ ਆਪ ਨੂੰ
ਮੇਰੇ ਤੋਂ ਵੱਧ ਨਹੀਂ ਜਾਣਦਾ,
ਕਿਵੇਂ ਜਾਣ ਸਕਦਾ..
ਕਿਉਂਕਿ ਉਸਦਾ ਅੱਧ ਤਾਂ ਮੈਂ ਹਾਂ
ਤੇ ਮੇਰੇ ਨਾਲ ਕਦੇ ਉਹਦੀ
ਮੁਲਾਕਾਤ ਹੀ ਨਹੀਂ ਹੋਈ।
ਜਿਉਣਾ ਸਿੱਖੋ
ਪੱਥਰਾਂ ਨੂੰ ਰੱਖ ਕੇ ਪਾਸੇ
ਖੁਦ ਚੋ ਰੱਬ ਧਿਆਉਣਾ ਸਿੱਖੋ..
ਦਿਲ ਤੇ ਲੱਗੇ ਫੱਟਾ ਨੂੰ
ਆਪਣੇ ਆਪ ਹੀ ਸਿਉਣਾ ਸਿੱਖੋ..
ਇਸ਼ਕ ਦੇ ਪੈਂਡੇ ਘੁੱਟ ਸਬਰ ਦਾ
ਰੀਝਾਂ ਨਾਲ ਪਿਆਉਣਾ ਸਿੱਖੋ...
ਗਲਤ ਸੰਗਤੇ ਭਟਕੇ ਦਿਲ ਨੂੰ
ਸਿੱਧੇ ਰਾਹੀ ਲਿਆਉਣਾ ਸਿੱਖੋ..
ਕਿਸੇ ਹੋਰ ਲਈ ਮਰਨ ਤੋਂ ਚੰਗਾ
ਖੁਦ ਲਈ ਜਿਉਣਾ ਸਿੱਖੋ।
ਅਦਭੁੱਤ ਨਜ਼ਾਰਾ
ਕਿਆ ਅਦਭੁੱਤ ਨਜਾਰਾ
ਇਸ਼ਕ ਦਾ ਹੋਵੇ,
ਯਾਰ ਨਾਲ ਹੋਵੇ ਤਾਂ
ਖੰਡਰ ਵੀ ਸਵਰਗ ਲੱਗਦੇ ਨੇ।
ਚੰਦ ਦੇ ਵਰਗਾ
ਉਹਦਾ ਇਸ਼ਕ ਮੇਰੇ ਲਈ
ਚੰਦ ਦੇ ਵਰਗਾ ਏ,
ਜੋ ਮੈਨੂੰ ਸਾਫ਼ ਸਾਫ਼ ਦਿਖਦਾ ਤਾਂ ਹੈ
ਪਰ ਕਦੇ ਵੀ
ਮੇਰਾ ਨਹੀਂ ਹੋ ਸਕਦਾ।
ਨੂਰ
ਰੱਬ ਵੀ ਤੈਨੂੰ ਬਣਾ
ਫ਼ਿਦਾ ਹੋ ਗਿਆ ਹੋਣਾ,
ਐਵੇ ਤਾਂ ਨੀ ਡੁੱਲ੍ਹਦਾ
ਇਨ੍ਹਾਂ ਨੂਰ ਮੁੱਖੜੇ ਤੋਂ।
ਇੱਕ ਵਾਰੀ
ਕਹਿੰਦੇ ਪਿਆਰ ਸਿਰਫ਼ ਇੱਕ ਵਾਰ ਹੁੰਦਾ
ਤੇ ਅਫਸੋਸ
ਅਸੀਂ ਉਹ ਵਾਰੀ ਵੀ
ਗ਼ਲਤ ਇਨਸਾਨ ਨੂੰ ਕਰ ਬੈਠੇ।
ਕਿਸਮਤ
ਕਿਸਮਤ ਨੂੰ ਕਾਹਦਾ
ਕਿਸਮਤ ਮੰਨੀਏ
ਜੇ ਕਿਸਮਤ ਦੇ ਵਿੱਚ
ਤੂੰ ਨਾ।
ਭੇਸ
ਚਿੱਟੇ ਰੰਗ ਦਾ ਦਿਲ ਸਾਡਾ
ਕਾਲੇ ਰੰਗ ਦੇ ਲੇਖ ਨੇ,
ਰਾਂਝੇ ਵਰਗਾ ਇਸ਼ਕ ਹੈ ਸਾਡਾ
ਫਕੀਰਾਂ ਵਰਗੇ ਭੇਸ ਨੇ।
ਸੋਚ
ਜਿਨ੍ਹਾਂ ਦੀ ਸੋਚ ਸਿਰਫ਼
ਕਾਮ ਤੇ ਆ ਖੜ੍ਹਦੀ ਹੈ,
ਉਹ ਕਦੇ ਵੀ
ਇਸ਼ਕ ਨਹੀਂ ਕਰ ਸਕਦੇ।
ਜੰਨਤ
ਐਸੀ ਜੰਨਤ ਸਮਾਈ ਸੀ
ਉਨ੍ਹਾਂ ਨੈਣਾਂ ਵਿੱਚ,
ਅਸੀਂ ਇੱਕ ਵਾਰ ਕੀ ਤੱਕਿਆ
ਖ਼ੁਦਾ ਕਸਮ
ਖੁਦਾ ਭੁੱਲ ਗਏ।
ਹੱਕ
ਜੇ ਮੈਂ ਚਾਹਵਾਂ ਤਾਂ
ਮਿੰਟਾਂ ਵਿੱਚ ਘੁੰਮਾ ਸਕਦਾ
ਮੇਰੀ ਗ਼ਜਲ ਵਿਚ ਤੇਰੇ ਕਿਰਦਾਰ ਨੂੰ..
ਪਰ ਮੇਰੀ ਕਲਮ ਮੈਨੂੰ
ਝੂਠ ਲਿਖਣ ਦੀ ਇਜਾਜ਼ਤ ਨਹੀਂ ਦਿੰਦੀ
ਕਮੀਆਂ
ਕੀ ਕਮੀਆਂ ਨੇ ਮੇਰੇ ਵਿੱਚ
ਉਹਦੇ ਨਿਕਾਹ ਉੱਪਰ
ਉਹਦੇ ਸਾਹਮਣੇ ਬੈਠ ਕੇ
ਉਹਦੇ ਸ਼ੌਹਰ ਨੂੰ ਵੇਖ ਕੇ
ਮੈਂ ਦੂਰ ਕਰਨੀਆਂ ਨੇ।
ਸ਼ੱਕ
ਮੇਰੇ ਇਸ਼ਕ ਉੱਪਰ
ਕਦੇ ਵੀ ਸ਼ੱਕ ਨਾ ਕਰਨਾ,
ਮੈਂ ਵੱਜਦੇ ਢੋਲ ਨਗਾਰਿਆਂ ਵਿੱਚ
ਵੀ ਸੁਣ ਲੈਂਦਾ ਹਾਂ,
ਉਹਦੀਆਂ ਝਾਂਜਰਾਂ ਦੇ ਬੋਰਾਂ ਦੀ ਆਵਾਜ਼।
ਅਲਵਿਦਾ
ਬੱਸ ਕੁਝ ਵਕਤ ਹੋਰ
ਮੈਂ ਅਲਵਿਦਾ ਕਹਿ ਦੇਣਾ..
ਤੇਰੇ ਇਸ਼ਕ ਨੂੰ,
ਮੇਰੇ ਖਿਆਲਾਂ ਨੂੰ ।
ਪੀਰਾ
ਪੀਰਾ ਕਰ ਕੋਈ ਇਬਾਦਤ
ਮੈਂ ਆਪਣਾ ਸਿਖ਼ਰ ਲਿਖਣਾ ਏ,
ਮੈਂ ਇੱਕ ਬੇਵਫ਼ਾ ਦਾ
ਜ਼ਿਕਰ ਲਿਖਣਾ ਏ।
ਮੁਹੱਬਤੇ
ਅਸੀਂ ਕਿੱਥੇ ਜਾਈਏ
ਸਾਦਗੀ ਨੂੰ ਲੈ ਕੇ
ਲੋਕੀਂ ਤਾਂ ਸ਼ਿੰਗਾਰ ਮੰਗਦੇ,
ਸੁਣ ਜਿਸਮਾਂ ਦੀ ਭੁੱਖੀਏ ਮੁਹੱਬਤੇ
ਕੁਝ ਰੂਹਾਂ ਵਾਲੇ ਪਿਆਰ ਮੰਗਦੇ।
ਖਤਰਾ
ਜੇ ਬਾਹਰ ਹਰ ਥਾਂ ਖਤਰਾ ਹੈ
ਤਾਂ
ਅਸੀਂ ਖੁਦ ਵਿੱਚ ਕਿਹੜਾ ਮਹਿਫੂਜ ਹਾਂ।
ਪਰਿੰਦੇ
ਭਟਕਣਾ ਸਾਡੀ ਕਿਸਮਤ ਨਹੀਂ, ਇਸ਼ਕ ਹੈ ਸਾਡਾ,
ਤੇ ਇਸ਼ਕ ਨਾਲ ਲਵਰੇਜ਼ ਪਰਿੰਦੇ
ਕਦੇ ਬਨੇਰਿਆਂ ਉੱਪਰ ਨਹੀਂ ਬਹਿੰਦੇ।
ਸਲੀਕਾ
ਚਾਹੇ ਅੰਬਰਾਂ ਦੇ ਚੰਦ ਦਾ
ਇੱਕ ਖਾਸ ਸਲੀਕਾ ਹੈ,
ਪਰ ਤੇਰੇ ਹੁਸਨ ਅੱਗੇ
ਤਾਂ ਉਹ ਵੀ ਫਿੱਕਾ ਹੈ।
ਦਾਣੇ
ਮੇਰੇ ਹੱਥ ਦੀ ਬੰਦ ਮੁੱਠੀ
ਤੇ ਵਿੱਚ ਸੱਤ ਮੱਕੀ ਦੇ ਦਾਣੇ,
ਇੱਕ ਤਾਂ ਮੇਰੇ ਮੁਰਸ਼ਦ ਦਾ
ਤੇ ਦੇ ਖੈਰ ਫ਼ਕੀਰ ਨੂੰ ਪਾਣੇ,
ਵਿਚੋ ਇੱਕ ਦਾਣਾ ਮੈਂ ਖਾ ਲੈਣਾ
ਤੇ ਦੋ ਚਿੜੀਆਂ ਨੂੰ ਮੈਂ ਪਾਣੇ,
ਤੇ ਕਿਸੇ ਭੁੱਖੇ ਮੁਸਾਫਿਰ ਦੀ ਆਸ ਵਿੱਚ
ਇੱਕ ਦਾਣਾ ਰੱਖ ਲਿਆ ਸਿਰਹਾਣੇ।
ਜਰੂਰੀ ਨਹੀਂ
ਪਿਆਰ ਬਦਲੇ ਪਿਆਰ ਮਿਲੇ
ਇਹ ਜਰੂਰੀ ਤਾਂ ਨਹੀਂ
ਕਦੇ ਕਦੇ ਕੁਝ ਪਾਉਣ ਲਈ
ਕੁਝ ਗਵਾਉਣਾ ਵੀ ਪੈਂਦਾ ਹੈ।
ਸਭ ਕੁਝ
ਮੇਰੇ ਕੋਲ ਸਭ ਕੁਝ ਹੈ
ਪਰ ਅਫ਼ਸੋਸ
ਮੇਰੇ ਕੋਲ ਕੁਝ ਵੀ ਨਹੀਂ।
ਖੁੱਲੀ ਕਿਤਾਬ
ਖੁੱਲ੍ਹੀ ਕਿਤਾਬ ਨੂੰ
ਸੋਖਾ ਪੜ੍ਹ ਤਾਂ ਸਕਦੇ ਹੋ
ਪਰ ਸੌਖਾ ਸਮਝ ਨਹੀਂ ਸਕਦੇ,
ਮੇਰੀ ਫ਼ਿਤਰਤ ਵੀ ਕੁਝ ਅਜਿਹੀ ਹੀ ਹੈ।
ਮੁਹੱਬਤ
ਜੇ ਉਹਦੇ ਨਾਲ ਹੋਈ
ਉਹ ਮੁਹੱਬਤ ਹੀ ਸੀ
ਤਾਂਹੀ ਤਾਂ ਪੂਰੀ ਨਹੀ ਹੋਈ,
ਜੇ ਉਹ ਪੂਰੀ ਹੋ ਜਾਂਦੀ
ਤਾਂ ਉਹ ਮੁਹੱਬਤ ਨਾ ਰਹਿੰਦੀ
ਕਿਉਂਕਿ ਕਦੇ ਨਾ ਕਦੇ
ਮੇਰੀ ਹਵਸ ਅੱਗੇ
ਹਾਰ ਜਾਣਾ ਸੀ ਉਸਨੇ।
ਹੰਝੂ
ਕਿਉਂ ਗਿੱਲਾ ਰੱਖਦਾ ਸਾਨੂੰ
ਥੋੜ੍ਹਾ ਸੁੱਕ ਲੈਣ ਦੇ,
ਮੈਨੂੰ ਅੱਖਾਂ ਨੇ ਜਦ ਕਿਹਾ
ਮੈਂ ਵਾਦਾ ਕੀਤਾ ਅੱਖਾਂ ਨਾਲ
ਕਿ ਅੱਜ ਤੋਂ ਬਾਦ ਨਹੀਂ ਰੋਵਾਂਗਾ
ਪਰ ਮੈਂ ਵਾਦਾ ਕਰਕੇ ਭੁੱਲ ਗਿਆ
ਮੈਂ ਤੇਰੇ ਚੇਤੇ ਦੇ ਨਾਲ ਖੁੱਲ੍ਹ ਗਿਆ,
ਤੇ ਫੇਰ ਮੇਰਾ ਇੱਕ ਹੰਝੂ ਡੁੱਲ ਗਿਆ।
ਰੌਸ਼ਨੀ
ਉਹਨਾਂ ਦੀ ਜ਼ਿੰਦਗੀ ਵਿੱਚ
ਰੌਸ਼ਨੀ ਬਣ ਗਿਆ ਮੈਂ,
ਉਹ ਹਨੇਰੇ ਵਿੱਚ ਜਦ ਹੋਵਣ
ਮੈਨੂੰ ਚੇਤੇ ਕਰਦੇ ਨੇ।
ਜਦੋਂ ਉਹਦੀ ਵਾਰੀ ਆਈ
ਜਦ ਵੀ ਉਹ ਰੁੱਸੀ, ਹਰ ਵਾਰ ਮਨਾਇਆ ਮੈਂ,
ਜਦ ਵੀ ਉਹ ਰੋਈ, ਹਰ ਵਾਰ ਹਸਾਇਆ ਮੈਂ,
ਪਰ ਹੁਣ ਜਦੋਂ ਉਹਦੀ ਵਾਰੀ ਆਈ, ਹੱਕ ਜਤਾਉਣ ਦੀ..
ਉਹ ਕਹਿੰਦੀ ਇਸ਼ਕ,ਪਿਆਰ,ਮੁਹੱਬਤ
ਸਭ ਕਿਤਾਬੀ ਗੱਲਾਂ ਨੇ।
ਮੇਰੀ ਬਸਤੀ ਦੇ ਮੋੜ ਉੱਪਰ
ਮੇਰੀ ਬਸਤੀ ਦੇ ਮੋੜ ਉੱਪਰ
ਅੱਜ ਗੂੰਗਾ ਬੋਲ ਪਿਆ
ਉਹਨੂੰ ਵੇਖ ਕੇ ਉਹਦਾ ਨਾਮ…
ਮੇਰੀ ਬਸਤੀ ਦੇ ਮੋੜ ਉੱਪਰ
ਬੋਲੇ ਨੇ ਆ ਸੁਣ ਲਿਆ
ਗੂੰਗੇ ਨੇ ਬੋਲਿਆ ਉਹਦਾ ਨਾਮ..
ਮੇਰੀ ਬਸਤੀ ਦੇ ਮੋੜ ਉੱਪਰ
ਅੰਨ੍ਹੇ ਨੇ ਵੀ ਦਰਸ਼ਨ ਕਰ ਲਏ
ਬੱਸ ਸੁਣ ਕੇ ਉਹਦਾ ਨਾਮ...
ਮੇਰੀ ਬਸਤੀ ਦੇ ਮੋੜ ਉੱਪਰ
ਲੰਗੜੇ ਭੱਜ ਵੇਖਣ ਆਏ ਉਹਨੂੰ
ਬਸ ਸੁਣਕੇ ਉਹਦਾ ਨਾਮ...
ਮੇਰੇ ਦੋਸਤ
ਮੈਂ ਕਸ਼ ਨੂੰ ਖਿੱਚਾਂ ਕਸ ਕੇ
ਮੈਂ ਅੰਦਰੋਂ ਕਿੰਨਾ ਇਕੱਲਾ ਹਾਂ
ਕੀ ਫਾਇਦਾ ਕਿਸੇ ਨੂੰ ਦੱਸ ਕੇ
ਜੇ ਮੇਰੀ ਸਾਦਗੀ ਪਸੰਦ ਆਈ ਨਾ
ਫਿਰ ਮੈਂ ਕੀ ਲੈਣਾ ਜੱਚ ਕੇ
ਅਸੀਂ ਉੱਜੜੇ ਸ਼ਹਿਰਾਂ ਦੇ ਵਾਸੀ ਆਂ
ਮੇਰੇ ਦੋਸਤ ਥੋੜਾ ਬਚ ਕੇ।
ਮਜ਼ਬੂਰ ਕਰ ਗਏ
ਉਹਦੇ ਰਾਹਾਂ ਤੇ ਚੱਲਣ ਲਈ
ਮਜਬੂਰ ਕਰ ਗਏ
ਉਹਦੇ ਪੈਰਾਂ ਦੇ ਨਿਸ਼ਾਨ...
ਚੱਕ ਰੇਤਾ ਚੁੰਮਣ ਲਈ
ਮਜਬੂਰ ਕਰ ਗਏ
ਉਹਦੇ ਪੈਰਾਂ ਦੇ ਨਿਸ਼ਾਨ...
ਸਾਰਾ ਆਲਮ ਭੁੱਲਣ ਲਈ
ਮਜਬੂਰ ਕਰ ਗਏ
ਉਹਦੇ ਪੈਰਾਂ ਦੇ ਨਿਸ਼ਾਨ...
ਬਣ ਸ਼ਦਾਈ ਝੂੰਮਣ ਲਈ
ਮਜਬੂਰ ਕਰ ਗਏ
ਉਹਦੇ ਪੈਰਾਂ ਦੇ ਨਿਸ਼ਾਨ...
ਪੁਰਾਣੀਆਂ ਤਸਵੀਰਾਂ
ਮੈਂ ਸਾਰੀਆਂ ਪੁਰਾਣੀਆਂ ਤਸਵੀਰਾਂ
ਅੱਜ ਵੀ ਵੇਖ ਲੈਂਦਾ ਹਾਂ,
ਮੈਂ ਇਸ਼ਕ ਦਾ ਠਰਿਆ
ਅੱਖਾਂ ਸੇਕ ਲੈਂਦਾ ਹਾਂ,
ਚਲੋ... ਮੈਂ ਤਾਂ ਰੱਬ ਮੰਨਿਆ ਸੀ ਉਹਨੂੰ
ਏਸੇ ਲਈ ਮੱਥਾ ਟੇਕ ਲੈਂਦਾ ਹਾਂ।
ਕਾਬਿਲ
ਮੁਹੱਬਤ ਵਿੱਚ ਪਿਆਰ ਤੋਂ ਵੱਧ
ਕੋਈ ਅਜੀਜ ਸ਼ੈਅ ਨਾ ਹੋਈ,
ਜੋ ਪਿਆਰ ਦੇਣ ਦੇ ਕਾਬਿਲ ਚੰਮਾ
ਉਹਤੋਂ ਅਮੀਰ ਆਸ਼ਕ ਨਾ ਕੋਈ...
ਰੱਬ ਉਲ਼ਝ ਗਿਆ ਹੈ
ਮੇਰੇ ਹੰਝੂ ਰੱਬ ਨੇ ਵੇਖੇ ਨੇ
ਤੇ ਤੂੰ ਰੱਬ ਨੂੰ ਮੰਨਦਾ ਯਾਰਾ...
ਰੱਬ ਉਲਝ ਗਿਆ ਹੈ।
ਰਾਤਾਂ
ਰਾਤਾਂ ਤਾਂ ਸਿਰਫ਼
ਆਸਿਕਾਂ ਦੀਆਂ ਹੁੰਦੀਆਂ ਨੇ,
ਬਾਕੀਆਂ ਲਈ ਤਾਂ ਬਸ
ਇੱਕ ਆਰਾਮ ਦਾ ਜਰੀਆ ਹੈ।
ਫ਼ੇਰ ਮਿਲਾਗੇ
ਸਿਰਫ਼ ਦੋਸਤ ਨਹੀਂ ਸੀ ਆਪਾ
ਰਾਜ ਸਾਂਝੇ ਕੀਤੇ ਸੀ ਦਿਲਾਂ ਦੇ..
ਚਾਹੇ ਵੱਖ ਵੱਖ ਰਾਹੇ ਚੱਲੇ ਆਪਾ
ਪਰ ਕੋਈ ਨਾ ਆਪਾ ਫ਼ੇਰ ਮਿਲਾਗੇ।
ਨਾਇਬ
ਤੂੰ ਹੱਸਦੀ ਰਿਹਾ ਕਰ,
ਰੱਬ ਦੀਆਂ ਨਾਇਬ ਕਾਰੀਗਰੀਆਂ
ਗਿੱਲੀਆਂ ਸੋਹਣੀਆਂ ਨਹੀਂ ਲਗਦੀਆਂ।
ਮੌਤ
ਹੁਣ ਸਭ ਕੁਝ ਮੇਰੇ
ਅਨੁਸਾਰ ਹੋਣ ਲੱਗਿਆ,
ਲੱਗਦਾ ਮੌਤ ਨੇੜੇ ਹੈ।
ਰਾਧਾ - ਕ੍ਰਿਸ਼ਨ
ਚਾਹੇ ਪਿਆਰ ਚ ਲੱਖਾਂ ਬਾਧਾ ਵੇਖਾਂ,
ਪਰ ਕ੍ਰਿਸ਼ਨ ਨਾਲ ਬਸ ਰਾਧਾ ਵੇਖਾਂ,
ਉਂਝ ਦੁਨੀਆ ਲਈ ਮੈਂ ਹਾਂ ਸੁਜਾਖਾ
ਪਰ ਜੇ ਤੂੰ ਨਾ ਦਿਸੇ ਮੈਂ ਕਾਹਦਾ ਵੇਖਾਂ...
ਧਰਮ
ਜਨਾਬ!
ਸਾਡੇ ਪਾਗਲਪਨ ਤੇ ਹੱਸੋ ਨਾ,
ਇਸ਼ਕ ਤਾਂ ਸਾਡੇ ਆਸ਼ਿਕਾਂ ਦਾ
ਧਰਮ ਹੁੰਦਾ।
ਫ਼ਰਕ
ਨਜ਼ਰ-ਨਜ਼ਰ ਦਾ ਫ਼ਰਕ ਏ ਜਨਾਬ,
ਤੁਹਾਨੂੰ ਬਦਸੂਰਤ ਲੱਗਣ ਵਾਲਾ,
ਆਪਣੀ ਮਾਂ ਦੀ ਅੱਖ ਦਾ ਤਾਰਾ ਏ।
ਜ਼ਰਾ ਸੋਚ
ਜਰਾ ਸੋਚ
ਤੂੰ ਤੇ ਮੈਂ
ਨਾਲ ਗਰਮ-ਗਰਮ ਚਾਹ
ਉੱਤੇ ਆਸ਼ਿਕਾਨਾਂ ਮੌਸਮ
ਤੇ ਮੱਧਮ ਜਿਹੀ ਹਵਾ...
ਜਰਾ ਸੋਚ
ਤਾਜ ਮਹਿਲ
ਸ਼ਾਇਦ ਤਾਂਹੀ ਗਰੂਰ ਕਰਦਾ
ਆਪਣੀ ਖੂਬਸੂਰਤੀ ਦਾ
ਤਾਜ-ਮਹਿਲ ਨੇ ਲਗਦਾ
ਤੈਨੂੰ ਵੇਖਿਆ ਹੀ ਨਹੀਂ।
ਬੇ-ਰੰਗ
ਖੁਸ਼ੀ, ਗਮੀ,
ਪਿਆਰ, ਨਫ਼ਰਤ,
ਇਹੀ ਜਿੰਦਗੀ ਦਾ ਰੰਗ ਹੈ,
ਤੇ ਤੇਰੇ ਬਿਨਾਂ ਸਾਡੀ ਜਿੰਦਗੀ
ਸਾਰੀ ਹੀ ਬੇ-ਰੰਗ ਹੈ।
ਦਿਲ ਤੋਂ ਦਿਮਾਗ
ਤੁਸੀ ਦਿਲ ਵਿੱਚ ਹੋ
ਦਿਮਾਗ ਵਿੱਚ ਨਹੀਂ,
ਬੱਸ ਇਸੇ ਕਰਕੇ
ਤੁਸੀਂ ਦਿਲ ਵਿੱਚ ਹੋ
ਦਿਮਾਗ ਵਿੱਚ ਨਹੀਂ।
ਫ਼ਿਕਰ
ਮੇਰੇ ਜਿਕਰ ਚ ਵੀ
ਫਿਕਰ ਤੇਰਾ,
ਤੇਰੇ ਫਿਕਰ ਵਿੱਚ ਵੀ
ਫਿਕਰ ਨਹੀਂ।
ਉਹੀ ਗੁਲਾਬ
ਉਹੀ ਗੁਲਾਬ
ਪਿਆਰ ਦੀ ਅੱਜ ਨਿਸ਼ਾਨੀ ਬਣ ਗਿਆ,
ਜਿਸ ਦੇ ਪੱਤੇ ਕੱਲ੍ਹ ਕਿਸੇ ਦੀ
ਕਬਰ ਤੇ ਸਜੇ ਸੀ।
ਸਵੇਰ
ਅੱਜ ਦੀ ਸਵੇਰ
ਹਰ ਰੋਜ ਵਰਗੀ ਆ
ਪਰ ਕਾਹਤੋਂ ਲੱਗੀ ਜਾਂਦਾ
ਕੁੱਝ ਖਿਲਾਫ ਆ ਮੇਰੇ।
ਅੰਤ
ਦਿਨ ਹੋਇਆ, ਰਾਤ ਹੋਈ,
ਫੇਰ ਵੀ ਸਾਡੀ ਮੁਲਾਕਾਤ ਨਹੀਂ ਹੋਈ,
ਅੰਤ ਹੋਣਾ ਤਾਂ ਗੱਲ ਵੱਖਰੀ ਅ
ਅਜੇ ਤਾਂ ਸਾਡੀ ਸ਼ੁਰੂਆਤ ਨਹੀਂ ਹੋਈ।
ਵਜੂਦ
ਇੱਕ ਬਲਦੀ ਲੱਕੜ ਦੇ
ਧੂੰਏ ਵਰਗਾ ਹੋ ਗਿਆ ਮੈਂ,
ਉਸ ਦੀ ਵਰਤੋਂ ਤੋਂ ਬਾਅਦ
ਕੋਈ ਵਜੂਦ ਨਾ ਰਿਹਾ ਮੇਰਾ।
ਸ਼ਿਕਾਰ
ਪਿਆਰ, ਇਸ਼ਕ, ਮੁਹੱਬਤ,
ਸਭ ਇੱਕ ਧੋਖਾ ਹੈ,
ਤੇ ਮੈਂ ਇਸ ਧੋਖੇ ਦਾ ਸ਼ਿਕਾਰ ਹਾਂ।
ਲਕੀਰਾਂ
ਨਾਂ ਤਕਦੀਰਾਂ ਨੇ,
ਨਾਂ ਜੰਜ਼ੀਰਾਂ ਨੇ,
ਇਹ ਤਾਂ ਬਸ
ਹੱਥਾਂ ਦੀਆਂ ਲਕੀਰਾਂ ਨੇ,
ਜੇ ਇਹਨਾਂ ਪੜ੍ਹ ਯਾਰ ਮਿਲਦਾ
ਕਿਉਂ ਸੁੱਖਦੇ ਸੁੱਖਾਂ ਪੀਰਾਂ ਦੇ।
ਸਫਰ
ਸੱਚ ਕਿਹਾ ਕਿਸੇ ਨੇ
ਕੁਝ ਸਫ਼ਰ ਅਜਿਹੇ ਹੁੰਦੇ ਹਨ,
ਜੋ ਕਦੇ ਵੀ ਨਹੀਂ ਮੁੱਕਦੇ..
ਉਹਨਾਂ ਨੂੰ ਪੂਰਾ ਕਰਦਾ ਕਰਦਾ
ਬੰਦਾ ਭਾਵੇਂ ਮੁੱਕ ਜਾਵੇ,
ਉਨ੍ਹਾਂ ਰਾਹਾਂ ਤੇ ਚਲਦੇ ਚਲਦੇ
ਸਾਹ ਹੀ ਭਾਵੇਂ ਸੁੱਕ ਜਾਵੇ,
ਠੀਕ ਉਸੇ ਤਰਾਂ,
ਮੇਰੇ ਦਿਲ ਤੋਂ ਤੇਰੇ ਦਿਲ ਦਾ
ਸਫ਼ਰ ਹੈ।
ਕਿਸ਼ਤੀ
ਕੌਣ ਖੜ੍ਹਦਾ ਨਾਲ ਅੱਜ-ਕੱਲ੍ਹ
ਮੈਂ ਸਕਿਆਂ ਨੂੰ ਲੜਦਾ ਵੇਖਿਆ ਏ,
ਸਵੇਰੇ ਹੁੰਮ ਹੁੰਮਾ ਕੇ ਨਿਕਲਣ ਵਾਲਾ
ਮੈਂ ਸ਼ਾਮੀ ਸੂਰਜ ਢਲਦਾ ਵੇਖਿਆ ਏ,
ਪਿਆਰ, ਮੁੱਹਬਤ ਬੱਸ ਗੱਲਾਂ ਨੇ
ਗੱਲ ਸੱਜਣਾਂ ਦੀ ਚੁਭਦੀ ਵੇਖੀ ਮੈਂ,
ਜੀਹਨੇ ਲਹਿਰਾਂ ਤੇ ਸੀ ਕਦੇਂ ਰਾਜ਼ ਕਰਿਆ
ਕੱਲ ਉਹ ਕਿਸ਼ਤੀ ਵੀ ਡੁਬਦੀ ਵੇਖੀਂ ਮੈਂ ।
ਮੇਰੇ ਅੰਦਰਲਾ ਬੰਦਾ
ਹੁੰਦਾ ਇਸ਼ਕ ਦੇ ਹੱਥੋਂ ਕਤਲ ਵੇਖ
ਡਰਿਆ ਡਰਿਆ ਫਿਰਦਾ ਏ,
ਮੇਰੇ ਅੰਦਰਲਾ ਬੰਦਾ
ਮਰਿਆ- ਮਰਿਆ ਫ਼ਿਰਦਾ ਏ...
ਜਿਸਮਾਂ ਦਾ ਪਿਆਸਾ ਘੜਾ
ਭਰਿਆ-ਭਰਿਆ ਫਿਰਦਾ ਏ,
ਮੇਰੇ ਅੰਦਰਲਾ ਬੰਦਾ
ਮਰਿਆ-ਮਰਿਆ ਫਿਰਦਾ ਏ।
ਹੋ ਸਕਦੈ
ਹੋ ਸਕਦੈ
ਜਿਸਮ ਜਿੱਤੇ ਮੁਹੱਬਤ ਹਾਰੇ
ਹੋ ਸਕਦੈ
ਮੁਹੱਬਤ ਜਿੱਤੇ ਜਿਸਮ ਹਾਰੇ
ਇਹ ਕਲਯੁੱਗ ਏ ਜਨਾਬ
ਇੱਥੇ ਹੋਣ ਨੂੰ ਕੁਝ ਵੀ ਹੋ ਸਕਦਾ
ਸਬਰ
ਪੁਰਾਣਾ ਸਮਾਂ ..
ਸਬਰ ਹੈ, ਤਾਂ ਕਦਰ ਹੈ।
ਅਜੋਕਾ ਸਮਾਂ...
ਸਬਰ ਹੈ ਤਾਂ ਕਬਰ ਹੈ।
ਦਾਵਤ
ਅਦਾਵਤ ਬੰਦੇ ਦਾਵਤ ਵਿੱਚ
ਤੇ ਦਾਵਤ ਵਿੱਚ ਮੈ ਗੁੰਮ ਹਾਂ...
ਅਦਾਵਤ ਮਤਲਬ ਵਿਰੋਧੀ
ਵਾਟ
ਲੰਮੇਰੀ ਵਾਟ ਸੱਜਣ ਸ਼ਹਿਰੇ
ਤੇ ਰਾਂਹੀ ਲੱਖਾਂ ਰੁੱਖ ਚੰਮਾਂ
ਇੱਧਰ ਤੂੰ ਏ ਮੋਨ ਧਾਰੀ ਬੈਠਾ
ਉੱਧਰ ਸੱਜਣ ਵੀ ਏ ਚੁੱਪ ਚੰਮਾਂ
ਘਧਿੱਤ
ਕਿਸੇ ਨੂੰ ਤੋੜ ਕੇ ਜਿੱਤਣਾ
ਜਿੱਤ ਨਹੀਂ ਘਧਿੱਤ ਹੁੰਦੀ ਏ
ਤੇ ਅਜਿਹੀ ਘਧਿੱਤ
ਸਾਡੇ ਨਾਲ ਨਿੱਤ ਹੁੰਦੀ ਏ..
ਜਿਵੇਂ ਹਾੜ੍ਹ ਦੇ ਵਿੱਚ
ਪਿੰਡੇ ਤੇ ਉੱਤਰੀ ਪਿੱਤ ਹੁੰਦੀ ਏ
ਅਜਿਹੀ ਘਧਿੱਤ
ਸਾਡੇ ਨਾਲ ਨਿੱਤ ਹੁੰਦੀ ਏ…
ਦਫਨ
ਸੱਜਣ ਦੀ ਚੁੰਨੀ ਹੀ ਕਫ਼ਨ ਬਣਗੀ,
ਮੇਰੇ ਜ਼ਜਬਾਤ ਗੂੜੇ ਦਫਨ ਹੋ ਗਏ..
ਲਾਹਨਤ
ਲਾਹਨਤ ਹੈ
ਇਸ਼ਕ ਉੱਪਰ
ਤਸਵੀਰ ਵਿਖਾ ਕੇ ਹਸਾਉਦਾ ਏ,
ਯਾਦ ਕਰਵਾ ਕੇ ਰਵਾਉਦਾ ਏ..
ਬਰਦਾਸ਼ਤ
ਰੱਬ ਦੀ ਸੌਂਹ, ਬਰਦਾਸ਼ਤ ਨਹੀਂ ਹੁੰਦਾ,
ਸੱਜਣ ਗੈਰਾਂ ਨਾਲ ਹੱਸਦਾ ਵੇਖ ਕੇ...
ਤਵਾਇਫ਼
ਅਸੀ ਗਿੱਟਿਆਂ ਤੇ ਬੰਨ ਘੁੰਗਰੂ
ਨੱਚੇ ਯਾਰ ਮਨਾਉਣ ਲਈ..
ਆਸ਼ਿਕ ਮੈਨੂੰ ਕਿਸੇ ਨਾ ਕਿਹਾ
ਤਵਾਇਫ਼ ਸਾਰਾ ਜੱਗ ਕਹਿੰਦਾ
ਕੱਚੇ ਕੋਠੇ
ਅਸੀ ਕੱਚੇ ਕੋਠਿਆ ਵਾਲੇ ਆ,
ਸਾਨੂੰ ਬੱਦਲ ਤੇ ਕੱਜਲ
ਗਿੱਲੇ ਚੰਗੇ ਨਹੀ ਲੱਗਦੇ...
ਦਸਤੂਰ
ਦਿਲ ਦੁਖੇ ਅੱਖ ਰੋਵੇ,
ਅੱਖ ਰੋਵੇ ਹੰਝੂ ਡਿੱਗਣ,
ਹੰਝੂ ਡਿੱਗਣ ਦਿਮਾਗ ਚੱਲੇ
ਦਿਮਾਗ ਚੱਲੇ ਦਿਲ ਦੁਖੇ।
ਰਹਿਮਤ
ਐ ਖੁਦਾ ਥੋੜੀ ਰਹਿਮਤ ਕਰ,
ਤੇਰੇ ਮੁਰੀਦ
ਫ਼ਕੀਰ ਹੋਈ ਜਾਂਦੇ ਨੇ।
ਜਸ਼ਨ ਚੰਮ
ਪੁੱਤਰ ਸ਼੍ਰੀ ਕੁਲਵੰਤ ਸਿੰਘ
ਵਾਸੀ: ਮੌੜ ਮੰਡੀ
+91 76966 65646
70091 50013