ਜੰਗਲਨਾਮਾ
(ਇੱਕ ਸਿਆਸੀ ਪੜਚੋਲ)
ਸੁਖਵਿੰਦਰ
ਦੂਜੇ ਐਡੀਸ਼ਨ ਦੀ ਭੂਮਿਕਾ
ਸਤਨਾਮ ਦੀ ਪੁਸਤਕ 'ਜੰਗਲਨਾਮਾ' ਅਕਤੂਬਰ 2003 ਵਿੱਚ ਛਪੀ ਸੀ। ਇੱਕ ਸਾਲ ਤੋਂ ਘੱਟ ਸਮੇਂ (ਜੁਲਾਈ 2004) ਵਿੱਚ ਇਸਦਾ ਦੂਸਰਾ ਐਡੀਸ਼ਨ ਵੀ ਛਪਿਆ। ਇਸਤੋਂ ਬਾਅਦ ਇਸਦੇ ਕਿਸੇ ਨਵੇਂ ਐਡੀਸ਼ਨ ਦੀ ਸਾਨੂੰ ਜਾਣਕਾਰੀ ਨਹੀਂ ਹੈ। ਪੰਜਾਬੀ ਵਿੱਚ ਛਪਣ ਵਾਲੀਆਂ ਬਹੁਤ ਹੀ ਘੱਟ ਕਿਤਾਬਾਂ ਨੂੰ ਇਹ ਮਾਣ ਹਾਸਿਲ ਹੁੰਦਾ ਹੈ ਕਿ ਉਹਨਾਂ ਦੇ ਇੱਕ ਤੋਂ ਵੱਧ ਐਡੀਸ਼ਨ ਛਪਣ। ਪੰਜਾਬੀ ਦੇ ਮੁੱਠੀ ਭਰ ਲੇਖਕ ਹੀ ਅਜਿਹੇ ਹਨ, ਜਿਹਨਾਂ ਦੀਆਂ ਕਿਤਾਬਾਂ ਵਿਕਦੀਆਂ ਅਤੇ ਪੜ੍ਹੀਆਂ ਜਾਂਦੀਆਂ ਹੋਣ। ਪਰ 'ਜੰਗਲਨਾਮਾ' ਜੋ ਸ਼ਾਇਦ ਲੇਖਕ ਦੀ ਪਹਿਲੀ ਪੁਸਤਕ ਹੀ ਹੈ, ਵਿਕੀ ਵੀ ਹੈ ਅਤੇ ਪੜ੍ਹੀ ਵੀ ਗਈ ਹੈ।
ਇਸਦੀ ਮੁੱਖ ਵਜ੍ਹਾ ਇਹ ਜਾਪਦੀ ਹੈ ਕਿ ਲੇਖਕ ਨੇ ਉਹਨਾਂ ਲੋਕਾਂ, ਜਿਹਨਾਂ ਬਾਰੇ ਉਸਨੇ ਇਹ ਕਿਤਾਬ ਲਿਖੀ ਹੈ (ਬਸਤਰ ਦੇ ਆਦਿਵਾਸੀ), ਉਹਨਾਂ ਦੇ ਜੀਵਨ ਨੂੰ ਬਹੁਤ ਹੀ ਕਰੀਬ ਤੋਂ ਵੇਖਿਆ ਵਾਚਿਆ ਹੈ। ਉਹ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਕੇ ਬਸਤਰ ਦੇ ਜੰਗਲਾਂ ਵਿੱਚ ਗਿਆ, ਭਾਰਤੀ ਰਾਜਸੱਤ੍ਹਾ ਵਿਰੁੱਧ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆਦਿਵਾਸੀਆਂ ਅਤੇ ਉਹਨਾਂ ਦੀ ਅਗਵਾਈ ਕਰ ਰਹੇ ਮਾਓਵਾਦੀ ਗੁਰੀਲਿਆਂ ਵਿੱਚ ਸਮਾਂ ਗੁਜ਼ਾਰਿਆ। ਇਸੇ ਕਾਰਨ ਲੇਖਕ ਆਦਿਵਾਸੀਆਂ ਅਤੇ ਮਾਓਵਾਦੀ ਗੁਰੀਲਿਆਂ ਦੇ ਕਠਿਨ, ਕੁਰਬਾਨੀ, ਤਿਆਗ ਭਰੇ ਜੀਵਨ ਨੂੰ ਬਹੁਤ ਬਾਰੀਕੀ 'ਚ ਚਿਤਰਨ ਵਿੱਚ ਕਾਮਯਾਬ ਰਿਹਾ ਹੈ। ਇਸ ਪੁਸਤਕ ਵਿਚਲੀ ਯਥਾਰਥ ਦੀ ਇਹ ਗਰਮੀ ਹੀ ਹੈ ਜਿਸਨੇ ਨਾ ਸਿਰਫ਼ ਪੰਜਾਬੀ ਸਗੋਂ ਹੋਰਨਾਂ ਭਾਸ਼ਾਵਾਂ (ਜੰਗਲਨਾਮਾ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਛਪ ਚੁੱਕਾ ਹੈ) ਦੇ ਪਾਠਕਾਂ ਨੂੰ ਵੀ ਖਿੱਚ ਪਾਈ ਹੈ।
ਦੂਸਰਾ ਕਾਰਨ ਇਹ ਜਾਪਦਾ ਹੈ ਕਿ ਪੂਰੀ ਪੁਸਤਕ ਬੇਹੱਦ ਦਿਲਚਸਪ ਹੈ। ਪਾਠਕ ਇੱਕ ਵਾਰ ਇਸਨੂੰ ਸ਼ੁਰੂ ਕਰਦਾ ਹੈ ਤਾਂ ਉਸਦਾ ਮਨ ਅੱਗੇ ਅੱਗੇ ਇਸਦੇ ਅੰਤ ਤੱਕ ਪਹੁੰਚਣ ਲਈ ਲਲਚਾਉਂਦਾ ਹੈ।
ਤੀਸਰਾ ਕਾਰਨ ਇਹ ਜਾਪਦਾ ਹੈ ਕਿ ਇਹ ਪੁਸਤਕ ਬਸਤਰ ਦੇ ਆਦਿਵਾਸੀਆਂ ਦੇ ਜੀਵਨ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀ ਜੱਦੋਜਹਿਦ ਦੀ ਜਾਣਕਾਰੀ ਨਾਲ ਭਰਪੂਰ ਹੈ। ਇਸ ਪੁਸਤਕ ਨੇ ਪੰਜਾਬੀ ਪਾਠਕਾਂ ਨੂੰ ਇੱਕ ਵੱਖਰੀ, ਇਸ ਦੇਸ਼ ਦੇ ਮੁੱਖ ਧਾਰਾ ਦੇ ਮੀਡੀਆ ਦੁਆਰਾ ਅਣਗੌਲੀ ਦੁਨੀਆਂ ਦੇ ਰੂ- ਬ-ਰੂ ਕੀਤਾ ਹੈ। ਇਸਤੋਂ ਪਹਿਲਾਂ ਵੀ ਬਸਤਰ ਦੇ ਆਦਿਵਾਸੀਆਂ ਅਤੇ ਉਹਨਾਂ ਦੀ
ਜੱਦੋਜਹਿਦ ਬਾਰੇ ਲੇਖ ਛਪਦੇ ਰਹੇ ਹਨ, ਪਰ ਉਹ ਕਦੇ ਵੀ ਬਹੁਤੇ ਹਰਮਨ-ਪਿਆਰੇ ਨਹੀਂ ਹੋਏ। 'ਜੰਗਲਨਾਮਾ' ਨੇ ਹੀ ਪੰਜਾਬੀ ਪਾਠਕਾਂ ਨੂੰ ਬਿਹਤਰ ਅਤੇ ਭਰਵੇਂ ਰੂਪ ਵਿੱਚ ਬਸਤਰ ਦੇ ਆਦਿਵਾਸੀਆਂ ਦੇ ਜੀਵਨ ਤੋਂ ਜਾਣੂ ਕਰਵਾਇਆ ਹੈ।
'ਜੰਗਲਨਾਮਾ' ਦੀ ਪੜਚੋਲ ਸਬੰਧੀ ਹੱਥਲਾ ਲੇਖ ਅਸੀਂ ਜੂਨ 2004 ਵਿੱਚ ਲਿਖਿਆ ਸੀ। ਇਹ ਲੇਖ ਸੰਗਰੂਰ ਵਿਖੇ ਹੋਈ ਗੋਸ਼ਟੀ ਵਿੱਚ ਪੜ੍ਹਿਆ ਗਿਆ ਸੀ। ਉਸ ਤੋਂ ਬਾਅਦ ਮਾਰਚ 2005 'ਚ ਇਸਨੂੰ ਕਿਤਾਬਚੇ ਦੇ ਰੂਪ ਵਿੱਚ ਛਾਪਿਆ। ਉਦੋਂ ਤੋਂ ਲੈ ਕੇ ਹੁਣ ਤੱਕ ਪੁਲਾਂ ਹੇਠੋਂ ਕਾਫ਼ੀ ਪਾਣੀ ਲੰਘ ਚੁੱਕਾ ਹੈ। ਸਤਨਾਮ ਦੇ 'ਜੰਗਲਨਾਮਾ' ਤੋਂ ਬਾਅਦ ਬਸਤਰ ਦੇ ਆਦਿਵਾਸੀਆਂ ਉੱਪਰ ਲਿਖੇ ਕੁਝ ਹੋਰ ਲੇਖ/ ਸਫ਼ਰਨਾਮੇ ਵੀ ਪ੍ਰਕਾਸ਼ਤ ਹੋਏ। ਜਿਹਨਾਂ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਅਰੁੰਧਤੀ ਰਾਏ ਦੇ 'ਆਉਟਲੁੱਕ' ਵਿੱਚ ਛਪੇ 'ਵਾਕਿੰਗ ਵਿਦ ਕਾਮਰੇਡਜ਼' (ਕਾਮਰੇਡਾਂ ਨਾਲ ਵਿਚਰਦਿਆਂ) ਨੂੰ ਮਿਲੀ।
ਸਤਨਾਮ, ਅਰੁੰਧਤੀ ਰਾਏ ਅਤੇ ਹੋਰਾਂ ਨੇ ਆਪਣੀਆਂ ਪੁਸਤਕਾਂ/ਲੇਖਾ/ ਸਫ਼ਨਾਮਿਆਂ 'ਚ ਮਾਓਵਾਦੀਆਂ ਦੀ ਅਗਵਾਈ ਵਿੱਚ ਚੱਲ ਰਹੀ ਆਦਿਵਾਸੀਆਂ ਦੀ ਜਿਸ ਲਹਿਰ ਦੀ ਚਰਚਾ ਕੀਤੀ ਹੈ, ਉਸ ਉੱਪਰ ਭਾਰਤੀ ਰਾਜਸੱਤਾ ਦਾ ਜ਼ਬਰ ਵੀ ਤੇਜ਼ ਹੋਇਆ ਹੈ। ਜਿਹੜੀ ਜੰਗਲੀ ਪੱਟੀ ਇਸ ਲਹਿਰ ਦਾ ਆਧਾਰ ਹੈ, ਉਹ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਸਾਮਰਾਜਵਾਦੀਆਂ ਅਤੇ ਉਹਨਾਂ ਦੇ ਛੋਟੇ ਭਾਈਵਾਲ ਭਾਰਤੀ ਹਾਕਮਾਂ ਦੀ ਗਿਰਡ-ਅੱਖ ਇਹਨਾਂ ਖਣਿਜ ਭੰਡਾਰਾਂ 'ਤੇ ਹੈ। ਦੇਸੀ-ਵਿਦੇਸ਼ੀ ਕੰਪਨੀਆਂ ਨਾਲ ਲੱਖਾਂ-ਕਰੋੜਾਂ ਦੇ ਸੌਦੇ ਹੋ ਚੁੱਕੇ ਹਨ। ਬੱਸ ਹੁਣ ਇਹਨਾਂ ਦੇ ਰਾਹ ਦੀ ਰੋਕ ਹਨ ਇੱਥੋਂ ਦੇ ਆਦਿਵਾਸੀ ਅਤੇ ਉਹਨਾਂ ਦੀ ਅਗਵਾਈ ਕਰ ਰਹੇ ਮਾਓਵਾਦੀ।
ਰਾਹ ਦੀ ਇਸ ਰੋਕ ਨੂੰ ਦੂਰ ਕਰਨ ਲਈ ਪਹਿਲਾਂ ਭਾਰਤੀ ਹਾਕਮਾਂ ਨੇ 'ਅਪ੍ਰੇਸ਼ਨ ਗਰੀਨ ਹੱਟ' ਦੇ ਨਾਂ 'ਤੇ ਇਸ ਲਹਿਰ ਉੱਪਰ ਅਰਧ ਫ਼ੌਜੀ ਬਲਾਂ ਦਾ ਕਟਕ ਚਾੜ੍ਹਿਆ ਅਤੇ ਹੁਣ ਫ਼ੌਜ ਨੂੰ ਤੈਨਾਤ ਕਰਨ ਦੀ ਤਿਆਰੀ ਚੱਲ ਰਹੀ ਹੈ। ਭਾਰਤੀ ਹਾਕਮਾਂ ਦੇ ਫ਼ੌਜੀ ਦਸਤੇ ਆਦਿਵਾਸੀ ਵਸੋਂ ਤੇ ਜੋ ਜ਼ਬਰ ਢਾਹ ਰਹੇ ਹਨ, ਉਸਦਾ ਇੱਕ ਭੋਰਾ ਹੀ ਮੁੱਖ ਧਾਰਾ ਦੇ ਮੀਡੀਆ 'ਚ ਨਸ਼ਰ ਹੁੰਦਾ ਹੈ। ਭਾਰਤੀ ਹਾਕਮ ਆਦਿਵਾਸੀਆਂ ਨੂੰ ਉਹਨਾਂ ਦੇ ਜੀਵਨ ਦੇ ਹਰ ਵਸੀਲੇ ਤੋਂ ਵਾਂਝੇ ਕਰਨ 'ਤੇ ਉਤਾਰੂ ਹਨ। ਇੱਥੋਂ ਤੱਕ ਕਿ ਉਹਨਾਂ ਦੇ ਜੀਵਨ ਤੋਂ ਵੀ। ਬਸਤਰ ਅਤੇ ਹੋਰਨਾਂ ਖਿੱਤਿਆਂ ਦੇ ਆਦਿਵਾਸੀ ਮਾਓਵਾਦੀਆਂ ਦੀ ਅਗਵਾਈ 'ਚ ਅੱਜ ਭਾਰਤੀ ਰਾਜਸੱਤਾ ਨਾਲ ਜਿਉਣ ਮਰਨ ਦੀ ਲੜਾਈ ਲੜ ਰਹੇ ਹਨ। ਪਰ ਇਸ ਲੜਾਈ ਨੂੰ ਦੇਸ਼ ਦੀ ਵਿਸ਼ਾਲ