ਜੰਗਲਨਾਮਾ
ਮਾਓਵਾਦੀ ਗੁਰੀਲਾ ਜ਼ੋਨ ਅੰਦਰ
ਸਤਨਾਮ
ਕੀ? ਕਿੱਥੇ?
ਜੰਗਲ ਤੱਕ ਦਾ ਸਫ਼ਰ..............
ਗੁਰੀਲਾ ਕੈਂਪ ਅੰਦਰ................
ਜੰਗਲ-ਉਦਾਸੀ ....................
ਅਲਵਿਦਾਈ ........................
ਤਆਰੁਫ਼
ਜੰਗਲਨਾਮਾ, ਜੰਗਲਾਂ ਸਬੰਧੀ ਕੋਈ ਖੋਜ-ਪੁਸਤਕ ਨਹੀਂ ਹੈ। ਨਾ ਹੀ ਇਹ ਕਿਸੇ ਕਲਪਨਾ ਵਿਚੋਂ ਪੈਦਾ ਹੋਈ, ਅੱਧੀ ਹਕੀਕਤ ਤੇ ਅੱਧਾ ਅਫ਼ਸਾਨਾ ਬਿਆਨ ਕਰਨ ਵਾਲੀ, ਕੋਈ ਸਾਹਿਤਿਕ ਕਿਰਤ ਹੈ। ਇਹ ਬਸਤਰ ਦੇ ਜੰਗਲਾਂ ਵਿਚ ਵਿੱਚਰਦੇ ਕਮਿਊਨਿਸਟ ਗੁਰੀਲਿਆਂ ਦੀ ਰੋਜ਼ਾਨਾ ਜ਼ਿੰਦਗੀ ਦੀ ਇੱਕ ਤਸਵੀਰ ਅਤੇ ਉੱਥੋਂ ਦੇ ਕਬਾਇਲੀ ਲੋਕਾਂ ਦੇ ਜੀਵਨ ਤੇ ਜੀਵਨ-ਹਾਲਤਾਂ ਦਾ ਇੱਕ ਵਿਵਰਣ ਹੈ ਜਿਸਨੂੰ ਮੈਂ ਆਪਣੇ ਜੰਗਲ ਭਰਮਣ ਦੌਰਾਨ ਦੇਖਿਆ। ਸੋ ਤੁਸੀਂ ਇਸ ਨੂੰ ਕਿਸੇ ਡਾਇਰੀ ਦੇ ਪੰਨੇ ਕਹਿ ਸਕਦੇ ਹੋ ਜਾਂ ਸਫ਼ਰਨਾਮੇ ਦਾ ਨਾਂਅ ਦੇ ਸਕਦੇ ਹੋ।
ਇਸ ਦੇ ਪਾਤਰ ਹੱਡ ਮਾਸ ਦੇ ਬਣੇ ਜਿਊਂਦੇ-ਜਾਗਦੇ ਇਨਸਾਨ ਹਨ ਜਿਹੜੇ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਢਾਲਣਾ ਚਾਹੁੰਦੇ ਹਨ। ਹਕੂਮਤ ਵੱਲੋਂ ਬਾਗ਼ੀ ਅਤੇ ਪਾਬੰਦੀ-ਸ਼ੁਦਾ ਕਰਾਰ ਦਿੱਤੇ ਗਏ। ਇਹ ਪਾਤਰ, ਨਵੇਂ ਯੁੱਗ, ਨਵੀਂ ਜ਼ਿੰਦਗੀ ਨੂੰ ਸਾਕਾਰ ਹੋਇਆ ਦੇਖਣਾ ਚਾਹੁੰਦੇ ਹਨ। ਇਤਹਾਸ ਉਹਨਾਂ ਵਾਸਤੇ ਕੀ ਸਮੋਈ ਬੈਠਾ ਹੈ ਇਹ ਤਾਂ ਬਨਣ ਵਾਲਾ ਇਤਹਾਸ ਹੀ ਦੱਸੇਗਾ, ਪਰ ਇਤਹਾਸ ਨੂੰ ਉਹ ਕਿਸ ਰੁਖ਼ ਮੋੜ ਦੇਣਾ ਚਾਹੁੰਦੇ ਹਨ, ਇਸ ਦਾ ਵਖਿਆਨ ਉਹਨਾਂ ਦੀ ਜ਼ੁਬਾਨੀ ਪੇਸ਼ ਕੀਤਾ ਗਿਆ ਹੈ। ਆਪਣੇ ਅਕੀਦਿਆਂ ਲਈ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਇਹ ਲੋਕ ਕਿਹੋ-ਜਿਹਾ ਜੀਵਨ ਜਿਊਂਦੇ ਤੇ ਹੰਢਾਉਂਦੇ ਹਨ, ਇਸ ਦਾ ਅੰਦਾਜ਼ਾ ਤੁਸੀਂ ਇਸ ਨੂੰ ਪੜ੍ਹ ਕੇ ਆਸਾਨੀ ਨਾਲ ਲਗਾ ਲਵੋਗੇ।
ਅਕਤੂਬਰ, 2003
ਸਤਨਾਮ
ਜੰਗਲ ਤੱਕ ਦਾ ਸਫ਼ਰ
ਉਹ ਪਹਿਲਾ ਦਿਨ ਸੀ ਜਦੋਂ ਮੈਂ ਜੰਗਲ ਵਿਚ ਦਾਖ਼ਲ ਹੋਇਆ। ਪਰ ਉਹ ਦਿਨ ਨਹੀਂ, ਰਾਤ ਸੀ। ਦਿਨ ਦੇ ਵਕਤ ਮੈਂ ਕਿਸੇ ਵੀ ਤਰ੍ਹਾਂ ਜੰਗਲ ਦਾ ਰੁਖ਼ ਨਹੀਂ ਸੀ ਕਰ ਸਕਦਾ। ਉਸ ਅੰਦਰ ਜਾਣ ਵਾਸਤੇ ਰਾਤ ਦੇ ਹਨੇਰੇ ਦੀ ਜ਼ਰੂਰਤ ਸੀ। ਜੇ ਮੈਂ ਦਿਨ ਦੇ ਵਕਤ ਬੈਲਾਡਿੱਲਾ ਸ਼ਹਿਰ ਵਿਚ ਪਹੁੰਚ ਗਿਆ ਹੁੰਦਾ ਤਾਂ ਸਮੇਂ ਨੂੰ ਸ਼ਹਿਰ ਦੀਆਂ ਸੜਕਾਂ ਉੱਪਰ ਘੁੰਮ ਕੇ ਗੁਜ਼ਾਰਦਾ ਜਾਂ ਕੋਈ ਨਿਵੇਕਲੀ ਥਾਂ ਲੱਭ ਕੇ ਸੁਸਤਾ ਲੈਂਦਾ ਅਤੇ ਰਾਤ ਪੈਣ ਦੀ ਉਡੀਕ ਕਰਦਾ। ਫਿਰ ਵੀ ਮੈਂ ਤੈਅ ਸਮੇਂ ਤੋਂ ਕੋਈ ਤਿੰਨ ਘੰਟੇ ਪਹਿਲਾਂ ਪਹੁੰਚ ਗਿਆ ਸਾਂ। ਦੂਰੋਂ ਕਿਤਿਓਂ ਰਾਮਲੀਲ੍ਹਾ ਹੋਣ ਦੀ ਆਵਾਜ਼ ਆ ਰਹੀ ਸੀ। ਮੈਂ ਉਸ ਪਾਸੇ ਵੱਲ ਪੈਦਲ ਰੁਖ਼ ਕੀਤਾ ਕਿਉਂਕਿ ਰਿਕਸ਼ੇ ਨੇ ਮੇਰੇ ਉੱਤੇ ਵਕਤ ਦਾ ਬੋਝ ਬਣਾਈ ਰੱਖਣਾ ਸੀ ਜਿਸ ਨੂੰ ਮੈਂ ਉਤਾਰਨਾ ਚਾਹੁੰਦਾ ਸਾਂ। ਦੋ ਘੰਟੇ ਦੇ ਖੱਪ-ਖ਼ਾਨੇ ਨੇ ਕੋਈ ਥਕਾਵਟ ਨਹੀਂ ਦਿੱਤੀ, ਸਗੋਂ ਵਕਤ ਦੇ ਗੁਜ਼ਰਨ ਨੇ ਮੈਨੂੰ ਹਲਕਾ ਕਰ ਦਿੱਤਾ ਸੀ। ਮੇਰੇ ਕੋਲ ਇਕ ਘੰਟਾ ਰਹਿ ਗਿਆ ਸੀ ਤੇ ਸ਼ਹਿਰ ਦੀ ਖੱਬੀ ਬਾਹੀ ਦੀ ਬਾਹਰ ਦੀ ਸੜਕ ਉੱਤੇ ਮੈਂ ਕਿਸੇ ਦਾ ਇੰਤਜ਼ਾਰ ਕਰਨਾ ਸੀ।
ਬਹਰਹਾਲ, ਅੱਧੀ ਰਾਤ ਦਾ ਪਹਿਰ ਸੀ ਜਦੋਂ ਮੇਰੇ ਗਾਈਡ ਨੇ ਮੈਨੂੰ ਕਿਹਾ, "ਵਕਤ ਹੋ ਗਿਐ, ਚੱਲਦੇ ਹਾਂ।”
ਮੈਂ ਆਪਣੀ ਕਿੱਟ ਉਠਾਈ ਪਰ ਤੁਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿ ਬੂਟ ਢਿੱਲਾ ਨਾ ਰਹਿ ਗਿਆ ਹੋਵੇ ਮੈਂ ਬੂਟਾਂ ਦੇ ਤਸਮਿਆਂ ਨੂੰ ਇਕ ਵਾਰ ਫੇਰ ਕੱਸਿਆ।
"ਤਿਆਰ," ਮੈਂ ਕਿਹਾ ਅਤੇ ਨਾਲ ਹੀ ਸਿਰ ਨਾਲ 'ਹਾਂ' ਦਾ ਇਸ਼ਾਰਾ ਕਰ ਦਿੱਤਾ। ਮੇਰਾ ਗਾਈਡ ਮੁਸਕਰਾਇਆ ਤੇ ਉਸ ਨੇ ਵੀ ਉਸੇ ਅੰਦਾਜ਼ ਵਿੱਚ ਸਿਰ ਹਿਲਾ ਦਿੱਤਾ। ਅਸੀਂ ਇਕ ਵਾਰ ਫਿਰ ਸ਼ਹਿਰ ਦੀ ਉਸ ਬਾਹੀ ਦੇ ਬਾਹਰ ਵਾਲੇ ਹਿੱਸੇ ਵਿਚ ਦਾਖ਼ਲ ਹੋਏ। ਉੱਚੀਆਂ ਨੀਵੀਆਂ ਗਲੀਆਂ ਵਿਚੋਂ ਚੱਕਰ ਕੱਟਦੇ ਹੋਏ ਅਸੀਂ ਇਕ ਚੌੜੀ ਸੜਕ ਉੱਤੇ ਪਹੁੰਚੇ ਜਿਹੜੀ ਸ਼ਹਿਰ ਤੋਂ ਬਾਹਰ ਵੱਲ ਨਿਕਲਦੀ ਸੀ। ਅਜੇ ਵੀ ਕੋਈ ਟਾਵਾਂ ਟੱਲਾ ਆਦਮੀ ਰਾਮ ਲੀਲ੍ਹਾ ਦੇਖ ਕੇ ਮੁੜ ਰਿਹਾ ਸੀ। ਕੋਈ ਪੈਦਲ ਵਿਅਕਤੀ ਸਾਨੂੰ ਪਾਰ ਨਹੀਂ ਸੀ ਕਰ ਸਕਦਾ ਅਤੇ ਅਸੀਂ ਕਿਸੇ ਨੂੰ ਪਾਰ ਕਰਨਾ ਨਹੀਂ ਸੀ। ਦਰਮਿਆਨ ਦੀ ਹਨੇਰੇ ਦੀ ਵਿੱਥ ਸਾਡੇ ਲਈ ਸਭ ਤੋਂ ਚੰਗੀ ਚੀਜ਼ ਸੀ।
ਪੱਕੀ ਸੜਕ ਦੇ ਕਿਨਾਰੇ ਤੋਂ ਹੇਠਾਂ ਅਸੀਂ ਕੱਚੇ ਉੱਤੇ ਤੁਰ ਪਏ, ਅੱਗੜ ਪਿੱਛੜ। ਹੁਣ ਬੂਟਾਂ ਦਾ ਕੋਈ ਖੜਾਕ ਨਹੀਂ ਸੀ ਰਿਹਾ। ਅਜੇ ਕੁਝ ਦੇਰ ਲਈ ਸਾਨੂੰ ਵੱਡੀ ਸੜਕ ਦੇ ਨਾਲ ਨਾਲ ਹੀ ਚੱਲਣਾ ਪੈਣਾ ਸੀ ਤੇ ਇਹ ਪੰਧ ਸਾਡੇ ਲਈ ਜਿੰਨੀ ਛੇਤੀ ਮੁੱਕ ਜਾਵੇ ਚੰਗਾ ਹੀ ਹੋਣਾ ਸੀ।
ਅਚਾਨਕ ਦੂਰ ਮੋੜ ਤੋਂ ਮੁੜੀ ਇਕ ਕਾਰ ਨੇ ਸਾਨੂੰ ਚਾਨਣ ਵਿਚ ਨਹਾ ਦਿੱਤਾ। ਮੇਰੇ ਗਾਈਡ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਐਨ ਆਪਣੇ ਪਿੱਛੇ ਹੋਣ ਦਾ ਸੰਕੇਤ ਦਿੱਤਾ। ਜਦ ਤੱਕ ਮੈਂ ਉਸ ਦੇ ਇਸ ਸੰਕੇਤ ਉੱਤੇ ਅਮਲ ਕਰਦਾ ਤਦ ਤਕ ਕਾਰ ਸਾਡੇ ਦੋਵਾਂ ਦੇ ਕੋਲੋਂ ਦੀ ਗੁਜ਼ਰ ਗਈ। ਕਾਰ ਦੇ ਗੁਜ਼ਰ ਜਾਣ ਨੇ ਹਨੇਰੇ ਨੂੰ ਹੋਰ ਵੀ ਗਾੜ੍ਹਾ ਬਣਾ ਦਿੱਤਾ। ਰੋਸ਼ਨੀ ਦੇ ਹੜ੍ਹ ਤੋਂ ਬਾਦ ਇੱਕਦਮ ਘੁੱਪ ਹਨੇਰਾ ਪੱਸਰਨ ਕਾਰਨ ਹੱਥ ਨੂੰ ਹੱਥ ਦਿਖਾਈ ਨਹੀਂ ਸੀ ਦੇਂਦਾ। ਆਪਣੇ ਗਾਈਡ ਦੇ ਆਕਾਰ ਨੂੰ ਮੁੜ ਹਨੇਰੇ ਵਿਚੋਂ ਲੱਭਣ ਲਈ ਮੈਨੂੰ ਕਈ ਪਲਾਂ ਦਾ ਇੰਤਜ਼ਾਰ ਕਰਨਾ ਪਿਆ।
“ਵੈਸੇ ਇਸ ਸੜਕ ਉੱਤੇ ਟੈਫਿਕ ਬਹੁਤ ਘੱਟ ਹੁੰਦੀ ਹੈ, ਪਰ ਕਈ ਵਾਰ ਪੁਲਿਸ ਦੀ ਗੱਡੀ ਲੰਘਦੀ ਹੈ,” ਉਸ ਨੇ ਬਹੁਤ ਹੀ ਮੱਧਮ ਆਵਾਜ਼ ਵਿਚ ਕਿਹਾ। ਉਸ ਨੇ ਹੈੱਡ ਲਾਈਟਾਂ ਤੋਂ ਪਛਾਣ ਲਿਆ ਸੀ ਕਿ ਉਹ ਚਾਰ ਪਹੀਆਂ ਵਾਲਾ ਵਾਹਨ ਜੀਪ ਨਹੀਂ ਸੀ। ਕੁਝ ਮਿੰਟ ਬਾਦ ਉਸ ਨੇ ਫਿਰ ਕਿਹਾ, "ਥੋੜ੍ਹਾ ਹੀ ਰਸਤਾ ਹੈ," ਅਤੇ ਚੁੱਪਚਾਪ ਚੱਲਣ ਲੱਗ ਗਿਆ। ਕੁਝ ਮਿੰਟ ਹੋਰ ਤੇ ਫਿਰ ਅਸੀਂ ਸੜਕ ਕੰਢੇ ਦੇ ਦਰੱਖ਼ਤਾਂ ਦੀਆਂ ਪਾਲਾਂ ਵਿਚ ਬਣੇ ਇਕ ਰਾਹ ਉੱਤੇ ਤੁਰਨ ਲੱਗੇ। ਥੋੜ੍ਹਾ ਅਗਾਂਹ ਜਾਣ ਤੋਂ ਬਾਦ ਉਹ ਰੁਕਿਆ, ਇੱਕ ਪਲ ਵਾਸਤੇ ਪਿੱਛੇ ਵੱਲ ਦੀ ਸੜਕ ਦਾ ਦੁਰ ਤੱਕ ਜਾਇਜ਼ਾ ਲਿਆ ਤੇ ਫਿਰ ਇੱਕ ਪਗਡੰਡੀ ਉੱਤੇ ਚੜ੍ਹ ਕੇ ਝਾੜੀਆਂ ਦੇ ਇਕ ਝੁੰਡ ਵੱਲ ਹੋ ਲਿਆ। ਝਾੜੀਆਂ ਵਿਚ ਪਹੁੰਚ ਕੇ ਉਸ ਨੂੰ ਮੈਂ ਇਹ ਕਹਿੰਦੇ ਸੁਣਿਆ, "ਮੈਂ।"
ਕੁਝ ਪਲ ਬੀਤੇ ਤੇ ਫਿਰ ਇਕ ਆਕਾਰ ਸਾਡੇ ਵੱਲ ਵਧਿਆ ਜਿਸ ਨੇ ਸਾਡੇ ਨਾਲ ਵਾਰੋ ਵਾਰੀ ਹੱਥ ਮਿਲਾਇਆ। ਫਿਰ ਉਹ ਆਕਾਰ ਝੁਕਿਆ ਤੇ ਆਪਣੀ ਕਿੱਟ ਨੂੰ ਮੋਢਿਆਂ ਉੱਤੇ ਪਾ ਕੇ ਸਿੱਧਾ ਹੋ ਗਿਆ। ਚੰਦਰਮਾ ਦੀ ਜਿੰਨੀ ਕੁ ਰੌਸ਼ਨੀ ਸੀ ਉਸ ਵਿਚ ਮੈਂ ਐਨਾ ਹੀ ਦੇਖ ਸਕਿਆ ਕਿ ਸਾਨੂੰ ਮਿਲਣ ਵਾਲਾ ਵਿਅਕਤੀ ਦਰਮਿਆਨੇ ਕੱਦ ਅਤੇ ਇਕਹਿਰੇ ਬਦਨ ਦਾ ਸੀ ਅਤੇ ਮੇਰੇ ਗਾਈਡ ਵਾਂਗ ਹੀ ਫੁਰਤੀਲਾ ਜਾਪ ਰਿਹਾ ਸੀ।
ਅਸੀਂ ਪਾਲ ਬਣਾ ਲਈ। ਸਭ ਤੋਂ ਅੱਗੇ "ਸਾਡਾ" ਗਾਈਡ (ਹੁਣ ਉਹ ਸਾਡਾ ਹੋ ਗਿਆ ਸੀ ਕਿਉਂਕਿ ਉਹ ਦੋਵਾਂ ਦੇ ਅੱਗੇ ਸੀ), ਦਰਮਿਆਨ 'ਚ ਮੈਂ ਅਤੇ ਤੀਸਰੇ ਸਥਾਨ ਉੱਤੇ ਨਵਾਂ ਸਾਥੀ।
ਇਕ ਹੋਰ ਪਗਡੰਡੀ ਉੱਤੇ ਮੁੜਣ ਤੋਂ ਪਹਿਲਾਂ ਸਾਡੇ ਗਾਈਡ ਨੇ ਕਿਹਾ ਕਿ ਅਸੀਂ ਟਾਰਚ ਨਹੀਂ ਜਲਾਵਾਂਗੇ। ਭਾਵੇਂ ਅਸੀਂ ਸ਼ਹਿਰ ਦੀ ਆਬਾਦੀ ਤੋਂ ਚਿਰੋਕਣੇ ਦੂਰ ਨਿਕਲ ਆਏ ਸਾਂ ਪਰ ਹੁਣ ਅਸੀਂ ਅੱਠ ਦਸ ਘਰਾਂ ਦੇ ਇਕ ਝੁੰਡ ਕੋਲੋਂ ਗੁਜ਼ਰਨਾ ਸੀ, ਜੋ ਕਿ ਪੰਜਾਹ ਤੋਂ ਕੁਝ ਜ਼ਿਆਦਾ ਕਰਮਾਂ ਦੀ ਦੂਰੀ ਉੱਪਰ ਸੀ। ਸਾਡੇ ਤਿੰਨਾਂ ਕੋਲ ਇਕ ਇਕ ਟਾਰਚ ਸੀ ਜਿਸ ਨੂੰ ਹਰ ਜਣਾ ਓਦੋਂ ਜਲਾਉਂਦਾ ਜਦੋਂ ਉਸ ਨੇ ਦੇਖਣਾ ਹੁੰਦਾ ਕਿ ਉਸ ਦਾ ਪੈਰ ਪਗਡੰਡੀ ਉੱਤੇ ਰੱਖਿਆ ਜਾ ਰਿਹਾ ਹੈ ਕਿ ਨਹੀਂ। ਇਹ ਜਲਾਉਣਾ ਅੱਖ ਦੇ ਝਮਕਣ ਵਾਂਗ ਹੁੰਦਾ, ਪਲ ਤੋਂ ਕਿਤੇ ਘਟ ਸਮੇਂ ਦਾ। ਜਾਂ ਫਿਰ ਅਸੀਂ ਇਸ ਦਾ ਬਟਨ ਓਦੋਂ ਨੱਪਦੇ ਸਾਂ ਜਦ ਗਾਈਡ ਪੈਰ ਦੀ ਠੋਕਰ ਮਾਰ ਕੇ ਸੰਕੇਤ ਦੇ ਦੇਂਦਾ ਕਿ ਰਸਤੇ ਵਿਚ ਪੱਥਰ ਜਾਂ ਕੋਈ ਹੋਰ ਰੁਕਾਵਟ ਹੈ। ਹੁਣ ਸਾਡੇ ਵਾਸਤੇ ਇਹ ਜ਼ਰੂਰੀ ਹੋ ਗਿਆ ਕਿ ਮੈਂ ਗਾਈਡ ਦੇ ਪੈਰਾਂ ਉੱਤੇ ਨੀਝ ਲਾ ਕੇ ਦੇਖਾਂ ਅਤੇ ਪਿਛਲਾ ਜਣਾ ਮੇਰੇ ਪੈਰਾਂ ਦਾ ਧਿਆਨ ਕਰੇ ਕਿ ਇਹ ਕਿੱਥੇ ਰੱਖ ਜਾਂਦੇ ਹਨ।
ਪਗਡੰਡੀ ਇਕਦਮ ਨਿਵਾਣ ਵਿਚ ਉੱਤਰਦੀ ਸੀ। ਹਨੇਰੇ ਵਿਚ ਇੰਜ ਲਗਦਾ ਸੀ
ਜਿਵੇਂ ਕਿਸੇ ਡੂੰਘੀ ਖੱਡ ਵਿਚ ਉੱਤਰ ਰਹੀ ਹੋਵੇ। ਪੈਰ ਟਿਕਾਉਣ ਲਈ ਟੇਕ ਵੀ ਮੁਸ਼ਕਲ ਨਾਲ ਹੀ ਮਿਲ ਰਹੀ ਸੀ। ਗਾਈਡ ਇਕ ਇਕ ਕਰਕੇ ਕਦਮ ਪੂਰੀ ਇਹਤਿਆਤ ਨਾਲ ਟਿਕਾਉਂਦਾ ਤੇ ਫਿਰ ਮੇਰੇ ਕਦਮ ਦੀ ਉਡੀਕ ਕਰਦਾ। ਇਸੇ ਤਰ੍ਹਾਂ ਮੈਂ ਆਪਣੇ ਤੋਂ ਪਿਛਲੇ ਦੇ ਸਬੰਧ ਵਿਚ ਕਰਦਾ। ਇਸ ਤਰ੍ਹਾਂ ਅਸੀਂ ਹੇਠਾਂ ਉੱਤਰਦੇ ਗਏ। ਇਕ ਕਦਮ ਉੱਤੇ ਇਕ ਪੱਥਰ ਤੋਂ ਅਚਾਨਕ ਮੇਰਾ ਪੈਰ ਤਿਲਕਿਆ। ਇਸ ਤੋਂ ਪਹਿਲਾਂ ਕਿ ਮੈਂ ਹੇਠਾਂ ਵੱਲ ਲੁੜਕ ਜਾਂਦਾ, ਗਾਈਡ ਨੇ ਮੈਨੂੰ ਠੱਲ੍ਹ ਲਿਆ। ਪਰ ਰੋਕੇ ਜਾਣ ਤੋਂ ਪਹਿਲਾਂ ਮੈਂ ਦੁਹਰਾ ਹੋ ਗਿਆ ਸਾਂ ਤੇ ਮੇਰਾ ਸਾਰਾ ਭਾਰ ਟੇਢੇ ਹੋਏ ਪੈਰ ਉੱਤੇ ਆ ਗਿਆ ਸੀ। ਖ਼ੈਰ, ਮੈਂ ਸਿੱਧਾ ਹੋਇਆ ਤੇ ਫਿਰ ਅਸੀਂ ਅਗਾਂਹ ਵਧਣ ਲੱਗੇ ਤੇ ਆਖ਼ਰ ਪੱਧਰ ਜ਼ਮੀਨ ਉੱਤੇ ਆ ਗਏ।
ਜਲਦੀ ਹੀ ਅਸੀਂ ਉਹਨਾਂ ਘਰਾਂ ਦੀ ਜੁਹ ਤੋਂ ਪਾਰ ਹੋ ਗਏ। ਹੁਣ ਅਸੀਂ ਲੋੜ ਮੁਤਾਬਕ ਟਾਰਚ ਜਲਾ ਸਕਦੇ ਸਾਂ। ਪਗਡੰਡੀਆਂ ਉੱਤੋਂ ਦੀ ਅਸੀਂ ਕੋਈ ਦੋ ਘੰਟੇ ਖ਼ਾਮੋਸ਼ ਤੁਰਦੇ ਗਏ। ਚਾਰੇ ਪਾਸੇ ਹਨੇਰਾ ਤੇ ਚੁੱਪ ਪੱਸਰੇ ਹੋਏ ਸਨ। ਪੱਥਰਾਂ ਦੇ ਵਿਚ ਬਣੀਆਂ ਵਿੰਗੀਆਂ ਟੇਢੀਆਂ ਪਗਡੰਡੀਆਂ ਨੇ ਸਾਨੂੰ ਇਹ ਇਜਾਜ਼ਤ ਨਾ ਦਿੱਤੀ ਕਿ ਅਸੀਂ ਆਲੇ ਦੁਆਲੇ ਨੂੰ ਨਜ਼ਰ ਭਰਕੇ ਦੇਖ ਸਕੀਏ। ਸਾਨੂੰ ਇਹ ਪਤਾ ਸੀ ਕਿ ਅਸੀਂ ਪੱਥਰਾਂ ਅਤੇ ਦਰੱਖ਼ਤਾਂ ਦੇ ਜੰਗਲ ਵਿਚੋਂ ਗੁਜ਼ਰ ਰਹੇ ਹਾਂ ਅਤੇ ਹਨੇਰਾ ਸਾਨੂੰ ਦੂਰ ਤਕ ਦੇਖਣ ਨਹੀਂ ਦੇਵੇਗਾ।
ਦੋ ਘੰਟਿਆਂ ਤੋਂ ਸਾਡੇ ਵਿਚੋਂ ਕੋਈ ਨਹੀਂ ਸੀ ਬੋਲਿਆ। ਇਸ ਸ਼ਾਂਤ ਮਾਹੌਲ ਨੂੰ ਸਿਰਫ਼ ਸਾਡੇ ਕਦਮਾਂ ਦੀ ਹੌਲੀ ਹੌਲੀ ਹੁੰਦੀ ਆਵਾਜ਼ ਹੀ ਤੋੜਦੀ ਜਾਂ ਫਿਰ ਸਾਡੀਆਂ ਕਿੱਟਾਂ ਵਿਚ ਰੱਖੀਆਂ ਬੋਤਲਾਂ ਵਿਚਲੇ ਪਾਣੀ ਦੇ ਉੱਛਲਣ ਦੀ ਆਵਾਜ਼ ਕੁਝ ਸ਼ੋਰ ਪੈਦਾ ਕਰਦੀ। ਬੇਸ਼ੱਕ, ਪਾਣੀ ਦਾ ਸ਼ੋਰ ਸਾਡੇ ਕਦਮਾਂ ਦੀ ਆਵਾਜ਼ ਤੋਂ ਜ਼ਿਆਦਾ ਸੁਣਾਈ ਦੇਂਦਾ ਸੀ। ਚੱਲਦਿਆਂ ਹੋਇਆਂ ਅਸੀਂ ਇਹੋ ਹੀ ਮਹਿਸੂਸ ਕਰ ਰਹੇ ਸਾਂ। ਵੈਸੇ ਵੀ ਪੈਰ ਤਾਂ ਕਈ ਫੁੱਟ ਹੇਠਾਂ ਸਨ ਜਦ ਕਿ ਪਾਣੀ ਦੀ ਬੋਤਲ ਐਨ ਮੋਢੇ ਦੇ ਕੋਲੋਂ ਕੰਨਾਂ ਤੱਕ ਮਾਰ ਕਰਦੀ ਸੀ। ਬਾਦ 'ਚ ਸਾਨੂੰ ਪਤਾ ਲੱਗਿਆ ਕਿ ਹਰ ਕੋਈ ਪਾਣੀ ਦੀ ਆਵਾਜ਼ ਜ਼ਿਆਦਾ ਮਹਿਸੂਸ ਕਰ ਰਿਹਾ ਸੀ ਪਰ ਇਹ ਆਵਾਜ਼ ਉਸ ਦੇ ਆਪਣੇ ਹੀ ਮੋਢਿਆਂ ਤੋਂ ਆਉਂਦੀ ਸੀ ਅਤੇ ਦੁਸਰੇ ਦਿਆਂ ਤੋਂ ਨਹੀਂ। ਦੁਸਰੇ ਦੀ ਸਿਰਫ਼ ਕਦਮ-ਚਾਪ ਹੀ ਸੁਣਾਈ ਦੇਂਦੀ।
ਜਦ ਤੁਰਦਿਆਂ ਤੁਰਦਿਆਂ ਢਾਈ ਘੰਟੇ ਹੋ ਗਏ ਤਾਂ ਗਾਈਡ ਨੇ ਕਦਮ ਰੋਕ ਲਏ। ਉਸ ਨੇ ਕਿਹਾ ਕਿ ਅਸੀਂ ਦੱਸ ਮਿੰਟ ਦਾ ਆਰਾਮ ਕਰਾਂਗੇ ਅਤੇ ਫਿਰ ਚੱਲ ਪਵਾਂਗੇ। ਕਿੱਟਾਂ ਉਤਾਰੀਆਂ, ਪਾਣੀ ਦੇ ਦੋ ਦੋ ਘੁੱਟ ਪੀ ਕੇ ਅਸੀਂ ਆਰਾਮ ਕਰਨ ਲੱਗੇ। ਹੁਣ ਅਸੀਂ ਕਿਸੇ ਵੀ ਆਬਾਦੀ ਤੋਂ ਬਹੁਤ ਦੂਰ ਸਾਂ ਅਤੇ ਥੋੜ੍ਹਾ ਖੁੱਲ੍ਹੀ ਆਵਾਜ਼ ਵਿਚ ਬੋਲ ਸਕਦੇ ਸਾਂ। ਉੱਚੀ ਹੋਣ ਉੱਤੇ ਵੀ ਸਾਡੀ ਆਵਾਜ਼ ਐਨੀ ਕੁ ਹੀ ਸੀ ਕਿ ਪੰਜ-ਛੇ ਫੁੱਟ ਤੋਂ ਪਾਰ ਇਸ ਨੂੰ ਕੋਈ ਨਹੀਂ ਸੀ ਸੁਣ ਸਕਦਾ। ਭਾਵੇਂ ਜੰਗਲ ਵਿਚ ਸਾਡੀ ਆਵਾਜ਼ ਨੂੰ ਖ਼ਾਮੋਸ਼ੀ ਤੋਂ ਬਿਨਾਂ ਸੁਨਣ ਵਾਲਾ ਕੋਈ ਨਹੀਂ ਸੀ ਪਰ ਇਹ ਅਸੂਲ ਸੀ ਅਤੇ ਹਰ ਕਿਸੇ ਨੇ ਇਸ ਦੀ ਪਾਲਣਾ ਕਰਨੀ ਸੀ। ਰਾਤ ਨੂੰ ਜੰਗਲ ਸ਼ਾਇਦ ਇਸੇ ਲਈ ਖ਼ਾਮੋਸ਼ ਹੁੰਦਾ ਹੈ ਕਿ ਜਾਨਵਰ ਤੇ ਪੰਛੀ ਆਰਾਮ ਕਰ ਲੈਣ। ਅਸੀਂ ਉਹਨਾਂ ਦੇ ਆਰਾਮ ਵਿਚ ਵਿਘਨ ਨਹੀਂ ਸੀ ਪਾ ਸਕਦੇ।
ਅਸੀਂ ਕੋਈ ਜ਼ਿਆਦਾ ਗੱਲਾਂ ਨਹੀਂ ਕੀਤੀਆਂ। ਬਹੁਤਾ ਕਰਕੇ ਚੁੱਪ ਹੀ ਰਹੇ। ਦੱਸ ਮਿੰਟ ਹੋਏ ਤਾਂ ਪਾਣੀ ਦੇ ਦੋ ਦੋ ਘੁੱਟ ਹੋਰ ਭਰ ਕੇ ਅਸੀਂ ਕਿੱਟਾਂ ਮੋਢਿਆਂ ਉੱਤੇ ਲੱਦੀਆਂ ਅਤੇ ਅਗਾਂਹ ਵੱਲ ਨੂੰ ਚਾਲੇ ਪਾ ਦਿੱਤੇ।
ਸਾਡੀ ਪਗਡੰਡੀ ਕਦੇ ਜੰਗਲ ਵਿਚ ਹੁੰਦੀ, ਕਦੇ ਕਿਸੇ ਖੇਤ ਵਿਚ ਅਤੇ ਕਦੇ ਕਿਸੇ ਝਾੜ ਝਖਾੜ ਵਿਚ। ਪੱਥਰਾਂ ਦਾ ਸਾਥ ਤਿੰਨਾਂ ਹੀ ਤਰ੍ਹਾਂ ਦੀਆਂ ਥਾਵਾਂ ਵਿਚ ਸਾਂਝਾ ਸੀ। ਹਨੇਰੇ ਵਿਚ ਕਈ ਵਾਰ ਪੈਰ ਕਿਸੇ ਰੁੱਖ ਦੇ ਮੁੱਢ ਨਾਲ ਟਕਰਾਅ ਜਾਂਦੇ, ਕਦੇ ਕਿਸੇ ਪੱਥਰ ਨਾਲ ਅਤੇ ਕਦੇ ਉਂਜ ਹੀ ਰਸਤੇ ਤੋਂ ਪਾਸੇ ਹੋ ਜਾਂਦੇ। ਇਕ ਨੂੰ ਆਈ ਕਿਸੇ ਰੁਕਾਵਟ ਕਾਰਨ ਅਸੀਂ ਤਿੰਨੇ ਰੁਕ ਜਾਂਦੇ ਤੇ ਫਿਰ ਇਕੱਠੇ ਅਗਾਂਹ ਵਧਦੇ। ਠੋਕਰ ਖਾਣ ਵਾਲਾ ਹੱਥ ਦੇ ਸੰਕੇਤ ਨਾਲ ਹੀ ਅਗਾਂਹ ਨੂੰ ਤੁਰਨ ਲਈ ਕਹਿ ਦੇਂਦਾ ਤੇ ਚੱਲਣਾ ਜਾਰੀ ਰਹਿੰਦਾ। ਇਹ ਸਾਰਾ ਕੁਝ ਚੁੱਪ ਚਾਪ ਹੁੰਦਾ ਤੇ ਕੋਈ ਵੀ ਕੁਝ ਨਾ ਬੋਲਦਾ।
ਕੋਈ ਇਕ ਘੰਟੇ ਦੇ ਹੋਰ ਸਫ਼ਰ ਤੋਂ ਬਾਅਦ ਸਾਡੇ ਚੋਂ ਅਚਾਨਕ ਇਕ ਨੇ ਕਿਹਾ "ਗੱਡੀ" ਅਤੇ ਅਸੀਂ ਤਿੰਨੋਂ ਅੱਖ ਦੇ ਪਲਕਾਰੇ ਵਿਚ ਉੱਛਲ ਕੇ ਝਾੜੀਆਂ ਵਿਚ ਹੋ ਗਏ ਤੇ ਲੇਟ ਗਏ। ਇਕ ਮੋਟਰ ਸਾਈਕਲ ਦੀ ਰੌਸ਼ਨੀ ਸਾਡੇ ਸਿਰਾਂ ਤੋਂ ਦੀ ਗੁਜ਼ਰੀ ਅਤੇ ਕੁਝ ਦੇਰ ਵਿਚ ਫਟ ਫਟ ਦੀ ਆਵਾਜ਼ ਮੱਧਮ ਹੋ ਕੇ ਦੂਰ ਕਿਤੇ ਗੁੰਮ ਹੋ ਗਈ। ਮੈਂ ਹੈਰਾਨ ਸਾਂ ਕਿ ਪੱਥਰਾਂ ਦੁਆਲੇ ਵਲ ਖਾਂਦੀਆਂ ਇਹਨਾਂ ਲੀਹਾਂ ਵਿਚ ਮੋਟਰ ਸਾਈਕਲ ਕਿਵੇਂ ਚੱਲ ਸਕਦਾ ਹੈ। ਗਾਈਡ ਨੇ ਦੱਸਿਆ ਕਿ ਅਸੀਂ ਇਕ ਛੋਟੀ ਨਹਿਰ ਤੋਂ ਹਟਵੇਂ ਇਕ ਰਸਤੇ ਉੱਤੇ ਚੱਲ ਰਹੇ ਹਾਂ। ਅਸੀਂ ਇਕ ਪੁਲ ਨੂੰ ਪਿੱਛੇ ਛੱਡ ਆਏ ਸਾਂ ਅਤੇ ਮੋਟਰ ਸਾਈਕਲ ਉਸੇ ਤੋਂ ਹੀ ਗੁਜ਼ਰਿਆ ਸੀ। ਜਿਸ ਰਸਤੇ 'ਤੇ ਅਸੀਂ ਚੱਲ ਰਹੇ ਸਾਂ ਮੋਟਰ ਸਾਈਕਲ ਦਾ ਰਸਤਾ ਉਸ ਨੂੰ ਕੱਟਦਾ ਸੀ ਪਰ ਹਨੇਰੇ ਵਿਚ ਇਹ ਅੰਦਾਜ਼ਾ ਨਹੀਂ ਸੀ ਲੱਗ ਸਕਿਆ ਕਿ ਅਸੀਂ ਕਿਸੇ ਅਜਿਹੇ ਰਾਹ ਉੱਤੋਂ ਦੀ ਗੁਜ਼ਰੇ ਹਾਂ। ਗਾਈਡ ਮੁਤਾਬਕ ਪੁਲ ਉੱਤੋਂ ਚਾਰ ਪਹੀਆਂ ਵਾਲੀ ਗੱਡੀ ਗੁਜ਼ਰ ਹੀ ਨਹੀਂ ਸੀ ਸਕਦੀ ਸੋ ਗੱਡੀ ਦਾ ਡਰ ਨਿਰਮੂਲ ਸੀ। ਮੋਟਰ ਸਾਈਕਲ ਦਾ ਗੁਜ਼ਰਨਾ ਵੀ ਕਦੇ ਕਦਾਈਂ ਵਾਪਰ ਸਕਣ ਵਾਲਾ ਮੌਕਾ ਹੀ ਸੀ। ਫਿਰ ਵੀ ਅਸੀਂ ਕੁਝ ਦੇਰ ਹੋਰ ਅੱਧ ਲੇਟੇ ਉਡੀਕ ਕਰਦੇ ਰਹੇ ਕਿ ਕੋਈ ਦੁਪਹੀਆ ਵਾਹਨ ਹੋਰ ਵੀ ਨਾ ਹੋਵੇ। ਸਵੇਰ ਦੇ ਤਿੰਨ ਚਾਰ ਵਜੇ ਦੇ ਦਰਮਿਆਨ ਦਾ ਸਮਾਂ ਸੀ ਅਤੇ ਇਸ ਵਕਤ ਸ਼ਹਿਰ ਵੱਲੋਂ ਕਿਸੇ ਮੋਟਰ ਸਾਈਕਲ ਦਾ ਪਹੁੰਚਣਾ ਸ਼ੰਕਾ ਉਪਜਾਉਂਦਾ ਸੀ। ਗਾਈਡ ਚੌਕਸ ਹੋ ਗਿਆ ਤੇ ਉਸ ਨੇ ਦੂਰ ਤੱਕ ਦੀ ਆਵਾਜ਼ ਸੁਨਣ ਲਈ ਕੰਨ ਖੜ੍ਹੇ ਕਰ ਲਏ। ਜਲਦੀ ਹੀ ਉਸ ਨੂੰ ਯਕੀਨ ਹੋ ਗਿਆ ਕਿ ਖ਼ਤਰੇ ਵਾਲੀ ਗੱਲ ਕੋਈ ਨਹੀਂ।
ਸਾਰੇ ਰਸਤੇ ਨੂੰ ਖ਼ਾਮੋਸ਼ੀ ਨਾਲ ਤੈਅ ਕਰਨ ਦਾ ਰਾਜ਼ ਮੈਨੂੰ ਹੁਣ ਸਮਝ ਪਿਆ। ਜੰਗਲ ਤੇ ਝਾੜ ਝਖਾੜ ਵਿਚ ਕਿਸੇ ਵੀ ਵਾਹਨ ਦੀ ਰੋਸ਼ਨੀ ਤਾਂ ਇਹਨਾਂ ਰੁਕਾਵਟਾਂ ਕਾਰਨ ਥੋੜ੍ਹੇ ਫ਼ਾਸਲੇ ਉਤੇ ਹੀ ਰੁਕ ਜਾਂਦੀ ਹੈ ਪਰ ਉਸ ਦੇ ਚੱਲਣ ਦੀ ਗੂੰਜ ਦੂਰ ਤੱਕ ਸੁਣਾਈ ਦੇਂਦੀ ਹੈ। ਫਿਰ ਵੀ ਗਾਈਡ ਨੂੰ ਗਿਲਾਨੀ ਹੋਈ ਕਿ ਉਹ ਮੋਟਰ ਸਾਈਕਲ ਦੀ ਆਵਾਜ਼ ਨੂੰ ਪਹਿਲਾਂ ਕਿਉਂ ਨਾ ਸੁਣ ਸਕਿਆ। ਸ਼ਾਇਦ ਉਹ ਸੋਚਾਂ ਵਿਚ ਗਲਤਾਨ ਹੋਵੇਗਾ ਕਿ ਉਸਨੇ ਇਕ ਵਿਸ਼ੇਸ਼ ਜ਼ਿੰਮੇਦਾਰੀ ਨਿਭਾਉਣੀ ਹੈ ਅਤੇ ਇਸ ਕਾਰਨ ਉਸ ਦੇ ਕੰਨ ਪਹਿਲਾਂ ਹੀ ਬਿੜਕ ਨਹੀਂ ਸਨ ਲੈ ਸਕੇ। ਤੀਸਰੇ ਸਥਾਨ ਉਤੇ ਆ ਰਹੇ ਸਾਥੀ ਨੇ ਪਲਕ ਝਪਕਣ ਦੇ ਸਮੇਂ ਜਿੰਨਾ ਰੌਸ਼ਨੀ ਨੂੰ ਪਾਸੇ ਤੋਂ ਆਉਂਦੇ ਦੇਖ ਲਿਆ ਸੀ ਤੇ
ਉਹ ‘ਗੱਡੀ' ਬੋਲ ਉੱਠਿਆ ਸੀ।
ਸਵੇਰ ਹੋਣ ਤੋਂ ਪਹਿਲਾਂ ਗਾਈਡ ਸਾਨੂੰ ਪਗਡੰਡੀ ਤੋਂ ਉਤਾਰ ਕੇ ਡੂੰਘਾ ਝਾੜੀਆਂ ਵਿਚ ਲੈ ਗਿਆ ਅਤੇ ਇਕ ਵਿਸ਼ਾਲ ਦਰੱਖ਼ਤ ਹੇਠਾਂ ਕਿੱਟ ਉਤਾਰਦਿਆਂ ਕਿਹਾ, "ਇਕ ਘੰਟਾ ਸੌਵਾਂਗੇ ਤੇ ਸੂਰਜ ਉੱਗਣ ਤੋਂ ਪਹਿਲਾਂ ਹੀ ਤੁਰ ਪਵਾਂਗੇ।"
ਹਰ ਕਿਸੇ ਨੇ ਕਿੱਟ ਉਤਾਰ ਦਿੱਤੀ। ਉਸ ਨੇ ਆਪਣੀ ਕਿੱਟ ਵਿਚੋਂ 4x6 ਦੀ ਇਕ ਪਲਾਸਟਿਕ ਸ਼ੀਟ ਕੱਢੀ ਅਤੇ ਜ਼ਮੀਨ ਸਾਫ਼ ਕਰਕੇ ਉਸ ਉੱਤੇ ਵਿਛਾ ਦਿੱਤੀ। ਫਿਰ ਉਸਨੇ ਸਾਨੂੰ ਦੋਵਾਂ ਨੂੰ ਕਿਹਾ ਕਿ ਅਸੀਂ ਸੌਂ ਜਾਈਏ ਜਦਕਿ ਉਹ ਪਹਿਰਾ ਦੇਵੇਗਾ। ਆਰਾਮ ਦੀ ਜ਼ਰੁਰਤ ਉਸ ਨੂੰ ਵੀ ਸੀ ਅਤੇ ਸਾਡੇ ਤੋਂ ਵੱਧ ਸੀ ਕਿਉਂਕਿ ਉਸਨੇ ਰਸਤਾ ਤਲਾਸ਼ਣਾ ਤੇ ਚੌਕਸੀ ਦਾ ਭਾਰ ਵੀ ਉਠਾਉਣਾ ਸੀ ਜਿਸ ਨਾਲ ਯਕੀਨਨ ਜ਼ਿਆਦਾ ਤਾਕਤ ਖ਼ਰਚ ਹੁੰਦੀ ਹੈ ਜਦ ਕਿ ਉਸ ਦੇ ਪਿੱਛੇ ਪਿੱਛੇ ਚੱਲਣ ਵਾਲੇ ਅਸੀਂ ਇਸ ਭਾਰ ਤੋਂ ਤਕਰੀਬਨ ਮੁਕਤ ਸਾਂ । ਸੋ ਉਸ ਦੀ ਜ਼ਿੰਮੇਦਾਰੀ ਵੰਡਾਉਣਾ ਜ਼ਰੂਰੀ ਸੀ। ਵੀਹ ਵੀਹ ਮਿੰਟ ਦੀ ਵਾਰੀ ਲੈਣ ਦੀ ਥਾਂ ਉਹਨਾਂ ਨੇ ਤੀਹ ਤੀਹ ਮਿੰਟ ਆਪਸ ਵਿਚ ਵੰਡ ਲਏ ਤੇ ਮੈਨੂੰ ਛੋਟ ਦੇ ਦਿੱਤੀ।
ਪਰ, ਜੰਗਲ ਵਿਚ ਪਹਿਲੀ ਰਾਤ। ਹੇਠੋਂ ਜ਼ਮੀਨ ਠੰਡੀ ਉਪਰੋਂ ਤਰੇਲ ਦਾ ਮੀਂਹ, ਚਾਰ ਫੁੱਟ ਚੌੜੇ ਉੱਚੇ ਨੀਵੇਂ "ਪਲੰਘ" ਉੱਤੇ ਨੀਂਦ ਕਿਸ ਨੂੰ ਆਉਂਦੀ? ਮੈਨੂੰ ਨਹੀਂ ਪਤਾ ਕਿ ਉਹਨਾਂ ਕਦ ਆਪਣੀ ਵਾਰੀ ਬਦਲੀ ਪਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਗਾਈਡ ਪਹਿਲਾਂ ਹੀ ਉੱਠ ਕੇ ਬੈਠ ਚੁੱਕਾ ਹੋਇਆ ਸੀ ਜਦ ਕਿ ਦੂਸਰਾ ਜਣਾ ਨਜ਼ਰਾਂ ਤੋਂ ਉਹਲੇ ਕਿਤੇ ਸੰਤਰੀ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਸੁਬਹ ਦੀ ਹਲਕੀ ਹਲਕੀ ਰੌਸ਼ਨੀ ਸ਼ੁਰੂ ਹੋ ਰਹੀ ਸੀ। ਪੰਛੀ ਇਕ ਦੂਸਰੇ ਨੂੰ ਸੰਗੀਤ ਸੁਣਾ ਕੇ ਜਗਾਉਣ ਦਾ ਆਹਰ ਸ਼ੁਰੂ ਕਰ ਚੁੱਕੇ ਸਨ। ਹੌਲੀ ਹੌਲੀ ਫੁੱਟ ਰਹੀ ਰੌਸ਼ਨੀ ਵਿਚ ਮੈਂ ਉਸ ਵੱਲ ਪਹਿਲੀ ਵਾਰ ਗ਼ੌਰ ਨਾਲ ਵੇਖਿਆ। 22-23 ਸਾਲ ਦਾ ਹਲਕੇ ਭੂਰੇ ਰੰਗ ਦਾ ਜਵਾਨ। ਮੱਥਾ ਚੌੜਾ, ਬੁੱਲ੍ਹਾਂ ਤੇ ਸੁਬਹ ਵਰਗੀ ਠੰਡੀ ਮਿੱਠੀ ਮੁਸਕਰਾਹਟ, ਗੱਲ੍ਹਾਂ ਉੱਤੇ ਮੱਧਮ ਜਿਹੀ ਲਾਲੀ, ਅੱਖਾਂ ਵਿਚ ਦੋਸਤਾਨਾ ਤੱਕਣੀ ਅਤੇ ਸੰਜੀਦਗੀ ਦਾ ਸੁਮੇਲ। ਇਹ ਉਹ ਨੌਜਵਾਨ ਸੀ ਜਿਹੜਾ ਮੈਨੂੰ ਰਾਤ ਦੇ ਹਨੇਰੇ ਵਿਚ ਸ਼ਹਿਰ ਦੀ ਖੱਬੀ ਬਾਹੀ ਵੱਲ ਸੜਕ ਤੋਂ ਵੀਹ ਕਦਮ ਦੇ ਫ਼ਾਸਲੇ ਉੱਤੇ ਮਿਲਿਆ ਸੀ। ਜੇ ਅਸੀਂ ਹਨੇਰੇ ਵਿਚ ਇਕ ਦੂਸਰੇ ਨੂੰ ਨਾ ਮਿਲ ਕੇ ਕਿਸੇ ਤੀਜੇ ਤੇ ਚੌਥੇ ਨੂੰ ਟੱਕਰ ਪਏ ਹੁੰਦੇ ਤਾਂ? ਪਰ ਇਸ ਦੀ ਗੁੰਜਾਇਸ਼ ਨਹੀਂ ਸੀ। ਬੱਸ, ਨਹੀਂ ਸੀ।
"ਤੇਰਾ ਨਾਂਅ?"
"ਬਾਸੂ।" "ਬੰਗਾਲੀ ਤਾਂ ਲਗਦਾ ਨਹੀਂ।"
"ਨਹੀਂ ਹਾਂ, ਪਰ ਬੋਲ ਸਕਦਾ ਹਾਂ।" ਫਿਰ ਉਸ ਨੇ ਆਪਣੀ ਗਾਈਡ ਵਾਲੀ ਜ਼ਿੰਮੇਦਾਰੀ ਵੱਲ ਮੁੜਦਿਆਂ ਕਿਹਾ, "ਤਿਆਰੀ ਕਰੋ! ਪੰਜ ਮਿੰਟ ਦੇ ਵਿਚ ਵਿਚ ਤੁਰ ਪਵਾਂਗੇ।"
ਉਹ ਤੀਸਰੇ ਸਾਥੀ ਵੱਲ ਗਿਆ ਤੇ ਉਸ ਨੂੰ ਬੁਲਾ ਲਿਆਇਆ। ਸਾਡੀਆਂ ਅੱਖਾਂ ਮਿਲੀਆਂ, ਮੁਸਕਰਾ ਕੇ ਇਕ ਦੂਜੇ ਨੂੰ ਪਹਿਲੀ ਕੁਦਰਤੀ ਸਲਾਮ ਕੀਤੀ ਤੇ ਫਿਰ ਉਸ ਨਾਲ ਹੱਥ ਮਿਲਾਉਣ ਲਈ ਮੈਂ ਉੱਠਣ ਲੱਗਾ।
ਮੇਰੇ ਪੈਰ ਨੇ ਮੇਰਾ ਸਾਥ ਨਹੀਂ ਦਿੱਤਾ ਅਤੇ ਇਕ ਚੀਸ ਨੇ ਮੈਨੂੰ ਉੱਥੇ ਹੀ ਦੱਬ ਲਿਆ।
"ਕੀ ਹੋਇਆ?"
"ਪੈਰ ਮੋਚ ਖਾ ਗਿਆ। ਪੈ ਗਈ ਮੁਸੀਬਤ!" ਮੇਰੇ ਮੂੰਹੋਂ ਨਿਕਲਿਆ।
“ਰਾਤ ਦੀ ਠੰਡ ਨੇ ਸੱਟ ਦੀ ਪੀੜ ਨੂੰ ਬਾਹਰ ਕੱਢ ਲਿਆਂਦਾ ਹੈ," ਬਾਸੂ ਨੇ ਕਿਹਾ। ਬਾਸੂ ਨੇ ਕਿੱਟ ਵਿਚੋਂ ਮਲ੍ਹਮ ਕੱਢੀ ਤੇ ਮੈਨੂੰ ਫੜਾ ਦਿੱਤੀ । ਆਪ ਉਹ ਕੱਖ ਕਾਨੇ ਤੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਿਆ।
ਪੈਰ ਨੂੰ ਮਲ੍ਹਮ ਲਗਾ ਕੇ ਤੇ ਸੇਕ ਦੇਣ ਤੋਂ ਬਾਦ ਉਸ ਨੂੰ ਮੁਸ਼ਕਲ ਨਾਲ ਬੂਟ ਦੇ ਹਵਾਲੇ ਕਰਕੇ ਮੈਂ ਉੱਠਣ ਦਾ ਯਤਨ ਕੀਤਾ ਪਰ ਕਾਮਯਾਬ ਨਹੀਂ ਹੋਇਆ। ਤੀਸਰੇ ਸਾਥੀ ਦੇ ਬਾਂਹ ਦੇ ਸਹਾਰੇ ਨਾਲ ਪੰਜ ਸੱਤ ਕਦਮ ਚੱਲਣ ਤੋਂ ਬਾਦ ਮੈਂ ਉਸ ਦਾ ਹੱਥ ਫੜ੍ਹ ਲਿਆ ਤੇ ਜ਼ੋਰ ਨਾਲ ਘੁੱਟਿਆ।
"ਪੈਰ ਨੇ ਸਾਡੇ ਹੱਥ ਮਿਲਾਉਣ ਨੂੰ ਰੋਕ ਦਿੱਤਾ ਸੀ," ਹੱਥ ਘੁੱਟਦਿਆਂ ਮੈਂ ਕਿਹਾ। ਪਰ ਉਹ ਸਿਰਫ਼ ਮੁਸਕਰਾਇਆ ਤੇ ਪਿਆਰ ਨਾਲ ਮੇਰਾ ਮੋਢਾ ਨੱਪ ਦਿੱਤਾ। ਦੋ ਤਿੰਨ ਵਾਕ ਹੋਰ ਬੋਲਣ ਤੋਂ ਬਾਦ ਜਦ ਮੈਂ ਉਸ ਦਾ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਉਹ ਫਿਰ ਮੁਸਕਰਾ ਪਿਆ।
ਦਰਅਸਲ ਅਸੀਂ ਬਿਲਕੁਲ ਹੀ ਬੇਗਾਨੀਆਂ ਬੋਲੀਆਂ ਬੋਲਣ ਵਾਲੇ ਅਜਨਬੀ ਸਾਂ। ਅਸੀਂ ਬੁੱਲ੍ਹਾਂ ਦੀ ਮੁਸਕੁਰਾਹਟ ਅਤੇ ਅੱਖਾਂ ਨਾਲ ਹੀ ਗੱਲਾਂ ਕਰ ਸਕਦੇ ਸੀ। ਮੈਂ ਉਸ ਦੇ ਸਹਾਰੇ ਤੋਂ ਮੁਕਤ ਹੋਕੇ ਖ਼ੁਦ ਦੋ-ਤਿੰਨ ਕਦਮ ਟਿਕਾਏ। ਹੌਲੀ ਹੌਲੀ ਤੁਰਿਆ ਤਾਂ ਜਾ ਸਕਦਾ ਸੀ ਪਰ ਇਸ ਨਾਲ ਪੰਧ ਨਹੀਂ ਸੀ ਮੁੱਕ ਸਕਦਾ। ਬਾਸੂ ਨੇ ਇਕ ਬਾਂਸ ਤੋਂ ਸੋਟਾ ਭੰਨ ਕੇ ਮੈਨੂੰ ਦਿੱਤਾ। ਚੱਲਣਾ ਥੋੜ੍ਹਾ ਆਸਾਨ ਹੋ ਗਿਆ ਪਰ ਇਹ ਫਿਰ ਵੀ ਹੌਲੀ ਹੌਲੀ ਹੀ ਸੀ। ਉਹਨਾਂ ਮੇਰੀ ਕਿੱਟ ਲੈ ਲੈਣੀ ਚਾਹੀ। ਪਰ ਕਿੱਟ ਨੂੰ ਮੈਂ ਮੋਢੇ ਉੱਤੇ ਚੜਾ ਚੁੱਕਾ ਸੀ ਅਤੇ ਉਤਾਰਨਾ ਨਹੀਂ ਸੀ ਚਾਹੁੰਦਾ। ਥੋੜ੍ਹੀ ਦੇਰ ਬਾਦ ਪੈਰ ਨੇ ਗਰਮੀ ਫੜ੍ਹ ਲਈ, ਚਾਲ ਕੁਝ ਵੱਲ ਹੋਈ, ਪਰ ਇਹ ਤੇਜ਼ ਨਹੀਂ ਸੀ।
"ਸ਼ਹਿਰ ਵਾਪਸ ਲਿਜਾਣਾ ਪਵੇਗਾ ਬਾਸੂ ਬੋਲਿਆ। ਤੇ ਕਈ ਦਿਨ ਓਥੇ ਹੀ ਟਿਕਣਾ ਪਵੇਗਾ,"ਬਾਸੂ ਬੋਵਿਆ ।
"ਮੈਂ ਵਾਪਸ ਜਾਣ ਲਈ ਨਹੀਂ ਆਇਆ। ਪੈਰ ਠੀਕ ਹੋ ਜਾਵੇਗਾ।"
ਰਾਤ ਜਿਹੀ ਨਾ ਸਹੀ ਪਰ ਚਾਲ ਨੇ ਐਨੀ ਕੁ ਰਵਾਨੀ ਫੜ੍ਹ ਲਈ ਕਿ ਬਾਸੂ ਨੂੰ ਵਾਪਸ ਪਰਤਣ ਦੀ ਗੱਲ ਫਿਰ ਨਹੀਂ ਦੁਹਰਾਉਣੀ ਪਈ। ਉਹਨਾਂ ਮੇਰੀ ਪਾਣੀ ਵਾਲੀ ਬੋਤਲ ਲੈ ਲਈ। ਇਕ ਕਿੱਲੋ ਦੇ ਕਰੀਬ ਭਾਰ ਘੱਟ ਹੋ ਗਿਆ ਪਰ ਮੈਨੂੰ ਲੱਗਾ ਜਿਵੇਂ ਦੱਸ ਕਿਲੋ ਤੋਂ ਆਰਾਮ ਮਿਲਿਆ ਹੋਵੇ। ਅਸੀਂ ਮੱਠੀ ਮੱਠੀ ਚਾਲੇ ਤੁਰਦੇ ਗਏ। ਕਿਤੇ ਕਿਤੇ ਜਦ ਉੱਚੀ ਨੀਵੀਂ ਥਾਵੇਂ ਪੈਰ ਰੱਖਿਆ ਜਾਂਦਾ ਜਾਂ ਪੱਥਰ ਦਾ ਕੋਈ ਟੁਕੜਾ ਪੈਰ ਹੇਠ ਆ ਜਾਂਦਾ ਤਾਂ ਚੀਸ ਉੱਠੀ ਪੈਂਦੀ। ਦਿਨ ਦੇ ਚੜ੍ਹਨ ਨਾਲ ਪੈਰ ਵਿਚ ਗਰਮਾਇਸ਼ ਵੀ ਵਧਦੀ ਗਈ। ਬੇਸ਼ੱਕ, ਇਹ ਸੂਰਜ ਕਾਰਨ ਨਹੀਂ ਸਗੋਂ ਚੱਲਦੇ ਰਹਿਣ ਕਰਕੇ ਪੈਦਾ ਹੋਈ ਸੀ ਪਰ ਦਿਨ ਦੇ ਚੜ੍ਹਨ ਨਾਲ ਹੋਈ ਰੌਸ਼ਨੀ ਨੇ ਪੈਰ ਨੂੰ ਸਹੀ ਥਾਂ ਟਿਕਾਉਣ ਦੀ ਸਹੂਲਤ ਮੁਹੱਈਆ ਕਰ ਦਿੱਤੀ ਸੀ। ਮੈਂ ਸੋਚਿਆ ਕਿ ਰਾਤ ਨੂੰ ਪਹਿਲੇ ਆਰਾਮ ਸਮੇਂ ਜੇ ਅਸੀਂ ਦੱਸ ਮਿੰਟ ਦੀ ਬਜਾਏ ਕਿਤੇ ਅੱਧਾ ਘੰਟਾ ਆਰਾਮ ਕਰ ਲਿਆ ਹੁੰਦਾ ਤਾਂ ਯਕੀਨਨ ਸਿਆਪਾ ਖੜ੍ਹਾ ਹੋ ਜਾਂਦਾ। ਹਨੇਰੇ ਨੇ ਮੇਰੀ ਹਿੰਮਤ ਖੋਹ ਲੈਣੀ ਸੀ ਕਿਉਂਕਿ ਮੈਦਾਨ ਵਰਗਾ ਪੱਧਰਾ ਰਾਹ ਜੰਗਲ ਵਿਚ ਮਿਲਣਾ ਨਹੀਂ ਸੀ।
ਰਾਤ ਨੂੰ ਇਕ ਘੰਟੇ ਦੌਰਾਨ ਜਿੰਨੀ ਵੀ ਨੀਂਦ ਆਈ ਸੀ, ਬੇ-ਫ਼ਿਕਰੀ ਦੀ ਆਈ ਸੀ। ਉਹਨਾਂ ਮੈਨੂੰ ਪਹਿਰੇਦਾਰੀ ਤੋਂ ਸੁਰਖ਼ਰੂ ਕਰਕੇ ਮੇਰੇ ਉੱਪਰ ਬੋਝ ਜਿਹਾ ਲੱਦ ਦਿੱਤਾ ਸੀ।
"ਬਾਸੂ, ਮੈਂ ਰਾਤ ਦੇ ਬੋਝ ਦਾ ਕੀ ਕਰਾਂਗਾ।"
“ਪਹਿਰੇ ਤੋਂ ਛੁੱਟੀ ਦਾ?
" ਹਾਂ ।"
“ਪਰ ਇਹ ਸਾਡੀ ਜ਼ਿੰਮੇਵਾਰੀ ਸੀ ਅਤੇ ਅਸੀਂ ਹੀ ਨਿਭਾਉਣੀ ਸੀ।"
ਬਾਸੂ ਅਤੇ ਉਸ ਦੇ ਨਾਲ ਵਾਲੇ ਸਾਥੀ ਕੋਲ ਹਥਿਆਰ ਕੋਈ ਨਹੀਂ ਸੀ। ਫਿਰ ਵੀ ਪਹਿਰੇ ਦੀ ਜ਼ਿੰਮੇਦਾਰੀ ਨਿਭਾਈ ਗਈ। ਉਸ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਸ਼ਹਿਰ ਵੱਲ ਜਾਂਦੇ ਹਨ ਤਾਂ ਹਥਿਆਰ ਨਾਲ ਲੈ ਕੇ ਨਹੀਂ ਜਾਂਦੇ। ਰਾਤ ਨੂੰ ਕੋਈ ਖ਼ਤਰਾ ਖੜ੍ਹਾ ਹੋ ਜਾਣ ਦੀ ਸਥਿੱਤੀ ਵਿਚ ਅਸੀਂ ਦੌੜ ਕੇ ਹੀ ਬਚਾਅ ਕਰ ਸਕਦੇ ਹਾਂ। ਦਰਅਸਲ, ਪਹਿਰਾ ਬਿੜਕ ਰੱਖਣ ਦਾ ਸੀ, ਖ਼ਤਰੇ ਨੂੰ ਦੂਰੋਂ ਭਾਂਪਣ ਦਾ। ਬਾਸੂ ਖ਼ਤਰੇ ਨੂੰ ਦੂਰੋਂ ਭਾਂਪ ਸਕਦਾ ਸੀ। ਰਾਤ ਨੂੰ ਵੀ ਸਾਰੇ ਰਸਤੇ ਦੌਰਾਨ ਉਹ ਵਿਚ ਵਿਚ ਰੁਕ ਜਾਂਦਾ ਰਿਹਾ ਸੀ ਅਤੇ ਆਲੇ ਦੁਆਲੇ ਵੱਲ ਕੰਨ ਘੁਮਾ ਕੇ ਤੇ ਨੀਝ ਨਾਲ ਤੱਕ ਕੇ 'ਹੂੰ' ਕਹਿਕੇ ਅਗਾਂਹ ਤੁਰ ਪੈਂਦਾ ਸੀ। ਉਸ ਦੇ ਕੰਨ ਕਿਸੇ ਸ਼ਿਕਾਰੀ ਵਾਂਗ ਬਾਰੀਕ ਆਵਾਜ਼ਾਂ ਸੁਨਣ ਅਤੇ ਉਹਨਾਂ ਦੇ ਦਰਮਿਆਨ ਵਖਰੇਵਾਂ ਕਰਨ ਵਿਚ ਤਾਕ ਹੋ ਚੁੱਕੇ ਲਗਦੇ ਸਨ। ਜਦ ਵੀ ਪਗਡੰਡੀ ਇਕ ਤੋਂ ਦੋ ਵਿਚ ਪਾਟਦੀ ਉਹ ਪਲ ਭਰ ਲਈ ਟਾਰਚ ਦਾ ਬਟਨ ਨੱਪਦਾ ਅਤੇ ਇਕ ਨੂੰ ਚੁਣ ਲੈਂਦਾ। ਸਿਰਫ਼ ਇਕ ਥਾਂ ਉੱਤੇ ਹੀ ਉਸ ਨੇ ਖ਼ਤਾ ਖਾਧੀ, ਪਰ ਪੰਦਰਾਂ ਵੀਹ ਕਦਮ ਚੱਲਣ ਤੋਂ ਬਾਦ ਉਹ ਰੁਕਿਆ, ਹਨੇਰੇ ਵਿਚ ਜੰਗਲ ਨੂੰ ਘੂਰਿਆ, ਜ਼ਮੀਨ ਉੱਤੇ ਟਾਰਚ ਦੀ ਰੌਸ਼ਨੀ ਨੂੰ ਤੇਜ਼ੀ ਨਾਲ ਤਿਲਕਾਇਆ ਤੇ ਫਿਰ ਵਾਪਸ ਮੁੜ ਕੇ ਦੂਸਰੀ ਲੀਹੇ ਚੱਲ ਪਿਆ। ਮੈਂ ਹੈਰਾਨ ਸਾਂ ਕਿ ਰਾਤ ਦੇ ਹਨੇਰੇ ਵਿਚ ਉਹ ਜੰਗਲ ਦੇ ਰਸਤਿਆਂ ਨੂੰ ਕਿੰਨੀ ਬਾਰੀਕੀ ਨਾਲ ਪਛਾਣ ਸਕਦਾ ਹੈ, ਜਿਵੇਂ ਰੋਜ਼ ਹੀ ਉਹਨਾਂ ਉੱਤੋਂ ਗੁਜ਼ਰਦਾ ਹੋਵੇ।
ਬਾਸੂ ਸ਼ਹਿਰ ਤੋਂ ਕੁਝ ਸਾਮਾਨ ਖ੍ਰੀਦ ਕੇ ਲਿਆਇਆ ਹੋਇਆ ਸੀ। ਤਿੰਨ ਜਣਿਆਂ ਦੇ ਦੋ ਡੰਗ ਦੇ ਪੱਕੇ ਹੋਏ ਚੌਲ, ਅਚਾਰ ਤੇ ਥੋੜ੍ਹੇ ਜਿੰਨੇ ਬਿਸਕੁਟ। ਰਾਤ ਨੂੰ ਜਦ ਉਹ ਮੈਨੂੰ ਮਿਲਿਆ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਉਸਨੇ ਪੁੱਛੀ ਸੀ ਉਹ ਟਾਰਚ ਬਾਰੇ ਸੀ।
"ਟਾਰਚ ਹੈ ਜੇ?" ਉਸ ਦਾ ਪਹਿਲਾ ਸਵਾਲ ਸੀ। ਟਾਰਚ ਤੋਂ ਬਿਨਾਂ ਉਹ ਤੇ ਮੈਂ ਮਿਲ ਹੀ ਨਹੀਂ ਸਾਂ ਸਕਦੇ। ਸਫ਼ਰ ਦੌਰਾਨ ਇਸ ਦੀ ਜ਼ਰੂਰਤ ਵੀ ਬਹੁਤ ਰਹਿਣੀ ਸੀ।
ਕਿਸੇ ਵੀ ਰਾਤ ਅਸੀਂ ਦੋ ਘੰਟੇ ਤੋਂ ਵੱਧ ਨਹੀਂ ਸੁੱਤੇ ਹੋਵਾਂਗੇ। ਫਿਰ ਵੀ ਥਕਾਵਟ ਮਹਿਸੂਸ ਨਹੀਂ ਹੋਈ। ਬੇਸ਼ੱਕ ਜੰਗਲ ਵਿਚ ਦਾਖ਼ਲ ਹੁੰਦਿਆਂ ਤੁਸੀਂ ਇਸ ਦਾ ਨਜ਼ਾਰਾ ਕਰਨਾ ਚਾਹੁੰਦੇ ਹੋ, ਇਸ ਦੀ ਬਨਸਪਤੀ ਦੀ ਤਰ੍ਹਾਂ ਤਰ੍ਹਾਂ ਦੀ ਖੁਸ਼ਬੂ ਲੈਣਾ ਚਾਹੁੰਦੇ ਹੋ, ਇਸ ਦੇ ਜਾਨਵਰਾਂ ਤੇ ਪੰਛੀਆਂ ਨੂੰ ਦੇਖਣਾ ਤੇ ਉਹਨਾਂ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਵੱਧ ਇਹ ਕਿ ਤੁਸੀਂ ਇਸ ਦੇ ਅਜੀਬ ਲੋਕਾਂ ਨੂੰ ਮਿਲਣਾ, ਜਾਨਣਾ ਤੇ ਸਮਝਣਾ ਚਾਹੁੰਦੇ ਹੋ। ਪਰ ਪਹਿਲੇ ਤਿੰਨੇ ਹੀ ਦਿਨ ਮੈਨੂੰ ਇਸ ਦਾ ਜ਼ਿਆਦਾ ਮੌਕਾ
ਨਹੀਂ ਮਿਲਿਆ। ਲੋਕਾਂ ਨੂੰ ਮਿਲਣ ਦਾ ਤਾਂ ਬਿਲਕੁਲ ਹੀ ਨਹੀਂ। ਕਿਉਂਕਿ ਜਦ ਤਕ ਅਸੀਂ ਡੂੰਘੇ ਜੰਗਲ ਵਿਚ ਨਹੀਂ ਪਹੁੰਚ ਗਏ ਅਸੀਂ ਪਿੰਡਾਂ ਤੋਂ ਲਾਂਭੇ ਹੋ ਕੇ ਗੁਜ਼ਰਦੇ ਰਹੇ। ਏਥੋਂ ਤਕ ਕਿ ਜਿਹਨਾਂ ਰਸਤਿਆਂ ਤੋਂ ਅਸੀਂ ਗੁਜ਼ਰੇ ਉਹਨਾਂ ਉੱਤੇ ਲੋਕਾਂ ਦੀ ਆਵਾਜਾਈ ਸਾਨੂੰ ਦਿਖਾਈ ਨਹੀਂ ਦਿੱਤੀ। ਇਸ ਨੇ ਮੇਰੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਤੇ ਹੈਰਾਨ ਵੀ ਕਰ ਦਿੱਤਾ। ਲੋਕ ਕਿੱਥੇ ਹਨ, ਕਿਹੋ ਜਿਹੇ ਹਨ, ਕੀ ਖਾਂਦੇ ਹਨ, ਕੀ ਪੀਂਦੇ ਹਨ, ਕੀ ਪਹਿਨਦੇ ਹਨ, ਕਿਵੇਂ ਰਹਿੰਦੇ ਹਨ? ਅਜੀਬ ਗੱਲ ਸੀ ਕਿ ਤਿੰਨ ਦਿਨ ਵਾਸਤੇ ਕਿਸੇ ਨੇ ਤੁਹਾਨੂੰ ਦਿਖਾਈ ਨਹੀਂ ਸੀ ਦੇਣਾ। ਇਸ ਨੇ ਉਤਸੁਕਤਾ ਤੇ ਹੈਰਾਨੀ ਨੂੰ ਹੋਰ ਵੀ ਤੀਬਰ ਹੀ ਕਰਨਾ ਸੀ। ਇਸ ਤੀਬਰਤਾ ਨੇ ਮੈਨੂੰ ਥਕਾਵਟ ਅਤੇ ਦਰਦ ਤੋਂ ਬੇਖ਼ਬਰ ਕਰ ਦਿੱਤਾ। ਮੈਂ ਆਪਣੀ ਪਹਿਲਾਂ ਵਾਲੀ ਤੋਰ ਵਿਚ ਹੀ ਫਿਰ ਪਹੁੰਚ ਗਿਆ।
ਅਚਾਨਕ ਝੋਨੇ ਦੇ ਇਕ ਖੇਤ ਵਿਚ, ਜਿਹੜਾ ਕਿ ਪਹਾੜੀਆਂ ਵਿਚ ਘਿਰਿਆ ਹੋਇਆ ਸੀ, ਇਕ ਮਚਾਨ ਉੱਤੇ ਮੈਨੂੰ ਇਕ ਆਦਮੀ ਖੜ੍ਹਾ ਦਿਖਾਈ ਦਿੱਤਾ। ਉਹ ਪਿੰਡੇ ਤੋਂ ਨੰਗਾ ਸੀ ਪਰ ਤੇੜ ਇਕ ਪਰਨਾ ਲਵੇਟਿਆ ਹੋਇਆ ਸੀ, ਹੱਥ ਵਿਚ ਗੁਲੇਲ ਫੜ੍ਹੀ ਉਹ ਚਿੜੀਆਂ ਨੂੰ ਉਡਾ ਰਿਹਾ ਸੀ। ਅਜੇ ਤਿੰਨ ਦਿਨ ਨਹੀਂ ਸਨ ਹੋਏ ਤੇ ਉਹ ਸਾਨੂੰ ਦਿਖਾਈ ਦਿੱਤਾ।
"ਬਾਸੂ, ਸ਼ਾਇਦ ਅਸੀਂ ਕਿਸੇ ਪਿੰਡ ਨੇੜੇ ਪਹੁੰਚ ਰਹੇ ਹਾਂ, ਔਹ ਦੇਖ!"
"ਪਿੰਡ ਤਾਂ ਅਸੀਂ ਬਹੁਤ ਲੰਘ ਆਏ ਹਾਂ ਅਤੇ ਨੇੜਿਓਂ ਵੀ ਗੁਜ਼ਰੇ ਹਾਂ। ਦਰਖ਼ਤਾਂ ਦੇ ਓਹਲੇ ਵਿਚ ਇਹ ਸਾਨੂੰ ਦਿਖਾਈ ਨਹੀਂ ਦਿੱਤੇ।"
"ਪਰ ਲੋਕ ਤਾਂ ਸਾਨੂੰ ਦੇਖ ਲੈਂਦੇ ਹੋਣਗੇ। ਨਾਲੇ ਉਹ ਵਿਅਕਤੀ ਵੀ ਏਧਰ ਹੀ ਦੇਖ ਰਿਹਾ ਹੈ।"
"ਹਾਂ, ਉਹ ਸਾਨੂੰ ਜਾਣਦਾ ਹੈ ਪਰ ਸਾਡਾ ਹਮਦਰਦ ਨਹੀਂ ਬਣਿਆ ਅਜੇ। ਉਹ ਜਾਣਦਾ ਹੈ ਕਿ ਅਸੀਂ ਅਕਸਰ ਏਧਰੋਂ ਲੰਘਦੇ ਹਾਂ। ਪਰ ਉਹ ਕਿਸੇ ਨੂੰ ਦੱਸੇਗਾ ਨਹੀਂ। ਅਸੀਂ ਵੀ ਉਸ ਨੂੰ ਨਹੀਂ ਕਹਿੰਦੇ ਕਿ ਸਾਡਾ ਸਾਥ ਦੇਵੇ। ਅਸੀਂ ਅਜੇ ਇਸ ਇਲਾਕੇ ਵੱਲ ਧਿਆਨ ਨਹੀਂ ਦਿੱਤਾ। ਸ਼ਹਿਰ ਬਹੁਤ ਨਜ਼ਦੀਕ ਹੈ। ਅਸੀਂ ਵੱਡੀ ਟੱਕਰ ਤੋਂ ਬਚ ਕੇ ਚੱਲ ਰਹੇ ਹਾਂ।”
ਅਸੀਂ ਬੇ-ਖ਼ੌਫ਼ ਹੋ ਕੇ ਉਸ ਇਲਾਕੇ ਵਿਚੋਂ ਗੁਜ਼ਰ ਰਹੇ ਸਾਂ। ਪਰ ਜਦ ਬਾਸੂ ਨੇ ਕਿਹਾ ਕਿ ਇਹ ਉਹਨਾਂ ਦੇ ਕੰਮ ਦਾ ਇਲਾਕਾ ਨਹੀਂ ਬਣਿਆ ਅਜੇ ਤਾਂ ਮੈਨੂੰ ਖਦਸ਼ਾ ਖੜ੍ਹਾ ਹੋਇਆ।
ਕਿਸੇ ਅਚਾਨਕ ਹਮਲੇ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ ਸੀ। ਚੌਲਾਂ ਦੀ ਇਕ ਮੁੱਠ ਬਚੀ ਸੀ ਤੇ ਕੁਝ ਬਿਸਕੁਟ ਸਨ, ਜਾਂ ਫਿਰ ਸਾਡੇ ਹਰ ਕਿਸੇ ਕੋਲ ਪੈੱਨ ਸਨ। ਜੇ ਹਬੀ ਨਬੀ ਹੋ ਗਈ ਤਾਂ ਉਹਨਾਂ ਨੇ ਕਲਮਾਂ ਨੂੰ "ਬੰਦੂਕਾਂ" ਕਰਾਰ ਦੇ ਦੇਣਾ ਹੈ ਤੇ ਬਿਸਕੁਟ "ਕਾਰਤੂਸਾਂ" ਦੀ ਬਰਾਮਦਗੀ ਬਣ ਜਾਣਗੇ। ਪਰ ਮੇਰੀ ਕਿੱਟ ਵਿਚ ਟਾਫ਼ੀਆਂ ਵੀ ਸਨ। ਟਾਫ਼ੀਆਂ ਸਹਿਜੇ ਹੀ ਸ਼ਬਦਾਂ ਦੇ ਹੇਰ ਫੇਰ ਨਾਲ "ਗੋਲੀਆਂ" ਕਰਾਰ ਦਿੱਤੀਆਂ ਜਾ ਸਕਦੀਆਂ ਸਨ।
ਮੇਰੀ ਇਸ ਗੱਲ ਉੱਤੇ ਬਾਸੂ ਹੱਸ ਪਿਆ। ਉਸ ਕਿਹਾ,
"ਪਾਰਟੀ ਇਸ ਇਲਾਕੇ ਵਿਚ ਆਪਣਾ ਜ਼ੋਰ ਨਹੀਂ ਲਗਾ ਰਹੀ ਪਰ ਇਹ ਵੀ ਨਹੀਂ ਹੈ ਕਿ ਏਥੇ ਕਿਸੇ ਹਮਲੇ ਦਾ ਖ਼ਤਰਾ ਹੈ। ਲੋਕ ਗੁਰੀਲਿਆਂ ਦਾ ਹੀ ਸਾਥ ਦੇਂਦੇ ਹਨ।
ਪੁਲਿਸ ਦੀ ਕਿਸੇ ਹਰਕਤ ਦੀ ਉਹ ਗੁਰੀਲਿਆਂ ਨੂੰ ਪਹਿਲਾਂ ਹੀ ਖ਼ਬਰ ਕਰ ਦੇਣਗੇ।"
ਤਦ ਤਕ ਉਹ ਕਬਾਇਲੀ ਅੱਖਾਂ ਤੋਂ ਉਹਲੇ ਹੋ ਚੁੱਕਾ ਸੀ। ਅਸੀਂ ਉਸ ਨੂੰ ਪਿੱਛੇ ਛੱਡ ਆਏ ਸਾਂ। ਅਸੀਂ ਉਸੇ ਤਰ੍ਹਾਂ ਪਾਲ ਵਿਚ ਹੀ ਚੱਲ ਰਹੇ ਸਾਂ। ਕੋਈ ਇਲਾਕਾ ਭਾਵੇਂ ਗੁਰੀਲਿਆਂ ਦੇ ਕਬਜ਼ੇ ਹੇਠ ਹੀ ਹੋਵੇ ਉਹ ਅੱਗੜ-ਪਿੱਛੜ ਹੀ ਚੱਲਦੇ ਹਨ, ਕਤਾਰ ਬੰਨ ਕੇ। ਇਹ ਉਹਨਾਂ ਦਾ ਦਸਤੂਰ ਹੈ, ਫ਼ੌਜੀ ਦਸਤੂਰ। ਮੇਰਾ ਸਥਾਨ ਅੱਜ ਵੀ ਵਿਚਕਾਰ ਹੀ ਸੀ। ਮੈਂ ਜਿੰਨਾ ਸਮਾਂ ਵੀ ਜੰਗਲ ਵਿਚ ਰਿਹਾ ਉਹਨਾਂ ਮੈਨੂੰ ਵਿਚਕਾਰ ਹੀ ਰੱਖਿਆ, ਭਾਵੇਂ ਤਿੰਨ ਜਣੇ ਹੋਣ ਭਾਵੇਂ ਤੇਰਾਂ। ਇਹ ਵੀ ਦਸਤੂਰ ਹੈ ਕਿ ਉਹ ਬਾਹਰੋਂ ਪਹੁੰਚੇ ਵਿਅਕਤੀ ਨੂੰ ਸੁਰੱਖਿਅਤ ਥਾਂ ਦੇਣ ਦੀ ਕੋਸ਼ਿਸ਼ ਕਰਦੇ ਹਨ। ਫੌਜੀ ਨਜ਼ਰੀਏ ਤੋਂ ਵਿਚਕਾਰਲੀ ਥਾਂ ਸੁਰੱਖਿਅਤ ਥਾਂ ਸਮਝੀ ਜਾਂਦੀ ਹੈ।
ਦੁਪਹਿਰ ਦੇ ਵਕਤ ਬਾਸੂ ਸਾਨੂੰ ਦਰਖ਼ਤਾਂ ਦੇ ਇਕ ਸੰਘਣੇ ਝੁੰਡ ਵਿਚ ਬਿਠਾ ਕੇ ਇਕ ਪਿੰਡ ਵਿਚੋਂ ਖਾਣਾ ਲੈਣ ਚਲਾ ਗਿਆ। ਇਕ ਘੰਟੇ ਬਾਅਦ ਉਹ ਵਾਪਸ ਮੁੜ ਆਇਆ। ਚੌਲ ਤੇ ਮੱਛੀ ਸਨ। ਇਹ ਕਬਾਇਲੀਆਂ ਦਾ ਮਨਪਸੰਦ ਭੋਜਨ ਹੈ। ਹਲਕੀ ਕਿਸਮ ਦੇ ਇਹ ਟੁੱਟੇ-ਫੁੱਟੇ ਚੌਲ, ਜਿਹਨਾਂ ਨੂੰ ਅਸੀਂ ਟੋਟਾ ਕਹਿੰਦੇ ਹਾਂ, ਕੰਕਰਾਂ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਕੰਕਰ ਤੇ ਚੌਲ ਇਕ ਹੀ ਚੀਜ਼ ਹੋਣ ਅਤੇ ਢਿੱਡ ਨੂੰ ਝੁਲਕਾ ਦੇਣ ਲਈ ਇਹ ਬਰਾਬਰ ਦਾ ਹਿੱਸਾ ਪਾਉਂਦੇ ਹੋਣ। ਸਬਜ਼ੀ ਸੁਕਾਈ ਗਈ ਮੱਛੀ ਤੋਂ ਬਣਾਈ ਗਈ ਸੀ। ਜਿਸ ਨੇ ਹਮੇਸ਼ਾਂ ਤਾਜ਼ੀ ਮੱਛੀ ਖਾਧੀ ਹੋਵੇ ਉਸ ਵਾਸਤੇ ਇਸ ਮੱਛੀ ਨੂੰ ਖਾਣਾ ਨਾ ਤਾਂ ਆਸਾਨ ਹੁੰਦਾ ਹੈ ਨਾ ਹੀ ਇਸ ਦੀ ਆਦਤ ਆਸਾਨੀ ਨਾਲ ਪੈਂਦੀ ਹੈ। ਮੇਰੇ ਨਾਲ ਵੀ ਇੰਜ ਹੀ ਵਾਪਰਿਆ। ਸਗੋਂ ਇਸ ਤੋਂ ਵੀ ਵੱਧ ਬੁਰਾ ਇਹ ਹੋਇਆ ਕਿ ਮੈਂ ਦੋ ਮਹੀਨਿਆਂ ਵਿਚ ਵੀ ਇਹ ਆਦਤ ਨਾ ਪਾ ਸਕਿਆ। ਸੋ ਮੈਂ ਤਰੀ ਦੇ ਸਹਾਰੇ ਨਾਲ ਹੀ ਚੌਲਾਂ ਨੂੰ ਤਰ ਕੀਤਾ ਤੇ ਭੇਜਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ। ਚੌਲ ਖਾਣ ਦੀ ਬਜਾਏ ਲੰਘਾਏ ਗਏ। ਕੰਕਰਾਂ ਦੀ ਬੇ-ਸੁਆਦ ਕਿਰਚ ਕਿਰਚ ਤੋਂ ਬਚਣ ਦਾ ਤਰੀਕਾ ਇਹੀ ਸੀ ਕਿ ਇਹਨਾਂ ਨੂੰ ਬਿਨਾਂ ਕਿਸੇ ਹੀਲ-ਹੁੱਜਤ ਤੋਂ ਹਲਕ ਹੇਠ ਉਤਾਰ ਲਿਆ ਜਾਵੇ। ਜੇ ਕੋਈ ਕੰਕਰ ਗਲਤੀ ਨਾਲ ਦੰਦਾਂ ਵਿਚ ਫਸ ਗਿਆ ਤਾਂ ਉਸ ਨੂੰ ਟਟੋਲ ਕੇ ਬਾਹਰ ਕੱਢ ਦਿੱਤਾ। ਬਾਸੂ ਤੇ ਦੂਸਰੇ ਗੁਰੀਲੇ ਨੇ ਅਜਿਹੀ ਜ਼ਹਿਮਤ ਵੀ ਨਹੀਂ ਉਠਾਈ। ਉਹਨਾਂ ਨੇ ਪੂਰੇ ਆਨੰਦ ਨਾਲ ਖਾਣਾ ਖਾਧਾ। ਪੁੱਛਣ ਤੇ ਪਤਾ ਲੱਗਾ ਕਿ ਉਹ ਵੀ ਜ਼ਿਆਦਾ ਨਹੀਂ ਸਨ ਚਬਾਉਂਦੇ ਪਰ ਉਹ ਕੰਕਰਾਂ ਨੂੰ ਟਟੋਲਕੇ ਬਾਹਰ ਵੀ ਨਹੀਂ ਸਨ ਸੁੱਟਦੇ। ਗੁਰੀਲੇ ਕਬਾਇਲੀ ਜਨਤਾ ਦਾ ਮਾਣ ਰੱਖਦੇ ਹਨ ਅਤੇ ਖਾਣੇ ਦੀ ਬੇ-ਹੁਰਮਤੀ ਨਹੀਂ ਕਰਦੇ। ਹੁਣ ਉਹਨਾਂ ਨੂੰ ਇਸ ਤਰ੍ਹਾਂ ਖਾਣ ਦੀ ਤਕਰੀਬਨ ਆਦਤ ਹੋ ਗਈ ਹੈ।
ਰਾਤ ਨੂੰ ਫਿਰ ਜੰਗਲ ਵਿਚ ਹੀ ਅਸੀਂ ਆਪਣੀ ਇਕੋ ਇਕ ਪਲਾਸਟਿਕ ਦੀ ਸ਼ੀਟ ਵਿਛਾਈ ਅਤੇ ਸੁੱਤੇ। ਸ਼ਹਿਰ ਤੋਂ ਕਾਫ਼ੀ ਦੂਰ ਆ ਜਾਣ ਦੇ ਬਾਵਜੂਦ ਵੀ ਅਸੂਲ ਅਨੁਸਾਰ ਪਹਿਰਾ ਦਿੱਤਾ ਗਿਆ। ਵਾਰੀ ਲੈਣ ਦੀ ਮੇਰੀ ਮੰਗ ਉਹਨਾਂ ਠੁਕਰਾਅ ਦਿੱਤੀ। ਪਹਿਰਾ ਦੇਣਾ ਵੀ ਉਹਨਾਂ ਦੀਆਂ ਫ਼ੌਜੀ ਆਦਤਾਂ ਦਾ ਹਿੱਸਾ ਹੈ। ਇਸ ਵਿਚ ਉਹ ਮਜ਼ਾ ਵੀ ਲੈਂਦੇ ਹਨ। ਪਰ ਇਸ ਮਜ਼ੇ ਤੋਂ ਉਹਨਾਂ ਨੇ ਮੈਨੂੰ ਵਾਂਝਾ ਰੱਖਿਆ ਤਾਂ ਕਿ ਮੇਰੀ "ਆਰਾਮ" ਦੀ ਜ਼ਰੂਰਤ ਪੂਰੀ ਹੋ ਸਕੇ।
ਅਗਲੇ ਦਿਨ ਸ਼ਾਮ ਦੇ ਵਕਤ ਅਸੀਂ ਇਕ ਪਿੰਡ ਕੋਲ ਪਹੁੰਚੇ। ਅਸੀਂ ਪਿੰਡ ਵੱਲ
ਰੁਖ਼ ਕੀਤਾ। ਜ਼ਾਹਰ ਸੀ ਕਿ ਹੁਣ ਅਸੀਂ ਗੁਰੀਲਾ ਇਲਾਕੇ ਵਿਚ ਪਹੁੰਚ ਚੁੱਕੇ ਸਾਂ ਤੇ ਪਿੰਡਾਂ ਤੋਂ ਵਲ ਪਾਕੇ ਚੱਲਣ ਦੀ ਹੁਣ ਜ਼ਰੂਰਤ ਨਹੀਂ ਸੀ ਰਹੀ। ਝੌਂਪੜੀਆਂ ਦੇ ਝੁੰਡ ਤੋਂ ਕੁਝ ਦੂਰੀ ਉੱਤੇ ਬਾਸੂ ਨੇ ਆਵਾਜ਼ ਦੇ ਕੇ ਇਕ ਨੌਜਵਾਨ ਨੂੰ ਬੁਲਾਇਆ ਤੇ ਉਸ ਨਾਲ ਉਸ ਦੀ ਬੋਲੀ ਵਿਚ ਕੋਈ ਗੱਲ ਕੀਤੀ। ਮੇਰੇ ਲਈ ਉਹਨਾਂ ਦੀ ਬੋਲੀ ਲਾਤੀਨੀ ਸਾਬਤ ਹੋਈ। ਗੌਂਡ ਬੋਲੀ ਨਾ ਉੱਤਰੀ ਭਾਰਤ ਦੀ ਕਿਸੇ ਬੋਲੀ ਨਾਲ ਮਿਲਦੀ ਹੈ, ਨਾ ਹੀ ਦੱਖਣੀ ਭਾਰਤ ਦੀ। ਨਾ ਹਿੰਦੀ, ਨਾ ਬੰਗਾਲੀ, ਨਾ ਤੇਲਗੂ ਨਾਲ। ਮੈਂ ਇੰਜ ਮਹਿਸੂਸ ਕੀਤਾ ਜਿਵੇਂ ਅਫ਼ਰੀਕਾ ਦੇ ਕਿਸੇ ਦੇਸ਼ ਵਿਚ ਪਹੁੰਚ ਗਿਆ ਹੋਵਾਂ। ਉਸ ਨੌਜਵਾਨ ਦੇ ਤੇੜ ਇਕ ਪਰਨਾ ਸੀ ਤੇ ਪਿੰਡੇ ਉੱਤੇ ਬੁਨੈਣ। ਕੋਈ ਪੰਦਰਾਂ ਮਿੰਟ ਬਾਦ ਉਹ ਨੌਜਵਾਨ ਵਾਪਸ ਮੁੜਿਆ। ਉਹਨਾਂ ਗੌਂਡ ਬੋਲੀ ਵਿਚ ਕੁਝ ਦੇਰ ਗੱਲਬਾਤ ਕੀਤੀ ਅਤੇ ਫਿਰ ਸਾਡੀ ਫਾਰਮੇਸ਼ਨ ਚਾਰ ਜਣਿਆਂ ਦੀ ਹੋ ਗਈ। ਪਾਲ 'ਚ ਸਭ ਤੋਂ ਅੱਗੇ ਉਹ ਕਬਾਇਲੀ ਲੜਕਾ ਤੇ ਪਿੱਛੇ ਪਿੱਛੇ ਅਸੀਂ, ਪਹਿਲਾਂ ਦੀ ਤਰਤੀਬ ਅਨੁਸਾਰ।
ਝੌਂਪੜੀਆਂ ਦੇ ਵਿਚੋਂ ਦੀ ਗੁਜ਼ਰਦੇ ਹੋਏ ਅਸੀਂ ਇਕ ਘਰ ਦੇ ਵਿਹੜੇ ਵਿਚ ਪਹੁੰਚੇ। ਵਿਹੜਾ ਸਾਫ਼-ਸੁਥਰਾ, ਕੁਝ ਹਿੱਸੇ ਵਿਚ ਗੋਹੇ ਦਾ ਪੋਚਾ ਫਿਰਿਆ ਹੋਇਆ, ਆਲੇ ਦੁਆਲੇ ਲੱਕੜਾਂ ਗੱਡ ਕੇ ਵਾੜ ਖੜ੍ਹੀ ਕੀਤੀ ਹੋਈ ਅਤੇ ਇਕ ਪਾਸੇ ਉੱਤੇ ਇਕ ਛੰਨ ਜਿਸ ਉੱਪਰ ਸਿਰਫ਼ ਛੱਤ ਸੀ ਤੇ ਜਿਸ ਦਾ ਫ਼ਰਸ਼ ਵਿਹੜੇ ਨਾਲੋਂ ਕੁਝ ਉਚਾਈ ਉੱਤੇ ਬਣਿਆ ਹੋਇਆ ਸੀ। ਉਸ ਢਾਰੇ ਹੇਠ ਸੱਤ ਅੱਠ ਨੌਜਵਾਨ ਕਬਾਇਲੀ ਬੈਠੇ ਪੜ੍ਹ ਰਹੇ ਸਨ। ਹਰ ਕਿਸੇ ਨੇ ਫ਼ੌਜੀ ਵਰਦੀ ਪਹਿਨੀ ਹੋਈ ਸੀ ਤੇ ਉਹਨਾਂ ਦੇ ਹੱਥਾਂ ਵਿੱਚ ਕੋਈ ਕਿਤਾਬ, ਕਾਪੀ ਜਾਂ ਸਲੇਟ ਸੀ। ਉਹਨਾਂ ਨੇ ਬੰਦੂਕਾਂ ਇਕ ਪਾਸੇ ਲੱਕੜ ਦੇ ਬਣੇ ਸਟੈਂਡ ਨਾਲ ਟਿਕਾਈਆਂ ਹੋਈਆਂ ਸਨ ਜਦਕਿ ਦੋ ਨੌਜਵਾਨ ਤਿਆਰ-ਬਰ-ਤਿਆਰ ਹਾਲਤ ਵਿਚ ਪਹਿਰੇ ਉੱਤੇ ਸਨ।
ਸਾਡੇ ਪਹੁੰਚਣ ਉੱਤੇ ਉਹ ਉੱਠੇ। ਹਰ ਕਿਸੇ ਨੇ ਆਪਣੀ ਆਪਣੀ ਬੰਦੂਕ ਉਠਾਈ ਅਤੇ ਸਾਰੇ ਜਣੇ ਇਕ ਕਤਾਰ ਬੰਨ੍ਹ ਕੇ ਸਵਾਗਤ ਲਈ ਖੜ੍ਹੇ ਹੋ ਗਏ। ਉਹਨਾਂ ਵਿਚੋਂ ਹਰ ਜਣਾ ਵਾਰੀ ਸਿਰ ਸਾਡੀ ਪਾਲ ਤੱਕ ਪਹੁੰਚਦਾ, ਗਰਮ-ਜੋਸ਼ੀ ਨਾਲ ਹੱਥ ਮਿਲਾਉਂਦਾ ਤੇ ਫਿਰ ਕਤਾਰ ਵਿਚ ਜਾ ਖੜ੍ਹਾ ਹੁੰਦਾ। ਇਹ ਜੀ ਆਇਆਂ ਕਹਿਣ ਦੀ ਰਸਮ ਸੀ। ਕਮਾਂਡਰ ਦੇ ਹੁਕਮ 'ਤੇ ਉਹਨਾਂ ਨੇ ਕਤਾਰ ਦੀ ਫਾਰਮੇਸ਼ਨ ਭੰਗ ਕੀਤੀ। ਦੋ ਜਣੇ ਰਸੋਈ ਦੇ ਆਹਰ ਵਿਚ ਜੁਟ ਗਏ। ਬਾਕੀਆਂ ਨੇ ਆਪਣੀਆਂ ਕਿਤਾਬਾਂ, ਸਲੇਟਾਂ ਫਿਰ ਉਠਾ ਲਈਆਂ ਅਤੇ ਪੜ੍ਹਾਈ ਵਿਚ ਰੁੱਝ ਗਏ।
ਤੀਸਰੇ ਦਿਨ ਮਿਲੀ ਗਰਮ ਗਰਮ ਚਾਹ ਨੇ ਅੱਧੀ ਥਕਾਵਟ ਦੂਰ ਕਰ ਦਿੱਤੀ। ਚਾਹ ਪੀਂਦੇ ਸਾਰ ਹੀ ਮੈਨੂੰ ਨੀਂਦ ਨੇ ਆ ਦਬੋਚਿਆ। ਅੱਧੇ ਘੰਟੇ ਦੀ ਬੇ-ਪਰਵਾਹੀ ਤੇ ਬੇ-ਹੋਸ਼ੀ ਦੀ ਨੀਂਦ ਤੋਂ ਉਹਨਾਂ ਮੈਨੂੰ ਝੰਜੋੜ ਕੇ ਜਗਾਇਆ। ਖਾਣਾ ਤਿਆਰ ਸੀ। ਚੌਲ ਤੇ ਮੱਛੀ। ਪਰ ਅੱਜ ਮੱਛੀ ਤਾਜ਼ੀ ਸੀ। ਨਿੱਕਾ ਨਿੱਕਾ ਪੁੰਗ। ਉਹ ਸਾਰੇ ਉਸ ਨੂੰ ਸਾਬਤ ਹੀ ਚਬਾ ਰਹੇ ਸਨ ਤੇ ਆਨੰਦ ਲੈ ਰਹੇ ਸਨ। ਸਾਬਤ ਮੱਛੀ ਮੇਰੇ ਹਲਕ ਚੋਂ ਨਾ ਉੱਤਰੀ। ਐਨੇ ਸਾਰੇ ਢੇਰ ਦੇ ਸਿਰ ਲਾਹ ਲਾਹ ਸੁੱਟਣਾ ਬੁਰਾ ਲਗਦਾ ਤੇ ਖਾਣੇ ਦਾ ਮਜ਼ਾ ਵੀ ਮਾਰ ਦੇਂਦਾ। ਮੈਂ ਸੌਖਾ ਰਸਤਾ ਚੁਣਿਆ। ਕੁਝ ਨੂੰ ਰੱਖ ਕੇ ਬਾਕੀ ਮੱਛੀਆਂ ਬਾਸੂ ਦੇ ਹਵਾਲੇ ਕੀਤੀਆਂ, ਉਹਨਾਂ ਦੇ ਸਿਰ ਉਤਾਰੇ ਤੇ ਖਾਣਾ ਸ਼ੁਰੂ ਕਰ ਦਿੱਤਾ। ਹੁਣ ਚੌਲਾਂ ਦੇ ਕੰਕਰਾਂ ਦੀ ਵਾਰੀ ਸੀ। ਖਾਣਾ ਖਾਣ ਦੀ ਮੇਰੀ ਰਫ਼ਤਾਰ ਢਿੱਲੀ ਹੀ ਰਹੀ।
ਖਾਣੇ ਤੋਂ ਬਾਦ ਇਕ ਵਾਰ ਫਿਰ ਚਾਹ ਮਿਲੀ । ਸਾਡੇ ਤੀਸਰੇ ਸਾਥੀ ਨੇ ਆਪਣੀ ਕਿਟ ਵਿਚੋਂ ਭੁਜੀਏ ਦਾ ਇਕ ਪੈਕਟ ਕੱਢਿਆ ਤੇ ਕਮਾਂਡਰ ਹਵਾਲੇ ਕਰ ਦਿੱਤਾ। ਹਰ ਕਿਸੇ ਨੂੰ ਮੁੱਠੀ-ਮੁੱਠੀ ਵੰਡੇ ਆਇਆ। ਹਰ ਕੋਈ ਇਸ ਉੱਤੇ ਖਿੜ ਉਠਿਆ। ਚਾਹ, ਚਾਹ ਨਾ ਰਹੀ, ਫ਼ੀਸਟ ਹੋ ਗਈ। ਜੰਗਲ ਵਿਚ ਚਾਹ ਨਾਲ ਖਾਣ ਨੂੰ ਕੁਝ ਮਿਲ ਜਾਵੇ, ਇਸ ਤੋਂ ਵੱਧ ਚੰਗੀ ਚੀਜ਼ ਸੋਚਣਾ ਮੁਸ਼ਕਿਲ ਸੀ। ਉਸ ਸਾਥੀ ਨੇ ਇਹ ਪੈਕਟ ਵਿਸ਼ੇਸ਼ ਤੌਰ 'ਤੇ ਸ਼ਹਿਰੋਂ ਖ੍ਰੀਦਿਆ ਸੀ ਤਾਂ ਕਿ ਗੁਰੀਲੇ ਖੁਸ਼ ਹੋ ਜਾਣ। ਵਾਕਈ ਉਹਨਾਂ ਨੇ ਢੇਰ ਸਾਰੀ ਖੁਸ਼ੀ ਦਾ ਇਜ਼ਹਾਰ ਕੀਤਾ। ਅਜਿਹੀ ਅੱਯਾਸ਼ੀ, ਜ਼ਾਹਰ ਹੈ, ਕਦੇ ਕਦੇ ਨਸੀਬ ਹੁੰਦੀ ਹੋਵੇਗੀ, ਜਦੋਂ ਕੋਈ ਸ਼ਹਿਰ ਵੱਲੋਂ ਆਉਂਦਾ ਹੋਵੇਗਾ। ਮੇਰੇ ਲਈ ਅਚੰਭਾ ਉਸ ਵਕਤ ਹੋਇਆ ਜਦ ਇਕ ਜਣੇ ਨੇ ਦੂਸਰੇ ਨੂੰ ਖਾਲੀ ਹੋਇਆ ਲਿਫ਼ਾਫ਼ਾ ਦਿੱਤਾ ਤੇ ਨਾਲ ਹੀ ਕੁਝ ਕਿਹਾ। ਲੈਣ ਵਾਲੇ ਨੇ ਵੱਡੀ ਖੁਸ਼ੀ ਨਾਲ ਉਸ ਨੂੰ ਧੋਤਾ, ਹਵਾ ਵਿਚ ਛੱਡਿਆ, ਸੁਕਾਇਆ ਤੇ ਤਹਿ ਲਗਾ ਕੇ ਜੇਬ ਵਿਚ ਪਾ ਲਿਆ।
"ਇਹ ਕੀ?" ਮੈਂ ਬਾਸੂ ਨੂੰ ਪੁੱਛਿਆ।
"ਉਹ ਇਸ ਨੂੰ ਸਾਂਭ ਕੇ ਰੱਖੇਗਾ ਅਤੇ ਕਿਸੇ ਵਰਤੋਂ ਵਿਚ ਲਿਆਵੇਗਾ।"
ਸੋ, ਉਹ ਕਿਸੇ ਚੀਜ਼ ਨੂੰ ਬਰਬਾਦ ਨਹੀਂ ਕਰਦੇ, ਮੈਂ ਸੋਚਿਆ। ਵੈਸੇ ਵੀ ਜੰਗਲ ਵਿਚ ਕਿਤੇ ਕੂੜੇ ਕਰਕਟ ਦੇ ਢੇਰ ਨਹੀਂ ਹਨ। ਕੂੜਾ ਕਰਕਟ 'ਸੱਭਿਅਕ' ਮਨੁੱਖ ਦੀ ਨਿਸ਼ਾਨੀ ਹੈ। ਬਹੁਤਾਤ, ਅੱਯਾਸ਼ੀ, ਅਤੇ ਫਿਰ ਕੂੜ-ਕਬਾੜ ਤੇ ਗੰਦਗੀ। 'ਸੱਭਿਅਕ' ਮਨੁੱਖ ਗੋਆ ਦੇ ਸਮੁੰਦਰੀ ਕੰਢੇ ਉੱਤੇ ਜਾਕੇ ਵੀ ਗੰਦ ਪਾਵੇਗਾ ਅਤੇ ਰੋਹਤਾਂਗ ਦੇ ਬਰਫ਼ਾਨੀ ਦੱਰੇ ਉੱਤੇ ਵੀ, ਕਸਬਿਆਂ ਤੇ ਸ਼ਹਿਰਾਂ ਦੀ ਗੱਲ ਤਾਂ ਦੂਰ ਰਹੀ। ਹਿਮਾਲਾ ਤੇ ਐਂਟਾਰਕਟੀਕਾ ਦੇ ਗਲੇਸ਼ੀਅਰ ਵੀ ਇਸ ਦੀ ਮਿਹਰ ਤੋਂ ਨਹੀਂ ਬਚੇ। ਖ਼ੈਰ, ਇਸ ਸੂਚੀ ਨੂੰ ਸਾਨੂੰ ਲੰਬਾ ਕਰਨ ਦੀ ਏਥੇ ਲੋੜ ਨਹੀਂ ਹੈ। ਜੰਗਲ ਵਿਚ ਪਾਲੀਥੀਨ ਦੁਰਲੱਭ ਵਸਤੂ ਵਾਂਗ ਹੈ। ਗੁਰੀਲੇ ਇਸ ਨੂੰ ਜਾਂ ਤਾਂ ਸਵੇਰੇ ਬਾਹਰ ਜਾਣ ਲੱਗੇ ਪਾਣੀ ਭਰਨ ਲਈ ਵਰਤਦੇ ਹਨ ਜਾਂ ਫਿਰ ਆਪਣੀਆਂ ਕਿਤਾਬਾਂ ਨੂੰ ਮੀਂਹ ਤੋਂ ਬਚਾਉਣ ਵਾਸਤੇ ਇਹਨਾਂ ਵਿਚ ਰੱਖ ਲੈਂਦੇ ਹਨ। ਕਬਾਇਲੀ ਆਪਣੀਆਂ ਨਦੀਆਂ ਨੂੰ ਗੰਦਾ ਨਹੀਂ ਕਰਦੇ ਕਿਉਂਕਿ ਉਹ ਇਹਨਾਂ ਚੋਂ ਪੀਣ ਵਾਸਤੇ ਪਾਣੀ ਲੈਂਦੇ ਹਨ। ਉਹ ਕੁਦਰਤੀ ਟਾਇਲਟ ਪੇਪਰ ਦੀ ਵਰਤੋਂ ਕਰਦੇ ਹਨ, ਪੱਤਿਆਂ ਦੀ। ਸੈਰ-ਸਪਾਟੇ ਵਾਲੀ ਸਨਅਤ ਦੀ ਵਬਾ ਅਜੇ ਉਥੇ ਪਹੁੰਚੀ ਨਹੀਂ, ਨਹੀਂ ਤਾਂ ਹਰ ਤਰ੍ਹਾਂ ਦੀ ਗੰਦਗੀ ਨੇ ਉਹਨਾਂ ਜੰਗਲਾਂ ਦੇ ਕੁਦਰਤੀ ਤੇ ਸਮਾਜਕ ਮਾਹੌਲ ਵਿਚ ਜ਼ਹਿਰ ਘੋਲ ਦਿੱਤੀ ਹੁੰਦੀ। ਮੈਂ ਸੋਚਿਆ ਕਿ ਰੱਬ ਦਾ ਸ਼ੁਕਰ ਮਨਾਵਾਂ ਕਿ ਕਿਸਦਾ ਜਿਸ ਨੇ ਜੰਗਲਾਂ ਨੂੰ ਰਿਸ਼ੀਕੇਸ਼, ਹਰਦੁਆਰ, ਬਨਾਰਸ ਅਤੇ ਅਲਾਹਾਬਾਦ ਵਾਂਗ ਪਵਿੱਤਰ ਸਥਾਨ ਐਲਾਨੇ ਜਾਣ ਤੋਂ ਬਚਾਇਆ ਹੋਇਆ ਹੈ ਨਹੀਂ ਤਾਂ ਇਸ ਪਵਿੱਤਰਤਾ ਨੇ ਗੰਦਗੀ ਦੇ ਅੰਬਾਰਾਂ ਨੂੰ ਜਨਮ ਦੇ ਦੇਣਾ ਸੀ ਅਤੇ ਉਥੋਂ ਦੇ ਦਰਿਆਵਾਂ, ਨਦੀਆਂ ਤੇ ਆਲੇ-ਦੁਆਲੇ ਨੂੰ ਵੀ ਮੈਲਾ ਕਰ ਦੇਣਾ ਸੀ। ਇਹ ਵੀ ਚੰਗਾ ਹੈ ਕਿ ਸੱਭਿਅਕ ਤੇ ਭੱਦਰ ਲੋਕਾਂ ਨੇ ਅਜੇ ਓਧਰ ਦਾ ਰੁਖ਼ ਨਹੀਂ ਕੀਤਾ। ਨਹੀਂ ਤਾਂ ਦਿੱਲੀ ਤੇ ਕਲਕੱਤਾ ਵਰਗੇ ਡੈੱਨ ਉੱਸਰ ਪੈਂਦੇ। ਇਕ ਚੀਜ਼ ਜਿਸ ਨੇ ਸਾਰੇ ਭਰਮਣ ਦੌਰਾਨ ਮੈਨੂੰ ਟੁੰਬਿਆ ਉਹ ਇਹ ਸੀ ਕਿ ਕਬਾਇਲੀ ਲੋਕ ਨਾ ਤਾਂ ਨਦੀਆਂ ਨੂੰ ਬੇ-ਇੱਜ਼ਤ ਕਰਦੇ ਹਨ ਨਾ ਹੀ ਉਹਨਾਂ ਦੀ ਪੂਜਾ ਕਰਦੇ ਹਨ। ਨਾ ਉਹਨਾਂ ਨੂੰ ਪਾਪ ਕਰਨੇ ਪੈਂਦੇ ਹਨ ਨਾ ਹੀ ਉਹਨਾਂ ਨੂੰ ਧੋਣ ਤੇ ਪਸ਼ਚਾਤਾਪ ਕਰਨ ਦਾ ਸੰਸਕਾਰੀ ਜੋਖ਼ਮ
ਉਠਾਉਣਾ ਪੈਂਦਾ ਹੈ। ਉਹ ਸਿੱਧੇ-ਸਾਦੇ, ਨਿਰਛਲ, ਨਿਰਮਲ ਅਤੇ ਬੇ-ਬਾਕ ਲੋਕ ਹਨ ਅਤੇ ਸੱਭਿਅਕ ਸਮਾਜ ਦੀਆਂ ਪੇਚੀਦਗੀਆਂ, ਬਾਰੀਕੀਆਂ, ਚੋਰੀਆਂ, ਯਾਰੀਆਂ, ਠੱਗੀਆਂ ਤੋਂ ਨਿਰਲੇਪ ਜੀਵਨ ਬਸਰ ਕਰਦੇ ਹਨ। ਕੱਪੜੇ ਵੀ ਉਹ ਢਾਈ ਕੁ ਹੀ ਪਹਿਨਦੇ ਹਨ ਜਾਂ ਪਹਿਨਦੇ ਹੀ ਨਹੀਂ, ਸੋ ਨੰਗੇਪਨ ਅਤੇ ਸ਼ਰਮ ਤੇ ਬੇਸ਼ਰਮੀ ਸਬੰਧੀ “ਸੱਭਿਅਕ" ਸੰਕਲਪਾਂ ਦੇ ਝਮੇਲੇ ਤੋਂ ਅਜੇ ਦੂਰ ਹਨ। ਸੱਭਿਅਕ ਲੋਕਾਂ ਵਾਂਗ ਉਹਨਾਂ ਨੂੰ ਕਿਸੇ ਹਮਾਮ ਵਿਚ ਨੰਗਾ ਵੀ ਨਹੀਂ ਹੋਣਾ ਪੈਂਦਾ। 'ਹਮਾਮ' ਦੀ ਈਜਾਦ ਉਹਨਾਂ ਅਜੇ ਕੀਤੀ ਹੀ ਨਹੀਂ। ਫਿਲਹਾਲ, ਗੰਦਗੀ ਤੇ ਸਫ਼ਾਈ ਬਾਰੇ ਮੈਨੂੰ ਇਹ ਕਹਿ ਕੇ ਗੱਲ ਮੁਕਾ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਕਿਓਟੋ ਸੰਧੀ ਦੇ ਝਗੜੇ ਬਾਰੇ ਕੁਝ ਨਹੀਂ ਸੁਣਿਆ ਅਤੇ ਨਾ ਹੀ ਇਸ ਬਾਰੇ ਸਮਝ ਸਕਣ ਲਈ ਉਹਨਾਂ ਕੋਲ ਕੋਈ ਪਦਾਰਥਕ ਹਾਲਤ ਮੌਜੂਦ ਹੈ ਜਿਸ ਵਿਚੋਂ ਅਜਿਹੇ ਫ਼ਸਾਦ ਤੇ ਅਜਿਹੇ ਵਿਚਾਰ ਪੈਦਾ ਹੋਣ।
ਹਨੇਰਾ ਹੋਣ ਉੱਤੇ ਅਸੀਂ ਅਗਲੇ ਸਫ਼ਰ ਵਾਸਤੇ ਤਿਆਰ ਹੋ ਗਏ। ਓਥੋਂ ਤਿੰਨ ਨੌਜਵਾਨ ਸਾਡੇ ਨਾਲ ਹੋਰ ਰਲ ਗਏ। ਉਹ ਤਿੰਨੇ ਹਥਿਆਰਬੰਦ ਸਨ। ਫ਼ੌਜੀ ਅਸੂਲ ਮੁਤਾਬਕ ਉਹਨਾਂ ਵਿਚੋਂ ਇਕ ਸਾਡੇ ਤੋਂ ਕੁਝ ਫ਼ਾਸਲੇ ਉੱਤੇ ਅੱਗੇ ਅੱਗੇ ਤੁਰ ਪਿਆ, ਸਕਾਉਟ ਟੀਮ ਵਾਂਗ। ਇਕ ਸਭ ਤੋਂ ਪਿੱਛੇ ਅਤੇ ਤੀਸਰਾ ਦਰਮਿਆਨ ਵਿਚ ਇਕਹਿਰੀ ਲਾਈਨ ਦੀ ਫਾਰਮੇਸ਼ਨ ਵਿਚ ਅਸੀਂ ਪਿੰਡ ਦੀ ਹੱਦ ਪਾਰ ਕੀਤੀ ਅਤੇ ਜੰਗਲ ਵਿਚ ਦਾਖ਼ਲ ਹੋ ਗਏ।
ਰਾਤ ਭਰ ਅਤੇ ਅਗਲਾ ਸਾਰਾ ਦਿਨ ਥੋੜ੍ਹੇ ਥੋੜ੍ਹੇ ਸਮੇਂ ਦੇ ਆਰਾਮ ਦੇ ਵਕਫ਼ੇ ਨਾਲ ਨਦੀਆਂ, ਨਾਲਿਆਂ ਤੇ ਨਿੱਕੇ ਵੱਡੇ ਪਹਾੜਾਂ ਨੂੰ ਪਾਰ ਕਰਦਿਆਂ ਅਗਲੀ ਸ਼ਾਮ ਅਸੀਂ ਇਕ ਅਜਿਹੀ ਥਾਂ ਪਹੁੰਚੇ ਜਿੱਥੇ ਦੁਰ ਦੁਰ ਤਕ ਜੰਗਲ ਹੀ ਜੰਗਲ ਸੀ। ਇੰਜ ਲਗਦਾ ਸੀ ਜਿਵੇਂ ਦੂਰ ਦੂਰ ਤੱਕ ਆਬਾਦੀ ਦਾ ਨਾਮ-ਨਿਸ਼ਾਨ ਨਾ ਹੋਵੇ। ਪਰ ਜਲਦੀ ਹੀ ਮੇਰਾ ਇਹ ਖਿਆਲ ਗ਼ਲਤ ਸਾਬਤ ਹੋ ਗਿਆ।
ਉਸ ਘੋਰ ਜੰਗਲ ਵਿਚ ਇਕ ਚੌਦਾਂ ਪੰਦਰਾਂ ਸਾਲ ਦਾ ਲੜਕਾ ਸਾਨੂੰ ਮਿਲਿਆ। ਉਹ ਕਿਸੇ ਨੇੜਲੇ ਪਿੰਡ ਦਾ ਸੀ। ਹਰ ਕਿਸੇ ਨਾਲ ਹੱਥ ਮਿਲਾ ਕੇ ਉਸ ਨੇ ਸਾਡੇ 'ਚੋਂ ਇਕ ਨੂੰ ਨਾਲ ਲਿਆ ਅਤੇ ਉਹ ਦੋਵੇਂ ਜਲਦੀ ਹੀ ਅੱਖਾਂ ਤੋਂ ਉਹਲੇ ਹੋ ਗਏ। ਅੱਖਾਂ ਤੋਂ ਉਹਲੇ ਹੋਣ ਨੂੰ ਜੰਗਲ ਵਿਚ ਓਨੀ ਕੁ ਦੇਰ ਲਗਦੀ ਹੈ ਜਿੰਨੀ ਕਿ ਕਿਸੇ ਸ਼ਹਿਰ ਵਿਚ। ਜੰਗਲ ਵਿਚ ਆਦਮੀ ਭੀੜ ਜਾਂ ਇਮਾਰਤਾਂ ਪਿੱਛੇ ਉਹਲੇ ਨਹੀਂ ਹੋਇਆ ਤਾਂ ਝਾੜੀਆਂ ਤੇ ਦਰੱਖ਼ਤਾਂ ਪਿੱਛੇ ਹੋ ਗਿਆ, ਇਕੋ ਜਿੰਨਾ ਹੀ ਸਮਾਂ ਲਗਦਾ ਹੈ। ਇਸੇ ਤਰ੍ਹਾਂ ਆਦਮੀ ਦਾ ਪਰਗਟ ਹੋਣਾ ਵੀ ਅਚਾਨਕ ਹੀ ਹੋ ਜਾਂਦਾ ਹੈ। ਤੁਸੀਂ ਸਮਝਦੇ ਹੋ ਕੇ ਨੇੜੇ ਤੇੜੇ ਕੋਈ ਨਹੀਂ ਪਰ ਅਚਾਨਕ ਪੱਤਿਆਂ ਪਿੱਛੋਂ ਕੋਈ ਨਿਕਲ ਆਉਂਦਾ ਹੈ, ਤੁਸੀਂ ਹੱਕੇ ਬੱਕੇ ਰਹਿ ਜਾਂਦੇ ਹੋ। ਬਹਰਹਾਲ, ਅਸੀਂ ਘੰਟਾ ਭਰ ਆਰਾਮ ਨਾਲ ਬਿਤਾਇਆ। ਲੰਬੇ ਸਫ਼ਰ 'ਚ ਜਿੱਥੇ ਆਰਾਮ ਚੰਦ ਘੜੀਆਂ ਦਾ ਹੀ ਮਿਲਦਾ ਹੋਵੇ ਓਥੇ ਅੱਧੇ ਪਹਿਰ ਦਾ ਸੁਸਤਾਉਣਾ ਮਿਲ ਜਾਵੇ ਤਾਂ ਜਿੱਥੇ ਇਕ ਪਾਸੇ ਸਰੀਰ ਦੀ ਤਾਕਤ ਜਮ੍ਹਾਂ ਹੋ ਜਾਂਦੀ ਹੈ, ਓਥੇ ਦੂਸਰੇ ਪਾਸੇ ਮਨ ਸੁਸਤੀ ਫੜ੍ਹ ਲੈਂਦਾ ਹੈ। ਇਹੀ ਹੋਇਆ। ਜਦੋਂ ਉਹ ਲੜਕਾ ਤਿੰਨ ਜਣਿਆਂ ਨਾਲ ਵਾਪਸ ਪਰਤਿਆ ਤਾਂ ਸਾਡੇ ਚੱਲਣ ਦਾ ਸਮਾਂ ਹੋ ਗਿਆ। ਉਹ ਇਕ ਨੂੰ ਲੈਕੇ ਗਿਆ ਸੀ ਪਰ ਦੋ ਹੋਰ ਨੂੰ ਨਾਲ ਲੈ ਆਇਆ ਸੀ। ਏਥੋਂ ਪਿਛਲੀ ਟੀਮ ਵਾਪਸ ਪਰਤ ਗਈ ਅਤੇ ਨਵੀਂ ਟੀਮ ਨੇ ਸਾਡਾ ਚਾਰਜ ਸੰਭਾਲ ਲਿਆ। ਰਾਤ ਹੋ ਚੁੱਕੀ
ਸੀ। ਭੁੱਖ ਤੇ ਥਕਾਵਟ ਦੋਵੇਂ ਹੀ ਭਾਰੀ ਪੈ ਰਹੀਆਂ ਸਨ। ਸੋਚਿਆ ਕਿ ਹੁਣ ਖਾਣ ਨੂੰ ਮਿਲੇ ਤਾਂ ਚੰਗਾ ਰਹੇ।
ਮੈਂ ਬਾਸੂ ਵੱਲ ਪਰਤਿਆ,
"ਕਿੰਨੇ ਸਮੇਂ ਦਾ ਪੰਧ ਹੈ?"
"ਢਾਈ ਘੰਟੇ," ਉਸ ਸਹਿਜ ਸੁਭਾਵਕ ਕਿਹਾ, "ਥਕਾਵਟ ਹੋ ਗਈ?”
"ਨਹੀਂ ਤਾਂ।"
ਥੱਕੇ ਹੋਣ ਦੇ ਬਾਵਜੂਦ ਵੀ ਮੇਰੇ ਮੂੰਹੋਂ ਇਹੀ ਨਿਕਲਿਆ। ਇਕ ਘੰਟੇ ਦੇ ਆਰਾਮ ਨੇ ਮਨ ਹਰਾਮੀ ਕਰ ਦਿੱਤਾ ਸੀ।
“ਚੱਲਾਂਗੇ,” ਮੈਂ ਕਿਹਾ।
ਕਿੱਟਾਂ ਮੋਢਿਆਂ ਉੱਤੇ ਟਿਕਾਅ ਕੇ ਅਸੀਂ ਪਾਲ ਬੰਨ੍ਹ ਤੁਰੇ। ਘੰਟੇ ਬਾਦ ਦੱਸ ਮਿੰਟ ਦਾ ਵਕਫ਼ਾ ਅਤੇ ਫਿਰ ਕੂਚ। ਕੂਚ-ਕਿਆਮ-ਕੂਚ-ਕਿਆਮ ਅਤੇ ਫਿਰ ਕੂਚ। ਪਿਛਲੇ ਤਿੰਨ ਦਿਨ ਤੇ ਤਿੰਨ ਰਾਤਾਂ ਤੋਂ ਇਹੀ ਸਿਲਸਿਲਾ ਚੱਲ ਰਿਹਾ ਸੀ। ਦੂਸਰੀ ਵਾਰ ਕੂਚ ਕਰਨ ਤੋਂ ਪਹਿਲਾਂ ਟੀਮ ਕਮਾਂਡਰ ਨੇ ਗੌਂਡ ਬੋਲੀ ਵਿਚ ਕਿਹਾ ਕਿ ਹੁਣ ਮੰਜ਼ਲ ਉੱਤੇ ਜਾ ਕੇ ਹੀ ਰੁਕਿਆ ਜਾਵੇਗਾ। ਬਾਸੂ ਨੇ ਮੇਰੇ ਲਈ ਤਰਜਮਾ ਕੀਤਾ। ਸਕਾਉਟ ਨੇ ਸਾਡੇ ਤੋਂ ਵਿੱਥ ਵਧਾ ਲਈ ਤੇ ਕਾਫ਼ਲਾ ਤੁਰ ਪਿਆ।
ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ ਤਿਵੇਂ ਤਿਵੇਂ ਸਰੀਰ ਭਾਰਾ ਹੁੰਦਾ ਗਿਆ ਤੇ ਮਨ ਮਜ਼ਬੂਤ ਹੁੰਦਾ ਗਿਆ। ਮੰਜ਼ਲ ਦੇ ਨਜ਼ਦੀਕ ਪਹੁੰਚ ਕੇ ਇੰਜ ਹੀ ਵਾਪਰਦਾ ਹੈ। ਏਥੇ ਕਮਾਂਡ ਦਿਮਾਗ਼ ਦੇ ਹੱਥ ਵਿਚ ਹੋ ਜਾਂਦੀ ਹੈ ਤੇ ਉਹ ਢਹਿੰਦੇ ਹੋਏ ਸਰੀਰ ਨੂੰ ਉਤਸ਼ਾਹਤ ਕਰਦਾ ਹੋਇਆ, ਸ਼ਾਬਾਸ਼ ਸ਼ਾਬਾਸ਼ ਕਹਿੰਦਾ ਜਿੱਤ ਦੀ ਰੇਖਾ ਦੇ ਪਾਰ ਲੈ ਜਾਂਦਾ ਹੈ।
ਆਖ਼ਰ ਅਸੀਂ ਜਿੱਤ ਦੀ ਰੇਖਾ ਉਤੇ, ਇਕ ਪਹਾੜ ਦੇ ਪੈਰਾਂ ਵਿਚ, ਪਹੁੰਚ ਗਏ। ਰੁਕਣ ਦਾ ਹੁਕਮ ਹੋਇਆ। ਸਾਰੀ ਕਤਾਰ ਰੁਕ ਗਈ। ਕਮਾਂਡਰ ਨੇ ਦੱਸਿਆ ਅਸੀਂ ਪਹੁੰਚ ਚੁੱਕੇ ਹਾਂ। ਹੁਣ ਸਿਰਫ਼ ਖੇਮੇ ਵਿਚ ਪਹੁੰਚਣਾ ਹੀ ਬਾਕੀ ਸੀ। ਸਿਰਫ਼ ਇਕ ਪਹਾੜੀ ਦਾ ਫ਼ਾਸਲਾ ਸੀ। ਸਕਾਊਟ ਇਕੱਲਾ ਅਗਾਂਹ ਨਿਕਲਿਆ। ਕੋਈ ਪੰਦਰਾਂ ਮਿੰਟ ਬਾਦ ਉਹ ਦੋ ਜਣਿਆਂ ਸਮੇਤ ਵਾਪਸ ਆਇਆ।
ਹੱਥ ਮਿਲਾਏ, ਸਲਾਮ ਕੀਤੀ ਅਤੇ ਫਿਰ ਪਹਾੜੀ ਨੂੰ ਪਾਰ ਕਰਕੇ ਅਸੀਂ ਪਰਲੇ ਪਾਰ ਪਹੁੰਚੇ।
ਪਹਾੜੀ ਤੋਂ ਪਾਰ ਜਿਹੜੀ ਪਹਿਲੀ ਚੀਜ਼ ਨਜ਼ਰੀਂ ਪਈ ਉਹ ਸੀ ਇਕ, ਦੋ, ਤਿੰਨ ਤੇ ਫਿਰ ਕਈ ਸਾਰੇ ਤੰਬੂਆਂ ਦਾ ਸਮੂਹ, ਪੂਰਾ ਪਿੰਡ। ਅਸੀਂ ਖੇਮੇ ਵਿਚ ਪਹੁੰਚ ਚੁੱਕੇ ਸਾਂ। ਹਰ ਤੰਬੂ ਵਿਚ ਰੌਸ਼ਨੀ ਦੇ ਬਲਬ ਜਲ ਰਹੇ ਸਨ। ਪਹਾੜੀਆਂ ਦਰਮਿਆਨ ਵੱਸੇ ਇਸ ਖੇਮੇ ਵਿਚ ਰੌਸ਼ਨੀ ਦੇ ਛੋਟੇ ਛੋਟੇ ਟੁਕੜੇ ਏਧਰ ਓਧਰ ਬਿਖਰੇ ਪਏ ਸਨ। ਕਈ ਰਾਤਾਂ ਹਨੇਰੇ ਵਿਚ ਗੁਜ਼ਾਰਨ ਤੋਂ ਬਾਦ ਇਹ ਨਜ਼ਾਰਾ ਅਜੀਬ ਜਿਹਾ ਲਗਦਾ ਸੀ। ਰਸਤੇ ਵਿਚ ਕਿਤੇ ਵੀ ਰਾਤ ਨੂੰ ਰੌਸ਼ਨੀ ਦਿਖਾਈ ਨਹੀਂ ਸੀ ਦਿੱਤੀ ਪਰ ਏਥੇ ਜੰਗਲ ਵਿਚ ਮੰਗਲ ਲੱਗਾ ਹੋਇਆ ਸੀ।
ਚੱਲਦੇ ਹੋਏ ਮੈਂ ਪਹਿਲੇ ਤੰਬੂ ਅੰਦਰ ਝਾਤ ਪਾਈ। ਇਹ ਰਸੋਈ-ਘਰ ਸੀ। ਮਹਿਸੂਸ ਹੋਇਆ ਕਿ ਭੁੱਖ ਹੁਣ ਮਰ ਚੁੱਕੀ ਹੈ। ਰਸੋਈ ਵੀ ਠੰਡੀ ਪ੍ਰਤੀਤ ਹੋਈ। ਵਲ ਖਾਂਦੇ ਪਹਾੜੀ ਰਸਤੇ ਨੂੰ ਪਾਰ ਕਰਦਿਆਂ ਜਦ ਦੁਸਰੇ ਤੰਬੂ ਦੇ ਕੋਲੋਂ ਗੁਜ਼ਰਨ ਲੱਗੇ ਤਾਂ ਦੇਖਿਆ ਕਿ ਇਕ ਪਾਸੇ ਕੋਈ ਤੀਹ ਗੁਰੀਲੇ ਸਾਨੂੰ ਖੁਸ਼-ਆਮਦੀਦ ਕਹਿਣ ਲਈ
ਕਤਾਰ ਵਿਚ ਖੜ੍ਹੇ ਸਨ। ਹਰ ਕੋਈ ਵਰਦੀ ਵਿਚ, ਹਰ ਕੋਈ ਹਥਿਆਰ ਸਮੇਤ। ਗਰਮ ਜੋਸ਼ੀ ਨਾਲ ਹੱਥ ਮਿਲਾਏ ਗਏ, ਸਲਾਮ ਕਹੀ ਗਈ। "ਲਾਲ-ਸਲਾਮ" ਸ਼ਬਦ ਭਾਰਤ ਦੀ ਹਰ ਬੋਲੀ ਦਾ ਹਿੱਸਾ ਬਣ ਗਿਆ ਹੈ। ਇਸ ਦੁਆ-ਸਲਾਮ ਵਾਸਤੇ ਗੋਂਡੀ, ਹਿੰਦੀ, ਬੰਗਾਲੀ, ਤੈਲਗੂ, ਮਰਾਠੀ, ਪੰਜਾਬੀ ਦਾ ਗਿਆਨ ਹੋਣਾ ਜ਼ਰੂਰੀ ਨਹੀਂ ਹੈ। ਇਸ ਸੰਬੋਧਨ ਨੇ ਸਭ ਬੋਲੀਆਂ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਵੇਂ ਕਿ "ਇਨਕਲਾਬ-ਜ਼ਿੰਦਾਬਾਦ" ਦਾ ਨਾਅਰਾ ਹਰ ਬੋਲੀ ਦਾ ਹਿੱਸਾ ਹੋ ਗਿਆ ਹੈ। ਇੰਜ ਮਹਿਸੂਸ ਹੋਇਆ ਕਿ ਸਭ ਦੀ ਇਕ ਸਾਂਝੀ ਭਾਸ਼ਾ ਵੀ ਹੈ ਜਿਸ ਰਾਹੀਂ ਹਰ ਕੋਈ ਇਕ ਦੂਸਰੇ ਨੂੰ ਜਾਣ ਸਕਦਾ ਹੈ। ਵਾਕਈ ਅਸੀਂ ਇਕ ਦੂਸਰੇ ਨੂੰ ਸਮਝ ਸਕਦੇ ਸਾਂ ਅੱਖਾਂ ਵਿਚ, ਇਸ਼ਾਰਿਆਂ ਵਿਚ ਅਤੇ ਹੱਥਾਂ ਦੀ ਗਰਮਜੋਸ਼ੀ ਵਿਚ।
ਸੀਟੀ ਦੀ ਆਵਾਜ਼ ਨੇ ਹਰ ਕਿਸੇ ਨੂੰ ਸੰਕੇਤ ਦਿੱਤਾ। ਚਾਹ ਤਿਆਰ ਸੀ। ਜ਼ਾਹਰ ਹੈ ਕਿ ਰਸੋਈ ਗਰਮ ਹੋ ਚੁੱਕੀ ਸੀ। ਹਰ ਕਿਸੇ ਨੇ ਆਪਣੀ ਆਪਣੀ ਥਾਲੀ ਤੇ ਗਿਲਾਸ ਉਠਾਇਆ ਤੇ ਰਸੋਈ-ਖ਼ਾਨੇ ਵੱਲ ਚੱਲ ਪਿਆ।
ਪੱਥਰ ਟਿਕਾ ਕੇ ਬਣਾਏ ਗਏ ਚੁੱਲ੍ਹਿਆਂ ਵਿਚ ਤਿੰਨ ਥਾਵੇਂ ਅੱਗ ਬਲ ਰਹੀ ਸੀ ਤੇ ਉੱਪਰ ਵੱਡੇ ਵੱਡੇ ਪਤੀਲੇ ਚੜ੍ਹੇ ਹੋਏ ਸਨ। ਤੰਬੂ ਦੇ ਬਾਹਰ ਰਸੋਈ ਦੇ ਦਲਾਨ ਵਿਚ ਪੂਰੀ ਚਹਿਲ-ਪਹਿਲ ਨਜ਼ਰ ਆਈ। ਰਸੋਈ, ਪੇਟ ਦੀ ਸੰਤੁਸ਼ਟੀ ਕਰਨ ਦੇ ਨਾਲ ਨਾਲ ਮੇਲ-ਜੋਲ ਰਾਹੀਂ ਮਨ ਨੂੰ ਸੰਤੁਸ਼ਟ ਕਰਨ ਦਾ ਸਾਧਨ ਵੀ ਬਣੀ ਹੋਈ ਸੀ। ਹਰ ਕਿਸੇ ਨੇ ਵਾਰੀ ਸਿਰ ਆਪਣਾ ਖਾਣਾ ਲਿਆ ਤੇ ਫਿਰ ਸਭ ਜਣੇ ਦੋ-ਦੋ, ਚਾਰ-ਚਾਰ ਦੀਆਂ ਢਾਣੀਆਂ ਵਿਚ ਵੰਡੇ ਗਏ।
ਖਾਣੇ ਤੋਂ ਬਾਦ ਸਾਨੂੰ ਨਵੇਂ ਆਇਆਂ ਨੂੰ ਵੱਖ ਵੱਖ ਤੰਬੂਆਂ ਵਿਚ ਵੰਡ ਦਿੱਤਾ ਗਿਆ। ਜਿਸ ਤੰਬੂ ਵਿਚ ਮੈਂ ਪਹੁੰਚਿਆ, ਓਥੇ ਮੈਂ ਸਤਵਾਂ ਸਾਂ।
"ਦੋ ਦਿਨ ਬਾਦ ਤੁਹਾਨੂੰ ਝਿੱਲੀ (ਪਲਾਸਟਿਕ ਸ਼ੀਟ) ਮਿਲ ਜਾਵੇਗੀ ਤਦ ਤਕ ਕਿਸੇ ਤਰ੍ਹਾਂ ਨਿਭਾਓ।" ਇਕ ਆਵਾਜ਼ ਨੇ ਮੈਨੂੰ ਕਿਹਾ। ਮੈਂ ਉਸ ਵੱਲ ਨਜ਼ਰ ਘੁਮਾਈ ਤਾਂ ਉਹ ਮੁਸਕਰਾ ਪਿਆ।
"ਏਥੇ ਕਾਫ਼ੀ ਲੋਕ ਹਿੰਦੀ ਵਿਚ ਗੱਲ ਕਰ ਸਕਣਗੇ?" ਮੈਂ ਉਸ ਤੋਂ ਪੁੱਛਿਆ।
“ਥੋੜ੍ਹਾ ਥੋੜ੍ਹਾ ਸਮਝ ਲੈਣਗੇ। ਪਰ ਗੱਲਬਾਤ ਕੁਝ ਇਕ ਨਾਲ ਹੀ ਹੋ ਪਾਵੇਗੀ। ਬਹੁਤੇ ਜਣੇ ਹਿੰਦੀ ਨਹੀਂ ਬੋਲ ਸਕਦੇ। ਫਿਰ ਉਸਨੇ ਤੰਬੂ ਵਿਚਲੇ ਦੋ ਜਣਿਆਂ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂਅ ਲੈਂਦੇ ਹੋਏ ਦੱਸਿਆ ਕਿ ਉਹ ਬਾਤਚੀਤ ਵੀ ਕਰ ਸਕਣਗੇ।
ਸਮੁੱਚੇ ਖ਼ੋਮੇ ਵਿਚ ਹੀ ਜ਼ਿਆਦਾ ਲੋਕ ਗੌਂਡ ਕਬਾਇਲੀ ਸਨ। ਕੁਝ ਤੈਲਗੂ, ਕੁਝ ਬੰਗਾਲੀ ਤੇ ਕੁਝ ਉੱਤਰ ਭਾਰਤ ਦੀ ਹਿੰਦੀ ਪੱਟੀ ਦੇ। ਮੇਰੀ ਬੋਲੀ ਦਾ ਉਥੇ ਕੋਈ ਨਹੀਂ ਸੀ। ਰੂਹ ਦੇ ਖਿੜਣ ਲਈ ਆਪਣੀ ਮਾਂ-ਬੋਲੀ ਵਿਚ ਗੱਲ ਕਰਨ ਵਾਲਾ ਕੋਈ ਹੋਣਾ ਚਾਹੀਦਾ ਹੈ। ਪਰਾਈ ਬੋਲੀ ਓਪਰੇਪਣ ਦੀ ਇਕ ਦੀਵਾਰ ਖੜ੍ਹੀ ਰੱਖਦੀ ਹੈ। ਬੇਗਾਨੇ ਕੰਧਾਂ ਕੌਲਿਆਂ ਉੱਤੇ ਖੜ੍ਹੀ ਛੱਤ ਹੇਠ ਹਮੇਸ਼ਾਂ ਖਦਸ਼ਾ ਹੀ ਬਣਿਆ ਰਹਿੰਦਾ ਹੈ। ਪਰ ਉਹ ਇਕ ਵਿਸ਼ੇਸ਼ ਇਲਾਕੇ ਦਾ ਕੈਂਪ ਸੀ, ਸੋ ਬਾਕੀ ਦੇ ਹਿੰਦੋਸਤਾਨ ਨੇ ਓਥੋਂ ਗਾਇਬ ਹੀ ਦਿਸਣਾ ਸੀ। ਫਿਰ ਵੀ, ਐਨੀ ਕੁ ਤਸੱਲੀ ਹੋਈ ਕਿ ਕੁਝ ਜਣਿਆਂ ਨਾਲ ਕੁਝ ਖੁੱਲ੍ਹਣ ਦਾ ਮੌਕਾ ਮਿਲੇਗਾ।
ਸੌਣ ਦਾ ਵਕਤ ਚਿਰੋਕਣਾ ਹੋ ਚੁੱਕਾ ਸੀ। ਅਸੀਂ ਕਾਫ਼ੀ ਦੇਰੀ ਨਾਲ ਪਹੁੰਚੇ ਸਾਂ
ਜਿਸ ਨਾਲ ਨਿੱਤ ਦਾ ਨੇਮ ਕੁਝ ਭੰਗ ਹੋਇਆ ਸੀ। ਦਸ ਵਜੇ ਬੱਤੀ ਬੁਝਣ ਦਾ ਵੇਲਾ ਤੈਅ ਸੀ ਕਿਉਂਕਿ ਸਵੇਰੇ ਹਰ ਕਿਸੇ ਨੂੰ ਸੂਰਜ ਚੜ੍ਹਣ ਤੋਂ ਪਹਿਲਾਂ ਬਾਕਾਇਦਗੀ ਨਾਲ ਉੱਠਣਾ ਜ਼ਰੂਰੀ ਸੀ।
ਤਦੇ ਸੀਟੀ ਸੁਣਾਈ ਦਿੱਤੀ। ਪੰਜ ਮਿੰਟ ਬਾਦ ਬੱਤੀ ਬੰਦ ਹੋ ਗਈ। ਸਾਰਾ ਖੇਮਾ ਹਨੇਰੇ ਦੀ ਬੁੱਕਲ ਵਿਚ ਸਿਮਟ ਗਿਆ। ਥਕਾਵਟ ਨੇ ਚੂਰ ਕੀਤਾ ਪਿਆ ਸੀ। ਸੋ ਪਤਾ ਹੀ ਨਹੀਂ ਲੱਗਾ ਕਿ ਨੀਂਦ ਨੇ ਕਦੋਂ ਦੱਬ ਲਿਆ।
ਗੁਰੀਲਾ ਕੈਂਪ ਅੰਦਰ
ਸਵੇਰ ਦੀ ਸੀਟੀ ਵੱਜਣ ਨਾਲ ਜਦ ਮੇਰੀ ਨੀਂਦ ਉੱਖੜੀ ਤਾਂ ਬਾਹਰ ਅਜੇ ਹਨੇਰਾ ਹੀ ਸੀ। ਸੋਚਿਆ ਕਿ ਪੰਜ ਮਿੰਟ ਹੋਰ ਸੰਵਾਂਗਾ। ਮੈਂ ਅਜੇ ਅੱਖਾਂ ਬੰਦ ਕੀਤੀਆਂ ਹੀ ਸਨ ਕਿ ਕਿਸੇ ਨੇ ਮੈਨੂੰ ਬਾਂਹ ਤੋਂ ਝੰਜੋੜ ਦਿੱਤਾ।
“ਬਾਹਰ, ਸਾਢੇ ਛੇ ਰੋਲ ਕਾਲ।" ਇੱਕ ਤਿਆਰ-ਬਰ-ਤਿਆਰ ਖੜ੍ਹਾ ਗੁਰੀਲਾ ਮੈਨੂੰ ਉਠਾ ਰਿਹਾ ਸੀ। ਉਸ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਤੇ ਬੋਲਿਆ, "ਗਾਰਡ।" ਬਾਦ ਦੇ ਦਿਨਾਂ 'ਚ ਮੈਂ ਸਮਝ ਗਿਆ ਕਿ ਗਾਰਡ ਕੀ ਹੁੰਦਾ ਹੈ। ਉਹਨੇ ਮੈਨੂੰ ਅੱਖਾਂ ਤੋਂ ਉਹਲੇ ਨਹੀਂ ਸੀ ਹੋਣ ਦੇਣਾ ਤੇ ਪਛਾਵੇਂ ਵਾਂਗ ਮੇਰੇ ਨਾਲ ਹੀ ਰਹਿਣਾ ਸੀ। ਜਦ ਮੈਂ ਉਸ ਨੂੰ ਵਕਤ ਪੁੱਛਿਆ ਤਾਂ ਉਹ ਚੁੱਪ ਰਿਹਾ। ਮੈਂ ਆਪਣੇ ਗੁੱਟ ਵੱਲ ਇਸ਼ਾਰਾ ਕਰਕੇ
ਫੇਰ ਪੁੱਛਿਆ ਤਾਂ ਉਸ ਨੇ ਇਸ ਤਰ੍ਹਾਂ ਸਿਰ ਹਿਲਾਇਆ ਕਿ ਮੈਂ ਸਮਝ ਗਿਆ ਕਿ ਉਸ ਕੋਲ ਘੜੀ ਨਹੀਂ ਹੈ। ਉਸ ਦੇ ਨਾ ਬੋਲਣ ਕਾਰਨ ਮੈਂ ਉਸ ਨੂੰ ਪੁੱਛਿਆ, "ਗੋਂਡੀ?" ਤਾਂ ਉਹਨੇ ਹਾਂ ਵਿਚ ਸਿਰ ਹਿਲਾਇਆ। ਹਾਂ ਅਤੇ ਨਾਂਹ ਕਹਿਣ ਵਾਸਤੇ ਸ਼ਾਇਦ ਦੁਨੀਆਂ ਭਰ ਵਿਚ ਹੀ ਕਿਸੇ ਜ਼ੁਬਾਨ ਦੀ ਜ਼ਰੂਰਤ ਨਹੀਂ ਪੈਂਦੀ।
ਰੋਲ-ਕਾਲ ਦੇ ਵਕਤ ਕੋਈ ਪੰਜਤਾਲੀ ਜਣੇ ਲਾਈਨਾਂ ਵਿਚ ਖੜ੍ਹੇ ਸਨ । ਇਹਨਾਂ ਵਿਚ 15 ਕੁ ਔਰਤਾਂ ਸਨ। ਹਰ ਕਿਸੇ ਦਾ ਹਥਿਆਰ ਉਸ ਦੇ ਮੋਢੇ ਉੱਤੇ ਸੀ। ਲਾਈਨ ਵਿਚ ਮੇਰਾ ਖੜ੍ਹੇ ਹੋਣਾ ਜ਼ਾਬਤੇ ਦਾ ਹਿੱਸਾ ਸੀ। ਮੇਰਾ ਗਾਰਡ ਮੇਰੇ ਪਿਛਲੇ ਨੰਬਰ ਉੱਤੇ ਖੜ੍ਹਾ ਹੋ ਗਿਆ। ਪਹਿਲਾਂ ਇਕ ਲਾਈਨ ਵਿਚੋਂ ਆਵਾਜ਼ ਸ਼ੁਰੂ ਹੋਈ ਇਕ-ਦੋ-ਤਿੰਨ- ਚਾਰ ਤੇ ਫਿਰ ਗਿਣਤੀ ਵੀਹ ਤੱਕ ਚੱਲਦੀ ਗਈ। ਵੀਹ ਤੋਂ ਬਾਦ ਫਿਰ ਨੰਬਰ ਇੱਕ ਸ਼ੁਰੂ ਹੋਇਆ ਅਤੇ ਵੀਹ ਉੱਤੇ ਜਾ ਕੇ ਖ਼ਤਮ ਹੋ ਗਿਆ। ਇਹ ਅਜੀਬ ਤਜ਼ਰਬਾ ਸੀ। ਮੇਰੇ ਲਈ। ਰੋਲ-ਕਾਲ ਤੋਂ ਬਾਦ ਕਸਰਤ ਮੈਦਾਨ ਵੱਲ ਜਾਂਦੇ ਹੋਏ ਇਕ ਜਣੇ ਤੋਂ ਮੈਂ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਗਿਆ। ਉਸ ਨੇ ਦੱਸਿਆ ਕਿ ਏਥੇ ਮੌਜੂਦ ਗੌਂਡ ਲੜਕੇ ਲੜਕੀਆਂ ਵੀਹ ਤੋਂ ਅਗਾਂਹ ਦੀ ਗਿਣਤੀ ਭੁੱਲ ਜਾਂਦੇ ਹਨ, ਸੋ ਵੀਹ ਤੋਂ ਬਾਦ ਫਿਰ ਇਕ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬਾਦ ਵਿਚ ਇਸ ਨੂੰ ਮੈਂ ਅਸੂਲ ਵਾਂਗ ਸਾਰੇ ਦਸਤਿਆਂ ਵਿਚ ਦੁਹਰਾਏ ਜਾਂਦੇ ਵੇਖਿਆ। ਵੀਹ ਵੀਹ ਦੀਆਂ ਰਕਮਾਂ ਜੋੜਣ ਦਾ ਕੰਮ ਖੇਮੇ ਦੇ ਕਮਾਂਡਰ ਦਾ ਸੀ। ਉਹ ਦਸ ਦੇਂਦਾ ਕਿ ਕਿੰਨੇ ਹਾਜ਼ਰ ਹਨ, ਕਿੰਨੇ ਬਿਮਾਰ ਹਨ, ਕਿੰਨੇ ਪਹਿਰੇਦਾਰੀ ਦੀ ਡਿਊਟੀ 'ਤੇ ਹਨ ਅਤੇ ਕਿੰਨੇ ਅਜੇ ਜੰਗਲ-ਪਾਣੀ ਤੋਂ ਹੀ ਨਹੀਂ ਮੁੜੇ। ਜੰਗਲ-ਪਾਣੀ ਤੋਂ ਮੁੜਣ ਵਾਲਿਆਂ ਦਾ ਥੋੜ੍ਹੀ ਦੇਰ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਕਿਸੇ ਦੇ ਨਾ ਮੁੜਣ ਉੱਤੇ ਉਸ ਵਾਸਤੇ ਖੋਜ ਟੀਮ ਭੇਜ ਦਿੱਤੀ ਜਾਂਦੀ ਹੈ।
ਜੰਗਲ ਵਿਚ ਗੁੰਮ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਲੀਹਾਂ ਥਾਂ ਥਾਂ ਉੱਤੇ ਬਣੀਆਂ ਮਹਿਸੂਸ ਹੁੰਦੀਆਂ ਹਨ ਅਤੇ ਸਾਰਾ ਆਲਾ ਦੁਆਲਾ ਇਕੋ ਜਿਹਾ ਪ੍ਰਤੀਤ ਹੁੰਦਾ ਹੈ। ਧਰਤੀ-ਚਿੰਨਾਂ (Land marks) ਨੂੰ ਪਛਾਨਣਾ ਸਿੱਖਣ ਲਈ ਲੰਬੇ ਤਜ਼ਰਬੇ ਵਿਚੋਂ ਲੰਘਣਾ ਪੈਂਦਾ ਹੈ। ਜੰਗਲਵਾਸੀ ਇਸ ਨੂੰ ਛੋਟੀ ਉਮਰ ਤੋਂ ਹੀ ਸਿੱਖ ਜਾਂਦੇ ਹਨ। ਪਰ ਜੰਗਲ ਦਾ ਢੰਗ ਹੀ ਕੁਝ ਅਜਿਹਾ ਹੈ ਕਿ ਕਦੇ ਉਹ ਵੀ ਮਾਰ ਖਾ ਜਾਂਦੇ ਹਨ ਅਤੇ ਰਸਤੇ ਭੁੱਲ ਜਾਂਦੇ ਹਨ।
"ਕਸਰਤ ਕਰੋਗੇ?” ਇਕ ਉੱਚੇ ਲੰਬੇ ਜਵਾਨ ਨੇ ਮੈਨੂੰ ਪੁੱਛਿਆ। ਉਸ ਨੇ ਆਪਣੀ ਐੱਸ. ਐੱਲ. ਆਰ. ਇਕ ਰੁੱਖ ਦੇ ਤਣੇ ਨਾਲ ਟਿਕਾਈ ਤੇ ਗਰਮ ਹੋਣ ਲਈ ਲੱਤਾਂ ਬਾਹਵਾਂ ਹਿਲਾਉਣ ਲੱਗਾ। ਜਲਦੀ ਹੀ ਉਹ ਟਰੈਕ ਵਿਚ ਦੌੜਨ ਲੱਗਾ। ਟਰੈਕ ਵਿਚ ਪਹਿਲਾਂ ਹੀ ਕਈ ਜਣੇ ਦੌੜ ਲਗਾ ਰਹੇ ਸਨ। ਮੈਂ ਚੁਫੇਰੇ ਨਜ਼ਰ ਦੌੜਾਈ। ਥਾਂ ਥਾਂ ਉੱਤੇ ਰਾਈਫਲਾਂ ਦਰੱਖ਼ਤਾਂ ਨਾਲ ਟਿਕੀਆਂ ਹੋਈਆਂ ਸਨ। ਇਕ ਵਿਛੇ ਹੋਏ ਦਰੱਖ਼ਤ ਉੱਪਰ ਟਰਾਂਜ਼ਿਸਟਰ ਪਿਆ ਸੀ ਜਿਸ ਵਿਚੋਂ ਬੀ. ਬੀ. ਸੀ. ਤੋਂ ਖ਼ਬਰਾਂ ਆ ਰਹੀਆਂ ਸਨ। ਦੋ ਤਿੰਨ ਜਣੇ ਮੈਦਾਨ ਤੋਂ ਬਾਹਰ ਖੜ੍ਹੇ ਗੱਲਾਂ ਕਰ ਰਹੇ ਸਨ।
"ਤੁਸੀਂ ਸ਼ਾਮਲ ਨਹੀਂ ਹੋਏ?” ਮੈਂ ਉਹਨਾਂ ਤੋਂ ਪੁੱਛਿਆ।
ਇਕ ਨੇ ਲੱਕ ਉੱਤੇ ਹੱਥ ਲਗਾ ਕੇ ਕਿਹਾ, “ਲੱਕ ਦਰਦ ਹੈ।" ਦੂਸਰਿਆਂ ਦੇ ਵੀ ਆਪਣੇ ਆਪਣੇ ਕਾਰਨ ਸਨ। ਇਕ ਜਣਾ ਮੇਰੇ ਹੀ ਤੰਬੂ ਦਾ ਮਲੇਰੀਏ ਦਾ ਭੰਨਿਆ ਮਰੀਜ਼ ਸੀ। ਦੂਸਰਾ ਅਜੇ ਹਫ਼ਤਾ ਪੁਰਾਣੇ ਬੁਖ਼ਾਰ ਤੋਂ ਪਿੱਛਾ ਨਹੀਂ ਸੀ ਛੁਡਾ ਪਾਇਆ।
ਸੋ ਉਹਨਾਂ ਨੂੰ ਅਣਮੰਗੀ ਛੋਟ ਸੀ। ਬਿਮਾਰ ਆਦਮੀ ਜਦ ਵੀ ਤੰਦਰੁਸਤ ਹੋਵੇਗਾ ਉਹ ਖ਼ੁਦ-ਬ-ਖ਼ੁਦ ਹੀ ਕਸਰਤ ਮੈਦਾਨ ਵਿਚ ਪਹੁੰਚ ਜਾਵੇਗਾ।
ਵਾਰਮ-ਅੱਪ ਹੋਣ ਵਾਲਿਆਂ ਦੀ ਲਾਈਨ ਟਰੈਕ ਵਿਚ ਲੰਬੀ ਹੁੰਦੀ ਗਈ। ਦੋ ਚੱਕਰਾਂ ਤੋਂ ਬਾਦ ਤੇਜ਼ ਦੌੜ, ਡੱਡੂ ਛੜੱਪਾ, ਪੁੱਠੀ ਦੌੜ ਆਦਿ ਦਾ ਦੌਰ ਸ਼ੁਰੂ ਹੋਇਆ। ਜਿਹੜਾ ਡਿੱਗ ਪੈਂਦਾ ਉਹ ਫਿਰ ਉੱਠ ਪੈਂਦਾ ਅਤੇ ਮੁੜ ਤੋਂ ਸ਼ਾਮਲ ਹੋ ਜਾਂਦਾ ਜਾਂ ਬਾਹਰ ਹੋ ਜਾਂਦਾ। ਕੁਝ ਜਾਗਿੰਗ ਕਰਨ ਲੱਗ ਪੈਂਦੇ।
ਟਰੈਕ 'ਚ ਮੁੰਡੇ ਕੁੜੀਆਂ ਸਾਰੇ ਇਕੱਠੇ ਸਨ। ਜਿਹੜਾ ਜਿਸ ਘੜੀ ਜਿੱਥੋਂ ਟਰੈਕ ਵਿਚ ਸ਼ਾਮਲ ਹੋ ਜਾਂਦਾ ਉਥੇ ਹੀ ਉਸ ਦਾ ਸਥਾਨ ਬਣ ਜਾਂਦਾ। ਦੌੜ ਤੋਂ ਬਾਦ ਅਲੱਗ-ਅਲੱਗ ਟੀਮਾਂ ਬਣ ਗਈਆਂ। ਕੋਈ ਰੁਕਾਵਟ ਦੌੜ ਵਾਲੇ ਟਰੈਕ ਵਿਚ ਚਲਾ ਗਿਆ, ਕੋਈ ਭਾਰ ਚੁੱਕਣ ਵੱਲ ਹੋ ਪਿਆ, ਕਿਸੇ ਨੇ ਮੁਗਦਰ ਨੂੰ ਹੱਥ ਪਾ ਲਿਆ ਅਤੇ ਕੋਈ ਜਿਮਨਾਸਟਿਕ ਸੈਕਸ਼ਨ ਵਿਚ ਪਹੁੰਚ ਗਿਆ। ਉੱਚੀ ਛਾਲ, ਲੰਬੀ ਛਾਲ, ਡੰਡ-ਬੈਠਕਾਂ, ਪੋਲ ਵਾਲਟ, ਦੀਵਾਰ ਟੱਪਣ ਅਤੇ ਹੋਰ ਜਿੰਨੀ ਵੀ ਤਰ੍ਹਾਂ ਦੀਆਂ ਕਸਰਤਾਂ ਜੰਗਲ ਵਿਚਲੇ ਉਸ ਛੋਟੇ ਜਿਹੇ ਮੈਦਾਨ ਵਿਚ ਹੋ ਸਕਦੀਆਂ ਸਨ, ਉਹਨਾਂ ਕੀਤੀਆਂ। ਇਹ ਮੈਦਾਨ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਅਤੇ ਦਰੱਖ਼ਤਾਂ ਨੂੰ ਸਾਫ਼ ਕਰ ਕੇ ਬਣਾਇਆ ਗਿਆ ਸੀ। ਵੱਖ ਵੱਖ ਆਕਾਰਾਂ ਦੇ ਮੁਗਦਰ ਤੇ ਭਾਰ ਤਣਿਆਂ ਨੂੰ ਤਰਾਸ਼ ਕੇ ਬਣਾਏ ਹੋਏ ਸਨ। ਪੋਲ ਵਾਲਟ ਲਈ ਵੰਝ ਬਣਾਉਣ ਵਾਸਤੇ ਬਾਂਸ ਦੀ ਓਥੇ ਕੋਈ ਕਮੀ ਨਹੀਂ ਹੈ। ਇਸੇ ਤਰ੍ਹਾਂ ਹਰਡਲ ਦੌੜ ਲਈ ਰੁਕਾਵਟਾਂ ਅਤੇ ਜਿਮਨਾਸਟਿਕ ਵਾਸਤੇ ਸਟੈਂਡਾਂ ਦਾ ਦੇਸੀ ਜੁਗਾੜ ਉਸ ਕਸਰਤ-ਮੈਦਾਨ ਦੀ ਖ਼ਾਸੀਅਤ ਸਨ। ਟਾਹਣ ਅਤੇ ਬਾਂਸ ਗੱਡ ਕੇ ਇਕ ਛੋਟੇ ਕਿਲ੍ਹੇ ਜਾਂ ਗੜ੍ਹੀ ਦਾ ਢਾਂਚਾ ਵੀ ਖੜ੍ਹਾ ਕੀਤਾ ਹੋਇਆ ਸੀ ਤਾਂ ਕਿ ਅਜਿਹੇ ਮੋਰਚੇ ਨੂੰ ਭੰਨਣ ਵਾਸਤੇ ਕਵਾਇਦ ਹੋ ਸਕੇ।
ਜਦ ਤਕ ਉਹ ਕੈਂਪ ਵਿਚ ਰਹਿਣਗੇ ਸਵੇਰ ਦਾ ਡੇਢ ਘੰਟੇ ਦਾ ਸਮਾਂ ਨੇਮ ਨਾਲ ਕਸਰਤ ਦਾ ਸਮਾਂ ਰਹੇਗਾ। ਥੱਕਣ ਵਾਲਾ ਆਪਣਾ ਸੈਕਸ਼ਨ ਬਦਲ ਲਵੇਗਾ ਅਤੇ ਕਸਰਤ ਦੇ ਕਿਸੇ ਹਲਕੇ ਫੁਲਕੇ ਰੂਪ ਨੂੰ ਅਪਣਾਅ ਲਵੇਗਾ। ਜਿਹੜਾ ਜ਼ਿਆਦਾ ਥੱਕ ਜਾਵੇਗਾ ਉਹ - ਆਪਣੀ ਬੰਦੂਕ ਉਠਾਏਗਾ ਅਤੇ ਕਸਰਤ-ਮੈਦਾਨ ਦੇ ' ਬਾਹਰ ਵਾਲੇ ਹਿੱਸੇ ਵਿਚ ਚਹਿਲਕਦਮੀ ਕਰਨ ਲੱਗੇਗਾ। ਭਾਵੇਂ ਬੰਧੇਜ ਕੋਈ ਨਹੀਂ ਹੈ ਪਰ ਫਿਰ ਵੀ ਹਰ ਕੋਈ ਓਨਾ ਸਮਾਂ ਓਥੇ ਹੀ ਰਹਿਣ ਨੂੰ ਤਰਜੀਹ ਦੇਂਦਾ ਹੈ। ਜੇ ਤੁਸੀਂ ਕਸਰਤ ਕਰਨ ਵਾਲਿਆਂ ਵਿਚ ਸ਼ਾਮਲ ਨਹੀਂ ਹੋ ਤਾਂ ਵੀ ਤੁਸੀਂ ਦੂਸਰਿਆਂ ਨੂੰ ਕਸਰਤ ਕਰਦਿਆਂ ਦੇਖਣਾ ਚਾਹੁੰਦੇ ਹੋ। ਇਹ ਸਵੇਰ ਦਾ ਖੁੱਲ੍ਹਾ-ਡੁੱਲ੍ਹਾ, ਸਿਹਤਮੰਦ ਅਤੇ ਕੁਦਰਤੀ ਮਾਹੌਲ ਹੈ ਜਿਹੜਾ ਤੁਹਾਨੂੰ ਸੁਖਾਵਾਂ ਬਣਾਉਂਦਾ ਹੈ ਤੇ ਖੁਸ਼ ਰੱਖਦਾ ਹੈ।
ਅੱਠ ਵਜੇ ਰਸੋਈ ਘਰ ਤੋਂ ਸੀਟੀ ਦੀ ਆਵਾਜ਼ ਆਉਂਦੀ ਹੈ ਜਿਹੜੀ ਸਭ ਨੂੰ ਚਾਹ ਤੇ ਨਾਸ਼ਤੇ ਵਾਸਤੇ ਬੁਲਾਵਾ ਦੇਂਦੀ ਹੈ। ਸੀਟੀ ਵੱਜਣ 'ਤੇ ਹਰ ਕਿਸੇ ਨੇ ਆਪਣੇ ਆਪਣੇ ਤੰਬੂ ਦਾ ਰੁਖ਼ ਕੀਤਾ, ਗਲਾਸ ਤੇ ਥਾਲੀ ਉਠਾਏ ਅਤੇ ਲੰਗਰ ਵੱਲ ਨੂੰ ਹੋ ਤੁਰਿਆ। ਕਸਰਤ-ਮੈਦਾਨ ਛੱਡਣ ਤੋਂ ਪਹਿਲਾਂ ਕੋਈ ਵੀ ਆਪਣੀ ਬੰਦੂਕ ਤੇ ਪੇਟੀ ਉਠਾਉਣੀ ਨਹੀਂ ਭੁੱਲਦਾ।
ਸਵੇਰ ਦੇ ਵਕਤ ਰਸੋਈ ਵਿਚ ਡਾਹਢਾ ਜਮਘਟਾ ਹੁੰਦਾ ਹੈ। ਹਰ ਕੋਈ ਜਲਦੀ ਤੋਂ
ਜਲਦੀ ਓਥੇ ਪਹੁੰਚਦਾ ਹੈ ਅਤੇ ਕਤਾਰ ਵਿਚ ਸ਼ਾਮਲ ਹੋ ਜਾਂਦਾ ਹੈ। ਵਾਰੀ ਸਿਰ-ਇਹ ਉਹਨਾਂ ਦਾ ਅਸੂਲ ਹੈ। ਕੋਈ ਵੱਖਰੀ ਕਤਾਰ ਨਹੀਂ, ਕੋਈ ਕਮਾਂਡਰ ਨਹੀਂ, ਕੋਈ ਰੰਗਰੂਟ ਨਹੀਂ। ਕੋਈ ਬਿਮਾਰ ਹੈ ਤਾਂ ਹਰ ਕੋਈ ਉਸ ਨੂੰ ਪਹਿਲਾਂ ਨਾਸ਼ਤਾ ਲੈਣ ਵਾਸਤੇ ਰਾਹ ਦੇਵੇਗਾ। ਉਂਜ ਹੀ, ਕਿਸੇ ਦੇ ਮੋਢੇ ਉੱਪਰ ਨਾ ਕੋਈ ਫੀਤੀ ਹੈ ਨਾ ਸਟਾਰ, ਅਤੇ ਲੰਗਰ ਵਿਚ ਕੋਈ ਵਖਰੇਵਾਂ ਵੈਸੇ ਹੀ ਖ਼ਤਮ ਹੋ ਜਾਂਦਾ ਹੈ। ਸਾਰੇ ਇਕੋ ਜਿਹੀ ਫ਼ੌਜੀ ਵਰਦੀ ਵਿਚ ਹਨ, ਸੱਭੇ ਸਿਪਾਹੀ ਹਨ, ਸਭ ਵਾਸਤੇ ਇਕੋਂ ਪਤੀਲਾ ਹੈ ਅਤੇ ਇਕੋ ਹੀ ਦੇਗ ਹੈ।
ਰਸੋਈ ਘਰ ਦਾ ਵਿਹੜਾ ਹੀ ਲੰਗਰ ਹੈ। ਓਥੇ ਬਾਂਸ ਅਤੇ ਦਰੱਖ਼ਤਾਂ ਦੀਆਂ ਟਾਹਣੀਆਂ ਤੋਂ ਬਣੇ ਲੰਬੇ ਲੰਬੇ ਬੈਂਚ ਤੇ ਮੇਜ਼ ਹਨ ਜਿਹੜੇ ਪੱਕੇ ਤੌਰ 'ਤੇ ਜ਼ਮੀਨ ਵਿਚ ਗੱਡੇ ਹੋਏ ਹਨ। ਤੁਸੀਂ ਚਾਹੋ ਤਾਂ ਇਹਨਾਂ ਦੀ ਵਰਤੋਂ ਕਰੋ, ਚਾਹੋ ਤਾਂ ਕਿਸੇ ਰੁੱਖ ਨਾਲ ਢੋਅ ਲਾ ਕੇ ਬੈਠ ਜਾਓ ਜਾਂ ਖੜ੍ਹੇ ਰਹੋ, ਚਾਹੋ ਤਾਂ ਕਿਸੇ ਪੱਥਰ ਉੱਤੇ ਆਸਣ ਕਰੋ ਤੇ ਨਾਸ਼ਤੇ ਦਾ ਸਵਾਦ ਲਓ। ਇਸ ਸਮੇਂ ਥਾਂ ਥਾਂ ਟੋਲੀਆਂ ਲੱਗ ਜਾਂਦੀਆਂ ਹਨ। ਸਵੇਰੇ ਆਈਆਂ ਖ਼ਬਰਾਂ ਉੱਪਰ ਚਰਚਾ ਹੁੰਦੀ ਹੈ, ਕੋਈ ਕਿਸੇ ਵੱਲ ਮਖ਼ੌਲ ਤਿਲਕਾਉਂਦਾ ਨਜ਼ਰ ਆਉਂਦਾ ਹੈ, ਕੋਈ ਸੰਜੀਦਾ ਬਹਿਸ ਵਿਚ ਹੈ, ਜਾਂ ਕਿਤੇ ਹੋਰ ਕੋਈ ਦੋ ਜਣੇ ਆਪਣੇ ਅੱਜ ਦੇ ਰੁਝੇਵਿਆਂ ਬਾਰੇ ਗੱਲਬਾਤ ਕਰਦੇ ਦਿਖਾਈ ਦੇਂਦੇ ਹਨ। ਸਭ ਤੋਂ ਗਰਮ ਵਿਸ਼ਾ ਅੱਜ ਦੀਆਂ ਖ਼ਬਰਾਂ ਹਨ। ਅਫ਼ਗਾਨਿਸਤਾਨ ਉੱਪਰ ਅਮਰੀਕੀ ਹਮਲਾ ਜਾਰੀ ਹੈ। ਬਹਿਸ ਚੱਲ ਰਹੀ ਹੈ ਕਿ ਕਾਬਲ ਉੱਪਰ ਅਮਰੀਕੀ ਹਮਲੇ ਨਾਲ ਉੱਤਰੀ ਗੱਠਜੋੜ ਦੇ ਤਨਖ਼ਾਹਦਾਰ ਪਿਆਦੇ ਸ਼ਹਿਰ ਵਿਚ ਕਦ ਦਾਖ਼ਲ ਹੋਣਗੇ: ਅਮਰੀਕਾ ਆਪਣੇ ਫ਼ੌਜੀ ਜ਼ਮੀਨੀ ਜੰਗ ਵਾਸਤੇ ਭੇਜੋਗਾ ਕਿ ਨਹੀਂ; ਤਾਲਿਬਾਨ ਗੁਰੀਲਾ ਜੰਗ ਕਦੋਂ ਸ਼ੁਰੂ ਕਰਨਗੇ ਆਦਿ-ਆਦਿ। ਅਮਰੀਕੀ ਹਮਲੇ ਵਿਰੁੱਧ ਯੂਰਪ ਵਿਚਲੇ ਜੰਗ-ਵਿਰੋਧੀ ਮੁਜ਼ਾਹਰੇ ਅਤੇ ਪਾਕਿਸਤਾਨ ਵਿਚਲੀ ਸਿਆਸੀ ਹਲਚਲ ਵੀ ਚਰਚਾ ਦਾ ਵਿਸ਼ਾ ਹਨ। ਦਿੱਲੀ ਵਿਚ ਜੰਗ-ਵਿਰੋਧੀ ਪਰਚਾਰ ਕਰਨ ਵਾਲੇ ਵਿਦਿਆਰਥੀਆਂ ਦੇ ਫੜ੍ਹੇ ਜਾਣ ਅਤੇ ਫਿਰ ਛੱਡ ਦਿੱਤੇ ਜਾਣ ਦਾ ਜ਼ਿਕਰ ਹੈ। ਜੰਗ-ਵਿਰੋਧੀ ਲਹਿਰ ਨੂੰ ਲਾਮਬੰਦ ਕਰਨ ਵਾਸਤੇ ਵਿਚਾਰਾਂ ਹਨ। ਸਵੇਰ ਵੇਲੇ ਦਾ ਰਸੋਈ ਦਾ ਨਜ਼ਾਰਾ, ਕੁੱਲ ਮਿਲਾ ਕੇ, ਸਿਆਸੀ ਵਿਚਾਰ-ਚਰਚਾ ਦਾ ਸਰਗਰਮ ਅਖਾੜਾ ਬਣਿਆ ਹੋਇਆ ਹੈ।
ਮੈਂ ਉਤਸੁਕਤਾ ਵੱਸ ਉਹਨਾਂ ਨੂੰ ਪੁੱਛਦਾ ਹਾਂ ਕਿ ਜੰਗਲ ਵਾਸੀ ਜੰਗ-ਵਿਰੋਧੀ ਲਹਿਰ ਵਿਚ ਕਿਵੇਂ ਹਿੱਸਾ ਪਾਉਣਗੇ।
ਉਹ ਦੱਸਦੇ ਹਨ ਕਿ ਜੰਗਲ ਵਿਚ ਉਹ ਦੋ ਮਹੀਨੇ ਤੋਂ ਇਸ ਵਿਰੁੱਧ ਲਾਮਬੰਦੀ ਕਰ ਰਹੇ ਹਨ। ਪਹਿਲਾਂ ਜੰਗ ਦੇ ਖ਼ਤਰੇ ਵਿਰੁੱਧ ਅਤੇ ਹੁਣ ਜੰਗ ਦੇ ਵਿਰੋਧ ਵਿਚ ਉਹ ਅਨੇਕਾਂ ਸਰਗਰਮੀਆਂ ਕਰ ਚੁੱਕੇ ਹਨ। ਅਨੇਕਾਂ ਮੁਜ਼ਾਹਰੇ ਕੀਤੇ ਗਏ ਹਨ; ਬੁਸ਼ ਤੇ ਵਾਜਪਾਈ ਦੇ ਪੁਤਲੇ ਜਲਾਏ ਗਏ ਹਨ; ਸੈਂਕੜਿਆਂ, ਹਜ਼ਾਰਾਂ ਦੀਆਂ ਕਾਨਫਰੰਸਾਂ ਹੋਈਆਂ ਹਨ। ਮੈਂ ਸੋਚਦਾ ਹਾਂ ਕਿ ਬੁਰਜੂਆ ਅਖ਼ਬਾਰਾਂ ਵਿਚ ਇਹਨਾਂ ਕਾਰਵਾਈਆਂ ਦੀ ਕੋਈ ਵੀ ਖ਼ਬਰ ਨਹੀਂ ਛਪੀ, ਕਿਤੇ ਵੀ ਕੋਈ ਚਰਚਾ ਨਹੀਂ ਹੋਈ। ਅਖ਼ਬਾਰਾਂ ਉੱਤੇ ਸਿਵਲ ਸੋਸਾਇਟੀ ਦਾ ਕੰਟਰੋਲ ਹੈ। ਸੱਭਿਅਕ ਸਮਾਜ ਦੀ ਜੰਗਲ ਦੇ ਵਸਨੀਕਾਂ ਦੀਆਂ ਕਾਰਵਾਈਆਂ ਤੇ ਸਿਆਸੀ ਸਰਗਰਮੀਆਂ ਨੂੰ ਛਾਪਣ ਵਿਚ ਕੋਈ ਦਿਲਚਸਪੀ ਨਹੀਂ ਹੈ। ਅਖ਼ਬਾਰਾਂ ਸਰਕਾਰ ਵੱਲੋਂ ਅਮਰੀਕੀ ਪ੍ਰਸ਼ਾਸਨ ਦੀ ਡੰਡੌਤ ਕਰਦੇ ਬਿਆਨਾਂ ਨੂੰ ਵੱਡੀਆਂ ਸੁਰਖ਼ੀਆਂ ਹੇਠ ਲਾਉਂਦੀਆਂ ਹਨ ਭਾਵੇਂ ਕਿ ਇਹ ਪੜ੍ਹਣ ਵਾਲਿਆਂ ਦੇ ਮਨਾਂ ਅੰਦਰ
ਘਿਰਣਾ ਅਤੇ ਅਕਾਅ ਹੀ ਪੈਦਾ ਕਰਨ।
ਜੰਗ ਦਾ ਵਿਰੋਧ ਕਰਨ ਵਾਲਿਆਂ ਨੂੰ ਕੌਮ-ਧ੍ਰੋਹੀ ਕਰਾਰ ਦਿੱਤੇ ਜਾਣ ਉੱਤੇ ਉਹ ਹੱਸਦੇ ਹਨ। ਇਹ ਗੱਲ ਕਿਸੇ ਦੀ ਸਮਝ ਵਿਚ ਨਹੀਂ ਪੈ ਸਕਦੀ ਕਿ ਅਮਰੀਕਾ ਦੀ ਅਫ਼ਗਾਨਿਸਤਾਨ ਉੱਤੇ ਜੰਗ ਦਾ ਵਿਰੋਧ ਕਰਨਾ ਭਾਰਤ ਵਿਚ ਦੇਸ਼-ਧ੍ਰੋਹ ਕਿਵੇਂ ਹੈ।
“ਦਰਅਸਲ, ਭਾਰਤੀ ਕੌਮਵਾਦ ਦੀ ਪਰਿਭਾਸ਼ਾ ਬਦਲ ਗਈ ਹੈ। ਹੁਣ ਭਾਰਤੀ ਕੌਮਵਾਦ ਉਹੀ ਹੈ ਜਿਹੜਾ ਅਮਰੀਕੀ ਸਾਮਰਾਜੀ ਹਿੱਤਾਂ ਦੇ ਪੱਖ ਵਿਚ ਭੁਗਤੇ," ਇਕ ਜਣਾ ਕਹਿੰਦਾ ਹੈ, ਜਿਸ ਨਾਲ ਹਾਸਾ ਪੈ ਜਾਂਦਾ ਹੈ। "ਇਹ ਨਵਾਂ ਸੰਸਾਰੀਕਰਣ ਹੈ," ਉਹ ਕਹਿੰਦਾ ਹੈ, “ਜਿੱਥੇ ਭਾਰਤ ਜਿਹੇ ਦੇਸ਼ਾਂ ਦੇ ਕੌਮੀ ਹਿੱਤ ਅਤੇ ਸਾਮਰਾਜਵਾਦ ਦੇ ਹਿੱਤ ਗੁੱਥ-ਮ-ਗੁੱਥਾ ਕਰ ਦਿੱਤੇ ਗਏ ਅਤੇ ਇੱਕੋ ਚੀਜ਼ ਬਣਾ ਦਿੱਤੇ ਗਏ ਹਨ।"
ਜੇ ਪਾਕਿਸਤਾਨੀ ਲੋਕ ਅਮਰੀਕਾ ਦਾ ਵਿਰੋਧ ਕਰਦੇ ਹਨ ਤਾਂ ਉਹ ਮੁਸ਼ੱਰਫ਼ ਵਾਸਤੇ ਦੇਸ਼-ਧਰੋਹੀ ਹਨ। ਦੋਵਾਂ ਦੇਸ਼ਾਂ ਵਿਚ ਹੀ ਦੇਸ਼-ਭਗਤੀ ਅਮਰੀਕਾ-ਭਗਤੀ ਹੋ ਗਈ ਅਤੇ ਅਮਰੀਕਾ-ਵਿਰੋਧ ਦੇਸ਼-ਵਿਰੋਧ ਹੋ ਗਿਆ। ਸਿਵਲ ਸੋਸਾਇਟੀ ਦੇ ਉੱਚ ਤਬਕੇ ਨੇ ਇਸ ਸੰਕਲਪ ਨੂੰ ਇਕ ਤਰ੍ਹਾਂ ਨਾਲ ਸਹੀ ਮੰਨ ਲਿਆ ਹੈ ਸੋ ਜੇ ਜੰਗਲ ਦੀਆਂ ਇਹ ਮਹੱਤਵਪੂਰਨ ਖ਼ਬਰਾਂ ਅਖ਼ਬਾਰਾਂ ਵਿਚ ਨਹੀਂ ਛਪੀਆਂ ਤਾਂ ਇਹ ਸਮਝ ਵਿਚ ਆਉਣ ਵਾਲੀ ਗੱਲ ਸੀ।
ਬਾਦ 'ਚ ਆਪਣੀ ਜੰਗਲ-ਉਦਾਸੀ ਦੌਰਾਨ ਮੈਨੂੰ ਪਤਾ ਲੱਗਿਆ ਕਿ ਬਹੁਤੇ ਜੰਗਲ ਨਿਵਾਸੀਆਂ ਨੇ ਪਹਿਲੀ ਵਾਰ ਬੁਸ਼, ਵਾਜਪਾਈ, ਮੁਸ਼ੱਰਫ਼ ਅਤੇ ਅਫ਼ਗਾਨਿਸਤਾਨ ਦਾ ਨਾਮ ਸੁਣਿਆ ਹੈ, ਜੰਗ ਨੇ ਉਹਨਾਂ ਨੂੰ ਇਹਨਾਂ ਨਾਵਾਂ ਤੋਂ ਜਾਣੂੰ ਕਰਵਾ ਦਿੱਤਾ ਅਤੇ ਨਾਲ ਹੀ 'ਦੇਸ਼-ਧਰੋਹੀਆਂ' ਦੀ ਕਤਾਰ ਵਿਚ ਖੜ੍ਹੇ ਕਰ ਦਿੱਤਾ। ਦਰਅਸਲ, ਜੰਗਲ ਦੇ ਲੋਕ ਦੇਸ਼-ਧਰੋਹ ਦੇ ਸੰਕਲਪ ਤੋਂ ਹੀ ਵਾਕਫ਼ ਨਹੀਂ ਹਨ। ਉਹ ਐਨਾ ਕੁ ਹੀ ਜਾਣਦੇ ਹਨ ਕਿ ਪੁਲਿਸ ਤੇ ਠੇਕੇਦਾਰ ਦੋਨੋਂ ਮਿਲ ਕੇ ਉਹਨਾਂ ਦੇ ਜੰਗਲ ਨੂੰ ਲੁੱਟਦੇ ਹਨ ਅਤੇ ਸਰਕਾਰ ਉਹਨਾਂ ਦੀ ਪਿੱਠ ਉੱਤੇ ਹੈ। ਉਹਨਾਂ ਵਾਸਤੇ ਅਮਰੀਕਾ ਅਜਿਹੀ ਹਸਤੀ ਹੈ ਜੋ ਏਥੋਂ ਦੀ ਸਰਕਾਰ ਦੀ ਪਿੱਠ ਠੋਕਦੀ ਹੈ ਅਤੇ ਇਸੇ ਕਾਰਨ ਇਹ ਹਸਤੀ ਵੀ ਉਹਨਾਂ ਦੀ ਇੱਥੋਂ ਦੀ ਸਰਕਾਰ ਵਾਂਗ ਹੀ ਦੁਸ਼ਮਣ ਹੈ।
ਦੇਸ਼ ਦੀ ਸਿਵਲ ਸੋਸਾਇਟੀ ਕਬਾਇਲੀਆਂ ਦੇ ਇਸ ਸਿੱਧੇ ਸਾਦੇ ਮੰਤਕ ਨੂੰ ਸਮਝਣ ਦੇ ਅਸਮਰੱਥ ਹੈ। ਉਹ ਸਮੱਸਿਆਵਾਂ ਨੂੰ ਗੁੰਝਲਦਾਰ ਬਣਾਕੇ ਪੇਸ਼ ਕਰਨ ਨੂੰ ਤਰਜੀਹ ਦੇਂਦੀ ਹੈ ਅਤੇ ਇਸ ਪੇਚੀਦਗੀ ਵਿਚ ਖ਼ੁਦ ਨੂੰ ਉਲਝਾਅ ਲੈਂਦੀ ਹੈ। ਦੇਸ਼-ਪਰੇਮ, ਦੇਸ਼- ਧਰੋਹ, ਵਲਦਾਰ ਲੱਫ਼ਾਜ਼ੀ, ਉਲਝੇ ਹੋਏ ਵੱਡੇ ਵੱਡੇ ਭਾਸ਼ਣ ਅਤੇ ਗੁੰਝਲਦਾਰ ਮਸ਼ੀਨਾਂ ਕਬਾਇਲੀ ਲੋਕਾਂ ਦੀ ਸਾਦ-ਮੁਰਾਦੀ ਤੇ ਸਿੱਧੀ-ਪੱਧਰੀ ਜ਼ਿੰਦਗੀ ਤੋਂ ਪਰੇ ਹਨ ਅਤੇ ਉਹਨਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ। ਉਹਨਾਂ ਦਾ ਸਿੱਧਾ-ਸਾਦਾ ਤਰਕ ਹੈ: ਜੰਗਲ ਸਾਡਾ ਹੈ ਕਿ ਸਾਡਾ ਨਹੀਂ ਹੈ? ਇਸ ਚੀਜ਼ ਨੂੰ ਸਿੱਧੇ-ਸਾਦੇ ਤਰੀਕੇ ਨਾਲ ਹੀ ਉਹ ਨਜਿੱਠਣਾ ਵੀ ਚਾਹੁੰਦੇ ਹਨ: ਹਨੇ ਜਾਂ ਬੰਨੇ। ਕੋਈ ਮਾਨਸਿਕ ਉਲਝਾਅ ਨਹੀਂ, ਗੋਲ-ਗੁੰਬਦ ਦਲੀਲਬਾਜ਼ੀ ਨਹੀਂ ਅਤੇ ਜੰਜਾਲਾਂ ਭਰਿਆ ਤਰੀਕਾ ਨਹੀਂ। ਸਭ ਕੁਝ ਸਿੱਧਾ-ਸਾਦਾ ਤੇ ਸਪਾਟ, ਬਿਲਕੁਲ ਉਵੇਂ ਜਿਵੇਂ ਉਹਨਾਂ ਦੀ ਆਪਣੀ ਜ਼ਿੰਦਗੀ ਹੈ।
ਕਸਰਤ-ਮੈਦਾਨ ਵਿਚ ਮੁਗਦਰ ਫੇਰਨ ਵਾਲੇ ਇਕ ਤਕੜੇ ਡੀਲ-ਡੋਲ ਦੇ ਗੁਰੀਲੇ ਨੂੰ ਮੈਂ ਕਿਹਾ ਕਿ ਜੰਗਲ ਵਿਚਲੀਆਂ ਇਹਨਾਂ ਸਿਆਸੀ ਸਰਗਰਮੀਆਂ ਬਾਰੇ ਉਹ
ਦੁਨੀਆਂ ਨੂੰ ਜਾਣੂੰ ਕਿਉਂ ਨਹੀਂ ਕਰਵਾਉਂਦੇ? ਜੰਗ ਦਾ ਐਨਾ ਵਿਰੋਧ ਤਾਂ ਸ਼ਹਿਰਾਂ ਵਿਚ ਵੀ ਨਹੀਂ ਸੀ ਹੋ ਰਿਹਾ।
"ਪਰ ਇਸ ਦਾ ਕੀ ਅਸਰ ਪਵੇਗਾ?'
ਸਵਾਲ ਕਰਨ ਲੱਗਿਆਂ ਉਸ ਨੇ ਕੋਈ ਵਲ ਫੇਰ ਨਹੀਂ ਪਾਇਆ। ਮੈਂ ਵੀ ਸਿੱਧਾ ਜਿਹਾ ਹੀ ਜਵਾਬ ਦਿੱਤਾ ਕਿ ਦੁਨੀਆਂ ਵਿਚ ਗੁਰੀਲਿਆਂ ਦੀ ਖ਼ਬਰ ਉਦੋਂ ਹੀ ਪਹੁੰਚਦੀ ਹੈ ਜਦ ਸੁਰੰਗ ਨਾਲ ਪੁਲਿਸ ਦੀ ਕੋਈ ਗੱਡੀ ਉੱਡਦੀ ਹੈ, ਜਾਂ ਫਿਰ ਉਸ ਸਮੇਂ ਜਦੋਂ ਕੋਈ ਝੜਪ ਹੁੰਦੀ ਹੈ ਤੇ ਗੋਲੀਆਂ ਚਲਦੀਆਂ ਹਨ। ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਤਾੜ ਤਾੜ ਤੋਂ ਬਿਨਾਂ ਜੰਗਲ ਵਿਚ ਕੁਝ ਹੋਰ ਵੀ ਹੁੰਦਾ ਹੈ।
ਮੈਨੂੰ ਇਹ ਪੁੱਛਣ ਦੀ ਜ਼ਰੂਰਤ ਨਹੀਂ ਸੀ ਕਿ ਜੰਗ-ਵਿਰੋਧੀ ਮੁਜ਼ਾਹਰਿਆਂ ਬਾਰੇ ਦੁਨੀਆਂ ਭਰ ਦੀਆਂ ਖ਼ਬਰਾਂ ਸੁਣ ਕੇ ਉਹ ਖ਼ੁਸ਼ ਹੁੰਦੇ ਸਨ ਕਿ ਨਹੀਂ। ਜਦ ਜੰਗਲ ਵਿਚ ਫੈਲ ਰਹੀ ਸਿਆਸੀ ਚੇਤਨਾ ਸ਼ਹਿਰੀ ਲੋਕਾਂ ਤਕ ਪਹੁੰਚੇਗੀ ਤਾਂ ਇਹ ਲਾਜ਼ਮੀ ਹੀ ਲੋਕਾਂ ਵਿਚ ਚਰਚਾ ਛੇੜੇਗੀ। ਸਵਾਲ ਉੱਠੇਗਾ ਕਿ ਜਿਹਨਾਂ ਕੋਲ ਗਿਆਨ ਤੇ ਜਾਣਕਾਰੀ ਹਾਸਲ ਕਰਨ ਦੇ ਸਾਰੇ ਵਸੀਲੇ ਮੌਜੂਦ ਹਨ ਉਹ ਜੰਗਲ ਦੇ ਅਨਪੜ੍ਹ ਤੇ ਵਸੀਲਿਆਂ ਵਿਹੁਣੇ ਆਦਿਵਾਸੀਆਂ ਦੇ ਮੁਕਾਬਲੇ ਐਨੇ ਪੱਛੜੇ ਕਿਉਂ ਹਨ। ਤਦੇ ਇਕ ਛੋਟੇ ਕੱਦ ਦਾ ਗੁਰੀਲਾ ਸਾਡੀ ਗੱਲਬਾਤ ਵਿਚ ਆਣ ਸ਼ਾਮਲ ਹੋਇਆ।
"ਜੰਗਲ ਵਿਚ ਹੋਏ ਇੱਕਾ-ਦੁੱਕਾ ਵਿਰੋਧ-ਮੁਜ਼ਾਹਰਿਆਂ ਨੇ ਸ਼ਹਿਰੀ ਜ਼ਿੰਦਗੀ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਪਾਉਣਾ, ਇਹ ਸਹੀ ਹੈ, ਪਰ ਫੇਰ ਵੀ ਇਹਨਾਂ ਮੁਜ਼ਾਹਰਿਆਂ ਦੇ ਹੋਣ ਅਤੇ ਚਰਚਾ ਛੇੜਣ ਦਾ ਇਕ ਮਹੱਤਵ ਹੈ। ਭਾਰਤੀ ਹਾਕਮਾਂ ਨੇ ਅਫ਼ਗਾਨਿਸਤਾਨ ਉਤੇ ਹੋਏ ਹਮਲੇ ਦੀ ਖੁਸ਼ੀ ਮਨਾਈ ਹੈ ਅਤੇ ਇਸ ਜੰਗ ਨੂੰ ਉਹ ਕਸ਼ਮੀਰ ਅੰਦਰਲੀ ਆਜ਼ਾਦੀ ਦੀ ਲੜਾਈ ਨੂੰ ਕੁਚਲਣ ਦੀ ਮੁਹਿੰਮ ਨਾਲ ਜੋੜਨਾ ਚਾਹੁੰਦੇ ਹਨ। ਸੱਭਿਅਕ ਸਮਾਜ ਦੇ ਸਮੁੱਚੇ ਪਰਚਾਰ-ਤੰਤਰ ਨੇ ਕਸ਼ਮੀਰ ਦੀ ਲਹਿਰ ਦੀ ਤਬਾਹੀ ਅਤੇ ਅਫ਼ਗਾਨਿਸਤਾਨ ਵਿਰੁੱਧ ਜੰਗ ਨੂੰ ਇਕਮਿਕ ਹੋਇਆ ਦੇਖਣ ਲਈ ਇਕ ਤਰ੍ਹਾਂ ਨਾਲ ਪਰਚਾਰ-ਮੁਹਿੰਮ ਹੀ ਵਿੱਢ ਰੱਖੀ ਹੈ। ਹਿੰਦੂ-ਫਿਰਕਾਪ੍ਰਸਤਾਂ ਦਾ ਅੰਨ੍ਹਾ ਜਨੂੰਨੀ ਪਰਚਾਰ ਮੁਸਲਿਮ ਲੋਕਾਂ ਅਤੇ ਦੇਸ਼ਾਂ ਵਿਰੁੱਧ ਅਮਰੀਕੀ ਮੁਹਿੰਮ ਦੇ ਕੁਕਰਮਾਂ ਨੂੰ ਤਾਲਿਬਾਨ ਅਤੇ ਅਲ-ਕਾਇਦਾ ਵਿਰੋਧੀ ਸ਼ੋਰ ਹੇਠ ਦਬਾ ਦੇਣ ਦੀ ਪੁਰੀ ਕੋਸ਼ਿਸ਼ ਵਿਚ ਹੈ। ਸ਼ਹਿਰੀ ਮਨ ਕੱਟੜਵਾਦੀ ਅਤੇ ਅੰਨ੍ਹੇ ਕੌਮਵਾਦੀ ਪਰਚਾਰ ਦੀ ਹਨੇਰੀ ਦਾ ਸ਼ਿਕਾਰ ਬਣ ਰਿਹਾ ਹੈ। ਭਾਵੇਂ ਬਸਤਰ ਦੀ ਜੰਗ-ਵਿਰੋਧੀ ਆਵਾਜ਼ ਦਾ ਸ਼ਹਿਰੀ ਆਵਾਜ਼ ਉੱਪਰ ਬਹੁਤਾ ਅਸਰ ਨਹੀਂ ਪੈਣਾ ਫਿਰ ਵੀ ਸਾਨੂੰ ਆਪਣੇ ਪਰਚਾਰ ਨੂੰ ਦੇਸ਼ ਦੇ ਹਰ ਹਿੱਸੇ ਵਿਚ ਲੈਕੇ ਜਾਣਾ ਚਾਹੀਦਾ ਹੈ।"
ਨਿੱਕੇ ਕਦ ਤੇ ਇਕਹਿਰੇ ਸਰੀਰ ਦਾ ਪਤਲਾ ਜਿਹਾ ਇਹ ਵਿਅਕਤੀ ਦੇਖਣ ਨੂੰ ਗੁਰੀਲਾ ਲੱਗਦਾ ਹੀ ਨਹੀਂ ਸੀ। ਮੈਂ ਹੈਰਾਨ ਹੋਇਆ ਕਿ ਉਹ ਕਦੇ ਬੰਦੂਕ ਚਲਾਉਂਦਾ ਵੀ ਹੋਵੇਗਾ ਕਿ ਉਂਜ ਹੀ ਮੋਢੇ ਉੱਪਰ ਲਟਕਾਈ ਹੋਈ ਹੈ। ਪਰ ਉਹ ਤੇਜ਼ ਤਰਾਰ ਆਦਮੀ ਸੀ। ਪਹਿਲੀ ਨਜ਼ਰੇ ਉਹ ਕਿਸੇ ਨੂੰ ਵੀ ਗੁਰੀਲਾ ਨਹੀਂ ਲੱਗਿਆ ਹੋਵੇਗਾ।
ਖਾਣਾ ਖਾਣ ਤੋਂ ਬਾਦ ਹਰ ਕੋਈ ਆਪਣਾ ਗਲਾਸ ਤੇ ਥਾਲੀ ਆਪ ਹੀ ਮਾਂਜਦਾ, ਧੋਂਦਾ ਤੇ ਸਾਂਭਦਾ ਹੈ। ਤੀਸਰਾ ਕੋਈ ਬਰਤਨ ਕਿਸੇ ਕੋਲ ਨਹੀਂ ਹੈ। ਕਈ ਅਜਿਹੇ ਹਨ ਜਿਨ੍ਹਾਂ ਨੇ ਗਲਾਸ ਤੋਂ ਵੀ ਪਿੱਛਾ ਛੁਡਾਇਆ ਹੋਇਆ ਹੈ। ਚਾਹ ਉਹ ਥਾਲੀ ਨਾਲ
ਹੀ ਪੀ ਲੈਂਦੇ ਹਨ ਅਤੇ ਇਸ ਤਰ੍ਹਾਂ ਆਪਣੀ ਕਿਟ ਨੂੰ ਭਾਰੀ ਹੋਣ ਤੋਂ ਬਚਾਉਂਦੇ ਹਨ।
ਮੇਰਾ ਗਾਰਡ ਨਾਸ਼ਤੇ ਦੀ ਕਤਾਰ 'ਚ ਵੀ ਮੇਰੇ ਨਾਲ ਸੀ ਅਤੇ ਖਾਣਾ ਖਾਂਦੇ ਹੋਏ ਵੀ। ਉਹ ਹਿੰਦੀ ਦੇ ਕੁਝ ਕੁ ਸ਼ਬਦ ਹੀ ਸਮਝ ਤੇ ਬੋਲ ਸਕਦਾ ਸੀ ਪਰ ਗੱਲਬਾਤ ਨਾ ਕਰ ਸਕਦਾ ਸੀ ਨਾ ਹੀ ਸਮਝ ਸਕਦਾ ਸੀ। ਭਾਵੇਂ ਅਸੀਂ ਆਪਸ ਵਿਚ ਕੋਈ ਵੀ ਗੱਲ ਨਹੀਂ ਸਾਂ ਕਰ ਸਕਦੇ ਪਰ ਉਹਨਾਂ ਨੂੰ ਯਕੀਨ ਸੀ ਕਿ ਉਹ ਮੇਰੀ ਚੰਗੀ ਹਿਫ਼ਾਜ਼ਤ ਕਰੇਗਾ। ਜਦ ਮੈਂ ਉਸ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਉਹ ਇਕੋ ਹੀ ਲਫ਼ਜ ਮੂੰਹੋਂ ਬੋਲਦਾ: "ਇੱਲਾ।” ਯਾਨਿ, "ਨਹੀਂ।" ਜਦ ਮੈਂ ਉਹਨੂੰ ਕਿਹਾ ਕਿ ਉਹ ਹਿੰਦੀ ਸਿਖ ਲਵੇ ਤਾਂ ਉਸ ਨੇ ਕਿਹਾ,
"ਹਿੰਦੀ, ਇੱਲਾ।”
ਸ਼ਾਮ ਹੋਈ ਤਾਂ ਉਹ ਹਿੰਦੀ ਦਾ ਕਾਇਦਾ ਲੈ ਕੇ ਆ ਗਿਆ ਤੇ ਮੇਰੇ ਕੋਲ ਬੈਠ ਗਿਆ।
“ਹਿੰਦੀ," ਕਹਿੰਦਿਆਂ ਉਸ ਨੇ ਕਾਇਦਾ ਮੇਰੇ ਅੱਗੇ ਕਰ ਦਿੱਤਾ। ਮੈਂ ਉਸ ਦਾ ਹੱਥ ਘੁੱਟਿਆ ਤੇ ਅਸੀਂ ਪੜ੍ਹਨ ਬੈਠ ਗਏ।
.............
ਕੈਂਪ ਵਿਚ ਹਰ ਕੋਈ ਆਪੋ ਆਪਣੇ ਕੰਮੀਂ ਜੁੱਟਿਆ ਹੋਇਆ ਸੀ। ਮੇਰਾ ਕੰਮ ਇਹ ਸੀ ਕਿ ਜਿਸ ਨੂੰ ਵੀ ਵਿਹਲਾ ਬੈਠਾ ਦੇਖਾਂ ਉਸ ਨੂੰ ਜਾ ਫੜ੍ਹਾਂ ਅਤੇ ਗੱਲੀਂ ਲਾ ਲਵਾਂ। ਕਿਹਾ ਜਾਵੇ ਤਾਂ ਮੇਰਾ ਇਹ ਕੰਮ ਸਭ ਤੋਂ ਮੁਸ਼ਕਲ ਕੰਮ ਸੀ। ਆਪਣੀ ਵਿਹਲ ਖ਼ਤਮ ਕਰਨ ਵਾਸਤੇ ਮੈਨੂੰ ਦੂਸਰਿਆਂ ਦੇ ਵਿਹਲੇ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ। ਇੰਤਜ਼ਾਰ ਸਭ ਤੋਂ ਭਿਆਨਕ ਚੀਜ਼ਾਂ ਵਿਚੋਂ ਇਕ ਹੈ, ਸੋ ਇਸ ਤੋਂ ਬਚਣ ਵਾਸਤੇ ਮੈਂ ਸਾਰੇ ਖੇਮੇ ਦਾ ਬਾਹਰ ਦਾ ਚੱਕਰ ਲਗਾਉਣ ਦੀ ਇੱਛਾ ਜ਼ਾਹਰ ਕੀਤੀ। ਕੈਂਪ ਵਿਚਲੇ ਮੁੰਡੇ ਕੁੜੀਆਂ ਮੈਨੂੰ ਕੁਝ ਜ਼ਿਆਦਾ ਹੀ ਬੇਫ਼ਿਕਰ ਪ੍ਰਤੀਤ ਹੋਏ ਸਨ। ਮੈਂ ਹਿਫ਼ਾਜ਼ਤੀ ਦਸਤਿਆਂ ਅਤੇ ਮੋਰਚਿਆਂ ਦਾ ਚੱਕਰ ਲਾ ਕੇ ਸਾਰੇ ਬੰਦੋਬਸਤ ਦਾ ਜਾਇਜ਼ਾ ਲੈਣਾ ਚਾਹੁੰਦਾ ਸਾਂ। ਭਾਵੇਂ ਕਿ ਮੈਂ ਜਾਣਦਾ ਸਾਂ ਕਿ ਜਦੋਂ ਖ਼ਤਰਾ ਹੋਇਆ ਤਾਂ ਸਾਰੇ ਹੀ ਇਕੋ ਸੀਟੀ ਦੀ ਆਵਾਜ਼ ਨਾਲ ਆਪਣੇ ਆਪਣੇ ਮੋਰਚੇ ਮੱਲ ਲੈਣਗੇ, ਫਿਰ ਵੀ।
ਇਸ ਦਾ ਇਕ ਕਾਰਨ ਇਹ ਵੀ ਸੀ ਕਿ ਬੈਠੇ ਰਹਿਣ ਨਾਲ ਮੇਰਾ ਧਿਆਨ ਪੈਰ ਦੀ ਦਰਦ ਉਤੇ ਕੇਂਦਰਤ ਹੋ ਜਾਂਦਾ ਸੀ ਜਦ ਕਿ ਚੱਲਦੇ ਰਹਿਣ ਨਾਲ ਰਾਹਤ ਮਹਿਸੂਸ ਹੁੰਦੀ ਸੀ। ਗਾਰਡ ਨੂੰ ਨਾਲ ਲੈ ਕੇ ਮੈਂ ਬੇ-ਵਜ੍ਹਾ ਹੀ ਏਧਰ ਓਧਰ ਘੁੰਮਦਾ ਨਹੀਂ ਸੀ ਰਹਿ ਸਕਦਾ। ਸੋ ਸਾਰੇ ਖ਼ਮੇ ਦਾ ਚੱਕਰ ਲਾਉਣ ਨਾਲ ਮੇਰੇ ਤਿੰਨ ਕਾਜ ਨਾਲੋ ਨਾਲ ਪੂਰੇ ਹੁੰਦੇ ਸਨ। ਮੈਨੂੰ ਦੱਸਿਆ ਗਿਆ ਕਿ
ਦੁਪਹਿਰ ਦੇ ਖਾਣੇ ਤੋਂ ਬਾਦ ਇਸ ਦੀ ਇਜਾਜ਼ਤ ਹੋਵੇਗੀ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੈਨੂੰ ਬੰਗਾਲ ਤੋਂ ਪਹੁੰਚੇ ਹੋਏ ਇਕ ਸਾਥੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ। ਬਹੁਤੇ ਬੰਗਾਲੀ ਹਿੰਦੀ ਸਮਝਣ ਤੇ ਬੋਲਣ ਦੇ ਯੋਗ ਹੁੰਦੇ ਹਨ, ਸੋ ਉਸ ਨਾਲ ਗੱਲ ਕਰਦੇ ਹੋਏ ਜ਼ਿਆਦਾ ਦਿੱਕਤ ਨਹੀਂ ਆਵੇਗੀ, ਸੋਚ ਕੇ ਮੈਂ ਉਸ ਵੱਲ ਰੁਖ਼ ਕੀਤਾ।
"ਤੁਸੀਂ ਲਹਿਰ ਦੀ ਜਨਮ ਭੋਇਂ ਤੋਂ ਹੋ। ਦੁਹਰਾ ਤਜ਼ਰਬਾ ਹੈ। ਕੀ ਇਸ ਜੰਗਲ ਵਿਚੋਂ ਯੁੱਧ ਨੂੰ ਜਿੱਤ ਲਵੋਗੇ?"
"ਹਿੰਦੋਸਤਾਨ ਬਹੁਤ ਵਿਸ਼ਾਲ ਲ ਹੈ,” ਹੈ," ਕਹਿ ਕਹਿ ਕੇ ਕੇ ਉਹ ਥੋੜ੍ਹੀ ਦੇਰ ਲਈ ਰੁਕ ਗਿਆ। ਮੈਂ
ਆਪਣੀ ਫਾਈਲ ਤੋਂ ਨਜ਼ਰਾਂ ਚੁੱਕੀਆਂ ਤੇ ਉਸ ਵੱਲ ਦੇਖਿਆ। ਉਹ ਅਹਿੱਲ ਬੈਠਾ ਸੀ ਤੇ ਉਸ ਦਾ ਹੱਥ ਬਾਂਸ ਦੀ ਬਣੀ ਮੇਜ਼ ਉੱਤੇ ਪਈ ਰਾਈਫ਼ਲ ਉੱਤੇ ਟਿਕਿਆ ਹੋਇਆ ਸੀ। ਬਿਨਾਂ ਮੇਰੇ ਵੱਲ ਵੇਖੇ ਉਸ ਨੇ ਅੱਗੇ ਕਹਿਣਾ ਸ਼ੁਰੂ ਕੀਤਾ, "ਕਰੋੜਾਂ ਕਰੋੜਾਂ ਦੇ ਸ਼ਹਿਰ ਹੋਂਦ ਵਿਚ ਆ ਚੁੱਕੇ ਹਨ। ਸੰਚਾਰ ਸਾਧਨਾਂ ਦਾ ਜਾਲ ਪਹਿਲਾਂ ਨਾਲੋਂ ਕਿਤੇ ਸੰਘਣਾ ਹੋ ਗਿਆ ਹੈ। ਹਕੂਮਤ ਵੀ ਅਥਾਹ ਫ਼ੌਜੀ ਤਾਕਤ ਦੀ ਮਾਲਕ ਬਣ ਚੁੱਕੀ ਹੈ। ਮਜ਼ਦੂਰ ਜਮਾਤ ਵਿਚ ਤੇ ਸ਼ਹਿਰੀ ਨਿੱਕ-ਬੁਰਜੂਆ ਤਬਕਿਆਂ ਵਿਚ ਇਨਕਲਾਬੀ ਸਿਆਸਤ ਦੇ ਪ੍ਰਭਾਵ ਤੇ ਪਸਾਰ ਵਿਚ ਅਸੀਂ ਬਹੁਤ ਪਿੱਛੇ ਹਾਂ। ਦੁਨੀਆਂ ਭਰ ਵਿਚ ਹੀ ਕਮਿਊਨਿਸਟ ਤਾਕਤਾਂ ਦੀ ਗਿਣਤੀ ਸੰਕਟ ਦੇ ਮੁਕਾਬਲੇ ਬਹੁਤ ਥੋੜ੍ਹੀ ਹੈ। ਕਈ ਸਾਲਾਂ ਦੇ ਵਕਫ਼ੇ ਪਿੱਛੋਂ ਵਿਕਸਤ ਦੇਸ਼ਾਂ ਵਿਚ ਲੋਕ ਹਰਕਤ ਵਿਚ ਆਉਣ ਲੱਗੇ ਹਨ ਜਿਸ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਦੇਸ਼ ਅੰਦਰਲੇ ਸੰਕਟ ਵਿਚ ਜੇ ਅਸੀਂ ਸਿਆਸੀ ਦਖ਼ਲੰਦਾਜ਼ੀ ਕਰਨ ਵਿਚ ਨਾਕਾਮ ਰਹਿ ਜਾਵਾਂਗੇ ਤਾਂ ਇੱਕਲਾ ਜੰਗਲ ਹੀ ਇਨਕਲਾਬ ਕਿਵੇਂ ਲੈ ਆਵੇਗਾ। ਸਾਨੂੰ ਜ਼ਰੂਰਤ ਹੈ ਕਿ ਅਸੀਂ ਵਿਸ਼ਾਲ ਹਿੱਸਿਆਂ ਨੂੰ ਗੋਲਬੰਦ ਕਰੀਏ, ਇਸ ਡੂੰਘੇ ਸੰਕਟ ਦਾ ਫ਼ਾਇਦਾ ਉਠਾਈਏ। ਲਹਿਰ ਦਾ ਜੰਗਲ ਤੋਂ ਬਾਹਰ ਹੋਰਨਾਂ ਹਿੱਸਿਆਂ ਤੇ ਮੈਦਾਨੀ ਇਲਾਕਿਆਂ ਵਿਚ ਫੈਲਣਾ ਜ਼ਰੂਰੀ ਹੈ, ਅਤੇ ਨਾਲ ਹੀ ਜ਼ਰੂਰੀ ਹੈ ਸ਼ਹਿਰਾਂ ਵਿਚ ਇਨਕਲਾਬੀ ਕੰਮ ਦਾ ਪਸਾਰਾ।"
"ਸੋ, ਲੋਕ ਯੁੱਧ?"
"ਮੈਂ ਸ਼ਹਿਰਾਂ ਵਿਚਲੇ ਕੰਮ ਦੇ ਮਹੱਤਵ ਦਾ ਜ਼ਿਕਰ ਕਰ ਰਿਹਾ ਹਾਂ। ਲੋਕ-ਯੁੱਧ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕਰਦਾ। ਅਸੀਂ ਖ਼ੁਦ ਨੂੰ ਏਥੋਂ ਤਕ ਹੀ ਸੀਮਤ ਨਹੀਂ ਰੱਖ ਸਕਦੇ। ਇਹ ਨਹੀਂ ਹੋ ਸਕਦਾ ਕਿ ਸ਼ਹਿਰ ਸਾਡੇ ਅਸਰ ਤੋਂ ਮੁਕਤ ਰਹਿਣ ਦਿੱਤੇ ਜਾਣ। ਉਹ ਸਥਿੱਤੀ ਅਜੀਬ ਹੋਵੇਗੀ ਕਿ ਪਿੰਡਾਂ ਵਿਚ ਸਾਡਾ ਵਿਸ਼ਾਲ ਆਧਾਰ ਹੋਵੇ ਤੇ ਸ਼ਹਿਰ ਬਹੁਤ ਪੱਛੜੇ ਹੋਏ ਰਹਿ ਜਾਣ। ਦੋਵਾਂ ਦਰਮਿਆਨ ਦਾ ਵੱਡਾ ਪਾੜਾ ਗ਼ੈਰ-ਕੁਦਰਤੀ ਗੱਲ ਹੋਵੇਗੀ। ਅਸੀਂ ਚਾਹਾਂਗੇ ਕਿ ਅੱਤ ਸੰਕਟ ਦੀ ਘੜੀ ਵਿਚ ਮੌਕੇ ਨੂੰ ਸੰਭਾਲ ਸਕੀਏ ਅਤੇ ਉਸ ਨੂੰ ਇਨਕਲਾਬੀ ਸੰਕਟ ਵਿਚ ਤਬਦੀਲ ਕਰ ਦੇਈਏ।"
ਬੰਗਾਲੀ ਗੁਰੀਲੇ ਨੇ ਅਨੇਕਾਂ ਹੋਰ ਗੱਲਾਂ ਕਹੀਆਂ। ਇਨਕਲਾਬੀ ਸਿਆਸਤ ਦੇ ਪ੍ਰਚਾਰ ਨੂੰ ਵਿਸ਼ਾਲ ਬਣਾਏ ਜਾਣ ਦੇ ਮਾਮਲੇ ਸਬੰਧੀ ਉਸ ਨੂੰ ਕਾਫ਼ੀ ਫ਼ਿਕਰ ਸੀ।
"ਇਸ ਕੈਂਪ ਦਾ ਕੀ ਮਕਸਦ ਹੈ?" ਮੈਂ ਤੀਸਰਾ ਸਵਾਲ ਕੀਤਾ।
"ਅਜਿਹੇ ਕੈਂਪ ਅਸੀਂ ਅਕਸਰ ਲਗਾਉਂਦੇ ਰਹਿੰਦੇ ਹਾਂ ਜਿੱਥੇ ਵੱਖ-ਵੱਖ ਇਲਾਕਿਆਂ ਦੇ ਗੁਰੀਲੇ ਤਜ਼ਰਬੇ ਸਾਂਝੇ ਕਰਦੇ ਹਨ। ਇਕ ਦੂਸਰੇ ਤੋਂ ਸਿੱਖਦੇ ਤੇ ਸਿਖਾਉਂਦੇ ਹਨ। ਇਹਨੀਂ ਦਿਨੀਂ ਉਹ ਦੁਸ਼ਮਣ ਦੇ ਛੋਟੇ ਟਿਕਾਣਿਆਂ ਉੱਤੇ ਅਚਾਨਕ ਧਾਵਾ ਬੋਲ ਕੇ ਉਹਨਾਂ ਉੱਤੇ ਕਬਜ਼ਾ ਕਰਨ ਦੀਆਂ ਤਕਨੀਕਾਂ ਦਾ ਅਧਿਐਨ ਤੇ ਰਿਹਰਸਲ ਕਰ ਰਹੇ ਹਨ।"
ਅਜਿਹੀਆਂ ਰਿਹਰਸਲਾਂ ਉਹ ਕਰ ਹੀ ਰਹੇ ਸਨ। ਇਹ ਮੈਂ ਕੱਲ੍ਹ ਦੇਖ ਚੁੱਕਾ ਸਾਂ। ਉਹ ਗਤੀਸ਼ੀਲ ਨਿਸ਼ਾਨਿਆਂ ਨੂੰ ਵੀ ਫੁੰਡ ਰਹੇ ਸਨ। ਦੁਸ਼ਮਣ ਨੂੰ ਇਕ ਬਾਹੀ ਉੱਤੇ ਉਲਝਾਅ ਕੇ ਦੁਸਰੀ ਬਾਹੀ ਤੋਂ ਵੱਡਾ ਹਮਲਾ ਕਰ ਕੇ ਘੇਰਨ ਦੀ ਟਰੇਨਿੰਗ ਲੈ ਰਹੇ ਸਨ। ਸੁਰੱਖਿਆ ਨੂੰ ਸਰਗਰਮ ਹਮਲੇ ਰਾਹੀਂ ਕਿਵੇਂ ਯਕੀਨੀ ਬਨਾਉਣਾ ਹੈ, ਸਬੰਧੀ ਵਿਸ਼ੇ ਉੱਤੇ ਉਹ ਵਿਚਾਰਾਂ ਵੀ ਕਰ ਰਹੇ ਸਨ।
ਬਹੁਤੇ ਫ਼ੌਜੀ ਮਾਮਲੇ ਮੇਰੀ ਸਮਝ ਤੋਂ ਬਾਹਰ ਦੀ ਗੱਲ ਹਨ। ਸੋ ਜੋ ਕੁਝ ਮੈਂ ਦੇਖਿਆ
ਤੇ ਸੁਣਿਆ ਉਸ ਨੂੰ ਹੀ ਬਿਆਨ ਕਰ ਦੇਵਾਂ, ਐਨਾ ਹੀ ਕਾਫ਼ੀ ਹੈ। ਵੈਸੇ ਵੀ ਮੈਂ ਕੈਂਪ ਦੇ ਤੌਰ ਤਰੀਕਿਆਂ ਨੂੰ ਦੇਖਣ ਦੀ ਸੋਚ ਕੇ ਉੱਥੇ ਨਹੀਂ ਸੀ ਗਿਆ। ਕੈਂਪ ਤਾਂ ਸਬੱਬੀ ਲੱਗਾ ਲਗਾਇਆ ਮਿਲ ਗਿਆ।
ਮੈਂ ਸਣ ਰੱਖਿਆ ਸੀ ਕਿ ਹਿੰਦੋਸਤਾਨ ਵਿਚ ਅਜੇ ਵੀ ਅਜਿਹੇ ਕਬੀਲੇ ਹਨ ਜਿੱਥੋਂ ਦੇ ਲੋਕ "ਸੱਭਿਅਤਾ” ਦੀ ਛੋਹ ਤੋਂ ਪਰੇ ਹਨ ਅਤੇ ਉੱਥੇ ਅਜੇ ਵੀ 'ਇਕ ਰੱਬ' ਦੇ ਸੰਕਲਪ ਦੀ ਕੋਈ ਥਾਂ ਨਹੀਂ ਹੈ, ਕਿ ਉੱਥੇ ਨਾ ਲੋਕ ਹਿੰਦੂ ਹਨ, ਨਾ ਮੁਸਲਮਾਨ ਅਤੇ ਨਾ ਹੀ ਇਸਾਈ। ਰਾਮ, ਮੁਹੰਮਦ ਅਤੇ ਈਸਾ ਬਾਰੇ ਉਹਨਾਂ ਨੇ ਸੁਣਿਆ ਵੀ ਨਹੀਂ ਹੋਇਆ। ਗਾਂ ਦਾ ਮਾਸ ਖਾਂਦੇ ਹਨ, ਸੁਰ ਦਾ ਸ਼ਿਕਾਰ ਕਰਦੇ ਹਨ ਅਤੇ ਕੀੜੇ-ਮਕੌੜੇ ਤੱਕ ਖਾ ਜਾਂਦੇ ਹਨ। ਕਿ ਕੱਪੜੇ ਉਹ ਅਜੇ ਵੀ ਸਾਰੇ ਲੋਕ ਪਾਉਣ ਨਹੀਂ ਲੱਗੇ। ਪਾਪ, ਪੁੰਨ, ਦਇਆ, ਦਰਿੰਦਗੀ, ਮਾਨਸਿਕ ਰੋਗ ਤੇ ਜ਼ਿਹਨੀ ਅੱਯਾਸ਼ੀ ਵਗ਼ੈਰਾ, ਵਗ਼ੈਰਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਇਹੀ ਦੇਖਣ ਵਾਸਤੇ ਮੈਂ ਉੱਥੇ ਪਹੁੰਚਿਆ ਸਾਂ ਅਤੇ ਇਹ ਸਾਰਾ ਕੁਝ ਹੀ ਮੈਂ ਉੱਥੇ ਦੇਖਿਆ। ਇਹ ਸਾਰਾ ਕੁਝ, ਅਤੇ ਹੋਰ ਵੀ ਕਈ ਕੁਝ ਜੋ ਉਹ ਲੋਕ ਕਰਦੇ ਹਨ, ਅਸੀਂ ਅਗਲੇ ਪੰਨਿਆਂ ਉੱਪਰ ਦੇਖਾਂਗੇ ਜਦੋਂ ਅਸੀਂ ਜੰਗਲ ਵਿਚ ਘੁੰਮਾਂਗੇ।
ਫਿਲਹਾਲ ਅਸੀਂ ਖੇਮੇ ਦੁਆਲੇ ਚੱਕਰ ਲਗਾਉਣਾ ਹੈ ਜਿਸ ਬਾਰੇ ਸਾਨੂੰ ਦੁਪਹਿਰ ਤੋਂ ਬਾਦ ਜਾਣ ਦੀ ਇਜਾਜ਼ਤ ਮਿਲੀ ਹੈ।
ਖ਼ਮੇ ਦਾ ਚੱਕਰ ਲਗਾਉਣ ਲਈ ਤਿੰਨ ਜਣੇ ਸਾਡੇ ਨਾਲ ਹੋਰ ਤੋਰ ਦਿੱਤੇ ਗਏ। ਇਕ ਲੜਕਾ ਤੇ ਦੋ ਲੜਕੀਆਂ। ਤਿੰਨੋ ਹੀ ਗੋਂਡ ਕਬੀਲੇ ਦੇ ਹਨ। ਨਵਾਂ ਆਇਆ ਲੜਕਾ ਥੋੜ੍ਹੀ ਹਿੰਦੀ ਬੋਲ ਸਕਦਾ ਹੈ। ਉਹ ਮੇਰੀ ਮੁਸ਼ਕਲ ਆਸਾਨ ਕਰਨ ਵਾਸਤੇ ਹੀ ਸਾਡੇ ਨਾਲ ਤੋਰਿਆ ਗਿਆ ਹੈ। ਦੋਵੇਂ ਕੁੜੀਆਂ ਹਿੰਦੀ ਦਾ ਸ਼ਬਦ ਤੱਕ ਵੀ ਨਹੀਂ ਜਾਣਦੀਆਂ ਅਤੇ ਉਹ ਸਿਰਫ਼ ਸੁਰੱਖਿਆ ਕਾਰਨਾਂ ਕਰਕੇ ਸਾਡੇ ਨਾਲ ਆਈਆਂ ਹਨ।
ਜਿਸ ਰਸਤੇ ਤੋਂ ਅਸੀਂ ਦੋ ਦਿਨ ਪਹਿਲਾਂ ਕੈਂਪ ਵਿਚ ਦਾਖ਼ਲ ਹੋਏ ਸਾਂ ਉਸੇ ਰਸਤੇ ਤੋਂ ਹੀ ਬਾਹਰ ਵੱਲ ਨੂੰ ਨਿਕਲਦੇ ਹਾਂ। ਜਿਸ ਪਹਾੜੀ ਉੱਤੇ ਅਸੀਂ ਚੜ੍ਹਨ ਲਗਦੇ ਹਾਂ ਉਹ ਬਾਂਸ ਦੇ ਘਣੇ ਜੰਗਲ ਨਾਲ ਘਿਰੀ ਹੋਈ ਹੈ। ਪਹਾੜੀ ਦੇ ਸਿਖ਼ਰ ਉੱਤੇ ਇਕ ਉੱਚੀ ਮਚਾਨ ਬਣੀ ਹੋਈ ਹੈ ਜਿਸ ਉੱਤੇ ਚੜ੍ਹੀ ਇਕ ਗੁਰੀਲਾ ਕੁੜੀ ਪਹਿਰਾ ਦੇ ਰਹੀ ਹੈ। ਹੇਠਾਂ ਦੋ ਜਣੇ ਹੋਰ ਹਨ ਜਿਹਨਾਂ ਵਿਚੋਂ ਇਕ ਜਣਾ ਬਾਂਸ ਦੇ ਟੁਕੜੇ ਜੋੜ ਜੋੜ ਇਕ ਕੁਰਸੀ ਤਿਆਰ ਕਰ ਰਿਹਾ ਹੈ। ਇਕ ਮੇਜ਼ ਪਹਿਲਾਂ ਹੀ ਤਿਆਰ ਕਰ ਕੇ ਗੱਡ ਦਿੱਤਾ ਗਿਆ ਹੈ। ਉਹ ਦੋਵੇਂ ਜਣੇ ਗਰਮਜੋਸ਼ੀ ਨਾਲ ਸਾਡੇ ਨਾਲ ਹੱਥ ਮਿਲਾਉਂਦੇ ਹਨ। ਮਚਾਨ ਉੱਤੇ ਚੜ੍ਹੀ ਹੋਈ ਕੁੜੀ ਉੱਪਰੋਂ ਹੀ ਤਣੇ ਹੋਏ ਮੁੱਕੇ ਦਾ ਸਲਾਮ ਕਹਿੰਦੀ ਹੈ ਅਤੇ ਫਿਰ ਆਪਣੀਆਂ ਨਜ਼ਰਾਂ ਆਲੇ-ਦੁਆਲੇ ਦੀ ਪੜਤਾਲ ਉੱਤੇ ਟਿਕਾਅ ਲੈਂਦੀ ਹੈ।
ਪਰ ਸੈਂਟਰੀ ਪੋਸਟ ਉੱਪਰ ਮੇਜ਼ ਕੁਰਸੀ ਦਾ ਕੀ ਕੰਮ? ਦੁਭਾਸ਼ੀਆ ਦੱਸਦਾ ਹੈ ਕਿ ਇਹ ਪੜ੍ਹਣ ਤੇ ਆਰਾਮ ਕਰਨ ਲਈ ਬਣਾਏ ਜਾ ਰਹੇ ਹਨ। ਇਕ ਜਣਾ ਉੱਪਰ ਪਹਿਰਾ ਦੇਵੇਗਾ ਤੇ ਚਾਰੇ ਪਾਸੇ ਨਜ਼ਰ ਰੱਖੇਗਾ, ਇਕ ਜਣਾ ਹੇਠਾਂ ਪਹਿਰੇ ਉੱਤੇ ਖੜ੍ਹਾ ਰਹੇਗਾ। ਜਦਕਿ ਬਾਕੀ ਦੇ ਦੋ ਜਣੇ ਆਪਣੀ ਗਸ਼ਤ ਮੁਕਾਉਣ ਤੋਂ ਬਾਦ ਮੇਜ਼ ਕੁਰਸੀ ਉੱਤੇ ਆਰਾਮ ਕਰ ਸਕਦੇ ਹਨ ਅਤੇ ਪੜ੍ਹ ਸਕਦੇ ਹਨ। ਸੁਰੱਖਿਆ ਦੇ ਮੋਰਚੇ ਉੱਤੇ ਉਹਨਾਂ ਦੀਆਂ ਕਿੱਟਾਂ ਉਹਨਾਂ ਦੇ ਕੋਲ ਹੀ ਸਨ ਅਤੇ ਕਿਤਾਬਾਂ ਵੀ।
ਮੇਜ਼ ਕੁਰਸੀ ਬਣਾ ਰਿਹਾ ਨੌਜਵਾਨ ਆਪਣੇ ਹੁਨਰ ਵਿਚ ਮਾਹਰ ਦਿਖਾਈ ਦੇਂਦਾ
ਹੈ। ਇਕ ਦਾਤੀ ਅਤੇ ਸਿਰੇ ਤੋਂ ਮੁੜਿਆ ਹੋਇਆ ਇੱਕ ਚਾਕੂ ਹੀ ਉਸ ਦੇ ਸੰਦ ਹਨ। ਚਾਕੂ ਦੀ ਮਦਦ ਨਾਲ ਉਹ ਐਨ ਸੋਧ ਵਿਚ ਬਾਂਸ ਦੇ ਲੰਬੇ ਲੰਬੇ ਟੁਕੜੇ ਕੱਟਦਾ ਹੈ। ਇਹਨਾਂ ਟੁਕੜਿਆਂ ਨੂੰ ਜੋੜਨ ਵਾਸਤੇ ਉਸ ਕੋਲ ਇਕ ਰੇਸ਼ੇਦਾਰ ਦਰੱਖ਼ਤ ਤੋਂ ਹਾਸਲ ਕੀਤੇ ਗਏ ਰੇਸ਼ੇ ਹਨ। ਇਹਨਾਂ ਤੋਂ ਉਹ ਬੰਨ੍ਹਣ ਦਾ ਕੰਮ ਲੈਂਦਾ ਹੈ। ਇਹ ਨੌਜਵਾਨ ਦਸਦਾ ਹੈ ਕਿ ਉਹ ਦਰਵਾਜ਼ੇ, ਖਿੜਕੀਆਂ ਅਤੇ ਹੋਰ ਕਈ ਤਰਾਂ ਦਾ ਫਰਨੀਚਰ ਬਣਾ ਸਕਦਾ ਹੈ। ਇਹ ਕੰਮ ਉਸਨੇ ਲਾਗਲੇ ਕਸਬੇ ਤੋਂ ਸਿੱਖਿਆ ਸੀ ਪਰ ਹੁਣ ਉਹ ਗੁਰੀਲਾ ਦਸਤੇ ਦਾ ਮੈਂਬਰ ਹੈ ਅਤੇ ਆਪਣੇ ਹੁਨਰ ਨੂੰ ਇਨਕਲਾਬ ਵਾਸਤੇ ਵਰਤ ਰਿਹਾ ਹੈ। ਉਹ ਬੰਦੂਕਾਂ ਦੇ ਬੱਟ ਵੀ ਸੁਹਣੇ ਘੜ ਲੈਂਦਾ ਹੈ। ਆਪਣੇ ਦਸਤੇ ਵਿਚ ਉਹ ਗੁਰੀਲਾ ਵੀ ਹੈ ਅਤੇ ਮਿਸਤਰੀ ਵੀ।
ਪਹਾੜੀਆਂ ਤੇ ਛੋਟੇ ਛੋਟੇ ਨਾਲਿਆਂ ਨੂੰ ਲੰਘਦੇ ਹੋਏ ਅਸੀਂ ਦੂਸਰੀ ਸੁਰੱਖਿਆ ਚੌਂਕੀ ਵੱਲ ਨੂੰ ਹੋ ਤੁਰੇ। ਸਾਡਾ ਤੁਰਨਾ ਏਥੇ ਵੀ ਫ਼ੌਜੀ ਫਾਰਮੇਸ਼ਨ ਵਿਚ ਹੈ, ਪਾਲ ਬੰਨ੍ਹ ਕੇ, ਸੈਰ-ਸਪਾਟੇ ਵਾਂਗ ਨਹੀਂ। ਗੁਰੀਲਾ-ਜੀਵਨ ਜ਼ਾਬਤਾ-ਬੱਧ ਜੀਵਨ ਹੈ। ਇਸ ਜ਼ਾਬਤੇ ਰਾਹੀਂ ਉਹ ਆਪਣੇ ਆਪਮੁਹਾਰੇਪਨ ਨੂੰ ਵੱਸ ਵਿਚ ਕਰਨਾ ਸਿੱਖਦਾ ਹੈ। ਜੰਗਲ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਪਲਣ ਵਾਲੇ ਅਤੇ ਏਧਰ-ਓਧਰ ਘੁੰਮ ਕੇ ਜੰਗਲ-ਉਪਜ ਦੀ ਤਲਾਸ਼ ਕਰਨ ਵਾਲੇ ਇਨਸਾਨਾਂ ਵੱਲੋਂ ਸਖ਼ਤ ਫ਼ੌਜੀ ਜ਼ਾਬਤੇ ਵਾਸਤੇ ਆਪਣੇ ਆਪ ਨੂੰ ਢਾਲ ਲੈਣਾ ਆਸਾਨ ਨਹੀਂ ਹੈ। ਹੁਣ ਵੀ ਜਦ ਉਹਨਾਂ ਨੂੰ 'ਮਨ ਆਈ' ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ। ਮਿਸਾਲ ਵਜੋਂ, ਲਕੜੀਆਂ ਚੁਗਣ, ਕੰਦ ਮੂਲ ਲੱਭਣ ਜਾਂ ਬਾਂਸ ਦੀਆਂ ਕੱਚੀਆਂ ਗੁੱਲੀਆਂ ਤੋੜਨ ਲਈ ਜਾਣ ਵੇਲੇ। ਉਦੋਂ ਉਹ ਖ਼ਰਮਸਤੀਆਂ ਕਰਦੇ ਅਤੇ ਖੁੱਲ੍ਹਾਂ ਮਾਣਦੇ ਹਨ। ਪਰ ਇਸ ਖੋਜ-ਭਾਲ ਵਾਸਤੇ ਤੈਅ-ਸ਼ੁਦਾ ਸਮਾਂ ਹੁੰਦਾ ਹੈ ਜਿਸ ਦੇ ਅੰਦਰ ਅੰਦਰ ਉਹਨਾਂ ਨੇ ਵਾਪਸ ਮੁੜਨਾ ਹੁੰਦਾ ਹੈ। ਇਸ ਕਾਰਨ ਭਾਵੇਂ ਉਹ ਜ਼ਿਆਦਾ ਦੂਰ ਨਹੀਂ ਨਿਕਲ ਸਕਦੇ ਪਰ ਫਿਰ ਵੀ ਜਦੋਂ ਕਿਸੇ ਦੀ ਅਜਿਹੀ ਜ਼ਿੰਮੇਵਾਰੀ ਲਗਦੀ ਹੈ ਤਾਂ ਉਸਨੂੰ ਚਾਅ ਚੜ੍ਹ ਜਾਂਦਾ ਹੈ। ਨਿਰਸੰਦੇਹ, ਇਹਨਾਂ ਕੰਮਾਂ ਲਈ ਨਿਕਲਣ ਵੇਲੇ ਵੀ ਉਹ ਆਪਣਾ ਹਥਿਆਰ ਨਾਲ ਹੀ ਰੱਖਦੇ ਹਨ।
ਰਸਤੇ ਵਿਚ ਇਕ ਛੋਟੇ ਨਾਲੇ ਨੂੰ ਪਾਰ ਕਰਦੇ ਸਮੇਂ ਪਾਣੀ ਅੰਦਰ ਲਾਲ ਰੰਗ ਦੇ ਇਕ ਢੇਰ ਜਿਹੇ ਨੇ ਮੇਰਾ ਧਿਆਨ ਖਿੱਚਿਆ। ਮੈਂ ਪਤਾ ਲਗਾਉਣਾ ਚਾਹਿਆ ਕਿ ਇਹ ਕੀ ਹੈ ਕਿਉਂਕਿ ਉਸ ਲਾਲ ਢੇਰ ਉੱਪਰੋਂ ਵਗ ਰਿਹਾ ਪਾਣੀ ਸਾਫ਼ ਸੀ।
"ਚੁੰਭਕ ਹੈ," ਮੇਰੇ ਦੁਭਾਸ਼ੀਏ ਨੇ ਦੱਸਿਆ।
ਮੈਂ ਸੋਚਿਆ ਚਕਮਾਕ ਪੱਥਰ ਹੋਵੇਗਾ। ਪਰ ਉਹ ਜਿਲ੍ਹਬ ਵਰਗਾ ਮੁਲਾਇਮ ਅਤੇ ਰੂੰ ਵਾਂਗ ਨਰਮ ਸੀ ਅਤੇ ਹੱਥਾਂ ਦੀ ਪਕੜ ਵਿਚ ਨਹੀਂ ਸੀ ਆਉਂਦਾ। ਹਿਲਾਏ ਜਾਣ ਉੱਤੇ ਉਹ ਥੋੜ੍ਹਾ ਵਹਿ ਗਿਆ ਬਾਕੀ ਦਾ ਫਿਰ ਉਸੇ ਤਰਾਂ ਇਕ ਢੇਰ ਵਿਚ ਇਕੱਠਾ ਹੋ ਗਿਆ। ਮੈਂ ਨਹੀਂ ਜਾਣਦਾ ਕਿ ਉਹ ਚੁੰਭਕ ਸੀ ਜਾਂ ਲੋਹੇ ਦਾ ਜੰਗਾਲ ਪਰ ਬਸਤਰ ਵਿਚ ਲੋਹਾ ਇਸਦੀ ਮਿੱਟੀ ਵਿਚ ਦੂਰ ਦੂਰ ਤਕ ਫੈਲਿਆ ਹੋਇਆ ਹੈ। ਬੈਲਾਡਿੱਲਾ ਦੀਆਂ ਲੋਹੇ ਦੀਆਂ ਖਾਣਾਂ ਦੁਨੀਆਂ ਭਰ ਵਿਚ ਮਸ਼ਹੂਰ ਹਨ। ਬਸਤਰ ਦੇ ਇਸੇ ਲੋਹੇ ਦੀ ਬਦੌਲਤ ਜਪਾਨ ਆਪਣੇ ਕਾਰਖ਼ਾਨੇ ਚਲਾਉਂਦਾ ਹੈ ਤੇ ਉਸ ਦੀ ਆਟੋ ਸਨਅਤ ਦੁਨੀਆਂ ਭਰ ਵਿਚ ਛਾਈ ਹੋਈ ਹੈ। ਇਹਨਾਂ ਲੋਹੇ ਦੀਆਂ ਖਦਾਨਾਂ ਨੇ ਕਬਾਇਲੀ ਲੋਕਾਂ ਦੀ ਜ਼ਿੰਦਗੀ ਨਾਲ ਜਿਹੋ ਜਿਹਾ ਖਿਲਵਾੜ ਕੀਤਾ ਹੈ ਉਸਨੂੰ ਸੁਣਕੇ ਰੂਹ ਕੰਬ
ਜਾਂਦੀ ਹੈ। ਮੀਲਾਂ ਵਿਚ ਫੈਲੀਆਂ ਹੋਈਆਂ ਬੈਲਾਡਿਲਾ ਦੀਆਂ ਖਾਣਾਂ ਵਿਚੋਂ ਹਰ ਰੋਜ਼ ਦੇ ਮਾਲ ਗੱਡੀਆਂ ਭਰ ਕੇ ਵਿਸ਼ਾਖਾਪਟਨਮ ਦੀ ਬੰਦਰਗਾਹ ਉੱਤੇ ਪਹੁੰਚਦੀਆਂ ਹਨ ਜਿਥੋਂ ਇਹ ਲੋਹਾ ਜਪਾਨ ਵਾਸਤੇ ਸਮੁੰਦਰੀ ਜਹਾਜ਼ਾਂ ਵਿਚ ਲੱਦਿਆ ਜਾਂਦਾ ਹੈ। ਬੈਲਾਡਲਾ ਦਾ ਸਾਰਾ ਹੀ ਲੋਹਾ ਜਪਾਨ ਨੂੰ ਬਰਾਮਦ ਹੁੰਦਾ ਹੈ। ਕੁਦਰਤ ਦੇ ਇਸ ਅਥਾਹ ਖਜ਼ਾਨੇ ਦੇ ਮਾਲਕ ਕਬਾਇਲੀਆਂ ਨੂੰ ਤੀਰ, ਦਾਤੀ ਅਤੇ ਕੁਹਾੜੀ ਤੋਂ ਬਿਨਾਂ ਇਹ ਪਤਾ ਨਹੀਂ ਹੈ ਕਿ ਲੋਹਾ ਕੀ ਕੀ ਕ੍ਰਿਸ਼ਮੇ ਕਰਦਾ ਹੈ ਅਤੇ ਕਿਵੇਂ ਇਹ ਅਜੋਕੀ ਸੱਭਿਅਤਾ ਦਾ ਮੂਲ ਆਧਾਰ ਹੈ। ਬੈਲਾਡਿਲਾ ਦੀਆਂ ਖਾਣਾਂ ਵਿਚ ਬਸਤਰ ਦੇ ਕਬਾਇਲੀ ਕੰਮ ਨਹੀਂ ਕਰਦੇ। ਉਹਨਾਂ ਨੂੰ ਅਜਿਹੇ "ਜਾਹਲ" ਗਿਣਿਆ ਜਾਂਦਾ ਹੈ ਜਿਹੜੇ ਮਸ਼ੀਨਾਂ ਦੀਆਂ ਕਲਾਵਾਂ ਨਹੀਂ ਘੁਮਾ ਸਕਦੇ ਅਤੇ ਕਿਸੇ ਵੀ ਗੁੰਝਲਦਾਰ ਕੰਮ ਨੂੰ ਨਹੀਂ ਸਮਝ ਸਕਦੇ। ਉਹਨਾਂ ਦੇ ਆਦਮੀਆਂ ਤੋਂ ਮਿੱਟੀ ਪੁੱਟਣ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਹੈ ਜਾਂ ਫਿਰ 'ਜਾਹਲ' ਕਬਾਇਲੀ ਔਰਤ ਨੂੰ "ਗੁੰਝਲਦਾਰ ਮਸ਼ੀਨਰੀ" ਚਲਾਉਣ ਦਾ ਮਾਹਰ 'ਸੱਭਿਅਕ' ਸਮਾਜ ਜਿਣਸੀ ਹਿਰਸ ਵਾਸਤੇ ਇਸਤੇਮਾਲ ਕਰਦਾ ਹੈ। ਬੈਲਾਡਿਲਾ ਅਤੇ ਵਿਸ਼ਾਖਾਪਟਨਮ ਵਿਚ ਸੱਭਿਅਕ ਗੰਦਗੀ ਦੇ ਅਜਿਹੇ ਨਰਕ ਕੁੰਡ ਦੇਸ਼ ਦੀ "ਸਨਅਤੀ ਤਰੱਕੀ" ਵਿਚ ਜਪਾਨੀ ਦੇਣ ਹੀ ਕਹੇ ਜਾਣੇ ਚਾਹੀਦੇ ਹਨ।
"ਸ਼ਾਇਦ ਅਸੀਂ ਦੂਰ ਨਿਕਲ ਆਏ ਹਾਂ," ਮੈਂ ਦੁਭਾਸ਼ੀਏ ਨੂੰ ਕਿਹਾ। ਸਾਨੂੰ ਚੱਲਦਿਆਂ ਪੌਣਾ ਘੰਟਾ ਬੀਤ ਚੁੱਕਾ ਸੀ। ਮੈਂ ਮਹਿਸੂਸ ਕੀਤਾ ਕਿ ਅਸੀਂ ਕਾਫ਼ੀ ਪੰਧ ਮੁਕਾ ਲਿਆ ਹੈ। ਖੇਮੇ ਦੁਆਲੇ ਦੀਆਂ ਹਿਫ਼ਾਜ਼ਤੀ ਚੌਂਕੀਆਂ ਦੇ ਦਰਮਿਆਨ ਇਹ ਫ਼ਾਸਲਾ ਮੈਨੂੰ ਜ਼ਿਆਦਾ ਲੱਗਾ। ਸਾਰਾ ਰਸਤਾ ਜੰਗਲ ਕਾਫੀ ਸੰਘਣਾ ਰਿਹਾ ਸੀ। ਰਸਤਾ ਵੀ ਕਠਨ ਸੀ। ਪਰ ਉਸ ਨੇ ਦੱਸਿਆ ਕਿ ਅਸੀਂ ਜ਼ਿਆਦਾ ਦੁਰ ਨਹੀਂ ਨਿਕਲੇ ਹਾਂ ਅਤੇ ਦੂਸਰੀ ਚੌਕੀ ਆਉਣ ਹੀ ਵਾਲੀ ਹੈ। ਅਸੀਂ ਦੂਸਰੀ ਚੌਕੀ ਦੀ ਨਜ਼ਰ ਵਿੱਚ ਸਾਂ ਪਰ ਚੌਕੀ ਸਾਨੂੰ ਦਿਖਾਈ ਨਹੀਂ ਸੀ ਦੇ ਰਹੀ। ਪਹਾੜ ਦੇ ਟੇਢੇ ਮੇਢੇ ਰਸਤੇ ਉੱਤੇ ਅਸੀਂ ਬਾਰ ਬਾਰ ਉਹਨਾਂ ਨੂੰ ਦਿਖਾਈ ਦਿੱਤੇ ਹੋਵਾਂਗੇ। ਜਦ ਅਸੀਂ ਚੌਕੀ ਦੇ ਨਜ਼ਦੀਕ ਚਲੇ ਗਏ ਤਾਂ ਸਾਡੇ ਵਿਚੋਂ ਗਾਰਡ ਨੇ ਉੱਚੀ ਆਵਾਜ਼ ਵਿਚ ਇਕ ਸ਼ਬਦ ਬੋਲਿਆ।
"ਥਾਕਾ।"
ਦੂਸਰੇ ਪਾਸਿਓਂ ਜਵਾਬ ਆਇਆ,
"ਮਰਕਾ।"
ਇਹ ਸ਼ਨਾਖ਼ਤੀ ਸ਼ਬਦ ਸਨ ਜਿਸਨੂੰ ਪਹਿਲਾਂ ਉਹ ਵਿਅਕਤੀ ਬੋਲਦਾ ਹੈ ਜਿਹੜਾ ਪਹੁੰਚ ਰਿਹਾ ਹੋਵੇ। ਜੇ ਸ਼ਨਾਖ਼ਤੀ ਸ਼ਬਦ ਤੁਹਾਡੇ ਕੋਲ ਨਹੀਂ ਹੈ ਤਾਂ ਉਸ ਪਾਸਿਓਂ ਜਿਹੜਾ ਸ਼ਬਦ ਆਵੇਗਾ ਉਹ ਗੋਲੀ ਦੀ ਆਵਾਜ਼ ਹੀ ਹੋਵੇਗਾ। ਹਰ ਕੈਂਪ ਦੇ ਅਤੇ ਹਰ ਚੌਕੀ ਦੇ ਆਪਣੇ ਆਪਣੇ ਸ਼ਨਾਖ਼ਤੀ ਸ਼ਬਦ ਹੋ ਸਕਦੇ ਹਨ। ‘ਥਾਕਾ' ਗੌਂਡ ਬੋਲੀ ਵਿਚ ਹਰੜ ਨੂੰ ਕਹਿੰਦੇ ਹਨ ਅਤੇ 'ਮਰਕਾ' ਅੰਬ ਨੂੰ। ਕੋਡ ਸ਼ਬਦ ਛੋਟੇ, ਤਾੜ ਕਰਕੇ ਵੱਜਣ ਵਾਲੇ, ਯਾਨਿ ਠੋਸ, ਅਤੇ ਭੁਲੇਖੇ ਦੀ ਗੁੰਜਾਇਸ਼ ਤੋਂ ਮੁਕਤ ਚੁਣੇ ਜਾਂਦੇ ਹਨ। ਇਹਨਾਂ ਦੇ ਜੋੜ ਕਈ ਤਰ੍ਹਾਂ ਦੇ ਹੋ ਸਕਦੇ ਹਨ। ਦਰੱਖ਼ਤਾਂ, ਫਲਾਂ, ਨਦੀਆਂ, ਮੱਛੀਆਂ, ਬੀਜਾਂ, ਪੰਛੀਆਂ, ਵਗ਼ੈਰਾ, ਵਗ਼ੈਰਾ ਦੇ ਨਾਵਾਂ ਦੇ। ਕਿਸੇ ਦਰੱਖ਼ਤ ਦੇ ਮੁਕਾਬਲੇ ਕਿਸੇ ਮੱਛੀ, ਨਦੀ ਜਾਂ ਪੱਥਰ ਦੀ ਕਿਸੇ ਕਿਸਮ ਦਾ ਨਾਮ ਹੋ ਸਕਦਾ ਹੈ। ਤੀਰ-ਤੁੱਕੇ ਦੀ ਗੁੰਜਾਇਸ਼ ਨਹੀਂ ਹੈ ਨਹੀਂ ਤਾਂ ਦੂਸਰਾ ਸ਼ਬਦ ਤਾ..ਅ..ੜ ਕਰਦਾ ਹਿੱਕ ਵਿਚ ਆਣ ਵੱਜੇਗਾ ਤੇ
ਸਾਰੇ ਪਾਸੇ ਹਰ ਕੋਈ ਪੁਜ਼ੀਸ਼ਨ ਸੰਭਾਲ ਲਵੇਗਾ।
ਸ਼ਨਾਖ਼ਤ ਵਾਸਤੇ ਦੂਰੀ ਦੀ ਖ਼ਾਸ ਵਿੱਥ ਤੈਅ ਕੀਤੀ ਜਾਂਦੀ ਹੈ ਜੋ ਆਲੇ-ਦੁਆਲੇ ਦੀ ਹਾਲਤ ਮੁਤਾਬਕ ਤੈਅ ਹੁੰਦੀ ਹੈ। ਉਸ ਵਿੱਥ ਨੂੰ ਆਵਾਜ਼ ਦਿੱਤੇ ਬਿਨਾਂ ਘਟਾਇਆ ਨਹੀਂ ਜਾ ਸਕਦਾ। ਮੈਂ ਸਮਝਦਾ ਸਾਂ ਕਿ ਸਾਡੇ ਪਹੁੰਚਣ ਦੇ ਪਰੋਗਰਾਮ ਦੀ ਪਹਿਰੇਦਾਰ ਚੌਕੀਆਂ ਨੂੰ ਪਹਿਲਾਂ ਤੋਂ ਜਾਣਕਾਰੀ ਮਿਲ ਗਈ ਹੋਵੇਗੀ। ਪਰ ਬਾਦ 'ਚ ਪਤਾ ਲੱਗਾ ਕਿ ਇਸ ਦੀ ਜ਼ਰੂਰਤ ਨਹੀਂ ਸੀ। ਗੁਪਤ ਸੰਕੇਤ-ਸ਼ਬਦ ਇਸ ਜ਼ਰੂਰਤ ਨੂੰ ਖ਼ਤਮ ਕਰ ਦਿੰਦੇ ਹਨ।
ਚੌਕੀ ਵਿਚਲੇ ਪੰਜੇ ਗੁਰੀਲੇ ਮੇਰੇ ਲਈ ਨਵੇਂ ਸਨ। ਅਸੀਂ ਹੱਥ ਮਿਲਾਏ ਤੇ ਸਲਾਮ ਕਹੀ। ਹੱਥ ਮਿਲਾਉਣ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਗੁਰੀਲਾ ਗੌਂਡ ਹੈ ਅਤੇ ਕਿਹੜਾ ਗ਼ੈਰ-ਕਬਾਇਲੀ। ਗੌਂਡ ਲੜਕੇ ਲੜਕੀਆਂ ਜਦ ਹੱਥ ਮਿਲਾਉਂਦੇ ਹਨ ਤਾਂ ਇੰਜ ਲਗਦਾ ਹੈ ਜਿਵੇਂ ਕਿਸੇ ਨੇ ਤੁਹਾਨੂੰ ਕੋਈ ਚੀਜ਼ ਫੜਾ ਦਿਤੀ ਹੋਵੇ। ਗ਼ੈਰ-ਕਬਾਇਲੀ ਜ਼ੋਰ ਨਾਲ ਹੱਥ ਨੂੰ ਘੁੱਟਦੇ ਹਨ।
"ਕੈਂਪ ਦਾ ਚੱਕਰ ਲਾ ਰਹੇ ਓ? ਕਿਵੇਂ ਲਗਦਾ ਹੈ?" ਚੌਕੀ ਦੇ ਕਮਾਂਡਰ ਨੇ ਸਪੱਸ਼ਟ ਹਿੰਦੀ ਵਿਚ ਪੁੱਛਿਆ। ਉਹ ਗੌਂਡੀ ਸੀ ਪਰ ਹਿੰਦੀ ਚੰਗੀ ਤਰ੍ਹਾਂ ਬੋਲ ਸਕਦਾ ਸੀ।
"ਤੂੰ ਤਾਂ ਚੰਗੀ ਹਿੰਦੀ ਜਾਣਦਾ ਹੈਂ। ਤੈਨੂੰ ਕਿਵੇਂ ਪਤਾ ਲੱਗਾ ਕਿ ਅਸੀਂ ਕੈਂਪ ਦਾ ਚੱਕਰ ਲਗਾ ਰਹੇ ਆਂ?"
ਮੇਰੀ ਗੱਲ ਦਾ ਜਵਾਬ ਉਹ ਅੰਤਾਂ ਦੀ ਮਿਠਾਸ ਭਰੀ ਮੁਸਕਰਾਹਟ ਨਾਲ ਦੇਂਦਾ ਹੈ। ਬਾਹਰ ਤੋਂ ਆਏ ਕਿਸੇ ਵਿਅਕਤੀ ਦਾ ਕੈਂਪ ਦੇਖਣ ਵਾਸਤੇ ਨਿਕਲਣਾ ਸੁਭਾਵਕ ਜਿਹੀ ਗੱਲ ਸੀ। ਉਹ ਹੰਢਿਆ ਵਰਤਿਆ ਪ੍ਰਤੀਤ ਹੁੰਦਾ ਸੀ। ਪੰਜ ਸਾਲ ਤੋਂ ਉਹ ਦਸਤੇ ਦਾ ਮੈਂਬਰ ਸੀ। ਬੰਦੂਕ ਉਸਦੀ ਇੰਜ ਲਿਸ਼ਕਦੀ ਸੀ ਜਿਵੇਂ ਹੁਣੇ ਉਸਨੂੰ ਮਾਲਸ਼ ਕਰਕੇ ਹਟਿਆ ਹੋਵੇ।
ਪਹਿਰੇਦਾਰ ਚੌਕੀਆਂ ਵਿਚ ਇਹ ਕੇਂਦਰੀ ਅਤੇ ਸਭ ਤੋਂ ਮਹੱਤਵਪੂਰਨ ਚੌਕੀ ਸੀ। ਇਸ ਦੇ ਪੰਜੇ ਹਿਫ਼ਾਜ਼ਤੀ (ਤਿੰਨ ਲੜਕੀਆਂ ਤੇ ਦੋ ਲੜਕੇ) ਚੰਗੇ ਸਿਹਤਮੰਦ ਸਨ। ਉਹ ਦੇਰ ਤੋਂ ਜਾਣਦੇ ਸਨ ਕਿ ਅਸੀਂ ਉਹਨਾਂ ਵੱਲ ਪਹੁੰਚ ਰਹੇ ਸਾਂ। ਉਹਨਾਂ ਨੇ ਆਪਣੇ ਲਈ ਅਲੱਗ ਤੰਬੂ ਗੱਡਿਆ ਹੋਇਆ ਸੀ। ਪੜ੍ਹਨ ਲਈ ਬੈਂਚ ਤੇ ਡੈੱਸਕ ਏਥੇ ਵੀ ਗੱਡੇ ਹੋਏ ਸਨ। ਇਹਨਾਂ ਵਿਚੋਂ ਕੋਈ ਵੀ ਦੋਵੇਂ ਦਿਨ ਕਸਰਤ ਮੈਦਾਨ ਵਿਚ ਮੌਜੂਦ ਨਹੀਂ ਸੀ। ਉਹਨਾਂ ਕੋਲ ਚਾਹ ਦਾ ਅਲੱਗ ਪ੍ਰਬੰਧ ਵੀ ਮੌਜੂਦ ਸੀ।
"ਏਥੋਂ ਤੁਸੀਂ ਕਿੰਨੀ ਦੂਰ ਤਕ ਦੇਖ ਲੈਂਦੇ ਹੋ? ਦਰੱਖ਼ਤ ਰੁਕਾਵਟ ਪਾਉਂਦੇ ਹੋਣਗੇ?"
"ਕੋਈ ਖ਼ਾਸ ਰੁਕਾਵਟ ਨਹੀਂ ਪੈਂਦੀ। ਇਹ ਬਹੁਤ ਨਿਵੇਕਲੀ ਥਾਂ ਹੈ।” ਉਹ ਬੋਲਿਆ।
"ਜਾਨਵਰ ਤੇ ਆਦਮੀ ਜਦ ਤੁਰਦੇ ਹਨ ਤਾਂ ਉਹ ਅਲੱਗ ਅਲੱਗ ਤਰਾਂ ਦੀ ਆਵਾਜ਼ ਤੇ ਸਰਸਰਾਹਟ ਪੈਦਾ ਕਰਦੇ ਹਨ। ਅੱਖਾਂ ਨਾਲ ਦੇਖਣ ਦੇ ਨਾਲ ਨਾਲ ਅਸੀਂ ਕੰਨ ਵੀ ਓਨੀ ਹੀ ਚੌਕਸੀ ਨਾਲ ਵਰਤਦੇ ਹਾਂ।"
ਪਹਾੜੀ ਉੱਪਰ ਦੇ ਹੀ ਜਣੇ ਮੌਜੂਦ ਰਹਿੰਦੇ ਸਨ । ਬਾਕੀ ਤਿੰਨੋਂ ਗਸ਼ਤ ਉਤੇ ਰਹਿੰਦੇ ਸਨ ਤੇ ਦੂਰ ਜੰਗਲ ਵਿਚ ਜਾਂਦੇ ਸਨ। ਹੋਰ ਵੀ ਹੋਣਗੇ ਪਰ ਉਸ ਸਮੇਂ ਓਥੇ ਪੰਜ ਹੀ ਹਾਜ਼ਰ ਸਨ। ਕਮਾਂਡਰ ਨੇ ਦੱਸਿਆ ਕਿ ਸਿਰਫ਼ ਡਿਫੈਂਸ ਉੱਪਰ ਬੈਠਣਾ ਮੁਸ਼ਕਲ ਹੁੰਦਾ ਹੈ, ਕਿਸੇ ਲਈ ਵੀ। ਡੇਰਾ ਲਾ ਕੇ ਬੈਠਣ ਵਾਲੇ ਨੂੰ ਚੌਕਸ ਵੀ ਜ਼ਿਆਦਾ ਰਹਿਣਾ ਪੈਂਦਾ
ਹੈ। ਕਦੇ ਕੋਈ ਪੱਤਾ ਫਟਕ ਜਾਏ ਤਾਂ ਉਹਨਾਂ ਨੂੰ ਗੋਲੀ ਜ਼ਾਇਆ ਕਰਨੀ ਪੈ ਜਾਂਦੀ ਹੈ।
ਸਾਡੇ ਗੱਲਾਂ ਕਰਨ ਦੇ ਦੌਰਾਨ ਤਿੰਨ ਜਣੇ, ਜਿਹੜੇ ਪਹਾੜੀ ਤੋਂ ਹੇਠਾਂ ਗਸ਼ਤ ਉੱਤੇ ਸਨ, ਵਾਪਸ ਚਲੇ ਗਏ। ਪਹਿਰੇਦਾਰੀ ਦੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਗੁਰੀਲੇ ਕਿਸੇ ਚੀਜ਼ ਦਾ ਵਸਾਹ ਨਹੀਂ ਖਾਂਦੇ। ਅਸੀਂ ਵੀ ਓਥੇ ਟਿਕੇ ਨਹੀਂ, ਵਾਪਸ ਤੁਰ ਪਏ।
ਤੀਸਰੀ ਚੌਕੀ ਉੱਤੇ ਜਾਣ ਦੀ ਯੋਜਨਾ ਅਸੀਂ ਤਿਆਗ ਦਿੱਤੀ। ਦੂਸਰੀ ਅਤੇ ਤੀਸਰੀ ਚੌਕੀ ਦੇ ਦਰਮਿਆਨ ਵਗਦੇ ਇਕ ਨਾਲੇ ਦੇ ਨਾਲ ਨਾਲ ਅਸੀਂ ਵਾਪਸੀ ਦਾ ਰਸਤਾ ਲਿਆ। ਇਹ ਉਹੀ ਨਾਲਾ ਸੀ ਜਿਸ ਉੱਤੇ ਅਸੀਂ ਕੱਲ ਨਹਾਤੇ ਸਾਂ ਪਰ ਅਸੀਂ ਐਨੀ ਦੂਰ ਤੱਕ ਨਹੀਂ ਸੀ ਆਏ।
ਇਸ ਵਿਚ ਪਾਣੀ ਜ਼ਿਆਦਾ ਨਹੀਂ ਸੀ। ਕਿਤੇ ਮਸਾਂ ਗਿੱਟਾ ਡੁੱਬਦਾ ਸੀ ਅਤੇ ਕਿਤੇ ਕਿਤੇ ਗੋਡੇ ਤੱਕ ਆ ਜਾਂਦਾ ਸੀ। ਇਹ ਨਾਲਾ ਕੋਈ ਜ਼ਿਆਦਾ ਦੂਰੋਂ ਨਹੀਂ ਸੀ ਆਉਂਦਾ। ਇਕ ਮਹੀਨਾ ਪਹਿਲਾਂ, ਬਰਸਾਤ ਦੇ ਦਿਨਾਂ ਵਿਚ, ਇਹ ਬਹੁਤ ਤੇਜ਼ ਵਗਦਾ ਰਿਹਾ ਸੀ ਅਤੇ ਕਹਿੰਦੇ ਹਨ ਕਿ ਇਸ ਵਿਚੋਂ ਗੁਜ਼ਰਨਾ ਮੁਸ਼ਕਲ ਹੁੰਦਾ ਹੈ। ਹੋਰ ਡੇਢ ਦੋ ਮਹੀਨੇ ਦੇ ਅੰਦਰ ਅੰਦਰ ਇਹ ਨਾਲਾ ਪੁਰੀ ਤਰ੍ਹਾਂ ਸੁੱਕ ਜਾਵੇਗਾ। ਬਸਤਰ ਦੇ ਨਦੀਆਂ ਨਾਲੇ ਗਰਮੀਆਂ ਵਿਚ ਜ਼ਿਆਦਾਤਰ ਸੁੱਕ ਜਾਂਦੇ ਹਨ। ਦੂਰ ਦੂਰ ਤਕ ਜੰਗਲ ਦੀ ਅੰਨ੍ਹੀ ਕਟਾਈ ਨੇ ਪਾਣੀ ਦੇ ਅਨੇਕਾਂ ਸਰੋਤਾਂ ਨੂੰ ਸੁਕਾ ਦਿੱਤਾ ਹੈ।
ਖੇਮੇ 'ਚ ਵਾਪਸ ਪਹੁੰਚਣ ਤਕ ਡੂੰਘੀ ਸ਼ਾਮ ਹੋ ਚੁੱਕੀ ਸੀ। ਉਂਜ ਵੀ, ਪਹਾੜਾਂ ਤੇ ਜੰਗਲਾਂ ਵਿਚ ਜਲਦੀ ਹੀ ਹਨੇਰਾ ਹੋਣ ਲੱਗਦਾ ਹੈ। ਲੰਬੇ ਉੱਚੇ ਦਰੱਖ਼ਤ ਕਿਰਨਾਂ ਨੂੰ ਉੱਪਰ ਹੀ ਰੋਕ ਲੈਂਦੇ ਹਨ। ਸਾਢੇ ਪੰਜ ਵਜੇ ਹੀ ਇੰਜ ਲਗਦਾ ਹੈ ਜਿਵੇਂ ਸੱਤ ਵਜ ਗਏ ਹੋਣ।
ਅੱਜ ਹਵਾ ਠੰਡੀ ਸੀ। ਤੰਬੂ ਦੇ ਅੰਦਰ ਹੀ ਥੋੜ੍ਹੀ ਜਿਹੀ ਅੱਗ ਜਲਾ ਲਈ ਗਈ। ਇਕ ਮੋਟੀ ਲੱਕੜ ਜਿਹੜੀ ਤੰਬੂ ਦੇ ਬਾਹਰ ਵੀ ਕਈ ਫੁੱਟ ਤੱਕ ਜਾਂਦੀ ਸੀ ਇਸ ਵਿਚ ਡਾਹ ਦਿਤੀ ਗਈ। ਇਸ ਨੇ ਸਾਰੀ ਰਾਤ ਸੁਲਗਦੇ ਬਲਦੇ ਰਹਿ ਕੇ ਵੀ ਨਹੀਂ ਸੀ ਮੁੱਕਣਾ। ਪਿਛਲੀ ਰਾਤ ਦੋ ਘੰਟੇ ਹੀ ਅੱਗ ਬਲੀ ਸੀ ਤੇ ਬਾਦ ਵਿਚ ਅੱਧੀ ਰਾਤ ਤੋਂ ਬਾਦ ਠੰਡ ਲਗਦੀ ਰਹੀ ਸੀ। ਕੱਲ ਦੀ ਠੰਡ ਤੋਂ ਪ੍ਰੇਸ਼ਾਨ ਹੋ ਕੇ ਅੱਜ ਕੋਈ ਇਸਨੂੰ ਚੁੱਕ ਲਿਆਇਆ ਸੀ।
ਖੇਮੇ ਵਿਚ ਚਾਰੇ ਪਾਸੇ ਕਈਆਂ ਕੋਲ ਰੇਡਿਓ ਟਰਾਂਜਿਸਟਰ ਸਨ। ਕਦੇ ਤੈਲਗੂ ਖ਼ਬਰਾਂ, ਕਦੇ ਬੰਗਲਾ ਤੇ ਕਦੇ ਅੰਗਰੇਜ਼ੀ। ਕਦੇ ਕੋਈ ਗੌਂਡੀ ਗੀਤ ਵੱਜ ਉੱਠਦਾ ਤੋ ਕਦੇ ਆਲ ਇੰਡੀਆ ਤੋਂ ਹਿੰਦੀ ਨਿਊਜ਼ ਰੀਲ ਚੱਲਣ ਲੱਗ ਪੈਂਦੀ।
ਸਾਢੇ ਸੱਤ ਵੱਜ ਗਏ। ਕਿਸੇ ਨੇ ਰੇਡੀਓ ਦਾ ਸਵਿੱਚ ਨੱਪ ਦਿੱਤਾ ਤੇ ਬੀ. ਬੀ. ਸੀ. ਸ਼ੁਰੂ ਹੋ ਗਿਆ। ਬੀ. ਬੀ. ਸੀ. ਭਾਵੇਂ ਸਾਮਰਾਜੀ ਪੱਖਪਾਤ ਵਾਲੇ ਰੇਡਿਓ ਦੇ ਤੌਰ 'ਤੇ ਬਦਨਾਮ ਹੈ ਪਰ ਆਲ ਇੰਡੀਆ ਦੀਆਂ ਖ਼ਬਰਾਂ ਦੇ ਮੁਕਾਬਲੇ ਇਸ ਨੂੰ ਸੁਨਣ ਨੂੰ ਗੁਰੀਲੇ ਤਰਜੀਹ ਦੇਂਦੇ ਹਨ। ਬੀ. ਬੀ. ਸੀ. ਉੱਤੇ ਭਾਰਤੀ ਨੇਤਾਵਾਂ ਦੀਆਂ ਲਿਲਕੜੀਆਂ ਵਧੇਰੇ ਰੌਚਕਤਾ ਨਾਲ ਪੇਸ਼ ਹੁੰਦੀਆਂ ਸਨ। ਮੈਂ ਆਪਣਾ ਟਰਾਂਜ਼ਿਸਟਰ ਉਠਾਇਆ ਤੇ ਬਾਹਰ ਬੈਂਚ ਉੱਤੇ ਜਾ ਬੈਠਾ। ਤਹਿਰਾਨ ਤੋਂ ਤਬਸਰਾ ਸ਼ੁਰੂ ਹੋ ਚੁੱਕਾ ਸੀ।
“ਪਰ ਇਹ ਤਾਂ ਬੀ. ਬੀ. ਸੀ. ਨਹੀਂ ਹੈ,” ਕਿਸੇ ਨੇ ਮੇਰੇ ਪਿੱਛਿਓਂ ਕਿਹਾ।
"ਤਹਿਰਾਨ ਹੈ, ਉੜਦੂ ਵਿਚ।"
“ਭਾਰਤੀ ਲੀਡਰਾਂ ਦੇ ਬਿਆਨ ਅਕਾਅ ਦੇਂਦੇ ਹੋਣਗੇ?" ਕਹਿ ਕੇ ਉਹ ਹੱਸ ਪਿਆ।
ਹਰ ਕਿਸੇ ਨੂੰ ਹੀ ਅਕਾਉਂਦੇ ਸਨ ਤੇ ਬੁਰੇ ਲਗਦੇ ਸਨ। ਰੋਜ਼ ਇਕੋ ਰੌਲਾ ਚੱਲਦਾ ਸੀ:
"ਅਮਰੀਕਾ ਅੱਤਵਾਦ ਬਾਰੇ ਦੁਹਰੇ ਮਿਆਰ ਅਪਣਾਉਂਦਾ ਹੈ", "ਅਸੀਂ ਅਮਰੀਕਾ ਨੂੰ ਜੰਗ ਵਿਚ ਹਰ ਮਦਦ ਦੇਣ ਲਈ ਤਿਆਰ ਹਾਂ", "ਅਮਰੀਕਾ ਨੂੰ ਪਾਕਿਸਤਾਨ ਦੀ ਦੋਗਲੀ ਨੀਤੀ ਤੋਂ ਚੌਕਸ ਰਹਿਣਾ ਚਾਹੀਦਾ ਹੈ”, “ਸਾਡੇ ਤੋਂ ਅਜੇ ਤੱਕ ਮਦਦ ਮੰਗੀ ਹੀ ਨਹੀਂ ਗਈ,” ਵਗ਼ੈਰਾ, ਵਗ਼ੈਰਾ, ਵਗ਼ੈਰਾ।
ਭਾਰਤੀ ਹਕੁਮਤ ਤਾਂ ਵਿਛੀ ਹੀ ਪਈ ਸੀ। ਜੇ ਪਾਕਿਸਤਾਨੀ ਹਕੁਮਤ ਡਰ ਦੇ ਮਾਰੇ ਲੱਤਾਂ 'ਚ ਪੂਛ ਲਈ ਬੈਠੀ ਸੀ ਤਾਂ ਭਾਰਤੀ ਹਕੂਮਤ ਇਸ ਨੂੰ ਪੂਰੇ ਜ਼ੋਰ ਨਾਲ ਹਿਲਾ ਰਹੀ ਸੀ। ਓਧਰ ਅਮਰੀਕਾ ਨੂੰ ਘੁਰਕੀ ਦੇਣੀ ਪਈ, ਏਧਰ ਪੁਚਕਾਰਨਾ ਵੀ ਨਹੀਂ ਪਿਆ। ਕਾਰਗਿਲ ਸਬੰਧੀ ਪੱਟਾਂ 'ਤੇ ਥਾਪੀ ਮਾਰਨ ਵਾਲੇ ਕੌਮਵਾਦ ਦਾ ਦੋਵੇਂ ਦੇਸ਼ਾਂ ਵਿਚ ਜੋ ਬੁਰਾ ਹਸ਼ਰ ਦੇਖਣ ਨੂੰ ਮਿਲਿਆ ਉਹ 1947 ਤੋਂ ਬਾਦ ਦੀ ਸ਼ਾਇਦ ਸਭ ਤੋਂ ਵੱਡੀ ਕੌਮੀ ਜ਼ਲਾਲਤ ਸੀ। ਬੁਸ਼ ਦੇ ਦਰਬਾਰ ਵਿਚ ਉਸ ਦੇ ਅਹਿਲਕਾਰਾਂ ਨੇ ਕਈ ਵਾਰ ਦੁਹਰਾਇਆ ਹੋਵੇਗਾ: 'ਸਾਡੀਆਂ ਕੁੱਤੀਆਂ ਦੇ ਪੁੱਤਰ।
ਇਹ ਲਕਬ ਉਹਨਾਂ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਰਾਜਿਆਂ, ਮਹਾਰਾਜਿਆਂ, ਪ੍ਰਧਾਨਾਂ ਤੇ ਪ੍ਰਧਾਨ ਮੰਤਰੀਆਂ ਵਾਸਤੇ ਰਾਖਵਾਂ ਰੱਖਿਆ ਹੋਇਆ ਹੈ। ਰੀਗਨ ਵੇਲੇ ਇਹ ਖੁੱਲ੍ਹ ਕੇ ਬੋਲਿਆ ਜਾਂਦਾ ਸੀ। ਤਾਕਤ ਦੇ ਨਸ਼ੇ 'ਚ ਚੂਰ ਅਮਰੀਕਾ ਇਹਨਾਂ ਦੇਸ਼ਾਂ ਦੇ ਹਾਕਮਾਂ ਪ੍ਰਤੀ ਕਿੰਨੀ ਹਕਾਰਤ ਵਾਲਾ ਵਤੀਰਾ ਅਪਣਾਉਂਦਾ ਹੈ ਪਰ ਇਹ ਹਾਕਮ ਜ਼ਿੱਲਤ ਨੂੰ ਪੀ ਜਾਂਦੇ ਹਨ ਤੇ ਤਰਲੇ ਕੱਢਦੇ ਰਹਿੰਦੇ ਹਨ। ਉਹ ਇੰਜ ਪੇਸ਼ ਆਉਂਦੇ ਹਨ ਜਿਵੇਂ ਆਪਣੇ ਦੇਸ਼ ਦੇ ਨੇਤਾ ਨਾ ਹੋ ਕੇ ਅਮਰੀਕਾ ਵੱਲੋਂ ਥਾਪੇ ਹੋਏ "ਬਿਹਤਰ ਜਨਾਬ" ਕਹਿਣ ਵਾਲੇ ਗਵਰਨਰ ਹੋਣ।
ਜਿਹੜਾ ਕੰਮ ਪਾਕਿਸਤਾਨ ਨੂੰ ਅਮਰੀਕੀ ਬੰਦੂਕ ਦੀ ਨਾਲ ਸਾਹਮਣੇ ਮਜਬੂਰ ਹੋ ਕੇ ਕਰਨਾ ਪਿਆ ਉਹਦੇ ਵਾਸਤੇ ਭਾਰਤ ਸਵਯਮ ਸੇਵਕਾਂ ਵਾਂਗ ਕਰਨ ਲਈ ਹਾੜੇ ਕੱਢਦਾ ਰਿਹਾ। ਸੋ ਕੋਈ ਕਿੰਨੀ ਕੁ ਵਾਰ ਸੁਣਦਾ।
ਖ਼ਬਰਾਂ ਤੋਂ ਬਾਦ ਤੰਬੂ ਅੰਦਰ ਇਸ ਤਰ੍ਹਾਂ ਦੇ ਤਬਸਰੇ ਅਤੇ ਟਿੱਪਣੀਆਂ ਸੁਣਾਈ ਦਿੱਤੀਆਂ।
"ਲਗਦਾ ਹੈ ਕਿ ਤਾਲਿਬਾਨ ਸੋਚੀ ਸਮਝੀ ਸਕੀਮ ਮੁਤਾਬਕ ਪਿੱਛੇ ਹਟਦਾ ਜਾ ਰਿਹਾ ਹੈ, ਬਾਦ 'ਚ ਲੜੇਗਾ।"
"ਇਹ ਵੀ ਹੋ ਸਕਦਾ ਹੈ ਕਿ ਪੇਸ਼ ਹੀ ਨਾ ਜਾ ਰਹੀ ਹੋਵੇ, ਬੰਬਾਰੀ ਬਹੁਤ ਭਿਆਨਕ ਰੂਪ 'ਚ ਹੋ ਰਹੀ ਹੈ।"
"ਤਾਲਿਬਾਨ ਨੇ ਲੋਕਾਂ ਨਾਲ ਵੀ ਬਹੁਤ ਬੁਰੀ ਕੀਤੀ ਹੈ। ਲੋਕਾਂ ਦੇ ਸਾਥ ਤੋਂ ਬਿਨਾਂ ਐਨੇ ਵੱਡੇ ਦੁਸ਼ਮਣ ਵਿਰੁੱਧ ਲੜਿਆ ਵੀ ਨਹੀਂ ਜਾ ਸਕਦਾ।"
ਅਲੱਗ ਅਲੱਗ ਜਣੇ ਅਲੱਗ ਅਲੱਗ ਵਿਚਾਰਾਂ ਨਾਲ ਗੁੱਥਮਗੁੱਥਾ ਸਨ। ਹਰ ਕੋਈ ਜੰਗ ਦੀ ਸਥਿੱਤੀ ਦੇ ਵੱਧ ਸਪੱਸ਼ਟ ਹੋਣ ਦੀ ਉਡੀਕ ਕਰ ਰਿਹਾ ਸੀ। ਇਕ ਗੱਲ ਹਰ ਕੋਈ ਕਹਿ ਰਿਹਾ ਸੀ ਕਿ ਜੰਗ ਤਾਲਿਬਾਨ ਤੇ ਉਸਾਮਾ ਤੱਕ ਹੀ ਸੀਮਤ ਨਹੀਂ ਰਹਿਣੀ, ਅਮਰੀਕਾ ਕੇਂਦਰੀ ਏਸ਼ੀਆ ਵਿਚ ਘੁਸ ਰਿਹਾ ਹੈ ਤੇ ਤੇਲ ਨੂੰ ਜੱਫਾ ਮਾਰਨਾ
ਚਾਹੁੰਦਾ ਹੈ। ਆਖ਼ਰ ਕਈ ਮਹੀਨਿਆਂ ਪਿਛੋਂ ਜੰਗ ਦਾ ਮੁਹਾਂਦਰਾ ਸਪੱਸ਼ਟ ਹੋ ਗਿਆ। ਪਿਛਾਂਹ ਹਟ ਕੇ ਫਿਰ ਲੜਨ ਵਾਸਤੇ ਨੈਤਿਕ ਤਾਕਤ ਅਤੇ ਲੋਕਾਂ ਦਾ ਸਾਥ ਜ਼ਰੂਰੀ ਸੀ। ਵੀਅਤਨਾਮ ਦੀ ਜੰਗ ਜਿਹੀ ਲੋਕ-ਜੰਗ ਹੀ ਅਜਿਹਾ ਕ੍ਰਿਸ਼ਮਾ ਕਰ ਸਕਦੀ ਸੀ, ਅਫ਼ਗਾਨਿਸਤਾਨ ਨਹੀਂ। ਕੇਂਦਰੀ ਏਸ਼ੀਆ ਦੇ ਤੇਲ ਭੰਡਾਰਾਂ ਉੱਪਰ ਕਬਜ਼ੇ ਵਾਸਤੇ ਅਫ਼ਗਾਨਿਸਤਾਨ ਵਿਚ ਅਮਰੀਕਾ ਦਾ ਸਿਆਸੀ ਮਕਸਦ ਪਰਚਾਰੇ ਗਏ ਨਿਸ਼ਾਨਿਆਂ ਤੋਂ ਪਾਰ ਜਾਂਦਾ ਸੀ, ਇਹ ਸਾਬਤ ਹੋ ਗਿਆ। ਤੇਲ ਦੀ ਪਾਈਪ ਵਿਛਾਉਣ ਵਾਸਤੇ ਮਾਮਲਾ ਜੰਗ ਨਾਲ ਤੈਅ ਕਰ ਦਿੱਤਾ ਗਿਆ।
ਬਹਰਹਾਲ, ਟਰਾਂਜ਼ਿਸਟਰ ਕਿਸੇ ਵੀ ਗੁਰੀਲਾ ਟੁਕੜੀ ਦਾ ਜ਼ਰੂਰੀ ਹਿੱਸਾ ਹੈ। ਇਹ ਬਾਹਰ ਦੀ ਦੁਨੀਆਂ ਨਾਲ ਰਾਬਿਤੇ ਦਾ ਜ਼ਰੀਆ ਹੈ। ਇਸ ਤੋਂ ਮਿਲੀ ਸਮੱਗਰੀ ਸਿਆਸੀ ਵਿਚਾਰ-ਵਟਾਂਦਰੇ ਅਤੇ ਉਹਨਾਂ ਵਿਚ ਸੰਜੀਦਾ ਸੋਚ-ਵਿਚਾਰ ਨੂੰ ਅਗਾਂਹ ਵਧਾਉਣ ਵਿਚ ਸਹਾਈ ਹੁੰਦੀ ਹੈ। ਅਖ਼ਬਾਰ ਓਥੋਂ ਦੇ ਹਜ਼ਾਰਾਂ ਪਿੰਡਾਂ ਵਿਚ ਕਦੇ ਵੀ ਨਹੀਂ ਪਹੁੰਚੇ। ਰੇਡੀਓ ਕਿਤੇ ਟਾਵਾਂ ਟੱਲਾ ਹੋਵੇਗਾ। ਟੈਲੀਵੀਜ਼ਨ ਦਾ ਨਾਮ-ਨਿਸ਼ਾਨ ਹੀ ਨਹੀਂ। ਰੇਡੀਓ ਤੋਂ ਬਿਨਾ ਤੁਸੀਂ ਓਥੇ ਕੁਝ ਦਿਨ ਬਿਤਾਓ ਤਾਂ ਨਾ ਸਿਰਫ਼ ਤਾਰੀਖ਼ਾਂ ਅਤੇ ਵਾਰ ਹੀ ਭੁੱਲ ਜਾਓਗੇ ਸਗੋਂ ਇਕ ਸਮੇਂ ਬਾਦ ਮਹੀਨੇ ਵੀ ਭੁੱਲ ਜਾਓਗੇ, ਸਿਰਫ਼ ਰੁੱਤਾਂ ਯਾਦ ਰਹਿਣਗੀਆਂ। ਓਥੇ ਜ਼ਿੰਦਗੀ ਦੇ ਕੰਮ ਰੁੱਤਾਂ ਅਨੁਸਾਰ ਤੈਅ ਹੁੰਦੇ ਹਨ, ਤਾਰੀਖ਼ਾਂ ਅਤੇ ਦਿਨਾਂ ਅਨੁਸਾਰ ਨਹੀਂ। ਓਥੇ ਰਹਿ ਕੇ ਤੁਸੀਂ ਓਹੋ ਜਿਹੇ ਹੀ ਹੋ ਜਾਓਗੇ।
ਬਸਤਰ ਦੇ ਜੰਗਲਾਂ ਵਿਚ ਜੀਵਨ ਕੁਦਰਤ ਨਾਲ ਡੂੰਘੇ ਸਬੰਧ ਵਿਚ ਬੱਝਾ ਹੋਇਆ ਹੈ। ਜੰਗਲ, ਜਲ ਅਤੇ ਧਰਤੀ ਦੇ ਮੁਹਾਂਦਰੇ ਨਾਲ ਇਸ ਦਾ ਗਹਿਰਾ ਰਿਸ਼ਤਾ ਹੈ। ਇਸੇ ਕਾਰਨ ਕਬਾਇਲੀ ਲੋਕਾਂ ਵਿਚ ਇਹ ਨਾਅਰਾ ਕੁਦਰਤੀ ਚੀਜ਼ ਹੈ: "ਜਲ, ਜੰਗਲ ਤੇ ਜ਼ਮੀਨ ਸਾਡੇ ਹਨ।" ਇਹ ਨਾਅਰਾ ਉਹਨਾਂ ਦੀ ਹਕੀਕਤ, ਉਹਨਾਂ ਦੇ ਸਮੁੱਚੇ ਜੀਵਨ, ਨੂੰ ਪ੍ਰਤੀਬਿੰਬਤ ਕਰਦਾ ਹੈ।
................
ਤਿੰਨੋ ਡੰਗ ਚੌਲ!
ਗੁਰੀਲਿਆਂ ਦਾ ਖਾਣਾ ਇਹੀ ਹੈ। (ਇਹੀ ਖਾਣਾ ਬਸਤਰ ਦੇ ਹਰ ਬਾਸ਼ਿੰਦੇ ਦਾ ਹੈ।) ਸਬਜ਼ੀ ਜੇ ਰੋਜ਼ ਹੀ ਕੱਦੂ ਅਦੇ ਹਲਵਾ-ਕੱਦੂ ਨਹੀਂ ਹੈ ਤਾਂ ਇਹ ਬਾਂਸ ਦੀਆਂ ਨਰਮ ਗੁੱਲੀਆਂ ਦੀ ਹੈ। ਦਾਲ ਅੱਯਾਸ਼ੀ ਵਾਲੀ ਚੀਜ਼ ਹੈ। ਜਿਸ ਦਿਨ ਮਿਲ ਜਾਵੇ ਤੁਸੀਂ ਬੱਲੇ ਬੱਲੇ ਕਰਨ ਲੱਗੇਗੇ ਅਤੇ ਲਗਦੀ ਵਾਹ ਕੱਦੂ ਨੂੰ ਪਤੀਲੇ ਵਿਚ ਹੀ ਸਿਮਟਿਆ ਰਹਿਣ ਦੇਣਾ ਚਾਹੋਗੇ। ਫਿਰ ਵੀ ਇਹ ਤੁਹਾਡਾ ਪਿੱਛਾ ਨਹੀਂ ਛੱਡੇਗਾ। ਅਗਲੇ ਹੀ ਡੰਗ ਤੁਹਾਡੀ ਥਾਲੀ ਵਿਚ ਫਿਰ ਆਣ ਹਾਜ਼ਰ ਹੋਵੇਗਾ। ਕੱਦ ਵੈਸੇ ਹੈ ਬਹੁਤ ਲਜ਼ੀਜ਼ ਚੀਜ਼! ਕਿਉਂਕਿ ਇਕ ਕਿੱਲੋ ਕੱਦੂ ਵਿਚ ਚਾਰ ਕਿੱਲੋ ਪਾਣੀ ਪਾਕੇ ਇਸ ਨੂੰ ਪੂਰੀ ਤਰਾਂ ਤਰੀਦਾਰ ਕਰ ਲਿਆ ਜਾਂਦਾ ਹੈ ਅਤੇ ਫਿਰ ਇਹ ਤੁਹਾਡੇ ਚੌਲਾਂ ਨੂੰ ਪੂਰੀ ਤਰ੍ਹਾਂ ਤਰ ਕਰ ਦੇਂਦਾ ਹੈ। ਚੌਲ ਵੈਸੇ ਹੀ ਬਹੁਤ ਨਰਮ ਹੁੰਦੇ ਹਨ ਪਰ ਕੱਦੂਆਂ ਦੀ ਖੁੱਲ੍ਹੀ ਤਰੀ ਵਿਚ ਇਹ ਹੋਰ ਵੀ ਨਰਮ ਤੇ ਕੂਲੇ ਹੋ ਜਾਂਦੇ ਹਨ ਅਤੇ ਆਸਾਨੀ ਨਾਲ ਗਲੇ 'ਚੋਂ ਹੇਠਾਂ ਉੱਤਰ ਜਾਂਦੇ ਹਨ। ਸੋ ਤੁਸੀਂ ਜਾਣ ਗਏ ਹੋ ਕਿ ਗੁਰੀਲਾ ਜ਼ਿੰਦਗੀ ਬਹੁਤ ਹੀ ਨਰਮ ਅਤੇ ਮੁਲਾਇਮ ਭੋਜਨ ਦਾ ਨਾਮ ਵੀ ਹੈ। ਯਕੀਨਨ ਭੋਜਨ ਬਹੁਤ ਹੀ ਨਰਮ ਹੈ। ਇਹ ਕਬਾਇਲੀਆਂ ਦੇ
ਜੀਵਨ ਜਿਹਾ ਹੀ ਸਾਦਾ ਹੈ। ਉਹ ਬਹੁਤੀਆਂ ਸਬਜ਼ੀਆਂ ਨਹੀਂ ਬੀਜਦੇ। ਸਿੰਜਾਈ ਦਾ ਕੋਈ ਸਾਧਨ ਹੈ ਹੀ ਨਹੀਂ। ਚੌਲਾਂ ਵਾਂਗ ਕੱਦੂਆਂ ਦੇ ਬੀਜਾਂ ਨੂੰ ਵੀ ਉਹ ਜ਼ਮੀਨ ਉੱਤੇ ਸੁੱਟ ਦੇਂਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ। ਨਾ ਗੋਡੀ, ਨਾ ਪਾਣੀ, ਨਾ ਖਾਦ ਅਤੇ ਨਾ ਹੀ ਮਲੇਰਕੋਟਲੇ ਦੇ ਸਬਜ਼ੀ ਉਤਪਾਦਕਾਂ ਵਰਗਾ ਕੋਈ ਹੋਰ ਖਲਜਗਣ। ਜੋ ਪੈਦਾ ਹੋ ਗਿਆ ਉਹ ਜੀ ਆਇਆਂ, ਜੋ ਨਹੀਂ ਹੋਇਆ, ਉਹ ਧਰਤੀ ਹਿੱਸੇ। ਇਸ ਤੋਂ ਉਹ ਭਰਪੂਰ ਖੁਸ਼ੀ ਹਾਸਲ ਕਰਦੇ ਹਨ। ਇਹੀ ਭੋਜਨ ਗੁਰੀਲਿਆਂ ਦਾ ਚਾਅ ਵੀ ਹੈ। ਇਹੀ ਹਾਸਲ ਹੈ। ਜੇ ਤੁਸੀਂ ਰੋਜ਼ ਦੇ ਨੇਮ ਤੋਂ ਤੰਗ ਆ ਗਏ ਹੋ ਅਤੇ ਤਬਦੀਲੀ ਚਾਹੁੰਦੇ ਹੋ ਤਾਂ ਤੁਸੀਂ ਚੌਲਾਂ ਦੀ ਥਾਂ 'ਤੇ ਚੌਲਾਂ ਦੀ ਗਾੜੀ ਪਿੱਛ ਨੂੰ ਆਪਣੇ ਨਾਸ਼ਤੇ ਵਿਚ ਥਾਂ ਦੇ ਸਕਦੇ ਹੋ। ਕਬਾਇਲੀ ਇਸ ਨੂੰ ਜਾਵਾ ਕਹਿੰਦੇ ਹਨ। ਉਹ ਇਸਨੂੰ ਬਗ਼ੈਰ ਲੂਣ ਮਿਰਚ ਤੋਂ ਪੀਂਦੇ ਹਨ ਅਤੇ ਖ਼ੁਸ਼ ਹੁੰਦੇ ਹਨ। ਨਾਸ਼ਤੇ ਵਿਚ ਵੰਨ-ਸੁਵੰਨਤਾ ਤੁਸੀਂ ਇਕ ਹੋਰ ਤਰੀਕੇ ਨਾਲ ਵੀ ਲਿਆ ਸਕਦੇ ਹੋ, ਸ਼ਰਤ ਇਹ ਹੈ ਕਿ ਤੁਸੀਂ ਇਹ ਨਾ ਜਾਣਦੇ ਹੋਵੋ ਕਿ ਚਿੜਵੇ ਵੀ ਚੌਲਾਂ ਨੂੰ ਹੀ ਕੁੱਟ ਕੇ ਬਣਾਏ ਜਾਂਦੇ ਹਨ। ਕਬਾਇਲੀ ਇਸ ਅੱਯਾਸ਼ੀ ਨੂੰ ਚਿਉੜਾ ਕਹਿੰਦੇ ਹਨ।
"ਤੁਹਾਨੂੰ ਚੌਲ ਪਸੰਦ ਨਹੀਂ ਹਨ? ਰੋਟੀ ਵੀ ਬਣ ਸਕਦੀ ਹੈ,” ਕਿਸੇ ਨੇ ਕਿਤਿਓਂ ਠੰਡੀ ਮਿੱਠੀ ਰੁਮਕਦੀ ਹੋਈ ਹਵਾ ਦਾ ਬੁੱਲਾ ਭੇਜ ਕੇ ਮੈਨੂੰ ਇਸ ਵਿਚ ਸਰਾਬੋਰ ਕਰ ਦਿੱਤਾ। ਇਸ ਤੋਂ ਚੰਗੀ ਚੀਜ਼ ਮੇਰੇ ਵਾਸਤੇ ਹੋਰ ਕੀ ਹੋ ਸਕਦੀ ਸੀ। ਮੈਂ ਖੁਸ਼ੀ ਵਿਚ ਨਹਾਤਾ ਗਿਆ। ਅਗਲੇ ਦਿਨ ਦੁਪਿਹਰ ਦੇ ਵਕਤ ਪੂੜੀਆਂ ਤਿਆਰ ਸਨ। ਉਹ ਪੂੜੀ ਨੂੰ ਹੀ ਰੋਟੀ ਕਹਿੰਦੇ ਹਨ। ਸ਼ਾਮ ਦੇ ਵਕਤ ਰੋਟੀ ਬਣਾਉਣ ਦਾ ਹੀਲਾ ਮੈਂ ਖ਼ੁਦ ਕੀਤਾ। ਤਵਾ ਨਹੀਂ, ਚਕਲਾ ਨਹੀਂ, ਵੇਲਣਾ ਨਹੀਂ। ਤਵੇ ਦੀ ਥਾਂ ਉੱਤੇ ਪਤੀਲੇ ਦਾ ਜਿਸਤ ਦਾ ਢੱਕਣ, ਚਕਲੇ ਦੀ ਥਾਂ ਉੱਤੇ ਸਟੀਲ ਦੀ ਮੂਧੀ ਮਾਰੀ ਹੋਈ ਥਾਲੀ ਅਤੇ ਵੇਲਣੇ ਦੀ ਥਾਂ ਉੱਤੇ ਗਿਲਾਸ। ਪੱਥਰ ਦੇ ਚੁਲ੍ਹੇ ਵਿਚ, ਲੱਕੜ ਦੇ ਕੋਲਿਆਂ ਦੀ ਅੱਗ 'ਤੇ, ਜਿਸਤ ਦੇ ਤਵੇ ਉੱਤੇ ਪੱਕੀ ਰੋਟੀ ਉਹਨਾਂ ਪਹਿਲੀ ਵਾਰ ਦੇਖੀ, ਮੈਂ ਵੀ। ਮਜ਼ਾ ਆ ਗਿਆ ਤੇ ਪੂੜੀਆਂ ਉਹਨਾਂ ਨੂੰ ਵੀ ਭਾਰੀ ਮਹਿਸੂਸ ਹੋਣ ਲੱਗ ਪਈਆਂ। ਰੋਟੀ ਪੂੜੀ ਵਾਂਗ ਤੇਲ ਨਹੀਂ ਪੀਵੇਗੀ। ਸਸਤੀ ਵੀ ਪਵੇਗੀ ਤੇ ਪਚਣ 'ਚ ਵੀ ਆਸਾਨ!
ਪਰ ਕਣਕ ਦਾ ਆਟਾ ਜੰਗਲ ਵਿਚ ਦੁਰਲੱਭ ਵਸਤੂ ਹੈ। ਕਬਾਇਲੀ ਲੋਕਾਂ ਨੇ ਨਾ ਕਣਕ ਕਦੇ ਦੇਖੀ ਹੈ, ਨਾ ਸੁਣੀ ਹੈ, ਰੋਟੀ ਤਾਂ ਉਂਝ ਹੀ ਅਚੰਭਾ ਸੀ। ਕੈਂਪ ਵਿਚ ਕਿਸੇ ਇਕ ਦਿਨ ਦੀ ਪੁੜੀਆਂ ਦੀ ਅੱਯਾਸ਼ੀ ਖ਼ਾਤਰ ਕਿਸੇ ਸ਼ਹਿਰ ਤੋਂ ਸਿਰ ਉੱਤੇ ਆਟਾ ਢੋਅ ਕੇ ਲਿਆਂਦਾ ਗਿਆ ਸੀ, ਸੋ ਰੋਟੀ 'ਈਜਾਦ ਹੋ ਗਈ।
ਅਗਲੀ ਸ਼ਾਮ ਵੀ ਦਾਅਵਤ ਦੀ ਸ਼ਾਮ ਰਹੀ। ਭੁੰਨ ਕੇ ਸੁਕਾਇਆ ਗਿਆ ਗਾਂ ਦਾ ਮਾਸ ਤਰੀ ਵਾਲੇ ਸਵਾਦੀ ਖਾਣੇ ਵਿਚ ਬਦਲ ਦਿੱਤਾ ਗਿਆ। ਕਬਾਇਲੀ ਹਿੰਦੂ ਨਹੀਂ ਹਨ, ਸੋ ਪਾਪ ਤੋਂ ਮੁਕਤ ਹਨ। ਉਹ ਮੁਸਲਿਮ ਵੀ ਨਹੀਂ ਹਨ, ਇਸ ਲਈ ਹਲਾਲ ਹਰਾਮ ਕੁਝ ਨਹੀਂ ਜਾਣਦੇ। ਸਿਵਾਏ ਇਨਸਾਨ ਤੋਂ ਉਹ ਕੁਝ ਵੀ ਖਾ ਸਕਦੇ ਹਨ। ਇਨਸਾਨਾਂ ਨੂੰ ਖਾਣ ਦਾ ਧੰਦਾ ਸੱਭਿਅਕ ਸਮਾਜ ਵਿਚ ਕੀਤਾ ਜਾਂਦਾ ਹੈ। ਅਨੇਕਾਂ ਰੂਪਾਂ ਵਿਚ, ਅਨੇਕਾਂ ਢੰਗਾਂ ਨਾਲ। ਕਬਾਇਲੀ ਲੋਕ ਨਾ ਤਾਂ ਇਨਸਾਨਾਂ ਨੂੰ ਦੇਵਤਿਆਂ ਵਾਂਗ ਪੁਜਦੇ ਹਨ, ਨਾ ਹੀ ਜ਼ਲੀਲ ਕਰਦੇ ਹਨ। ਕਿਸੇ ਤੋਂ ਦੁਖੀ ਹੋਏ ਤਾਂ ਇਕ ਪਲ ਵਿਚ ਸਿਰ ਨੂੰ ਧੜ ਨਾਲੋਂ ਅਲੱਗ ਕਰ ਦਿੱਤਾ। ਬਹੁਤੀ ਪ੍ਰੇਸ਼ਾਨੀ ਵਿਚ ਨਾ ਪੈਂਦੇ ਹਨ, ਨਾ
ਪਾਉਂਦੇ ਹਨ। ਕਤਲ ਕਰ ਦੇਣਾ ਉਹਨਾਂ ਵਾਸਤੇ ਬਹੁਤ ਹੀ ਸੁਭਾਵਕ ਜਿਹੀ ਗੱਲ ਹੈ ਭਾਵੇਂ ਕਿ ਇਸ ਦੀ ਨੌਬਤ ਬਹੁਤ ਘੱਟ ਆਉਂਦੀ ਹੈ। ਸੱਠ ਲੱਖ ਦੀ ਆਬਾਦੀ ਵਿਚ ਅਜਿਹੀਆਂ ਕੋਈ ਦੋ ਜਾਂ ਤਿੰਨ ਘਟਨਾਵਾਂ ਇਕ ਸਾਲ ਦੇ ਅਰਸੇ ਵਿਚ ਵਾਪਰਦੀਆਂ ਹਨ। ਸੱਭਿਅਕ ਸਮਾਜ ਦਾ ਇਕੱਲਾ ਦਿੱਲੀ ਸ਼ਹਿਰ ਹੀ ਕਤਲਾਂ, ਡਕੈਤੀਆਂ, ਛੁਰੇਬਾਜ਼ੀ, ਜਬਰ-ਜਨਾਹ, ਵਗ਼ੈਰਾ-ਵਗ਼ੈਰਾ ਦੀਆਂ ਖ਼ਬਰਾਂ ਨਾਲ ਰੋਜ਼ ਹੀ ਅਖ਼ਬਾਰ ਦੇ ਤੀਸਰੇ ਸਫ਼ੇ ਨੂੰ ਭਰ ਦੇਂਦਾ ਹੈ। ਕਬਾਇਲੀ ਜਦ ਕਤਲ ਕਰਦਾ ਹੈ ਤਾਂ ਉਸੇ ਸਮੇਂ ਹਰ ਕਿਸੇ ਕੋਲ ਜੁਰਮ ਦਾ ਇਕਬਾਲ ਕਰ ਲੈਂਦਾ ਹੈ ਅਤੇ ਆਪਣੇ ਆਪ ਨੂੰ ਸਜ਼ਾ ਵਾਸਤੇ ਪੇਸ਼ ਕਰ ਦੇਂਦਾ ਹੈ। ਸੱਭਿਅਕ ਕਾਤਲ ਕਦੇ ਫੜਿਆ ਹੀ ਨਹੀਂ ਜਾਂਦਾ। ਜਾਂ ਫਿਰ ਉਹ ਪਾਰਲੀਮੈਂਟ ਜਾਂ ਅਸੈਂਬਲੀ ਵਿਚ ਜਾ ਬਿਰਾਜਮਾਨ ਹੁੰਦਾ ਹੈ ਅਤੇ ਦੂਸਰਿਆਂ ਨੂੰ ਇਨਸਾਫ਼ ਦੇਣ ਵਾਸਤੇ ਕਾਨੂੰਨ ਘੜਨ ਬੈਠ ਜਾਂਦਾ ਹੈ। ਖ਼ੈਰ!
ਉਸ ਸ਼ਾਮ ਦੇ ਖਾਣੇ ਬਾਰੇ ਏਨਾ ਕੁ ਹੀ ਹੋਰ ਹੈ ਕਿ ਸਬਜ਼ੀਆਂ ਦੀ ਪੈਦਾਵਾਰ ਨੂੰ ਬਹੁ-ਭਾਂਤੀ ਬਨਾਉਣ ਸਬੰਧੀ ਵਾਹਵਾ ਚਰਚਾ ਚੱਲੀ। ਮੁਲੀ, ਗਾਜਰ, ਮਟਰ, ਫਲੀਦਾਰ ਸਬਜ਼ੀਆਂ, ਟਮਾਟਰ, ਭਿੰਡੀ, ਬੈਂਗਣ, ਮਿਰਚਾਂ ਆਦਿ ਦੇ ਬੀਜਾਂ ਨੂੰ ਵਿਆਪਕ ਪੱਧਰ ਉੱਤੇ ਕਬਾਇਲੀ ਕਿਸਾਨਾਂ ਵਿਚ ਵੰਡਣ ਦਾ ਮਾਮਲਾ ਵਿਚਾਰਿਆ ਗਿਆ। ਕੁਝ ਥਾਵਾਂ ਉੱਪਰ ਪਹਿਲਾਂ ਹੀ ਅਜਿਹੇ ਤਜ਼ਰਬੇ ਸ਼ੁਰੂ ਕੀਤੇ ਜਾ ਚੁੱਕੇ ਸਨ ਪਰ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਉਹ ਨਾ-ਕਾਫ਼ੀ ਹਨ। ਪਾਣੀ ਦੀ ਘਾਟ ਅਤੇ ਜ਼ਮੀਨ ਵਿਚ ਪੱਥਰਾਂ ਗੀਟਿਆਂ ਦੀ ਭਰਮਾਰ ਨਿਸਚੇ ਹੀ ਸਬਜ਼ੀਆਂ ਦੇ ਪੈਦਾ ਹੋਣ ਲਈ ਅਨੁਕੂਲ ਨਹੀਂ ਹਨ। ਸਿੰਜਾਈ ਦਾ ਪ੍ਰਬੰਧ ਤੇ ਪੱਥਰ ਹਟਾਉਣ ਦੇ ਦੋਵੇਂ ਕੰਮ ਭਾਰੀ ਤਰੱਦਦ ਅਤੇ ਸਮੂਹਕ ਮਿਹਨਤ ਦੀ ਮੰਗ ਕਰਦੇ ਹਨ ਜਿਸ ਵਾਸਤੇ ਵਿਆਪਕ ਤੇ ਜ਼ੋਰਦਾਰ ਮੁਹਿੰਮ ਦੀ ਜ਼ਰੂਰਤ ਮਹਿਸੂਸ ਕੀਤੀ ਗਈ।
ਰਸੋਈ ਘਰ ਤੋਂ ਵਾਪਸ ਆਉਂਦੇ ਵਕਤ ਐਤੁ ਮੇਰੇ ਨਾਲ ਹੋ ਲਿਆ। ਐਤ ਪੰਜਾਬੀ ਨਾਮ ਵੀ ਹੈ। ਐਤਵਾਰ ਪੈਦਾ ਹੋਇਆ ਹੋਵੇਗਾ ਐਤੂ, ਤਾਂ ਹੀ ਮਾਪਿਆਂ ਨੇ ਇਹ ਨਾਮ ਰੱਖਿਆ ਹੋਵੇਗਾ। ਪਰ ਨਹੀਂ, ਉਹ ਐਤਵਾਰ ਪੈਦਾ ਨਹੀਂ ਸੀ ਹੋਇਆ। ਉਸ ਨੇ ਇਹ ਨਾਮ ਆਪਣੇ ਵਾਸਤੇ ਖ਼ੁਦ ਚੁਣਿਆ ਸੀ। ਉਸ ਦੇ ਇਕ ਬਹੁਤ ਪਿਆਰੇ ਮਿੱਤਰ ਦਾ ਨਾਮ ਸੀ ਐਤੂ। ਉਸ ਸ਼ਹੀਦ ਹੋ ਚੁੱਕੇ ਮਿੱਤਰ ਦਾ ਕਾਜ਼ ਅੱਗੇ ਤੋਰਨ ਲਈ ਉਸ ਨੇ ਇਹ ਨਾਮ ਅਪਣਾਅ ਲਿਆ। ਐਤੂ ਬਹੁਤ ਪੜ੍ਹਿਆ ਹੋਇਆ ਹੈ। ਸਾਇੰਸ ਦੇ ਇਕ ਵਿਸ਼ੇ ਵਿਚ ਉਹ ਮਾਹਰ ਹੈ ਪਰ ਸਾਇੰਸਦਾਨਾਂ ਵਾਂਗ ਠੰਡਾ, ਇਕੋ ਲੀਕੇ ਤੁਰੇ ਜਾਣ ਵਾਲਾ ਅਤੇ ਆਪਣੇ ਆਲੇ ਦੁਆਲੇ ਦੇ ਸਮਾਜ ਤੋਂ ਨਿਰਲੇਪ ਰਹਿਣ ਵਾਲਾ ਨਹੀਂ ਹੈ। ਜਦ ਬੋਲੇਗਾ ਤਾਂ ਹਰ ਗੱਲ ਦਿਲੋਂ ਬੋਲੇਗਾ। ਗੁੱਸਾ ਵੀ ਅਸਲੀ, ਪਿਆਰ ਵੀ ਅਸਲੀ। ਖ਼ੁਦ ਨੂੰ ਛੁਪਾਉਣਾ ਉਸ ਨੇ ਸਿੱਖਿਆ ਹੀ ਨਹੀਂ। ਉਹ ਹੈਰਾਨ ਹੁੰਦਾ ਹੈ ਕਿ ਇਨਸਾਨ ਅਜਿਹਾ ਢੰਗ ਕਿਵੇਂ ਸਿੱਖ ਜਾਂਦੇ ਹਨ। ਜਦ ਕੋਈ ਅਸਲੀਅਤ ਨੂੰ ਛੁਪਾਉਂਦਾ ਹੈ ਤਾਂ ਉਸ ਨੂੰ ਗੁੱਸਾ ਚੜ੍ਹ ਜਾਂਦਾ ਹੈ। ਜਦ ਤੁਹਾਨੂੰ ਪਹਿਲੀ ਵਾਰ ਵੀ ਮਿਲੇਗਾ ਤਾਂ ਪੂਰੀ ਬੇਬਾਕੀ ਨਾਲ, ਆਪਣਾ ਬਣਕੇ, ਮੁਸਕਰਾਹਟਾਂ ਖਿਲਾਰਦਾ ਹੋਇਆ। ਤੁਸੀਂ ਚੱਕਰ 'ਚ ਪੈ ਜਾਵੇਗੇ ਕਿ ਉਹ ਤੁਹਾਨੂੰ ਸ਼ਾਇਦ ਪਹਿਲਾਂ ਜਾਣਦਾ ਹੈ ਇਸ ਲਈ ਐਨੀ ਖ਼ੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ। ਪਰ, ਇਹ ਉਸ ਦਾ ਤਰੀਕਾ ਹੈ, ਜ਼ਿੰਦਗੀ ਦਾ ਤੌਰ ਹੈ। ਉਹ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹੋਇਆ ਹੀ ਤੁਹਾਨੂੰ ਮਿਲ ਸਕਦਾ ਹੈ। ਇਸ ਲਈ
ਉਸ ਦੇ ਚਿਹਰੇ ਉੱਤੇ ਤੁਸੀਂ ਅਪਣੱਤ ਫੈਲੀ ਹੋਈ ਦੇਖਦੇ ਹੋ। ਪੁਰਾਣੀ ਕਹਾਵਤ ਹੈ ਕਿ ਆਦਮੀ ਦਾ ਚਿਹਰਾ ਉਸ ਦਾ ਸ਼ੀਸ਼ਾ ਹੁੰਦਾ ਹੈ ਜਿਹੜਾ ਉਸਦੇ ਅੰਦਰ ਦੇ ਹਾਲ ਨੂੰ ਬਾਹਰ ਪ੍ਰਤੀਬਿੰਬਤ ਕਰ ਦੇਂਦਾ ਹੈ। ਬੇਸ਼ੱਕ, ਅੱਜ ਇਹ ਕਹਾਵਤ ਪਹਿਲਾਂ ਵਾਂਗ ਸੱਚੀ ਨਹੀਂ ਰਹੀ। ਚਿਹਰਿਆਂ ਨੂੰ ਅਕਸਰ ਹੀ ਧੋਖਾ ਦੇਣ ਵਾਸਤੇ ਵਰਤਿਆ ਜਾਣ ਲੱਗਾ ਹੈ। ਕਈ ਤਰ੍ਹਾਂ ਦੇ ਲੇਪ ਈਜਾਦ ਹੋ ਗਏ ਹਨ ਜਿਹਨਾਂ ਨੂੰ ਮਲ ਕੇ ਆਦਮੀ ਸੜਕ ਉੱਪਰ ਨਿਕਲਦਾ ਹੈ, ਜਾਂ ਇਹਨਾਂ ਨੂੰ ਜੇਬ ਵਿਚ ਰੱਖਦਾ ਹੈ ਅਤੇ ਜਦੋਂ ਕਿਸੇ ਨੂੰ ਮਿਲਣ ਲਗਦਾ ਹੈ ਤਾਂ ਮੂੰਹ ਉੱਤੇ ਮਲ ਲੈਂਦਾ ਹੈ। ਅੰਦਰੋਂ ਹੋਰ, ਬਾਹਰੋਂ ਹੋਰ। ਅਮਰੀਕਾ ਤੱਕ ਦਾ ਪਰਧਾਨ ਲੋਕਾਂ ਨੂੰ ਟੈਲੀਵੀਜ਼ਨ ਉੱਤੇ ਸੰਬੋਧਨ ਹੋਣ ਤੋਂ ਪਹਿਲਾਂ ਕਈ ਵਾਰ ਮੁਦਰਾਵਾਂ ਰਾਹੀਂ ਇਹਨਾਂ ਲੋਪਾਂ ਦੀ ਰਿਹਰਸਲ ਕਰਦਾ ਹੈ ਤਾਂ ਕਿ ਉਹਨਾਂ ਨੂੰ ਪ੍ਰਭਾਵਤ ਕਰ ਸਕੇ। ਪਰ, ਐਤੂ ਉਸ ਪੁਰਾਤਨ ਕਹਾਵਤ ਦਾ ਅੱਜ ਦਾ ਮੁਜੱਸਮ ਹੈ।
“ਐਤੂ ਭਾਈ, ਤੂੰ ਤਾਂ ਬੰਦੇ ਨੂੰ ਨਹੀਂ ਮਾਰ ਸਕਦਾ," ਤੰਬੂ ਵੱਲ ਤੁਰੇ ਜਾਂਦਿਆਂ ਮੈਂ ਉਸ ਨੂੰ ਕਿਹਾ।
"ਏ......ਏ!" ਐਨਕ ਨੂੰ ਉਂਗਲ ਨਾਲ ਰੁਖ਼ ਸਿਰ ਕਰਦੇ ਅਤੇ ਮੁਸਕਰਾਉਂਦੇ ਹੋਏ ਉਸ ਨੇ ਮੇਰੇ ਵੱਲ ਦੇਖਿਆ। "ਇਹ ਨਾ ਸਮਝੋ ਕਿ ਮੈਂ ਅਜਿਹਾ ਨਹੀਂ ਕਰ ਸਕਦਾ। ਜਦ ਮੌਕਾ ਆਇਆ ਤਾਂ ਮੈਂ ਇਕ ਚੰਗਾ ਨਿਸ਼ਾਨਚੀ ਸਾਬਤ ਹੋਵਾਂਗਾ। ਦੇਖ ਲੈਣਾ, ਕਈਆਂ ਨੂੰ ਟੁੰਡਾਂਗਾ।" ਉਸ ਅੰਦਰ ਜਿੰਨਾ ਪਿਆਰ ਭਰਿਆ ਹੋਇਆ ਹੈ ਓਨੀ ਹੀ ਨਫ਼ਰਤ ਵੀ ਹੈ। ਗੁੱਸੇ ਵਿਚ ਜਦ ਉਹ ਸੂਹਾ ਹੋ ਜਾਂਦਾ ਹੈ ਤਾਂ ਉਸ ਦਾ ਹੇਠਲਾ ਬੁੱਲ੍ਹ ਅਜੀਬ ਤਰ੍ਹਾਂ ਦਾ ਮਰੋੜਾ ਖਾ ਜਾਂਦਾ ਹੈ।
ਪਰ ਹੁਣ ਉਹ ਖ਼ੁਸ਼ੀ ਦੇ ਰੌਂਅ ਵਿਚ ਸੀ ਇਸ ਲਈ ਇਹ ਯਕੀਨ ਕਰਨਾ ਮੁਸ਼ਕਲ ਸੀ ਕਿ ਉਹ ਵਾਕਈ ਚੰਗਾ ਨਿਸ਼ਾਨਚੀ ਸਾਬਤ ਹੋਵੇਗਾ। ਬੇਸ਼ੱਕ, ਉਸ ਦੇ ਲੱਕ ਉੱਤੇ ਬੱਝੀ ਕਾਰਤੂਸਾਂ ਦੀ ਪੇਟੀ ਪੂਰੀ ਤਰ੍ਹਾਂ ਕੱਸੀ ਹੋਈ ਸੀ, ਰਾਈਫ਼ਲ ਵਿਚ ਮੈਗਜ਼ੀਨ ਫਿੱਟ ਸੀ ਅਤੇ ਮਾਓ ਕੈਪ ਨੇ ਉਸ ਦੇ ਵੱਡੇ ਸਾਰੇ ਸਿਰ ਨੂੰ ਕੱਸ ਕੇ ਫੜ੍ਹਿਆ ਹੋਇਆ ਸੀ । ਤੁਸੀਂ ਪੇਟੀ ਤੇ ਰਾਈਫ਼ਲ ਉਸ ਕੋਲੋਂ ਲੈ ਲਵੋ ਤਾਂ ਤੁਹਾਨੂੰ ਉਹ ਆਰਕਿਆਲੋਜੀ ਦਾ ਜਨੂੰਨੀ ਖੋਜਕਾਰ ਪ੍ਰਤੀਤ ਹੋਣ ਲੱਗੇਗਾ ਜਿਹੜਾ ਪੱਥਰਾਂ ਹੇਠ ਲੁਕੀ ਕਿਸੇ ਪੁਰਾਣੀ ਸੱਭਿਅਤਾ ਦੀ ਤਲਾਸ਼ ਵਿਚ ਗਵਾਚਿਆ ਜੰਗਲਾਂ ਵਿਚ ਘੁੰਮ ਰਿਹਾ ਹੋਵੇ। ਉੱਚ-ਵਿਦਿਆ ਹਾਸਲ ਕਰਨ ਤੋਂ ਬਾਦ ਉਸ ਨੇ ਸੋਚ ਲਿਆ ਸੀ ਕਿ ਉਸ ਦੇ ਨੌਕਰੀ ਕਰਨ ਨਾਲ ਉਸ ਅੰਦਰਲੇ ਸਾਇੰਸ-ਗਿਆਨ ਦਾ ਫ਼ਾਇਦਾ ਉਹਨਾਂ ਲੋਕਾਂ ਤੱਕ ਨਹੀਂ ਪਹੁੰਚੇਗਾ ਜਿਹਨਾਂ ਨੂੰ ਇਸ ਦੀ ਜ਼ਰੂਰਤ ਹੈ। ਸੋ ਉਸ ਨੇ ਸਿੱਧਾ ਲੋਕਾਂ ਤੱਕ ਪਹੁੰਚਣ ਦਾ ਰਾਹ ਲਿਆ ਅਤੇ ਭਰਮਣ ਕਰਦਾ ਕਰਾਉਂਦਾ ਏਥੇ ਜੰਗਲ ਵਿਚ ਆ ਬਿਰਾਜਮਾਨ ਹੋਇਆ। ਉਹ ਮੈਨੂੰ ਅਲੱਗ ਹੀ ਤਰ੍ਹਾਂ ਦੀਆਂ ਯੋਜਨਾਵਾਂ ਵਿਚ ਮਸਰੂਫ਼ ਦਿਖਾਈ ਦਿੱਤਾ। ਇਕ ਮੁਰਗੀ ਤੋਂ ਪੋਲਟਰੀ ਫਾਰਮ ਖੜ੍ਹਾ ਕਰਨ ਨੂੰ ਕੋਈ ਸ਼ੇਖ-ਚਿੱਲੀ ਦਾ ਸੁਪਨਾ ਕਹਿ ਸਕਦਾ ਹੈ ਪਰ ਐਤੂ ਸ਼ੇਖ-ਚਿੱਲੀ ਨਹੀਂ ਹੈ ਭਾਵੇਂ ਕਿ ਉਹ ਸੁਪਨੇ-ਸਾਜ਼ ਹੈ। ਉਹ ਇਹਨਾਂ ਸੁਪਨਿਆਂ ਨੂੰ ਹਕੀਕਤ ਵਿਚ ਢਾਲਣ ਦੀਆਂ ਯੋਜਨਾਵਾਂ ਘੜ ਰਿਹਾ ਹੈ। ਮਸਲਨ: ਜੰਗਲ ਦੀ ਉਪਜ ਦੀ ਖਪਤ ਜੰਗਲ ਵਿਚ ਹੀ ਕਿਵੇਂ ਯਕੀਨੀ ਬਣਾਈ ਜਾਵੇ। ਇਹ ਇਕ ਮਹਾਨ ਸੁਪਨਾ ਹੈ, ਆਤਮ-ਨਿਰਭਰਤਾ ਅਤੇ ਸਵੈ-ਵਸੀਲਿਆਂ ਉੱਤੇ ਆਧਾਰਤ ਵਿਕਾਸ ਦਾ ਸੁਪਨਾ, ਜਿਵੇਂ ਇਹ ਮਾਓ ਦੇ ਚੀਨ ਵਿਚ ਵਾਪਰਿਆ।
ਐਤੂ ਦੇ ਤੰਬੂ ਵੱਲ ਨੂੰ ਜਾਂਦੀ ਲੀਹ ਜਿੱਥੇ ਪਾਟਦੀ ਸੀ, ਓਥੋਂ ਉਸਦੇ ਕਦਮ ਓਧਰ ਨੂੰ ਨਹੀਂ ਮੁੜੇ। ਉਹ ਮੇਰੇ ਨਾਲ ਹੀ ਸਾਡੇ ਤੰਬੂ ਵੱਲ ਚਲਾ ਆਇਆ।
ਤੰਬੂ ਅੰਦਰ ਲੱਕੜ ਸੁਲਗਦੀ ਵੇਖ ਉਹ ਹੱਸਿਆ, "ਸੋ ਤੁਸੀਂ ਅੰਦਰ ਹੀ ਅੱਗ ਬਾਲ ਰੱਖੀ ਹੈ; ਬਹੁਤ ਸਾਰੇ ਲੋਕ ਜਦ ਜੰਗਲ ਵਿਚ ਆਉਂਦੇ ਹਨ ਤਾਂ ਉਹ ਅਜਿਹਾ ਹੀ ਕਰਦੇ ਹਨ। ਅੱਗ ਬਾਲਣ ਤੋਂ ਪ੍ਰਹੇਜ਼ ਕਰਦੇ ਹਨ ਕਿ ਦੁਸ਼ਮਣ ਧੂੰਆਂ ਦੇਖ ਲਵੇਗਾ ਤੇ ਹਮਲਾ ਕਰ ਦੇਵੇਗਾ। ਏਥੇ ਅਜਿਹਾ ਕੁਝ ਨਹੀਂ ਹੋਵੇਗਾ। ਦੂਰ ਦੂਰ ਤੱਕ ਚਾਰੇ ਪਾਸੇ ਆਪਣੇ ਹੀ ਪਿੰਡ ਹਨ ਤੇ ਆਪਣੇ ਹੀ ਲੋਕ। ਹਰ ਪਿੰਡ ਵਿਚ ਮਿਲੀਸ਼ੀਆ ਹੈ ਅਤੇ ਥਾਂ ਥਾਂ ਗੁਰੀਲਾ ਟੁਕੜੀਆਂ ਮੌਜੂਦ ਹਨ। ਅਸੀਂ ਸੁਰੱਖਿਆ ਦਾ ਖਿਆਲ ਰੱਖਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਅੱਗ ਨੂੰ ਵੀ ਤੰਬੂ ਦੇ ਅੰਦਰ ਹੀ ਬਾਲ ਲਈਏ। ਜਿਸ ਜਗ੍ਹਾ ਇਹ ਨਹੀਂ ਬਲ ਸਕਦੀ ਹੋਵੇਗੀ ਓਥੇ ਨਾ ਇਹ ਤੰਬੂ ਦੇ ਬਾਹਰ ਬਲੇਗੀ ਨਾ ਅੰਦਰ। ਦੇਖਿਆ ਨਹੀਂ ਜੇ ਰਸੋਈ ਉੱਪਰ ਸਿੱਧਾ ਆਕਾਸ਼ ਹੈ ਤੇ ਕਿਵੇਂ ਲਾਂਬੂ ਉਠਦੇ ਨੇ? ਧੂੰਏਂ ਨਾਲ ਅੱਖਾਂ ਖ਼ਰਾਬ ਨਾ ਕਰੋ, ਮਜ਼ੇ ਨਾਲ ਖੁੱਲ੍ਹੇ ਵਿਚ ਬਾਲੋ ਤੇ ਸੇਕਣ ਦਾ ਆਨੰਦ ਲਓ!"
ਬਸਤਰ ਦੇ ਜੰਗਲਾਂ ਵਿਚ ਅੱਗ ਥਾਂ ਥਾਂ ਉੱਤੇ ਬਲਦੀ ਹੈ। ਚੁੱਲ੍ਹੇ ਅਕਸਰ ਖੁੱਲ੍ਹੇ ਆਕਾਸ਼ ਹੇਠ ਹੁੰਦੇ ਹਨ। ਸੌਣ ਦਾ ਰਿਵਾਜ ਵੀ ਅਜਿਹਾ ਹੈ ਕਿ ਲੋਕ ਝੌਂਪੜੀ ਦੇ ਅੰਦਰ ਨਹੀਂ ਸੌਂਦੇ। ਉਹ ਵਿਹੜੇ ਵਿਚ ਹੀ ਅੱਗ ਬਾਲ ਲੈਂਦੇ ਹਨ ਤੇ ਉਸ ਦੇ ਚਾਰੇ ਪਾਸੇ ਸਫ਼ਾਂ ਵਿਛਾ ਕੇ ਉਹਨਾਂ ਉੱਤੇ ਸੌਂ ਜਾਂਦੇ ਹਨ। ਭਾਵੇਂ ਕਿੰਨੀ ਵੀ ਠੰਡ ਹੋਵੇ ਉਹ ਅੰਦਰ ਨਹੀਂ ਸੌਣਗੇ। ਖੇਤਾਂ ਦੀ ਰਾਖੀ ਲਈ ਵੀ ਉਹ ਅੱਗ ਬਾਲ ਕੇ ਹੀ ਬੈਠਦੇ ਹਨ। ਅੱਗ ਜੰਗਲ ਦੀ ਜ਼ਿੰਦਗੀ ਦਾ ਹਿੱਸਾ ਹੈ। ਜਦ ਇਕ ਵਾਰ ਲੱਕੜ ਦੀ ਕਿਸੇ ਗੇਲੀ ਜਾਂ ਮੁੱਢ ਨੂੰ ਅੱਗ ਲਗਾ ਦਿੱਤੀ ਗਈ ਤਾਂ ਭਾਵੇਂ ਇਨਸਾਨ ਨਜ਼ਦੀਕ ਹੋਵੇ ਭਾਵੇਂ ਨਾ, ਉਸ ਨੇ ਧੁਖ਼ਦੇ ਹੀ ਰਹਿਣਾ ਹੈ, ਰਾਤ ਵੀ ਦਿਨੇ ਵੀ। ਦੁਸ਼ਮਣ ਅੱਗ ਪਿੱਛੇ ਭਟਕਣ ਲੱਗੇਗਾ ਤਾਂ ਕਿਤੇ ਨਹੀਂ ਪਹੁੰਚ ਸਕੇਗਾ। ਅੱਗ ਤਾਂ ਚਾਰੇ ਪਾਸੇ ਹੈ। ਗੁਰੀਲੇ ਕਿੱਥੇ ਹਨ ਤੇ ਕਿੱਥੇ ਨਹੀਂ ਹਨ ਇਹ ਅੱਗ ਦੀਆਂ ਲਾਟਾਂ ਨਹੀਂ ਦੱਸ ਸਕਦੀਆਂ। ਐਤੂ ਨੇ ਸਹੀ ਕਿਹਾ ਕਿ ਇਹ ਸਮੇਂ ਤੇ ਸਥਾਨ ਅਨੁਸਾਰ ਤੈਅ ਹੋਵੇਗਾ ਕਿ ਕਿਸ ਥਾਂ ਅੱਗ ਬਲੇਗੀ ਤੇ ਕਿਸ ਥਾਂ ਨਹੀਂ। ਇਸ ਖੇਮੇ ਵਿਚ ਅੱਗ ਨਾ ਬਾਲਣ ਵਾਲੀ ਕੋਈ ਸਥਿੱਤੀ ਨਹੀਂ ਸੀ।
ਅੱਗ ਨੂੰ ਖੁਲ੍ਹੇ ਆਸਮਾਨ ਹੇਠ ਸਰਕਾ ਲਿਆ ਗਿਆ। ਸੁੱਕੀਆਂ ਪਤਲੀਆਂ ਟਾਹਣੀਆਂ ਅਤੇ ਕੁਝ ਪੱਤੇ ਸੁੱਟਕੇ ਐਤੂ ਨੇ ਦੋ ਫ਼ੂਕਾਂ ਨਾਲ ਲਾਟਾਂ ਖੜ੍ਹੀਆਂ ਕਰ ਦਿੱਤੀਆਂ।
ਬਸਤਰ ਵਿਚ ਕਈ ਤਰਾਂ ਦੀ ਅੱਗ ਬਲਦੀ ਹੈ। ਢਿੱਡ ਦੀ, ਜੰਗਲ ਦੀ, ਇਨਕਲਾਬ ਦੀ। ਐਤੂ ਚਾਹੁੰਦਾ ਹੈ ਕਿ ਸਾਰੀ ਦੁਨੀਆਂ ਇਸ ਨੂੰ ਦੇਖੋ, ਇਸ ਦੀਆਂ ਲਾਟਾਂ ਜਿੰਨੀਆਂ ਵੀ ਉੱਚੀਆਂ ਜਾਣ ਓਨਾ ਹੀ ਚੰਗਾ ਹੈ। ਢਿੱਡ ਦੀ ਅੱਗ ਉਸ ਚਿਖ਼ਾ ਵਰਗੀ ਹੈ ਜਿਸ ਅੰਦਰ ਜਿਉਂਦਾ ਇਨਸਾਨ ਸੜਦਾ ਹੈ। ਸਾਗਵਾਨ, ਬਾਂਸ ਤੇ ਦੂਸਰੀ ਹਰ ਤਰ੍ਹਾਂ ਦੀ ਵਣ-ਉਪਜ ਦੀ ਅੱਗ ਠੇਕੇਦਾਰਾਂ ਤੇ ਵਪਾਰੀਆਂ ਦੇ ਘਰਾਂ ਨੂੰ ਨਿੱਘਾ ਰੱਖਦੀ ਹੈ ਤੇ ਬਸਤਰ ਨੂੰ ਉਜਾੜ ਦੇਂਦੀ ਹੈ। ਤੀਸਰੀ ਅੱਗ ਦੀ ਗਰਮਾਇਸ਼ ਵਿਚੋਂ ਅਸੀਂ ਗੁਜ਼ਰਦੇ ਜਾਵਾਂਗੇ ਜਿਓਂ ਜਿਓਂ ਸਫ਼ੇ ਪਲਟਦੇ ਜਾਵਾਂਗੇ। ਤਿੰਨੋਂ ਅੱਗਾਂ ਨੇ ਅਜੀਬ ਤਰ੍ਹਾਂ ਦੇ ਰੂਪ ਤੇ ਆਕਾਰ ਗ੍ਰਹਿਣ ਕੀਤੇ ਹੋਏ ਹਨ। ਕਿਤੇ ਇਹੀ ਉਦਾਸੀ, ਬੇ-ਬਸੀ ਤੇ ਅੱਖਾਂ ਦੇ ਸੁੰਨੇਪਨ ਵਿਚ ਨਮੂਦਾਰ ਹੁੰਦੀ ਹੈ, ਕਿਤੇ ਸੱਪਾਂ ਦੀਆਂ ਅੱਗ ਉਗਲਦੀਆਂ ਜੀਭਾਂ ਵਰਗੀ
ਡਰਾਉਣੀ ਸ਼ਕਲ ਅਖ਼ਤਿਆਰ ਕਰਦੀ ਹੈ, ਅਤੇ ਕਿਤੇ ਮਸ਼ਾਲ ਦੀ ਰੌਸ਼ਨੀ ਦੇ ਰੂਪ ਵਿਚ ਜਲਵਾਗਰ ਹੁੰਦੀ ਹੈ। ਇਸ ਵਿਰਾਟ ਦਾਵਾਨਲ ਨੇ ਸਮੁੱਚੇ ਬਸਤਰ ਦੇ ਕਬਾਇਲੀ ਜੀਵਨ ਨੂੰ ਵਗਲ ਲਿਆ ਹੈ। ਇਸ ਦਾ ਸਿੱਟਾ ਕੀ ਨਿਕਲੇਗਾ? ਗੌਂਡ ਗੁਰੀਲੇ ਇਸ ਦੀ ਕਤੱਈ ਪ੍ਰਵਾਹ ਨਹੀਂ ਕਰਦੇ। ਉਹ ਸਿਰਫ਼ ਆਪਣੀਆਂ ਅੱਖਾਂ ਦੇ ਸੁੰਨੇਪਨ ਨੂੰ ਦੂਰ ਹੋਇਆ ਦੇਖਣਾ ਚਾਹੁੰਦੇ ਹਨ।
ਐਤੂ ਭਾਈ ਬਲ ਰਹੀ ਲੱਕੜ ਤੋਂ ਇਕ ਛਤਰੀਨੁਮਾ ਖੁੰਬ ਤੋੜਦਾ ਹੈ ਅਤੇ ਮੇਰੇ ਅੱਗੇ ਕਰ ਦੇਂਦਾ ਹੈ। ਮੈਂ ਉਸ ਨੂੰ ਲੈਕੇ ਇਹਤਿਆਤ ਨਾਲ ਉਸ ਉੱਤੇ ਉਂਗਲ ਫੇਰਦਾ ਹਾਂ ਮਤਾਂ ਇਹ ਭਰ ਜਾਏ ਤੇ ਬਰਬਾਦ ਹੋ ਜਾਏ। ਪਰ ਮੈਂ ਦੇਖਦਾ ਹਾਂ ਕਿ ਇਹ ਤਾਂ ਸਖ਼ਤ ਹੈ, ਲੱਕੜ ਵਾਂਗ ਹੀ ਸਖ਼ਤ। ਅਜਿਹੀ ਖੁੰਬ ਮੈਂ ਪਹਿਲਾਂ ਕਦੇ ਨਹੀਂ ਵੇਖੀ।
"ਇਹ ਅਮਰੀਕਾ ਤੇ ਯੂਰਪ ਨੂੰ ਬਰਾਮਦ ਕੀਤੀ ਜਾਂਦੀ ਹੈ," ਐਤੂ ਕਹਿੰਦਾ ਹੈ।
"ਦਵਾਈ ਬਣਦੀ ਹੋਵੇਗੀ?"
"ਨਹੀਂ। ਸਜਾਵਟ ਵਾਸਤੇ। ਮਹਿਮਾਨ ਕਮਰਿਆਂ ਤੇ ਦਫ਼ਤਰਾਂ ਨੂੰ ਸਜਾਉਣ ਲਈ। ਇਹ ਗਲ ਸੜ ਰਹੀ ਬਾਂਸ ਅਤੇ ਦੂਸਰੀ ਕਈ ਤਰ੍ਹਾਂ ਦੀ ਲੱਕੜ ਉੱਤੇ ਢੇਰਾਂ ਦੇ ਢੇਰ ਉੱਗਦੀ ਹੈ, ਇਕ ਉੱਲੀ ਵਾਂਗ। ਸਾਲਾਂ ਬੱਧੀ ਖ਼ਰਾਬ ਨਹੀਂ ਹੁੰਦੀ। ਇਕ ਚੀਜ਼ ਗਲ ਸੜ ਰਹੀ ਹੁੰਦੀ ਹੈ ਅਤੇ ਦੂਸਰੀ ਉਸ ਵਿਚੋਂ ਇਕ ਨਵੀਂ ਪੈਦਾ ਹੁੰਦੀ ਹੈ। ਇਹ ਕੁਦਰਤ ਦਾ ਅਸੂਲ ਹੈ। ਦੇਖੋ ਕਿੰਨੀ ਖੂਬਸੂਰਤ ਹੈ!”
"ਵਾਕਈ!” ਉਸ ਨੂੰ ਉਲਟ ਪੁਲਟ ਕਰਕੇ ਦੇਖਦਿਆਂ ਮੈਂ ਹੈਰਾਨ ਹੁੰਦਾ ਹਾਂ। ਸੋਚਦਾ ਹਾਂ ਕਿ ਕਬਾਇਲੀ ਲੋਕਾਂ ਨੂੰ ਇਸ ਦੀ ਕਾਫ਼ੀ ਕੀਮਤ ਮਿਲਦੀ ਹੋਵੇਗੀ ਜਿਹੜੀ ਸਾਡੇ ਸ਼ਹਿਰਾਂ ਵਿਚ ਤਾਂ ਦਿਖਾਈ ਨਹੀਂ ਦੇਂਦੀ ਪਰ ਸਿੱਧੀ ਯੂਰਪ ਤੇ ਅਮਰੀਕਾ ਨੂੰ ਜਾਂਦੀ ਹੈ।
"ਨਹੀਂ। ਇਸ ਇਲਾਕੇ ਵਿਚੋਂ ਇਹ ਬਾਹਰ ਨਹੀਂ ਜਾਂਦੀ। ਨਾ ਹੀ ਕੋਈ ਜਾਣਦਾ ਹੈ ਕਿ ਇਸ ਦੀ ਕੀਮਤ ਮਿਲਦੀ ਹੈ। ਇਹ ਜੰਗਲ ਵਿਚ ਪਈ ਪਈ ਹੀ ਗਲ ਸੜ ਜਾਂਦੀ ਹੈ ਜਾਂ ਲੱਕੜ ਦੇ ਨਾਲ ਹੀ ਅੱਗ ਵਿਚ ਸੁਆਹ ਹੋ ਜਾਂਦੀ ਹੈ।"
ਐਤੂ ਅਨੇਕਾਂ ਤਰ੍ਹਾਂ ਦੇ ਪੌਦਿਆਂ ਬਾਰੇ ਦੱਸਦਾ ਹੈ ਜਿਹਨਾਂ ਦੀ ਦਵਾਈਆਂ ਵਿਚ ਵਰਤੋਂ ਹੁੰਦੀ ਹੈ ਅਤੇ ਜਿਹਨਾਂ ਦੀ ਜੰਗਲ ਵਿਚ ਭਰਮਾਰ ਹੈ। ਉਸ ਨੂੰ ਦੁੱਖ ਹੈ ਕਿ ਐਨਾ ਅਮੀਰ ਖ਼ਜ਼ਾਨਾ ਹੋਣ ਦੇ ਬਾਵਜੂਦ ਵੀ ਕਬਾਇਲੀ ਦਵਾ ਖੁਣੋਂ ਮਰ ਜਾਂਦੇ ਹਨ।
"ਅਸੀਂ ਲਾਜ਼ਮੀ ਹੀ ਇਸ ਦਾ ਕੁਝ ਕਰਾਂਗੇ, ਇੱਥੋਂ ਹੀ ਰਾਹ ਬਣਾਵਾਂਗੇ,” ਉਹ ਕਹਿੰਦਾ ਹੈ।
........................
ਸੁਬਹ ਦੀ ਸੀਟੀ ਵੱਜਣ ਤੋਂ ਪਹਿਲਾਂ ਹੀ ਤੰਬੂ ਵਿਚਲੀ ਹਿਲਜੁਲ ਤੇ ਸਰਸਰਾਹਟ ਨੇ ਮੇਰੀ ਨੀਂਦ ਖੋਲ੍ਹ ਦਿੱਤੀ। ਰੰਗਨਾ (ਮੇਰਾ ਗਾਰਡ) ਤਿਆਰ ਹੋ ਰਿਹਾ ਸੀ। ਅਜੇ ਕਾਫ਼ੀ ਹਨੇਰਾ ਸੀ ਸੋ ਮੈਂ ਇਸ਼ਾਰੇ ਨਾਲ ਉਸ ਨੂੰ ਪੁੱਛਿਆ ਕਿ ਕਿੱਧਰ ਦੀ ਤਿਆਰੀ ਹੈ। ਉਸ ਨੇ 'ਸੈਂਟਰੀ' ਕਿਹਾ ਤੇ ਪਹਿਰੇਦਾਰ ਚੌਕੀ ਵੱਲ ਇਸ਼ਾਰਾ ਕਰ ਦਿੱਤਾ। 'ਸੋ ਅੱਜ ਮੇਰਾ ਗਾਰਡ ਕੋਈ ਹੋਰ ਹੋਵੇਗਾ,' ਮੈਂ ਸੋਚਦਾ ਹਾਂ। ਡਿਊਟੀ ਬਦਲ ਗਈ ਸੀ ਪਰ ਮੈਨੂੰ ਇਸ ਦਾ ਕੋਈ ਇਲਮ ਨਹੀਂ ਸੀ।
ਰੰਗੰਨਾ ਚਲਾ ਜਾਂਦਾ ਹੈ। ਬਾਹਰ ਡੂੰਘਾ ਹਨੇਰਾ ਦੇਖ ਕੇ ਮੈਂ ਫਿਰ ਸੌਣ ਦੀ ਕੋਸ਼ਿਸ਼
ਕਰਦਾ ਹਾਂ। ਅੱਖਾਂ ਵਿਚ ਨੀਂਦ ਨਹੀਂ ਹੈ। ਇਹ ਫ਼ੈਸਲਾ ਕਰਕੇ ਕਿ ਖ਼ੇਮੇ ਦਾ ਚੱਕਰ ਲਗਾਇਆ ਜਾਵੇ, ਮੈਂ ਉੱਠ ਪੈਂਦਾ ਹਾਂ। ਚਾਦਰ ਦੀ ਬੁੱਕਲ ਮਾਰ ਕੇ ਮੈਂ ਟਾਰਚ ਉਠਾਉਂਦਾ ਹਾਂ ਤੇ ਖੱਬੇ ਹੱਥ ਵੱਲ ਨਿਵਾਣ ਦੇ ਰਾਹ ਵਿਚ ਪੈਂਦੇ ਇਕ ਤੰਬੂ ਦਾ ਰੁਖ਼ ਕਰਦਾ ਹਾਂ। ਜਿਸ ਦੇ ਬਾਹਰ ਅੱਗ ਬਲ ਰਹੀ ਸੀ। ਅੱਗ ਬਲ ਰਹੀ ਹੈ ਤਾਂ ਜ਼ਾਹਰ ਹੈ ਕਿ ਕੋਈ ਨਾ ਕੋਈ ਓਥੇ ਬੈਠਾ ਇਸਨੂੰ ਸੇਕ ਰਿਹਾ ਹੋਵੇਗਾ। ਟਾਰਚ ਦੀ ਰੌਸ਼ਨੀ ਜ਼ਮੀਨ ਉੱਤੇ ਸੁੱਟਦਾ ਹੋਇਆ ਮੈਂ ਉਸ ਵੱਲ ਵਧਦਾ ਹਾਂ। ਓਥੇ ਦੋ ਆਕਾਰ ਮੈਨੂੰ ਬੈਠੇ ਹੋਏ ਨਜ਼ਰੀਂ ਪੈਂਦੇ ਹਨ।
"ਐਨੀ ਜਲਦੀ! ਅਜੇ ਤਾਂ ਤਿੰਨ ਵਜੇ ਹਨ। ਚਲੋ ਮੈਂ ਨਾਲ ਚੱਲਦਾ ਹਾਂ," ਕਹਿੰਦਿਆਂ ਇਕ ਨੇ ਰਾਈਫ਼ਲ ਉਠਾਈ ਤੇ ਖੜ੍ਹਾ ਹੋ ਗਿਆ।
"ਨਹੀਂ, ਮੈਂ ਬਾਹਰ ਨਹੀਂ ਜਾ ਰਿਹਾ। ਰੰਗੰਨਾ ਜਾ ਰਿਹਾ ਸੀ ਤੇ ਮੇਰੀ ਨੀਂਦ ਖੁੱਲ੍ਹ ਗਈ। ਸੋਚਿਆ ਕਿ ਖੇਮੇ ਦਾ ਚੱਕਰ ਕੱਟਦਾਂ ਤੇ ਦੇਖਦਾ ਹਾਂ ਕਿ ਕੌਣ ਜਾਗ ਰਿਹੈ ਤੇ ਕੌਣ ਸੋਂ ਰਿਹੈ।"
“ਦੋ ਤਾਂ ਅਸੀਂ ਹੀ ਜਾਗ ਰਹੇ ਹਾਂ,” ਉਹ ਮੁਸਕਰਾਇਆ ਤੇ ਦੂਸਰੇ ਵੱਲ ਇਸ਼ਾਰਾ ਕੀਤਾ। ਉਹ ਇਕ ਗੁਰੀਲਾ ਕੁੜੀ ਸੀ ਤੇ ਅੱਗ ਦੀਆਂ ਲਪਟਾਂ ਨਿਹਾਰ ਰਹੀ ਸੀ। ਸਾਡੀ ਗੱਲਬਾਤ ਵੱਲ ਉਸ ਨੇ ਉੱਕਾ ਹੀ ਧਿਆਨ ਨਾ ਦਿੱਤਾ।
"ਕਿਸੇ ਡੂੰਘੀ ਵਿਚਾਰ ਵਿਚ ਸੋ?" ਮੈਂ ਕਹਿੰਦਾ ਹਾਂ।
"ਨਹੀਂ। ਕੈਂਪ ਦਾ ਚੱਕਰ ਲਾਉਂਦੇ ਲਾਉਂਦੇ ਏਥੇ ਅੱਗ ਕੋਲ ਆਕੇ ਬੈਠ ਗਏ।"
“ਪਰ ਇਹ ਤਾਂ ਕਿਸੇ ਡੂੰਘੀ ਸੋਚ ਵਿਚ ਉੱਤਰੀ ਲਗਦੀ ਹੈ।"
"ਹਿੰਦੀ ਨਹੀਂ ਜਾਣਦੀ।"
"ਗੌਂਡ ਹੈ?”
"ਨਹੀਂ, ਤੈਲਗੂ।"
ਖ਼ੁਦ ਉਹ ਉੜੀਆ ਸੀ। ਉੜੀਸਾ ਦੇ ਕਿਸੇ ਪਿੰਡ ਦਾ ਜੰਮਪਲ। ਅੱਧ-ਵਿਚਾਲੇ ਕਾਲਜ ਛੱਡਿਆ ਤੇ ਗੁਰੀਲਿਆਂ ਨਾਲ ਆ ਮਿਲਿਆ। ਹੁਣ ਉਹ ਇਕ ਦਸਤੇ ਦਾ ਡਿਪਟੀ ਕਮਾਂਡਰ ਹੈ। ਉਸ ਦਾ ਕਮਾਂਡਰ ਉਹੀ ਗੌਂਡ ਨੌਜਵਾਨ ਸੀ ਜਿਹੜਾ ਕੱਲ ਪਹਿਰੇਦਾਰ ਚੌਕੀ ਨੰਬਰ ਦੋ ਉੱਤੇ ਸਾਨੂੰ ਮਿਲਿਆ ਸੀ।
ਉਹ ਰਾਤ ਦੀ ਗਸ਼ਤ ਉੱਪਰ ਸਨ। ਉਹਨਾਂ ਦੇ ਤਿੰਨ ਸਾਥੀ ਖੇਮੇ ਵਿਚ ਕਿਸੇ ਹੋਰ ਪਾਸੇ ਘੁੰਮ ਰਹੇ ਸਨ।
“ਰਾਤ ਦੀ ਡਿਉਟੀ ਮੁਸ਼ਕਲ ਹੁੰਦੀ ਹੋਵੇਗੀ?"
"ਨਹੀਂ.” ਉਹ ਜਵਾਬ ਦੇਂਦਾ ਹੈ।
ਮੁਸ਼ਕਲ ਸਿਰਫ਼ ਉਸ ਵਕਤ ਹੁੰਦੀ ਹੈ ਜਦ ਵਿਅਕਤੀ ਇਕੱਲਾ ਸੈਂਟਰੀ ਡਿਉਟੀ ਉੱਤੇ ਹੁੰਦਾ ਹੈ। ਜਦ ਕੋਈ ਹੋਰ ਨਜ਼ਦੀਕ ਨਹੀਂ ਹੁੰਦਾ ਤਾਂ ਓਦੋਂ ਉਸ ਦੇ ਖਿਆਲ ਦੂਰ ਦੂਰ ਤੱਕ ਦੀਆਂ ਉਡਾਰੀਆਂ ਲਾਉਂਦੇ ਹਨ। ਕਦੇ ਪਿੰਡ ਦੇ ਯਾਰਾਂ ਦੀ ਢਾਣੀ ਵਿਚ ਜਾ ਪਹੁੰਚਦੇ ਹਨ, ਕਦੇ ਕਾਲਜ ਦੇ ਅਹਾਤੇ ਵਿਚ ਤੇ ਕਦੇ ਛੋਟੇ ਬੱਚੇ ਬਣ ਆਪਣੇ ਭੈਣਾਂ-ਭਰਾਵਾਂ ਕੋਲ। ਕਦੇ ਕਦੇ ਉਹ ਮਾਂ ਦੀ ਆਵਾਜ਼ ਸੁਣ ਕੇ ਚੌਂਕ ਪੈਂਦਾ ਹੈ। ਤੱਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਕਿਸੇ ਦਰੱਖ਼ਤ ਉਹਲੇ ਪਹਿਰੇਦਾਰ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ ਅਤੇ ਆਵਾਜ਼ ਦੇਣ ਵਾਲੀ ਮਾਂ ਦੂਰ, ਬਹੁਤ ਦੂਰ, ਪਿੱਛੇ ਪਿੰਡ ਵਿਚ ਹੈ। ਏਥੇ ਤਾਂ ਕੋਈ ਵੀ ਨਹੀਂ। ਆਦਮੀ ਚੁੱਪਚਾਪ ਖੜ੍ਹਾ ਸੱਨਾਟੇ ਵਿਚੋਂ ਜਾਂ ਜੰਗਲ ਵਿਚੋਂ
ਗੁਜ਼ਰਦੀ ਹਵਾ ਦੀ ਸਾਂ ਸਾਂ ਵਿਚੋਂ ਓਪਰੀਆਂ ਆਵਾਜ਼ਾਂ ਪਛਾਨਣ ਦੀ ਕੋਸ਼ਿਸ਼ ਕਰਦਾ ਹੈ। ਉਸ ਵਕਤ ਦੱਸ ਫੁੱਟ 'ਤੇ ਖੜ੍ਹਾ ਦੂਸਰਾ ਸਾਥੀ ਵੀ ਕੋਹਾਂ ਦੂਰ ਲਗਦਾ ਹੈ। ਜੰਗਲ ਬੀਆਬਾਨ ਦੀ ਭਿਆਨਕ ਖ਼ਾਮੋਸ਼ੀ ਨਾ ਸਿਰਫ਼ ਉਸਦੇ ਚੁਫ਼ੇਰੇ ਹੀ ਫੈਲੀ ਹੁੰਦੀ ਹੈ ਸਗੋਂ ਇਹ ਉਸ ਦੇ ਅੰਦਰ ਵੀ ਪੱਸਰ ਜਾਂਦੀ ਹੈ। ਉਹ ਹਿੱਲਦਾ ਨਹੀਂ, ਗੁਣਗੁਣਾਉਂਦਾ ਨਹੀਂ, ਬੀੜੀ ਨਹੀਂ ਪੀਂਦਾ, ਬੈਠਣ ਦੀ ਗ਼ਲਤੀ ਨਹੀਂ ਕਰਦਾ। ਲੱਤਾਂ ਜਾਂ ਬਾਂਹਾਂ ਨੂੰ ਹਿਲਾਉਣ ਵੇਲੇ ਵੀ ਉਹ ਐਨਾ ਚੌਕਸ ਰਹਿੰਦਾ ਹੈ ਕਿ ਸਰਸਰ ਦੀ ਆਵਾਜ਼ ਵੀ ਨਾ ਹੋਵੇ।
ਸੰਤਰੀ ਦੀ ਡਿਊਟੀ ਜੰਗ ਵਿਚ ਸਿੱਧਾ ਲੜਨ ਨਾਲੋਂ ਕਿਤੇ ਮੁਸ਼ਕਲ ਹੈ। ਇਹ ਜੰਗ ਦੀ ਇਕ ਅਸਪੱਸ਼ਟ ਉਡੀਕ ਹੈ ਜੋ ਅਨੰਤਤਾ ਨਾਲ ਇਕਮਿਕ ਹੋਈ ਹੋਈ ਮਹਿਸੂਸ ਹੁੰਦੀ ਹੈ। ਪਹਿਰਾ ਦੇਣ ਵਾਲਾ ਅਕਸਰ ਹੀ ਆਪਣੀ ਜ਼ਿੰਦਗੀ ਦੀ ਸਾਰੀ ਰੀਲ ਫਿਰ ਘੁਮਾ ਦੇਂਦਾ ਹੈ। ਬਚਪਨ ਤੋਂ ਲੈਕੇ ਹੁਣ ਤਕ ਦੀ ਹਰ ਘੜੀ ਨੂੰ ਮੁੜ ਜੀਂਦਾ ਹੈ। ਤੁਸੀਂ ਕਈ ਵਾਰ ਬੀਤੇ ਨੂੰ ਯਾਦ ਕਰਕੇ ਮੁਸਕਰਾਉਂਦੇ ਹੋ, ਹੱਸਦੇ ਹੋ, ਗੁੱਸੇ ਵਿਚ ਆਉਂਦੇ ਹੋ ਅਤੇ ਹੱਥਾਂ ਪੈਰਾਂ ਨੂੰ ਅਜੀਬ ਤਰੀਕੇ ਨਾਲ ਝਟਕਦੇ ਹੋ, ਪਰ ਸੰਤਰੀ ਅਜਿਹਾ ਨਹੀਂ ਕਰ ਸਕਦਾ। ਭਾਵੇਂ ਉਹ ਆਪਣੇ ਅੰਦਰੋਂ ਇਕ ਸਮੁੰਦਰ ਦੀ ਤਰ੍ਹਾਂ ਖੌਲ ਰਿਹਾ ਹੋਵੇ ਪਰ ਬਾਹਰੋਂ ਉਹ ਇਕ ਬੁੱਤ ਵਾਂਗ ਦਿਖਾਈ ਦੇਵੇਗਾ। ਮੰਤਰੀ ਦਾ ਸੰਸਾਰ ਕਾਲਪਨਿਕ ਅਤੇ ਅਸਲੀ, ਦੋਵੇਂ ਤਰ੍ਹਾਂ ਦਾ ਹੁੰਦਾ ਹੈ। ਹਕੀਕਤ ਤੇ ਅਫ਼ਸਾਨੇ ਦਾ ਇਕ ਸਾਂਝਾ ਮੁਜੱਸਮ।
ਭਾਵੇਂ ਖਿਆਲਾਂ ਵਿਚ ਗੁਆਚਣਾ ਸੰਤਰੀ ਦਾ ਕੰਮ ਨਿਭਾ ਰਹੇ ਕਿਸੇ ਵੀ ਵਿਅਕਤੀ ਵਾਸਤੇ ਖ਼ਤਰਨਾਕ ਹੋ ਸਕਦਾ ਹੈ ਫਿਰ ਵੀ ਚੌਕਸ ਤੋਂ ਚੌਕਸ ਵਿਅਕਤੀ ਵੀ ਉਸ ਆਲਮ ਵਿਚ ਚਲਾ ਜਾਂਦਾ ਹੈ। ਉਹ ਕੋਸ਼ਿਸ਼ ਕਰਦਾ ਹੈ ਕਿ ਸੁਪਨਿਆਂ ਦੀ ਦੁਨੀਆਂ ਵਿਚ ਨਾ ਉੱਤਰੇ ਇਸ ਲਈ ਉਹ ਆਪਣੇ ਵਿਰੁੱਧ ਸੰਘਰਸ਼ ਕਰਦਾ ਹੈ। ਗੁਰੀਲਾ ਲਗਾਤਾਰ ਚੱਲਣ ਵਾਲੀ ਜੰਗ ਦਾ ਸਿਪਾਹੀ ਹੈ ਜਿੱਥੇ ਉਹ ਛਾਪਾਮਾਰ ਤਰੀਕਾ ਵਰਤਦਾ ਹੈ ਪਰ ਏਥੇ ਉਹ ਛਾਪਾ ਵੱਜਣ ਤੋਂ ਰੋਕਣ ਦੀ ਜ਼ਿੰਮੇਵਾਰੀ ਉੱਤੇ ਹੈ। ਉਸ ਨੇ ਇਸ ਵਿਚ ਵੀ ਓਨੀ ਹੀ ਮੁਹਾਰਤ ਨਾਲ ਨਿਭਣਾ ਹੈ। ਕਈ ਵਾਰ ਇੰਜ ਹੋਇਆ ਹੈ ਕਿ ਮੰਤਰੀ ਦੇ ਅਵੇਸਲੇ ਹੋਣ ਨਾਲ ਉਹ ਤੇ ਉਸ ਦੇ ਸਾਥੀ ਦਬੋਚ ਲਏ ਗਏ। ਕਈ ਵਾਰ ਇੰਜ ਹੋਇਆ ਕਿ ਉਸ ਦੀ ਚੌਕਸੀ ਨੇ ਵੱਡੇ ਵੱਡੇ ਹਾਦਸਿਆਂ ਨੂੰ ਟਾਲ ਦਿੱਤਾ। ਖੇਮੇ ਵਿਚਲੇ ਕਮਾਂਡਰ, ਸੰਤਰੀ ਦੀ ਜ਼ਿੰਮੇਦਾਰੀ ਨਿਭਾਅ ਰਹੇ ਗੁਰੀਲਿਆਂ ਨਾਲ ਲਗਾਤਾਰ ਰਾਬਤਾ ਰੱਖਦੇ ਹਨ। ਇਸ ਨਾਲ ਸੰਤਰੀ ਨੂੰ ਆਪਣੇ ਆਪ ਉੱਤੇ ਕਾਬੂ ਰੱਖਣ ਵਿਚ ਵੱਡੀ ਮਦਦ ਮਿਲਦੀ ਹੈ। ਸੰਤਰੀ ਦੀ ਡਿਊਟੀ ਤਕਰੀਬਨ ਰੋਜ਼ ਬਦਲਦੀ ਹੈ ਅਤੇ ਇਸ ਦਾ ਅਰਸਾ ਇਕ ਤੋਂ ਦੋ ਘੰਟੇ ਦੇ ਦਰਮਿਆਨ ਰਹਿੰਦਾ ਹੈ। ਗੁਰੀਲਾ ਜਦ ਔਖੇ ਕੰਮ ਗਿਨਾਉਣ ਲਗਦਾ ਹੈ ਤਾਂ ਉਹਨਾਂ ਵਿਚ ਇਕ, ਸੰਤਰੀ ਦੀ ਡਿਊਟੀ ਵੀ ਸ਼ਾਮਲ ਹੈ।
ਪਰ ਉਸ ਨੇ ਮੇਰੇ ਸਵਾਲ ਦੇ ਜਵਾਬ ਵਿਚ 'ਨਹੀਂ' ਕਿਹਾ ਸੀ। ਮੁਸ਼ਕਲ ਕੰਮ ਨੂੰ ਵੀ ਮੁਸ਼ਕਲ ਨਾ ਕਹਿਣਾ ਗੁਰੀਲਾ ਮਾਨਸਿਕਤਾ ਦਾ ਹਿੱਸਾ ਹੈ।
ਸਵੇਰ ਹੋਣ ਤੋਂ ਬਹੁਤ ਪਹਿਲਾਂ ਦੇ ਸਮੇਂ ਵਿਚ ਅਸੀਂ ਸਾਰੇ ਖੇਮੇ ਵਿਚ ਘੁੰਮੇ। ਸਭ ਤੰਬੂਆਂ ਦੇ ਆਲੇ ਦੁਆਲਿਓਂ ਚੱਕਰ ਲਾਇਆ। ਤਕਰੀਬਨ ਹਰ ਤੰਬੂ ਦੇ ਬਾਹਰ ਹੀ ਮੈਂ ਇਕ ਜਾਂ ਦੋ ਜਣਿਆਂ ਨੂੰ ਬੈਠੇ ਹੋਏ ਜਾਂ ਤੁਰੇ-ਫਿਰਦੇ ਦੇਖਿਆ। ਰਾਤ ਨੂੰ ਵੀ ਖੇਮੇ ਵਿਚ ਇਕ ਤਰ੍ਹਾਂ ਨਾਲ ਚਹਿਲ-ਪਹਿਲ ਰਹਿੰਦੀ ਹੈ।
.....................
"ਸਾਥੀ ਕੋਸਾ।"
ਮੇਰੀ ਆਵਾਜ਼ ਉੱਤੇ ਕੋਸਾ ਨਾਮ ਦੇ ਇਸ ਗੁਰੀਲੇ, ਜਿਹੜਾ ਮੇਰੇ ਹੀ ਤੰਬੂ ਦਾ ਸੀ ਅਤੇ ਮੇਰਾ ਨਵਾਂ ਗਾਰਡ ਸੀ, ਮੇਰੇ ਵੱਲ ਤੱਕਿਆ।
"ਅੱਜ ਨਹਾਉਣ ਚੱਲੀਏ?"
"ਜ਼ਰੂਰ ਚੱਲਾਂਗੇ। ਮੈਨੂੰ ਨਹਾਉਣ ਦਾ ਬੜਾ ਮਜ਼ਾ ਆਉਂਦੇ। ਨਾਲੇ ਬਾਂਬੂ ਸ਼ੂਟ ਲੈਕੇ ਆਵਾਂਗੇ।"
ਬਾਂਬੂ ਸ਼ੂਟ। ਬਾਂਸ ਦੀਆਂ ਨਰਮ ਕੂਲੀਆਂ ਪੋਰੀਆਂ। ਆਗ ਤੋਂ ਹੇਠਾਂ ਦੀਆਂ ਚਾਰ ਪੰਜ। ਬਰਸਾਤ ਦੇ ਬਾਦ ਦੋ ਮਹੀਨੇ ਤੱਕ ਇਹ ਮਿਲਦੀਆਂ ਰਹਿੰਦੀਆਂ ਹਨ। ਜੰਗਲਾਂ ਤੋਂ ਬਾਹਰ ਸ਼ਾਇਦ ਟਾਵਾਂ ਟੱਲਾ ਹੀ ਜਾਣਦਾ ਹੈ ਕਿ ਬਾਂਸ ਦੀ ਸਬਜ਼ੀ ਵੀ ਬਣਦੀ ਹੈ। ਬਾਂਸ ਕਿਸਾਨ ਵਾਸਤੇ ਡਾਂਗ ਲਈ, ਅਮੀਰ ਵਾਸਤੇ ਫਰਨੀਚਰ ਲਈ, ਗਰੀਬ ਵਾਸਤੇ ਝੁੱਗੀ ਲਈ, ਬੁੱਢਿਆਂ ਵਾਸਤੇ ਡੰਗੋਰੀ ਲਈ, ਠੇਕੇਦਾਰਾਂ ਵਾਸਤੇ ਕਮਾਈ ਲਈ ਅਤੇ ਕਬਾਇਲੀਆਂ ਵਾਸਤੇ ਲੱਕ-ਤੋੜਵੀਂ ਮਿਹਨਤ ਲਈ ਤੇ ਇਸ ਦੀ ਬੇ-ਸੁਆਦ ਸਬਜ਼ੀ ਲਈ ਧਰਤੀ ਉੱਪਰ ਪੈਦਾ ਹੋਇਆਹੈ।
ਜਦ ਉਸ ਨੇ ਕਿਹਾ ਸੀ ਕਿ 'ਨਾਲੇ ਬਾਂਬੂ ਸ਼ੂਟ ਲੈਕੇ ਆਵਾਂਗੇ' ਤਾਂ ਮੈਂ ਸਮਝਿਆ ਕਿ ਇਸ ਦੀ ਸਬਜ਼ੀ ਬਹੁਤ ਸਵਾਦ ਹੁੰਦੀ ਹੋਵੇਗੀ, ਇਸੇ ਲਈ ਖੁਸ਼ੀ ਜ਼ਾਹਰ ਕਰ ਰਿਹਾ ਹੈ। ਪਰ ਬਾਦ ਵਿਚ ਉਸ ਨੇ ਦੱਸਿਆ ਕਿ ਬਾਂਸ ਦੀ ਸਬਜ਼ੀ 'ਨਾ ਹੋਣ ਤੋਂ ਚੰਗੀ' ਹੈ। ਕੋਸਾ ਨੇ ਹੋਰ ਵੀ ਬਹੁਤ ਕੁਝ ਕਿਹਾ ਤੇ ਦੱਸਿਆ। ਮੈਂ ਤੁਹਾਨੂੰ ਉਸੇ ਦੇ ਸ਼ਬਦਾਂ ਸਾਹਮਣੇ ਕਰ ਦੇਂਦਾ ਹਾਂ:
"ਤੁਸੀਂ ਜਾਨਣਾ ਚਾਹੋਗੇ ਕਿ ਅਸੀਂ ਏਥੇ ਕੀ ਕੀ ਖਾਂਦੇ ਹਾਂ? ਮੱਛੀ, ਚੌਲ, ਸ਼ਿਕਾਰ, ਫਲ ਆਦਿ, ਬਹੁਤ ਲੁਭਾਉਣੀਆਂ ਚੀਜ਼ਾਂ ਲਗਦੀਆਂ ਹਨ। ਦੂਰ ਤੋਂ ਇੰਜ ਲਗਦਾ ਹੋਵੇਗਾ ਕਿ ਜੰਗਲ ਦੀ ਜ਼ਿੰਦਗੀ ਸਭ ਤੋਂ ਵਧੀਆ ਜ਼ਿੰਦਗੀ ਹੈ ਜਿੱਥੇ ਖਾਣ ਦੀਆਂ ਚੀਜ਼ਾਂ ਦੀ ਕਦੇ ਤੋਟ ਨਹੀਂ ਆਉਂਦੀ ਹੋਵੇਗੀ। ਤੁਸੀਂ ਜਦ ਇਸ ਕੈਂਪ ਤੋਂ ਬਾਹਰ ਨਿਕਲੋਗੇ ਤੇ ਪਿੰਡਾਂ 'ਚ ਘੁੰਮੋਗੇ ਤਾਂ ਤੁਹਾਨੂੰ ਕੋਈ ਵੀ ਆਦਮੀ ਜਾਂ ਔਰਤ ਵੱਡੀ ਉਮਰ ਦੇ ਨਹੀਂ ਮਿਲਣਗੇ। ਅਸੀਂ ਮੁਸ਼ਕਲ ਨਾਲ ਹੀ ਪੰਜਾਹਾਂ ਤੱਕ ਪਹੁੰਚਦੇ ਹਾਂ। ਪੰਜਾਹਾਂ ਤੱਕ ਜੇ ਮੈਂ ਗ਼ਲਤੀ ਨਹੀਂ ਖਾ ਰਿਹਾ ਤਾਂ ਇਹ ਪੰਜਾਹ ਹੀ ਹੋਣਗੇ। ਮੌਤ ਜਨਮ ਤੋਂ ਹੀ ਸਾਡਾ ਪਿੱਛਾ ਕਰਨ ਲਗਦੀ ਹੈ ਤੇ ਪੰਜਾਹਾਂ ਤੱਕ ਪਹੁੰਚਦੇ ਪਹੁੰਚਦੇ ਹਰ ਕਿਸੇ ਨੂੰ ਦਬੋਚ ਲੈਂਦੀ ਹੈ। ਨਦੀਆਂ ਨਾਲੇ ਸੁੱਕ ਜਾਂਦੇ ਹਨ ਤਾਂ ਮੱਛੀਆਂ, ਕੇਕੜੇ, ਘੋਗਿਆਂ ਦਾ ਕਾਲ ਪੈ ਜਾਂਦਾ ਹੈ। ਉਸ ਕਾਲ ਸਮੇਂ ਜੇ ਕਿਸੇ ਨੂੰ ਮੱਛੀ ਮਿਲ ਜਾਵੇ ਤਾਂ ਉਸ ਜਿਹਾ ਦੁਨੀਆਂ ਉੱਤੇ ਹੋਰ ਕੋਈ ਨਹੀਂ। ਸੋ ਅਸੀਂ ਉਸ ਸਮੇਂ ਵਾਸਤੇ ਕੁੱਝ ਮੱਛੀ ਸੁਕਾ ਕੇ ਰੱਖ ਲੈਂਦੇ ਹਾਂ। ਜਦ ਮੱਛੀ ਬਹੁਤ ਹੁੰਦੀ ਹੈ ਤਾਂ ਬਾਂਬੂ ਵੀ ਬਹੁਤ ਹੁੰਦਾ ਹੈ। ਪਰ ਇਸ ਨੇ ਮੱਛੀ ਤੋਂ ਬਹੁਤ ਪਹਿਲਾਂ ਸੁੱਕ ਕੇ ਲੱਕੜ ਹੋ ਜਾਣਾ ਹੁੰਦਾ ਹੈ। ਅਸੀਂ ਮੱਛੀ ਨੂੰ ਬਚਾਉਂਦੇ ਹਾਂ ਤੇ ਬਾਂਸ ਦੀ ਵਰਤੋਂ ਕਰਦੇ ਹਾਂ। ਪੁਸ਼ਤਾਂ ਤੋਂ ਸਾਡੇ ਵੱਡ-ਵਡੇਰਿਆਂ ਨੇ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਹੋਵੇਗੀ ਤੇ ਉਹਨਾਂ ਇਹ ਢੰਗ ਕੱਢ ਲਿਆ: ਮੱਛੀ ਬਚਾਓ ਤੇ ਬਾਂਸ ਖਾਓ। ਨਹੀਂ ਤਾਂ ਮੱਛੀ ਦੇ ਦਿਨਾਂ 'ਚ ਬਾਂਸ ਕੌਣ ਖਾਣਾ ਚਾਹੇਗਾ? ਇਹ ਸਵਾਦ ਨਹੀਂ ਹੁੰਦਾ ਪਰ ਸਾਡੇ ਦਿਨ ਲੰਘਾ ਦੇਂਦਾ ਹੈ ਜਿਸ ਨਾਲ ਮੱਛੀ ਬਚ ਜਾਂਦੀ
ਹੈ। ਬਾਕੀ ਦਾ ਸਮਾਂ ਅਸੀਂ ਮੱਛੀ ਵੀ ਖਾਂਦੇ ਹਾਂ ਤੇ ਕੰਦ-ਮੂਲ ਵੀ। ਕੰਦ-ਮੂਲ ਸਾਨੂੰ ਸਰਦੀਆਂ ਦੇ ਖ਼ਤਮ ਹੋਣ ਤੋਂ ਬਾਦ ਮਿਲਣ ਲਗਦਾ ਹੈ। ਉਹਨਾਂ ਦਿਨਾਂ 'ਚ ਨਦੀਆਂ 'ਚ ਮੱਛੀ ਨਹੀਂ ਹੁੰਦੀ ਸੋ ਅਸੀਂ ਪੌਦਿਆਂ ਨੂੰ ਜੜ੍ਹਾਂ ਤੋਂ ਉਖਾੜਦੇ ਹਾਂ ਤੇ ਉਹਨਾਂ ਵਿਚ ਛੁਪੇ ਭੋਜਨ ਨਾਲ ਗੁਜ਼ਾਰਾ ਕਰਦੇ ਹਾਂ। ਕੰਦ-ਮੂਲ ਨਾ ਮਿਲਣ ਤਾਂ ਜੀਣਾ ਅਸੰਭਵ ਹੋ ਜਾਵੇ। ਇਹ ਪਹਿਲਾਂ ਹੀ ਬਹੁਤ ਮੁਸ਼ਕਲ ਹੋ ਚੁੱਕਾ ਹੁੰਦਾ ਹੈ। ਸਰਦੀਆਂ ਵਿਚ ਸਾਡੇ ਬੱਚੇ ਵੀ ਮਰਦੇ ਹਨ ਤੇ ਪਸ਼ੁ ਵੀ। ਜੰਗਲ ਵਿਚ ਘਾਹ ਤੇ ਪੌਦੇ ਸੁੱਕ ਜਾਂਦੇ ਹਨ। ਬੱਕਰੀਆਂ ਤੇ ਗਾਵਾਂ ਦੇ ਚਰਨ ਲਈ ਕੁਝ ਨਹੀਂ ਰਹਿੰਦਾ। ਉਹਨਾਂ ਦੇ ਪਿੰਜਰ ਨਿਕਲ ਆਉਂਦੇ ਹਨ। ਇਸ ਤੋਂ ਪਹਿਲਾਂ ਕਿ ਪਸ਼ੂ ਮਰ ਜਾਵੇ, ਅਸੀਂ ਉਸ ਨੂੰ ਵੱਢ ਲੈਂਦੇ ਹਾਂ ਤੇ ਸਾਰੇ ਰਲ ਕੇ ਖਾਂਦੇ ਹਾਂ। ਜੇ ਅਸੀਂ ਪਸ਼ੂਆਂ ਦਾ ਭੋਜਨ ਨਾ ਵਰਤੀਏ ਤਾਂ ਪਸ਼ੂ ਵੀ ਮਰਨਗੇ ਤੇ ਲੋਕ ਵੀ। ਤੁਸੀਂ ਕੱਲ ਪਹਿਲੀ ਵਾਰ ਜ਼ਿੰਦਗੀ ਵਿਚ ਗਾਂ ਦਾ ਮਾਸ ਖਾਧਾ ਹੋਵੇਗਾ। ਅਸੀਂ ਜਾਣਦੇ ਹਾਂ ਕਿ ਜੰਗਲ ਤੋਂ ਬਾਹਰ ਦੇ ਲੋਕ ਇਸ ਨੂੰ ਨਹੀਂ ਖਾਂਦੇ। ਉਹਨਾਂ ਨੂੰ ਹੋਰ ਬਹੁਤ ਕੁਝ ਮਿਲ ਜਾਂਦਾ ਹੋਵੇਗਾ। ਉਹਨਾਂ ਦੇ ਨਦੀਆਂ ਨਾਲੇ ਨਹੀਂ ਸੁੱਕਦੇ ਹੋਣਗੇ। ਘਾਹ ਤੇ ਚਾਰਾ ਸਾਰਾ ਸਾਲ ਰਹਿੰਦੇ ਹੋਣਗੇ। ਸੋ ਉਹਨਾਂ ਨੂੰ ਗਾਵਾਂ ਨੂੰ ਵੱਢਣਾ ਨਹੀਂ ਪੈਂਦਾ। ਸਾਡੀ ਜ਼ਿੰਦਗੀ ਦੀਆਂ ਏਥੇ ਹੋਰ ਤਰ੍ਹਾਂ ਦੀਆਂ ਮੰਗਾਂ ਹਨ। ਅਸੀਂ ਆਪਣੀਆਂ ਜ਼ਰੂਰਤਾਂ ਮੁਤਾਬਕ ਚੱਲਦੇ ਹਾਂ। ਨਹੀਂ ਤਾਂ ਏਥੇ ਜ਼ਿੰਦਗੀ ਰੁਕ ਜਾਵੇ।"
ਕੋਸਾ ਗੌਂਡ ਸੀ, ਜੰਗਲ ਦਾ ਨਿਵਾਸੀ। ਉਸ ਨੇ ਬੁੱਢਿਆਂ ਵਾਂਗ ਆਪਣੀ ਗੱਲ ਕਹੀ ਜਿਵੇਂ ਉਸ ਦੀ ਉਮਰ ਰੁੱਖਾਂ ਜਿੰਨੀ ਲੰਬੀ ਹੋਵੇ ਅਤੇ ਉਸਨੇ ਕਈ ਪੀੜੀਆਂ ਨੂੰ ਆਪਣੀ ਛਾਂ ਹੇਠ ਜੰਮਦੇ, ਜਵਾਨ ਹੁੰਦੇ ਤੇ ਫਿਰ ਅੱਧਖੜ ਉਮਰ ਤਕ ਪਹੁੰਚਦੇ ਪਹੁੰਚਦੇ ਮਰਦੇ ਦੇਖਿਆ ਹੋਵੇ। ਪੀੜ੍ਹੀ-ਦਰ-ਪੀੜ੍ਹੀ ਦੀ ਜ਼ਿੰਦਗੀ ਦਾ ਤਜ਼ਰਬਾ, ਜੋ ਮਨੁੱਖ ਅੰਦਰ ਸਹਿਜ-ਸੁਭਾਅ ਪ੍ਰਗਟ ਹੁੰਦਾ ਹੈ, ਕੋਸਾ ਨੇ ਉਸ ਨੂੰ ਸ਼ਬਦਾਂ ਵਿਚ ਪਰੋ ਕੇ ਪੇਸ਼ ਕਰਨ ਦੀ ਜਾਚ ਸਿੱਖ ਲਈ ਸੀ। ਮੈਂ ਸੋਚਿਆ ਕਿ ਜੰਗਲ ਵਿਚ ਉਹ ਮੇਰਾ ਗਾਰਡ ਨਹੀਂ, ਸਗੋਂ ਗਾਈਡ ਹੋਣਾ ਚਾਹੀਦਾ ਹੈ ਕਿਉਂਕਿ ਉਹ ਮੈਨੂੰ ਪੌਦਿਆਂ, ਰੁੱਖਾਂ, ਪੱਥਰਾਂ, ਜਾਨਵਰਾਂ, ਨਦੀਆਂ ਅਤੇ ਗੌਂਡ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਵੱਡੀ ਜਾਣਕਾਰੀ ਦੇ ਸਕਦਾ ਹੈ। ਕੋਸਾ ਇਕ ਖ਼ਜ਼ਾਨੇ ਵਾਂਗ ਸੀ। ਬੀਤਿਆ ਕਾਲ ਉਸ ਦੇ ਜ਼ਿਹਨ ਵਿਚ ਭਰਿਆ ਪਿਆ ਸੀ। ਹਾਲ ਉੱਤੇ ਉਸਦੀ ਵਾਹਵਾ ਪਕੜ ਸੀ ਅਤੇ ਆਉਣ ਵਾਲਾ ਵਕਤ ਕਿਹੋ ਜਿਹਾ ਹੋ ਸਕਦਾ ਹੈ, ਇਸ ਦਾ ਉਹ ਝਲਕਾਰਾ ਦੇਂਦਾ ਸੀ।
ਸਵੇਰ ਦੀ ਹਾਜ਼ਰੀ ਤੋਂ ਬਾਦ ਅਸੀਂ ਕਸਰਤ ਮੈਦਾਨ ਨਹੀਂ ਗਏ ਸਗੋਂ ਜੰਗਲ ਵਿਚ ਘੁੰਮਣ ਨਿਕਲ ਗਏ। ਆਪਣੇ ਵਿਸ਼ੇ ਉਤੇ ਪਰਤਣ ਵਿਚ ਸਾਨੂੰ ਜ਼ਿਆਦਾ ਦੇਰ ਨਹੀਂ ਲੱਗੀ। ਕੋਸਾ ਨੇ ਦੱਸਿਆ ਕਿ ਜਦ ਕੰਦ ਮੂਲ ਵੀ ਢਿੱਡ ਭਰਨ ਲਈ ਨਾ-ਕਾਫ਼ੀ ਰਹਿੰਦੇ ਹਨ ਤਾਂ ਉਹ ਲਾਲ ਕੀੜਿਆਂ ਦੀ ਸਬਜ਼ੀ ਬਣਾਉਂਦੇ ਹਨ। ਇਹ ਆਕਾਰ ਅਤੇ ਸ਼ਕਲ ਵਿਚ ਕਾਲੇ ਰੰਗ ਦੇ ਕਾਢਿਆਂ ਜਿਹੇ ਹੀ ਹੁੰਦੇ ਹਨ, ਪਰ ਰੰਗ ਵਿਚ ਲਾਲ। ਕਬਾਇਲੀ ਇਹਨਾਂ ਦੀ ਖੁੱਡ ਵਿਚ ਪਾਣੀ ਪਾਉਂਦੇ ਹਨ ਜਾਂ ਓਥੇ ਕੋਈ ਪੱਕਾ ਹੋਇਆ ਫਲ ਰੱਖ ਦੇਂਦੇ ਹਨ। ਢੇਰ ਸਾਰੇ ਕੀੜੇ ਖੁੱਡ ਚੋਂ ਬਾਹਰ ਆਉਣ ਲਗਦੇ ਹਨ ਜਿਹਨਾਂ ਨੂੰ ਫੜ੍ਹ ਕੇ ਉਹ ਪੱਤਿਆਂ ਵਿਚ ਬੰਨ੍ਹ ਕੇ ਇਕ ਗੱਠ ਬਣਾ ਲੈਂਦੇ ਹਨ। ਇਸ ਗੱਠ ਵਿਚੋਂ ਕੋਈ ਵੀ ਕੀੜਾ ਬਾਹਰ ਨਹੀਂ ਨਿਕਲ ਸਕਦਾ। ਸਿਲ ਉੱਤੇ ਰਗੜ ਕੇ ਉਹ ਇਹਨਾਂ ਕੀੜਿਆਂ ਦੀ ਚਟਣੀ ਬਣਾ ਲੈਂਦੇ ਹਨ ਜਿਸਨੂੰ ਉਹ ਤੜਕਾ ਲਾਕੇ ਭੁੰਨ ਲੈਂਦੇ ਹਨ। ਲੂਣ ਮਿਰਚ
ਪਾਓ ਤੇ ਲਜ਼ੀਜ਼ ਚੀਜ਼ ਤਿਆਰ ਹੋ ਜਾਂਦੀ ਹੈ ਜਿਹੜੀ ਮੂੰਹੋਂ ਨਹੀਂ ਲੱਥਦੀ।
ਬਾਂਸ ਅਤੇ ਭਾਂਤ ਭਾਂਤ ਦੀ ਲੱਕੜੀ ਦੇ ਐਨੇ ਵਿਸ਼ਾਲ ਘਰ ਵਿਚ ਹੁਨਰ ਤੇ ਕਲਾ ਬਾਰੇ ਮੈਂ ਕੋਸਾ ਤੋਂ ਜਾਨਣਾ ਚਾਹਿਆ।
"ਅਜਿਹਾ ਏਥੇ ਕੁਝ ਨਹੀਂ ਹੈ। ਬਾਂਸ, ਸਾਗਵਾਨ, ਇੰਗਿਰ, ਦਿਓ ਕੱਦ ਮਹੂਆ ਅਤੇ ਅਮਲਤਾਸ ਜਿਹੇ ਅਨੇਕ ਰੁੱਖਾਂ ਨਾਲ ਜੰਗਲ ਭਰਿਆ ਪਿਐ ਪਰ ਇਹਨਾਂ ਦੀ ਵਰਤੋਂ ਅਸੀਂ ਨਹੀਂ ਸਿੱਖੇ ਹੋਏ। ਹੁਨਰ ਦੇ ਵਿਕਸਤ ਹੋਣ ਵਾਸਤੇ ਪਹਿਲਾਂ ਢਿੱਡ ਦਾ ਭਰੇ ਹੋਣਾ ਜ਼ਰੂਰੀ ਹੈ। ਇਹ ਪਹਿਲੀ ਸ਼ਰਤ ਹੈ। ਏਥੇ ਇਹੀ ਸ਼ਰਤ ਪੂਰੀ ਨਹੀਂ ਹੁੰਦੀ। ਅਸੀਂ ਜਾਂ ਝੁੱਗੀਆਂ ਪਾਉਂਦੇ ਹਾਂ ਜਾਂ ਫਿਰ ਚੌਲਾਂ ਦੇ ਰੱਖਣ ਵਾਸਤੇ ਬੈਂਤ ਦੇ ਢੋਲ ਬਣਦੇ ਹਾਂ। ਜਿੱਥੇ ਲੋਕ ਨੰਗੀ ਜ਼ਮੀਨ ਉੱਤੇ ਅੱਗ ਦੁਆਲੇ ਸੌਂਦੇ ਹੋਣ ਓਥੇ ਕੁਰਸੀਆਂ ਮੇਜ਼ਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਇਹ ਸ਼ਹਿਰੀ ਲੋਕਾਂ ਦੀ ਜ਼ਰੂਰਤ ਹੋ ਸਕਦੀ ਹੈ ਪਰ ਏਥੇ ਇਹ ਸਮੇਂ ਦੀ ਬਰਬਾਦੀ ਗਿਣੀ ਜਾਵੇਗੀ। ਠੇਕੇਦਾਰ ਭਾਵੇਂ ਜੰਗਲਾਂ ਦੇ ਜੰਗਲ ਵਢਾ ਲੈਣ ਕਬਾਇਲੀ ਵੱਢ ਦੇਣਗੇ, ਇਸ ਦੇ ਉਹਨਾਂ ਨੂੰ ਪੈਸੇ ਮਿਲਦੇ ਹਨ ਭਾਵੇਂ ਥੋੜ੍ਹੇ ਹੀ ਕਿਓਂ ਨਾ ਮਿਲਣ ਪਰ ਕੁਰਸੀਆਂ ਮੇਜ਼ ਏਥੇ ਕੌਣ ਖ੍ਰੀਦੇਗਾ? ਤੁਸੀਂ ਇਹਨਾਂ ਚੀਜ਼ਾਂ 'ਤੇ ਸਮਾਂ ਬਰਬਾਦ ਕਰ ਕੇ ਬਾਦ 'ਚ ਇਹਨਾਂ ਨੂੰ ਸਿਓਂਕ ਦੇ ਹਵਾਲੇ ਨਹੀਂ ਕਰ ਸਕਦੇ।"
ਲੂਣ, ਮਿਰਚ ਤੇ ਹਲਦੀ ਦੀ ਜ਼ਰੂਰਤ ਨੇ ਠੇਕੇਦਾਰਾਂ ਤੇ ਵਪਾਰੀਆਂ ਨੂੰ ਕਬਾਇਲੀਆਂ ਉੱਤੇ ਰਾਜ ਕਰਨ ਲਾ ਦਿੱਤਾ। ਨਾ ਕਬਾਇਲੀ ਆਦਮੀ ਦੀ ਕੋਈ ਹਸਤੀ ਰਹੀ, ਨਾ ਔਰਤ ਦੀ। ਜਦ ਚਾਹਿਆ ਡੰਗਰਾਂ ਵਾਂਗ ਹਿੱਕਿਆ ਤੇ ਕਟਾਈ ਕਰਵਾ ਲਈ, ਜਦ ਚਾਹਿਆ ਧਰਤੀ ਪੁੱਟਣ ਲਾ ਦਿੱਤਾ, ਜਦ ਚਾਹਿਆ ਕਿਸੇ ਔਰਤ ਨੂੰ ਚੁੱਕ ਲਿਆ। ਲੋਹਾ, ਮੈਂਗਨੀਜ਼, ਹੀਰੇ, ਲੱਕੜ ਕੀ ਕੀ ਨਹੀਂ ਲੈ ਗਏ। ਇਸ ਦੌਲਤ ਦਾ ਕੋਈ ਅੰਦਾਜ਼ਾ ਨਹੀਂ ਲਗਦਾ, ਇਹ ਬੇ-ਸ਼ੁਮਾਰ ਹੈ। ਤੇ ਕਬਾਇਲੀ? ਉਹ ਨੰਗ ਦੇ ਨੰਗੇ। ਉਹੀ ਭੁੱਖ, ਉਹੀ ਬਿਮਾਰੀ, ਉਹੀ ਮੌਤ, ਉਹੀ ਲਾਚਾਰਗੀ, ਉਹੀ ਪਸ਼ੂਆਂ ਵਾਲਾ ਜੀਵਨ। ਕੋਸਾ ਕਹਿੰਦਾ ਹੈ: “ਜਿਸਨੂੰ ਤੁਸੀਂ ਕੁਦਰਤੀ ਜੀਵਨ ਦਾ ਨਾਮ ਦੇਂਦੇ ਹੋ ਉਹ ਪਸ਼ੂ ਜੀਵਨ ਹੈ, ਸਾਡਾ ਪਸ਼ੂਆਂ ਤੋਂ ਵੀ ਬਦਤਰ। ਅਸੀਂ ਜੰਗਲ ਦੇ ਇਨਸਾਨ ਪਸ਼ੂਆਂ ਤੋਂ ਵੀ ਹੀਣੇ ਬਣਾ ਦਿੱਤੇ ਗਏ ਹਾਂ।"
ਇਸ ਤੋਂ ਬਾਦ ਕੋਸਾ ਲੰਬਾ ਸਮਾਂ ਚੁੱਪ ਰਿਹਾ। ਜੰਗਲ ਵੀ ਅਹਿੱਲ ਖੜ੍ਹਾ ਹੋ ਗਿਆ। ਹਵਾ ਵੀ ਰੁਕ ਗਈ।
ਤੁਰਦੇ ਤੁਰਦੇ ਅਸੀਂ ਚੌਕੀ ਨੰਬਰ ਤਿੰਨ ਦੇ ਨਜ਼ਦੀਕ ਪਹੁੰਚ ਗਏ। ਪਹਿਰੇਦਾਰ ਕੁੜੀ ਨੂੰ ਕੋਸੇ ਨੇ ਆਵਾਜ਼ ਦਿੱਤੀ ਤੇ ਹੱਥ ਹਿਲਾਇਆ ਤੇ ਫਿਰ ਅਸੀਂ ਉਸ ਪਹਾੜੀ ਦਾ ਰੁਖ਼ ਕੀਤਾ। ਪਹਾੜੀ ਇੰਗਿਰ ਦੇ ਕੰਡਿਆਲੇ ਦਰੱਖ਼ਤਾਂ ਤੇ ਝਾੜੀਆਂ ਨਾਲ ਭਰੀ ਹੋਈ ਸੀ। ਆਸਾਨ ਤੇ ਬਾਕਾਇਦਾ ਰਸਤੇ ਵੱਲ ਹੋਣ ਦੀ ਬਜਾਏ ਅਸੀਂ ਚਟਾਨਾਂ ਵਿਚੋਂ ਦੀ ਮੁਸ਼ਕਲ ਪਰ ਸਿੱਧੇ ਰਸਤੇ ਉੱਤੇ ਚੜ੍ਹ ਕੇ ਸਿਖ਼ਰ 'ਤੇ ਪਹੁੰਚੇ।
"ਈਕ ਪੰਡੀ," ਕੋਸਾ ਬੋਲਿਆ।
ਸਿਖ਼ਰ ਉੱਤੇ ਈਕ ਪੰਡੀ, ਜੋ ਮਲ੍ਹਿਆਂ ਦੇ ਬੇਰਾਂ ਵਰਗੇ ਹੁੰਦੇ ਹਨ ਪਰ ਜਿਸਦਾ ਦਰੱਖ਼ਤ ਬੇਰੀ ਜਿੰਨਾ ਉੱਚਾ ਹੁੰਦਾ ਹੈ, ਨੂੰ ਵੇਖ ਕੇ ਮੂੰਹ ਵਿਚ ਪਾਣੀ ਆ ਗਿਆ। ਸਭ ਨਾਲ ਹੱਥ ਮਿਲਾਉਣ ਤੋਂ ਬਾਦ ਮੈਂ ਈਕ ਪੰਡੀ ਤੋੜਨ ਵਿਚ ਰੁੱਝ ਗਿਆ। ਗੁਰੀਲੇ
ਈਕ ਪੰਡੀ ਦਾ ਮਜ਼ਾ ਓਵੇਂ ਹੀ ਲੈਂਦੇ ਹਨ ਜਿਵੇਂ ਮਲ੍ਹਿਆਂ ਦੇ ਬੇਰ ਤੋੜਨ ਵੇਲੇ ਲਿਆ ਜਾਂਦਾ ਹੈ। ਥੋੜ੍ਹੀਆਂ ਝਰੀਟਾਂ, ਥੋੜ੍ਹੀ ਮਿਠਾਸ। ਜਦ ਮਾਰਚ ਕਰਦੇ ਹੋਏ ਉਹ ਜੰਗਲ ਵਿਚੋਂ ਗੁਜ਼ਰਦੇ ਹਨ ਤਾਂ ਕਈ ਵਾਰ ਈਕ ਪੰਡੀ ਦੇਖ ਕੇ ਦੋ ਮਿੰਟ ਆਰਾਮ ਦੀ ਛੁੱਟੀ ਕਰ ਲੈਂਦੇ ਹਨ। ਜੇ ਰੁਕਣ ਦਾ ਸਮਾਂ ਨਹੀਂ ਹੈ ਤਾਂ ਚੱਲਦੇ ਚੱਲਦੇ ਜਿਸ ਕਿਸੇ ਨੂੰ ਮੌਕਾ ਮਿਲਦਾ ਹੈ ਉਹ ਦੋ ਦਾਣੇ ਤੋੜ ਲੈਂਦਾ ਹੈ ਤੇ ਖ਼ੁਸ਼ ਹੋ ਜਾਂਦਾ ਹੈ। ਪਰ ਉਸ ਦੀ ਖ਼ੁਸ਼ੀ ਉਸ ਤੋਂ ਪਿਛਲੇ ਵਾਸਤੇ ਮੁਸੀਬਤ ਬਣ ਜਾਂਦੀ ਹੈ। ਈਕ ਪੰਡੀ ਨੂੰ ਤਾਂ ਪਿਛਲੇ ਨੇ ਕੀ ਹੱਥ ਪਾਉਣਾ ਹੈ ਸਗੋਂ ਅਗਲੇ ਰਾਹੀਂ ਛੱਡੀ ਗਈ ਟਾਹਣੀ ਦੀ ਮਾਰ ਤੋਂ ਬਚਣ ਲਈ ਉਸ ਨੂੰ ਝੁਕ ਕੇ ਲੰਘਣਾ ਪੈਂਦਾ ਹੈ ਨਹੀਂ ਤਾਂ ਈਕ ਪੰਡੀ ਦੇ ਕੰਡੇ ਉਸਦੀ ਟੋਪੀ ਨੂੰ ਉੜਾ ਸਕਦੇ ਹਨ ਤੇ ਸਾਰੇ ਦਸਤੇ ਵਿਚ ਹਾਸਾ ਛੇੜ ਸਕਦੇ ਹਨ।
ਨਾਸ਼ਤੇ ਦੇ ਸਮੇਂ ਤਕ ਪਹੁੰਚਣ ਲਈ ਅਸੀਂ ਵਾਪਸ ਪਰਤ ਪਏ। ਕੋਸਾ ਨੇ ਦੱਸਿਆ ਕਿ ਉਹ ਸ਼ਾਦੀ-ਸ਼ੁਦਾ ਹੈ ਤੇ ਉਸਦੀ ਸਾਥਣ ਇਕ ਹੋਰ ਦਸਤੇ ਦੀ ਮੈਂਬਰ ਹੈ। ਉਹ ਨਾਵੀਂ ਜਮਾਤ ਤੱਕ ਪੜ੍ਹਿਆ ਹੋਇਆ ਸੀ। ਹਿੰਦੀ ਸਕੂਲ ਅਤੇ ਤੈਲਗੂ ਦਸਤੇ ਵਿਚ ਆ ਕੇ ਸਿੱਖੀ। ਅੰਗਰੇਜ਼ੀ ਦੀ ਜਾਣਕਾਰੀ ਵਧਾਉਣ ਦੀ ਕੋਸ਼ਿਸ਼ ਵਿਚ ਸੀ।
ਉਸਨੇ ਆਪਣੇ ਦਸਤੇ ਵਿਚ ਪੜ੍ਹਾਈ ਦੀ ਹਾਲਤ ਸਬੰਧੀ ਵੀ ਜਾਣਕਾਰੀ ਦਿੱਤੀ। ਉਸਦੇ ਦਸਤੇ ਦੇ ਬਹੁਤੇ ਗੌਂਡ ਮੁੰਡੇ ਕੁੜੀਆਂ ਨੇ ਦਸਤੇ ਵਿਚ ਆ ਕੇ ਹੀ ਕਾਇਦੇ ਦੇ ਅੱਖਰ ਪਛਾਨਣੇ ਸਿੱਖੇ ਸਨ। ਹੁਣ ਕੋਈ ਕਿਤਾਬ ਪੜ੍ਹਣ ਦੇ ਯਤਨਾਂ ਵਿਚ ਸੀ, ਕੋਈ ਸੌ ਤੱਕ ਦੀ ਗਿਣਤੀ ਯਾਦ ਕਰ ਲੈਣ ਦੇ ਨਜ਼ਦੀਕ ਪਹੁੰਚ ਚੁੱਕਾ ਸੀ ਜਦ ਕਿ ਇਕ ਜਣਾ ਜਮ੍ਹਾਂ ਘਟਾਓ ਦੇ ਸਵਾਲ ਸਿੱਖਣ ਲੱਗ ਪਿਆ ਸੀ। ਪੈੱਨ ਮੈਂ ਤਕਰੀਬਨ ਹਰ ਗੁਰੀਲੇ ਦੀ ਜੇਬ ਨਾਲ ਲੱਗਾ ਦੇਖਿਆ।
ਗਾਉਣਾ ਤੇ ਨੱਚਣਾ ਸਭ ਨੂੰ ਆਉਂਦਾ ਸੀ। ਇਹ ਦੋਵੇਂ ਗੁਣ ਕਬਾਇਲੀਆਂ ਨੂੰ ਵਿਰਸੇ ਵਿਚ ਮਿਲਦੇ ਹਨ। ਆਦਮੀ, ਔਰਤਾਂ, ਮੁੰਡੇ, ਕੁੜੀਆਂ, ਸਾਰੇ ਇਕੱਠੇ ਹੀ ਨੱਚਦੇ ਹਨ। ਜਾਣ ਲਵੋ ਕਿ ਸਾਰਾ ਪਿੰਡ ਹੀ ਇਕੱਠਾ ਨੱਚਦਾ ਹੈ। ਕਬਾਇਲੀਆਂ ਦੇ ਸਾਰੇ ਗੀਤ ਸਮੂਹ-ਗੀਤ ਹੀ ਹਨ। ਉਹ ਮਿਲ ਕੇ ਗਾਉਂਦੇ ਹਨ। ਆਪਣੇ ਸਾਰੇ ਦੌਰੇ ਦੌਰਾਨ ਮੈਂ ਸੋਲੋ ਗੀਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਅਜਿਹੇ ਕਿਸੇ ਗੀਤ ਦਾ ਪਤਾ ਨਹੀਂ ਸੀ। ਇਕ ਸ਼ਾਮ ਰਾਇਪੁਰ ਰੇਡੀਓ ਤੋਂ ਮੈਂ ਇਕ ਅਜਿਹਾ ਗੌਂਡ ਗੀਤ ਸੁਣਿਆ ਜਿਸ ਨੂੰ ਇਕ ਕਲਾਕਾਰ ਗਾ ਰਹੀ ਸੀ। ਪਰ ਸਭ ਨੇ ਮੈਨੂੰ ਇਹੀ ਕਿਹਾ ਉਸ ਗੀਤ ਨੂੰ ਇੱਕਲਾ ਕੋਈ ਨਹੀਂ ਗਾਉਂਦਾ ਤੇ ਅਜਿਹਾ ਸਿਰਫ਼ ਰੇਡੀਓ ਉੱਤੇ ਹੀ ਹੋ ਰਿਹਾ ਹੈ।
ਮੈਂ ਜਾਨਣਾ ਚਾਹਿਆ ਕਿ ਗੁਣਗੁਣਾਉਣ ਲੱਗਾ ਤਾਂ ਆਦਮੀ ਇੱਕਲਾ ਹੀ ਗੁਣਗੁਣਾ ਸਕਦਾ ਹੈ। ਸੋ ਉਹ ਵੀ ਕਦੇ ਗੁਣਗਣਾਉਂਦਾ ਹੋਵੇਗਾ। ਉਸ ਦੱਸਿਆ ਕਿ ਗੁਣਗੁਣਾਉਣਾ ਤਾਂ ਹੋ ਜਾਂਦਾ ਹੈ ਪਰ ਜੋ ਕਿਸੇ ਦੂਸਰੇ ਦੇ ਕੰਨੀਂ ਆਵਾਜ਼ ਪੈ ਜਾਵੇ ਤਾਂ ਉਹ ਨਾਲ ਰਲ ਜਾਂਦਾ ਹੈ। ਫਿਰ ਗੁਣਗੁਣਾਉਣਾ ਬੰਦ ਹੋ ਜਾਂਦਾ ਹੈ। ਵੈਸੇ ਕੋਈ ਕਬਾਇਲੀ ਘੱਟ ਹੀ ਇਕੱਲਾ ਹੁੰਦਾ ਹੈ। ਹਾਂ, ਪਹਿਰੇ ਉੱਤੇ ਅਕਸਰ ਉਹ ਇਕੱਲੇ ਹੁੰਦੇ ਹਨ, ਪਰ ਚੌਕਸ ਆਦਮੀ ਗੁਣਗੁਣਾ ਨਹੀਂ ਸਕਦਾ।
ਕੋਸਾ ਕਦੇ ਕਦੇ ਗੀਤ ਵੀ ਲਿਖਦਾ ਹੈ।
.............................
ਨਾਸ਼ਤਾ ਅੱਜ ਸਵੀਟ ਡਿਸ਼ ਹੈ। ਪਤੀਲਾ ਰਵੇ ਦੇ ਕੜਾਹ ਨਾਲ ਭਰਿਆ ਪਿਆ ਸੀ ਜਿਸ ਵਿਚ ਮੂੰਗਫਲੀ ਦੀ ਗਿਰੀ ਪਾਈ ਗਈ ਸੀ । ਖਾਣ ਵਾਲੇ ਮਜ਼ਾ ਲੈ ਲੈ ਕੇ ਖਾ ਰਹੇ ਸਨ ਜਦ ਕਿ ਦੂਸਰੇ ਆਪਣੀ ਵਾਰੀ ਵਾਸਤੇ ਉਤਸੁਕ ਸਨ। ਮੈਂ ਵੀ ਖੁਸ਼ ਹੋਇਆ ਕਿ ਅੱਜ ਬਹੁਤ ਦਿਨਾਂ ਬਾਦ ਮਿੱਠੀ ਚੀਜ਼ ਦਾ ਮੂੰਹ ਦੇਖਣ ਨੂੰ ਮਿਲਿਆ। ਸੋਚਿਆ, ਅਜਿਹਾ ਇੱਥੇ ਕਦੇ ਕਦਾਈਂ ਹੀ ਹੁੰਦਾ ਹੋਵੇਗਾ। ਥਾਲੀ ਲੈ ਕੇ ਜਦ ਮੈਂ ਚੱਖਿਆ ਤਾਂ ਮੇਰਾ ਮੂੰਹ ਥਾਏਂ ਖੜ੍ਹ ਗਿਆ। ਇਹ ਨਮਕੀਨ ਪਲਾਅ ਸੀ-ਦੱਖਣ ਦੀ ਮਸ਼ਹੂਰ ਡਿਸ਼। ਹੌਲੀ ਹੌਲੀ ਮਿੱਠੇ ਦਾ ਖਿਆਲ ਮਨ ਚੋਂ ਮੱਧਮ ਪੈਂਦਾ ਗਿਆ ਤੇ ਜ਼ੁਬਾਨ ਦਾ ਸਵਾਦ ਬਦਲਦਾ ਗਿਆ। ਅੱਧੀ ਪਲੇਟ ਮੁੱਕਣ ਤੱਕ ਮੈਨੂੰ ਸਵਾਦ ਆਉਣ ਲੱਗ ਪਿਆ।
ਮਿੱਠਾ ਸਿਰਫ਼ ਚਾਹ ਵਿਚ ਹੀ ਪੈਂਦਾ ਹੈ, ਬਾਕੀ ਦੀ ਹਰ ਚੀਜ਼ ਨਮਕੀਨ ਹੁੰਦੀ ਹੈ ਜਾਂ ਫਿੱਕੀ। ਚਾਹ ਵੀ ਸਿਰਫ਼ ਗੁਰੀਲਿਆਂ ਦੀ ਹੀ ਅੱਯਾਸ਼ੀ ਹੈ। ਗੌਂਡ ਲੋਕ ਮਿੱਠੀ ਚੀਜ਼ ਪਸੰਦ ਹੀ ਨਹੀਂ ਕਰਦੇ। ਬਸਤਰ ਦੇ ਪਿੰਡਾਂ ਵਿਚ ਲੱਗਣ ਵਾਲੇ ਹਾਟ ਬਾਜ਼ਾਰਾਂ ਵਿਚ, ਜਿਹੜੇ ਪੰਦਰਾਂ ਦਿਨ ਜਾਂ ਕਈ ਵਾਰ ਪੂਰੇ ਮਹੀਨੇ ਬਾਦ ਲੱਗਦੇ ਹਨ, ਨਮਕ ਪਹਿਲੀ ਵਸਤੂ ਹੈ ਜਿਸ ਨੂੰ ਲੋਕ ਖ੍ਰੀਦਦੇ ਹਨ। ਏਥੇ ਮਿਲਣ ਵਾਲੇ ਨਮਕ ਦਾ ਰੰਗ ਲਾਲ ਭਾਅ ਮਾਰਦਾ ਹੈ ਅਤੇ ਦਾਣੇਦਾਰ ਹੁੰਦਾ ਹੈ। ਆਇਓਡਾਇਜ਼ਡ ਸਾਲਟ ਨਾ ਉਹਨਾਂ ਕਦੇ ਸੁਣਿਆ ਹੈ ਨਾ ਹੀ ਦੇਖਿਆ ਹੈ। ਖੰਡ ਇਹਨਾਂ ਹਾਟ ਬਾਜ਼ਾਰਾਂ ਵਿਚੋਂ ਨਹੀਂ ਮਿਲਦੀ। ਲੋਕ ਖ੍ਰੀਦਦੇ ਹੀ ਨਹੀਂ। ਉਹਨਾਂ ਨੇ ਇਸ ਦਾ ਸਵਾਦ ਵੀ ਨਹੀਂ ਚੱਖਿਆ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਉਹਨਾਂ ਦੀ ਸਮਰੱਥਾ ਤੋਂ ਪਰੇ ਦੀ ਚੀਜ਼ ਹੈ। ਖੰਡ, ਗੁੜ, ਸ਼ਹਿਦ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਮਿਠਾਈ ਨਾਮ ਦੀ ਚੀਜ਼ ਨੂੰ ਜੰਗਲ ਦੇ ਲੋਕ ਨਹੀਂ ਜਾਣਦੇ। ਸ਼ਾਦੀ ਵਿਆਹ ਦੀ ਦਾਅਵਤ ਵਿਚ ਵੀ ਇਸ ਦਾ ਕੋਈ ਸਥਾਨ ਨਹੀਂ ਹੁੰਦਾ। ਵਿਆਹਾਂ ਅਤੇ ਮਰਨਿਆਂ ਵੇਲੇ ਦੀਆਂ ਦਾਅਵਤਾਂ ਵਿਚ ਸ਼ਰਾਬ ਤੇ ਮਾਸ ਹੁੰਦੇ ਹਨ। ਏਥੋਂ ਤਕ ਕਿ ਜਦ ਗੌਂਡ ਲੜਕੇ ਦੇ ਮਾਂ-ਬਾਪ ਉਸ ਦੀ ਹੋਣ ਵਾਲੀ ਵਹੁਟੀ ਘਰ ਰਿਸ਼ਤਾ ਪੱਕਾ ਕਰਨ ਜਾਂਦੇ ਹਨ ਤਾਂ ਉਹ ਸ਼ਰਾਬ ਹੀ ਲੈ ਕੇ ਜਾਂਦੇ ਹਨ। ਜੇ ਲੜਕੀ ਦੇ ਮਾਂ-ਬਾਪ ਉਹਨਾਂ ਨਾਲ ਮਿਲ ਕੇ ਪੀ ਲੈਣ ਤਾਂ ਰਿਸ਼ਤਾ ਤੈਅ ਹੋ ਗਿਆ ਮੰਨ ਲਿਆ ਜਾਂਦਾ ਹੈ। ਮਿੱਠੇ ਦਾ ਸਥਾਨ ਕਿਤੇ ਨਹੀਂ ਹੈ। ਚਾਹ ਵੀ ਉਹੀ ਗੌਂਡ ਪੀਂਦੇ ਹਨ ਜਿਹੜੇ ਦਸਤਿਆਂ ਵਿਚ ਸ਼ਾਮਲ ਹਨ। ਆਮ ਜਨਤਾ ਚਾਹ ਨਹੀਂ ਪੀਂਦੀ (ਕਸਬਿਆਂ ਦੇ ਨਾਲ ਨਾਲ ਦੇ ਪਿੰਡਾਂ ਵਿਚ ਹਾਲਤ ਥੋੜੀ ਜਿਹੀ ਅਲੱਗ ਹੈ)। ਜਦ ਪਿੰਡ ਚੋਂ ਕੋਈ ਮੁੰਡਾ ਜਾਂ ਕੁੜੀ ਗੁਰੀਲਿਆਂ ਨਾਲ ਬੈਠ ਕੇ ਚਾਹ ਪੀਣ ਲੱਗ ਪਵੇ ਤਾਂ ਸਮਝ ਲਵੋ ਕਿ ਉਹ ਜਲਦੀ ਹੀ ਉਹਨਾਂ ਵਿਚ ਸ਼ਾਮਲ ਹੋਣ ਲੱਗਾ ਹੈ।
ਬੇਸ਼ੱਕ, ਨਮਕੀਨ ਪੁਲਾਅ ਤੋਂ ਬਾਦ ਚਾਹ ਹੋਰ ਵੀ ਸਵਾਦ ਲੱਗੀ। ਜੇ ਖੰਡ ਤੇ ਦੁੱਧ ਹੋਣ ਤਾਂ ਗੁਰੀਲੇ ਦਿਨ 'ਚ ਦੋ ਵਾਰ ਚਾਹ ਪੀਂਦੇ ਹਨ। ਸਵੇਰੇ ਨਾਸ਼ਤੇ ਨਾਲ, ਸ਼ਾਮ ਨੂੰ ਰਾਤ ਦੇ ਖਾਣੇ ਤੋਂ ਪਹਿਲਾਂ।
ਨਾਸ਼ਤੇ ਤੋਂ ਬਾਦ ਮੈਂ ਰਸੋਈ ਵਿਚ ਕੁਝ ਸਮਾਂ ਬਿਤਾਉਣ ਬਾਰੇ ਸੋਚਿਆ ਤਾਂ ਕਿ ਓਥੇ ਬੈਠੇ 13-14 ਸਾਲ ਦੇ ਦੋ ਮੁੰਡਿਆਂ ਨਾਲ ਗੱਲਬਾਤ ਕਰ ਸਕਾਂ। ਉਹ ਵਰਦੀ ਵਿਚ ਨਹੀਂ ਸਨ ਅਤੇ ਮੈਂ ਜਾਨਣਾ ਚਾਹੁੰਦਾ ਸਾਂ ਕਿ ਉਹ ਏਥੇ ਕੀ ਕਰਨ ਆਏ ਹਨ। ਰੋਜ਼ ਹੀ ਤਿੰਨ ਚਾਰ ਮੁੰਡੇ ਕੁੜੀਆਂ ਸਿਵਲ ਡਰੈੱਸ ਪਾਈ ਰਸੋਈ ਵਿਚ ਮੈਨੂੰ ਦਿਸਦੇ ਸਨ। ਹਰ ਰੋਜ਼ ਇਹ ਅਲੱਗ ਹੀ ਹੁੰਦੇ ਸਨ। ਯਕੀਨਨ, ਇਹ ਮੁੰਡੇ ਕੁੜੀਆਂ ਖੇਮੇ
ਗੁਰੀਲੇ ਨਹੀਂ ਸਨ।
ਉਹਨਾਂ ਦੇ ਪਿੰਡਾਂ ਦੇ ਨਾਮ ਅਜੀਬ ਜਿਹੇ ਸਨ ਜਿਹੜੇ ਹੁਣ ਮੇਰੇ ਜ਼ਿਹਨ ਵਿਚੋਂ ਨਿਕਲ ਗਏ ਹਨ। ਨਾਮ ਤਾਂ ਉਂਜ ਹੀ ਮੈਨੂੰ ਯਾਦ ਨਹੀਂ ਰਹਿੰਦੇ ਪਰ ਇਹ ਤਾਂ ਗੌਂਡ ਬੋਲੀ ਦੇ ਨਾਮ ਸਨ ਜਿਹਨਾਂ ਨੂੰ ਯਾਦ ਰੱਖਣਾ ਹੋਰ ਵੀ ਮੁਸ਼ਕਲ ਕੰਮ ਸੀ। ਉਹਨਾਂ ਵਿਚੋਂ ਇਕ ਜਣਾ ਤਿੰਨ ਸਾਲ ਸਕੂਲ ਗਿਆ ਸੀ ਤੇ ਹਿੰਦੀ ਬੋਲ ਸਕਦਾ ਸੀ। ਉਸ ਨੇ ਆਪਣਾ ਨਾਮ ਦੱਸਿਆ ਪਰ ਜਦ ਮੈਂ ਦੁਸਰੇ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਹ ਹੱਸਣ ਲੱਗ ਪਿਆ।
"ਇਹ ਹਿੰਦੀ ਨਹੀਂ ਸਮਝਦਾ। ਇਹਨੂੰ ਪਤਾ ਹੀ ਨਹੀਂ ਲੱਗਾ ਕਿ ਪੁੱਛਿਆ ਕੀ। ਗਿਆ ਹੈ।" ਪਹਿਲੇ ਨੇ ਕਿਹਾ।
ਮੈਂ ਪਹਿਲੇ ਨੂੰ ਕਿਹਾ ਕਿ ਉਹ ਮੈਨੂੰ ਦੱਸੋ ਕਿ ਮੈਂ ਗੌਂਡ ਬੋਲੀ ਵਿਚ ਇਸ ਦਾ ਨਾਂਅ ਕਿਵੇਂ ਪੁੱਛਾਂ। "ਪਿਦਰ ਬਾਤਾ।"
"ਪਿਦਰ ਬਾਤਾ?" ਮੈਂ ਦੂਸਰੇ ਨੂੰ ਸੰਬੋਧਤ ਹੋ ਕੇ ਪਹਿਲੇ ਦੇ ਸ਼ਬਦ ਦੁਹਰਾਅ ਦਿੱਤੇ।
"ਕੰਨਾ," ਉਸ ਨੇ ਜਵਾਬ ਦਿੱਤਾ। ਦੋਵਾਂ ਨਾਲ ਇਸ ਤਰ੍ਹਾਂ ਗੱਲਬਾਤ ਕਰਨ ਦਾ ਤਰੀਕਾ ਛੱਡ ਕੇ ਮੈਂ ਸਿਰਫ਼ ਪਹਿਲੇ ਤੋਂ ਹੀ ਜਾਣਕਾਰੀ ਹਾਸਲ ਕਰਨ ਦਾ ਫ਼ੈਸਲਾ ਕੀਤਾ।
ਤਿੰਨ ਜਮਾਤਾਂ ਪੜ੍ਹੇ ਉਸ ਮੁੰਡੇ ਨੇ ਮੇਰੇ ਹਰ ਸਵਾਲ ਦਾ ਜਵਾਬ ਸਪੱਸ਼ਟ ਹਿੰਦੀ ਵਿਚ ਦਿੱਤਾ। ਤਿੰਨ ਤਿੰਨ ਸਾਲਾਂ ਤੋਂ ਦਸਤਿਆਂ ਵਿਚ ਸ਼ਾਮਲ ਲੜਕੇ ਲੜਕੀਆਂ ਅਜੇ ਇਸ ਮੁਕਾਮ 'ਤੇ ਨਹੀਂ ਪਹੁੰਚੇ ਸਨ ਕਿ ਉਹ ਐਨੀ ਹੀ ਆਸਾਨੀ ਨਾਲ ਹਿੰਦੀ ਬੋਲ ਸਕਦੇ। ਪਰ ਉਹ ਲੜਕਾ ਕਾਫ਼ੀ ਹੁਸ਼ਿਆਰ ਤੇ ਤੇਜ਼ ਸੀ।
ਹਿੰਦੀ ਬੋਲ ਸਕਣ ਵਾਲੇ "ਲੱਚਾ" ਨਾਮ ਦੇ ਉਸ ਮੁੰਡੇ ਨੇ ਮੈਨੂੰ ਦੱਸਿਆ ਕਿ ਉਹ ਰਸੋਈ ਦੀਆਂ ਜ਼ਿੰਮੇਵਾਰੀਆਂ ਵਿਚ ਹੱਥ ਵੰਡਾਉਣ ਆਏ ਹਨ। ਦੋ ਮੁੰਡੇ ਤੇ ਤਿੰਨ ਕੁੜੀਆਂ। ਉਹਨਾਂ ਨੂੰ ਪਿੰਡ ਵਾਲਿਆਂ ਨੇ ਭੇਜਿਆ ਸੀ। ਕੁੜੀਆਂ ਪਾਣੀ ਲੈਣ ਗਈਆਂ ਹੋਈਆਂ ਸਨ ਤੇ ਇਹ ਮੁੰਡੇ ਲੱਕੜਾਂ ਇਕੱਠੀਆਂ ਕਰ ਕੇ ਲਿਆਏ ਸਨ। ਹਰ ਰੋਜ਼ ਕਿਸੇ ਵੱਖ ਪਿੰਡ ਵੱਲੋਂ ਇਹ ਜ਼ਿੰਮੇਦਾਰੀ ਨਿਭਾਈ ਜਾਂਦੀ ਸੀ ਅਤੇ ਵਾਰੀਆਂ ਬੱਝੀਆਂ ਹੋਈਆਂ ਸਨ।
"ਤੂੰ ਆਪਣੀ ਇੱਛਾ ਨਾਲ ਆਇਆ ਹੈਂ?" ਮੈਂ ਸਵਾਲ ਕੀਤਾ।
"ਹਾਂ। ਮੈਂ ਇਕ ਦਿਨ ਪਹਿਲਾਂ ਵੀ ਆਇਆ ਸਾਂ। ਅੱਜ ਫਿਰ ਮੇਰਾ ਦਿਲ ਕੀਤਾ ਕਿ ਮੈਂ ਆਵਾਂ।" ਉਸ ਨੇ ਸਹਿਜ-ਭਾਅ ਉੱਤਰ ਦਿੱਤਾ।
"ਸੋ ਤੈਨੂੰ ਇਹ ਲੋਕ ਚੰਗੇ ਲਗਦੇ ਨੇ?"
"ਹਾਂ। ਜੇ ਇਹ ਕਈ ਦਿਨ ਨਾ ਆਉਣ ਤਾਂ ਮੈਨੂੰ ਚਿੰਤਾ ਹੋ ਜਾਂਦੀ ਹੈ। ਮੈਂ ਇਹਨਾਂ ਨੂੰ ਉਡੀਕਣ ਲੱਗ ਪੈਂਦਾ ਹਾਂ।"
"ਚਿੰਤਾ? ਕਾਹਦੀ ਚਿੰਤਾ?"
“ਇਹਨਾਂ ਦੇ ਨਾ ਆਉਣ ਦੀ।"
“ਤੈਨੂੰ ਇਹਨਾਂ ਦਾ ਕੀ ਫ਼ਾਇਦਾ ਹੈ?"
ਸਵਾਲ ਸੁਣ ਕੇ ਉਹ ਚੁੱਪ ਰਿਹਾ। ਮੈਂ ਉਸ ਨੂੰ ਸਵਾਲ ਦੁਹਰਾਉਣ ਤੋਂ ਪਹਿਲਾਂ ਪੁੱਛਿਆ ਕਿ ਕੀ ਉਸ ਨੂੰ "ਫ਼ਾਇਦਾ" ਸ਼ਬਦ ਦੇ ਅਰਥ ਆਉਂਦੇ ਹਨ ਤਾਂ ਉਸਨੇ 'ਹਾਂ'
ਵਿਚ ਜਵਾਬ ਦਿੱਤਾ। ਮੈਂ ਸਵਾਲ ਫਿਰ ਦੁਹਰਾਅ ਦਿੱਤਾ।
"ਨਾ ਆਉਣ ਤਾਂ ਚਿੰਤਾ ਹੋਵੇਗੀ ਪਰ ਇਹ ਮੈਨੂੰ ਪਤਾ ਨਹੀਂ ਕਿ ਕੀ ਫ਼ਾਇਦਾ ਹੁੰਦਾ ਹੈ।"
ਕੁਝ ਪਲ ਸੋਚਣ ਤੋਂ ਬਾਦ ਉਸ ਨੇ ਕਿਹਾ, "ਕੋਈ ਫ਼ਾਇਦਾ ਨਹੀਂ ਹੁੰਦਾ।"
"ਫਿਰ ਚਿੰਤਾ ਦਾ ਕੀ ਕਾਰਨ?"
ਉਹ ਥੋੜ੍ਹਾ ਉਲਝ ਗਿਆ। ਮੈਂ ਉਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਫ਼ਾਇਦਾ ਅਤੇ ਚਿੰਤਾ ਦੋਵਾਂ ਨੂੰ ਆਪਸ ਵਿਚ ਜੋੜ ਸਕੇ ਅਤੇ ਕਿਸੇ ਨਤੀਜੇ ਉੱਪਰ ਪਹੁੰਚੇ। ਕਿ ਜਾਂ ਤਾਂ ਉਸ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਜਾਂ ਜ਼ਰੂਰ ਹੀ ਕੋਈ ਫ਼ਾਇਦੇ ਹੁੰਦੇ ਹੋਣਗੇ। ਮੈਂ ਕਿਸੇ ਸਿੱਟੇ ਉੱਪਰ ਪਹੁੰਚਣਾ ਚਾਹੁੰਦਾ ਸਾਂ।
“ਚਿੰਤਾ ਵੀ ਹੁੰਦੀ ਹੈ। ਚੰਗੇ ਵੀ ਲਗਦੇ ਹਨ। ਹਾਂ, ਇਹਨਾਂ ਕਾਰਨ ਪੁਲਿਸ ਨਹੀਂ ਆਉਂਦੀ।” ਉਸ ਨੇ ਸੋਚ ਸੋਚ ਕਿਹਾ।
"ਕੀ ਪੁਲਿਸ ਤੰਗ ਕਰਦੀ ਹੈ?"
"ਪੁਲਿਸ ਸਾਡੇ ਮੁਰਗੇ ਖਾ ਜਾਂਦੀ ਹੈ,” ਉਸ ਨੇ ਸਿੱਧਾ ਜਵਾਬ ਦਿੱਤਾ।
"ਕੀ ਇਹ ਤੰਗ ਨਹੀਂ ਕਰਦੇ?"
"ਨਹੀਂ," ਕਹਿੰਦਾ ਹੋਇਆ ਉਹ ਮੁਸਕਰਾਇਆ।
'ਦਾਦਾ ਲੱਗਾਂ' ਦੇ ਕੰਮ ਉਹ ਮਰਜ਼ੀ ਨਾਲ ਕਰਨ ਆਉਂਦਾ ਸੀ। ਦਸਤੇ ਵਿਚ ਸ਼ਾਮਲ ਹੋਣ ਦੀ ਉਸ ਦੀ ਆਪਣੀ ਇੱਛਾ ਕੋਈ ਨਹੀਂ ਸੀ ਕਿਉਂਕਿ ਉਹ ਮਾਂ-ਬਾਪ ਦਾ ਇਕੱਲੰਤਾ ਬੱਚਾ ਸੀ ਅਤੇ ਉਹਨਾਂ ਦੀ ਦੇਖ-ਭਾਲ ਕਰਨਾ ਚਾਹੁੰਦਾ ਸੀ। ਉਸ ਦੇ ਪਿੰਡ ਦੀਆਂ ਦੋ ਕੁੜੀਆਂ ਤੇ ਇਕ ਨੌਜਵਾਨ ਦਸਤਿਆਂ ਵਿਚ ਸ਼ਾਮਲ ਸਨ ਜਿਸ ਕਾਰਨ ਉਸ ਨੂੰ ਖੁਸ਼ੀ ਹੁੰਦੀ ਸੀ ਤੇ ਚਿੰਤਾ ਵੀ। ਇਸ ਕੈਂਪ ਵਿਚ ਉਸ ਦੇ ਪਿੰਡ ਦੇ ਤਿੰਨਾਂ ਗੁਰੀਲਿਆਂ ਵਿਚੋਂ ਕੋਈ ਵੀ ਸ਼ਾਮਲ ਨਹੀਂ ਸੀ। ਪੁਲਿਸ ਉੱਤੇ ਉਹ “ਮੁਰਗੇ ਖਾਣ" ਕਾਰਨ ਖ਼ਫ਼ਾ ਸੀ।
ਤਦੇ ਕੁੜੀਆਂ ਨਦੀ ਤੋਂ ਪਾਣੀ ਲੈਕੇ ਮੁੜੀਆਂ। ਉਹ ਮੇਰੇ ਇਸ਼ਾਰਾ ਕਰਨ ਉਤੇ ਸਾਡੇ ਵੱਲ ਆ ਤਾਂ ਗਈਆਂ ਪਰ ਅਣਜਾਣ ਬੋਲੀ ਦੀ ਦੀਵਾਰ ਕਾਰਨ 'ਇੱਲਾ ਇੱਲਾ' ਕਹਿੰਦੀਆਂ ਤੇ ਲੋਟ-ਪੋਟ ਹੁੰਦੀਆਂ ਰਸੋਈ ਦੇ ਕੰਮ ਵਿਚ ਰੁੱਝ ਗਈਆਂ।
ਵਾਪਸ ਪਰਤਦਿਆਂ ਰਸਤੇ ਵਿਚ ਐਤੂ ਮਿਲ ਗਿਆ। ਉਹ ਰਸੋਈ ਵੱਲ ਨੂੰ ਜਾ ਰਿਹਾ ਸੀ।
"ਅੱਜ ਕਸਰਤ-ਮੈਦਾਨ ਨਹੀਂ ਆਏ?" ਹੱਥ ਮਿਲਾਉਂਦਿਆਂ ਉਸ ਨੇ ਪੁੱਛਿਆ।
" ਸੈਰ-ਮੈਦਾਨ ਚਲੇ ਗਏ।"
ਐਤੂ ਭਾਈ ਨੂੰ ਮੈਂ ਨਹਾਉਣ ਜਾਣ ਵਾਸਤੇ ਮਨਾ ਲਿਆ। ਉਹ ਦੱਸ ਮਿੰਟਾਂ ਵਿਚ ਆਉਣ ਦਾ ਵਾਅਦਾ ਕਰਕੇ ਤੇਜ਼ ਕਦਮਾਂ ਨਾਲ ਰਸੋਈ ਵੱਲ ਨੂੰ ਉੱਤਰ ਗਿਆ।
ਨਦੀ ਉਤੇ ਅਸੀਂ ਚਾਰ ਲੋਕ ਸਾਂ। ਐਤ ਭਾਈ ਇਕ ਜਣੇ ਨੂੰ ਹੋਰ ਨਾਲ ਲੈ ਕੇ ਆਇਆ ਸੀ। ਤਿੰਨ ਜਣੇ ਨਹਾਉਣ ਲੱਗ ਪਏ ਤੇ ਕੋਸਾ ਇਕ ਵੱਡੇ ਸਾਰੇ ਪੱਥਰ ਉੱਤੇ ਚੜ੍ਹ ਕੇ ਦਰੱਖ਼ਤ ਦੇ ਇੱਕ ਤਣੇ ਦਾ ਸਹਾਰਾ ਲੈ ਕੇ ਖੜ੍ਹਾ ਹੋ ਗਿਆ। ਜਦ ਤਕ ਉਹਨਾਂ ਦੋਵਾਂ ਵਿੱਚੋਂ ਕੋਈ ਨਹਾ ਨਹੀਂ ਲਵੇਗਾ ਤਦ ਤਕ ਕੋਸਾ ਓਥੇ ਹੀ ਡਟਿਆ ਰਹੇਗਾ। ਐਤੁ
ਨੇ ਤਾਲਾਬ ਬਨਾਉਣ, ਬੰਧ ਉਸਾਰਨ ਅਤੇ ਇਥੋਂ ਤੱਕ ਕਿ ਸਮੁੱਚੇ ਇਲਾਕੇ ਦਾ ਹੁਲੀਆ ਹੀ ਬਦਲ ਦੇਣ ਦਾ ਇਕ ਖ਼ਾਕਾ ਨਹਾਉਂਦੇ ਨਹਾਉਂਦੇ ਹੀ ਮੇਰੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਉਸ ਦਾ ਖ਼ਾਕਾ ਸੋਚਣ ਵਾਸਤੇ ਸਮੱਗਰੀ ਮੁਹੱਈਆ ਕਰਨ ਵਾਲਾ ਸੀ। ਇਕ ਚੀਜ਼ ਦੂਸਰੀ ਚੀਜ਼ ਦਾ ਕਾਰਨ ਬਣ ਕੇ ਉਸ ਨੂੰ ਪੈਦਾ ਕਰਦੀ ਅਤੇ ਫਿਰ ਦੂਸਰੀ ਕਿਸੇ ਹੋਰ ਚੀਜ਼ ਦੇ ਪੈਦਾ ਹੋਣ ਦਾ ਕਾਰਨ ਹੋ ਨਿਬੜਦੀ। ਮੁਰਗੀਆਂ-ਆਂਡੇ-ਚੂਜ਼ੇ ਅਤੇ ਫਿਰ ਪੋਲਟਰੀ ਫਾਰਮ। ਬੰਧ-ਮੱਛੀਆਂ-ਸਿੰਜਾਈ-ਸਬਜ਼ੀਆਂ-ਅਨਾਜ ਅਤੇ ਫਿਰ ਖੁਰਾਕ ਸਬੰਧੀ ਆਤਮ ਨਿਰਭਰਤਾ। ਜੜ੍ਹੀਆਂ ਬੂਟੀਆਂ-ਦਵਾਈਆਂ-ਡਾਕਟਰ ਅਤੇ ਫਿਰ ਬਿਮਾਰੀਆਂ ਦਾ ਇਲਾਜ। ਜੱਦੋਜਹਿਦ-ਸਿਰਜਣਾ-ਜੱਦੋਜਹਿਦ। ਜੰਗਲ ਦੀ ਕੋਈ ਵੀ ਚੀਜ਼ ਉਠਾਓ ਉਸ ਦੀ ਵਰਤੋਂ ਸਬੰਧੀ ਪੂਰੇ ਦਾ ਪੂਰਾ ਪ੍ਰਬੰਧ ਖੜ੍ਹਾ ਹੋ ਜਾਂਦਾ ਅਤੇ ਅੰਤ ਉਹ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦਾ ਸਾਧਨ ਹੋ ਨਿੱਬੜਦਾ। ਐਤੂ ਅਜਿਹਾ ਅਮਲ ਛੇੜ ਦੇਣਾ ਚਾਹੁੰਦਾ ਸੀ, ਮੌਜੂਦਾ ਹਾਲਤ ਨੂੰ ਬਦਲ ਦੇਣਾ ਚਾਹੁੰਦਾ ਸੀ।
ਸਾਡੇ ਸ਼ੇਖ਼ ਚਿੱਲੀ ਦੀ ਕਹਾਣੀ ਮਸ਼ਹੂਰ ਹੈ ਤਾਂ ਚੀਨ ਵਿਚ ਮੂਰਖ਼ ਬੁੱਢੇ ਦੀ । ਸ਼ੇਖ ਚਿੱਲੀ ਦਾ ਸੁਪਨ-ਮਹੱਲ ਢਹਿ-ਢੇਰੀ ਹੋ ਜਾਂਦਾ ਹੈ ਪਰ ਮੂਰਖ਼ ਬੁੱਢਾ ਪਹਾੜ ਹਟਾਉਣ ਵਿਚ ਕਾਮਯਾਬ ਰਹਿੰਦਾ ਹੈ। ਬਿਹਾਰ ਵਿਚ ਇੱਕੋ ਵਿਅਕਤੀ ਨੇ ਅਜਿਹਾ ਕ੍ਰਿਸ਼ਮਾ ਕਰ ਵੀ ਦਿਖਾਇਆ। ਉਸ ਨੇ ਨਾ ਮੂਰਖ ਬੁੱਢੇ ਦੀ ਕਹਾਣੀ ਪੜ੍ਹੀ ਹੋਵੇਗੀ ਨਾ ਫਰਹਾਦ ਦਾ ਨਾਮ ਸੁਣਿਆ ਹੋਵੇਗਾ। ਐਤੂ ਨੂੰ ਵੀ ਯਕੀਨ ਹੈ ਕਿ ਇਕ ਦਿਨ ਪਹਾੜ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਕੁਦਾਲ ਹਮੇਸ਼ਾਂ ਉਸ ਦੇ ਹੱਥਾਂ ਵਿਚ ਰਹਿੰਦੀ ਹੈ। ਉਹ ਪੱਥਰ ਤੋੜਦਾ ਰਹਿੰਦਾ ਹੈ ਤੇ ਮਿੱਟੀ ਹਟਾਉਂਦਾ ਰਹਿੰਦਾ ਹੈ। ਪ੍ਰੋਮਿਥੀਅਸ ਸੱਚੀਂ ਹੀ ਸਵਰਗਾਂ ਤੋਂ ਅੱਗ ਲੈਕੇ ਆਇਆ ਸੀ ਕਿ ਨਹੀਂ, ਦੇਵਤਿਆਂ ਨੇ ਸਮੁੰਦਰ ਨੂੰ ਅਸਲੀਅਤ ਵਿਚ ਰਿੜਕਿਆ ਸੀ ਕਿ ਨਹੀਂ, ਇਸ ਉੱਤੇ ਧਾਰਮਿਕ ਅਕੀਦੇ ਵਾਲਾ ਵੀ ਸ਼ੱਕ ਕਰ ਸਕਦਾ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਇਹ ਮਿਥਿਹਾਸ ਮੰਨੇ ਜਾਂਦੇ ਹਨ । ਬਸਤਰ ਦਾ ਜੰਗਲ ਠੇਕੇਦਾਰਾਂ, ਹਾਕਮਾਂ, ਚੋਰ-ਉਚੱਕਿਆਂ ਦੀ ਪਕੜ ਤੋਂ ਕਾਫ਼ੀ ਹੱਦ ਤੱਕ ਆਜ਼ਾਦ ਹੋ ਗਿਆ ਹੈ, ਕੜੀਆਂ ਬੇ-ਖ਼ੌਫ਼ ਹੋ ਕੇ ਜੰਗਲ ਵਿਚ ਵਿਚਰਦੀਆਂ ਹਨ ਅਤੇ ਮਾਂ-ਬਾਪ ਨੂੰ ਕੋਈ ਹੌਲ ਨਹੀਂ ਉੱਠਦੇ, ਨਵੀਂ ਸਿਰਜਣਾ ਦੀ ਕਾਂਗ ਹੌਲੀ ਹੌਲੀ ਵੇਗ ਫੜ੍ਹ ਰਹੀ ਹੈ, ਸੁਪਨਾ ਹਕੀਕਤ ਵਿਚ ਬਦਲ ਰਿਹਾ ਹੈ ਅਤੇ ਜਦ ਗੁਰੀਲੇ ਕਈ ਕਈ ਦਿਨ ਨਹੀਂ ਪਹੁੰਚਦੇ ਤਾਂ ਲੱਚਾ ਤੇ ਕੰਨਾ ਜਿਹੇ ਵੱਡੇ ਹੋ ਰਹੇ ਬੱਚੇ ਚਿੰਤਤ ਹੋ ਜਾਂਦੇ ਹਨ। ਉਹ ਪਹਾੜ ਨੂੰ ਆਪਣੀਆਂ ਅੱਖਾਂ ਨਾਲ ਹਟਦਾ ਹੋਇਆ ਦੇਖ ਰਹੇ ਹਨ, ਮਿਥਿਹਾਸ ਨੂੰ ਹਕੀਕਤ ਵਿਚ ਢਲਦਾ ਹੋਇਆ ਦੇਖ ਰਹੇ ਹਨ।
ਐਤੂ ਸਾਡੇ ਤੋਂ ਪਹਿਲਾਂ ਨਦੀ ਚੋਂ ਨਿਕਲਿਆ ਅਤੇ ਪਰਨੇ ਨੂੰ ਹੱਥ ਪਾਉਂਦੇ ਹੋਏ। ਬੋਲਿਆ, "ਕੋਸਾ। ਤਿਆਰ ਹੋ ਜਾ, ਮੈਂ ਤੇਰੀ ਥਾਂ ਆ ਰਿਹਾਂ।"
ਜਦ ਤਕ ਅਸੀਂ ਨਦੀ ਚੋਂ ਨਿਕਲੇ ਐਤੂ ਕੋਸਾ ਦੀ ਥਾਂ ਲੈ ਚੁੱਕਾ ਸੀ ਅਤੇ ਕੋਸਾ ਨਦੀ 'ਚ ਉਤਰਨ ਦੀ ਤਿਆਰੀ ਕਰ ਰਿਹਾ ਸੀ।
"ਐਤੂ ਜਨੂੰਨ, ਜਜ਼ਬੇ ਅਤੇ ਸਿਰੜ ਦਾ ਮੁਜੱਸਮਾ ਹੈ," ਮੈਂ ਸ਼੍ਰੀ ਕਾਂਤ ਨੂੰ ਕਿਹਾ।
"ਜੇ ਐਤੂ ਦੀ ਸਕੀਮ ਲਾਗੂ ਹੋ ਜਾਵੇ ਤਾਂ ਏਥੇ ਸਵਰਗ ਬਣ ਜਾਵੇ। ਪਰ..."
"ਪਰ ਕੀ?" ਸ਼੍ਰੀ ਕਾਂਤ ਨੇ ਮੇਰੇ ਵੱਲ ਦੇਖਿਆ।page_break
"ਜੰਗਲ ਤੋਂ ਬਾਹਰ ਚਾਰੇ ਪਾਸੇ ਹਕੂਮਤ ਦਾ ਕਬਜ਼ਾ ਹੈ। ਅਜਿਹੀ ਹਾਲਤ ਵਿਚ ਉਹ ਅੰਦਰ ਦਾ ਵਿਕਾਸ ਟਿਕਣ ਦੇਵੇਗੀ? ਜਦ ਤਕ ਦੂਰ ਦੂਰ ਤਕ ਅਜਿਹੀ ਹਾਲਤ ਨਹੀਂ ਹੋ ਜਾਂਦੀ ਇਹ ਸਾਰਾ ਕੁਝ ਕਿਵੇਂ ਸੰਭਵ ਹੈ?”
"ਹੂੰ"।
"ਤੁਸੀਂ ਇਹਨਾਂ ਚੀਜ਼ਾਂ ਬਾਰੇ ਕੁਝ ਕਹੋ। ਮੈਂ ਸੁਨਣ ਤੇ ਜਾਨਣ ਆਇਆ ਹਾਂ ਤਾਂ ਕਿ ਦੁਨੀਆਂ ਨੂੰ ਦੱਸ ਸਕਾਂ।"
"ਅਸੀਂ ਸ਼ਾਮ ਦੇ ਵਕਤ ਮਿਲਾਂਗੇ," ਸ਼੍ਰੀ ਕਾਂਤ ਨੇ ਕਿਹਾ।
ਤਦ ਤੱਕ ਕੋਸਾ ਬਾਹਰ ਨਿਕਲ ਆਇਆ ਸੀ। ਉਸ ਨੇ ਵਰਦੀ ਕੱਸੀ ਤਾਂ ਅਸੀਂ ਵਾਪਸ ਤੰਬੂਆਂ ਵੱਲ ਤੁਰ ਪਏ।
ਦੁਪਹਿਰ ਦੇ ਖਾਣੇ ਤੋਂ ਕੋਈ ਇਕ ਘੰਟਾ ਬਾਅਦ ਸ਼੍ਰੀ ਕਾਂਤ ਮੇਰੇ ਤੰਬੂ ਵਿਚ ਆ ਗਿਆ।
"ਆਓ ਬੈਂਚ 'ਤੇ ਬੈਠਦੇ ਹਾਂ,” ਉਸ ਨੇ ਕਿਹਾ।
ਮੈਂ ਆਪਣੀ ਫਾਈਲ ਚੁੱਕੀ ਅਤੇ ਅਸੀਂ ਦੋਵੇਂ ਤੰਬੂ ਦੇ ਬਾਹਰ ਪੜ੍ਹਨ ਵਾਸਤੇ ਬਣੇ ਬੈਂਚ ਤੇ ਡੈੱਸਕ ਉੱਤੇ ਬੈਠ ਗਏ।
ਸ਼੍ਰੀ ਕਾਂਤ ਬਹੁਤ ਘੱਟ ਬੋਲਣ ਵਾਲਾ ਵਿਅਕਤੀ ਸੀ। ਆਪਣੀ ਗੱਲ ਨੂੰ ਸੰਖੇਪ ਵਿਚ ਉਹ ਬਿਨਾਂ ਕਿਸੇ ਵਲ-ਫੇਰ, ਵਿਆਖਿਆ ਜਾਂ ਵਾਧੂ ਸ਼ਬਦਾਂ ਤੋਂ ਦਸ ਸਕਦਾ ਸੀ। ਉਹ ਤੁਹਾਡੀਆਂ ਅੱਖਾਂ ਵਿਚ ਨੀਝ ਲਾ ਕੇ ਦੇਖੇਗਾ ਅਤੇ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਜਦ ਤੁਸੀਂ ਬੋਲ ਰਹੇ ਹੋ ਤਾਂ ਉਹ ਤੁਹਾਨੂੰ ਟੋਕੇਗਾ ਨਹੀਂ ਸਗੋਂ ਹੁੰਗਾਰਾ ਭਰ ਕੇ ਬੋਲਦੇ ਜਾਣ ਵਾਸਤੇ ਉਤਸ਼ਾਹਤ ਕਰੇਗਾ। ਜੇ ਤੁਸੀਂ ਬੱਚਿਆਂ ਨੂੰ ਨਾਨੀ ਜਾਂ ਦਾਦੀ ਕੋਲੋਂ ਕਹਾਣੀ ਸੁਣਦੇ ਹੋਏ ਦੇਖਿਆ ਹੈ ਤਾਂ ਤੁਸੀਂ ਜਾਣ ਜਾਵੋਗੇ ਕਿ ਸ਼੍ਰੀ ਕਾਂਤ ਵੀ ਕਿੰਨੇ ਧਿਆਨ ਨਾਲ ਦੂਸਰੇ ਵਿਅਕਤੀ ਦੀ ਗੱਲ ਸੁਣ ਸਕਦਾ ਹੈ। ਹੁੰਗਾਰਾ ਭਰਦੇ ਬੱਚੇ ਕਦੇ ਵੀ ਸਿਰ ਨਹੀਂ ਹਿਲਾਉਂਦੇ। ਉਹ ਸਿਰਫ਼ ਹੁੰਗਾਰਾ ਭਰਦੇ ਹਨ ਅਤੇ ਕਹਾਣੀ ਉਹਨਾਂ ਦੇ ਦਿਲ ਉੱਤੇ ਉੱਕਰੀ ਜਾਂਦੀ ਹੈ। ਇਸ ਪਹਿਲੂ ਤੋਂ ਸ਼੍ਰੀ ਕਾਂਤ ਬੱਚਿਆਂ ਜਿਹਾ ਹੈ। ਉਸ ਦਾ ਸਿਰ ਨਹੀਂ ਹਿੱਲਦਾ, ਅੱਖਾਂ ਨਹੀਂ ਹਿੱਲਦੀਆਂ, ਜਿਸਮ ਵਿਚ ਕੋਈ ਹਰਕਤ ਨਹੀਂ ਹੁੰਦੀ। ਬੱਸ, ਗਲੇ ਵਿਚੋਂ 'ਹੂੰ' ਦੀ ਆਵਾਜ਼ ਹੀ ਨਿਕਲਦੀ ਹੈ ਜਿਸ ਕਾਰਨ ਬੁੱਲ੍ਹ ਵੀ ਨਹੀਂ ਹਿੱਲਦੇ। ਉਹ ਬੋਲਦਾ ਵੀ ਇਸੇ ਤਰ੍ਹਾਂ ਹੈ। ਉਦੋਂ ਸਿਰਫ਼ ਉਸਦੇ ਬੁੱਲ੍ਹ ਹਿੱਲਦੇ ਹਨ। ਉਹ ਤੁਹਾਡੇ ਤਕ ਆਪਣੀ ਗੱਲ ਆਵਾਜ਼ ਰਾਹੀਂ ਪਹੁੰਚਾਉਂਦਾ ਹੈ ਅਤੇ ਅੱਖਾਂ ਰਾਹੀਂ ਇਸ ਨੂੰ ਤੁਹਾਡੇ ਅੰਦਰ ਉਤਾਰ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਸੁਣਦਿਆਂ ਹੋਇਆ ਤੁਸੀਂ ਕੋਈ ਵੀ ਗੱਲ ਦੁਹਰਾਅ ਕੇ ਨਹੀਂ ਪੁੱਛਦੇ। ਇਸ ਦੀ ਜ਼ਰੂਰਤ ਨਹੀਂ ਪੈਂਦੀ।
ਆਲੇ ਦੁਆਲੇ ਦੇ ਮੈਦਾਨੀ ਇਲਾਕਿਆਂ ਬਾਰੇ ਉਹ ਦੱਸਦਾ ਹੈ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ। ਕਿ ਵੱਡੇ ਨੁਕਸਾਨਾਂ ਦੇ ਬਾਵਜੂਦ ਵੀ ਉਹਨਾਂ ਦਾ ਸਿਰੜ ਕਾਇਮ ਹੈ। ਉਹ ਕਹਿੰਦਾ ਹੈ ਕਿ ਜਨਤਾ ਗੁਰੀਲਿਆਂ ਦਾ ਸਾਥ ਦੇਂਦੀ ਹੈ, ਉਹਨਾਂ ਦਾ ਧਿਆਨ ਰੱਖਦੀ ਹੈ, ਜੀ ਆਇਆਂ ਕਹਿੰਦੀ ਹੈ। ਉਹ ਕਹਿੰਦਾ ਹੈ, "ਅਸੀਂ ਜਾਣਦੇ ਹਾਂ ਕਿ ਲਹਿਰ ਦਾ ਮੈਦਾਨੀ ਇਲਾਕਿਆਂ ਵਿਚ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਵਿਆਪਕ ਜਬਰ ਦੇ ਬਾਵਜੂਦ ਵੀ ਇਹਦੇ ਲਈ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ।" ਉਹ ਇਹ ਵੀ
ਕਹਿੰਦਾ ਹੈ ਕਿ ਉਹ ਦੇਸ਼ ਦੇ ਹਰ ਪਹਾੜੀ ਅਤੇ ਜੰਗਲੀ ਹਿੱਸੇ ਵਿਚ ਗੁਰੀਲਾ ਜੰਗ ਸ਼ੁਰੂ ਕਰਨ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਉਹ ਪਹਿਲਾਂ ਹੀ ਪੂਰਬੀ ਤੇ ਪੱਛਮੀ ਤੱਟ ਦਾ ਜਾਇਜ਼ਾ ਲੈ ਚੁੱਕੇ ਹਨ ਅਤੇ ਬਿਗਲ ਵਜਾਉਣ ਦੀ ਸੋਚ ਰਹੇ ਹਨ। ਜੰਗਲ ਵਿਚ ਵਿਕਾਸ ਦੇ ਕੰਮ ਨੂੰ ਉਹ ਗੁਰੀਲਾ ਜੰਗ ਦੇ ਵਿਕਸਤ ਹੋਣ ਦੇ ਅਮਲ ਨਾਲ ਜੁੜਿਆ ਹੋਇਆ ਦੇਖਦੇ ਹਨ। ਉਹਨਾਂ ਵਾਸਤੇ ਵਿਕਾਸ "ਆਪਣੇ ਆਪ ਵਿਚ" ਕੋਈ ਨਿਸ਼ਾਨਾ ਨਹੀਂ ਹੈ ਸਗੋਂ ਇਹ ਇਨਕਲਾਬੀ ਲਹਿਰ ਦਾ ਇਕ ਪੂਰਕ ਹਿੱਸਾ ਹੈ ਜਿਸ ਨੇ ਮੋੜਵੇਂ ਰੂਪ ਵਿਚ ਲਹਿਰ ਨੂੰ ਮਜ਼ਬੂਤ ਬਨਾਉਣਾ ਹੈ। ਇਸ ਨੂੰ ਲਹਿਰ ਦੇ ਫੈਲਣ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਾਇਆ ਜਾ ਸਕਦਾ ਅਤੇ ਨਾ ਹੀ ਸਿਰਫ਼ ਜੰਗਲ ਤੱਕ ਸੀਮਤ ਰੱਖਿਆ ਜਾ ਸਕਦਾ ਹੈ।
ਮੈਂ ਉਸ ਨੂੰ ਕਹਿੰਦਾ ਹਾਂ ਕਿ ਦੁਨੀਆਂ ਸਮਝਦੀ ਹੈ ਕਿ ਤੁਸੀਂ ਰੁਕ ਜਿਹੇ ਗਏ ਹੋ, ਜੰਗਲ ਦੀਆਂ ਤੁਹਾਡੀਆਂ ਪ੍ਰਾਪਤੀਆਂ ਦੀ ਕਿਤੇ ਕੋਈ ਚਰਚਾ ਨਹੀਂ ਹੈ; ਕਿ ਤੁਹਾਡੀਆਂ ਸਰਗਰਮੀਆਂ ਬਾਰੇ ਬਾਹਰ ਦੀ ਜਨਤਾ ਨਹੀਂ ਜਾਣਦੀ ਕਿ ਦੁਨੀਆਂ ਨੂੰ ਸਿਰਫ਼ ਐਨਾ ਕੁ ਹੀ ਪਤਾ ਹੈ ਕਿ ਝੂਠੇ ਸੱਚੇ ਐਨਕਾਉਂਟਰ ਹੁੰਦੇ ਹਨ ਤੇ ਇਹਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ; ਕਿ ਬਾਹਰ ਦੇ ਸਮਾਜ ਵਿਚ ਤੁਹਾਡੀ ਇਸ ਲੜਾਈ ਨਾਲ ਕੋਈ ਜ਼ਿਆਦਾ ਹਿਲਜੁਲ ਪੈਦਾ ਨਹੀਂ ਹੋਈ ਕਿ ਕੁੱਲ ਮਿਲਾ ਕੇ ਤੁਸੀਂ ਦੇਸ਼ ਦੇ ਸਿਆਸੀ ਦਿੱਸ਼ ਉੱਤੇ ਸਿਆਸੀ ਹਸਤੀ ਬਣਕੇ ਨਹੀਂ ਉੱਭਰੇ।
ਸ੍ਰੀ ਕਾਂਤ ਇਹਨਾਂ ਸਾਰੀਆਂ ਗੱਲਾਂ ਨੂੰ ਗਹੁ ਨਾਲ ਸੁਣਦਾ ਹੈ ਅਤੇ ਫਿਰ ਹਰ ਮਸਲੇ ਉਤੇ ਆਪਣੀ ਰਾਇ ਕਹਿੰਦਾ ਹੈ। ਰੁਕੇ ਹੋਣ ਦੀ ਗੱਲ ਨੂੰ ਉਹ ਸਹੀ ਪੇਸ਼ਕਾਰੀ ਨਹੀਂ ਮੰਨਦਾ ਅਤੇ ਵਿਆਪਕ ਹਕੂਮਤੀ ਜਬਰ ਦਾ ਉਲੇਖ ਕਰਦਾ ਹੈ। ਉਹ ਪਿਛਲੇ ਕੁਝ ਸਾਲਾਂ ਵਿਚ ਸੈਂਕੜੇ ਕੁਰਬਾਨੀਆਂ ਦਾ ਜ਼ਿਕਰ ਕਰਦਾ ਹੈ ਜਿਸ ਕਾਰਨ ਗੁਰੀਲਿਆਂ ਉੱਤੇ ਤਾਕਤਾਂ ਨੂੰ ਮੁੜ-ਜਥੇਬੰਦ ਕਰਨ ਦਾ ਵੱਡਾ ਕਾਰਜ ਆਣ ਪਿਆ ਹੈ। ਸਥਿੱਤੀ ਨੂੰ ਉਹ ਨੁਕਸਾਨਾਂ ਦੇ ਦੌਰ ਨਾਲ ਜੋੜਦਾ ਹੈ, ਰੁਕੋ ਹੋਣ ਦੇ ਜੁਮਰੇ ਵਿਚ ਨਹੀਂ ਰੱਖਦਾ। ਉਹ ਕਹਿੰਦਾ ਹੈ ਕਿ ਜੰਗਾਂ ਵਿਚ ਇਹ ਆਮ ਗੱਲ ਹੁੰਦੀ ਹੈ, ਤਾਕਤਾਂ ਦੇ ਤੋਲ ਬਣਦੇ ਵਿਗੜਦੇ ਰਹਿੰਦੇ ਹਨ ਅਤੇ ਅੰਤ ਨੂੰ ਇਨਕਲਾਬੀ ਤਾਕਤਾਂ ਤੋਲ ਨੂੰ ਆਪਣੇ ਪੱਖ ਵਿਚ ਕਰ ਲੈਂਦੀਆਂ ਹਨ। ਉਸ ਨੂੰ ਯਕੀਨ ਹੈ ਕਿ ਇਸ ਤੋਲ ਨੂੰ ਉਹ ਆਪਣੇ ਪੱਖ ਵਿਚ ਕਰ ਲੈਣਗੇ ਅਤੇ ਇਹਦੇ ਵਾਸਤੇ ਉਹ ਸਿਰਤੋੜ ਯਤਨ ਜੁਟਾ ਰਹੇ ਹਨ। ਪ੍ਰਾਪਤੀਆਂ ਦੀ ਚਰਚਾ ਛੇੜਨ ਵਾਸਤੇ ਉਹ ਪਰਚਾਰ ਤੰਤਰ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦੇਣ ਦੀ ਗੱਲ ਕਰਦਾ ਹੈ। ਦੇਸ਼ ਦੀ ਸਿਆਸਤ ਵਿਚ ਦਖ਼ਲ ਦੇਣ ਸਬੰਧੀ ਉਸ ਨੂੰ ਪਤਾ ਹੈ ਕਿ ਇਨਕਲਾਬੀ ਲਹਿਰ ਦਾ ਪ੍ਰਭਾਵ ਬਹੁਤ ਘੱਟ ਹੈ। ਇਸ ਸਬੰਧੀ ਕੋਸ਼ਿਸ਼ਾਂ ਨੂੰ ਜ਼ਰਬ ਦੇਣ ਦੀ ਜ਼ਰੂਰਤ ਮਹਿਸੂਸ ਕਰਦਾ ਹੈ। ਪਰ ਨਾਲ ਹੀ ਉਹ ਕਹਿੰਦਾ ਹੈ ਕਿ ਇਹ ਭੁੱਲਣਾ ਨਹੀਂ ਚਾਹੀਦਾ ਕਿ ਅਸਲੀ ਦਖ਼ਲਅੰਦਾਜ਼ੀ ਹਥਿਆਰਬੰਦ ਤਾਕਤ ਦੇ ਜ਼ੋਰ ਦੇ ਸਿਰ ਉੱਤੇ ਹੀ ਕੀਤੀ ਜਾ ਸਕਦੀ ਹੈ। ਇਸ ਪੋਲ ਨੂੰ ਉਹ ਜੀਅ-ਜਾਨ ਨਾਲ ਖੜ੍ਹਾ ਕਰ ਰਹੇ ਹਨ ਕਿਉਂਕਿ ਇਸ ਦੀ ਮਜ਼ਬੂਤੀ ਹੀ ਉਸ ਦਖ਼ਲਅੰਦਾਜ਼ੀ ਦਾ ਆਧਾਰ ਬਣ ਸਕਦੀ ਹੈ। ਉਸ ਨੂੰ ਯਕੀਨ ਹੈ ਕਿ ਇਕ ਦਿਨ ਦੇਸ਼ ਭਰ ਦੇ ਪੈਮਾਨੇ ਉੱਤੇ ਉਹ ਸਿਆਸੀ ਤਾਕਤ ਬਣ ਕੇ ਉੱਭਰ ਆਉਣਗੇ।
ਸ੍ਰੀ ਕਾਂਤ ਹਰ ਗੱਲ ਨੂੰ ਸਪੱਸ਼ਟ, ਸੰਖੇਪ ਅਤੇ ਠੋਸ ਰੂਪ ਵਿਚ ਕਹਿੰਦਾ ਹੈ। ਗ਼ੈਰ-
ਲੁੜੀਂਦੀ ਵਿਆਖਿਆ ਤੋਂ ਬਚਦਾ ਹੈ। ਅਸੀਂ ਫਿਰ ਮਿਲਣ ਦੀ ਗੁੰਜਾਇਸ਼ ਰੱਖ ਕੇ ਅਲੱਗ ਹੁੰਦੇ ਹਾਂ।
……….
"ਹੋ ਗਈ ਬਾਤ? ਤੁਸੀਂ ਉਸ ਨੂੰ ਐਨਾ ਬਿਠਾ ਲਿਆ ਤੇ ਬੁਲਵਾ ਲਿਆ ਵਰਨਾ ਇਹ ਤਾਂ ਜ਼ੁਬਾਨ ਨੂੰ ਘੱਟ ਹੀ ਕਸਰਤ ਕਰਵਾਉਂਦਾ ਹੈ," ਕਹਿੰਦਾ ਹੋਇਆ ਐਤੂ ਮੇਰੇ ਤੰਬੂ ਵਿਚ ਦਾਖ਼ਲ ਹੋਇਆ। "ਕਿਸੇ ਹੋਰ ਨਾਲ ਗੱਲ ਕਰ ਲੈਂਦੇ ਤਾਂ ਜ਼ਿਆਦਾ ਜਾਣ ਲੈਂਦੇ। ਦੱਸ ਲਾਈਨਾਂ ਦਾ ਕੀ ਕਰੋਗੇ?"
"ਦੱਸ ਹੀ ਕਾਫ਼ੀ ਹਨ," ਮੈਂ ਹੋਈ ਗੱਲਬਾਤ ਉੱਤੇ ਤਸੱਲੀ ਪਰਗਟ ਕਰਦਾ ਹਾਂ।
"ਥਕਾਵਟ ਹੋ ਗਈ ਹੋਵੇਗੀ। ਚਾਹ ਹੋ ਜਾਵੇ? ਨਿੰਬੂ ਵਾਲੀ।"
ਚਾਹ ਦੇ ਵਕਤ ਨੂੰ ਅਜੇ ਕਾਫੀ ਸਮਾਂ ਪਿਆ ਸੀ ਪਰ ਐਤੂ ਵਲੋਂ ਦਿੱਤਾ ਗਿਆ ਲਾਲਚ ਵੀ ਕੋਈ ਘੱਟ ਲੁਭਾਉਣਾ ਨਹੀਂ ਸੀ । ਨਿੰਬੂ ਵਾਲੀ ਚਾਹ, ਚਾਹ ਵੀ ਸੀ, ਦਵਾਈ ਵੀ ਸੀ ਅਤੇ ਨਾਲ ਹੀ ਜ਼ੁਬਾਨ ਨੂੰ ਸਵਾਦਲਾ ਬਣਾ ਦੇਣ ਵਾਲਾ ਅੰਮ੍ਰਿਤ ਵੀ। ਵੇਸੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਚਾਹ ਚਾਹ ਹੀ ਨਹੀਂ ਹੁੰਦੀ ਸੋ ਅਸੀਂ ਕੋਈ ਅਸੂਲ ਨਹੀਂ ਤੋੜ ਰਹੇ ਸਾਂ। ਸੁੱਤੀ ਹੋਈ ਤਲਬ ਉੱਠ ਪਈ ਸੋ ਮੈਂ ਐਤੂ ਦੇ ਦਾਅਵਤ ਦੇ ਸੱਦੇ ਨੂੰ ਕਬੂਲ ਲਿਆ।
"ਆਪ ਬਣਾ ਕੇ ਪੀਣ ਦਾ ਆਪਣਾ ਹੀ ਮਜ਼ਾ ਹੇ," ਚੁੱਲ੍ਹੇ ਵਿਚ ਅੱਗ ਡਾਹੁੰਦੇ ਹੋਏ ਮੈਂ ਐਤੂ ਨੂੰ ਕਿਹਾ।
"ਮਜ਼ਾ ਤਾਂ ਜ਼ਿੰਦਗੀ ਦਾ ਏਥੇ ਹੀ ਹੈ। ਮੈਟਰੋਪੋਲਿਸ ਵਿਚ ਤਾਂ ਦਮ ਘੁੱਟਦਾ ਸੀ। ਓਥੇ ਨਿੰਬੂ ਦੀ ਚਾਹ ਵੀ ਗਲਾ ਫੜ੍ਹ ਲੈਂਦੀ ਸੀ। ਇੱਥੇ ਇਹ ਤੁਹਾਨੂੰ ਹਲਕਾ-ਫੁਲਕਾ ਕਰ ਦੇਂਦੀ ਹੈ। ਹੁਣੇ ਇਸ ਦੀ ਮੰਗ ਵਧਣ ਲੱਗੇਗੀ। ਇਕ ਦੋ ਤਿੰਨ ਤਿੰਨ ਕੱਪ ਪਾਣੀ ਹੋਰ ਪਵੇਗਾ।" ਤਿੰਨ ਹੋਰਨਾਂ ਨੂੰ ਆਉਂਦੇ ਦੇਖ ਉਸ ਨੇ ਪਤੀਲੇ ਵਿਚ ਹੋਰ ਪਾਣੀ ਪਾ ਕੇ ਉਸਨੂੰ ਚੁੱਲ੍ਹੇ ਉੱਤੇ ਟਿਕਾ ਦਿੱਤਾ।
ਚੁਸਕੀਆਂ ਨਾਲ ਪੀਤੀ ਚਾਹ ਨੇ ਤਰਾਵਟ ਵੀ ਦਿੱਤੀ, ਤਾਕਤ ਵੀ। ਸਵੇਰ ਵੇਲ ਹੋਈ ਇਕ ਘਟਨਾ ਉੱਤੇ ਅਫ਼ਸੋਸ ਜ਼ਾਹਰ ਕਰਦਿਆਂ ਮੈਂ ਕਿਹਾ, "ਸਵੇਰੇ ਸੂਰ ਦਾ ਸ਼ਿਕਾਰ ਕਰ ਲਿਆ ਜਾਂਦਾ ਤਾਂ ਚੰਗਾ ਹੀ ਰਹਿੰਦਾ। ਰਾਤ ਨੂੰ ਮਹਾਂ-ਭੇਜ ਹੋ ਜਾਂਦਾ।"
ਇਕ ਨੇ ਕਿਹਾ, "ਨਹੀਂ ਕੀਤਾ ਤਾਂ ਚੰਗਾ ਹੀ ਹੋਇਆ। ਗਾਂ ਤੇ ਸੂਰ ਦੋਨੋਂ ਫ਼ਸਾਦ ਦੀ ਜੜ੍ਹ ਨੇ। ਇਕ ਦਿਨ ਗਾਂ ਦੂਸਰੇ ਦਿਨ ਸੂਰ। ਖੇਮੇ ਵਿਚ ਤਾਂ ਹੰਗਾਮਾ ਖੜ੍ਹਾ ਹੋ ਜਾਂਦਾ। ਅੱਧਿਆਂ ਨੂੰ ਮਰੋੜ ਲੱਗ ਜਾਣੇ ਸਨ। ਢਿੱਡਾਂ ਨੂੰ ਤਾਂ ਚੌਲਾਂ ਦੀ ਆਦਤ ਹੈ, ਹਲਕੀ-ਫੁਲਕੀ ਗਿਜ਼ਾ ਦੀ। ਡਾਕਟਰ ਪਵਨ ਤੰਬੂਆਂ ਦੇ ਗੇੜੇ ਕੱਢਦਾ ਕੱਢਦਾ ਹਫ਼ ਜਾਣਾ ਸੀ। ਸਾਰਾ ਕੁਝ ਉਲਟ-ਪੁਲਟ ਹੋ ਜਾਂਦਾ ਤੇ ਦਿੱਲੀ ਵਾਲਿਆਂ ਨੂੰ ਖ਼ਬਰ ਹੋ ਜਾਂਦੀ ਕਿ ਗੁਰੀਲਿਆਂ ਨੇ ਜੰਗਲ ਵਿਚ ਹਸਪਤਾਲ ਸਥਾਪਤ ਕਰ ਲਏ ਨੇ, ਦੇਸ਼ ਨੂੰ ਅੰਦਰੋਂ ਖ਼ਤਰਾ ਖੜ੍ਹਾ ਹੋ ਗਿਆ ਅਤੇ ਅੰਦਰੇ ਹੀ ਕਰਾਸ-ਬਾਰਡਰ ਟੈਰਰਿਜ਼ਮ ਸ਼ੁਰੂ ਹੋ ਗਿਆ।"
ਸਾਰੇ ਹੀ ਇਸ 'ਸਿਆਸੀ' ਤਕਰੀਰ ਉੱਪਰ ਖਿੜ ਖਿੜਾ ਕੇ ਹੱਸ ਉੱਠੇ। ਖੇਮੇ ਵਿਚ ਅਜਿਹਾ ਹਾਸਾ ਪੈਂਦਾ ਮੈਂ ਪਹਿਲੀ ਵਾਰ ਦੇਖਿਆ ਸੀ। ਇੰਜ ਲੱਗਾ ਕਿ ਜਿਵੇਂ ਇਹ ਹਾਸਾ ਵੀ ਗੁਰੀਲਾ ਹਮਲੇ ਵਾਂਗ ਹੋਵੇ ਜਿਸ ਨੇ ਹਰ ਕਿਸੇ ਨੂੰ ਅਵੇਸਲੇ ਹੀ ਦਬੋਚ ਲਿਆ ਹੋਵੇ। ਵੀ
"ਐਤੂ ਭਾਈ ਅਜਿਹੀ ਚਾਹ ਤਾਂ ਰੋਜ਼ ਬਣਾਈ ਜਾਣੀ ਚਾਹੀਦੀ ਹੈ। ਇਸ ਨੇ ਵਾਕਈ ਹਰ ਕਿਸੇ ਨੂੰ ਹਲਕਾ-ਫੁਲਕਾ ਕਰ ਦਿੱਤੇ। ਸ਼ਾਮ ਦੀ ਚਾਹ ਵੇਸੇ ਹੀ ਨਿੰਬੂ ਵਾਲੀ ਐਲਾਨੀ ਜਾ ਸਕਦੀ ਹੈ। ਦੁੱਧ ਵੀ ਬਚੇਗਾ, ਪੇਟ ਵੀ ਸਾਫ ਰਹੇਗਾ, ਮਨ ਵੀ ਖਿੜੇਗਾ।"
"ਆਈਡੀਆ ਬੁਰਾ ਨਹੀਂ। ਪਰ ਫੈਸਲਾ ਸਾਰੇ ਖੇਮੇ ਵਲੋਂ ਹੀ ਲਿਆ ਜਾ ਸਕਦੇ। ਮੇਰਾ ਪੱਕਾ ਯਕੀਨ ਹੈ ਕਿ ਜ਼ਿਆਦਾ ਵੋਟਾਂ ਵਿਰੋਧ ਵਿਚ ਪੇਣਗੀਆਂ।"
"ਮਾਮਲਾ ਖਾਣ-ਪੀਣ ਦਾ ਹੈ ਸੋ ਇਸ ਨੂੰ ਆਪੋ ਆਪਣੀ ਇੱਛਾ ਉਤੇ ਛੱਡ ਦਿੱਤਾ ਜਾਵੇ। ਜਿਹੜਾ ਪੀਣਾ ਚਾਹੁੰਦੇ ਉਹ ਜੀ ਸਦਕੇ ਆਵੇ, ਜਿਸ ਨੇ ਦੁੱਧ ਵਾਲੀ ਪੀਣੀ ਹੈ ਉਹ ਛੇ ਵਜੇ ਤੱਕ ਉਡੀਕ ਕਰੋ।" ਇਕ ਤੀਸਰਾ ਬੋਲਿਆ।
ਗੱਲ ਆਈ ਗਈ ਹੋ ਗਈ। ਮਜ਼ਾਕ ਮਜ਼ਾਕ ਵਿਚ ਫ਼ਿਰਕਾਪ੍ਰਸਤੀ ਦੇ ਨਾਜ਼ੁਕ ਮਾਮਲੇ ਵੱਲ ਸੰਕੇਤ ਹੋ ਗਿਆ। ਗਾਂ ਤੇ ਸੂਰ ਜਾਨਵਰਾਂ ਦੇ ਨਾਮ ਨਾ ਹੋ ਕੇ ਦੇ ਸਿੰਬਲ ਬਣ ਗਏ ਹਨ ਜਿਹਨਾਂ ਨੇ ਦੇਸ਼ ਦੀ ਤਕਰੀਬਨ ਅੱਧੀ ਆਬਾਦੀ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਹ ਦੋਵੇਂ ਜਾਨਵਰ ਅਕੀਦਿਆਂ ਦਾ ਹਿੱਸਾ ਹੋ ਗਏ ਹਨ। ਇਨਸਾਨ ਨੂੰ ਭਾਵੇਂ ਲਾਂਬੂ ਲੱਗ ਜਾਣ ਪਰ ਧਰਮ ਦੇ ਵਹਿਸ਼ੀ ਅਕੀਦਿਆਂ ਉੱਤੇ ਆਂਚ ਨਹੀਂ ਆਉਣੀ ਚਾਹੀਦੀ। ਬਸਤੀਵਾਦੀ ਬਰਤਾਨਵੀ ਹਾਕਮਾਂ ਨੇ ਦੁਨੀਆਂ ਦੇ ਇਸ ਖਿੱਤੇ ਵਿਚ ਜੋ ਜ਼ਹਿਰ ਘੋਲਿਆ ਸੀ ਉਹ ਪੁਸ਼ਤ-ਦਰ-ਪੁਸ਼ਤ ਨੂੰ ਆਪਣੇ ਮਾਰੂ ਅਸਰ ਹੇਠ ਹਿੰਸਕ ਜਾਨਵਰ ਬਣਾਉਂਦਾ ਤੁਰਿਆ ਆ ਰਿਹਾ ਹੈ। ਹਰ ਪੀੜ੍ਹੀ ਦਾ ਜਿਸਮ ਬਾਰ ਬਾਰ ਮਵਾਦ ਭਰੇ ਫੋੜਿਆਂ ਵਾਂਗ ਫਟ ਉੱਠਦਾ ਹੈ। ਇਤਿਹਾਸ, ਸੱਭਿਆਚਾਰ, ਸਿਆਸਤ ਸਭਨਾਂ ਚੀਜ਼ਾਂ ਅੰਦਰ ਹੀ ਜ਼ਹਿਰ ਘੁਲ ਗਿਆ ਹੈ। ਹੇਵਾਨੀਅਤ ਦਾ ਭਰਿਆ ਹੋਇਆ ਇਨਸਾਨ ਤੌਬਾ ਕਰਨਾ ਭੁੱਲ ਜਾਂਦਾ ਹੈ। '47 ਦੀ ਭਿਆਨਕ ਕਤਲੋਗਾਰਤ ਤੋਂ ਬਾਦ ਦੇ ਪਚਵੰਜਾ ਸਾਲਾਂ ਵਿਚ ਅਨੇਕਾਂ ਵਾਰ ਇਸ ਭੱਠੀ 'ਚ ਡਿੱਗਣ ਤੋਂ ਬਾਦ ਵੀ ਉਸ ਨੇ ਅੱਖਾਂ ਨਹੀਂ ਖੋਹਲੀਆਂ। ਪਵਿੱਤਰਤਾ ਅਤੇ ਅਪਵਿੱਤਰਤਾ ਦੇ ਇਸ ਜਾਹਲ ਅਕੀਦੇ ਅਤੇ ਵਹਿਸ਼ੀ ਚਿੰਨ੍ਹਾਂ ਨੂੰ ਚੰਬੜਿਆ ਉਹ ਆਪਣੇ ਸੱਭਿਅਕ ਹੋਣ ਦਾ ਆਪ ਹੀ ਜਲੂਸ ਕੱਢ ਰਿਹਾ ਹੈ। ਬਾਹਰ ਆਇਆ ਤਾਂ ਗੁਜਰਾਤ ਦਾ ਤਾਂਡਵ ਵਾਪਰ ਗਿਆ ਜਿਸ ਨੇ ਹਰ ਰੂਹ ਨੂੰ ਕੰਬਾ ਦਿਤਾ।
ਇਤਿਹਾਸ ਦੇ ਕਿਸੇ ਦੌਰ ਵਿਚ ਅਪਣਾਏ ਗਏ ਪੁਰਾਣੇ ਤੇ ਹੁਣ ਵੇਲਾ ਵਿਹਾ ਚੁੱਕੇ ਸੰਕਲਪ ਤੇ ਨੈਤਿਕਤਾ ਅੱਜ ਜ਼ਿੰਦਗੀ ਨੂੰ ਅਗਾਂਹ ਨਹੀਂ ਤੋਰ ਸਕਦੇ। ਜੇ ਕੋਈ ਇਖ਼ਲਾਕ ਜ਼ਿੰਦਗੀ ਨੂੰ ਅਗਾਂਹ ਤੋਰਨ ਵਿਚ ਸਹਾਈ ਨਾ ਹੋਵੇ ਸਗੋਂ ਵਿਰੋਧ ਵਿਚ ਜਾਣ ਲੱਗ ਪਵੇ ਤਾਂ ਉਹ ਇਖ਼ਲਾਕ ਜਾਂ ਨੈਤਿਕਤਾ ਨਹੀਂ ਹਨ। ਜੇ ਕਦੇ ਗਾ ਖਾਣੀ ਛੱਡੀ ਗਈ ਤਾਂ ਜੀਵਨ ਨੂੰ ਅਗਾਂਹ ਵਧਾਉਣ ਵਾਸਤੇ ਛੱਡੀ ਗਈ ਹੋਵੇਗੀ, ਜੇ ਕਬਾਇਲੀ ਇਸ ਨੂੰ ਅੱਜ ਖਾਂਦੇ ਹਨ ਤਾਂ ਇਹ ਵੀ ਜ਼ਿੰਦਗੀ ਨੂੰ ਬਰਕਰਾਰ ਰੱਖਣ ਅਤੇ ਅਗਾਂਹ ਤੋਰਨ ਲਈ ਹੈ। ਕੋਈ ਗਾਂ ਦਾ ਮਾਸ ਖਾ ਕੇ ਪਾਪੀ ਨਹੀਂ ਹੋ ਜਾਂਦਾ ਤੇ ਕੋਈ ਦੂਸਰਾ ਸੂਰ ਦੇ ਗੋਸ਼ਤ ਨੂੰ ਹਰ ਕੇ ਕਾਫ਼ਰ ਨਹੀਂ ਬਣ ਜਾਂਦਾ। ਹਰ ਸਮੇਂ ਤੇ ਸਥਾਨ ਦੀਆਂ ਆਪਣੀਆਂ ਹੱਦਾਂ ਹਨ, ਆਪਣੀਆਂ ਹੀ ਜ਼ਰੂਰਤਾਂ ਹਨ। ਸਮੱਸਿਆ ਓਦੋਂ ਖੜ੍ਹੀ ਹੁੰਦੀ ਹੈ, ਜਦ ਇਸ ਨੂੰ ਜ਼ਿੰਦਗੀ ਦੀਆਂ ਪਦਾਰਥਕ ਹਕੀਕਤਾਂ ਨਾਲੋਂ ਤੋੜ ਕੇ 'ਇਲਾਹੀ' ਰੂਪ ਦੇ ਦਿੱਤਾ ਜਾਂਦਾ ਹੈ। "ਪਵਿੱਤਰਤਾ" ਦੇ ਅਕੀਦਿਆਂ ਨੇ ਹਰ ਮਨੁੱਖ ਨੂੰ ਹੀ ਅਪਵਿੱਤਰ ਕਰਾਰ ਦੇ ਦਿੱਤਾ ਹੈ। ਜਦ ਕਿਸੇ ਵਿਸ਼ੇਸ਼ ਸਮੇਂ ਤੇ ਸਥਾਨ ਦੀ ਹਕੀਕਤ ਨੂੰ ਸਰਵ-ਵਿਆਪੀ ਹਕੀਕਤ ਕਰਾਰ ਦੇ ਦਿੱਤਾ ਜਾਵੇ ਅਤੇ ਇਸ ਉੱਤੇ ਹਮੇਸ਼ਾਂ ਵਾਸਤੇ ਸੱਚ ਹੋਣ ਦਾ ਫ਼ਤਵਾ ਮੜ੍ਹ
ਦਿੱਤਾ ਜਾਵੇ ਤਾਂ ਅਜਿਹਾ ਕਰਨਾ ਫ਼ਸਾਦ ਖੜ੍ਹਾ ਕਰ ਦੇਵੇਗਾ। ਜੋ 'ਨਹੀਂ ਹੈ ਉਸ ਨੂੰ 'ਹੈ' ਬਣਾ ਦੇਵੇਗਾ। ਜੋ 'ਹੈ' ਉਸ ਨੂੰ "ਨਹੀਂ ਹੈ" ਬਣਾ ਦੇਣ ਦੀ ਕੋਸ਼ਿਸ਼ ਕਰੇਗਾ। ਜਦ ਉਹ ਵਿਰੋਧਤਾਈ ਫ਼ਸਾਦ ਦਾ ਰੂਪ ਅਖ਼ਤਿਆਰ ਕਰ ਜਾਂਦੀ ਹੈ ਤਾਂ ਨਾ ਅੱਲਾ ਮੱਦਦ ਕਰਨ ਆਉਂਦਾ ਹੈ, ਨਾ ਕੋਈ ਪ੍ਰਮਾਤਮਾ ਅਤੇ ਨਾ ਹੀ ਕਿਸੇ ਰੱਬ ਦਾ ਕੋਈ ਪੁੱਤਰ। ਓਦੋਂ ਸਿਰਫ਼ ਅੱਗਜ਼ਨੀ ਤੇ ਬਲਾਤਕਾਰ ਹੀ ਸਰਵਵਿਆਪਕ ਤੇ ਸਰਵਸ਼ਕਤੀਮਾਨ ਹੋ ਜਾਂਦੇ ਹਨ, ਇਨਸਾਨ ਮਨਫ਼ੀ ਹੋ ਜਾਂਦਾ ਹੈ। ਜਿਹੜੇ ਗਾਂ ਦੇ ਨਾਂਅ ਉੱਤੇ ਐਨਾ ਉਪੰਦਰ ਕਰਦੇ ਹਨ ਉਹ ਜਿਉਂਦੀ ਹੋਈ ਨੂੰ ਤਾਂ ਪਵਿੱਤਰ ਕਰਾਰ ਦੇਂਦੇ ਹਨ ਪਰ ਮਰੀ ਹੋਈ ਤੋਂ ਇੰਜ ਦੂਰ ਭੱਜਦੇ ਹਨ ਜਿਵੇਂ ਉਸ ਨੂੰ ਹੱਥ ਲਾਇਆਂ ਉਹਨਾਂ ਨੂੰ ਕੋਹੜ ਹੋ ਜਾਵੇਗਾ। ਫਿਰ ਉਹਨਾਂ ਨੂੰ "ਨੀਚ ਜਾਤ" ਇਨਸਾਨਾਂ ਦੀ ਜ਼ਰੂਰਤ ਪੈਂਦੀ ਹੈ ਕਿ ਉਹਨਾਂ ਦੀ ਇਸ 'ਪਵਿੱਤਰ' ਚੀਜ਼ ਨੂੰ ਟਿਕਾਣੇ ਲਗਾ ਦੇਣ। ਆਪਣੀ "ਪਵਿੱਤਰ ਮਾਂ" ਦਾ ਕਿਰਿਆ-ਕਰਮ ਕਰਨ ਵਾਸਤੇ ਨਾ ਉਹਨ੍ਹਾਂ ਅੰਦਰ ਕੋਈ ਇੱਜ਼ਤ ਦਾ ਅਹਿਸਾਸ ਹੈ, ਨਾ ਕੋਈ ਰਸਮ ਅਤੇ ਨਾ ਹੀ ਕੋਈ ਸਲੋਕ। ਪੂਜਾ ਦੇ ਕਿਸੇ ਸਿੱਬਲ ਦੀ ਐਨੀ ਦੁਰਦਸ਼ਾ ਹੋਰ ਕਿਸੇ ਵੀ ਧਰਮ ਵਿਚ ਨਹੀਂ ਹੁੰਦੀ। ਕੇਸਾ ਦੰਭ ਹੈ।
ਡਾ: ਪਵਨ ਮਰੋੜਾਂ ਦਾ ਇਲਾਜ ਤਾਂ ਕਰ ਸਕਦਾ ਸੀ ਪਰ ਜੇ ਖੇਮੇ ਵਿਚ ਦੰਗਾ ਭੜਕ ਉੱਠਦਾ ਤਾਂ ਦਵਾ ਤਾਂ ਕੀ ਕਿਸੇ 'ਰੱਬ' ਨੇ ਵੀ ਉਸ ਦੀ ਮਦਦ ਨਹੀਂ ਸੀ ਕਰਨੀ। ਅਜਿਹੀ ਹਾਲਤ ਵਿਚ ਦਵਾ ਵੀ ਬੇ-ਅਸਰ ਰਹਿੰਦੀ, ਦੁਆ ਵੀ। ਸ਼ੁਕਰ ਹੈ ਕਿ ਓਥੇ ਗੌਂਡ ਕਬਾਇਲੀ ਸਨ ਜਿਹਨਾਂ ਵਾਸਤੇ ਗਾਂ ਤੇ ਸੂਰ ਦਰਮਿਆਨ ਦੇ ਇਸ ਫ਼ਸਾਦ ਦੀ ਕੋਈ ਗੁੰਜਾਇਸ਼ ਨਹੀਂ ਸੀ।
"ਐਤੂ ਭਾਈ!" ਰਸੋਈ ਤੋਂ ਵਾਪਸ ਮੁੜਦੇ ਹੋਏ ਮੈਂ ਉਸ ਨੂੰ ਕਿਹਾ, "ਗੋਂਡ ਕਬਾਇਲੀ ਇਨਸਾਨੀਅਤ ਦੇ ਜ਼ਿਆਦਾ ਨਜ਼ਦੀਕ ਹਨ। ਨਾ ਇਹ ਹਿੰਦੂ ਹਨ, ਨਾ ਮੁਸਲਮਾਨ।"
"ਸਹੀ ਗੱਲ ਹੈ," ਉਹ ਬੋਲਿਆ, "ਪਰ ਇਹਨਾਂ ਦੇ ਵੀ ਆਪਣੇ ਦੇਵਤੇ ਹਨ। ਚੰਗੀ ਗੱਲ ਹੈ ਕਿ ਇਹਨਾਂ ਦੇ ਦੇਵਤੇ ਖਾਹਮੁਖਾਹ ਦੇ ਫ਼ਸਾਦੀ ਨਹੀਂ ਹਨ। ਜਿੱਥੇ ਕਿਤੇ ਵੀ ਕਬਾਇਲੀ ਇਲਾਕਿਆ ਵਿਚ ਮਿਸ਼ਨਰੀ ਕਹੇ ਜਾਂਦੇ ਲੋਕ ਮੰਦਰ, ਮਸਜਿਦ ਤੇ ਗਿਰਜੇ ਖੜ੍ਹੇ ਕਰ ਦੇਂਦੇ ਹਨ ਓਥੇ ਹੀ "ਰੱਬੀ" ਹਨੇਰੀ ਭੁੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਕਹਿਰ ਵਰਤਣ ਲੱਗਦਾ ਹੈ। ਧਰਮਾਂ ਵਾਲੇ "ਧਰਮ ਸੰਕਟ" ਖੜ੍ਹਾ ਕਰ ਦੇਂਦੇ ਨੇ ਤੇ ਕਤਲੋਗਾਰਤ ਸ਼ੁਰੂ ਕਰਵਾ ਦੇਂਦੇ ਨੇ। ਮਿਸ਼ਨਰੀ ਸਕੂਲਾਂ ਵਿਚ ਵੰਡਿਆ ਜਾ ਰਿਹਾ "ਵਿਦਿਆ" ਦਾ ਚਾਨਣ ਕਬਾਇਲੀਆਂ ਦੀਆਂ ਅੱਖਾਂ ਅੰਨ੍ਹੀਆਂ ਕਰਨ ਵਿਚ ਮੁਜਰਮਾਨਾ ਭੂਮਿਕਾ ਨਿਭਾਉਂਦਾ ਹੈ।"
"ਮਿਸ਼ਨਰੀ," ਉਸ ਨੇ ਅੱਗੇ ਬੋਲਣਾ ਜਾਗੋ ਰੱਖਿਆ, "ਕਬਾਇਲੀਆਂ ਦੀ ਜ਼ਮੀਨ, ਸੱਭਿਆਚਾਰ ਤੇ ਇਤਹਾਸ, ਸਾਰਾ ਕੁਝ ਹੀ ਹੜੱਪ ਕਰਨ ਉੱਤੇ ਤੁਲੇ ਹੋਏ ਹਨ। ਉਹ ਚਾਹੁੰਦੇ ਨੇ ਕਿ ਕਬਾਇਲੀ ਤਲਵਾਰਾਂ, ਤ੍ਰਿਸ਼ੂਲ ਚੁੱਕ ਲੈਣ ਤੇ ਆਪਸ ਵਿਚ ਲੜ ਮਰਨ। ਇਸ ਤਰ੍ਹਾਂ ਉਹ ਉਹਨਾਂ ਨੂੰ ਜਲ, ਜੰਗਲ ਤੇ ਜ਼ਮੀਨ ਦੀ ਲੜਾਈ ਤੋਂ ਤਿਲਕਾਉਣਾ ਚਾਹੁੰਦੇ ਹਨ। ਉਹ ਇਸ ਰਾਹੀਂ ਕਬਾਇਲੀਆਂ ਦਾ ਤੇ ਉਹਨਾਂ ਦੀ ਧਰਤੀ ਦਾ ਕੰਟਰੋਲ ਆਪਣੇ ਹੱਥ ਵਿਚ ਲੈਣਾ ਚਾਹੁੰਦੇ ਹਨ। ਪਰ ਅਸੀਂ ਏਥੇ ਅਜਿਹਾ ਨਹੀਂ ਹੋਣ ਦੇ ਰਹੇ। ਗੁਰੀਲੇ ਇਹ ਨਹੀਂ ਵਾਪਰਨ ਦੇਣਗੇ। ਏਥੋਂ ਦੇ ਕਬਾਇਲੀ ਕਦੀਮੀ ਜਾਦੂ ਟੂਣਿਆਂ ਉੱਪਰ ਵਿਸ਼ਵਾਸ ਕਰਦੇ ਹਨ। ਪਰ ਇਹ ਵਿਸ਼ਵਾਸ ਵੀ ਹੁਣ ਟੁੱਟ ਰਹੇ ਹਨ ਤੇ ਜਾਗਰਿਤੀ
ਆ ਰਹੀ ਹੈ।"
ਐਤੂ ਭਾਈ ਕਬਾਇਲੀਆਂ ਵਾਸਤੇ ਪੜ੍ਹਾਈ ਦਾ ਵਿਗਿਆਨਕ ਸਲੇਬਸ ਵੀ ਤਿਆਰ ਕਰ ਰਿਹਾ ਸੀ। ਉਹ ਪੜ੍ਹੇ ਲਿਖੇ ਲੋਕਾਂ ਉੱਤੇ ਤਰਸ ਵੀ ਖਾਂਦਾ ਹੈ ਤੇ ਗੁੱਸਾ ਵੀ ਜਿਹੜੇ ਵਿਗਿਆਨ ਤੇ ਸੱਚਾਈ ਨੂੰ ਸਹਿਜੇ ਹੀ ਸਮਝ ਸਕਦੇ ਹਨ ਪਰ ਜਿਹੜੇ ਆਪਣੀ ਕਾਬਲੀਅਤ ਨੂੰ ਚੰਦ ਟੁਕੜਿਆ ਖ਼ਾਤਰ ਬੁਰਜੂਆ ਸੰਸਥਾਵਾਂ ਕੋਲ ਵੇਚ ਰਹੇ ਹਨ।
ਅਗਲੇ ਦਿਨ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਕਿੰਨੇ ਹੀ ਮੁੰਡੇ ਕੁੜੀਆਂ ਖੇਮੇ ਵਿਚ ਆ ਗਏ। ਰਸੋਈ ਦਾ ਦਲਾਨ ਤੇ ਆਲਾ ਦੁਆਲਾ ਉਹਨਾਂ ਨਾਲ ਭਰ ਗਿਆ। ਇਸ ਇਕੱਠ ਨੇ ਮੈਨੂੰ ਹੈਰਾਨੀ ਵਿਚ ਪਾ ਦਿੱਤਾ। ਕਿਤੇ ਅੱਜ ਭਰਤੀ ਦਾ ਦਿਨ ਤਾਂ ਨਹੀਂ!
"ਕੋਸਾ! ਅੱਜ ਕੋਈ ਖ਼ਾਸ ਗੱਲ ਹੈ ਕੀ? ਐਨਾ ਜਮਘਟਾ ਕਿਉਂ ਹੈ?"
"ਕੋਈ ਖ਼ਾਸ ਗੱਲ ਨਹੀਂ। ਇਕੱਠੇ ਹੋ ਕੇ ਕੈਂਪ ਦੇਖਣ ਆਏ ਹਨ। ਆਪਣੇ ਆੜੀਆਂ ਮਿੱਤਰਾਂ ਨੂੰ ਮਿਲਣਾ ਚਾਹੁੰਦੇ ਹਨ।"
"ਤੁਸੀਂ ਇਸ ਤਰ੍ਹਾਂ ਦੀ ਇਜਾਜ਼ਤ ਵੀ ਦੇ ਦੇਂਦੇ ਹੋ? ਖ਼ਤਰਾ ਮਹਿਸੂਸ ਨਹੀਂ ਕਰਦੇ?"
"ਖ਼ਤਰਾ ਕਾਹਦਾ? ਆਪਣੇ ਹੀ ਲੋਕ ਹਨ। ਖ਼ਤਰਾ ਹੁੰਦਾ ਤਾਂ ਅਸੀਂ ਐਨੇ ਦਿਨ ਟਿਕਦੇ ਹੀ ਨਾ। ਦੂਰ ਦੂਰ ਦੇ ਪਿੰਡ ਜਾਣਦੇ ਨੇ ਕਿ ਕੈਂਪ ਚੱਲ ਰਿਹੇ। ਬੇਲੀਆਂ ਨੂੰ ਮਿਲੇ ਬਿਨਾਂ ਕੋਣ ਰਹਿ ਸਕਦੇ? ਸੋ ਚਲੇ ਆਏ।"
ਮੇਲੇ ਵਰਗਾ ਇਕੱਠ ਅਤੇ ਮੇਲੇ ਵਰਗਾ ਹੀ ਮਹੌਲ ਬਣਿਆ ਹੋਇਆ ਸੀ। ਉਹ ਝੁਰਮਟ ਮਿਲਣ-ਗਿਲਣ ਆਇਆ ਸੀ। ਕਈ ਘੰਟੇ ਬਿਤਾ ਕੇ ਵਾਪਸ ਚਲਾ ਗਿਆ। ਨੌਜਵਾਨ ਗੋਂਡ ਲੋਕ ਸਹਿਜ-ਸੁਭਾਅ ਹੀ ਲਹਿਰ ਨਾਲ ਇਕ ਮਿਕ ਹੁੰਦੇ ਜਾ ਰਹੇ ਹਨ। ਪਾਣੀ, ਜੰਗਲ ਤੇ ਭੂਮੀ ਦੀ ਜੱਦੋਜਹਿਦ ਨੇ ਉਹਨਾਂ ਨੂੰ ਗੁਰੀਲਿਆਂ ਦੇ ਨਜ਼ਦੀਕ ਲੈ ਆਂਦਾ ਹੈ। ਮੈਨੂੰ ਭਰਤਪੁਰ ਤੇ ਭੂਪਾਲ ਵਿਚ ਕਾਰਗਿਲ "ਯੁੱਧ" ਦੌਰਾਨ ਭਰਤੀ ਹੋਣ ਵਾਲਿਆਂ ਦੀਆਂ ਭੀੜਾਂ ਉੱਪਰ ਪੁਲਿਸ ਦਾ ਲਾਠੀਚਾਰਜ ਕਰਨਾ ਤੇ ਗੋਲੀ ਚਲਾਉਣਾ ਚੇਤੇ ਆ ਗਿਆ। ਲੋਕਾਂ ਦੀ ਆਪਣੀ ਫ਼ੌਜੀ ਤਾਕਤ ਅਤੇ ਬੇਗਾਨੀ, ਉੱਪਰ ਤੋਂ ਠੋਸੀ ਗਈ, ਤਾਕਤ ਵਿਚ ਕਿੰਨਾ ਅੰਤਰ ਸੀ।
ਰਸੋਈ ਘਰ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਗੁਗੋਲਾ ਦਿਲਚਸਪ ਕਹਾਣੀ ਵਰਗਾ ਹੈ। ਪਹਿਲਾਂ ਉਸ ਦੀ ਵੱਡੀ ਭੈਣ ਦਸਤੇ ਵਿਚ ਸ਼ਾਮਲ ਹੋਈ, ਇਕ ਸਾਲ ਬਾਦ ਉਹ ਆਣ ਮਿਲਿਆ ਅਤੇ ਦੋ ਸਾਲ ਬਾਦ ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਘਰ ਨੂੰ ਅਲਵਿਦਾ ਕਹਿ ਕੇ ਇਕ ਟੁਕੜੀ ਦਾ ਹਿੱਸਾ ਬਣ ਗਈਆਂ। ਉਸ ਦੇ ਦਵਾਲੇ ਝੁਰਮਟ ਪਿਆ ਹੋਇਆ ਸੀ। ਉਹ ਇਸੇ ਹੀ ਇਲਾਕੇ ਦੇ ਕਿਸੇ ਪਿੰਡ ਵਿਚੋਂ ਸੀ। ਉਸ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਹੁਣ ਇੱਕਲੇ ਰਹਿ ਗਏ ਹਨ ਪਰ ਖੁਸ਼ ਹਨ।
ਤੀਰ-ਕਮਾਨ ਚਲਾਉਣਾ ਜਾਂ ਬੰਦੂਕ ਚਲਾਉਣਾ ਕਿਸੇ ਕਬਾਇਲੀ ਵਾਸਤੇ ਜ਼ਿਆਦਾ ਫ਼ਰਕ ਵਾਲੀ ਗੱਲ ਨਹੀਂ ਹੈ। ਉਹ ਬੰਦੂਕ ਦੇ ਹਿੱਸਿਆਂ ਨੂੰ ਅਲੱਗ ਅਲੱਗ ਕਰ ਕੇ ਸਾਵ ਕਰਨਾ ਤੇ ਫਿਰ ਜੋੜ ਲੈਣਾ ਜਲਦੀ ਸਿੱਖ ਜਾਂਦੇ ਹਨ। ਬਿਨਾਂ ਸ਼ੱਕ, ਉਹ ਫ਼ੌਜੀ ਵਰਦੀ ਵਿਚ ਹੋਣ ਨੂੰ ਅਹੁਲਦੇ ਹਨ ਪਰ ਆਪਣੀ ਨਿੱਕਰ-ਬੁਨੈਣ ਵਿਚ ਰਹਿ ਕੇ ਉਹ ਲੋਕ- ਮਿਲੀਸ਼ੀਆ ਦਾ ਮੈਂਬਰ ਬਨਣ ਵਿਚ ਵੀ ਘੱਟ ਮਾਣ ਮਹਿਸੂਸ ਨਹੀਂ ਕਰਦੇ। ਇਹ ਨਵੀਂ ਤਰ੍ਹਾਂ ਦੀ ਫ਼ੌਜ ਮੁੰਡਿਆਂ ਤੇ ਕੁੜੀਆਂ, ਦੋਵਾਂ ਨੂੰ ਹੀ ਲੁਭਾਉਂਦੀ ਹੈ। "ਮੁਰਗੇ-ਖਾਣੀ"
ਪੁਲਿਸ ਨਾਲ ਇਸ ਦਾ ਮੁਕਾਬਲਾ ਕਰਨਾ ਉਹਨਾਂ ਸਿੱਖ ਲਿਆ ਹੈ। ਅੱਜ ਕਬਾਇਲੀ ਔਰਤ ਜਦ ਚਾਹੇ ਤੇ ਜਿੰਨਾ ਦੂਰ ਤਕ ਚਾਹੇ ਜੰਗਲ ਵਿਚ ਬਿਨਾਂ ਕਿਸੇ ਡਰ-ਭੇਅ ਦੇ ਆਪਣਾ ਕੰਮ ਕਰਦੀ ਰਹਿ ਸਕਦੀ ਹੈ। ਤਿੱਖੜ ਦੁਪਹਿਰ ਹੈ ਕਿ ਰਾਤ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਕੋਈ ਗੁਰੀਲਾ ਟੁਕੜੀ ਉਸ ਦੇ ਇਕੱਲੇ ਹੁੰਦਿਆਂ ਉਸ ਕੋਲੋਂ ਦੀ ਗੁਜ਼ਰਦੀ ਹੈ ਤਾਂ ਉਹ ਹੋਰ ਵੀ ਸੁਰੱਖਿਅਤ ਮਹਿਸੂਸ ਕਰਦੀ ਹੈ। ਲੱਚਾ ਇਸ ਸੁਰੱਖਿਆ ਨੂੰ ਬਿਆਨ ਨਹੀਂ ਕਰ ਪਾਇਆ ਸੀ। ਉਸ ਦੀ ਉਮਰ ਅਜੇ ਛੋਟੀ ਹੈ ਜਿਹੜੀ ਅਜਿਹੇ ਮਾਮਲਿਆਂ ਬਾਰੇ ਚੇਤਨ ਨਹੀਂ ਹੋ ਸਕਦੀ। ਜੰਗਲ ਦੀ ਔਰਤ ਜੰਗਲੀ ਜਾਨਵਰ ਤੋਂ ਘਬਰਾ ਸਕਦੀ ਹੈ ਪਰ ਜਿਹੜਾ ਦੋ ਟੰਗਾਂ ਵਾਲਾ ਜਾਨਵਰ ਉਸ ਦੀ ਜਾਨ ਦਾ ਖੌਅ ਹੋਇਆ ਕਰਦਾ ਸੀ, ਉਹ ਹੁਣ ਓਥੇ ਮੌਜੂਦ ਨਹੀਂ ਰਿਹਾ। ਬਹੁਤ ਕੁਝ ਬਦਲ ਗਿਆ ਹੈ। ਬਹੁਤ ਕੁਝ ਅਜੇ ਬਦਲੇ ਜਾਣ ਦੀ ਲੋੜ ਹੈ। ਲੋਕਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅਜਿਹਾ ਉਹਨਾਂ ਦੀ ਜ਼ਿੰਦਗੀ ਵਿਚ ਪਹਿਲੀ ਵਾਰ ਹੋ ਰਿਹਾ ਹੈ। ਨਵੀਂ ਪੀੜ੍ਹੀ ਤਬਦੀਲੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਪੁਰਾਣੀ ਵਾਸਤੇ ਇਹ ਕਰਿਸ਼ਮੇ ਵਾਂਗ ਹੈ।
ਕੋਸਾ ਦੱਸਦਾ ਹੈ ਕਿ ਕਦੇ ਅਜਿਹਾ ਸਮਾਂ ਸੀ ਜਦੋਂ ਬੰਦੂਕਾਂ ਵਾਸਤੇ ਹੱਥ ਨਹੀਂ ਸਨ ਮਿਲਦੇ। ਅੱਜ ਹਾਲਤ ਇਹ ਹੈ ਕਿ ਹੱਥ ਹਨ ਪਰ ਹਥਿਆਰ ਨਹੀਂ ਹਨ। ਜਦ ਗੁਰੀਲੇ ਕਿਸੇ ਪਿੰਡ ਵਿਚ ਪਹੁੰਚਦੇ ਹਨ ਤਾਂ ਸਾਰਾ ਪਿੰਡ ਆਣ ਢੁੱਕਦਾ ਹੈ। ਜਦ ਉਹ ਕੈਂਪ ਲਗਾਉਂਦੇ ਹਨ ਤਾਂ ਪਿੰਡ ਵਾਰੀਆਂ ਬੰਨ੍ਹ ਲੈਂਦੇ ਹਨ। ਕਬਾਇਲੀ ਮੁੰਡੇ ਕੁੜੀਆਂ ਦੇਰ ਰਾਤ ਤੱਕ ਦਸਤਿਆਂ ਨਾਲ ਰਹਿਣਾ ਲੋਚਦੇ ਹਨ। ਦਸਤੇ ਵੱਲੋਂ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਹੁਣ ਉਹ ਵਾਪਸ ਚਲੇ ਜਾਣ ਤਾਂ ਕਿ ਉਹ ਵੀ ਅਗਾਂਹ ਨੂੰ ਕੂਚ ਕਰ ਸਕਣ। ਉਹ ਕਬਾਇਲੀ ਜਿਹਨਾਂ ਕਦੇ ਓਪਰਿਆਂ ਉੱਪਰ ਵਿਸ਼ਵਾਸ਼ ਨਹੀਂ ਸੀ ਕੀਤਾ, ਜਿਹੜੇ ਹਥਿਆਰਬੰਦ ਫ਼ੌਜੀ ਤਾਕਤ ਨੂੰ ਦੇਖਕੇ ਭੇਡਾਂ ਵਾਂਗ ਦੁਬਕ ਜਾਇਆ ਕਰਦੇ ਸਨ, ਅੱਜ ਇਸ ਤਾਕਤ ਨੂੰ ਦੇਖਕੇ ਖੁਸ਼ ਹੁੰਦੇ ਹਨ ਅਤੇ ਕਿਸੇ ਦਸਤੇ ਦੇ ਪਹੁੰਚਣ ਉੱਤੇ ਚੋਲ, ਸਬਜ਼ੀਆਂ ਅਤੇ ਪਾਣੀ ਚੁੱਕੀ ਤੁਰੇ ਆਉਂਦੇ ਹਨ। ਜਨਤਾ ਗੁਰੀਲਿਆਂ ਵਾਸਤੇ ਸਮੁੰਦਰ ਬਣੀ ਦਿਖਾਈ ਦਿੰਦੀ ਹੈ। ਜੰਗਲ ਵਿਚ ਵੱਖਰੀ ਤਰ੍ਹਾਂ ਦਾ ਮੰਗਲ ਸ਼ੁਰੂ ਹੈ। ਨਵੇਂ ਨਾਚ, ਨਵੇਂ ਗੀਤ, ਨਵੇਂ ਵਿਚਾਰ। ਹਰ ਚੀਜ਼ ਨਵਾਂਪਣ ਅਪਣਾ ਰਹੀ ਹੈ ਅਤੇ ਇਕ ਨਵੀਂ ਰੌਸ਼ਨੀ ਵਿਚ ਧੁਲ ਰਹੀ ਹੈ। ਜਦ ਪੱਤਝੜ ਵਿਚ ਰੁੱਖ ਉਦਾਸ ਹੋ ਜਾਂਦੇ ਹਨ ਤਾਂ ਹਰ ਚੀਜ਼ ਉਦਾਸ ਹੋ ਜਾਂਦੀ ਹੈ। ਪਰ ਬਹਾਰ ਆਉਣ ਉੱਤੇ ਜਿਵੇਂ ਹਰ ਚੀਜ਼ ਖੇੜੇ ਨਾਲ ਭਰੀ ਜਾਂਦੀ ਹੈ ਉਸੇ ਤਰ੍ਹਾਂ ਜੰਗਲ ਦੇ ਲੋਕ ਖਿੜੇ ਹੋਏ ਨਜ਼ਰ ਆਉਂਦੇ ਹਨ। ਗ਼ਰੀਬੀ, ਬਿਮਾਰੀ ਅਤੇ ਭੁੱਖ ਦੇ ਬਾਵਜੂਦ ਉਹ ਖੁਸ਼ ਹਨ ਕਿਉਂਕਿ ਉਹ ਆਸ ਨਾਲ ਭਰ ਰਹੇ ਹਨ, ਸੁਪਨੇ ਨੂੰ ਸਾਕਾਰ ਹੁੰਦਾ ਹੋਇਆ ਦੇਖ ਰਹੇ ਹਨ। ਪਰ ਇਸ ਖੁਸ਼ੀ ਦੀ ਕੀਮਤ ਦਿੱਤੀ ਗਈ ਹੈ, ਕੀਮਤ ਦਿੱਤੀ ਜਾ ਰਹੀ ਹੈ। ਇਸ ਕੀਮਤ ਤੋਂ ਬਿਨਾਂ ਬਹਾਰ ਨਹੀਂ ਆ ਸਕਦੀ।
ਸ਼ਾਮ ਦੇ ਵਕਤ ਮੈਨੂੰ ਪਤਾ ਲੱਗਾ ਕਿ ਦੋ ਦਿਨ ਬਾਦ ਮੈਂ ਖੇਮੇ ਤੋਂ ਵਿਦਾ ਹੋ ਜਾਵਾਂਗਾ। ਦੇ ਦਿਨਾਂ ਵਿਚ ਜੋ ਕੁਝ ਹੋਰ ਮੈਂ ਇੱਥੋਂ ਬਾਰੇ ਜਾਨਣਾ ਚਾਹਵਾਂ ਜਾਣ ਸਕਦਾ ਹਾਂ। ਸੋ ਦੇ ਦਿਨ ਹੋਰ ਸਨ। ਮੈਂ ਸੋਚਿਆ ਬਾਦ ਵਿਚ ਜੰਗਲ ਵਿਚ ਘੁੰਮਾਂਗਾ, ਲੋਕਾਂ ਨੂੰ ਮਿਲਾਂਗਾ, ਉਹਨਾਂ ਦੇ ਘਰਾਂ, ਖੇਤਾਂ, ਤਾਲਾਬਾਂ ਤੇ ਡੰਗਰ-ਵਾੜਿਆਂ ਦਾ ਹਾਲ ਦੇਖਾਂਗਾ। ਫੇਰ ਪਤਾ ਨਹੀਂ ਕਿਤੇ ਡੇਰਾ ਪਿਆ ਹੋਇਆ ਮਿਲੇ ਜਾਂ ਨਾ ਮਿਲੇ, ਸੋ, ਮੈਂ ਇਹਨਾਂ ਦੋ
ਦਿਨਾਂ ਦਾ ਪੂਰਾ ਫਾਇਦਾ ਉਠਾਉਣ ਬਾਰੇ ਸੋਚਿਆ।
............
"ਕੀ ਹਾਲ ਹੈ, ਡਾਕਟਰ ਪਵਨ?" ਰਾਤ ਦੇ ਖਾਣੇ ਵੇਲੇ ਅਸੀਂ ਇਕੱਠੇ ਹੁੰਦੇ ਹਾਂ। "ਚੰਗਾ ਹੈ, ਬਹੁਤ ਵਧੀਆ।" ਪਵਨ ਨੈਣ-ਨਕਸ਼ ਤੋਂ ਬੰਗਾਲੀ ਲੱਗਦਾ ਹੈ, ਰੰਗ ਤੋਂ ਮਦਰਾਸੀ, ਹਿੰਦੀ ਵਧੀਆ ਬੋਲਦਾ ਹੈ ਅਤੇ ਲਿਖਦਾ ਕਈ ਭਾਸ਼ਾਵਾਂ ਵਿਚ ਹੈ। ਸੂਬਾ ਪੁੱਛਣ ਦੀ ਮੈਨੂੰ ਜ਼ਰੂਰਤ ਮਹਿਸੂਸ ਨਹੀਂ ਹੁੰਦੀ।
ਪਵਨ ਦਾ ਨਾਂਅ ਉਸ ਦੀ ਸਰੀਰਕ ਬਣਤਰ ਦੇ ਬਿਲਕੁਲ ਉਲਟ ਹੈ। ਪਵਨ ਨਾਮ ਤੋਂ ਤਾਂ ਇੰਜ ਲੱਗਦਾ ਹੈ ਕਿ ਹੋਲਾ-ਫੁੱਲ ਹੋਵੇਗਾ, ਫੂਕ ਮਾਰੀਆਂ ਉੱਡ ਜਾਵੇਗਾ। ਪਰ ਉਹ ਚੌੜੇ ਡੀਲ-ਡੋਲ ਦਾ ਨਿੱਗਰ ਆਦਮੀ ਹੈ ਅਤੇ ਠੋਸ ਕਦਮ ਤੁਰਦਾ ਹੈ। ਅੱਖਾਂ 'ਤੇ ਚਸ਼ਮਾ ਪਹਿਨੇ, ਹੱਥ 'ਚ ਦਵਾਈਆਂ ਵਾਲਾ ਬੇਗ ਉਠਾਏ ਅਤੇ ਇਕ ਸੰਜੀਦਾ ਚਿਹਰਾ ਲਈ ਉਹ ਕਦੇ ਕਦੇ ਤੁਹਾਨੂੰ ਘੁੰਮਦਾ ਹੋਇਆ ਮਿਲ ਪੈਂਦਾ ਹੈ। ਆਪਣੇ ਬੈਗ ਤੋਂ ਉਹ ਕਦੇ ਵੀ ਅਲੱਗ ਨਹੀਂ ਹੁੰਦਾ। ਕੀ ਪਤਾ ਕਦੋਂ ਕੋਈ ਮਰੀਜ਼ ਮਿਲ ਪਵੇ ਅਤੇ ਢਿੱਡ- ਪੀੜ ਦੀ ਸ਼ਿਕਾਇਤ ਕਰ ਦੇਵੇ, ਜਾਂ ਲਹੂ ਵਿਚ ਲੋਹੇ ਦੀ ਘਾਟ ਵਾਲਾ ਕੋਈ ਟੱਕਰ ਪਵੇ ਤੇ ਫੌਲਾਦ ਦੀਆਂ ਗੋਲੀਆਂ ਦੀ ਮੰਗ ਕਰ ਲਵੇ, ਜਾਂ ਫਿਰ ਮਲੇਰੀਏ ਦੇ ਕਿਸੇ ਨਵੇਂ ਬਣੇ ਸ਼ਿਕਾਰ ਨੂੰ ਕੁਨੀਨ ਦੀਆਂ ਗੋਲੀਆਂ ਹੀ ਦੇਣੀਆਂ ਪੈ ਜਾਣ। ਪਿਛਲੀਆਂ ਦੋਵੇਂ ਬਿਮਾਰੀਆਂ ਗੁਰੀਲਿਆ ਨੂੰ ਆਮ ਰਹਿੰਦੀਆਂ ਹਨ। ਮਲੇਰੀਆ ਜੰਗਲ ਵਿਚ ਪਹਿਲੇ ਸਥਾਨ ਉੱਤੇ ਰਹਿਣ ਵਾਲੀ ਬਿਮਾਰੀ ਹੈ । ਲੋਕਾਂ ਲਈ ਵੀ, ਗੁਰੀਲਿਆਂ ਲਈ ਵੀ। ਆਇਰਨ ਤਾਂ ਖ਼ੈਰ ਹਰ ਗੁਰੀਲਾ ਕੁੜੀ ਦੀ ਜ਼ਰੂਰਤ ਹੈ ਅਤੇ ਪਵਨ ਇਸ ਦਾ ਢੇਰ ਸਾਰਾ ਜ਼ਖ਼ੀਰਾ ਆਪਣੇ ਕੋਲ ਰੱਖਦਾ ਹੈ। ਪਵਨ ਨੇ ਫ਼ੌਜੀ ਵਰਦੀ ਜ਼ਰੂਰ ਪਹਿਨ ਰੱਖੀ ਹੈ ਪਰ ਉਹ ਬੰਦੂਕ ਨਹੀਂ ਚੁੱਕਦਾ। ਉਹ ਗੁਰੀਲਿਆ ਦੇ ਨਾਲ ਹਮੇਸ਼ਾਂ ਨਹੀਂ ਰਹਿੰਦਾ। ਸਾਲ ਵਿਚ ਦੋ ਵਾਰ ਉਹ ਜੰਗਲ ਦਾ ਰੁਖ਼ ਕਰਦਾ ਹੈ ਅਤੇ ਇਕ ਜਾਂ ਦੋ ਮਹੀਨੇ ਲਗਾ ਕੇ ਵਾਪਸ ਚਲਾ ਜਾਂਦਾ ਹੈ।
ਪਵਨ ਏਥੇ ਕਬਾਇਲੀਆਂ ਨੂੰ ਸਿਹਤ ਸੇਵਾ ਦੀ ਮੁੱਢਲੀ ਟਰੇਨਿੰਗ ਦੇਣ ਆਉਂਦਾ ਚੀਨ ਦੇ ਇਨਕਲਾਬ ਦੌਰਾਨ ਨੰਗੇ ਪੈਰਾਂ ਵਾਲੇ ਡਾਕਟਰ ਬਹੁਤ ਮਸ਼ਹੂਰ ਹੋਏ ਸਨ। ਹੈ। ਉਹਨਾਂ ਦੇ ਪੈਰ ਨੰਗੇ ਸਨ ਕਿ ਨਹੀਂ ਇਹ ਤਾਂ ਮੈਂ ਨਹੀਂ ਜਾਣਦਾ ਪਰ ਪਵਨ ਜਿਹਨਾਂ ਕਬਾਇਲੀਆਂ ਨੂੰ ਸਿੱਖਿਅਤ ਕਰਦਾ ਹੈ ਉਹਨਾਂ ਦੇ ਪੈਰ ਨੰਗੇ ਹੀ ਹੁੰਦੇ ਹਨ। ਸਿਰਫ਼ ਗੁਰੀਲੇ ਕਬਾਇਲੀ ਡਾਕਟਰ ਹੀ ਜੁੱਤੀ ਪਹਿਨਦੇ ਹਨ, ਦਵਾ ਸੰਘ ਵਿਚ ਕੰਮ ਕਰਨ ਵਾਲੇ ਕਬਾਇਲੀ ਨੰਗੇ ਪੈਰੀਂ ਹੀ ਹੁੰਦੇ ਹਨ। ਗੁਰੀਲਿਆਂ ਨਾਲ ਪਵਨ ਦੀ ਪੁਰਾਣੀ ਜਾਣ-ਪਛਾਣ ਹੈ। ਖੇਮੇ ਵਿਚ ਉਸ ਦੀ ਜ਼ਿੰਮੇਦਾਰੀ ਸਵੇਰੇ ਦਵਾਈਆਂ ਦੀ ਕਲਾਸ ਲੈਣਾ ਅਤੇ ਰਾਤ ਨੂੰ ਪੜ੍ਹਾਈ ਕਰਾਉਣਾ ਹੈ। ਗੁਰੀਲਾ ਮੁੰਡੇ ਕੁੜੀਆਂ ਉਸ ਤੋਂ ਪੜ੍ਹਣਾ ਲਿਖਣਾ ਸਿੱਖਦੇ, ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰਦੇ ਤੇ ਉਹਨਾਂ ਦੇ ਨਾਮ ਨੋਟ ਕਰਦੇ ਹਨ। ਬਿਮਾਰੀਆਂ ਦੀਆਂ ਅਲਾਮਤਾਂ ਤੇ ਇਲਾਜ ਬਾਰੇ ਉਹਨਾਂ ਨੂੰ ਉਹ ਮੁੱਢਲੀ ਜਾਣ-ਪਛਾਣ ਕਰਾਉਂਦਾ ਹੈ, ਕਾਪੀਆਂ ਵਿਚ ਅੰਕਤ ਕਰਾਉਂਦਾ ਹੈ ਤੇ ਫਿਰ ਯਾਦ ਕਰਵਾ ਕੇ ਇਮਤਿਹਾਨ ਲੈਂਦਾ ਹੈ।
"ਅੱਜ ਰਾਤ ਵੀ ਕਲਾਸ ਲਵੇਗੇ?" ਮੈਂ ਉਹਨੂੰ ਪੁੱਛਦਾ ਹਾਂ।
"ਬਿਲਕੁਲ। ਬਾਕਾਇਦਾ।" ਉਹ ਕਲਾਸ ਤੋਂ ਕਦੇ ਨਹੀਂ ਖੁੰਝਦਾ।
"ਕਦੋਂ ਤੋਂ ਇਹ ਇਹ ਕੰਮ ਕਰ ਰਹੇ ਹੋ? ਮੇਰਾ ਮਤਲਬ, ਗੁਰੀਲਿਆਂ ਵਿਚ ਰਹਿਣ ਦਾ?"
"ਕਈ ਸਾਲਾਂ ਤੋਂ।"
ਉਹ ਕਹਿੰਦਾ ਹੈ ਕਿ ਮਲੇਰੀਏ ਜਿਹੀ ਆਮ ਅਤੇ ਇਲਾਜ ਯੋਗ ਬਿਮਾਰੀ ਤੋਂ ਮਰਦੇ ਲੋਕ ਉਸ ਤੋਂ ਦੇਖੋ ਨਹੀਂ ਜਾਂਦੇ। ਜੰਗਲ ਵਿਚ ਮਲੇਰੀਆ ਐਨਾ ਜ਼ਿਆਦਾ ਹੈ ਕਿ ਕੁੱਲ ਬਿਮਾਰੀਆਂ ਤੋਂ ਹੋਣ ਵਾਲੀਆਂ ਅੱਧੀਆਂ ਤੋਂ ਵੱਧ ਮੌਤਾਂ ਇਸੇ ਕਾਰਨ ਹੁੰਦੀਆਂ ਹਨ। ਦੂਰ ਦੂਰ ਤਕ ਕੋਈ ਵੀ ਡਾਕਟਰ ਮੌਜੂਦ ਨਹੀਂ ਹੈ। ਜੇ ਕੋਈ ਬਿਮਾਰ ਹੋ ਗਿਆ ਤਾਂ ਰੱਬ ਆਸਰੇ। ਪਰ ਰੱਬ ਕਿਸੇ ਦੀ ਮਦਦ ਨਹੀਂ ਕਰਦਾ ਅਤੇ ਮਰੀਜ਼ ਦਮ ਤੋੜ ਜਾਂਦਾ ਹੈ।
"ਕਬਾਇਲੀ ਪਾਪ ਨਹੀਂ ਕਰਦੇ, ਚੋਰੀ ਨਹੀਂ ਕਰਦੇ, ਠੱਗੀ ਨਹੀਂ ਮਾਰਦੇ, ਕਿਸੇ ਦਾ ਬੁਰਾ ਨਹੀਂ ਕਰਦੇ, ਫਿਰ ਵੀ ਉਹਨਾਂ ਨੂੰ ਸਜ਼ਾ ਮਿਲਦੀ ਰਹਿੰਦੀ ਹੈ। ਜਿੱਥੇ ਪਾਪ ਹੈ, ਬੁਰਾਈ ਹੈ, ਓਥੇ ਸਜ਼ਾ ਨਹੀਂ। ਜਿੱਥੇ ਸਜ਼ਾ ਹੈ ਓਥੇ ਇਹ ਚੀਜ਼ਾਂ ਨਹੀਂ ਹਨ। ਇਹ ਦੁਨੀਆਂ ਦਾ ਅਸਲੀ ਰੰਗ ਹੈ।" ਉਹ ਕਹਿੰਦਾ ਹੈ।
ਪਵਨ ਲੁੱਟ-ਖਸੁੱਟ ਨੂੰ ਪਾਪ ਕਹਿੰਦਾ ਹੈ, ਮਨੁੱਖ ਵੱਲੋਂ ਮਨੁੱਖ ਵਿਰੁੱਧ ਕੀਤਾ ਜਾਂਦਾ ਜੁਰਮ ਮੰਨਦਾ ਹੈ।
"ਜੰਗਲ ਵਿਚ ਆ ਕੇ ਮੈਨੂੰ ਤਸੱਲੀ ਮਿਲਦੀ ਹੈ। ਮੈਂ ਕਈ ਮਹੀਨੇ ਪੈਸੇ ਜੋੜਦਾ ਹਾਂ ਤੇ ਫਿਰ ਦਵਾਈਆਂ ਲੈ ਕੇ ਏਥੇ ਆ ਜਾਂਦਾ ਹਾਂ। ਏਥੇ ਮੇਰੇ ਅੰਦਰ ਦੀ ਅੱਗ ਸ਼ਾਂਤ ਹੁੰਦੀ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਬੁਰਾਈ ਵਿਰੁੱਧ ਲੜਣ ਦਾ ਰਸਤਾ ਮਿਲ ਗਿਆ ਹੈ। ਬੁਰਾਈ ਵਿਰੁੱਧ ਲੜਣ ਵਾਲਿਆਂ ਨੂੰ ਤੰਦਰੁਸਤੀ ਦੇ ਕੇ ਮੈਨੂੰ ਖੁਸ਼ੀ ਮਿਲਦੀ ਹੈ।"
ਪਵਨ ਨੇ ਜਿਸ ਦਿਨ ਹਿਪੋਕਰੀਟਸ ਦੀ ਸੌਂਹ ਚੁੱਕੀ ਸੀ ਉਸੇ ਦਿਨ ਉਸ ਨੇ ਆਪਣੇ ਜੀਵਨ ਦਾ ਮਿਸ਼ਨ ਤੇਅ ਕਰ ਲਿਆ ਸੀ। ਡਾਕਟਰ ਇਸ ਸੌਂਹ ਨੂੰ ਰਸਮ ਵਜੋਂ ਚੁੱਕਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ। ਕੋਈ ਇਕ ਸਾਲ ਵਿਚ, ਕੋਈ ਪੰਜ ਸਾਲ ਵਿਚ ਤੇ ਕੋਈ ਦੱਸ ਸਾਲ ਵਿਚ। ਬਹੁਤ ਸਾਰੇ ਅਜਿਹੇ ਹੁੰਦੇ ਹਨ ਜਿਹੜੇ ਸੋਹ ਉੱਪਰ ਹੀ ਹੱਸ ਪੈਂਦੇ ਹਨ। ਕੈਰੀਅਰ ਤੇ ਸੋਹ ਨਾਲ ਨਾਲ ਨਹੀਂ ਚੱਲਦੇ, ਉਹ ਕੈਰੀਅਰ ਦੀ ਖ਼ਾਤਰ ਆਏ ਹੁੰਦੇ ਹਨ ਤੇ ਪੈਸਿਆਂ ਦਾ ਅੰਬਾਰ ਇਕੱਠਾ ਕਰਨ ਦੀ ਇੱਛਾ ਪਾਲ ਰਹੇ ਹੁੰਦੇ ਹਨ। ਬਿਮਾਰੀ ਉਹਨਾਂ ਵਾਸਤੇ ਸੋਨੇ ਦੇ ਪਲੰਘ ਲੈ ਕੇ ਬਹੁੜਦੀ ਹੈ ਅਤੇ ਜਦ ਢੇਰਾਂ ਦੇ ਢੇਰ ਮਰੀਜ਼ ਆਉਂਦੇ ਹਨ ਤਾਂ ਉਹ ਕਹਿੰਦੇ ਹਨ: 'ਐਦਕਾਂ ਸੀਜ਼ਨ ਚੰਗਾ ਲੱਗਾ ਹੈ।
ਪੁਰਾਣੀ ਕਹਾਵਤ ਹੈ: ਡਾਕਟਰ ਦਾ ਸਥਾਨ ਰੱਬ ਤੋਂ ਦੂਸਰੇ ਦਰਜੇ ਉੱਤੇ ਹੈ। ਕਦੇ ਰਿਹਾ ਹੋਵੇਗਾ ਇਹ ਅਹਿਸਾਸ। ਪਰ ਬਸਤਰ ਦੇ ਕਬਾਇਲੀਆਂ ਵਾਸਤੇ, ਜਿਵੇਂ ਕਿ ਇਹ ਹਰ ਥਾਂ ਦੇ ਹੀ ਗਰੀਬ ਇਨਸਾਨ ਵਾਸਤੇ ਸੱਚ ਹੈ, ਨਾ ਕੋਈ ਰੱਬ ਹੈ ਅਤੇ ਨਾ ਹੀ ਡਾਕਟਰ। ਰੱਬ ਹੈ ਨਹੀਂ, ਅਤੇ ਡਾਕਟਰ ਵਪਾਰੀ ਹੈ। ਪੈਸਾ ਹੈ ਤਾਂ ਇਲਾਜ ਹੈ, ਨਹੀਂ ਹੈ ਤਾਂ ਮੌਤ। ਪੈਸੇ ਖ਼ਾਤਰ ਉਹ ਦਵਾ ਕੰਪਨੀਆਂ ਦਾ ਝਰਲ-ਮਰਲ ਮਾਲ ਵੀ ਵੇਚ ਸਕਦਾ ਹੈ। ਪਰ ਪਵਨ ਦਵਾਈਆਂ ਇਕੱਠੀਆਂ ਕਰਦਾ ਹੈ ਅਤੇ ਮਰੀਜ਼ ਕੋਲ ਖ਼ੁਦ ਚੱਲ ਕੇ ਪਹੁੰਚਦਾ ਹੈ।
ਐਤੂ ਤੇ ਪਵਨ ਦੋਵੇਂ ਹੀ ਇਕੋ ਤਰ੍ਹਾਂ ਦੀ ਮਿੱਟੀ ਦੇ ਇਨਸਾਨ ਹਨ। ਉਹ ਇੱਥੇ ਹਨ ਕਿਉਂਕਿ ਉਹ ਇਕ ਤਲਾਸ਼ ਵਿਚ ਹਨ, ਇਕ ਆਸ਼ੇ ਨੂੰ ਪੂਰਾ ਹੋਇਆ ਦੇਖਣਾ
ਚਾਹੁੰਦੇ ਹਨ, ਇਕ ਨਵੀਂ ਦੁਨੀਆਂ ਸਿਰਜਣਾ ਚਾਹੁੰਦੇ ਹਨ।
ਤਦੇ ਪਵਨ ਦੇ ਵਿਦਿਆਰਥੀ ਆ ਗਏ। ਮੋਢਿਆਂ ਉੱਪਰ ਬੰਦੂਕਾਂ, ਹੱਥਾਂ ਵਿਚ ਕਾਪੀਆਂ, ਜੇਬਾਂ ਵਿਚ ਕਲਮਾਂ। ਉਹ ਰਸੋਈ ਘਰ ਦੇ ਨਾਲ ਵਾਲੇ ਤੰਬੂ ਵਿਚ ਚਲੇ ਗਏ। ਛੇ ਕੁੜੀਆਂ, ਪੰਜ ਮੁੰਡੇ।
"ਦੋ ਜਮ੍ਹਾਂ ਦੋ! ਤਿੰਨ ਜਮ੍ਹਾਂ ਚਾਰ! ਇੱਕੀ ਜਮ੍ਹਾਂ ਛੱਤੀ।" ਸਵਾਲ ਹਾਸਲ ਵਾਲੇ ਨਹੀਂ ਹਨ, ਅਜੇ ਇਹ ਸਿੱਧੇ ਤੇ ਸਰਲ ਹਨ। ਗੋਂਡ ਨੌਜਵਾਨਾਂ ਨੂੰ ਸੰਖਿਆਵਾਂ ਦੀ ਦੁਨੀਆਂ ਅਜੀਬ ਅਤੇ ਦਿਲਚਸਪ ਮਹਿਸੂਸ ਹੁੰਦੀ ਹੈ। ਬਚਪਨ ਵਿਚ ਉਹ ਮਹੂਏ ਦੇ ਫੁੱਲਾਂ ਦੀਆਂ ਟੋਕਰੀਆਂ ਭਰ ਭਰ ਲਿਆਉਂਦੇ ਰਹੇ ਹਨ ਜਾਂ ਕੀੜਿਆਂ ਦੇ ਭੈਣ ਤੋਂ ਕੀੜੇ ਇਕੱਠੇ ਕਰਦੇ ਰਹੇ ਹਨ। ਉਹਨਾਂ ਨੂੰ ਫੁੱਲਾਂ ਨੂੰ ਗਿਣ ਕੇ ਟੋਕਰੀ ਵਿਚ ਪਾਉਣ ਦੀ ਜਾਂ ਕੀੜੇ ਗਿਨਣ ਦੀ ਕਦੇ ਜ਼ਰੂਰਤ ਨਹੀਂ ਪਈ। ਜਦ ਉਹ ਆਪਣੀ ਮਾਂ ਨਾਲ ਟੋਕਰੀ ਚੁੱਕ ਕੇ ਹਾਟ ਬਾਜ਼ਾਰ ਜਾਂਦੇ ਸਨ ਤਾਂ ਦੁਕਾਨਦਾਰ ਇਕ ਟੋਕਰੀ ਦੇ ਕਿੰਨੇ ਪੈਸੇ ਦੇਂਦਾ ਸੀ ਜਾਂ ਉਸ ਦੇ ਬਦਲੇ ਵਿਚ ਕਿੰਨੇ ਪੈਸੇ ਦੀ ਚੀਜ਼ ਦੇਂਦਾ ਸੀ, ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ। ਉਹਨਾਂ ਨੂੰ ਸਿਰਫ਼ ਐਨਾ ਪਤਾ ਸੀ ਕਿ ਇਕ ਟੋਕਰੀ ਦਾ ਮੁੱਠੀ ਭਰ ਲੂਣ ਜਾਂ ਦੋ ਚੁਟਕੀ ਤੰਬਾਕੂ ਮਿਲਦਾ ਸੀ। ਜਿੰਨਾ ਹਟਵਾਣੀਏ ਨੇ ਦੇ ਦਿੱਤਾ, ਲੇ ਲਿਆ। ਉਹ ਇਸ ਲੈਣ-ਦੇਣ ਉੱਤੇ ਉਸੇ ਦੀ ਸਾਲਸੀ ਨੂੰ ਅੰਤਮ ਮੰਨਦੇ ਸਨ। ਉਹਨਾਂ ਲਈ ਇਹ ਸਿਰਫ਼ ਚੀਜ਼ਾਂ ਦਾ ਤਬਾਦਲਾ ਸੀ। ਇਕ ਦਿੱਤੀ, ਦੂਸਰੀ ਲੈ ਲਈ। ਸਿੱਧਾ ਹਿਸਾਬ। ਜਦ ਹਟਵਾਣੀਏ ਕੋਲ ਤਬਾਦਲੇ ਵਾਸਤੇ ਉਹ ਵਸਤ ਨਾ ਹੁੰਦੀ ਤਾਂ ਉਹ ਜਿੰਨੇ ਵੀ ਪੈਸੇ ਦੇਂਦਾ ਲੈ ਲੈਂਦੇ। ਉਹਨਾਂ ਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਪੰਜ ਕਿੰਨੇ ਹੁੰਦੇ ਹਨ ਤੇ ਦਸ ਕਿੰਨੇ। ਉਹ ਪੁੱਛਦੇ ਕਿ ਇਸ ਦਾ ਕਿੰਨਾ ਕੁ ਲੂਣ ਮਿਲੇਗਾ ਜਾਂ ਕਿੰਨੀ ਕੁ ਹਲਦੀ ਮਿਲੇਗੀ।
ਦੋ ਜਮ੍ਹਾਂ ਦੋ! ਇੱਕੀ ਜਮ੍ਹਾਂ ਛੱਤੀ। ਹੁਣ ਉਹਨਾਂ ਨੂੰ ਕੁਝ ਸਮਝ ਆ ਰਹੀ ਹੈ ਕਿ ਸੰਖਿਆਵਾਂ ਦੀ ਦੁਨੀਆਂ ਇਕ ਅਲੱਗ ਹੀ ਦੁਨੀਆਂ ਹੈ। ਕਿ ਉਹਨਾਂ ਦੇ ਇਕ ਇਕ ਰੁੱਖ ਦਾ ਮੁੱਲ ਦਹਿ-ਹਜ਼ਾਰਾਂ ਰੁਪਏ ਹੈ ਨਾ ਕਿ ਉਹ ਸੱਤ ਰੁਪਏ ਜਿਹੜੇ ਉਹਨਾਂ ਦੇ ਬਾਪੂ ਨੂੰ ਇਕ ਦਰੱਖ਼ਤ ਵੱਢਣ ਦੇ ਮਿਲਦੇ ਸਨ। ਐਨਾ ਪੈਸਾ। ਤੇ ਉਹ ਹੈਰਾਨ ਹੁੰਦੇ ਹਨ ਕਿ ਉਹਨਾਂ ਦਾ ਜੰਗਲ ਕਿਵੇਂ ਦੋਲਤ ਨਾਲ ਮਾਲਾ-ਮਾਲ ਹੈ। ਬੇਸ਼ੱਕ ਉਹ ਅਜੇ ਇਹ ਨਹੀਂ ਜਾਣਦੇ ਕਿ ਇਕ ਹਜ਼ਾਰ ਕਿੰਨੇ ਕੁ ਹੁੰਦੇ ਹਨ ਪਰ ਦਿਨ ਵੇਲੇ ਉਹ ਸੋ ਤੱਕ ਦਰੱਖ਼ਤਾਂ ਨੂੰ ਗਿਨਣ ਦੀ ਕੋਸ਼ਿਸ਼ ਕਰਦੇ ਹਨ। ਬਹੁਤੇ ਭੁੱਲ ਜਾਂਦੇ ਹਨ ਪਰ ਉਹਨਾਂ ਚੋਂ ਕੋਈ ਨਾ ਕੋਈ ਸੋ ਦਰੱਖ਼ਤ ਗਿਨਣ ਵਿਚ ਕਾਮਯਾਬ ਹੋ ਜਾਂਦਾ ਹੈ। ਕਿ ਇਸ ਰਕਬੇ ਨੂੰ ਖਾਲੀ ਕਰਨ ਦੇ ਕਬਾਇਲੀਆਂ ਨੂੰ ਕਿੰਨੇ ਪੈਸੇ ਮਿਲਦੇ ਹੋਣਗੇ ਅਤੇ ਠੇਕੇਦਾਰ ਕਿੰਨਾ ਹੜੱਪ ਜਾਂਦੇ ਹੋਣਗੇ, ਇਸ ਗਿਣਤੀ ਦੀ ਉਹਨਾਂ ਨੂੰ ਕੋਈ ਥਾਹ ਨਹੀਂ ਪੈਂਦੀ ਤੇ ਉਹਨਾਂ ਦਾ ਸਿਰ ਚਕਰਾਅ ਜਾਂਦਾ ਹੈ। ਕੋਈ ਜਣਾ ਆਪਣੇ ਸਿਰ ਨੂੰ ਜ਼ੋਰਦਾਰ ਝਟਕਾ ਦੇਂਦਾ ਹੈ ਤਾਂ ਕਿ ਇਸ ਥਾਹ ਤੱਕ ਪਹੁੰਚ ਸਕੇ।
ਨੋ ਦਾ ਹਿੰਦਸਾ ਪਾਉਣ ਲੱਗਾ ਉਹ ਛੇ ਬਣਾ ਦੇਂਦੇ ਹਨ ਜਾਂ ਚਾਰ, ਜਾਂ ਉਂਜ ਹੀ ਇੱਲ-ਬਤੌੜੀ ਜਿਹੀ ਬਣਾ ਦੇਂਦੇ ਹਨ ਜਿਸ ਦਾ ਨਾ ਮੂੰਹ ਹੁੰਦਾ ਹੈ ਨਾ ਸਿਰ। ਪਰ ਉਹ ਗੀਤਾਂ ਦੀ ਲੈਅ ਅਤੇ ਪੈਰਾਂ ਦੀ ਤਾਲ ਖੂਬ ਜਾਣਦੇ ਹਨ ਅਤੇ ਜਲਦੀ ਹੀ ਖੂਬਸੂਰਤ ਹਿੰਦਸੇ ਪਾਉਣਾ ਸਿੱਖ ਜਾਂਦੇ ਹਨ, ਉਹੋ ਜਿਹੇ ਜਿਹੋ ਜਿਹੇ ਕਾਇਦੇ ਉੱਪਰ ਪਏ ਹੋਏ
ਵੇਖਦੇ ਹਨ।
ਪਵਨ ਉਹਨਾਂ ਨੂੰ ਪੜ੍ਹਾਉਂਦਾ ਹੈ ਅਤੇ ਮੁਸਕਰਾਉਂਦਾ ਹੈ। ਉਹ ਪੜ੍ਹਦੇ ਹਨ ਤੇ ਖਿੜ ਖਿੜ ਹੱਸਦੇ ਹਨ। ਇਕ ਘੰਟਾ ਪੜ੍ਹਨ ਤੋਂ ਬਾਦ ਉਹ ਇਕ ਦੋ ਗੀਤ ਗਾਉਂਦੇ ਹਨ ਅਤੇ ਤਰੋ-ਤਾਜ਼ਾ ਹੋ ਕੇ ਫਿਰ ਪੜ੍ਹਨ ਵਿਚ ਜੁਟ ਜਾਂਦੇ ਹਨ।
ਇਹ ਗੁਰੀਲਿਆਂ ਦਾ ਸਕੂਲ ਹੈ। ਵੱਡੇ ਵੱਡੇ ਮੁੰਡੇ ਕੁੜੀਆਂ ਦਾ। ਦੂਸਰੀ ਜਮਾਤ ਦੇ ਮਿਆਰ ਦੀ ਕਿਤਾਬ ਵਿਚੋਂ ਇਕ ਜਣਾ ਕਹਾਣੀ ਪੜ੍ਹਦਾ ਹੈ। ਬਾਕੀ ਦੇ ਸਾਰੇ ਉਸ ਨੂੰ ਗਹੁ ਨਾਲ ਸੁਣਦੇ ਹਨ। ਉਹ ਹੇਰਾਨ ਹੁੰਦੇ ਹਨ ਕਿ ਉੜੇ, ਐੜੇ, ਸੱਸੇ ਦੇ ਅੱਖਰ ਕਿਵੇਂ ਕਹਾਣੀਆਂ ਸਮੇਟ ਲੈਂਦੇ ਹਨ। ਤੁਸੀਂ ਜਦੋਂ ਚਾਹੋ ਕਿਤਾਬ ਖੋਲ੍ਹ ਲਵੋ ਤੇ ਕਹਾਣੀ ਤੁਹਾਡੇ ਸਾਹਮਣੇ ਆ ਜਾਂਦੀ ਹੈ। ਬਾਂਦਰ ਤੇ ਬਿੱਲੀਆਂ ਦੀ ਕਹਾਣੀ ਉਹਨਾਂ ਨੂੰ ਬਹੁਤ ਪਸੰਦ ਹੈ। ਉਹ ਕਹਿੰਦੇ ਹਨ ਕਿ ਹਾਟ ਬਾਜ਼ਾਰ ਵਿਚ ਇਸੇ ਤਰ੍ਹਾਂ ਹੁੰਦਾ ਹੈ। ਦੁਕਾਨਦਾਰ ਇਕ ਤੋਂ ਚੀਜ਼ ਲੈਂਦਾ ਹੈ ਅਤੇ ਦੂਸਰੇ ਨੂੰ ਦੇ ਦੇਂਦਾ ਹੈ। ਪਰ ਅਜਿਹਾ ਕਰਦਿਆਂ ਉਹ ਇਕ ਢੇਰੀ ਆਪਣੇ ਕੋਲ ਰੱਖ ਲੈਂਦਾ ਹੈ। ਇਹ ਗੈਬੀ ਢੇਰੀ ਹੈ ਜਿਸ ਦੀ ਕਬਾਇਲੀਆਂ ਨੂੰ ਸਮਝ ਨਹੀਂ ਪੈਂਦੀ ਕਿ ਇਹ ਦੁਕਾਨਦਾਰ ਕੋਲ ਕਿੱਥੋਂ ਆ ਗਈ। ਬੱਸ ਆ ਗਈ ਅਤੇ ਉਹ ਮੰਨ ਲੈਂਦੇ ਹਨ ਕਿ ਉਹ ਦੁਕਾਨਦਾਰ ਤੋਂ ਬਿਨਾਂ ਚੀਜ਼ਾਂ ਦਾ ਲੈਣ ਦੇਣ ਨਹੀਂ ਕਰ ਸਕਦੇ। ਪਵਨ ਉਹਨਾਂ ਨੂੰ ਇਸ ਦੀ ਘੁੰਡੀ ਖੋਹਲ ਕੇ ਦੱਸਦਾ ਹੈ। ਉਹ ਦੱਸਦਾ ਹੈ ਕਿ ਅਸੀਂ ਆਪਣੇ ਇਲਾਕਿਆਂ ਵਿਚ ਚੀਜ਼ਾਂ ਦਾ ਲੈਣ ਦੇਣ ਕਿਵੇਂ ਕਰਾਂਗੇ। ਕਿ ਮੱਛੀ ਪਾਲਕ ਪਿੰਡ ਦੂਸਰਿਆਂ ਨੂੰ ਮੱਛੀ ਕਿਵੇਂ ਦੇਣਗੇ, ਇਵਜ਼ ਵਿਚ ਧਾਨ ਕਿਵੇਂ ਲੈਣਗੇ। ਉਹ ਇਸ ਦਾ ਅੰਦਾਜ਼ਾ ਕਰਦੇ ਹਨ ਅਤੇ ਖੁਸ਼ ਹੁੰਦੇ ਹਨ, ਕਿਉਂਕਿ ਇਸ ਵਿਚ ਬਾਣੀਏ ਦੀ ਢੇਰੀ ਨਹੀਂ ਹੈ, ਵਿਚੋਲਾ ਗਾਇਬ ਹੈ।
ਪਵਨ ਚਲਾ ਜਾਵੇਗਾ ਤਾਂ ਉਸ ਦੀ ਜ਼ਿੰਮੇਵਾਰੀ ਕੋਈ ਹੋਰ ਸਾਂਭ ਲਵੇਗਾ ਜਾਂ ਇਹ ਜ਼ਿੰਮੇਦਾਰੀ ਕਈ ਜਣਿਆਂ ਵਿਚ ਵੰਡ ਦਿੱਤੀ ਜਾਵੇਗੀ। ਕੌਣ ਕਿਸ ਨੂੰ ਪੜ੍ਹਾ ਸਕਦਾ ਹੈ ਇਹ ਤੈਅ ਹੋ ਜਾਵੇਗਾ। ਪੜ੍ਹਾਉਣ ਵਾਲੇ ਤੇ ਪੜ੍ਹਣ ਵਾਲੇ ਲਗਾਤਾਰ ਬਦਲਦੇ ਰਹਿਣਗੇ ਪਰ ਗੁਰੀਲਾ ਸਕੂਲ ਰੋਜ਼ ਚੱਲੇਗਾ। ਕੈਂਪ ਵਿਚ ਰਾਤ ਦੇ ਵਕਤ, ਅਤੇ ਮੈਦਾਨ ਵਿਚ ਓਦੋਂ ਜਦੋਂ ਸਮਾਂ ਮਿਲੇ।
ਨਿਰਸੰਦੇਹ, ਸਕੂਲ ਰੋਜ਼ ਦੇ ਕੰਮ ਦਾ ਹਿੱਸਾ ਹੈ, ਉਸੇ ਤਰ੍ਹਾਂ ਜਿਵੇਂ ਬੰਦੂਕ ਸਾਫ਼ ਕਰਨਾ, ਕਾਰਤੂਸ ਸੰਭਾਲਣਾ ਅਤੇ ਕਸਰਤ ਕਰਨਾ।
ਅੱਜ ਸ਼ਾਮ ਤੋਂ ਹੀ ਬੱਦਲਾਂ ਦੇ ਟੁਕੜੇ ਹਵਾ ਵਿਚ ਤੇਰ ਰਹੇ ਸਨ। ਜਦ ਸਕੂਲ ਖ਼ਤਮ ਹੋਇਆ ਤਦ ਤਕ ਚਾਰੇ ਪਾਸੇ ਬੱਦਲ ਛਾਅ ਚੁੱਕੇ ਸਨ। ਬੇ-ਮੌਸਮੀ ਬੱਦਲ ਸੀ ਤੇ ਇਸ ਨੇ ਸਾਰਾ ਕੁਝ ਉਲਟ-ਪੁਲਟ ਕਰ ਦੇਣਾ ਸੀ। ਪਹਿਲੇ ਹੀ ਝਟਕੇ ਨਾਲ ਠੰਡ ਨੇ ਵਧ ਜਾਣਾ ਸੀ। ਇਸ ਦਾ ਸਿੱਧਾ ਮਤਲਬ ਸੀ ਕਿ ਕੰਬਲ ਹਰ ਕਿਸੇ ਵਾਸਤੇ ਜ਼ਰੂਰੀ ਹੋ ਜਾਵੇਗਾ ਅਤੇ ਨਾਲ ਹੀ ਗਰਮ ਕੋਟੀਆਂ ਤੇ ਮੌਕੀ ਕੈਪ ਵੀ। ਪਰ ਇਹਨਾਂ ਨੂੰ ਖੇਮੇ ਵਿਚ ਪਹੁੰਚਦਿਆਂ ਅਜੇ ਦੋ ਦਿਨ ਹੋਰ ਲੱਗਣੇ ਸਨ।
"ਅਸੀਂ ਇਹ ਅੰਦਾਜ਼ਾ ਨਹੀਂ ਕਰ ਪਾਏ ਕਿ ਮੀਂਹ ਵੀ ਆ ਸਕਦਾ ਹੈ," ਜਦ ਮੈਂ ਆਪਣੇ ਤੰਬੂ ਅੰਦਰ ਦਾਖ਼ਲ ਹੋਇਆ ਤਾਂ ਕੋਸਾ ਬੋਲਿਆ, "ਸਾਨੂੰ ਲੱਕੜਾਂ ਬਾਲਕੇ ਸਾਰਨਾ ਪਵੇਗਾ।"
“ਪਰ ਲੱਕੜਾਂ ਤਾਂ ਸਭ ਭਿੱਜ ਜਾਣਗੀਆਂ," ਮੈਂ ਕੋਸਾ ਵੱਲ ਵੇਖਦੇ ਹੋਏ ਕਿਹਾ।
"ਉਹ ਤਾਂ ਅਸੀਂ ਸ਼ਾਮ ਨੂੰ ਬੱਦਲ ਵੇਖ ਕੇ ਹੀ ਇਕੱਠੀਆਂ ਕਰ ਲਈਆਂ ਸਨ। ਮੈਂ ਗਰਮ ਕੱਪੜਿਆਂ ਬਾਰੇ ਕਹਿ ਰਿਹਾ ਹਾਂ।"
ਤੰਬੂ ਦੇ ਅੰਦਰ ਹੀ ਲੱਕੜਾਂ ਦਾ ਢੇਰ ਲੱਗਾ ਪਿਆ ਸੀ। ਇਹ ਹਰ ਤੰਬੂ ਵਿਚ ਹੀ ਇਕੱਠੀਆਂ ਕਰ ਲਈਆਂ ਗਈਆਂ ਸਨ। ਪਰ ਪਹਿਰੇਦਾਰ ਸਾਥੀਆਂ ਦਾ ਕੀ ਬਣੇਗਾ? ਉਹ ਬਿਨਾਂ ਅੱਗ ਬਾਲੇ ਹੀ ਡਿਊਟੀ ਦੇਣਗੇ। ਆਪਣੀਆਂ ਝਿੱਲੀਆਂ ਦੀਆਂ ਬੁੱਕਲਾਂ ਮਾਰ ਲੈਣਗੇ। ਅੱਜ ਕਿਸੇ ਦੀ ਡਿਊਟੀ ਵੀ ਡੇਢ ਘੰਟੇ ਤੋਂ ਵੱਧ ਨਹੀਂ ਲੱਗੇਗੀ। ਜਦ ਤਕ ਠੰਡ ਲੱਗਣ ਲੱਗੀ ਉਹ ਵਾਪਸ ਮੁੜ ਆਵੇਗਾ ਅਤੇ ਅੱਗ ਸੋਕ ਲਵੇਗਾ।
"ਬਰਸਾਤ ਦਾ ਮੌਸਮ ਔਖਾ ਗੁਜ਼ਰਦਾ ਹੋਵੇਗਾ?"
"ਕਾਫ਼ੀ ਔਖਾ। ਰਸਤੇ ਖ਼ਰਾਬ ਹੋ ਜਾਂਦੇ ਹਨ। ਦਰੱਖ਼ਤਾਂ ਨਾਲ ਦੋਆਂ ਲਾਕੇ ਵਕਤ ਕੱਟਣਾ ਪੈਂਦਾ ਹੈ। ਗੋਲੀ-ਸਿੱਕਾ ਗਿੱਲਾ ਹੋਣ ਦਾ ਡਰ ਰਹਿੰਦੇ। ਆਦਮੀ ਬਿਮਾਰ ਹੋ ਜਾਵੇ ਤਾਂ ਦਵਾ ਮਿਲ ਜਾਵੇਗੀ ਪਰ ਜੇ ਕਾਰਤੂਸ ਖ਼ਰਾਬ ਹੋ ਜਾਣ ਤਾਂ ਮੁਸ਼ਕਲ ਆਣ ਪੈਂਦੀ ਹੈ।"
"ਤੇ ਖਾਣਾ?"
"ਖਾਣੇ ਦਾ ਕੀ ਹੈ। ਇਸ ਦਾ ਪ੍ਰਬੰਧ ਕਿਤੇ ਨਾ ਕਿਤਿਓਂ ਹੋ ਹੀ ਜਾਂਦੇ। ਦਿੱਕਤ ਓਦੋਂ ਆਉਂਦੀ ਹੈ ਜਦ ਕੋਈ ਪਿੰਡ ਨੇੜੇ ਨਹੀਂ ਹੁੰਦਾ। ਓਦੋਂ ਸੁੱਕੀ ਲੱਕੜ ਨਹੀਂ ਮਿਲਦੀ। ਫਿਰ ਕੱਚੇ ਚੌਲ ਹੀ ਸਮਾਂ ਕਟਾਉਂਦੇ ਨੇ।"
ਸਾਡੇ ਗੱਲਾਂ ਕਰਦੇ ਹੀ ਜ਼ੋਰਦਾਰ ਮੀਂਹ ਲੱਥ ਪਿਆ। ਪਾਣੀ ਦੇ ਨਿਕਾਸ ਲਈ ਤੰਬੂ ਦੇ ਦੁਆਲੇ ਛੋਟੀਆਂ ਛੋਟੀਆਂ ਨਾਲੀਆਂ ਖੋਦ ਲਈਆਂ ਗਈਆਂ। ਫਿਰ ਵੀ ਕਿਤੇ ਨਾ ਕਿਤਿਓਂ ਪਾਣੀ ਅੰਦਰ ਦਾਖ਼ਲ ਹੋ ਹੀ ਜਾਂਦਾ। ਦੋ ਝਿੱਲੀਆਂ ਵਿਛਾ ਕੇ ਸਾਰਾ ਸਾਮਾਨ ਉਹਨਾਂ ਉੱਪਰ ਟਿਕਾ ਦਿੱਤਾ ਗਿਆ। ਜ਼ੋਰਦਾਰ ਮੀਂਹ ਦੇ ਬਾਵਜੂਦ ਖੇਮੇ ਦੇ ਅੰਦਰ ਦੀ ਗਸ਼ਤ ਜਾਰੀ ਰਹੀ।
ਦਿਖਾਈ ਦੇਂਦਾ ਸੀ ਕਿ ਜੇ ਸਾਰੀ ਰਾਤ ਬਾਰਿਸ਼ ਜਾਰੀ ਰਹੀ ਤਾਂ ਸੋਣਾ ਨਸੀਬ ਨਹੀਂ ਹੋਵੇਗਾ। ਅਸੀਂ ਸਾਰੇ ਝਿੱਲੀਆਂ 'ਤੇ ਬੈਠੇ ਰਹੇ। ਦੋ ਕੁ ਘੰਟੇ ਤਾਂ ਖੂਬ ਗੱਲਾਂ ਚੱਲਦੀਆਂ ਰਹੀਆਂ ਪਰ ਬਾਦ 'ਚ ਕੋਈ ਬੈਠਾ ਹੀ ਠੇਕਾ ਲਗਾਉਣ ਲੱਗ ਪਿਆ, ਕੋਈ ਉੱਠ ਕੇ ਖੜ੍ਹਾ ਹੋ ਗਿਆ ਤੇ ਬਾਰਿਸ਼ ਦੇ ਥੰਮ੍ਹਣ ਦੀ ਉਡੀਕ ਕਰਨ ਲੱਗਾ। ਫਿਰ ਕਿੱਸੇ ਸੁਨਾਉਣ ਦੀ ਵਾਰੀ ਆ ਗਈ। ਕਿਸੇ ਨੇ ਰਿੱਛ ਨਾਲ ਹੋਏ ਮੁਕਾਬਲੇ ਨੂੰ ਬਿਆਨ ਕੀਤਾ ਤੇ ਕਿਸੇ ਨੇ ਸੱਪ ਨਾਲ।
ਤਿੰਨ ਕੁ ਘੰਟਿਆਂ ਬਾਦ ਬਾਰਿਸ਼ ਮੱਧਮ ਹੋ ਗਈ ਤੇ ਬਾਦ ਵਿਚ ਹਲਕੀ ਹਲਕੀ ਕਿਣ ਮਿਣ ਵਿਚ ਵਟ ਗਈ। ਦੋ ਬਿੱਲੀਆਂ ਹੋਰ ਵਿਛਾ ਲਈਆਂ ਗਈਆਂ। ਕੋਈ ਅੱਧਾ ਲੇਟ ਗਿਆ, ਕੋਈ ਇਕੱਠਾ ਜਿਹਾ ਹੋ ਕੇ ਪੈ ਗਿਆ, ਕਿਸੇ ਨੇ ਕਿੱਟ ਨਾਲ ਢੋਅ ਲਾ ਕੇ ਸੌਣ ਦੀ ਕੋਸ਼ਿਸ਼ ਕੀਤੀ। ਸਵੇਰੇ ਜਦ ਮੈਂ ਉੱਠਿਆ ਤਾਂ ਤਕਰੀਬਨ ਸਾਰੀਆਂ ਝਿੱਲੀਆਂ ਵਿਛੀਆਂ ਪਈਆਂ ਸਨ। ਅੱਗ ਬਲ ਰਹੀ ਸੀ ਜਿਸ ਕੋਲ ਕੋਸਾ ਤੇ ਇਕ ਜਣਾ ਹੋਰ ਬੈਠੇ ਸਨ।
"ਕੇਸਾ, ਸੁੱਤਾ ਨਹੀਂ ਰਾਤ ਭਰ?"
"ਸੁੱਤਾ ਸੀ। ਹੁਣੇ ਜਾਗਿਆ ਹਾਂ। ਮੌਸਮ ਵਧੀਆ ਹੈ, ਘੁੰਮਣ ਚੱਲਦੇ ਹਾਂ।"
ਮੈਂ ਬੂਟ ਕੱਸੇ ਤੇ ਤਿਆਰ ਹੋ ਗਿਆ।
"ਥੋੜ੍ਹੇ ਸਮੇਂ ਦੀ ਨੀਂਦ ਬਹੁਤ ਗੂੜੀ ਆਉਂਦੀ ਹੈ।" ਚੱਲਦੇ ਵਕਤ ਕੋਸਾ ਨੇ ਕਿਹਾ। ਮੈਂ ਗੂੜ੍ਹੀ ਨੀਂਦ ਸੁੱਤਾ ਰਿਹਾ ਸਾਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਬਾਕੀ ਦੇ 'ਬਿਸਤਰੇ' ਕਦੋਂ ਵਿਛਾ ਦਿੱਤੇ ਗਏ ਸਨ। ਉਸ ਦਾ ਇਸ਼ਾਰਾ ਮੇਰੇ ਵੱਲ ਹੀ ਸੀ।
ਨਵੰਬਰ ਦਾ ਦੂਸਰਾ ਹਫ਼ਤਾ ਸ਼ੁਰੂ ਹੋ ਚੁੱਕਾ ਸੀ। ਰਾਤ ਦੇ ਮੀਂਹ ਨੇ ਠੰਡ ਵਧਾ ਦਿੱਤੀ ਸੀ। ਆਮ ਤੌਰ 'ਤੇ ਉੱਤਰੀ ਭਾਰਤ ਨਾਲੋਂ ਇੱਥੇ ਠੰਡ 4-5 ਦਰਜੇ ਘੱਟ ਹੁੰਦੀ ਹੈ। ਰਸਤੇ ਵਿਚ ਕਿਤੇ ਕਿਤੇ ਤਿਲਕਣ ਸੀ ਪਰ ਸਾਰਾ ਹੀ ਪਾਣੀ ਹੇਠਾਂ ਵਹਿ ਚੁੱਕਾ ਹੋਇਆ ਸੀ। ਸਾਰਾ ਆਲਾ ਦੁਆਲਾ ਧੋਤਾ ਗਿਆ ਸੀ ਅਤੇ ਨਿਰਮਲ ਹੋਇਆ ਹੋਇਆ ਬਹੁਤ ਸਾਫ਼ ਦਿਸਦਾ ਸੀ। ਜੰਗਲ ਦੀ ਹਰ ਸਵੇਰ ਹੀ ਨਿੱਖਰੀ ਹੋਈ ਹੁੰਦੀ ਹੈ ਪਰ ਅੱਜ ਦੀ ਸਵੇਰ ਕੁਝ ਜ਼ਿਆਦਾ ਹੀ ਨਿੱਖਰੀ ਪਈ ਸੀ। ਪੰਛੀ ਭਾਵੇਂ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ ਪਰ ਇੰਜ ਲਗਦਾ ਸੀ ਜਿਵੇਂ ਸਾਰਾ ਜੰਗਲ ਉਹਨਾਂ ਦੇ ਸੰਗੀਤ ਵਿਚ ਮਸਤ ਹੋਵੇ। ਖ਼ਾਮੋਸ਼ ਜੰਗਲ ਦਾ ਵੀ ਇਕ ਆਪਣਾ ਹੀ ਸੰਗੀਤ ਹੁੰਦਾ ਹੈ। ਪਰ ਅੱਜ ਤਾਂ ਜੰਗਲ ਖ਼ਾਮੋਸ਼ ਨਹੀਂ ਸੀ। ਇਹ ਮਸਤੀ 'ਚ ਝੂਮ ਤੇ ਗਾ ਰਿਹਾ ਸੀ। ਜੰਗਲ ਤੇ ਪਹਾੜਾਂ ਦੇ ਧੋਤੇ ਜਾਣ ਨੇ ਹੇਠਾਂ ਵਗਦੇ ਨਾਲੇ ਦੇ ਪਾਣੀ ਦਾ ਰੰਗ ਲਾਲ ਕਰ ਦਿੱਤਾ ਸੀ।
"ਕੋਸਾ। ਅੱਜ ਇਹੀ ਪਾਣੀ ਪੀਣਾ ਪਵੇਗਾ?" ਨਾਲੇ ਵੱਲ ਨੂੰ ਉੱਤਰਦੇ ਹੋਏ ਮੈਂ ਉਸਨੂੰ ਪੁੱਛਿਆ।
"ਸਾਰੇ ਕਬਾਇਲੀ ਨਦੀਆਂ ਦਾ ਪਾਣੀ ਹੀ ਪੀਂਦੇ ਹਨ। ਅਸੀਂ ਤਾਂ ਫਿਰ ਵੀ ਇਸ ਨੂੰ ਉਬਾਲ ਕੇ ਪੀਵਾਂਗੇ, ਉਹ ਅਣ-ਉਬਲਿਆ ਹੀ ਪੀਂਦੇ ਹਨ। ਉਂਜ ਪਾਣੀ ਤੋਂ ਹੋਣ ਵਾਲੀਆਂ ਆਮ ਬਿਮਾਰੀਆਂ ਬਹੁਤ ਘੱਟ ਹਨ ਗੁਰੀਲੇ ਉਬਾਲਣ ਤੋਂ ਬਿਨਾਂ ਨਹੀਂ ਪੀਂਦੇ। ਆਪਣੇ ਡਾਕਟਰਾਂ ਨੇ ਅਜਿਹਾ ਕਰਨ ਦੀ ਮਨਾਹੀ ਕੀਤੀ ਹੈ ਤਾਂ ਕਿ ਵਾਧੂ ਦਾ ਕੋਈ ਝੰਜਟ ਗਲ ਨਾ ਪਵੇ। ਜੰਗਲ ਵਾਸੀਆਂ ਨੂੰ ਸਾਡੀਆਂ ਕੁਝ ਗੱਲਾਂ ਬਹੁਤ ਅਜੀਬ ਲਗਦੀਆਂ ਹਨ। ਉਬਲਿਆ ਪਾਣੀ, ਬੁਰਸ਼ ਨਾਲ ਦੰਦਾਂ ਦੀ ਸਫ਼ਾਈ, ਪੈਰਾਂ ਵਿਚ ਹਰ ਸਮੇਂ ਬੂਟਾਂ ਦਾ ਚੜ੍ਹੇ ਰਹਿਣਾ, ਕਿਤਾਬਾਂ ਪੜ੍ਹਣਾ, ਵਗ਼ੈਰਾ, ਵਗ਼ੈਰਾ। ਇਹ ਸੱਭ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ।"
ਉਹਨਾਂ ਨੂੰ ਚਮਚ ਨਾਲ ਮੇਰਾ ਚੋਲ ਖਾਣਾ ਬਹੁਤ ਹੀ ਅਜੀਬ ਲਗਦਾ ਸੀ। ਚਮਚ ਉਹਨਾਂ ਵਾਸਤੇ ਇਕ ਅਲੋਕਾਰੀ ਚੀਜ਼ ਸੀ ਅਤੇ ਵਾਧੂ ਦੀ ਫ਼ਜ਼ੂਲ-ਖਰਚੀ ਵੀ। ਜਦ ਹੱਥ ਮੌਜੂਦ ਹਨ ਤਾਂ ਚਮਚ ਬੇ-ਥਵੀ ਚੀਜ਼ ਲੱਗਦੀ ਹੈ। ਦਰੱਖ਼ਤ ਜਦ ਪੱਤਿਆਂ ਨਾਲ ਲੱਦੇ ਪਏ ਹੋਣ ਤਾਂ ਬਾਲੀ ਵੀ ਵਾਧੂ ਦੀ ਚੀਜ਼ ਹੈ। ਪੱਤੇ ਤੋੜ, ਚੋਲ ਪਾਓ ਤੇ ਹੱਥ ਨਾਲ ਖਾ ਜਾਓ। ਜੋ ਉਹਨਾਂ ਕਦੇ ਸਾਡੇ ਨਾਲ ਚਾਹ ਵੀ ਪੀਤੀ ਤਾਂ ਪੱਤਾ ਤੋੜਿਆ, ਮਰੋੜ ਕੇ ਡੂਨਾ ਬਣਾਇਆ ਤੇ ਉਸ ਵਿਚੋਂ ਪੀ ਲਈ। ਵਰਤੋਂ ਤੇ ਸੁੱਟ ਦਿਓ। ਉਹਨਾਂ ਵਾਸਤੇ ਹਰ ਚੀਜ਼ ਡਿਸਪੋਜ਼ੇਬਲ ਹੈ। ਸ਼ਹਿਰਾਂ ਵਿਚ ਪੱਤਿਆਂ ਉੱਪਰ ਮਹਾਂ-ਭੇਜ ਸਟੇਟੱਸ ਸਿੱਬਲ ਹੈ। ਪਰ ਜੰਗਲ ਵਿਚਲੀ ਦਾਅਵਤ ਦਾ ਮਜ਼ਾ ਹੀ ਅਲੱਗ ਹੈ। ਆਪਣਾ ਆਪਣਾ ਪੱਤਲ ਉਠਾਓ ਤੇ ਕਿਸੇ ਪੱਥਰ ਉੱਤੇ ਬੈਠ ਜਾਓ ਜਾਂ ਚਟਾਨ ਨਾਲ ਢੋਅ ਲਾ ਲਓ, ਜਾਂ ਫਿਰ ਕਿਸੇ ਦਰੱਖ਼ਤ ਦਾ ਸਹਾਰਾ ਲੈ ਲਵੇ ਤੇ ਭਾਵੇਂ ਜ਼ਮੀਨ ਉੱਤੇ ਹੀ ਪੱਸਰ ਜਾਓ। ਏਥੇ ਹਰ ਚੀਜ਼ ਕੁਦਰਤੀ ਹੈ। ਸ਼ਹਿਰ ਦੇ ਕਿਸੇ ਮਹਾਂ-ਭੇਜ ਦੇ ਪੰਡਾਲ ਵਿਚ ਇਹ ਚੀਜ਼ਾਂ ਗੱਡ ਵੀ ਦਿੱਤੀਆਂ ਜਾਣ ਤਾਂ ਉਹ ਸਾਦਗੀ ਕਿੱਥੋਂ ਆਵੇਗੀ ਜਿਹੜੀ ਸਿਰਫ਼ ਕੁਦਰਤੀ
ਵਾਤਾਵਰਣ ਦੀ ਹੀ ਖ਼ੂਬੀ ਹੈ।
ਮੀਂਹ ਨਾਲ ਧੁਲੀ ਇਕ ਵਿਸ਼ਾਲ ਚਟਾਨ ਕੋਲ ਪਹੁੰਚ ਕੇ ਅਸੀਂ ਥੋੜ੍ਹਾ ਆਰਾਮ ਕਰਨ ਬੈਠ ਗਏ। ਰਾਤ ਦੀ ਠੰਡ ਕਾਰਨ ਪੈਰ ਨੇ ਦਰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਤਸਮੇਂ ਖੋਲ੍ਹੇ ਤੇ ਪੈਰ ਘੁੱਟਣ ਲੱਗ ਪਿਆ। ਸਵੇਰੇ ਥੋੜ੍ਹਾ ਸੇਕ ਦੇ ਲਿਆ ਜਾਂਦਾ ਤਾਂ ਠੀਕ ਰਹਿੰਦਾ।
"ਸ਼ਹਿਰਾਂ ਦੇ ਲੋਕ ਸਾਡੀ ਮਦਦ ਕਰਨਗੇ?" ਕੇਸਾ ਨੇ ਅਚਾਨਕ ਸਵਾਲ ਕੀਤਾ।
"ਕਰਨਗੇ। ਉਹ ਜਿਹੜੇ ਸ਼ਹਿਰਾਂ ਵਿਚ ਨਰਕ ਹੰਢਾਉਂਦੇ ਨੇ ਤੇ ਜ਼ਿੰਦਗੀ ਤੋਂ ਤੰਗ ਆ ਚੁੱਕੇ ਨੇ।"
"ਪਰ ਕਦੋਂ?"
ਕੋਸਾ ਦੇ ਇਸ ਸਿੱਧੇ-ਸਾਦੇ ਸਵਾਲ ਦਾ ਸਿੱਧਾ ਜਵਾਬ ਮੇਰੇ ਕੋਲ ਕੋਈ ਨਹੀਂ ਸੀ। ਸ਼ਹਿਰਾਂ ਵਿਚ ਵੀ ਦੁਖੀ ਤੇ ਕਿਸਮਤ ਮਾਰੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜੰਗਲ ਹੋਵੇ ਜਾਂ ਸ਼ਹਿਰ, ਜਹਾਲਤ ਦੇ ਮਾਰੇ ਦੋਵੇਂ ਥਾਂ ਹੀ 'ਸੱਭਿਅਕ' ਸਮਾਜ ਦਾ ਹਿੱਸਾ ਨਹੀਂ ਹਨ। ਜੰਗਲ ਬਾਗੀ ਹੋਇਆ ਹੋਇਆ ਹੈ ਪਰ ਸ਼ਹਿਰ ਕਦੋਂ ਤੇ ਕਿਵੇਂ ਬਾਗ਼ੀ ਹੋਵੇਗਾ ਇਸ ਬਾਰੇ ਮੈਂ ਕੋਸਾ ਨੂੰ ਕੁਝ ਨਹੀਂ ਸੀ ਕਹਿ ਸਕਦਾ। ਇਸ ਸੰਬੰਧੀ ਮੈਂ ਉਸ ਕੋਲ ਅਸਮਰੱਥਤਾ ਪ੍ਰਗਟ ਕੀਤੀ ਪਰ ਉਸ ਨੂੰ ਯਕੀਨ ਦਿਵਾਉਣਾ ਚਾਹਿਆ ਕਿ ਇਕ ਨਾ ਇਕ ਦਿਨ ਅਜਿਹਾ ਜ਼ਰੂਰ ਹੋਵੇਗਾ।
ਕੋਸਾ ਕਦੇ ਸ਼ਹਿਰ ਵਿਚ ਨਹੀਂ ਗਿਆ। ਰੇਲ ਗੱਡੀ ਬਾਰੇ ਉਸ ਨੇ ਸੁਣ ਰੱਖਿਆ ਹੈ ਪਰ ਦੇਖੀ ਨਹੀਂ। ਬੱਸ ਉਸਨੇ ਜੰਗਲ ਵਿਚੋਂ ਗੁਜ਼ਰਦੀ ਜਰਨੈਲੀ ਸੜਕ ਉੱਤੇ ਦੇਖੀ ਹੈ ਪਰ ਕਦੇ ਚੜ੍ਹ ਕੇ ਨਹੀਂ ਦੇਖਿਆ। ਉਸ ਨੇ ਜੀਪ ਦੇਖੀ ਹੇ, ਸਿੱਧੀ ਵੀ ਅਤੇ, ਉਲਟੀ ਵੀ। ਉਹ ਹਮੇਸ਼ਾਂ ਪੈਦਲ ਹੀ ਤੁਰਿਆ ਹੈ ਅਤੇ ਇਹਨਾਂ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਵਿਚ ਚੜ੍ਹਣ ਵਾਲੇ ਮਨੁੱਖ ਉਸ ਨੂੰ ਕਿਸੇ ਦੂਸਰੀ ਹੀ ਧਰਤੀ ਦੇ ਲੱਗਦੇ ਹਨ। ਜਦ ਕਦੇ ਕੋਈ ਕਬਾਇਲੀ ਉਸਨੂੰ ਸ਼ਹਿਰੋਂ ਆ ਕੇ ਦੱਸਦਾ ਹੈ ਕਿ ਉਹ ਰੇਲ ਗੱਡੀ ਵਿਚ ਚੜ੍ਹ ਚੁੱਕਾ ਹੈ ਤਾਂ ਕੋਸਾ ਉਸ ਅਜੀਬ ਸ਼ੈਅ ਦਾ ਆਕਾਰ ਤੇ ਵਿਹਾਰ ਸੁਣ ਕੇ ਸੋਚੀਂ ਪੈ ਜਾਂਦਾ ਹੈ ਕਿ ਕਿਹੋ ਜਿਹੇ ਅਜੀਬ ਸੱਪ ਧਰਤੀ ਉੱਪਰ ਰੀਂਗਦੇ ਹਨ। ਕੇਸਾ ਦਾ ਪਿੰਡ ਰੇਲ ਲਾਈਨ ਤੋਂ ਸੌ ਕਿਲੋਮੀਟਰ ਤੱਕ ਦੀ ਦੂਰੀ ਉੱਤੇ ਹੈ। ਉਹ ਇਸ ਗੱਲ ਦੀ ਉਡੀਕ ਵਿਚ ਹੈ ਕਿ ਕਿਸੇ ਦਿਨ ਉਸਦਾ ਦਸਤਾ ਰੇਲ ਲਾਈਨ ਤੋਂ ਪਾਰ ਕਿਸੇ ਥਾਂ ਵੱਲ ਕੂਚ ਕਰੇਗਾ। ਲੋਹਾ ਉਸ ਵਾਸਤੇ ਦਾਤੀ, ਟਕੂਆ, ਚਾਕੂ ਅਤੇ ਬੰਦੂਕ ਦੀ ਨਾਲ ਤੋਂ ਵੱਧ ਹੋਰ ਕੁਝ ਨਹੀਂ ਹੈ। ਉਸ ਨੇ ਸੁਣ ਰੱਖਿਆ ਹੈ ਕਿ ਰੇਲ ਗੱਡੀ, ਬੱਸਾਂ, ਕਾਰਾਂ ਅਤੇ ਹੋਰ ਹਜ਼ਾਰਾਂ ਚੀਜ਼ਾਂ ਲੋਹੇ ਤੋਂ ਬਣਦੀਆਂ ਹਨ। ਪਰ ਕਿਵੇਂ? ਇਹ ਉਹ ਨਹੀਂ ਜਾਣਦਾ। ਉਸ ਨੇ ਇਹ ਵੀ ਸੁਣਿਆ ਹੋਇਆ ਹੈ ਕਿ ਬੇਲਾਡਿੱਲਾ ਦੀਆਂ ਮੀਲਾਂ ਵਿਚ ਫੈਲੀਆਂ ਖਦਾਨਾਂ ਲੋਹੇ ਦੇ ਪਹਾੜ ਉਗਲਦੀਆਂ ਹਨ। ਉਸ ਨੂੰ ਪਤਾ ਹੈ ਕਿ ਉਹਨਾਂ ਦੀ ਜ਼ਮੀਨ ਵਿਚ ਲੋਹਾ ਹੈ ਅਤੇ ਇਹ ਮਿੱਟੀ ਵਿਚ ਘੁਲਿਆ ਪਿਆ ਹੈ, ਪਰ ਉਸਨੂੰ ਹੈਰਾਨੀ ਹੁੰਦੀ ਹੈ ਕਿ ਇਹ ਦਾਤੀ ਦੇ ਵਾਲ ਵਰਗਾ ਕਿਉਂ ਨਹੀਂ ਹੈ।
ਨਾਸ਼ਤੇ ਦਾ ਵਕਤ ਹੈ। ਤੇਲ ਵਿਚ ਤੜਕੇ ਹੋਏ ਚਿੜਵੇ ਤੇ ਮੂੰਗਫਲੀ ਦੀਆਂ ਗਿਰੀਆਂ ਹਰ ਕਿਸੇ ਦੀ ਪਲੇਟ ਵਿਚ ਹਨ। ਚਾਹ ਦਾ ਰੰਗ ਅੱਜ ਹੋਰ ਵੀ ਤੇਜ਼ ਹੈ।
"ਪੱਤੀ ਤੇਜ਼ ਹੈ ਜਾਂ ਪਾਣੀ ਲਾਲ ਹੈ?" ਮੈਂ ਹੱਸਦੇ ਹੋਏ ਪੁੱਛਦਾ ਹਾਂ।
"ਤੇਜ਼ ਪੱਤੀ।" ਚਾਹ ਵਰਤਾਉਣ ਵਾਲਾ ਮੁਸਕਰਾ ਕੇ ਜਵਾਬ ਦੇਂਦਾ ਹੈ। ਰਾਤ ਮੀਂਹ ਪੈਣ ਤੋਂ ਪਹਿਲਾਂ ਉਹਨਾਂ ਨੇ ਪਾਣੀ ਦੇ ਡਰੱਮ ਭਰ ਲਏ ਸਨ।
ਨਾਸ਼ਤੇ ਦਾ ਸਮਾਂ ਰੋਜ਼ ਵਾਂਗ ਅੱਜ ਵੀ ਸਿਆਸੀ ਟਿੱਪਣੀਆਂ ਅਤੇ ਵਿਚਾਰ- ਚਰਚਾ ਦਾ ਸਮਾਂ ਹੈ।
"ਮੁਸ਼ੱਰਫ਼ ਬੁਰੀ ਤਰ੍ਹਾਂ ਫਸਿਆ ਪਿਐ। ਅਮਰੀਕਾ ਨਾਲ ਯਾਰੀ ਦਾ ਪਹਿਲਾਂ ਵਾਲਾ ਦੇਰ ਨਹੀਂ ਰਿਹਾ।"
ਰਾਤ ਦੀਆਂ ਖ਼ਬਰਾਂ ਉੱਪਰ ਇਕ ਜਣਾ ਤਬਸਰਾ ਕਰਦਾ ਹੈ। ਖ਼ਬਰ ਸੀ ਕਿ ਅਮਰੀਕਾ ਪਾਕਿਸਤਾਨ ਦੇ ਨਿਊਕਲੀਅਰ ਹਥਿਆਰ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ।
"ਅਮਰੀਕਨ ਸਟੇਟ ਦੇ ਸਿਰਫ਼ ਹਿਤ ਹਨ, ਦੋਸਤੀਆਂ ਨਹੀਂ। ਰੂਸ ਦੇ ਢਹਿਣ ਦੇ ਬਾਦ ਬਹੁਤ ਕੁਝ ਬਦਲ ਗਿਆ। ਨਵਾਂ ਸੰਸਾਰ ਪ੍ਰਬੰਧ ਧਮਕੀਆਂ ਤੇ ਹਮਲਿਆਂ ਨਾਲ ਹੀ ਠੋਸਿਆ ਜਾ ਸਕਦੇ।" ਦੂਸਰਾ ਜਣਾ ਕਹਿੰਦਾ ਹੈ।
"ਕੋਈ ਵੀ ਦੇਸ਼ ਅਮਰੀਕਾ ਸਾਹਮਣੇ ਖੜ੍ਹਾ ਹੋਣ ਦੀ ਹਾਲਤ ਵਿਚ ਨਹੀਂ, ਮੁਸ਼ੱਰਫ਼ ਕੀ ਚੀਜ਼ ਹੈ।" ਇਕ ਤੀਸਰਾ ਬੋਲਦਾ ਹੈ।
"ਮੁਸ਼ੱਰਫ਼ ਦੇ ਇਹ ਕਹਿਣ ਉੱਪਰ ਕਿ ਉਸ ਨੇ ਅਮਰੀਕਾ ਦਾ ਸਾਬ ਪਾਕਿਸਤਾਨ ਦੇ 'ਕੌਮੀ ਹਿਤ' ਨੂੰ ਧਿਆਨ ਵਿਚ ਰੱਖ ਕੇ ਦਿੱਤਾ ਹੈ, ਸਿਰਫ਼ ਹੱਸਿਆ ਹੀ ਜਾ ਸਕਦੇ," ਇਕ ਹੋਰ ਕਹਿੰਦਾ ਹੈ।
"ਦੇਸ਼ ਦਾ ਪਰਧਾਨ ਹੈ। ਇਹ ਤਾਂ ਕਹਿ ਨਹੀਂ ਸਕਦਾ ਕਿ ਮੈਂ ਇਹ ਬਿਆਨ ਅਮਰੀਕੀ ਬੰਦੂਕ ਦੀ ਨਾਲ ਸਾਹਮਣੇ ਬੈਠ ਕੇ ਦੇ ਰਿਹਾ ਹਾਂ।"
ਇਸ ਟਿੱਪਣੀ ਉੱਤੇ ਹਾਸਾ ਪੈ ਜਾਂਦਾ ਹੈ।
"ਭਾਰਤ ਦੇ ਕੌਮੀ ਹਿਤ ਅਮਰੀਕਾ ਨਾਲ ਮੇਲ ਖਾਂਦੇ ਹਨ। ਪਾਕਿਸਤਾਨ ਦੇ ਕੌਮੀ ਹਿਤ ਅਮਰੀਕਾ ਨਾਲ ਮੇਲ ਖਾਂਦੇ ਹਨ। ਸਿੱਧ ਕਰੋ ਕਿ ਭਾਰਤ ਤੇ ਪਾਕਿਸਤਾਨ. ਦੋਵਾਂ ਦੇ ਕੌਮੀ ਹਿਤ ਆਪਸ ਵਿਚ ਮੇਲ ਖਾਂਦੇ ਹਨ। ਇਹ ਅਲਜਬਰੇ ਦਾ ਅੱਜ ਸਭ ਤੋਂ ਔਖਾ ਸਵਾਲ ਹੈ।"
"ਕਸ਼ਮੀਰ ਦੀ ਸਲੇਟ ਉੱਤੇ ਆ ਕੇ ਇਹ ਅਜਿਹਾ ਅੜਦਾ ਹੈ ਕਿ ਹੱਲ ਹੋਣ ਦਾ ਨਾਂਅ ਹੀ ਨਹੀਂ ਲੈਂਦਾ।" "ਕਸ਼ਮੀਰ ਵਿਚ ਤੇਲ ਹੁੰਦਾ ਤਾਂ ਹੁਣ ਤੱਕ ਬਾਂਦਰ ਨੇ ਬਿੱਲੀਆਂ ਦੀ ਸਾਰੀ ਰੋਟੀ ਹੜੱਪ ਲਈ ਹੁੰਦੀ।"
ਨਾਸ਼ਤਾ ਚੱਲਦਾ ਰਿਹਾ ਤੇ ਖ਼ਿੱਤੇ ਦੇ ਸਿਆਸੀ ਦਿੱਸ ਉੱਤੇ ਟਿੱਪਣੀਆਂ ਹੁੰਦੀਆਂ ਰਹੀਆਂ।
"ਕੱਲ ਨੂੰ ਅਸੀਂ ਵਿੱਛੜ ਰਹੇ ਹਾਂ," ਸ੍ਰੀ ਕਾਂਤ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ।
"ਹਾਂ। ਅੱਜ ਕਿਸੇ ਵਕਤ ਮਿਲਾਂਗੇ।"
ਪਲ ਦੀ ਪਲ ਉਸ ਨੇ ਸੋਚਿਆ ਤੇ ਕਿਹਾ, "ਅੱਜ ਨਹੀਂ, ਕੱਲ ਨਾਸ਼ਤੇ ਤੋਂ ਬਾਦ।" "ਠੀਕ ਹੈ।"
ਉਸ ਤੋਂ ਬਾਦ ਅਸੀਂ ਦੋਵੇਂ ਤੰਬੂਆਂ ਵੱਲ ਜਾਂਦੇ ਰਾਹ ਦੀ ਚੜ੍ਹਾਈ ਚੜ੍ਹਣ ਲੱਗੇ।
ਕੱਲ ਨੂੰ ਗਰਮ ਕੱਪੜੇ, ਕੰਬਲ, ਟੋਪੀਆਂ, ਬੂਟ ਵਗੈਰਾ ਸਭ ਕੁਝ ਆ ਜਾਣਾ ਸੀ। ਉਸ ਨੇ ਕਿਹਾ ਕਿ ਜੋ ਚਾਹੀਦਾ ਹੈ ਲੈ ਲਵਾਂ। ਮੱਕੀ ਕੇਪ ਤੇ ਮਫਲਰ ਦੀ ਮੈਨੂੰ ਜ਼ਰੂਰਤ ਨਹੀਂ ਸੀ। ਬੂਟ ਪਹਿਲਾਂ ਹੀ ਪੈਰਾਂ ਵਿਚ ਮੌਜੂਦ ਸਨ ਜਿਨ੍ਹਾਂ ਨਾਲ ਮੇਂ ਹਿਮਾਲਾ ਦਾ ਇਕ ਚੱਕਰ ਪੂਰਾ ਕਰ ਸਕਦਾ ਸਾਂ। ਸੋ ਮੈਨੂੰ ਕੁਝ ਨਹੀਂ ਸੀ ਚਾਹੀਦਾ।
"ਸਵੇਰੇ"
"ਜ਼ਰੂਰ ।"
ਤੇ ਅਸੀਂ ਆਪਣੇ ਆਪਣੇ ਰਸਤੇ ਉੱਤੇ ਪੈ ਕੇ ਵੱਖ ਹੋ ਗਏ।
ਰਸੋਈ ਤੋਂ ਜਿਹੜਾ ਵੀ ਵਾਪਸ ਮੁੜਦਾ ਆਪਣਾ ਹਥਿਆਰ ਮੋਢੇ ਤੋਂ ਲਾਹੁੰਦਾ, ਪੁਰਜਾ ਪੁਰਜ਼ਾ ਖੋਲ੍ਹ ਕੇ ਸਾਫ਼ ਕਰਦਾ ਤੇ ਫੇਰ ਫਿੱਟ ਕਰ ਲੈਂਦਾ। ਹਥਿਆਰ ਨੂੰ ਸਾਫ਼ ਕਰਨਾ ਰੋਜ਼ ਦਾ ਨੇਮ ਹੈ, ਜਦੋਂ ਕਿਸੇ ਨੂੰ ਵਕਤ ਮਿਲਿਆ ਕਰ ਲਿਆ।
"ਕੀ ਰੁਝੇਵੇਂ ਨੇ ਅੱਜ ਦੇ?" ਐਤੂ ਆਪਣੀਆਂ ਫਾਈਲਾਂ ਚੁੱਕੀ ਮੇਰੇ ਕੋਲ ਆ ਕੇ ਬੋਲਿਆ।
"ਜਿਸ ਕਿਸੇ ਨੇ ਬੁਲਾਇਆ ਤੁਰ ਜਾਵਾਂਗਾ," ਕਹਿ ਕੇ ਮੈਂ ਹੱਸ ਪਿਆ। "ਤੇ ਤੁਹਾਡੇ?"
"ਮੇਰੇ ਵੀ ਕੋਈ ਨਹੀਂ। ਉਹਨਾਂ ਅੱਜ ਗੁਰੀਲਾ ਯੁੱਧ ਬਾਰੇ ਵਿਚਾਰਾਂ ਕਰਨੀਆਂ ਹਨ ਤੇ ਮੈਂ ਵਿਹਲਾ ਹਾਂ।"
"ਜੰਗ ਵਿਚ ਤੁਹਾਡੀ ਕੋਈ ਦਿਲਚਸਪੀ ਨਹੀਂ?"
"ਦਿਲਚਸਪੀ ਤਾਂ ਹੈ ਪਰ ਜ਼ਿੰਮੇਦਾਰੀ ਨਹੀਂ।"
"ਸਾਇੰਸਦਾਨ ਹੋ ਇਸ ਲਈ?"
"ਸਿਰਫ਼ ਸਾਇੰਸਦਾਨ ਨਹੀਂ, ਲਾਲ ਸਾਇੰਸਦਾਨ।" ਐਤੂ ਦੇ ਜਵਾਬ ਉੱਤੇ ਅਸੀਂ ਦੋਵੇਂ ਹੱਸ ਪਏ।
ਰੈੱਡ ਐਂਡ ਐਕਸਪਰਟ। ਕਮਿਊਨਿਸਟ ਵੀ ਤੇ ਮਾਹਰ ਵੀ। ਚੀਨ ਦੇ ਸੱਭਿਅਚਾਰਕ ਇਨਕਲਾਬ ਦੌਰਾਨ ਇਹ ਦੋਵੇਂ ਸ਼ਬਦ ਬਹੁਤ ਮਸ਼ਹੂਰ ਹੋਏ ਸਨ। ਇਸ ਕਰਾਂਤੀ ਦੇ ਦੌਰ ਨੇ ਪੜ੍ਹੀ-ਲਿਖੀ ਪੀੜ੍ਹੀ ਨੂੰ ਬਹੁਤ ਪ੍ਰਭਾਵਤ ਕੀਤਾ ਸੀ। ਸੱਭਿਆਚਾਰਕ ਇਨਕਲਾਬ ਵਿਚ ਹੋਈ ਵੱਡੀ ਉੱਥਲ-ਪੁੱਥਲ ਨੇ ਇਹ ਸ਼ਬਦ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾ ਦਿੱਤੇ ਸਨ। ਲਹਿਰ ਦਾ ਤਾਣ ਟੁੱਟਿਆ ਤਾਂ ਇਹ ਸ਼ਬਦ ਵੀ ਹੌਲੀ-ਹੌਲੀ ਮੱਧਮ ਪੈਂਦੇ ਗਏ। "ਮਾਹਰ" ਤਗੜਾ ਹੁੰਦਾ ਗਿਆ ਤੇ "ਲਾਲ" ਨੂੰ ਨੱਪਦਾ ਗਿਆ। ਅੰਤ ਨੂੰ ਸਿਰਫ਼ ਮਾਹਰ ਹੀ ਰਹਿ ਗਿਆ ਤੇ ਕਮਿਊਨਿਸਟ ਖ਼ਤਮ ਹੋ ਗਿਆ। ਮਾਹਰ ਦੀ ਆਪਣੇ ਕਸਬ ਵਿਚ ਮੁਹਾਰਤ ਹੁੰਦੀ ਹੈ। ਉਹ ਪ੍ਰਬੰਧ ਨੂੰ ਚਲਾਉਣ ਵਾਸਤੇ ਇੱਕ ਕਾਰਗਰ ਸਾਧਨ ਹੁੰਦਾ ਹੈ। ਉਹ ਕਮਿਊਨਿਸਟ ਵੀ ਹੋ ਤਾਂ ਪੁਰਾਣੇ ਦਕਿਆਨੂਸੀ ਪ੍ਰਬੰਧ ਨੂੰ ਬਦਲਣ ਵਿਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਨਹੀਂ ਤਾਂ ਪੁਰਾਣੇ ਪ੍ਰਬੰਧ ਵਾਸਤੇ ਉਹ ਚੰਗਾ ਸੇਵਾਦਾਰ ਹੋ ਨਿੱਬੜਦਾ ਹੈ। ਚੀਨ ਵਿਚ ਉਲਟ-ਇਨਕਲਾਬ ਤੋਂ ਬਾਦ ਨਾ ਸਿਰਫ਼ ਓਥੇ ਹੀ ਮਾਹਰਾਂ ਦੇ ਕਮਿਊਨਿਸਟ ਬਨਣ ਦਾ ਅਮਲ ਰੁਕ ਗਿਆ ਸਗੋਂ ਦੁਨੀਆਂ ਭਰ ਵਿਚ ਪ੍ਰਭਾਵਤ ਹੋਏ ਬੁੱਧੀਜੀਵੀ ਵਰਗ ਦੇ ਵੱਡੇ ਹਿੱਸੇ ਦਾ ਵੀ ਇਹੀ ਹਸ਼ਰ ਹੋਇਆ। ਪਿੱਛੇ ਹਟਦੇ ਹਟਦੇ ਅੰਤ ਨੂੰ ਉਹ ਸਿਰਫ਼ ਮਾਹਰ ਰਹਿ ਗਏ। ਐਤੂ ਤੇ ਪਵਨ ਦੋਨੋਂ ਹੀ ਇਨਕਲਾਬ
ਦੀ ਚੜ੍ਹਾਈ ਦੇ ਉਸ ਦੌਰ ਦੀ ਪੈਦਾਵਾਰ ਹਨ। ਭਾਵੇਂ ਉਹ ਦੋਨੋਂ ਹੀ ਉਮਰ ਦਾ ਅੱਧਾ ਪੰਧ ਮੁਕਾ ਚੁੱਕੇ ਹਨ ਪਰ ਉਹਨਾਂ ਨੇ ਰੈੱਡ ਐਂਡ ਐਕਸਪਰਟ ਵਿਚਲੀ ਰੂਹ ਨੂੰ ਆਪਣੇ ਅੰਦਰੋਂ ਮਰਨ ਨਹੀਂ ਦਿੱਤਾ। ਉਹਨਾਂ ਸਗੋਂ ਇਸ ਨੂੰ ਜ਼ਰਬ ਹੀ ਦਿੱਤੀ ਹੈ। ਇਸ ਦਾ ਕਾਰਨ ਇਹੀ ਹੈ ਕਿ ਉਹਨਾਂ ਨੇ ਲਹਿਰ ਨਾਲ ਆਪਣੇ ਕਰੀਬੀ ਰਿਸ਼ਤੇ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਓਥੇ ਰਹੇ ਹਨ ਜਿੱਥੇ ਜੱਦੋਜਹਿਦ ਹੈ। ਜਿੱਥੇ ਜੱਦੋਜਹਿਦ ਨਹੀਂ, ਹਰਕਤ ਨਹੀਂ, ਓਥੇ ਗਿਰਾਵਟ ਹਰ ਕਿਸੇ ਨੂੰ ਤੇਜ਼ੀ ਨਾਲ ਦਬੋਚ ਲੈਂਦੀ ਹੈ। ਇਨਕਲਾਬ ਡਰਾਇੰਗ ਰੂਮ ਅੰਦਰ ਕਾਫ਼ੀ ਦੇ ਕੱਪ ਤੱਕ ਸੀਮਤ ਹੋ ਜਾਂਦਾ ਹੈ ਅਤੇ ਅੰਤ ਨੂੰ ਉਹਨਾਂ ਅੰਦਰ ਇਸ ਦੀ ਰੂਹ ਮਰ ਜਾਂਦੀ ਹੈ। ਮਾਹਰ ਤਾਂ ਕਿਸੇ ਸਿਸਟਮ ਵਿਚ ਢੇਰਾਂ ਦੇ ਢੇਰ ਪੈਦਾ ਹੁੰਦੇ ਹਨ ਪਰ ਤਬਦੀਲੀ ਦਾ ਸਾਧਨ ਉਹ ਉਦੋਂ ਹੀ ਬਣਦੇ ਹਨ ਜਦ ਉਹ ਲਹਿਰ ਨਾਲ ਕਰੀਬੀ ਰਿਸ਼ਤੇ ਵਿਚ ਬੱਝਦੇ ਹਨ। ਸੱਤਰਵਿਆਂ ਵਿਚ ਲਾਲ ਬਣ ਰਹੇ ਮਾਹਰਾਂ ਦੀ ਜ਼ੰਜੀਰ ਲੰਬੀ ਹੋਇਆ ਕਰਦੀ ਸੀ। ਹੌਲੀ ਹੌਲੀ ਇਸ ਨੂੰ ਜੰਗਾਲ ਖਾਣ ਲੱਗਾ ਤੇ ਇਕ ਇਕ ਕਰਕੇ ਕੜੀਆਂ ਦੇ ਝੜਣ ਨਾਲ ਇਹ ਛੋਟੀ ਹੁੰਦੀ ਗਈ। ਬਿਨਾ ਸ਼ੱਕ, ਇਹ ਅਜੇ ਵੀ ਕਾਇਮ ਹੈ ਅਤੇ ਜੱਦੋਜਹਿਦ ਵਿਚ ਹੈ।
"ਪਵਨ ਕੀ ਕਰ ਰਿਹਾ ਹੋਵੇਗਾ?" ਮੈਂ ਐਤੂ ਨੂੰ ਪੁੱਛਦਾ ਹਾਂ।
"ਉਹ ਮੈਡੀਕਲ ਦੀ ਕਲਾਸ ਲੈ ਰਿਹਾ ਹੋਵੇਗਾ। ਆਓ ਦੇਖੀਏ।" ਐਤੂ ਤੇ ਮੈਂ ਪਵਨ ਦੇ ਦਵਾਖ਼ਾਨੇ ਦੇ ਬਾਹਰ ਲੱਗਦੇ ਖੁੱਲ੍ਹੀ ਹਵਾ ਦੇ 'ਕਲਾਸ ਰੂਮ' ਵੱਲ ਤੁਰ ਪਏ।
"ਅੱਧਾ ਘੰਟਾ ਹੋਰ ਇੰਤਜ਼ਾਰ ਕਰੋ, ਤਦ ਤਕ ਕਲਾਸ ਖ਼ਤਮ ਹੋ ਜਾਵੇਗੀ," ਪਵਨ ਐਤੂ ਦੇ ਪੁੱਛਣ 'ਤੇ ਬੋਲਿਆ।
ਐਤੂ ਭਾਈ ਘੁੰਮਣ ਨਿਕਲਣ ਦਾ ਪ੍ਰੋਗਰਾਮ ਬਣਾਈ ਬੈਠਾ ਸੀ। ਅਸੀਂ ਐਤੂ ਦੇ ਤੰਬੂ ਵਿਚੋਂ ਬਰਮਸ ਲਈ ਅਤੇ ਰਸੋਈ ਵਿਚ ਚਾਹ ਬਨਾਉਣ ਚਲੇ ਗਏ।
ਡਬਲ ਪੱਤੀ ਪਾਕੇ ਜ਼ੋਰਦਾਰ ਚਾਹ ਤਿਆਰ ਕੀਤੀ ਗਈ। ਐਤੂ ਨੇ ਧੂੰਏ ਨਾਲ ਅੱਖਾਂ 'ਚੋਂ ਵਗਦੇ ਪਾਣੀ ਨੂੰ ਰੁਮਾਲ ਨਾਲ ਪੁੰਝਿਆ, ਚਸ਼ਮਾ ਸਾਫ਼ ਕੀਤਾ ਤੇ 'ਆਓ' ਕਹਿ ਕੇ ਵਾਪਸ ਪਵਨ ਦੇ ਕਲਾਸ ਰੂਮ ਵੱਲ ਤੁਰ ਪਿਆ।
ਕੋਸਾ ਸਾਡੇ ਚਾਰਾਂ ਵਿਚੋਂ ਅੱਗੇ ਅੱਗੇ ਤੁਰਿਆ। ਪਹਾੜੀ ਦੀ ਟੀਸੀ ਉੱਤੇ ਪਹੁੰਚਕੇ ਉਸ ਨੇ ਚਾਰੇ ਪਾਸੇ ਨਜ਼ਰ ਘੁਮਾਈ, ਸਾਹਮਣੇ ਵਾਲੀ ਪਗਡੰਡੀ ਉੱਤੇ ਦੂਰ ਤੱਕ ਦੇਖਿਆ, ਲੱਕ-ਪੇਟੀ ਨੂੰ ਰੁਖ਼-ਸਿਰ ਕੀਤਾ ਤੇ ਪਾਰ ਉੱਤਰਨਾ ਸ਼ੁਰੂ ਕਰ ਦਿੱਤਾ।
"ਕੋਸਾ ਤਾਂ ਇਸ ਤਰ੍ਹਾਂ ਕਰ ਰਿਹੇ ਜਿਵੇਂ ਮੁਹਿੰਮ ਉੱਤੇ ਚੱਲੇ ਹੋਈਏ," ਕੋਸਾ ਦੀ ਸਤੱਰਕਤਾ ਨੂੰ ਦੇਖਦੇ ਹੋਏ ਮੈਂ ਕਿਹਾ। ਕੋਸਾ ਚੁੱਪ ਰਿਹਾ ਪਰ ਐਤੂ ਨੇ ਕਿਹਾ ਕਿ ਇਹ ਮੁਹਿੰਮ ਵਾਂਗ ਹੀ ਹੈ। ਅਸੀਂ ਖੋਮੇ ਤੋਂ ਬਾਹਰ ਇਕ ਵੱਡੀ ਨਦੀ ਉੱਤੇ ਜਾ ਰਹੇ ਸਾਂ। ਕੋਈ ਪੰਦਰਾਂ ਮਿੰਟ ਅਸੀਂ ਚੁੱਪ ਚਾਪ ਤੁਰਦੇ ਗਏ। ਰਸਤਾ ਕਾਫ਼ੀ ਮੁਸ਼ਕਲ ਸੀ। ਪੈਰ ਪੈਰ ਉੱਤੇ ਸਾਨੂੰ ਕੰਡਿਆਲੀਆਂ ਝਾੜੀਆਂ ਤੋਂ ਬਚਣਾ ਪੈ ਰਿਹਾ ਸੀ। ਪੈਰ ਦੇ ਫ਼ਿਸਲ ਜਾਣ ਦੀ ਹਰ ਗੁੰਜਾਇਸ਼ ਨੂੰ ਰੱਦ ਕਰਨਾ ਜ਼ਰੂਰੀ ਸੀ ਨਹੀਂ ਤਾਂ ਆਦਮੀ ਲੁੜਕੇਗਾ ਅਤੇ ਝਾੜੀਆਂ ਵਿਚ ਬੁਰੀ ਤਰ੍ਹਾਂ ਉਲਝ ਜਾਵੇਗਾ। ਇਕ ਮੁਕਾਬਲਤਨ ਸਮਤਲ ਸਥਾਨ ਉੱਤੇ ਪਹੁੰਚ ਕੇ ਅਸੀਂ ਰੁਕੇ। ਅਗਾਂਹ ਝਾੜ-ਝਖਾੜ ਨਾਲ ਭਰੀ ਹੋਈ ਇਕ ਡੂੰਘੀ ਖੱਡ ਸੀ ਜਿਸ ਵਿਚ ਉਹ ਨਦੀ ਵਹਿ ਰਹੀ
ਸੀ ਜਿਸ 'ਤੇ ਅਸੀਂ ਪਹੁੰਚਣਾ ਸੀ।
"ਏਥੋਂ ਦੀ ਬਨਸਪਤੀ ਬਹੁਤ ਸੰਘਣੀ ਤੇ ਅਮੀਰ ਹੈ," ਅੰਤੁ ਨੇ ਸਾਰੇ ਪਾਸੇ ਬਾਂਹ ਘੁਮਾਉਂਦੇ ਹੋਏ ਕਿਹਾ।
"ਅਨੇਕਾਂ ਤਰ੍ਹਾਂ ਦੀਆਂ ਬੂਟੀਆਂ ਦਾ ਵਿਸ਼ਾਲ ਭੰਡਾਰ ਹੈ, ਜਿਹਨਾਂ ਤੋਂ ਕਈ ਕਿਸਮ ਦੀਆਂ ਦਵਾਈਆਂ ਬਣਦੀਆਂ ਹਨ।" ਉਸ ਨੇ ਅਨੇਕਾਂ ਤਰ੍ਹਾਂ ਦੇ ਪੌਦੇ ਦਿਖਾਏ ਤੇ ਉਹਨਾਂ ਦੇ ਬਾਟਨੀਕਲ ਨਾਮ ਗਿਣਾਏ। ਕਿਸੇ ਕਿਸੇ ਪਿੰਡ ਦਾ "ਵੱਡਾ" ਇਹਨਾਂ ਬਾਰੇ ਜਾਣਕਾਰੀ ਰੱਖਦਾ ਹੈ ਪਰ ਜ਼ਿਆਦਾ ਟੂਣੇ ਕਰਨ ਵਾਲੇ ਹੀ ਹਨ। ਐਤੂ ਸੋਚਦਾ ਹੈ ਕਿ ਉਹਨਾਂ ਵੱਡਿਆਂ ਦੇ ਗਿਆਨ ਨੂੰ ਦਵਾਵਾਂ ਬਨਾਉਣ ਲਈ ਕਿਸੇ ਨਾ ਕਿਸੇ ਤਰ੍ਹਾਂ ਵਰਤੋਂ ਵਿਚ ਲਿਆਂਦਾ ਜਾਵੇ।
ਐਤੂ ਨੇ ਦੱਸਿਆ ਕਿ ਉੱਤਰ ਬਸਤਰ ਦੇ ਮਾੜ੍ਹ ਦੇ ਇਲਾਕੇ ਵਿਚ ਹੀਰੇ ਵੀ ਮੌਜੂਦ ਹਨ। ਓਥੇ ਹੀਰਿਆਂ ਦੀ ਖੁਦਾਈ ਵਿਚ ਲੱਗੇ ਕਬਾਇਲੀ ਆਦਮੀ ਔਰਤਾਂ ਨੂੰ ਠੇਕੇਦਾਰ ਅਤੇ ਉਹਨਾਂ ਨਾਲ ਜੁੜੇ ਗੁੰਡਾ ਗੈਂਗ ਅੱਤ ਦੇ ਜਬਰ ਅਧੀਨ ਰੱਖਦੇ ਹਨ। ਇਸੇ ਤਰ੍ਹਾਂ ਹੀ ਜਾਸ਼ਪੁਰ ਦੀਆਂ ਨਦੀਆਂ ਵਿਚੋਂ ਸੋਨਾ ਤੇ ਹੀਰੋ ਕੱਢਣ ਵਾਲੇ ਕਬਾਇਲੀਆਂ ਨਾਲ ਵਾਪਰਦਾ ਹੈ। ਉਹਨਾਂ ਨੂੰ ਹੀਰਿਆਂ ਅਤੇ ਸੋਨੇ ਬਦਲੇ ਉਹ ਮੁੱਠੀ ਭਰ ਚੌਲ ਦੇ ਕੇ ਤੋਰ ਦੇਂਦੇ ਹਨ। ਇਹਨਾਂ ਧਾਤਾਂ ਨੂੰ ਕੱਢਣ ਵਾਲੇ ਕਬਾਇਲੀ ਧਾਨ ਉਗਾਉਣ ਵਾਲੇ ਕਿਸਾਨਾਂ ਤੋਂ ਵੀ ਬਦਤਰ ਜ਼ਿੰਦਗੀ ਜਿਉਂਦੇ ਹਨ। ਸੋਨਾ ਭਾਵੇਂ ਬਸਤਰ ਦੇ ਕਬਾਇਲੀ ਖੋਦਣ, ਭਾਵੇਂ ਜਾਸਪੁਰ ਦੇ, ਭਾਵੇਂ ਸਿਆਰਾ ਲਿਓਨ ਅਤੇ ਦੱਖਣੀ ਅਫ਼ਰੀਕਾ ਦੇ, ਉਹ ਅੰਤਾਂ ਦੇ ਗਰੀਬ ਹੀ ਨਹੀਂ ਰਹਿੰਦੇ ਸਗੋਂ ਉਹਨਾਂ ਨੂੰ ਸਮੱਗਲਰਾਂ, ਜੰਗੀ ਸਰਦਾਰਾਂ ਅਤੇ ਭਿਆਨਕ ਕਿਸਮ ਦੇ ਗਰੋਹਾਂ ਦੇ ਜ਼ੁਲਮ ਵੀ ਝੱਲਣੇ ਪੈਂਦੇ ਹਨ। ਐਤੂ ਕਹਿੰਦਾ ਹੈ ਕਿ ਹੀਰੇ ਉਹਨਾਂ ਵਾਸਤੇ ਕਿਸੇ ਕੰਮ ਦੇ ਨਹੀਂ ਹਨ। ਹੀਰਿਆਂ ਦੀ ਪੈਦਾਵਾਰ ਸਮਾਜਿਕ ਤੌਰ ਉੱਤੇ ਜ਼ਰੂਰੀ ਪੈਦਾਵਾਰ ਨਹੀਂ ਹੈ। ਇਹ ਓਥੇ ਹੀ ਪਏ ਰਹਿਣ ਦਿੱਤੇ ਜਾਣੇ ਚਾਹੀਦੇ ਹਨ ਜਿੱਥੇ ਇਹ ਮੌਜੂਦ ਹਨ। ਸੋਨਾ ਤੇ ਹੀਰੇ ਕਬਾਇਲੀਆਂ ਦਾ ਢਿੱਡ ਨਹੀਂ ਭਰਦੇ। ਹੀਰੇ ਖੋਦ ਕੇ ਵੀ ਕਬਾਇਲੀ ਭੁੱਖੇ ਦੇ ਭੁੱਖੇ ਅਤੇ ਤਿਜੋਰੀਆਂ ਭਰ ਜਾਂਦੀਆਂ ਹਨ ਬੰਬਈ, ਗੁਜਰਾਤ ਅਤੇ ਐਂਟਵਰਪ ਦੇ ਬੇਲੀਸ਼ਾਹਾਂ ਦੀਆਂ। ਸੋ ਮਾਝ ਵਿਚ ਇਸ ਅਣ-ਮਨੁੱਖੀ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਗੁਗੋਲਿਆਂ ਨੇ ਠੇਕੇਦਾਰਾਂ ਅਤੇ ਗੁੰਡਾ ਗਰੋਹਾਂ ਨੂੰ ਭਜਾ ਦਿੱਤਾ ਹੈ। ਉਹ ਕਬਾਇਲੀ ਮਜ਼ਦੂਰ ਹੁਣ ਖੇਤੀ ਕਰਨ ਲੱਗੇ ਹਨ। ਹੁਣ ਉਹ ਅਨਾਜ ਤੋਂ ਵੀ ਮੁਥਾਜ ਨਹੀਂ ਅਤੇ ਜਬਰ ਤੋਂ ਵੀ ਮੁਕਤ ਹਨ।
ਸਮਤਲ ਜ਼ਮੀਨ ਦੇ ਉਸ ਟੁਕੜੇ ਤੋਂ ਅਸੀਂ ਹੇਠਾਂ ਵੱਲ ਉੱਤਰਨਾ ਸ਼ੁਰੂ ਕੀਤਾ। ਨਦੀ ਤੋਂ ਸੱਤ ਅੱਠ ਮਿੰਟ ਦੇ ਫ਼ਾਸਲੇ ਉੱਤੇ ਕੋਸਾ ਨੇ ਸਾਨੂੰ ਰੋਕ ਦਿੱਤਾ ਅਤੇ ਖ਼ੁਦ ਨਦੀ ਦੇ ਦੋਵਾਂ ਪਾਸਿਆਂ ਦਾ ਮੁਆਇਨਾ ਕਰਨ ਲਈ ਆਹਿਸਤਾ ਨਾਲ ਹੇਠਾਂ ਉੱਤਰ ਗਿਆ।
ਕੋਈ ਵੀਹ ਮਿੰਟ ਬਾਦ ਕੋਸਾ ਵਾਪਸ ਮੁੜਿਆ। ਅਸੀਂ ਸਾਰੇ ਹੇਠਾਂ ਉੱਤਰਨ ਲੱਗੇ ਤੇ ਨਦੀ ਉੱਤੇ ਪਹੁੰਚ ਗਏ। ਨਦੀ ਕਾਫ਼ੀ ਡੂੰਘੀ ਤੇ ਚੌੜੀ ਸੀ। ਕਿਤੇ ਕਿਤੇ ਚਟਾਨਾਂ ਨੇ ਉਸ ਵਿਚੋਂ ਸਿਰ ਚੁੱਕੇ ਹੋਏ ਸਨ ਜਿਹਨਾਂ ਉੱਤੇ ਕਾਲੀ ਕਾਈ ਜੰਮੀ ਪਈ ਸੀ।
"ਤੈਰਨ ਦੀ ਜਾਚ ਜੇ?" ਐਤੂ ਭਾਈ ਨੇ ਪੁੱਛਿਆ।
"ਥੋੜ੍ਹੀ। ਪਰ ਇਹ ਨਦੀ ਪਾਰ ਕਰ ਲਵਾਂਗਾ।"
"ਬਹੁਤ ਹੈ।"
ਅਸੀਂ ਨਹਾਉਣ ਦੀ ਤਿਆਰੀ ਕਰਨ ਲੱਗ ਪਏ। ਕੋਸਾ ਨੇ ਆਪਣੇ ਵਾਸਤੇ ਇਕ ਢੁੱਕਵੀਂ ਜਗ੍ਹਾ ਚੁਣੀ ਤੇ ਓਥੇ ਜਾ ਕੇ ਖੜ੍ਹਾ ਹੋ ਗਿਆ। ਐਤੂ ਤੇ ਮੈਂ ਦੂਸਰੇ ਕਿਨਾਰੇ ਵੱਲ ਨਿਕਲ ਗਏ। ਓਥੋਂ ਮੈਂ ਪਵਨ ਨੂੰ ਆਵਾਜ਼ ਦਿੱਤੀ ਕਿ ਆ ਜਾਵੇ।
"ਸਟੀਲ ਬਾਡੀ," ਪਵਨ ਜਵਾਬ ਵਿਚ ਬੋਲਿਆ।
"ਡੁੱਬ ਜਾਵੇਗੀ।" ਐਤੂ ਨੇ ਉਸ ਦੀ ਗੱਲ ਪੂਰੀ ਕਰ ਦਿੱਤੀ।
ਪਾਰਲੇ ਕੰਢੇ ਅਸੀਂ ਜ਼ਿਆਦਾ ਦੇਰ ਨਹੀਂ ਰੁਕੇ। ਸਾਡੇ ਵਾਪਸ ਪਰਤਣ ਤੋਂ ਪਹਿਲਾਂ ਹੀ ਪਵਨ ਨਹਾ ਚੁੱਕਾ ਸੀ। ਅਸੀਂ ਅਜੇ ਉਰਲੇ ਕੱਢੇ ਪਹੁੰਚੇ ਹੀ ਸਾਂ ਕਿ ਕੋਸਾ ਨੇ ਇਕ ਪੱਥਰ ਪਰਲੇ ਕੱਢੇ ਵੱਲ ਵਗਾਹ ਮਾਰਿਆ।
"ਕੀ ਹੈ?"
"ਭਾਲੂ।"
ਕੋਸੇ ਵੱਲੋਂ ਪੱਥਰ ਚਲਾਉਣ ਨਾਲ ਰਿੱਛ ਦੌੜ ਗਿਆ ਸੀ। ਚੰਗਾ ਹੋਇਆ ਕਿ ਅਸੀਂ ਵਾਪਸ ਪਹੁੰਚ ਚੁੱਕੇ ਹੋਏ ਸਾਂ ਨਹੀਂ ਤਾਂ ਕੋਸਾ ਨੂੰ ਗੋਲੀ ਦਾਗਣੀ ਪੈ ਸਕਦੀ ਸੀ।
ਚਾਹ ਪੀਂਦੇ ਵਕਤ ਐਤੂ ਫਿਰ ਦਵਾਵਾਂ ਦੇ ਵਿਸ਼ੇ ਵੱਲ ਮੁੜਿਆ, "ਇੱਥੇ ਅਦਰਕ ਨਹੀਂ, ਲਸਣ ਨਹੀਂ, ਹਲਦੀ ਨਹੀਂ, ਪਿਆਜ਼ ਨਹੀਂ। ਮੇਥੀ, ਧਨੀਆ, ਪਾਲਕ ਕੁਝ ਵੀ ਨਹੀਂ। ਪਰ ਹੁਣ ਅਸੀਂ ਕੁਝ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ ਹੈ। ਕਬਾਇਲੀ ਇਕ ਵਾਰ ਇਹਨਾਂ ਨੂੰ ਉਗਾਉਣਾ ਤੇ ਸਾਂਭਣਾ ਸਿੱਖ ਜਾਣ ਫਿਰ ਇਹਨਾਂ ਦੀ ਤੋਟ ਨਹੀਂ ਰਹੇਗੀ।"
ਐਤੂ ਭਾਈ ਦੀ ਹਰ ਯੋਜਨਾ ਸਿੱਧੀ ਹੈ, ਲੜੀਦਾਰ। ਉਹ ਕਹਿੰਦਾ ਹੈ ਕਿ ਵਿਕਾਸ ਸਰਵ-ਪੱਖੀ ਹੀ ਹੋ ਸਕਦਾ ਹੈ। ਅਜਿਹੀ ਕਾਸ਼ਤ ਲਈ ਹੁਨਰ ਦੇ ਵਿਕਸਤ ਹੋਣ ਦੀ ਲੋੜ ਹੈ, ਸਿੰਜਾਈ ਦੀ ਵੀ ਤੇ ਖਾਦ ਦੀ ਵੀ। ਇਹ ਬਿਮਾਰੀਆਂ ਨੂੰ ਰੋਕਣ ਦਾ ਵੀ ਸਾਧਨ ਬਣਦੀ ਹੈ, ਜ਼ਿੰਦਗੀ ਦਾ ਮਿਆਰ ਵੀ ਉੱਚਾ ਚੁੱਕਦੀ ਹੈ। ਦਿੱਕਤ ਇਹ ਹੈ ਕਿ ਕਬਾਇਲੀ ਜਲਦੀ ਕਿਸੇ ਚੀਜ਼ ਨੂੰ ਸਿੱਖਦੇ ਨਹੀਂ। ਉਹ ਸੈਂਕੜੇ ਸਾਲਾਂ ਤੋਂ ਚਲੀ ਆ ਰਹੀ ਤੇਰ ਨੂੰ ਤੋੜਨ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ। ਇਹ ਤੇਰ ਉਹਨਾਂ ਵਿਚ ਰਚ-ਮਿਚ ਗਈ ਹੈ। ਪਰ ਹੁਣ ਹੌਲੀ ਹੌਲੀ ਸਥਿੱਤੀ ਬਦਲ ਰਹੀ ਹੈ। ਬਾਹਰ ਦੀ ਜਕੜ ਦੇ ਟੁੱਟਣ ਨਾਲ ਉਹ ਖੁੱਲ੍ਹਦੇ ਜਾ ਰਹੇ ਹਨ, ਆਪਣੀ ਹੋਂਦ ਜਤਾਉਣ ਲੱਗੇ ਹਨ। ਉਹਨਾਂ ਅੰਦਰ ਦੀ ਛੁਪੀ ਹੋਈ ਤਾਕਤ ਨੂੰ ਰਸਤਾ ਮਿਲਣ ਲੱਗਾ ਹੈ, ਅੰਦਰ ਕੁਝ ਹਿਲਜੁਲ ਹੋਈ ਹੈ ਤੇ ਕੁਝ ਪਲਸੇਟੇ ਖਾਣ ਲੱਗਾ ਹੈ। ਠੇਕੇਦਾਰ ਤੇ ਵਪਾਰੀ ਹਰ ਚੀਜ਼ ਬਾਹਰ ਲੈ ਜਾਂਦੇ ਸਨ ਹੁਣ ਅੰਦਰ ਹੀ ਵਿਕਾਸ ਦਾ ਰਾਹ ਖੁੱਲ੍ਹਣ ਲੱਗਾ ਹੈ। ਬਾਹਰ ਦੀ ਪੁਰਾਣੀ ਜਕੜ ਨੂੰ ਤੋੜ ਦਿਓ ਤਾਂ ਅੰਦਰ ਦੀਆਂ ਸੰਭਾਵਨਾਵਾਂ ਖਿੜਣ ਲਗਦੀਆਂ ਹਨ, ਕਈ ਤਰ੍ਹਾਂ ਦੇ ਵਿਚਾਰ ਤੇ ਤਜ਼ਰਬੇ ਜਨਮ ਲੈਣ ਲਗਦੇ ਹਨ।
ਵਕਤ ਕਾਫ਼ੀ ਬੀਤ ਚੁੱਕਾ ਸੀ ਸੋ ਅਸੀਂ ਵਾਪਸ ਚੱਲ ਪਏ। ਚੜ੍ਹਾਈ ਵੀ ਕਠਿਨ ਸੀ। ਪਰ ਮੇਰੇ ਬਿਨਾਂ ਕਿਸੇ ਨੇ ਇਸ ਦੀ ਪਰਵਾਹ ਨਹੀਂ ਕੀਤੀ। ਅਸੀਂ ਉਹ ਪੰਧ ਡੇਢ ਘੰਟੇ ਵਿਚ ਮੁਕਾ ਪਾਏ। ਵਾਪਸ ਪਹੁੰਚ ਕੇ ਪਵਨ ਨੇ ਇੱਕ ਮਲ੍ਹਮ ਦਿੱਤੀ ਤੇ ਕਿਹਾ ਕਿ ਆਰਾਮ ਤਾਂ ਚੱਲਦੇ ਰਹਿਣ ਨਾਲ ਹੀ ਆਵੇਗਾ ਪਰ ਸੌਣ ਲੱਗਾ ਮੈਂ ਇਸ ਨੂੰ ਲਗਾ ਲਿਆ ਕਰਾਂ। ਚੱਲਦੇ ਰਹੇ ਤੇ ਚੱਲਦੇ ਰਹੋ! ਜ਼ਿੰਦਗੀ ਦਾ ਇਹੀ ਅਸੂਲ ਹੈ।
ਸ਼ਾਮ ਦੇ ਵਕਤ ਬੈਂਤ ਦੇ ਬੈਂਚ ਉੱਤੇ ਬੈਠ ਮੇਂ ਫਾਈਲ ਵਿਚ ਅੱਜ ਦਾ ਇੰਦਰਾਜ ਕਰਨ ਲੱਗ ਪਿਆ। ਮੇਰਾ ਕਿਹੜਾ ਪਾਤਰ ਕਿੱਥੋਂ ਆਇਆ ਹੈ, ਕੀ ਪਿਛੋਕੜ ਹੈ, ਕਿਸ
ਇਲਾਕੇ ਤੇ ਥਾਂ ਦਾ ਹੈ, ਇਸ ਦਾ ਕੋਈ ਵੀ ਪਤਾ ਨਹੀਂ। ਸਾਰੇ ਇਕੋ ਨਿਸ਼ਾਨੇ ਨੂੰ ਲੈ ਕੇ ਵੱਖ ਵੱਖ ਥਾਵਾਂ ਤੋਂ ਤੁਰੇ ਹਨ ਅਤੇ ਏਥੇ ਆਣ ਇਕੱਠੇ ਹੋਏ ਹਨ। ਉਹਨਾਂ ਦੀ ਮਿਸ਼ਨ ਦੀ ਸਾਂਝ ਨੇ ਉਹਨਾਂ ਨੂੰ ਇਕ ਦੂਸਰੇ ਦੇ ਨਜ਼ਦੀਕ ਲੈ ਆਂਦਾ ਸੀ। ਮੈਨੂੰ ਹੈਰਾਨੀ ਜ਼ਰੂਰ ਹੋਈ ਕਿ ਉਹ ਹਲਕੀਆਂ-ਫੁਲਕੀਆਂ ਗੱਲਾਂ ਤੋਂ ਗੁਰੇਜ਼ ਕਰਦੇ ਹਨ। ਕਿਸੇ ਨੂੰ ਗੈਰ-ਸੰਜੀਦਾ ਹੁੰਦੇ ਮੈਂ ਘੱਟ ਹੀ ਦੇਖਿਆ। ਕਿਸੇ ਇਕ-ਅੱਧੇ ਨੇ ਜੇ ਕਦੇ ਅਜਿਹੀ ਕੋਈ ਗੱਲ ਕਰ ਵੀ ਦਿੱਤੀ ਤਾਂ ਉਹ ਅੱਗੇ ਨਹੀਂ ਸੀ ਤੁਰਦੀ।
ਸਾਰੇ ਮਾਹੌਲ ਵਿਚ ਨਿਹਚਾ ਦਾ ਝਲਕਾਰਾ ਮਿਲਦਾ ਸੀ। ਨਿਹਚਾ, ਸੰਜੀਦਗੀ, ਜ਼ਾਬਤਾ, ਸੱਭੋ ਕੁਝ ਆਪਸ ਵਿਚ ਘੁਲ-ਮਿਲ ਗਿਆ ਦਿਖਾਈ ਦੇਂਦਾ ਸੀ।
"ਗੋਡੀ ਸਿੱਖ ਲਵੋ, ਕੰਮ ਆਵੇਗੀ," ਕੋਸਾ ਮੈਨੂੰ ਲਿਖਦੇ ਹੋਏ ਨੂੰ ਦੇਖ ਕੇ ਬੋਲਿਆ। ਉਸ ਦਾ ਸੁਝਾਅ ਤਾਂ ਚੰਗਾ ਸੀ ਪਰ ਮੈਨੂੰ ਲੱਗਾ ਕਿ ਇਹਦੇ ਲਈ ਮੇਰੇ ਕੋਲ ਵਕਤ ਨਹੀਂ ਹੋਵੇਗਾ। ਸੋਚਿਆ ਕਿ ਨਾਲ ਨਾਲ ਸ਼ਬਦਾਂ ਨੂੰ ਨੋਟ ਕਰਦਾ ਜਾਵਾਂਗਾ ਤੇ ਪੁੱਛਦਾ ਰਹਾਂਗਾ। ਪਰ ਸ਼ਬਦਾਂ ਦੀ ਜਾਣਕਾਰੀ ਹੀ ਕਿਸੇ ਬੋਲੀ ਦੇ ਬੋਲਣ ਵਾਸਤੇ ਕਾਫ਼ੀ ਨਹੀਂ ਹੁੰਦੀ। ਇਹਦੇ ਵਾਸਤੇ ਵਿਸ਼ੇਸ਼ ਤਰੱਦਦ ਚਾਹੀਦਾ ਹੈ। ਚੰਗਾ ਹੁੰਦਾ ਜੇ ਮੈਂ ਇਹ ਤਰੱਦਦ ਕਰ ਲਿਆ ਹੁੰਦਾ। ਮੇਰੇ ਵਾਸਤੇ ਗੋਂਡ ਲੋਕਾਂ ਨਾਲ ਰਾਬਿਤਾ ਸਥਾਪਤ ਕਰਨਾ ਆਸਾਨ ਹੋ ਜਾਂਦਾ ਅਤੇ ਨਾ ਹੀ ਕਿਸੇ ਦੁਭਾਸ਼ੀਏ ਦੀ ਜ਼ਰੂਰਤ ਪੈਂਦੀ। ਗੋਂਡ ਲੋਕ ਜਦ ਗੱਲ ਕਰਦੇ ਹਨ ਤਾਂ ਹੁੰਗਾਰਾ ਭਰਨ ਲਈ ਜਦ ਉਹ 'ਹੂੰ' ਦੀ ਆਵਾਜ਼ ਕੱਢਦੇ ਹਨ ਤਾਂ ਉਹ ਅਜੀਬ ਤਰ੍ਹਾਂ ਨਾਲ ਸਾਹ ਨੂੰ ਅੰਦਰ ਲਿਜਾ ਕੇ ਬਾਹਰ ਕੱਢਦੇ ਹਨ। ਪਹਿਲਾਂ ਪਹਿਲਾਂ ਮੈਨੂੰ ਸ਼ੱਕ ਹੋਇਆ ਜਿਵੇਂ ਹੁੰਗਾਰਾ ਭਰ ਰਹੇ ਵਿਅਕਤੀ ਨੂੰ ਕੋਈ ਸਾਹ ਦੀ ਬਿਮਾਰੀ ਹੈ। ਪਰ ਜਦ ਅਜਿਹਾ ਕਈਆਂ ਨੂੰ ਕਰਦੇ ਦੇਖਿਆ ਤਾਂ ਇਹ ਆਦਤ ਦਾ ਇਕ ਹਿੱਸਾ ਜਾਪਿਆ। ਜਦ ਉਹ ਕਿਸੇ ਦਾ ਨਾਮ ਵੀ ਲੈਂਦੇ ਹਨ ਤਾਂ ਇਸ ਨੂੰ ਲੰਬਾ ਕਰਕੇ ਬੋਲਦੇ ਹਨ। ਮਿਸਾਲ ਦੇ ਤੌਰ 'ਤੇ, ਕੋਸਾ ਜਦ ਆਪਣਾ ਨਾਮ ਕਿਸੇ ਨੂੰ ਦੱਸੇਗਾ ਤਾਂ ਇੰਜ ਬੋਲੇਗਾ: ਕੇ..ਅ..ਸਾ।
ਬਸਤਰ ਦੇ ਗੋਂਡ ਨਾਮ ਆਮ ਕਰਕੇ ਬਹੁਤ ਛੋਟੇ ਹਨ। ਜਿਵੇਂ ਕਿ ਆਦਮੀਆਂ ਦੇ ਕੇਸਾ, ਮੱੜ੍ਹਾ, ਕੰਨਾ, ਮਾਸਾ, ਲੱਚਾ, ਭੀਮਾ ਆਦਿ। ਔਰਤਾਂ ਦੇ ਨਾਮ ਵੀ ਇਸੇ ਤਰ੍ਹਾਂ ਦੇ ਹਨ ਜਿਵੇਂ ਕੋਸੇ, ਕੰਨੇ, ਮਾਸੇ, ਭੀਮੇ। ਓਥੋਂ ਦੇ ਕਬਾਇਲੀ ਨਾਵਾਂ ਸੰਬੰਧੀ ਵੀ ਥੋੜ੍ਹੇ ਨਾਲ ਹੀ ਗੁਜ਼ਰ ਕਰਦੇ ਹਨ।
ਖੇਮੇ ਵਿਚ ਮੇਰੇ ਚੌਵੀ ਘੰਟੇ ਰਹਿ ਗਏ ਹਨ। ਸ਼ਾਇਦ ਸਾਰਾ ਖੇਮਾ ਹੀ ਉਸ ਤੋਂ ਬਾਦ ਉੱਠ ਜਾਵੇਗਾ। ਉਹ ਆਪਣਾ ਮਾਲ-ਅਸਬਾਬ ਇਕੱਠਾ ਕਰਨਗੇ ਤੇ ਕਿਸੇ ਪਾਸੇ ਵੱਲ ਕੂਚ ਕਰ ਜਾਣਗੇ। ਖ਼ਾਨਾਬਦੋਸ਼ ਕਬੀਲਿਆਂ ਵਾਂਗ ਗੁਰੀਲਿਆਂ ਦਾ ਇਹ ਕਬੀਲਾ ਵੀ ਇਕ ਥਾਂ ਨਹੀਂ ਟਿਕਦਾ। ਇਸ ਨੂੰ ਉਹ ਆਪਣੀ ਭਾਸ਼ਾ ਵਿਚ "ਮੋਬਿਲਿਟੀ" ਕਹਿੰਦੇ ਹਨ, ਯਾਨਿ ਗਤੀਸ਼ੀਲ ਰਹਿਣਾ। ਰਮਤੇ ਜੋਗੀਆਂ ਵਾਂਗ ਇਕ ਤੋਂ ਦੂਸਰੀ ਥਾਂ, ਦੂਸਰੀ ਤੋਂ ਤੀਸਰੀ।
ਸ਼ਾਮ ਨੂੰ ਆਈ ਟੀਮ ਨੂੰ ਉਸੇ ਤਰ੍ਹਾਂ ਖ਼ੁਸ਼-ਆਮਦੀਦ ਕਹੀ ਗਈ ਜਿਵੇਂ ਸਾਡੇ ਆਉਣ ਉੱਤੇ ਕਹੀ ਗਈ ਸੀ। ਇਸੇ ਤਰ੍ਹਾਂ ਹੀ ਜਾਣ ਵਾਲਿਆਂ ਨੂੰ ਅਲਵਿਦਾ ਕਹੀ ਜਾਂਦੀ ਹੈ। ਸਾਰਾ ਖੇਮਾ ਇਕ ਥਾਂ ਇਕੱਠਾ ਹੁੰਦਾ ਹੈ ਅਤੇ ਜਾਣ ਵਾਲਿਆਂ ਨੂੰ ਹੱਥ ਮਿਲਾ ਕੇ ਅਤੇ ਸਲਾਮ ਕਹਿ ਕੇ ਤੋਰਦਾ ਹੈ। ਕੀ ਪਤਾ ਫਿਰ ਕੋਈ ਕਦੋਂ ਮਿਲੇ, ਮਿਲੇ
ਜਾਂ ਨਾ ਹੀ ਮਿਲੇ। ਇਹ ਉਸੇ ਤਰ੍ਹਾਂ ਹੈ ਜਿਵੇਂ ਲਾਮ 'ਤੇ ਜਾਣਾ ਹੋਵੇ। ਇਹ ਲਾਮ ਹੀ ਹੈ, ਲਗਾਤਾਰ ਦੀ ਲਾਮ। ਜਿਹੜੀ ਟੁਕੜੀ ਅਗਾਂਹ ਜਾਵੇਗੀ ਉਹ ਵਾਪਸ ਪਰਤੇਗੀ ਵੀ ਕਿ ਨਹੀਂ, ਇਸ ਦਾ ਕੋਈ ਭਰੋਸਾ ਨਹੀਂ। ਸੋ ਉਹ ਪੂਰੇ ਤਿਹੁ ਨਾਲ ਮਿਲਦੇ ਤੇ ਵਿੱਛੜਦੇ ਹਨ। ਖੁਸ਼ ਹੋ ਕੇ ਆਮਦੀਦ ਕਹਿੰਦੇ ਹਨ, ਖ਼ੁਸ਼ ਹੋ ਕੇ ਵਿਦਾ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਇੱਕ ਦੂਸਰੇ ਨੂੰ ਹੌਂਸਲਾ ਵੀ ਬਖ਼ਸ਼ਦੇ ਹਨ ਅਤੇ ਤਾਕਤ ਵੀ ਦੇਂਦੇ ਹਨ। ਅਜਿਹਾ ਕਰਨਾ ਉਹਨਾਂ ਦੇ ਅਕੀਦੇ ਨੂੰ ਹੋਰ ਵੀ ਪੱਕਾ ਕਰਦਾ ਹੈ। ਨਵੇਂ ਆਏ ਲੋਕਾਂ ਨੂੰ ਤੁਸੀਂ ਪਛਾਣਦੇ ਨਹੀਂ ਹੋ ਪਰ ਤੁਸੀਂ ਗਰਮਜੋਸ਼ੀ ਨਾਲ ਮਿਲਦੇ ਹੋ ਜਿਵੇਂ ਕਿ ਮੁੱਦਤਾਂ ਤੋਂ ਜਾਣਦੇ ਹੋਵੋ ਤੇ ਮੱਦਤਾਂ ਪਿੱਛੋਂ ਹੀ ਮਿਲ ਰਹੇ ਹੋਵੋ। ਮਿਲਣ ਤੇ ਵਿਦਾ ਹੋਣ ਦਾ ਇਹ ਤਰੀਕਾ ਉਹਨਾਂ ਦੀ ਜ਼ਿੰਦਗੀ ਦੇ ਤੌਰ ਦੀ ਦੇਣ ਹੈ, ਉਸ ਵਿਚੋਂ ਉਪਜੀ ਹੋਈ ਜ਼ਰੂਰਤ ਹੈ ਜਿਸ ਨੇ ਆਪਣਾ ਢੰਗ ਖ਼ੁਦ ਹੀ ਪੈਦਾ ਕਰ ਲਿਆ ਹੈ।
"ਲਓ, ਹੋ ਗਿਆ ਮਹਾਂ-ਭੋਜ !" ਰਾਤ ਨੂੰ ਜਦ ਥਾਲੀ ਵਿਚ ਸ਼ਿਕਾਰ ਦੇ ਮਾਸ ਨਾਲ ਚੌਲ ਮਿਲੇ ਤਾਂ ਕੋਸਾ ਬੋਲਿਆ।
ਨਾਲ ਦੇ ਕਿਸੇ ਪਿੰਡ ਤੋਂ ਕਬਾਇਲੀ ਲੋਕ ਜੰਗਲੀ ਸੁਰ ਦਾ ਸ਼ਿਕਾਰ ਕਰ ਲਿਆਏ ਸਨ। ਉਹ ਚਾਹੁੰਦੇ ਸਨ ਕਿ ਪਿੰਡ ਵੱਲੋਂ ਕੈਂਪ ਵਾਲਿਆਂ ਨੂੰ ਵਿਸ਼ੇਸ਼ ਦਾਅਵਤ ਦਿੱਤੀ ਜਾਵੇ। ਉਹਨਾਂ ਨੇ ਆਪ ਹੀ ਰਿੱਧਾ, ਪਕਾਇਆ ਤੇ ਪਰੋਸਿਆ।
ਅਰਬ ਵਿਚ ਊਠ, ਇਰਾਨ ਵਿਚ ਘੋੜੇ, ਬਰਾਜ਼ੀਲ ਵਿਚ ਕੀੜੇ ਮਕੌੜੇ, ਯੂਰਪ ਅਮਰੀਕਾ ਵਿਚ ਗਾਂ, ਅਤੇ ਚੀਨ ਵਿਚ ਹਰ ਉਹ ਜੀਵ ਜਿਸ ਦੀ ਪਿੱਠ ਅੰਬਰ ਵੱਲ ਹੈ, ਲੋਕਾਂ ਦਾ ਰਵਾਇਤੀ ਖਾਣਾ ਹਨ। ਆਦਮੀ ਤੋਂ ਬਿਨਾਂ ਹਰ ਕਿਸੇ ਦੀ ਪਿੱਠ ਆਸਮਾਨ ਵੱਲ ਹੈ। ਸੋ ਮਨੁੱਖ ਤੋਂ ਬਿਨਾ ਹਰ ਚੀਜ਼ ਹਲਾਲ ਹੈ। ਬਸਤਰ ਦੇ ਆਦਿਵਾਸੀਆਂ ਵਿਚ ਹਰ ਦੇਸ਼ ਦੇ ਲੋਕਾਂ ਦੀ ਵਿਸ਼ੇਸ਼ਤਾਈ ਮੌਜੂਦ ਹੈ। ਯਾਨਿ, ਜੋ ਕੁਝ ਵੀ ਮਿਲ ਗਿਆ, ਹਰ ਲਿਆ। ਬੇਸ਼ੱਕ, ਕਿਸੇ ਉੱਤੇ ਵੀ ਕੋਈ ਬੰਧੇਜ ਨਹੀਂ ਹੈ। ਕੋਈ ਕੁਝ ਖਾਵੇ, ਜਾਂ ਨਾ ਖਾਵੇ,ਉਸ ਦੀ ਇੱਛਾ। ਇਸ ਲਈ, ਜਿਸ ਦਿਨ ਮਾਸ ਰਿੱਧਾ ਜਾਂਦਾ ਹੈ ਉਸ ਦਿਨ ਕੋਈ ਨਾ ਕੋਈ ਦਾਲ ਜਾਂ ਸਬਜ਼ੀ ਜ਼ਰੂਰ ਬਣਾਈ ਜਾਂਦੀ ਹੈ।
ਅੱਜ ਖਾਣ ਪੀਣ ਉੱਤੇ ਕੋਈ ਚਰਚਾ ਨਹੀਂ ਚੱਲੀ।
ਗੁਰੀਲਾ ਲੰਗਰ ਅਜਿਹੀ ਥਾਂ ਹੈ ਜਿੱਥੇ ਸਾਰਾ ਗੁਰੀਲਾ ਕਬੀਲਾ ਦਿਨ 'ਚ ਤਿੰਨ ਵਾਰ ਇਕੱਠਾ ਹੁੰਦਾ ਹੈ। ਜੇ ਸ਼ਾਮ ਦੀ ਚਾਹ ਦਾ ਸਮਾਂ ਵੀ ਇਸ ਵਿਚ ਜੋੜ ਲਿਆ ਜਾਵੇ ਤਾਂ ਅਜਿਹਾ ਚਾਰ ਵਾਰ ਹੋ ਜਾਂਦਾ ਹੈ। ਪਰ ਸ਼ਾਮ ਦੀ ਚਾਹ ਦਾ ਵਕਤ ਲੰਬਾ ਸਮਾਂ ਚੱਲਦਾ ਹੈ, ਕੋਈ ਆ ਗਿਆ, ਕੋਈ ਚਲਾ ਗਿਆ। ਇਹ ਇਕੱਠ ਉਹਨਾਂ ਨੂੰ ਸਜੀਵ ਰਿਸ਼ਤੇ ਵਿਚ ਬੰਨ੍ਹਦੇ ਹਨ, ਉਹਨਾਂ ਦੀ ਸਾਂਝ ਨੂੰ ਮਜ਼ਬੂਤ ਕਰਦੇ ਹਨ। ਖੇਮੇ ਦਾ ਲੰਗਰ ਆਪਣੇ ਆਪ ਵਿਚ ਹੀ ਸੰਸਥਾ ਹੈ ਜਿਹੜੀ ਦੂਰੀ ਨੂੰ ਮੇਸਦੀ ਹੈ ਅਤੇ ਸਮੂਹਿਕਤਾ ਦਾ ਅਹਿਸਾਸ ਭਰਦੀ ਹੈ। ਗੁਰੀਲਿਆਂ ਦੀ ਇਹ ਸ਼ਾਨਦਾਰ ਵਿਵਸਥਾ ਕਿਸੇ ਪੁਰਾਣੇ ਯੁੱਗ ਦੀ ਰਹਿੰਦ-ਖੂੰਹਦ ਨਹੀਂ ਹੈ, ਅੱਜ ਦੀ ਜ਼ਰੂਰਤ ਹੈ, ਹਾਲ ਦਾ ਸਜਿੰਦ ਹਿੱਸਾ ਹੈ। ਕਿਸੇ ਤੋਂ ਕੁਝ ਛੁਪਿਆ ਹੋਇਆ ਨਹੀਂ, ਤਾਲੇ ਪਿਛੇ ਬੰਦ ਨਹੀਂ। ਹਰ ਚੀਜ਼ ਹਰ ਕਿਸੇ ਦੇ ਸਾਹਮਣੇ ਹੈ, ਹਰ ਕਿਸੇ ਦੇ ਵਾਸਤੇ ਹੈ। ਘਰਾਂ ਦੀਆਂ ਚਾਰ ਦੀਵਾਰੀਆਂ ਨਾਲ ਪੈਦਾ ਹੁੰਦੀਆਂ ਦੂਰੀਆਂ ਅਤੇ ਉਹਲੇ ਏਥੇ ਮੌਜੂਦ ਨਹੀਂ ਹਨ। ਇਹ ਆਉਣ ਵਾਲੇ ਸਮਾਜ ਦਾ ਨਿੱਕਾ ਜਿਹਾ ਪਰ ਮਹੱਤਵਪੂਰਣ ਝਲਕਾਰਾ ਹੈ। ਬਿਨਾਂ ਸ਼ੱਕ, ਏਥੇ ਵੀ ਇਕ ਤਫ਼ਰਕਾ
ਰੱਖਿਆ ਜਾਂਦਾ ਹੈ। ਕੁਝ ਵਾਸਤੇ ਰਿਆਇਤ ਵਰਤੀ ਜਾਂਦੀ ਹੈ ਜਦ ਕਿ ਦੂਸਰੇ ਇਸ ਤੋਂ ਵਾਂਝੇ ਰਹਿੰਦੇ ਹਨ। ਔਰਤ ਗੁਰੀਲਿਆਂ ਵਾਸਤੇ ਗੁੜ ਅਤੇ ਆਂਡਿਆਂ ਦਾ ਵਿਸ਼ੇਸ਼ ਪ੍ਰਬੰਧ ਹੈ ਭਾਵੇਂ ਕਿ ਅਜਿਹੀਆਂ ਕਈ ਹਨ ਜਿਹੜੀਆਂ ਆਂਡੇ ਨਹੀਂ ਖਾਂਦੀਆਂ। ਜੇ ਤੁਸੀਂ ਆਦਮੀ ਹੋ ਅਤੇ ਬਿਮਾਰ ਜਾਂ ਕਮਜ਼ੋਰ ਨਹੀਂ ਹੋ ਤਾਂ ਇਹ ਤੁਹਾਨੂੰ ਨਹੀਂ ਮਿਲਣਗੇ। ਔਰਤ ਗੁਰੀਲਿਆਂ ਨੂੰ ਇਕ ਵਿਸ਼ੇਸ਼ ਰਿਆਇਤ ਹੋਰ ਵੀ ਹੈ: ਮੂੰਗਫਲੀ ਦਾ ਕੋਟਾ। ਇਹਨਾਂ ਵਖਰੇਵਿਆਂ ਉੱਪਰ ਤੁਸੀਂ ਖ਼ਫ਼ਾ ਨਹੀਂ ਹੋ ਸਕਦੇ। ਇਹ ਤੁਹਾਨੂੰ ਨਾਜਾਇਜ਼ ਮਹਿਸੂਸ ਨਹੀਂ ਹੁੰਦੇ।
ਤੁਸੀਂ ਚਾਹੋਗੇ ਕਿ ਲੰਗਰ ਦੀ ਅਜਿਹੀ ਵਿਵਸਥਾ ਸਮੁੱਚੇ ਸਮਾਜ ਵਿਚ ਹੀ ਫੈਲ ਜਾਵੇ। ਕਿ ਤਰ੍ਹਾਂ ਤਰ੍ਹਾਂ ਦੇ ਲਜ਼ੀਜ਼ ਖਾਣੇ ਜਿਹੜੇ ਅਮੀਰ ਘਰਾਂ ਵਿਚ, ਆਲੀਸ਼ਾਨ ਹੋਟਲਾਂ ਵਿਚ ਅਤੇ ਹਾਕਮਾਂ ਦੀਆਂ ਮੇਜ਼ਾਂ ਉੱਤੇ ਪਰੋਸੇ ਜਾਂਦੇ ਹਨ ਉਹ ਹਰ ਕਿਸੇ ਦੀ ਪਹੁੰਚ ਵਿਚ ਆ ਜਾਣ। ਮਿਲੇ ਤਾਂ ਹਰ ਕਿਸੇ ਨੂੰ ਇੱਕੋ ਜਿਹੀ ਮਿਲੇ। ਗੱਲ ਇਹ ਸਿੱਧੀ ਜਿਹੀ ਹੈ ਪਰ ਵਾਪਰ ਇਹ ਓਥੇ ਹੀ ਸਕਦੀ ਹੈ ਜਿੱਥੇ ਇਹੋ ਜਿਹੇ ਲੋਕ ਹੋਣ। ਜਿੱਥੇ ਲੰਗਰ ਮਹਿਜ਼ ਰਸਮ ਨਾ ਹੋਵੇ, ਰੈਲਿਕ ਨਾ ਹੋਵੇ ਸਗੋਂ ਇਕ ਅੱਤ ਜ਼ਰੂਰੀ ਸਮਾਜਕ ਸੰਸਥਾ ਬਣ ਜਾਵੇ। ਇਹ ਸਿੱਧੀ ਜਿਹੀ ਗੱਲ ਮਹਾਨ ਕੋਸ਼ਿਸ਼ ਦੀ ਮੰਗ ਕਰਦੀ ਹੈ। ਇਹ ਖੇਮਾ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਦਾ ਹੀ ਹੈ। ਐਤੂ, ਪਵਨ, ਸ਼੍ਰੀ ਕਾਂਤ, ਕੋਸਾ, ਰੰਗੰਨਾ, ਬਾਸੂ, ਸਾਰੇ ਹੀ ਜੀਅ-ਜਾਨ ਨਾਲ ਇਸ ਵਿਚ ਲੱਗੇ ਹੋਏ ਹਨ।
………………………….
ਖੇਮੇ ਵਿਚ ਆਖ਼ਰੀ ਦਿਨ।
ਸਵੇਰੇ ਜਦ ਉੱਠਿਆ ਤਾਂ ਰੰਗੰਨਾ ਸਾਹਮਣੇ ਮਿਲਿਆ। ਕੋਸਾ ਤੜਕਸਾਰ ਹੀ ਸੈਂਟਰੀ ਪੋਸਟ ਉੱਤੇ ਜਾ ਚੁੱਕਾ ਸੀ।
ਰੋਲ ਕਾਲ ਤੋਂ ਪਿੱਛੋਂ ਪੰਜ ਨਾਮ ਬੋਲੇ ਗਏ ਜਿਹਨਾਂ ਨੇ ਮੇਰੇ ਨਾਲ ਰਵਾਨਾ ਹੋਣਾ ਸੀ। ਸੋ ਛੇ ਜਣੇ ਅੱਜ ਓਥੋਂ ਵਿਦਾ ਹੋ ਜਾਣੇ ਸਨ। ਅਜੇ ਹਾਜ਼ਰੀ ਖ਼ਤਮ ਹੀ ਹੋਈ ਸੀ ਕਿ ਪੰਡਾਂ ਚੁੱਕੀ ਚਾਰ ਜਣੇ ਓਥੇ ਪਹੁੰਚ ਗਏ। ਸਰਦੀਆਂ ਵਾਸਤੇ ਗਰਮ ਕੱਪੜੇ ਅਤੇ ਹੋਰ ਸਾਮਾਨ ਆ ਗਿਆ ਸੀ। ਹਰ ਕਿਸੇ ਨੂੰ ਕਹਿ ਦਿੱਤਾ ਗਿਆ ਕਿ ਉਹ ਆਪਣੀ ਆਪਣੀ ਜ਼ਰੂਰਤ ਪੂਰੀ ਕਰ ਲਵੇ।
"ਠੰਡ ਵਧ ਜਾਵੇਗੀ। ਮੰਕੀ ਕੈਪ ਲੈ ਲਵੋ।" ਸ਼੍ਰੀ ਕਾਂਤ ਨੇ ਮੈਨੂੰ ਠੰਡ ਦਾ ਪ੍ਰਬੰਧ ਕਰ ਲੈਣ ਲਈ ਫੇਰ ਕਿਹਾ।
"ਮੇਰੇ ਸਿਰ ਨੂੰ ਠੰਡ ਨਹੀਂ ਲਗਦੀ।" ਮੇਰੇ ਏਨਾ ਕਹਿਣ ਉੱਤੇ ਉਹ ਮੁਸਕਰਾ ਪਿਆ।
"ਇਸ ਦਾ ਮਤਲਬ ਤੁਹਾਨੂੰ ਠੰਡ ਲਗਦੀ ਹੀ ਨਹੀਂ ਕਿਉਂਕਿ ਸਭ ਨੂੰ ਇਹ ਸਿਰ ਤੋਂ ਲਗਦੀ ਹੈ।" ਪਵਨ ਮੈਨੂੰ ਸੰਬੋਧਨ ਹੋਇਆ।
"ਲਗਦੀ ਹੈ, ਪਰ ਪੈਰਾਂ ਤੋਂ।"
"ਇਸ ਤਰ੍ਹਾਂ ਵੀ ਹੁੰਦਾ ਹੈ,” ਉਸ ਨੇ ਹਾਂ ਵਿਚ ਸਿਰ ਹਿਲਾਉਂਦਿਆਂ ਕਿਹਾ। ਨਾਸ਼ਤੇ ਤੋਂ ਬਾਅਦ ਸ਼੍ਰੀ ਕਾਂਤ ਮੇਰੇ ਤੰਬੂ ਵੱਲ ਆ ਗਿਆ। ਅਸੀਂ ਪਹਿਲਾਂ ਵਾਲੇ ਹੀ ਬੈਂਚ ਉੱਤੇ ਬੈਠ ਗਏ।
"ਸ਼ੁਰੂ ਕਰੀਏ?” ਮੈਂ ਸ਼੍ਰੀ ਕਾਂਤ ਨੂੰ ਪੁੱਛਿਆ।
“ ਹਾਂ।“
“ਸ਼ਹਿਰਾਂ/ਕਸਬਿਆਂ ਵਿਚ ਜਨ ਸੰਗਠਨ ਕਿਵੇਂ ਚੱਲਦੇ ਹਨ?"
"ਸ਼ਹਿਰਾਂ ਵਿਚ ਪੁਲਿਸ ਦਾ ਜਬਰ ਬਹੁਤ ਜ਼ਿਆਦਾ ਹੈ । ਸੰਗਠਨਾਂ ਨੂੰ ਖੜ੍ਹਾ ਰੱਖਣਾ ਹੀ ਬਹੁਤ ਮੁਸ਼ਕਲ ਹੈ। ਅਸੀਂ ਜਥੇਬੰਦੀ ਬਣਾਉਂਦੇ ਹਾਂ, ਪੁਲਿਸ ਤੋੜ ਦੇਂਦੀ ਹੈ। ਏਥੋਂ ਤੱਕ ਕਿ ਜਮਹੂਰੀ ਹੱਕਾਂ ਦੀ ਲਹਿਰ ਚਲਾਉਣ ਵਾਲਿਆਂ ਨੂੰ ਵੀ ਕੰਮ ਨਹੀਂ ਕਰਨ ਦੇਂਦੀ।"
"ਪਰ ਸੰਗਠਨਾਂ ਬਿਨਾਂ ਪਰਚਾਰ ਤੇ ਹੋਰ ਸਰਗਰਮੀਆਂ ਕਿਵੇਂ ਹੋਣਗੀਆਂ?"
"ਕੋਸ਼ਿਸ਼ ਕਰਦੇ ਰਹਾਂਗੇ। ਤਰ੍ਹਾਂ ਤਰ੍ਹਾਂ ਦੇ ਸੰਗਠਨ ਬਣਾਵਾਂਗੇ। ਪਰ ਇਕ ਵਾਰ ਜਿਹੜਾ ਕਾਰਕੁੰਨ ਨਜ਼ਰ ਵਿਚ ਆ ਜਾਂਦਾ ਹੈ ਉਹ ਭਾਵੇਂ ਕੁਝ ਵੀ ਕਰੇ ਪੁਲਿਸ ਉਸ ਉੱਤੇ ਨਜ਼ਰ ਰੱਖਦੀ ਹੈ। ਜਦ ਜੀ ਚਾਹੇ ਫੜ੍ਹ ਲੈਂਦੀ ਹੈ ਜਾਂ ਏਥੋਂ ਤੱਕ ਕਿ ਮਾਰ ਵੀ ਦੇਂਦੀ ਹੈ। ਸਾਡੇ ਕੋਲ ਕਾਰਕੁੰਨਾਂ ਦੀ ਵੀ ਬਹੁਤ ਘਾਟ ਹੈ। ਸ਼ਹਿਰਾਂ ਵਿਚ ਲਹਿਰ ਨੂੰ ਅਸਰਅੰਦਾਜ਼ ਕਰਨ ਦੇ ਹੋਰ ਸਾਧਨਾਂ ਦੇ ਨਾਲ ਨਾਲ ਸਭ ਤੋਂ ਜ਼ਰੂਰੀ ਚੀਜ਼ ਪੇਂਡੂ ਇਲਾਕੇ ਵਿਚ ਗੁਰੀਲਾ ਜੰਗ ਦਾ ਵਿਕਸਤ ਹੋਣਾ ਹੈ। ਜਿੰਨਾ ਹੀ ਅਸੀਂ ਇਸ ਨੂੰ ਫੈਲਾਉਣ ਅਤੇ ਮਜ਼ਬੂਤ ਕਰਨ ਵਿਚ ਕਾਮਯਾਬ ਹੋਵਾਂਗੇ ਓਨਾ ਹੀ ਸ਼ਹਿਰਾਂ ਵਿਚਲਾ ਆਧਾਰ ਵਧੇਗਾ। ਇਨਕਲਾਬੀ ਤਾਕਤਾਂ ਨੂੰ ਸ਼ਹਿਰਾਂ ਵਿਚ ਲੰਬਾ ਸਮਾਂ ਗੁਪਤ ਰੂਪ ਵਿਚ ਕੰਮ ਕਰਨਾ ਪਵੇਗਾ ਅਤੇ ਕਾਰਕੁੰਨਾਂ ਨੂੰ ਨਸ਼ਰ ਹੋਣ ਤੋਂ ਬਚਾਉਣਾ ਪਵੇਗਾ।" ਸ਼੍ਰੀ ਕਾਂਤ ਨੇ ਸ਼ਹਿਰੀ ਕੰਮ ਸੰਬੰਧੀ ਕਿਹਾ।
"ਪਰ ਇਕ ਹਿੱਸਾ ਤਾਂ ਹਮੇਸ਼ਾਂ ਹੀ ਨਸ਼ਰ ਹੋਇਆ ਕਰਦਾ ਹੈ। ਉਸ ਨੂੰ ਫੜ੍ਹਨ ਜਾਂ ਮਾਰਨ ਦੀ ਹਕੂਮਤ ਨੂੰ ਸਿਆਸੀ ਕੀਮਤ ਚੁਕਾਉਣ ਵਾਸਤੇ ਮਜਬੂਰ ਕਰਨਾ ਕੀ ਜ਼ਰੂਰੀ ਨਹੀਂ ਹੈ?"
"ਇਹ ਜ਼ਰੂਰੀ ਹੈ। ਅਸੀਂ ਇਸ ਦੀ ਕੋਸ਼ਿਸ਼ ਵੀ ਕਰਦੇ ਹਾਂ। ਸਾਡੇ ਸੰਗਠਨ ਅਨੇਕਾਂ ਮੁਜ਼ਾਹਰੇ ਕਰਦੇ ਹਨ ਪਰ ਫਿਰ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਵਿਆਪਕ ਪੱਧਰ ਉੱਤੇ ਪਰਚਾਰ ਜਥੇਬੰਦ ਕਰਨ ਦੀ ਜ਼ਰੂਰਤ ਹੈ। ਸਾਨੂੰ ਇਹਦੇ ਵਾਸਤੇ ਖੁੱਲ੍ਹੇ ਤੇ ਗੁਪਤ ਦੋਨੋਂ ਤਰ੍ਹਾਂ ਦੇ ਇਨਕਲਾਬੀ ਪਰਚਿਆਂ ਦੀ ਜ਼ਰੂਰਤ ਹੈ। ਪਾਬੰਦੀ ਦੀ ਸਥਿੱਤੀ ਨੇ ਸਾਡੇ ਵਾਸਤੇ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਸੀਂ ਇਸ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਸਿਆਸੀ ਕੀਮਤ ਵਸੂਲਣ ਵਾਸਤੇ ਵਿਆਪਕ ਜਨਤਕ ਲਾਮਬੰਦੀ ਜ਼ਰੂਰੀ ਹੈ ਅਤੇ ਲਾਮਬੰਦੀ ਵਾਸਤੇ ਜਨ-ਸੰਗਠਨ। ਇਹ ਸੰਗਠਨ ਹੀ ਸ਼ਹਿਰਾਂ ਵਿਚ ਸਾਡੇ ਕੰਮ ਦੀ ਰੀੜ੍ਹ ਹੋਣਗੇ। ਮਜ਼ਦੂਰ ਜਮਾਤ ਦੀ ਸ਼ਹਿਰਾਂ ਵਿਚਲੀ ਲਹਿਰ ਅਤੇ ਗੁਰੀਲਾ ਜੰਗ ਦਰਮਿਆਨ ਇਕ ਗੂੜਾ ਰਿਸ਼ਤਾ ਸਥਾਪਤ ਕਰਨਾ ਸਾਡੀ ਜ਼ਰੂਰਤ ਹੈ ਜਿਸ ਵਿਚ ਗੁਰੀਲਾ ਜੰਗ ਕੇਂਦਰੀ ਭੂਮਿਕਾ ਨਿਭਾਵੇਗੀ।
" ਸ਼੍ਰੀ ਕਾਂਤ ਛੋਟੇ ਛੋਟੇ ਵਾਕਾਂ ਵਿਚ ਆਪਣੀ ਗੱਲ ਕਰਦਾ ਹੈ। ਸ੍ਰੀ ਕਾਂਤ ਨੂੰ ਪੱਕਾ ਯਕੀਨ ਹੈ ਕਿ ਲੋਕਾਂ ਕੋਲ ਉਹਨਾਂ ਦੀ ਆਪਣੀ ਸੈਨਾ ਤੋਂ ਬਿਨਾਂ ਕੁਝ ਨਹੀਂ ਹੁੰਦਾ। ਇਸ ਤੋਂ ਬਿਨਾਂ ਹੋਰ ਚੀਜ਼ਾਂ ਨੂੰ ਹਾਸਲ ਕਰ ਪਾਉਣਾ ਅਸੰਭਵ ਹੈ। ਰਾਜਸੀ ਤਾਕਤ ਜਨਤਾ ਦੀ ਹਥਿਆਰਬੰਦ ਤਾਕਤ ਤੋਂ ਬਿਨਾਂ ਹੱਥ ਵਿਚ ਨਹੀਂ ਲਈ ਜਾ ਸਕਦੀ। ਜਿੱਥੇ ਜਨਤਾ ਕੋਲ ਆਪਣੀ ਤਾਕਤ ਨਹੀਂ ਹੈ ਓਥੇ ਉਸ ਕੋਲ ਮਜਬੂਰੀ ਤੇ ਲਾਚਾਰਗੀ ਬਿਨਾਂ ਕੁਝ ਨਹੀਂ ਹੈ। ਜੰਗਲ ਇਸ ਦੀ ਸਪੱਸ਼ਟ ਉਦਾਹਰਣ ਹੈ ਜਿੱਥੇ ਜਨਤਾ ਭਾਵੇਂ ਗਰੀਬ ਹੈ ਪਰ ਉਹ ਜਬਰ ਤੋਂ ਮੁਕਤ ਹੈ। ਇਹ ਜਨਤਾ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ।
ਸ਼੍ਰੀ ਕਾਂਤ ਜਜ਼ਬਾਤੀ ਬਿਲਕੁਲ ਨਹੀਂ ਹੈ। ਉਹ ਵਿਸ਼ਵਾਸ ਨਾਲ ਭਰਿਆ ਹੋਇਆ ਦਿਸਦਾ ਹੈ। ਉਸ ਨੂੰ ਯਕੀਨ ਹੈ ਕਿ ਉਹ ਜੋ ਕੁਝ ਚਾਹੁੰਦੇ ਹਨ ਉਸ ਨੂੰ ਕਰ ਲੈਣਗੇ। ਉਸ ਦੇ ਚਿਹਰੇ ਤੋਂ ਸਿਰੜ ਝਲਕਦਾ ਹੈ। ਉਸ ਨੂੰ ਕੋਈ ਵੀ ਗੱਲ ਕਹੋ ਉਹ ਧਿਆਨ ਨਾਲ ਸੁਣੇਗਾ। ਕੋਈ ਵੀ ਸੁਝਾਅ ਦਿਓ ਉਸ ਉੱਤੇ ਗ਼ੌਰ ਕਰੇਗਾ ਅਤੇ ਉਸ ਦੀ ਵਿਵਹਾਰਿਕਤਾ ਜਾਨਣ ਦੀ ਕੋਸ਼ਿਸ਼ ਕਰੇਗਾ।
ਸ਼੍ਰੀ ਕਾਂਤ ਕਹਿੰਦਾ ਹੈ ਕਿ ਹਥਿਆਰਬੰਦ ਜੱਦੋਜਹਿਦ ਦੇ ਨਾਲ ਲਗਵੇਂ ਇਲਾਕੇ ਉੱਪਰ ਉਹਨਾਂ ਦਾ ਜ਼ੋਰਦਾਰ ਪ੍ਰਭਾਵ ਹੈ। ਹਾਲਾਤ ਅਣਸੁਖਾਵੇਂ ਹੋਣ ਦੇ ਬਾਵਜੂਦ ਵੀ ਜ਼ਮੀਨ ਜ਼ਰਖ਼ੇਜ਼ ਹੈ ਅਤੇ ਜਨਤਾ ਲਾਜ਼ਮੀ ਹੀ ਉਹਨਾਂ ਦਾ ਸਾਥ ਦੇਵੇਗੀ।
ਸਾਡੀ ਗੱਲਬਾਤ ਜਲਦੀ ਖ਼ਤਮ ਹੋ ਗਈ। ਅਸੀਂ ਘੁੱਟ ਕੇ ਹੱਥ ਮਿਲਾਏ, ਫਿਰ ਕਦੇ ਮਿਲਣ ਦੀ ਕਾਮਨਾ ਕੀਤੀ ਅਤੇ ਅਲੱਗ ਹੋ ਗਏ।
ਸ੍ਰੀ ਕਾਂਤ ਅਤੇ ਉਸ ਵਰਗਿਆਂ ਦੀ ਦੁਨੀਆਂ ਵੱਖਰੀ ਹੀ ਦੁਨੀਆਂ ਹੈ। ਛੋਟੀ ਜਿਹੀ ਦੁਨੀਆਂ ਜਿਹੜੀ ਉਹਨਾਂ ਨੇ ਖ਼ੁਦ ਹੀ ਸਿਰਜੀ ਹੈ। ਉਹ ਸਭ ਪਾਸੇ ਫੈਲ ਜਾਣਾ ਲੋਚਦੇ ਹਨ। ਮੈਂ ਕਈ ਵਾਰ ਸੋਚਿਆ ਕਿ ਥੋੜ੍ਹੀ ਜਿਹੀ ਤਾਕਤ ਨਾਲ ਉਹ ਚਾਰੇ ਪਾਸੇ ਕਿਵੇਂ ਛਾਅ ਸਕਦੇ ਹਨ! ਛੋਟੀ ਜਿਹੀ ਤਾਕਤ ਲੱਖਾਂ ਕਰੋੜਾਂ ਉੱਤੇ ਕਿਵੇਂ ਫ਼ੈਲ ਸਕਦੀ ਹੈ! ਪਰ ਉਹਨਾਂ ਨੂੰ ਯਕੀਨ ਹੈ ਕਿ ਇਸੇ ਤਰ੍ਹਾਂ ਹੀ ਹੋਵੇਗਾ। ਇਤਹਾਸ ਇਸੇ ਤਰ੍ਹਾਂ ਹੀ ਅਗਾਂਹ ਵਧੇਗਾ। ਉਹ ਖ਼ੁਦ ਨੂੰ ਨਵੇਂ ਭਵਿੱਖ ਦਾ ਬੀਜ ਖਿਆਲ ਕਰਦੇ ਹਨ ਜਿਹੜਾ ਫੁੱਟ ਰਿਹਾ ਹੈ ਅਤੇ ਜਿਸਨੇ ਕੱਲ੍ਹ ਨੂੰ ਵੱਡਾ ਹੋ ਕੇ ਵਿਸ਼ਾਲ ਰੁੱਖ ਬਨਣਾ ਹੈ। ਇਹ ਲੋਹੜੇ ਦਾ ਆਤਮ-ਵਿਸ਼ਵਾਸ ਹੈ। ਆਤਮ-ਵਿਸ਼ਵਾਸ ਦੀ ਇੰਤਹਾ ਹੈ। ਆਤਮ-ਵਿਸ਼ਵਾਸ ਜਿਹੜਾ ਕਿਸੇ ਵੀ ਮੁਸ਼ਕਲ ਨੂੰ ਸਰ ਕਰਨ ਲਈ ਤੱਤਪਰ ਦਿਖਾਈ ਦੇਂਦਾ ਹੈ। ਉਹਨਾਂ ਕੋਲ ਇਤਹਾਸ ਦੀਆਂ ਅਨੇਕਾਂ ਉਦਾਹਰਣਾਂ ਹਨ ਜਿਹਨਾਂ ਵਿਚ ਇਸੇ ਤਰ੍ਹਾਂ ਵਾਪਰਿਆ ਸੀ। ਉਹ ਉਹਨਾਂ ਵਿਚ ਹੀ ਇਕ ਹੋਰ ਉਦਾਹਰਣ ਜੋੜ ਦੇਣ ਦਾ ਤਹੱਈਆ ਕਰੀ ਬੈਠੇ ਹਨ। ਉਹ ਕਹਿੰਦੇ ਹਨ ਸਾਡਾ ਮਕਸਦ ਸਰਵ-ਉੱਚ ਹੈ, ਮਨੁੱਖਤਾਵਾਦੀ ਹੈ, ਮਨੁੱਖੀ ਆਸ਼ਿਆਂ ਦੇ ਮੁਤਾਬਕ ਹੈ। ਮਕਸਦ ਦੀ ਪਵਿੱਤਰਤਾ ਅਤੇ ਅਟੱਲਤਾ ਨੇ ਉਹਨਾਂ ਨੂੰ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਹਿੰਮਤ ਦਿੱਤੀ ਹੈ। ਉਹ ਮੌਤ ਦੀ ਪਰਵਾਹ ਨਹੀਂ ਕਰਦੇ। ਇਸੇ ਲਈ ਜ਼ਿੰਦਗੀ ਨੂੰ ਮਾਣ ਰਹੇ ਹਨ। ਅਜੀਬ ਹੈ ਇਹ ਮਾਨਣਾ ਵੀ। ਨਾ ਖਾਣ ਨੂੰ ਚੰਗਾ, ਨਾ ਬਿਮਾਰੀਆਂ ਤੋਂ ਬਚਾਅ, ਨਾ ਸੁੱਖ, ਨਾ ਸਹੂਲਤ। ਖ਼ਾਨਾਬਦੋਸ਼ੀ ਅਲੱਗ। ਅੱਜ ਚੁੱਲ੍ਹਾ ਏਥੇ, ਕੱਲ ਓਥੇ ਅਤੇ ਪਰਸੋਂ ਨੂੰ ਪਤਾ ਨਹੀਂ ਫ਼ਾਕਾ ਹੀ ਕੱਟਣਾ ਪਵੇ। ਇਹੋ ਜਿਹੇ ਨੇ ਇਹ ਆਦਮੀ, ਇਹੋ ਜਿਹੇ ਨੇ ਉਹਨਾਂ ਦੇ ਅਕੀਦੇ, ਅਤੇ ਇਹੋ ਜਿਹੀ ਹੈ ਉਹਨਾਂ ਦੀ ਜ਼ਿੰਦਗੀ। ਆਉਣ ਵਾਲੇ ਦਿਨਾਂ ਵਿਚ ਮੈਂ ਦੇਖਾਂਗਾ ਕਿ ਉਹ ਜੰਗਲ ਵਿਚ ਕਿਵੇਂ ਵਿੱਚਰਦੇ ਹਨ, ਕੀ ਕੀ ਕਰਦੇ ਹਨ।
ਸ਼ਾਮ ਨੂੰ ਸਾਢੇ ਪੰਜ ਵਜੇ ਸੀਟੀ ਦੀ ਆਵਾਜ਼ ਆਈ ਤਾਂ ਸਾਰਾ ਖੇਮਾ ਇਕ ਥਾਂ ਲਾਈਨਾਂ ਵਿਚ ਖੜ੍ਹਾ ਹੋ ਗਿਆ। ਜਾਣ ਵਾਲਿਆਂ ਛੇਆਂ ਦੀ ਲਾਈਨ ਅਲੱਗ ਸੀ। ਅਸੀਂ ਹਰ ਕਿਸੇ ਕੋਲ ਪਹੁੰਚੇ, ਹੱਥ ਮਿਲਾਏ, ਸਲਾਮ ਕਹੀ ਅਤੇ ਇਕ ਪਗਡੰਡੀ ਪੈ ਕੇ ਖ਼ਾਮੇ ਤੋਂ ਬਾਹਰ ਨਿਕਲ ਆਏ।
ਜੰਗਲ ਉਦਾਸੀ
ਅਸੀਂ ਕੋਈ ਡੇਢ ਘੰਟਾ ਚੱਲਦੇ ਰਹੇ। ਡੂੰਘਾ ਹਨੇਰਾ ਪੱਸਰ ਗਿਆ ਸੀ ਅਤੇ ਖੇਮਾ ਬਹੁਤ ਦੂਰ, ਪਿੱਛੇ ਕਿਤੇ ਰਹਿ ਗਿਆ ਸੀ।
ਚਾਰ-ਚੁਫੇਰੇ ਜੰਗਲ ਹੀ ਜੰਗਲ ਹੈ। ਹਰ ਪਾਸੇ ਸੱਨਾਟਾ ਹੈ। ਸਾਡੇ ਹੀ ਕਦਮਾਂ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜ਼ ਕਿਸੇ ਪਾਸੇ ਨਹੀਂ ਸੁਣੀਂਦੀ। ਅੱਗੜ-ਪਿੱਛੜ ਚੱਲਦੇ ਹੋਏ ਤੁਸੀਂ ਗੱਲਾਂ ਨਹੀਂ ਕਰ ਸਕਦੇ। ਕੁਝ ਵੀ ਕਹਿਣ ਵਾਸਤੇ ਤੁਹਾਨੂੰ ਰੁਕਣਾ ਪਵੇਗਾ, ਜਾਂ ਉੱਚੀ ਆਵਾਜ਼ ਵਿਚ ਬੋਲਣਾ ਪਵੇਗਾ। ਬੋਲਣ ਦੀ ਮਨਾਹੀ ਕੋਈ ਨਹੀਂ ਹੈ, ਪਰ ਤੁਸੀਂ ਇਸ ਤੋਂ ਗੁਰੇਜ਼ ਕਰਦੇ ਹੋ। ਜੰਗਲ ਵਿਚ ਆਵਾਜ਼ ਦੂਰ ਤੱਕ ਸੁਣਾਈ ਦੇਂਦੀ ਹੈ, ਜੇ ਤੁਸੀਂ ਉੱਚੀ ਗੱਲ ਕਰੋਗੇ ਤਾਂ ਇਹ ਹੋਰ ਵੀ ਦੂਰ ਜਾਵੇਗੀ। ਨਾ ਸਿਰਫ਼ ਤੁਹਾਡੀ ਹੀ ਆਵਾਜ਼ ਨੂੰ ਕੋਈ ਸੁਣ ਸਕਦਾ ਹੈ ਸਗੋਂ ਤੁਹਾਡੇ ਆਪਣੇ ਹੀ ਕੰਨ ਹੋਰਨਾਂ ਆਵਾਜ਼ਾਂ ਨੂੰ : ਸੁਨਣ ਦੇ ਅਸਮਰੱਥ ਹੋ ਜਾਣਗੇ। ਤੁਸੀਂ ਅਵੇਸਲੇ ਹੋ ਜਾਵੋਗੇ, ਚੌਕਸੀ ਮੱਧਮ ਪੈ ਜਾਵੇਗੀ। ਲਗਦੀ ਵਾਹ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਤੁਹਾਡੇ ਪੈਰਾਂ ਦੀ ਆਵਾਜ਼ ਵੀ ਘੱਟ ਤੋਂ ਘੱਟ ਹੋਵੇ।
ਸਾਡੀ ਛੇਆਂ ਦੀ ਟੁਕੜੀ ਦੀ ਕਮਾਂਡ ਇਕ ਕੁੜੀ ਦੇ ਹੱਥ ਵਿਚ ਹੈ। ਉਹ ਵੀ ਕਤਾਰ ਦੇ ਵਿਚ ਹੀ ਇਕ ਥਾਵੇਂ ਚੱਲ ਰਹੀ ਹੈ। ਏਥੇ ਹਰ ਕਿਸੇ ਨੇ ਲੀਹ ਵਿਚ ਹੀ ਚੱਲਣਾ ਹੈ। ਆਪਣੇ ਪੈਰ ਉਸੇ ਸੇਧ ਵਿਚ ਰੱਖਣੇ ਹਨ ਜਿਸ ਸੇਧ ਵਿਚ ਤੁਹਾਡੇ ਤੋਂ ਅਗਲੇ ਦੇ ਜਾਂਦੇ ਹਨ। ਅਜਿਹਾ ਨਹੀਂ ਕਰੋਗੇ ਤਾਂ ਘੁੱਪ ਹਨੇਰੇ ਵਿਚ ਤੁਸੀਂ ਕਿਸੇ ਵੀ ਸ਼ੈਅ ਨਾਲ ਟਕਰਾਅ ਸਕਦੇ ਹੋ। ਸੋ ਪੈੜਾਂ ਦੇ ਮਗਰ ਮਗਰ ਚੱਲੋ। ਹਨੇਰੇ ਵਿਚ ਇਸੇ ਤਰਾਂ ਹੀ ਕੀਤਾ ਜਾਂਦਾ ਹੈ। ਪਗਡੰਡੀ ਸੱਪ ਵਾਂਗ ਵਲ ਖਾਂਦੀ ਹੈ। ਹੇਠਾਂ ਤਰ੍ਹਾਂ ਤਰ੍ਹਾਂ ਦੇ ਪੌਦੇ, ਪੱਥਰ, ਮੁੱਢ ਤੇ ਹੋਰ ਰੁਕਾਵਟਾਂ ਹਨ, ਉੱਪਰ ਦਰੱਖ਼ਤਾਂ ਦੇ ਟਾਹਣ ਅਤੇ ਪਾਸਿਆਂ ਉੱਤੇ ਝਾੜ-ਝਖਾੜ। ਪੈੜ ਅਨੁਸਾਰ ਤੁਰਨਾ ਤੁਹਾਨੂੰ ਹਰ ਪਾਸੇ ਤੋਂ ਬਚਾਉਂਦਾ ਹੈ। ਇਹ ਰਸਤਾ ਸਭ ਤੋਂ ਮੂਹਰਲੇ ਸਕਾਉਟ ਨੇ ਬਣਾਇਆ ਹੈ ਅਤੇ ਇਹੀ ਸਭ ਤੋਂ ਚੰਗਾ ਹੈ। ਸਕਾਊਟ ਕਈ ਵਾਰ ਰੁਕਦਾ ਹੈ ਅਤੇ ਸਹੀ ਰਸਤੇ ਦੀ ਤਲਾਸ਼ ਕਰਦਾ ਹੈ। ਬਹੁਤ ਵਾਰ ਉਹ ਪਗਡੰਡੀਆਂ ਨੂੰ ਕੱਟਦਾ ਜਾਂਦਾ ਹੈ ਅਤੇ ਸੱਜਰੀ ਜ਼ਮੀਨ ਉਤੋਂ ਦੀ ਰਸਤਾ ਬਣਾਉਂਦਾ ਜਾਂਦਾ ਹੈ। ਅਜਿਹੀ ਸਥਿੱਤੀ ਵਿਚ ਜ਼ਬਤ ਹੋਰ ਵੀ ਜ਼ਰੂਰੀ ਹੈ।
ਡੇਢ ਘੰਟੇ ਬਾਦ ਅਸੀਂ ਰੁਕ ਜਾਂਦੇ ਹਾਂ। ਕਮਾਂਡਰ ਕਹਿੰਦੀ ਹੈ ਕਿ ਥੋੜ੍ਹਾ ਆਰਾਮ ਕਰ ਲਵੋ। ਇਕ ਘੰਟੇ ਦਾ ਪੰਧ ਹੋਰ ਤੈਅ ਹੋਵੇਗਾ ਤਾਂ ਰਾਤ ਦੇ ਡੇਰੇ ਵਾਸਤੇ ਟਿਕਾਣਾ ਢੂੰਡਿਆ ਜਾਵੇਗਾ। ਇਹੀ ਹੁੰਦਾ ਹੈ। ਅਸੀਂ ਹੋਰ ਇਕ ਘੰਟਾ ਚੱਲਦੇ ਹਾਂ ਅਤੇ ਡੇਰਾ ਪਾਉਣ ਵਾਸਤੇ ਜਗ੍ਹਾ ਦੇਖਦੇ ਹਾਂ। ਅਸੀਂ ਸੰਘਣੇ ਜੰਗਲ ਦਾ ਰੁਖ਼ ਕਰਦੇ ਹਾਂ। ਏਥੇ ਨੇੜੇ ਤੇੜੇ ਕੋਈ ਪਿੰਡ ਨਹੀਂ ਹੈ। ਅਸੀਂ ਬੀਆਬਾਨ ਵਿਚ ਹਾਂ। ਸੈਂਟਰੀ ਪੋਸਟ ਵਾਸਤੇ ਥਾਂ ਚੁਣੀ ਜਾਂਦੀ ਹੈ। ਕਵਰ ਦੇਖੇ ਜਾਂਦੇ ਹਨ। ਵੱਖ ਵੱਖ ਜਣਿਆਂ ਦੇ ਟਿਕਣ ਵਾਸਤੇ
ਇਕ ਤਰਤੀਬ ਬਣਾਈ ਜਾਂਦੀ ਹੈ। ਫਿਰ ਅਸੀਂ ਕਿੱਟਾਂ ਉਤਾਰ ਲੈਂਦੇ ਹਾਂ ਅਤੇ ਝਿੱਲੀਆਂ ਵਿਛਾ ਲੈਂਦੇ ਹਾਂ। ਕਮਾਂਡਰ ਇਕ ਜਣੇ ਨੂੰ ਕਹਿੰਦੀ ਹੈ ਕਿ ਰੋਟੀ ਵਰਤਾਅ ਦੇਵੇ। ਪੂੜੀ ਹੈ ਅਤੇ ਸੁੱਕੀ ਸਬਜ਼ੀ ਹੈ। ਪੁੜੀਆਂ ਕਾਫ਼ੀ ਹਨ। ਸੋ ਮੈਂ ਅੰਦਾਜ਼ਾ ਕਰਦਾ ਹਾਂ ਕਿ ਇਹ ਸਾਨੂੰ ਕੱਲ੍ਹ ਸ਼ਾਮ ਤੱਕ ਕੰਮ ਦੇ ਜਾਣਗੀਆਂ। ਯਾਨਿ, ਅਸੀਂ ਕੱਲ੍ਹ ਵੀ ਸਾਰਾ ਦਿਨ ਚੱਲਦੇ ਹੀ ਰਹਾਂਗੇ।
ਭਾਵੇਂ ਅਸੀਂ ਡੂੰਘੇ ਜੰਗਲ ਵਿਚ ਹਾਂ ਅਤੇ ਹਨੇਰੇ ਵਿਚ ਚੱਲ ਕੇ ਹੀ ਏਥੇ ਪਹੁੰਚੇ ਹਾਂ ਪਰ ਫਿਰ ਵੀ ਚੌਕਸੀ ਸਬੰਧੀ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ। ਢਿੱਲ ਜਾਂ ਲਾ-ਪ੍ਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਪਹਿਰੇ ਉੱਤੇ ਦੋ ਜਣੇ ਤਾਇਨਾਤ ਕਰ ਦਿੱਤੇ ਗਏ ਹਨ। ਜਿਹੜਾ ਵੀ ਕੋਈ ਬੋਲਦਾ ਹੈ ਮੱਧਮ ਆਵਾਜ਼ ਵਿਚ ਬੋਲਦਾ ਹੈ, ਉਹ ਵੀ ਉਸ ਵਕਤ ਜਦੋਂ ਬੋਲਣਾ ਬਹੁਤ ਜ਼ਰੂਰੀ ਹੋਵੇ। ਦੱਸ ਕੁ ਮਿੰਟ ਇਸੇ ਤਰ੍ਹਾਂ ਬੀਤਦੇ ਹਨ ਅਤੇ ਫਿਰ ਸਾਰਾ ਵਾਤਾਵਰਣ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਵੇਂ ਅਸੀਂ ਖ਼ੁਦ ਵੀ ਜੰਗਲ ਦੇ ਸੱਨਾਟੇ ਦਾ ਹੀ ਹਿੱਸਾ ਹੋਈਏ।
ਰਾਤ ਨੂੰ ਜਦ ਕੋਈ ਪਾਸਾ ਵੀ ਪਰਤਦਾ ਹੈ ਤਾਂ ਆਵਾਜ਼ ਸੁਣਾਈ ਦੇ ਜਾਂਦੀ ਹੈ। ਪਰ ਪਲਾਸਟਿਕ ਸ਼ੀਟ ਦੀ ਆਵਾਜ਼ ਤੁਹਾਡੇ ਵਲੋਂ ਪੈਦਾ ਕੀਤੀ ਗਈ ਸਰਸਰਾਹਟ ਤੋਂ ਜ਼ਿਆਦਾ ਹੈ। ਸੋ ਤੁਸੀਂ ਸੁੱਤੇ ਪਏ ਵੀ ਧਿਆਨ ਨਾਲ ਪਾਸਾ ਪਰਤਣ ਦੀ ਜਾਚ ਸਿੱਖ ਚੁੱਕੇ ਹੋ। ਸੁੱਤਿਆਂ ਹੋਇਆਂ ਵੀ ਚੁਕੰਨੇ ਰਹਿਣ ਦੀ ਆਦਤ ਪਾ ਚੁੱਕੇ ਹੋ।
ਖੰਘ ਤੇ ਖੁੱਰਾਟੇ ਖ਼ਤਰੇ ਨੂੰ ਸੱਦਾ ਦੇਣ ਵਾਲੀਆਂ ਬਿਮਾਰੀਆਂ ਗਿਣੀਆਂ ਜਾਂਦੀਆਂ ਹਨ। ਗੁਰੀਲਾ ਹੋਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਵਿਚ ਗਵਾਚ ਚੁੱਕੇ ਹੋ ਅਤੇ ਤੁਹਾਡੀ ਕੋਈ ਅਲੱਗ ਹੋਂਦ ਨਹੀਂ ਰਹੀ। ਤੁਸੀਂ ਖਰੂਦ ਨਹੀਂ ਪਾ ਸਕਦੇ। ਦੁਆਲੇ ਦੀ ਸ਼ਾਂਤੀ ਤੇ ਖ਼ਾਮੋਸ਼ੀ ਨੂੰ ਭੰਗ ਨਹੀਂ ਕਰ ਸਕਦੇ। ਤੁਸੀਂ ਕੋਈ ਵੀ ਅਜਿਹੀ ਹਰਕਤ ਨਹੀਂ ਕਰੋਗੇ ਜਿਸ ਨਾਲ ਆਲੇ-ਦੁਆਲੇ ਵਿਚ ਕੋਈ ਹਿਲਜੁਲ ਪੈਦਾ ਹੋ ਜਾਵੇ, ਨਹੀਂ ਤਾਂ ਇਹ ਸ਼ੱਕੀ ਹੋ ਜਾਵੇਗਾ। ਤੁਸੀਂ ਸ਼ੱਕ ਪੈ ਸਕਣ ਦੀ ਗੁੰਜਾਇਸ਼ ਨਹੀਂ ਛੱਡਦੇ। ਸੋ ਖੰਘ ਤੇ ਖੱਰਾਟਿਆਂ ਜਿਹੀ ਨਾ-ਮੁਰਾਦ ਬਿਮਾਰੀ ਤੋਂ ਤੁਸੀਂ ਹਰ ਹਾਲਤ ਬਚਣਾ ਹੈ।
ਅੱਜ ਥਕਾਵਟ ਬਹੁਤ ਹੋਈ ਸੀ। ਪਰ ਇਸ ਦੇ ਬਾਵਜੂਦ ਵੀ ਅੱਖਾਂ 'ਚ ਨੀਂਦ ਨਹੀਂ ਹੈ। ਚਾਰੇ ਪਾਸੇ ਕਬਰਿਸਤਾਨ ਵਰਗੀ ਚੁੱਪ ਹੈ। ਸ਼ਾਇਦ ਹੋਰ ਵੀ ਕੋਈ ਜਾਗ ਰਿਹਾ ਹੋਵੇਗਾ। ਪਰ ਮੈਂ ਇਹ ਨਹੀਂ ਜਾਣ ਸਕਦਾ। ਜਾਣ ਵੀ ਲਵਾਂ ਤਾਂ ਕੀ ਕਰਾਂਗਾ। ਨਜ਼ਦੀਕ ਅੱਗ ਵੀ ਨਹੀਂ ਬਲ ਰਹੀ ਕਿ ਆਦਮੀ ਉੱਠ ਕੇ ਬੈਠ ਜਾਵੇ ਤੇ ਕੁਝ ਦੇਰ ਸੇਕ ਲਵੇ। ਪਹਿਰੇਦਾਰ ਵੀ ਕਿਸੇ ਤਰ੍ਹਾਂ ਦੀ ਹਿਲਜੁਲ ਕਰਦੇ ਸੁਣਾਈ ਨਹੀਂ ਦੇਂਦੇ। ਉਹ ਆਪਸ ਵਿਚ ਵੀ ਗੱਲਾਂ ਨਹੀਂ ਕਰਦੇ। ਘੁੱਪ ਹਨੇਰਾ ਅਤੇ ਮੌਤ ਵਰਗੀ ਖ਼ਾਮੋਸ਼ੀ ਅਜੀਬ ਤਰ੍ਹਾਂ ਦਾ ਮਾਹੌਲ ਪੈਦਾ ਕਰਦੇ ਹਨ। ਦਰੱਖ਼ਤਾਂ ਦੇ ਪੱਤਿਆਂ ਵਿਚੋਂ ਤਾਰੇ ਚਮਕਦੇ ਨਜ਼ਰ ਆਉਂਦੇ ਹਨ ਪਰ ਉਹ ਵੀ ਚੁੱਪ ਹਨ। ਉਹ ਹੇਠਾਂ ਧਰਤੀ ਵੱਲ ਦੇਖਦੇ ਤੇ ਅੱਖਾਂ ਝਪਕਦੇ ਮਹਿਸੂਸ ਹੁੰਦੇ ਹਨ। ਪਰ ਏਥੇ ਇਹੋ ਜਿਹਾ ਹਨੇਰਾ ਹੈ ਕਿ ਕੁਝ ਦਿਖਾਈ ਨਹੀਂ ਦੇਂਦਾ, ਏਥੋਂ ਤੱਕ ਕਿ ਆਪਣਾ ਆਪ ਵੀ। ਹਵਾ ਵੀ ਇਸ ਤਰ੍ਹਾਂ ਬੰਦ ਹੈ ਕਿ ਮਜਾਲ ਕਿ ਕੋਈ ਪੱਤਾ ਵੀ ਹਿੱਲ ਰਿਹਾ ਹੋਵੇ। ਪਰ ਤਰੇਲ ਡਿੱਗਣੀ ਸ਼ੁਰੂ ਹੋ ਚੁੱਕੀ ਹੈ। ਝਿੱਲੀ ਦਾ ਜਿਹੜਾ ਹਿੱਸਾ ਨੰਗਾ ਹੈ ਉਸ ਉੱਤੇ ਤਰੇਲ ਪੈ ਚੁੱਕੀ ਹੈ। ਸਵੇਰ ਤੱਕ ਉੱਪਰ ਦਾ
ਕੰਬਲ ਵੀ ਸਿੱਲ੍ਹਾ ਸਿੱਲ੍ਹਾ ਹੋ ਜਾਵੇਗਾ। 'ਸੋ ਇਹ ਫ਼ੌਜੀ ਮੁੰਡੇ ਕੁੜੀਆਂ ਇਸੇ ਤਰ੍ਹਾਂ ਰਾਤਾਂ ਗੁਜ਼ਾਰਦੇ ਹਨ,' ਪਿਆ ਪਿਆ ਮੈਂ ਸੋਚਦਾ ਹਾਂ। ਅੱਧੇ ਤਾਂ ਤਰੇਲ ਨਾਲ ਬਿਮਾਰ ਪੈ ਜਾਂਦੇ ਹੋਣਗੇ। ਪਰ ਉਹਨਾਂ ਨੂੰ ਇਸ ਦੀ ਆਦਤ ਹੋ ਚੁੱਕੀ ਹੈ। ਦਿਨ, ਮਹੀਨੇ, ਸਾਲ ਇਸੇ ਤਰ੍ਹਾਂ ਗੁਜ਼ਰਦੇ ਹਨ ਅਤੇ ਫਿਰ ਉਹ ਢਲ ਜਾਂਦੇ ਹਨ। ਰਾਤ ਹਮੇਸ਼ਾਂ ਅੱਗ ਕੋਲ ਕੱਟਣ ਵਾਲਾ ਕਬਾਇਲੀ ਜਦ ਗੁਰੀਲਾ ਬਣ ਜਾਂਦਾ ਹੈ ਤਾਂ ਉਹ ਇਸ ਅੱਤ ਲੁੜੀਂਦੇ ਸਾਥ ਨੂੰ ਤਿਆਗ ਦੇਂਦਾ ਹੈ।
ਖੇਮੇ ਦੇ ਅੰਦਰ ਮੈਂ ਕਿਸੇ ਨੂੰ ਵੀ ਜ਼ੁਕਾਮ ਹੋਇਆ ਨਹੀਂ ਸੀ ਦੇਖਿਆ। ਖੰਘ ਜਾਂ ਛਿੱਕਾਂ ਨਾ-ਮੁਰਾਦ ਬਿਮਾਰੀਆਂ ਹਨ ਜੋ ਤੁਹਾਨੂੰ ਤੁਹਾਡੀ ਛੁਪਣਗਾਹ ਵਿਚੋਂ ਨਸ਼ਰ ਕਰ ਦੇਣਗੀਆਂ। ਸ਼ਾਇਦ ਹਰ ਕੋਈ ਸਿਰ ਢੱਕ ਕੇ ਸੌਂਦਾ ਹੈ ਤੇ ਇਸੇ ਲਈ ਮੰਕੀ ਕੰਪ ਦੀ ਵੀ ਜ਼ਰੂਰਤ ਪੈਂਦੀ ਹੈ, ਜਾਂ ਫਿਰ ਇਨਸਾਨ ਕੰਬਲ ਸਿਰ ਉੱਪਰ ਲੈ ਲੈਂਦਾ ਹੈ। ਸੋ ਅਜਿਹੀ ਕੋਈ ਵੀ ਬਿਮਾਰੀ ਮੌਜੂਦ ਨਹੀਂ ਹੈ ਜਿਹੜੀ ਤੁਹਾਨੂੰ ਨਸ਼ਰ ਕਰੇ ਅਤੇ ਦੂਸਰਿਆਂ ਦੀ ਨੀਂਦ ਵੀ ਖ਼ਰਾਬ ਕਰੋ। ਨੀਂਦ ਜਿੰਨੀ ਕੁ ਵੀ ਮਿਲਦੀ ਹੈ ਚੰਗੀ ਮਿਲਣੀ ਚਾਹੀਦੀ ਹੈ। ਇਹ ਤੁਹਾਨੂੰ ਕੱਲ ਵਾਸਤੇ ਤਾਕਤ ਦੇਵੇਗੀ ਅਤੇ ਤਰੋ-ਤਾਜ਼ਾ ਰੱਖੇਗੀ। ਸੋ ਤੁਸੀਂ ਸੌਂਦੇ ਹੇ ਅਤੇ 'ਬੇ-ਫ਼ਿਕਰ ਹੋ ਕੇ ਸੌਂਦੇ ਹੋ।
ਅੱਧੀ ਕੁ ਰਾਤ ਵੇਲੇ ਪਹਿਰੇਦਾਰਾਂ ਵਿਚੋਂ ਇਕ ਜਣਾ ਆਉਂਦਾ ਹੈ ਅਤੇ ਹੌਲ਼ੀ ਜਿਹੀ ਕਿਸੇ ਨੂੰ ਆਵਾਜ਼ ਦੇਂਦਾ ਹੈ:
“ਬਸੰਤੀ! ਬਸੰਤੀ!”
ਬਸੰਤੀ ਉਸੇ ਵਕਤ ਉੱਠ ਪੈਂਦੀ ਹੈ। ਉਹ ਜਾਣਦੀ ਹੈ ਕਿ ਪਹਿਰੇਦਾਰੀ ਦੀ ਜ਼ਿੰਮੇਦਾਰੀ ਹੁਣ ਉਸਦੀ ਹੈ। ਉਹ ਉੱਠਦੀ ਹੈ ਅਤੇ ਆਪਣੇ ਨਾਲ ਦੇ ਸਾਥੀ ਨੂੰ ਆਵਾਜ਼ ਦੇਂਦੀ ਹੈ। ਜਦ ਤੱਕ ਦੋਵੇਂ ਆਪਣੇ ਟਿਕਾਣੇ ਉੱਪਰ ਨਹੀਂ ਪਹੁੰਚ ਜਾਣਗੇ ਦੁਸਰਾ ਪਹਿਰੇਦਾਰ ਓਥੇ ਹੀ ਡਟਿਆ ਰਹੇਗਾ। ਉਹ ਬਸੰਤੀ ਨੂੰ ਟਾਰਚ ਦੇਂਦਾ ਹੈ ਅਤੇ ਜ਼ਿੰਮੇਦਾਰੀ ਸੌਂਪ ਕੇ ਆਪਣੀ ਝਿੱਲੀ ਉੱਪਰ ਆਣ ਪੈਂਦਾ ਹੈ। ਡਿਉਟੀ ਦੀ ਇਸ ਤਬਦੀਲੀ ਵਿਚ ਸ਼ੋਰ ਵਾਲੀ ਕੋਈ ਗੱਲ ਨਹੀਂ ਹੈ। ਦੂਸਰਿਆਂ ਦੀ ਨੀਂਦ ਨੂੰ ਨਾ ਉੱਖੜਨ ਦੇਣ ਦਾ ਧਿਆਨ ਰੱਖਿਆ ਜਾਂਦਾ ਹੈ। ਸਿਰਫ਼ ਡਿਊਟੀ ਬਦਲੀ ਹੈ, ਮਾਹੌਲ ਵਿਚ ਕਿਸੇ ਕਿਸਮ ਦਾ ਖ਼ਲਲ ਨਹੀਂ ਪਿਆ।
ਸਵੇਰੇ ਮੂੰਹ ਹਨੇਰੇ ਹੀ ਸੀਟੀ ਵੱਜਦੀ ਹੈ ਅਤੇ ਹਰ ਕੋਈ ਉੱਠ ਬੈਠਦਾ ਹੈ। ਕੁਝ ਹੀ ਮਿੰਟਾਂ ਵਿਚ ਹਰ ਕਿਸੇ ਨੇ ਆਪਣਾ ਆਪਣਾ ਸਾਮਾਨ ਬੰਨ੍ਹ ਕੇ ਤਿਆਰ ਹੋ ਜਾਣਾ ਹੈ। ਤਦ ਤੱਕ ਇਕ ਜਣਾ ਕੁਝ ਲੱਕੜਾਂ ਇਕੱਠੀਆਂ ਕਰਦਾ ਹੈ ਅਤੇ ਅੱਗ ਬਾਲ ਦੇਂਦਾ ਹੈ। ਹਰ ਕੋਈ ਸੇਕਦਾ ਹੈ ਅਤੇ ਸਰੀਰ ਨੂੰ ਥੋੜ੍ਹੀ ਗਰਮਾਇਸ਼ ਪਹੁੰਚਾਉਂਦਾ ਹੈ। ਹੁਣ ਠੰਡ ਉੱਤਰ ਗਈ ਹੈ ਅਤੇ ਹਰ ਕੋਈ ਕੁਚ ਲਈ ਤਿਆਰ ਹੈ। ਤੁਰਨ ਤੋਂ ਪਹਿਲਾਂ ਅੱਗ ਬੁਝਾ ਕੇ ਸਵਾਹ ਨੂੰ ਮਿੱਟੀ ਹੇਠ ਦੱਬ ਦਿੱਤਾ ਗਿਆ ਹੈ। ਕਮਾਂਡਰ ਆਵਾਜ਼ ਦੇਂਦੀ ਹੈ ਅਤੇ ਉਹਨਾਂ ਨੂੰ ਗੌਂਡ ਬੋਲੀ ਵਿਚ ਕੁਝ ਕਹਿੰਦੀ ਹੈ। ਇਕ ਜਣਾ ਮੈਨੂੰ ਦੱਸਦਾ ਹੈ ਕਿ ਅਸੀਂ 'ਅ' ਪਿੰਡ ਵੱਲ ਜਾ ਰਹੇ ਹਾਂ ਪਰ ਜੇ ਰਸਤੇ ਵਿਚ ਕੋਈ ਘਟਨਾ ਵਾਪਰ ਜਾਵੇ ਤਾਂ ਹਰ ਕੋਈ 'ਬ' ਪਿੰਡ ਵਿਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਪਿੰਡਾਂ ਦੇ ਨਾਮ ਅਜੀਬ ਜਿਹੇ ਹਨ। ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਕੁਝ ਮਿੰਟਾਂ ਬਾਦ ਪਤਾ ਲੱਗਦਾ ਹੈ
ਕਿ ਮੈਂ ਭੁੱਲ ਚੁੱਕਾ ਹਾਂ। 'ਚਲੋ, ਦੇਖੀ ਜਾਏਗੀ,' ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਤੇ ਯਾਦ ਕਰਨ ਦੇ ਝੰਜਟ ਨੂੰ ਵਗਾਹ ਮਾਰਦਾ ਹਾਂ।
ਮਾਰਚ ਸ਼ੁਰੂ ਹੈ। ਜਦ ਕੋਈ ਮਹਿਸੂਸ ਕਰੇਗਾ ਕਿ ਉਸ ਨੂੰ ਰੁਕਣ ਦੀ ਜ਼ਰੂਰਤ ਹੈ ਤਾਂ ਹਰ ਕੋਈ ਰੋਕ ਦਿੱਤਾ ਜਾਵੇਗਾ ਨਹੀਂ ਤਾਂ ਕਾਫ਼ਲਾ ਚੱਲਦਾ ਰਹੇਗਾ। ਦਿਨ ਪੂਰੀ ਤਰ੍ਹਾਂ ਨਿਕਲਣ ਤੱਕ ਅਸੀਂ ਦੋ ਕਿਲੋ ਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਧੁੱਪ ਦੇ ਪੂਰੀ ਤਰ੍ਹਾਂ ਚਮਕਣ ਤੋਂ ਪਹਿਲਾਂ ਜਿੰਨਾਂ ਪੰਧ ਮੁੱਕ ਸਕਦਾ ਹੈ, ਮੁਕਾ ਲਿਆ ਜਾਵੇ। ਪਾਣੀ ਤਕਰੀਬਨ ਸਾਰਿਆਂ ਕੋਲ ਰਾਤ ਤੋਂ ਹੀ ਖ਼ਤਮ ਹੈ। ਪਿਆਸ ਪਿੱਛਾ ਕਰਦੀ ਹੈ ਪਰ ਤੁਸੀਂ ਇਸ ਨਾਲ ਲੜਦੇ ਹੋ ਅਤੇ ਆਪਣਾ ਕੂਚ ਜਾਰੀ ਰੱਖਦੇ ਹੈ। 'ਅ' ਪਿੰਡ ਆਉਣ ਤੋਂ ਪਹਿਲਾਂ ਪਾਣੀ ਨਹੀਂ ਮਿਲ ਸਕਦਾ। ਰਸਤੇ ਵਿਚ ਇਕ ਵਾਰ ਦੱਸ ਮਿੰਟ ਦਾ ਪੜਾਅ ਕੀਤਾ ਜਾਂਦਾ ਹੈ। ਤੁਹਾਡਾ ਦਿਲ ਕਰਦਾ ਹੈ ਕਿ ਕਿਤੇ ਈਕ ਪੰਡੀ ਮਿਲ ਜਾਵੇ। ਇਹ ਤਾਕਤ ਵੀ ਦੇਵੇਗੀ ਤੇ ਪਿਆਸ ਨੂੰ ਵੀ ਮੱਧਮ ਪਾਵੇਗੀ। ਪਰ ਰਸਤੇ ਵਿਚ ਈਕ ਪੰਡੀ ਕਿਤੇ ਵੀ ਨਹੀਂ ਹੈ। ਕੰਦ ਮੂਲ ਦਾ ਮੌਸਮ ਅਜੇ ਆਇਆ ਨਹੀਂ, ਨਾ ਹੀ ਕੋਈ ਨਦੀ ਨਜ਼ਦੀਕ ਹੈ। ਸੋ ਚੱਲਦੇ ਰਹਿਣ ਤੋਂ ਬਿਨਾਂ ਕੋਈ ਚਾਰਾ ਨਹੀਂ । ਅੰਤ ਅਸੀਂ 'ਅ' ਪਿੰਡ ਦੀ ਜੂਹ ਵਿਚ ਪਹੁੰਚਦੇ ਹਾਂ। ਸਾਡਾ ਪਹਿਲਾ ਕੰਮ ਹੈ ਦਾਤਣਾਂ ਤੋੜਣਾ। ਦਾਤਣਾਂ ਤੋੜਣਾ ਖੇਡ ਵੀ ਹੈ ਅਤੇ ਥਕਾਵਟ ਤੋਂ ਆਰਾਮ ਲੈਣ ਦਾ ਸਾਧਨ ਵੀ। ਪਿੰਡ ਨੇੜੇ ਪਹੁੰਚ ਕੇ ਅਸੀਂ ਕੁਝ ਖੁੱਲ੍ਹ ਜਾਂਦੇ ਹਾਂ। ਗੱਲਾਂ ਸ਼ੁਰੂ ਹੋ ਜਾਂਦੀਆਂ ਹਨ। ਪਿੰਡ ਤਾਂ ਆਇਆ ਪਰ ਅਸੀਂ ਉਸ ਦੇ ਕੋਲੋਂ ਦੀ ਗੁਜ਼ਰ ਜਾਂਦੇ ਹਾਂ ਅਤੇ ਕਾਫ਼ੀ ਅਗਾਂਹ ਨਿਕਲ ਜਾਂਦੇ ਹਾਂ।
"ਦਾਦਾ!"
ਸਾਡੇ 'ਚੋਂ ਕੋਈ ਜਣਾ ਦੂਰ ਕੰਮ ਕਰ ਰਹੇ ਇਕ ਕਬਾਇਲੀ ਨੂੰ ਆਵਾਜ਼ ਦੇਂਦਾ ਹੈ। ਉਹ ਮੋਢੇ ਦਾ ਭਾਰ ਉਤਾਰ ਕੇ ਸਾਡੇ ਵੱਲ ਆਉਂਦਾ ਹੈ। ਆ ਕੇ ਹਰ ਕਿਸੇ ਨੂੰ ਹੱਥ ਮਿਲਾਉਂਦਾ ਹੈ ਅਤੇ ਸਲਾਮ ਕਹਿੰਦਾ ਹੈ। ਉਸ ਦੀ ਸਲਾਮ ਦਾ ਜਵਾਬ ਹਰ ਕਿਸੇ ਵੱਲੋਂ ਸਲਾਮ ਵਿਚ ਦਿੱਤਾ ਜਾਂਦਾ ਹੈ। ਉਸ ਨੂੰ ਅਸੀਂ ਦੱਸਦੇ ਹਾਂ ਕਿ ਅਸੀਂ ਪਿੰਡ ਦੇ ਬਾਹਰ ਕਿਸ ਪਾਸੇ ਵੱਲ ਟਿਕਣ ਲੱਗੇ ਹਾਂ। ਉਹ ਪਿੰਡ ਵੱਲ ਚਲਾ ਜਾਂਦਾ ਹੈ। ਪਰ ਸਾਡਾ ਕਾਫ਼ਲਾ ਅਜੇ ਵੀ ਨਹੀਂ ਰੁਕਦਾ। ਭੁੱਖ, ਪਿਆਸ ਤੇ ਥਕਾਵਟ, ਤਿੰਨੋਂ ਚੀਜ਼ਾਂ ਡਾਹਢੀਆਂ ਤੰਗ ਕਰ ਰਹੀਆਂ ਹਨ ਜਿਸ ਕਾਰਨ ਉਡੀਕ ਤੀਬਰ ਹੋਈ ਜਾਂਦੀ ਹੈ ਕਿ ਹੁਣ ਵੀ ਰੁਕਣ ਦੀ ਸੀਟੀ ਵੱਜੇਗੀ, ਹੁਣ ਵੀ ਵੱਜੇਗੀ। ਪਰ ਅਸੀਂ ਪੰਦਰਾਂ ਮਿੰਟ ਹੋਰ ਚੱਲਦੇ ਰਹਿੰਦੇ ਹਾਂ। ਮੈਨੂੰ ਸ਼ੱਕ ਹੋਣ ਲੱਗਦਾ ਹੈ ਕਿ ਅਸੀਂ ਇਸ ਪਿੰਡ ਰੁਕਣਾ ਸੀ। ਖੇਤਾਂ 'ਚੋਂ, ਚਟਾਨਾਂ 'ਚੋਂ ਗੁਜ਼ਰਦੇ ਹੋਏ ਜਦ ਅਸੀਂ ਪਰਲੇ ਪਾਰ ਪਹੁੰਚਦੇ ਹਾਂ ਤਾਂ ਰੁਕਣ ਦਾ ਸੰਕੇਤ ਮਿਲਦਾ ਹੈ। ਹੁਣ ਤੱਕ ਭੁੱਖ ਮਰ ਚੁੱਕੀ ਹੈ, ਪਿਆਸ ਮੱਧਮ ਪੈ ਗਈ ਹੈ ਅਤੇ ਥਕਾਵਟ ਨਾਲ ਮਨ ਬੇ-ਹਿਸ ਹੋਇਆ ਪਿਆ ਹੈ। ਪਰ ਫ਼ੌਜੀ ਡਸਿਪਲਿਨ ਭੁੱਖ, ਥਕਾਵਟ, ਪਿਆਸ, ਕੁਝ ਵੀ ਨਹੀਂ ਦੇਖਦਾ। ਰੁਕਣ ਦਾ ਇਸ਼ਾਰਾ ਨਹੀਂ ਹੋਇਆ ਤਾਂ ਕੋਈ ਨਹੀਂ ਰੁਕੇਗਾ। ਰੁਕਣ ਦਾ ਸੰਕੇਤ ਹੋ ਚੁੱਕਾ ਹੈ ਤਾਂ ਚੱਲਦੇ ਰਹਿਣ ਦੀ ਕੋਈ ਤੁਕ ਨਹੀਂ। ਕਿੱਟਾਂ ਉਤਾਰਨ ਤੋਂ ਪਹਿਲਾਂ ਪਹਿਰੇ ਵਾਸਤੇ ਥਾਂ ਚੁਣੀ ਜਾਂਦੀ ਹੈ। ਬਾਕੀ ਦੇ ਪੰਜ ਜਣੇ ਅੱਧੇ ਚੱਕਰ ਦੀ ਫਾਰਮੇਸ਼ਨ ਵਿਚ ਆਪਣੇ ਆਪਣੇ ਕਵਰ (ਮੋਰਚੇ) ਢੂੰਡਦੇ ਹਨ। ਹਰ ਕਿਸੇ ਵਾਸਤੇ ਦਰੱਖ਼ਤ ਕਵਰ ਵੀ ਹੈ ਅਤੇ ਟਿਕਾਣਾ ਵੀ। ਇਕ ਵਾਰ ਜਿਸ
ਵਾਸਤੇ ਜਿਹੜੀ ਥਾਂ ਨਿਸ਼ਚਿਤ ਹੋ ਗਈ ਉਹ ਆਪਣਾ ਟਿਕਾਣਾ ਨਹੀਂ ਬਦਲੇਗਾ ਕਿਉਂਕਿ ਉਸਦੇ ਕਵਰ ਨੂੰ ਖ਼ਾਸ ਜ਼ਰੂਰਤਾਂ ਮੁਤਾਬਕ ਚੁਣਿਆ ਗਿਆ ਹੈ।
ਜਦ ਤਕ ਗੁਰੀਲਾ ਟੁਕੜੀ ਨਦੀ ਤੋਂ ਮੂੰਹ ਹੱਥ ਧੋ ਕੇ ਆਉਂਦੀ ਹੈ ਤਦ ਤਕ ਪਿੰਡ ਵਿਚੋਂ ਲੋਕ ਪਤੀਲੇ ਅਤੇ ਪਾਣੀ ਵਾਲੀਆਂ ਗਾਗਰਾਂ ਭਰ ਕੇ ਆ ਪਹੁੰਚਦੇ ਹਨ।
ਛੇ ਜਣੇ ਕੋਈ ਜ਼ਿਆਦਾ ਨਹੀਂ ਹਨ। ਸੋ ਨਾਸ਼ਤਾ ਤੇ ਚਾਹ ਤਿਆਰ ਹੋਣ ਵਿਚ ਬਹੁਤਾ ਵਕਤ ਨਹੀਂ ਲੱਗਦਾ। ਅਸੀਂ ਇਕ ਘੰਟੇ ਵਿਚ ਖਾਣ ਪੀਣ ਤੋਂ ਵਿਹਲੇ ਹੋ ਜਾਂਦੇ ਹਾਂ ਅਤੇ ਪਿੰਡ ਵਾਲਿਆਂ ਤੋਂ ਵਿਦਾ ਲੈਂਦੇ ਹਾਂ। ਨਾਸ਼ਤੇ ਅਤੇ ਚਾਹ ਨੇ ਹਰ ਕਿਸੇ ਨੂੰ ਚੁਸਤ-ਫੁਰਤ ਕਰ ਦਿੱਤਾ ਹੈ। ਚਾਲ ਵਿਚ ਰਵਾਨੀ ਆ ਗਈ ਹੈ। ਤੁਸੀਂ ਕਹਿ ਸਕਦੇ ਹੋ ਕਿ ਸੁਬਹ ਦਾ ਸਫ਼ਰ ਤੜਕਸਾਰ ਦੀ ਸੈਰ ਵਾਂਗ ਹੈ। ਇਕ ਤਰ੍ਹਾਂ ਨਾਲ ਇਹ ਹੈ ਵੀ, ਅਤੇ ਨਹੀਂ ਵੀ। ਸੈਰ ਖਾਲੀ ਹੱਥੀਂ ਹੁੰਦੀ ਹੈ ਤੇ ਉਸ ਵਿਚ ਫ਼ੌਜੀ ਡਸਿਪਲਿਨ ਨਹੀਂ ਹੁੰਦਾ, ਇਸ ਲਈ ਇਹ ਸੈਰ ਨਹੀਂ ਕਹੀ ਜਾ ਸਕਦੀ। ਪਰ ਇਹ ਤਕਰੀਬਨ ਰੋਜ਼ ਦਾ ਹੀ ਨੇਮ ਹੈ ਕਿ ਤੁਸੀਂ ਸੂਰਜ ਉੱਗਣ ਤੋਂ ਕਿੰਨਾ ਹੀ ਚਿਰ ਪਹਿਲਾਂ ਚੱਲ ਪੈਂਦੇ ਹੋ। ਜੰਗਲ ਦਾ ਸਾਫ਼ ਤੇ ਕੁਦਰਤੀ ਵਾਤਾਵਰਨ ਤੁਹਾਡੇ ਵਿੱਚ ਤਾਜ਼ਗੀ ਭਰਦਾ ਹੈ ਅਤੇ ਤੁਹਾਨੂੰ ਆਜ਼ਾਦ ਹੋਣ ਦਾ ਅਹਿਸਾਸ ਦੇਂਦਾ ਹੈ। ਸੋ ਇਹ ਸੈਰ ਵਾਂਗ ਹੈ।
ਕੋਈ ਦੋ ਘੰਟੇ ਦੇ ਸਫ਼ਰ ਤੋਂ ਬਾਦ ਅਸੀਂ ਇਕ ਪਿੰਡ ਨੇੜਿਓਂ ਗੁਜ਼ਰਦੇ ਹਾਂ। ਕਬਾਇਲੀ ਪੁੱਛਦੇ ਹਨ ਕਿ ਕੀ ਅਸੀਂ ਪੜਾਅ ਕਰਾਂਗੇ? ਪਰ ਸਾਡਾ ਪੜਾਅ ਦਾ ਇਰਾਦਾ ਨਹੀਂ ਹੈ ਸੋ ਅਸੀਂ ਬਿਨਾਂ ਰੁਕੇ ਪਿੰਡ ਤੋਂ ਅਗਾਂਹ ਨਿਕਲ ਜਾਂਦੇ ਹਾਂ। ਅੱਧਾ ਘੰਟਾ ਹੋਰ ਚੱਲ ਕੇ ਅਸੀਂ ਡੇਰਾ ਜਮਾਅ ਲੈਂਦੇ ਹਾਂ ਤੇ ਦੁਪਹਿਰ ਦਾ ਵਕਤ ਆਰਾਮ ਕਰਦੇ ਹਾਂ। ਰਾਤ ਦਾ ਬਚਿਆ ਖਾਣਾ ਵੰਡਿਆ ਜਾਂਦਾ ਹੈ। ਦੁਪਹਿਰ ਕੱਟਕੇ ਸ਼ਾਮ ਨੂੰ ਫਿਰ ਕੂਚ ਸ਼ੁਰੂ ਹੁੰਦਾ ਹੈ ਜਿਹੜਾ ਡੂੰਘੀ ਰਾਤ ਤੱਕ ਚੱਲਦਾ ਹੈ। ਅਸੀਂ ਰਾਤ ਦੇ ਪੜਾਅ ਵਾਸਤੇ ਡੂੰਘੇ ਜੰਗਲ ਵਿਚ ਕੱਲ੍ਹ ਰਾਤ ਵਰਗੀ ਹੀ ਇਕ ਥਾਂ ਚੁਣਦੇ ਹਾਂ।
ਖੇਮੇ ਤੋਂ ਤੁਰਿਆਂ ਤਿੰਨ ਦਿਨ ਹੋ ਚੁੱਕੇ ਹਨ। ਸ਼ਾਮ ਦਾ ਵਕਤ ਹੈ। ਜੰਗਲ ਜੰਗਲ ਫਿਰਦਿਆਂ ਇੰਜ ਲਗਦਾ ਹੈ ਜਿਵੇਂ ਇਹ ਅਮੁੱਕ ਹੈ। ਕਿਸੇ ਵੀ ਪਾਸੇ ਰੁਖ਼ ਕਰ ਲਵੋ ਇਸ ਦਾ ਕੋਈ ਸਿਰਾ ਨਹੀਂ ਆਉਂਦਾ। ਕਿਤੇ ਦੱਸ ਘਰ ਵਸ ਗਏ ਤਾਂ ਮਨੁੱਖ ਨੇ ਵਸੇਬਾ ਕਰ ਲਿਆ, ਨਹੀਂ ਤਾਂ ਮਨੁੱਖ ਨਾਂਅ ਦੀ ਚੀਜ਼ ਇਸ ਵਿਚ ਦਿਖਾਈ ਨਹੀਂ ਦੇਂਦੀ। ਮਜ਼ੇਦਾਰ ਗੱਲ ਇਹ ਹੈ ਕਿ ਜੰਗਲੀ ਜਾਨਵਰ ਤੱਕ ਦਿਖਾਈ ਨਹੀਂ ਦੇਂਦੇ। ਕਮਾਂਡਰ ਨੇ ਸ਼ਾਇਦ ਜਾਣ-ਬੁੱਝ ਕੇ ਉਹ ਰਸਤੇ ਚੁਣੇ ਹਨ ਜਿਧਰੋਂ ਮਨੁੱਖੀ ਆਉਣ ਜਾਣ ਨਹੀਂ ਹੈ। ਫਿਰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜ਼ਮੀਨ ਉੱਤੇ ਰਸਤਿਆਂ ਦਾ ਜਾਲ ਵਿਛਿਆ ਹੋਇਆ ਹੈ। ਸਾਰੇ ਪਾਸੇ ਪਗਡੰਡੀਆਂ ਅਤੇ ਪਹੇ ਹਨ ਪਰ ਪੈਰਾਂ ਦੇ ਨਿਸ਼ਾਨ ਕਿਤੇ ਵੀ ਨਹੀਂ ਹਨ। ਸਵੇਰ ਤੋਂ ਅਸੀਂ ਥੋੜ੍ਹੇ ਥੋੜ੍ਹੇ ਆਰਾਮ ਤੋਂ ਬਾਦ ਤੁਰਦੇ ਹੀ ਆ ਰਹੇ ਹਾਂ। ਕਈ ਨਾਲਿਆਂ ਵਿਚੋਂ ਗੁਜ਼ਰੇ ਹਾਂ, ਕਈ ਕੁਦਰਤੀ ਝੀਲਾਂ ਨੂੰ ਵਗਲਿਆ ਹੈ। ਸ਼ਾਮ ਪਈ ਤਾਂ ਕਮਾਂਡਰ ਨੇ ਰੁਕਣ ਦੀ ਆਵਾਜ਼ ਦਿੱਤੀ। ਅਸੀਂ ਦਰਖ਼ਤਾਂ ਦੇ ਇਕ ਝੁੰਡ ਵਿਚ ਖੜ੍ਹੇ ਹਾਂ। ਇਹ ਝੁੰਡ ਚਾਰੇ ਪਾਸੇ ਫੈਲੇ ਹੋਏ ਹਨ। ਇਕ ਵਿਚੋਂ ਇਹ ਨਹੀਂ ਦਿਸਦਾ ਕਿ ਦੂਸਰੇ ਵਿਚ ਕੀ ਹੈ। ਮੈਂ ਹੈਰਾਨ ਹਾਂ ਕਿ ਏਥੇ ਰੁਕਣ ਦਾ ਕੀ ਮਕਸਦ ਹੈ। ਆਰਾਮ ਕੀਤਿਆਂ ਅਜੇ ਸਾਨੂੰ ਮਸਾਂ ਅੱਧਾ ਕੁ ਘੰਟਾ ਹੀ ਬੀਤਿਆ ਹੈ। ਰਾਤ ਵੀ ਨਹੀਂ ਪਈ ਸੋ ਪੜਾਅ ਕਰਨ ਦਾ ਵੀ ਸਵਾਲ ਨਹੀਂ। ਤਦੇ ਸਾਡੀ ਟੁਕੜੀ ਵਿਚੋਂ ਇਕ ਜਣਾ ਇਕ ਪਾਸੇ ਵੱਲ
ਮੂੰਹ ਕਰਕੇ "ਕੁਅ" ਦੀ ਆਵਾਜ਼ ਕੱਢਦਾ ਹੈ। ਦੂਸਰੇ ਝੁੰਡ ਵਿਚੋਂ ਵੀ ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਆਵਾਜ਼ ਆਉਂਦੀ ਹੈ। ਕੁਝ ਮਿੰਟਾਂ ਬਾਦ ਤੇੜ ਪਰਨਾ ਬੰਨ੍ਹੀ ਇਕ ਨੌਜਵਾਨ ਤੁਰਿਆ ਆਉਂਦਾ ਦਿਖਾਈ ਦੇਂਦਾ ਹੈ। ਉਸਦੇ ਇਕ ਹੱਥ ਵਿਚ ਕਮਾਨ ਫੜ੍ਹੀ ਹੋਈ ਹੈ ਅਤੇ ਦੂਸਰੇ ਵਿਚ ਤੀਰ। ਤੀਰ ਦੂਰੋਂ ਹੀ ਲਿਸ਼ਕਾਂ ਮਾਰਦੇ ਦਿਖਾਈ ਦੇਂਦੇ ਹਨ ਜਿਵੇਂ ਹੁਣੇ ਹੀ ਰਗੜ ਕੇ ਸਾਫ਼ ਕੀਤੇ ਹੋਣ ਅਤੇ ਉਹਨਾਂ ਉੱਤੇ ਤੇਲ ਲਗਾਇਆ ਗਿਆ ਹੋਵੇ। ਉਹ ਸਾਡੇ ਨੇੜੇ ਨਹੀਂ ਆਉਂਦਾ। ਦੂਰ ਹੀ ਰੁਕ ਜਾਂਦਾ ਹੈ ਅਤੇ ਇਕ ਪਾਸੇ ਵੱਲ ਮੁੜਣ ਦਾ ਇਸ਼ਾਰਾ ਕਰਦਾ ਹੈ। ਖ਼ੁਦ ਉਹ ਵਾਪਸ ਆਪਣੇ ਝੁੰਡ ਵੱਲ ਮੁੜ ਜਾਂਦਾ ਹੈ ਅਤੇ ਗੁੰਮ ਹੋ ਜਾਂਦਾ ਹੈ। ਅਸੀਂ ਦੂਸਰੀ ਸੇਧ ਵੱਲ ਮੁੜਦੇ ਹਾਂ। ਤੁਰਨਾ ਜਾਰੀ ਹੈ। ਵੀਹ ਮਿੰਟ ਇਸੇ ਤਰ੍ਹਾਂ ਗੁਜ਼ਰਦੇ ਹਨ ਤੇ ਅਸੀਂ ਇਕ ਬਹੁਤ ਹੀ ਸੰਘਣੇ ਝੁੰਡ ਦੇ ਬਾਹਰ ਪਹੁੰਚ ਕੇ ਰੁਕ ਜਾਂਦੇ ਹਾਂ। ਕੁਝ ਮਿੰਟਾਂ ਦੀ ਉਡੀਕ ਬਾਦ ਦੋ ਜਣੇ ਸਾਨੂੰ ਆਪਣੇ ਵੱਲ ਆਉਂਦੇ ਦਿਸਦੇ ਹਨ।
"ਸੋ ਅਸੀਂ ਕਿਸੇ ਦਸਤੇ ਨੂੰ ਮਿਲ ਰਹੇ ਹਾਂ?" ਮੈਂ ਕਮਾਂਡਰ ਕੁੜੀ ਨੂੰ ਪੁੱਛਦਾ ਹਾਂ।
"ਹਾਂ"
ਗੁਰੀਲਿਆਂ ਦਾ ਇਹ ਆਵਾ-ਗੌਣ ਵੀ ਅਜੀਬ ਹੈ। ਇਕ ਮਿਲਦਾ ਹੈ ਤਾਂ ਦੁਸਰਾ ਕਿਸੇ ਹੋਰ ਪਾਸੇ ਤੁਰ ਜਾਂਦਾ ਹੈ। ਜਦ ਤੱਕ ਤੁਸੀਂ ਇਕ ਨੂੰ ਸਮਝਣ ਲੱਗਦੇ ਹੋ ਉਸਨੂੰ ਕਿਤਿਓਂ ਹੋਰ ਬੁਲਾਵਾ ਆ ਜਾਂਦਾ ਹੈ ਤੇ ਉਹ ਚਲਾ ਜਾਂਦਾ ਹੈ। ਤੁਸੀਂ ਫਿਰ ਨਵੇਂ ਨਾਲ ਸਾਂਝ ਪੈਦਾ ਕਰਨ ਲੱਗਦੇ ਹੋ। ਕੁਝ ਦੇਰ ਬਾਦ ਫਿਰ ਉਹੀ ਕੁਝ ਵਾਪਰਦਾ ਹੈ। ਤਿੰਨ ਦਿਨਾਂ ਦੇ ਸਾਥ ਨਾਲ ਜਿਹਨਾਂ ਨੂੰ ਮੈਂ ਜਾਨਣ ਲੱਗ ਪਿਆ ਸਾਂ ਉਹ ਬਦਲ ਗਏ, ਨਵੇਂ ਆਣ ਸਾਹਮਣੇ ਹੋਏ।
ਇਹ ਨਵਾਂ ਗਰੁੱਪ ਅਲੱਗ ਤਰ੍ਹਾਂ ਦਾ ਹੈ। ਕੁੱਲ ਚੌਦਾਂ ਜਣਿਆਂ ਵਿਚ ਚਾਰ ਕੁੜੀਆਂ ਹਨ। ਹਥਿਆਰ ਕਿਸੇ ਕੋਲ ਨਹੀਂ। ਇਹਨਾਂ ਸਾਰਿਆਂ ਦੀ ਔਸਤਨ ਉਮਰ 18-19 ਹੋਵੇਗੀ ਜਿਹਨਾਂ ਵਿਚੋਂ ਕਝ ਤਾਂ ਮਸਾਂ ਹੀ 14 ਕ ਸਾਲ ਦੇ ਦਿਖਾਈ ਦੇਂਦੇ ਹਨ।
"ਮੈਂ ਤੁਹਾਡੇ ਲਈ ਟਰਾਂਸਲੇਸ਼ਨ ਕਰਾਂਗਾ," ਇਕ ਚੌਵੀ ਕੁ ਸਾਲ ਦਾ ਨੌਜਵਾਨ ਮੇਰੇ ਕੋਲ ਆ ਕੇ ਕਹਿੰਦਾ ਹੈ।
"ਕਮਾਂਡਰ ਕੌਣ ਹੈ?"
"ਮੈਂ ਹੀ ਹਾਂ, ਚੰਦਨ"।
"ਤੇਰੇ ਦਸਤੇ ਕੋਲ ਤਾਂ ਲੁੜੀਂਦੇ ਹਥਿਆਰ ਵੀ ਮੌਜੂਦ ਨਹੀਂ ਹਨ। ਲੜੋਗੇ ਕਿਵੇਂ?"
“ਅਰੇ ਭਾਈ, ਨੇ ਨੋ ਨੇਂ। ਲੜਨਾ ਨਹੀਂ ਹੈ। ਗਾਨਾ, ਗਾਨਾ। ਕਲਚਰਲ ਟੀਮ! ਚੇਤਨਾ ਨਾਟਯ ਮੰਚ। ਡਰਾਮਾ। ਡਾਂਸ। ਗੀਤ।"
ਚੇਤਨਾ ਨਾਟਯ ਮੰਚ ਨੌਜਵਾਨ ਮੁੰਡੇ ਕੁੜੀਆਂ ਦੀ ਸੱਭਿਆਚਾਰਕ ਟੋਲੀ ਹੈ। ਕਮਾਂਡਰ ਤੋਂ ਬਿਨਾਂ ਸੱਭ ਗੋਂਡ ਹਨ। ਹਿੰਦੀ ਦੋ-ਤਿੰਨ ਜਣੇ ਹੀ ਬੋਲ ਸਕਦੇ ਹਨ, ਉਹ ਵੀ ਗੁਜ਼ਾਰੇ ਜੋਗੀ। ਬੰਦੂਕਾਂ ਉਹਨਾਂ ਕੋਲ ਦਿਖਾਈ ਮਾਤਰ ਹਨ, ਨਿਰੋਲ ਲੱਕੜ ਚੋਂ ਤਰਾਸ਼ੀਆਂ ਹੋਈਆਂ। ਹੈ ਤਾਂ ਸੱਭਿਆਚਾਰਕ ਮੰਡਲੀ ਪਰ ਸਾਰੇ ਹੀ ਫ਼ੌਜੀ ਵਰਦੀ ਵਿਚ ਰਹਿੰਦੇ ਹਨ। ਓਵੇਂ ਹੀ ਲੱਕ ਨਾਲ ਪੇਟੀ ਬੰਨ੍ਹੀ ਹੋਈ, ਉਸੇ ਤਰ੍ਹਾਂ ਮੋਢਿਆਂ ਉੱਪਰ
ਕਿੱਟ, ਸਿਰ ਉੱਪਰ ਮਾਓ ਕੈਪ ਅਤੇ ਹੱਥ ਵਿਚ ਉੱਪਰ ਬਿਆਨ ਕੀਤੀ ਬੰਦੁਕ। ਗੁਰੀਲਾ ਸੱਭਿਆਚਾਰਕ ਦਸਤਾ। ਨਾਜ਼ੁਕ, ਹਸਮੁੱਖ, ਮਨਮੌਜੀ ਅਤੇ ਚਹਿਕਦੇ ਰਹਿਣ ਵਾਲਾ।
'ਸੋ ਤੁਹਾਡੇ ਕੋਲ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ," ਮੈਂ ਉਸ ਨੂੰ ਕਿਹਾ।
"ਨਹੀਂ ਹੈ। ਹੋ ਵੀ ਨਹੀਂ ਸਕਦਾ। ਜ਼ਰੂਰਤ ਵੀ ਨਹੀਂ। ਜੇ ਸਰਕਾਰ ਮਾਰਨਾ ਚਾਹੇ ਤਾਂ ਆਸਾਨੀ ਨਾਲ ਮਾਰ ਦੇਵੇਗੀ। ਪਹਿਲਾਂ ਕਈ ਕਲਾਕਾਰਾਂ ਨੂੰ ਮਾਰ ਚੁੱਕੀ ਹੈ ਪਰ ਸਾਨੂੰ ਇਸ ਦੀ ਪਰਵਾਹ ਨਹੀਂ। ਅਸੀਂ ਇਸੇ ਤਰ੍ਹਾਂ ਹੀ ਆਪਣਾ ਕੰਮ ਕਰਦੇ ਹਾਂ, ਕਰਦੇ ਰਹਾਂਗੇ।” ਉਸ ਨੇ ਆਪਣੀ ਟੀਮ ਦੇ ਹੌਂਸਲੇ, ਨਿਡਰਤਾ ਅਤੇ ਕਾਜ਼ ਨੂੰ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ।
ਉਸ ਦੀ ਸਮੁੱਚੀ ਟੀਮ ਹੀ ਅਜਿਹੇ ਕਾਰਕੁੰਨਾਂ ਦੀ ਹੈ ਜਿਹੜੇ ਘਰ-ਬਾਰ ਛੱਡ ਸਾਰਾ ਸਮਾਂ ਗੋਂਡ ਪਿੰਡਾਂ ਵਿਚ ਘੁੰਮਦਿਆਂ ਅਤੇ ਨਾਟਕ ਖੇਡਦਿਆਂ ਬਿਤਾਉਂਦੇ ਹਨ। ਨੱਚਣਾ, ਗਾਉਣਾ ਅਤੇ ਪਿੰਡ ਪਿੰਡ ਵਿਚ ਚੇਤਨਤਾ ਨੂੰ ਵੰਡਣਾ। ਉਹ ਜਨਤਾ ਦੇ ਘਰਾਂ ਤੋਂ ਹੀ ਖਾਣਾ ਖਾਂਦੇ ਹਨ। ਉਹਨਾਂ ਤੋਂ ਹੀ ਆਪਣੀਆਂ ਸੱਭੇ ਜ਼ਰੂਰਤਾਂ ਪੂਰੀਆਂ ਕਰਦੇ ਹਨ, ਉਹਨਾਂ ਵਿੱਚ ਹੀ ਰਹਿੰਦੇ ਹਨ। ਅਜਿਹੇ ਦਸਤੇ ਵਿਚ ਮੇਰੇ ਵਾਸਤੇ ਗਾਰਡ ਦੀ ਉਂਜ ਹੀ ਜ਼ਰੂਰਤ ਨਹੀਂ ਸੀ। ਪਰ ਇਹ ਉਹਨਾਂ ਦਾ ਫ਼ੈਸਲਾ ਸੀ ਕਿਉਂਕਿ ਉਹ ਕਿਸੇ ਮਹਿਮਾਨ ਦਾ ਨੁਕਸਾਨ ਹੋਇਆ ਨਹੀਂ ਸਨ ਦੇਖਣਾ ਚਾਹੁੰਦੇ। ਪਰ ਉਥੋਂ ਦੀ ਹਕੀਕਤ ਅਜਿਹੀ ਸੀ ਕਿ ਕਿਸੇ ਬੁਰੀ ਸੂਰਤ ਵਿਚ ਮੇਰਾ ਤਾਂ ਕੀ ਸਗੋਂ ਸਮੁੱਚੀ ਟੀਮ ਦਾ ਨੁਕਸਾਨ ਹੋਣੋਂ ਨਹੀਂ ਸੀ ਰੋਕਿਆ ਜਾ ਸਕਦਾ। ਮੈਨੂੰ ਉਹ 'ਮੁਕਾਬਲੇ' ਯਾਦ ਆਏ ਜਿਹਨਾਂ ਵਿਚ ਮੰਚ ਕਲਾਕਾਰਾਂ ਨੂੰ "ਖ਼ਤਰਨਾਕ ਨਕਸਲੀ" ਗਰਦਾਨ ਕੇ ਮਾਰ ਮੁਕਾਇਆ ਗਿਆ ਸੀ। [ ਸੀ. ਐੱਨ. ਐੱਮ. ਦੀ ਟੀਮ ਦੇ ਕਮਾਂਡਰ ਨਾਲ ਹੋਈ ਉਪਰੋਕਤ ਗੱਲਬਾਤ ਦੇ ਐਨ ਇਕ ਸਾਲ ਪਿੱਛੋਂ ਆਂਧਰਾ ਪੁਲਿਸ ਨੇ ਇਲਾਪੁਰਮ ਇਲਾਕੇ ਵਿਚ ਚੱਲ ਰਹੇ ਸੱਭਿਆਚਾਰਕ ਕੈਂਪ ਦੇ ਪੰਜ ਕਲਾਕਾਰਾਂ, ਜਿਹਨਾਂ ਵਿਚ ਨਵੇਂ ਕਲਾਕਾਰ ਵੀ ਸ਼ਾਮਲ ਸਨ, ਨੂੰ ਇਕ ਅਖਾਉਤੀ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ।) ਜੰਗਲ ਦੇ ਇਹ ਜ਼ਿੰਦਾ-ਦਿਲ ਸੱਭਿਆਚਾਰਕ ਕਲਾਕਾਰ ਵਾਕਈ ਖ਼ਤਰਨਾਕ ਹਨ। ਉਹਨਾਂ ਦੇ ਨਾਚ, ਗੀਤ, ਨਾਟਕ, ਭਾਸ਼ਣ ਸੱਭੇ ਹੀ ਹੱਕ ਅਤੇ ਸੱਚ ਦਾ ਸੁਨੇਹਾ ਦੇਂਦੇ ਹਨ ਅਤੇ ਜਨਤਾ ਨੂੰ ਉਸਦੀ ਅਣ-ਮਨੁੱਖੀ ਜ਼ਿੰਦਗੀ ਦਾ ਅਹਿਸਾਸ ਦੁਆ ਕੇ ਇਸ ਨੂੰ ਬਦਲ ਦੇਣ ਵਾਸਤੇ ਉਕਸਾਉਂਦੇ ਹਨ। ਕਲਾਕਾਰਾਂ ਦੇ ਗਰੇਅ ਹਾਉਂਡਜ਼ ਰਾਹੀਂ ਹੋਏ ਕਤਲਾਂ ਨੂੰ ਹਕੂਮਤ ਨੇ "ਮੁਕਾਬਲਿਆਂ" ਦਾ ਨਾਂਅ ਦੇਣ ਦੀ ਬਜਾਏ "ਭੇਦ ਭਰੇ ਕਤਲ" ਕਹਿਣ ਦਾ ਨਵਾਂ ਜਮਰਾ ਈਜਾਦ ਕੀਤਾ ਹੈ। ਕਲਾਕਾਰਾਂ ਤੋਂ ਇਲਾਵਾ ਕੁਝ ਪੱਤਰਕਾਰਾਂ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਕਾਰਕੁਨਾਂ ਨੂੰ ਵੀ ਇਸੇ ਤਰ੍ਹਾਂ ਕਤਲ ਕੀਤਾ ਗਿਆ ਹੈ। ਚੇਤਨਾ ਨਾਟਕ ਮੰਚ ਦੀ ਟੀਮ ਦਾ ਲੀਡਰ ਕਹਿੰਦਾ ਹੈ ਕਿ ਸਾਡੇ ਦੇਸ਼ ਵਿਚ ਕਲਮ ਅਤੇ ਸੱਭਿਆਚਾਰਕ ਤਰੀਕਿਆਂ ਨਾਲ ਲੋਕਾਂ ਨੂੰ ਜਾਗਰਿਤ ਕਰਨ ਦਾ ਹੱਕ ਵੀ ਨਹੀਂ ਦਿੱਤਾ ਗਿਆ। ਜਿਹੜੀ ਹਕੂਮਤ ਨਾਟਕਾਂ, ਗੀਤਾਂ ਅਤੇ ਲੇਖਾਂ ਤੋਂ ਖੌਫ਼ਜ਼ਦਾ ਹੋ ਕੇ ਜਬਰ ਉੱਤੇ ਉੱਤਰ ਪਵੇ ਉਹ ਟਿਕੀ ਨਹੀਂ ਰਹਿ ਸਕਦੀ, ਜ਼ਰੂਰ ਡਿੱਗੇਗੀ। ਸ਼ਹਿਰੀ ਆਜ਼ਾਦੀਆਂ ਬਾਰੇ ਸੱਚ ਦਾ ਖ਼ਲਾਸਾ ਕਰਦਿਆਂ ਉਹ ਕਹਿੰਦਾ ਹੈ:
'ਅਰੇ ਭਾਈ, ਕੈਸੀ ਆਜ਼ਾਦੀ? ਬੋਲਣਾ ਬੰਦ, ਲਿਖਣਾ ਬੰਦ, ਸੜਕ ਉੱਤੇ ਰੋਸ ਕਰਨਾ ਬੰਦ। ਜਾਂ ਤਾਂ ਤੁਹਾਨੂੰ ਜੇਲ੍ਹ ਹੋਵੇਗੀ, ਜਾਂ ਗੋਲੀ ਆਏਗੀ। ਦੇਖਿਆ ਗ਼ਦਰ ਦਾ
ਹਾਲ! ਘਰ ਵਿਚ ਹੀ ਗੋਲੀ ਮਾਰ ਦੇਣਾ ਚਾਹਿਆ। ਪੁਲਿਸ ਕਦੇ ਮੰਨੇਗੀ ਕਿ ਉਸ ਨੇ ਇਹ ਕੰਮ ਕੀਤਾ ਹੈ? ਕਦੇ ਨਹੀਂ। ਹਕੂਮਤ ਉਸਦੇ ਪੈਰਾਂ ਦੀ ਧਮਕ ਤੋਂ ਹੀ ਡਰ ਰਹੀ ਹੈ। ਉਸ ਦੇ ਘੁੰਗਰੂਆਂ ਦੀ ਛਨ ਛਨ ਤੋਂ ਬੌਖ਼ਲਾ ਰਹੀ ਹੈ। ਅਰੇ ਭਾਈ ਉਨ ਕੀ ਭੀ ਤੋਂ ਬੰਬਈ ਚਲਤੀ ਹੈ, ਵਹਾਂ ਕੀ ਗਲਾਜ਼ਤ ਔਰ ਨੰਗੇਪਨ ਸੇ ਉਨ੍ਹੇਂ ਕੋਈ ਕੋਫ਼ਤ ਨਹੀਂ ਹੋਤੀ, ਕੋਈ ਤਕਲੀਫ਼ ਨਹੀਂ ਹੋਤੀ। ਔਰ ਯਹਾਂ ਜਬ ਹਮ ਲੋਗੋਂ ਕੀ ਜਿੰਦਗੀ ਕੀ ਬਾਤ ਕਰਤੇ ਹੈਂ ਤੋ ਹੰਗਾਮਾ ਖੜ੍ਹਾ ਹੋ ਜਾਤਾ ਹੈ, ਕਯਾਮਤ ਆ ਜਾਤੀ ਹੈ।"
“ਪਰ ਤੁਹਾਡੇ ਗੀਤ ਤਾਂ ਬਗਾਵਤ ਦੇ ਭਰੇ ਹੋਏ ਨੇ। ਇਹਨਾਂ ਨੂੰ ਕੌਣ ਝੱਲੇਗਾ? ਕੋਈ ਵੀ ਹਕੁਮਤ ਬਗ਼ਾਵਤ ਉੱਠਣ ਦੇਂਦੀ ਹੈ ਕਿਤੇ?"
"ਸਹੀ ਹੈ। ਗੀਤਾਂ ਚੋਂ ਬਗ਼ਾਵਤ ਦੀ ਆਵਾਜ਼ ਨਿਕਲਦੀ ਹੈ, ਪਰ ਗੋਲੀ ਤਾਂ ਨਹੀਂ ਨਿਕਲਦੀ। ਇਹ ਗੀਤ ਤਾਂ ਹਾਲਤ ਦੀ ਪੈਦਾਵਾਰ ਨੇ। ਜਦ ਤਕ ਇਹ ਹਾਲਤ ਰਹੇਗੀ ਇਸ ਆਵਾਜ਼ ਨੂੰ ਕਿਵੇਂ ਬੰਦ ਕਰ ਲੈਣਗੇ ਉਹ! ਆਵਾਜ਼ ਤਾਂ ਆਵਾਜ਼ ਹੈ ਜਿਸਨੇ ਚਾਰੇ ਪਾਸੇ ਫੈਲ ਹੀ ਜਾਣੇ। ਇਸ ਨੂੰ ਨਾ ਰੋਕਿਆ ਜਾ ਸਕਦੈ, ਨਾ ਬੰਦ ਕੀਤਾ ਜਾ ਸਕਦੈ। ਲਿਖਣ, ਛਪਣ ਉੱਤੇ ਪਾਬੰਦੀ ਲੱਗ ਜਾਵੇ ਤਾਂ ਲੱਗ ਜਾਵੇ, ਗਾਉਣ ਨੂੰ ਨਹੀਂ ਰੋਕਿਆ ਜਾ ਸਕਦਾ। ਜ਼ੁਬਾਨ ਕੱਟਣਗੇ ਤਾਂ ਗੁਣਗੁਣਾ ਲਵਾਂਗੇ। ਗਲਾ ਹੀ ਕੱਟ ਸਕਦੇ ਨੇ। ਪਰ ਕਿੰਨਿਆਂ ਦਾ ਕੱਟ ਲੈਣਗੇ? ਕਿੰਨਿਆਂ ਕੁ ਦਾ? ਇੱਥੇ ਤਾਂ ਹਰ ਕੋਈ ਗਾਉਂਦਾ ਹੈ। ਹਰ ਕੋਈ ਨੱਚਦਾ ਹੈ।"
“ਪਰ ਗਲੇ ਤਾਂ ਉਹ ਕੱਟਦੇ ਹੀ ਰਹਿਣਗੇ।"
"ਅਸੀਂ ਫਿਰ ਵੀ ਗਾਉਂਦੇ ਹੀ ਰਹਾਂਗੇ। ਹਵਾ ਵਿਚ ਫੈਲੇ ਗੀਤ ਗਲੇ ਕੱਟਣ ਨਾਲ ਨਹੀਂ ਖ਼ਤਮ ਹੁੰਦੇ। ਤੁਸੀਂ ਸੁਣਿਐ ਉਹ ਜੰਗਲ ਦਾ ਗੀਤ? ਨਹੀਂ ਸੁਣਿਆ। ਇਸ ਨੂੰ ਜੰਗਲ ਦਾ ਹਰ ਵਾਸੀ ਗਾਉਂਦੇ।"
ਫਿਰ ਉਹ ਗਾਉਣ ਲੱਗਾ :
"ਜੁੰਬਕ ਜੁੰਬਕ ਜੁੰਬਕ ਬਾਲਾ, ਜੁੰਬਕ ਜੁੰਬਕ ਜੁੰਬ
ਬੋਲੋ। ਜੰਗਲ ਕੀ ਜੈ ਬੋਲੋ! ਓ... ਮਾਂ!
ਓ ਯਾਯਾ। ਜੰਗਲ ਕੀ ਜੇ ਬਲੋ! ਓ.. ਮਾਂ!
ਓ ਜੰਗਲ ਮਈਆ ਕੀ ਜੈ ਬੋਲੋ। ਓ.. ਮਾਂ।”
"ਇਸ ਗੀਤ ਨੂੰ ਕੌਣ ਮਾਰ ਸਕਦੈ? ਇਹਨੂੰ ਗਾਉਣ ਵਾਲੀ ਆਵਾਜ਼ ਨੂੰ ਕੌਣ ਮਾਰ ਸਕਦੇ? ਇਹ ਗੀਤ ਇਕ ਗੂੰਜ ਹੈ। ਇਕ ਸਰਵ-ਵਿਆਪਕ, ਅਨੰਤ ਗੂੰਜ! ਇਹ ਜੰਗਲ ਦੇ ਹਰ ਰੁੱਖ, ਹਰ ਝਾੜੀ, ਹਰ ਪੱਤੀ ਵਿਚੋਂ ਗੂੰਜਦੀ ਹੈ। ਇਹ ਹਵਾ ਵਿਚ ਹੈ, ਨਦੀਆਂ ਦੀ ਕਲ ਕਲ ਵਿਚ ਹੈ, ਧਰਤੀ ਦੇ ਹਰ ਟੁਕੜੇ, ਹਰ ਜ਼ੱਰ ਵਿਚ ਹੈ। ਇਹਨੂੰ ਕੌਣ ਮਾਰੇਗਾ? ਕੋਈ ਨਹੀਂ ਮਾਰ ਸਕਦਾ। ਕੋਈ ਵੀ ਨਹੀਂ। ਜੰਗਲ ਦੀ ਜੈ। ਜੰਗਲ ਉੱਪਰ ਜੰਗਲ ਵਾਲਿਆਂ ਦਾ ਹੱਕ। ਇਸ ਦੇ ਪਾਣੀਆਂ, ਖਣਿਜਾਂ, ਇਸ ਦੀ ਹਰ ਉਪਜ ਉੱਪਰ ਹੱਕ। ਇਹ ਜੰਗਲ ਦੇ ਵਸਨੀਕਾਂ ਦੀ ਗੂੰਜ ਹੈ। ਜੰਗਲ ਦੀ ਹਰ ਸ਼ੈਅ ਇਸ ਗੂੰਜ ਨਾਲ ਸਰਾਬੋਰ ਹੈ। ਇਹ ਗੂੰਜ ਮਰ ਨਹੀਂ ਸਕਦੀ।"
ਚੰਦਨ ਦੀ ਟੀਮ ਭਾਵੇਂ ਧੁਰ ਜੰਗਲ ਵਿਚ ਡੇਰਾ ਲਾਈ ਬੈਠੀ ਹੈ ਪਰ ਓਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਪਹੁੰਚੇ ਹੋਏ ਹਨ। ਰਾਤ ਡੂੰਘੀ ਪੱਸਰਦੀ ਜਾ ਰਹੀ ਹੈ। ਥਾਂ
ਥਾਂ ਧੁਣੀਆਂ ਲੱਗੀਆਂ ਹੋਈਆਂ ਹਨ ਜਿਹਨਾਂ ਦੁਆਲੇ ਟੋਲੀਆਂ ਬੈਠੀਆਂ ਦਿਖਾਈ ਦੇ ਰਹੀਆਂ ਹਨ। ਉਹ ਇਸ ਤਰਾਂ ਬੈਠੇ ਹਨ ਜਿਵੇਂ ਉਹਨਾਂ ਦਾ ਆਪਣੇ ਘਰੀਂ ਪਰਤਣ ਦਾ ਕੋਈ ਇਰਾਦਾ ਨਾ ਹੋਵੇ। ਕਿਸੇ ਟੋਲੀ ਵਿਚ ਗੀਤ ਚੱਲ ਰਹੇ ਹਨ, ਕਿਸੇ ਵਿਚ ਨਾਟਕਾਂ ਉਤੇ ਬਹਿਸ ਚੱਲ ਰਹੀ ਹੈ ਅਤੇ ਕਿਤੇ ਕਿਤੇ ਕੋਈ ਅੱਗ ਦੀ ਰੌਸ਼ਨੀ ਵਿਚ ਐਕਟਿੰਗ ਕਰਕੇ ਦਿਖਾਉਂਦਾ ਨਜ਼ਰ ਆ ਰਿਹਾ ਹੈ। ਸਭ ਪਾਸੇ ਮੌਜ-ਮੇਲੇ ਜਿਹਾ ਰੰਗ ਹੈ। ਜੰਗਲ ਦਾ ਅਜਿਹਾ ਦਿੱਸ਼ ਦੇਖਿਆਂ ਹੀ ਬਣਦਾ ਹੈ। ਪਿੰਡਾਂ ਦੀਆਂ ਸੱਥਾਂ ਵਿਚ ਲੱਗੀਆਂ ਧੂਣੀਆਂ ਅਤੇ ਜੰਗਲ ਵਿਚ ਜੜੀਆਂ ਸੱਥਾਂ ਦਾ ਨਜ਼ਾਰਾ ਅਲੱਗ ਅਲੱਗ ਹੈ। ਕੋਈ ਵੀ ਚਾਹੇਗਾ ਕਿ ਇਕ ਉਮਰ ਏਥੋਂ ਦੇ ਮਾਹੌਲ ਵਿਚ ਬੀਤ ਜਾਵੇ ਤੇ ਜ਼ਿੰਦਗੀ ਦਾ ਮਜ਼ਾ ਆ ਜਾਵੇ।
"ਈਸ਼ਵਰ ਭਾਈ, ਨੁਕਾ ਤਿਆਰ ਹੈ।"
"ਇਹ ਨੁਕਾ ਕੀ ਚੀਜ਼ ਹੈ? ਤੇ ਮੇਰਾ ਨਾਂਅ ਈਸ਼ਵਰ ਨਹੀਂ ਹੈ।" ਮੈਂ ਚੰਦਨ ਨੂੰ ਕਹਿੰਦਾ ਹਾਂ ਜਿਸਨੇ ਨੁਕਾ ਜਿਹੀ ਅਜੀਬ ਸ਼ੈਅ ਦਾ ਨਾਂਅ ਲਿਆ ਸੀ।
"ਨਾਂਅ ਤਾਂ ਈਸ਼ਵਰ ਭਾਈ ਕੋਈ ਵੀ ਹੋ ਸਕਦੈ। ਇਹਦੇ ਨਾਲ ਇਨਸਾਨ ਬਦਲ ਨਹੀਂ ਜਾਂਦਾ। ਬਰਾ ਤਾਂ ਨਹੀਂ?"
ਮੈਂ ਮੁਸਕਰਾ ਦਿੱਤਾ।
"ਨੂਕਾ," ਉਹ ਫਿਰ ਬੋਲਦਾ ਹੈ, "ਚੌਲਾਂ ਦੇ ਟੋਟੇ ਨੂੰ ਕਹਿੰਦੇ ਨੇ। ਛੋਟੇ ਛੋਟੇ ਬਾਰੀਕ ਟੁਕੜੇ। ਏਥੋਂ ਦੇ ਲੋਕ ਇਹੀ ਖਾਂਦੇ ਨੇ ਅਤੇ ਇਹੀ ਸਾਡੇ ਵਾਸਤੇ ਵੀ ਲੈ ਕੇ ਆਏ ਨੇਂ। ਖਾਣ ਦਾ ਮਜ਼ਾ ਆ ਜਾਵੇਗਾ ਕਿਉਂਕਿ ਹਰ ਘਰ ਤੋਂ ਇਕ ਇਕ ਲੱਪ ਇੱਕਠੀ ਕਰਕੇ ਬਣਾਏ ਗਏ ਨੇ। ਸਾਡੀ ਟੀਮ ਇਸੇ ਤਰ੍ਹਾਂ ਕਰਦੀ ਹੈ। ਬੱਸ ਜ਼ਰਾ ਧਿਆਨ ਨਾਲ ਚਬਾਉਣਾ, ਇਹ ਪਹਿਲਾਂ ਹੀ ਬਹੁਤ ਛੋਟੇ ਨੇ, ਵਿਚਾਰੇ ਮਿੱਧੇ ਜਾਣਗੇ।"
ਨੁਕਾ ਰੋੜਾਂ ਨਾਲ ਭਰਿਆ ਹੋਇਆ ਸੀ। ਧਿਆਨ ਨਾਲ ਚਬਾਉਣ ਦੀ ਗੱਲ ਚੰਦਨ ਨੇ ਇਸੇ ਲਈ ਕਹੀ ਸੀ। ਨੁਕਾ ਤੇ ਬੁਰਕਾ (ਲੋਕੀ) ਬਸਤਰ ਵਿਚ ਆਮ ਹੈ। ਇਸ ਦੀ ਸਬਜ਼ੀ ਹਰ ਘਰ ਵਿਚ 'ਚਾਅ' ਨਾਲ ਖਾਧੀ ਜਾਂਦੀ ਹੈ। ਘਰਾਂ ਦੇ ਵਿਹੜਿਆਂ ਵਿਚ ਲੋਕ ਇਸ ਦੇ ਬੀਜ ਸੁੱਟ ਦੇਂਦੇ ਹਨ। ਜਦ ਇਹ ਉੱਗਦੇ ਹਨ ਤਾਂ ਬੁਰਕੇ ਦੀਆਂ ਵੇਲਾਂ ਹਰ ਰੁੱਖ ਉੱਪਰ ਚੜ੍ਹੀਆਂ ਨਜ਼ਰ ਆਉਂਦੀਆਂ ਹਨ। ਲੋਕ ਇਹਨਾਂ ਨੂੰ ਸੁਕਾ ਕੇ ਤੂੰਬੇ ਬਣਾਉਂਦੇ ਹਨ ਜਿਹਨਾਂ ਨੂੰ ਉਹ ਤਾੜੀ ਦਾ ਰਸ ਅਤੇ ਪਾਣੀ ਸਾਂਭਣ ਵਾਸਤੇ ਵਰਤਦੇ ਹਨ। ਬਸਤਰ ਦੀ ਲੋਕੀ ਵਿਸ਼ੇਸ਼ ਕਿਸਮ ਦੀ ਹੈ, ਦੁਹਰੇ ਤੂੰਬੇ ਵਾਲੀ। ਹੇਠਾਂ ਵੱਡਾ, ਉੱਪਰ ਨਿੱਕਾ। ਜਿਵੇਂ ਕਈ ਵਾਰ ਬਿੱਜੜੇ ਦਾ ਆਲ੍ਹਣਾ ਹੁੰਦਾ ਹੈ, ਦੋ ਕਮਰਿਆਂ ਵਾਲਾ। ਦੋ ਤੂੰਬਿਆਂ ਵਾਲੀ ਲੋਕੀ ਪਹਿਲੀ ਨਜ਼ਰੇ ਅਜੀਬ ਤਰ੍ਹਾਂ ਦੀ ਲਗਦੀ ਹੈ।
"ਈਸ਼ਵਰ ਭਾਈ! ਨੁਕਾ ਕਿਵੇਂ ਲੱਗਾ?"
"ਇਕ ਦਮ ਨੰਬਰ ਇਕ। ਪਰ ਮੈਂ ਹੈਰਾਨ ਹਾਂ ਕਿ ਲੋਕ ਨੂਕੇ ਨੂੰ ਸਾਫ਼ ਕਿਉਂ ਨਹੀਂ ਕਰਦੇ? ਕੰਕਰ ਕਿਉਂ ਨਹੀਂ ਕੱਢਦੇ?"
“ਕਿਉਂਕਿ ਇਹ ਕੋਈ ਤਕਲੀਫ਼ ਨਹੀਂ ਦੇਂਦੇ। ਸਬਜ਼ੀ ਦੀ ਤਰੀ ਨਾਲ ਸਭ ਕੁਝ ਰਚ ਮਿਚ ਕੇ ਅੰਦਰ ਚਲਾ ਜਾਂਦਾ ਹੈ। ਮੈਂ ਇਸ ਉੱਤੇ ਇਕ ਡਰਾਮਾ ਲਿਖਣ ਦੀ ਸੋਚ ਰਿਹਾਂ ਤਾਂ ਕਿ ਉਹਨਾਂ ਨੂੰ ਸਮਝਾਇਆ ਜਾਵੇ ਕਿ ਨੂਕਾ ਸਾਫ਼ ਕਰਨਾ ਅਤੇ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ। ਵੈਸੇ ਹੀ ਕਹਿ ਦੇਣ ਨਾਲ ਗੱਲ ਨਹੀਂ ਬਣੇਗੀ। ਛੋਟੇ ਛੋਟੇ ਨਾਟਕ ਲੋਕਾਂ ਦੇ ਧੁਰ ਅੰਦਰ ਲਹਿ ਜਾਂਦੇ ਨੇ। ਅਸੀਂ ਇਵੇਂ ਹੀ ਕਰਾਂਗੇ।" ਚੰਦਨ ਨੂਕੇ
ਨੂੰ ਇਸ ਤਰ੍ਹਾਂ ਮਜ਼ੇ ਨਾਲ ਖਾ ਰਿਹਾ ਸੀ ਜਿਵੇਂ ਕੋਈ ਆਹਲਾ ਤੇ ਸਵਾਦ ਭਰਪੂਰ ਖਾਣਾ ਖਾ ਰਿਹਾ ਹੋਵੇ।
ਮੈਨੂੰ ਸ਼ਹਿਰਾਂ ਦੀਆਂ ਵੱਡੀਆਂ ਵੱਡੀਆਂ ਪੰਸਾਰੀ ਦੀਆਂ ਦੁਕਾਨਾਂ ਚੇਤੇ ਆ ਗਈਆਂ ਜਿੱਥੇ ਦੱਸ ਦੱਸ ਔਰਤਾਂ ਸਾਰਾ ਦਿਨ ਦਾਲਾਂ ਵਿੱਚੋਂ ਕੰਕਰ ਚੁਗਦੀਆਂ ਰਹਿੰਦੀਆਂ ਹਨ ਤਾਂਕਿ ਗਾਹਕ ਸ਼ਿਕਾਇਤ ਨਾ ਕਰੋ ਕਿ ਦਾਲ, ਚੌਲ ਜਾਂ ਅਜਵਾਇਣ ਵਿਚਲਾ ਕੋਈ ਰੋੜ ਉਹਨਾਂ ਦੇ ਖਾਣੇ ਦਾ ਸਵਾਦ ਕਿਰਕਿਰਾ ਕਰ ਗਿਆ। ਜਿੱਥੇ ਇਨਸਾਨ ਕੰਦ-ਮੂਲ ਤੋਂ ਮਿੱਟੀ ਝਾੜ ਕੇ ਉਸ ਨੂੰ ਸਿੱਧਾ ਹੀ ਖਾ ਜਾਣ ਦਾ ਆਦੀ ਹੋਵੇ ਓਥੇ ਚੌਲਾਂ ਵਿਚਲੇ ਕੰਕਰ ਉਸਨੂੰ ਬਹੁਤਾ ਨਹੀਂ ਚੁਭਦੇ। ਕਿਰਕਿਰੇਪਨ ਦਾ ਅਹਿਸਾਸ ਕਰਨ ਦੀ ਜਾਚ ਸ਼ਾਇਦ ਇਨਸਾਨ ਨੇ ਵਿਕਾਸ ਦੀਆਂ ਕਈ ਮੰਜ਼ਲਾਂ ਤੈਅ ਕਰਨ ਤੋਂ ਬਾਦ ਸਿੱਖੀ ਹੋਵੇਗੀ ਜਦੋਂ ਢਿੱਡ ਭਰਨਾ ਉਸ ਦੀ ਮਜਬੂਰੀ ਨਾ ਰਿਹਾ ਹੋਵੇਗਾ ਅਤੇ ਉਹ ਆਪਣੇ ਖਾਣੇ ਨੂੰ ਸਵਾਦਾਂ ਦਾ ਰੂਪ ਦੇਣ ਲੱਗਿਆ ਹੋਵੇਗਾ। ਅਜੇ ਵੀ ਗਰੀਬ ਲੋਕਾਂ ਦੇ ਭੋਜਨ ਵਿਚ ਕਿਰਕ ਦੀ ਮੌਜੂਦਗੀ ਇਕ ਆਮ ਜਿਹੀ ਗੱਲ ਹੈ। ਉਹ ਆਪਣਾ ਖਾਣਾ ਸੁੱਟ ਨਹੀਂ ਦੇਂਦੇ ਸਗੋਂ ਖਾ ਕੇ ਸ਼ੁਕਰ ਮਨਾਉਂਦੇ ਹਨ। ਲਜ਼ੀਜ਼ ਖਾਣਿਆਂ ਵਾਸਤੇ ਬਹੁਤਾਤ ਜ਼ਰੂਰੀ ਹੈ ਸੋ ਇਸਨੂੰ ਸਮਾਜ ਦਾ ਇਕ ਖ਼ਾਸ ਹਿੱਸਾ ਹੀ ਮਾਣਦਾ ਹੈ। ਬਾਕੀ ਦੇ ਲੋਕ ਬਿਨਾਂ ਤਕਲੀਫ਼ ਮਹਿਸੂਸ ਕੀਤਿਆਂ ਜੋ ਕੁਝ ਮਿਲੇ ਉਸਨੂੰ ਗਲੇ ’ਚੋਂ ਹੇਠਾਂ ਉਤਾਰ ਲੈਂਦੇ ਹਨ। ਨੱਕ ਮਾਰਨ ਦੀ ਅੱਯਾਸ਼ੀ ਸਿਰਫ਼ ਉਪਰਲੇ ਤਬਕੇ ਹੀ ਕਰਦੇ ਹਨ। ਚੰਦਨ ਦਾ ਨਾਟਕ ਲਿਖਣਾ ਤੇ ਖੇਡਣਾ ਕਬਾਇਲੀ ਸਵਾਦ ਨੂੰ ਕਿੰਨਾ ਕੁ ਬਦਲ ਦੇਵੇਗਾ, ਇਸ ਉੱਪਰ ਮੈਨੂੰ ਸ਼ੱਕ ਹੋਇਆ।
“ਚੰਦਨ ਭਾਈ! ਕਬਾਇਲੀ ਲੋਕ ਚੌਲਾਂ ਦੀ ਹੋਰ ਕੀ ਕੀ ਵਰਤੋਂ ਕਰਦੇ ਨੇ?" ਮੈਂ ਉਸ ਤੋਂ ਜਾਨਣਾ ਚਾਹਿਆ।
"ਸਵੇਰ ਦਾ ਨਾਸ਼ਤਾ ਚੌਲਾਂ ਦੀ ਪਿੱਛ ਦਾ ਹੋਵੇਗਾ। ਕਬਾਇਲੀ ਇਸ ਨੂੰ ਜਾਵਾ ਕਹਿੰਦੇ ਨੇ। ਮੁੱਠੀ ਭਰ ਚੌਲਾਂ ਨੂੰ ਢੇਰ ਸਾਰੇ ਪਾਣੀ ਵਿਚ ਕਾੜ੍ਹ ਕੇ ਜਾਵਾ ਤਿਆਰ ਹੁੰਦਾ ਹੈ। ਇਸ ਨੂੰ ਪੀ ਕੇ ਸਾਰਾ ਟੱਬਰ ਨਾਸ਼ਤਾ ਕਰਦਾ ਹੈ। ਜੇ ਤੁਸੀਂ ਇਸ ਨੂੰ ਹੋਰ ਵਧੀਆ ਬਨਾਉਣਾ ਚਾਹੋ ਤਾਂ ਬਾਜਰੇ ਦੀ ਵੀ ਇੱਕ ਮੁੱਠ ਪਾ ਲਵੋ। ਏਥੇ ਹੋਰ ਕੁਝ ਨਹੀਂ ਮਿਲਦਾ। ਚੌਲਾਂ ਤੋਂ ਚਿੜਵੇ ਵੀ ਤਿਆਰ ਹੁੰਦੇ ਹਨ ਜਿਹਨਾਂ ਨੂੰ ਤੇਲ ਦਾ ਤੜਕਾ ਲਾਕੇ ਤੇ ਲੂਣ ਮਿਰਚ ਪਾ ਕੇ ਖਾਧਾ ਜਾਂਦਾ ਹੈ।"
ਸਵੇਰ ਦਾ ਨਾਸ਼ਤਾ ਸੱਚੀਂ ਹੀ ਜਾਵੇ ਦਾ ਮਿਲਿਆ। ਪਤਲੀ ਫਿੱਕੀ ਪਿੱਛ। ਕਬਾਇਲੀ ਇਸ ਵਿਚ ਨਮਕ ਨਹੀਂ ਪਾਉਂਦੇ ਤੇ ਫਿੱਕੀ ਹੀ ਪੀਂਦੇ ਹਨ।
ਚੌਲ ਬਸਤਰ ਵਿਚ ਅਨੇਕਾਂ ਕਿਸਮਾਂ ਦੇ ਪੈਦਾ ਹੁੰਦੇ ਹਨ ਪਰ ਪੈਦਾਵਾਰ ਬਹੁਤ ਘੱਟ ਹੈ। ਕਬਾਇਲੀ ਕਿਸਾਨ ਨੂੰ ਦੂਸਰੀਆਂ ਸਭ ਥਾਵਾਂ ਦੇ ਗਰੀਬ ਕਿਸਾਨਾਂ ਵਾਂਗ, ਅਗਲੀ ਫ਼ਸਲ ਆਉਣ ਤੋਂ ਕਈ ਮਹੀਨੇ ਪਹਿਲਾਂ ਅਕਸਰ ਹੀ ਹਾਟ ਬਾਜ਼ਾਰਾਂ ਤੋਂ ਚੱਲ ਮੁੱਲ ਲੈ ਕੇ ਖਾਣੇ ਪੈਂਦੇ ਹਨ। ਗਰੀਬੀ ਦੀ ਅੱਤ ਕਿੰਨੀ ਕੁ ਹੈ ਇਸ ਦਾ ਅੰਦਾਜ਼ਾ ਉਹਨਾਂ ਖ਼ਬਰਾਂ ਤੋਂ ਲਗਾਇਆ ਜਾ ਸਕਦਾ ਹੈ ਜਿਹਨਾਂ ਵਿਚ ਕਬਾਇਲੀਆਂ ਵੱਲੋਂ ਭੋਜਨ ਖ਼ਾਤਰ ਬੱਚੇ ਵੇਚ ਦੇਣ ਦਾ ਜ਼ਿਕਰ ਹੁੰਦਾ ਹੈ। ਭੁੱਖ ਨਾਲ ਹੁੰਦੀਆਂ ਮੌਤਾਂ ਸੰਬੰਧੀ ਸਰਕਾਰੀ ਚੀਕ-ਚਿਹਾੜਾ ਭਾਵੇਂ ਕੁਝ ਵੀ ਕਹੀ ਜਾਵੇ ਪਰ ਇਹ ਉਹਨਾਂ ਇਲਾਕਿਆਂ ਵਿਚ ਆਮ ਵਰਤਾਰਾ ਹੈ ਜਿੱਥੇ ਗੁਰੀਲਿਆਂ ਦਾ ਅਸਰ ਅਜੇ ਨਹੀਂ ਪਹੁੰਚਿਆ। ਇਸ
ਦਾ ਅੰਦਾਜ਼ਾ ਨਾਲ ਲਗਵੇਂ ਸ਼ਹਿਰਾਂ ਦੇ ਚਕਲਿਆਂ ਤੋਂ ਵੀ ਲਗਾਇਆ ਜਾ ਸਕਦਾ ਹੈ ਜਿੱਥੇ ਕਬਾਇਲੀ ਔਰਤਾਂ ਜਿਸਮ-ਫਰੋਸ਼ੀ ਵਾਸਤੇ ਪਹੁੰਚਦੀਆਂ ਹਨ। ਬਿਨਾ ਸ਼ੱਕ, ਜਿਸਮ-ਫ਼ਰੋਸ਼ੀ ਅਤੇ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ, ਗੁਰੀਲਾ ਖੇਤਰਾਂ ਤੋਂ ਬਾਹਰ ਦਾ ਵਰਤਾਰਾ ਹਨ। ਕਾਲ ਦੀ ਹਾਲਤ ਬਣਦੀ ਹੈ ਤਾਂ ਕਬਾਇਲੀ ਪਿੰਡਾਂ ਦੇ ਪਿੰਡ ਗੁਰੀਲਿਆਂ ਦੇ ਸਾਥ ਨਾਲ ਵੱਡੇ ਪਿੰਡਾਂ ਤੇ ਕਸਬਿਆਂ ਵਿਚਲੇ ਗੁਦਾਮਾਂ ਨੂੰ ਕਬਜ਼ੇ ਵਿਚ ਕਰ ਲੈਂਦੇ ਹਨ ਅਤੇ ਹਰ ਕਿਸੇ ਨੂੰ ਅਨਾਜ ਵੰਡ ਦੇਂਦੇ ਹਨ। ਇਸ ਤਰ੍ਹਾਂ ਅਨਾਜ ਪੈਦਾ ਕਰਨ ਵਾਲਾ ਅਨਾਜ ਉੱਤੇ ਕਬਜ਼ਾ ਕਰ ਕੇ ਕਾਲ ਦੀ ਮਾਰ ਤੋਂ ਬਚਦਾ ਹੈ। ਜੇ ਗੁਰੀਲਾ ਲਹਿਰ ਓਥੇ ਵਿਕਸਤ ਨਾ ਹੋਈ ਹੁੰਦੀ ਤਾਂ ਅਜਿਹਾ ਨਾ ਸਿਰਫ਼ ਅਸੰਭਵ ਹੀ ਹੁੰਦਾ ਸਗੋਂ ਮੌਤਾਂ ਦੀ ਖ਼ਬਰ ਤੱਕ ਵੀ ਉਹਨਾਂ ਦੂਰ-ਦਰਾਜ਼ ਦੇ ਜੰਗਲਾਂ ਵਿਚੋਂ ਬਾਹਰ ਨਾ ਨਿਕਲਦੀ। ਅਜਿਹੀ ਖ਼ਬਰ ਤਾਂ ਕਦੇ ਕਦੇ ਸਿਰਫ਼ ਉਦੋਂ ਬਾਹਰ ਨਿਕਲਦੀ ਹੈ ਜਦੋਂ ਸੰਕਟ ਭਿਆਨਕ ਰੂਪ ਧਾਰਨ ਕਰ ਚੁੱਕਾ ਹੁੰਦਾ ਹੈ, ਜਦੋਂ ਹਕੀਕਤ ਨੂੰ ਛੁਪਾਉਣਾ ਅਸੰਭਵ ਹੋ ਜਾਂਦਾ ਹੈ। ਫਿਰ ਵੀ ਉਹਨਾਂ ਇੱਕਾ-ਦੁੱਕਾ ਖ਼ਬਰਾਂ ਉੱਪਰ ਅਜਿਹੀ ਅਣ-ਮਨੁੱਖੀ ਬਹਿਸ ਹੁੰਦੀ ਹੈ ਕਿ ਆਮ ਇਨਸਾਨ ਬੇ-ਬਸੀ ਵਿਚ ਹਾਕਮਾਂ ਨੂੰ ਗਾਹਲ ਕੱਢਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾਉਂਦਾ। ਜਿਵੇਂ ਕਿ: 'ਮੌਤਾਂ ਭੁੱਖ ਨਾਲ ਨਹੀਂ, ਪੇਟ ਦੀ ਬਿਮਾਰੀ ਕਾਰਨ ਹੋਈਆਂ ਹਨ; ਭੁੱਖ ਨਾਲ ਨਹੀਂ ਸਗੋਂ ਅੰਬਾਂ ਦੀਆਂ ਸੜੀਆਂ ਗੁਠਲੀਆਂ ਖਾਣ ਨਾਲ ਹੋਈਆਂ ਹਨ; ਭੁੱਖ ਨਾਲ ਨਹੀਂ, ਖਾਣਾ ਨਾ ਖਾਣ ਕਾਰਨ ਹੋਈਆਂ ਹਨ ਕਿਉਂਕਿ ਮਰਨ ਵਾਲੇ ਪਰਿਵਾਰ ਦੇ ਘਰ ਵਿਚ ਅਜੇ ਵੀ ਦਾਣਿਆਂ ਦਾ ਇਕ ਕਟੋਰਾ ਮੌਜੂਦ ਸੀ; ਭੁੱਖ ਨਾਲ ਨਹੀਂ ਸਗੋਂ ।' ਤੁਸੀਂ ਹਰ ਤਰ੍ਹਾਂ ਦੀ ਕਮੀਨਗੀ ਭਰੀ ਬਹਿਸ ਸੁਣੋਗੇ। ਪ੍ਰਧਾਨ ਮੰਤਰੀ ਤੱਕ ਦਾ ਇਸ ਉੱਪਰ ਭਾਸ਼ਨ ਕਿ 'ਭੁੱਖ ਤੋਂ ਹੋਣ ਵਾਲੀਆਂ ਮੌਤਾਂ ਦੀ ਖ਼ਬਰ ਝੂਠੀ ਹੈ ਕਿਉਂਕਿ ਦੇਸ਼ ਕੋਲ ਵਾਧੂ ਅਨਾਜ ਦਾ ਬਹੁਤ ਵੱਡਾ ਭੰਡਾਰ ਮੌਜੂਦ ਹੈ, ਜੋ ਲੋਕਾਂ ਤੱਕ ਅਨਾਜ ਨਹੀਂ ਪਹੁੰਚ ਰਿਹਾ ਤਾਂ ਸਰਕਾਰੀ ਅਮਲਾ ਫੈਲਾ ਇਸ ਨੂੰ ਪਹੁੰਚਾ ਦੇਵੇ... ਵਗ਼ੈਰਾ ਵਗੈਰਾ, ਵਗ਼ੈਰਾ। ਸੋ ਗੁਰੀਲੇ ਅਜਿਹੀ ਤਿਕੜਮ ਸੁਨਣ ਦੀ ਬਜਾਏ ਅਤੇ ਅਮਲੇ-ਫ਼ੈਲੇ ਦੀ 'ਮਿਹਰ' ਉਡੀਕਣ ਦੀ ਬਜਾਇ ਲੋਕਾਂ ਨੂੰ ਖ਼ੁਦ ਹੀ ਗੋਦਾਮਾਂ ਤਕ ਪਹੁੰਚ ਜਾਣ ਵਾਸਤੇ ਉਭਾਰਦੇ ਹਨ। ਤੇ ਫਿਰ ਉਡੀਕ ਕਰਦੇ ਹਨ ਕਿ ਖ਼ਬਰ ਆਵੇ ਤੇ ਦੱਸੋ ਕਿ ਜੰਗਲ ਦੇ "ਲੁਟੇਰੇ" ਅਨਾਜ ਲੁੱਟ ਕੇ ਲੈ ਗਏ। 'ਲੁਟੇਰੇ' ਜਦ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਦੇ ਹਨ ਤਾਂ ਇਹ ਬਗਾਵਤੀ ਲਹਿਰ ਬਣ ਜਾਂਦੀ ਹੈ, ਲੁੱਟ-ਖਸੁੱਟ ਕਰਨ ਵਾਲੇ ਲੁੱਟ ਲਏ ਜਾਂਦੇ ਹਨ।
ਰਾਤ ਲੰਬੇ ਸਮੇਂ ਤਕ ਅੱਗ ਦੁਆਲੇ ਗੀਤਾਂ ਦੀ ਮਹਿਫ਼ਿਲ ਚੱਲਦੀ ਰਹੀ। ਰਸੀਲੀਆਂ ਪਿਆਰੀਆਂ ਧੁਨਾਂ ਵਾਲੇ, ਮੱਧਮ ਲੈਅ ਵਿਚ ਗਾਏ ਜਾਂਦੇ ਗੌਂਡ ਗੀਤ, ਜੰਗਲ ਵਿਚ ਰੁਮਕਦੀ ਪੌਣ ਵਾਂਗ ਹੀ ਥਿਰਕਦੇ ਮਹਿਸੂਸ ਹੁੰਦੇ ਹਨ। ਕੋਈ ਸ਼ੋਰ-ਸ਼ਰਾਬਾ ਨਹੀਂ, ਕੰਨ ਪਾੜਵੀਆਂ ਚੀਕਾਂ ਨਹੀਂ, ਸਾਜ਼ਾਂ ਦਾ ਬੇ-ਸੁਰਾ ਚੀਕ-ਚਿਹਾੜਾ ਨਹੀਂ। ਮਿੱਠੀਆਂ-ਮਿੱਠੀਆਂ ਹੇਕਾਂ ਵਾਲੇ ਮਿੱਠੇ ਪਿਆਰੇ ਗੀਤ! ਤਕਰੀਬਨ ਹਰ ਗੀਤ ਵਿਚ ਹੀ ਨਾਨ (ਭੈਣ) ਅਤੇ ਦਾਦਾ (ਭਰਾ) ਦਾ ਜ਼ਿਕਰ ਹੈ, ਯਾਨਿ, ਦੋਵਾਂ ਦੇ ਸਵਾਲ ਜਵਾਬ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਸਿੱਧੇ-ਸਾਦੇ ਯਥਾਰਥ ਨੂੰ ਸਿੱਧੇ ਤੇ ਸਰਲ ਸ਼ਬਦਾਂ ਵਿਚ ਵਿਅੱਕਤ ਕਰਦੇ ਹਨ। ਜਾਂ ਫਿਰ ਇਹ ਪੰਛੀਆਂ ਨੂੰ ਸੰਬੋਧਤ ਹਨ ਅਤੇ ਕਬਾਇਲੀ ਜ਼ਿੰਦਗੀ ਦੀ ਹਕੀਕਤ
ਨੂੰ ਪੇਸ਼ ਕਰਦੇ ਹਨ।
ਸੌਣ ਵੇਲੇ ਪਿੰਡਾਂ ਤੋਂ ਆਏ ਮੁੰਡੇ ਕੁੜੀਆਂ ਤੇ ਮਰਦ ਔਰਤਾਂ ਆਪਣੇ ਆਪਣੇ ਪਰਨੇ ਉੱਪਰ ਲੈ ਕੇ ਅੱਗਾਂ ਦੁਆਲੇ ਸੌਂ ਗਏ। ਸੱਭਿਆਚਾਰਕ ਟਲੀ ਆਪਣੀਆਂ ਜਿੰਨੀਆਂ ਵੀ ਝਿੱਲੀਆਂ ਉਹਨਾਂ ਨੂੰ ਦੇ ਸਕਦੀ ਸੀ, ਦੇ ਦਿੱਤੀਆਂ, ਬਾਕੀ ਦੇ ਨੰਗੀ ਜ਼ਮੀਨ ਉੱਤੇ ਹੀ ਸੁੱਤੇ। ਫਿਰ ਵੀ ਇਹ ਕਹਿਣਾ ਪਵੇਗਾ ਕਿ ਪੂਰੀ ਤਰ੍ਹਾਂ ਕੋਈ ਵੀ ਨਹੀਂ ਸੁੱਤਾ। ਕਦੇ ਕਿਸੇ ਨੇ ਉੱਠ ਕੇ ਮੱਧਮ ਪੈਂਦੀ ਅੱਗ ਵਿਚ ਹੋਰ ਲੱਕੜਾਂ ਡਾਹ ਦਿੱਤੀਆਂ, ਕੋਈ ਟਾਰਚ ਲੈਕੇ ਲੱਕੜਾਂ ਇਕੱਠੀਆਂ ਕਰਨ ਚਲਾ ਗਿਆ, ਕਿਸੇ ਨੂੰ ਬੁਖ਼ਾਰ ਦੀ ਸ਼ਿਕਾਇਤ ਹੋ ਗਈ ਤੇ ਚੰਦਨ ਦਵਾਈਆਂ ਦਾ ਡੱਬਾ ਚੁੱਕੀ ਪਹੁੰਚ ਗਿਆ, ਕੋਈ ਉਂਜ ਹੀ ਉੱਠ ਕੇ ਬੈਠ ਗਿਆ ਤੇ ਅੰਗਾਰਿਆਂ ਨਾਲ ਖੇਡਣ ਲੱਗ ਪਿਆ। ਨਿਸ਼ਚੇ ਹੀ ਇਹ ਰਾਤ ਮੇਰੀਆਂ ਪਿਛਲੀਆਂ ਬੀਤੀਆਂ ਤਿੰਨ ਰਾਤਾਂ ਨਾਲੋਂ ਵੱਖਰੀ ਸੀ। ਉਹਨਾਂ ਵਿਚ ਚੁੱਪ-ਚਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਪਰ ਏਥੇ 9-10 ਥਾਵਾਂ ਉੱਪਰ ਅੱਗਾਂ ਬਲ ਰਹੀਆਂ ਸਨ ਅਤੇ ਲੋਕਾਂ ਦਾ ਝੁਰਮੁਟ ਸੀ।
ਸੁਬਹ, ਮੂੰਹ-ਹਨੇਰੇ, ਉਸੇ ਤਰ੍ਹਾਂ ਵਿਸਲ ਹੋਈ ਜਿਵੇਂ ਖੇਮੇ ਵਿਚ ਹੁੰਦੀ ਸੀ। ਅੱਧੇ ਘੰਟੇ ਬਾਦ ਹਰ ਕੋਈ ਤਿਆਰ-ਬਰ-ਤਿਆਰ ਹਾਜ਼ਰੀ ਦੀ ਕਤਾਰ ਵਿਚ ਪਹੁੰਚ ਗਿਆ। ਕਸਰਤ ਦਾ ਸਮਾਂ ਸੱਭਿਆਚਾਰਕ ਟੋਲੀ ਨੇ ਵੀ ਕੱਢਿਆ। ਕਸਰਤ ਆਮ ਹਾਲਤਾਂ ਵਿਚ ਇਕ ਬਾਕਾਇਦਾ ਕਾਰਜ ਵਜੋਂ ਹੈ।
ਜਾਵੇ ਦਾ ਗਿਲਾਸ ਜਦ ਮੈਂ ਮੂੰਹ ਨੂੰ ਲਾਇਆ ਤਾਂ ਫਿੱਕਾ ਲੱਗਣ ਤੇ ਨਮਕ ਲੈਣ ਮੁੜਿਆ।
"ਨਮਕ।” ਮੈਂ ਐਨਾ ਹੀ ਕਿਹਾ।
ਪਿੱਛ ਵਰਤਾਉਣ ਵਾਲੀ ਕੁੜੀ ਨੇ ਜਾਵੇ ਦਾ ਇਕ ਕੱਪ ਹੋਰ ਭਰਿਆ ਤੇ ਮੇਰੇ ਗਲਾਸ ਵਿਚ ਪਾਉਣ ਨੂੰ ਅਹੁਲੀ।
ਗਲਾਸ ਉੱਪਰ ਹੱਥ ਰੱਖ ਕੇ ਮੈਂ ਫਿਰ ਕਿਹਾ, "ਨਮਕ।"
ਉਸ ਨੇ ਚਾਹ ਵਰਤਾਉਣ ਵਾਲੇ ਲੜਕੇ ਵੱਲ ਦੇਖਿਆ ਤੇ ਪੁੱਛਿਆ ਕਿ ਮੈਂ ਕੀ ਮੰਗਦਾ ਹਾਂ। ਮੈਂ ਉਸ ਨੂੰ ਵੀ ਕਿਹਾ ਕਿ ਮੈਂ ਲੂਣ ਮੰਗ ਰਿਹਾ ਸਾਂ। ਉਹ ਵੀ ਮੇਰੇ ਵੱਲ ਡੋਰ ਭੌਰ ਦੇਖਣ ਲੱਗਾ। ਤਦ ਮੈਂ ਚੰਦਨ ਵੱਲ ਮੁੜਿਆ।
“ਯਾਰ, ਗੌਂਡੀ ਵਿਚ ਨਮਕ ਨੂੰ ਕੀ ਕਹਿੰਦੇ ਨੇ?"
“ਅੱ...ਰ...ਰੇ, ਓਵੜ, ਓਵੜ, ਓਵੜ। ਈਸ਼ਵਰ ਭਾਈ ਨੂੰ ਓਵੜ ਦਿਓ।” ਚੰਦਨ ਦੇ ਅੰਦਾਜ਼ ਅਤੇ ਨਮਕ ਤੇ ਓਵੜ ਦੇ ਰੇੜਕੇ ਉੱਤੇ ਸਾਰੇ ਹੱਸ ਪਏ। ਬਾਕੀ ਸਾਰੇ ਹੀ ਫਿੱਕੀ ਪਿੱਛ ਪੀ ਰਹੇ ਸਨ, ਕਿਸੇ ਹੋਰ ਨੂੰ ਨਮਕ ਦੀ ਜ਼ਰੂਰਤ ਨਹੀਂ ਸੀ। ਰਾਤ ਵੇਲੇ ਦਾ ਬਚਿਆ ਨਮਕ ਕਿਸੇ ਨੇ ਪੱਤਿਆਂ ਵਿਚ ਲਵੇਟ ਕੇ ਇਕ ਦਰੱਖ਼ਤ ਦੇ ਮੁੱਢ ਵਿਚ ਟਿਕਾਇਆ ਹੋਇਆ ਸੀ। ਉਹ ਉਸ ਪੁੜੀ ਨੂੰ ਉਠਾ ਲਿਆਇਆ ਤੇ ਮੇਰੇ ਸਾਹਮਣੇ ਕਰ ਦਿੱਤੀ।
"ਸੋ ਅੱਗੇ ਤੋਂ ਮੈਂ ਓਵੜ ਮੰਗਿਆ ਕਰਾਂ। ਲਿਆਓ ਬਈ, ਓਵੜ।" ਨਮਕ ਦੀ ਇਕ ਚਟਕੀ ਲੈ ਕੇ ਮੈਂ ਗਿਲਾਸ ਵਿਚ ਪਾਈ ਤੇ ਦਰੱਖ਼ਤ ਤੋਂ ਇਕ ਟਾਹਣੀ ਤੋੜ ਕੇ ਇਸ ਨੂੰ ਖੋਰਨ ਲੱਗਾ।
ਬਸਤਰ ਦੇ ਹਾਟ ਬਾਜ਼ਾਰਾਂ ਵਿਚ ਵਿਕਣ ਵਾਲਾ ਸਭ ਤੋਂ ਘਟੀਆ ਨਮਕ! ਚਾਲੀ
ਸਾਲ ਪਹਿਲਾਂ ਅਜਿਹਾ ਨਮਕ ਸਾਡੇ ਸ਼ਹਿਰ ਵਿਚ ਮੇਰੇ ਸਕੂਲ ਜਾਂਦੀ ਸੜਕ ਉੱਤੇ ਬੋਰੀਆਂ ਵਿਛਾ ਕੇ ਸੁੱਕਣੇ ਪਾਇਆ ਹੁੰਦਾ ਸੀ। ਅਸੀਂ ਇਹਨਾਂ ਬੋਰੀਆਂ ਉੱਤੇ ਠੱਪ ਠੱਪ ਪੈਰ ਧਰਦੇ ਨਿਕਲ ਜਾਂਦੇ ਹੁੰਦੇ ਸਾਂ। ਓਦੋਂ ਇਹ ਸਮਝ ਨਹੀਂ ਸੀ ਆਉਂਦੀ ਕਿ ਇਸ ਗੰਦੇ ਨਮਕ ਦਾ ਦੁਕਾਨ ਵਾਲੇ ਕੀ ਕਰਦੇ ਹਨ। ਉਹੀ ਗੰਦਾ ਨਮਕ ਬਸਤਰ ਵਿਚ ਅੱਜ ਵੀ ਇਕ ਬਹੁਮੁੱਲੀ ਚੀਜ਼ ਹੈ ਜਿਸ ਦੀ ਇਕ ਮੁੱਠੀ ਹਾਸਲ ਕਰਨ ਲਈ ਮਹੂਏ ਦੇ ਢੇਰ ਸਾਰੇ ਸੁਕਾਏ ਹੋਏ ਫੁੱਲ ਕੀਮਤ ਦੇ ਰੂਪ ਵਿਚ ਚਾਹੀਦੇ ਹਨ।
ਉਹਨਾਂ ਨੂੰ ਪਿੱਛ ਵਿੱਚ ਮੇਰਾ ਨਮਕ ਪਾਉਣਾ ਅਜੀਬ ਜਿਹਾ ਲੱਗਾ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਪਿੱਛ ਦਾ ਨਾਸ਼ਤਾ ਹੀ ਮੇਰੇ ਵਾਸਤੇ ਅਜੀਬ ਚੀਜ਼ ਸੀ ਜੋ ਮੈਂ ਪਹਿਲੀ ਵਾਰ ਕਰ ਰਿਹਾ ਸਾਂ। ਜਾਣ ਜਾਂਦੇ ਤਾਂ ਯਕੀਨਨ ਹੋਰ ਵੀ ਹੈਰਾਨ ਹੁੰਦੇ। ਇਸ ਨਾਸ਼ਤੇ ਦਾ ਉਹਨਾਂ ਨੇ ਪੁਰਾ ਮਜ਼ਾ ਲਿਆ। ਕਿਸੇ ਨੇ ਦੋ, ਕਿਸੇ ਨੇ ਤਿੰਨ ਗਿਲਾਸ ਪੀਤੇ।
“ਈਸ਼ਵਰ ਭਾਈ, ਮਜ਼ਾ ਹੀ ਮਜ਼ਾ ਹੈ! ਸਵੇਰੇ ਜਾਵਾ, ਦੁਪਹਿਰੇ ਨੂਕਾ, ਸ਼ਾਮ ਨੂੰ ਵੀ ਨੂਕਾ। ਜੇ ਧਰਤੀ ਉੱਤੇ ਚੌਲ ਨਾ ਪੈਦਾ ਹੋਇਆ ਹੁੰਦਾ ਤਾਂ ਅੱਜ ਇਹ ਕਬਾਇਲੀ ਲੋਕ ਏਥੇ ਮੌਜੂਦ ਨਾ ਹੁੰਦੇ। ਨਾ ਹੀ ਤੁਸੀਂ ਤੇ ਮੈਂ ਏਥੇ ਪਹੁੰਚਦੇ। ਇਹ ਚੌਲਾਂ ਦਾ ਹੀ ਕ੍ਰਿਸ਼ਮਾ ਹੈ ਕਿ ਜੰਗਲ ਵਿਚ ਮੰਗਲ ਲੱਗਾ ਹੋਇਆ ਹੈ।"
ਸਹੀ ਹੈ। ਚੌਲ, ਤਾੜੀ ਦਾ ਰਸ, ਤੇ ਮੱਛੀ। ਇਹਨਾਂ ਤਿੰਨਾਂ ਦਾ ਯੋਗ ਹੈ ਬਸਤਰ ਦਾ ਕਬਾਇਲੀ।
ਕੱਪੜੇ ਬਿਨਾ ਸਰ ਸਕਦਾ ਹੈ, ਛੱਤ ਬਿਨਾ ਚੱਲ ਸਕਦਾ ਹੈ ਪਰ ਇਹ ਤਿੰਨੇ ਚੀਜ਼ਾਂ ਓਥੇ ਜ਼ਿੰਦਗੀ ਦੀ ਮੁੱਢਲੀ ਸ਼ਰਤ ਬਣ ਚੁੱਕੀਆਂ ਹਨ। ਤਾੜੀ ਅੱਜ ਦੀ ਸੱਜਰੀ ਉੱਤਰੀ ਹੈ ਤਾਂ ਇਹ ਮਿੱਠਾ ਰਸ ਹੈ। ਕੱਲ ਨੂੰ ਇਹ ਹਲਕੀ ਸ਼ਰਾਬ ਬਣ ਜਾਵੇਗੀ। ਪਰਸੋਂ ਇਕ ਬੇ-ਫ਼ਾਇਦਾ ਚੀਜ਼ ਵਿਚ ਵਟ ਜਾਵੇਗੀ ਅਤੇ ਸੁੱਟ ਦਿੱਤੀ ਜਾਵੇਗੀ।
ਨਾਸ਼ਤੇ ਤੋਂ ਬਾਦ ਕੂਚ ਦੀ ਤਿਆਰੀ ਹੋਈ। ਟੀਮ ਨੂੰ ਏਥੇ ਡੇਰਾ ਲਾਇਆ ਤਿੰਨ ਦਿਨ ਬੀਤ ਚੁੱਕੇ ਸਨ। ਜੇ ਬੀਤੀ ਸ਼ਾਮ ਅਸੀਂ ਏਥੇ ਨਾ ਪਹੁੰਚੇ ਹੁੰਦੇ ਤਾਂ ਫਿਰ ਕਿਸੇ ਹੋਰ ਪਿੰਡ ਵਿਚ ਇਹਨਾਂ ਨਾਲ ਮੇਲ ਹੋਇਆ ਹੁੰਦਾ। ਦੁਪਹਿਰ ਤਕ ਅਸੀਂ ਆਪਣੇ ਨਵੇਂ ਸਥਾਨ ਉੱਪਰ ਪਹੁੰਚ ਗਏ। ਇਕ ਘੰਟੇ ਦੇ ਆਰਾਮ ਪਿੱਛੋਂ ਹਰ ਕਿਸੇ ਨੇ ਕਿਤਾਬਾਂ, ਕਾਪੀਆਂ ਤੇ ਸਲੇਟਾਂ ਕੱਢ ਲਈਆਂ। ਕਲਚਰਲ ਟੀਮ ਪੜ੍ਹਾਈ ਉੱਪਰ ਵਾਹਵਾ ਤਵੱਜੋਂ ਦੇਂਦੀ ਹੈ। ਸਵੇਰ, ਸ਼ਾਮ, ਦੋ ਵਾਰ।
ਰਸੋਈ ਦਾ ਚਾਰਜ ਰਜਨੀ ਕੋਲ ਹੈ। ਰਜਨੀ, ਉੱਨੀ-ਵੀਹ ਸਾਲ ਦੀ ਕਬਾਇਲੀ ਕੁੜੀ। ਸੁਹਣਾ ਗਾਉਂਦੀ ਅਤੇ ਨੱਚਦੀ ਹੈ। ਜਦ ਮੈਂ ਉਸ ਕੋਲ ਪਹੁੰਚਿਆ ਤਾਂ ਉਹ ਹਲਵਾ-ਕੱਦੂ ਛਿੱਲ ਰਹੀ ਸੀ।
ਮੈਂ ਉਸ ਤੋਂ ਉਸ ਸਬਜ਼ੀ ਦਾ ਗੌਂਡੀ ਵਿਚ ਨਾਂ ਪੁੱਛਿਆ। ਉਹ ਮੇਰੀ ਗੱਲ ਨਹੀਂ ਸਮਝੀ ਤੇ ਖਿੜ ਖਿੜਾ ਕੇ ਹੱਸ ਪਈ। ਡਾਹਢੀ ਸਮੱਸਿਆ ਹੈ। ਦੁਭਾਸ਼ੀਆ ਕਮਾਂਡਰ ਵੀ ਹੈ ਤੇ ਇਕ ਮਸਰੂਫ਼ ਵਿਅਕਤੀ ਹੈ। ਉਸ ਉੱਪਰ ਹੀ ਨਿਰਭਰ ਕਰਨ ਤੋਂ ਸਿਵਾਏ ਮੇਰੇ ਕੋਲ ਕੋਈ ਚਾਰਾ ਨਹੀਂ। ਫਿਰ ਵੀ ਮੈਂ ਹਲਵਾ-ਕੱਦੂ ਉਠਾਉਂਦਾ ਹਾਂ ਤੇ ਉਸ ਤੋਂ ਇਸ਼ਾਰੇ ਨਾਲ ਦੁਬਾਰਾ ਨਾਂਅ ਪੁੱਛਦਾ ਹਾਂ।
"ਗੁੱਮੜ੍ਹ," ਉਹ ਜਵਾਬ ਦੇਂਦੀ ਹੈ।
ਗੁੱਮੜ੍ਹ ਦੇ ਛਿਲਕੇ ਦੀ ਸਬਜ਼ੀ ਦਾ ਉਹਨਾਂ ਕਦੇ ਸਵਾਦ ਨਹੀਂ ਚੱਖਿਆ। ਜਦ ਮੈਂ ਰਜਨੀ ਨੂੰ ਕਹਿੰਦਾ ਹਾਂ ਕਿ ਛਿਲਕੇ ਦੀ ਸਬਜ਼ੀ ਬਣ ਸਕਦੀ ਹੈ ਸੋ ਇਸ ਨੂੰ ਜ਼ਾਇਆ ਨਾ ਕਰੇ ਤਾਂ ਉਹ ਫਿਰ ਹੱਸ ਉੱਠਦੀ ਹੈ। ਗੁੱਮੜ੍ਹ ਦਾ ਛਿਲਕਾ ਵੀ ਕੋਈ ਚੀਜ਼ ਹੈ ਕਿ ਇਸ ਦੀ ਸਬਜ਼ੀ ਬਣਾਈ ਜਾ ਸਕੇ! ਪਰ ਉਹ ਮੰਨ ਗਈ ਤੇ ਛਿਲਕੇ ਅਲੱਗ ਪੱਤਿਆਂ ਉੱਪਰ ਇਕੱਠੇ ਕਰਨ ਲੱਗੀ। ਜਦ ਛਿਲਕਿਆਂ ਦੀ ਸਬਜ਼ੀ ਤਿਆਰ ਹੋਈ ਤਾਂ ਉਸਨੇ ਚਟਖ਼ਾਰੇ ਮਾਰ ਮਾਰ ਖਾਧੀ।
ਰਜਨੀ ਦੋ ਸਾਲ ਤੋਂ ਇਸ ਟੀਮ ਦਾ ਹਿੱਸਾ ਹੈ। ਰਾਤ ਦੇ ਖਾਣੇ ਤੋਂ ਬਾਦ ਮੈਂ ਚੰਦਨ ਨੂੰ ਨਾਲ ਲੈਂਦਾ ਹਾਂ ਤੇ ਰਜਨੀ ਨਾਲ ਗੱਲਬਾਤ ਕਰਦਾ ਹਾਂ।
"ਰਜਨੀ, ਤੇਰੀ ਉਮਰ ਕਿੰਨੀ ਹੈ?"
ਉਹ ਹੱਸ ਪੈਂਦੀ ਹੈ ਕਿ ਇਹ ਕੀ ਸਵਾਲ ਹੋਇਆ।
"ਫਿਰ ਵੀ, ਮੈਂ ਜਾਨਣਾ ਚਾਹੁੰਦਾ ਹਾਂ।"
ਉਹ ਤਿੰਨ ਚਾਰ ਵਾਰ ਪੋਟਿਆਂ ਉੱਪਰ ਦੁਸਰੇ ਹੱਥ ਦੀਆਂ ਉਂਗਲਾਂ ਫੇਰ ਕੇ ਗਿਣਦੀ ਹੈ ਤੇ ਫਿਰ ਪੂਰੇ ਯਕੀਨ ਨਾਲ ਕਹਿੰਦੀ ਹੈ, "ਪੰਜ ਸਾਲ।”
ਉਸ ਨੂੰ ਪੱਕਾ ਯਕੀਨ ਹੈ ਕਿ ਉਸ ਨੇ ਸਾਲਾਂ ਨੂੰ ਗਲਤ ਨਹੀਂ ਗਿਣਿਆ। ਸਕੂਲ ਉਹ ਕਦੇ ਗਈ ਨਹੀਂ ਸੀ, ਸਹੇਲੀਆਂ ਉਸਦੀਆਂ ਦੇ ਵਿਆਹ ਹੋ ਚੁੱਕੇ ਸਨ ਪਰ ਸਾਲਾਂ ਦੇ ਬੋਝ ਨੂੰ ਗਿਣਨਾ ਉਸ ਦੇ ਵੱਸ ਵਿਚ ਨਹੀਂ ਸੀ। ਜਦ ਉਸ ਨੂੰ ਦੱਸਿਆ ਗਿਆ ਕਿ ਪੰਜ ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਹੈ ਤਾਂ ਉਹ ਚਕਰਾਅ ਗਈ। ਪਰ ਵੀਹ ਕਿੰਨੇ ਕੁ ਹੁੰਦੇ ਹਨ ਇਸ ਦਾ ਅੰਦਾਜ਼ਾ ਉਸ ਦੇ ਵੱਸ ਤੋਂ ਬਾਹਰ ਹੈ। ਸਵੇਰੇ ਹਾਜ਼ਰੀ ਸਮੇਂ ਸਤਵੇਂ ਤੋਂ ਬਾਦ ਅਠਵੇਂ ਨੇ ਕਿਹਾ ਸੀ ਕਿ ਉਹ ਨੌਵਾਂ ਸੀ, ਗਿਆਰਵੇਂ ਤੋਂ ਬਾਦ ਬਾਰ੍ਹਵੇਂ ਨੇ ਕਿਹਾ ਕਿ ਉਹ ਪੰਦਰਵਾਂ ਸੀ।
ਛੱਤੀਸਗੜ੍ਹ ਦੇ ਜੰਗਲ ਦੀ ਉਪਜ ਹਜ਼ਾਰਾਂ ਕਰੋੜਾਂ ਨੂੰ ਜਾ ਪਹੁੰਚਦੀ ਹੈ। ਗੌਂਡ ਕਬਾਇਲੀ ਵਾਸਤੇ ਇਸ ਸੰਖਿਆ ਨੂੰ ਜਾਣ ਪਾਉਣਾ ਅਜਿਹੀ ਚੀਜ਼ ਹੈ ਜਿਹੜੀ ਅੰਬਰ ਤੋਂ ਤਾਰੇ ਤੋੜਣ ਦੇ ਬਰਾਬਰ ਹੈ। ਪੰਜ, ਪੰਜ ਸੋ, ਪੰਜ ਹਜ਼ਾਰ, ਅਤੇ ਪੰਜ ਹਜ਼ਾਰ ਕਰੋੜ! ਇਹ ਪੰਜ ਹਜ਼ਾਰ ਕਰੋੜ ਰੁਪੱਈਆ ਕਿੰਨਾ ਹੁੰਦਾ ਹੈ ਇਸ ਨੂੰ ਅਜੀਤ ਯੋਗੀ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਦਿੱਲੀ ਦਾ ਨਿੱਕੇ ਤੋਂ ਨਿੱਕਾ ਵਪਾਰੀ ਵੀ। ਪਰ ਰਜਨੀ ਵਾਸਤੇ ਇਹ ਨਾ ਬੁੱਝੇ ਜਾ ਸਕਣ ਵਾਲੀ ਬੁਝਾਰਤ ਹੈ। ਕਬਾਇਲੀ ਇਹ ਨਹੀਂ ਜਾਣਦੇ ਕਿ ਛੱਤੀਸਗੜ੍ਹ ਦੇ ਜੰਗਲਾਂ ਦੀ ਉਪਜ ਹੀ ਹਰ ਸਾਲ ਪੰਜ ਹਜ਼ਾਰ ਕਰੋੜ ਰੁਪੱਈਆ ਪੈਦਾ ਕਰਦੀ ਹੈ। ਖਣਿਜ, ਹੀਰੇ, ਸੋਨਾ ਤੇ ਹੋਰ ਚੀਜ਼ਾਂ ਇਸ ਤੋਂ ਅਲੱਗ ਹਨ। ਵਣ-ਉੱਪਜ ਨੂੰ ਹੀ ਜੇ ਹੋਰ ਬਿਹਤਰ ਤਰੀਕੇ ਨਾਲ ਇਕੱਠਾ ਕੀਤਾ ਜਾਵੇ ਤਾਂ ਇਹ ਆਮਦਨ ਦੱਸ ਹਜ਼ਾਰ ਕਰੋੜ ਰੁਪਏ ਸਾਲਾਨਾ ਤਕ ਪਹੁੰਚ ਜਾਵੇ। ਰਜਨੀ ਨੂੰ ਸਿਰਫ਼ ਐਨਾ ਪਤਾ ਹੈ ਕਿ ਉਹਨਾਂ ਦੇ ਜੰਗਲ ਦੀ ਦੌਲਤ ਲੁੱਟੀ ਜਾ ਰਹੀ ਹੈ, ਕਿ ਜੰਗਲ ਉੱਪਰ ਉਹਨਾਂ ਦਾ ਹੱਕ ਨਹੀਂ ਹੈ। ਉਹ ਜੰਗਲ ਉੱਪਰ ਕਬਾਇਲੀਆਂ ਦੇ ਹੱਕ ਨੂੰ ਸਥਾਪਤ ਕਰਨ ਦੀ ਲੜਾਈ ਵਿਚ ਹਿੱਸਾ ਪਾਉਣਾ ਚਾਹੁੰਦੀ ਹੈ ਜਿਸ ਵਾਸਤੇ ਉਹ ਜਾਨ ਦੀ ਬਾਜ਼ੀ ਲਾਉਣ ਨੂੰ ਵੀ ਤਿਆਰ ਹੈ। ਉਸ ਦਾ ਕਹਿਣਾ ਹੈ ਕਿ ਉਹ ਵਿਆਹ ਨਹੀਂ ਕਰਵਾਏਗੀ ਤੇ ਝੰਜਟ ਵਿਚ ਨਹੀਂ ਫਸੇਗੀ। ਉਸ ਦੀ ਉਮਰ ਪੰਜ ਸਾਲ ਹੈ ਕਿ ਵੀਹ ਸਾਲ ਇਸ ਨਾਲ ਉਸ ਦੇ ਤਹੱਈਏ ਵਿਚ ਕੋਈ ਫ਼ਰਕ ਨਹੀਂ ਪੈਂਦਾ। ਉਸ ਨੂੰ ਵਿਸ਼ਵਾਸ ਹੈ ਕਿ ਬਸਤਰ ਤੋਂ ਬਾਦ
ਉਸ ਦਾ ਤੇ ਉਸ ਦੇ ਸਾਥੀਆਂ ਦਾ ਅਗਲਾ ਕਦਮ ਦਿੱਲੀ ਵਿਚ ਰੱਖਿਆ ਜਾਣਾ ਹੈ। ਦਿੱਲੀ ਉੱਪਰ ਕਦਮ ਦਾ ਮਤਲਬ ਹੈ ਜਲ, ਜੰਗਲ ਤੇ ਜ਼ਮੀਨ ਉੱਪਰ ਕਬਾਇਲੀਆਂ ਦੇ ਹੱਕ ਦੀ ਪੱਕੀ ਸਥਾਪਤੀ।
ਜਦ ਰਜਨੀ ਸੰਖਿਆਵਾਂ ਦੇ ਚੱਕਰ ਵਿਚ ਉਲਝ ਗਈ ਤਾਂ ਚੰਦਨ ਨੇ ਦਖ਼ਲ ਦਿੱਤਾ ਸੀ, "ਅਰੇ ਈਸ਼ਵਰ ਭਾਈ, ਗਿਨਤੀ ਨਹੀਂ ਹੈ। ਨੇ ਗਿਨਤੀ। ਜਜ਼ਬਾ ਹੈ, ਜਜ਼ਬਾ! ਐਸੇ। ਐਸੇ!" ਤੇ ਚੰਦਨ ਉਸੇ ਤਰ੍ਹਾਂ ਕਰਕੇ ਦਿਖਾਉਂਦਾ ਹੈ ਜਿਵੇਂ ਰਜਨੀ ਸਟੇਜ ਉੱਪਰ ਗੀਤ ਗਾਉਂਦੇ ਤੇ ਨੱਚਦੇ ਹੋਏ ਕਰਦੀ ਹੈ।
ਰਜਨੀ ਤੇ ਉਹਦੇ ਸਾਥੀ ਇਕ ਗੀਤ ਗਾਉਂਦੇ ਹਨ: "ਡਿੱਲੀ ਨੰਘਨਾ।" ਦਿੱਲੀ ਉੱਤੇ ਕਦਮ ਰੱਖਣਾ। "ਡਿੱਲੀ ਨੰਘਨਾ" ਗੀਤ ਕੁਝ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਜਗਮੋਹਨ ਜੋਸ਼ੀ ਦਾ "ਦਿੱਲੀ ਦੂਰ ਨਹੀਂ ਹੈ ਯਾਰੋ" ਹੈ। ਇਹ ਗੀਤ ਅਕੀਦਾ ਹੈ, ਸਿੱਕ ਹੈ, ਜਜ਼ਬਾ ਹੈ। ਦਿੱਲੀ ਨਾਂਅ ਦੇ ਭਿਆਨਕ ਦੈਂਤ ਦੇ ਜਿਸਮ ਉੱਤੇ ਲੋਕਾਂ ਦੀ ਜਿੱਤ ਦਾ ਝੰਡਾ ਫਹਿਰਾਉਣ ਲਈ ਕਮਰ-ਕੱਸੇ ਕਰਨ ਦਾ ਇਕ ਹੋਕਾ ਹੈ। ਰਜਨੀ ਨੇ ਦਿੱਲੀ ਦੇਖੀ ਨਹੀਂ ਹੈ, ਨਾ ਹੀ ਉਹ ਬਸਤਰ ਤੋਂ ਇਸ ਦੀ ਦੂਰੀ ਦੇ ਪੰਧ ਨੂੰ ਅੰਕੜਿਆਂ ਵਿਚ ਨਾਪ ਸਕਦੀ ਹੈ। ਪਰ ਉਹ ਇਸ ਸਿੱਕ ਅਤੇ ਇਸ ਜਜ਼ਬੇ ਦਾ ਇਕ ਮੁਜੱਸਮਾ ਹੈ ਜਿਹੜਾ ਲੋਕਾਂ ਨੂੰ ਇਸ ਕਾਰਨਾਮੇ ਨੂੰ ਸਰ-ਅੰਜਾਮ ਦੇਣ ਲਈ ਉਭਾਰਦਾ ਹੈ। ਬਸਤਰ ਦੇ ਨਵੇਂ ਗੀਤਾਂ ਵਿਚ ਫੈਲੇ ਇਹ ਸਿੰਬਲ ਅੰਤਾਂ ਦੇ ਵਿਸ਼ਵਾਸ ਦਾ ਝਲਕਾਰਾ ਦੇਂਦੇ ਹਨ। ਹਿੰਦਸਿਆਂ ਦੇ ਚਕਰਾ ਦੇਣ ਵਾਲੇ ਗਿਆਨ ਤੋਂ ਕੋਰੀ ਉਸ ਕੁੜੀ ਨੂੰ ਵਿਸ਼ਵਾਸ ਹੈ ਕਿ ਉਹ ਤੇ ਉਸ ਦੇ ਸਾਥੀ ਦਿੱਲੀ ਨੂੰ ਸਰ ਕਰਕੇ ਹੀ ਦਮ ਲੈਣਗੇ। ਇਸ ਜਜ਼ਬੇ ਦੀ ਬਦੌਲਤ ਵੀਹ ਸਾਲ ਦੀ ਰਜਨੀ ਵੀਹ ਸੌ ਸਾਲ ਜਿੱਡੇ ਕਿਸੇ ਬੋਹੜ ਜਿਹੀ ਹੋ ਗਈ ਲੱਗਦੀ ਹੈ, ਇਕ ਕੁੜੀ ਜਿਸਨੇ ਹਜ਼ਾਰਾਂ ਨੂੰ ਵੀਹਾਂ ਵਿਚ ਸਮੇਟ ਲਿਆ ਹੈ।
ਰਾਤ ਨੂੰ ਪਿੰਡ ਦੇ ਸਾਰੇ ਮਰਦ, ਔਰਤਾਂ ਤੇ ਬੱਚਿਆਂ ਨੇ ਟੀਮ ਦੁਆਲੇ ਆ ਝੁਰਮੁਟ ਪਾਇਆ। ਇਕ ਪਾਸੇ ਰਣਦੇਵ ਨਾਂਅ ਦੇ ਕਲਾਕਾਰ ਨੇ ਗੋਂਡ ਗੀਤਾਂ ਦੀ ਛਹਿਬਰ ਲਾ ਰੱਖੀ ਹੈ। ਉਸ ਦੁਆਲੇ ਸਭ ਤੋਂ ਵੱਡਾ ਇਕੱਠ ਹੈ। ਇਕ ਹੋਰ ਥਾਵੇਂ, ਟੀਮ ਦੇ ਕੁਝ ਕਾਰਕੁੰਨ ਮਿੱਟੀ ਦੇ ਤੇਲ ਦੇ ਦੀਵੇ ਦੀ ਰੌਸ਼ਨੀ ਵਿਚ ਕਿਸੇ ਕਾਪੀ ਉੱਤੇ ਗੀਤ ਉਤਾਰ ਰਹੇ ਹਨ। ਉਹ ਬਾਰ ਬਾਰ ਦੇਵਨਾਗਰੀ ਲਿੱਪੀ ਵਿਚ ਉਲਝ ਜਾਂਦੇ ਹਨ ਤੇ ਬਹਿਸ ਕਰਨ ਲਗਦੇ ਹਨ ਕਿ ਕਿਹੜਾ ਸ਼ਬਦ ਕਿਵੇਂ ਲਿਖਿਆ ਜਾਵੇਗਾ। ਮਿੱਟੀ ਦੇ ਤੇਲ ਦੇ ਇੱਕ ਦੀਵੇ ਦੁਆਲੇ ਉਹ ਪੰਜ ਸੱਤ ਜਣੇ ਜੁੜੇ ਹੋਏ ਹਨ। ਨਜ਼ਦੀਕ ਦੇ ਇਕ ਘਰ ਦੇ ਵਿਹੜੇ ਵਿਚ ਗਾਵਾਂ ਵੱਛਿਆਂ ਦੀ ਭਰਮਾਰ ਹੈ। ਮੈਂ ਫਾਈਲ ਉਠਾ ਆਦਿਵਾਸੀ ਕਿਸਾਨਾਂ ਕੋਲ ਪਹੁੰਚਦਾ ਹਾਂ ਤੇ ਉਹਨਾਂ ਤੋਂ ਉਹਨਾਂ ਦੇ ਡੰਗਰਾਂ, ਤਬੇਲਿਆਂ ਦਾ ਹਾਲ ਪੁੱਛਦਾ ਹਾਂ। ਕਮਾਂਡਰ ਹੋਰਨਾਂ ਝਮੇਲਿਆਂ ਵਿਚ ਉਲਝਿਆ ਹੋਇਆ ਹੈ ਸੋ ਮੈਂ ਰਾਜੂ ਨਾਮ ਦੇ ਇਕ ਕਲਾਕਾਰ ਦੀ ਮਦਦ ਲੈਂਦਾ ਹਾਂ।
ਦੁੱਧ ਨੂੰ ਗੌਂਡ ਲੋਕ ਆਪਣੀ ਬੋਲੀ ਵਿਚ ਪਾਲ ਕਹਿੰਦੇ ਹਨ। ਪਰ ਉਹ ਕਦੇ ਵੀ ਗਾਵਾਂ ਦਾ ਦੁੱਧ ਨਹੀਂ ਪੀਂਦੇ। ਉਹ ਜਾਣਦੇ ਹਨ ਕਿ ਦੁੱਧ ਤੋਂ ਘਿਓ ਅਤੇ ਅਨੇਕਾਂ ਹੋਰ ਚੀਜ਼ਾਂ ਬਣਦੀਆਂ ਹਨ। ਪਰ ਕਿਹੜੀਆਂ ਕਿਹੜੀਆਂ? ਇਹ ਉਹ ਨਹੀਂ ਜਾਣਦੇ। ਦਰਅਸਲ ਉਹ ਦੁੱਧ ਚੋਂਦੇ ਹੀ ਨਹੀਂ ਇਸ ਲਈ ਇਸ ਨੂੰ ਵਰਤਣ ਦਾ ਸੁਆਲ ਹੀ
ਪੈਦਾ ਨਹੀਂ ਹੁੰਦਾ। ਕਾਰਨ ਉਹਨਾਂ ਨੇ ਇਹ ਦੱਸਿਆ ਕਿ ਦੁੱਧ ਤਾਂ ਗਾਂ ਦੇ ਬੱਚਿਆਂ ਵਾਸਤੇ ਹੁੰਦਾ ਹੈ ਸੋ ਆਦਮੀ ਉਸ ਨੂੰ ਕਿਵੇਂ ਪੀ ਸਕਦਾ ਹੈ। ਸਿੱਧਾ-ਸਾਦਾ ਕੁਦਰਤੀ ਤਰਕ। ਉਹਨਾਂ ਨੂੰ ਇਹ ਗੱਲ ਹੀ ਅਜੀਬ ਲਗਦੀ ਹੈ ਕਿ ਆਦਮੀ ਮੱਝਾਂ ਗਾਵਾਂ ਦਾ ਦੁੱਧ ਪੀਵੇ। ਫਿਰ ਵੀ, ਕਿਤੇ ਕਿਤੇ ਕਿਸੇ ਪਿੰਡ ਵਿੱਚ ਕੋਈ ਇਕ ਅੱਧਾ ਘਰ ਦੁੱਧ ਦੀ ਵਰਤੋਂ ਕਰਦਾ ਹੈ ਪਰ ਇਹ ਵਿਲੱਖਣਤਾ ਹੈ। ਮਲਾਈ ਨੂੰ ਉਹ "ਮਿਨਾੜ ਉੱਤਾ" ਕਹਿੰਦੇ ਹਨ ਪਰ ਇਹ ਨਾਮ ਵੀ ਕਾਫ਼ੀ ਮੁਸ਼ਕਲ ਨਾਲ ਪਤਾ ਲੱਗਾ। ਫਿਰ ਮੈਂ ਉਹਨਾਂ ਨੂੰ ਦਹੀਂ ਦਾ ਗੋਂਡ ਨਾਮ ਪੁੱਛਿਆ। ਇਸ ਸਵਾਲ ਨਾਲ ਸਾਰੇ ਹੀ ਗੌਂਡ ਆਦਮੀ ਔਰਤਾਂ ਵੱਡੀ ਦਿਮਾਗੀ ਕਸਰਤ ਵਿਚ ਉਲਝ ਗਏ। ਬਹੁਤਿਆਂ ਨੂੰ ਤਾਂ ਅਜਿਹੇ ਸਵਾਲ ਜਵਾਬ ਹੀ ਹਾਸੋ-ਹੀਣੇ ਲੱਗੇ, ਕੁਝ ਨੂੰ ਦਿਲਚਸਪ ਅਤੇ ਕੁਝ ਵਾਸਤੇ ਇਹ ਖੇਡ ਹੀ ਬਣ ਗਏ। ਉਹ ਅੱਧਾ ਘੰਟਾ ਦਹੀਂ ਦੇ ਨਾਮ ਉੱਤੇ ਉਲਝੇ ਰਹੇ। ਕਈ ਨਾਮ ਲਏ ਗਏ, ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ। ਆਖ਼ਰ ਅਸੀਂ ਇਸ ਨਤੀਜੇ ਉੱਪਰ ਅੱਪੜੇ ਕਿ ਦਹੀਂ ਨੂੰ "ਹੱਲਾ" ਕਿਹਾ ਜਾਂਦਾ ਹੈ। ਮੱਖਣ ਤੇ ਪਨੀਰ ਵਾਸਤੇ ਓਥੋਂ ਦੀ ਗੌਂਡ ਬੋਲੀ ਵਿਚ ਕੋਈ ਸ਼ਬਦ ਹੀ ਨਹੀਂ ਹੈ। ਆਪਣੇ ਦੌਰੇ ਦੌਰਾਨ ਕਈ ਪਿੰਡਾਂ ਤੋਂ ਕੀਤੀ ਗਈ ਤਫ਼ਤੀਸ਼ ਤੋਂ ਮੈਂ ਇਸੇ ਨਤੀਜੇ ਉੱਪਰ ਅੱਪੜਿਆ।
ਕਿਸੇ ਬੋਲੀ ਵਿਚ ਕਿਸੇ ਚੀਜ਼ ਦਾ ਨਾਮ ਤਾਂ ਹੀ ਮੌਜੂਦ ਹੋਵੇਗਾ ਜੇ ਉਹ ਓਥੋਂ ਦੇ ਲੋਕਾਂ ਵਿਚ ਵਰਤੀ ਜਾਂਦੀ ਹੋਵੇ ਨਹੀਂ ਤਾਂ ਸਥਾਨਕ ਨਾਮ ਪੈਦਾ ਨਹੀਂ ਹੋਵੇਗਾ। ਬਾਹਰੋਂ ਪਹੁੰਚੀ ਹਰ ਨਵੀਂ ਚੀਜ਼ ਆਪਣਾ ਨਾਮ ਵੀ ਨਾਲ ਲੈ ਕੇ ਜਾਂਦੀ ਹੈ। ਜਿਵੇਂ ਕਿ, ਰਵਾ। ਗੌਂਡ ਲੋਕ ਸੁਜੀ ਬਾਰੇ ਜਾਣਦੇ ਹਨ ਅਤੇ ਇਸ ਨੂੰ ਰਵਾ ਕਹਿੰਦੇ ਹਨ। ਰਵਾ ਉੱਤਰੀ ਭਾਰਤ ਵਿਚ ਸੂਜੀ ਦਾ ਦੂਸਰਾ ਪ੍ਰਚੱਲਤ ਨਾਮ ਹੈ। ਰਵਾ ਓਥੇ ਬਾਹਰੋਂ ਪਹੁੰਚੀ ਹੋਈ ਚੀਜ਼ ਹੈ ਕਿਉਂਕਿ ਕਣਕ ਓਥੇ ਹੁੰਦੀ ਹੀ ਨਹੀਂ, ਨਾ ਉਹਨਾਂ ਕਦੇ ਦੇਖੀ ਜਾਂ ਸੁਣੀ ਹੈ। ਹਰ ਪਿੰਡ ਵਿਚ ਗਾਵਾਂ ਦੇ ਵੱਗਾਂ ਦੇ ਵੱਗ ਹੋਣ ਦੇ ਬਾਵਜੂਦ ਵੀ ਦੁੱਧ ਦੀ ਵਰਤੋਂ ਨਾ ਕਰਨਾ ਹੈਰਾਨੀਜਨਕ ਲੱਗਦਾ ਹੈ। ਉਹ ਗਾਵਾਂ ਨੂੰ ਸਿਰਫ਼ ਉਹਨਾਂ ਦੇ ਮਾਸ ਖ਼ਾਤਰ ਪਾਲਦੇ ਹਨ ਜਾਂ ਵੇਚਣ ਖ਼ਾਤਰ। ਸਾਂਭ-ਸੰਭਾਲ ਵੀ ਬਹੁਤੀ ਨਹੀਂ ਕਰਦੇ। ਨਾ ਉਹ ਗਾਵਾਂ ਨੂੰ ਬੰਨ੍ਹਦੇ ਹਨ, ਨਾ ਹੀ ਉਹਨਾਂ ਵਾਸਤੇ ਢਾਰੇ ਬਣਾਉਂਦੇ ਹਨ। ਗੋਹਾ ਵੀ ਕਦੇ ਇਕੱਠਾ ਨਹੀਂ ਕਰਦੇ। ਬੇਸ਼ੱਕ, ਝੱਗੀਆਂ ਤੇ ਵਿਹੜਿਆਂ ਦੇ ਫਰਸ਼ ਕਦੇ ਕਦੇ ਗੋਹੇ ਨਾਲ ਪੋਚੇ ਜਾਂਦੇ ਹਨ ਪਰ ਗੋਹੇ ਦੀ ਹੋਰ ਕੋਈ ਵਰਤੋਂ ਨਹੀਂ ਹੈ। ਪਸ਼ੁ ਸਾਰਾ ਦਿਨ ਜੰਗਲ ਵਿਚ ਚਰਦੇ ਰਹਿੰਦੇ ਹਨ ਤੇ ਸ਼ਾਮ ਨੂੰ ਹਿੱਕ ਕੇ ਘਰਾਂ ਅੰਦਰ ਵਾੜ ਲਏ ਜਾਂਦੇ ਹਨ। ਨਾ ਕਿੱਲਾ ਨਾ ਖੁਰਲੀ, ਨਾ ਵਾੜਾ। ਗਾਂ ਦੇ ਪਾਲਤੂਕਰਨ ਨੇ ਵੀ ਦੁੱਧ, ਦਹੀਂ ਦੀ ਵਰਤੋਂ ਨੂੰ ਬਸਤਰ ਦੇ ਕਬਾਇਲੀਆਂ ਦੇ ਜੀਵਨ ਦਾ ਹਿੱਸਾ ਨਹੀਂ ਬਣਾਇਆ। ਹੋਰਨਾਂ ਖੇਤਰਾਂ ਵਾਂਗ ਏਥੇ ਵੀ ਵਿਕਾਸ ਠਹਿਰਾਅ ਵਿਚ ਹੈ। ਗਾਂ ਦਾ ਮਾਸ ਖਾਣ ਵਾਲੇ ਪੁਰਾਤਨ ਭਾਰਤੀ ਕਿਹੋ ਜਿਹੀ ਜ਼ਿੰਦਗੀ ਜਿਊਂਦੇ ਹੋਣਗੇ ਉਹਨਾਂ ਦਾ ਅੰਦਾਜ਼ਾ ਅੱਜ ਦੇ ਇਹਨਾਂ ਕਬਾਇਲੀ ਲੋਕਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਮਥਰਾ ਦੇ ਪੁਰਾਤਨ ਗਊ-ਪਾਲਕਾਂ ਤੇ ਅੱਜ ਦੇ ਬਸਤਰ ਦੇ ਗਊ-ਪਾਲਕਾਂ ਦਰਮਿਆਨ ਪੂਰੇ ਯੁੱਗ ਦਾ ਫ਼ਰਕ ਅਜੇ ਵੀ ਮੌਜੂਦ ਹੈ। ਬੋਲੀ ਦੀ ਅਮੀਰੀ ਅਤੇ ਸੱਭਿਆਚਾਰ ਦਾ ਵਿਕਾਸ ਉਹਨਾਂ ਹਾਲਤਾਂ ਦੇ ਪਰਸੰਗ ਵਿਚ ਹੀ ਹੋ ਸਕਦਾ ਹੈ ਜਿਹਨਾਂ ਵਿਚ ਲੋਕ ਜਿਉਂਦੇ ਹਨ।
ਮੈਂ ਚੰਦਨ ਨੂੰ ਕਹਿੰਦਾ ਹਾਂ ਕਿ ਜੇ ਕਬਾਇਲੀਆਂ ਨੂੰ ਦੁੱਧ ਦੀ ਵਰਤੋਂ ਕਰਨੀ ਸਿਖਾ
ਦਿੱਤੀ ਜਾਵੇ ਤਾਂ ਅਨੇਕਾਂ ਤਰ੍ਹਾਂ ਦੇ ਕੰਮਾਂ ਵਾਸਤੇ ਰਾਹ ਖੁੱਲ੍ਹੇਗਾ ਜਿਹਨਾਂ ਨਾਲ ਵਿਕਾਸ ਅਗਾਂਹ ਤੁਰੇਗਾ। ਪਰ ਉਹ ਕਹਿੰਦਾ ਹੈ ਕਿ ਅਜਿਹਾ ਕਰਦਿਆਂ ਕਰਦਿਆਂ ਵੀਹ ਸਾਲ ਗੁਜ਼ਰ ਜਾਣਗੇ। ਗੌਂਡ ਲੋਕ ਬਹੁਤ ਹੌਲੀ ਹੌਲੀ ਨਵੀਆਂ ਚੀਜ਼ਾਂ ਬਾਰੇ ਸਿੱਖਦੇ ਤੇ ਉਹਨਾਂ ਨੂੰ ਅਪਣਾਉਂਦੇ ਹਨ। ਖ਼ੁਦ ਗੁਰੀਲੇ ਵੀ ਦੱਸ ਸਾਲ ਦੀ ਅਣਥੱਕ ਮਿਹਨਤ ਤੋਂ ਬਾਦ ਹੀ ਆਪਣੀ ਪਛਾਣ ਬਣਾ ਪਾਏ ਸਨ। ਕਬਾਇਲੀ ਨਵੀਆਂ ਚੀਜ਼ਾਂ ਅਤੇ ਬਾਹਰਲੇ ਲੋਕਾਂ ਉੱਪਰ ਯਕੀਨ ਨਹੀਂ ਕਰਦੇ। ਚੰਦਨ ਕਹਿੰਦਾ ਹੈ ਕਿ ਉਹ ਕਈ ਸਾਲ ਤੋਂ ਉਹਨਾਂ ਨੂੰ ਗੋਹੇ ਦੀ ਖ਼ਾਦ ਬਣਾ ਕੇ ਖੇਤਾਂ ਵਿਚ ਪਾਉਣ ਬਾਰੇ ਕਹਿੰਦੇ ਆ ਰਹੇ ਹਨ। ਪਰ ਉਹ ਟੋਆ ਪੁੱਟ ਕੇ ਦੇ ਦਿਨ ਗੋਹਾ ਸੁੱਟਦੇ ਹਨ ਤੇ ਬਾਦ ਵਿਚ ਹਟ ਜਾਂਦੇ ਹਨ। ਜਦ ਉਹਨਾਂ ਨੂੰ ਫਿਰ ਕਿਹਾ ਜਾਂਦਾ ਹੈ ਤਾਂ ਉਹ ਹੱਸ ਪੈਂਦੇ ਹਨ। ਦੁੱਧ ਦੀ ਪੈਦਾਵਾਰ ਅਤੇ ਵਰਤੋਂ ਤਾਂ ਕਿਤੇ ਵੱਧ ਗੁੰਝਲਦਾਰ ਕੰਮ ਹੈ। ਚਾਰਾ, ਸਿੰਜਾਈ, ਰੋਜ਼ ਕੱਟਣ-ਲਿਆਉਣ ਦਾ ਕੰਮ, ਗੋਹੇ ਕੂੜੇ ਦੀ ਸਫ਼ਾਈ, ਡੰਗਰਾਂ ਦੀ ਰੱਖ-ਰਖਾਈ, ਦੁੱਧ ਲਈ ਬਰਤਨ, ਇਸਦੀ ਸਾਂਭ-ਸੰਭਾਲ ਅਤੇ ਸਭ ਤੋਂ ਵੱਡੀ ਗੱਲ ਕਿ ਦੁੱਧ ਸਬੰਧੀ ਉਹਨਾਂ ਦਾ ਸੰਕਲਪ ਹੀ ਇਸ ਅਮਲ ਵਿਚ ਰੁਕਾਵਟ ਪਾਉਂਦਾ ਹੈ। ਇਹ ਸੰਕਲਪ ਓਨਾ ਹੀ ਕੁਦਰਤੀ ਹੈ ਜਿੰਨੀ ਇਹ ਗੱਲ ਕੁਦਰਤੀ ਹੈ ਕਿ ਦੁੱਧ ਗਾਵਾਂ ਦੇ ਬੱਚਿਆਂ ਦੀ ਖ਼ੁਰਾਕ ਹੈ। ਇਸੇ ਲਈ ਉਹ ਮੁਰਗ਼ੀਆਂ ਦੇ ਆਂਡੇ ਵੀ ਨਹੀਂ ਖਾਂਦੇ। ਉਹ ਕਹਿੰਦੇ ਹਨ ਕਿ ਆਂਡੇ ਬੱਚੇ ਪੈਦਾ ਕਰਨ ਵਾਸਤੇ ਹੁੰਦੇ ਹਨ, ਜੇ ਖਾ ਲਏ ਤਾਂ ਚੂਜ਼ੇ ਕਿੱਥੋਂ ਆਉਣਗੇ। ਬਸਤਰ ਵਿਚ ਮਾਵਾਂ ਵੀ ਬੱਚਿਆਂ ਨੂੰ ਕਈ ਕਈ ਸਾਲ ਆਪਣੇ ਦੁੱਧ ਉੱਪਰ ਹੀ ਪਾਲਦੀਆਂ ਹਨ। ਹਰ ਚੀਜ਼ ਕੁਦਰਤੀ ਹੈ, ਕੁਦਰਤ ਉੱਪਰ ਹੀ ਨਿਰਭਰ ਹੈ। ਕਬਾਇਲੀ ਬੱਕਰੀਆਂ ਪਾਲਣ ਦੇ ਵੀ ਸ਼ੌਕੀਨ ਹਨ। ਪਰ ਬੱਕਰੀਆਂ ਦੇ ਹਵਾਨਿਆਂ ਤੋਂ ਪਤਾ ਲੱਗਦਾ ਹੈ ਕਿ ਕਬਾਇਲੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਬੱਕਰੀ ਦਾ ਦੁੱਧ ਵੀ ਦੁਨੀਆਂ ਵਿਚ ਕਿਤੇ ਪੀਤਾ ਜਾਂਦਾ ਹੋਵੇਗਾ। ਕਬਾਇਲੀ ਆਪਣੇ ਦੁਆਲੇ ਦੀ ਕੁਦਰਤ ਨੂੰ ਉਸੇ ਤਰ੍ਹਾਂ ਹੀ ਬਣਿਆ ਰਹਿਣ ਦੇਣਾ ਚਾਹੁੰਦੇ ਹਨ ਜਿਵੇਂ ਦੀ ਇਹ ਹੈ।
ਚੰਦਨ ਨੇ ਕਿਹਾ ਕਿ ਉਹ ਉਹਨਾਂ ਦੇ ਸੱਭਿਆਚਾਰ ਨੂੰ ਸਮਝਣ ਵੀ ਆਇਆ ਹੈ ਅਤੇ ਇਨਕਲਾਬ ਵੱਲ ਮੋੜਾ ਦੇਣ ਵੀ। ਕਿ ਏਥੇ ਹਰ ਚੀਜ਼ ਨੂੰ ਡਾਹਢੀ ਤਬਦੀਲੀ ਦੀ ਲੋੜ ਹੈ। ਉਸ ਨੇ ਕਿਹਾ,
"ਦੇਖਾਂਗੇ ਕਿ ਅਸੀਂ ਕਿਵੇਂ ਕਾਮਯਾਬ ਹੁੰਦੇ ਹਾਂ। ਜਲ, ਜੰਗਲ ਅਤੇ ਜ਼ਮੀਨ ਉੱਤੇ ਆਦਿਵਾਸੀ ਹੱਕ ਸਥਾਪਤ ਕਰਨਾ ਸਾਡੀ ਪਹਿਲੀ ਜ਼ਰੂਰਤ ਹੈ। ਇਸ ਨਾਲ ਅਨੇਕਾਂ ਰਸਤੇ ਖੁੱਲ੍ਹਣਗੇ ਤੇ ਚੌ-ਮੁਖੀ ਵਿਕਾਸ ਦੀ ਹਾਲਤ ਪੈਦਾ ਹੋਵੇਗੀ। ਇਹ ਕੰਮ ਵਿਕਾਸ ਸੰਘਮ ਦੇਖੇਗਾ ਕਿ ਉਸਨੇ ਵਿਕਾਸ ਕਿਵੇਂ ਕਰਨਾ ਹੈ। ਸਾਡਾ ਮੁੱਖ ਕੰਮ ਵਿਆਪਕ ਵਿਰਸੇ ਨੂੰ ਵੱਡੀ ਤਬਦੀਲੀ ਦੇ ਸੰਦ ਵਜੋਂ ਜ਼ਰਬ ਦੇਣਾ ਹੈ। ਇਹਨਾ ਦੇ ਗੀਤ ਦੇਖੋ ਈਸ਼ਵਰ ਭਾਈ। ਇਹ ਕਿਵੇਂ ਲੋਕਾਂ ਨੂੰ ਇਕ ਦੂਸਰੇ ਨਾਲ ਗੂੜ੍ਹੇ ਰਿਸ਼ਤੇ ਵਿਚ ਬੰਨ੍ਹਦੇ ਹਨ। ਸਾਰੇ ਦਾ ਸਾਰਾ ਪਿੰਡ ਇਕੱਠਿਆਂ ਨੱਚਦਾ ਹੈ ਅਤੇ ਇਕੱਠਿਆਂ ਹੀ ਗਾਉਂਦਾ ਹੈ। ਇਹਨਾਂ ਨੂੰ ਕੋਈ ਡਾਇਰੈਕਟਰ ਸੋਧ ਨਹੀਂ ਦੇਂਦਾ। ਇਕ ਦੀ ਲੈਅ ਟੁੱਟਦੀ ਹੈ ਤਾਂ ਦੂਜਾ ਖ਼ੁਦ-ਬ-ਖ਼ੁਦ ਬੋਚ ਲੈਂਦਾ ਹੈ। ਕੋਈ ਕਿਸੇ ਥਾਂ ਖੜ੍ਹਾ ਸੁਰ ਚੁੱਕ ਦੇਂਦਾ ਹੈ, ਕੋਈ ਕਿਸੇ ਥਾਂ ਤੋਂ। ਇਹਨਾਂ ਦੇ ਪੈਰਾਂ ਵੱਲ ਦੇਖੋ। ਕਿਵੇਂ ਇਕ ਦੂਸਰੇ ਨਾਲ ਤਾਲ ਬਿਠਾ ਲੈਂਦੇ ਹਨ। ਰਿਦਮ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ। ਕੋਈ ਸਕੂਲ ਨਹੀਂ, ਕੋਈ ਟਰੇਨਿੰਗ ਨਹੀਂ। ਇਹਨਾਂ ਦੀ
ਜ਼ਿੰਦਗੀ ਹੀ ਇਕ ਵਿਸ਼ਾਲ ਸਕੂਲ ਵਾਂਗ ਹੈ ਜਿੱਥੇ ਹਰ ਕੋਈ ਵਿਦਿਆਰਥੀ ਹੈ ਅਤੇ ਹਰ ਕੋਈ ਅਧਿਆਪਕ। ਲੋਕ-ਗੀਤ, ਲੋਕ-ਨਾਚ ਇਸੇ ਤਰਾਂ ਹਜ਼ਾਰਾਂ ਸਾਲਾਂ ਤੋਂ ਜਿਉਂਦੇ ਆ ਰਹੇ ਹਨ। ਲਗਾਤਾਰਤਾ ਵਿਚ ਕਦੇ ਉਖੇੜਾ ਨਹੀਂ ਆਉਂਦਾ। ਬਿਮਾਰ ਪਿਆ ਆਦਮੀ ਵੀ ਉੱਠ ਕੇ ਨਾਚ-ਗੀਤ ਵਿਚ ਸ਼ਾਮਲ ਹੋ ਜਾਵੇਗਾ। ਅਜਿਹਾ ਖ਼ੁਦ-ਬ-ਖ਼ੁਦ ਵਾਪਰਦਾ ਹੈ। ਸਾਂਝੇ ਸੱਭਿਆਚਾਰ ਦੀ ਧੂਹ ਹੀ ਅਜਿਹੀ ਹੈ।"
ਆਲੇ ਦੁਆਲੇ ਦੇ ਲੋਕਾਂ ਵਾਸਤੇ ਸਾਡੀ ਗੱਲਬਾਤ ਕਿਸੇ ਤਰ੍ਹਾਂ ਦੀ ਦਿਲਚਸਪੀ ਪੈਦਾ ਕਰਨ ਵਾਲੀ ਨਹੀਂ ਸੀ । ਉਹਨਾਂ ਵਾਸਤੇ ਅਸੀਂ ਕਿਸੇ ਹੋਰ ਹੀ ਦੁਨੀਆਂ ਤੋਂ ਆਏ ਹੋਏ ਮਨੁੱਖ ਸਾਂ ਜਿਹਨਾਂ ਦੀ ਬੋਲੀ, ਪਹਿਰਾਵਾ, ਚਾਲ-ਢਾਲ, ਸੱਭ ਚੀਜ਼ਾਂ ਹੀ ਅਲੱਗ ਤਰ੍ਹਾਂ ਦੀਆਂ ਸਨ। ਉਹ ਜਾਂ ਤਾਂ ਖਾਲੀ ਖਾਲੀ ਅੱਖਾਂ ਨਾਲ ਸਾਨੂੰ ਦੇਖ ਰਹੇ ਸਨ ਜਾਂ ਕਿਸੇ ਗੱਲ ਉੱਤੇ ਬਿਨਾਂ ਸਮਝੇ ਹੀ ਮੁਸਕਰਾ ਦੇਂਦੇ ਸਨ। ਸਾਨੂੰ ਜਦ ਅਹਿਸਾਸ ਹੋਇਆ ਕਿ ਅਸੀਂ ਉਹਨਾਂ ਤੋਂ ਦੁਰ ਚਲੇ ਗਏ ਹਾਂ ਤਾਂ ਅਸੀਂ ਵਾਪਸ ਪਰਤੇ। ਅਸੀਂ ਦੁੱਧ ਦੀ ਵਰਤੋਂ ਸ਼ੁਰੂ ਕਰਨ ਬਾਰੇ ਉਹਨਾਂ ਨੂੰ ਜਦ ਕਿਹਾ ਤਾਂ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਕਿ ਉਹ ਨਹੀਂ ਜਾਣਦੇ ਕਿ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਦ ਜੰਗਲ ਵਿਚ ਘਾਹ ਨਹੀਂ ਰਹਿੰਦਾ ਤਾਂ ਗਾਵਾਂ ਤੇਜ਼ੀ ਨਾਲ ਮਰਨ ਲਗਦੀਆਂ ਹਨ। ਕੁਝ ਖਾਣ ਨੂੰ ਮਿਲੇਗਾ, ਤਾਂ ਹੀ ਦੁੱਧ ਪੈਦਾ ਹੋਵੇਗਾ। ਪਿੰਜਰਾਂ ਵਿਚੋਂ ਦੁੱਧ ਕਿਵੇਂ ਨਿਕਲੇਗਾ। ਜੰਗਲ ਵਿਚ ਵਾਕਈ ਘਾਹ ਸੁੱਕਣਾ ਸ਼ੁਰੂ ਹੋ ਚੁੱਕਾ ਸੀ। ਗਾਵਾਂ ਦੇ ਪਿੰਜਰ ਨਿਕਲਣੇ ਸ਼ੁਰੂ ਹੋ ਗਏ ਸਨ। ਦੁੱਧ ਸਿਰਫ਼ ਸਵਾਲ ਮਾਤਰ ਹੀ ਰਹਿ ਗਿਆ।
ਤਦੇ ਇਕ ਔਰਤ ਇਕ ਬੱਚੇ ਨੂੰ ਕੁੱਛੜ ਚੁੱਕੀ ਆਈ ਤੇ ਕੋਲ ਖੜ੍ਹੀ ਹੋ ਗਈ। ਉਹ ਕੁਝ ਕਹਿਣਾ ਚਾਹੁੰਦੀ ਸੀ। ਚੰਦਨ ਉਸ ਵੱਲ ਹੋਇਆ ਤੇ ਬੋਲਿਆ,
"ਨਾਨੇ! ਬਾਤੇ?"
(ਦੀਦੀ। ਕੀ ਗੱਲ ਹੈ?)
ਉਹ ਦੱਸਦੀ ਹੈ ਕਿ ਬੱਚੇ ਨੂੰ ਬੁਖ਼ਾਰ ਹੈ। ਚੰਦਨ ਉਸ ਤੋਂ ਬੱਚੇ ਨੂੰ ਲੈ ਕੇ ਮੇਰੇ ਹਵਾਲੇ ਕਰਦਾ ਹੈ। ਮੈਂ ਚੰਦਨ ਨੂੰ ਦਸਦਾ ਹਾਂ ਕਿ ਮੈਂ ਡਾਕਟਰ ਨਹੀਂ ਹਾਂ। ਪਰ ਉਹ ਕਹਿੰਦਾ ਹੈ ਕਿ ਆਪਣੀ ਮੈਡੀਕਲ ਕਿੱਟ ਵਿਚੋਂ ਜਿਹੜੀ ਵੀ ਦਵਾ ਬੁਖ਼ਾਰ ਵਾਸਤੇ ਦਿੱਤੀ ਜਾ ਸਕਦੀ ਹੈ, ਦੋ ਦੇਵਾਂ। ਮੈਂ ਭੁੱਲ ਗਿਆ ਕਿ ਉਹ ਔਰਤ ਮੇਰੀ ਬੋਲੀ ਨਹੀਂ ਸਮਝੇਗੀ ਅਤੇ ਆਪ-ਮੁਹਾਰੇ ਉਸ ਨੂੰ ਪੁੱਛਦਾ ਹਾਂ,
"ਇਸ ਨੂੰ ਬੁਖ਼ਾਰ ਕਦ ਤੋਂ ਹੈ?"
ਪਹਿਲਾਂ ਉਹ ਮੇਰੇ ਮੂੰਹ ਵੱਲ ਦੇਖਦੀ ਹੈ ਅਤੇ ਫਿਰ ਚੰਦਨ ਦੇ। ਚੰਦਨ ਮੇਰੀ ਗੱਲ ਦੁਹਰਾਅ ਦੇਂਦਾ ਹੈ,
“ਵੇਨੂੰ ਇੜਕੂ ਬਿਸਕੇ ਤਿੰਨ ਚੌ ਮਿੰਦੇ?"
ਉਹ ਦਸਦੀ ਹੈ ਕਿ ਕਈ ਦਿਨ ਤੋਂ ਹੈ।
"ਪੋਇਤਕੁਨ ਵਿੜਸੋ?" (ਕੀ ਲਗਾਤਾਰ ਰਹਿੰਦਾ ਹੈ?) ਚੰਦਨ ਪੁੱਛਦਾ ਹੈ।
ਬੁਖ਼ਾਰ ਕਈ ਦਿਨ ਤੋਂ ਸੀ ਅਤੇ ਲਗਾਤਾਰ ਰਹਿ ਰਿਹਾ ਸੀ। ਅਸੀਂ ਸਿੱਟਾ ਕੱਢਦੇ ਹਾਂ ਕਿ ਇਹ ਮਲੇਰੀਆ ਨਹੀਂ ਹੈ। ਅਸੀਂ ਦੋਵੇਂ ਇਕੋ ਜਿਹੇ ਡਾਕਟਰ ਹਾਂ। ਪਰ ਡਾਕਟਰ ਦੀ ਗ਼ੈਰ-ਮੌਜੂਦਗੀ ਵਿਚ ਅਜਿਹੇ ਹਕੀਮ ਵੀ ਕਈ ਜਾਨਾਂ ਬਚਾਅ ਦੇਂਦੇ ਹਨ। ਬਸਤਰ ਦੇ ਆਦਿਵਾਸੀਆਂ ਵਾਸਤੇ ਦਸਤੇ ਦਾ ਹਰ ਮੈਂਬਰ ਹੀ ਡਾਕਟਰ ਹੈ ਕਿਉਂਕਿ ਉਸ ਕੋਲ ਹਰ ਵਕਤ ਦਵਾਈਆਂ ਮੌਜੂਦ ਰਹਿੰਦੀਆਂ ਹਨ।
ਮੈਂ ਉਸ ਔਰਤ ਤੋਂ ਪੁੱਛਦਾ ਹਾਂ ਕਿ ਘਰ ਵਿਚ ਸ਼ੱਕਰ, ਗੁੜ, ਖੰਡ ਵਗ਼ੈਰਾ ਕੋਈ ਚੀਜ਼ ਮੌਜੂਦ ਹੈ ਕਿ ਨਹੀਂ। ਉਸ ਦਾ ਇੱਕ ਜਵਾਬ ਹੈ: "ਇੱਲਾ।" ਯਾਨਿ, ਨਹੀਂ। ਸਾਡੇ ਕੋਲ ਬੁਖ਼ਾਰ ਦੀ ਕੋਈ ਪੀਣ ਵਾਲੀ ਦਵਾ ਨਹੀਂ ਹੈ ਜਿਹੜੀ ਅਸੀਂ ਬੱਚੇ ਨੂੰ ਦੇ ਸਕੀਏ। ਲੋਕਾਂ ਕੋਲ ਮਿੱਠਾ ਨਹੀਂ ਹੈ ਜਿਸ ਵਿਚ ਗੋਲੀ ਘੋਲ ਕੇ ਦਿੱਤੀ ਜਾ ਸਕੇ। ਸੋ ਜਿਵੇਂ ਕਿਵੇਂ ਵੀ ਅਸੀਂ ਦਵਾ ਪੀਸ ਕੇ ਪਾਣੀ ਨਾਲ ਬੱਚੇ ਨੂੰ ਦੇ ਦੇਂਦੇ ਹਾਂ ਤੇ ਬਾਕੀ ਗੋਲੀਆਂ ਬੱਚੇ ਦੀ ਮਾਂ ਹਵਾਲੇ ਕਰ ਦੇਂਦੇ ਹਾਂ। ਚੌਲਾਂ ਤੋਂ ਬਿਨਾਂ ਓਥੇ ਕੁਝ ਵੀ ਨਹੀਂ ਹੈ ਸੋ ਅਸੀਂ ਇਹ ਕਹਿਣ ਦੀ ਮੂਰਖ਼ਤਾ ਨਹੀਂ ਕਰਦੇ ਕਿ ਉਹ ਬੱਚੇ ਨੂੰ ਚੰਗੀ ਖ਼ੁਰਾਕ ਦੇਣ ਦਾ ਯਤਨ ਕਰੇ।
ਉਸ ਤੋਂ ਬਾਦ ਇਕ ਇਕ ਕਰਕੇ ਦੂਸਰਾ ਮਰੀਜ਼ ਸਾਡੇ ਕੋਲ ਆਉਂਦੇ ਗਏ। ਉਹਨਾਂ ਵਿਚੋਂ ਬਹੁਤੇ ਤਾਂ ਮਲੇਰੀਏ ਦੇ ਭੰਨੇ ਹੋਏ ਸਨ। ਮਲੇਰੀਏ ਦੀ ਦਵਾ ਗੁਰੀਲਿਆਂ ਕੋਲ ਬਹੁਤ ਰਹਿੰਦੀ ਹੈ। ਪਰ ਛੋਟੇ ਬੱਚਿਆਂ ਵਾਸਤੇ ਟੁੱਟੀ ਹੋਈ ਜਾਂ ਪੀਸੀ ਹੋਈ ਗੋਲੀ ਹਲਕ ਚੋਂ ਉਤਾਰਨੀ ਮੁਸ਼ਕਲ ਹੁੰਦੀ ਹੈ। ਬੱਚਿਆਂ ਵਾਸਤੇ ਸਿਰਪ ਨਹੀਂ ਹੈ। ਉਹ ਦਵਾ ਖਾਂਦਿਆਂ ਬਹੁਤ ਪ੍ਰੇਸ਼ਾਨ ਹੁੰਦੇ ਹਨ। ਮੈਂ ਤੇ ਚੰਦਨ ਸਲਾਹ ਕਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਤਾੜੀ ਦਾ ਤਾਜ਼ਾ ਰਸ ਲਿਆਉਣ ਵਾਸਤੇ ਕਹਿੰਦੇ ਹਾਂ। ਲੋਕ ਖ਼ੁਸਰ-ਫ਼ਸਰ ਕਰਨ ਲਗਦੇ ਹਨ। ਦਸਤੇ ਤਾਂ ਕਦੇ ਤਾੜੀ ਦੀ ਮੰਗ ਨਹੀਂ ਕਰਦੇ, ਪਰ ਅੱਜ ਕਿਓਂ? ਉਹਨਾਂ ਵਿਚੋਂ ਕੁਝ ਆਦਮੀ ਤਾਂ ਹੈਰਾਨ ਹੁੰਦੇ ਹਨ ਤੇ ਕੁਝ ਖ਼ੁਸ਼ ਹੋ ਜਾਂਦੇ ਹਨ। ਦਸਤੇ ਵਾਲੇ ਖ਼ੁਦ ਪੀਣਗੇ ਤਾਂ ਉਹਨਾਂ ਨੂੰ ਵੀ ਨਹੀਂ ਰੋਕਣਗੇ। ਔਰਤਾਂ ਤਾੜੀ ਮੰਗਵਾਏ ਜਾਣ ਤੋਂ ਕਤੱਈ ਖ਼ੁਸ਼ ਨਹੀਂ ਹਨ। ਉਹ ਹੈਰਾਨ ਹੋਈਆਂ ਚੱਪ ਹੀ ਰਹਿੰਦੀਆਂ ਹਨ।
ਸਵੇਰੇ ਜਦ ਤਾੜੀ ਨੂੰ ਪਤੀਲੇ ਵਿਚ ਇੱਕਠਾ ਕਰ ਕੇ ਅੱਗ ਉੱਤੇ ਰੱਖ ਦਿੱਤਾ ਗਿਆ ਤਾਂ ਹਰ ਕੋਈ ਹੈਰਾਨ ਹੋ ਗਿਆ, ਲੋਕ ਵੀ ਅਤੇ ਸੱਭਿਆਚਾਰਕ ਟੋਲੀ ਦੇ ਦੁਸਰੇ ਮੈਂਬਰ ਵੀ। ਉਤਸੁਕਤਾ ਨੇ ਹਰ ਕਿਸੇ ਨੂੰ ਘੇਰ ਲਿਆ। ਦੇ ਘੰਟੇ ਦੀ ਮਿਹਨਤ ਬਾਦ ਜਦ ਗੁੜ ਦਾ ਸੀਰਾ ਤਿਆਰ ਹੋ ਗਿਆ ਤਾਂ ਅਸੀਂ ਸਭ ਨੂੰ ਇਸ ਦਾ ਸਵਾਦ ਚਖ਼ਾਇਆ।
"ਅਸੀਂ ਵੀ ਬਣਾਵਾਂਗੇ," ਉਹਨਾਂ ਖ਼ੁਸ਼ ਹੋ ਕੇ ਕਿਹਾ। "ਤਾੜੀ ਘੱਟ ਪੀਓ, ਇਸ ਦਾ ਗੁੜ ਬਣਾਓ।" (ਤਾੜ ਕਲ ਤਿਨ ਚੌ ਗੁੜਾ ਬਨਾ ਕੀਨਾ ।) ਸੱਭਿਆਚਾਰਕ ਮੰਡਲੀ ਨੇ ਇਹ ਨਾਅਰਾ ਅਪਣਾਅ ਲਿਆ।
ਗੁੜ ਉੱਤੇ ਸਾਰੇ ਹੀ ਹੈਰਾਨ ਹੋਏ ਸਨ। ਯਕੀਨਨ, ਔਰਤਾਂ ਇਸ ਉੱਤੇ ਜ਼ਿਆਦਾ ਖ਼ੁਸ਼ ਸਨ। ਬੇਸ਼ੱਕ ਉਹ ਵੀ ਤਾੜੀ ਪੀਂਦੀਆਂ ਹਨ ਪਰ ਆਦਮੀ ਹਮੇਸ਼ਾਂ ਹੀ ਉਹਨਾਂ ਤੋਂ ਕਿਤੇ ਜ਼ਿਆਦਾ ਡਕਾਰ ਜਾਂਦੇ ਹਨ। ਘਰ ਵਿਚ ਗੁੜ ਹੋਵੇਗਾ ਤਾਂ ਬੱਚਿਆਂ ਦੇ ਕੰਮ ਆਵੇਗਾ। ਬਸਤਰ ਵਿਚ ਮਲੇਰੀਆ ਸਮੁੰਦਰ ਵਾਂਗ ਠਾਠਾਂ ਮਾਰਦਾ ਹੈ। ਕਈ ਡਾਕਟਰ ਜੇ ਓਥੇ ਜਾ ਬੈਠੇ ਤਾਂ ਸਿਰਫ਼ ਮਲੇਰੀਏ ਤੋਂ ਹੀ ਮਹੱਲ ਖੜ੍ਹਾ ਕਰ ਲਵੇ। ਸ਼ਰਤ ਇਹ ਹੈ ਕਿ ਉਸਨੂੰ ਦਸਤੇ ਦੀ ਇਜਾਜ਼ਤ ਲੈਣੀ ਪਵੇਗੀ। ਅਤੇ ਜ਼ਾਹਰ ਹੈ ਕਿ ਅਜਿਹੀ ਇਜਾਜ਼ਤ ਮਿਲੇਗੀ ਨਹੀਂ। ਓਥੇ ਉਹੀ ਡਾਕਟਰ ਜਾ ਸਕਦਾ ਹੈ ਜਿਹੜਾ ਹਿਪੋਕਰੀਟਸ ਦੀ ਸੌਂਹ ਉੱਪਰ ਅਮਲ ਕਰਨ ਦਾ ਪਾਬੰਦ ਰਹਿਣਾ ਚਾਹੁੰਦਾ ਹੈ। ਜੇ ਉਹ "ਲਾਲ" ਨਹੀਂ ਹੈ ਤਾਂ ਘੱਟੋ ਘੱਟ ਉਸਦਾ ਮਨੁੱਖਤਾਵਾਦੀ ਹੋਣਾ ਜ਼ਰੂਰੀ ਹੈ। ਕਿਉਂਕਿ ਅਜਿਹੇ ਡਾਕਟਰਾਂ ਦਾ ਕਾਲ ਹੈ ਸੋ ਬਿਮਾਰੀਆਂ ਨਾਲ ਨਜਿੱਠਣ ਦਾ ਜ਼ਿੰਮਾ ਇਨਕਲਾਬੀ ਲਹਿਰ ਨੇ ਖ਼ੁਦ ਹੀ ਸਾਂਭਿਆ ਹੋਇਆ ਹੈ। ਲਹਿਰ ਨੇ ਪਿੰਡਾਂ ਵਿਚ ਦਵਾ ਸੰਘ ਖੜ੍ਹੇ ਕਰ ਲਏ ਹਨ।
ਪਵਨ, ਜਿਵੇਂ ਕਿ ਅਸੀਂ ਪਹਿਲਾਂ ਹੀ ਜਾਣ ਚੁੱਕੇ ਹਾਂ, ਇਹਨਾਂ ਦਵਾ ਸੰਘਾਂ ਨੂੰ ਟਰੇਂਡ ਕਰਨ ਵਾਸਤੇ ਹੀ ਕਈ ਕਈ ਮਹੀਨੇ ਜੰਗਲ ਵਿੱਚ ਰਹਿੰਦਾ ਹੈ। ਓਥੇ ਇਕ ਪਵਨ ਦਾ ਮਤਲਬ ਹੈ: ਸੈਂਕੜੇ ਮਰੀਜ਼ਾਂ ਦਾ ਇੱਕ ਸਮੇਂ ਇਲਾਜ।
"ਈਸ਼ਵਰ ਭਾਈ! ਏਰਮੀਆ ਦਾਇਕਲ!" ਰਾਜੂ ਨੇ ਦੂਰੋਂ ਆਵਾਜ਼ ਦਿੱਤੀ। ਉਹ ਹੱਸਦਾ ਹੋਇਆ ਮੇਰੇ ਵੱਲ ਆਇਆ ਤੇ ਨੇੜੇ ਆ ਕੇ ਬੋਲਿਆ, "ਦਾਇਕਲ?"
"ਦਾਇਕਲ! ਕੀ ਦਾਇਕਲ?" ਬੜੀ ਮੁਸੀਬਤ ਹੈ। ਉਹ ਸਾਰੇ ਜੋ ਮਰਜ਼ੀ ਬੋਲੀ ਜਾਣ ਮੇਰੇ ਕੁਝ ਵੀ ਪੱਲੇ ਨਹੀਂ ਪੈਂਦਾ। “ਚੱਲੀਏ। ਏਰਮੀਆ ਦਾਇਕਲ? ਨਹਾਉਣ ਚੱਲੀਏ।"
"ਨਦੀ ਉੱਤੇ?"
"ਏਰਦਾ।”
ਏਰ, ਯਾਨਿ ਪਾਣੀ। ਏਰਦਾ, ਯਾਨਿ ਤਾਲਾਬ। ਰਾਜੂ ਨੇ ਕਿਹਾ ਕਿ ਅੱਜ ਅਸੀਂ ਉਹਨਾਂ ਅਨੇਕਾਂ ਬੰਨ੍ਹਾਂ ਵਿਚੋਂ ਇਕ ਬੰਨ੍ਹ ਦੇਖਾਂਗੇ ਜੋ ਆਦਿਵਾਸੀਆਂ ਨੇ ਆਪਣੀ ਸਮੂਹਿਕ ਮਿਹਨਤ ਨਾਲ ਬਣਾਏ ਹਨ।
"ਦੇਖਾਂਗੇ ਵੀ, ਨਹਾਵਾਂਗੇ ਵੀ," ਰਾਜੂ ਨੇ ਕਿੱਟ ਉਠਾਉਂਦੇ ਹੋਏ ਕਿਹਾ।
ਰੰਗੰਨਾ, ਰਾਜੂ ਤੇ ਮੈਂ, ਤਿੰਨੇ ਜਣੇ ਤਾਲਾਬ ਵੱਲ ਹੋ ਤੁਰੇ। ਜੰਗਲ ਵਿਚੋਂ ਗੁਜ਼ਰਦੇ ਹੋਏ ਅਸੀਂ ਕਾਈ ਦੇ ਇਕ ਝੱਲ ਵਿਚ ਜਾ ਪਹੁੰਚੇ। ਝੱਲ ਵਿਚ ਅਨੇਕਾਂ ਤਰ੍ਹਾਂ ਦੀ ਕਾਈ ਉੱਗੀ ਹੋਈ ਸੀ। ਪੈਰਾਂ ਹੇਠਲੀ ਜ਼ਮੀਨ ਕਈ ਥਾਈਂ ਦਲਦਲ ਵਾਂਗ ਸੀ ਅਤੇ ਕਿਤੇ ਕਿਤੇ ਸ਼ੇਰੇ ਦੇ ਢੇਰ ਮੌਜੂਦ ਸਨ। ਬਚਾਅ ਕੇ ਪੱਥਰਾਂ ਉੱਪਰ ਪੈਰ ਰੱਖਦੇ ਹੋਏ ਵੀ ਆਦਮੀ ਦਲਦਲੀ ਜ਼ਮੀਨ 'ਚ ਜਾ ਖੁਭਦਾ ਸੀ। ਰਾਜੂ ਦੇ ਜਦ ਪੈਰ ਲਿੱਬੜ ਗਏ ਤਾਂ ਉਹ ਖਿੜ ਖਿੜਾ ਕੇ ਹੱਸ ਪਿਆ। ਫਿਰ ਉਹ ਬੇ-ਪ੍ਰਵਾਹੀ ਨਾਲ ਜ਼ਮੀਨ ਉੱਤੇ ਪੈਰ ਰੱਖਦਾ ਤੁਰੀ ਗਿਆ। ਰੰਗੰਨਾ ਵਧੇਰੇ ਚੌਕਸੀ ਨਾਲ ਪੈਰ ਟਿਕਾਉਂਦਾ ਤੇ ਆਪਣਾ ਸੰਤੁਲਨ ਕਾਇਮ ਕਰਦਾ ਚੱਲ ਰਿਹਾ ਸੀ।
"ਜੇ ਇਸੇ ਰਸਤੇ ਹੀ ਵਾਪਸ ਮੁੜਨਾ ਹੈ ਤਾਂ ਨਹਾਉਣ ਦਾ ਕੋਈ ਫ਼ਾਇਦਾ ਨਹੀਂ," ਮੈਂ ਬੋਲਿਆ।
“ਫ਼ਾਇਦਾ ਤਾਂ ਫਿਰ ਵੀ ਹੋਵੇਗਾ ਕਿਉਂਕਿ ਮੈਂ ਚਾਰ ਦਿਨਾਂ ਤੋਂ ਨਹਾਤਾ ਨਹੀਂ। ਪਸੀਨੇ ਨੇ ਬੁਰਾ ਹਾਲ ਕਰ ਛੱਡਿਐ। ਸਰੀਰ ਤਰੋ-ਤਾਜਾ ਹੋ ਜਾਵੇਗਾ। ਰਹੀ ਗੱਲ ਪੈਰਾਂ ਦੀ, ਜੇ ਇਹ ਖ਼ਰਾਬ ਵੀ ਹੋ ਗਏ ਤਾਂ ਕੋਈ ਗੱਲ ਨਹੀਂ। ਵੈਸੇ, ਅਸੀਂ ਏਸੇ ਰਸਤਿਓਂ ਵਾਪਸ ਨਹੀਂ ਮੁੜਾਂਗੇ।" ਰਾਜੂ ਖੁਸ਼ ਸੀ ਤੇ ਬੱਚਿਆਂ ਵਾਂਗ ਕਿਲਕਾਰੀਆਂ ਮਾਰ ਰਿਹਾ ਸੀ।
ਉਹ ਫਿਰ ਬੋਲਿਆ, "ਝੱਲ ਮੈਨੂੰ ਬਹੁਤ ਚੰਗਾ ਲਗਦੈ। ਛੋਟੇ ਹੁੰਦਿਆਂ ਮੈਂ ਇਹਨਾਂ ਵਿਚ ਚਿੜੀਆਂ ਦਾ ਸ਼ਿਕਾਰ ਕਰਦਾ ਹੁੰਦਾ ਸਾਂ। ਸੁਬਹ ਤੋਂ ਸ਼ਾਮ ਤੱਕ ਝੱਲ ਵਿਚ ਹੀ ਫਿਰਦਾ ਰਹਿੰਦਾ, ਚਿੜੀ ਭਾਵੇਂ ਇਕ ਮਿਲੇ ਭਾਵੇਂ ਦੱਸ। ਝੱਲ 'ਚ ਘੁੰਮਣ ਤੋਂ ਬਿਨਾਂ ਵੀ ਕੋਈ ਜ਼ਿੰਦਗੀ ਏ?"
"ਸੋ ਤੈਨੂੰ ਝੱਲ 'ਚ ਘੁੰਮਣ ਦਾ ਫਿਰ ਝੱਲ ਉੱਠਿਐ," ਮੈਂ ਕਿਹਾ। ਪਰ ਰਾਜੂ ਨੂੰ ਮੇਰੀ ਗੱਲ ਦੀ ਸਮਝ ਨਹੀਂ ਪਈ। ਉਹ ਜਾਨਣਾ ਚਾਹੁੰਦਾ ਸੀ ਪਰ ਮੈਂ 'ਕੁਝ ਨਹੀਂ'
ਕਹਿਕੇ ਟਾਲ ਦਿੱਤਾ।
“ਅੱਜ ਤੱਕ ਕਿੰਨੀਆਂ ਚਿੜੀਆਂ (ਪੰਛੀ) ਮਾਰੀਆਂ ਹੋਣਗੀਆਂ?" ਮੈਂ ਪੁੱਛਦਾ ਹਾਂ।
"ਕੋਈ ਜ਼ਿਆਦਾ ਨਹੀਂ। ਬੱਸ ਦੇ ਕ ਸੌ।"
"ਹੁਣ ਵੀ ਮਾਰਦਾ ਹੈ?"
"ਨਹੀਂ। ਸਮਾਂ ਨਹੀਂ ਮਿਲਦਾ।"
"ਦਿਲ ਕਰਦਾ ਹੈ?"
"ਬਹੁਤ! ਸਾਰੇ ਹੀ ਕਬਾਇਲੀ ਮੁੰਡੇ ਇਹ ਕਰਦੇ ਨੇ। ਸਾਡੇ ਵਾਸਤੇ ਇਹ ਖੇਡ ਵੀ ਹੈ ਤੇ ਸ਼ਿਕਾਰ ਵੀ। ਪਰ ਹੁਣ ਚਿੜੀਆਂ ਬਹੁਤੀਆਂ ਹੈ ਹੀ ਨਹੀਂ।" ਰਾਜੂ ਸਮਾਂ ਅਤੇ ਪੰਛੀ, ਦੋਵਾਂ ਦੀ ਘਾਟ ਤੋਂ ਹੀ ਨਿਰਾਸ਼ ਸੀ।
ਝੱਲ ਪਾਰ ਕਰ ਕੇ ਅਸੀਂ ਤਾਲਾਬ ਦੇ ਕੰਢੇ ਉੱਤੇ ਇਕ ਉੱਚੀ ਥਾਂ ਪਹੁੰਚਦੇ ਹਾਂ। ਇੱਥੋਂ ਬੰਨ੍ਹ ਸ਼ੁਰੂ ਹੁੰਦਾ ਹੈ। ਬੰਧ ਉੱਪਰੋਂ ਕੋਈ ਅੱਠ ਅਤੇ ਹੇਠੋਂ ਸੋਲਾਂ ਜਾਂ ਅਠਾਰਾਂ ਫੁੱਟ ਚੋੜਾ ਹੋਵੇਗਾ। ਉਚਾਈ ਸੋਲਾਂ ਫੁੱਟ ਤੱਕ ਅਤੇ ਲੰਬਾਈ ਤਕਰੀਬਨ ਦੇ ਫਰਲਾਂਗ। ਬੰਧ ਵਿਚ ਦੂਰ ਦੂਰ ਤੱਕ ਪਾਣੀ ਹੀ ਪਾਣੀ ਦਿਖਾਈ ਦੇਂਦਾ ਹੈ ਜਿਹੜਾ ਅੰਤ ਨੂੰ ਝੱਲਾਂ ਵਿਚ ਛੁਪ ਜਾਂਦਾ ਹੈ। ਕਈ ਥਾਵਾਂ ਉੱਤੇ ਕਮਲ-ਫੁੱਲ ਦੇ ਪੱਤਿਆਂ ਨੇ ਇਸ ਦੀ ਸਤਹ ਨੂੰ ਢੱਕਿਆ ਹੋਇਆ ਹੈ। ਕਿਤੇ ਕਿਤੇ ਜ਼ਮੀਨ ਦੇ ਅਜਿਹੇ ਹਿੱਸੇ ਹਨ ਜਿੱਥੇ ਝੱਲ ਮੌਜੂਦ ਨਹੀਂ ਹੈ। ਇਹ ਠੋਸ ਥਾਵਾਂ ਹਨ ਜਿੱਥੇ ਨਹਾਇਆ ਜਾ ਸਕਦਾ ਹੈ। ਬੰਨ੍ਹ ਦੇ ਤਾਲਾਬ ਦੇ ਐਨ ਵਿਚਕਾਰ ਦੋ ਵਿਸ਼ਾਲ ਤੇ ਨੰਗੀਆਂ ਚਟਾਨਾਂ ਹਨ ਜਿਹੜੀਆਂ ਸਮੁੰਦਰ ਵਿਚਲੇ ਕਿਸੇ ਚਟਾਨੀ ਟਾਪੂ ਵਾਂਗ ਲਗਦੀਆਂ ਹਨ। ਤਾਲਾਬ ਦਾ ਪਾਣੀ ਔਸਤਨ ਦੱਸ ਫੁੱਟ ਡੂੰਘਾ ਹੈ, ਕਿਤੇ ਕਿਤੇ ਇਹ ਸੋਲਾਂ ਫੁੱਟ ਤਕ ਡੂੰਘਾ ਹੋ ਜਾਂਦਾ ਹੈ। ਕਿਨਾਰਿਆਂ ਉੱਤੇ ਕੁਝ ਥਾਵਾਂ 'ਤੇ ਧਾਨ ਦੀ ਫ਼ਸਲ ਵੀ ਖੜ੍ਹੀ ਹੈ। ਪਾਣੀ ਦੇ ਕੰਢੇ ਉੱਤੇ ਹੋਣ ਦੇ ਬਾਵਜੂਦ ਵੀ ਖੇਤਾਂ ਵਿਚ ਵਿਰਲੇ ਟਾਵੇਂ ਬੂਟੇ ਹੀ ਹਨ ਜਿਵੇਂ ਕਿਸੇ ਨੇ ਬੇ-ਪਰਵਾਹੀ ਵਿਚ ਬੀਜ ਖਿਲਾਰ ਦਿੱਤਾ ਹੋਵੇ। ਥਾਂ ਥਾਂ ਸਿੱਪੀਆਂ ਘੋਗੇ ਖਿੰਡੇ ਪਏ ਹਨ। ਭੂਰੀ, ਚਿਟਿਆਲੀ ਅਤੇ ਲਾਲ ਭਾਅ ਮਾਰਦੀ ਰੇਤ ਵਿਚ ਕਿਤੇ ਕਿਤੇ ਕਣ ਸੋਨੇ ਵਾਂਗ ਚਮਕਦੇ ਹਨ। ਜੇ ਏਥੇ ਬੰਧ ਮੌਜੂਦ ਨਾ ਹੋਵੇ ਤਾਂ ਇੰਜ ਲੱਗੇਗਾ ਜਿਵੇਂ ਜੰਗਲ ਵਿਚ ਮਾਰੂਥਲ ਉੱਗ ਆਇਆ ਹੋਵੇ। ਜੰਗਲ ਦੇ ਐਨ ਵਿਚਕਾਰ ਇਹੋ ਜਿਹੀ ਭੂਮੀ ਅਚੰਭਾ ਲਗਦੀ ਹੈ। ਸ਼ਾਇਦ ਖ਼ਦਾਨਾਂ ਦੇ ਠੇਕੇਦਾਰਾਂ ਨੂੰ ਇਹ ਜ਼ਮੀਨ ਨਜ਼ਰ ਨਹੀਂ ਸੀ ਪਈ ਨਹੀਂ ਤਾਂ ਉਹਨਾਂ ਨੇ ਇਸ ਨੂੰ ਪੁੱਟ ਧਰਿਆ ਹੁੰਦਾ ਅਤੇ ਧਰਤੀ ਵਿਚ ਮੈਗਨੀਸ਼ੀਅਮ ਜਾਂ ਬਾਕਸਾਈਟ ਦੇ ਵਿਸ਼ਾਲ ਭੰਡਾਰਾਂ ਦੀ ਖੋਜ ਕਰ ਲਈ ਹੁੰਦੀ। ਯਕੀਨਨ ਹੀ ਇਹ ਧਰਤੀ ਖਣਿਜਾਂ ਨਾਲ ਭਰਪੂਰ ਹੈ। ਚਮਕੀ, ਜਿਸ ਨਾਲ ਸ਼ਹਿਰੀ ਸਕੂਲਾਂ ਦੇ ਬੱਚੇ ਮਾਡਲ ਅਤੇ ਤਸਵੀਰਾਂ ਸਜਾਉਂਦੇ ਹਨ, ਏਥੇ ਚਾਰ-ਚੁਫੇਰੇ ਖਿੰਡੀ ਪਈ ਹੈ। ਕਬਾਇਲੀ ਸਕੂਲ ਅਸੀਂ ਫਿਰ ਕਿਸੇ ਦਿਨ ਦੇਖਾਂਗੇ ਕਿ ਬੱਚੇ ਓਥੇ ਕੀ ਕਰਦੇ ਹਨ, ਅੱਜ ਤਾਲਾਬ ਦੇ ਚੋਗਿਰਦੇ ਉੱਤੇ ਹੀ ਨਜ਼ਰ ਮਾਰਦੇ ਹਾਂ।
"ਰਾਜੂ, ਤਾਲਾਬ ਵਿੱਚ ਮੱਛੀ ਹੋਵੇਗੀ?"
"ਬਹੁਤ ਹੈ। ਬੀਜ ਪਾਇਆ ਹੈ ਪਰ ਅਜੇ ਬਹੁਤ ਛੋਟੀ ਹੈ। ਮੌਜ ਲੱਗ ਜਾਵੇਗੀ।" ਉਹ ਖ਼ੁਸ਼ ਹੋ ਕੇ ਜਵਾਬ ਦੇਂਦਾ ਹੈ। ਐਡੇ ਵਿਸ਼ਾਲ ਤਾਲਾਬ ਦੀ ਮੱਛੀ ਦੱਸ ਪਿੰਡਾਂ ਨੂੰ ਰਜਾ ਦੇਵੇ ਤੇ ਫਿਰ ਵੀ ਨਾ ਮੁੱਕੇ। ਜੰਗਲ ਵਾਸੀ ਨੂੰ ਐਨੀ ਬਹੁਤਾਤ ਵਿਚ ਮੱਛੀ ਮਿਲ
ਜਾਵੇ ਇਸ ਤੋਂ ਵੱਡੀ ਚੀਜ਼ ਉਹ ਹੋਰ ਨਹੀਂ ਚਾਹੇਗਾ। ਉਸਨੂੰ ਮੱਛੀ ਸਿਰਫ਼ ਵਹਿੰਦੇ ਹੋਏ ਪਾਣੀ ਚੋਂ ਮਿਲਦੀ ਹੈ। ਜਦ ਨਦੀਆਂ ਨਾਲੇ ਸੁੱਕ ਜਾਂਦੇ ਹਨ ਤਾਂ ਮੱਛੀ ਦਾ ਕਾਲ ਉਹਦੇ ਲਈ ਵੀ ਕਾਲ ਵਰਗਾ ਹੀ ਬਣ ਜਾਂਦਾ ਹੈ। ਫਿਰ ਉਹ ਥਾਂ ਥਾਂ ਕੰਦ-ਮੂਲ ਦੀ ਤਾਲਾਸ਼ ਵਿਚ ਜੰਗਲ ਗਾਹੁੰਦਾ ਹੈ।
ਬੇਸ਼ੱਕ ਬਸਤਰ ਵਿਚ ਕੁਝ ਲੋਕਾਂ ਦੇ ਨਿੱਜੀ ਤਾਲਾਬ ਵੀ ਹਨ ਪਰ ਉਹ ਬਹੁਤ ਛੋਟੇ ਹਨ। ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਬਾਕੀ ਦੀ ਮੱਛੀ ਮੰਡੀ ਵਿਚ ਵੇਚਦੇ ਹਨ ਤੇ ਚੰਗੀ ਕਮਾਈ ਕਰ ਲੈਂਦੇ ਹਨ। ਲੋਕਾਂ ਦੇ ਸਾਂਝੇ ਉੱਦਮ ਨਾਲ ਬਣੇ ਤਾਲਾਬ, ਬਸਤਰ ਦੇ ਖਣਿਜਾਂ ਤੇ ਇਸ ਦੇ ਲੋਕਾਂ ਵਾਂਗ, ਨਵਾਂ ਅਜੂਬਾ ਹਨ। ਇਹਨਾਂ ਵਿਚ ਓਥੋਂ ਦੀ ਜ਼ਿੰਦਗੀ ਨੂੰ ਬਦਲ ਦੇਣ ਦੀ ਸਮਰੱਥਾ ਮੌਜੂਦ ਹੈ। ਅੱਜ ਇਹਨਾਂ ਵਿਚ ਮੱਛੀ-ਪਾਲਣ ਦਾ ਕੰਮ ਸ਼ੁਰੂ ਹੈ, ਕੱਲ ਨੂੰ ਇਸ ਪਾਣੀ ਨੂੰ ਸਿੰਜਾਈ ਵਾਸਤੇ ਵਰਤੋਂ ਵਿਚ ਲਿਆਉਣ ਦੀ ਯੋਜਨਾ ਸ਼ੁਰੂ ਹੋ ਸਕਦੀ ਹੈ। ਕੁਦਰਤੀ ਸੋਮਿਆਂ ਦੀ ਕਈ ਤੋਟ ਨਹੀਂ ਹੈ, ਤਟ ਹੈ ਤਾਂ ਉਸ ਢਾਂਚੇ ਦੀ ਜਿਹੜਾ ਇਹਨਾਂ ਸਾਰੇ ਸਾਧਨਾਂ ਨੂੰ ਓਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਮਿਆਰ ਉੱਚਾ ਚੁੱਕਣ ਪ੍ਰਤੀ ਸਮਰਪੱਤ ਹੋਵੇ। ਸਿਰਫ਼ ਖਣਿਜਾਂ ਕਾਰਨ ਹੀ ਬਸਤਰ ਨੂੰ ਦੁਨੀਆਂ ਦੀਆਂ ਸਭ ਤੋਂ ਅਮੀਰ ਧਰਤੀਆਂ ਵਿਚੋਂ ਇਕ ਹੋਣ ਦਾ ਦਰਜਾ ਪ੍ਰਾਪਤ ਹੈ। ਇਸ ਦੇ ਜੰਗਲ, ਪਾਣੀ ਦੇ ਸੋਮੇ ਅਤੇ ਖਣਿਜ, ਤਿੰਨੋਂ ਮਿਲ ਕੇ ਇਸ ਨੂੰ ਵਿਲੱਖਣ ਧਰਤੀ ਦਾ ਰੁਤਬਾ ਪਰਦਾਨ ਕਰਦੇ ਹਨ। ਕੁਦਰਤ ਦੀ ਸਭ ਤੋਂ ਵਡਮੁੱਲੀ ਦੇਣ - ਮਨੁੱਖ - ਸਭ ਤੋਂ ਨੀਵੇਂ ਦਰਜੇ ਦੀ ਜ਼ਿੰਦਗੀ ਜਿਉਣ ਲਈ ਸਰਾਪੇ ਪਏ ਹਨ। ਇਸੇ ਸਰਾਪ ਨੂੰ ਖ਼ਤਮ ਕਰ ਦੇਣ ਦੇ ਉੱਦਮਾਂ ਵਿਚੋਂ ਇਕ ਦੇ ਸਨਮੁਖ ਅਸੀਂ ਖੜ੍ਹੇ ਹਾਂ। ਇਸ ਦੀ ਵਿਸ਼ਾਲਤਾ ਤੇ ਸਮਰੱਥਾ ਨੂੰ ਦੇਖ ਕੇ ਰਾਜੂ ਬਾਗੋ-ਬਾਗ਼ ਹੈ।
ਬੰਨ੍ਹ ਦੇ ਦੂਸਰੇ ਪਾਸੇ ਇਕ ਥਾਂ ਤੋਂ ਪਾਣੀ ਦੇ ਵਹਿਣ ਦੀ ਆਵਾਜ਼ ਆ ਰਹੀ ਸੀ। ਅਸੀਂ ਦੇਖਣ ਪਹੁੰਚਦੇ ਹਾਂ ਕਿ ਇਹ ਪਾਣੀ ਕਿੱਥੋਂ ਵਹਿ ਰਿਹਾ ਹੈ। ਯਕੀਨਨ ਹੀ ਇਹ ਬੰਧ ਦਾ ਪਾਣੀ ਹੈ ਅਤੇ ਕਿਸੇ ਨੇ ਇਸ ਨੂੰ ਅਣਜਾਣੇ ਵਿਚ ਖੁੱਲ੍ਹਾ ਛੱਡਿਆ ਹੋਇਆ ਹੈ। ਵਹਿ ਰਹੇ ਪਾਣੀ ਵਿਚ ਅਨੇਕਾਂ ਮੱਛੀਆਂ ਰੁੜ੍ਹਦੀਆਂ ਜਾ ਰਹੀਆਂ ਹਨ।
“ ਤੁਹਾਡਾ ਬੀਜ ਤਾਂ ਜ਼ਾਇਆ ਹੋ ਰਿਹੈ। ਉਹ ਦੇਖ਼!"
ਰਾਜੂ ਲਪਕ ਕੋ ਵਗ ਰਹੇ ਪਾਣੀ ਦੇ ਸੋਮੇ ਕੋਲ ਪਹੁੰਚਦਾ ਹੈ। ਉਸ ਦੇ ਮੂੰਹੋਂ ਆਪ-ਮੁਹਾਰੇ ਨਿਕਲਦਾ ਹੈ: “ਇਹ ਤਾਂ ਬੁਰੀ ਗੱਲ ਹੈ।"
ਰਾਜੂ ਵਗ ਰਹੇ ਪਾਣੀ ਨੂੰ ਪੱਥਰਾਂ ਅਤੇ ਮਿੱਟੀ ਨਾਲ ਬੰਦ ਕਰਦਾ ਹੈ। ਕਿਸੇ ਨੇ ਮੱਛੀ ਫੜ੍ਹਣ ਵਾਸਤੇ ਬੰਧ ਦੇ ਹੇਠੋਂ ਵਿਛਾਈਆਂ ਗਈਆਂ ਪਾਈਪਾਂ ਵਿਚੋਂ ਕਿਸੇ ਇਕ ਨੂੰ ਖੋਲ੍ਹ ਦਿੱਤਾ ਸੀ ਅਤੇ ਮੱਛੀ ਹਾਸਲ ਕਰਕੇ ਚਲਾ ਗਿਆ ਸੀ ਪਰ ਪਾਣੀ ਨੂੰ ਉਸ ਨੇ ਬੰਦ ਨਹੀਂ ਸੀ ਕੀਤਾ।
"ਸਾਡੇ ਲੋਕ ਇਸੇ ਤਰ੍ਹਾਂ ਕਰਦੇ ਹਨ। ਪਾਣੀ ਬੰਦ ਨਹੀਂ ਕਰਦੇ। ਜਿਵੇਂ ਉਹ ਵਹਿੰਦੇ ਹੋਏ ਨਦੀ ਨਾਲਿਆਂ ਵਿਚੋਂ ਮੱਛੀ ਫੜ੍ਹਦੇ ਹਨ ਉਸੇ ਤਰ੍ਹਾਂ ਹੀ ਇੱਥੇ ਵੀ ਕਰਦੇ ਹਨ। ਇਸ ਤਰ੍ਹਾਂ ਗਰਮੀਆਂ ਦੇ ਆਉਣ ਤਕ ਸਾਰਾ ਤਾਲਾਬ ਖਾਲੀ ਹੋ ਜਾਣੈ ਤੇ ਮੱਛੀ ਨੇ ਖ਼ਤਮ ਹੋ ਜਾਣੋ।"
ਇਸ ਤਾਲਾਬ ਵਿਚ ਪਹਿਲੀ ਵਾਰ ਬੀਜ ਪਾਇਆ ਗਿਆ ਸੀ। ਮੱਛੀ ਪਾਲਣਾ ਸਿੱਖਣ ਵਿਚ ਕਬਾਇਲੀਆਂ ਨੂੰ ਸਮਾਂ ਲੱਗੇਗਾ ਹੀ। "ਪਰ ਸਾਨੂੰ ਇਸ ਸਬੰਧੀ ਪਿੰਡ
ਨੂੰ ਜਾਗ੍ਰਿਤ ਕਰਨਾ ਪਵੇਗਾ ਕਿ ਉਹ ਮੱਛੀ ਕਿਵੇਂ ਫੜ੍ਹਣ," ਉਹ ਬੋਲਿਆ। ਰਾਜੂ ਨੇ ਪਾਣੀ ਤਾਂ ਬੰਦ ਕਰ ਦਿੱਤਾ ਸੀ ਪਰ ਉਹ ਇੰਜ ਜ਼ਾਇਆ ਹੋ ਰਹੀ ਮੱਛੀ ਨੂੰ ਦੇਖ ਕੇ ਪ੍ਰੇਸ਼ਾਨ ਹੋ ਗਿਆ ਸੀ। ਦਰਅਸਲ ਵਗਦੇ ਪਾਣੀ ਤੋਂ ਬਿਨਾਂ ਕਿਸੇ ਹੋਰ ਤਰ੍ਹਾਂ ਮੱਛੀ ਫੜ੍ਹਣ ਦਾ ਲੋਕਾਂ ਨੂੰ ਤਰੀਕਾ ਹੀ ਨਹੀਂ ਸੀ ਆਉਂਦਾ। ਤਾਲਾਬ ਵਿਚੋਂ ਮੱਛੀ ਫੜ੍ਹਣ ਲਈ ਨਾ ਸਿਰਫ਼ ਨਵੇਂ ਤਰੀਕੇ ਦੀ ਜ਼ਰੂਰਤ ਸੀ ਸਗੋਂ ਅਜੇ ਮੱਛੀ ਨੂੰ ਵੀ ਵੱਡੇ ਹੋਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਸੀ।
ਤਾਲਾਬ ਉੱਤੇ ਨਹਾਉਣ ਤੋਂ ਬਾਦ ਅਸੀਂ ਵਾਪਸ ਮੁੜ ਪਏ। ਰਾਜੂ ਡੂੰਘੀ ਸੋਚ ਵਿਚ ਡੁੱਬ ਗਿਆ। ਪਾਣੀ ਵਿਚ ਛਪਕਲ ਛਪਕਲ ਕਰਨ ਦਾ ਉਸ ਨੂੰ ਹੁਣ ਕੋਈ ਮਜ਼ਾ ਨਹੀਂ ਸੀ ਆ ਸਕਦਾ।
ਸ਼ਾਮ ਦੇ ਵਕਤ ਜਦ ਸਾਰਾ ਪਿੰਡ ਪਹੁੰਚ ਚੁੱਕਾ ਤਾਂ ਚੰਦਨ ਨੇ ਸੀਟੀ ਮਾਰ ਕੇ ਸਭ ਨੂੰ ਇਕ ਥਾਂ ਇਕੱਠੇ ਹੋਣ ਦਾ ਸਿਗਨਲ ਦਿੱਤਾ। ਜਦ ਸਾਰੇ ਇਕ ਥਾਂ ਹੋ ਗਏ ਤਾਂ ਚੰਦਨ ਨੇ ਕਿਹਾ ਕਿ ਰਾਜੂ ਉਹਨਾਂ ਨੂੰ ਸੰਬੰਧਨ ਹੋਣਾ ਚਾਹੁੰਦਾ ਹੈ।
ਰਾਜੂ ਆਪਣੀ ਥਾਂ ਤੋਂ ਉੱਠਿਆ। ਇਕ ਨਜ਼ਰ ਉਸਨੇ ਸਾਰੇ ਪਿੰਡ ਵਾਲਿਆਂ ਨੂੰ ਗਹੁ ਨਾਲ ਦੇਖਿਆ ਤੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ।
"ਏਰਦਾ ਏਰੂ ਇਨਮ ਨਾਦ ਆਈ ਓ।" (ਤਾਲਾਬ ਦਾ ਪਾਣੀ ਜਾਇਆ ਨਾ ਕਰੋ!) ਤੋਂ ਸ਼ੁਰੂ ਕਰ ਕੇ ਉਸ ਨੇ ਗੌਂਡ ਬੋਲੀ ਵਿਚ ਲੰਬੀ ਚੌੜੀ ਤਕਰੀਰ ਕੀਤੀ। ਸਾਰਿਆਂ ਨੇ ਰਾਜੂ ਨੂੰ ਧਿਆਨ ਨਾਲ ਸੁਣਿਆ। ਸੱਭਿਆਚਾਰਕ ਟੀਮ ਵੀ ਪੂਰੀ ਗੰਭੀਰਤਾ ਨਾਲ ਖੜ੍ਹੀ ਰਹੀ। ਅੰਤ ਵਿਚ ਰਾਜੂ ਨੇ ਇਹ ਕਹਿ ਕੇ ਆਪਣੀ ਗੱਲ ਖ਼ਤਮ ਕੀਤੀ,
"ਕੀਕੇ ਬਿੜੀਆ ਪਿਰਸ ਤਪੱਈਆ ਤਿਨੂ ਟੂ।" (ਮੱਛੀ ਨੂੰ ਵੱਡੀ ਹੋਣ ਉੱਪਰ ਹੀ ਖਾਓ।)
ਰਾਜੂ ਦੀ ਤਕਰੀਰ ਨੇ ਆਦਿਵਾਸੀਆਂ ਵਿਚ ਕੋਈ ਬਹੁਤੀ ਹਿਲਜੁਲ ਨਹੀਂ ਮਚਾਈ। ਕਿੰਨਾ ਸਮਾਂ ਉਹ ਆਪਸ ਵਿਚ ਖ਼ੁਸਰ-ਫੁਸਰ ਕਰਦੇ ਰਹੇ। ਫਿਰ ਇਕ ਨੇ ਕਿਹਾ ਕਿ ਵੱਡੀ ਮੱਛੀ ਬੇ-ਸੁਆਦ ਹੁੰਦੀ ਹੈ, ਚੌਲਾਂ ਵਰਗੀ ਵਿੱਕੀ। ਬਹੁਤ ਸਾਰਿਆਂ ਨੇ ਉਸ ਦੀ ਹਾਮੀ ਭਰੀ। ਉਹਨਾਂ ਜ਼ਿਦ ਕੀਤੀ ਕਿ ਉਹ ਨਿੱਕੀ ਮੱਛੀ ਹੀ ਫੜਨਗੇ ਤੇ ਖਾਣਗੇ। ਮੱਛੀ ਫੜ੍ਹਣ ਦਾ ਵੀ ਕੋਈ ਹੋਰ ਤਰੀਕਾ ਉਹਨਾਂ ਨੂੰ ਨਹੀਂ ਸੀ ਸੁੱਝਦਾ। ਉਹਨਾਂ ਹਮੇਸ਼ਾਂ ਨਦੀ ਦੇ ਵਗਦੇ ਪਾਣੀ 'ਚੋਂ ਹੀ ਮੱਛੀ ਫੜ੍ਹੀ ਸੀ, ਸੋ ਤਾਲਾਬ ਦਾ ਪਾਣੀ ਤਾਂ ਵਗੇਗਾ ਹੀ।
ਆਪਣੀ ਗੱਲ ਦਾ ਕੋਈ ਅਸਰ ਨਾ ਹੋਇਆ ਵੇਖ ਰਾਜ ਪ੍ਰੇਸ਼ਾਨੀ ਮਹਿਸੂਸ ਕਰਨ ਲੱਗਾ। ਫਿਰ ਉਸ ਨੇ ਆਪਣੇ ਸਿਰ ਨੂੰ ਝਟਕਾ ਦਿੱਤਾ ਤੇ ਕਿਹਾ, "ਜਾਓ ਇਸੇ ਤਰ੍ਹਾਂ ਹੀ ਮੱਛੀ ਫੜ੍ਹ ਜਦ ਤਕ ਅਸੀਂ ਇਸ ਦਾ ਕੋਈ ਹੋਰ ਹੱਲ ਨਹੀਂ ਕੱਢ ਲੈਂਦੇ। ਪਰ ਮੱਛੀ ਫੜ੍ਹਣ ਤੋਂ ਬਾਦ ਪਾਈਪ ਦਾ ਪਾਣੀ ਤਾਂ ਬੰਦ ਕਰ ਦਿਆ ਕਰੋ!"
ਪਾਣੀ ਬੰਦ ਕਰਨ ਦੀ ਗੱਲ ਹਰ ਕਿਸੇ ਦੀ ਸਮਝ ਵਿਚ ਆ ਗਈ। ਉਹ ਹਰ ਸਾਲ ਗਰਮੀਆਂ ਵਿਚ ਨਦੀਆਂ, ਨਾਲਿਆਂ ਤੇ ਤਾਲਾਬਾਂ ਦੇ ਪਾਣੀ ਨੂੰ ਸੁੱਕਦਾ ਦੇਖਦੇ ਸਨ। ਚਾਹੁੰਦੇ ਸਨ ਕਿ ਪਾਣੀ ਖ਼ਤਮ ਨਾ ਹੋਵੇ। ਪਰ ਮੱਛੀ ਫੜ੍ਹਣ ਦਾ ਕੋਈ ਹੋਰ ਢੰਗ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ।
ਰਾਤ ਨੂੰ ਸੱਭਿਆਚਾਰਕ ਟੋਲੀ ਇਸ ਉੱਪਰ ਵਿਚਾਰ ਕਰਨ ਵਾਸਤੇ ਬੈਠ ਗਈ। ਗੀਤਾਂ ਤੇ ਨਾਚਾਂ ਦੀ ਗੱਲ ਤਾਂ ਉਹ ਬੜੀ ਆਸਾਨੀ ਨਾਲ ਕਰ ਲੈਂਦੇ ਸਨ ਪਰ ਇਹ
ਵੱਖ ਕਿਸਮ ਦੀ ਸਮੱਸਿਆ ਸੀ ਜਿਸ ਦਾ ਕੋਈ ਮੂੰਹ ਸਿਰ ਨਹੀਂ ਸੀ। ਤਦ ਚੰਦਨ ਨੇ ਉਹਨਾਂ ਨੂੰ ਸੁਝਾਇਆ ਕਿ ਇਕ ਬੇੜੀ ਬਣਾਈ ਜਾਵੇ ਤੇ ਤਾਲਾਬ ਵਿਚ ਠੇਲ੍ਹ ਦਿੱਤੀ ਜਾਵੇ। ਥੋੜੀ ਕੀ ਹੁੰਦੀ ਹੈ ਇਹ ਗੱਲ ਕਿਸੇ ਦੇ ਪੱਲੇ ਨਾ ਪਈ। ਅਖ਼ੀਰ ਚੰਦਨ ਨੇ ਉਹਨਾਂ ਨੂੰ ਸਮਝਾਇਆ ਕਿ ਆਪਣੇ ਕਮਾਨ ਨੂੰ ਚੌੜਾ, ਡੂੰਘਾ ਤੇ ਲੰਬਾ ਕਰ ਦਿਓ ਤਾਂ ਬੇੜੀ ਬਣ ਜਾਵੇਗੀ। ਉਸ ਨੇ ਨਾਰੀਅਲ ਦੇ ਖੋਪੇ ਨੂੰ ਵੀ ਲੰਬਾ ਤੇ ਚੌੜਾ ਖਿੱਚ ਕੇ ਬੇੜੀ ਬਣਾ ਦੇਣ ਦੀ ਗੱਲ ਸਮਝਾਈ। ਪਰ ਇਹ ਹਰ ਕਿਸੇ ਦੇ ਵੱਸ ਤੋਂ ਬਾਹਰ ਦਾ ਕੰਮ ਸੀ। ਅੰਤ ਉਹਨਾਂ ਨੇ ਦਰੱਖ਼ਤਾਂ ਦੇ ਤਣੇ ਵੱਢ ਕੇ ਉਹਨਾਂ ਨੂੰ ਰੈਫਟ ਦੀ ਸ਼ਕਲ ਵਿਚ ਬੰਨ੍ਹ ਕੇ ਤਾਲਾਬ ਵਿਚ ਠੇਲ੍ਹ ਦੇਣ ਦੀ ਤਰਕੀਬ ਸੋਚੀ। ਰੈਫਟ ਦੀ ਗੱਲ ਹਰ ਕਿਸੇ ਦੀ ਸਮਝ ਵਿਚ ਆ ਗਈ। ਉਹਨਾਂ ਇਹ ਕੰਮ ਵਿਕਾਸ ਸੰਘ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਤਾਂ ਕਿ ਇਸ ਨੂੰ ਸਿਰੇ ਚੜਾਇਆ ਜਾਵੇ।
ਰਾਤ ਨੂੰ ਸੌਣ ਲੱਗਿਆਂ ਰਾਜੂ ਨੇ ਕਿਹਾ, "ਨਹਾਉਣ ਜਾਣ ਦਾ ਬਹੁਤ ਫ਼ਾਇਦਾ ਹੋਇਆ। ਹੁਣ ਮੱਛੀਆਂ ਫੜ੍ਹਣਾ ਆਸਾਨ ਹੋ ਜਾਵੇਗਾ। ਪਾਣੀ ਵੀ ਨਹੀਂ ਮੁੱਕੇਗਾ ਤੇ ਮੱਛੀ ਵੀ ਹਮੇਸ਼ਾਂ ਮਿਲਦੀ ਰਹੇਗੀ।"
“ਪਰ ਤੁਹਾਨੂੰ ਫਿੱਕੀ ਮੱਛੀ ਦੀ ਥਾਂ ਉੱਤੇ ਲੋਕਾਂ ਨੂੰ ਸਵਾਦ ਵੱਡੀ ਮੱਛੀ ਦੇਣੀ ਪਵੇਗੀ, ਨਹੀਂ ਤਾਂ ਉਹ ਉਸ ਨੂੰ ਪਸੰਦ ਨਹੀਂ ਕਰਨਗੇ। ਨਵੀਂ ਕਿਸਮ ਦੇ ਬੀਜ ਪਾਉਣੇ ਪੈਣਗੇ।"
"ਇਹ ਤਾਂ ਹੋਰ ਵੀ ਕੰਮ ਵਧ ਗਿਆ," ਰਾਜੂ ਨੇ ਮੇਰੀ ਗੱਲ ਸੁਣ ਕੇ ਕਿਹਾ।
"ਯਾਨਿ, ਨਹਾਉਣ ਦਾ ਫ਼ਾਇਦਾ ਦੂਰ ਤੱਕ ਜਾਵੇਗਾ ਰਾਜੂ ਮਾਸਟਰ!"
"ਜੇ ਅਜਿਹੀ ਗੱਲ ਹੈ ਤਾਂ ਮੈਂ ਰੋਜ਼ ਨਹਾਇਆ ਕਰਾਂਗਾ। ਪਰ ਬੇੜੀ ਬਨਾਉਣ ਦਾ ਕੰਮ ਕਿਵੇਂ ਕੀਤਾ ਜਾਵੇ? ਸਾਡੇ ਕੋਲ ਲੱਕੜ ਦੀ ਕਮੀ ਨਹੀਂ ਪਰ ਬਨਾਉਣ ਦਾ ਤਰੀਕਾ ਕੀ ਹੋਵੇ? ਅਸੀਂ ਪਹਿਲਾਂ ਕਿਉਂ ਨਾ ਸੋਚਿਆ ਕਿ ਬੇੜੀ ਚਾਹੀਦੀ ਹੈ?"
“ਪਹਿਲਾਂ ਮੱਛੀ ਪਾਲਣਾ ਸ਼ੁਰੂ ਹੀ ਨਹੀਂ ਕੀਤਾ।"
"ਸਹੀ ਹੈ।"
ਕੁਝ ਦੇਰ ਸਾਡੇ ਦਰਮਿਆਨ ਚੁੱਪ ਛਾਈ ਰਹੀ। ਅਜੇ ਵੀ ਕੁਝ ਕਲਾਕਾਰ ਧੂਣੀ ਦੁਆਲੇ ਬੈਠੇ ਗਾ ਰਹੇ ਸਨ। ਸੌਣ ਦਾ ਵਕਤ ਹੋ ਚੁੱਕਾ ਸੀ। ਅੱਖਾਂ ਨੀਂਦ ਨਾਲ ਭਾਰੀਆਂ ਹੋਣ ਲੱਗੀਆਂ ਤਾਂ ਰਾਜੂ ਬੋਲ ਪਿਆ,
"ਤੁਸੀਂ ਰੇਲ ਗੱਡੀ ਦੇਖੀ ਹੈ?"
"ਹਾਂ।"
"ਤੇ ਬੱਸ?" "
ਉਹ ਵੀ ਦੇਖੀ ਹੈ।"
"ਮੈਂ ਨਹੀਂ ਦੇਖੇ।" ਰਾਜੂ ਨੂੰ ਇਹ ਖਿਆਲ ਤੱਕ ਨਹੀਂ ਸੀ ਕਿ ਮੈਂ ਇਹਨਾਂ ਰਾਹੀਂ ਸਫ਼ਰ ਕਰ ਕੇ ਹੀ ਉਸ ਤੱਕ ਪਹੁੰਚਿਆ ਸਾਂ।
"ਲੋਹਾ ਕਹਿੰਦੇ ਨੇ ਜ਼ਮੀਨ ਵਿਚ ਨਿਕਲਦਾ ਹੈ। ਤੇ ਪੈਸੇ? ਕੀ ਉਹ ਵੀ ਜ਼ਮੀਨ ਵਿਚੋਂ ਹੀ ਨਿਕਲਦੇ ਨੇ?"
"ਨਹੀਂ। ਉਹ ਬਣਾਏ ਜਾਂਦੇ ਨੇ।"
"ਕਾਹਦੇ ਨਾਲ?"
"ਲੋਹੇ ਤੋਂ ਲੋਹੇ ਦੀਆਂ ਮਸ਼ੀਨਾਂ ਨਾਲ ।"
".. ਤੇ ਇਹ ਐਨਕ?"
"ਇਹ ਵੀ ਮਸ਼ੀਨ ਨਾਲ ਬਣਦੀ ਹੈ।"
"ਮਸ਼ੀਨਾਂ ਹਰ ਚੀਜ਼ ਬਣਾ ਸਕਦੀਆਂ ਨੇ?"
ਉਹ ਫਿਰ ਪੁੱਛਦਾ ਹੈ।
"ਤਕਰੀਬਨ ਹਰ ਚੀਜ਼।"
"ਕੱਪੜਾ ਵੀ?"
"ਹਾਂ। ਰੂੰ ਤੋਂ।"
"ਤੇ ਇਹ ਸਾਰਾ ਲੋਹਾ ਬਸਤਰ ਵਿਚੋਂ ਨਿਕਲਦਾ ਹੈ?"
"ਹਾਂ, ਬਹੁਤ ਸਾਰਾ।"
"ਤੁਸੀਂ ਕਹਿੰਦੇ ਹੋ ਲੋਹਾ ਸਾਡਾ ਹੈ। ਆਦਿਵਾਸੀਆਂ ਦਾ।"
“ਕਿਉਂਕਿ ਤੁਹਾਡੀ ਜ਼ਮੀਨ ਵਿਚੋਂ ਨਿਕਲਦਾ ਹੈ।"
"ਹੂੰ....ਅ,” ਕਹਿ ਕੇ ਰਾਜੂ ਲੰਬੀ ਚੁੱਪ ਵਿਚ ਚਲਾ ਜਾਂਦਾ ਹੈ । ਸ਼ਾਇਦ, ਸੋ ਗਿਆ ਹੈ। ਮੈਂ ਉੱਠ ਕੇ ਅੱਗ ਵਿਚ ਹੋਰ ਲੱਕੜਾਂ ਡਾਹੁੰਦਾ ਹਾਂ। ਰਾਤ ਠੰਡੀ ਹੋ ਰਹੀ ਹੈ। ਸਭ ਪਾਸੇ ਚੁੱਪ ਪੱਸਰੀ ਹੋਈ ਹੈ। ਮੈਂ ਆਪਣੀਆਂ ਸੋਚਾਂ ਵਿਚ ਗਵਾਚ ਜਾਂਦਾ ਹਾਂ।
ਆਦਿਵਾਸੀ ਲੋਕ ਰਾਤ ਨੂੰ ਜਲਦੀ ਸੌਂ ਜਾਣ ਦਾ ਆਹਰ ਕਰਦੇ ਹਨ। ਘਰਾਂ ਵਿਚ ਦੀਵੇ ਨਹੀਂ ਬਾਲਦੇ। ਜਦ ਸ਼ਾਮ ਢਲਣ ਲਗਦੀ ਹੈ ਤਾਂ ਉਹ ਖਾਣਾ ਖਾ ਲੈਂਦੇ ਹਨ। ਜਿਵੇਂ ਪੰਛੀ ਸ਼ਾਮ ਢਲੇ ਆਲ੍ਹਣਿਆਂ ਵਿਚ ਪਹੁੰਚ ਜਾਂਦੇ ਹਨ ਅਤੇ ਸੁਬਹ ਦੀ ਰੌਸ਼ਨੀ ਦੇ ਫੁੱਟਣ ਉੱਤੇ ਚਹਿਚਹਾਉਣਾ ਸ਼ੁਰੂ ਕਰ ਦੇਂਦੇ ਹਨ, ਉਹੀ ਤਰੀਕਾ ਆਦਿਵਾਸੀਆਂ ਦਾ ਹੈ। ਸਮੇਂ ਦਾ ਮਾਪ ਦਿਨ, ਰਾਤ, ਸਵੇਰ, ਸ਼ਾਮ ਅਤੇ ਦੁਪਹਿਰ ਵਿਚ ਹੀ ਵੰਡਿਆ ਹੋਇਆ ਹੈ। ਘੜੀਆਂ, ਪਲਾਂ ਦਾ ਹਿਸਾਬ ਉਹ ਨਹੀਂ ਰੱਖਦੇ। ਵਕਤ ਨੂੰ ਛੋਟੇ ਟੁਕੜਿਆਂ ਵਿਚ ਵੰਡਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ। ਇਸੇ ਤਰ੍ਹਾਂ ਉਹ ਸਾਲਾਂ ਤੇ ਦਹਾਕਿਆਂ ਦਾ ਹਿਸਾਬ ਨਹੀਂ ਰੱਖਦੇ। ਇਹ ਪੈਮਾਨੇ ਉਹਨਾਂ ਵਾਸਤੇ ਬਹੁਤ ਵੱਡੇ ਹਨ ਜਿਹਨਾਂ ਦੀ ਕੋਈ ਤੁਕ ਨਹੀਂ। ਉਹਨਾਂ ਦੀ ਜੀਵਨ ਗਤੀ ਨੂੰ ਜਾਂ ਕੇਵਲ ਰੁੱਤਾਂ ਤੈਅ ਕਰਦੀਆਂ ਹਨ ਜਾਂ ਰੋਜ਼-ਬ-ਰੋਜ਼ ਦਾ ਸੁਬਹ ਤੋਂ ਰਾਤ ਤੱਕ ਦਾ ਕੰਮ। ਇਸੇ ਲਈ ਉਹਨਾਂ ਕੋਲ ਰੁੱਤਾਂ ਦੇ ਗੀਤ ਹਨ। ਬਹਾਰ, ਠੰਡ, ਗਰਮੀ ਤੇ ਬਰਸਾਤ ਦੇ। ਉਹਨਾਂ ਦੇ ਤਿਓਹਾਰ ਵੀ ਸਥਾਨਕ ਹਨ ਅਤੇ ਫਸਲਾਂ ਦੇ ਬੀਜਣ ਵੱਢਣ ਨਾਲ ਸਬੰਧ ਰੱਖਦੇ ਹਨ। ਦੀਵਾਲੀ ਦੇ ਦਿਨ ਮੈਂ ਉਹਨਾਂ ਦਰਮਿਆਨ ਸਾਂ। ਉਹ ਦਿਨ ਪਤਾ ਹੀ ਨਹੀਂ ਲੱਗਾ ਕਿ ਕਦੋਂ ਆਇਆ ਤੇ ਕਦ ਚਲਾ ਗਿਆ। ਦੀਵਾਲੀ ਦੁਸਹਿਰਾ ਉਹਨਾਂ ਦੇ ਤਿਉਹਾਰਾਂ ਵਿਚ ਸ਼ਾਮਲ ਨਹੀਂ। ਜਿੱਥੇ ਘਰਾਂ ਵਿਚ ਦੀਵਾ ਵੀ ਕਦੇ ਨਹੀਂ ਬਲਦਾ, ਓਥੇ ਦੀਵਾਲੀ ਦੀ ਕੋਈ ਤਕ ਨਹੀਂ ਬਣਦੀ। ਨਾ ਉਹਨਾਂ ਨੂੰ ਕਿਸੇ ਰਾਮ ਦਾ ਪਤਾ ਹੈ ਨਾ ਰਾਮਾਇਣ ਦਾ। ਚੱਲਦਿਆਂ ਹੋਇਆ ਮੈਂ ਉਹਨਾਂ ਦੇ ਮੜ੍ਹੀ-ਮਸਾਣ ਤੇ ਕਬਰਿਸਤਾਨ ਵੀ ਦੇਖੇ। ਉਹ ਆਪਣੇ ਮੁਰਦਿਆਂ ਨੂੰ ਦਬਾਉਂਦੇ ਵੀ ਹਨ, ਜਲਾਉਂਦੇ ਵੀ ਹਨ। ਹਰ ਕਿਸੇ ਦੀ ਮੜ੍ਹੀ ਜਾਂ ਕਬਰ ਉੱਤੇ ਇਕ ਪੱਥਰ ਰੱਖ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਮਰਨ ਵਾਲੇ ਦਾ ਭਾਂਡਾ-ਟੀਂਡਾ। ਕਬਰਾਂ ਉੱਤੇ ਕਦੇ ਦੀਵੇ ਨਹੀਂ ਬਾਲੇ ਜਾਂਦੇ। ਜਿੱਥੇ ਘਰਾਂ ਵਿਚ ਵੀ ਦੀਵੇ ਨਾ ਬਲਦੇ ਹੋਣ ਓਥੇ ਕਬਰਾਂ ਉੱਤੇ ਦੀਵੇ ਬਾਲਣਾ ਬੇ-ਥਵੀ ਗੱਲ ਹੋਵੇਗੀ।
"ਈਸ਼ਵਰ ਭਾਈ?"
"ਤੂੰ ਸੁੱਤਾ ਨਹੀਂ ਅਜੇ ਰਾਜੂ!" ਐਨੀ ਦੇਰ ਬਾਦ ਰਾਜੂ ਦੇ ਬੋਲ ਉੱਠਣ ਉੱਤੇ ਮੈਂ ਹੈਰਾਨ ਹੁੰਦਾ ਹਾਂ।
"ਇਹ ਤਾਰੇ ਕਿੱਥੇ ਟਿਕੇ ਹੋਏ ਨੇ?" ਰਾਜੂ ਹੁਣ ਬੱਚਿਆਂ ਵਾਂਗ ਤਰ੍ਹਾਂ ਤਰ੍ਹਾਂ ਦੇ ਸਵਾਲ ਕਰੇਗਾ ਜਿਹਨਾਂ ਦਾ ਜਵਾਬ ਦੇਣਾ ਮੇਰੇ ਵਾਸਤੇ ਮੁਸ਼ਕਲ ਹੁੰਦਾ ਜਾਵੇਗਾ। ਉਸ ਦਾ ਜਵਾਬ ਦੇਣ ਦੀ ਬਜਾਇ ਮੈਂ ਉਸ ਨੂੰ ਹੀ ਸਵਾਲ ਕਰ ਦੇਂਦਾ ਹਾਂ। “ਤੁਹਾਡੀ ਬੋਲੀ ਵਿਚ ਤਾਰੇ ਨੂੰ ਕੀ ਕਹਿੰਦੇ ਨੇ?"
"ਵਿਯੁੱਕਾ।"
ਪਰ ਰਾਜੂ ਫਿਰ ਆਪਣਾ ਸਵਾਲ ਦੁਹਰਾਉਂਦਾ ਹੈ ਅਤੇ ਕਈ ਕੁਝ ਹੋਰ ਪੁੱਛਦਾ ਹੈ। ਤਾਰੇ, ਸੂਰਜ, ਧਰਤੀ, ਚੰਦਰਮਾ ਬਾਰੇ ਮੈਂ ਉਹਨੂੰ ਜੋ ਕੁਝ ਦੱਸ ਸਕਦਾ ਹਾਂ ਦੱਸ ਦਿੰਦਾ ਹਾਂ।
ਮੈਂ ਸੋਚਦਾ ਹਾਂ ਕਿ ਗੌਂਡ ਲੋਕਾਂ ਵਿਚ ਕਹਾਣੀਆਂ ਦਾ ਕੋਈ ਵਿਰਸਾ ਜ਼ਰੂਰ ਹੋਵੇਗਾ। ਪਰ ਰਾਜੂ ਨੂੰ ਅਜਿਹੀ ਕਿਸੇ ਕਹਾਣੀ ਦਾ ਪਤਾ ਨਹੀਂ ਹੈ ਜਿਹੜੀ ਉਸ ਨੇ ਦੂਸਰਿਆਂ ਤੋਂ ਸੁਣੀ ਹੋਈ ਹੋਵੇ। ਉਸ ਨੇ ਕਦੇ ਕੋਈ ਕਹਾਣੀ ਸੁਣੀ ਹੀ ਨਹੀਂ ਸੀ। ਮੈਂ ਹੋਰਨਾਂ ਤੋਂ ਵੀ ਪਤਾ ਕੀਤਾ ਪਰ ਕੋਈ ਦਾਦਾ, ਦਾਦੀ, ਨਾਨਾ, ਨਾਨੀ ਅਜਿਹੇ ਨਹੀਂ ਸਨ ਜਿਹੜੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹੋਣ। ਦੱਖਣ ਬਸਤਰ ਦੇ ਆਦਿਵਾਸੀਆਂ ਕੋਲ ਗੀਤਾਂ ਦਾ ਵਿਰਸਾ ਹੈ। ਸ਼ਾਇਦ ਕਿਤੇ ਕਹਾਣੀਆਂ ਵੀ ਪ੍ਰਚੱਲਤ ਹੋਣ ਪਰ ਰਾਜੂ ਤੇ ਉਸ ਦੇ ਸਾਥੀ ਨੌਜਵਾਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਸੀ, ਨਾ ਹੀ ਮੈਨੂੰ ਉਸ ਇਲਾਕੇ ਵਿਚ ਕਿਤੇ ਕਹਾਣੀਆਂ ਮਿਲੀਆਂ ਜਿਸ ਵਿਚ ਮੈਂ ਘੁੰਮਿਆ। ਕਹਾਣੀ, ਚਿੰਤਨ ਦੀ ਲੜੀ ਅਤੇ ਤਰਕ ਦੇ ਅਗਾਂਹ ਤੁਰਦੇ ਜਾਣ ਦੀ ਉਪਜ ਹੈ। ਜਾਂ ਫਿਰ ਇਹ ਇਨਸਾਨੀ ਜ਼ਿੰਦਗੀ ਦੇ ਮਾਅਰਕਿਆਂ ਦੀ ਯਾਦ ਨੂੰ ਤਾਜ਼ਾ ਕਰਨ ਦਾ ਇਕ ਸਾਧਨ ਬਣਦੀ ਹੈ, ਮਹਾਂ-ਕਾਵਿ ਵਾਂਗ। ਇਹ ਮਾਅਰਕੇ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤਕ ਦਾ ਸਫ਼ਰ ਕਰਦੇ ਹੋਏ ਲੋਕ-ਕਥਾਵਾਂ ਦਾ ਰੂਪ ਅਖ਼ਤਿਆਰ ਕਰ ਜਾਂਦੇ ਹਨ। ਮੈਂ ਬਸਤਰ ਦੇ ਕਬਾਇਲੀਆਂ ਦੀਆਂ ਲੋਕ-ਕਥਾਵਾਂ ਤੇ ਮਹਾਂ-ਕਾਵਿ ਬਾਰੇ ਜਾਨਣਾ ਚਾਹੁੰਦਾ ਸਾਂ। ਸ਼ਾਇਦ ਜੇ ਮੈਂ ਓਥੇ ਲੰਬਾ ਸਮਾਂ ਟਿਕਦਾ ਤਾਂ ਇਹਨਾਂ ਨੂੰ ਕਿਤੋਂ ਨਾ ਕਿਤੋਂ ਖੋਜ ਲਿਆਉਂਦਾ। ਫਿਰ ਵੀ ਇਕ ਗਾਥਾ ਮੈਨੂੰ ਸੁਣਾਈ ਦੇ ਹੀ ਗਈ। ਗੁੰਡਾਧੂਰ ਦੀ ਬੀਰ-ਗਾਥਾ। ਗੁੰਡਾਧੂਰ ਜਿਸ ਨੇ 1910 ਵਿਚ ਬਰਤਾਨਵੀ ਹਕੂਮਤ ਖ਼ਿਲਾਫ਼ ਬਸਤਰ ਦੇ ਕਬਾਇਲੀਆਂ ਦੀ ਜ਼ਬਰਦਸਤ ਬਗ਼ਾਵਤ ਦੀ ਅਗਵਾਈ ਕੀਤੀ ਸੀ ਅਤੇ ਅੰਤ ਸ਼ਹੀਦੀ ਜਾਮ ਪੀ ਗਿਆ ਸੀ। ਪਰ ਇਹ ਗੀਤਾਂ ਤੇ ਕਹਾਣੀਆਂ ਦੇ ਰੂਪ ਵਿਚ ਲੋਕਾਂ ਦੇ ਸੱਭਿਆਚਾਰ ਵਿਚ ਪ੍ਰਚੱਲਤ ਨਹੀਂ ਸੀ। ਇਨਕਲਾਬੀ ਲਹਿਰ ਗੁੰਡਾਧੂਰ ਦੀ ਬਹਾਦਰੀ ਭਰੀ ਜ਼ਿੰਦਗੀ ਸਬੰਧੀ ਮੁੜ ਤੋਂ ਖੋਜ ਕਰ ਕੇ ਇਸ ਨੂੰ ਸੱਭਿਆਚਾਰਕ ਵਿਰਸਾ ਬਨਾਉਣ ਦੀ ਕੋਸ਼ਿਸ਼ ਵਿਚ ਹੈ। ਗੁੰਡਾਧੁਰ ਬਾਰੇ ਮੈਨੂੰ ਇਕ ਤੈਲਗੂ ਪੱਤਰਕਾਰ ਨੇ ਦੱਸਿਆ ਸੀ ਜਿਹੜਾ ਜੰਗਲ ਵਿਚ ਗੁਰੀਲਿਆਂ ਵਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਦੇਖਣ ਪਹੁੰਚਿਆ ਸੀ। ਜੇ ਉਹ ਨਾ ਮਿਲਿਆ ਹੁੰਦਾ ਤਾਂ ਸ਼ਾਇਦ ਮੈਂ ਗੋਂਡ ਇਤਹਾਸ ਦੀਆਂ ਕਹਾਣੀਆਂ ਨੂੰ ਅਣਹੋਈਆਂ ਸਮਝਣ ਲੱਗ ਪੈਂਦਾ। ਉਸ ਨੇ ਏਲਵਿਨ ਨਾਮ ਦੇ ਇਕ ਅੰਗਰੇਜ਼ ਖੋਜੀ ਬਾਰੇ ਵੀ ਦੱਸਿਆ ਜਿਸਨੇ ਗੌਂਡ ਤੇ ਹੋਰ ਕਈ ਭਾਰਤੀ ਕਬੀਲਿਆਂ ਦੇ ਜੀਵਨ ਉੱਤੇ ਕਈ ਕਿਤਾਬਾਂ ਲਿਖੀਆਂ ਹਨ। ਫਿਰ ਵੀ ਇਕ ਗੱਲ ਸਪੱਸ਼ਟ ਹੈ ਕਿ ਕਹਾਣੀਆਂ ਰਵਾਇਤ ਦੇ ਰੂਪ ਵਿਚ ਉਸ ਇਲਾਕੇ ਦੇ ਗੋਂਡ ਕਬੀਲਿਆਂ ਵਿਚ ਪ੍ਰਚੱਲਤ ਨਹੀਂ ਹਨ।
...........
ਅਗਲਾ ਪੜਾਅ ਤਕਰੀਬਨ ਸਾਰਾ ਦਿਨ ਚੱਲਦੇ ਰਹਿਣ ਪਿੱਛੋਂ ਆਇਆ। ਸੁਬਹ ਤੋਂ ਸ਼ਾਮ ਤੱਕ ਪਠਾਰੀ ਧਰਤੀ ਉੱਤੇ ਚੱਲਦੇ ਹੋਏ ਅਸੀਂ ਜਿਸ ਪਿੰਡ ਵਿਚ ਪਹੁੰਚੇ ਉਹ ਕਬਾਇਲੀ ਪੈਮਾਨੇ ਮੁਤਾਬਕ ਵਿਸ਼ਾਲ ਪਿੰਡ ਸੀ। ਤਕਰੀਬਨ ਅੱਸੀ ਘਰਾਂ ਦਾ ਉਹ ਪਿੰਡ ਇਲਾਕੇ ਦੇ ਵੱਡੇ ਪਿੰਡਾਂ ਵਿਚ ਗਿਣਿਆ ਜਾਂਦਾ ਸੀ। ਆਮ ਤੌਰ 'ਤੇ ਕਿਸੇ ਵੀ ਪਿੰਡ ਵਿਚ ਘਰਾਂ ਦੀ ਗਿਣਤੀ ਵੀਹ ਤੋਂ ਸੱਠ ਦੇ ਦਰਮਿਆਨ ਹੁੰਦੀ ਹੈ। ਪਹੁੰਚਦੇ ਤੱਕ ਹਰ ਕੋਈ ਥੱਕ ਕੇ ਚੂਰ ਹੋ ਚੁੱਕਾ ਸੀ ਇਸ ਲਈ ਹਰ ਕਿਸੇ ਨੇ ਜਾਂਦਿਆਂ ਹੀ ਕਿੱਟ ਉਤਾਰ ਕੇ ਡਿੱਗਣ ਦੀ ਕੀਤੀ।
"ਅੱਜ ਤਾਂ ਤੇਰੀ ਟੀਮ ਬੁਰੀ ਤਰ੍ਹਾਂ ਥੱਕ ਗਈ।"
"ਅਠਾਰਾਂ ਕਿਲੋਮੀਟਰ ਪਹਾੜੀਆਂ ਦੇ ਵਿਚੋਂ ਦੀ ਚੱਲੇ ਹਾਂ ਈਸ਼ਵਰ ਦਾਦਾ! ਪਰ ਜਦ ਪਿੰਡ ਵਾਲੇ ਇਕੱਠੇ ਹੋ ਗਏ ਤਾਂ ਸਾਰੇ ਹੀ ਨੱਚਣ ਗਾਉਣ ਲਈ ਤਿਆਰ ਹੋ ਜਾਣਗੇ।" ਚੰਦਨ ਆਪ ਵੀ ਥੱਕਿਆ ਪਿਆ ਸੀ ਪਰ ਕਮਾਂਡਰ ਥੱਕ ਕੇ ਵੀ ਡਿੱਗਦਾ ਨਹੀਂ ਹੈ। ਚੰਦਨ ਆਪਣੀ ਜ਼ਿੰਮੇਦਾਰੀ ਤੋਂ ਭਲੀ-ਭਾਂਤ ਵਾਕਿਫ਼ ਸੀ। ਉਸ ਨੇ ਦੋ ਜਣਿਆਂ ਨੂੰ ਚਾਹ ਬਨਾਉਣ ਤੇ ਖਾਣਾ ਤਿਆਰ ਕਰਨ ਦੀ ਜ਼ਿੰਮੇਦਾਰੀ ਸੌਂਪੀ। ਉਹਨਾਂ ਨੇ ਥੱਕੇ-ਟੁੱਟੇ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੜ੍ਹਾ ਕੀਤਾ ਤੇ ਚਾਹ ਬਨਾਉਣ ਵਿਚ ਰੁੱਝ ਗਏ। ਖਾਣਾ ਬਨਾਉਣ ਦੀ ਜ਼ਿੰਮੇਦਾਰੀ ਵਾਰੀ ਸਿਰ ਹਰ ਕੋਈ ਨਿਭਾਉਂਦਾ ਹੈ। ਐਨਾ ਥੱਕ ਜਾਣ ਤੋਂ ਬਾਦ ਕੋਈ ਵੀ ਨਹੀਂ ਚਾਹੇਗਾ ਕਿ ਉਸ ਦੀ ਖਾਣਾ ਬਨਾਉਣ ਦੀ ਜ਼ਿੰਮੇਦਾਰੀ ਲੱਗੇ। ਪਰ ਜੇ ਖਾਣਾ ਨਹੀਂ ਬਣੇਗਾ ਤਾਂ ਕਿਸੇ ਦੀ ਵੀ ਥਕਾਵਟ ਦੂਰ ਨਹੀਂ ਹੋਵੇਗੀ। ਸੋ, ਜਿਸ ਉੱਤੇ ਜ਼ਿੰਮੇਦਾਰੀ ਆਣ ਪੈਂਦੀ ਹੈ ਉਹ ਫ਼ੌਰਨ ਆਪਣੇ ਕੰਮ ਵਿਚ ਰੁੱਝ ਜਾਂਦਾ ਹੈ।
ਰਾਤ ਪੈਂਦਿਆਂ ਹੀ ਨਾਚਾਂ ਦਾ ਹੜ੍ਹ ਜਿਹਾ ਆ ਗਿਆ। ਲੋਕਾਂ ਅਤੇ ਕਲਚਰਲ ਟੀਮ ਨੇ ਮਿਲ ਕੇ ਉਹ ਭੁਚਾਲ ਲਿਆਂਦਾ ਕਿ ਮੈਂ ਦੰਗ ਰਹਿ ਗਿਆ। ਰੰਗੰਨਾ ਦੇ ਅੰਦਰੋਂ ਵੀ ਲੂਹਰੀ ਉੱਠੀ। ਉਸ ਨੇ ਆਪਣੀ ਬੰਦੂਕ ਕਿਸੇ ਹੋਰ ਦੇ ਹੱਥ ਫੜਾਈ ਤੇ ਨਾਚ ਘੇਰੇ ਵਿਚ ਜਾ ਸ਼ਾਮਲ ਹੋਇਆ। ਕਈ ਘੰਟੇ ਉਹ ਭੁੱਲਿਆ ਹੀ ਰਿਹਾ ਕਿ ਉਸ ਦਾ ਕੰਮ ਵੱਖਰੀ ਕਿਸਮ ਦਾ ਹੈ। ਇਕ ਇਕ ਕਰਕੇ ਨਾਚ-ਗੀਤ, ਪੈਰਾਂ ਦੀ ਤਾਲ, ਹਾਸਿਆਂ ਦੀ ਛਣਕਾਰ, ਫਿਰ ਸੁਰਾਂ ਦਾ ਮੇਲਾ। ਕਈ ਵਾਰ ਆਲਮ ਇਹ ਬਣ ਜਾਂਦਾ ਜਿਵੇਂ ਹਰ ਕੋਈ ਵਜਦ ਵਿਚ ਆ ਗਿਆ ਹੋਵੇ। ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਟੋਲੀ ਅਠਾਰਾਂ ਕਿਲੋਮੀਟਰ ਦਾ ਔਖਾ ਪੈਂਡਾ ਕਰਕੇ, ਭੁੱਖੀ, ਤਿਹਾਈ, ਥਕਾਵਟ ਤੇ ਪਸੀਨੇ ਦੀ ਭਰੀ ਹੋਈ ਪਹੁੰਚੀ ਸੀ ਅਤੇ ਬਿਨਾਂ ਖਾਧੇ ਪੀਤੇ ਹੀ ਸੌਂ ਜਾਣਾ ਚਾਹੁੰਦੀ ਸੀ। ਕੋਈ ਸਟੇਜ ਨਹੀਂ, ਕੋਈ ਪੱਧਰ ਮੈਦਾਨ ਨਹੀਂ, ਰੌਸ਼ਨੀਆਂ ਦਾ ਜਮਘਟਾ ਨਹੀਂ। ਐਨ ਵਿਚਕਾਰ ਬਲ ਰਹੀ ਅੱਗ ਹੀ ਰੋਸ਼ਨੀ ਦਾ ਕੰਮ ਦੇਂਦੀ ਹੈ ਜਿਸ ਨਾਲ ਸਾਰਾ ਦ੍ਰਿਸ਼ ਕਈ ਸਦੀਆਂ ਘੁੰਮ ਕੇ ਪਿਛਾਂਹ ਚਲਾ ਜਾਂਦਾ ਹੈ। ਇਹ ਵਜਦ, ਇਹ ਲੋਰ, ਅਭੇਦ ਹੋ ਜਾਣ ਦੀ ਇਹ ਤਾਂਘ ਵਿਲੱਖਣ ਚੀਜ਼ ਹੈ। ਸਮੁੱਚਾ ਮੰਜ਼ਰ ਹੈਰਤਅੰਗੇਜ਼ ਮਾਹੌਲ ਨੂੰ ਜਨਮ ਦੇ ਦੇਂਦਾ ਹੈ, ਵੱਖਰੀ ਹੀ ਦੁਨੀਆਂ ਵਿਚ ਵਟ ਜਾਂਦਾ ਹੈ। ਪਰੀ ਕਹਾਣੀਆਂ ਜਿਹੀ ਦੁਨੀਆਂ ਵਿਚ! ਅਜਿਹੇ ਮੌਕੇ ਇਹ ਅਸੰਭਵ ਸੀ ਕਿ ਮੈਂ ਕਿਸੇ ਨੂੰ ਆਵਾਜ਼ ਦੇਵਾਂ ਅਤੇ ਉਸ ਨੂੰ
ਕਹਾਂ ਕਿ ਮੈਨੂੰ ਦੱਸ ਕਿ ਇਹਨਾਂ ਗੀਤਾਂ ਵਿਚ ਕੀ ਹੈ। ਕੋਈ ਨਹੀਂ ਰੁਕੇਗਾ। ਕੋਈ ਨਹੀਂ ਦੱਸੇਗਾ। ਹਰ ਕਿਸੇ ਦੇ ਪੈਰ, ਉਸਦਾ ਸਮੁੱਚਾ ਜਿਸਮ, ਉਸਦਾ ਦਿਮਾਗ਼ ਲੋਰ ਵਿਚ ਜਕੜੇ ਹੋਏ ਹਨ, ਨਸ਼ਿਆਏ ਪਏ ਹਨ। ਕੋਈ ਵੀ ਇਸ ਆਲਮ ਵਿਚ ਵਿਘਨ ਪੈਂਦਾ ਹੋਇਆ ਨਹੀਂ ਦੇਖਣਾ ਚਾਹੁੰਦਾ, ਕੋਈ ਖ਼ਤਾ ਗਵਾਰਾ ਨਹੀਂ ਕਰ ਸਕਦਾ। ਮੈਂ ਰੰਗੰਨਾਂ ਵਲੋਂ ਛੱਡੇ ਗਏ ਗਾਰਡ ਨੂੰ ਕਹਿੰਦਾ ਹਾਂ, "ਤੂੰ ਵੀ ਜਾਹ! ਬੰਦੂਕ ਮੇਰੇ ਕੋਲ ਪਈ ਰਹਿਣ ਦੇ।" ਮੁਸਕਰਾਉਂਦਾ ਹੋਇਆ ਤੇ 'ਨਹੀਂ ਨਹੀਂ ਕਹਿੰਦਾ ਹੋਇਆ ਉਹ ਉਸ ਹੜ੍ਹ ਵਿਚ ਜਾ ਅਲੋਪ ਹੁੰਦਾ ਹੈ। ਬੰਦੂਕ ਉਸ ਮਾਹੌਲ ਵਿਚ ਪਰਾਈ ਚੀਜ਼ ਜਾਪਦੀ ਸੀ ਜਿਸ ਦਾ ਓਥੋਂ ਦੀ ਕਿਸੇ ਚੀਜ਼ ਨਾਲ ਤਾਲਮੇਲ ਨਹੀਂ ਸੀ ਬੈਠਦਾ। ਕਝ ਵਾਪਰ ਵੀ ਗਿਆ ਤਾਂ ਇਕ ਬੰਦਕ ਏਥੇ ਕੀ ਕਰੇਗੀ?
ਪਰ, ਇਸ ਸਾਰੇ ਕੁਝ ਦੇ ਬਾਵਜੂਦ ਪਿੰਡ ਦੇ ਚਾਰਾਂ ਪਾਸਿਆਂ ਉੱਤੇ ਧੁਰ ਜੰਗਲ ਵਿਚ ਪਹਿਰੇਦਾਰ ਤਾਇਨਾਤ ਸਨ। ਉਹ ਜ਼ਿੰਮੇਦਾਰੀ ਬਦਸਤੂਰ ਜਾਰੀ ਰਹੀ। ਕਿਸੇ ਹੋਰ ਪਿੰਡ ਵਿਚ ਉਹ ਸਾਰੇ ਪਿੜ ਦਾ ਹਿੱਸਾ ਹੋਣਗੇ ਤੇ ਕੋਈ ਦੂਸਰੇ ਉਹਨਾਂ ਦੀ ਥਾਵੇਂ ਨਜ਼ਰ ਰੱਖਣ ਦਾ ਕਾਰਜ ਨਿਭਾਉਣਗੇ।
ਅੱਧੀ ਰਾਤ ਚਿਰੋਕਣੀ ਗੁਜ਼ਰ ਚੁੱਕੀ ਸੀ। ਵਕਤ ਢਾਈ ਤਿੰਨ ਦੇ ਕਰੀਬ ਹੋਵੇਗਾ ਜਦ ਚੰਦਨ ਨੇ ਲੰਬੀ ਵਿਸਲ ਮਾਰਨ ਦਾ ਫ਼ੈਸਲਾ ਕੀਤਾ।
"ਕੈਸੀ ਰਹੀ ਈਸ਼ਵਰ ਭਾਈ। ਕਿੱਥੇ ਗਈ ਥਕਾਵਟ? ਇਸ ਨੂੰ ਕਹਿੰਦੇ ਨੇ ਏਂਦਨਾ। ਨੱਚਣਾ। ਡਾਕਾ। ਕਦਮ ਤਾਲ ਮਿਲਾਉਣਾ। ਇਹ ਹੈ ਰਿਦਮ, ਇਹ ਹੈ ਲੋਰ, ਇਹ ਹੈ ਵਜਦ! ਇਹ ਜੰਗਲ ਦਾ ਨਾਚ ਹੈ। ਮੇਰਾ ਕੰਮ ਹੈ ਇਸ ਨੂੰ ਤਾਂਡਵ ਦੇ ਰੂਪ ਵਿਚ ਢਾਲ ਦੇਣਾ। ਗੁੰਡਾਧੂਰ ਦਾ ਤਾਂਡਵ, ਭੂਮਕਾਲ ਦੀ ਬਗਾਵਤ! ਨਹੀਂ ਤਾਂ ਸ਼ਹਿਰ ਇਸ ਨੂੰ ਖਾ ਜਾਵੇਗਾ, ਸਿਨੇਮਾ ਇਸ ਨੂੰ ਨਿਗਲ ਜਾਵੇਗਾ। ਮੈਂ ਇਸੇ ਨੂੰ ਉਠਾਵਾਂਗਾ। ਨੂੰ ਮਿਕਸਿੰਗ। ਨੋ ਬਾਂਬੇ ਐਂਡ ਹਾਲੀਵੁੱਡ। ਨੇ ਪੋਪ ਇਨ ਜੰਗਲ ਧੁਨ। ਆਈ ਨੀਡ ਟਰਾਂਸਫਾਰਮੇਸ਼ਨ! ਨਵੀਂ, ਅਲੱਗ ਤੇ ਉਚੇਰੀ ਚੀਜ਼! ਬੱਟ, ਨੇ ਮਿਕਸਿੰਗ, ਨੈਵਰ !"
ਸੱਭਿਆਚਾਰਕ ਟਲੀ ਦਾ ਇਹ ਕਮਾਂਡਰ ਦੱਸ ਸਾਲ ਦੀ ਉਮਰੇ ਹੀ ਵਾਰੰਗਲ ਸ਼ਹਿਰ ਤੋਂ ਜੰਗਲ ਵਿਚ ਚਲਾ ਆਇਆ ਸੀ। ਚੌਦਾਂ ਸਾਲ ਤੋਂ ਉਹ ਇਸੇ ਤਰ੍ਹਾਂ ਘੁੰਮ ਰਿਹਾ ਹੈ। ਪੜ੍ਹਦਾ ਹੈ, ਲਿਖਦਾ ਹੈ, ਗਾਉਂਦਾ ਹੈ, ਨੱਚਦਾ ਹੈ। ਉਹ ਅਜੇ ਕੀ ਕੀ ਹੋਰ ਕਰੇਗਾ ਮੈਨੂੰ ਨਹੀਂ ਪਤਾ, ਪਰ ਉਹ ਅਣਥੱਕ ਕਾਮਾ ਹੈ, ਆਪਣੇ ਮਿਸ਼ਨ ਨੂੰ ਪਰਣਾਇਆ ਹੋਇਆ। ਡੇਢ ਸਾਲ ਤੋਂ ਉਹ ਬਸਤਰ ਦੇ ਜੰਗਲਾਂ ਵਿਚ ਹੈ ਜਿੱਥੇ ਉਸਨੇ ਨਵਾਂ ਮੰਚ ਸ਼ੁਰੂ ਕੀਤਾ ਹੈ।
"ਕਬਾਇਲੀ ਨਾਚਾਂ ਵਿਚ ਮੈਨੂੰ ਤੇਜ਼ੀ ਦਿਖਾਈ ਨਹੀਂ ਦਿੱਤੀ," ਮੈਂ ਉਸ ਨੂੰ ਆਪਣੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਂਦਾ ਹਾਂ। "ਢੋਲ ਹੈ ਪਰ ਧਮਕ ਨਹੀਂ ਹੈ। ਲੋਰ ਹੈ ਪਰ ਕਹਿਰ ਨਹੀਂ ਹੈ। ਲੰਬੀ ਹੇਕ ਹੈ ਪਰ ਚੁਣੌਤੀ ਨਹੀਂ ਹੈ। ਕੀ ਇਹਨਾਂ ਦੇ ਸਾਜ਼ਾਂ ਵਿਚ ਨਗਾਰਾ ਨਹੀਂ ਹੈ?"
"ਹੈ! ਨਗਾਰਾ ਵੀ ਹੈ। ਨਾਂਗਰ। ਡਮ ਡਮ ਡਮ ਡਮ! ਜਦ ਕਿਸੇ ਖ਼ਤਰੇ ਦੀ ਖ਼ਬਰ ਦੇਣੀ ਹੁੰਦੀ ਹੈ, ਜਾਂ ਲੋਕਾਂ ਨੂੰ ਇਕੱਠੇ ਕਰਨਾ ਹੁੰਦਾ ਹੈ ਤਾਂ ਨਗਾਰਾ ਵੱਜਦਾ ਹੈ। ਪਰ ਜੰਗੀ ਨਾਚ ਨਹੀਂ ਹੈ। ਜ਼ਰੂਰ ਹੁੰਦਾ ਹੋਵੇਗਾ ਕਦੇ। ਮੈਂ ਲੱਭਾਂਗਾ ਉਸ ਨੂੰ, ਤੇ ਫਿਰ ਤੋਂ ਸ਼ੁਰੂ ਕਰਾਂਗਾ। ਅਸੀਂ ਵਿੱਲ ਖਾੜ ਨਾਚ ਸ਼ੁਰੂ ਕੀਤਾ ਹੈ। ਤੀਰ ਕਮਾਨ ਦਾ ਜੰਗੀ ਨਾਚ। ਮਿਲੀਸ਼ੀਏ ਦਾ ਨਾਚ। ਨਵੀਆਂ ਚੀਜ਼ਾਂ ਜਨਮ ਲੈ ਰਹੀਆਂ ਹਨ। ਨਵੇਂ ਗੀਤ, ਨਵੇਂ
ਨਾਚ, ਨਵੀਆਂ ਅਦਾਵਾਂ, ਨਵੇਂ ਸੰਕੇਤ, ਨਵੇਂ ਹਾਵ-ਭਾਵ ਦਿਖਾਵਾਂਗੇ ਕਿਸੇ ਦਿਨ ਪੇਨਪਾਂਡੂਮ ਵੀ। 'ਵੱਡਿਆਂ' ਦਾ ਨਾਚ। ਜਾਦੂ ਟੂਣੇ ਕਰਨ ਵੇਲੇ 'ਵੱਡੇ' ਜਿਹੜੇ ਨਾਚ ਨੱਚਦੇ ਹਨ ਉਹਨਾਂ ਵਿਚ ਗੁੱਸਾ ਹੈ, ਕਹਿਰ ਹੈ, ਸਪੈੱਲ ਹੈ। ਲੋਕ-ਨਾਚ ਸ਼ਾਂਤ ਹਨ, ਧੀਮੇ ਹਨ, ਸਰੂਰ ਭਰੇ ਹਨ। ਫੁੱਲ ਚੁਗਣਾ, ਫਲ ਤੋੜਨਾ, ਧਾਨ ਕੱਟਣਾ ਤੇ ਫਿਰ ਖੇੜੇ ਵਿਚ ਪਹੁੰਚ ਜਾਣਾ। ਇਹਨਾਂ ਵਿਚ ਮਿਹਨਤ ਦੇ ਰੂਪ ਵੀ ਹਨ, ਖ਼ੁਸ਼ੀ ਵੀ ਹੈ ਅਤੇ ਤਾੜੀ ਦੀ ਸ਼ਰਾਬ ਦਾ ਅਸਰ ਵੀ । ਗੁੱਸਾ ਤੇ ਪਿਆਰ, ਹਲੀਮੀ ਤੇ ਕਹਿਰ, ਜੰਗਲ ਵਿਚ ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਹਨ। ਅਸੀਂ ਦੋਵਾਂ ਦੀ ਹੀ ਵਰਤੋਂ ਕਰਾਂਗੇ, ਇਸੇ ਜ਼ਮੀਨ ਤੋਂ ਹੀ ਸਾਰਾ ਕੁਝ ਉਠਾਵਾਂਗੇ।"
ਗੱਲਾਂ ਕਰਦੇ ਕਰਦੇ ਸਵੇਰ ਹੋਣ ਦਾ ਵਕਤ ਨਜ਼ਦੀਕ ਆਣ ਪਹੁੰਚਾ। ਚਾਰ ਵਜ ਚੁੱਕੇ ਸਨ। ਪੰਜ ਵਜੇ ਫਿਰ ਉੱਠਣ ਦੀ ਸੀਟੀ ਦਾ ਵੇਲਾ ਹੋ ਜਾਣਾ ਸੀ। ਇਕ ਘੰਟਾ ਨੀਂਦ ਲੈ ਲਈ ਜਾਵੇ ਤਾਂ ਕੱਲ ਨੂੰ ਥੋੜ੍ਹੀ ਸੋਖ ਰਹੇਗੀ ਸੋਚ ਕੇ ਅਸੀਂ ਆਪਣੇ ਆਪਣੇ 'ਬਿਸਤਰੇ' 'ਤੇ ਜਾ ਬਿਰਾਜੇ। ਸਵੇਰ ਦੀ ਸੀਟੀ ਵੱਜਣ ਸਮੇਂ ਇਹ ਯਾਦ ਰੱਖਣਾ ਵੀ ਮੁਸ਼ਕਲ ਹੋ ਗਿਆ ਕਿ ਅਸੀਂ ਰਾਤ ਨੂੰ ਸੁੱਤੇ ਵੀ ਸੀ ਕਿ ਨਹੀਂ। ਸੀਟੀ ਵੱਜਣ ਸਾਰ ਹੀ ਸਾਰੇ ਜਣੇ ਉੱਠ ਪਏ। ਅਗਲੇ ਦਿਨ ਦੇ ਕਾਰਜ ਸ਼ੁਰੂ ਹੋ ਗਏ।
ਚਾਹ ਦਾ ਸਮਾਂ ਹੋਇਆ ਤਾਂ ਦੇਖਿਆ ਕਿ ਇਕ ਚੁੱਲ੍ਹਾ ਤਾਂ ਅਜੇ ਤੱਕ ਠੰਡਾ ਪਿਆ ਸੀ। ਦੂਸਰੇ ਉੱਤੇ ਜਾਵਾ ਤਿਆਰ ਹੋ ਰਿਹਾ ਸੀ। ਸੋ ਅੱਜ ਚਾਹ ਨਹੀਂ ਬਣੇਗੀ।
ਦੁੱਧ ਤੇ ਸ਼ੱਕਰ ਦੋਨੋਂ ਖ਼ਤਮ ਸਨ। ਨਾਰੰਗ ਭਾਈ, ਜਿਹੜਾ ਕਿ ਖੇਤੀ ਵਿਕਾਸ ਕੰਮਾਂ ਨੂੰ ਜਥੇਬੰਦ ਕਰਨ ਅਤੇ ਉਹਨਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਦਾਰੀ ਨਿਭਾਉਂਦਾ ਹੈ, ਨੇ ਬੀਤੀ ਰਾਤ ਪਹੁੰਚਣਾ ਸੀ। ਦੁੱਧ ਤੇ ਸ਼ੱਕਰ ਦਾ ਪ੍ਰਬੰਧ ਉਸਨੇ ਹੀ ਕਰ ਕੇ ਆਉਣਾ ਸੀ। ਨਾਰੰਗ ਸਵੇਰ ਤੱਕ ਨਹੀਂ ਸੀ ਪਹੁੰਚ ਸਕਿਆ। ਸੋ ਚਾਹ ਵਾਲਾ ਚੁੱਲ੍ਹਾ ਮਸਤ ਹੀ ਪਿਆ ਸੀ।
“ਬਿਨਾਂ ਦੁੱਧ ਸ਼ੱਕਰ ਦੇ ਚੱਲੇਗੀ? ਨਿੰਬੂ ਵਾਲੀ?" ਚੰਦਨ ਨੇ ਪੁੱਛਿਆ।
"ਚੱਲੇਗੀ। ਸ਼ੱਕਰ ਨਹੀਂ ਹੈ ਤਾਂ ਅੱਜ ਓਵੜ ਦਾ ਹੀ ਤਜ਼ਰਬਾ ਹੋ ਜਾਵੇ," ਮੈਂ ਨਮਕ ਵਾਸਤੇ ਜਾਣ ਬੁੱਝ ਕੇ ਗੋਂਡ ਸ਼ਬਦ ਇਸਤੇਮਾਲ ਕੀਤਾ।
ਚੰਦਨ ਨੇ ਉਸੇ ਵਕਤ ਇਕ ਛੋਟੇ ਪਤੀਲੇ ਵਿਚ ਕਾਹਵਾ ਤਿਆਰ ਕਰਨ ਲਈ ਪਾਣੀ ਉਬਲਣਾ ਰੱਖ ਦਿੱਤਾ। ਸਿਰਫ਼ ਦੋ ਕੱਪ। ਉਸ ਦੇ ਯੁਨਿਟ ਵਿਚੋਂ ਹੋਰ ਕੋਈ ਵੀ ਅਜਿਹੀ ਚੀਜ਼ ਦਾ ਸ਼ੌਕੀਨ ਨਹੀਂ ਸੀ। ਕਈ ਜਣੇ ਤਾਂ ਦੁੱਧ ਵਾਲੀ ਚਾਹ ਵੀ ਨਹੀਂ ਸਨ ਪੈਂਦੇ। ਕਾਲਾ ਕਾਹਵਾ ਕਿਸ ਦੇ ਪਸੰਦ ਆਉਂਦਾ। ਨਿੰਬੂ ਨਮਕ ਵਾਲੀ ਚਾਹ ਬੁਰੀ ਨਹੀਂ ਲੱਗੀ। ਸੰਕਟ ਦੀ ਹਾਲਤ ਵਿਚ ਚੱਲ ਸਕਦੀ ਸੀ।
ਉਸੇ ਸਮੇਂ ਪਤਾ ਲੱਗਾ ਕਿ ਨਾਰੰਗ ਭਾਈ, ਜਿਸ ਨੂੰ ਸਾਰੇ ਜਣੇ ਅੱਨਾ ਕਹਿੰਦੇ ਸਨ, ਆ ਗਿਆ ਹੈ। ਨਾਰੰਗ ਬਵਿੰਜਾ ਤਰਵਿੰਜਾ ਸਾਲ ਦਾ ਗੌਂਡ ਪਿਛੋਕੜ ਦਾ ਕਬਾਇਲੀ ਹੈ। ਵਾਲ ਅਜੇ ਤਕ ਸਾਰੇ ਹੀ ਕਾਲੇ ਹਨ। ਸਿਹਤਮੰਦ ਹੈ। ਝੋਲਾ ਮੋਢੇ ਉੱਤੇ ਪਾਈ ਉਹ ਆਪਣੇ ਦੋ ਸਾਥੀਆਂ ਨਾਲ ਪਹੁੰਚ ਗਿਆ।
ਬਰਾਬਰ ਦੀ ਉਮਰ ਵਾਲੇ ਅਸੀਂ ਦੋਵੇਂ ਇਤਫ਼ਾਕ ਨਾਲ ਮਿਲੇ। ਨਾਰੰਗ ਭਾਈ ਕਈ ਬੱਚਿਆਂ ਦਾ ਦਾਦਾ ਵੀ ਹੈ, ਨਾਨਾ ਵੀ। ਸਭ ਝਮੇਲਿਆਂ ਤੋਂ ਸੁਰਖ਼ਰੂ ਹੋ ਚੁੱਕਾ ਹੈ। ਹੱਥ 'ਚ ਡਾਂਗ ਲੈ ਕੇ ਤੇ ਮੋਢੇ ਉੱਤੇ ਪਰਨਾ ਸੁੱਟੀ ਉਹ ਪਿੰਡ ਪਿੰਡ ਘੁੰਮਦਾ ਰਹਿੰਦਾ
ਹੈ। ਕਦੇ ਸਬਜ਼ੀਆਂ ਦੇ ਬੀਜ ਵੰਡਦਾ ਹੈ, ਕਦੇ ਗੋਡੀ ਕਰਨ ਦੀ ਜਾਚ ਸਿਖਾਉਂਦਾ ਹੈ, ਕਦੇ ਕਿਆਰੀਆਂ ਤਿਆਰ ਕਰਨ ਦਾ ਵੱਲ ਦੱਸਦਾ ਹੈ। ਹਿੰਦੀ, ਗੌਂਡੀ, ਤੈਲਗੂ ਤਿੰਨੇ ਬੋਲੀਆਂ ਜਾਣਦਾ ਹੈ ਪਰ ਲਿਖਣਾ ਨਹੀਂ ਸਿੱਖਿਆ ਹੋਇਆ। ਪੜ੍ਹ ਲੈਂਦਾ ਹੈ। ਕੋਈ ਵੀ ਜ਼ਿੰਮੇਦਾਰੀ ਨਿਭਾਉਣੀ ਪੈ ਜਾਵੇ ਉਹ ਹਰ ਵਕਤ ਤਤਪਰ ਰਹਿੰਦਾ ਹੈ। ਰਾਤ ਭਰ ਤੁਰਦਾ ਰਹਿ ਸਕਦਾ ਹੈ। ਕੋਈ ਡਰ ਭੈਅ ਉਸ ਦੇ ਚਿਹਰੇ ਉੱਤੇ ਕਦੇ ਨਹੀਂ ਆਉਂਦਾ। ਹਰ ਸਮੇਂ ਉਸ ਦੇ ਬੁੱਲਾਂ ਉੱਤੇ ਤੁਸੀਂ ਮੁਸਕਰਾਹਟ ਤੈਰਦੀ ਹੋਈ ਦੇਖੋਗੇ। ਉਸ ਦੇ ਖੇਤਰ ਦੇ ਸਭ ਪਿੰਡਾਂ ਦੇ ਲੋਕ ਉਸ ਦਾ ਆਦਰ ਕਰਦੇ ਹਨ ਕਿਉਂਕਿ ਉਹ ਉਮਰ ਵਿਚ ਵੀ ਵੱਡਾ ਹੈ ਅਤੇ ਚੰਗੇ ਕੰਮ ਵੀ ਸਿਖਾਉਂਦਾ ਹੈ। ਸਿਰੜੀ ਐਨਾ ਹੈ ਕਿ ਇਕ ਵਾਰ ਬੁਖ਼ਾਰ ਨਾਲ ਚਾਰ ਦਿਨ ਜੰਗਲ ਵਿਚ ਪਿਆ ਰਿਹਾ। ਨਾ ਦਵਾ ਨਾ ਬੂਟੀ, ਨਾ ਕੋਈ ਨੇੜੇ ਨਾ ਤੇੜੇ। ਨਦੀ ਦਾ ਪਾਣੀ ਪੀਂਦਾ ਤੇ ਪੈ ਜਾਂਦਾ। ਜਦ ਥੋੜ੍ਹਾ ਚੱਲਣ ਜੋਗਾ ਹੋਇਆ ਤਾਂ ਡਿਗਦੇ ਢਹਿੰਦੇ ਇਕ ਪਿੰਡ ਜਾ ਪਹੁੰਚਿਆ। ਜਾਵੇ ਤੇ ਨੂਕੇ ਨੇ ਉਸ ਨੂੰ ਫਿਰ ਖੜ੍ਹਾ ਕਰ ਦਿੱਤਾ ਤੇ ਉਸ ਨੇ ਫਿਰ ਤੋਂ ਆਪਣਾ ਕੰਮ ਸਾਂਭ ਲਿਆ। ਹੁਣ ਉਹ ਇਕੱਲਾ ਨਹੀਂ ਹੈ। ਦੋ ਨੌਜਵਾਨਾਂ ਨੂੰ ਉਸ ਨੇ ਆਪਣੇ ਨਾਲ ਤੋਰ ਲਿਆ ਹੈ। ਹੁਣ ਉਸ ਵਾਸਤੇ ਖੇਤੀ-ਵਿਕਾਸ ਦੇਖਣਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ।
"ਨਾਰੰਗ ਅੱਨਾ! ਤੇਰੇ ਦੁੱਧ ਸ਼ੱਕਰ ਉਡੀਕਦੇ ਉਡੀਕਦੇ ਅਸੀਂ ਬੁੱਢੇ ਹੋ ਗਏ," ਮੰਡਲੀ ਦਾ ਇਕ ਕਲਾਕਾਰ ਨਾਰੰਗ ਭਾਈ ਨੂੰ ਜੱਫੀ ਵਿਚ ਲੈਂਦਾ ਹੈ।
"ਇਹੀ ਤਾਂ ਮੈਂ ਚਾਹੁੰਨਾਂ ਕਿ ਕਬਾਇਲੀ ਵੱਡੀ ਉਮਰ ਹੰਢਾਉਣ ਲੱਗਣ। ਬੁੱਢੇ ਹੋ ਜਾਇਆ ਕਰਨ, ਬਹੁਤ ਬੁੱਢੇ।" ਨਾਰੰਗ ਭਾਈ ਉਸ ਨੌਜਵਾਨ ਨੂੰ ਕਲਾਵੇ ਵਿਚ ਲੈਂਦਾ ਹੈ।
ਨਾਰੰਗ ਦੀ ਗੱਲ ਉੱਤੇ ਸਾਰੇ ਹੱਸ ਪੈਂਦੇ ਹਨ। ਵੱਡੀ ਉਮਰ ਦੇ ਲੋਕ ਬਸਤਰ ਵਿਚ ਪਹਿਲਾਂ ਹੀ ਬਹੁਤ ਘੱਟ ਦਿਖਾਈ ਦੇਂਦੇ ਹਨ। ਅੱਸੀ ਘਰਾਂ ਦੇ ਇਸ ਪਿੰਡ ਵਿਚ ਸਿਰਫ਼ ਤਿੰਨ ਵਿਅਕਤੀ ਅਜਿਹੇ ਹਨ ਜਿਹਨਾਂ ਨੂੰ ਬੁੱਢੇ ਹੋਣ ਦਾ ਮਾਣ ਹਾਸਲ ਹੈ। ਦੋ ਔਰਤਾਂ ਅਤੇ ਇਕ ਆਦਮੀ। ਤਿੰਨੇ ਹੀ ਪੁਰਾਣੇ ਯੁੱਗ ਦੀ ਤਰਜ਼ਮਾਨੀ ਕਰਦੇ ਹਨ। ਦੋਵੇਂ ਔਰਤਾਂ ਪਿੰਡਾ ਢੱਕਣ ਦੀ ਵੀ ਪਰਵਾਹ ਨਹੀਂ ਕਰਦੀਆਂ, ਤੇੜ ਇਕ ਪਰਨਾ ਲਪੇਟੀ ਰਖਦੀਆਂ ਹਨ। ਆਦਮੀ ਇਕ ਗਿੱਠ ਕੱਪੜਾ ਹੀ ਤੇੜ ਬੰਨ੍ਹਦਾ ਹੈ ਬਾਕੀ ਕਿਸੇ ਚੀਜ਼ ਦੀ ਉਸ ਨੂੰ ਜ਼ਰੂਰਤ ਨਹੀਂ ਹੈ। ਉਹਨਾਂ ਸਾਰੀ ਉਮਰ ਇਸੇ ਤਰ੍ਹਾਂ ਗੁਜ਼ਾਰੀ ਹੈ ਸੋ ਹੁਣ ਆਖ਼ਰੀ ਸਾਲਾਂ ਵਿਚ ਪਹੁੰਚ ਕੇ ਉਹ ਆਪਣੀ ਜ਼ਿੰਦਗੀ ਦਾ ਢੰਗ ਬਦਲਣ ਵਾਸਤੇ ਤਿਆਰ ਨਹੀਂ ਹਨ। ਨਵੀਂ ਪੀੜ੍ਹੀ ਕੱਪੜੇ ਪਹਿਨਣ ਲੱਗੀ ਹੈ ਪਰ ਇਸ ਨੂੰ ਵੀ ਜ਼ਿਆਦਾ ਸਮਾਂ ਨਹੀਂ ਹੋਇਆ। ਜਦ ਤੋਂ ਦਾਦਾ ਲੋਕ ਆਏ ਹਨ, ਉਹ ਪਤਾ ਨਹੀਂ ਕਿੱਧਰੋਂ ਕੱਪੜਿਆਂ ਦੇ ਜਹਾਜ਼ ਲੱਦ ਕੇ ਲਿਆਏ ਹਨ ਜਿਹਨਾਂ ਨੂੰ ਉਹਨਾਂ ਨੇ ਹਰ ਕਿਸੇ ਨੂੰ ਵੰਡਿਆ ਹੈ। ਕੁੜੀਆਂ ਬਲਾਊਜ਼ ਤੇ ਸਾੜ੍ਹੀ ਪਹਿਨਣ ਲੱਗੀਆਂ ਹਨ ਜਦ ਕਿ ਔਰਤਾਂ ਅਜੇ ਵੀ ਇਕ ਪਰਨੇ ਨਾਲ ਆਪਣੇ ਮੋਢੇ ਢੱਕਦੀਆਂ ਹਨ ਅਤੇ ਦੂਸਰੇ ਨੂੰ ਤੋੜ ਲਵੇਟ ਲੈਂਦੀਆਂ ਹਨ। ਕੁੜੀਆਂ ਦੀ ਸਾੜ੍ਹੀ ਉਹਨਾਂ ਦੇ ਜੰਗਲ ਵਿਚਲੇ ਦਿਨ ਭਰ ਦੇ ਕੰਮ ਵਿਚ ਉਲਝਾਅ ਪੈਦਾ ਕਰਦੀ ਹੈ ਸੋ ਉਹ ਉਸਨੂੰ ਗਿੱਟਿਆਂ ਤੋਂ ਇਕ ਡੇਢ ਗਿੱਠ ਉੱਚਾ ਹੀ ਬੰਨ੍ਹਦੀਆਂ ਹਨ। ਜਦ ਕੋਈ ਪਾਂਡਮ, ਮੰਡਈ, ਤਿਓਹਾਰ ਜਾਂ ਮੇਲਾ ਹੋਵੇ ਜਾਂ ਜਨਤਕ-ਸੰਗਠਨਾਂ ਦਾ ਇਕੱਠ ਹੋਵੇ ਤਾਂ ਵੱਡੀਆਂ ਔਰਤਾਂ ਦੀ ਵੀ ਕਾਫ਼ੀ ਗਿਣਤੀ ਸਾੜੀ ਬਲਾਉਜ਼ ਪਹਿਨ ਲੈਂਦੀ ਹੈ।
ਔਰਤਾਂ ਵੱਲੋਂ ਕੱਪੜੇ ਨਾ ਪਹਿਨਣ ਦੇ ਰਿਵਾਜ ਪਿੱਛੇ ਗਰੀਬੀ ਤੋਂ ਇਲਾਵਾ ਇਕ ਕਾਰਨ ਇਹ ਵੀ ਹੈ ਕਿ ਆਦਮੀ ਉਹਨਾਂ ਨੂੰ ਕੱਪੜੇ ਪਹਿਨਣ ਤੋਂ ਇਸ ਲਈ ਮਨ੍ਹਾ ਕਰਦੇ ਹਨ ਕਿ ਉਹ ਚੰਗੀਆਂ ਲੱਗਣ ਲੱਗ ਪੈਣਗੀਆਂ ਤੇ ਖ਼ਰਾਬ ਹੋ ਜਾਣਗੀਆਂ। ਇਹ ਤਰੀਕਾ ਮੁੱਲਾ ਲੋਕਾਂ ਦੇ ਤਰੀਕੇ ਤੋਂ ਬਿਲਕੁਲ ਉਲਟ ਹੈ ਜਿਹੜੇ ਔਰਤ ਸਰੀਰ ਦੇ ਹਰ ਹਿੱਸੇ ਨੂੰ ਇਸੇ ਕਾਰਨ ਹੀ ਢੱਕ ਕੇ ਰੱਖਣਾ ਚਾਹੁੰਦੇ ਹਨ। ਦੋਵਾਂ ਪਿੱਛੇ ਇੱਕ ਹੀ ਤਰਕ ਹੈ, ਇਕੋ ਹੀ ਮਕਸਦ ਹੈ। ਦੋਵੇਂ ਪਾਸੇ ਆਦਮੀ ਹੀ ਪਹਿਰਾਵੇ ਸਬੰਧੀ ਹੁਕਮਾਂ ਨੂੰ ਲਾਗੂ ਕਰਦੇ ਹਨ। ਦੂਸਰੇ ਪਾਸੇ ਪੱਛਮ ਤੋਂ ਆਈ ਫੈਸ਼ਨ ਸਨਅਤ ਦਾ ਤਰੀਕਾ ਹੈ ਜਿਹੜਾ ਔਰਤ ਸਰੀਰ ਨੂੰ ਪੈਸਾ ਕਮਾਉਣ ਦੇ ਸੰਦ ਵਜੋਂ ਇਸਤੇਮਾਲ ਕਰਨਾ ਚਾਹੁੰਦਾ ਹੈ। ਤਿੰਨੇ ਧਿਰਾਂ ਮਰਦ-ਪ੍ਰਧਾਨ ਸੋਚ ਦੇ ਧਰਾਤਲ ਉੱਤੇ ਖੜ੍ਹੇ ਹੋ ਕੇ ਔਰਤ ਜਿਸਮ ਦਾ ਇਸਤੇਮਾਲ ਕਰਦੀਆਂ ਹਨ। ਇਸੇ ਸੋਚ ਪ੍ਰਬੰਧ ਨੂੰ ਔਰਤਾਂ ਦੇ ਵੱਡੇ ਹਿੱਸੇ ਨੇ ਵੀ ਅਪਣਾ ਲਿਆ ਹੋਇਆ ਹੈ।
ਫਿਰ ਵੀ, ਕਬਾਇਲੀ ਔਰਤ ਉੱਪਰ ਨਾ ਤਾਂ ਤਾਲਿਬਾਨ ਜਿਹਾ ਜਬਰ ਹੈ, ਨਾ ਹੀ ਪੱਛਮ ਦੇ ਨਿਘਾਰ ਦਾ ਅਸਰ। ਲਹਿਰ ਦੇ ਦਖ਼ਲ ਨੇ ਉਹਨਾਂ ਅੰਦਰ ਹਾਂ-ਪੱਖੀ ਗਤੀ ਛੇੜੀ ਹੈ। ਕੁੜੀਆਂ ਯੁੱਗਾਂ ਪੁਰਾਣੇ ਰਿਵਾਜਾਂ ਨੂੰ ਤੇਜ਼ੀ ਨਾਲ ਭੰਨ ਰਹੀਆਂ ਦਿਖਾਈ ਦੇਂਦੀਆਂ ਹਨ। ਏਥੋਂ ਤਕ ਕਿ ਗੁਰੀਲਾ ਸਫ਼ਾਂ ਦਾ ਤਕਰੀਬਨ ਅੱਧਾ ਹਿੱਸਾ ਕੁੜੀਆਂ ਦਾ ਹੈ ਜਿਹੜੀਆਂ ਫ਼ੌਜੀ ਵਰਦੀ ਵਿਚ ਰਹਿੰਦੀਆਂ ਹਨ ਅਤੇ ਮੋਢੇ ਉੱਤੇ ਬੰਦੂਕ ਉਠਾਈ ਪਿੰਡ ਪਿੰਡ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਆਮ ਔਰਤ ਵੀ ਤਬਦੀਲੀ ਦੀ ਇਸ ਹਵਾ ਦੇ ਹੱਕ ਵਿਚ ਸਰਗਰਮ ਹੋਈ ਹੋਈ ਨਜ਼ਰ ਆਉਂਦੀ ਹੈ ਜਿਸਦਾ ਅੰਦਾਜ਼ਾ ਉਹਨਾਂ ਇਕੱਠਾਂ ਤੋਂ ਹੁੰਦਾ ਹੈ ਜਿਹੜੇ ਜੰਗਲ ਅਤੇ ਆਲੇ-ਦੁਆਲੇ ਦੇ ਕਸਬਿਆਂ ਤੇ ਸ਼ਹਿਰਾਂ ਵਿਚ ਹਰ ਥੋੜ੍ਹੇ ਸਮੇਂ ਬਾਦ ਹੁੰਦੇ ਰਹਿੰਦੇ ਹਨ।
ਦਾਦਾ ਲੱਗ ਸੱਭਿਆਚਾਰ ਵਿਚ ਤਬਦੀਲੀ ਦੀ ਕਾਹਲ ਵਿਚ ਨਹੀਂ ਹਨ। ਇਸ ਨੂੰ ਉਹਨਾਂ ਨੇ ਜ਼ਿੰਦਗੀ ਦੀ ਸਮੁੱਚੀ ਤੌਰ ਦੇ ਬਦਲ ਜਾਣ ਦੇ ਪਰਸੰਗ ਨਾਲ ਹੀ ਜੋੜਿਆ ਹੋਇਆ ਹੈ। ਨਵੀਆਂ ਜ਼ਰੂਰਤਾਂ ਆਪਣੇ ਆਪ ਹੀ ਨਵੇਂ ਤੌਰ-ਤਰੀਕਿਆਂ, ਨਵੇਂ ਪਹਿਰਾਵਿਆਂ, ਵਿਚਾਰਾਂ ਅਤੇ ਰੀਤਾਂ ਨੂੰ ਜਨਮ ਦੇਂਦੀਆਂ ਜਾ ਰਹੀਆਂ ਹਨ। ਵਾਪਰ ਚੁੱਕੀ ਤੇ ਵਾਪਰ ਰਹੀ ਤਬਦੀਲੀ ਸਾਹਮਣੇ ਦਿਖਾਈ ਦੇਂਦੀ ਹੈ।
ਨਾਰੰਗ ਭਾਈ ਦੀ ਬੁੱਢੇ ਹੋਣ ਸਬੰਧੀ ਗੱਲ ਉਸ ਡੂੰਘੀ ਇੱਛਾ ਦਾ ਇਜ਼ਹਾਰ ਹੈ ਜਿਹੜੀ ਕਬਾਇਲੀਆਂ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਨਾਰੰਗ ਭਾਈ ਦੇ ਆਪਣੇ ਹਾਣੀ ਦੁਨੀਆਂ ਤੋਂ ਕੂਚ ਕਰ ਗਏ ਹੋਏ ਹਨ ਜਿਹਨਾਂ ਨੂੰ ਉਸ ਨੇ ਆਪਣੇ ਹੱਥੀਂ ਮਿੱਟੀ ਦੇ ਸਪੁਰਦ ਕਰਨ ਦਾ ਦੁੱਖ ਝੱਲਿਆ ਹੈ। ਉਹ ਆਪਣੀ ਉਮਰ ਤੋਂ ਛੋਟਿਆਂ ਅਤੇ ਬੱਚਿਆਂ ਤੱਕ ਨੂੰ ਧਰਤੀ ਵਿਚ ਦਫ਼ਨ ਕਰਨ ਦੇ ਸੰਤਾਪ ਨੂੰ ਹੰਢਾਉਂਦਾ ਰਿਹਾ ਹੈ। ਉਹ ਇਸ ਮਾਨਸਿਕ ਪੀੜਾ ਨੂੰ ਹੋਰ ਨਹੀਂ ਝੱਲਣਾ ਚਾਹੁੰਦਾ। ਉਹ ਕਬਾਇਲੀ ਉਮਰ ਦੇ ਨਿੱਕੇ ਅਰਸੇ ਨੂੰ ਕੁਦਰਤੀ ਦੇਣ ਨਹੀਂ ਮੰਨਦਾ ਅਤੇ ਹੋਰ ਥਾਈਂ ਇਸ ਦੇ ਕਾਰਨ ਦੇਖਦਾ ਹੈ। ਕੁਦਰਤੀ ਦੇਣ ਮੰਨ ਲੈਣ ਕਾਰਨ ਆਮ ਕਬਾਇਲੀ ਮੌਤ ਨੂੰ ਜ਼ਿਆਦਾ ਮਹੱਤਵ ਨਹੀਂ ਦੇਂਦਾ ਅਤੇ ਇਸੇ ਤਰਾਂ ਜ਼ਿੰਦਗੀ ਨੂੰ ਵੀ ਐਡੀ ਵੱਡੀ ਚੀਜ਼ ਨਹੀਂ ਸਮਝਦਾ। ਮੌਤ ਉਸ ਵਾਸਤੇ ਆਮ ਘਟਨਾ ਹੈ। ਇਸੇ ਲਈ ਮੌਤ ਭਾਵੇਂ ਵੱਡਿਆਂ ਦੀ ਹੋਵੇ. ਭਾਵੇਂ ਜਵਾਨਾਂ ਦੀ ਅਤੇ ਭਾਵੇਂ ਬੱਚਿਆਂ ਦੀ, ਉਹ ਬਹੁਤਾ ਸੰਗ ਨਹੀਂ ਮਨਾਉਂਦਾ। ਪਹਿਲੀ ਨਜ਼ਰੇ ਦੇਖਿਆ
ਇੰਜ ਹੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਰਿਸ਼ਤਿਆਂ ਵਿਚ ਨਿੱਜੀ ਜਜ਼ਬਾਤੀ ਸਾਂਝ ਜ਼ਿਆਦਾ ਨਹੀਂ ਹੈ। ਯਕੀਨਨ ਇੰਜ ਹੀ ਹੈ। ਮੌਤ ਉੱਤੇ ਉਸ ਦਾ ਕਿਸੇ ਤਰ੍ਹਾਂ ਦਾ ਵੱਸ ਨਹੀਂ ਹੈ। ਬਿਮਾਰ ਵਾਸਤੇ ਇਲਾਜ ਨਹੀਂ, ਜ਼ਖ਼ਮੀ ਵਾਸਤੇ ਦਵਾ ਨਹੀਂ। ਉਸ ਦਾ ਮਨ ਇਹਨਾਂ ਰੋਗਾਂ ਨੂੰ ਚਰਮ ਸੀਮਾਂ ਵਿਚ ਦੇਖ ਕੇ ਵੀ ਨਹੀਂ ਪਸੀਜਦਾ, ਜਜ਼ਬਾਤੀ ਨਹੀਂ ਹੁੰਦਾ। ਆਦਮੀ ਗ਼ੈਰ-ਕੁਦਰਤੀ ਮੌਤ ਮਰਦਾ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ ਹੈ ਪਰ ਉਸ ਨੂੰ ਇਹ ਕੁਦਰਤੀ ਹੀ ਲੱਗਦਾ ਹੈ। ਉਸ ਨੇ ਇਸੇ ਤਰਾਂ ਜੀਣਾ ਸਿੱਖ ਲਿਆ ਹੈ ਤੇ ਇਸੇ ਤਰ੍ਹਾਂ ਢਲ ਗਿਆ ਹੈ। ਪਰ ਨਾਰੰਗ ਵੱਖ ਤਰ੍ਹਾਂ ਦੀ ਸ਼ਖ਼ਸੀਅਤ ਹੈ। ਜਦ ਉਸ ਦੇ ਆਪਣੇ ਬੱਚੇ ਵੱਡੇ ਹੋ ਗਏ ਤਾਂ ਉਹ ਨਾਲ ਦੇ ਸੂਬੇ ਵਿਚੋਂ ਦੋ ਸਾਲ ਦੀ ਇਕ ਅਨਾਥ ਬੱਚੀ ਨੂੰ ਲੈ ਆਇਆ ਅਤੇ ਉਸ ਦੀ ਪਰਵਰਿਸ਼ ਕਰਨ ਲੱਗਾ। ਅਜ ਉਸ ਲੜਕੀ ਦਾ ਆਪਣਾ ਪਰਿਵਾਰ ਹੈ ਅਤੇ ਨਾਰੰਗ ਆਪਣੀ ਇਸ ਇਨਸਾਨੀ ਪ੍ਰਾਪਤੀ ਉੱਤੇ ਅੰਤਾਂ ਦਾ ਖ਼ੁਸ਼ ਹੈ। ਉਹ ਇਨਸਾਨੀ ਜ਼ਿੰਦਗੀ ਨੂੰ ਬਦਲਿਆ ਹੋਇਆ ਦੇਖਣਾ ਚਾਹੁੰਦਾ ਹੈ ਅਤੇ ਇਸ ਅਮਲ ਵਿਚ ਉਸਨੇ ਆਪਣੇ ਆਪ ਨੂੰ ਇਸ ਉਮਰੇ ਵੀ ਝੋਕ ਦਿੱਤਾ ਹੈ।
ਨਾਰੰਗ ਭਾਈ ਦੀ ਕਹੀ ਗੱਲ ਉੱਤੇ ਜਦ ਸਾਰੇ ਹੱਸ ਪਏ ਸਨ ਤਾਂ ਉਹ ਮੁਸਕਰਾਇਆ ਅਤੇ ਬਹੁਤ ਖ਼ੁਸ਼ ਹੋਇਆ ਸੀ। ਉਸ ਨੇ ਕਿਹਾ ਕਿ ਕਿਉਂਕਿ ਹੁਣ ਦੁੱਧ ਤੇ ਸ਼ੱਕਰ ਆ ਗਏ ਹਨ ਉਹ ਸਾਰੇ ਫਿਰ ਤੋਂ ਜਵਾਨ ਹੋ ਜਾਣ। ਇਸ ਗੱਲ ਨਾਲ ਹਾਸੇ ਦੀ ਇਕ ਹੋਰ ਤਰੰਗ ਛਿੜ ਪੈਂਦੀ ਹੈ।
“ਰਾਤ ਨੂੰ ਨਹੀਂ ਪਹੁੰਚ ਸਕੇ ਨਾਰੰਗ ਭਾਈ?" ਚਾਹ ਪੀਂਦਿਆਂ ਮੈਂ ਉਸ ਨਾਲ ਗੱਲੀਂ ਲੱਗ ਜਾਂਦਾ ਹਾਂ।
"ਮੁੰਡੇ ਸਾਮਾਨ ਲੈ ਕੇ ਸ਼ਹਿਰ ਤੋਂ ਹੀ ਨਹੀਂ ਸਨ ਮੜੇ। ਕਈ ਵਾਰ ਇੰਜ ਹੋ ਜਾਂਦੈ। ਸਾਨੂੰ ਵਲ ਪਾ ਕੇ ਸਾਮਾਨ ਢੋਣਾ ਪੈਂਦੈ। ਪਰ ਸਭ ਕੁਝ ਠੀਕ ਠਾਕ ਹੀ ਰਿਹਾ।” ਨਾਰੰਗ ਬੱਚਿਆਂ ਬਾਰੇ ਫ਼ਿਕਰਮੰਦ ਰਹਿੰਦਾ ਹੈ। ਉਹਨਾਂ ਦੇ ਸਹੀ ਸਲਾਮਤ ਪਰਤ ਆਉਣ ਦੀ ਉਸ ਨੂੰ ਖ਼ੁਸ਼ੀ ਹੈ।
"ਸਾਮਾਨ ਖ੍ਰੀਦਣ ਉੱਤੇ ਵੀ ਪਾਬੰਦੀ ਲਗਾ ਦਿੱਤੀ ਉਹਨਾਂ ਨੇ?"
"ਪਾਬੰਦੀ ਹੀ ਹੈ। ਪੁਲਿਸ ਚਾਹ, ਸ਼ੱਕਰ ਤੇ ਸਾਬਣ ਵਗੈਰਾ ਵੀ ਰੋਕ ਦੇਣਾ ਚਾਹੁੰਦੀ ਹੈ। ਸਾਨੂੰ ਹਰ ਚੀਜ਼ ਖ਼ੁਦ ਹੀ ਬਨਾਉਣੀ ਪਵੇਗੀ। ਪਰ ਚਾਹ ਪੱਤੀ ਤਾਂ ਬਾਹਰੋਂ ਲਿਆਉਣੀ ਹੀ ਹੋਵੇਗੀ। ਇਸੇ ਤਰ੍ਹਾਂ ਕੱਪੜਾ ਵੀ।" ਨਾਰੰਗ ਗੰਭੀਰ ਲਹਿਜ਼ੇ ਵਿਚ ਕਹਿੰਦਾ ਹੈ।
ਨਾਰੰਗ ਦੀ ਗੱਲ ਸਹੀ ਹੈ। ਜੋ ਕੁਝ ਉਹ ਬਣਾ ਸਕਦੇ ਹਨ ਉਸ ਨੂੰ ਬਨਾਉਣਾ ਹੀ ਪਵੇਗਾ। ਇਹ ਉਹਨਾਂ ਦੀ ਲਹਿਰ ਦੀ ਮਜ਼ਬੂਤੀ ਦਾ ਆਧਾਰ ਬਣੇਗਾ। ਹਾਕਮ ਕਦ ਚਾਹੁੰਦੇ ਹਨ ਕਿ ਕੁਝ ਅਜਿਹਾ ਹੋਂਦ ਵਿਚ ਆਵੇ ਜਿਸ ਨਾਲ ਲੋਕ ਆਪਣੇ ਇਨਸਾਨ ਹੋਣ ਦਾ ਅਹਿਸਾਸ ਕਰ ਸਕਣ ਅਤੇ ਇਸ ਦਾ ਹੱਕ ਜਤਾ ਸਕਣ। ਨਾਰੰਗ ਕਹਿੰਦਾ ਹੈ ਕਿ ਹੌਲੀ ਹੌਲੀ ਉਹ ਸਾਰਾ ਕੁਝ ਕਰਨਗੇ। ਉਹ ਜ਼ਿਆਦਾ ਜਾਣਦਾ ਨਹੀਂ ਹੈ ਕਿ ਇਹ ਕਿਵੇਂ ਹੋਵੇਗਾ ਪਰ ਉਸ ਨੂੰ ਯਕੀਨ ਹੈ ਕਿ ਇਹ ਹੁੰਦਾ ਜਾਵੇਗਾ।
ਰਾਜੂ ਨਾਰੰਗ ਭਾਈ ਨੂੰ ਤਾਲਾਬ ਦੀ ਉਹ ਘਟਨਾ ਸੁਣਾਉਂਦਾ ਹੈ ਅਤੇ ਲੋਕਾਂ ਦੇ ਵਿਚਾਰਾਂ ਬਾਰੇ ਉਸ ਨੂੰ ਜਾਣੂੰ ਕਰਵਾਉਂਦਾ ਹੈ। ਲੋਕ ਵੱਡੀ ਮੱਛੀ ਤਾਂ ਹੀ ਖਾਣਗੇ ਜੇ ਉਹਨਾਂ ਨੂੰ ਸਵਾਦ ਲੱਗੇਗੀ। ਇਹ ਵੀ ਕਿ ਮੱਛੀ ਫੜ੍ਹਣ ਵਾਸਤੇ ਜੁਗਾੜ ਵੀ ਬਨਾਉਣੇ ਪੈਣਗੇ ਤਾਂ ਕਿ ਪਾਣੀ ਤੇ ਮੱਛੀ ਦੋਵੇਂ ਜ਼ਾਇਆ ਨਾ ਹੋਣ। ਉਹ ਮੱਛੀਆਂ ਦਾ ਕਈ
ਕਿਸਮ ਦਾ ਬੀਜ ਹਾਸਲ ਕਰਨ ਸਬੰਧੀ ਗੱਲਬਾਤ ਕਰਦੇ ਹਨ।
ਦੂਰ ਤੋਂ ਮੱਛੀ ਦਾ ਤਰ੍ਹਾਂ ਤਰ੍ਹਾਂ ਦਾ ਬੀਜ ਲੈ ਕੇ ਆਉਣਾ ਆਸਾਨ ਕੰਮ ਨਹੀਂ ਹੈ। ਨਾਰੰਗ ਭਵਾਂ ਸੰਗੜਦਾ ਹੈ ਅਤੇ ਦਿਮਾਗ ਉੱਤੇ ਜ਼ੋਰ ਪਾ ਕੇ ਹੱਲ ਤਲਾਸ਼ ਕਰਦਾ ਹੈ। ਉਸਨੂੰ ਖ਼ੁਦ ਹੀ ਬੀਜ ਤਿਆਰ ਕਰਨ ਅਤੇ ਉਹਨਾਂ ਨੂੰ ਵੱਖ ਵੱਖ ਤਾਲਾਬਾਂ ਵਿਚ ਪਾਉਣ ਦਾ ਹੱਲ ਕੱਢਣਾ ਹੋਵੇਗਾ। ਮੱਛੀ ਪਾਲਣ ਦੀ ਯੋਜਨਾ ਨਾਰੰਗ ਨੇ ਸਾਲ ਪਹਿਲਾਂ ਹੀ ਸ਼ੁਰੂ ਕੀਤੀ ਸੀ। ਉਹ ਕਿਸੇ ਕਿਸੇ ਤਾਲਾਬ ਵਿਚ ਹੀ ਸਿਰੇ ਚੜ੍ਹੀ ਸੀ ਜਦ ਕਿ ਜ਼ਿਆਦਾ ਤਾਲਾਬਾਂ ਵਿਚ ਬੀਜ ਮਰ ਗਿਆ ਸੀ। ਜਿੱਥੇ ਜਿੱਥੇ ਇਹ ਸਿਰੇ ਚੜ੍ਹੀ ਓਥੇ ਪਿੰਡ ਵਾਸੀਆਂ ਨੂੰ ਮੱਛੀ ਮੁਫ਼ਤ ਮੁਹੱਈਆ ਕੀਤੀ ਗਈ ਜਦ ਕਿ ਕੁਝ ਹਿੱਸਾ ਮੰਡੀ ਵਿਚ ਵੇਚ ਦਿੱਤਾ ਗਿਆ ਸੀ।
...........
ਨਾਰੰਗ ਦਾ ਸਾਥ ਮੇਰੇ ਵਾਸਤੇ ਪਿੰਡ ਦਾ ਜਾਇਜ਼ਾ ਲੈਣ ਵਾਸਤੇ ਵਧੀਆ ਸਾਬਤ ਹੋਇਆ। ਗੱਲਾਂ ਕਰਦੇ ਕਰਦੇ ਅਸੀਂ ਪਿੰਡ ਦੇਖਣ ਦੀ ਯੋਜਨਾ ਬਣਾ ਲਈ, ਸੋ ਓਧਰ ਨੂੰ ਤੁਰ ਪਏ।
"ਨਾਰੰਗ ਅੱਨਾ ਦੂਰ ਨਹੀਂ ਜਾਣਾ।" ਚੰਦਨ ਨੇ ਆਵਾਜ਼ ਦੇ ਕੇ ਕਿਹਾ।
"ਬੱਸ, ਪਿੰਡ ਤੱਕ।"
ਹਰ ਕਬਾਇਲੀ ਪਿੰਡ ਅੱਡ ਅੱਡ ਥਾਵੇਂ ਪਈਆਂ ਝੋਪੜੀਆਂ ਦਾ ਸਮੂਹ ਹੈ। ਗਲੀਆਂ, ਪਾਣੀ ਦਾ ਨਿਕਾਸ ਵਗੈਰਾ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਕੋਈ ਝੌਂਪੜੀ ਏਥੇ ਹੈ ਤਾਂ ਕੋਈ ਓਥੇ। ਹਰ ਘਰ ਨੂੰ ਚਾਰ ਪੰਜ ਰਾਹ ਜਾਂਦੇ ਹਨ। ਵਿਹੜੇ ਨੂੰ ਚਾਰ ਚੁਫੇਰੇ ਬਾਂਸ ਗੱਡ ਕੇ ਵਗਲਿਆ ਹੋਇਆ ਹੈ। ਹਰ ਘਰ ਵਿਚ ਇਕ ਜਾਂ ਦੋ ਕਮਰੇ ਹਨ ਜਿਹੜੇ ਚੰਗੀ ਤਰ੍ਹਾਂ ਲਿੱਪੇ ਪੋਚੇ ਹਨ। ਝੋਂਪੜੀ ਦੀਆਂ ਦੀਵਾਰਾਂ ਆਮ ਤੌਰ 'ਤੇ ਸਾਗਵਾਨ ਦੇ ਕੁਹਾੜੀ ਨਾਲ ਘੜੇ ਮੋਟੇ ਫੱਟੇ ਗੱਡ ਕੇ ਉਸਾਰੀਆਂ ਜਾਂਦੀਆਂ ਹਨ। ਛੱਤਾਂ ਦੱਸ ਗਿਆਰਾਂ ਫੁੱਟ ਉੱਚੀਆਂ ਹਨ। ਹਰ ਘਰ ਵਿਚ ਇਕ ਜਾਂ ਦੋ ਪਤੀਲੇ, ਇਕ ਦੋ ਥਾਲੀਆਂ, ਇਕ ਲੱਕੜ ਦੀ ਕੜਛੀ, ਇਕ ਜਾਂ ਦੋ ਗਿਲਾਸ, ਇਕ ਲੋਟਾ, ਇਕ ਗਾਗਰ, ਇਕ ਹਾਂਡੀ ਅਤੇ ਇਕ ਦੇ ਕੋਲੀਆਂ ਹਨ। ਇਸ ਤੋਂ ਜ਼ਿਆਦਾ ਬਰਤਨ ਘੱਟ ਹੀ ਕਿਸੇ ਕੋਲ ਹੁੰਦੇ ਹਨ। ਮੰਜਾ ਕਿਸੇ ਇੱਕਾ ਦੁੱਕਾ ਘਰ ਵਿਚ ਹੀ ਮਿਲਦਾ ਹੈ ਅਤੇ ਉਹ ਵੀ ਚਾਰ ਫੁੱਟ ਤੋਂ ਜ਼ਿਆਦਾ ਲੰਬਾ ਨਹੀਂ ਹੁੰਦਾ। ਧਾਨ ਕੁੱਟਣ ਵਾਸਤੇ ਉੱਖਲੀ ਹਰ ਘਰ ਦੇ ਅੰਦਰ ਬਣਾਈ ਜਾਂਦੀ ਹੈ। ਕੁਹਾੜਾ, ਦਾਤ, ਤੇਲ ਕੱਢਣ ਲਈ ਪੱਥਰ ਦੀ ਸਿਲ ਹਰ ਘਰ ਦਾ ਹਿੱਸਾ ਹੈ। ਢੋਲ ਵੀ ਤਕਰੀਬਨ ਹਰ ਕਿਸੇ ਕੋਲ ਹੀ ਹੁੰਦਾ ਹੈ। ਵੱਡੇ ਪਿੰਡਾਂ ਵਿਚ ਚਾਰ ਤਰ੍ਹਾਂ ਦੇ ਮਾਹਰ ਮੌਜੂਦ ਰਹਿੰਦੇ ਹਨ। ਇਹ ਹਨ ਦਾਈ, ਲੁਹਾਰ, ਘੁਮਿਆਰ ਅਤੇ ਜਾਦੂ ਟੂਣਾ ਕਰਨ ਵਾਲਾ "ਵੱਡਾ"। ਕੱਪੜਾ, ਚਮੜਾ, ਲੱਕੜ ਆਦਿ ਦਾ ਕੰਮ ਕਰਨ ਵਾਲੇ ਕਾਰੀਗਰ ਕਿਤੇ ਨਹੀਂ ਮਿਲਦੇ। ਕਿਸੇ ਘਰ ਅੰਦਰ ਵੀ ਕਿਸੇ ਦੇਵੀ ਦੇਵਤੇ ਦੀ ਮੂਰਤੀ ਨਹੀਂ ਹੈ ਨਾ ਹੀ ਪਿੰਡ ਵਿਚ ਕੋਈ ਮੰਦਰ ਹੁੰਦਾ ਹੈ। ਪਿੰਡ ਦੇ ਬਾਹਰਵਾਰ ਇਕ ਥੱਪੜੀ ਖੜ੍ਹੀ ਕਰ ਕੇ ਹਾਥੀਆਂ, ਬੱਕਰੀਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਜਾਂਦੀਆਂ ਹਨ ਜਿੱਥੇ ਕਦੇ ਵਰ੍ਹੇ ਛਿਮਾਹੀ ਉਹਨਾਂ ਨੂੰ ਕਿਸੇ ਤਿਓਹਾਰ ਸਮੇਂ ਸਾਫ਼ ਕਰ ਲਿਆ ਜਾਂਦਾ ਹੈ। ਇਹਨਾਂ ਪੂਜਾ ਘਰਾਂ ਦੀ ਹਾਲਤ ਪਿੰਡ ਵਿਚ ਸਭ ਤੋਂ ਭੈੜੀ ਹੁੰਦੀ ਹੈ। ਦੀਵਾ ਕਿਸੇ
ਕਿਸੇ ਘਰ ਵਿਚ ਹੁੰਦਾ ਹੈ ਪਰ ਇਸ ਦੀ ਵਰਤੋਂ ਆਮ ਤੌਰ ਉੱਤੇ ਨਹੀਂ ਕੀਤੀ ਜਾਂਦੀ। ਚਟਾਈ ਤਕਰੀਬਨ ਹਰ ਘਰ ਵਿਚ ਮਿਲ ਜਾਵੇਗੀ, ਮੁੜਾ ਕਿਸੇ ਕਿਸੇ ਘਰ ਵਿਚ, ਅਤੇ ਮੇਜ਼ ਕਰਸੀ ਵਗੈਰਾ ਕਿਤੇ ਵੀ ਨਹੀਂ। ਕਮਾਨ ਹਰ ਘਰ ਵਿਚ ਓਨੇ ਹੁੰਦੇ ਹਨ ਜਿੰਨੇ ਕਿ ਆਦਮੀ। ਤੀਰਾਂ ਨੂੰ ਉਹ ਤਰਕਸ਼ ਵਿਚ ਨਹੀਂ ਸਗੋਂ ਛੱਤਾਂ ਦੇ ਬਾਲਿਆਂ ਪਿੱਛੇ ਅੜਾ ਕੇ ਰੱਖ ਦੇਂਦੇ ਹਨ। ਕਿਸੇ ਕਿਸੇ ਘਰ ਵਿਚ ਤੁਹਾਨੂੰ ਸ਼ੇਰ ਜਾਂ ਚੀਤੇ ਦੀ ਖੱਲ ਮਿਲ ਜਾਵੇਗੀ, ਪਰ ਪੁਰਾਣੀ ਸਾਂਭੀ ਹੋਈ। ਕਿਸੇ ਕਿਸੇ ਘਰ ਵਿਚ ਟੀਨ ਦਾ ਟਰੰਕ ਵੀ ਮੌਜੂਦ ਹੁੰਦਾ ਹੈ। ਧਾਨ ਰੱਖਣ ਲਈ ਬੈਂਤ ਦੇ ਬਣੇ ਡਰੱਮ ਹਰ ਘਰ ਵਿਚ ਮੌਜੂਦ ਹੁੰਦੇ ਹਨ। ਕੁੱਲ ਮਿਲਾ ਕੇ ਘਰਾਂ ਵਿਚ ਨਿਕ-ਸੁਕ ਦਾ ਖਲਾਰਾ ਪਿਆ ਨਹੀਂ ਮਿਲਦਾ। ਤਕਰੀਬਨ ਹਰ ਘਰ ਦੇ ਵਿਹੜੇ ਵਿਚ ਹੀ ਮੁਰਗੀਖਾਨਾ ਹੁੰਦਾ ਹੈ ਜਿਥੇ ਪੰਜ ਸੱਤ ਕੁੱਕੜ ਕੁੱਕੜੀਆਂ ਹੁੰਦੇ ਹਨ। ਇਕ ਵਾੜਾ ਬੱਕਰੀਆਂ ਵਾਸਤੇ ਬਣਾਇਆ ਜਾਂਦਾ ਹੈ ਜਿਹੜਾ ਗੋਲੀਆਂ ਗੱਡ ਕੇ ਜ਼ਮੀਨ ਤੋਂ ਚਾਰ ਜਾਂ ਪੰਜ ਫੁੱਟ ਉੱਚਾ ਰੱਖਿਆ ਜਾਂਦਾ ਹੈ। ਗਾਵਾਂ ਵਿਹੜੇ ਵਿੱਚ ਖੁਲ੍ਹੀਆਂ ਫਿਰਦੀਆਂ ਹਨ। ਖੁਰਲੀ ਕਿਤੇ ਨਹੀਂ ਬਣੀ ਹੋਈ।
ਜੁੱਤੀ ਦੀ ਵਰਤੋਂ ਆਮ ਕਰਕੇ ਨਹੀਂ ਕੀਤੀ ਜਾਂਦੀ। ਕੁਝ ਸ਼ੌਕੀਨ ਸ਼ਹਿਰੋਂ ਜੁੱਤੇ ਖ੍ਰੀਦ ਲੈਂਦੇ ਹਨ ਪਰ ਔਰਤਾਂ ਵਾਸਤੇ ਨਹੀਂ ਖ੍ਰੀਦਦੇ, ਭਾਵੇਂ ਕਿ ਉਹ ਖ਼ੁਦ ਵੀ ਇਸ ਨੂੰ ਜ਼ਿਆਦਾ ਪਹਿਨਦੇ ਨਹੀਂ ਸਗੋਂ ਉੱਚੇ ਸਮਾਜਕ ਰੁਤਬੇ ਦੇ ਇਕ ਚਿੰਨ ਵਜੋਂ ਸਾਂਭ ਛੱਡਦੇ ਹਨ। ਬੱਚੇ ਤਕਰੀਬਨ ਨੰਗੇ ਹੀ ਘੁੰਮਦੇ ਹਨ। ਬਹੁਤ ਛੋਟੇ ਬੱਚਿਆਂ ਦੇ ਲੱਕ ਨਾਲ ਲੋਕ ਧਾਗਾ ਬੰਨ੍ਹਦੇ ਹਨ ਜਿਸ ਨੂੰ “ਪਾਨੇੜੇ" ਕਹਿੰਦੇ ਹਨ। ਦੋ ਤਿੰਨਾਂ ਤੋਂ ਵੱਧ ਬੱਚੇ ਕਿਸੇ ਕਿਸੇ ਘਰ ਵਿਚ ਹੀ ਹੁੰਦੇ ਹਨ। ਜਣੇਪੇ ਸਮੇਂ ਔਰਤਾਂ ਦੀ ਮੌਤ ਆਮ ਗੱਲ ਹੈ ਅਤੇ ਬੱਚਿਆਂ ਦੀ ਮੌਤ ਦੀ ਦਰ ਬਹੁਤ ਉੱਚੀ ਹੈ।
ਚੰਗੀ ਆਮਦਨ ਵਾਲੇ ਕਬਾਇਲੀ ਕਿਸਾਨਾਂ ਨੇ ਘਰਾਂ ਦੀਆਂ ਛੱਤਾਂ ਮਿੱਟੀ ਦੀਆਂ ਪੱਕੀਆਂ ਸਲੈਬਾਂ -ਖਪਰੈਲ-ਨਾਲ ਬਣਾਈਆਂ ਹੁੰਦੀਆਂ ਹਨ। ਪਰ ਅਜਿਹਾ ਘਰ ਹਰ ਪਿੰਡ ਵਿੱਚ ਨਹੀਂ ਹੁੰਦਾ। ਝੌਂਪੜੀ ਬਨਾਉਣ ਵਾਸਤੇ ਲੱਕੜ ਕੁਹਾੜੀ ਨਾਲ ਹੀ ਛਿੱਲੀ ਜਾਂਦੀ ਹੈ। ਆਰੀ ਜਾਂ ਰੰਦੇ ਦੀ ਵਰਤੋਂ ਕਿਤੇ ਨਹੀਂ ਹੁੰਦੀ। ਜਿਹੜੀਆਂ ਝੌਂਪੜੀਆਂ ਬਾਹਰ ਲਿੱਪੀਆਂ ਹੁੰਦੀਆਂ ਹਨ ਉਹਨਾਂ ਉੱਤੇ ਲੋਕ ਫੁੱਲ, ਪੱਤੀਆਂ ਅਤੇ ਚਿੜੀਆਂ ਵਾਹ ਦੇਂਦੇ ਹਨ।
ਆਦਮੀ ਅਤੇ ਔਰਤਾਂ, ਦੋਵੇਂ ਹੀ ਤੰਬਾਕੂ ਖਾਂਦੇ ਹਨ। ਆਦਮੀ ਬੀੜੀ ਵੀ ਪੀਂਦੇ ਹਨ। ਬਰਤਨਾਂ ਨੂੰ ਲੋਕ ਸਵਾਹ ਨਾਲ ਨਹੀਂ, ਸਗੋਂ ਮਿੱਟੀ ਨਾਲ ਸਾਫ਼ ਕਰਦੇ ਹਨ। ਦਵਾ ਸੰਘ ਦੇ ਕਾਰਕੁੰਨ ਲੋਕਾਂ ਨੂੰ ਕਹਿੰਦੇ ਹਨ ਕਿ ਉਹ ਭਾਂਡੇ ਸਵਾਹ ਨਾਲ ਸਾਫ਼ ਕਰਿਆ ਕਰਨ ਪਰ ਇਸ ਵੱਲ ਉਹ ਜ਼ਿਆਦਾ ਧਿਆਨ ਨਹੀਂ ਦੇਂਦੇ ਅਤੇ ਮਿੱਟੀ ਵਰਤਣ ਦੀ ਆਦਤ ਨਹੀਂ ਤਿਆਗਦੇ।
ਜ਼ਮੀਨ ਹਰ ਕਬਾਇਲੀ ਕੋਲ ਹੈ। ਅਜੇ ਕੁਝ ਹੀ ਸਾਲਾਂ ਤੋਂ ਟਿਕ ਕੇ ਖੇਤੀ ਕਰਨ ਲੱਗੇ ਹਨ ਨਹੀਂ ਤਾਂ ਉਹ ਹਰ ਸਾਲ ਨਵੀਂ ਥਾਂ ਜਾ ਕੇ ਖੇਤੀ ਕਰਦੇ ਸਨ। ਗੁਰੀਲਿਆਂ ਨੇ ਦੂਰ ਦੂਰ ਦੇ ਕਬਾਇਲੀਆਂ ਨੂੰ ਓਥੇ ਲਿਆ ਕੇ ਵਸਾਇਆ ਹੈ ਅਤੇ ਜ਼ਮੀਨ ਵੰਡੀ ਹੈ। ਹੁਣ ਉਹਨਾਂ ਨੂੰ ਲਹਿਰ ਵਲੋਂ ਹੀ ਜ਼ਮੀਨ ਮਾਲਕੀ ਦੇ ਪਟੇ ਵੰਡੇ ਜਾ ਰਹੇ ਹਨ। ਪੁਰਾਣੇ ਪਿੰਡਾਂ ਵਿਚਲੇ ਪਟੇਲਾਂ (ਜਗੀਰਦਾਰਾਂ) ਵਿਚੋਂ ਕੁਝ ਸ਼ਹਿਰਾਂ ਵਿਚ ਜਾ ਵੱਸੇ ਹਨ। ਬਾਕੀ ਦੀ ਵੱਡੀ ਗਿਣਤੀ ਖੇਤੀ ਦਾ ਧੰਦਾ ਕਰਦੀ ਹੈ ਪਰ ਕਿਸੇ ਨੂੰ ਵੀ ਆਮ ਕਿਸਾਨ
ਤੋਂ ਵਧੇਰੇ ਜ਼ਮੀਨ ਰੱਖਣ ਦਾ ਅਧਿਕਾਰ ਨਹੀਂ ਹੈ ਬਸ਼ਰਤੇ ਕਿ ਉਸ ਦਾ ਪਰਿਵਾਰ ਬਹੁਤ ਵੱਡਾ ਨਾ ਹੋਵੇ। ਫਿਰ ਵੀ ਹਰ ਕਿਸੇ ਨੂੰ ਆਪਣੇ ਖੇਤ ਵਿਚ ਆਪ ਹੀ ਮਿਹਨਤ ਕਰਨੀ ਪੈਂਦੀ ਹੈ। ਖੇਤ ਮਜ਼ਦੂਰੀ ਜਾਂ ਤਾਂ ਹੈ ਹੀ ਨਹੀਂ, ਜਾਂ ਕਿਤੇ ਵਿਰਲੀ ਟਾਵੀਂ ਹੈ। ਸੱਤ-ਅੱਠ ਸਾਲ ਪਹਿਲਾਂ ਹਰ ਘਰ ਨੂੰ ਕਿਹਾ ਗਿਆ ਸੀ ਕਿ ਉਹ ਜਿੰਨੇ ਵੀ ਹਿੱਸੇ ਉੱਤੇ ਆਪਣੀ ਮਿਹਨਤ ਨਾਲ ਖੇਤੀ ਕਰ ਸਕਦੇ ਹਨ ਓਨਾ ਹੀ ਜੰਗਲ ਕੱਟ ਲੈਣ ਅਤੇ ਜ਼ਮੀਨ ਨੂੰ ਵਰਤੋਂ ਵਿਚ ਲੈ ਆਉਣ। ਪਰ ਹੁਣ ਜੰਗਲਾਂ ਦੀ ਕਟਾਈ ਰੋਕ ਦਿੱਤੀ ਗਈ ਹੈ ਕਿਉਂਕਿ ਹਰ ਘਰ ਜ਼ਮੀਨ ਦਾ ਮਾਲਕ ਬਣ ਚੁੱਕਾ ਹੈ। ਗੈਰ ਕਬਾਇਲੀ ਲੋਕਾਂ ਉੱਤੇ ਓਥੇ ਆਬਾਦ ਹੋਣ ਦੀ ਮਨਾਹੀ ਹੈ। ਗੈਰ-ਕਬਾਇਲੀ ਜੇ ਓਥੇ ਕੋਈ ਕਾਰੋਬਾਰ ਕਰਨਾ ਚਾਹੇ ਤਾਂ ਉਸ ਨੂੰ ਗੁਰੀਲਾ ਲਹਿਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਇਜਾਜ਼ਤ ਤੋਂ ਬਿਨਾਂ ਉਹ ਕਾਰੋਬਾਰ ਸ਼ੁਰੂ ਨਹੀਂ ਕਰ ਸਕਦਾ। ਜਦ ਹਾਟ ਬਾਜ਼ਾਰ ਲੱਗਦਾ ਹੈ ਤਾਂ ਗੁਰੀਲੇ ਆਪਣੀ ਵਰਦੀ ਵਿਚ ਬੇ-ਰੋਕ ਘੁੰਮਦੇ ਹਨ। ਉਹ ਧਿਆਨ ਰੱਖਦੇ ਹਨ ਕਿ ਵਪਾਰੀ ਕਬਾਇਲੀ ਲੋਕਾਂ ਦੀ ਅੰਨੀ ਲੁੱਟ ਨਾ ਕਰਨ। ਜਿਹਨਾਂ ਵਪਾਰੀਆਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਦਾਦਾ ਲੋਕ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਭੈਅ ਨਹੀਂ ਦੇਂਦੇ ਅਤੇ ਉਹ ਅਮਨ ਨਾਲ ਵਪਾਰ ਕਰ ਸਕਦੇ ਹਨ। ਉਹਨਾਂ ਨੂੰ ਗੁਰੀਲਾ ਇਲਾਕਿਆਂ ਅੰਦਰ ਕਿਸੇ ਲੁੱਟ-ਖੋਹ ਦਾ ਖ਼ਤਰਾ ਵੀ ਨਹੀਂ ਰਹਿੰਦਾ। ਬੇਸ਼ੱਕ ਓਥੇ ਬਹੁਤ ਹੀ ਜ਼ਰੂਰੀ ਅਤੇ ਆਮ ਚੀਜ਼ਾਂ ਦੀ ਖ੍ਰੀਦੋ-ਫਰੋਖ਼ਤ ਹੁੰਦੀ ਹੈ ਪਰ ਫਿਰ ਵੀ ਬਾਜ਼ਾਰ ਭਰਵਾਂ ਲੱਗਦਾ ਹੈ ਅਤੇ ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੋਂ ਸਾਰਾ ਕਾਰੋਬਾਰ ਚੱਲਦਾ ਹੈ। ਜਿਸ ਪਿੰਡ ਹਾਟ ਬਾਜ਼ਾਰ ਲੱਗਣਾ ਹੁੰਦਾ ਹੈ ਓਥੇ ਵਪਾਰੀ ਪਹਿਲੀ ਰਾਤ ਹੀ ਪਹੁੰਚ ਜਾਂਦੇ ਹਨ ਅਤੇ ਪਿੰਡ ਵਿਚ ਹੀ ਬੇ-ਖ਼ੌਫ਼ ਹੋ ਕੇ ਰਾਤ ਕੱਟਦੇ ਹਨ। ਕਿਸੇ ਵੀ ਇਲਾਕੇ ਵਿਚ ਦੱਸ ਜਾਂ ਪੰਦਰਾਂ ਦਿਨ ਦੇ ਵਕਫ਼ੇ ਬਾਦ ਬਾਜ਼ਾਰ ਲੱਗਦਾ ਹੈ ਜਿੱਥੇ ਕਈ ਪਿੰਡਾਂ ਤੋਂ ਲੋਕ ਪਹੁੰਚਦੇ ਹਨ। ਬੇਸ਼ੱਕ ਹਿੰਦੋਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਭੁੱਖ ਨਾਲ ਮੌਤਾਂ ਦਾ ਹੋਣਾ ਇਕ ਆਮ ਵਰਤਾਰਾ ਹੈ ਪਰ ਗੁਰੀਲਾ ਲਹਿਰ ਦੇ ਇਲਾਕਿਆਂ ਅੰਦਰ ਇਸ ਵਰਤਾਰੇ ਨੂੰ ਜਨਤਕ ਸੰਗਠਨਾਂ ਨੇ ਠੱਲ੍ਹ ਪਾ ਦਿੱਤੀ ਹੈ। ਕਾਲ, ਵੇਸਵਾਗਮਨੀ, ਕਤਲ, ਡਾਕੇ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਛੋਟੇ ਵੱਡੇ ਜੁਰਮਾਂ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।
ਅਸੀਂ ਤਿੰਨੇ ਜਣੇ ਸਾਰੇ ਪਿੰਡ ਦਾ ਚੱਕਰ ਲਗਾਉਂਦੇ ਹਾਂ ਅਤੇ ਹਰ ਘਰ ਦੀ ਨਿੱਜੀ ਸਬਜ਼ੀ-ਕਿਆਰੀ, ਖ਼ਾਦ-ਟੋਆ, ਵਾੜਾ ਅਤੇ ਸਾਂਝਾ ਸਬਜ਼ੀ-ਖੇਤ ਦੇਖਦੇ ਹਾਂ। ਕਿਸੇ ਕਿਸੇ ਘਰ ਨੇ ਅਜੇ ਸਬਜ਼ੀ-ਕਿਆਰੀ ਸ਼ੁਰੂ ਨਹੀਂ ਕੀਤੀ। ਕਿਆਰੀਆਂ ਦਾ ਇਹ ਅਮਲ ਦੋ ਸਾਲ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਜਿਹੜਾ ਪਾਣੀ ਘਰ ਦੇ ਕੰਮਾਂ ਕਾਰਨ ਖ਼ਰਾਬ ਹੁੰਦਾ ਹੈ ਉਹ ਉਹਨਾਂ ਕਿਆਰੀਆਂ ਵੱਲ ਮੋੜ ਦਿੱਤਾ ਜਾਂਦਾ ਹੈ। ਕਿਸੇ ਵੀ ਘਰ ਵਿਚ ਨਲਕਾ ਨਾ ਹੋਣ ਕਾਰਨ ਪਿੰਡ ਦੇ ਸਾਂਝੇ ਨਲਕੇ ਤੋਂ ਹਰ ਕੋਈ ਪਾਣੀ ਲੈਂਦਾ ਹੈ ਸੋ ਘਰਾਂ ਤੋਂ ਗੰਦੇ ਪਾਣੀ ਦਾ ਨਿਕਾਸ ਕੋਈ ਜ਼ਿਆਦਾ ਨਹੀਂ ਹੁੰਦਾ। ਫਿਰ ਵੀ ਇਹਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਕੁਝ ਘਰਾਂ ਦੀਆਂ ਕਿਆਰੀਆਂ ਤਾਂ ਪੂਰੀ ਲਹਿਰ-ਬਹਿਰ ਵਿਚ ਸਨ। ਭਿੰਡੀ, ਟਮਾਟਰ, ਬੈਂਗਣ, ਮਿਰਚ, ਮੂਲੀ, ਗਾਜਰ, ਕਰੋਲਾ ਆਦਿ ਦੇ ਬੀਜ ਨਾਰੰਗ ਤੇ ਉਸ ਦੀ ਟੀਮ ਨੇ ਪਿੰਡ ਪਿੰਡ ਵੰਡੇ ਹਨ। ਬਹੁਤੇਰੇ ਪਿੰਡਾਂ ਨੇ ਪਹਿਲੀ ਵਾਰ ਹੀ ਇਹਨਾਂ ਫ਼ਸਲਾਂ ਦਾ ਮੂੰਹ ਦੇਖਿਆ ਹੈ। ਲੋਕਾਂ ਨੇ ਸਭ ਬੀਜਾਂ ਨੂੰ ਇਕੋ ਥਾਵੇਂ ਰਲਾ ਕੇ ਆਪਣੀ ਆਦਤ ਅਨੁਸਾਰ ਛੱਟਾ ਦੇ ਦਿੱਤਾ ਸੀ ਸੇ ਸਾਰੇ ਪੌਦੇ
ਇਕ ਦੂਸਰੇ ਵਿਚ ਰਲਗੱਡ ਹੋਏ ਹੋਏ ਹਨ। ਕਿਆਰੀਆਂ ਵਿਚ ਪੱਥਰਾਂ, ਗੀਟਿਆਂ ਅਤੇ ਜੰਗਲੀ ਬੂਟੀਆਂ ਦੀ ਵੀ ਭਰਮਾਰ ਹੈ। ਪਰ ਕਿਸੇ ਕਿਸੇ ਪਰਿਵਾਰ ਨੇ ਕਿਆਰੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੀਜ ਲਗਾਇਆ ਹੈ ਜਿਸ ਨਾਲ ਉਹਨਾਂ ਦੀ ਦਿੱਖ ਸੁਹਣੀ ਹੋ ਗਈ ਹੈ। ਅਜਿਹੀਆਂ ਕਿਆਰੀਆਂ ਉਹਨਾਂ ਘਰਾਂ ਦੀਆਂ ਹਨ ਜਿਹਨਾਂ ਨੇ ਦੂਸਰੀ ਵਾਰ ਸਬਜ਼ੀ ਬੀਜੀ ਹੈ। ਪਹਿਲੇ ਸਾਲ ਬੀਜਣ ਵਾਲੇ ਘਰਾਂ ਦੀਆਂ ਕਿਆਰੀਆਂ ਨੂੰ ਜੰਗਲੀ ਵੇਲਾਂ ਨੇ ਕਾਫ਼ੀ ਖ਼ਰਾਬ ਕਰ ਦਿੱਤਾ ਹੋਇਆ ਹੈ। ਗੁਡਾਈ ਅਜੇ ਕਿਸੇ ਨੇ ਵੀ ਕਰਨੀ ਨਹੀਂ ਸਿੱਖੀ। ਨਾਰੰਗ ਇਸ ਸਾਲ ਕਿਆਰੀ ਦੀ ਸਾਂਭ-ਸੰਭਾਲ ਦੇ ਤਰੀਕਿਆਂ ਬਾਰੇ ਉਹਨਾਂ ਨੂੰ ਸਿੱਖਿਅਤ ਕਰ ਰਿਹਾ ਹੈ।
ਅਸੀਂ ਉਸ ਪਿੰਡ ਦੀਆਂ ਦੋ ਸਾਂਝੀਆਂ ਕਿਆਰੀਆਂ ਦੇਖੀਆਂ। ਇਕ ਕਿਆਰੀ ਪਿੰਡ ਦੇ ਬਾਹਰਵਾਰ ਇਕ ਛੋਟੇ ਤਾਲਾਬ ਦੇ ਨਾਲ ਸੀ ਪਰ ਉਸ ਦੇ ਬਹੁਤ ਵੱਡੇ ਹਿੱਸੇ ਨੂੰ ਪਾਣੀ ਨੇ ਖ਼ਰਾਬ ਕਰ ਦਿੱਤਾ ਹੋਇਆ ਸੀ। ਦੂਸਰੀ ਕਿਆਰੀ ਪਿੰਡ ਦੇ ਅੰਦਰ ਹੀ ਸੀ ਜਿਸ ਦੀ ਸੰਭਾਲ ਕੁਝ ਚੰਗੀ ਸੀ। ਇਸ ਦੇ ਚਾਰੇ ਪਾਸੇ ਵਾੜ ਗੱਡ ਕੇ ਜਾਨਵਰਾਂ ਤੋਂ ਬਚਾਓ ਕਰ ਲਿਆ ਗਿਆ ਸੀ। ਏਥੇ ਬੀਜ ਤਰਤੀਬ ਵਿਚ ਲਗਾਏ ਗਏ ਸਨ। ਪਰ ਪੱਥਰ ਗੀਟੇ ਅਤੇ ਜੰਗਲੀ ਘਾਹ-ਬੂਟ ਇਸ ਅੰਦਰ ਵੀ ਬਹੁਤ ਸੀ। ਰੁੱਤ ਧਾਨ ਦੀ ਕਟਾਈ ਦੀ ਹੋਣ ਕਰਕੇ ਅਜੇ ਇਸ ਵੱਲ ਲੁੜੀਂਦਾ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ। ਨਾਰੰਗ ਇਸ ਵਿਸ਼ਾਲ ਕਿਆਰੀ ਵਿਚ ਖੜ੍ਹਾ ਹੋ ਕੇ ਬਹੁਤ ਹੀ ਖੁਸ਼ ਹੁੰਦਾ ਨਜ਼ਰ ਆ ਰਿਹਾ ਸੀ। ਬੇਸ਼ੱਕ ਇਹ ਕਿਆਰੀ ਕਈ ਨਿੱਜੀ ਕਿਆਰੀਆਂ ਤੋਂ ਮਾੜੀ ਹਾਲਤ ਵਿਚ ਸੀ ਫਿਰ ਵੀ ਇਹ ਸਾਂਝੇ ਉੱਦਮ ਦਾ ਨਤੀਜਾ ਸੀ ਜਿਸ ਉੱਤੇ ਨਾਰੰਗ ਨੂੰ ਮਾਣ ਮਹਿਸੂਸ ਹੋ ਰਿਹਾ ਸੀ।
"ਦੇਖਿਆ ਈਸ਼ਵਰ ਭਾਈ ਸਾਂਝੇ ਉੱਦਮ ਦਾ ਕਮਾਲ! ਧਾਨ ਦੀ ਕਟਾਈ ਤੋਂ ਬਾਦ ਅਸੀਂ ਇਸ ਨੂੰ ਸਾਫ਼ ਕਰ ਦੇਵਾਂਗੇ। ਸਾਰੀਆਂ ਸਰਦੀਆਂ ਸਬਜ਼ੀ ਦੀ ਮੌਜ ਰਹੇਗੀ। ਬਹੁਤੇ ਲੋਕਾਂ ਨੇ ਪਹਿਲੀ ਵਾਰ ਇਹ ਸਬਜ਼ੀਆਂ ਖਾਣੀਆਂ ਹਨ। ਸਾਨੂੰ ਅਜੇ ਪਤਾ ਨਹੀਂ ਹੈ ਕਿ ਇਹਨਾਂ ਦੀ ਸੰਭਾਲ ਦੇ ਸਾਰੇ ਤਰੀਕੇ ਕੀ ਹਨ ਪਰ ਅਸੀਂ ਜਲਦੀ ਹੀ ਸਿੱਖ ਜਾਵਾਂਗੇ।" ਨਾਰੰਗ ਪੌਦਿਆਂ ਨੂੰ ਇਸ ਤਰ੍ਹਾਂ ਪਿਆਰ ਨਾਲ ਛੁਹ ਕੇ ਬੋਲਿਆ ਜਿਵੇਂ ਬੱਚਿਆਂ ਨੂੰ ਪਿਆਰੀਦਾ ਹੈ।
"ਅਗਲੀ ਵਾਰ ਅਸੀਂ ਬਹੁਤ ਕੁਝ ਬਦਲ ਦਿਆਂਗੇ। ਇਸ ਸਾਲ ਪੱਥਰਾਂ ਨੂੰ ਹਟਾਵਾਂਗੇ, ਅਗਲੇ ਸਾਲ ਤੋਂ ਖਾਦ ਪਾਉਣ ਦਾ ਪੱਕਾ ਇੰਤਜ਼ਾਮ ਕਰ ਹੀ ਲੈਣਾ ਹੈ ਅਤੇ ਉਸ ਤੋਂ ਅਗਲੇ ਸਾਲ ਅਸੀਂ ਸਿੰਜਾਈ ਦਾ ਵੀ ਕੋਈ ਨਾ ਕੋਈ ਪ੍ਰਬੰਧ ਕਰ ਲਵਾਂਗੇ।" ਨਾਰੰਗ ਆਪਣੇ ਖੇਤਾਂ ਵਿਚ ਕਦੇ ਨਹੀਂ ਗਿਆ। ਸਭ ਜ਼ਿੰਮੇਦਾਰੀਆਂ ਉਸ ਨੇ ਆਪਣੇ ਪੁੱਤਾਂ ਨੂੰ ਸੌਂਪ ਰੱਖੀਆਂ ਹਨ। ਉਸ ਦੇ ਪਿੰਡ ਦਾ ਹੀ ਇਕ ਹੋਰ ਨੌਜਵਾਨ ਇਕ ਦਸਤੇ ਦਾ ਕਮਾਂਡਰ ਵੀ ਹੈ। ਇਹ ਪਿੰਡ ਇਨਕਲਾਬ ਦਾ ਗੜ੍ਹ ਮੰਨਿਆ ਜਾਂਦਾ ਹੈ। ਨਾਰੰਗ ਸਭ ਦਾ ਦਾਦਾ (ਭਰਾ) ਵੀ ਹੈ ਅਤੇ ਬਾਬਾ ਵੀ ਵਿਕਾਸ ਦੀ ਇਸ ਨਵੀਂ ਕਿਸਮ ਦੀ ਸ਼ੁਰੂਆਤ ਤੋਂ ਉਹ ਬਾਗੋ-ਬਾਗ਼ ਹੈ। ਲੋਕ ਪਹਿਲੀ ਵਾਰ ਨਵੀਂ ਕਿਸਮ ਦੀਆਂ ਸਬਜ਼ੀਆਂ ਚੱਖਣਗੇ ਤਾਂ ਨਾਰੰਗ ਨੂੰ ਸਵਾਦ ਆ ਜਾਵੇਗਾ।
ਇਕ ਘਰ ਦੀ ਕਿਆਰੀ ਵਿੱਚ ਭਿੰਡੀ ਦਾ ਫਲ ਪੱਕ ਰਿਹਾ ਸੀ। ਜਦ ਉਸ ਦੀ ਸੁਆਣੀ ਨੂੰ ਨਾਰੰਗ ਨੇ ਪੁੱਛਿਆ ਕਿ ਉਹ ਇਸ ਦੀ ਸਬਜ਼ੀ ਕਿਓਂ ਨਹੀਂ ਬਣਾ ਰਹੀ
ਤਾਂ ਉਸ ਨੇ ਕਿਹਾ ਕਿ ਉਹ ਅਗਲੀ ਫ਼ਸਲ ਵਾਸਤੇ ਬੀਜ ਤਿਆਰ ਕਰ ਰਹੀ ਹੈ। ਨਾਰੰਗ ਨੇ ਉਸ ਨੂੰ ਸਮਝਾਇਆ ਕਿ ਬੀਜ ਦੋ ਮਹੀਨੇ ਬਾਦ ਲਿਆ ਜਾਵੇਗਾ, ਹੁਣ ਉਹ ਸਬਜ਼ੀ ਦਾ ਮਜ਼ਾ ਲੈਣ ਅਤੇ ਇਸ ਨੂੰ ਹੁਣੇ ਹੀ ਨਾ ਪੱਕਣ ਦੇਣ। ਉਹ ਔਰਤ ਇਸ ਖ਼ਦਸ਼ੇ ਵਿਚ ਸੀ ਕਿ ਅਗਲੀ ਵਾਰ ਪਤਾ ਨਹੀਂ ਬੀਜ ਮਿਲੇਗਾ ਕਿ ਨਹੀਂ, ਸੋ ਉਹ ਕੋਈ ਖ਼ਤਰਾ ਨਹੀਂ ਸੀ ਉਠਾਉਣਾ ਚਾਹੁੰਦੀ ਅਤੇ ਪਹਿਲਾਂ ਹੀ ਬੀਜ ਸਾਂਭ ਕੇ ਰੱਖ ਲੈਣਾ ਚਾਹੁੰਦੀ ਸੀ। ਗਿੱਠ ਗਿੱਠ ਲੰਬੀ ਭਿੰਡੀ ਵੇਖ ਕੇ ਨਾਰੰਗ ਖਿੜ ਉੱਠਿਆ ਸੀ। ਉਸ ਨੇ ਕੱਚੀਆਂ ਨਰਮ ਭਿੰਡੀਆਂ ਤੋੜੀਆਂ ਅਤੇ ਉਸ ਬੀਬੀ ਦੇ ਹਵਾਲੇ ਕੀਤੀਆਂ। ਉਸ ਕਿਆਰੀ ਵਿਚੋਂ ਇਕ ਪਰਿਵਾਰ ਵਾਸਤੇ ਹਰ ਤੀਜੇ ਦਿਨ ਭਿੰਡੀ ਦਾ ਫਲ ਲਿਆ ਜਾ ਸਕਦਾ ਸੀ। ਇਹ ਦੱਸ ਕੇ ਨਾਰੰਗ ਨੇ ਉਸ ਨੂੰ ਹੈਰਾਨ ਕਰ ਦਿੱਤਾ। ਬਸਤਰ ਦੇ ਹਾਟ ਬਾਜ਼ਾਰਾਂ ਵਿਚ ਸਬਜ਼ੀ ਨਹੀਂ ਵਿਕਦੀ। ਸੁੱਕੀਆਂ ਮਿਰਚਾਂ ਹਲਦੀ ਦੀਆਂ ਗੰਢਾਂ, ਪਿਆਜ਼, ਅਦਰਕ ਅਤੇ ਕਦੇ ਕਦੇ ਲਲ੍ਹਣ ਹੀ ਓਥੇ ਪਹੁੰਚਦੇ ਹਨ ਜਿਨ੍ਹਾਂ ਨੂੰ ਕਬਾਇਲੀ, ਫੁੱਲਾਂ ਦੀਆਂ ਟੋਕਰੀਆਂ ਅਤੇ ਜੰਗਲੀ ਬੂਟੀਆਂ ਦੇ ਕੇ ਬਦਲੇ ਵਿਚ ਹਾਸਲ ਕਰਦੇ ਹਨ। ਇਸ ਸਾਲ ਲੋਕ ਗੁੱਮੜ ਤੇ ਬੁਰਕੇ ਦੇ ਨਾਲ ਨਾਲ ਨਵੀਆਂ ਚੀਜ਼ਾਂ ਦਾ ਸਵਾਦ ਵੇਖਣਗੇ ਅਤੇ ਅਗਲੇ ਸਾਲ ਤੋਂ ਨਾਰੰਗ ਉਹਨਾਂ ਲਈ ਹਲਦੀ, ਅਦਰਕ, ਪਿਆਜ਼ ਅਤੇ ਲਸਣ ਦੀ ਕਾਸ਼ਤ ਦਾ ਵੀ ਪ੍ਰਬੰਧ ਕਰ ਦੇਵੇਗਾ। ਫਿਰ ਵਣ-ਉਪਜ ਦੇ ਬਦਲੇ ਵਿਚ ਲੋਕ ਦੂਸਰੀਆਂ ਚੀਜ਼ਾਂ ਤਬਾਦਲੇ ਰਾਹੀਂ ਲੈ ਸਕਣਗੇ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨਗੇ। ਵਾਪਸ ਮੁੜਦੇ ਹੋਏ ਅਸੀਂ ਇਸ ਗੱਲ ਉੱਤੇ ਚਰਚਾ ਕਰਦੇ ਰਹੇ ਕਿ ਇਹ ਨਾ ਹੋਵੇ ਕਿ ਲੋਕ ਸਬਜ਼ੀ ਦੇ ਸਾਂਝੇ ਖੇਤ ਪ੍ਰਤੀ ਤਾਂ ਲਾ-ਪ੍ਰਵਾਹ ਹੀ ਰਹਿਣ ਅਤੇ ਸਾਰਾ ਧਿਆਨ ਨਿੱਜੀ ਕਿਆਰੀਆਂ ਉੱਪਰ ਕੇਂਦਰਤ ਕਰ ਦੇਣ। ਨਾਰੰਗ ਨੂੰ ਇਹ ਖ਼ਦਸ਼ਾ ਪਹਿਲਾਂ ਤੋਂ ਹੀ ਹੈ ਸੋ ਉਸ ਨੇ ਵੱਧ ਜ਼ੋਰ ਸਾਂਝੇ ਖੇਤ ਦੀ ਪੈਦਾਵਾਰ ਉੱਤੇ ਲਾਉਣ ਦੀ ਯੋਜਨਾ ਬਣਾਈ ਹੋਈ ਹੈ। ਸਿੰਜਾਈ ਦਾ ਪ੍ਰਬੰਧ ਸਭ ਤੋਂ ਪਹਿਲਾਂ ਸਾਂਝੇ ਖੇਤ ਦਾ ਹੀ ਕੀਤਾ ਜਾਵੇਗਾ। ਹਰ ਘਰ ਦੀ ਬਣਾਈ ਗਈ ਖਾਦ ਦਾ ਕੁਝ ਹਿੱਸਾ ਉਹ ਸਾਂਝੇ ਖੇਤ ਲਈ ਲੈਣਗੇ ਅਤੇ ਸਾਂਝੇ ਖੇਤ ਤੋਂ ਹੋਈ ਆਮਦਨ ਨੂੰ ਉਹ ਪਿੰਡ ਦੇ ਸਾਂਝੇ ਕੰਮਾਂ ਉੱਤੇ ਖਰਚ ਕਰਨਗੇ। ਨਾਰੰਗ ਦਾ ਪਹਿਲਾ ਮਕਸਦ ਭਰਪੂਰ ਸਬਜ਼ੀ ਉਗਾਉਣਾ ਅਤੇ ਉਸ ਨੂੰ ਕਬਾਇਲੀਆਂ ਵਿਚ ਵੰਡਣਾ ਹੈ। ਨਿੱਜੀ ਤੇ ਸਾਂਝੇ ਦੇ ਟਕਰਾਅ 'ਚੋਂ ਸਾਂਝੇ ਨੂੰ ਪਹਿਲ ਦੇਣ ਦਾ ਯਤਨ ਕਰਨਾ ਹੈ। ਤਾਲਾਬ ਵਿਚ ਮੱਛੀ ਪਾਲਣ ਨਾਲੋਂ ਸਾਂਝੇ ਖੇਤ ਦੀ ਸਮੱਸਿਆ ਵੱਡੀ ਹੈ ਕਿਉਂਕਿ ਏਥੇ ਲੋਕਾਂ ਕੋਲ ਨਿੱਜੀ ਸਬਜ਼ੀ ਕਿਆਰੀਆਂ ਵੀ ਮੌਜੂਦ ਹਨ ਅਤੇ ਨਿੱਜੀ ਖੇਤ ਵੀ।
ਸਿੰਜਾਈ ਦੀ ਸਮੱਸਿਆ ਨੂੰ ਬਸਤਰ ਵਿਚ ਹੱਲ ਕਰਨਾ ਆਸਾਨ ਕੰਮ ਨਹੀਂ ਹੈ। ਨਦੀਆਂ ਤੇ ਨਾਲਿਆਂ ਦੀ ਭਰਮਾਰ ਦੇ ਬਾਵਜੂਦ ਪਾਣੀ ਵਾਸਤੇ ਖਾਲ ਬਨਾਉਣੇ ਜੋਖ਼ਮ ਦਾ ਕੰਮ ਹੈ। ਪਥਰੀਲੀ ਧਰਤੀ ਵਿਚੋਂ ਪਾਣੀ ਵਾਸਤੇ ਰਾਹ ਬਨਾਉਣਾ ਮੁਸ਼ਕਲ ਕੰਮ ਹੈ। ਪਰ ਨਾਰੰਗ ਤਾਲਾਬਾਂ ਦੇ ਪਾਣੀ ਨੂੰ ਸਾਂਝੇ ਖੇਤਾਂ ਤੱਕ ਲਿਜਾਣ ਲਈ ਕਮਰ ਕੱਸੀ ਖੜ੍ਹਾ ਹੈ। ਜ਼ਮੀਨ ਦੇ ਅੰਦਰੋਂ ਪਾਣੀ ਲੈਣ ਦਾ ਕੰਮ ਤਾਂ ਹੋਰ ਵੀ ਮੁਸ਼ਕਲ ਹੈ। ਜ਼ਮੀਨ ਹੇਠਲੇ ਪਾਣੀ ਨੂੰ ਹਾਸਲ ਕਰਨ ਵਾਸਤੇ ਢਾਈ ਤੋਂ ਤਿੰਨ ਸੌ ਫੁੱਟ ਤਕ ਚਟਾਨਾਂ ਦੇ ਵਿਚੋਂ ਦੀ ਬੋਰ ਕਰਨ ਲਈ ਵੱਡੇ ਤਰੱਦਦ ਦੀ ਲੋੜ ਹੈ। ਨਾਲ ਹੀ ਇਹ ਵੀ ਕਿ ਓਥੇ ਬਿਜਲੀ ਦਾ ਕੋਈ ਸਾਧਨ ਨਹੀਂ ਹੈ, ਨਾ ਹੀ ਢੋਆ ਢੁਆਈ ਲਈ ਸੜਕਾਂ ਹਨ। ਸੋ ਬੋਰ, ਡੀਜ਼ਲ ਇੰਜਣ ਤੇ ਪਾਈਪ ਉਹਨਾਂ ਦੇ ਵੱਸ ਤੋਂ ਬਾਹਰ ਹਨ। ਸਭ ਤੋਂ ਵੱਡੀ ਗੱਲ
ਇਹ ਕਿ ਬਾਹਰ ਦੇ ਇਲਾਕਿਆਂ ਉੱਤੇ ਸਮੇਂ ਦੀ ਸਰਕਾਰ ਦਾ ਕਬਜ਼ਾ ਹੈ ਅਤੇ ਇਸ ਦੀ ਇਜਾਜ਼ਤ ਉਹ ਕਤੱਈ ਨਹੀਂ ਦੇਣਾ ਚਾਹੇਗੀ। ਸੋ ਨਾਰੰਗ ਤੇ ਉਸ ਦੀ ਲਹਿਰ ਨੂੰ ਆਪਣੇ ਹੀ ਸੋਮਿਆਂ ਤੇ ਸਾਧਨਾਂ ਉੱਪਰ ਨਿਰਭਰ ਕਰ ਕੇ ਚੱਲਣਾ ਹੋਵੇਗਾ। ਉਹ ਇਸੇ ਕੋਸ਼ਿਸ਼ ਵਿਚ ਹਨ।
ਅਗਲੇ ਦਿਨਾਂ ਵਿਚ ਮੈਂ ਦੇਖਿਆ ਕਿ ਇਕ ਹੋਰ ਇਲਾਕੇ ਦੇ ਲੋਕਾਂ ਨੇ ਇਸ ਸਮੱਸਿਆ ਨੂੰ ਸੁਹਣੀ ਤਰ੍ਹਾਂ ਨਜਿੱਠਿਆ ਹੋਇਆ ਸੀ। ਉਹਨਾਂ ਤਾਲਾਬ ਤੋਂ ਕਾਫ਼ੀ ਹੇਠਾਂ ਵੱਲ ਸਬਜ਼ੀਆਂ ਦੇ ਖੇਤ ਬਣਾ ਕੇ ਅਤੇ ਖਾਲ ਪੱਟ ਕੇ ਪਾਣੀ ਦਾ ਬਕਾਇਦਾ ਪਬੰਧ ਕੀਤਾ ਹੋਇਆ ਸੀ। ਪਥਰੀਲੀ ਜ਼ਮੀਨ ਵਿਚ ਖਾਲ ਪੁੱਟਣੇ ਸੋਖਾ ਕੰਮ ਨਹੀਂ ਸੀ ਪਰ ਸਾਰੇ ਪਿੰਡ ਦੇ ਉੱਦਮ ਨਾਲ ਇਹ ਸੰਭਵ ਹੋ ਗਿਆ ਸੀ। ਜਿਵੇਂ ਉਹਨਾਂ ਨੇ ਬੰਨ੍ਹ ਖੜ੍ਹਾ ਕੀਤਾ ਸੀ ਉਸੇ ਤਰ੍ਹਾਂ ਉਹਨਾਂ ਨੇ ਕੁਦਾਲਾਂ, ਕਹੀਆਂ ਅਤੇ ਟੋਕਰਿਆਂ ਦੀ ਸਹਾਇਤਾ ਨਾਲ ਇਸ ਯੋਜਨਾ ਨੂੰ ਵੀ ਸਖ਼ਤ ਮਿਹਨਤ ਕਰ ਕੇ ਸਿਰੇ ਚੜ੍ਹਾਇਆ ਸੀ।
ਦੱਖਣੀ ਬਸਤਰ ਦੇ ਇਹਨਾਂ ਉੱਦਮਾਂ ਦੀ ਅਖ਼ਬਾਰਾਂ ਵਿਚ ਕੋਈ ਚਰਚਾ ਨਹੀਂ ਹੈ। ਇਹਨਾਂ ਨੂੰ ਸੰਸਾਰ ਬੈਂਕ ਦੀਆਂ ਸਕੀਮਾਂ ਤਹਿਤ ਅਖਾਉਤੀ ਗੈਰ-ਸਰਕਾਰੀ ਜਥੇਬੰਦੀਆਂ ਨੇ ਸਿਰੇ ਨਹੀਂ ਚੜ੍ਹਾਇਆ। ਇਸ ਲਈ ਇਹਨਾਂ ਦਾ ਨੋਟਿਸ ਲੈਣ ਦੀ ਅਖ਼ਬਾਰਾਂ ਵਾਲਿਆਂ ਅਤੇ ਇਨਾਮ-ਵੰਡ ਸੰਸਥਾਵਾਂ ਨੇ ਕੋਸ਼ਿਸ਼ ਨਹੀਂ ਕੀਤੀ। ਬੀ.ਬੀ.ਸੀ. ਓਥੇ ਇੰਟਰਵਿਊ ਲੈਣ ਨਹੀਂ ਜਾਂਦਾ, ਨਾ ਹੀ ਕਿਸੇ ਟੀ.ਵੀ. ਚੈਨਲ ਦਾ ਕਰਿਉ ਪਹੁੰਚਦਾ ਹੈ। ਚਰਚਾ, ਪ੍ਰਾਪੇਗੰਡਾ ਅਤੇ ਮਸ਼ਹੂਰੀ ਦਾ ਕੰਮ ਵੀ ਸ਼ਰੇਸ਼ਠ ਵਰਗ ਦੇ ਹੱਥ ਹੈ। ਉਹ ਜਿਸ ਨੂੰ ਚਾਹੁੰਦੇ ਹਨ ਉਭਾਰ ਦੇਂਦੇ ਹਨ, ਜਿਸ ਨੂੰ ਚਾਹੁੰਦੇ ਹਨ ਗਿਰਾਉਣ ਦਾ ਯਤਨ ਕਰਦੇ ਹਨ। ਉਹਨਾਂ ਦਾ ਜ਼ੋਰ ਬਸਤਰ ਦੇ 'ਲੁਟੇਰਿਆਂ' ਨੂੰ ਮੁੱਖ ਧਾਰਾ ਵਿਚ ਖਿੱਚ ਲਿਆਉਣ ਉੱਤੇ ਲੱਗਾ ਹੋਇਆ ਹੈ। ਬਸਤਰ ਨੂੰ ਉਹ ਇਕ ਟੁਰਿਸਟ ਕੇਂਦਰ ਬਣਾ ਕੇ ਓਥੋਂ ਦੀ ਕੁਦਰਤੀ ਖੂਬਸੂਰਤੀ ਨੂੰ ਜੱਫਾ ਮਾਰਨਾ ਚਾਹੁੰਦੇ ਹਨ ਅਤੇ ਕਬਾਇਲੀ ਸੱਭਿਆਚਾਰ ਅਤੇ ਜੀਵਨ ਨੂੰ ਅਜਾਇਬ ਘਰ ਦੀ ਚੀਜ਼ ਬਣਾ ਕੇ ਇਸ "ਅਜੂਬੇ" ਦਾ ਮੰਡੀਕਰਨ ਕਰਨਾ ਲੋਚਦੇ ਹਨ। ਹਾਲ ਹੀ ਵਿਚ ਉੱਤਰੀ ਛੱਤੀਸਗੜ੍ਹ ਦੇ ਜਾਸ਼ਪੁਰ ਜ਼ਿਲ੍ਹੇ ਨੂੰ ਗੋਲਫ਼ ਦੇ ਮੈਦਾਨ ਅਤੇ ਟੂਰਿਸਟਾਂ ਦੀ ਅੱਯਾਸ਼ੀ ਵਾਲੇ ਸਥਾਨ ਵਿਚ ਬਦਲ ਦੇਣ ਦੀ ਚਰਚਾ ਨੇ ਜ਼ੋਰ ਫੜਿਆ ਹੈ। ਓਥੋਂ ਦੇ ਅਰਾਓਨ ਅਤੇ ਪਹਾੜੀ ਕਰਵਾ ਜਿਹੇ ਪੁਰਾਤਨ ਭਾਰਤੀ ਕਬੀਲਿਆਂ ਨੂੰ 'ਸੱਭਿਅਤਾ' ਦੇ ਦਾਇਰੇ ਵਿਚ ਖਿੱਚਣ ਦੀਆਂ ਮੁਜਰਮਾਨਾ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਟੁਰਿਜ਼ਮ, ਯਾਨਿ ਜੁਰਮ, ਵੇਸਵਾਗਮਨੀ ਅਤੇ ਅਮੀਰਾਂ ਦੀ ਅੱਯਾਸ਼ੀ ਦੇ ਅੱਡੇ ਸਥਾਪਤ ਕਰਨ ਲਈ ਕਬਾਇਲੀਆਂ ਦੀ ਸ਼ਾਂਤ ਜ਼ਿੰਦਗੀ ਵਿਚ ਖ਼ਲਲ ਪਾਉਣ ਨੂੰ ਉਹ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦਾ ਨਾਮ ਦੇਂਦੇ ਹਨ।
ਵਿਕਾਸ ਦਾ ਇਕ ਤਰੀਕਾ ਉਹ ਹੈ ਜਿਹੜਾ ਦੱਖਣੀ ਬਸਤਰ ਵਿਚ ਉੱਭਰ ਰਿਹਾ ਹੈ। ਦੂਸਰਾ ਉਹ ਹੈ ਜਿਸਨੇ ਬੇਲਾਡਿੱਲਾ ਅਤੇ ਨਰਮਦਾ ਘਾਟੀ ਪ੍ਰਾਜੈਕਟ ਲੈ ਕੇ ਕਰੋੜਾਂ ਕਬਾਇਲੀਆਂ ਨੂੰ ਘਰੋਂ ਬੇ-ਘਰ ਕੀਤਾ ਹੈ। ਹੁਣ ਦੇਸ਼ ਦੇ ਅੱਤ ਅਮੀਰ ਹਿੱਸੇ ਦੇ ਮਨੋਰੰਜਨ ਵਾਸਤੇ ਕਬਾਇਲੀ ਇਲਾਕਿਆਂ ਨੂੰ ਗੋਲਫ਼ ਮੈਦਾਨਾਂ ਵਿਚ ਬਦਲਣ ਦਾ ਨਵਾਂ 'ਵਿਕਾਸ ਪ੍ਰਾਜੈਕਟ' ਸੁਝਾਇਆ ਜਾ ਰਿਹਾ ਹੈ। ਪਰ ਬਸਤਰ ਤੋਂ ਜਾਸਪੁਰ ਦੂਰ ਨਹੀਂ ਹੈ। ਢਾਈ ਤਿੰਨ ਸੋ ਕਿਲੋਮੀਟਰ ਦੀ ਵਿੱਥ "ਡਿੱਲੀ ਨੰਘਣ" ਦਾ ਇਰਾਦਾ ਰੱਖਣ ਵਾਲਿਆਂ ਵਾਸਤੇ ਕੋਈ ਜ਼ਿਆਦਾ ਨਹੀਂ। ਰਾਂਚੀ ਅਤੇ ਪਲਾਮੂ ਤੋਂ ਜਾਸ਼ਪੁਰ ਹੋਰ ਵੀ ਨਜ਼ਦੀਕ ਹੈ। ਜਾਸ਼ਪੁਰ
ਦੇ ਮੁੱਢ-ਕਦੀਮੀ ਕਬੀਲੇ ਆਪਣੇ ਵਿਸ਼ਾਲ ਜੰਗਲਾ ਨੂੰ ਗੋਲਫ਼ ਮੈਦਾਨਾਂ ਵਿਚ ਬਦਲੇ ਜਾਣ ਦੀ ਇਜਾਜ਼ਤ ਦੇਣਗੇ ਅਤੇ ਟੂਰਿਸਟਾਂ ਨੂੰ ਕਬਾਇਲੀ ਔਰਤਾਂ ਪੇਸ਼ ਕਰਨਗੇ ਜਾਂ ਦੱਖਣੀ ਬਸਤਰ ਅਤੇ ਬਿਹਾਰ ਤੇ ਝਾਰਖੰਡ ਵਿਚ ਫੈਲੇ ਕੋਇਲ-ਕੇਮੁਰ ਰੇਂਜ ਵਾਂਗ ਆਪਣੇ ਵਿੱਲ-ਖਾੜ ਚੁੱਕ ਲੈਣਗੇ ਇਹ ਆਉਣ ਵਾਲੇ ਸਮੇਂ ਵਿਚ ਤੇਅ ਹੋਵੇਗਾ। ਫਿਲਹਾਲ, ਸ਼ਰੇਸ਼ਠ ਵਰਗ ਦੀਆਂ ਸੰਸਥਾਵਾਂ ਵੱਲ ਮੁੜਦੇ ਹਾਂ ਜਿਹੜੀਆਂ "ਥੋੜ੍ਹਾ ਕਰੋ” ਅਤੇ "ਵੱਡਾ ਪ੍ਰਾਪੇਗੰਡਾ ਕਰੋ" ਦੀ ਨੀਤੀ ਉੱਤੇ ਚੱਲ ਕੇ ਲੋਕ-ਭਲਾਈ ਦੀਆਂ ਆਲੰਬਰਦਾਰ ਹੋਣ ਦਾ ਦਾਅਵਾ ਕਰਦੀਆਂ ਹਨ ਅਤੇ ਮੰਦਰ, ਮਸਜਿਦ ਤੇ ਗਿਰਜੇ ਖੋਲ੍ਹ ਕੇ ਦਾਨ- ਪੁੰਨ ਕਰਨ ਦੀ ਅਮੀਰਾਂ ਦੀ ਸੰਸਥਾ ਨੂੰ ਮਨੁੱਖਤਾਵਾਦ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਪਹਿਲਾਂ ਬੇ-ਘਰਿਆਂ ਤੇ ਅਨਾਥਾਂ ਨੂੰ ਪੈਦਾ ਕਰ ਦਿਓ ਫਿਰ ਉਹਨਾਂ ਵਾਸਤੇ ਵਸੇਬਾ ਸੰਸਥਾਵਾਂ ਤੇ ਅਨਾਥ ਆਸ਼ਰਮ ਖੋਲ੍ਹ ਦਿਓ। ਪਹਿਲਾਂ ਲੋਕਾਂ ਨੂੰ ਵਿਕਾਸ ਦੇ ਨਾਂਅ ਉੱਤੇ ਰੋਟੀ ਦੇ ਸਾਧਨਾਂ ਤੋਂ ਵਿਰਵਾ ਕਰਕੇ ਸੜਕਾਂ ਉੱਤੇ ਮਾਰੇ ਮਾਰੇ ਫਿਰਨ ਅਤੇ ਜਿਸਮ-ਫਰੋਸ਼ੀ ਵਾਸਤੇ ਮਜਬੂਰ ਕਰ ਦਿਓ ਫਿਰ ਸਵੈ-ਰੁਜ਼ਗਾਰ (ਸੈਲਫ਼-ਹੇਲਪ) ਅਤੇ ਚਕਲਾ-ਸੁਧਾਰ ਕੇਂਦਰਾਂ ਦਾ ਧੁੰਆਂ-ਧਾਰ ਪ੍ਰਾਪੇਗੰਡਾ ਕਰਨ ਵਾਸਤੇ ਗੈਰ-ਸਰਕਾਰੀ ਸੰਸਥਾਵਾਂ ਖੜ੍ਹੀਆਂ ਕਰ ਦਿਓ। ਇਸ ਉੱਤੇ ਜਿਆਦਾ ਪੈਸਾ ਖਰਚ ਨਹੀਂ ਹੁੰਦਾ। ਜੰਗਲ- ਸੋਮਿਆਂ ਅਤੇ ਖਣਿਜ ਪਦਾਰਥਾਂ ਦੀ ਅੰਨ੍ਹੀ ਲੁੱਟ ਤੋਂ ਹੋਣ ਵਾਲੀ ਅਰਬਾਂ ਖਰਬਾਂ ਦੀ ਕਮਾਈ ਦਾ ਇਕ ਨਿਗੂਣਾ ਜਿਹਾ ਹਿੱਸਾ ਹੀ ਪਰਚਾਰ-ਤੰਤਰ ਖੜ੍ਹਾ ਕਰਨ ਵਾਸਤੇ ਕਾਫ਼ੀ ਹੈ। ਟਿਹਰੀ ਡੈਮ ਤੇ ਨਰਮਦਾ ਪਰਾਜੈਕਟਾਂ ਦੇ ਜੁਰਮਾਂ ਨੂੰ ਮਨੁੱਖਤਾਵਾਦੀ ਰੰਗਤ ਨਾਲ ਢੱਕਣ ਲਈ ਕੁਝ ਦਰਜਨ ਸੰਸਥਾਵਾਂ ਚਲਾਉਣ ਅਤੇ ਅਖ਼ਬਾਰਾਂ ਦੇ ਸਫ਼ਿਆਂ ਨੂੰ ਖ੍ਰੀਦਣ ਦੀ ਕੀਮਤ ਕਿਸੇ ਵੀ ਉਤਪਾਦਨ ਦੀ ਇਸ਼ਤਿਹਾਰਸਾਜ਼ੀ ਦੇ ਖ਼ਰਚੇ ਤੋਂ ਵੱਧ ਨਹੀਂ ਹੈ। ਕਰੋੜਾਂ ਲੋਕਾਂ ਦੀ ਸੁਰੱਖਿਅਤ ਚਲੀ ਆ ਰਹੀ ਜ਼ਿੰਦਗੀ ਨੂੰ ਤਹਿਸ-ਨਹਿਸ ਕਰਕੇ ਮੁੜ-ਵਸੇਬੇ ਦੇ ਕਿਸੇ ਨਿੱਕੇ ਜਿਹੇ ਕਾਰਜ ਨੂੰ ਦੁਨੀਆਂ ਭਰ ਵਿਚ ਆਸਾਨੀ ਨਾਲ ਹੀ ਮਸ਼ਹੂਰ ਕਰ ਕੇ ਉਹ ਕੁੰਭੀ ਨਰਕ ਦੀ ਭੇਟ ਚੜ੍ਹ ਚੁੱਕੇ ਲੋਕਾਂ ਦੀ ਤਸਵੀਰ ਨੂੰ ਦੁਨੀਆਂ ਦੇ ਮਨਾਂ ਚੋਂ ਮਿਟਾ ਦੇਣ ਵਿਚ ਕਾਮਯਾਬ ਹੋ ਜਾਂਦੇ ਹਨ। ਗੁਰੀਲਾ ਲਹਿਰ ਨੇ ਸਥਾਨਕ ਵਿਕਾਸ ਨੂੰ ਸਰਵ-ਪੱਖੀ ਅਤੇ ਸਮੁੱਚੀ ਜਨਤਾ ਦੇ ਹਿਤ ਅਨੁਸਾਰ ਸ਼ੁਰੂ ਕਰਨ ਦਾ ਬੀੜਾ ਉਠਾਇਆ ਹੈ। ਯਕੀਨਨ ਹੀ ਉਹਨਾਂ ਨੂੰ ਮਾਹਰਾਂ ਦੀ ਜ਼ਰੂਰਤ ਹੈ ਜਿਹੜੇ ਲੋਕਾਂ ਨੂੰ ਸਮਰਪਤ ਹੋ ਸਕਦੇ ਹੋਣ ਜਾਂ ਲਾਲ ਹੋਣ ਅਤੇ ਜਿਹੜੇ ਉਥੋਂ ਦੀਆਂ ਪਦਾਰਥਕ ਹਾਲਤਾਂ ਨੂੰ ਮੱਦੇ-ਨਜ਼ਰ ਰੱਖ ਕੇ ਉਹਨਾਂ ਵਿਚੋਂ ਹੀ ਵਿਕਾਸ ਨੂੰ ਉਠਾਉਣ। ਇਹ ਵਿਕਾਸ ਦਰਅਸਲ ਲੋਕਾਂ ਦੀਆਂ ਪਦਾਰਥਕ ਹਾਲਤਾਂ ਦਾ ਵਿਕਾਸ ਹੈ ਨਾ ਕਿ ਪਦਾਰਥਾਂ ਦਾ ਵਿਕਾਸ, ਜਿਵੇਂ ਕਿ, ਪਿਛਲਾ ਕੰਮ, ਵੱਡੇ ਵੱਡੇ ਖਦਾਨ ਅਤੇ ਡੈਮ ਪ੍ਰਾਜੈਕਟ ਕਰ ਰਹੇ ਹਨ।
"ਨਾਰੰਗ ਭਾਈ!"
"ਹੂੰ।" ਨਾਰੰਗ ਸੋਚਾਂ ਵਿਚ ਉੱਤਰਿਆ ਹੋਇਆ ਹੈ।
ਮੈਂ ਉਸ ਤੋਂ ਜਾਨਣਾ ਚਾਹੁੰਦਾ ਹਾਂ ਕਿ ਆਦਿਵਾਸੀ ਲੋਕ ਬਾਹਰ ਦੀ ਦੁਨੀਆਂ ਤੋਂ ਕੀ ਕੀ ਚੀਜ਼ਾਂ ਹਾਸਲ ਕਰਦੇ ਹਨ। ਉਹ ਸੋਚਾਂ ਵਿਚੋਂ ਬਾਹਰ ਨਿਕਲਦਾ ਹੈ।
"ਸਭ ਤੋਂ ਪਹਿਲਾਂ ਚੌਲ, ਫਿਰ ਲਸਣ, ਅਦਰਕ, ਪਿਆਜ਼, ਕਮਕਾ (ਹਲਦੀ), ਨਮਕ, ਮਿਰਚ, ਮਸਾਲੇ ਅਤੇ ਹੋਰ ਕਈ ਤਰ੍ਹਾਂ ਦਾ ਨਿੱਕ-ਸੁੱਕ।"
"ਨਿੱਕ-ਸੁੱਕ।"
"ਹਾਂ, ਨਿੱਕ-ਸੁੱਕ। ਤੰਬਾਕੂ, ਗੁੜ੍ਹਕ, ਸ਼ਰਾਬ, ਸਾਬਣ, ਸੋਨਾ, ਕੱਪੜਾ, ਆਦਿ, ਆਦਿ।"
"ਨਿੱਕ-ਸੁੱਕ ਨੂੰ ਛੱਡ। ਪਰ ਲਸਣ, ਅਦਰਕ, ਪਿਆਜ਼, ਕਮਕਾ, ਮਿਰਚਾਂ ਆਦਿ ਤਾਂ ਤੁਸੀਂ ਸ਼ੁਰੂ ਹੀ ਨਹੀਂ ਕੀਤੇ।
"ਅਜੇ ਤਾਂ ਸ਼ੁਰੂਆਤ ਹੈ। ਖ਼ਾਦ ਤੇ ਪਾਣੀ ਦਾ ਪ੍ਰਬੰਧ ਹੋਵੇਗਾ ਤਾਂ ਸਾਰਾ ਕੁਝ ਆ ਜਾਵੇਗਾ। ਕਿਸੇ ਕਿਸੇ ਪਿੰਡ 'ਚ ਮੁੰਗਫਲੀ ਵੀ ਹੁੰਦੀ ਹੈ ਅਤੇ ਸ਼ਕਰਕੰਦੀ ਵੀ। ਅਸੀਂ ਇਹ ਵੀ ਉਗਾਵਾਂਗੇ। ਜੇ ਧਰਤੀ ਮੰਨ ਗਈ ਤਾਂ ਬਹਾਰ ਲੱਗ ਜਾਵੇਗੀ।"
ਕੁਝ ਦੇਰ ਚੁੱਪ ਰਹਿ ਕੇ ਉਹ ਫਿਰ ਕਹਿੰਦਾ ਹੈ, "ਛਲੇ ਹੋ ਜਾਣ ਤਾਂ ਖ਼ੁਰਾਕ ਦੀ ਸਮੱਸਿਆ ਕਾਫ਼ੀ ਹੱਲ ਹੋ ਜਾਵੇ। ਪਰ ਸਭ ਤੋਂ ਵੱਡਾ ਕੰਮ ਹੈ ਖੇਤਾਂ ਵਿਚੋਂ ਪੱਥਰ ਹਟਾਉਣਾ ਅਤੇ ਘਾਹ-ਫੂਸ ਕੱਢਣਾ। ਇਹਨਾਂ ਨੂੰ ਦੂਰ ਕਰਨਾ ਪਹਾੜ ਹਟਾਉਣ ਦੇ ਬਰਾਬਰ ਹੈ। ਇਹਨਾਂ ਨੂੰ ਦੂਰ ਕਰਾਂਗੇ ਤਾਂ ਖਾਦ ਕਿਸੇ ਕੰਮ ਆਵੇਗੀ ਨਹੀਂ ਤਾਂ ਸਾਰੀ ਤਾਕਤ ਜੰਗਲੀ ਬੂਟੀਆਂ ਹੀ ਖਾ ਜਾਣਗੀਆਂ। ਧਾਨ ਦੀ ਪੈਦਾਵਾਰ ਵੀ ਤਾਂ ਹੀ ਨਹੀਂ ਵਧਦੀ। ਜੇ ਲੋਕਾਂ ਦਾ ਪਹਿਲਾਂ ਧਾਨ ਵੇਚਣ ਅਤੇ ਫਿਰ ਚੋਲ ਖ੍ਰੀਦਣ ਤੋਂ ਖਹਿੜਾ ਛੁੱਟ ਜਾਵੇ ਤਾਂ ਅਸੀਂ ਕਰਿਸ਼ਮਿਆਂ ਦਾ ਮੁੱਢ ਬੰਨ੍ਹ ਦੇਵਾਂਗੇ।"
ਨਾਰੰਗ ਦੇ ਮਨ ਅੰਦਰ ਦੂਰ ਤੱਕ ਦੀਆਂ ਯੋਜਨਾਵਾਂ ਹਨ। ਗਰੀਬੀ ਕਬਾਇਲੀ ਲੋਕਾਂ ਦੇ ਨਾਲ ਹੀ ਪੈਦਾ ਹੁੰਦੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਕਬਰ ਵਿਚ ਲੈ ਜਾਂਦੀ ਹੈ। ਜ਼ਿੰਦਗੀ ਦੀਆਂ ਥੋੜੀਆਂ ਜਿਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਵੀ ਉਹਨਾਂ ਨੂੰ ਇਕ ਵਾਰ ਫਸਲ ਵੇਚਣੀ ਪੈਂਦੀ ਹੈ ਅਤੇ ਫਿਰ ਹਾਟ ਬਾਜ਼ਾਰਾਂ ਤੋਂ ਚੋਲ ਖ੍ਰੀਦਣੇ ਪੈਂਦੇ ਹਨ। ਜੋ ਧਾਨ ਦੀ ਪੈਦਾਵਾਰ ਵਿਚ ਵਾਧਾ ਹੋ ਜਾਵੇ ਅਤੇ ਰੋਜ਼ਾਨਾ ਜ਼ਿੰਦਗੀ ਦੀਆਂ ਜ਼ਰੂਰਤਾਂ ਦੀ ਪੂਰਤੀ ਸਥਾਨਕ ਸਾਧਨਾਂ ਤੋਂ ਹੀ ਹੋਣ ਲੱਗ ਪਵੇ ਤਾਂ ਵਿਕਾਸ ਦਾ ਅਗਲੇਰਾ ਪੰਧ ਸ਼ੁਰੂ ਕਰਨਾ ਮੁਸ਼ਕਲ ਨਹੀਂ ਹੈ। ਖੇਤਾਂ 'ਚੋਂ ਪੱਥਰ ਹਟਾਉਣ ਦੇ ਕੰਮ ਨੂੰ ਨਾਰੰਗ ਇਕ ਵਿਸ਼ਾਲ ਮੁਹਿੰਮ ਦੇ ਤੌਰ 'ਤੇ ਸ਼ੁਰੂ ਕਰਨਾ ਚਾਹੁੰਦਾ ਹੈ। ਉਹ ਇਸ ਨੂੰ ਇਕ ਤਿਓਹਾਰ (ਪਾਂਡੂਮ) ਬਣਾ ਦੇਣਾ ਚਾਹੁੰਦਾ ਹੈ ਤਾਂ ਕਿ ਇਸ ਰੁਕਾਵਟ ਤੋਂ ਹਮੇਸ਼ਾਂ ਵਾਸਤੇ ਨਿਜਾਤ ਮਿਲ ਜਾਵੇ। ਖੇਤਾਂ 'ਚ ਖਿੱਲਰ ਪੱਥਰਾਂ ਨੂੰ ਹਰ ਪਿੰਡ ਵਿਚ ਇਕ ਥਾਂ ਇਕੱਠੇ ਕਰ ਕੇ ਉਹ ਵਿਕਾਸ ਦੇ ਸਤੰਭ ਖੜ੍ਹੇ ਕਰਨ ਬਾਰੇ ਸੋਚਦਾ ਹੈ ਤਾਂ ਕਿ ਲੋਕ ਸਮੂਹਕ ਮਿਹਨਤ ਦੇ ਕ੍ਰਿਸ਼ਮੇ ਨੂੰ ਹਮੇਸ਼ਾਂ ਯਾਦ ਰੱਖਣ ਅਤੇ ਇਹਨਾਂ ਤੋਂ ਪ੍ਰੇਰਨਾ ਲੈਂਦੇ ਰਹਿਣ।
ਖੇਤਾਂ ਵਿਚਲਾ ਜੰਗਲੀ ਘਾਹ-ਫੂਸ ਹਮੇਸ਼ਾਂ ਹੀ ਇਕ ਸਮੱਸਿਆ ਰਹੇਗਾ ਅਤੇ ਇਸ ਨੂੰ ਦੂਰ ਕਰਨ ਵਾਸਤੇ ਹਰ ਸਾਲ ਸਮੂਹਕ ਉਪਰਾਲਿਆਂ ਦੀ ਜ਼ਰੂਰਤ ਰਹੇਗੀ। ਇਕੱਲਾ ਇਕਹਿਰਾ ਪਰਿਵਾਰ ਇਸ ਸਮੱਸਿਆ ਨਾਲ ਮੱਥਾ ਲਾਉਣ ਦੀ ਹਿੰਮਤ ਨਹੀਂ ਕਰਦਾ। ਉਸਨੂੰ ਹਮੇਸ਼ਾਂ ਇਹ ਲੱਗਦਾ ਹੈ ਕਿ ਇਹ ਅਨੰਤ ਚੀਜ਼ ਹੈ ਜਿਹੜੀ ਕਿ ਜੰਗਲ ਦੀ ਦੇਣ ਹੈ। ਵਿਕਾਸ ਸੰਘ ਇਸ ਕੰਮ ਵਾਸਤੇ ਕੀਮੀਆਈ ਦਵਾਈਆਂ ਨੂੰ ਕਦੇ ਨਾ ਵਰਤਣ ਲਈ ਦ੍ਰਿੜ੍ਹ ਹਨ। ਉਹ ਦਵਾ ਕੰਪਨੀਆਂ ਦੇ ਕਿਸੇ ਵੀ ਤਰ੍ਹਾਂ ਦੇ ਦਖ਼ਲ ਨੂੰ ਬਸਤਰ ਵਿਚੋਂ ਰੋਕਣ ਦਾ ਤਹੱਈਆ ਕਰੀ ਬੈਠੇ ਹਨ। ਇਹਨਾਂ ਦਵਾਵਾਂ ਦੇ ਬਨਸਪਤੀ
ਅਤੇ ਜੀਵ-ਜੰਤੂਆਂ ਉੱਪਰ ਪੈਣ ਵਾਲੇ ਭਿਆਨਕ ਅਸਰ ਤੋਂ ਉਹ ਵਾਕਫ਼ ਹਨ ਇਸ ਵਾਸਤੇ ਇਹਨਾਂ ਤੋਂ ਜੰਗਲ ਨੂੰ ਬਚਾ ਕੇ ਰੱਖਣਾ ਚਾਹੁੰਦੇ ਹਨ। ਨਾਰੰਗ ਇਸ ਗੱਲ ਤੋਂ ਬੇ-ਖ਼ਬਰ ਨਹੀਂ ਹੈ ਕਿ ਮੰਡੀ ਨਾਲ ਜੁੜੇ ਆਂਧਰਾ, ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹਨ। ਪੈਦਾਵਾਰ ਵਿਚ ਮੁਤਬਾਦਲ ਮਾਡਲ ਨੂੰ ਖੜ੍ਹਾ ਕਰਨਾ ਅਤੇ ਲੋਕਾਂ ਦੀ ਚੇਤਨਾ ਵਿਚ ਸਮੂਹਕ ਮਿਹਨਤ ਦੀ ਸਰਵਉੱਚਤਾ ਦਾ ਸੰਚਾਰ ਕਰਨਾ ਉਸਨੇ ਦੋ ਮਹੱਤਵਪੂਰਨ ਕਾਰਜ ਮਿਥੇ ਹੋਏ ਹਨ।
ਕਬਾਇਲੀਆਂ ਨੇ ਜੋ ਡੈਮ-ਤਾਲਾਬ ਬਣਾਏ ਹਨ ਇਹ ਸਾਂਝੀ ਮਿਹਨਤ ਦੇ ਪਹਿਲੇ ਮਹੱਤਵਪੂਰਨ ਸਤੰਭ ਹਨ। ਇਹਨਾਂ ਦੀ ਉਸਾਰੀ ਉਸ ਉੱਭਰ ਰਹੀ ਤਾਕਤ ਦੇ ਸਿਰ ਉੱਤੇ ਸੰਭਵ ਹੋਈ ਹੈ ਜਿਸ ਦੇ ਕਈ ਨੁਮਾਇਦਿਆਂ ਨੂੰ ਅਸੀਂ ਖੋਮੋ ਵਿਚ ਮਿਲ ਚੁੱਕੇ ਹਾਂ। ਉਸ ਤਾਕਤ ਤੋਂ ਬਿਨਾਂ ਇਹ ਪ੍ਰਾਪਤੀਆਂ ਅਸੰਭਵ ਸਨ। ਤੁਸੀਂ ਯਕੀਨ ਨਾਲ ਕਹਿ ਸਕਦੇ ਕਿ ਜੇ ਟਿਹਰੀ ਡੈਮ ਵਿਰੋਧੀ ਲਹਿਰ ਅਤੇ ਨਰਬਦਾ ਪ੍ਰਾਜੈਕਟ ਵਿਰੋਧੀ ਜੱਦੋਜਹਿਦ ਦੇ ਨਾਲ ਨਾਲ ਅਜਿਹੀ ਤਾਕਤ ਦੀ ਉਸਾਰੀ ਹੋਈ ਹੁੰਦੀ ਤਾਂ ਘੋਲ ਦੇ ਮੈਦਾਨ ਦਿੱਲੀ ਦੇ ਅਖਾਉਤੀ ਇਨਸਾਫ਼ ਘਰਾਂ ਵੱਲ ਨਾ ਤਿਲਕਦੇ ਅਤੇ ਨਾ ਹੀ ਬੇ-ਮੌਤ ਮਰਦੇ। ਲੋਕ ਉਹਨਾਂ ਵਾਦੀਆਂ ਵਿਚ ਹੀ ਇਹਨਾਂ ਨੂੰ ਨਜਿੱਠ ਲੈਂਦੇ ਅਤੇ ਜਿੱਤ ਹਾਸਲ ਕਰ ਲੈਂਦੇ। ਇਹਨਾਂ ਦੋਵਾਂ ਅਤੇ ਅਨੇਕਾਂ ਹੋਰ ਮਾਮਲਿਆਂ ਵਿਚ ਕੀਤੀਆਂ ਗਈਆਂ ਬੇ-ਬਹਾ ਕੋਸ਼ਿਸ਼ਾਂ ਨੂੰ ਇਸੇ ਲਈ ਫਲ ਨਹੀਂ ਲੱਗ ਸਕਿਆ।
ਇਹ ਪ੍ਰਾਜੈਕਟ, ਜਿਹਨਾਂ ਨੇ ਲੱਖਾਂ ਲੋਕਾਂ ਨੂੰ ਉਜਾੜ ਸੁੱਟਿਆ ਹੈ ਅਤੇ ਦਰ ਦਰ ਦੇ ਭਿਖਾਰੀ ਬਣਾ ਦਿੱਤਾ ਹੈ, ਕੁਝ ਵਿਸ਼ੇਸ਼ ਹਿੱਸਿਆਂ ਨੂੰ ਹੋਰ ਅਮੀਰ ਬਨਾਉਣ ਲਈ ਹੀ ਹਨ। ਇਹਨਾਂ ਵਿਰੁੱਧ ਉੱਠੀ ਹੱਕ ਇਨਸਾਫ਼ ਦੀ ਆਵਾਜ਼ ਦੀ ਨਾ ਵੇਲੇ ਦੀ ਹਕੂਮਤ ਨੇ ਪਰਵਾਹ ਕੀਤੀ ਹੈ ਨਾ ਹੀ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਨੇ। ਕਾਨੂੰਨ ਘਾੜੇ ਇਸ ਆਵਾਜ਼ ਦੇ ਵਿਰੁੱਧ ਭਗਤੇ ਹਨ, ਰਾਖੋ ਇਸ ਨੂੰ ਦਬਾਉਣ ਵਾਸਤੇ ਸਰਗਰਮ ਰਹੇ ਹਨ ਅਤੇ ਨਿਆਂਕਾਰਾਂ ਨੇ ਬੇ-ਇਨਸਾਫ਼ੀ ਕੀਤੀ ਹੈ। ਸਮੁੱਚਾ ਢਾਂਚਾ ਹੀ ਸੱਚ ਦੀ ਆਵਾਜ਼ ਵਿਰੁੱਧ ਭਗਤਿਆ ਹੈ।
ਅਜਿਹੀ ਹਾਲਤ ਨੂੰ ਸਾਹਮਣੇ ਰੱਖ ਕੇ ਹੀ ਕੰਮ ਕਰ ਰਹੇ ਹਨ ਨਾਰੰਗ ਅਤੇ ਉਸ ਦੇ ਸਾਥੀ। ਉਹ ਮੁਕਾਬਲੇ ਦਾ ਵਿਕਾਸ-ਅਮਲ ਹੀ ਨਹੀਂ ਚਿਤਵਦੇ ਸਗੋਂ ਮੁਕਾਬਲੇ ਦਾ ਪ੍ਰਬੰਧ ਵੀ ਚਿਤਵਦੇ ਹਨ ਜਿਹੜਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਿਰਮੌਰ ਰੱਖੋ ਅਤੇ ਹੱਕ ਦੀ ਆਵਾਜ਼ ਨੂੰ ਉਸ ਦਾ ਸਹੀ ਸਥਾਨ ਦੇਵੇ। ਉਹ ਜਾਣਦੇ ਹਨ ਕਿ ਮੌਜੂਦਾ ਢਾਂਚਾ ਉਹਨਾਂ ਕੰਮਾਂ ਦੀ ਇਜਾਜ਼ਤ ਨਹੀਂ ਦੇਂਦਾ ਜਿਹੜੇ ਲੋਕਾਂ ਦੇ ਭਲੇ ਵਿਚ ਜਾਂਦੇ ਹੋਣ। ਨਰਮਦਾ ਦੇ ਕੰਢੇ ਦੇ ਲੋਕਾਂ ਨਾਲ ਹੋਈ ਬੇ-ਇਨਸਾਫ਼ੀ ਨੂੰ ਨਾਰੰਗ ਘੋਰ-ਬੇਇਨਸਾਫ਼ੀ ਕਹਿੰਦਾ ਹੈ। ਉਸ ਨੂੰ ਯਾਦ ਹੋ ਬੇਲਾਡਿੱਲਾ ਖਦਾਨਾਂ ਦੇ 'ਵਿਕਾਸ' ਕਾਰਨ ਉੱਜੜੇ ਲੋਕਾਂ ਦਾ ਹਸ਼ਰ। ਜਦ ਉਹ ਉਹਨਾਂ ਦੀਆਂ ਗੱਲਾਂ ਸੁਣਾਉਂਦਾ ਹੈ ਤਾਂ ਸੁਨਣ ਵਾਲਾ ਕੰਬ ਜਾਂਦਾ ਹੈ। ਵਿਕਾਸ ਪ੍ਰਾਜੈਕਟ ਹਕੂਮਤਾਂ ਨੇ ਬਹੁਤ ਚਲਾਏ ਹਨ ਪਰ ਪਰਾਈਆਂ ਧਰਤੀਆਂ ਦੇ ਮੱਠੀ ਭਰ ਲੋਕਾਂ ਦੇ ਫ਼ਾਇਦੇ ਵਾਸਤੇ। ਕਬਾਇਲੀਆਂ ਦੇ ਮਾਲ ਖ਼ਜ਼ਾਨਿਆਂ ਉੱਤੇ ਡਾਕੇ ਹੀ ਪਏ ਹਨ, ਉਹ ਹੋਰ ਮੁਸੀਬਤਾਂ ਵੱਲ ਹੀ ਧੱਕੇ ਗਏ ਹਨ। ਨਾਰੰਗ ਭਾਈ ਚਾਹ ਸ਼ੱਕਰ ਹਾਸਲ ਕਰਨ ਪ੍ਰਤੀ ਹਕੂਮਤ ਦੇ ਵਤੀਰੇ ਤੋਂ ਹੀ ਤੇਅ ਕਰ ਲੈਂਦਾ ਹੈ ਕਿ ਉਹਨਾਂ ਦੀਆਂ ਵਿਕਾਸ ਯੋਜਨਾਵਾਂ ਪ੍ਰਤੀ ਹਕੂਮਤ ਕਿਹੋ ਜਿਹਾ ਵਤੀਰਾ ਅਪਣਾਏਗੀ।
ਨਾਰੰਗ ਕਬਾਇਲੀ ਜ਼ਿੰਦਗੀ ਵਿਚ ਹੋਣ ਵਾਲੀ ਉਸ ਹਲਚਲ ਨੂੰ ਹੀ ਜੀ-ਆਇਆ ਕਹਿੰਦਾ ਹੈ ਜਿਹੜੀ ਉਹਨਾਂ ਨੂੰ ਵਿਕਾਸ ਦੇ ਉਚੇਰੇ ਪੜਾਅ ਉੱਤੇ ਲੈ ਕੇ ਜਾਵੇ, ਨਾ ਕਿ ਉਸ ਹਲਚਲ ਨੂੰ ਜਿਹੜੀ ਭੇੜੀ ਕਿਸਮ ਦੀ ਲੁੱਟ-ਖਸੁੱਟ ਨੂੰ ਜਨਮ ਦੇਵੇ ਅਤੇ ਉਹਨਾਂ ਨੂੰ ਜਾਨਵਰਾਂ ਤੋਂ ਵੀ ਬਦਤਰ ਸਥਿੱਤੀ ਵਿਚ ਸੁੱਟ ਦੇਵੇ। ਦੁਸਰੀ ਕਿਸਮ ਦੀ ਹਲਚਲ ਤੋਂ ਉਹ ਭੈਅ ਖਾਂਦਾ ਹੈ ਅਤੇ ਇਸ ਨਾਲੋਂ ਸੈਂਕੜੇ ਸਾਲਾਂ ਤੋਂ ਚਲੀ ਆ ਰਹੀ ਠਹਿਰਾਓ ਵਾਲੀ ਜ਼ਿੰਦਗੀ ਨੂੰ ਪਹਿਲ ਦੇਂਦਾ ਹੈ। ਵਿਕਾਸ ਸਬੰਧੀ ਉਸ ਦਾ ਪਹਿਲਾ ਸਵਾਲ ਹੀ ਇਹ ਹੈ: "ਕਿਸਦੇ ਵਾਸਤੇ ਵਿਕਾਸ?" ਜੇ ਵਿਕਾਸ ਨੇ ਜ਼ਿੰਦਗੀ ਨੂੰ ਹੋਰ ਵੀ ਭੇੜਾ ਅਤੇ ਅਸਹਿਣਯੋਗ ਹੀ ਬਨਾਉਣਾ ਹੈ ਤਾਂ ਉਸ ਦਾ ਜਵਾਬ ਹੈ: "ਅਜਿਹੇ ਵਿਕਾਸ ਤੋਂ ਨਿਜਾਤ ਭਲੀ।"
ਬਿਨਾਂ ਸ਼ੱਕ, ਸਿਮਟੀ ਹੋਈ ਕਬਾਇਲੀ ਜ਼ਿੰਦਗੀ ਨੂੰ ਉਹ ਹੱਦਾਂ ਚੋਂ ਪਾਰ ਨਿਕਲੀ ਹੋਈ ਦੇਖਣਾ ਚਾਹੁੰਦਾ ਹੈ, ਅਜਿਹੀ ਜ਼ਿੰਦਗੀ ਵੱਲ ਜਿਹੜੀ ਵਧੇਰੇ ਸੁਰੱਖਿਆ ਦੇਵੇ, ਜੀਵਨ-ਹਾਲਤਾਂ ਨੂੰ ਹੋਰ ਆਸਾਨ ਬਣਾਵੇ, ਜ਼ਿਆਦਾ ਖੁਸ਼ੀ ਦੇਵੇ ਅਤੇ ਅਨੇਕਾਂ ਹੋਰ ਰੰਗਾਂ ਨਾਲ ਵੀ ਭਰ ਦੇਵੇ।
ਪਿੰਡ ਦਾ ਚੱਕਰ ਲਾਉਂਦੇ ਲਾਉਂਦੇ ਅਸੀਂ ਇਕ ਘਰ ਸਾਹਮਣੇ ਬਣੀ ਇਕ ਬਹੁਤ ਹੀ ਖ਼ੂਬਸੂਰਤ ਸਬਜ਼ੀ-ਕਿਆਰੀ ਕੋਲ ਪਹੁੰਚੇ। ਥੋੜ੍ਹੀ ਜਿਹੀ ਥਾਂ ਵਿਚ ਸੱਭੇ ਸਬਜ਼ੀਆਂ ਬਹੁਤ ਸਲੀਕੇ ਨਾਲ ਉਗਾਈਆਂ ਗਈਆਂ ਸਨ। ਅਸੀਂ ਆਪ-ਮੁਹਾਰੇ ਉਸ ਕਿਆਰੀ ਵੱਲ ਖਿੱਚੇ ਗਏ।
"ਨਾਰੰਗ ਭਾਈ! ਇਸ ਘਰ ਨੇ ਤਾਂ ਕਮਾਲ ਕਰ ਦਿੱਤਾ।" ਕਿਆਰੀ ਦੀ ਤਾਰੀਫ਼ ਵਿਚ ਨਾਰੰਗ ਭਾਈ ਦੀ ਤਾਰੀਫ ਵੀ ਸੀ। ਆਖ਼ਰਕਾਰ ਇਹ ਉਸ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ ਜੋ ਕਿਤੇ ਬਹੁਤ ਮੁੱਢਲੇ ਰੂਪ ਵਿਚ ਅਤੇ ਕਿਤੇ ਬਹੁਤ ਵਧੀਆ ਤਰ੍ਹਾਂ ਸਾਹਮਣੇ ਆ ਰਿਹਾ ਸੀ।
ਕਿਆਰੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਤਿੰਨ ਘਰਾਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਤਿੰਨ ਭਰਾਵਾਂ ਦਾ ਇਹ ਇਕੱਠਾ ਘਰ ਸੀ। ਪਰਿਵਾਰ ਵੱਖ ਵੱਖ, ਪਰ ਕੰਧਾਂ ਸਾਂਝੀਆਂ ਅਤੇ ਵਿਹੜਾ ਵੀ ਸਾਂਝਾ। ਉਹਨਾਂ ਵਿਚੋਂ ਜਿਸ ਵਿਅਕਤੀ ਦੇ ਘਰ ਅਸੀਂ ਜਾਣਾ ਸੀ ਉਹ ਮਜ਼ਦੂਰ ਕਿਸਾਨ ਸੰਘ ਦਾ ਆਗੂ ਸੀ ਪਰ ਉਹ ਮੌਜੂਦ ਨਹੀਂ ਸੀ। ਵਿਹੜੇ ਵਿਚ ਇਕ ਪਾਸੇ ਇਕ ਔਰਤ ਬਰਤਨ ਮਾਂਜ ਰਹੀ ਸੀ। ਉਹ ਜ਼ਮੀਨ ਤੋਂ ਮਿੱਟੀ ਉਠਾਉਂਦੀ, ਭਾਂਡੇ ਉੱਤੇ ਜ਼ੋਰ ਨਾਲ ਰਗੜਦੀ ਅਤੇ ਧੋ ਕੇ ਪਾਸੇ ਰੱਖ ਦੇਂਦੀ। ਉਹ ਚੁੱਪਚਾਪ ਆਪਣਾ ਕੰਮ ਕਰਦੀ ਰਹੀ ਅਤੇ ਏਧਰ ਓਧਰ ਥੁੱਕਦੀ ਰਹੀ। ਅਸੀਂ ਵਿਹੜੇ ਵਿਚ ਦਾਖ਼ਲ ਹੋ ਗਏ ਪਰ ਉਸ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਆਪਣੇ ਕੰਮ ਵਿਚ ਰੁੱਝੀ ਰਹੀ। ਨਾਰੰਗ ਭਾਈ ਇਕ ਮੰਜਾ ਚੁੱਕ ਕੇ ਲੈ ਆਇਆ। ਅਸੀਂ ਬੈਠ ਤਾਂ ਗਏ ਪਰ ਉਸ ਔਰਤ ਨੇ ਸਾਡੇ ਵੱਲ ਦੇਖਿਆ ਤੱਕ ਨਹੀਂ। ਕੋਲ ਹੀ ਇਕ ਚੌਂਤਰੇ ਉੱਪਰ ਤਿੰਨ ਸਾਲ ਦਾ ਇਕ ਬੱਚਾ ਜ਼ਾਰੋ-ਜ਼ਾਰ ਹੋ ਰਿਹਾ ਸੀ। ਉਸ ਔਰਤ ਨੇ ਬਰਤਨਾਂ ਦਾ ਕੰਮ ਮੁਕਾ ਕੇ ਝਾੜੂ ਉਠਾ ਲਿਆ ਤੇ ਵਿਹੜਾ ਸਾਫ਼ ਕਰਨ ਲੱਗ ਪਈ।
ਸਾਨੂੰ ਓਥੇ ਆਪਣਾ ਬੈਠਣਾ ਅਜੀਬ ਜਿਹਾ ਮਹਿਸੂਸ ਹੋਣ ਲੱਗਾ। ਨਾਰੰਗ ਭਾਈ ਨੇ ਵੀ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬੱਚਾ, "ਯਾਯਾ, ਯਾਯਾ" ਪੁਕਾਰਦਾ ਰਿਹਾ ਪਰ ਉਸ ਔਰਤ ਨੇ ਉਸ ਵੱਲ ਕਤੱਈ ਧਿਆਨ ਨਾ ਦਿੱਤਾ।
"ਨਾਰੰਗ ਭਾਈ! ਕੀ ਗੱਲ ਹੈ? ਇਹ ਬੱਚੇ ਤੱਕ ਦੀ ਪਰਵਾਹ ਨਹੀਂ ਕਰਦੀ!"
“ਪਤਾ ਨਹੀਂ," ਨਾਰੰਗ ਨੇ ਅਣ-ਸੁਖਾਵਾਂ ਮਹਿਸੂਸ ਕਰਦੇ ਹੋਏ ਜਵਾਬ ਦਿੱਤਾ।
"ਕਿਸ ਦਾ ਘਰ ਹੈ?"
"ਪਰਧਾਨ ਦਾ। ਉਹ ਦੋਵੇਂ ਪਤੀ ਪਤਨੀ ਘਰ ਵਿਚ ਨਹੀਂ ਹਨ। ਪਰ ਮੈਂ ਇਸ ਔਰਤ ਨੂੰ ਨਹੀਂ ਜਾਣਦਾ।"
ਬੱਚਾ ਜਿਸ ਤਰ੍ਹਾਂ ਨਾਲ ਰੋ ਰਿਹਾ ਸੀ ਉਸ ਤੋਂ ਉਹ ਕਾਫ਼ੀ ਬਿਮਾਰ ਦਿਖਾਈ ਦੇਂਦਾ ਸੀ। ਕਦੇ ਉਹ ਸਿਰ ਨੂੰ ਜ਼ਮੀਨ ਨਾਲ ਪਟਕਦਾ, ਕਦੇ ਹੱਥਾਂ ਵਿਚ ਘੁੱਟਦਾ ਅਤੇ ਕਦੇ ਬੁਰੀ ਤਰ੍ਹਾਂ ਝਟਕ ਕੇ ਛੱਡ ਦੇਂਦਾ। ਅਸੀਂ ਸੋਚਿਆ ਕਿ ਉਸ ਔਰਤ ਤੋਂ ਪਤਾ ਕੀਤਾ ਜਾਵੇ ਕਿ ਬੱਚੇ ਨੂੰ ਕੀ ਤਕਲੀਫ਼ ਹੈ। ਨਾਰੰਗ ਭਾਈ ਉਸ ਔਰਤ ਦੇ ਵਤੀਰੇ ਕਾਰਨ ਜੱਕੋ ਤੱਕੀ ਵਿਚ ਪੈ ਗਿਆ ਸੀ, ਫਿਰ ਵੀ ਉਸ ਨੇ ਪੁੱਛ ਹੀ ਲਿਆ ਕਿ ਬੱਚੇ ਨੂੰ ਕੀ ਮਰਜ਼ ਹੈ। ਪਰ ਉਹ ਔਰਤ ਕੁਝ ਨਹੀਂ ਬੋਲੀ ਅਤੇ ਵਿਹੜਾ ਸਾਫ਼ ਕਰਦੀ ਰਹੀ। ਐਨੇ ਨੂੰ ਪਰਧਾਨ ਦਾ ਲੜਕਾ ਆਇਆ ਤਾਂ ਉਸ ਨੇ ਦੱਸਿਆ ਕਿ ਬੱਚਾ ਬਿਮਾਰ ਹੈ ਅਤੇ ਉਹ ਔਰਤ ਉਸ ਦੀ ਮਾਂ ਨਹੀਂ ਹੈ। ਉਸ ਬੱਚੇ ਦੀ ਮਾਂ ਸੀ ਹੀ ਨਹੀਂ। ਬਾਪ ਕਿਸੇ ਕੰਮ ਕਿਸੇ ਹੋਰ ਪਿੰਡ ਗਿਆ ਹੋਇਆ ਸੀ।
ਅਸੀਂ ਬੱਚੇ ਨੂੰ ਚੁੱਕ ਲਿਆਉਣ ਵਾਸਤੇ ਉਸ ਲੜਕੇ ਨੂੰ ਕਿਹਾ। ਬੱਚੇ ਨੂੰ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ। ਪਰਧਾਨ ਦੇ ਲੜਕੇ ਨੂੰ ਭੇਜ ਕੇ ਅਸੀਂ ਦਵਾ ਸੰਘ ਦੇ ਸੰਚਾਲਕ ਨੂੰ ਬੁਲਾਇਆ। ਸੰਚਾਲਕ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਬੱਚਾ ਬਿਮਾਰ ਚੱਲ ਰਿਹਾ ਹੈ। ਬੱਚੇ ਨੂੰ ਉਸ ਨੇ ਇਕ ਖ਼ੁਰਾਕ ਪਿਲਾ ਕੇ ਬਾਕੀ ਗੋਲੀਆਂ ਉਸ ਔਰਤ ਨੂੰ ਦੇ ਦਿੱਤੀਆਂ ਅਤੇ ਦਵਾ ਦੀ ਮਿਕਦਾਰ ਅਤੇ ਸਮੇਂ ਦੀ ਵਿੱਥ ਸਮਝਾ ਦਿੱਤੀ। ਉਸ ਔਰਤ ਨੇ ਦਵਾ ਤਾਂ ਲੈ ਲਈ ਪਰ ਉਹ ਬਿਨਾ ਕੁਝ ਬੋਲੇ ਹੀ ਆਪਣੇ ਘਰ ਅੰਦਰ ਚਲੀ ਗਈ ਅਤੇ ਦਵਾ ਰੱਖ ਕੇ ਬਾਹਰ ਦਹਿਲੀਜ਼ ਉੱਤੇ ਬੈਠ ਗਈ।
ਉਹ ਔਰਤ ਖ਼ੁਦ ਚਮੜੀ ਰੋਗ ਤੋਂ ਬੁਰੀ ਤਰ੍ਹਾਂ ਨਾਲ ਪੀੜਤ ਸੀ। ਉਸ ਦਾ ਗਲਾ, ਲੱਤਾਂ ਤੇ ਬਾਹਵਾਂ ਕਾਫ਼ੀ ਖ਼ਰਾਬ ਹਾਲਤ ਵਿਚ ਸਨ ਪਰ ਉਸ ਨੇ ਸੰਘ ਸੰਚਾਲਕ ਤੋਂ ਆਪਣੇ ਵਾਸਤੇ ਦਵਾ ਦੀ ਮੰਗ ਨਹੀਂ ਸੀ ਕੀਤੀ। ਉਸ ਦੇ ਇਸ ਅਜੀਬ ਵਤੀਰੇ ਨੇ ਮੇਰੇ ਅੰਦਰ ਜਿਗਿਆਸਾ ਖੜ੍ਹੀ ਕਰ ਦਿੱਤੀ ਕਿਉਂਕਿ ਜਦੋਂ ਕਿਤੇ ਗੁਰੀਲਾ ਦਸਤਾ ਪਹੁੰਚਦਾ ਹੈ ਤਾਂ ਸਭ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸੰਘ ਵਾਲਿਆਂ ਦੀ ਬਜਾਇ ਦਸਤੇ ਤੋਂ ਦਵਾ ਲੈਣ ਪਰ ਉਸਨੇ ਸਾਡੀ ਪਰਵਾਹ ਨਹੀਂ ਸੀ ਕੀਤੀ।
"ਉਸ ਕੋਲ ਪੈਸੇ ਨਹੀਂ ਹਨ। ਇਸ ਲਈ ਨਹੀਂ ਮੰਗਦੀ," ਦਵਾ ਸੰਘ ਦੇ ਸੰਚਾਲਕ ਨੇ ਕਿਹਾ।
"ਪਰ ਪੈਸੇ ਤਾਂ ਉਹ ਬਾਦ 'ਚ ਵੀ ਦੇ ਸਕਦੀ ਹੈ। ਚਾਹੇ ਨਾ ਵੀ ਦੇਵੇ ਪਰ ਦਵਾ ਦੀ ਮੰਗ ਤਾਂ ਕਰੇ! ਨਾ ਉਸ ਨੇ ਬੱਚੇ ਦੀ ਪ੍ਰਵਾਹ ਕੀਤੀ, ਨਾ ਆਪਣੀ ਕਰ ਰਹੀ ਹੈ। ਅਜਿਹਾ ਕਿਉਂ?"
ਇਸ ਦਾ ਜਵਾਬ ਦਵਾ ਸੰਘ ਦੇ ਸੰਚਾਲਕ ਕੋਲ ਕੋਈ ਨਹੀਂ ਸੀ। ਨਾਰੰਗ ਵੀ ਚੁੱਪ ਹੀ ਰਿਹਾ। ਦਵਾ ਸੰਘਾਂ ਕੋਲ ਦਵਾਈਆਂ ਜਲਦੀ ਹੀ ਮੁੱਕ ਜਾਂਦੀਆਂ ਹਨ। ਜਦ ਲੋਕ ਇਹਨਾਂ ਦੀ ਕੀਮਤ ਨਹੀਂ ਤਾਰਦੇ ਤਾਂ ਦਵਾਈਆਂ ਖ੍ਰੀਦਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦਾ ਹੱਲ ਲੱਭਣ ਵਾਸਤੇ ਸ਼ਾਮ ਨੂੰ ਦਵਾ ਸੰਘ ਦੇ ਤਿੰਨ ਕਾਰਕੁੰਨ (ਦੋ ਲੜਕੇ ਤੇ
ਇਕ ਲੜਕੀ), ਵਿਕਾਸ ਮਾਮਲਿਆਂ ਦਾ ਇੰਚਾਰਜ ਨਾਰੰਗ ਭਾਈ ਅਤੇ ਸੱਭਿਆਚਾਰਕ ਟੀਮ ਦਾ ਆਗੂ ਚੰਦਨ ਤੇ ਦੋ ਜਣੇ ਹੋਰ ਸਿਰ ਜੋੜ ਕੇ ਬੈਠ ਗਏ।
ਤਰ੍ਹਾਂ ਤਰ੍ਹਾਂ ਦੇ ਸੁਝਾਅ ਪੇਸ਼ ਹੋਏ ਅਤੇ ਵਿਚਾਰੇ ਗਏ। ਬੇ-ਸ਼ੱਕ, ਦਵਾ ਸੰਘਾਂ ਅਤੇ ਗੁਰੀਲਿਆਂ ਕੋਲ ਚਮੜੀ ਅਤੇ ਦੂਸਰੇ ਨਾ-ਮੁਰਾਦ ਰੋਗਾਂ ਦਾ ਇਲਾਜ ਹੋਣਾ ਸਮਰੱਥਾ ਤੋਂ ਬਾਹਰ ਦੀ ਗੱਲ ਹੈ ਪਰ ਜਿਹਨਾਂ ਬਿਮਾਰੀਆਂ ਦਾ ਇਲਾਜ ਉਹਨਾਂ ਕੋਲ ਮੌਜੂਦ ਹੈ ਉਹਨਾਂ ਵਾਸਤੇ ਦਵਾਈਆਂ ਦੀ ਲਗਾਤਾਰਤਾ ਬਣਾਈ ਰੱਖਣ ਦੀ ਸਮੱਸਿਆ ਉਹਨਾਂ ਦੇ ਗੋਚਰੇ ਸੀ।
ਇਕ ਨੇ ਕਿਹਾ ਕਿ ਪੈਸਿਆਂ ਦੀ ਬਜਾਏ ਵਣ-ਉਪਜ ਕੀਮਤ ਵੱਜੋਂ ਉਗਰਾਹੀ ਜਾਵੇ। ਦੂਸਰੇ ਨੇ ਕਿਹਾ ਕਿ ਦਵਾਈਆਂ ਦੀ ਕੀਮਤ ਹੀ ਨਹੀਂ ਲਈ ਜਾਣੀ ਚਾਹੀਦੀ ਸਗੋਂ ਮੱਛੀਆਂ ਅਤੇ ਸਬਜ਼ੀਆਂ ਤੋਂ ਹੋਣ ਵਾਲੀ ਆਮਦਨ ਦੇ ਕੁਝ ਹਿੱਸੇ ਨੂੰ ਦਵਾਈਆਂ ਵਾਸਤੇ ਰਾਖਵਾਂ ਰੱਖਿਆ ਜਾਵੇ। ਇਕ ਤੀਸਰੇ ਨੇ ਕਿਹਾ ਕਿ ਭਾਵੇਂ ਕਿਸੇ ਘਰ ਦਾ ਕੋਈ ਮੈਂਬਰ ਬਿਮਾਰ ਹੋਵੇ ਜਾਂ ਨਾ ਹੋਵੇ ਹਰ ਘਰ ਤੋਂ ਬੱਝਵਾਂ ਦਵਾ ਫੰਡ ਜਾਂ ਉਸ ਦੇ ਬਰਾਬਰ ਦੀ ਉਪਜ ਹਰ ਮਹੀਨੇ ਇਕੱਠੀ ਕੀਤੀ ਜਾਵੇ। ਆਖ਼ਰ ਉਹਨਾਂ ਨੇ ਇਹ ਫ਼ੈਸਲਾ ਕੀਤਾ ਕਿ ਜਦ ਤਕ ਮੱਛੀ ਅਤੇ ਸਬਜ਼ੀ ਫਾਰਮ ਆਮਦਨ ਨਹੀਂ ਦੇਣ ਲਗਦੇ ਤਦ ਤਕ ਵਣ-ਉਪਜ ਹੀ ਕੀਮਤ ਦੇ ਤੌਰ 'ਤੇ ਵਸੂਲੀ ਜਾਵੇ ਅਤੇ ਉਸ ਤੋਂ ਬਾਦ ਲੋਕਾਂ ਨੂੰ ਇਸ ਲਈ ਮਨਾਇਆ ਜਾਵੇ ਕਿ ਉਹ ਘੱਟੋ ਘੱਟ ਬੱਝਵੀਂ ਵਣ-ਉਪਜ ਹਰ ਮਹੀਨੇ ਦੇਣ। ਇਹਨਾਂ ਸੁਝਾਵਾਂ ਨੂੰ ਉਹਨਾਂ ਨੇ ਸਾਰੇ ਪਿੰਡਾਂ ਵਿਚ ਪੇਸ਼ ਕਰਨ ਅਤੇ ਫਿਰ ਹਰ ਪਿੰਡ ਦੀ ਇੱਛਾ ਅਨੁਸਾਰ ਅਮਲ ਕਰਨ ਦਾ ਫ਼ੈਸਲਾ ਕੀਤਾ।
ਕਬਾਇਲੀ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਨ ਪ੍ਰਤੀ ਸਰਕਾਰ ਦਾ ਰਵੱਈਆ ਕਿਸੇ ਵੀ ਤਰ੍ਹਾਂ ਅਪਰਾਧੀ ਰਵੱਈਏ ਤੋਂ ਘੱਟ ਨਹੀਂ ਹੈ। ਪਿੰਡਾਂ ਵਿਚ ਡਾਕਟਰੀ ਸਹੂਲਤ ਦਾ ਲਹਿਰ ਤੋਂ ਪਹਿਲਾਂ ਵੀ ਨਾਮ-ਨਿਸ਼ਾਨ ਨਹੀਂ ਸੀ। 1947 ਨੂੰ ਗੁਜ਼ਰੇ 55 ਸਾਲ ਹੋਣ ਨੂੰ ਹਨ ਪਰ ਕਰੋੜਾਂ ਲੋਕ ਅਜੇ ਵੀ ਇਹਨਾਂ ਸਹੂਲਤਾਂ ਤੋਂ ਵਿਰਵੇ ਹਨ। ਮੁਜਰਮ ਓਦੋਂ ਦਾ ਹੀ ਕਟਹਿਰੇ ਵਿਚ ਹੈ ਅਤੇ ਲੋਕਾਂ ਦੀ ਹਾਲਤ ਉੱਤੇ ਕਹਿਕਹਾ ਲਗਾ ਕੇ ਹੱਸ ਰਿਹਾ ਹੈ। ਮੁਨਸਿਫ਼ (ਜੱਜ) ਡੂੰਘੀ ਨੀਂਦੇ ਸੁੱਤਾ ਪਿਆ ਹੈ ਜਿਸ ਦੇ ਜਾਗਣ ਦੀ ਕੋਈ ਉਮੀਦ ਨਹੀਂ। ਜਨਤਾ ਨੂੰ ਆਪਣਾ ਬੰਨ੍ਹ-ਸੁੱਬ ਆਪ ਕਰਨ ਤੋਂ ਬਿਨਾਂ ਕੋਈ ਹੋਰ ਚਾਰਾ ਦਿਖਾਈ ਨਹੀਂ ਦੇਂਦਾ। ਇਸ ਢਾਂਚੇ ਵਿਚ ਇਹ ਅਲੋਕਾਰੀ ਨਹੀਂ ਸਗੋਂ ਬਹੁਤ ਹੀ ਕੁਦਰਤੀ ਚੀਜ਼ ਹੈ ਕਿ ਹਾਕਮ ਜਨਤਾ ਨੂੰ ਕੀੜੇ-ਮਕੌੜਿਆਂ ਤੋਂ ਵੱਧ ਕੁਝ ਨਹੀਂ ਸਮਝਦੇ।
ਜੰਗਲ, ਦਵਾਈਆਂ ਤਿਆਰ ਕਰਨ ਵਾਲੀਆਂ ਬੂਟੀਆਂ ਦਾ ਭੰਡਾਰ ਹੈ। ਪਰ ਜੇ ਵੀ ਦਵਾ ਉਹਨਾਂ ਤੋਂ ਤਿਆਰ ਹੁੰਦੀ ਹੈ ਉਹ ਜੰਗਲ ਦੇ ਵਸਨੀਕਾਂ ਤੱਕ ਕਦੇ ਨਹੀਂ ਪਹੁੰਚਦੀ। ਹਰ ਪਹਿਲੂ ਤੋਂ ਹੀ ਉਹ ਕਿਸਮਤ ਮਾਰੇ ਲੋਕ ਬਣਾ ਦਿੱਤੇ ਗਏ ਹਨ। ਉਂਜ ਦੇਸ਼ ਵਿਚ ਖੋਜ ਤੇ ਵਿਕਾਸ ਸੰਸਥਾਵਾਂ ਦੀ ਭਰਮਾਰ ਹੈ। ਦਵਾ ਕੰਪਨੀਆਂ ਆਪਣੇ ਪ੍ਰਾਡਕਟਾਂ ਵਾਸਤੇ ਬਾਜ਼ਾਰ ਢੁੱਡਦੀਆਂ ਹਨ, ਮਰੀਜ਼ ਨਹੀਂ। ਜੰਗਲ ਦਾ ਬਾਸ਼ਿੰਦਾ ਬਾਜ਼ਾਰ ਦਾ ਹਿੱਸਾ ਨਹੀਂ ਹੈ ਕਿਉਂਕਿ ਉਸ ਕੋਲ ਪੈਸਾ ਨਹੀਂ ਹੈ। ਬਿਮਾਰ ਕੋਲ ਪੈਸਾ ਨਹੀਂ ਹੈ ਤਾਂ ਉਸ ਦਾ ਇੱਕੋ ਇਕ ਇਲਾਜ ਮੌਤ ਹੈ। ਬਿਮਾਰ ਭਾਵੇਂ ਜੰਗਲ ਦਾ "ਅਸੱਭਿਅਕ" ਮਨੁੱਖ ਹੋਵੇ ਜਾਂ ‘ਸੱਭਿਅਤਾ' ਦੇ ਸਭ ਤੋਂ ਵੱਡੇ ਕੇਂਦਰਾਂ ਵਿਚ ਰਹਿੰਦਾ ਹੋਵੇ, ਇਕੋ ਹੀ ਗੱਲ ਹੈ। ਪੈਸਾ ਨਹੀਂ ਤਾਂ ਇਲਾਜ ਨਹੀਂ। ਹਕੂਮਤ ਦਾ ਮਨੁੱਖੀ ਜ਼ਿੰਦਗੀ ਨਾਲ ਕੋਈ
ਸਰਕਾਰ ਨਹੀਂ। ਉਹ ਬਾਜ਼ਾਰ ਵਿਚ ਹਰ ਤਰ੍ਹਾਂ ਦੇ ਠੇਕੇ ਵੇਚਣ ਵਾਸਤੇ ਹੈ, ਜੰਗਲ ਦੇ, ਖਦਾਨਾਂ ਦੇ, ਸੜਕਾਂ ਦੇ, ਸ਼ਰਾਬ ਦੇ, ਹਸਪਤਾਲਾਂ ਦੇ, ਵਿਦਿਆ ਦੇ, ਅਤੇ ਏਥੋਂ ਤੱਕ ਕਿ ਖੁਦ ਸਰਕਾਰ ਨੂੰ ਵੀ ਉਹ ਠੇਕੇ ਉੱਤੇ ਹੀ ਦੇਂਦੀ ਹੈ। ਜਿਹੜਾ ਸਭ ਤੋਂ ਵੱਡੀ ਧੋਖੇ ਦੀ ਬੋਲੀ ਦੇ ਜਾਂਦਾ ਹੈ ਉਹ ਧੜਾ ਹਕੂਮਤ ਉੱਤੇ ਕਾਬਜ਼ ਹੋ ਜਾਂਦਾ ਹੈ।
ਬਹਰਹਾਲ, ਕਿਉਂਕਿ ਕਬਾਇਲੀ ਦਵਾਈਆਂ ਦਾ ਮੁੱਲ ਨਹੀਂ ਤਾਰ ਸਕਦੇ ਇਸ ਲਈ ਉਹਨਾਂ ਵਾਸਤੇ ਸਿਹਤ ਸੇਵਾਵਾਂ ਨਹੀਂ ਹਨ। ਇਸੇ ਲਈ ਹੀ ਚੰਦਨ ਤੇ ਨਾਰੰਗ ਜਿਹੇ ਲੋਕ ਸਿਰ ਜੋੜ ਕੇ ਬੈਠਦੇ ਹਨ ਕਿ ਇਹਨਾਂ ਸੇਵਾਵਾਂ ਦਾ ਪਬੰਧ ਕਿਵੇਂ ਕੀਤਾ ਜਾਵੇ ਅਤੇ ਅੰਤ ਨੂੰ ਇਹ ਲੋਕਾਂ ਨੂੰ ਮੁਫ਼ਤ ਅਤੇ ਇਨਸਾਨੀ ਹੱਕ ਵਜੋਂ ਮੁਹੱਈਆ ਹੋਣ ਲੱਗਣ। ਇਸੇ ਲਈ ਉਹਨਾਂ ਨੂੰ ਸਵਾਰਥ-ਰਹਿਤ ਮਾਹਰਾਂ ਦੀ ਜ਼ਰੂਰਤ ਹੈ ਅਤੇ ਇਸੇ ਕਾਰਨ ਹੀ ਉਹ ਮੁਤਬਾਦਲ ਸਮਾਜਕ ਢਾਂਚਾ ਉਸਾਰਨ ਦੀਆਂ ਕੋਸ਼ਿਸ਼ਾਂ 'ਚ ਹਨ।
'ਸ' ਨਾਂ ਦੇ ਪਿੰਡ ਕੋਲ ਜਦ ਅਸੀਂ ਪਹੁੰਚੇ ਤਾਂ ਪਿੰਡ ਦੇ ਬਾਹਰ ਕੋਈ ਵੀ ਨਜ਼ਰੀ ਨਾ ਪਿਆ। ਕਲਚਰਲ ਟੀਮ ਨੇ ਦਰੱਖਤਾਂ ਦੇ ਇਕ ਸੰਘਣੇ ਝੰਡ ਵਿਚ ਡੇਰਾ ਲਾਇਆ ਅਤੇ ਦੋ ਜਣਿਆਂ ਨੂੰ ਪਿੰਡ ਤੋਂ ਖ਼ਬਰ ਲੈ ਕੇ ਆਉਣ ਵਾਸਤੇ ਭੇਜ ਦਿੱਤਾ। ਕੋਈ ਅੱਧੇ ਘੰਟੇ ਬਾਦ ਉਹ ਪਰਤੇ। ਉਹਨਾਂ ਨਾਲ ਦੋ ਜਣੇ ਪਿੰਡ ਆਏ। ਇਕ ਨੇ ਵਹਿੰਗੀ ਉਠਾਈ ਹੋਈ ਸੀ ਜਿਸ ਦੇ ਦੋਵੀਂ ਪਾਸੀਂ ਪਾਣੀ ਦੇ ਭਰੇ ਪਤੀਲੇ ਲਟਕ ਰਹੇ ਸਨ। ਦੁਸਰਾ ਖਾਲੀ ਹੱਥੀਂ ਸੀ।
ਦੋਵਾਂ ਦੇ ਸਾਹਾਂ 'ਚੋਂ ਦਾਰੂ ਦੀ ਹਵਾੜ ਆ ਰਹੀ ਸੀ। ਅਜੇ ਦੁਪਹਿਰ ਵੀ ਨਹੀਂ ਸੀ ਹੋਈ ਪਰ ਉਹਨਾਂ ਨੇ ਤਾੜੀ ਪੀ ਰੱਖੀ ਸੀ। ਉਂਜ ਤਾਂ ਤਾੜੀ ਪੀਣ ਦਾ ਕਬਾਇਲੀਆਂ ਦਾ ਕੋਈ ਸਮਾਂ ਨਹੀਂ ਹੈ. ਜਦ ਦਿਲ ਕੀਤਾ ਪੀ ਲਈ। ਪਰ ਉਹਨਾਂ ਤੋਂ ਪਤਾ ਲੱਗਾ ਕਿ ਅੱਜ ਤਾਂ ਹਰ ਕਿਸੇ ਨੇ ਪੀ ਰੱਖੀ ਹੈ। ਉਹਨਾਂ ਨੇ ਬੀਜਾ ਪਾਂਡਮ ਦਾ ਜਸ਼ਨ ਮਨਾਇਆ ਸੀ। ਬੀਜਾ ਪਾਂਡੂਮ, ਯਾਨਿ, ਚੌਲਾਂ ਦੀ ਪੂਜਾ ਦਾ ਤਿਓਹਾਰ। ਧਾਨ ਦੀ ਫ਼ਸਲ ਦੀ ਕਟਾਈ ਤੋਂ ਬਾਦ ਨਵੇਂ ਚੌਲ ਖਾਣੇ ਸ਼ੁਰੂ ਕਰਨ ਤੋਂ ਪਹਿਲਾਂ ਦਾ ਤਿਓਹਾਰ। ਇਹ ਤਿਓਹਾਰ ਹਰ ਪਿੰਡ ਦਾ ਆਪਣਾ ਹੁੰਦਾ ਹੈ ਅਤੇ ਪਿੰਡ ਦੇ ਅੰਦਰ ਹੀ ਮਨਾਇਆ ਜਾਂਦਾ ਹੈ।
"ਅੱਜ ਲੋਕ ਬਹੁਤ ਖੁਸ਼ ਨੇ। ਬੀਜਾ ਪਾਂਡਮ ਇਹਨਾਂ ਵਾਸਤੇ ਖੁਸ਼ੀ ਦਾ ਦਿਨ ਹੁੰਦੇ। ਇਹ ਤਿਓਹਾਰ ਸਾਲ ਵਿਚ ਇੱਕ ਵਾਰ ਮਨਾਇਆ ਜਾਂਦੇ। ਅੱਜ ਦੇ ਦਿਨ ਹਰ ਕੋਈ ਖ਼ਬ ਪੀਂਦੇ। ਇਹ ਦਿਨ ਇਸ ਐਲਾਨ ਵਾਂਗ ਹੈ ਕਿ ਹੁਣ ਫ਼ਸਲ ਨਿਕਲ ਚੁੱਕੀ ਹੈ ਅਤੇ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਜਲਦੀ ਹੀ ਵਪਾਰੀਆਂ ਨੂੰ ਪਤਾ ਲੱਗ ਜਾਵੇਗਾ ਅਤੇ ਹਾਟ ਬਾਜ਼ਾਰ ਲੱਗੇਗਾ। ਵਪਾਰੀ ਏਥੋਂ ਧਾਨ ਖ੍ਰੀਦ ਲੈਣਗੇ ਤੇ ਉਹਨਾਂ ਪਿੰਡਾਂ ਵਿਚ ਜਾ ਵੇਚਣਗੇ ਜਿੱਥੇ ਅਜੇ ਇਹ ਪਾਂਡੂਮ ਨਹੀਂ ਮਨਾਇਆ ਗਿਆ। ਯਾਨਿ, ਉਹਨਾਂ ਪਿੰਡਾਂ ਦੇ ਲੋਕਾਂ ਨੇ ਅਜੇ ਨਵਾਂ ਅਨਾਜ ਖਾਣਾ ਸ਼ੁਰੂ ਨਹੀਂ ਕੀਤਾ ਸੋ ਓਥੇ ਬਹੁਤ ਖ੍ਰੀਦਦਾਰ ਮਿਲਣਗੇ। ਕੁਝ ਮਹੀਨੇ ਬੀਤਣਗੇ ਤੇ ਫਿਰ ਇਹਨਾਂ ਨੂੰ ਵੀ ਵਪਾਰੀਆਂ ਤੋਂ ਚੌਲ ਖ੍ਰੀਦਣੇ ਪੈਣਗੇ। ਹਰ ਸਾਲ ਇਹੋ ਕੁਝ ਹੁੰਦਾ ਹੈ। ਸਾਰੀ ਉਮਰ ਇਸੇ ਤਰ੍ਹਾਂ ਲੰਘਦੀ ਹੈ।" ਚੰਦਨ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਕਬਾਇਲੀ ਕਿਸਾਨ ਦੀ ਜ਼ਿੰਦਗੀ ਦਾ ਚਿੱਤਰ ਵਾਹ ਦਿੱਤਾ। ਤਦ ਤੱਕ ਨਰੰਗ ਭਾਈ ਆਪਣੀ ਝਿੱਲੀ ਤੋਂ ਉੱਠ ਕੇ ਆ ਚੁੱਕਾ ਸੀ।
ਨਾਰੰਗ ਨੂੰ ਆਇਆ ਦੇਖ ਚੰਦਨ ਫਿਰ ਬੋਲਿਆ, "ਜਦ ਤੱਕ ਨਾਰੰਗ ਭਾਈ ਇਸ
ਦਾ ਹੱਲ ਨਹੀਂ ਕੱਢਦਾ ਤਦ ਤੱਕ ਇਹੀ ਕੁਝ ਹੁੰਦਾ ਰਹੇਗਾ। ਕਿਓਂ ਨਾਰੰਗ ਭਾਈ?"
"ਹੱਲ ਤਾਂ ਕੱਢਾਂਗੇ ਹੀ। ਪਿੰਡ ਪਿੰਡ ਇਕ ਗੋਦਾਮ ਬਣ ਜਾਵੇ ਤੇ ਇਕ ਦੁਕਾਨ ਵੀ ਜਿੱਥੋਂ ਲੋਕ ਆਪਣੀਆਂ ਜ਼ਰੂਰਤਾਂ ਦਾ ਸਾਮਾਨ ਲੈ ਸਕਣ। ਇਸ ਨਾਲ ਸਮੱਸਿਆ ਦਾ ਵਾਹਵਾ ਹੱਲ ਨਿਕਲ ਆਵੇਗਾ। ਪਿੰਡ ਦੀ ਸਹਿਕਾਰਤਾ ਸਾਮਾਨ ਵੀ ਵੇਚੇ ਤੇ ਧਾਨ ਸਾਂਭਣ ਦਾ ਕੰਮ ਵੀ ਕਰੇ। ਫਿਰ ਏਥੋਂ ਹੀ ਲੋਕ ਜ਼ਰੂਰਤ ਸਮੇਂ ਧਾਨ ਖ੍ਰੀਦ ਵੀ ਸਕਣਗੇ।" ਨਾਰੰਗ ਨੇ ਆਪਣਾ ਤਰੀਕਾ ਸੁਝਾਇਆ।
"ਪਰ ਨਾਰੰਗ ਭਾਈ, ਇਹ ਤਾਂ ਚੱਲ ਨਹੀਂ ਸਕੇਗਾ। ਐਨਾ ਪੈਸਾ ਕਿੱਥੋਂ ਆਵੇਗਾ ਕਿ ਹਰ ਤਰ੍ਹਾਂ ਦਾ ਸਾਮਾਨ ਖ਼ਰੀਦ ਕੇ ਰੱਖਿਆ ਜਾ ਸਕੇ ਅਤੇ ਹਰ ਕਿਸੇ ਵਾਸਤੇ।" ਚੰਦਨ ਨੂੰ ਇਹ ਪ੍ਰਾਜੈਕਟ ਬਹੁਤ ਵੱਡਾ ਲੱਗਾ, ਹੇ ਵੀ ਸੀ।
"ਅਸੀਂ ਥੋੜ੍ਹੇ ਘਰਾਂ ਤੋਂ ਸ਼ੁਰੂ ਕਰਾਂਗੇ। ਸਭ ਤੋਂ ਗਰੀਬ ਘਰਾਂ ਤੋਂ। ਹੌਲੀ ਹੌਲੀ ਦੂਸਰਿਆਂ ਨੂੰ ਨਾਲ ਰਲਾਉਂਦੇ ਜਾਵਾਂਗੇ। ਧਾਨ ਅਸੀਂ ਗੋਦਾਮ ਵਿਚ ਰੱਖਾਂਗੇ ਜਦ ਕਿ ਬਾਕੀ ਦੀ ਵਣ-ਉਪਜ ਨੂੰ ਸਹਿਕਾਰਤਾ ਵੱਲੋਂ ਬਾਜ਼ਾਰ ਵਿਚ ਵੇਚ ਦਿੱਤਾ ਜਾਇਆ ਕਰੇਗਾ। ਇਸ ਨਾਲ ਅਸੀਂ ਜ਼ਰੂਰਤ ਦਾ ਸਾਮਾਨ ਖ੍ਰੀਦਦੇ ਰਹਿ ਸਕਦੇ ਹਾਂ। ਦੋਵੇਂ ਪਾਸੇ ਹੀ ਲੋਕਾਂ ਨੂੰ ਸਸਤਾ ਪਵੇਗਾ। ਬੇਸ਼ੱਕ ਕਿ ਸਿਰਫ਼ ਇਸੇ ਨਾਲ ਹੀ ਕੰਮ ਨਹੀਂ ਚੱਲ ਸਕਦਾ। ਧਾਨ ਦੀ ਪੈਦਾਵਾਰ ਵਧਾਉਣਾ ਸਭ ਤੋਂ ਮਹੱਤਵ ਵਾਲਾ ਮਾਮਲਾ ਹੈ।" ਨਾਰੰਗ ਮਸਲੇ ਉੱਪਰ ਪੂਰੀ ਤਰ੍ਹਾਂ ਸੰਜੀਦਾ ਹੋਇਆ ਹੋਇਆ ਸੀ।
ਨਾਰੰਗ ਦੀ ਯੋਜਨਾ ਕਿੰਨੀ ਕੁ ਤੇ ਕਦੋਂ ਸ਼ੁਰੂ ਹੋਵੇਗੀ ਇਹ ਤਾਂ ਪਤਾ ਨਹੀਂ ਪਰ ਉਹ ਧਾਨ ਦੀ ਪੈਦਾਵਾਰ ਨੂੰ ਸਬਜ਼ੀ ਕਿਆਰੀਆਂ ਅਤੇ ਖੇਤਾਂ ਦੀ ਸਫ਼ਾਈ ਤੋਂ ਬਾਦ ਸੁਧਾਰਨ ਦੀ ਠਾਣੀ ਬੈਠਾ ਸੀ। ਖਾਦ ਤਿਆਰ ਕਰਨ ਨੂੰ ਮੁਹਿੰਮ ਵਜੋਂ ਸ਼ੁਰੂ ਕਰਨ ਤੋਂ ਬਿਨਾਂ ਉਸ ਨੂੰ ਹੋਰ ਕੋਈ ਚਾਰਾ ਨਜ਼ਰ ਨਹੀਂ ਸੀ ਆਉਂਦਾ। ਇਸ ਨੇ ਪੱਥਰ ਅਤੇ ਘਾਹ-ਫੂਸ ਕੱਢਣ ਤੋਂ ਬਾਦ ਧਾਨ ਦੀ ਪੈਦਾਵਾਰ ਵਧਾਉਣ ਦੀ ਮੁੱਢਲੀ ਸ਼ਰਤ ਬਨਣਾ ਸੀ। ਬੇਸ਼ੱਕ, ਖੇਤ ਅਜੇ ਵੀ ਪਹਿਲਾਂ ਵਾਂਗ ਕੁਦਰਤ ਦੇ ਰਹਿਮ-ਕਰਮ ਉੱਤੇ ਨਿਰਭਰ ਰਹਿਣਗੇ ਕਿਉਂਕਿ ਸਿੰਜਾਈ ਦਾ ਪ੍ਰਬੰਧ ਅਜੇ ਬਹੁਤ ਦੂਰ ਦੀ ਗੱਲ ਹੈ।
"ਠੀਕ ਹੈ, ਨਾਰੰਗ ਅੱਨਾ! ਤੁਸੀਂ ਇਹ ਯੋਜਨਾ ਬਣਾਓ ਅਸੀਂ ਪੱਥਰ ਅਤੇ ਘਾਹ-ਫੂਸ ਹਟਾਉਣ ਲਈ ਗੀਤ ਤਿਆਰ ਕਰਾਂਗੇ,'' ਚੰਦਨ ਨੇ ਕਿਹਾ।
ਨਾਰੰਗ ਆਪਣੀ ਝਿੱਲੀ ਕੋਲੋਂ ਝੋਲਾ ਤੇ ਡਾਂਗ ਉਠਾ ਲਿਆਇਆ ਤੇ ਬੋਲਿਆ,
"ਈਸ਼ਵਰ ਭਾਈ! ਪਿੰਡ ਚੱਲਦੇ ਹਾਂ।"
“ਪਿੰਡ ਨੇ ਤਾਂ ਅੱਜ ਪੀ ਰੱਖੀ ਹੈ। ਸਾਡੀ ਕੌਣ ਸੁਣੇਗਾ?"
“ਪਾਂਡੂਮ ਹੋ ਚੁੱਕਿਐ। ਪਹਿਲਾਂ ਪਤਾ ਹੁੰਦਾ ਤਾਂ ਅਸੀਂ ਵੀ ਇਸ ਖੁਸ਼ੀ 'ਚ ਸ਼ਾਮਲ ਹੁੰਦੇ। ਫਿਰ ਵੀ ਚੱਕਰ ਲਾਉਂਦੇ ਹਾਂ ਤੇ ਬੰਨ੍ਹ ਦਾ ਹਾਲ ਦੇਖਦੇ ਹਾਂ।"
"ਮੈਂ ਵੀ ਆਵਾਂਗਾ।" ਕਹਿੰਦਿਆਂ ਚੰਦਨ ਆਪਣੀ ਥਾਂ ਤੋਂ ਉੱਠਿਆ।
ਸਮੇਤ ਰੰਗੰਨਾ ਦੇ ਅਸੀਂ ਚਾਰੇ ਜਣੇ ਪਿੰਡ ਵੱਲ ਹੋ ਪਏ।
"ਜਦ ਇੱਥੇ ਬੰਧ ਉਸਾਰਿਆ ਸੀ ਤਾਂ ਆਲੇ ਦੁਆਲੇ ਦੇ ਦਸ ਪਿੰਡਾਂ ਦੇ ਲੋਕ ਇਸ ਉੱਦਮ ਵਿਚ ਸ਼ਾਮਲ ਹੋਏ ਸਨ। ਬੰਨ੍ਹ ਤਿੰਨ ਪਿੰਡਾਂ ਦਾ ਸਾਂਝਾ ਹੈ। ਜਦ ਸਰਕਾਰ ਨੂੰ ਪਤਾ ਲੱਗਾ ਕਿ ਲੋਕ ਆਪਣੀ ਹਿੰਮਤ ਨਾਲ ਬੰਧ ਉਸਾਰ ਰਹੇ ਨੇ ਤਾਂ ਅਧਿਕਾਰੀ ਆ ਗਏ। ਉਹਨਾਂ ਪੰਜਾਹ ਲੱਖ ਦੀ ਪੇਸ਼ਕਸ਼ ਕੀਤੀ ਪਰ ਲੋਕਾਂ ਠੁਕਰਾਅ ਦਿੱਤੀ। ਲੋਕਾਂ ਨੂੰ
ਰੋਸ ਸੀ ਕਿਉਂਕਿ ਸਰਕਾਰ ਨੇ ਪਹਿਲਾਂ ਇਕ ਬੰਨ੍ਹ ਢਾਹ ਦਿੱਤਾ ਸੀ।"
"ਯਾਨਿ, ਸਰਕਾਰ ਨਹੀਂ ਚਾਹੁੰਦੀ ਕਿ ਲੋਕ ਖੁਦ ਅਜਿਹੇ ਹੀਲੇ ਕਰਨ?" "ਇਹੀ ਗੱਲ ਹੈ। ਸਰਕਾਰ ਦਾ ਕਹਿਣਾ ਸੀ ਕਿ ਬੰਧ ਦੀ ਉਸਾਰੀ ਗਰੀਲਿਆਂ ਦੇ ਕਹਿਣ ਉੱਤੇ ਕੀਤੀ ਗਈ ਹੈ। ਉਸ ਤੋਂ ਬਾਦ ਅਸੀਂ ਕਦੇ ਵੀ ਕਿਸੇ ਅਧਿਕਾਰੀ ਨੂੰ ਪਿੰਡ ਨਹੀਂ ਵੜਨ ਦਿੱਤਾ।"
ਜਦ ਤੱਕ ਨਾਰੰਗ ਭਾਈ ਨੇ ਲੋਕਾਂ ਦੇ ਉੱਦਮ ਦੀ ਸ਼ਾਨਦਾਰ ਗਾਥਾ ਸੁਣਾਈ ਤਦ ਤਕ ਪਿੰਡ ਆ ਗਿਆ। ਪਿੰਡ ਪਹੁੰਚਣ ਉੱਤੇ ਲੋਕ ਇਕੱਠੇ ਹੋ ਗਏ। ਖ਼ੁਸ਼ੀ ਉਹਨਾਂ ਦੇ ਚਿਹਰੇ ਤੋਂ ਸਾਫ਼ ਝਲਕਦੀ ਸੀ।
"ਨਾਰੰਗ ਅੱਨਾ! ਅੱਜ ਪਾਂਡਮ ਹੈ," ਇਕ ਕਬਾਇਲੀ ਨੇ ਅਗਾਂਹ ਵਧ ਕੇ ਨਾਰੰਗ ਦੇ ਨੇੜੇ ਹੁੰਦਿਆਂ ਕਿਹਾ। ਉਹ ਨਸ਼ਿਆਇਆ ਪਿਆ ਸੀ ਤੇ ਹੱਦੋਂ ਪਾਰ ਖੁਸ਼ ਸੀ।
"ਚੰਗੀ ਗੱਲ ਐ। ਨਵੀਂ ਫ਼ਸਲ ਨੇ ਪਿੰਡ 'ਚ ਰੌਣਕ ਲਾ 'ਤੀ।" ਨਾਰੰਗ ਬੋਲਿਆ।
"ਅਸੀਂ ਪੀ ਰੱਖੀ ਹੈ, ਸਭ ਨੇ। ਜੇ ਪਹਿਲਾਂ ਪਤਾ ਹੁੰਦਾ ਤਾਂ ਪਾਂਡੂਮ ਕਿਸੇ ਹੋਰ ਦਿਨ ਕਰ ਲੈਂਦੇ।" ਇਕ ਹੋਰ ਨੇ ਸਾਡੇ ਅਚਾਨਕ ਪਹੁੰਚ ਜਾਣ ਕਾਰਨ ਹੱਸਦਿਆਂ ਕਿਹਾ।
"ਕਿਓਂ? ਅਸੀਂ ਤੁਹਾਡੀ ਖ਼ੁਸ਼ੀ ਤੋਂ ਬਾਹਰ ਥੋੜ੍ਹਾ ਹਾਂ। ਜੀ ਸਦਕੇ ਮਨਾਓ ਖ਼ੁਸ਼ੀਆਂ!"
"ਲਿਆਈਏ ਫੇਰ?" ਇਕ ਨੇ ਉੱਚੀ ਸਾਰੀ ਕਿਹਾ ਜਿਸ ਉਤੇ ਸਾਰੇ ਜਣੇ ਹੱਸ ਪਏ।
"ਤਾੜੀ?"
"ਤੇ ਹੋਰ ਕੀ?"
"ਕੁਹਾੜੀ।"
ਨਾਰੰਗ ਨੇ ਝੱਟ ਜਵਾਬ ਦਿੱਤਾ। ਨਾਰੰਗ ਦੇ ਜਵਾਬ ਉੱਤੇ ਸਾਰਾ ਪਿੰਡ ਫਿਰ ਹੱਸ ਪਿਆ। ਪਰ ਦੂਜੇ ਹੀ ਪਲ ਉਹ ਸੰਜੀਦਾ ਹੋ ਗਏ। ਉਹ ਉਡੀਕ ਕਰਨ ਲੱਗੇ ਕਿ ਨਾਰੰਗ ਅੱਨਾ ਕੋਈ ਖ਼ਾਸ ਗੱਲ ਕਰਨ ਵਾਲਾ ਹੈ। ਨਾਰੰਗ ਨੇ ਉਹਨਾਂ ਨੂੰ ਕੁਹਾੜੀਆਂ ਲਿਆਉਣ ਵਾਸਤੇ ਕਿਹਾ ਤਾਂ ਕਿ ਬੰਧ ਉੱਪਰ ਅਤੇ ਉਸ ਦੇ ਚਾਰੇ ਪਾਸੇ ਬੀਜੇ ਗਏ ਵਲਦਾਰ ਪੌਦਿਆਂ ਦੁਆਲੇ ਵਾੜ ਖੜ੍ਹੀ ਕਰ ਦਿੱਤੀ ਜਾਵੇ।
"ਜਿੰਨੀਆਂ ਮਰਜ਼ੀ ਨਾਰੰਗ ਅੱਨਾ! ਅੱਜ ਤਾਂ ਜੋ ਵੀ ਕਹੇਂਗਾ ਅਸੀਂ ਉਹੀ ਕਰ ਦਿਆਂਗੇ।" ਤਾੜੀ ਦੀ ਸੈਨਤ ਮਾਰਨ ਵਾਲੇ ਨੇ ਕਿਹਾ।
ਜਲਦੀ ਹੀ ਉਹ ਕੁਹਾੜੀਆਂ ਲੈ ਕੇ ਆ ਗਏ।
ਤਾਲਾਬ ਬਹੁਤ ਹੀ ਵਿਸ਼ਾਲ ਆਕਾਰ ਦਾ ਸੀ ਜਿੱਥੇ ਮੱਛੀ ਵੜਣ ਵਾਸਤੇ ਇਕ ਨਹੀਂ ਸਗੋਂ ਦੋ ਬੇੜੀਆਂ ਦੀ ਜ਼ਰੂਰਤ ਪਵੇਗੀ। ਬੰਨ੍ਹ ਦੀ ਉਸਾਰੀ ਲੋਕਾਂ ਨੇ ਡੇਢ ਸਾਲ ਦੇ ਅਰਸੇ ਵਿਚ 230 ਦਿਨਾਂ ਦੀ ਸਖ਼ਤ ਮਿਹਨਤ ਨਾਲ ਕੀਤੀ ਸੀ। ਇਸ ਵਿਚ ਹਰ ਘਰ ਦਾ ਯੋਗਦਾਨ ਸੀ। ਆਦਮੀ, ਔਰਤਾਂ ਤੇ ਬੱਚੇ, ਹਰ ਕਿਸੇ ਨੇ ਇਸ ਵਿਆਪਕ ਤੇ ਮਹੱਤਵਪੂਰਨ ਕਾਰਜ ਵਿਚ ਆਪਣਾ ਆਪ ਝੋਕਿਆ ਸੀ। ਅਗਲ ਬਗਲ ਦੇ ਪਿੰਡਾਂ ਨੇ ਕਾਰ ਸੇਵਾ ਵਾਸਤੇ ਵਾਰੀਆਂ ਬੰਨ੍ਹੀਆਂ ਸਨ। ਜਦ ਮੱਛੀ ਪੈਦਾ ਹੋਵੇਗੀ ਤਾਂ ਯਕੀਨਨ ਹੀ ਉਹਨਾਂ ਨੂੰ ਇਸ ਵਿਚੋਂ ਹਿੱਸਾ ਹਮੇਸ਼ਾਂ ਮਿਲਦਾ ਰਹੇਗਾ। ਸਾਂਝੀ ਮਿਹਨਤ ਦਾ ਸਾਂਝਾ ਉੱਦਮ, ਹਰ ਕਿਸੇ ਦੇ ਭਲੇ ਲਈ। ਹਕੂਮਤ ਅਜਿਹੇ ਉਦਮਾਂ ਤੋਂ ਚਿੜ ਹੀ ਸਕਦੀ ਹੈ, ਖੁਸ਼ ਨਹੀਂ ਹੋ ਸਕਦੀ। ਛੱਪੜਾਂ ਤੇ ਟੋਭਿਆਂ ਨੂੰ ਠੇਕੇ ਉੱਤੇ ਦੇ ਕੇ ਕਮਾਈ ਕਰਨ ਵਾਲੇ ਇਹ ਕਦ ਚਾਹੁਣਗੇ ਕਿ ਕਿਤੇ ਸਾਧਨ ਪੈਦਾ ਹੋਵੇ ਅਤੇ ਉਹਨਾਂ ਨੂੰ ਹਿੱਸਾ ਪੱਤੀ ਤੋਂ
ਬਾਹਰ ਕਰ ਦਿੱਤਾ ਜਾਵੇ। ਸ਼ੁਕਰ ਹੈ ਕਿ ਇਨਸਾਨੀ ਖੱਲ ਤੋਂ ਜੁੱਤੀਆਂ ਨਹੀਂ ਬਣਦੀਆਂ, ਨਹੀਂ ਤਾਂ ਹਕੂਮਤ ਇਨਸਾਨੀ ਖੱਲਾਂ ਦਾ ਵੀ ਵਪਾਰ ਖੋਲ੍ਹ ਦੇਂਦੀ।
ਚੰਦਨ ਦਾ ਕਵੀ ਮਨ ਬੇੜੀ ਉੱਤੇ ਸਵਾਰ ਹੋ ਕੇ ਮਲਾਹਾਂ ਦੇ ਸੁਰੀਲੇ ਗੀਤ ਘੜਣ ਦੇ ਸੁਪਨੇ ਲੈਣ ਲੱਗਾ।
"ਹਰ ਚੀਜ਼ ਨਵੀਂ ਚੀਜ਼ ਨੂੰ ਪੈਦਾ ਕਰਨ ਦਾ ਆਧਾਰ ਬਣਦੀ ਹੈ। ਕਿਓਂ ਨਾਰੰਗ ਅੱਨਾ? ਹੁਣ ਮਲਾਹਾਂ ਦੇ ਗੀਤ ਵੀ ਪੈਦਾ ਹੋ ਜਾਣਗੇ," ਚੰਦਨ ਨੇ ਕਿਹਾ। ਤੇ ਫਿਰ ਗਾਉਣ ਲੱਗਾ:
"ਰੇਲਾ ਰੇ.... ਰੇਲਾ ਰੇ...... ਰੇਲਾ ਰੇਲਾ ਰੇਲਾ, ਰੇਲਾ ਰੇ ....
ਝੁਨ ਝੁਨ ਝੁਨ ਝੁਨ ਝੁਨ ਝੁਨਝੁਨ ਝੁਨ "
ਹੱਈਆ ਹੋ.. ਨਾਰੰਗ ਭਾਈ. ਹੱਈਆ ਹੋ...”
ਪੌਦਿਆਂ ਦੁਆਲੇ ਵਾੜ ਕਰਨ ਦਾ ਕੰਮ ਉਸ ਦਿਨ ਉਹਨਾਂ ਤੋਂ ਅੱਧਾ ਵੀ ਨਹੀਂ ਹੋਇਆ। ਨਾਰੰਗ ਨੇ ਪਿੰਡ ਵਾਸੀਆਂ ਨੂੰ ਇਹ ਕੰਮ ਦੇ ਇਕ ਦਿਨਾਂ ਵਿਚ ਨਿਬੇੜ ਦੇਣ ਦੀ ਤਾਕੀਦ ਕੀਤੀ।
ਨਾਰੰਗ ਦਾ ਦਿਮਾਗ ਡਾਇਰੀ ਵਾਂਗ ਹੈ ਜਿਸ ਉੱਤੇ ਉਹ ਆਉਣ ਵਾਲੇ ਦਿਨਾਂ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਇੰਦਰਾਜ ਕਰਦਾ ਰਹਿੰਦਾ ਹੈ। ਉਹ ਦੱਸਦਾ ਹੈ ਕਿ ਉਹਨਾਂ ਕਈ ਪਿੰਡਾਂ ਵਿਚ ਫਲਾਂ ਦੇ ਬਾਗ ਲਗਵਾਏ ਹਨ। ਐਬ, ਅਮਰੂਦ ਅਤੇ ਨਿੰਬੂ ਦੇ ਬਾਗ। ਪਿੰਡਾਂ ਵਿਚ ਲੱਗੇ ਨਲਕਿਆਂ ਕੋਲ ਜਿੱਥੇ ਪਾਣੀ ਖੜ੍ਹਦਾ ਹੈ ਓਥੇ ਛੋਟੇ ਛੋਟੇ ਤਾਲਾਬ ਬਨਾਉਣ ਅਤੇ ਉਹਨਾਂ ਕੰਢੇ ਕੇਲਿਆਂ ਦੇ ਪੌਦੇ ਲਾਉਣ ਦਾ ਕੰਮ ਉਸ ਦੀ ਨਾਲ ਨਾਲ ਚੱਲਦੀ ਯੋਜਨਾ ਹੈ। ਕਈ ਪਿੰਡਾਂ ਵਿਚ ਕੇਲਿਆਂ ਦੇ ਅਜਿਹੇ ਝੰਡ ਵੱਖਰੀ ਹੀ ਖਿੱਚ ਦਾ ਕੇਂਦਰ ਹਨ। ਜਿੱਥੇ ਇਹ ਅਜੇ ਨਹੀਂ ਲੱਗਾ ਓਥੇ ਸੁਰ ਚਿੱਕੜ ਵਿਚ ਫਿਰਦੇ ਰਹਿੰਦੇ ਹਨ ਅਤੇ ਭੇੜਾ ਦਿੱਸ ਪੇਸ਼ ਕਰਦੇ ਹਨ। ਨਲਕਿਆਂ ਦਾ ਅਜਾਈਂ ਜਾਣ ਵਾਲਾ ਪਾਣੀ ਵੀ ਨਾਰੰਗ ਦੀ ਨਜ਼ਰ ਤੋਂ ਨਹੀਂ ਬਚਿਆ। ਗੰਦਗੀ ਤੇ ਚਿੱਕੜ ਨੂੰ ਉਹ ਜ਼ਿੰਦਗੀ ਦੇ ਸੁਹੱਪਣ ਵਿਚ ਬਦਲ ਦੇਣਾ ਚਾਹੁੰਦਾ ਹੈ।
ਬਸਤਰ ਦੇ ਜੰਗਲਾਂ ਵਿਚ ਛੋਟੀਆਂ ਛੋਟੀਆਂ ਤਬਦੀਲੀਆਂ ਦਾ ਜੋ ਪਿੜ ਬੱਝ ਰਿਹਾ ਹੈ ਇਹ ਭਵਿੱਖ ਦੀਆਂ ਵੱਡੀਆਂ ਤਬਦੀਲੀਆਂ ਦਾ ਝਲਕਾਰਾ ਹੈ। ਨਿੱਕੀ ਜਿਹੀ, ਸੁਹਣੀ ਸ਼ੁਰੂਆਤ: ਕਬਾਇਲੀ ਜ਼ਿੰਦਗੀ ਵਿਚੋਂ ਗਰੀਬੀ, ਜਹਾਲਤ ਅਤੇ ਲਾਚਾਰਗੀ ਦੂਰ ਕਰਨ ਦਾ ਜਾਨ ਹੂਲਵਾਂ ਉਪਰਾਲਾ।
ਨਿਸਚੇ ਹੀ ਇਹ ਸਮਾਜ ਵਿਚ ਮੌਜੂਦ ਦੁਸਰੇ ਵੱਡੇ ਸਵਾਲਾਂ ਤੋਂ ਟੁੱਟ ਕੇ ਅਤੇ ਸਮੁੱਚੇ ਦੇਸ਼ ਨੂੰ ਇਨਕਲਾਬੀ ਤਬਦੀਲੀ ਵਾਸਤੇ ਤਿਆਰ ਕਰਨ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਪਰ ਬਿਨਾਂ ਕਿਸੇ ਸ਼ੱਕ ਤੋਂ, ਇਹ ਭਵਿੱਖ ਦੇ ਸੁਨਹਿਰੀ ਸਮੇਂ ਦਾ ਟਿਮਕਦਾ ਹੋਇਆ ਅਕਸ ਹੈ। ਜਮਹੂਰੀਅਤ ਨੂੰ ਅਮਲੀ ਅਰਥਾਂ ਵਿਚ ਲੋਕਾਂ ਤੱਕ ਲੈ ਕੋ ਜਾਣ, ਆਪਣੀ ਕਿਸਮਤ ਦੇ ਆਪ ਮਾਲਕ ਬਨਣ ਅਤੇ ਮੁਨਾਫ਼ੇ ਦੀ ਹਿਰਸ ਤੋਂ ਦੂਰ ਆਪਸੀ ਭਰੱਪਣ ਰਾਹੀਂ ਸਮੁੱਚੀ ਜ਼ਿੰਦਗੀ ਨੂੰ ਬਦਲ ਦੇਣ ਦੀ ਕੋਸ਼ਿਸ਼ ਹੈ। ਓਥੋਂ ਦੇ ਲੋਕ ਇਹ ਨਹੀਂ ਜਾਣਦੇ ਕਿ ਵਾਜਪਾਈ ਕੌਣ ਹੈ ਅਤੇ ਨਰਸਿਮਹਾ ਰਾਓ ਕੌਣ ਸੀ; ਕਿ 1947 ਵਿਚ ਕੀ ਹੋਇਆ ਸੀ ਅਤੇ ਨਹਿਰੂ ਕਿਸ ਬਲਾਅ ਦਾ ਨਾਮ ਸੀ। ਨਾ ਹੀ ਉਹਨਾਂ ਨੂੰ ਗੋਰਿਆਂ ਤੋਂ ਕਾਲਿਆਂ ਵੱਲ ਰਾਜ ਦੇ ਬਦਲਣ ਦਾ ਕੁਝ ਪਤਾ ਹੈ।
ਡਿੱਲੀ (ਦਿੱਲੀ) ਉਹਨਾਂ ਵਾਸਤੇ ਇਸ ਅਹਿਸਾਸ ਤੋਂ ਸਿਵਾ ਕੁਝ ਨਹੀਂ ਕਿ ਇਹ ਨਾਮ ਕਿਸੇ ਤਰ੍ਹਾਂ ਸਰਕਾਰ ਨਾਲ ਜੁੜਿਆ ਹੋਇਆ ਹੈ ਅਤੇ ਸਰਕਾਰ ਦਾ ਉਹਨਾਂ ਵਾਸਤੇ ਮਤਲਬ ਹੈ ਠੇਕੇਦਾਰ, ਪੁਲਿਸ, ਜਬਰ, ਉਜਾੜਾ ਅਤੇ ਬੇ-ਬਸੀ। ਦਿੱਲੀ ਦਾ ਨਾਮ ਵੀ ਉਹ ਹੁਣੇ ਜਿਹੇ ਹੀ ਸੁਨਣ ਤੇ ਜਾਨਣ ਲੱਗੇ ਹਨ ਜਦ ਤੋਂ ਉਹ ਇਨਕਲਾਬੀ ਲਹਿਰ ਅਤੇ ਇਨਕਲਾਬੀ ਗੀਤਾਂ ਦੇ ਵਾਹ ਵਿਚ ਆਏ ਹਨ। ਪਿਛਲੇ ਦਿਨੀਂ ਉਹਨਾਂ ਨੇ ਅਫ਼ਗਾਨਿਸਤਾਨ ਅਤੇ ਅਮਰੀਕਾ ਦਾ ਨਾਮ ਪਹਿਲੀ ਵਾਰ ਸੁਣਿਆ ਹੈ। ਉਹਨਾਂ ਦੀ ਚੇਤਨਾ ਵਿਚ ਇਹ ਨਵਾਂ ਸੰਚਾਰ ਹੋਇਆ ਹੈ ਕਿ ਵਾਜਪਾਈ ਅਤੇ ਬਸ਼ ਦੇ ਦਰਮਿਆਨ ਕੋਈ ਰਿਸ਼ਤੇਦਾਰੀ ਹੈ ਜਿਹੜੀ ਉਹਨਾਂ ਦੀ ਹੋਂਦ ਵਾਸਤੇ ਖ਼ਤਰਨਾਕ ਹੈ। ਕਿ ਉਹਨਾਂ ਦੀ ਜ਼ਿੰਦਗੀ ਦੇ ਵਿਕਾਸ ਦੇ ਰਾਹ ਦੇ ਰੋੜੇ ਪੁਲਿਸ ਅਤੇ ਠੇਕੇਦਾਰ ਹੀ ਨਹੀਂ ਸਗੋਂ ਦਿੱਲੀ ਤੇ ਅਮਰੀਕਾ ਵੀ ਹਨ। ਅਮਰੀਕਾ ਬਾਰੇ ਉਹਨਾਂ ਸਭ ਤੋਂ ਪਹਿਲੀ ਗੱਲ ਹੀ ਇਹ ਸਿੱਖੀ ਹੈ ਕਿ ਉਹ ਦੁਨੀਆਂ ਭਰ ਦੇ ਲੋਕਾਂ ਦਾ ਦੁਸ਼ਮਣ ਨੰਬਰ ਇੱਕ ਹੈ। ਇਹ ਸੱਚ, ਜਿਸ ਨੂੰ ਵੱਡੇ ਵੱਡੇ ਖੱਬੀ ਖ਼ਾਨ ਬੁੱਧੀਜੀਵੀ ਵੀ ਆਪਣੀਆਂ ਜਾਤੀ ਗਰਜ਼ਾਂ ਕਾਰਨ ਸਮਝਣ ਤੋਂ ਅਸਮਰੱਥ ਹਨ, ਕਬਾਇਲੀਆਂ ਦੀ ਚੇਤਨਾ ਦਾ ਹਿੱਸਾ ਬਣ ਰਿਹਾ ਹੈ। ਇਸੇ ਲਈ ਉਹਨਾਂ ਅਫ਼ਗਾਨਿਸਤਾਨ ਉੱਤੇ ਅਮਰੀਕੀ ਹਮਲੇ ਦਾ ਵਿਰੋਧ ਕੀਤਾ ਅਤੇ ਤੁਰਕਲੋਰ (ਮੁਸਲਿਮ ਲੋਕ) ਨਾਲ ਆਪਣੀ ਇਕਮੁੱਠਤਾ ਜ਼ਾਹਰ ਕੀਤੀ।
ਪਿਛਲੇ ਕਈ ਦਿਨਾਂ ਤੋਂ ਇਲਾਕੇ ਭਰ ਦੀਆਂ ਲੋਕ ਜਥੇਬੰਦੀਆਂ ਪਿੰਡ ਪਿੰਡ ਜਾ ਕੇ ਇਹ ਸੁਨੇਹਾ ਦੇ ਰਹੀਆਂ ਸਨ ਕਿ ਅਮਰੀਕੀ ਹਮਲੇ ਦੇ ਵਿਰੋਧ ਵਿਚ ਜੰਗਲ ਵਿਚ ਇਕ ਵਿਸ਼ਾਲ ਮੁਜ਼ਾਹਰਾ ਕੀਤਾ ਜਾਵੇਗਾ। (ਬਾਦ 'ਚ ਮੈਨੂੰ ਪਤਾ ਲੱਗਾ ਕਿ ਅਜਿਹੇ ਅਨੇਕਾਂ ਮੁਜ਼ਾਹਰੇ ਦੂਰ ਦੂਰ ਤੱਕ ਦੇ ਜੰਗਲਾਂ ਵਿਚ ਜਥੇਬੰਦ ਕੀਤੇ ਗਏ ਸਨ)। ਇਹ ਮੁਜ਼ਾਹਰਾ ਇਸੇ ਪਿੰਡ ਦੀ ਜੂਹ ਵਿਚ ਹੋਣਾ ਹੈ ਇਸੇ ਲਈ ਕਲਾਕਾਰਾਂ ਨੇ ਏਥੇ ਤਿੰਨ ਦਿਨ ਵਾਸਤੇ ਡੇਰਾ ਜਮਾਇਆ ਹੋਇਆ ਹੈ।
ਪਿੰਡਾਂ ਤੋਂ ਆਦਿਵਾਸੀ ਮੁੰਡੇ ਕੁੜੀਆਂ ਦੇ ਟੋਲੇ ਕੱਲ੍ਹ ਹੀ ਏਥੇ ਪਹੁੰਚ ਗਏ ਸਨ। ਦੇ ਦਿਨ ਉਹ ਰਿਹਰਸਲਾਂ ਕਰਦੇ ਰਹੇ। ਮੁੰਡੇ ਕੁੜੀਆਂ ਦੇ ਇਕੱਠ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਸੀ ਜਿਵੇਂ ਹਰ ਆਦਿਵਾਸੀ ਨੌਜਵਾਨ ਜਮਾਂਦਰੂ ਕਲਾਕਾਰ ਹੋਵੇ। ਹਰ ਪਿੰਡ ਤੋਂ ਪੰਜ-ਪੰਜ, ਸੱਤ-ਸੱਤ ਕਲਾਕਾਰ ਏਥੇ ਪਹੁੰਚੇ ਹੋਏ ਸਨ ਜਿਹਨਾਂ ਦੀ ਕੁੱਲ ਗਿਣਤੀ ਸਵਾ ਸੋ ਤੋਂ ਜ਼ਿਆਦਾ ਸੀ। ਹਰ ਕੋਈ ਆਪਣਾ ਝੋਲਾ, ਪਰਨਾ ਅਤੇ ਇਕ ਵਾਧੂ ਜੋੜਾ "ਕੱਪੜਿਆਂ" ਦਾ ਲੈ ਕੇ ਪਹੁੰਚਿਆ ਹੋਇਆ ਸੀ। ਹਰ ਕੋਈ ਇਕ ਪੋਟਲੀ ਕੱਚ ਚੌਲਾਂ ਦੀ ਵੀ ਨਾਲ ਲੈ ਕੇ ਆਇਆ ਹੋਇਆ ਸੀ। ਸਾਰੇ ਚੱਲ ਇਕ ਥਾਂ ਇਕੱਠੇ ਕਰ ਲਏ ਗਏ ਅਤੇ ਸਾਂਝੇ ਲੰਗਰ ਵਿਚ ਪਾ ਦਿੱਤੇ ਗਏ। ਕਬਾਇਲੀ ਕਦੇ ਵੀ ਆਪਣਾ ਰਾਸ਼ਨ ਨਾਲ ਲਏ ਬਗ਼ੈਰ ਸਫ਼ਰ ਨਹੀਂ ਕਰਦੇ। ਇਹਨਾਂ ਕਲਾਕਾਰ ਕਬਾਇਲੀਆਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ। ਇੱਕਾ ਦੁੱਕਾ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਪੈਰਾਂ ਤੋਂ ਨੰਗੇ ਸਨ। ਨੰਗੇ ਪੈਰਾਂ ਵਾਲੇ ਕਲਾਕਾਰ। ਵਾਕਈ, ਉਹਨਾਂ ਨੂੰ ਦੇਖ ਕੇ ਬਾਜ਼ੀਗਰਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਿਹੜੇ ਅਜੇ ਵੀ ਕਦੇ ਕਦੇ ਸ਼ਹਿਰਾਂ ਤੇ ਪਿੰਡਾਂ ਵਿਚ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਜਿਹਨਾਂ ਨੂੰ ਅਸੀਂ ਭਾਰਤ ਦੇ ਮੁੱਢ-ਕਦੀਮੀ ਕਲਾਕਾਰ ਕਬੀਲੇ ਕਹਿ ਸਕਦੇ ਹਾਂ।
……………
ਅੱਜ ਦੀ ਸ਼ਾਮ ਦਾ ਰੰਗ ਅਜੀਬ ਜਿਹਾ ਹੈ। ਚੰਦਨ ਦੀ ਕਲਾ ਮੰਡਲੀ ਅਤੇ ਬਾਹਰ ਪਹੁੰਚੇ ਹੋਏ ਕਲਾਕਾਰਾਂ ਨੇ ਪਿੰਡ ਦੇ ਪੰਜ ਘਰਾਂ ਨੂੰ ਮੱਲਿਆ ਹੋਇਆ ਹੈ। ਅੱਜ ਉਹਨਾਂ ਦੀ ਵਿਸ਼ੇਸ਼ ਬੈਠਕ ਹੈ ਜਿਸ ਵਿਚ ਉਹਨਾਂ ਨੇ ਆਪਣੇ ਗੀਤਾਂ ਸਬੰਧੀ ਅਤੇ ਅਫ਼ਗਾਨਿਸਤਾਨ ਉੱਤੇ ਅਮਰੀਕੀ ਹਮਲੇ ਸਬੰਧੀ ਵਿਚਾਰ-ਚਰਚਾ ਕਰਨੀ ਹੈ। ਇਹਨਾਂ ਸਭਨਾਂ ਨੇ ਪਿੰਡ ਦੇ ਵਿਚਕਾਰ ਵਿਸ਼ਾਲ ਖੁੱਲ੍ਹੀ ਥਾਂ ਮੱਲ ਰੱਖੀ ਹੈ। ਅੱਜ ਮਜ਼ਦੂਰ, ਕਿਸਾਨ ਅਤੇ ਔਰਤ ਜਥੇਬੰਦੀਆਂ ਦੇ ਕਾਰਕੁੰਨ ਵੀ ਪਹੁੰਚ ਚੁੱਕੇ ਹਨ। ਸੋ ਕੁੱਲ ਮਿਲਾ ਕੇ ਇਕੱਠ ਦੀ ਗਿਣਤੀ ਦੇ ਸੌ ਤੋਂ ਵੱਧ ਹੈ। ਸਾਰਾ ਹੀ ਪੰਡਾਲ ਰੰਗ-ਬਰੰਗੀਆਂ ਪੁਸ਼ਾਕਾਂ ਦਾ ਹੜ੍ਹ ਦਿਖਾਈ ਦੇਂਦਾ ਹੈ। ਕੋਈ ਵੀ ਆਦਿਵਾਸੀ ਕੁੜੀ ਅਜਿਹੀ ਨਹੀਂ ਜਿਸ ਨੇ ਆਪਣੇ ਜੁੜੇ ਵਿਚ ਫੁੱਲਾਂ ਦਾ ਗਜਰਾ ਜਾਂ ਰੰਗਦਾਰ ਰੁਮਾਲ ਨਾ ਬੰਨ੍ਹਿਆ ਹੋਵੇ। ਕੋਈ ਵੀ ਮੁੰਡਾ ਅਜਿਹਾ ਨਹੀਂ ਜਿਸ ਨੇ ਮੋਢੇ ਉੱਤੇ ਪਰਨਾ ਨਾ ਸਜਾਇਆ ਹੋਵੇ। ਥਾਂ ਥਾਂ ਉੱਤੇ ਟੋਲੀਆਂ ਬੱਝੀਆਂ ਨਜ਼ਰ ਆਉਂਦੀਆਂ ਹਨ। ਕਿਤੇ ਹਾਸਿਆਂ ਦੀ ਛਣਕਾਰ ਪੈ ਰਹੀ ਹੈ, ਕਿਤੇ ਚਿਹਰੇ ਖ਼ੁਸ਼ੀ ਨਾਲ ਡਲ੍ਹਕ ਰਹੇ ਹਨ, ਕਿਤੇ ਕੋਈ ਅੱਖ-ਸ਼ੀਸ਼ੇ ਵਿਚ ਆਪਣੇ ਵਾਲ ਸੰਵਾਰ ਰਿਹਾ ਹੈ, ਕਿਸੇ ਨੇ ਆਪਣਾ ਸਾਰਾ ਝੋਲਾ ਉਲੱਦ ਛੱਡਿਆ ਹੈ ਅਤੇ ਕਿਸੇ ਗਵਾਚੀ ਹੋਈ ਚੀਜ਼ ਨੂੰ ਢੂੰਡ ਰਿਹਾ ਹੈ, ਕੋਈ ਕਿਸੇ ਦੇ ਵਾਲਾਂ ਨੂੰ ਕੰਘੀ ਕਰ ਰਿਹਾ ਹੈ ਅਤੇ ਕੋਈ ਡਫਲੀ ਕਿੱਸ ਰਿਹਾ ਹੈ। ਹਰ ਕੋਈ ਇਸ ਤਰ੍ਹਾਂ ਤਿਆਰ ਹੋ ਜਿਵੇਂ ਮੇਲੇ ਜਾਣਾ ਹੋਵੇ। ਤਦੇ ਪੰਡਾਲ ਦੀ ਇਕ ਨੁੱਕਰ ਹੋਕ ਉੱਠਦੀ ਹੈ,
ਰੇਲਾ ਰੇ ਰੇ ਰੇ ਰੋ ਲਾ, ਰੇਲਾ, ਰੋਲਾ, ਰੋਲਾ, ਰੇਲਾ
ਇਸ ਹੇਕ ਵਿਚ ਪਹਿਲਾਂ ਇਕ, ਫੇਰ ਚਾਰ, ਅਤੇ ਫੇਰ ਪਤਾ ਨਹੀਂ ਕਿੰਨੀਆਂ ਆਵਾਜ਼ਾਂ ਸ਼ਾਮਲ ਹੋ ਜਾਂਦੀਆਂ ਹਨ.......
ਰੇ ਰੋ ਰੋ ਯਾ ਰੇਲਾ, ਰੇ ਰੇ ਰੋ ਯਾ ਰੇਲਾ, ਰੋਲਾ ਰੇਲਾ ਰੇਲਾ ਰੇਲਾ,
ਰੇਲਾ। ਹਰ ਆਦਿਵਾਸੀ ਗੀਤ ਰੇਲਾ ਨਾਲ ਸ਼ੁਰੂ ਹੁੰਦਾ ਹੈ ਅਤੇ ਰੋਲਾ ਨਾਲ ਹੀ ਆਪਣੇ ਅੰਤ ਤਕ ਪਹੁੰਚਦਾ ਹੈ। ਰੇਲਾ ਤੋਂ ਬਿਨਾਂ ਆਦਿਵਾਸੀ ਗੀਤ ਚਿਤਵਣਾ ਲਗਭਗ ਅਸੰਭਵ ਹੈ। ਰੇਲਾ ਇੰਜ ਹੈ ਜਿਵੇਂ ਖ਼ੁਸ਼ੀ ਦੀ ਕਾਂਗ ਹੋਵੇ ਅਤੇ ਉਹ ਉੱਪਰ ਹੀ ਉੱਪਰ ਉੱਠਦੀ ਤੁਰੀ ਜਾਵੇ। ਰੋਲਾ ਖੂਬਸੂਰਤੀ, ਖ਼ੁਸ਼ੀ, ਹੁਲਾਰੇ ਅਤੇ ਵਜਦ ਦਾ ਦੂਸਰਾ ਨਾਮ ਹੈ। ਦਰਅਸਲ, ਰੇਲਾ ਲੜੀਵਾਰ ਤੇ ਖੂਬਸੂਰਤ ਬਸੰਤੀ ਫੁੱਲਾਂ ਵਾਲੇ ਵਿਸ਼ਾਲ ਅਮਲਤਾਸ ਦਾ ਫਲ ਹੈ। ਮਹੂਆ ਦੇ ਰੁੱਖ ਤੋਂ ਬਾਦ ਅਮਲਤਾਲਸ ਅਜਿਹਾ ਰੁੱਖ ਹੈ ਜਿਸਦੀ ਉਚਾਈ, ਜਿਸਦੀ ਵਿਸ਼ਾਲਤਾ ਅਤੇ ਜਿਸਦੀ ਖੂਬਸੂਰਤੀ ਦਾ ਆਦਿਵਾਸੀ ਜੀਵਨ ਅਤੇ ਸੱਭਿਆਚਾਰ ਨਾਲ ਗੂੜਾ ਸਬੰਧ ਹੈ। ਜਿੱਥੇ ਮਹੂਆ ਦੇ ਰੁੱਖ ਦਾ ਹਰ ਹਿੱਸਾ ਜੰਗਲ ਵਸਨੀਕਾਂ ਦੇ ਕੰਮ ਆਉਂਦਾ ਹੈ ਓਥੇ ਅਮਲਤਾਸ ਖੂਬਸੂਰਤੀ, ਖੇੜੇ ਅਤੇ ਖੁੱਲ੍ਹੇ ਮਨ ਦਾ ਪ੍ਰਤੀਕ ਹੈ। ਰੇਲਾ ਆਦਿਵਾਸੀ ਮਨ ਨੂੰ ਐਨਾ ਟੁੰਬਦਾ ਹੈ ਕਿ ਜਦ ਵੀ ਕਿਤੇ ਕੋਈ ਇਸ ਦੀ ਹੇਕ ਚੁੱਕਦਾ ਹੈ ਤਾਂ ਹਰ ਆਦਿਵਾਸੀ ਦਾ ਧਿਆਨ ਉਸ ਪਾਸੇ ਖਿੱਚਿਆ ਜਾਂਦਾ ਹੈ, ਹੱਥ ਆਪਣਾ ਕੰਮ ਕਰਦੇ ਕਰਦੇ ਰੁਕ ਜਾਂਦੇ ਹਨ ਅਤੇ ਪੈਰ ਥਿਰਕਣ ਲਗਦੇ ਹਨ।
ਵਿਹੜੇ ਵਿਚੋਂ ਉੱਠੀ ਹੇਕ ਨੇ ਵੀ ਉਹੀ ਅਸਰ ਕੀਤਾ। ਸਭ ਪਾਸਿਓਂ ਨੌਜਵਾਨ ਮੁੰਡੇ ਕੁੜੀਆਂ ਰੇਲਾ ਦੀ ਸਦਾਅ ਵੱਲ ਨੂੰ ਤੁਰ ਪਏ। ਉਹ ਇਕ ਦੂਸਰੇ ਦੇ ਮੋਢਿਆਂ
ਉੱਤੋਂ ਹੱਥ ਵਲਦੇ ਹੋਏ ਇਕ ਜ਼ੰਜੀਰ ਬਣਾਉਂਦੇ ਗਏ। ਪਹਿਲਾਂ ਉਹਨਾਂ ਨੇ ਅੰਦਰਲਾ ਚੱਕਰ ਬਣਾਇਆ, ਫਿਰ ਬਾਹਰਲਾ, ਫਿਰ ਇਕ ਹੋਰ ਅਤੇ ਅੰਤ ਵਿਚ ਇਕ ਹੋਰ। ਪਹਿਲੇ ਚੱਕਰ ਨੇ ਸੱਜੇ ਪਾਸੇ ਵੱਲ ਨੂੰ ਕਦਮ ਚਾਲ ਸ਼ੁਰੂ ਕੀਤੀ ਤਾਂ ਦੂਸਰੇ ਨੇ ਖੱਬੇ ਪਾਸੇ ਵੱਲ। ਇਸੇ ਤਰ੍ਹਾਂ ਤੀਸਰੇ ਨੇ ਸੱਜੇ ਪਾਸੇ ਅਤੇ ਚੌਥੇ ਨੇ ਫੇਰ ਖੱਬੇ ਪਾਸੇ ਵੱਲ ਥਿਰਕਣਾ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਰੇਲਾ ਦੀ ਹੇਕ ਨਾਲ ਸ਼ੁਰੂ ਹੋਇਆ ਆਦਿਵਾਸੀ ਨਾਚ ਅਤੇ ਗੀਤ:
ਲੱਛੀ ਰਾਮੋ ਨਾਨੋ, ਵਾਨਾ ਵਾਨਾ
ਹੱਲੇ ਦਾਦਾ ਕਿੱਲਾ, ਵਾਨਾ ਵਾਨਾ
ਜੋਗੀ ਕੇਸਾ ਦਾਦਾ, ਵਾਨਾ ਵਾਨਾ....
ਪੰਜਾਬੀ ਵਿਚ ਇਸ ਨੂੰ ਇੰਜ ਗਾਇਆ ਜਾਵੇਗਾ:
ਕੁੜੇ ਰਾਮੋ ਭੈਣੇ, ਮੀਂਹ ਆਇਆ ਮੀਂਹ ਆਇਆ
ਚੱਲ ਵੀਰਾ ਬੋਲ, ਮੀਂਹ ਆਇਆ ਮੀਂਹ ਆਇਆ
ਜੋਗੀ (ਮਾਂ ਦੇ ਬੱਚੇ) ਕੋਸਾ ਵੀਰਾ, ਮੀਂਹ ਆਇਆ ਮੀਂਹ ਆਇਆ
ਗੀਤ ਵਿਚ ਇਕ ਇਕ ਕਰਕੇ ਨਾਮ ਜੁੜਦਾ ਗਿਆ ਤੇ ਇਹ ਲੰਬਾ ਹੁੰਦਾ ਗਿਆ। ਮੁੱਢ-ਕਦੀਮੀ ਲੋਕਾਂ ਦੇ ਗੀਤਾਂ ਵਰਗਾ ਸਿੱਧਾ, ਸਾਦਾ, ਅਤੇ ਸਰਲ ਗੀਤ ਜਿਸ ਵਿਚ ਇਕੋ ਹੀ ਗੱਲ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਹੈ। ਇਕ ਵਾਰ ਭੈਣ ਵੱਲੋਂ, ਦੂਸਰੀ ਵਾਰ ਭਾਈ ਵੱਲੋਂ। ਜੇ ਸਰਸਰੀ ਦੇਖਿਆ ਜਾਵੇ ਤਾਂ ਗੀਤ ਵਿਚ ਕੁਝ ਨਹੀਂ ਹੈ ਪਰ ਗੋਰ ਕਰੋ ਤਾਂ ਇਹ ਜ਼ਿੰਦਗੀ ਦਾ, ਇਸ ਦੀ ਅਨੰਤਤਾ ਦਾ ਗੀਤ ਹੈ। ਇਹ ਮੀਂਹ ਨੂੰ ਖੁਸ਼-ਆਮਦੀਦ ਕਹਿੰਦਾ ਹੈ। ਮੀਂਹ, ਯਾਨਿ ਜ਼ਿੰਦਗੀ ਬਖ਼ਸ਼ਣ ਵਾਲਾ ਜਲ। ਜਦ ਸਾਰਾ ਹੀ ਪਿੰਡ ਇਸ ਨੂੰ ਗਾਉਂਦਾ ਹੀ ਜਾਂਦਾ ਹੈ. ਗਾਉਂਦਾ ਹੀ ਜਾਂਦਾ ਹੈ ਅਤੇ ਨਾਲ ਹੀ ਨੱਚਦਾ ਜਾਂਦਾ ਹੈ ਤਾਂ ਇਹ ਨਾਦ ਛੇੜ ਦਿੰਦਾ ਹੈ, ਮੀਂਹ ਦਾ ਨਾਦ, ਮੀਂਹ ਦੇ ਆਉਣ ਦੀ ਅਪਾਰ ਖੁਸ਼ੀ ਦਾ ਅਪਾਰ ਇਜ਼ਹਾਰ। ਆਦਿਵਾਸੀ ਇਸ ਖ਼ੁਸ਼ੀ ਵਿਚ ਨੱਚਦੇ ਜਾਣਗੇ ਅਤੇ ਗਾਉਂਦੇ ਜਾਣਗੇ, ਗਾਉਂਦੇ ਜਾਣਗੇ ਅਤੇ ਭਿੱਜਦੇ ਜਾਣਗੇ, ਭਿੱਜਦੇ ਜਾਣਗੇ ਅਤੇ ਨੱਚਦੇ ਜਾਣਗੇ। ਇਹ ਅਨੰਤਤਾ ਵਾਂਗ ਹੈ, ਖ਼ੁਸ਼ੀ ਅਤੇ ਲੋਰ ਦੀ ਇਤਹਾ ਵਰਗਾ। ਬੇਸ਼ੱਕ, ਉਸ ਦਿਨ ਮੀਂਹ ਨਹੀਂ ਸੀ ਵਰੁ ਰਿਹਾ ਪਰ ਇਸ ਦਾ ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ ਵਰ੍ਹਦੇ ਹੋਏ ਮੀਂਹ ਨੂੰ ਆਦਿਵਾਸੀ ਕਿਵੇਂ ਨੱਚਦਾ ਗਾਉਂਦਾ ਹੋਇਆ ਜੀ ਆਇਆ ਕਹਿੰਦਾ ਹੈ। ਮੀਂਹ ! ਨਦੀਆਂ ਦੀ ਜਾਨ, ਬਨਸਪਤੀ ਵਿਚ ਬੇ-ਪਨਾਹ ਵਾਧੇ ਦਾ ਬਿਗਲ, ਜੀਵ-ਜੰਤੂਆਂ ਦੇ ਪੈਦਾ ਹੋਣ ਦਾ ਐਲਾਨ, ਜੀਵਨ ਦਾ ਆਧਾਰ!
ਕੁਝ ਇਸੇ ਤਰ੍ਹਾਂ ਦੀ ਖ਼ੁਸ਼ੀ ਦਾ ਇਜ਼ਹਾਰ ਹੋ ਪੰਜਾਬੀ ਦਾ 'ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜ਼ੋਰ-ਜ਼ੋਰ !'
ਪਰ ਆਦਿਵਾਸੀ ਗੀਤ ਵਿਚ ਮੀਂਹ ਵਾਸਤੇ ਕਿਸੇ ਰੱਬ ਕੋਲ ਤਰਲਾ ਨਹੀਂ ਹੈ। ਉਹਨਾਂ ਦਾ ਗੀਤ ਓਨਾ ਹੀ ਸਾਦਾ ਹੈ ਜਿੰਨਾ ਕਿ ਹੋ ਸਕਦਾ ਹੈ। ਇੱਥੇ ਕੋਈ ਕਵਿਤਾ ਨਹੀਂ ਹੈ, ਲੰਬੀ ਗੱਲ ਨਹੀਂ ਹੈ, ਤਰਲਾ ਜਾਂ ਅਲਖ ਜਗਾਉਣ ਦਾ ਲਾਲਚ ਨਹੀਂ ਹੈ। ਸਿਰਫ਼ 'ਮੀਂਹ ਆਇਆ ਮੀਂਹ ਆਇਆ' ਗੀਤ ਹੈ, ਕਦਮਾਂ ਦੀ ਥਿਰਕਣ ਹੈ ਅਤੇ ਖੁਸ਼ੀ ਦਾ ਅਨੰਤ ਹੁਲਾਰ ਹੈ।
ਜਿਵੇਂ ਕਿ ਮੈਂ ਪਹਿਲਾਂ ਦੱਸ ਆਇਆ ਹਾਂ, ਗੈਂਡ ਬੋਲੀ ਵਿਚ ਸੋਲੋ ਨਹੀਂ ਹਨ।
ਸੱਭੇ ਸਮੂਹ-ਗੀਤ ਹਨ। ਇਹ ਉਹਨਾਂ ਦਾ ਸੱਭਿਆਚਾਰ ਹੈ। ਸੱਭਿਆਚਾਰ ਜਿਸ ਵਿਚ ਸਮਾਜਕ ਸਾਂਝ ਮੁੱਖ ਪਹਿਲੂ ਹੈ। ਔਰਤਾਂ ਧਾਨ ਵੀ ਕੁੱਟਣਗੀਆਂ ਤਾਂ ਇੱਕੋ ਘਰ ਵਿਚ ਛੇ ਛੇ, ਅੱਠ ਅੱਠ ਇਕੱਠੀਆਂ ਹੋ ਕੇ। ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਤ੍ਰਿੰਝਣ ਦੀਆਂ ਕੁੜੀਆਂ ਚਰਖ਼ਾ ਕੱਤਦੀਆਂ ਤੇ ਗਾਉਂਦੀਆਂ ਸਨ। ਪਰ ਉਸ ਤਿੰਝਣ ਵਿਚ ਵੀ ਇਕ ਭੇਦ-ਭਾਵ ਸੀ। ਉੱਚ ਜਾਤਾਂ ਦੀਆਂ ਕੁੜੀਆਂ ਵੱਖ ਅਤੇ ਨੀਵੀਆਂ ਦੀਆਂ ਵੱਖ। ਆਦਿਵਾਸੀਆਂ ਵਿਚ ਇਹ ਭੇਦ-ਭਾਵ ਮੌਜੂਦ ਨਹੀਂ। ਮਿਹਨਤ ਦੀ ਵੰਡ ਮੌਜੂਦ ਹੈ ਪਰ ਇਹ ਵੰਡ ਓਨੀ ਹੀ ਕੁਦਰਤੀ ਹੈ ਜਿੰਨੀ ਕਿ ਓਥੋਂ ਦੀ ਜ਼ਿੰਦਗੀ ਹੈ। ਕੋਈ ਧਰਮ ਕੋਡ ਅਜਿਹਾ ਨਹੀਂ ਹੈ ਜਿਹੜਾ ਇਸ ਵੰਡ ਨੂੰ ਜਾਤਾਂ ਦਾ ਰੂਪ ਦੇਵੇ। ਇਸ ਦਾ ਆਧਾਰ ਹੀ ਮੌਜੂਦ ਨਹੀਂ। ਉਹਨਾਂ ਵਿਚ ਜਾਤੀ ਨਹੀਂ, ਜਨ-ਜਾਤੀ ਹੈ, ਕਬੀਲਾ ਹੈ। ਮੰਨੂ ਉਹਨਾਂ ਦੀ ਜ਼ਿੰਦਗੀ ਨੂੰ ਗ੍ਰਹਿਣ ਨਹੀਂ ਲਗਾ ਸਕਿਆ। ਇਹ ਅੱਜ ਵੀ ਸੱਚ ਹੈ। ਕਬਾਇਲੀ ਉਚ-ਜਾਤੀ ਹੰਕਾਰ ਅਤੇ ਭਿੱਟ ਪਾਪ ਤੋਂ ਮੁਕਤ ਹਨ। ਜੇ ਕੋਈ ਕਬੀਲਾ ਬੱਕਰਾ ਨਹੀਂ ਖਾਂਦਾ ਤਾਂ ਕੋਈ ਅਜਿਹਾ ਵੀ ਹੈ ਜਿਹੜਾ ਸੱਪ ਨਹੀਂ ਖਾਂਦਾ, ਕੋਈ ਤੀਸਰਾ ਅਜਿਹਾ ਹੈ ਜਿਹੜਾ ਕਿਸੇ ਹੋਰ ਜਾਨਵਰ ਤੋਂ ਪ੍ਰਹੇਜ਼ ਕਰਦਾ ਹੈ। ਪਰ ਇਸ ਵਜ੍ਹਾ ਕਾਰਨ ਉਹਨਾਂ ਦਰਮਿਆਨ ਕੋਈ ਆਪਸੀ ਜੰਗ ਨਹੀਂ ਹੈ। ਸ਼ਾਇਦ ਤੁਸੀਂ ਇਹ ਦੁਆ ਨਾ ਮੰਗੇ ਕਿ 'ਖ਼ੁਦਾ ਉਹਨਾਂ ਨੂੰ ਅੱਲਾ ਤੋਂ ਬਚਾਵੇ ਅਤੇ ਪ੍ਰਮਾਤਮਾ ਰਾਮ ਤੋਂ। ਪਰ ਤੁਸੀਂ ਚਾਹੋਗੇ ਜ਼ਰੂਰ ਕਿ ਉਹ ਧਰਮ ਦੀ 'ਰੱਬੀ' ਮਹਾਂਮਾਰੀ ਤੋਂ ਬਚੇ ਰਹਿਣ।
ਕੋਈ ਘੰਟਾ ਭਰ ਇੱਕ ਹੀ ਗੀਤ ਚੱਲਦਾ ਰਿਹਾ। ਕਿਉਂਕਿ ਅੱਜ ਮੀਟਿੰਗ ਦਾ ਦਿਨ ਸੀ ਇਸ ਲਈ ਚੰਦਨ ਨੇ ਲੰਬੀ ਸੀਟੀ ਮਾਰ ਕੇ ਇਸ ਨੂੰ ਬੰਦ ਕਰਨ ਦਾ ਸੰਕੇਤ ਦੇ ਦਿੱਤਾ। ਰਾਤ ਪੈ ਚੁੱਕੀ ਸੀ।
ਜਿੰਨੀਆਂ ਕੁ ਝਿੱਲੀਆਂ ਮੰਚ ਦੇ ਕਲਾਕਾਰਾਂ ਕੋਲ ਮੌਜੂਦ ਸਨ, ਵਿਛਾ ਲਈਆਂ ਗਈਆਂ। ਇਕ ਲੈਂਪ ਵਿਚਕਾਰ ਟਿਕਾਅ ਦਿੱਤੀ ਗਈ। ਸਾਰੇ ਉਸਦੇ ਆਲੇ ਦੁਆਲੇ ਬੈਠ ਗਏ। ਚੰਦਨ ਨੇ ਕਾਪੀ ਪੈਸਿਲ ਉਠਾਈ, ਢੇਰ ਸਾਰੇ ਨਾਮ ਲਿਖੇ ਅਤੇ ਫਿਰ ਵੱਖ ਵੱਖ ਸੰਗਠਨਾਂ ਦੇ ਕਰਿੰਦਿਆਂ ਨੂੰ ਵਾਰੋ ਵਾਰੀ ਸਟੇਜ ਉੱਪਰ ਆ ਕੇ (ਜ਼ਮੀਨ ਉੱਤੇ ਖੜ੍ਹੇ ਹੋ ਕੇ ਅਮਰੀਕੀ ਹਮਲੇ ਬਾਰੇ ਵਿਚਾਰ ਪੇਸ਼ ਕਰਨ ਵਾਸਤੇ ਕਿਹਾ।
"ਸਾਥੀ ਮਾਸੇ!" ਚੰਦਨ ਨੇ ਪਹਿਲਾ ਨਾਮ ਲਿਆ।
ਇਕੱਠ ਦੀ ਇਕ ਨੁੱਕਰੋਂ ਇਕ ਆਕਾਰ ਹਨੇਰੇ ਵਿਚ ਉੱਠਦਾ ਦਿਖਾਈ ਦਿੱਤਾ ਜਿਹੜਾ ਹੌਲੀ ਹੌਲੀ ਸਟੇਜ ਵੱਲ ਵਧਣ ਲੱਗਾ। ਜਿਵੇਂ ਜਿਵੇਂ ਉਹ ਕਲਾਕਾਰ ਕੁੜੀ ਲੈਂਪ ਦੇ ਨਜ਼ਦੀਕ ਆਉਂਦੀ ਗਈ ਖ਼ੁਸਰ-ਫੁਸਰ ਘੱਟ ਹੁੰਦੀ ਗਈ। ਜਦ ਉਸ ਦਾ ਚਿਹਰਾ ਦਿਖਾਈ ਦੇਣ ਲੱਗ ਪਿਆ ਤਾਂ ਸਾਰੇ ਪਾਸੇ ਸੱਨਾਟਾ ਛਾਅ ਗਿਆ। ਹਰ ਕੋਈ ਉਤਸਕ ਸੀ ਕਿ ਉਸ ਕਲਾਕਾਰ ਅਤੇ ਮਹਿਲਾ ਸੰਘ ਦੀ ਕਾਰਕੁੰਨ ਕੁੜੀ ਨੂੰ ਸੁਣੇ ਕਿ ਉਹ ਕੀ ਕਹਿੰਦੀ ਹੈ। ਮਾਸੇ ਆਪਣੇ ਪਿੰਡ ਦੀਆਂ ਔਰਤਾਂ ਦੀ ਆਗੂ ਹੈ। ਹਰ ਕੋਈ ਉਸ ਦੀ ਇਸ ਲਈ ਇੱਜ਼ਤ ਕਰਦਾ ਹੈ ਕਿਉਂਕਿ ਉਹ ਹਮੇਸ਼ਾਂ ਸਰਗਰਮ ਰਹਿੰਦੀ ਹੈ ਅਤੇ ਹਰ ਕੰਮ ਜ਼ਿੰਮੇਦਾਰੀ ਨਾਲ ਨਿਭਾਉਂਦੀ ਹੈ।
ਮਾਸੇ ਲੈਂਪ ਕੋਲ ਆ ਕੇ ਰੁਕੀ, ਹੇਠਾਂ ਪੇਰਾ ਵੱਲ ਦੇਖਿਆ, ਝਟਕਾ ਮਾਰ ਕੇ ਆਪਣੀ ਸਾੜ੍ਹੀ ਦੇ ਵਲਾਂ ਨੂੰ ਸਿੱਧਾ ਕੀਤਾ, ਅਤੇ ਲਓ! ਜਦ ਹੀ ਉਸ ਨੇ ਬੋਲਣ ਵਾਸਤੇ ਮੂੰਹ ਉਤਾਂਹ ਚੁੱਕਿਆ ਤਾਂ ਉਸ ਅੰਦਰੋਂ ਹਾਸੇ ਦਾ ਇਕ ਜ਼ੋਰਦਾਰ ਫੁਹਾਰਾ ਫੁੱਟ
ਨਿਕਲਿਆ। ਸਾਰਾ ਪੰਡਾਲ ਉਸ ਦੇ ਹਾਸੇ ਵਿਚ ਸ਼ਾਮਲ ਹੋ ਗਿਆ ਅਤੇ ਸਾਰੇ ਹੱਸ ਹੱਸ ਦੂਹਰੇ ਹੋ ਗਏ।
"ਸਾਥੀ ਮਾਸੇ! ਅਫ਼ਗਾਨਿਸਤਾਨ ਉੱਪਰ ਅਮਰੀਕੀ ਹਮਲੇ ਬਾਰੇ ਆਪਣੇ ਵਿਚਾਰ ਦੱਸੋ ।‘’
ਚੰਦਨ ਨੇ ਮੱਧਮ ਪਰ ਜ਼ਬਤ ਵਿਚ ਰਹਿਣ ਦਾ ਇਸ਼ਾਰਾ ਦੇਂਦੀ ਆਵਾਜ਼ ਵਿਚ ਮਾਸੇ ਨੂੰ ਉਪਰੋਕਤ ਸ਼ਬਦ ਕਹੋ ਤਾਂ ਉਹ ਇਕਦਮ ਚੁੱਪ ਕਰ ਗਈ। ਚੰਦਨ ਵੱਲ ਇਕ ਪਲ ਦੇਖ ਕੇ ਉਸ ਨੇ ਚਾਰੇ ਪਾਸੇ ਹਨੇਰੇ ਵਿਚ ਬੈਠੀ ਜਨਤਾ ਨੂੰ ਨੀਝ ਨਾਲ ਤੱਕਿਆ। ਹਰ ਕਿਸੇ ਨੇ ਉਸ ਨੂੰ ਚੁੱਪ ਹੋਏ ਦੇਖ ਆਪਣੇ ਆਪ ਨੂੰ ਜ਼ਬਤ ਵਿਚ ਲੈ ਆਂਦਾ। ਇਕ ਵਾਰ ਫਿਰ ਉਸ ਨੇ ਚੰਦਨ ਵੱਲ ਤੱਕਿਆ ਅਤੇ ਖਿੜ ਖਿੜਾ ਕੇ ਹੱਸਦੀ ਹੋਈ ਆਪਣੀ ਥਾਂ ਵੱਲ ਦੌੜ ਕੇ ਇਕੱਠ ਵਿਚ ਅਲੋਪ ਹੋ ਗਈ। ਮਾਸੇ ਦੇ ਇਸ ਤਰੀਕੇ ਨੇ ਇਕ ਵਾਰ ਫਿਰ ਸਾਰਿਆਂ ਵਿਚ ਹਾਸੇ ਦੀ ਤਰੰਗ ਛੇੜ ਦਿੱਤੀ।
"ਇਹ ਚੰਗੀ ਗੱਲ ਨਹੀਂ ਹੋਈ, ਪਹਿਲਾ ਹੀ ਬੁਲਾਰਾ ਫਲਾਪ ਹੋ ਗਿਆ," ਚੰਦਨ ਬੁੜਬੜਾਇਆ।
ਉਹ ਇਕ ਵਾਰ ਫਿਰ ਮੀਟਿੰਗ ਨੂੰ ਸੰਬੋਧਨ ਹੋਇਆ,
"ਸਾਡਾ ਅੱਜ ਦਾ ਮਕਸਦ ਅਮਰੀਕੀ ਹਮਲੇ ਸਬੰਧੀ ਵਿਚਾਰ-ਚਰਚਾ ਕਰਨਾ ਹੈ। ਸੋ ਇਸ ਸਬੰਧੀ ਸਾਰੇ ਸਾਥੀ ਜੋ ਕੁਝ ਵੀ ਜਾਣਦੇ ਹਨ ਉਸ ਨੂੰ ਸੰਜੀਦਗੀ ਨਾਲ ਦੂਸਰਿਆਂ ਸਾਹਮਣੇ ਪੇਸ਼ ਕਰਨ।"
ਚੰਦਨ ਅੱਧਾ ਕੁ ਮਿੰਟ ਰੁਕਿਆ। ਫਿਰ ਉਸ ਨੇ ਦੂਸਰਾ ਨਾਂਅ ਲਿਆ, "ਸਾਥੀ ਤਿਰਿੱਪੋ।"
ਤਿਰਿੱਪੋ, ਇਕ ਹੋਰ ਪਿੰਡ ਦੀ ਮਹਿਲਾ ਸੰਘ ਦੀ ਮੈਂਬਰ, ਹਨੇਰੇ ਨੂੰ ਚੀਰਦੀ ਲੈਂਪ ਵੱਲ ਵਧੀ। ਸਟੇਜ ਉੱਤੇ ਪਹੁੰਚ ਕੇ ਉਸ ਨੇ ਪੁਜ਼ੀਸ਼ਨ ਸੰਭਾਲੀ ਅਤੇ ਹਰ ਕਿਸੇ ਨੂੰ ਸੰਬੋਧਨ ਹੋ ਕੇ ਠੋਸ ਆਵਾਜ਼ ਵਿਚ ਬੋਲਣਾ ਸ਼ੁਰੂ ਕੀਤਾ,
"ਅਮਰੀਕਾ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕੀਤਾ ਹੈ। ਅਸੀਂ ਸਾਰੇ ਇਸ ਦਾ ਵਿਰੋਧ ਕਰਾਂਗੇ," ਕਹਿ ਕੇ ਉਹ ਚੁੱਪ ਕਰ ਗਈ ਅਤੇ ਫਿਰ ਅਚਾਨਕ "ਲਾਲ ਸਲਾਮ" ਕਹਿ ਕੇ ਆਪਣੇ ਸਥਾਨ ਉੱਤੇ ਜਾ ਬੈਠੀ।
ਉਸ ਦੇ ਦੋ ਵਾਕਾਂ ਨੇ ਮਾਹੌਲ ਵਿਚ ਸੰਜੀਦਗੀ ਕਾਇਮ ਕਰ ਦਿੱਤੀ ਸੀ। ਜਦ ਉਸ ਨੇ ਲਾਲ ਸਲਾਮ ਨਾਲ ਆਪਣੀ ਗੱਲ ਖ਼ਤਮ ਕਰ ਦਿੱਤੀ ਤਾਂ ਹਰ ਕਿਸੇ ਨੇ ਤਾੜੀ ਵਜਾ ਕੇ ਉਸ ਨੂੰ ਸਫ਼ਲ ਬੁਲਾਰਾ ਹੋਣ ਦਾ ਇਨਾਮ ਦਿੱਤਾ।
'ਕੁਝ ਠੀਕ ਹੈ," ਚੰਦਨ ਨੇ ਹੌਲੀ ਜਿਹੀ ਬੁੱਲ੍ਹ ਹਿਲਾਏ।
"ਸਾਥੀ ਵਾਗਾ।" ਚੰਦਨ ਨੇ ਤੀਸਰੇ ਬੁਲਾਰੇ ਨੂੰ ਆਉਣ ਦਾ ਸੱਦਾ ਦਿੱਤਾ। ਵਾਗਾ ਸਟੇਜ ਵਾਲੀ ਥਾਂ ਉੱਤੇ ਪਹੁੰਚਿਆ। ਉਸ ਨੇ ਸਾਥੀ ਤਿਰਿੱਪ ਦੇ ਦੋ ਵਾਕ ਦੁਹਰਾਉਣ ਤੋਂ ਬਾਦ ਇਕ ਤੀਸਰਾ ਹੋਰ ਜੋੜ ਦਿੱਤਾ,
"ਅਸੀਂ ਕੱਲ ਵਿੱਲ ਖਾੜ (ਤੀਰ ਕਮਾਨ) ਲੈ ਕੇ ਲੜਾਂਗੇ।"
ਲਾਲ ਸਲਾਮ ਕਹੇ ਤੋਂ ਬਿਨਾਂ ਹੀ ਉਹ ਆਪਣੇ ਸਥਾਨ ਵੱਲ ਵਾਪਸ ਚਲਾ ਗਿਆ।
ਫਿਰ ਇਕ ਹੋਰ ਨਾਮ, ਇਕ ਹੋਰ, ਅਤੇ ਫਿਰ ਇਕ ਹੋਰ। ਇਕ ਇਕ ਕਰਕੇ ਬੁਲਾਰੇ ਪਹਿਲੇ ਦੇ ਸ਼ਬਦਾਂ ਨੂੰ ਦੁਹਰਾਉਂਦੇ, ਲਾਲ ਸਲਾਮ ਕਹਿੰਦੇ
ਅਤੇ ਵਾਪਸ ਆਪਣੀ ਜਗ੍ਹਾ ਉੱਤੇ ਜਾ ਬੈਠਦੇ। ਚੰਦਨ ਫਿਰ ਸੋਚੀਂ ਪੈ ਗਿਆ ਕਿ ਇਹ ਤਾਂ ਗੜਬੜ ਹੋ ਰਹੀ ਹੈ। ਸੋ ਉਸ ਨੇ ਰਾਜੂ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਤਾਂ ਕਿ ਵਿਚਾਰ-ਚਰਚਾ ਨੂੰ ਅਗਾਂਹ ਤੋਰਿਆ ਜਾ ਸਕੇ।
ਰਾਜੂ, ਜੇ ਕੇ ਚੰਦਨ ਦੇ ਨਾਲ ਹੀ ਬੈਠਾ ਸੀ, ਬਹੁਤ ਹੀ ਸੰਜੀਦਾ ਮੁਦਰਾ ਵਿਚ ਖੜ੍ਹਾ ਹੋਇਆ। ਚਾਰੇ ਪਾਸੇ ਨਜ਼ਰ ਘੁਮਾ ਕੇ ਉਸ ਨੇ ਆਪਣਾ ਭਾਸ਼ਨ ਸ਼ੁਰੂ ਕੀਤਾ,
"ਸਾਥੀਓ!" ਐਨਾ ਕਹਿ ਕੇ ਉਹ ਪਲ ਦੀ ਪਲ ਚੁੱਪ ਹੋਇਆ ਅਤੇ ਜਦ ਉਸ ਨੇ ਦੂਸਰਾ ਵਾਕ ਬੋਲਣ ਲਈ ਮੂੰਹ ਖੋਲ੍ਹਿਆ ਤਾਂ ਵਾਕ ਦੀ ਬਜਾਏ ਹਾਸੇ ਦੀ ਗੜਗੜਾਹਟ ਨੇ ਮਾਹੌਲ ਵਿਚ ਅਜਿਹਾ ਘਮਸਾਨ ਪੈਦਾ ਕੀਤਾ ਕਿ ਮਾਸੇ ਦੇ 'ਭਾਸ਼ਨ' ਨੂੰ ਵੀ ਮਾਤ ਦੇ ਦਿੱਤੀ। ਰਾਜੂ ਦਾ ਹਾਸਾ ਰੁਕਣ ਦਾ ਨਾਂਅ ਹੀ ਨਾ ਲਵੇ। ਉਹ ਪੰਡਾਲ ਨੂੰ ਹਸਾਈ ਜਾਵੇ ਅਤੇ ਪੰਡਾਲ ਮੋੜਵੇਂ ਰੂਪ ਵਿਚ ਉਸਦੀਆਂ ਵੱਖੀਆਂ ਦੇ ਕੜੱਲ ਕੱਢੀ ਜਾਵੇ। ਚੰਦਨ ਨੇ ਨਾ ਰਾਜੂ ਵੱਲ ਦੇਖਿਆ, ਨਾ ਕੁਝ ਕਿਹਾ। ਉਸ ਨੇ ਆਪਣਾ ਮੱਥਾ ਫੜ੍ਹ ਲਿਆ ਤੇ ਨਿਰਾਸ਼ਤਾ ਨਾਲ ਹੱਥ ਝਟਕ ਦਿੱਤਾ। ਹੁਣ ਸਭ ਕੁਝ ਖ਼ਤਮ ਸੀ। ਓਧਰ ਅਮਰੀਕਾ ਦਨਦਨਾ ਰਿਹਾ ਸੀ ਏਧਰ ਰਾਜੂ ਨੇ ਹਰ ਕਿਸੇ ਨੂੰ ਬੁਰੀ ਤਰ੍ਹਾਂ ਨਾਲ ਹਾਸੇ ਦੀ ਲਪੇਟ ਵਿਚ ਲੈ ਰੱਖਿਆ ਸੀ। ਹਾਸੇ ਦੇ 1 ਦੇ ਤੂਫ਼ਾਨ ਨੂੰ ਰੋਕਣਾ ਚੰਦਨ ਤਾਂ ਕੀ ਕਿਸੇ ਦੇ ਵੀ ਵੱਸ ਵਿਚ ਨਹੀਂ ਸੀ ਰਹਿ ਗਿਆ। ਇਸ ਤੋਂ ਪਹਿਲਾਂ ਕਿ ਚੰਦਨ ਮੀਟਿੰਗ ਬਰਖ਼ਾਸਤ ਕਰਨ ਦਾ ਐਲਾਨ ਕਰਦਾ, ਰਾਜੂ ਇਕ ਦਮ ਖ਼ਾਮੋਸ਼ ਹੋ ਗਿਆ ਅਤੇ ਉਸ ਨੇ ਆਪਣਾ ਹੱਥ ਉਠਾ ਕੇ ਹਰ ਕਿਸੇ ਨੂੰ ਖ਼ਾਮੋਸ਼ ਹੋ ਜਾਣ ਦਾ ਇਸ਼ਾਰਾ ਕੀਤਾ। ਜਦ ਰਾਜੂ ਨੇ ਫਿਰ ਤੋਂ ਬੋਲਣਾ ਸ਼ੁਰੂ ਕੀਤਾ ਤਾਂ ਚੰਦਨ ਨੇ ਆਪਣਾ ਸਿਰ ਨਹੀਂ ਚੁੱਕਿਆ। ਕਾਪੀ ਨੂੰ ਬੰਦ ਕਰਕੇ ਉਸ ਨੇ ਆਪਣਾ ਸਾਮਾਨ ਸਮੇਟ ਲਿਆ ਅਤੇ ਉਡੀਕਣ ਲੱਗਾ ਕਿ ਜਦੋਂ ਹੀ ਰਾਜੂ ਫਿਰ ਹੱਸਣਾ ਸ਼ੁਰੂ ਕਰੇਗਾ ਉਹ ਮੀਟਿੰਗ ਦੇ ਖ਼ਤਮ ਹੋਣ ਦਾ ਐਲਾਨ ਕਰ ਦੇਵੇਗਾ। ਇਕ, ਦੋ, ਚਾਰ ਅਤੇ ਜਦ ਦੱਸ ਵਾਕਾਂ ਬਾਦ ਵੀ ਰਾਜੂ ਚੁੱਪ ਨਾ ਕੀਤਾ ਤਾਂ ਚੰਦਨ ਨੇ ਸਿਰ ਉਤਾਂਹ ਚੁੱਕਿਆ। ਪਰ ਰਾਜ ਆਪਣੇ ਵੇਗ ਵਿਚ ਬੋਲਦਾ ਹੀ ਗਿਆ। ਉਹ ਕੋਈ ਅੱਧਾ ਘੰਟਾ ਆਪਣੀ ਤਕਰੀਰ ਕਰਦਾ ਰਿਹਾ ਜਿਸ ਨੂੰ ਸਿਰਫ਼ ਤਾੜੀਆਂ ਦੀ ਗੜਗੜਾਹਟ ਹੀ ਥੋੜ੍ਹੇ ਥੋੜ੍ਹੇ ਵਕਫ਼ੇ ਬਾਦ ਰੋਕ ਪਾਉਂਦੀ ਸੀ। ਉਸ ਨੇ ਓਸਾਮਾ ਬਿਨ ਲਾਦੇਨ, ਅਮਰੀਕਾ, ਬਰਤਾਨੀਆ, ਭਾਰਤ, ਪਾਕਿਸਤਾਨ, ਤੇਲ, ਜੰਗ, ਸਾਮਰਾਜਵਾਦ, ਗੱਲ ਕੀ ਸਾਰੇ ਕੁਝ ਦੇ ਬਖੀਏ ਉਧੇੜ ਕੇ ਸਾਹਮਣੇ ਰੱਖ ਦਿੱਤੇ। ਉਸ ਦੇ ਭਾਸ਼ਨ ਨੇ ਇਹ ਦਿਖਾ ਦਿੱਤਾ ਕਿ ਅਮਰੀਕਾ ਦੁਨੀਆਂ ਦਾ ਨੰਬਰ ਇਕ ਦੁਸ਼ਮਣ ਕਿਵੇਂ ਹੈ ਅਤੇ ਅੱਤਵਾਦ ਵਿਰੁੱਧ ਲੜਾਈ ਦੇ ਨਾਂਅ ਹੇਠ ਉਹ ਕਿਵੇਂ ਸੰਸਾਰ ਜਿੱਤਣ ਦੀ ਮੁਹਿੰਮ ਉੱਤੇ ਨਿਕਲਣਾ ਚਾਹੁੰਦਾ ਹੈ। ਅੰਤ ਵਿਚ ਉਸ ਨੇ ਜ਼ੋਰਦਾਰ ਨਾਅਰੇ ਲਗਾ ਕੇ ਆਪਣੀ ਤਕਰੀਰ ਖ਼ਤਮ ਕੀਤੀ। ਬੈਠਣ ਤੋਂ ਪਹਿਲਾਂ ਉਸਨੇ ਹਰ ਕਿਸੇ ਨੂੰ ਉਸ ਗੀਤ ਦੇ ਮਾਅਨੇ ਸਮਝਾਏ ਜਿਹੜਾ ਉਹਨਾਂ ਨੇ ਅਮਰੀਕੀ ਹਮਲੇ ਵਿਰੁੱਧ ਨਵਾਂ ਤਿਆਰ ਕੀਤਾ ਸੀ ਅਤੇ ਜਿਸ ਵਿਚ ਮੁਸਲਿਮ ਜਨਤਾ ਨਾਲ ਇਕਮੁੱਠਤਾ ਪ੍ਰਗਟਾਈ ਗਈ ਸੀ।
ਰਾਜੂ ਦੀ ਤਕਰੀਰ ਨੇ ਚੰਦਨ ਦੇ ਚਿਹਰੇ ਉੱਤੇ ਭਰਪੂਰ ਖੁਸ਼ੀ ਲੈ ਆਂਦੀ ਸੀ। ਹੁਣ ਉਹ ਤਸੱਲੀ ਵਿਚ ਸੀ।
"ਸਾਥੀ ਅੜਮਾ।" ਇਕ ਹੋਰ ਨਾਂਅ ਲਿਆ ਗਿਆ।
ਅੜਮਾ ਆਪਣੀ ਥਾਂ ਤੋਂ ਪੂਰੀ ਸ਼ਾਨ ਨਾਲ ਉੱਠਿਆ ਅਤੇ ਝੁਲਦਾ ਹੋਇਆ ਸਟੇਜ
ਉੱਤੇ ਪਹੁੰਚ ਗਿਆ। ਚਾਰੇ ਪਾਸੇ ਨਜ਼ਰ ਘੁਮਾ ਕੇ ਉਸ ਨੇ ਸਿਰ ਨੂੰ ਖੁਰਕਿਆ ਅਤੇ ਸੋਚਣ ਲੱਗਾ ਕਿ ਰਾਜੂ ਦੇ ਭਾਸ਼ਨ ਤੋਂ ਬਾਦ ਹੋਰ ਬੋਲਣ ਨੂੰ ਕੀ ਰਹਿ ਗਿਆ। ਸਿਰ ਖੁਰਕਣ ਨਾਲ ਵੀ ਜਦ ਉਸ ਨੂੰ ਕੁਝ ਨਾ ਔੜਿਆ ਤਾਂ ਉਸ ਨੇ ਦੋਵੇਂ ਹੱਥ ਵੱਖੀਆਂ ਉੱਤੇ ਟਿਕਾ ਲਏ। ਰਾਜੂ ਨਾਲ ਨਜ਼ਰ ਟਕਰਾਉਂਦਿਆਂ ਹੀ ਉਸ ਨੂੰ ਪਤਾ ਲੱਗ ਗਿਆ ਕਿ ਉਸ ਨੇ ਕੀ ਕਹਿਣਾ ਹੈ। ਸਭ ਦੇ ਸਿਰਾਂ ਤੋਂ ਪਾਰ ਉਸ ਨੇ ਹਨੇਰੇ ਉੱਤੇ ਆਪਣੀਆਂ ਨਜ਼ਰਾਂ ਗੱਡੀਆਂ ਤੇ ਬੋਲਿਆ,
"ਅਮਰੀਕਾ ਦੁਨੀਆਂ ਦਾ ਦੁਸ਼ਮਣ ਨੰਬਰ ਇਕ ਹੈ। ਕੱਲ ਸਾਰੇ ਜਣੇ ਵਿੱਲ ਖਾੜ, ਕਹਾੜੇ ਤੇ ਦਾਤੀਆਂ ਲੈ ਕੇ ਪਹੁੰਚੋ। ਅਸੀਂ ਅਮਰੀਕਾ ਨਾਲ ਜੰਗ ਲੜਾਂਗੇ।" ਇਕੋ ਸਾਹੇ ਉਸ ਨੇ ਤਿੰਨੇ ਵਾਕ ਕਹੇ, ਭਰਵੀਂ ਤੇ ਜ਼ੋਰਦਾਰ ਬੁੱਕ ਜ਼ਮੀਨ ਉੱਤੇ ਸੁੱਟੀ ਅਤੇ ਉਸੇ ਤਰ੍ਹਾਂ ਝੁਲਦਾ ਹੋਇਆ ਵਾਪਸ ਚਲਾ ਗਿਆ ਜਿਵੇਂ ਆਇਆ ਸੀ।
ਚੰਦਨ ਨੇ ਮਹਿਸੂਸ ਕੀਤਾ ਕਿ ਰਾਜੂ ਦੀ ਤਕਰੀਰ ਇਕ ਤਰ੍ਹਾਂ ਨਾਲ ਆਖ਼ਰੀ ਤਕਰੀਰ ਸੀ। ਸਾਰਾ ਕੁਝ ਉਸ ਵਿਚ ਸਮੇਟਿਆ ਜਾ ਚੁੱਕਾ ਸੀ। ਪਰ ਉਸ ਦੀ ਜ਼ਰੂਰਤ ਇਹ ਸੀ ਕਿ ਹਰ ਵਿਅਕਤੀ ਬੋਲਣਾ ਸਿੱਖੇ। ਓਥੇ ਦਰਜਨਾਂ ਕਾਰਕੁਨ ਹਾਜ਼ਰ ਸਨ, ਸਾਰੇ ਹੀ ਸਰਗਰਮ। ਕਬਾਇਲੀ ਸਿਆਸੀ ਲੀਡਰਸ਼ਿਪ ਦਾ ਉੱਭਰਨਾ ਅਹਿਮ ਕਾਰਜ ਸੀ ਜਿਸ ਨੂੰ ਹਰ ਹਾਲਤ ਪੂਰਾ ਕੀਤਾ ਜਾਣਾ ਸੀ। ਇਸ ਲਈ ਅਜਿਹੇ ਮੌਕਿਆਂ ਨੂੰ ਪੂਰੀ ਤਰ੍ਹਾਂ ਸਾਰਥਕ ਬਨਾਉਣਾ ਜ਼ਰੂਰੀ ਸੀ। ਸੋ ਉਸਨੇ ਬਾਕੀ ਦੇ ਬੁਲਾਰਿਆਂ ਨੂੰ ਬਾਕਾਇਦਾ ਵਾਰੀ ਸਿਰ ਸਟੇਜ ਉੱਤੇ ਸੱਦਿਆ ਅਤੇ ਬੋਲਣ ਲਈ ਉਤਸ਼ਾਹਤ ਕੀਤਾ। ਆਖ਼ਰ ਨੂੰ ਉਹਨਾਂ ਨੇ ਹੀ ਸਾਰੇ ਇਲਾਕੇ ਨੂੰ ਉਭਾਰਨਾ ਅਤੇ ਜੱਦੋਜਹਿਦ ਵਿਚ ਪਾਉਣਾ ਸੀ। ਸੋ ਜੇ ਉਹ ਆਪਣਾ ਝਾਕਾ ਨਹੀਂ ਖੋਲ੍ਹਣਗੇ ਅਤੇ ਭਾਸ਼ਨ ਕਰਨਾ ਨਹੀਂ ਸਿੱਖਣਗੇ ਤਾਂ ਵੱਡੀ ਮੁਸ਼ਕਲ ਬਣੀ ਰਹੇਗੀ। ਜੇ ਕਬਾਇਲੀ ਸੁਹਣੀ ਤਾਲ ਨਾਲ ਨੱਚ ਸਕਦੇ ਹਨ, ਵਧੀਆ ਲੈਅ ਨਾਲ ਗਾ ਸਕਦੇ ਹਨ ਤਾਂ ਉਹ ਵੱਖ ਵੱਖ ਮਸਲਿਆਂ ਉੱਪਰ ਸੁਹਣਾ ਭਾਸ਼ਨ ਕਰਨ ਦੇ ਯੋਗ ਵੀ ਬਣਾਏ ਜਾ ਸਕਦੇ ਹਨ। ਫਿਰ ਵੀ ਰਾਜੂ ਦੀ ਤਕਰੀਰ ਤੋਂ ਬਾਦ ਅਜਿਹਾ ਕੁਝ ਨਹੀਂ ਸੀ ਰਹਿ ਗਿਆ ਜਿਸਨੂੰ ਕੋਈ ਹੋਰ ਕਹਿ ਦੇਂਦਾ। ਜੇ ਰਾਜੂ ਨਾ ਬੋਲਦਾ ਤਾਂ ਵੀ ਦਿੱਕਤ ਬਣੀ ਰਹਿਣੀ ਸੀ ਅਤੇ ਜੇ ਬੋਲ ਚੁੱਕਾ ਸੀ ਤਾਂ ਫਿਰ ਵੀ ਦਿੱਕਤ ਹੀ ਬਣੀ ਰਹੀ। ਪਰ ਚੰਦਨ ਹਰ ਕਿਸੇ ਨੂੰ ਕਹਿੰਦਾ ਰਿਹਾ ਕਿ ਉਹ ਬੇ- ਪਵਾਹ ਹੋ ਕੇ ਜੋ ਕਹਿ ਸਕਦੇ ਹਨ ਕਹਿ ਦੇਣ। ਫਿਰ ਵੀ ਕਈ ਆਪਣੀ ਥਾਂ ਤੋਂ ਹੀ ਨਾ ਉੱਠੇ, ਕਿਸੇ ਨੇ ਆਪਣੀ ਥਾਂ ਤੋਂ ਹੀ ਆਪਣੀ ਗੱਲ ਕਹਿ ਦਿੱਤੀ ਅਤੇ ਕਿਸੇ ਨੇ ਹੁੰਗਾਰਾ ਭਰਨ ਤੋਂ ਹੀ ਗੁਰੇਜ਼ ਕਰਕੇ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕੀਤਾ। ਇਸ ਵਿਚਾਰ-ਚਰਚਾ ਦੇ ਸਿਲਸਿਲੇ ਵਿਚ ਰਾਤ ਦੇ ਗਿਆਰਾਂ ਵੱਜ ਗਏ। ਖਾਣੇ ਦਾ ਸਮਾਂ ਚਿਰੋਕਣਾ ਲੰਘ ਗਿਆ ਸੀ। ਸਵੇਰੇ ਹਰ ਕਿਸੇ ਨੇ ਸੱਭਿਆਚਾਰਕ ਪ੍ਰੋਗਰਾਮ ਤੇ ਕਾਨਫਰੰਸ ਨੂੰ ਕਾਮਯਾਬ ਬਨਾਉਣ ਦੀ ਤਿਆਰੀ ਕਰਨੀ ਸੀ। ਸੋ ਖਾਣ ਅਤੇ ਸੌਣ ਲਈ ਸਭਾ ਉਠਾ ਦਿੱਤੀ ਗਈ।
ਰਾਜੂ ਨੇ ਜੋ ਤਕਰੀਰ ਕੀਤੀ ਸੀ ਉਸ ਦਾ ਪਿੱਛਾ ਮੇਰਾ ਮੌਕੇ ਦਾ ਦੁਭਾਸ਼ੀਆ ਨਹੀਂ ਸੀ ਕਰ ਪਾਇਆ ਸੋ ਉਹ ਜਲਦੀ ਹੀ ਚੁੱਪ ਕਰ ਗਿਆ ਸੀ। ਮੈਂ ਕੁਝ ਜਾਣੇ ਪਛਾਣੇ ਸ਼ਬਦਾਂ ਤੋਂ ਤਰਤੀਬ ਬੰਨ੍ਹਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਜਲਦੀ ਹੀ ਮੈਂ ਵੀ ਇਹ ਕੋਸ਼ਿਸ਼ ਛੱਡ ਦਿੱਤੀ। ਰੋਟੀ ਖਾਂਦੇ ਵਕਤ ਚੰਦਨ ਨੇ ਰਾਜੂ ਦੀ ਖੂਬ ਤਾਰੀਫ਼ ਕੀਤੀ।
ਕਬਾਇਲੀ ਕਾਰਕੁੰਨਾਂ ਦੇ ਵਿਕਾਸ ਵਾਸਤੇ ਉਸ ਨੂੰ ਜਿਹੜਾ ਵੀ ਤਰੀਕਾ ਸੁੱਝਦਾ ਉਹ ਉਸ ਨੂੰ ਹੀ ਵਰਤ ਲੈਂਦਾ। ਰਾਜੂ ਵੀ ਕਬਾਇਲੀ ਹੀ ਸੀ। ਅੱਖਰ ਗਿਆਨ ਤੋਂ ਕੋਰਾ। ਪੜ੍ਹਣਾ ਲਿਖਣਾ ਉਸ ਨੇ ਜਿੰਨਾ ਵੀ ਸਿੱਖਿਆ ਸੀ ਉਹ ਸੱਭਿਆਚਾਰਕ ਟੋਲੀ ਅਧੀਨ ਉਸ ਦੀ ਡੇਢ ਸਾਲ ਦੀ ਸਖ਼ਤ ਮਿਹਨਤ ਦਾ ਸਿੱਟਾ ਸੀ।
ਸੌਣ ਵੇਲੇ ਰਾਜੂ ਨੇ ਦੁਨੀਆਂ ਦੇ ਹੋਰ ਦੇਸ਼ਾਂ ਦੇ ਨਾਂਅ ਜਾਨਣ ਦੀ ਇੱਛਾ ਜ਼ਾਹਰ ਕੀਤੀ। ਉਸ ਨੇ ਇਹ ਵੀ ਜਾਨਣਾ ਚਾਹਿਆ ਕਿ ਕੀ ਅਮਰੀਕਾ ਕੋਲ ਆਪਣਾ ਤੇਲ ਨਹੀਂ ਹੈ ਜੋ ਉਹ ਦੂਸਰੇ ਦੇਸ਼ਾਂ ਉੱਤੇ ਹਮਲਾ ਕਰ ਰਿਹਾ ਹੈ। ਫਿਰ ਉਸ ਨੇ ਅਚਾਨਕ ਇਹ ਸਵਾਲ ਕਰ ਦਿੱਤਾ,
"ਇਹ ਤੇਲ ਦਾ ਕੀ ਚੱਕਰ ਹੈ? ਕੀ ਤੇਲ ਉਸੇ ਤਰਾਂ ਨਿਕਲਦਾ ਹੈ ਜਿਵੇਂ ਟੋਰਾ (ਮਹੁਆ ਦੇ ਬੀਜ) ਵਿਚੋਂ ਨਿਕਲਦਾ ਹੈ?" ਜਦ ਉਸ ਨੂੰ ਦੱਸਿਆ ਗਿਆ ਕਿ ਇਹ ਜ਼ਮੀਨ ਵਿਚੋਂ ਨਿਕਲਦਾ ਹੈ ਤਾਂ ਉਹ ਝੱਟ ਬੋਲ ਪਿਆ, "ਕੀ ਲੋਹੇ ਵਾਂਗ?"
"ਹਾਂ ਵੀ, ਅਤੇ ਨਹੀਂ ਵੀ। ਨਿਕਲਦਾ ਜ਼ਮੀਨ ਵਿੱਚ ਹੈ ਪਰ ਲੋਹੇ ਵਾਂਗ ਨਹੀਂ। ਮਿੱਟੀ ਦਾ ਤੇਲ ਉਸੇ ਦਾ ਹਿੱਸਾ ਹੈ।”
ਮੇਰੇ ਵਾਸਤੇ ਦੱਸਣਾ ਮੁਸ਼ਕਲ ਹੋ ਗਿਆ ਕਿ ਉਹ ਸਮਝ ਸਕੇ। ਉਸ ਨੇ ਜਾਂ ਟੋਰਾ ਦਾ ਤੇਲ ਦੇਖਿਆ ਹੈ, ਜਿਹੜਾ ਕਿ ਉਹ ਘਰਾਂ ਵਿਚ ਖਾਣਾ ਬਣਾਉਣ ਵਾਸਤੇ ਵਰਤਦੇ ਹਨ, ਜਾਂ ਫਿਰ ਮਿੱਟੀ ਦਾ, ਜਿਸ ਨੂੰ ਉਹਨਾਂ ਦਾ ਸੱਭਿਆਚਾਰਕ ਦਸਤਾ ਲੈਂਪ ਵਿਚ ਬਾਲਦਾ ਹੈ। ਰਾਜੂ ਇਕ ਇਕ ਕਰਕੇ ਚੀਜ਼ਾਂ ਬਾਰੇ ਜਾਨਣ ਲਈ ਉਤਸੁਕ ਸੀ। ਪਲਾਸਟਿਕ, ਪੇਟਰੋਲ, ਪੈੱਨ, ਝਿੱਲੀ ਆਦਿ ਉਹ ਹਰ ਉਸ ਚੀਜ਼ ਬਾਰੇ ਪੁੱਛਦਾ ਹੈ, ਜਿਹੜੀ ਉਸ ਨੇ ਦੇਖੀ ਜਾਂ ਸੁਣੀ ਹੋਈ ਸੀ, ਕਿ ਉਹ ਕਿਸ ਪਦਾਰਥ ਦੀ ਬਣੀ ਹੋਈ ਹੈ।
ਰਾਜ ਮੰਚ ਦੀ ਪੜ੍ਹਾਈ ਵਿਚ ਤੀਸਰੀ ਜਮਾਤ ਤੱਕ ਪਹੁੰਚ ਚੁੱਕਾ ਹੈ, ਨੱਚਣ- ਗਾਉਣ ਅਤੇ ਮੰਚ ਉੱਤੇ ਕਿਰਦਾਰ ਨਿਭਾਉਣ ਦੀ ਕਲਾ ਦੇ ਨਾਲ ਨਾਲ ਉਹ ਸਿਆਸੀ ਮਾਮਲਿਆਂ ਬਾਰੇ ਜਾਨਣ ਦਾ ਜਿਗਿਆਸੂ ਹੈ। ਤੇਲ ਅਤੇ ਖਣਿਜਾਂ ਦੇ ਝੰਜਟਾਂ ਬਾਰੇ ਕਿਸੇ ਹੋਰ ਦਿਨ ਗੱਲਾਂ ਕਰਨ ਦਾ ਵਾਅਦਾ ਕਰ ਕੇ ਅਸੀਂ ਸੋ ਜਾਂਦੇ ਹਾਂ।
ਜਦ ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਅੱਧ ਕਲਾਕਾਰ ਜਾਗ ਚੁੱਕੇ ਸਨ। ਸੀਟੀ ਦਾ ਵਕਤ ਅਜੇ ਨਹੀਂ ਸੀ ਹੋਇਆ ਪਰ ਗਹਿਮਾ ਗਹਿਮੀ ਕਾਰਨ ਹਰ ਕੋਈ ਜਾਗਦਾ ਜਾ ਰਿਹਾ ਸੀ। ਚੰਦਨ ਵੱਲੋਂ ਵਿਸਲ ਮਾਰਨ ਤੱਕ ਤਕਰੀਬਨ ਹਰ ਕੋਈ ਜਾਗ ਚੁੱਕਾ ਸੀ। ਫਿਰ ਵੀ ਉਸ ਨੇ ਜ਼ਿੰਮੇਦਾਰੀ ਪੁਰੀ ਕੀਤੀ। ਚਾਹ ਦਾ ਸਮਾਂ ਹੋਣ ਤੱਕ ਦੋ ਜਣੇ ਇਕ ਖੱਚਰ ਨੂੰ ਕੱਪੜੇ, ਗੱਤਿਆਂ, ਕਾਗਜ਼ਾਂ ਆਦਿ ਸਾਮਾਨ ਨਾਲ ਲੱਦੀ ਓਥੇ ਪਹੁੰਚੇ। ਖੱਚਰ ਜਿਹਾ ਅਜੀਬ ਜਾਨਵਰ ਉਹਨਾਂ ਵਿੱਚੋਂ ਬਹੁਤਿਆਂ ਨੇ ਪਹਿਲੀ ਵਾਰ ਦੇਖਿਆ ਸੀ। ਬਸਤਰ ਵਿਚ ਨਾ ਗਧੇ ਹਨ ਨਾ ਘੋੜੇ। ਭਾਰ ਉਠਾਉਣ ਦੀ ਉਸ ਦੀ ਸਮੱਰਥਾ ਨੂੰ ਦੇਖ ਕੋ ਉਹ ਹੈਰਾਨ ਹੋਏ। ਭਾਵੇਂ ਕਿ ਗੱਤਿਆਂ/ਕਾਗਜ਼ਾਂ ਦਾ ਭਾਰ ਕੋਈ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਸਾਮਾਨ ਦੀ ਫੈਲਾਵਟ ਐਨੀ ਸੀ ਕਿ ਉਸ ਨੂੰ ਹਿੱਕ ਕੇ ਜੰਗਲ ਵਿਚੋਂ ਲੈ ਆਉਣਾ ਆਸਾਨ ਕੰਮ ਨਹੀਂ ਰਿਹਾ ਹੋਵੇਗਾ।
"ਧਾਨ ਲੱਦ ਕੇ ਲੈ ਜਾਣ ਲਈ ਇਹਨੂੰ ਵਰਤਿਆ ਜਾ ਸਕਦੇ," ਕਿਸੇ ਨੇ ਕਿਹਾ।
ਉਸ ਨੂੰ ਉਹ ਰਾਈਸ ਮਿੱਲ ਚੇਤੇ ਆ ਗਈ ਸੀ ਜਿਹੜੀ ਇਸ ਪਿੰਡ ਤੋਂ ਦੱਸ ਕੁ ਕਿਲੋਮੀਟਰ ਦੂਰ ਕਿਸੇ ਪਿੰਡ ਵਿਚ ਸਾਂਝੇ ਉੱਦਮ ਨਾਲ ਲਗਾਈ ਗਈ ਸੀ। ਲੋਕ ਇਸੇ ਲਈ ਓਥੇ ਧਾਨ ਛਟਾਉਣ ਨਹੀਂ ਸਨ ਜਾਂਦੇ ਕਿਉਂਕਿ ਐਨੀ ਦਰ ਪਿੱਠ ਉਤੇ ਭਾਰ ਲੱਦ ਕੇ ਲੈ ਜਾਣਾ ਸੌਖਾ ਕੰਮ ਨਹੀਂ ਸੀ। ਇਨਕਲਾਬੀ ਲਹਿਰ ਨੇ ਅਨੇਕਾਂ ਪਿੰਡਾਂ ਵਿਚ ਅਜਿਹੀਆਂ ਰਾਈਸ ਮਿੱਲਾਂ ਸਥਾਪਤ ਕੀਤੀਆਂ ਹਨ ਜਿੱਥੋਂ ਲੋਕਾਂ ਨੂੰ ਬਹੁਤ ਹੀ ਸਸਤੀਆਂ ਦਰਾਂ ਉੱਤੇ ਚੋਲ ਛਟਾਈ ਸੇਵਾ ਦਿੱਤੀ ਜਾਂਦੀ ਹੈ। ਇਸ ਨਾਲ ਔਰਤਾਂ ਨੂੰ ਰੋਜ਼ ਰੋਜ਼ ਦੀ ਧਾਨ ਕਟਾਈ ਕਰਨ ਤੋਂ ਨਿਜਾਤ ਮਿਲੀ ਹੈ। ਕਈ ਪਿੰਡਾਂ ਵਿਚ ਮੈਂ ਦੇਖਿਆ ਕਿ ਉਹ ਤੜਕਸਾਰ ਤਿੰਨ ਵਜੇ ਹੀ ਧਾਨ ਕੱਟਣ ਲੱਗ ਪੈਂਦੀਆਂ ਹਨ ਅਤੇ ਸਵੇਰ ਦਾ ਚਾਨਣ ਹੋਣ ਤਕ ਪੂਰੇ ਪਰਿਵਾਰ ਵਾਸਤੇ ਦਿਨ ਭਰ ਦੀ ਵਰਤੋਂ ਜੋਗੋ ਚੋਲ ਕਰ ਲੈਂਦੀਆਂ ਹਨ। ਜਿੱਥੇ ਜਿੱਥੇ ਰਾਈਸ ਮਿੱਲਾਂ ਦੀ ਵਰਤੋਂ ਸ਼ੁਰੂ ਹੋਈ ਹੈ ਓਥੇ ਔਰਤਾਂ ਵਾਸਤੇ ਇਹ ਜੋਖ਼ਮ ਖ਼ਤਮ ਹੋ ਗਿਆ ਹੈ ਜਿਸ ਨਾਲ ਉਹਨਾਂ ਨੂੰ ਹੋਰਨਾਂ ਕੰਮਾਂ ਵੱਲ ਧਿਆਨ ਦੇਣ ਦਾ ਖੁੱਲ੍ਹਾ ਸਮਾਂ ਮਿਲਣ ਲੱਗਾ ਹੈ। ਮਹਿਲਾ ਸੰਘ ਇਸ ਸਹੂਲਤ (ਰਾਈਸ ਮਿੱਲ) ਨੂੰ ਵਰਤਣ ਲਈ ਖੂਬ ਪਰਚਾਰ ਕਰਦਾ ਹੈ। ਇਸ ਤਰ੍ਹਾਂ ਵਿਹਲੇ ਬਹਿ ਕੇ ਬੀੜੀ ਫੂਕਣ ਵਾਲੇ ਆਦਮੀਆਂ ਦੀ ਵੀ ਇਕ ਜ਼ਿੰਮੇਦਾਰੀ ਹੋਰ ਵਧ ਗਈ ਹੈ।
ਖੱਚਰ ਤੋਂ ਉਤਾਰੇ ਸਾਮਾਨ ਨੂੰ ਨਾਟਕ ਮੰਡਲੀ ਨੇ ਕਈ ਹਿੱਸਿਆਂ ਵਿਚ ਵੰਡ ਕੇ ਵੱਖ ਵੱਖ ਟੀਮਾਂ ਨੂੰ ਸੌਂਪ ਦਿੱਤਾ। ਚੰਦਨ ਨੇ ਗੈਂਡ ਬੋਲੀ ਦੇ ਨਾਅਰਿਆਂ ਨੂੰ ਦੇਵਨਾਗਰੀ ਲਿੱਪੀ ਵਿਚ ਕੁਝ ਬੇਨਰਾਂ ਅਤੇ ਮਾਟੋਆਂ ਉੱਤੇ ਪੈਸਿਲ ਨਾਲ ਭਰੀਟ ਦਿੱਤਾ। ਜਿਹੜੇ ਗੋਂਡ ਨੌਜਵਾਨ ਥੋੜ੍ਹਾ ਬਹੁਤ ਲਿਖਣਾ ਜਾਣਦੇ ਸਨ ਉਹਨਾਂ ਨੂੰ ਇਹ ਬੈਨਰ ਤੇ ਕਾਗਜ਼ ਦੋ ਦਿੱਤੇ ਗਏ ਅਤੇ ਕਿਹਾ ਗਿਆ ਕਿ ਉਹ ਬਾਕੀਆਂ ਉੱਤੇ ਪੂਰਨੇ ਪਾ ਦੇਣ। ਦੂਸਰਿਆਂ ਨੂੰ ਪੂਰਨਿਆਂ ਉੱਪਰ ਰੰਗਾਂ ਨਾਲ ਲਿਖਣ ਦਾ ਕੰਮ ਦੇ ਦਿੱਤਾ ਗਿਆ।
ਲਿਖਣ ਵਾਲਿਆਂ ਨੇ ਪਤਲੀਆਂ-ਪਤਲੀਆਂ ਟਾਹਣੀਆਂ ਤੋੜ ਕੇ ਦਾਤਣਾਂ ਚਿੱਥੀਆਂ ਜਿਹਨਾਂ ਤੋਂ ਬੁਰਸ਼ਾਂ ਦਾ ਕੰਮ ਲਿਆ ਗਿਆ। ਜੋ ਤੁਹਾਨੂੰ ਕਿਹਾ ਜਾਵੇ ਕਿ ਜ਼ਰਾ ਸੋਚੇ ਕਿ ਇਹਨਾਂ ਮੁੰਡੇ ਕੁੜੀਆਂ ਨੇ ਕਿਵੇਂ ਦੇਖ ਦੇਖ ਕੇ ਅੱਖਰ ਪਾਏ ਹੋਣਗੇ ਤਾਂ ਸ਼ਾਇਦ ਤੁਸੀਂ ਅੰਦਾਜ਼ਾ ਨਾ ਕਰ ਸਕੇ ਕਿ ਓਥੇ ਕੀ ਕੁਝ ਵਾਪਰਿਆ।
ਸਭ ਤੋਂ ਵੱਧ ਪੜ੍ਹਿਆਂ ਨੇ ਪੈਸਿਲਾਂ ਨਾਲ ਪੂਰਨੇ ਪਾਏ। ਜਿਹਨਾਂ ਨੂੰ ਅੱਖਰਾਂ ਦੀ ਥੋੜ੍ਹੀ ਬਹੁਤੀ ਵੀ ਪਛਾਣ ਸੀ ਉਹਨਾਂ ਨੇ ਬੁਰਸ਼ ਚਲਾਏ। ਜਿਹੜੇ ਬਿਲਕੁਲ ਹੀ ਕੁਝ ਨਹੀਂ ਸਨ ਜਾਣਦੇ ਉਹਨਾਂ ਨੇ ਬੈਨਰਾਂ ਦੀਆਂ ਕੰਨੀਆਂ ਫੜੀਆਂ। ਇਹ ਸਭ ਟੋਲੀਆਂ ਇੰਜ ਰੁੱਝੀਆਂ ਹੋਈਆਂ ਸਨ ਜਿਵੇਂ ਮਾਹਰ ਰੰਗਸਾਜ਼ ਹੋਣ। ਉਹ ਸੱਭ ਐਨੇ ਵਿਸ਼ਵਾਸ ਨਾਲ ਕੰਮ ਕਰ ਰਹੇ ਸਨ ਜਿਵੇਂ ਉਹਨਾਂ ਨੂੰ ਕਿਸੇ ਗਲਤੀ ਦਾ ਜ਼ਰਾ ਜਿੰਨਾ ਵੀ ਸ਼ੱਕ ਨਾ ਹੋਵੇ। ਜਲਦੀ ਹੀ ਕੁਝ ਅਜਿਹੇ ਸਿੱਟੇ ਸਾਹਮਣੇ ਆਏ ਜਿਹਨਾਂ ਨੇ ਚੰਦਨ ਨੂੰ ਹੱਥ ਉੱਚਾ ਕਰ ਕੇ ਸਭ ਨੂੰ ਰੋਕ ਦੇਣ ਲਈ ਮਜਬੂਰ ਕਰ ਦਿੱਤਾ। ਕਈ ਬੈਨਰਾਂ ਉੱਪਰ ਚਾਂਦੀ ਰੰਗੀ ਸਿਆਹੀ ਦੀਆਂ ਘਰਾਲਾਂ ਵਗ ਤੁਰੀਆ। ਕਿਸੇ ਨੇ 'ਮ' ਦੀ ਥਾਂ 'ਸ' ਬਣਾ ਦਿੱਤਾ ਅਤੇ ਕਿਸੇ ਨੇ 'ਕ' ਦੀ ਥਾਂ ਉੱਤੇ 'ਭ' ਲਿਖ ਦਿੱਤਾ। 'ਪ' 'ਧ' ਵਿਚ ਵਟ ਗਿਆ ਜਦ ਕਿ 'ੳ' 'ਅ' ਦਾ ਕੁਝ ਵੀ ਨਹੀਂ ਬਣਿਆ। ਅੱਖਰਾਂ ਦੀ ਇਸ ਕਲਾਕਾਰੀ ਨੇ ਅਸ਼ ਅਸ਼ ਕਰਵਾ ਦਿੱਤੀ। ਜਲੇਬੀ ਮਾਰਕਾ ਅੱਖਰ ਸੱਚੀਂ-ਮੁੱਚੀ ਹੀ ਚਾਂਦੀ ਰੰਗੀਆਂ, ਨੀਲੀਆਂ ਅਤੇ ਲਾਲ ਜਲੇਬੀਆਂ ਵਰਗੇ ਹੋ ਗਏ। ਕੁੱਲ ਮਿਲਾ ਕੇ ਸਮੁੱਚੀ ਵਰਕਸ਼ਾਪ
ਇਸ ਤਰ੍ਹਾਂ ਦੀ ਹੋ ਗਈ ਜਿਵੇਂ ਚਿੱਤਰ ਕਲਾ ਦਾ ਮੁਕਾਬਲਾ ਚੱਲ ਰਿਹਾ ਹੋਵੇ ਅਤੇ ਮਾਹਰ ਕਲਾਕਾਰ ਗੁੱਝੀ ਕਲਾ ਦੇ ਨਮੂਨੇ ਤਿਆਰ ਕਰ ਰਹੇ ਹੋਣ। ਚੰਦਨ ਵਲੋਂ ਰੋਕ ਦਿੱਤੇ ਜਾਣ ਨੇ ਹੋਰ ਨੁਕਸਾਨ ਹੋਣੋ ਬਚਾ ਲਿਆ। ਉਸਨੇ ਪੂਰਨਿਆਂ ਨੂੰ ਠੀਕ ਕੀਤਾ। ਬੁਰਸ਼ ਨੂੰ ਸਿਆਹੀ ਵਿਚ ਕਿੰਨਾ ਕੁ ਡੁਬੋਇਆ ਜਾਵੇ ਤੇ ਕਿੰਨਾ ਕੁ ਨਿਚੋੜਿਆ ਜਾਵੇ, ਕਰਕੇ ਦਿਖਾਇਆ। ਉਹ ਕੋਈ ਦੋ ਘੰਟੇ ਉਹਨਾਂ ਦੇ ਸਿਰ ਉੱਤੇ ਖੜ੍ਹਾ ਰਿਹਾ ਅਤੇ ਸੇਧ ਦੇਂਦਾ ਰਿਹਾ। ਜਦ ਉਸ ਨੂੰ ਯਕੀਨ ਹੋ ਗਿਆ ਕਿ ਹੁਣ ਗਲਤੀਆਂ ਜ਼ਿਆਦਾ ਨਹੀਂ ਹੋਣਗੀਆਂ ਤਾਂ ਹੀ ਉਹ ਓਥੋਂ ਹਿੱਲਿਆ। ਭਾਵੇਂ ਬੈਨਰਾਂ ਤਖ਼ਤੀਆਂ ਉੱਪਰ ਲਿਖੀਆਂ ਗੱਲਾਂ ਨੂੰ ਓਥੇ ਇਕੱਠੀ ਹੋਣ ਵਾਲੀ 99% ਜਨਤਾ ਨੇ ਨਹੀਂ ਸੀ ਪੜ੍ਹਣਾ ਪਰ ਫਿਰ ਵੀ ਅਸੂਲ ਮੁਤਾਬਕ ਬੈਨਰਾਂ ਦਾ ਖ਼ੁਸ਼ਖ਼ਤ ਅਤੇ ਦਰੁੱਸਤ ਹੋਣਾ ਜ਼ਰੂਰੀ ਸੀ।
ਗੋਂਡ ਮੁੰਡੇ ਕੁੜੀਆਂ ਦੇ ਬਾਪ ਦਾਦਿਆਂ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਫੁੱਲ, ਫਲ ਤੇ ਕੰਦ-ਮੂਲ ਚੁਗਦੇ ਚੁਗਦੇ ਇਕ ਦਿਨ ਰੰਗਾਂ ਤੇ ਬੁਰਸ਼ਾਂ ਨਾਲ ਆਪਣੀ ਜ਼ਿੰਦਗੀ ਬਾਰੇ ਬਿਆਨ ਦੇਣ ਲੱਗ ਜਾਣਗੀਆਂ, ਕਿ ਕੇਕੜਿਆਂ ਤੇ ਸੱਪਾਂ ਨੂੰ ਹੱਥਾਂ ਨਾਲ ਫੜ੍ਹਦੇ ਫੜ੍ਹਦੇ ਉਹ ਲਿਖਣ-ਕਲਾ ਦੇ ਇਕ ਵਿਸ਼ਾਲ ਸਕੂਲ ਦੇ ਵਿਦਿਆਰਥੀ ਜਾ ਬਨਣਗੇ। ਇਹ ਸਾਰਾ ਕੁਝ ਹੀ ਪਿੰਡ ਦੇ ਸੈਂਕੜੇ ਲੋਕਾਂ ਅਤੇ ਕਈ ਦਰਜਨ ਲੋਕ-ਕਲਾਕਾਰਾਂ ਵਾਸਤੇ ਅਜੀਬੋ-ਗ਼ਰੀਬ ਤਜ਼ਰਬਾ ਅਤੇ ਅਦਭੁੱਤ ਨਜ਼ਾਰਾ ਸੀ। ਟੋਲਿਆਂ ਦੇ ਟੋਲੇ ਇਹਨਾਂ ਟੀਮਾਂ ਦੁਆਲੇ ਜੁੜ ਕੇ ਉਹਨਾਂ ਅਜੀਬ ਅਜੀਬ ਆਕਾਰਾਂ ਨੂੰ ਘੁਰ ਰਹੇ ਸਨ ਜਿਹੜੇ ਕਾਗਜ਼ਾਂ ਅਤੇ ਬੈਨਰਾਂ ਉੱਤੇ ਬੁਰਸ਼ਾਂ ਰਾਹੀਂ ਪਗਟ ਹੋ ਰਹੇ ਸਨ।
"ਇਹ ਕੀ ਬਣਾਇਆ ਜਾ ਰਿਹੈ?" ਕਿਸੇ ਨੇ ਚੰਦਨ ਤੋਂ ਪੁੱਛਿਆ।
"ਬਣਾਇਆ ਕੁਝ ਨਹੀਂ ਜਾ ਰਿਹਾ। ਅਸੀਂ ਲਿਖ ਰਹੇ ਹਾਂ. ਲਿਖ।"
ਇਕ ਮਾਟੇ ਨੂੰ ਫੜ੍ਹ ਕੇ ਉਹ ਉਸ ਨੂੰ ਦੱਸਦਾ ਹੈ ਕਿ ਉਸ ਉੱਤੇ ਕੀ ਲਿਖਿਆ ਹੋਇਆ ਹੈ।
"ਹੂ, ਤਾਂ ਇਹ ਕੁਝ ਲਿਖਿਆ ਜਾ ਰਿਹੇ। ਇਹ ਤਾਂ ਸਾਡੀਆਂ ਹੀ ਗੱਲਾਂ ਨੇ। ਕੀ ਸਰਕਾਰ ਇਹਨਾਂ ਨੂੰ ਪੜ੍ਹੇਗੀ?" ਉਸ ਨੇ ਚੰਦਨ ਨੂੰ ਸਵਾਲ ਕੀਤਾ।
"ਹਾਂ, ਪੜ੍ਹ ਲਵੇਗੀ ਤੇ ਜਾਣ ਵੀ ਲਵੇਗੀ ਕਿ ਆਦਿਵਾਸੀ ਕੀ ਮੰਗਦਾ ਹੈ।"
"ਫਿਰ ਤਾਂ ਸਰਕਾਰ ਚੰਗੀ ਹੈ।"
"ਐਨਾ ਕੁ ਹੀ ਚੰਗੀ ਹੈ ਕਿ ਉਹ ਪੜ੍ਹ ਸਕਦੀ ਹੈ। ਪਰ ਐਨੀ ਚੰਗੀ ਨਹੀਂ ਕਿ ਉਹ ਇਹਨਾਂ ਨੂੰ ਮੰਨ ਵੀ ਲਵੇ। ਇਹ ਯਕੀਨੀ ਬਨਾਉਣ ਲਈ ਸਾਨੂੰ ਪੂਰਾ ਤਾਣ ਲਾਉਣਾ ਪਵੇਗਾ।"
ਚੰਦਨ ਨੇ ਦੇ ਕਲਾਕਾਰਾਂ ਦੇ ਮੋਢਿਆਂ ਉੱਪਰੋਂ ਆਪਣੀਆਂ ਬਾਹਵਾਂ ਵਲਾਈਆਂ ਅਤੇ ਗਾਉਣਾ ਸ਼ੁਰੂ ਕਰ ਦਿੱਤਾ,
ਇਹ ਜੰਗਲ ਅਪਨਾ ਰੋ. ਇਹ ਪਹਾੜ ਅਪਨਾ ਰੇ
ਇਹ ਗਲੀ ਅਪਨੀ ਰੇ, ਇਹ ਧਰਤੀ ਅਪਨੀ ਰੇ
ਜੰਗਲ ਅਪਨਾ, ਪਹਾੜ ਅਪਨਾ, ਗਲੀ ਅਪਨੀ, ਧਰਤੀ ਅਪਨੀ ਹੋ।
' ਹੋ' ਕਹਿੰਦਿਆਂ ਹੀ ਉਸ ਨੇ ਲਿਖਣ ਵਿਚ ਰੁੱਝੇ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਭ ਨੂੰ ਜੰਗਲ ਵਿਚ ਚੱਲਣ ਲਈ ਕਿਹਾ ਤਾਂ ਕਿ ਕੱਲ ਦੇ ਪ੍ਰੋਗਰਾਮ ਸਬੰਧੀ ਰਿਹਰਸਲ
ਹੋ ਸਕੇ।
.........ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਿੰਡਾਂ ਤੋਂ ਆਏ ਕਈ ਕਲਾਕਾਰਾਂ ਨੂੰ ਉਹਨਾਂ ਦੇ ਪਿੰਡਾਂ ਨੂੰ ਤੋਰ ਦਿੱਤਾ ਗਿਆ ਤਾਂ ਕਿ ਉਹ ਆਪਣੇ ਆਪਣੇ ਪਿੰਡ ਦੀ ਜਨਤਾ ਨੂੰ ਸਵੇਰ ਹੁੰਦੇ ਸਾਰ ਹੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਸਤੇ ਤੋਰ ਲੈਣ। ਕੁਝ ਦਰ ਦੇ ਪਿੰਡਾਂ ਦੀ ਜਨਤਾ ਪਹਿਲਾਂ ਹੀ ਪ੍ਰੋਗਰਾਮ ਵਾਲੀ ਥਾਂ ਵੱਲ ਤੁਰ ਚੁੱਕੀ ਸੀ। ਉਹਨਾਂ ਰਾਤ ਰਾਹ ਵਿਚ ਬਿਤਾਉਣੀ ਸੀ ਅਤੇ ਸਵੇਰ ਹੋਣ ਉੱਤੇ ਫਿਰ ਚੱਲ ਪੈਣਾ ਸੀ। ਅਗਲੇ ਦਿਨ ਸਵੇਰੇ ਅੱਠ ਵਜਦੇ ਤਕ ਕਈ ਪਿੰਡਾਂ ਤੋਂ ਟੋਲੇ ਪਹੁੰਚਣੇ ਸ਼ੁਰੂ ਹੋ ਗਏ। ਦੱਸ ਵਜਦੇ ਤੱਕ ਆਉਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਕੋਈ ਟੋਲਾ ਇਕ ਪਾਸਿਓਂ ਆ ਨਮੂਦਾਰ ਹੁੰਦਾ ਤਾਂ ਕੋਈ ਦੂਸਰੇ ਪਾਸਿਓਂ ਝਾੜੀਆਂ ਓਹਲਿਓ ਨਿਕਲਦਾ ਹੋਇਆ ਨਜ਼ਰੀਂ ਪੈਂਦਾ। ਸਮੁੱਚਾ ਜੰਗਲ ਇਕ ਤਰਾਂ ਨਾਲ ਲੋਕਾਂ ਦੇ ਝੁੰਡਾਂ ਦਾ ਭਰਿਆ ਹੋਇਆ ਦਿਖਾਈ ਦੇਣ ਲੱਗਾ। ਰੰਗ ਬਰੰਗੇ ਕੱਪੜੇ ਪਾਈ, ਸਿਰਾਂ ਉੱਤੇ ਨੀਲ ਗਾਵਾਂ ਦੇ ਸਿੰਗ ਅਤੇ ਮੋਰ ਪੰਖ ਸਜਾਈ, ਢੋਲ-ਢਮੱਕਾ ਵਜਾਉਂਦੇ ਲੋਕ ਇਕ ਮੈਦਾਨ ਵਿਚ ਇਕੱਠੇ ਹੁੰਦੇ ਗਏ। ਸਾਰਾ ਦਿੱਸ਼ ਇਓਂ ਜਾਪਣ ਲੱਗਾ ਜਿਵੇਂ ਬਹਾਰ ਦੀ ਰੁੱਤ ਆ ਗਈ ਹੋਵੇ ਅਤੇ ਚਾਰੇ ਪਾਸੇ ਫੁੱਲ ਹੀ ਫੁੱਲ ਖਿੜ ਉੱਠੇ ਹੋਣ। ਜੰਗਲ ਵਾਸੀ ਥਾਂ ਥਾਂ ਡੇਰੇ ਲਾ ਕੇ ਬੈਠਦੇ ਗਏ। ਹਰ ਪਿੰਡ ਦਾ ਇਕ ਅਲੱਗ ਝੁੰਡ ਇੱਕੋ ਥਾਵੇਂ ਟਿਕ ਜਾਂਦਾ। ਕੋਈ ਬੇ-ਤਰਤੀਬੀ ਨਹੀਂ, ਕੋਈ ਭੀੜ-ਭੜੱਕਾ ਨਹੀਂ, ਕੋਈ ਸ਼ੋਰ-ਸ਼ਰਾਬਾ ਨਹੀਂ।
ਚੰਦਨ ਦੀ ਸੀਟੀ ਵੱਜਣ ਨਾਲ ਮੁਜ਼ਾਹਰੇ ਵਾਸਤੇ ਤਿੰਨ ਕਤਾਰਾਂ ਦੀ ਫਾਰਮੇਸ਼ਨ ਬਨਣੀ ਸ਼ੁਰੂ ਹੋ ਗਈ। ਦੇਖਦਿਆਂ ਹੀ ਦੇਖਦਿਆਂ ਸੱਪ ਵਾਂਗ ਵਲ ਖਾਂਦੀ ਇਕ ਲੰਬੀ, ਅਮੁੱਕ ਜਾਪਦੀ ਕਤਾਰ ਹੋਂਦ ਵਿਚ ਆ ਗਈ। ਜਦ ਤੱਕ ਆਖ਼ਰੀ ਝੁੰਡ ਇਸ ਕਤਾਰ ਵਿਚ ਸ਼ਾਮਲ ਹੁੰਦੇ, ਅਗਵਾਨੂੰ ਹਿੱਸੇ ਨੂੰ ਪਿੰਡ ਵੱਲ ਨੂੰ ਤੋਰ ਦਿੱਤਾ ਗਿਆ। ਬੈਨਰਾਂ, ਝੰਡਿਆਂ ਅਤੇ ਤਖ਼ਤੀਆਂ ਨਾਲ ਸੱਜਿਆ ਨਾਅਰੇ ਮਾਰਦਾ ਹੋਇਆ ਇਕ ਵਿਸ਼ਾਲ ਜਲੂਸ ਜੰਗਲ ਦੇ ਵਿੱਚੋਂ ਦੀ ਢੋਲ-ਢਮੱਕੇ ਨਾਲ ਵਹਿ ਤੁਰਿਆ।
ਕਿਸ ਨੇ ਦੇਖਿਆ ਤੇ ਕਿਸ ਨੇ ਸੁਣਿਆ! ਨਾ ਕੋਈ ਸਰਕਾਰੀ ਅਧਿਕਾਰੀ, ਨਾ ਪੁਲਿਸ, ਨਾ ਦਰਸ਼ਕ। ਓਥੇ ਹਰ ਦਰਸ਼ਕ ਹੀ ਮਜ਼ਾਹਰਾਕਾਰੀ ਸੀ ਅਤੇ ਹਰ ਮਜ਼ਾਹਰਾਕਾਰੀ ਦਰਸ਼ਕ ਸੀ। ਲਾਗਲੇ ਕਸਬੇ ਤੋਂ ਚਾਰ ਪੰਜ ਦੁਕਾਨਦਾਰਾਂ ਨੇ ਆ ਕੇ ਆਪਣੀਆਂ ਦੁਕਾਨਾਂ ਸਜਾ ਰੱਖੀਆਂ ਸਨ. ਇਕ ਟੀਮ ਪੱਤਰਕਾਰਾਂ ਤੇ ਕੈਮਰਾਮੈਨਾਂ ਦੀ ਪਹੁੰਚੀ ਹੋਈ ਸੀ, ਕਸਬੇ ਤੋਂ ਹੀ ਦੋ ਤਿੰਨ ਮਾਸਟਰ ਜੀ ਆਏ ਹੋਏ ਸਨ। ਕੁਝ ਜਣੇ ਲਾਊਡ ਸਪੀਕਰ ਦੇ ਅਮਲੇ ਦੇ ਮੌਜੂਦ ਸਨ। ਜਲੂਸ ਦੇ ਦੌਰਾਨ, ਕਿਤਿਓਂ ਇਕ ਗੁਰੀਲਾ ਸਕੁਐਡ ਆਣ ਪਹੁੰਚਿਆ ਸੀ ਅਤੇ ਉਹ ਵੀ ਇਸ ਵਿਚ ਸ਼ਾਮਲ ਹੋ ਗਿਆ। ਜੰਗਲ ਵਿਚਲੇ ਇਸ ਮੁਜ਼ਾਹਰੇ ਨੇ ਪਤਾ ਨਹੀਂ ਬਾਹਰ ਕਿਤੇ ਕੋਈ ਹਲਚਲ ਛੇੜੀ ਕਿ ਨਹੀਂ ਪਰ ਮੁਜ਼ਾਹਰਾਕਾਰੀਆਂ ਦਾ ਜੋਸ਼ ਅਤੇ ਉਤਸ਼ਾਹ ਦੇਖਿਆਂ ਹੀ ਪਤਾ ਲੱਗਣ ਵਾਲਾ ਸੀ।
ਅਮਰੀਕੀ ਹਮਲੇ ਸਬੰਧੀ ਓਨੇ ਮਜ਼ਾਹਰੇ ਸਾਰੇ ਹਿੰਦੋਸਤਾਨ ਵਿਚ ਨਹੀਂ ਹੋਏ ਹੋਣੇ ਜਿੰਨੇ ਬਸਤਰ ਦੇ ਜੰਗਲਾਂ ਵਿਚ ਹੋ ਚੁੱਕੇ ਸਨ। ਜਾਹਲ, ਅਨਪੜ ਤੇ ਅਗਿਆਨੀ ਲੋਕ ਅਜਿਹੇ ਮਸਲੇ ਉੱਤੇ ਹਰਕਤ ਵਿਚ ਆਏ ਹੋਏ ਸਨ ਜਿਸ ਸਬੰਧੀ ਸਮਾਜ ਦੇ ਸੱਭਿਅਕ,
ਬੁੱਧੀਮਾਨ ਅਤੇ ਗਿਆਨਵਾਨ ਹਿੱਸੇ ਸਰਗਰਮ ਹੋਣ ਤੋਂ ਕਤਰਾਉਂਦੇ ਸਨ ਜਾਂ ਇਸ ਦੇ ਅਸਮਰੱਥ ਸਨ।
ਕੋਈ ਦੇ ਘੰਟੇ ਬਾਦ ਜਲੂਸ ਆਪਣੇ ਟਿਕਾਣੇ ਵਾਪਸ ਆਣ ਪਹੁੰਚਿਆ। ਪੰਡਾਲ ਵਿਚ ਪਹੁੰਚ ਕੇ ਜਲੁਸ ਤਾਂ ਰੁਕ ਗਿਆ ਪਰ ਢੋਲਾਂ ਦਾ ਵੱਜਣਾ ਬੰਦ ਨਹੀਂ ਹੋਇਆ। ਕੋਈ ਚਾਰ ਥਾਵਾਂ ਉੱਪਰ ਪਿੜ ਬੱਝ ਗਏ ਅਤੇ ਲੋਕ ਢੋਲਾਂ ਦੀ ਤਾਲ ਉੱਤੇ ਨੱਚਣ ਲੱਗੇ। ਇਕ ਪਿੜ ਅੰਦਰ, ਪਹਿਲਾਂ ਇਕ, ਫਿਰ ਦੇ ਅਤੇ ਇਸ ਤਰ੍ਹਾਂ ਕਰਦਿਆਂ ਕੋਈ ਛੇ ਔਰਤਾਂ ਇਸ ਤਰ੍ਹਾਂ ਨੱਚਣ ਲੱਗੀਆਂ ਜਿਵੇਂ "ਵੱਡੇ" ਜਾਦੂ ਟੂਣੇ ਵੇਲੇ ਆਪਣੇ ਮਰੀਜ਼ ਨੂੰ ਨਚਾਉਂਦੇ ਹਨ।
"ਚੰਦਨ ਭਾਈ, ਇਹ ਕੀ?" ਮੈਂ ਉਸ ਤੋਂ ਪੁੱਛਿਆ।
"ਇਸੇ ਤਰ੍ਹਾਂ ਹੀ ਹੁੰਦਾ ਹੈ। ਜਦ ਕੋਈ ਪਾਂਡਮ ਰੰਗ ਫੜ੍ਹਦਾ ਹੈ ਤਾਂ ਕਈ ਕਬਾਇਲੀ ਇਸ ਤਰ੍ਹਾਂ ਨੱਚਣ ਲਗਦੇ ਹਨ। ਜਦ ਤਕ ਢੋਲ ਵੱਜਦਾ ਰਹੇਗਾ, ਇਹ ਇਜ ਹੀ ਨੱਚਦੀਆਂ ਰਹਿਣਗੀਆਂ ਅਤੇ ਬਾਕੀ ਦਾ ਪਿੜ ਆਪਣਾ ਨਾਚ-ਗੀਤ ਜਾਰੀ ਰੱਖੇਗਾ। ਢੋਲ ਬੰਦ ਵੀ ਹੋ ਗਿਆ ਤਾਂ ਇਹਨਾਂ ਨੂੰ ਰੋਕਣਾ ਸੌਖਾ ਕੰਮ ਨਹੀਂ ਰਹਿਣਾ। ਆਦਿਵਾਸੀਆਂ ਵਾਸਤੇ ਰੈਲੀਆਂ ਮੁਜ਼ਾਹਰੇ ਵੀ ਪਾਂਡੂਮ ਵਾਂਗ ਹੀ ਹਨ। ਆਪਣਾ ਸੱਭਿਆਚਾਰ ਉਹ ਹਰ ਵਕਤ ਨਾਲ ਹੀ ਰੱਖਦੇ ਹਨ। ਯੂਰਪ ਦੀ ਰਵਾਇਤ ਹੈ ਕਿ ਲੋਕ ਨੱਚਦੇ ਗਾਉਂਦੇ ਆਪਣੇ ਮੁਜ਼ਾਹਰੇ ਕਰਦੇ ਹਨ। ਜੰਗਲ ਦੀ ਰਵਾਇਤ ਵੀ ਕੁਝ ਇਸੇ ਤਰ੍ਹਾਂ ਦੀ ਹੈ। ਜੇ ਢੋਲ ਨਾ ਵੱਜ ਰਿਹਾ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਹੁੰਦਾ। ਹੁਣ ਇਹ ਆਪਣੇ ਰਵਾਇਤੀ ਨਾਚ ਨੱਚਣਗੇ।"
ਕੋਈ ਦੋ ਘੰਟੇ ਇਸੇ ਤਰ੍ਹਾਂ ਚੱਲਦਾ ਰਿਹਾ। ਜਦ ਤਕ ਸਟੇਜ ਤੋਂ ਐਲਾਨ ਕਰਕੇ ਉਹਨਾਂ ਨੂੰ ਢੋਲ ਬੰਦ ਕਰਨ ਲਈ ਅਤੇ ਟਿਕ ਜਾਣ ਲਈ ਨਹੀਂ ਕਿਹਾ ਗਿਆ ਤਦ ਤਕ ਕੋਈ ਵੀ ਪਿੜ ਸ਼ਾਂਤ ਨਹੀਂ ਹੋਇਆ। ਸਟੇਜ ਤੋਂ ਨਾਟਕਾਂ, ਗੀਤਾਂ ਅਤੇ ਤਕਰੀਰਾਂ ਦੀ ਲੰਬੀ ਲੜੀ ਤੋਂ ਬਾਦ ਮੈਦਾਨ ਵਿਚ ਭਾਰਤੀ ਤੇ ਅਮਰੀਕੀ ਹਾਕਮਾਂ ਦੇ ਪੁਤਲੇ ਫੂਕੇ ਗਏ। ਭਾਵੇਂ ਕਾਫ਼ੀ ਵਕਤ ਬੀਤ ਚੁੱਕਾ ਸੀ ਫਿਰ ਵੀ ਲੋਕ ਇਸ ਉਡੀਕ ਵਿਚ ਸਨ ਕਿ ਸਟੇਜ ਉੱਤੇ ਹੋਰ ਗੀਤ ਅਤੇ ਨਾਟਕ ਦਿਖਾਏ ਜਾਣ। ਉਹਨਾਂ ਨੂੰ ਸਟੇਜ ਤੋਂ ਇਹ ਦੱਸਣਾ ਪਿਆ ਕਿ ਅੱਜ ਦਾ ਕੰਮ ਖ਼ਤਮ ਹੈ, ਸੋ ਉਹ ਆਪਣੇ ਪਿੰਡੀ ਪਰਤ ਜਾਣ।
ਜਿਸ ਤਰ੍ਹਾਂ ਜੰਗਲ ਵਿਚੋਂ ਆਦਿਵਾਸੀ ਝੁੰਡ ਪ੍ਰਗਟ ਹੋਏ ਸਨ ਉਸੇ ਤਰ੍ਹਾਂ ਉਹ ਵੱਖ ਵੱਖ ਪਾਸਿਆਂ ਵੱਲ ਅਲੋਪ ਹੁੰਦੇ ਗਏ। ਆਲੇ-ਦੁਆਲੇ ਦੇ ਪਿੰਡਾਂ ਦੇ ਕਲਾਕਾਰ ਚਲੇ ਜਾਣ ਨਾਲ ਆਖ਼ਰ ਵਿਚ ਸੱਭਿਆਚਾਰਕ ਟੋਲੀ ਹੀ ਓਥੇ ਰਹਿ ਗਈ। ਹਰ ਕੋਈ ਥੱਕਿਆ ਹੋਇਆ ਪਰ ਖ਼ੁਸ਼ ਸੀ। ਹੁਣ ਆਲੇ ਦੁਆਲੇ ਦਾ ਜੰਗਲ ਇਸ ਤਰ੍ਹਾਂ ਸ਼ਾਂਤ ਹੋ ਗਿਆ ਹੋਇਆ ਸੀ ਕਿ ਕੋਈ ਵੀ ਇਹ ਨਹੀਂ ਸੀ ਕਹਿ ਸਕਦਾ ਕਿ ਕੁਝ ਸਮਾਂ ਪਹਿਲਾਂ ਹੀ ਏਥੇ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਪੰਡਾਲ ਵਿਚ ਨਾ ਕਿਤੇ ਕੂੜਾ-ਕਰਕਟ, ਨਾ ਕੋਈ ਖਲਾਰਾ ਅਤੇ ਨਾ ਹੀ ਕੋਈ ਅਜਿਹੀ ਚੀਜ਼ ਦਿਖਾਈ ਦੇਂਦੀ ਸੀ ਜਿਸ ਤੋਂ ਇਹ ਅੰਦਾਜ਼ਾ ਬਣ ਸਕੇ ਕਿ ਹੁਣੇ ਏਥੇ ਇਕ ਵਿਸ਼ਾਲ ਪ੍ਰੋਗਰਾਮ ਹੋ ਕੇ ਹਟਿਆ ਹੈ। ਸ਼ਹਿਰਾਂ ਤੇ ਕਸਬਿਆਂ ਵਿਚ ਅਜਿਹਾ ਕਦੇ ਨਹੀਂ ਵਾਪਰਦਾ।
"ਈਸ਼ਵਰ ਭਾਈ!" ਤੀਸਰੇ ਦਿਨ ਤੜਕਸਾਰ ਚੰਦਨ ਵੱਲੋਂ ਬਾਂਹ ਝੁਣੇ ਜਾਣ ਕਾਰਨ ਮੈਂ ਉੱਠਿਆ। ਚੰਦਨ ਨਾਲ ਤਿੰਨ ਜਣੇ ਹੋਰ ਸਨ। ਤਿੰਨੋਂ ਨਵੇਂ ਚਿਹਰੇ, ਹਥਿਆਰਾਂ ਨਾਲ ਲੈਸ ਅਤੇ ਸੁਬਹ ਦੀ ਠੰਡੀ ਠੰਡੀ ਹਵਾ ਵਿਚ ਤਾਜ਼ਾ-ਦਮ ਦਿਖਾਈ ਦੇਂਦੇ ਹੋਏ। ਨਾ ਅਜੇ ਸੀਟੀ ਦਾ ਵਕਤ ਹੋਇਆ ਸੀ ਨਾ ਹੀ ਕੋਈ ਹੋਰ ਉੱਠਿਆ ਹੋਇਆ ਸੀ। ਮੈਂ ਉਹਨਾਂ ਸਭਨਾਂ ਵੱਲ ਗਹੁ ਅਤੇ ਨਾਲ ਹੀ ਸਵਾਲੀਆ ਨਜ਼ਰਾਂ ਨਾਲ ਦੇਖਿਆ। ਅੱਗ ਦੀ ਰੌਸ਼ਨੀ ਵਿਚ ਉਹ ਟਹਿਕਦੇ ਦਿਖਾਈ ਦੇ ਰਹੇ ਸਨ।
"ਐਨੀ ਸਵੇਰੇ? ਕੀ ਹੈ?"
"ਕੂਚ!"
ਮੈਂ ਆਲੇ ਦੁਆਲੇ ਨਜ਼ਰ ਦੁੜਾਈ। ਹਰ ਕੋਈ ਸੁੱਤਾ ਪਿਆ ਸੀ। ਜ਼ਾਹਰ ਸੀ ਕਿ ਕੁਚ ਦੇ ਹੁਕਮ ਸਿਰਫ਼ ਮੇਰੇ ਵਾਸਤੇ ਸਨ।
"ਇਹਨਾਂ ਨੂੰ ਮਿਲੇ।"
ਹਰ ਕਿਸੇ ਨਾਲ ਹੱਥ ਮਿਲਾਉਂਦੇ ਹੋਏ ਮੈਂ ਉਹਨਾਂ ਦੇ ਨਾਂਅ ਜਾਣਦਾ ਗਿਆ।
"ਲੱਚੱਕਾ।"
"ਬਸੰਤੀ!"
"ਕੰਨੰਨਾ !"
ਉਹ ਤਿੰਨੋਂ ਸਾਰੀ ਰਾਤ ਚੱਲਦੇ ਰਹੇ ਸਨ। ਬਕਾਵਟ ਦੇ ਬਾਵਜੂਦ ਵੀ ਉਹ ਗਰਮਜੋਸ਼ੀ ਨਾਲ ਮਿਲੇ। ਜਦ ਤਕ ਮੈਂ ਬੂਟ ਕੱਸ ਕੇ ਤਿਆਰ ਹੋਇਆ ਤੱਦ ਤਕ ਚਾਹ ਆਣ ਪਹੁੰਚੀ।
"ਨਵਾਂ ਇਲਾਕਾ, ਨਵੇਂ ਲੋਕ," ਚਾਹ ਪੀਂਦਿਆਂ ਚੰਦਨ ਨੇ ਕਿਹਾ। "ਜੰਗਲ ਵਿਚ ਇਹੀ ਤਰੀਕਾ ਹੈ। ਚੱਲਦੇ ਰਹੋ, ਚੱਲਦੇ ਰਹੋ, ਚੱਲਦੇ ਰਹੇ। ਇਹ ਜੰਗ ਹੈ! ਲੰਬੀ, ਲਮਕਵੀਂ ਜੰਗ !"
ਚੰਦਨ ਦੇ ਅੰਦਾਜ਼ ਉੱਤੇ ਸਾਰੇ ਜਣੇ ਮੁਸਕਰਾ ਪਏ।
"ਚਿੰਤਾ ਨਹੀਂ ਕਰਨਾ ਈਸ਼ਵਰ ਭਾਈ! ਹਮ ਹੈਂ ਨਾ ਆਪ ਕੇ ਸਾਥ!" ਕੰਨੇਨਾ ਦੀ ਬੰਦੂਕ ਉਸਦੇ ਮੋਢੇ ਉੱਤੇ ਟੰਗੀ ਹੋਈ ਸੀ। ਉਸ ਨੇ ਆਪਣੀ ਕਿੱਟ ਵੀ ਨਹੀਂ ਸੀ ਉਤਾਰੀ।
"ਦੂਰ ਜਾਣਾ ਹੈ ਕਿਤੇ?" ਮੈਂ ਕਨੂੰਨਾ ਨੂੰ ਪੁੱਛਿਆ।
"ਬੱਸ, ਦੋ ਘੰਟੇ। ਮਿੰਟਾਂ ਵਿਚ ਸਫ਼ਰ ਮੁੱਕ ਜਾਵੇਗਾ। ਚਿੰਤਾ ਨਹੀਂ ਕਰਨੀ। ਹੇ ਨਾ, ਬਸੰਤੀ!" ਕੰਨੰਨਾ ਮੈਨੂੰ ਜਵਾਬ ਦੇ ਕੇ ਫਿਰ ਬਸੰਤੀ ਦਾ ਹੁੰਗਾਰਾ ਲੈਣ ਲਈ ਮੁੜਿਆ।
“ਚਿੰਤਾ ਦੀ ਕੋਈ ਗੱਲ ਨਹੀਂ।" ਬਸੰਤੀ ਨੇ ਕੰਨਨਾ ਦਾ ਤਕੀਆ ਕਲਾਮ ਦੁਹਰਾਇਆ ਤੇ ਹੱਸ ਪਈ। ਬਸੰਤੀ, ਜੋ ਕਿ ਨਵੀਂ ਲੜਾਕੂ ਕੁੜੀ ਹੈ, ਬਹਾਰ ਦੇ ਫੁੱਲਾਂ ਵਾਂਗ ਹੀ ਖਿੜਦੀ ਅਤੇ ਮੁਸਕਰਾਉਂਦੀ ਹੈ। ਨਾਮ ਤੋਂ ਇੰਜ ਲਗਦਾ ਹੈ ਜਿਵੇਂ ਉੱਤਰ ਭਾਰਤ ਦੀ ਜੰਮਪਲ ਹੋਵੇ ਪਰ ਉਹ ਖ਼ਾਲਸ ਦਰਲਾ ਗੋਂਡ ਕੁੜੀ ਹੈ। ਖੁੱਲ੍ਹੇ ਡੀਲ-ਡੋਲ, ਮੋਟੇ ਬੁੱਲ੍ਹਾ ਅਤੇ ਚੌੜੇ ਮੱਥੇ ਨੇ ਉਸਨੂੰ ਜੰਗਲ ਦੀ ਮਿੱਠੀ, ਡਲ੍ਹਕਦੀ ਅਤੇ ਪੱਤਿਆਂ ਵਿਚੋਂ ਛਣ ਕੇ ਆਉਂਦੀ ਰੋਸ਼ਨੀ ਵਰਗੀ ਆਭਾ ਪਰਦਾਨ ਕੀਤੀ ਹੈ। ਫ਼ੌਜੀ ਵਰਦੀ ਵਿਚ ਵੀ ਉਹ ਗੁਰੀਲਾ ਕੁੜੀ ਨਹੀਂ ਲੱਗਦੀ ਸਗੋਂ ਫੁੱਲ ਅਤੇ ਕੰਦ-ਮੂਲ ਇਕੱਠੇ ਕਰਨ ਵਾਲੀ ਆਦਿਵਾਸੀ ਲੜਕੀ ਮਹਿਸੂਸ ਹੁੰਦੀ ਹੈ।
ਚਾਹ ਖ਼ਤਮ ਹੁੰਦੇ ਸਾਰ ਹੀ ਚੰਦਨ ਨੇ ਸੀਟੀ ਵਜਾਈ ਅਤੇ ਹਰ ਕਿਸੇ ਨੂੰ ਲਾਈਨ- ਅੱਪ ਹੋਣ ਲਈ ਕਿਹਾ। ਯਾਨਿ, ਸਾਡੀ ਰਵਾਨਗੀ ਇਸੇ ਹੀ ਸਮੇਂ ਹੈ।
ਬਾਕਾਇਦਾ ਤਰੀਕੇ ਅਨੁਸਾਰ ਅਲਵਿਦਾ ਕਹੀ ਗਈ। ਹਰ ਕਿਸੇ ਨੇ ਹੀ ਜ਼ੋਰ ਨਾਲ ਹੱਥ ਘੁੱਟਿਆ। 'ਫਿਰ ਮਿਲਾਂਗੇ' ਕਿਸੇ ਨੇ ਨਹੀਂ ਕਿਹਾ। ਕੀ ਪਤਾ ਕਿ ਕੋਈ ਦੁਬਾਰਾ ਮਿਲੇਗਾ ਵੀ ਕਿ ਨਹੀਂ। ਸੋ ਹਰ ਵਿੱਛੜਣ ਵੇਲੇ ਅਜਿਹਾ ਅਹਿਸਾਸ ਮੌਜੂਦ ਹੁੰਦਾ ਹੈ ਜਿਵੇਂ ਆਖ਼ਰੀ ਵਾਰ ਹੱਥ ਮਿਲਾਏ ਜਾ ਰਹੇ ਹੋਣ।
..........
ਪੁਰਾਣੇ ਬਸਤਰ ਜ਼ਿਲੇ ਦਾ ਦੱਖਣ-ਪੱਛਮੀ ਹਿੱਸਾ, ਜੋ ਹੁਣ ਜ਼ਿਲ੍ਹਾ ਦਾਂਤੇਵਾੜਾ ਵਿਚ ਪੈਂਦਾ ਹੈ, ਪੁਰਾਣੇ ਪੜਾਅ ਤੋਂ ਤਿੰਨ ਦਿਨਾਂ ਦੇ ਸਫ਼ਰ ਦੀ ਦੂਰੀ ਉੱਤੇ ਸੀ। ਪਹਿਲੇ ਦਿਨ, ਬਿਨਾਂ ਸ਼ੱਕ, ਅਸੀਂ ਦੋ ਘੰਟੇ ਬਾਦ ਇਕ ਪਿੰਡ ਕੋਲ ਰੁਕੇ ਜਿੱਥੋਂ ਬਸੰਤੀ ਸ਼ਕਰਕੰਦੀ ਲੈ ਕੇ ਆਈ। ਇਸ ਨਾਯਾਬ ਤੇ ਲਜ਼ੀਜ਼ ਕੰਦ-ਮੂਲ ਨਾਲ ਅਸੀਂ ਤਿੰਨ ਡੰਗ ਗੁਜ਼ਾਰਾ ਕੀਤਾ। ਤਿੰਨੇ ਰਾਤਾਂ ਅਤੇ ਤਿੰਨੇ ਦਿਨ ਅਸੀਂ ਗੁਰੀਲਾ ਟੁਕੜੀ ਵਾਂਗ ਹੀ ਚੱਲਦੇ, ਰੁਕਦੇ ਅਤੇ ਪੜਾਅ ਕਰਦੇ ਰਹੇ। ਉਸੇ ਤਰ੍ਹਾਂ ਰਾਤ ਦੇ ਸੌਣ ਦੀ ਥਾਂ ਚੁਣੀ ਜਾਂਦੀ, ਉਸੇ ਤਰ੍ਹਾਂ ਪਹਿਰੇ ਦੀ ਵਾਰੀ ਲਗਦੀ ਅਤੇ ਉਸੇ ਤਰ੍ਹਾਂ ਹੀ ਮਾਰਚ ਦਾ ਜ਼ਬਤ ਕਾਇਮ ਰੱਖਿਆ ਜਾਂਦਾ।
ਕੰਨੰਨਾ, 'ਚਿੰਤਾ ਦੀ ਕੋਈ ਗੱਲ ਨਹੀਂ, ਬੀੜੀ ਪੀਣ ਦਾ ਸ਼ੌਕੀਨ ਹੈ ਪਰ ਬੀੜੀ ਨੂੰ ਉਹ ਕਦੇ ਵੀ ਆਪਣੇ ਕੋਲ ਨਹੀਂ ਰੱਖਦਾ। ਮੇਰੇ ਪੈਕਟ ਵਿਚੋਂ ਉਹ ਇਕ ਚੁਟਕੀ ਲੈਂਦਾ, ਤੇਂਦੂ ਪੱਤਾ ਸਾਫ਼ ਕਰਕੇ ਉਸ ਵਿਚ ਤੰਬਾਕੂ ਲਪੇਟਦਾ ਅਤੇ ਮਜ਼ੇ ਨਾਲ ਕਸ਼ ਖਿੱਚਦਾ।
“ਚਿੰਤਾ ਦੀ ਕੋਈ ਗੱਲ ਨਹੀਂ। ਬੀੜੀ ਸਿਗਰਟ ਬਹੁਤ ਹੈ। ਸ਼ਹਿਰ ਕੋਲ ਹੀ ਤਾਂ ਹੈ, ਓਥੋਂ ਮੰਗਵਾ ਲਵਾਂਗੇ।" ਉਹ ਜਦ ਵੀ ਤੰਬਾਕੂ ਲੈਂਦਾ ਇਹੀ ਗੱਲ ਦੁਹਰਾਉਂਦਾ।
ਸੋ, ਸ਼ਹਿਰ ਨਜ਼ਦੀਕ ਹੀ ਸੀ ਅਤੇ ਚਿੰਤਾ ਦਾ ਕੋਈ ਕਾਰਨ ਨਹੀਂ ਸੀ। ਸਟਾਕ ਖ਼ਤਮ ਹੋਣ ਤੋਂ ਪਹਿਲਾਂ ਹੀ ਨਵਾਂ ਸਟਾਕ ਮੰਗਵਾਇਆ ਜਾ ਸਕਦਾ ਸੀ ਅਤੇ ਜ਼ਖ਼ੀਰਾ ਕੀਤਾ ਜਾ ਸਕਦਾ ਸੀ। ਪਰ ਕੰਨੇਨਾ ਨੂੰ ਖ਼ੁਦ ਜ਼ਖ਼ੀਰਾ ਕਰਨ ਦੀ ਆਦਤ ਨਹੀਂ ਸੀ। ਮਿਲ ਜਾਣ ਤਾਂ ਉਹ ਭਾਵੇਂ ਦਿਨ ਵਿਚ ਵੀਹ ਬੀੜੀਆਂ ਫੂਕ ਦੇਵੇ, ਨਾ ਮਿਲੇ ਤਾਂ ਭਾਵੇਂ ਦੋ ਮਹੀਨਿਆਂ ਵਿਚ ਇਕ ਵੀ ਨਾ ਮਿਲੇ। ਉਸ ਨੂੰ ਚਿੰਤਾ ਨਹੀਂ ਹੁੰਦੀ। ਦਰਮਿਆਨੇ ਕੱਦ ਦਾ ਕੰਨੰਨਾ ਸੈਂਤੀ ਅਠੱਤੀ ਵਰ੍ਹਿਆਂ ਦਾ ਹੈ। ਚੌੜਾ ਸਰੀਰ, ਚੌੜਾ ਮੱਥਾ ਅਤੇ ਗੋਲ ਸਿਰ। ਉਸ ਦੇ ਲੰਬੇ ਪਤਲੇ ਬੁੱਲ੍ਹਾਂ ਵਿਚ ਫ਼ਰਕਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਨੱਕ ਉਸਦਾ ਮੁੜੇ ਹੋਏ ਕਬਾਇਲੀ ਚਾਕੂ ਵਾਂਗ ਹੈ ਪਰ ਇਹ ਖੁੰਢਾ ਬਿਲਕੁਲ ਨਹੀਂ। ਤੁਸੀਂ ਕਹਿ ਸਕਦੇ ਹੋ ਕਿ ਉਹ ਨੱਕ ਨਾਲ ਹਰ ਉਹ ਚੀਜ਼ ਚੀਰ ਸਕਦਾ ਹੈ ਜਿਸਨੂੰ ਚਾਕੂ ਚੀਰਦਾ ਹੈ। ਚਾਲ-ਢਾਲ ਤੋਂ ਉਹ ਬੁਹਲਾ ਕਤੱਈ ਨਹੀਂ ਪ੍ਰਤੀਤ ਹੁੰਦਾ ਪਰ ਹਮੇਸ਼ਾਂ ਕਿਸੇ ਨਾ ਕਿਸੇ ਮੁਹਿੰਮ ਉੱਤੇ ਚੜ੍ਹਿਆ ਹੀ ਰਹਿੰਦਾ ਹੈ।
ਲੱਚੱਕਾ ਹਮੇਸ਼ਾਂ ਚੁੱਪ ਦਿਖਾਈ ਦਿੰਦੀ ਹੈ। ਕਿਸੇ ਗੱਲਬਾਤ ਵਿਚ ਸ਼ਰੀਕ ਹੋਣ ਦੀ ਥਾਂ ਉੱਤੇ ਉਹ ਆਪਣੇ ਬੁੱਲ੍ਹਾਂ ਨੂੰ ਸਿਰਫ਼ ਐਨੀ ਕੁ ਹੀ ਇਜਾਜ਼ਤ ਦੇਂਦੀ ਹੈ ਕਿ ਉਹਨਾਂ ਉੱਤੇ ਕਦੇ ਕਦੇ ਹਲਕੀ ਜਿਹੀ ਮੁਸਕਰਾਹਟ ਤੇਰ ਜਾਵੇ। ਉਮਰ ਕੋਈ ਵੀਹ ਇੱਕੀ ਸਾਲ ਦੀ ਹੋਵੇਗੀ। ਗੂਹੜਾ ਕਾਲਾ ਰੰਗ ਅਤੇ ਗੂਹੜੀਆਂ ਚਮਕਦਾਰ ਕਾਲੀਆਂ ਅੱਖਾਂ। ਉਸ ਦੀ ਨਜ਼ਰ ਵੀ ਉਸਦੀਆਂ ਅੱਖਾਂ ਵਾਂਗ ਲੋਹੜੇ ਦੀ ਤਿੱਖੀ ਹੈ। ਡੂੰਘੇ ਘੁੱਪ ਹਨੇਰੇ ਵਿਚ ਜਦ ਹਲਕੀ ਜਿਹੀ ਰੋਸ਼ਨੀ ਵੀ ਉਸ ਦੀਆਂ ਅੱਖਾਂ ਉੱਤੇ ਪੈਂਦੀ ਹੈ ਤਾਂ ਉਹ ਕਿਸੇ ਬਿੱਲੀ ਦੀਆਂ ਅੱਖਾਂ ਵਾਂਗ ਚਮਕਦੀਆਂ ਦਿਖਾਈ ਦੇਂਦੀਆਂ ਹਨ। ਕੰਨੇਨਾ ਕਹਿੰਦਾ ਹੈ
ਕਿ ਉਹ ਘੁੱਪ ਹਨੇਰੇ ਵਿਚ ਵੀ ਦੇਖ ਲੈਂਦੀ ਹੈ ਇਸੇ ਲਈ ਰਾਤ ਦੇ ਪਹਿਰੇਦਾਰ ਦੀ ਜ਼ਿੰਮੇਦਾਰੀ ਵਾਸਤੇ ਸਭ ਤੋਂ ਵੱਧ ਯੋਗ ਹੈ। ਕੰਮ ਕਰਨ ਵਿਚ ਵੀ ਉਹ ਤੇਜ਼-ਤਰਾਰ ਹੈ ਅਤੇ ਕਦੇ ਵੀ ਥੱਕੀ ਥੱਕੀ ਮਹਿਸੂਸ ਨਹੀਂ ਹੁੰਦੀ। ਉਸ ਦੀ ਫੁਰਤੀ ਕਾਰਨ ਉਸ ਨੂੰ ਦੂਸਰਿਆਂ ਤੋਂ ਵੱਧ ਕੰਮ ਦਿੱਤੇ ਜਾਂਦੇ ਹਨ ਜਿਹਨਾਂ ਨੂੰ ਉਹ ਦੂਸਰਿਆਂ ਦੇ ਮੁਕਾਬਲੇ ਜਲਦੀ ਹੀ ਨਿਬੇੜ ਲੈਂਦੀ ਹੈ।
ਦੂਸਰੇ ਦਿਨ ਸ਼ਾਮ ਦੇ ਵਕਤ।
"ਲੱਚਕਾ!" ਮੈਂ ਉਸ ਨੂੰ ਸੰਬੋਧਨ ਹੋਇਆ।
"ਲੱਚਕਾ ਨਹੀਂ, ਲੱਚੱਕਾ।" ਕੰਨੰਨਾ ਨੇ ਮੇਰਾ ਉਚਾਰਣ ਸਹੀ ਕੀਤਾ।
'ਹਾਂ, ਲੱਚੱਕਾ।' ਮੈਂ ਫਿਰ ਉਸ ਨੂੰ ਆਵਾਜ਼ ਦਿੱਤੀ, "ਲੱਚੱਕਾ "
ਚੁੱਪ।
"ਲੱਚੱਕਾ ਬੋਲੇਗੀ ਨਹੀਂ। ਮੁਸਕਰਾਏਗੀ।" ਕੰਨੇਨਾ ਦੇ ਕਹਿਣ ਉੱਤੇ ਸੱਚੀਓ ਹੀ ਖੂਬਸੂਰਤ ਮੁਸਕੁਰਾਹਟ ਉਸ ਦੇ ਬੁੱਲ੍ਹਾਂ ਉੱਤੇ ਫੈਲ ਗਈ। ਪਰ ਉਸ ਨੇ ਹੁੰਗਾਰਾ ਨਹੀਂ ਭਰਿਆ।
"ਚਿੰਤਾ ਨਹੀਂ ਕਰਨਾ ਲੱਚੱਕਾ। ਇੰਟਰਵਿਊ ਹੈ, ਇੰਟਰਵਿਊ ਅਖ਼ਬਾਰ ਵਿਚ ਛਪੇਗੀ!" ਫਿਰ ਕੰਨੰਨਾ ਨੇ ਅਖ਼ਬਾਰ ਦੀ ਇਬਾਰਤ ਵੀ ਸੁਣਾ ਦਿੱਤੀ, "ਨਾਮ: ਲੱਚੱਕਾ। ਮੈਂਬਰ ਲੋਕ ਗੁਰੀਲਾ ਸੈਨਾ। ਉਮਰ... । ਹਾਂ ਉਮਰ! ਲੱਚੱਕਾ, ਤੇਰੀ ਉਮਰ ਕਿੰਨੀ ਹੈ?" ਕੰਨੰਨਾ ਨੇ ਵਾਕਈ ਉਸ ਦੀ ਇੰਟਰਵਿਊ ਸ਼ੁਰੂ ਕਰ ਦਿੱਤੀ।
ਲੱਚੱਕਾ ਦੇ ਚਿਹਰੇ ਉਤੇ ਜ਼ੋਰਦਾਰ ਮੁਸਕੁਰਾਹਟ ਤਾਰੀ ਹੋ ਗਈ।
"ਹਾਂ, ਲੱਚੱਕਾ! ਏਥੋਂ ਹੀ ਸ਼ੁਰੂ ਕਰਦੇ ਹਾਂ। ਤੇਰੀ ਉਮਰ ਕਿੰਨੀ ਹੈ?" ਮੈਂ ਪੁੱਛਿਆ।
ਪਰ ਉਸ ਨੂੰ ਬੁਲਵਾ ਸਕਣਾ ਸੌਖਾ ਕੰਮ ਨਹੀਂ ਸੀ। ਕੈਨੇਨਾ ਨੇ ਜ਼ੋਰ ਲਾ ਕੇ ਉਸ ਨੂੰ ਰਾਜ਼ੀ ਕਰਵਾਇਆ ਕਿਉਂਕਿ ਇਸ ਵਿਚ 'ਚਿੰਤਾ ਦੀ ਕੋਈ ਗੱਲ ਨਹੀਂ ਸੀ।
ਲੱਚੱਕਾ ਨੇ ਮੋਢੇ ਉੱਤੋਂ ਬੰਦੂਕ ਉਤਾਰੀ ਅਤੇ ਬੈਠ ਕੇ ਗੋਡਿਆਂ ਉੱਪਰ ਰੱਖ ਲਈ।
"ਉਮਰ?"
"ਪਤਾ ਨਹੀਂ।"
"ਘਰ 'ਚ ਕੌਣ ਕੌਣ ਹੋ?"
"ਮਾਂ, ਬਾਬਾ, ਦੋ ਭੈਣਾਂ।"
"ਵਿਆਹ?"
'ਵਿਆਹ' ਸ਼ਬਦ ਸੁਣ ਕੇ ਪਹਿਲਾਂ ਉਹ ਪਲ ਦੀ ਪਲ ਹਲਕਾ ਜਿਹਾ ਮੁਸਕਰਾਈ, ਫਿਰ ਉਸ ਦੇ ਬੁੱਲ੍ਹ ਕਠੋਰ ਹੋ ਗਏ। ਕਾਲੀਆਂ ਅੱਖਾਂ ਹੋਰ ਵੀ ਗਹਿਰੀਆਂ ਕਾਲੀਆਂ ਹੋ ਗਈਆਂ। ਉਸ ਨੇ ਕੰਨੇਨਾ ਵੱਲ ਦੇਖਿਆ ਜਿਵੇਂ ਕਹਿ ਰਹੀ ਹੋਵੇ 'ਇਹ ਕੀ ਸਵਾਲ ਹੋਇਆ?"
"ਜਵਾਬ ਦੇਹ ਨਾ ਲੱਚੱਕਾ। ਚਿੰਤਾ ਨਹੀਂ ਕਰਨਾ।" ਕੰਨਨਾ ਨੇ ਉਸ ਦੀ ਗਹਿਰੀ ਤੱਕਣੀ ਦਾ ਜਵਾਬ ਦਿੱਤਾ। "ਤਿੰਨ ਸਾਲ ਪਹਿਲਾਂ ਹੋਇਆ ਸੀ," ਉਹ ਬੋਲੀ, "ਅਗਲੇ ਦਿਨ ਮੈਂ ਓਥੋਂ ਦੌੜ ਆਈ।"
"ਕਿਓਂ?"
"ਮੈਂ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ। ਮਾਂ ਤੇ ਬਾਬਾ ਨੇ ਮੋਰੀ ਮਰਜ਼ੀ ਬਰੀਰ ਹੀ ਸ਼ਰਾਬ ਮੰਜੂਰ ਕਰਕੇ ਮੇਰਾ ਵਿਆਹ ਤੇਅ ਕਰ ਦਿੱਤਾ ਸੀ। ਉਸ ਪਿੱਛੋਂ ਮੈਂ ਕਦੇ ਘਰ ਨਹੀਂ ਗਈ ਤੇ ਦਲਮ 'ਚ ਸ਼ਾਮਲ ਹੋ ਗਈ।"
"ਮਾਂ ਤੇ ਭੈਣਾਂ ਯਾਦ ਕਰਦੀਆਂ ਹੋਣਗੀਆਂ!"
ਲੱਚੱਕਾ ਕੁਝ ਨਹੀਂ ਬੋਲੀ। ਉਸ ਨੂੰ ਕਦੇ ਕਦੇ ਉਹਨਾਂ ਦੀ ਯਾਦ ਆਉਂਦੀ ਸੀ ਪਰ ਸਭ ਤੋਂ ਵੱਧ ਉਸ ਨੂੰ ਸਹੇਲੀਆਂ ਦੀ ਯਾਦ ਆਉਂਦੀ ਸੀ ਜਿਹਨਾਂ ਦੇ ਹੁਣ ਤਕ ਵਿਆਹ ਹੋ ਚੁੱਕੇ ਸਨ। ਲੱਚੱਕਾ ਨੂੰ ਘਰ ਦੀ ਜ਼ਿੰਦਗੀ ਨਾਲੋਂ ਗੁਰੀਲਾ ਜ਼ਿੰਦਗੀ ਕਿਤੇ ਜਿਆਦਾ ਸੋਖੀ ਲੱਗਦੀ ਹੈ। ਉਸ ਨੂੰ ਮਾਅਰਕੇ ਮਾਰਨ ਦੀ ਬਹੁਤ ਤਾਂਘ ਹੈ। ਰਾਤ ਦੀ ਜ਼ਿੰਮੇਦਾਰੀ ਨਿਭਾਉਣ ਜਾਂ ਕਿਸੇ ਦੁਸਰੇ ਦਸਤੇ ਤੱਕ ਸੁਨੇਹਾ ਲੈ ਕੇ ਜਾਣ ਨੂੰ ਉਹ ਹਮੇਸ਼ਾਂ ਅਹੁਲਦੀ ਹੈ। ਉਹ ਇਸ ਗੱਲ ਨੂੰ ਪਸੰਦ ਕਰਦੀ ਹੈ ਕਿ ਮੀਲਾਂ ਲੰਬੇ ਸਫ਼ਰ ਉੱਤੇ ਉਸ ਨੂੰ ਇਕੱਲਿਆਂ ਹੀ ਭੇਜ ਦਿੱਤਾ ਜਾਵੇ ਭਾਵੇਂ ਕਿ ਅਜਿਹਾ ਮੌਕਾ ਉਸ ਨੂੰ ਘੱਟ ਹੀ ਮਿਲਦਾ ਹੈ।
ਉਸ ਦੀ ਇਕ ਵਿਲੱਖਣ ਗੱਲ ਇਹ ਸੀ ਕਿ ਆਦਿਵਾਸੀ ਹੁੰਦੇ ਹੋਏ ਵੀ ਉਸ ਦੇ ਪੈਰ ਥਿਰਕਣਾ ਨਹੀਂ ਸਨ ਜਾਣਦੇ। ਉਹ ਗਾਉਣ ਵਾਲਿਆਂ ਵਿਚ ਆਪਣੀ ਆਵਾਜ਼ ਮਿਲਾਉਂਦੀ। ਉਹ ਸਿਰਫ਼ ਗੁਰੀਲਿਆਂ ਦੇ ਸਮੂਹ-ਗੀਤਾਂ ਵਿਚ ਹੀ ਹਿੱਸਾ ਲੈਂਦੀ। ਜਦ ਆਰਾਮ ਦਾ ਵਕਤ ਹੁੰਦਾ ਤਾਂ ਉਹ ਆਪਣੀ ਕਿਤਾਬ ਚੁੱਕ ਲੈਂਦੀ ਅਤੇ ਪੜ੍ਹਦੀ ਰਹਿੰਦੀ।
ਲੱਚੱਕਾ ਜਦੋਂ 'ਸਹੁਰੇ' ਘਰੋਂ ਦੌੜ ਆਈ ਸੀ ਤਾਂ ਉਹ ਗੁਰੀਲਿਆਂ ਦੀ ਤਲਾਸ਼ ਵਿਚ ਕਈ ਦਿਨ ਜੰਗਲ ਵਿਚ ਇਕੱਲੀ ਘੁੰਮਦੀ ਰਹੀ ਸੀ। ਉਹ ਪਿੰਡ ਪਿੰਡ ਜਾਂਦੀ, ਦਾਦਾ ਲੋਕਾਂ ਬਾਰੇ ਪੱਛਦੀ ਅਤੇ ਫਿਰ ਅਗਾਂਹ ਤਰ ਪੈਂਦੀ। ਉਸ ਦਾ ਆਪਣਾ ਪਿੰਡ ਲਹਿਰ ਦੇ ਅਸਰ ਵਾਲੇ ਇਲਾਕੇ ਤੋਂ ਦੂਰ ਸੀ ਪਰ ਉਸ ਨੇ ਸੁਣ ਰੱਖਿਆ ਸੀ ਕਿ ਦੂਰ ਜੰਗਲ ਦੇ ਧੁਰ ਅੰਦਰ ਗੁਰੀਲੇ ਘੁੰਮਦੇ ਹਨ ਅਤੇ ਉਹ ਜ਼ਿੰਦਗੀ ਨੂੰ ਬਦਲ ਦੇਣ ਵਾਸਤੇ ਲੜਦੇ ਹਨ। ਅਖ਼ੀਰ ਇਕ ਪਿੰਡ ਵਿਚ ਉਹ ਉਸ ਨੂੰ ਮਿਲ ਗਏ। ਜਦ ਉਸ ਤੋਂ ਉਸ ਦੇ ਪਿੰਡ ਬਾਰੇ ਗੁਰੀਲਿਆਂ ਨੇ ਪੁੱਛਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਚੱਲਦੀ ਚੱਲਦੀ ਪੰਜਾਹ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰ ਚੁੱਕੀ ਹੈ। ਉਹਨਾਂ ਉਸ ਨੂੰ ਆਪਣੇ ਪੇਕੇ ਘਰ ਵਾਪਸ ਚਲੇ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵਾਪਸ ਮੁੜਨ ਤੋਂ ਜ਼ੋਰਦਾਰ ਇਨਕਾਰ ਕਰ ਦਿੱਤਾ ਸੀ। ਉਸ ਦਾ ਇਰਾਦਾ ਅੱਜ ਤੱਕ ਉਸੇ ਤਰ੍ਹਾਂ ਕਾਇਮ ਹੈ। ਲੱਚੱਕਾ ਨਵੀਂ ਜ਼ਿੰਦਗੀ ਦਾ ਸੁਪਨਾ ਪਾਲ ਰਹੀ ਹੈ ਅਤੇ ਇਸ ਨੂੰ ਹਕੀਕਤ ਵਿਚ ਢਾਲਣ ਵਾਸਤੇ ਲੜਨਾ ਚਾਹੁੰਦੀ ਹੈ। ਨਵੀਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਇਸ ਬਾਰੇ ਉਹ ਐਨਾ ਕੁ ਹੀ ਜਾਣਦੀ ਹੈ ਕਿ ਉਸ ਵਿਚ ਹਰ ਕੋਈ ਆਜ਼ਾਦ, ਪੜ੍ਹਿਆ ਲਿਖਿਆ ਅਤੇ ਸੁਖੀ ਹੋਵੇਗਾ। ਉਸਨੇ ਜੰਗਲ ਦੀ ਅਤੇ ਜੰਗਲ ਹੇਠਲੀ ਧਰਤੀ ਦੀ ਅਮੀਰੀ ਬਾਰੇ ਸੁਣ ਰੱਖਿਆ ਹੈ ਪਰ ਉਸ ਦਾ ਤਸੱਵਰ ਪਦਾਰਥਕ ਸੁੱਖਾਂ ਸਬੰਧੀ ਬਹੁਤੀ ਦੂਰ ਤੱਕ ਨਹੀਂ ਜਾਂਦਾ। ਉਸ ਨੂੰ ਆਜ਼ਾਦੀ ਪਿਆਰੀ ਹੈ ਅਤੇ ਆਜ਼ਾਦੀ ਦਾ ਉਸ ਵਾਸਤੇ ਮਤਲਬ ਹੈ ਮੌਜੂਦਾ ਸਮਾਜਕ ਬੰਧਨਾਂ ਤੋਂ ਮੁਕਤੀ ਜਿਹੜੀ ਸਿਰਫ਼ ਜੰਗ ਲੜਦਿਆਂ ਹੀ ਜਿੱਤੀ ਜਾ ਸਕਦੀ ਹੈ। ਉਹ ਵਾਪਸ ਉਸੇ ਸਮਾਜ ਦੇ ਅੰਨ੍ਹੇ ਖੂਹ ਵਿਚ ਨਹੀਂ ਡਿੱਗਣਾ ਚਾਹੁੰਦੀ।
ਲੱਚੱਕਾ ਨੇ ਜਿੰਨਾ ਵੀ ਪੜ੍ਹਣਾ ਲਿਖਣਾ ਸਿਖਿਆ ਹੈ ਦਸਤੇ ਵਿਚ ਸ਼ਾਮਲ ਹੋਣ
ਤੋਂ ਬਾਦ ਹੀ ਸਿੱਖਿਆ ਹੈ। ਕਿਤਾਬਾਂ ਵਿਚ ਸਮੇਟੀ ਪਈ ਦੁਨੀਆਂ ਉਸ ਨੂੰ ਬਹੁਤ ਅਜੀਬੋ-ਗਰੀਬ ਲੱਗਦੀ ਹੈ। ਉਸ ਵਾਸਤੇ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਦੁਨੀਆਂ ਵਿਚ ਕੀ ਕੁਝ ਮੌਜੂਦ ਹੈ। ਉਸ ਸਾਰੇ ਨਿਕ-ਸੁਕ ਦੀ ਉਸ ਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ। ਉਹ ਸਿਰਫ਼ ਆਜ਼ਾਦ ਰਹਿਣਾ ਲੋਚਦੀ ਹੈ ਅਤੇ ਆਜ਼ਾਦੀ ਉਸ ਨੂੰ ਉਸ ਲੜਾਈ ਰਾਹੀਂ ਹਾਸਲ ਹੁੰਦੀ ਹੈ ਜਿਸ ਵਿਚ ਉਹ ਸ਼ਾਮਲ ਹੈ। ਇਸ ਲੜਾਈ ਨੂੰ ਤਿਆਗ ਦੇਣ ਦਾ ਮਤਲਬ ਹੈ ਫਿਰ ਉਹੀ ਖਲਜਗਣ।
"ਸਹੀ ਹੈ, ਲੱਚੱਕਾ।" ਕੈਨੰਨਾ ਬੋਲਿਆ। ਫੇਰ ਉਹ ਮੇਰੇ ਵੱਲ ਮੁੜਿਆ, "ਚਿੰਤਾ ਨਹੀਂ ਹੈ ਈਸ਼ਵਰ ਭਾਈ। ਇਨਸਾਨ ਆਜ਼ਾਦ ਰਹਿਨਾ ਚਾਹੀਏ। ਇਸੀ ਕੇ ਲੀਏ ਜੰਗ ਹੈ।"
"ਪਰ ਕੰਨੇਨਾ, ਲੱਚੱਕਾ ਤਾਂ ਗੋਂਡ ਨਾਮ ਨਹੀਂ ਹੈ।"
"ਅਸੀਂ ਹੀ ਰੱਖਿਆ ਹੈ ਇਸ ਦਾ ਨਾਮ। ਲੱਚੱਕਾ। ਜਿਹੇ ਜਿਹੀ ਆਪ ਹੈ ਉਹੋ ਜਿਹਾ ਹੀ ਇਸ ਦਾ ਨਾਮ ਹੈ," ਕਹਿੰਦਿਆਂ ਉਹ ਉਸ ਵੱਲ ਪਰਤਿਆ, "ਕਿਓਂ ਲੱਚੱਕਾ ਦੀਦੀ? ਚਿੰਤਾ ਨਹੀਂ ਹੈ ਨਾ? ਚਿੰਤਾ ਨਹੀਂ ਕਰਨਾ। ਜਲ, ਜੰਗਲ, ਜ਼ਮੀਨ ਤੇ ਆਜ਼ਾਦੀ। ਲੱਚੱਕਾ ਦੀ ਆਜ਼ਾਦੀ!"
ਕੰਨੰਨਾ ਸਾਡੇ ਚਾਰਾਂ ਦੇ ਗਰੁੱਪ ਦਾ ਕਮਾਂਡਰ ਸੀ। ਕਈ ਝੜਪਾਂ ਦਾ ਚੰਡਿਆ ਹੋਇਆ। ਪੰਜ ਸਾਲ ਤੋਂ ਘਰ ਨਹੀਂ ਗਿਆ। ਜਦ ਉਸ ਨੂੰ ਪੁੱਛਿਆ ਕਿ ਕੀ ਉਸ ਦਾ ਘਰ ਬਹੁਤ ਦੂਰ ਹੈ ਜੋ ਉਹ ਓਥੇ ਨਹੀਂ ਜਾਂਦਾ ਤਾਂ ਉਸ ਨੇ ਦੱਸਿਆ,
"ਨਹੀਂ, ਦੂਰ ਨਹੀਂ। ਜਦ ਵੀ ਘਰੇ ਜਾਂਦਾ ਸੀ ਤਾਂ ਘਰਵਾਲੀ ਗਾਲ੍ਹਾਂ ਕੱਢਦੀ ਸੀ। ਸੋ ਸੋਚਿਆ ਕਿ ਚਿੰਤਾ ਕਿਸ ਬਾਤ ਕੀ, ਜੰਗਲ ਅਪਨਾ ਹੈ, ਦੁਨੀਆਂ ਅਪਨੀ ਹੈ, ਪਾਰਟੀ ਅਪਨੀ ਹੈ। ਜਦ ਗਾਲ੍ਹਾਂ ਕੱਢਣੋਂ ਹਟ ਜਾਵੇਗੀ ਤਾਂ ਜਾ ਆਵਾਂਗਾ। ਹੁਣ ਬੱਚੇ ਵੱਡੇ ਹੋ ਗਏ ਨੇ, ਅਪਣਾ ਕੰਮ ਆਪ ਕਰਦੇ ਨੇ। ਸੋ ਕੋਈ ਚਿੰਤਾ ਨਹੀਂ। ਉਹ ਕਹਿੰਦੀ ਹੈ ਕਿ ਬੰਦੂਕ ਸੁੱਟ ਤੇ ਬੰਦਾ ਬਣ ਕੇ ਰਹਿ। ਮੈਂ ਸੋਚਿਆ ਕਿ ਅਜਿਹਾ ਬੰਦਾ ਬਣ ਕੇ ਕੀ ਕਰਨਾ ਜਿਹੜਾ ਬੰਦੂਕ ਹੀ ਸੁੱਟ ਦੇਵੇ। ਸੇ ਚਿੰਤਾ ਕਿਸ ਬਾਤ ਕੀ। ਉਹ ਆਪਣੇ ਘਰ, ਮੈਂ ਆਪਣੇ ਘਰ।"
"ਨਹੀਂ, ਈਸ਼ਵਰ ਭਾਈ। ਕੰਨੰਨਾ ਗਲਤ ਕਹਿ ਰਿਹੇ," ਬਸੰਤੀ ਬੋਲ ਉੱਠੀ। "ਸਹੀ ਇਹ ਹੈ ਕਿ ਇਹ ਘਰ ਵਾਲੀ ਦੀ ਕੁੱਟ ਤੋਂ ਡਰਦੇ। ਇਸੇ ਲਈ ਇਨਕਲਾਬੀ ਬਣਿਐਂ।"
"ਏ.. ਬਸੰਤੀ ਦੀਦੀ!" ਉਹਨੇ ਬਸੰਤੀ ਨੂੰ ਘੁਰਿਆ। ਫਿਰ ਉਹ ਵਾਪਸ ਮੈਨੂੰ ਮੁਖ਼ਾਤਬ ਹੋਇਆ, "ਸੱਚੀ ਗੱਲ ਤਾਂ ਇਹ ਹੈ ਕਿ ਉਹ ਬਹੁਤ ਅੜੀਅਲ ਕਿਸਮ ਦੀ ਹੈ। ਹਮੇਸ਼ਾਂ ਲੜਦੀ ਸੀ। ਮੈਂ ਤੰਗ ਆ ਕੇ ਹੀ ਘਰੋਂ ਨਿਕਲਿਆ ਸਾਂ। ਪਹਿਲਾਂ ਤਾਂ ਕਦੇ ਕਦੇ ਮੈਂ ਘਰ ਜਾਂਦਾ ਰਿਹਾ ਪਰ ਜਦ ਉਹ ਬਿਲਕੁਲ ਹੀ ਨਹੀਂ ਬਦਲੀ ਤਾਂ ਮੈਂ ਉਹ ਵੀ ਛੱਡ ਦਿੱਤਾ। ਏਥੇ ਆਜ਼ਾਦੀ ਹੈ, ਰੋਜ਼ ਰੋਜ਼ ਦੀ ਕਿਚ ਕਿਚ ਵੀ ਖ਼ਤਮ, ਮਨ ਨੂੰ ਵੀ ਚੇਨ। ਘਰ ਰਹਿੰਦਾ ਤਾਂ ਰੋਜ਼ ਦੇ ਯੱਭ ਨੂੰ ਫੜਿਆ ਰਹਿੰਦਾ ਅਤੇ ਕੀ ਪਤਾ ਕਦੇ ਉਸਨੂੰ ਵੱਢ ਹੀ ਦੇਂਦਾ। ਪਰ ਮੈਂ ਸੋਚਿਆ ਕਿ ਇਹਦੀ ਕੀ ਲੋੜ! ਹੁਣ ਸਹੀ ਰਸਤਾ ਮਿਲ ਗਿਆ, ਸੋ ਚਿੰਤਾ ਖਤਮ।"
ਕੰਨੰਨਾ ਕਬਾਇਲੀ ਹੈ, ਦੁਰਲਾ ਕਬੀਲੇ ਦਾ ਗੌਂਡ। ਉਸ ਦਾ ਦਸਤਾ ਜਦ ਵਰ੍ਹੇ ਛਿਮਾਹੀ ਉਸ ਦੇ ਪਿੰਡ ਕੋਲੋਂ ਗੁਜ਼ਰਦਾ ਹੈ ਤਾਂ ਉਹ ਹੋਰਨਾਂ ਤੋਂ ਘਰ ਵਾਲੀ ਦਾ ਹਾਲ ਪਤਾ ਕਰ ਲੈਂਦਾ ਹੈ ਤੇ ਬੱਚਿਆਂ ਨੂੰ ਮਿਲ ਲੈਂਦਾ ਹੈ। ਬੱਚਿਆਂ ਦੀ ਉਸ ਨੂੰ ਕੋਈ ਚਿੰਤਾ
ਨਹੀਂ ਰਹੀ ਕਿਉਂਕਿ ਉਹ ਹਰ ਕਬਾਇਲੀ ਵਾਂਗ ਵਣ-ਉਪਜ ਇਕੱਠੀ ਕਰਦੇ ਹਨ, ਧਾਨ ਉਗਾਉਂਦੇ, ਮੱਛੀਆਂ ਫੜ੍ਹਦੇ ਅਤੇ ਸ਼ਿਕਾਰ ਖੇਡ ਕੇ ਆਪਣੀ ਜ਼ਿੰਦਗੀ ਚਲਾ ਰਹੇ ਹਨ।
ਆਪਣੇ ਤੀਜੇ ਦਿਨ ਦੇ ਸਫ਼ਰ ਦੀ ਆਖ਼ਰੀ ਸ਼ਾਮ ਅਸੀਂ ਇਕ ਪਿੰਡ ਵਿਚ ਪਹੁੰਚੇ। ਪਿੰਡ ਦਾ ਨਾਂਅ ਜਾਣਿਆ ਪਛਾਣਿਆ ਜਿਹਾ ਸ਼ਬਦ ਸੀ। ਸ਼ਾਇਦ ਕੋਰਸ ਜਾਂ ਇਹੋ ਜਿਹਾ ਹੀ ਕੁਝ। ਪਿੰਡ ਦੀ ਸੱਜੀ ਬਾਹੀ ਉੱਤੇ ਬਣੇ ਇਕ ਖੋਤਲ (ਬਿਨਾਂ ਕੰਧਾਂ ਤੋਂ, ਸਿਰਫ਼ ਛੱਤਿਆ ਹੋਇਆ ਢਾਰਾ) ਵਿਚ ਪਹੁੰਚ ਕੇ ਅਸੀਂ ਡੇਰਾ ਲਾ ਲਿਆ। ਥੋੜ੍ਹੀ ਦੇਰ ਉਹਨਾਂ ਤਿੰਨਾਂ ਨੇ ਗੋਡ ਬੋਲੀ ਵਿਚ ਕੋਈ ਗੱਲਬਾਤ ਕੀਤੀ ਅਤੇ ਫਿਰ ਬਸੰਤੀ ਆਪਣੀ ਬੰਦੂਕ ਚੁੱਕ ਕੇ ਉੱਠ ਖੜ੍ਹੀ ਹੋਈ।
"ਪਿੰਡ ਵੱਲ?"
ਜਦ ਉਸ ਨੇ 'ਹਾਂ' ਕਿਹਾ ਤਾਂ ਮੈਂ ਵੀ ਉੱਠ ਪਿਆ। ਮੈਨੂੰ ਤਿਆਰ ਦੇਖ ਕੇ ਕੰਨੇਨਾ ਨੇ ਲੱਚੱਕਾ ਨੂੰ ਵੀ ਸਾਡੇ ਨਾਲ ਹੀ ਤੋਰ ਦਿੱਤਾ।
ਕਈ ਘਰਾਂ ਨੂੰ ਪਾਰ ਕਰਕੇ ਜਦ ਅਸੀਂ ਇਕ ਖੁੱਲ੍ਹੀ ਝੋਪੜੀ ਕੋਲ ਪਹੁੰਚੇ ਤਾਂ ਕਈ ਜਣੇ ਸਾਡੇ ਦੁਆਲੇ ਆਣ ਇਕੱਠੇ ਹੋਏ। ਇਹ ਜਾਣ ਕੇ ਕਿ ਅਸੀਂ ਕੁਲ ਚਾਰ ਲੋਕ ਹੀ ਸਾਂ ਪਿੰਡ ਵਾਲਿਆਂ ਨੇ ਸਾਡਾ ਖਾਣਾ ਪਿੰਡ ਵਿਚ ਹੀ ਤਿਆਰ ਕਰਨ ਦਾ ਫ਼ੈਸਲਾ ਲੈ ਕੇ ਕੰਨੰਨਾ ਨੂੰ ਵੀ ਬੁਲਾ ਲੈਣ ਵਾਸਤੇ ਕਿਹਾ। ਅਸੀਂ ਅਜੇ ਤੋਂਪੜੀ ਦੇ ਅੰਦਰ ਦਾਖ਼ਲ ਹੀ ਹੋਏ ਸਾਂ ਕਿ ਇਕ ਚਾਰ ਕੁ ਸਾਲ ਦੀ ਬੱਚੀ ਡਾਡਾਂ ਮਾਰ ਉੱਠੀ। ਚਾਰ ਪੰਜ ਜਣੇ ਬਲ ਰਹੀ ਅੱਗ ਕੋਲ ਬੈਠੇ ਸਨ ਜਿਹਨਾਂ ਵਿਚ ਉਹ ਬੱਚੀ ਵੀ ਸੀ। ਲੱਚੱਕਾ ਨੇ ਅੱਗੇ ਵਧ ਕੇ ਜਦ ਉਸ ਵੱਲ ਬਾਹਾਂ ਵਧਾਈਆਂ ਤਾਂ ਉਹ ਯਾਯਾ ਯਾਯਾ (ਮਾਂ, ਮਾਂ) ਕਰਦੀ ਉੱਚੀ ਉੱਚੀ ਚੀਕਾਂ ਮਾਰਨ ਲੱਗੀ। ਇਕ ਆਦਮੀ ਨੇ ਲੱਚੱਕਾ ਨੂੰ ਰੋਕਿਆ ਅਤੇ ਦੱਸਿਆ ਕਿ ਬੱਚੀ ਅੱਗ ਨਾਲ ਝੁਲਸੀ ਹੋਈ ਹੈ।
ਲੱਚੱਕਾ ਨੇ ਉਸ ਦੇ ਪਿੰਡੇ ਉੱਤੇ ਟਾਰਚ ਦੀ ਰੋਸ਼ਨੀ ਸੁੱਟੀ। ਬੱਚੀ ਦੀ ਪਿੱਠ ਬੁਰੀ ਤਰ੍ਹਾਂ ਝੁਲਸੀ ਪਈ ਸੀ। ਜ਼ਖ਼ਮ ਭਾਵੇਂ ਥੋੜ੍ਹਾ ਥੋੜ੍ਹਾ ਸੁੱਕ ਰਹੇ ਸਨ ਪਰ ਉਸ ਦਾ ਸਰੀਰ ਇਹਨਾਂ ਕਾਰਨ ਬੁਰੀ ਤਰ੍ਹਾਂ ਆਕੜਿਆ ਪਿਆ ਸੀ। "ਕਦੋਂ ਤੋਂ ਹੈ? ਕੋਈ ਦਵਾ ਕਿਉਂ ਨਹੀਂ ਕੀਤੀ? ਇਹਨੂੰ ਹਸਪਤਾਲ ਕਿਓਂ ਨਹੀਂ ਲੈ ਗਏ?" ਉਸ ਨੇ ਇਕੋ ਸਾਹੇ ਤਿੰਨ ਸਵਾਲ ਕਰ ਦਿੱਤੇ। ਕਿਸੇ ਨੇ ਉਸ ਦੇ ਸਵਾਲਾਂ ਦਾ ਜਵਾਬ ਨਾ ਦਿੱਤਾ। ਲੱਚੱਕਾ ਨੇ ਫਿਰ ਦੁਹਰਾਅ ਕੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਸ ਦੇ ਮਾਂ ਬਾਪ ਓਥੇ ਨਹੀਂ ਹਨ। ਉਸਦੇ ਬਾਪ ਨੇ ਉਸਦੀ ਮਾਂ ਨੂੰ ਚਾਰ ਸਾਲ ਪਹਿਲਾਂ ਮਾਰ ਦਿੱਤਾ ਸੀ ਅਤੇ ਖ਼ੁਦ ਜਗਦਲਪੁਰ ਜੇਲ੍ਹ ਵਿਚ ਸੀ। ਓਦੋਂ ਕੋਈ ਜਣਾ ਛੇ ਮਹੀਨੇ ਦੀ ਬੱਚੀ ਨੂੰ ਉਠਾ ਲਿਆਇਆ ਸੀ ਅਤੇ ਚਾਰ ਸਾਲ ਤੋਂ ਉਹ ਇਸੇ ਪਿੰਡ ਵਿਚ ਪਲ ਰਹੀ ਸੀ। ਹਫ਼ਤਾ ਪਹਿਲਾਂ ਸੁੱਤੀ ਪਈ ਉਹ ਅੱਗ ਵੱਲ ਸਰਕ ਗਈ ਤੇ ਅੰਗਾਰਾ ਉੱਤੇ ਆ ਗਈ। ਓਦੋਂ ਤੋਂ ਉਹ ਬੈਠੀ ਰਹਿ ਰਹੀ ਸੀ ਜਾਂ ਪਾਸੇ ਪਰਨੇ ਸੋ ਜਾਂਦੀ। ਦਵਾ-ਦਾਰੂ ਦਾ ਪ੍ਰਬੰਧ ਉਸ ਵਾਸਤੇ ਕਿਸੇ ਨਹੀਂ ਸੀ ਕੀਤਾ।
ਥੋੜ੍ਹੀ ਦੇਰ ਬਾਦ ਕੰਨੰਨਾ ਆ ਗਿਆ। ਸਾਨੂੰ ਕਿਸੇ ਨੂੰ ਵੀ ਖਾਣੇ ਦਾ ਸਵਾਦ ਨਾ
ਆਇਆ। ਰਾਤ ਨੂੰ ਸੌਣ ਲਈ ਅਸੀਂ ਜੰਗਲ ਵੱਲ ਹੋ ਤੁਰੇ। ਅੱਧੇ ਘੰਟੇ ਬਾਦ ਅਸੀਂ ਧੁਰ ਜੰਗਲ ਵਿਚ ਪਹੁੰਚੇ ਤਾਂ ਕੰਨੰਨਾ ਨੇ ਟਾਰਚ ਘੁਮਾ ਕੇ ਸੌਣ ਵਾਲੀ ਥਾਂ ਦੀ ਚੋਣ ਕੀਤੀ। ਬਸੰਤੀ ਪਹਿਰੇਦਾਰੀ ਉੱਤੇ ਜਾ ਖੜ੍ਹੀ ਹੋਈ ਤੇ ਅਸੀਂ ਝਿੱਲੀਆਂ ਉੱਤੇ ਲੇਟ ਗਏ।
"ਜਲੇ ਹੋਏ ਦੀ ਕਿਹੜੀ ਦਵਾ ਹੁੰਦੀ ਹੈ?" ਲੱਚੱਕਾ ਨੇ ਡੂੰਘੇ ਹਨੇਰੇ ਵਿਚ ਪਾਸਾ ਪਰਤਦਿਆਂ ਪੁੱਛਿਆ।
"ਪਤਾ ਨਹੀਂ." ਮੈਂ ਕਿਹਾ, ਅਤੇ ਉਸ ਤੋਂ ਪੁੱਛਿਆ ਕਿ ਜੰਗਲ ਵਿਚ ਲੋਕ ਅਜਿਹੇ ਮਾਮਲਿਆਂ ਵਿਚ ਕੀ ਕਰਦੇ ਹਨ। ਕੋਈ ਦਵਾ, ਕੋਈ ਬੂਟੀ, ਕੁਝ ਤਾਂ ਕਰਦੇ ਹੀ ਹੋਣਗੇ?
"ਮੈਂ ਨਹੀਂ ਜਾਣਦੀ। ਪਰ ਸ਼ਾਇਦ ਉਹ ਕੁਝ ਵੀ ਨਹੀਂ ਕਰਦੇ। ਜ਼ਖ਼ਮ ਜਾਂ ਤਾਂ ਆਪੇ ਹੀ ਭਰ ਕੇ ਠੀਕ ਹੋ ਜਾਂਦੇ ਹਨ ਜਾਂ ਗਲਣ ਲੱਗਦੇ ਹਨ ਤੇ ਕੁਝ ਹੀ ਦਿਨਾਂ ਵਿਚ ਆਦਮੀ ਦਮ ਤੋੜ ਦੇਂਦਾ ਹੈ। ਏਥੇ ਕੋਈ ਡਾਕਟਰ ਨਹੀਂ ਆਉਂਦਾ। ਕੋਈ ਹਸਪਤਾਲ ਚਲਾ ਵੀ ਜਾਵੇ ਤਾਂ ਦਵਾ ਕਿੱਥੋਂ ਲਵੇਗਾ। ਆਖ਼ਰੀ ਹੱਲ ਇੱਕ ਹੁੰਦਾ ਹੈ, ਮੌਤ।"
ਇਕ ਹੋਰ ਪਿੰਡ ਵਿਚ ਭੀਮਾ ਨਾਮ ਦਾ ਇਕ ਸੱਜ-ਵਿਆਹਿਆ ਨੌਜਵਾਨ ਵੀ ਮੌਤ ਨਾਲ ਲੜ ਰਿਹਾ ਸੀ। ਉਸ ਦੀ ਲੱਤ ਨੂੰ ਸੁੱਜੇ ਹੋਏ ਕੋਈ ਇਕ ਮਹੀਨਾ ਹੋਣ ਵਾਲਾ ਸੀ ਅਤੇ ਅਜਿਹਾ ਦਿਖਾਈ ਦੇਂਦਾ ਸੀ ਜਿਵੇਂ ਉਹ ਹੁਣੇ ਹੀ ਬੰਬ ਵਾਂਗ ਫਟ ਜਾਵੇਗੀ। ਭੀਮਾ ਨੇ ਸਿਰਫ ਐਨਾ ਕੁ ਹੀ ਦੱਸਿਆ ਕਿ ਉਹਨੂੰ ਇਕ ਕੰਡਾ ਲੱਗਾ ਸੀ ਤੇ ਜ਼ਖ਼ਮ ਠੀਕ ਨਹੀਂ ਸੀ ਹੋ ਰਿਹਾ। ਉਸ ਦੇ ਮਾਂ ਬਾਪ ਨੂੰ ਜਦ ਕਿਹਾ ਗਿਆ ਕਿ ਇਸਨੂੰ ਹਸਪਤਾਲ ਲੈ ਜਾਓ ਤਾਂ ਉਹਨਾਂ ਆਪਣੀ ਅਸਮਰੱਥਤਾ ਜ਼ਾਹਰ ਕੀਤੀ। ਨਾ ਉਸ ਨੂੰ ਲਿਜਾਣ ਦਾ ਸਾਧਨ ਉਹਨਾਂ ਕੋਲ ਸੀ, ਨਾ ਹੀ ਦਵਾਈਆਂ ਵਾਸਤੇ ਪੈਸਾ। ਇਹ ਦੋਵੇਂ ਮਰੀਜ਼ ਮੌਤ ਵੱਲ ਵਧਦੇ ਦਿਖਾਈ ਦਿੱਤੇ। ਭੀਮਾ ਦੇ ਘਰ ਵਿਚ ਕਈ ਬੱਕਰੀਆਂ ਮੌਜੂਦ ਸਨ ਪਰ ਫਿਰ ਵੀ ਉਸ ਦੇ ਘਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਜਾਣ ਲਈ ਤਿਆਰ ਨਹੀਂ ਸਨ। ਬੱਕਰੀਆਂ ਵੇਚ ਕੇ ਉਹ ਪੈਸੇ ਦਾ ਕੁਝ ਪਬੰਧ ਕਰ ਸਕਦੇ ਸਨ। ਪਰ ਕਬਾਇਲੀ ਅਜਿਹਾ ਕਿਉਂ ਨਹੀਂ ਕਰਦੇ ਉਸ ਦਾ ਕਾਰਨ ਮੈਨੂੰ ਬਾਦ ਵਿਚ ਇਕ ਹੋਰ ਮਰੀਜ਼ ਨਾਲ ਗੱਲਬਾਤ ਕਰਨ ਤੋਂ ਬਾਦ ਮਿਲਿਆ। ਉਹ ਆਪਣੀਆਂ ਅੱਖਾਂ ਦੇ ਇਲਾਜ ਵਾਸਤੇ ਸਿਰਫ਼ ਇਸੇ ਲਈ ਆਪਣੀਆਂ ਬੱਕਰੀਆਂ ਨਹੀਂ ਸੀ ਵੇਚ ਰਿਹਾ ਕਿਉਂਕਿ ਉਸ ਦੇ ਮਰਨ ਤੋਂ ਬਾਦ ਹੋਣ ਵਾਲੀ ਦਾਅਵਤ ਵਿਚ ਉਹ ਬੱਕਰੀਆਂ ਕੰਮ ਆਉਣੀਆਂ ਸਨ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਮਰਨ ਪਿੱਛੋਂ ਪਿੰਡ ਵਾਲੇ ਚੰਗੀ ਦਾਅਵਤ ਤੋਂ ਬਿਨਾਂ ਹੀ ਰਹਿ ਜਾਣ। ਬੱਕਰੀਆਂ ਵੇਚ ਕੇ ਇਲਾਜ ਕਰਾਉਣ ਨਾਲੋਂ ਉਹ ਮੌਤ ਉਡੀਕਣ ਨੂੰ ਵੱਧ ਤਰਜੀਹ ਦੇਂਦਾ ਸੀ। ਹੋ ਸਕਦਾ ਹੈ ਭੀਮਾ ਦੇ ਘਰ ਵਾਲੇ ਵੀ ਕੁਝ ਅਜਿਹਾ ਹੀ ਸੋਚਦੇ ਹੋਣ ਕਿਉਂਕਿ ਜਦ ਉਹਨਾਂ ਨੂੰ ਬੱਕਰੀਆਂ ਵੇਚ ਕੇ ਭੀਮਾ ਦਾ ਇਲਾਜ ਕਰਨ ਲਈ ਕਿਹਾ ਗਿਆ ਸੀ ਤਾਂ ਉਹ ਚੁੱਪ ਰਹੇ ਸਨ।
"ਇਸ ਬੱਚੀ ਦਾ ਕੀ ਬਣੇਗਾ? ਮਾਂ ਬਾਪ ਵੀ ਨਹੀਂ ਹਨ ਜਿਹੜੇ ਫ਼ਿਕਰ ਕਰਨ। ਹੋਰ ਕਿਸੇ ਨੂੰ ਕੀ ਸਿਰਦਰਦੀ ਹੋਣੀ ਹੈ।" ਕੁਝ ਦੇਰ ਦੀ ਚੁੱਪ ਤੋਂ ਬਾਦ ਮੈਂ ਲੱਚੱਕਾ ਨੂੰ ਕਿਹਾ।
"ਮੈਂ ਇਸ ਨੂੰ ਮਰਨ ਨਹੀਂ ਦੇਵਾਂਗੀ। ਕਿੰਨੀ ਪਿਆਰੀ ਬੱਚੀ ਹੈ! ਮੈਂ ਡਾਕਟਰ ਨੂੰ ਏਥੇ ਹੀ ਲੈ ਕੇ ਆਵਾਂਗੀ।" ਲੱਚੱਕਾ ਨੇ ਜਾਨਣਾ ਚਾਹਿਆ ਕਿ ਉਸ ਬੱਚੀ ਦੇ ਇਲਾਜ ਵਾਸਤੇ ਕਿੰਨੀਆਂ ਕੁ ਬੱਕਰੀਆਂ ਵੇਚਣ ਦੀ ਜ਼ਰੂਰਤ ਪਵੇਗੀ। ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਇਹ ਜ਼ਿੰਮਾ ਉਠਾਏਗੀ। ਸਭ ਤੋਂ ਨੇੜੇ ਦਾ ਹਸਪਤਾਲ ਅਠਾਰਾਂ
ਕਿਲੋਮੀਟਰ ਦੀ ਦੂਰੀ ਉੱਤੇ ਸੀ। ਸਵਾਰੀ ਦਾ ਸਾਧਨ ਵੀ ਕੋਈ ਨਹੀਂ। ਸਾਰਾ ਰਸਤਾ ਪੈਦਲ। ਕਿਹੜਾ ਡਾਕਟਰ ਐਨਾ ਤਰੱਦਦ ਕਰੇਗਾ।
ਉਸ ਰਾਤ ਲੱਚੱਕਾ ਸੁੱਤੀ ਕਿ ਨਹੀਂ, ਮੈਂ ਨਹੀਂ ਜਾਣਦਾ। ਜਦੋਂ ਬਸੰਤੀ ਨੂੰ ਪਹਿਰੇਦਾਰੀ ਤੋਂ ਵਿਹਲਾ ਕੀਤਾ ਗਿਆ ਅਤੇ ਕੰਨੰਨਾ ਨੇ ਉਸ ਦੀ ਥਾਂ ਲਈ ਤਾਂ ਉਹ ਜਾਗ ਰਹੀ ਸੀ। ਸਵੇਰੇ ਜਦ ਉੱਠ ਕੇ ਮੈਂ ਦੇਖਿਆ ਤਾਂ ਲੱਚੱਕਾ ਮੌਜੂਦ ਨਹੀਂ ਸੀ। ਉਹ ਮੂੰਹ-ਹਨੇਰੇ ਹੀ ਪਿੰਡ ਵਿਚ ਚਲੀ ਗਈ ਹੋਈ ਸੀ ਜਿੱਥੇ ਉਸ ਨੇ ਮਹਿਲਾ ਸੰਘ ਦੀਆਂ ਔਰਤਾਂ ਨਾਲ ਉਸ ਬੱਚੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸਬੰਧੀ ਗੱਲਬਾਤ ਕੀਤੀ ਅਤੇ ਸਾਡੇ ਤੁਰਨ ਵੇਲੇ ਤੱਕ ਮੁੜ ਆਈ।
"ਹੁਣ ਕੋਈ ਚਿੰਤਾ ਨਹੀਂ, ਮਹਿਲਾ ਸੋਘ ਬੱਚੀ ਨੂੰ ਸੰਭਾਲ ਲਵੇਗਾ," ਕੰਨਨਾ ਨੇ ਕਿਹਾ ਅਤੇ ਅਗਲਾ ਸਫ਼ਰ ਸ਼ੁਰੂ ਕਰਨ ਦਾ ਹੁਕਮ ਦਿੱਤਾ।
ਨਵਾਂ ਇਲਾਕਾ, ਨਵੇਂ ਲੋਕ।
ਨਵੇਂ ਚਿਹਰਿਆਂ ਵਿਚੋਂ ਜਿਸ ਸਭ ਤੋਂ ਪਹਿਲੇ ਵਿਅਕਤੀ ਨਾਲ ਮੇਰੀ ਜਾਣ-ਪਛਾਣ ਹੋਈ ਉਹ ਸੀ ਦਸਰੁ। ਉਮਰ ਕੋਈ ਚੌਵੀ ਸਾਲ, ਕੱਦ ਸਾਢੇ ਪੰਜ ਫੁੱਟ ਦੇ ਕਰੀਬ। ਚਿਹਰੇ ਉੱਤੇ ਹਮੇਸ਼ਾਂ ਫੈਲੀ ਰਹਿਣ ਵਾਲੀ ਮੁਸਕਰਾਹਟ। ਅੱਖਾਂ ਵਿਚ ਮਾਸੂਮੀਅਤ। ਢਾਈ ਸਾਲ ਪਹਿਲਾਂ ਉਸ ਨੇ ਫ਼ੈਸਲਾ ਕੀਤਾ ਕਿ ਪੰਛੀ ਮਾਰਨਾ ਬੰਦ ਕੀਤਾ ਜਾਵੇ ਅਤੇ ਵੱਡੇ ਸ਼ਿਕਾਰ ਨੂੰ ਨਿਕਲਿਆ ਜਾਵੇ। ਤੀਰ, ਕਮਾਨ ਦੀ ਥਾਂ ਬੰਦੂਕ ਨੇ ਲੈ ਲਈ ਅਤੇ ਬਨੈਣ ਤੇ ਪਰਨੇ ਦੀ ਥਾਂ ਉਸਨੇ ਫ਼ੌਜੀ ਵਰਦੀ ਪਾ ਲਈ। ਕੈਂਪ ਨੂੰ ਉਹ ਸਿਰਫ਼ ਓਦੋਂ ਉਤਾਰਦਾ ਹੈ ਜਦੋਂ ਨਹਾਉਣਾ ਹੋਵੇ ਜਾਂ ਸਿਰ ਦੇ ਵਾਲ ਕੱਟਣੇ ਹੋਣ। ਤਾਲਾਬਾਂ ਵਿਚ ਪੱਥਰਾਂ ਹੇਠੋਂ ਕੇਕੜੇ ਫੜ੍ਹਣਾ ਅਤੇ ਦਰੱਖ਼ਤਾਂ ਉੱਪਰ ਚੜ੍ਹ ਕੇ ਉੱਚੀਆਂ ਟਾਹਣੀਆਂ ਤੋਂ ਫਲ ਤੋੜਣਾ ਅਜੇ ਵੀ ਉਸ ਦਾ ਸ਼ੌਕ ਹੈ। ਲਾਲ ਕੀੜਿਆਂ ਦਾ ਭੌਣ ਦੇਖੇਗਾ ਤਾਂ ਉਸੇ ਵਕਤ ਉਹਨਾਂ ਨੂੰ ਪੱਤਿਆਂ ਦੀ ਗੰਢ ਵਿਚ ਬੰਨ੍ਹ ਕੇ ਪੈਂਟ ਦੀ ਜੇਬ ਵਿਚ ਸਾਂਭ ਲਵੇਗਾ। ਨਦੀ ਉੱਤੇ ਨਹਾਉਣ ਗਿਆ ਉਹ ਕਦੇ ਵੀ ਖਾਲੀ ਹੱਥੀਂ ਨਹੀਂ ਪਰਤਦਾ। ਕੇਕੜੇ ਹੱਥ ਨਾ ਆਉਣ ਤਾਂ ਘੋਗ ਚੁੱਕੀ ਲਿਆਵੇਗਾ। ਨਿਸ਼ਾਨਚੀ ਚੰਗਾ ਹੈ। ਯਾਰਾ ਨਾਲ ਮਿਲ ਕੇ ਉਸ ਨੇ ਕਈ ਸੂਰਾਂ, ਹਿਰਨਾਂ ਅਤੇ ਰਿੱਛਾਂ ਨੂੰ ਫੁੰਡਿਆ ਹੈ। ਚਿੜੀਆਂ ਦੀ ਕੋਈ ਗਿਣਤੀ ਹੀ ਨਹੀਂ। ਜੰਗਲ ਵਿਚ ਬਣੇ ਰਾਹਾਂ ਉੱਤੇ ਸਾਈਕਲ ਚਲਾਉਣ ਵਿਚ ਉਹ ਮਾਹਰ ਹੈ, ਇਸ ਲਈ ਦਸਤਿਆਂ ਦਰਮਿਆਨ ਰਾਬਿਤਾ ਰੱਖਣ ਲਈ ਅਕਸਰ ਹੀ ਸਫ਼ਰ ਉੱਤੇ ਚੜ੍ਹਿਆ ਰਹਿੰਦਾ ਹੈ।
ਕੰਨੇਨਾ ਮੈਨੂੰ ਦਸਰੂ ਦੇ ਹਵਾਲੇ ਕਰ ਕੇ ਲੱਚੱਕਾ ਸਮੇਤ ਕਿਸੇ ਹੋਰ ਪਾਸੇ ਤੁਰ ਗਿਆ। ਬਸੰਤੀ ਤੇ ਦਸਰੂ ਨਾਲ ਮੈਂ ਨਵੇਂ ਦਸਤੇ ਦੇ ਮਹਿਜ਼ ਇਕ ਰਾਤ ਦੇ ਡੇਰੇ ਉੱਤੇ ਅੱਪੜਦਾ ਹਾਂ।
ਨਵੇਂ ਦਸਤੇ ਦਾ ਕਮਾਂਡਰ ਲੰਬਾ ਪਤਲਾ ਸੀ ਅਤੇ ਭੰਬੀਰੀ ਵਾਂਗ ਘੁੰਮਦਾ ਸੀ। ਉਹ ਤੇਜ਼ ਕਦਮੀਂ ਚੱਲਦਾ ਅਤੇ ਹਰ ਵੇਲੇ ਮਸਰੂਫ਼ ਦਿਖਾਈ ਦੇਂਦਾ। ਜਦ ਵੀ ਅਸੀਂ ਆਹਮਣੇ ਸਾਹਮਣੇ ਹੁੰਦੇ ਤਾਂ ਉਹ ਮੁਸਕਰਾ ਦੇਂਦਾ ਤੇ ਨਾਲ ਹੀ ਹੱਥ ਮਿਲਾ ਕੇ ਕਹਿ ਦੇਂਦਾ, "ਹਿੰਦੀ। ਇੱਲਾ।" ਉਹ ਗੌਂਡ ਬੋਲੀ ਵਿਚ ਤੇਜ਼ ਤੇਜ਼ ਗੱਲਾਂ ਕਰਦਾ। ਜਦ 'ਹੁਕਮ'
ਸੁਣਾਉਂਦਾ ਤਾਂ ਆਪਣੀ ਆਵਾਜ਼ ਨੂੰ ਮੱਧਮ ਅਤੇ ਪਿਆਰ ਭਿੱਜੀ ਕਰ ਲੈਂਦਾ। ਭਾਵੇਂ ਮੈਂ ਉਸ ਦੀਆਂ ਗੱਲਾਂ ਅਤੇ ਹੱਥਾਂ, ਬਾਹਵਾਂ ਦੇ ਸੰਕੇਤਾਂ ਤੋਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਕੀ ਕਹਿ ਰਿਹਾ ਹੈ ਪਰ ਉਸ ਦਾ ਸਭ ਕੁਝ ਹੀ ਐਨਾ ਤੇਜ਼ ਸੀ ਕਿ ਮੈਂ ਮੁਸ਼ਕਲ ਨਾਲ ਹੀ ਕੁਝ ਚੀਜ਼ਾਂ ਪਕੜ ਪਾਉਂਦਾ। ਇਹਨਾਂ ਦਿਨਾਂ ਵਿਚ ਬਸੰਤੀ ਮੇਰੇ ਵਾਸਤੇ ਤਰਜਮਾਕਾਰ ਬਣੀ।
ਕਮਾਂਡਰ ਰਾਜੇਸ਼, ਕਮਾਂਡਰ ਨਹੀਂ ਹੈ ਸਗੋਂ ਸਿਆਸੀ ਆਰਗੇਨਾਈਜ਼ਰ ਹੈ ਜਿਸ ਨੇ ਦਲ ਦੀ ਕਮਾਨ ਸੰਭਾਲ ਰੱਖੀ ਹੈ। ਉਸ ਦੀ ਆਪਣੀ ਬੋਲੀ ਤੇਲਗੂ ਹੈ ਪਰ ਤੇਲਗੂ ਉਹ ਸਿਰਫ਼ ਉਸ ਸਮੇਂ ਹੀ ਬੋਲਦਾ ਹੈ ਜਦ ਕਿਸੇ ਤੇਲਗੂ-ਭਾਸ਼ੀ ਨਾਲ ਗੱਲ ਕਰਦਾ ਹੈ। ਉਸ ਦੇ ਤੇਰਾਂ ਮੈਂਬਰੀ ਦਲ ਵਿਚ ਸਿਰਫ਼ ਤਿੰਨ ਤੇਲਗੂ-ਭਾਸ਼ੀ ਹਨ, ਸਮੇਤ ਉਸ ਦੇ। ਬਾਕੀ ਸਭ ਗੋਂਡ ਲੜਕੇ ਲੜਕੀਆਂ ਹਨ।
ਇਕ ਦਿਨ ਅਸੀਂ ਜੰਗਲ ਵਿਚੋਂ ਗੁਜ਼ਰ ਰਹੇ ਸਾਂ ਤਾਂ ਇਕ ਦਸ-ਗਿਆਰਾਂ ਸਾਲ ਦਾ ਲੜਕਾ ਸਾਡੇ ਪਿੱਛੇ ਪਿੱਛੇ ਇਕ ਵੱਖਰੀ ਲੀਹ ਉੱਤੇ ਚਲਿਆ ਆ ਰਿਹਾ ਸੀ। ਕਾਫ਼ੀ ਪੰਧ ਲੰਘ ਆਉਣ ਉੱਤੇ ਵੀ ਜਦ ਉਸਨੇ ਰਸਤਾ ਨਾ ਬਦਲਿਆ ਤਾਂ ਰਾਜੇਸ਼ ਨੇ ਵਿਸਲ ਮਾਰ ਕੇ ਸਭ ਨੂੰ ਰੁਕਣ ' ਸੰਕੇਤ ਦਿੱਤਾ। ਮੁੰਡੇ ਨੂੰ ਇਸ਼ਾਰਾ ਕਰਕੇ ਬੁਲਾਇਆ ਗਿਆ। ਉਹ ਬੇ-ਫ਼ਿਕਰੀ ਨਾਲ ਸਾਡੇ ਤੱਕ ਪਹੁੰਚਿਆ ਅਤੇ ਹਰ ਕਿਸੇ ਨਾਲ ਹੱਥ ਮਿਲਾਇਆ। ਉਸ ਦਾ ਪਤਾ ਟਿਕਾਣਾ ਅਤੇ ਜੰਗਲ ਵਿਚ ਐਨੀ ਦੂਰ ਇਕੱਲੇ ਘੁੰਮਣ ਦਾ ਕਾਰਨ ਪੁੱਛਿਆ ਗਿਆ। ਉਸ ਨੇ ਬੇ-ਝਿਜਕ ਹੋ ਕੇ ਹਰ ਸਵਾਲ ਦਾ ਜਵਾਬ ਦਿੱਤਾ। ਬਸੰਤੀ ਨੇ ਖ਼ੁਲਾਸਾ ਕੀਤਾ ਕਿ ਉਹ ਆਪਣੀ ਜ਼ਮੀਨ ਦੇ ਝਗੜੇ ਸਬੰਧੀ ਇਲਾਕੇ ਦੇ ਕਿਸਾਨ ਸੰਘ ਦੇ ਆਗੂ ਦੇ ਪਿੰਡ ਜਾ ਰਿਹਾ ਹੈ। ਉਸ ਦੇ ਬਾਪ ਦੀ ਮੌਤ ਦੇ ਬਾਦ ਉਸ ਦੀ ਮਾਂ ਕਿਤੇ ਹੋਰ ਚਲੀ ਗਈ ਸੀ ਅਤੇ ਚਾਚਿਆਂ ਨੇ ਛੋਟੇ ਛੋਟੇ ਭੈਣਾਂ ਭਰਾਵਾਂ ਤੋਂ ਉਹਨਾਂ ਦੇ ਗੁਜ਼ਾਰੇ ਦਾ ਸਾਧਨ ਖੋਹ ਲਿਆ ਸੀ।
"ਏਥੇ ਵੀ ਇਸ ਤਰ੍ਹਾਂ ਕਰਦੇ ਨੇ ਲੋਕ?" ਮੈਂ ਬਸਤੀ ਤੋਂ ਜਾਨਣਾ ਚਾਹਿਆ।
"ਕਦੇ ਕਦੇ ਅਜਿਹਾ ਕੋਈ ਮਾਮਲਾ ਉੱਠ ਪੈਂਦਾ ਹੈ ਪਰ ਜਲਦੀ ਹੀ ਹੱਲ ਹੋ ਜਾਂਦਾ ਹੈ। ਜੇ ਪਿੰਡ ਵਾਲੇ ਨਾ ਨਿਬੇੜ ਸਕਣ ਤਾਂ ਇਲਾਕੇ ਦਾ ਸੰਘ ਦਖ਼ਲ ਦੇਂਦਾ ਹੈ। ਕਦੇ ਕੋਈ ਮਾਮਲਾ ਬਹੁਤ ਹੀ ਉਲਝ ਜਾਵੇ ਤਾਂ ਦਸਤੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਦਸਤੇ ਦੀ ਗੱਲ ਮੰਨ ਲਈ ਜਾਂਦੀ ਹੈ।"
"ਜੇ ਕੋਈ ਨਾ ਮੰਨੇ ਤਾਂ?"
"ਅਜਿਹਾ ਘੱਟ ਹੀ ਵਾਪਰਦਾ ਹੈ। ਕਚਹਿਰੀਆਂ ਤਕ ਮਾਮਲੇ ਨਹੀਂ ਜਾਂਦੇ। ਸਾਡੀ ਕੋਸ਼ਿਸ਼ ਹੈ ਕਿ ਮਸਲਿਆਂ ਨੂੰ 'ਗਰਾਮ ਰਾਜ ਕਮੇਟੀਆਂ ਰਾਹੀਂ ਨਜਿੱਠਿਆ ਜਾਵੇ। ਬਹੁਤੇ ਮਾਮਲੇ ਅਮਨ ਅਮਾਨ ਨਾਲ ਹੀ ਨਜਿੱਠ ਲਏ ਜਾਂਦੇ ਨੇ। ਜਦ ਪੁਲਿਸ ਆਇਆ ਕਰਦੀ ਸੀ ਤਾਂ ਹਰ ਕਿਸੇ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਸੀ। ਮਾਰ ਕੁੱਟ ਤੇ ਖਵਾਰੀ ਵੱਖ ਹੁੰਦੀ। ਅਕਸਰ ਹੀ ਉਹ ਜਿੱਤ ਜਾਂਦਾ ਜਿਹਦਾ ਜ਼ੋਰ ਹੁੰਦਾ। ਪਰ ਹੁਣ ਅਜਿਹਾ ਨਹੀਂ ਵਾਪਰਦਾ। ਇਸ ਲੜਕੇ ਦੇ ਚਾਚੇ ਵੀ ਜਲਦੀ ਹੀ ਮੰਨ ਜਾਣਗੇ। ਇਨਸਾਫ਼ ਪਹਿਲਾਂ ਨਾਲੋਂ ਆਸਾਨ ਹੀ ਨਹੀਂ ਹੋਇਆ ਸਗੋਂ ਸੱਚੀਂ ਹੀ ਇਨਸਾਫ਼ ਹੋਣ ਲੱਗ ਪਿਐ। ਜੇ ਨਵੀਂ ਤਾਕਤ ਨਾ ਹੋਵੇ ਤਾਂ ਅਜਿਹੇ ਬੱਚੇ ਰੁਲ ਜਾਣ।"
ਪੁਲਿਸ ਜ਼ਬਰਦਸਤੀ ਕਰਕੇ ਹੀ ਨਾ-ਇਨਸਾਫ਼ੀ ਕਰ ਸਕਦੀ ਸੀ ਅਤੇ ਉਸ ਦੇ
ਚਾਚਿਆਂ ਨੂੰ ਅਧਿਕਾਰ ਦੇ ਸਕਦੀ ਸੀ। ਪਰ ਉਸ ਹਾਲਤ ਵਿਚ ਪੁਲਿਸ ਨੂੰ ਪੱਕੇ ਤੌਰ ਉੱਤੇ ਪਿੰਡ ਵਿਚ ਬੈਠਣਾ ਪੈਣਾ ਸੀ। ਲੋਕ ਅਜਿਹੀ ਨਾ-ਇਨਸਾਫ਼ੀ ਨਹੀਂ ਚਾਹੁਣਗੇ ਅਤੇ ਪੱਕੀ ਚੌਕੀ ਨੂੰ ਗੁਰੀਲੇ ਟਿਕਣ ਨਹੀਂ ਦੇਣਗੇ। ਸੋ ਕੁੱਲ ਮਿਲਾ ਕੇ ਉਹਨਾਂ ਬੱਚਿਆਂ ਦਾ ਹੱਕ ਹੁਣ ਸੁਰੱਖਿਅਤ ਹੈ।
ਬਸੰਤੀ, ਇਕ ਆਦਿਵਾਸੀ ਕੁੜੀ, ਅਜਿਹੀਆਂ ਸੁਲਝੀਆਂ ਗੱਲਾਂ ਕਰੇਗੀ ਮੇਰੇ ਲਈ ਹੈਰਾਨੀਜਨਕ ਸੀ। ਉਸ ਨੇ ਕਾਨੂੰਨ ਨਹੀਂ ਪੜ੍ਹੋ, ਗੁੜ੍ਹ ਲੇਖਾਂ ਨਾਲ ਕਦੇ ਉਸ ਦਾ ਵਾਹ ਨਹੀਂ ਪਿਆ ਪਰ ਉਸਨੇ ਜ਼ਿੰਦਗੀ ਦੇ ਸਿੱਧੇ ਤਜਰਬੇ ਵਿਚੋਂ ਸਰਲ ਤੇ ਸਾਫ਼ ਤਰਕ ਦੀ ਸਮਝ ਹਾਸਲ ਕਰ ਲਈ ਹੈ ਕਿ ਇਨਸਾਵ ਕੀ ਹੈ ਅਤੇ ਇਸ ਵਾਸਤੇ ਤਾਕਤ ਦੀ ਭੂਮਿਕਾ ਕੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਬੇ-ਇਨਸਾਫ਼ੀ ਦਾ ਤਾਕਤ ਨਾਲ ਰਿਸ਼ਤਾ ਹੈ।
ਅਤੇ ਦੱਸ ਸਾਲ ਦਾ ਉਹ ਬੱਚਾ ਆਲੇ-ਦੁਆਲੇ ਦੇ ਮਾਹੌਲ ਤੋਂ ਇਹ ਸਿੱਖ ਰਿਹਾ ਹੈ ਕਿ ਇਨਸਾਫ਼ ਕਿੱਥੋਂ ਤੇ ਕਿਵੇਂ ਮਿਲ ਸਕਦਾ ਹੈ। ਜੇ ਇਸ ਨਵੀਂ ਤਾਕਤ ਦੀ ਓਥੇ ਹੋਂਦ ਨਾ ਹੋਵੇ ਤਾਂ ਉਸ ਦੀ ਅਤੇ ਉਸ ਦੇ ਭਾਈ ਭੈਣਾਂ ਦੀ ਜ਼ਿੰਦਗੀ ਕੀ ਰੁਖ਼ ਅਖ਼ਤਿਆਰ ਕਰੇਗੀ ਇਸ ਦਾ ਅੰਦਾਜ਼ਾ ਕੋਈ ਵੀ ਲਗਾ ਸਕਦਾ ਹੈ। ਉਹ ਬੱਚਾ ਕਈ ਕਿਲੋਮੀਟਰ ਦੇ ਸਫ਼ਰ ਦੌਰਾਨ ਸਾਡੇ ਨਾਲ ਹੀ ਚੱਲਦਾ ਰਿਹਾ। ਅਖੀਰ ਇਕ ਰਸਤੇ ਤੋਂ ਉਹ ਸਾਡੇ ਨਾਲੋਂ ਵਿੱਛੜ ਗਿਆ। ਜਿਸ ਪਿੰਡ ਉਸ ਨੇ ਜਾਣਾ ਸੀ ਅਤੇ ਜਿਸ ਪਿੰਡ ਵਿਚ ਅਸੀ ਰੁਕਣਾ ਸੀ ਉਹਨਾਂ ਦੇ ਦਰਮਿਆਨ ਕੋਈ ਜ਼ਿਆਦਾ ਫ਼ਾਸਲਾ ਨਹੀਂ ਸੀ। ਬੱਚੇ ਨੇ ਦਸਤੇ ਤੋਂ ਮਦਦ ਵਾਸਤੇ ਕੋਈ ਅਪੀਲ ਨਹੀਂ ਕੀਤੀ। ਉਸ ਨੂੰ ਯਕੀਨ ਸੀ ਕਿ ਕਿਸਾਨ ਸੰਘ ਉਸ ਦੇ ਮਾਮਲੇ ਨੂੰ ਨਜਿੱਠ ਦੇਵੇਗਾ।
ਰਾਤ ਦੇ ਖਾਣੇ ਤੋਂ ਬਾਦ।
ਰਾਤ ਨੂੰ ਮੈਂ ਰਾਜੇਸ਼ ਨੂੰ ਆਵਾਜ਼ ਦਿੱਤੀ ਕਿ 'ਇੱਲਾ ਇੱਲਾ' ਨਹੀਂ 'ਹੋ ਹੋ ਹੋ ਜਾਵੇ। ਯਾਨਿ, 'ਹਾਂ ਹਾਂ', ਤਾਂ ਕਿ ਕੁਝ ਗੱਲਾਂ ਹੋ ਜਾਣ। ਅਸੀਂ ਬਸੰਤੀ ਨੂੰ ਦੁਭਾਸ਼ੀਏ ਦੇ ਤੌਰ 'ਤੇ ਲਿਆ ਅਤੇ ਡੇਰੇ ਦੇ ਇਕ ਪਾਸੇ ਵੱਲ ਹੋ ਕੇ ਬੈਠ ਗਏ। ਇਸ ਤਰ੍ਹਾਂ ਨਾਲ ਇਕ ਰਸਮੀ ਜਿਹਾ ਮਾਹੌਲ ਪੈਦਾ ਹੋ ਗਿਆ ਜਿਸ ਵਿਚ ਗੱਲਾਂ ਖ਼ੁਦ-ਬ-ਖ਼ੁਦ ਅੰਦਰੋਂ ਨਹੀਂ ਨਿਕਲਦੀਆਂ ਸਗੋਂ ਗੱਲ ਸ਼ੁਰੂ ਕਰਨੀ ਵੀ ਮੁਸ਼ਕਲ ਹੋ ਜਾਂਦੀ ਹੈ। ਚੰਗੀ ਗੱਲਬਾਤ ਵਾਸਤੇ ਬੇ-ਬਾਕ ਹੋਣਾ ਜ਼ਰੂਰੀ ਸੀ ਪਰ ਰਾਜੇਸ਼ ਨਾਲ ਅਜਿਹਾ ਕੀਤਾ ਨਹੀਂ ਸੀ ਜਾ ਸਕਦਾ। ਤੇਲਗੁ ਦਾ ਹਿੰਦੀ ਨਾਲ ਕੋਈ ਮੇਲ ਨਹੀਂ, ਗੋਂਡ ਬੋਲੀ ਮੇਰੇ ਵਾਸਤੇ ਅਜੇ ਵੀ ਅਜਨਬੀ ਹੀ ਸੀ। ਰਸਮੀ ਹੋਣਾ ਸਾਡੀ ਮਜਬੂਰੀ ਬਣ ਗਿਆ।
"ਕਦ ਤੋਂ ਏਥੇ ਹੈ?"
"ਦੋ ਸਾਲ ਤੋਂ।"
"ਲਹਿਰ ਵਿਚ?"
"ਦਸ ਸਾਲ ਤੋਂ
"ਅਜੇ ਤੱਕ ਇਕੱਲਾ ਹੈ?
"ਹਾਂ "।"
ਇਸ ਤੋਂ ਪਹਿਲਾਂ ਕਿ ਬਸੰਤੀ ਉਸ ਦੀ 'ਹਾਂ' ਦਾ ਮੇਰੇ ਲਈ ਤਰਜਮਾ ਕਰਦੀ ਉਸ
ਨੇ ਨਾਲ ਹੀ ਕਹਿ ਦਿੱਤਾ, "ਈਲ ਈਲ, ਇੱਲਾ ਇੱਲਾ।" ਉਸ ਦੇ ਐਨਾ ਕਹਿੰਦਿਆਂ ਮੈਂ ਵੀ ਹੱਸ ਉੱਠਿਆ ਤੇ ਉਹ ਵੀ। ਬਸੰਤੀ ਹੱਕੀ ਬੱਕੀ ਸਾਡੇ ਦੋਵਾਂ ਵੱਲ ਦੇਖਣ ਲੱਗੀ ਕਿ ਇਹ ਕੀ ਭਾਣਾ ਵਰਤ ਗਿਆ, ਸਾਡੇ ਦੋਵਾਂ ਦਰਮਿਆਨ ਕੋਈ ਗੱਲ ਸਿੱਧੀ ਕਿਵੇਂ ਸਫ਼ਰ ਕਰ ਗਈ। ਨਾ ਹੀ ਉਹ ਇਸ ਦਾ ਤਰਜਮਾ ਕਰ ਸਕਦੀ ਸੀ। ਇੱਲਾ ਇੱਲਾ ਤਾਂ ਉਸ ਦੀ ਆਪਣੀ ਬੋਲੀ ਦਾ ਸ਼ਬਦ ਸੀ ਪਰ ਬੰਬਈ ਮਾਰਕਾ ਈਲੂ ਈਲੂ ਉਸ ਨੇ ਪਹਿਲੀ ਵਾਰ ਸੁਣਿਆ ਸੀ।
"ਕਿਆ ਹੁਆ ਰਾਜੇਸ਼ ਭਾਈ?" ਉਸ ਨੇ ਰਾਜੇਸ਼ ਨੂੰ ਕਿਹਾ ਅਤੇ ਫਿਰ ਮੇਰੇ ਵੱਲ ਮੁੜੀ, "ਕਿਆ ਹੂਆ ਈਸ਼ਵਰ ਦਾਦਾ? ਹੱਸਦੇ ਕਿਉਂ ਹੋ?
" ਜਦ ਬਸੰਤੀ ਨੂੰ ਇਸ ਦਾ ਮਤਲਬ ਦੱਸਿਆ ਗਿਆ ਤਾਂ 'ਅੱਛਾ ਇਹ ਗੱਲ ਹੈ! ਕਹਿ ਕੇ ਉਹ ਵੀ ਹੱਸਣ ਲੱਗੀ।
"ਤੂੰ ਸਿਨੇਮਾ ਦੇਖਦਾ ਹੈਂ?"
"ਨਹੀਂ। ਰੇਡੀਓ ਸੁਣਦਾਂ।"
"ਤੂੰ ਤੇਜ਼ ਬਹੁਤ ਬੋਲਦੇ। ਗੋਲੀ ਵੀ ਐਨੀ ਹੀ ਤੇਜ਼ ਚਲਾਉਂਦਾ ਹੋਣੇ?" "ਨਹੀਂ। ਅਜਿਹੀ ਅੱਯਾਸ਼ੀ ਅਸੀਂ ਨਹੀਂ ਕਰ ਸਕਦੇ। ਅਸੀਂ ਅਸਲਾ ਜਾਇਆ ਨਹੀਂ ਕਰਦੇ। ਓਦੋਂ ਮੈਂ ਸ਼ਿਸ਼ਤ ਬੰਨ੍ਹਣ ਤੋਂ ਬਿਨਾਂ ਘੋੜਾ ਨਹੀਂ ਨੱਪਦਾ। ਪਰ ਹੁਣ ਮੈਂ ਇਸ ਦੀ ਹੋਰ ਵੀ ਘੱਟ ਵਰਤੋਂ ਕਰਾਂਗਾ। ਨਵਾਂ ਕਮਾਂਡਰ ਆ ਜਾਵੇ, ਮੈਂ ਸਿਆਸੀ ਕੰਮ ਸਾਂਭ ਲਵਾਂਗਾ।"
ਰਾਜੇਸ਼ ਨੂੰ ਅਹਿਸਾਸ ਹੈ ਕਿ ਗੋਂਡ ਆਦਿਵਾਸੀ ਕਾਰਕੁੰਨ ਨੂੰ ਸਿਆਸੀ ਸਿੱਖਿਆ ਦੀ ਬਹੁਤ ਜ਼ਰੂਰਤ ਹੈ। ਉਹ ਦੱਸਦਾ ਹੈ ਕਿ ਪਿੰਡਾਂ ਵਿਚਲੇ ਸਿਆਸੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਕੰਮ ਕਾਫ਼ੀ ਦੇਰ ਤੋਂ ਚੰਗੀ ਤਰ੍ਹਾਂ ਨਹੀਂ ਹੋ ਸਕਿਆ। ਉਹ ਸੋਚਦਾ ਹੈ ਕਿ ਜੇ ਉਹ ਦਸਤੇ ਤੋਂ ਅਲੱਗ ਹੋ ਕੇ ਕੰਮ ਕਰੇ ਤਾਂ ਉਹ ਜ਼ਿਆਦਾ ਅਸਰਦਾਰ ਤਰੀਕੇ ਨਾਲ ਕੰਮ ਕਰ ਸਕੇਗਾ। ਦਸਤਾ ਤਾਂ ਦੋ ਮਹੀਨੇ ਪਿੱਛੋਂ ਕਿਸੇ ਪਿੰਡ ਵਿਚ ਪਹੁੰਚਦਾ ਹੈ ਪਰ ਸਿਆਸਤ ਦੀ ਜ਼ਰੂਰਤ ਰੋਜ਼ ਪੈਂਦੀ ਹੈ। ਕਿੰਨੇ ਮਸਲੇ ਹਨ ਜਿਹੜੇ ਰੁਕੇ ਪਏ ਹਨ ਅਤੇ ਜਿਹਨਾਂ ਦੇ ਹੱਲ ਵਾਸਤੇ ਸਮਾਂ ਨਹੀਂ ਮਿਲਦਾ। ਉਹ ਕਹਿੰਦਾ ਹੈ ਕਿ ਕਮਾਂਡਰ ਦੀ ਜ਼ਿੰਮੇਦਾਰੀ ਤੋਂ ਸੁਰਖ਼ਰੂ ਹੋਵੇਗਾ ਤਾਂ ਦੂਸਰੇ ਪਾਸੇ ਵੱਲ ਧਿਆਨ ਦੇ ਸਕੇਗਾ।
ਬਸੰਤੀ ਵਾਸਤੇ ਰਾਜੇਸ਼ ਦੀ ਲੰਬੀ ਗੱਲ ਦਾ ਤਰਜਮਾ ਕਰਨਾ ਮੁਸ਼ਕਲ ਹੋ ਗਿਆ ਸੀ। ਉਸ ਨੇ ਟੁਕੜਿਆਂ ਵਿਚ ਉਸ ਦਾ ਉਲਥਾ ਕੀਤਾ ਅਤੇ ਰਾਜੇਸ਼ ਨੂੰ ਕਿਹਾ ਕਿ ਉਹ ਛੋਟੀ ਗੱਲ ਕਰੋ ਅਤੇ ਹੌਲੀ ਚਾਲ ਨਾਲ ਬੋਲੇ।
ਰਾਜੇਸ਼ ਨੇ ਗੱਲ ਜਾਰੀ ਰੱਖੀ। ਉਹ ਕਹਿੰਦਾ ਗਿਆ ਕਿ ਲੋਕਾਂ ਦੇ ਮਾਮਲਿਆਂ, ਵਿਕਾਸ ਕੰਮਾਂ, ਪੁਲੀਸ ਜਬਰ, ਨਵੇਂ ਲੜਾਕਿਆਂ ਦੀ ਭਰਤੀ ਆਦਿ ਅਨੇਕਾਂ ਤਰ੍ਹਾਂ ਦੇ ਕੰਮ ਹਨ ਜਿਹਨਾਂ ਲਈ ਹੁਣ ਨਾਲੋਂ ਕਈ ਗੁਣਾ ਜ਼ਿਆਦਾ ਉੱਦਮ ਦੀ ਲੋੜ ਹੈ। ਕਿ ਉਹ ਕਿਸੇ ਵੀ ਖੇਤਰ ਵੱਲ ਦੇਖੋ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਵਿਚ ਬਹੁਤ ਕੰਮ ਹੋਣ ਵਾਲਾ ਪਿਆ ਹੈ। ਇਹਨਾਂ ਨੂੰ ਸੁਖਾਲਾ ਕਰਨ ਲਈ ਉਹ ਸਿਆਸੀ ਢਾਂਚੇ ਦੀ ਉਸਾਰੀ ਨੂੰ ਧੁਰੀ ਮੰਨਦਾ ਹੈ। ਇਹੀ ਢਾਂਚਾ ਸਭ ਖੇਤਰਾਂ ਵਿਚ ਤਾਕਤਾਂ ਨੂੰ ਜਥੇਬੰਦ ਕਰ ਸਕਦਾ ਹੈ, ਉਹਨਾਂ ਵਾਸਤੇ ਕਾਰਕੁੰਨ ਮੁਹੱਈਆ ਕਰ ਸਕਦਾ ਹੈ ਅਤੇ ਸਮੁੱਚੀ ਕਾਰਗੁਜ਼ਾਰੀ ਨੂੰ ਜ਼ਰਬ ਦੇ ਸਕਦਾ ਹੈ।
ਜਿਵੇਂ ਜਿਵੇਂ ਰਾਜੇਸ਼ ਦੀਆਂ ਗੱਲਾਂ ਡੂੰਘੀਆਂ ਤੇ ਗੂੜੀਆਂ ਹੁੰਦੀਆਂ ਗਈਆਂ ਬਸੰਤੀ ਵਾਸਤੇ ਉਹਨਾਂ ਦਾ ਤਰਜਮਾ ਕਰਨਾ ਮੁਸ਼ਕਲ ਹੁੰਦਾ ਗਿਆ। ਸਿੱਧੀਆਂ ਸਾਦੀਆਂ ਸਿਆਸੀ ਗੱਲਾਂ ਨੂੰ ਉਹ ਸੌਖਿਆਂ ਹੀ ਉਲਥਾਅ ਲੈਂਦੀ ਸੀ ਪਰ ਸਿਧਾਂਤਾਂ, ਵਖਿਆਨਾ, ਅਸਲਾ ਅਤੇ ਸਿਆਸੀ ਲਕਬਾਂ ਉੱਤੇ ਆ ਕੇ ਉਹ ਉਲਝਣ ਲੱਗ ਪਈ।
"ਤੁਹਾਡੀ ਸਿਆਸਤ ਐਨੀ ਮੁਸ਼ਕਲ ਕਿਓਂ ਹੈ? ਕੀ ਤੁਸੀਂ ਥੋੜ੍ਹੇ ਲਫ਼ਜ਼ਾਂ ਤੇ ਛੋਟੇ ਫ਼ਿਕਰਿਆਂ ਵਿਚ ਗੱਲਾਂ ਨਹੀਂ ਕਰ ਸਕਦੇ? ਮੇਰੇ ਲਈ ਤਾਂ ਦੁਭਾਸ਼ੀਏ ਦਾ ਕੰਮ ਕਰਨਾ ਅਸੰਭਵ ਹੋ ਗਿਆ। ਲਗਦੇ ਮੈਨੂੰ ਵੀ ਤੁਹਾਡੇ ਵਾਂਗ ਪੜ੍ਹਣਾ ਪਵੇਗਾ। ਪਰ ਮੈਂ ਤਾਂ ਅਜੇ ਤਿੰਨ ਅੱਖਰਾਂ ਤੋਂ ਵੱਧ ਦੇ ਸ਼ਬਦ ਵੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੀ। ਕਦੇ ਮੈਨੂੰ ਲੱਗਦੇ ਕਿ ਅੱਧਾ ਇਨਕਲਾਬ ਤਾਂ ਇਹਨਾਂ ਗੂੜ੍ਹ ਗੱਲਾਂ ਕਾਰਨ ਰੁਕਿਆ ਪਿਐ ਅਤੇ ਕਦੇ ਲੱਗਦੇ ਕਿ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਰ ਹੁਣ ਤੁਸੀਂ ਕੋਈ ਹੋਰ ਦੁਭਾਸ਼ੀਆ ਲੱਭੋ, ਮੇਰੇ ਤਾਂ ਵੱਸ ਵਿਚ ਨਹੀਂ ਰਿਹਾ।" ਬਸੰਤੀ ਨੇ ਰਾਜੇਸ਼ ਨੂੰ ਉਪਰੋਕਤ ਗੱਲਾਂ ਕਹਿ ਕੇ ਹੱਥ ਛੱਡ ਦਿੱਤਾ।
ਪਰ ਰਾਜੇਸ਼ ਨੇ ਉਸ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਉਸ ਵਾਸਤੇ ਇਹ ਸਭ ਗੱਲਾਂ ਹੌਲੀ ਹੌਲੀ ਆਸਾਨ ਹੋ ਜਾਣਗੀਆਂ, ਇਕ ਦਿਨ ਉਹ ਜ਼ਰੂਰ ਸਿੱਖ ਜਾਵੇਗੀ ਤੇ ਫਿਰ ਖ਼ੁਦ ਵੀ ਇਸੇ ਤਰ੍ਹਾਂ ਬੋਲਿਆ ਕਰੇਗੀ।
ਜਦ ਬਸੰਤੀ ਦਾ ਪੁਲ ਦਰਮਿਆਨ ਵਿਚੋਂ ਹਟ ਗਿਆ ਤਾਂ ਫਿਰ ਕਿਸੇ ਸਮੇਂ ਮਿਲ ਬੈਠਣ ਦਾ ਵਾਅਦਾ ਕਰ ਕੇ ਅਸੀਂ ਇਕ ਦੂਜੇ ਨੂੰ ਰਾਤ ਭਰ ਲਈ ਅਲਵਿਦਾ ਕਹੀ ਤੇ ਆਪਣੇ ਆਪਣੇ ਬਿਸਤਰ ਨੂੰ ਜਾ ਮੱਲਿਆ।
ਇਕ ਦਿਨ ਸਵੇਰੇ ਸਵੇਰੇ ਕੋਈ ਜਣਾ ਇਹ ਖ਼ਬਰ ਲੈ ਕੇ ਆਇਆ ਕਿ ਮਾਸੇ ਨਾਮ ਦੀ ਇਕ ਛੋਟੀ ਜਿਹੀ ਕੁੜੀ ਦਮ ਤੋੜ ਗਈ ਹੈ। ਇਹ ਉਹੀ ਛੋਟੀ ਬੱਚੀ ਸੀ ਜਿਸ ਦਾ ਲੱਚੱਕਾ ਇਲਾਜ ਕਰਵਾਉਣਾ ਚਾਹੁੰਦੀ ਸੀ।
"ਹਕੂਮਤ ਵੱਲੋਂ ਇਕ ਹੋਰ ਕਤਲ," ਰਾਜੇਸ਼ ਨੇ ਕਿਹਾ। ਉਸ ਦਾ ਚਿਹਰਾ ਗੰਭੀਰ ਹੋ ਗਿਆ ਸੀ। ਜਦ ਲੱਚੱਕਾ ਸੁਣੇਗੀ ਤਾਂ ਉਸ ਉੱਤੇ ਕੀ ਬੀਤੇਗੀ? ਇਹ ਉਹ ਜਾਣਦਾ ਸੀ। ਲੱਚੱਕਾ ਵਧੇਰੇ ਚੁੱਪ ਹੋ ਜਾਵੇਗੀ ਅਤੇ ਆਪਣੇ ਰੁਝੇਵੇਂ ਵਧਾ ਲਵੇਗੀ।
"ਜੇ ਸਾਨੂੰ ਉਸ ਦੇ ਝੁਲਸ ਜਾਣ ਦਾ ਜਲਦੀ ਪਤਾ ਲੱਗ ਗਿਆ ਹੁੰਦਾ ਤਾਂ ਅਸੀਂ ਜ਼ਰੂਰ ਉਸ ਨੂੰ ਬਚਾ ਸਕੇ ਹੁੰਦੇ। ਪਰ ਸ਼ਾਇਦ ਨਹੀਂ। ਸਾਡਾ ਦਵਾ ਸੰਘ ਫ਼ੋਰਨ ਹਰਕਤ ਵਿਚ ਨਹੀਂ ਆ ਸਕਿਆ, ਨਾ ਹੀ ਮਹਿਲਾ ਸੰਘ। ਅਸੀਂ ਆਪਣੇ ਸੰਗਠਨਾਂ ਨੂੰ ਅਜੇ ਮਜ਼ਬੂਤ ਨਹੀਂ ਕਰ ਸਕੇ। ਜੇ ਮੈਂ ਵਕਤ ਕੱਢਦਾ ਤਾਂ ਉਸ ਨੂੰ ਬਚਾ ਲੈਂਦਾ।" ਰਾਜੇਸ਼ ਹਕੂਮਤ ਦੇ ਆਮ ਲੋਕਾਂ ਪ੍ਰਤੀ ਵਤੀਰੇ ਨੂੰ ਮੁਜਰਮਾਨਾ ਕਰਾਰ ਦਿੰਦਾ ਹੋਇਆ ਵੀ ਆਪਦੀਆਂ ਕਮਜ਼ੋਰੀਆਂ ਨੂੰ ਨਜ਼ਰ-ਅੰਦਾਜ਼ ਨਹੀਂ ਸੀ ਕਰ ਰਿਹਾ। ਸਿਰਫ਼ ਜੇ ਉਸ ਦੇ ਸੰਗਠਨ ਹੋਰ ਮਜ਼ਬੂਤ ਹੋ ਜਾਣ ਤਾਂ ਅਜਿਹੀਆਂ ਕਈ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
ਬਸੰਤੀ ਮਾਸੇ ਦੀ ਮੌਤ ਨੂੰ ਬਸਤਰ ਵਿਚ ਹੋਣ ਵਾਲੀਆਂ ਗ਼ੈਰ-ਕੁਦਰਤੀ ਮੌਤਾਂ ਵਾਂਗ ਭਾਵੇਂ ਇਕ ਆਮ ਘਟਨਾ ਹੀ ਕਹਿੰਦੀ ਸੀ ਫਿਰ ਵੀ ਉਹ ਉਦਾਸ ਉਦਾਸ ਸੀ। ਪਰ ਉਹ ਰਾਜੇਸ਼ ਨਾਲ ਸਹਿਮਤ ਨਹੀਂ ਸੀ ਕਿ ਮਾਸੇ ਨੂੰ ਮੌਤ ਦੇ ਮੂੰਹੋਂ ਬਚਾਉਣ ਵਾਸਤੇ ਉਹ ਕੁਝ ਕਰ ਸਕਦਾ ਸੀ। ਲੱਚੱਕਾ ਵੀ ਇਸੇ ਤਰ੍ਹਾਂ ਸੋਚਦੀ ਸੀ ਕਿ ਉਹ ਉਸ ਨਿੱਕੀ
ਜਿਹੀ ਕੁੜੀ ਨੂੰ ਮਰਨ ਨਹੀਂ ਦੇਵੇਗੀ। ਬਸੰਤੀ ਦੇ ਖ਼ਿਆਲ ਮੁਤਾਬਕ ਅਜੇ ਉਹ ਸਥਿੱਤੀ ਕਾਫ਼ੀ ਦੂਰ ਹੈ ਜਦ ਉਹਨਾਂ ਦੇ ਸੰਗਠਨ ਇਸ ਦੇ ਪੂਰੀ ਤਰ੍ਹਾਂ ਯੋਗ ਹੋ ਜਾਣਗੇ। ਲੱਚੱਕਾ, ਜਾਂ ਰਾਜੇਸ਼, ਜਾਂ ਕੋਈ ਵੀ ਹੋਰ, ਐਨੇ ਕੰਮਾਂ ਨੂੰ ਇਕੋ ਸਮੇਂ ਨਹੀਂ ਸਨ ਕਰ ਸਕਦੇ।
"ਸਾਨੂੰ ਕਮਾਂਡਰ ਤੇ ਆਰਗੇਨਾਈਜ਼ਰ ਅਲੱਗ ਅਲੱਗ ਕਰਨੇ ਪੈਣਗੇ। ਇੱਕ ਵਿਅਕਤੀ ਦੋਵੇਂ ਕੰਮ ਨਹੀਂ ਨਿਭਾ ਸਕਦਾ। ਸ਼ਾਇਦ ਉਸ ਰਾਤ ਤੁਸੀਂ ਅਜਿਹੀਆਂ ਹੀ ਗੱਲਾਂ ਕਰ ਰਹੇ ਸੋ। ਮੈਨੂੰ ਵੀ ਇਹੀ ਲੱਗਦੇ ਕਿ ਅਜਿਹਾ ਕਰਨ ਨਾਲ ਕਈ ਚੀਜ਼ਾਂ ਦੇ ਆਸਾਨ ਹੋ ਜਾਣ ਦਾ ਰਸਤਾ ਖੁੱਲ੍ਹ ਪਵੇਗਾ," ਬਸੰਤੀ ਨੇ ਕਿਹਾ ਤੇ ਰਾਜੇਸ਼ ਦੇ ਮੂੰਹ ਵੱਲ ਦੇਖਣ ਲੱਗੀ।
"ਠੀਕ ਕਿਹੈ। ਸਾਨੂੰ ਵੱਖ ਵੱਖ ਕੰਮਾਂ ਵਾਸਤੇ ਵੱਖ ਵੱਖ ਵਿਅਕਤੀਆਂ ਦੀ ਡਾਹਢੀ ਜ਼ਰੂਰਤ ਹੈ ਜਿਹੜੇ ਆਪਣੇ ਆਪਣੇ ਕੰਮ ਉੱਤੇ ਧਿਆਨ ਕੇਂਦਰਤ ਕਰ ਸਕਣ। ਇਸ ਸਮੱਸਿਆ ਦਾ ਕੋਈ ਹੱਲ ਢੂੰਡਣਾ ਪਵੇਗਾ।" ਰਾਜੇਸ਼ ਸੋਚੀਂ ਪੈ ਗਿਆ।
'ਚਿੰਤਾ ਕੀ ਬਾਤ,' ਮੈਂ ਕੰਨਨਾ ਨੂੰ ਯਾਦ ਕੀਤਾ। ਸਮੱਸਿਆ ਉੱਠ ਪਵੇ ਤਾਂ ਚਿੰਤਾ ਸ਼ੁਰੂ, ਹੱਲ ਮਿਲ ਜਾਵੇ ਤਾਂ ਚਿੰਤਾ ਦੂਰ!
ਜਿਸ ਪਿੰਡ ਦੇ ਨਾਲ ਲੱਗਵੇਂ ਜੰਗਲ ਵਿਚ ਅਸੀਂ ਰੁਕੇ ਹੋਏ ਸਾਂ ਉਹ ਵੱਡਾ ਪਿੰਡ ਸੀ। ਸੱਠ, ਜਾਂ ਪੈਂਹਠ ਘਰਾਂ ਦਾ। ਸਾਰੇ ਪਿੰਡ ਦਾ ਇੱਕ ਸਾਂਝਾ ਨਲਕਾ ਸੀ ਜਿੱਥੋਂ ਲੋਕ ਪਾਣੀ ਦੀ ਜ਼ਰੂਰਤ ਪੂਰੀ ਕਰਦੇ ਸਨ। ਪਿੰਡ ਦਾ ਚੱਕਰ ਲਾਉਂਦੇ ਲਾਉਂਦੇ ਅਸੀਂ ਇਕ ਵਿਸ਼ਾਲ ਵਿਹੜੇ ਵਾਲੀ ਝੌਂਪੜੀ ਸਾਹਮਣੇ ਪਹੁੰਚੇ। ਘਰ ਅੰਦਰ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ। ਝੋਪੜੀ ਦਾ ਦਰਵਾਜ਼ਾ ਢੋਇਆ ਹੋਇਆ ਸੀ ਪਰ ਉਸ ਦੀਆਂ ਕੱਖ ਕਾਨਿਆਂ ਦੀਆਂ ਕੰਧਾਂ ਥਾਂ ਥਾਂ ਤੋਂ ਉੱਡੀਆਂ ਹੋਈਆਂ ਸਨ। ਵਿਹੜਾ ਭਾਵੇਂ ਸਾਫ਼ ਸੀ ਅਤੇ ਇਕ ਥਾਂ ਫੁੱਲਾਂ ਦੀ ਛੋਟੀ ਜਿਹੀ ਕਿਆਰੀ ਬਣੀ ਹੋਈ ਸੀ ਜਿਸ ਵਿਚ ਗੇਂਦਾ ਟਹਿਕ ਰਿਹਾ ਸੀ। ਫਿਰ ਵੀ ਇਸ ਤਰ੍ਹਾਂ ਲਗਦਾ ਸੀ ਕਿ ਇਸ ਘਰ ਦੇ ਬੰਦੋ ਆਲਸੀ ਤੇ ਨਿਕੰਮੇ ਹੋਣਗੇ ਜਿਹੜੇ ਆਪਣੀ ਰਹਿਣ ਵਾਲੀ ਝੁੱਗੀ ਨੂੰ ਸੰਵਾਰਨ ਦੀ ਵੀ ਹਿੰਮਤ ਨਹੀਂ ਕਰਦੇ।
"ਇਹ ਸਕੂਲ ਹੈ," ਬਸੰਤੀ ਨੇ ਕਿਹਾ।
ਅਸੀਂ ਬਾਹਰਲਾ ਗੇਟ ਖੋਲ੍ਹਿਆ ਤੇ ਵਿਹੜੇ ਵਿਚ ਜਾ ਦਾਖ਼ਲ ਹੋਏ। ਝੌਂਪੜੀ ਦੇ ਅੰਦਰ ਝਾਤੀ ਮਾਰੀ ਤਾਂ ਸੁੰਨ-ਮਸਾਣ ਨਜ਼ਰੀਂ ਪਈ। ਇਕ ਨੁੱਕਰ ਵਿਚ ਬੋਰਡ ਪਿਆ ਸੀ। ਇਕ ਛੋਟਾ ਮੇਜ਼ ਤੇ ਕੁਰਸੀ ਕਮਰੇ ਦੇ ਵਿਚਕਾਰ ਲੁੜਕੇ ਪਏ ਸਨ। ਇਕ ਪਾਸੇ ਦੀ ਕੰਧ ਉੱਤੇ ਇਕ ਨਕਸ਼ਾ ਟੰਗਿਆ ਹੋਇਆ ਸੀ ਜਿਸ ਦੇ ਨਾਲ ਹੀ ਇਕ ਤਖ਼ਤੀ ਲਟਕ ਰਹੀ ਸੀ ਜਿਸ ਉੱਤੇ 'ਅੱਜ ਦੀ ਹਾਜ਼ਰੀ' ਹਿੰਦੀ ਵਿਚ ਲਿਖਿਆ ਪਿਆ ਸੀ। ਪਹਿਲੀ ਜਮਾਤ ਦੇ ਗਿਆਰਾਂ, ਦੂਜੀ ਦੇ ਪੰਜ, ਤੀਜੀ ਦੇ ਦੋ ਅਤੇ ਚੌਥੀ ਦਾ ਇਕ, ਕੁੱਲ ਉੱਨੀ ਵਿਦਿਆਰਥੀ ਇਸ ਸਕੂਲ ਦੇ ਰਜਿਸਟਰ ਉੱਪਰ ਦਰਜ ਸਨ। ਹਾਜ਼ਰ ਵਿਦਿਆਰਥੀ ਪੰਜ ਅਤੇ ਹੇਠਾਂ ਤਾਰੀਖ਼ ਕੋਈ ਵੀਹ ਦਿਨ ਪਹਿਲਾਂ ਦੀ। ਤਖ਼ਤੀ ਉੱਤੇ ਕਿਸੇ ਨੇ (ਉਸ ਨੂੰ ਮਾਸਟਰ ਜੀ ਹੀ ਕਹਿਣਾ ਚਾਹੀਦਾ ਹੈ) ਬੜੇ ਹੀ ਸੁੰਦਰ ਅੱਖਰਾਂ ਵਿਚ ਉਪਰੋਕਤ ਬਿਓਰਾ ਦਰਜ ਕੀਤਾ ਹੋਇਆ ਸੀ। ਲਗਦਾ ਸੀ ਕਿ ਮਾਸਟਰ ਜੀ ਮਹੀਨੇ ਵਿਚ ਦੇ ਜਾਂ ਤਿੰਨ ਵਾਰ ਆਉਂਦੇ ਹੋਣਗੇ। ਨਲਕੇ ਕੋਲ ਖੜ੍ਹੇ ਪਿੰਡ ਦੇ ਪਟੇਲ (ਸਾਬਕਾ ਸਰਕਾਰੀ
ਅਧਿਕਾਰੀ) ਨੇ ਦੱਸਿਆ ਕਿ ਦੋ ਤਿੰਨ ਮਹੀਨਿਆਂ ਵਿਚ 'ਗੁਰੂ ਜੀ' ਇਕ ਵਾਰ ਚੱਕਰ ਮਾਰ ਜਾਂਦੇ ਹਨ। ਪਿੰਡ ਦੇ ਬੱਚਿਆਂ ਨੂੰ ਮਿਲ ਕੇ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਪੜ੍ਹਣਾ ਨਹੀਂ ਚਾਹੁੰਦੇ ਤਾਂ ਸਭ ਨੇ ਕਿਹਾ ਕਿ ਜੋ ਗੁਰੂ ਜੀ ਆਉਣ ਤਾਂ ਅਸੀਂ ਜ਼ਰੂਰ ਪੜ੍ਹਾਂਗੇ। ਮੈਂ ਸਕੂਲਾਂ ਵਾਲੇ ਜਿਹੜੇ ਪੰਜਾਹ ਪਿੰਡ ਘੁੰਮ ਕੇ ਦੇਖੇ ਉਹਨਾਂ ਵਿਚੋਂ ਇਕ ਸਕੂਲ ਵਿਚ ਮਾਸਟਰ ਜੀ ਹਫ਼ਤੇ ਵਿਚ ਤਿੰਨ ਦਿਨ ਆਉਂਦੇ ਸਨ। ਇਕ ਹੋਰ ਵਿਚ ਸਕੂਲ ਰੋਜ਼ ਹੀ ਲਗਦਾ ਸੀ ਅਤੇ ਉਸ ਦਾ ਮਾਸਟਰ ਪਿੰਡ ਵਿਚ ਹੀ ਰਹਿੰਦਾ ਸੀ। ਬਾਕੀ ਦੇ ਅਠਤਾਲੀ ਸਕੂਲਾਂ ਦੇ ਮਾਸਟਰ ਕਸਬਿਆਂ ਵਿਚ ਰਹਿੰਦੇ ਸਨ ਜਾਂ ਆਪਣੇ ਪਿੰਡਾਂ ਵਿਚ। ਸਕੂਲਾਂ ਨੂੰ ਉਹਨਾਂ ਨੇ ਉਜਾੜ ਦਿੱਤਾ ਹੋਇਆ ਸੀ ਅਤੇ ਬੱਚਿਆਂ ਨੂੰ ਰੱਬ ਆਸਰੇ ਛੱਡ ਰੱਖਿਆ ਸੀ। ਬਾਦ ਵਿਚ ਮੈਂ ਉਸ ਪਿੰਡ ਦੇ ਗੁਰੂ ਜੀ ਨੂੰ ਮਿਲਿਆ ਜੋ ਪਿੰਡ ਵਿਚ ਹੀ ਟਿਕੇ ਹੋਏ ਸਨ। ਉਸ ਨੇ ਦੱਸਿਆ ਕਿ ਉਹ ਕਈ ਸਾਲ ਤੋਂ ਬਾਕਾਇਦਾ ਓਥੇ ਹੀ ਰਹਿ ਰਿਹਾ ਹੈ ਅਤੇ ਆਪਣੇ ਪਿੰਡ ਕਦੇ ਕਦਾਈਂ ਹੀ ਦੋ ਤਿੰਨ ਦਿਨਾਂ ਲਈ ਜਾਂਦਾ ਹੈ। ਮੈਂ ਉਸ ਤੋਂ ਜਾਨਣਾ ਚਾਹਿਆ ਕਿ ਮਾਸਟਰਾਂ ਦੇ ਸਕੂਲਾਂ ਵਿਚ ਨਾ ਆਉਣ ਦਾ ਕੀ ਕਾਰਨ ਹੈ: ਗੁਰੀਲਿਆਂ ਦਾ ਡਰ, ਜਾਂ ਸਰਕਾਰ ਦੀ ਦਹਿਸ਼ਤ, ਜਾਂ ਕੁਝ ਹੋਰ?
ਉਸ ਨੇ ਦੱਸਿਆ ਕਿ ਉਹ ਪੜ੍ਹਾਉਣ ਵਿਚ ਦਿਲਚਸਪੀ ਹੀ ਨਹੀਂ ਲੈਂਦੇ। ਦਾਦਾ ਲੋਕਾਂ ਦਾ ਡਰ ਕੋਈ ਨਹੀਂ। ਸਰਕਾਰ ਦੀ ਦਹਿਸ਼ਤ ਭਾਵੇਂ ਨਹੀਂ ਹੈ ਪਰ ਸਰਕਾਰ ਵਲੋਂ ਉਹਨਾਂ ਨੂੰ ਪੜ੍ਹਾਉਣ ਬਾਰੇ ਕਿਹਾ ਵੀ ਨਹੀਂ ਜਾਂਦਾ ਅਤੇ ਹਰ ਮਹੀਨੇ ਤਨਖ਼ਾਹ ਦੇ ਦਿੱਤੀ ਜਾਂਦੀ ਹੈ। ਮਾਸਟਰਾਂ ਨੇ ਹਾਲਤ ਦਾ ਫ਼ਾਇਦਾ ਉਠਾਇਆ ਹੈ।
ਜਦ ਮੈਂ ਬਸੰਤੀ ਅਤੇ ਰਾਜੇਸ਼ ਤੋਂ ਉਹਨਾਂ ਦੀ ਇਸ ਸਬੰਧੀ ਰਾਇ ਪੁੱਛੀ ਤਾਂ ਉਹਨਾਂ ਆਪਣੇ ਵੱਲੋਂ ਕਿਸੇ ਕਿਸਮ ਦਾ ਡਰ ਪਾਏ ਜਾਣ ਦੇ ਉਲਟ ਸਗੋਂ ਇਹ ਦੱਸਿਆ ਕਿ ਬਲਾਕ ਦਫ਼ਤਰਾਂ ਵਿਚ ਤਨਖ਼ਾਹ ਵਾਲੇ ਦਿਨ ਉਹ ਕਈ ਵਾਰ ਮਾਸਟਰਾਂ ਦੀਆਂ ਰੇਲੀਆਂ ਕਰ ਚੁੱਕੇ ਹਨ ਜਿਹਨਾਂ ਵਿਚ ਉਹ ਉਹਨਾਂ ਨੂੰ ਸਕੂਲਾਂ ਵਿਚ ਆਉਣ ਦੀ ਅਪੀਲ ਕਰ ਚੁੱਕੇ ਹਨ। ਓਥੇ ਮਾਸਟਰ ਕਹਿ ਦੇਂਦੇ ਹਨ ਕਿ ਉਹ ਜ਼ਰੂਰ ਆਉਣਗੇ ਪਰ ਆਉਂਦੇ ਕਦੇ ਨਹੀਂ। ਰਾਜੇਸ਼ ਨੇ ਕਿਹਾ ਕਿ ਉਹ ਇਕ ਦੋ ਵਾਰ ਹੋਰ ਕੋਸ਼ਿਸ਼ਾਂ ਕਰਨਗੇ ਅਤੇ ਫਿਰ ਸਕੂਲਾਂ ਦਾ ਪ੍ਰਬੰਧ ਆਪਣੇ ਹੱਥ ਲੈ ਲੈਣਗੇ। ਦੇ, ਚਾਰ, ਛੇ ਜਮਾਤਾਂ ਪੜ੍ਹਿਆ ਜਿਹੜਾ ਵੀ ਕੋਈ ਕਬਾਇਲੀ ਨੌਜਵਾਨ ਗੁਰੂ ਜੀ ਦੀ ਜ਼ਿੰਮੇਦਾਰੀ ਨਿਭਾਉਣ ਵਾਸਤੇ ਤਿਆਰ ਹੋਇਆ ਉਸ ਨੂੰ ਉਹ ਪੜ੍ਹਾਉਣ ਦੇ ਕੰਮ ਉੱਤੇ ਲਾ ਦੇਣਗੇ ਅਤੇ ਉਸ ਲਈ ਗੁਜ਼ਾਰੇ ਜਗੀ ਤਨਖ਼ਾਹ ਦਾ ਪ੍ਰਬੰਧ ਕਰਨਗੇ। ਗੁਰੀਲਾ ਲਹਿਰ ਵੱਲੋਂ ਚਲਾਏ ਜਾਣ ਵਾਲੇ ਸਕੂਲ ਪਹਿਲਾਂ ਹੀ ਕੁਝ ਥਾਵਾਂ ਉੱਤੇ ਮੌਜੂਦ ਹਨ ਜਿਹਨਾਂ ਵਿਚ ਬੱਚਿਆਂ ਨੂੰ ਕੂੜ-ਮੁਕਤ ਸਿੱਖਿਆ ਮਿਲਦੀ ਹੈ, ਜਿੱਥੇ ਉਹਨਾਂ ਦੇ ਸੱਭਿਆਚਾਰ, ਖੇਡਾਂ ਅਤੇ ਆਪਸੀ ਭਰੱਪਣ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਬਿਨਾਂ ਸ਼ੱਕ, ਮੈਂ ਅਜਿਹੇ ਕਿਸੇ ਸਕੂਲ ਵਿਚ ਜਾਣ ਦਾ ਮੋਕਾ ਹਾਸਲ ਨਹੀਂ ਕਰ ਸਕਿਆ। ਉਪਰੋਕਤ ਬਿਆਨ ਰਾਜੇਸ਼ ਵਰਗੇ ਪ੍ਰਤੀਬੱਧ ਲੋਕਾਂ ਦੇ ਹਵਾਲੇ ਅਨੁਸਾਰ ਹੈ। ਦਸਤਿਆਂ ਵਿਚ ਲਗਨ ਨਾਲ ਹੁੰਦੀ ਪੜ੍ਹਾਈ ਮੈਂ ਅੱਖੀਂ ਦੇਖ ਰਿਹਾ ਸਾਂ, ਸੋ ਉਹਨਾਂ ਦੇ ਕਥਨ ਉੱਤੇ ਕਿੰਤੂ ਕਰਨ ਦਾ ਮੇਰੇ ਮਨ ਵਿਚ ਸਵਾਲ ਹੀ ਨਹੀਂ ਉੱਠਿਆ। ਜਿਵੇਂ ਰੂਸੀ ਇਨਕਲਾਬੀ ਲਹਿਰ ਦੇ ਅਸਰ ਹੇਠ "ਪਹਿਲਾ ਅਧਿਆਪਕ" ਜਿਹੇ ਗੁਰੂ ਜੀਆਂ ਦਾ ਉੱਭਰ ਪੈਣਾ ਅਤੇ ਚੀਨੀ ਇਨਕਲਾਬ ਦੌਰਾਨ ਨੰਗੇ ਪੈਰਾਂ ਵਾਲੇ ਡਾਕਟਰਾਂ ਦਾ ਪੈਦਾ ਹੋ ਜਾਣਾ ਬਹੁਤ ਹੀ ਸੁਭਾਵਕ ਜਿਹੀ ਗੱਲ ਸੀ ਉਸੇ ਤਰ੍ਹਾਂ ਅੱਜ
ਇਨਕਲਾਬੀ ਲਹਿਰ ਦੇ ਕਈ ਸਾਲਾਂ ਤੋਂ ਚਲੇ ਆ ਰਹੇ ਖਿੱਤਿਆਂ ਅੰਦਰ ਲੋਕ-ਕਾਜ਼ ਨੂੰ ਪ੍ਰਣਾਏ ਨਵੇਂ ਹੋਣਹਾਰ ਤੱਤਾਂ ਦਾ ਉੱਭਰ ਆਉਣਾ ਵੀ ਕੋਈ ਚਮਤਕਾਰ ਨਹੀਂ ਹੈ ਭਾਵੇਂ ਕਿ ਪੈਸੇ ਦੀ ਦੌੜ ਵਿਚ ਲੱਗ ਹਿੱਸਿਆਂ ਨੂੰ ਇਹ ਚਮਤਕਾਰ ਹੀ ਲੱਗਦਾ ਹੈ। ਕਿਸੇ ਵੀ ਲੋਕ-ਪੱਖੀ ਲਹਿਰ ਦੀ ਸਿਰਜਣਾਤਮਕ ਸ਼ਕਤੀ ਅੰਦਰ ਅਜਿਹੀਆਂ ਸੰਭਾਵਨਾਵਾਂ ਦਾ ਉੱਗ ਪੈਣਾ ਕੁਦਰਤੀ ਚੀਜ਼ ਹੈ।
ਰਾਤ ਪਏ ਜਦ ਮੇਂ ਮੋਮਬੱਤੀ ਦੀ ਰੌਸ਼ਨੀ ਵਿਚ ਉਸ ਦਿਨ ਦੀ ਡਾਇਰੀ ਲਿਖ ਰਿਹਾ ਸਾਂ ਤਾਂ ਬਸੰਤੀ ਆਈ ਅਤੇ ਮੈਨੂੰ ਨਾਲ ਚੱਲਣ ਵਾਸਤੇ ਕਿਹਾ। ਜਦ ਮੇਂ ਟਾਰਚ ਉਠਾ ਕੇ ਉਸ ਨਾਲ ਚੱਲਣ ਲਈ ਤਿਆਰ ਹੋਇਆ ਤਾਂ ਉਸ ਨੇ ਮੈਨੂੰ ਕਾਪੀ ਪੈਸਿਲ ਵੀ ਨਾਲ ਲੈ ਲੈਣ ਵਾਸਤੇ ਕਿਹਾ। ਪਿੰਡ ਵਿਚੋਂ ਕੁਝ ਨੌਜਵਾਨ ਰਾਜੇਸ਼ ਨੂੰ ਮਿਲਣ ਆਏ ਸਨ ਅਤੇ ਮੈਂ ਉਹਨਾਂ ਦੀ ਬੈਠਕ ਵਿਚ ਸ਼ਾਮਲ ਹੋਣਾ ਸੀ, ਸੋ ਹੋ ਸਕਦਾ ਹੈ ਕਿ ਮੈਂ ਕੁਝ ਨੋਟ ਕਰਨਾ ਚਾਹਵਾਂ। ਮੈਂ ਕਾਪੀ ਪੈਸਿਲ ਉਠਾਈ ਤੇ ਬਸੰਤੀ ਨਾਲ ਤੁਰ ਪਿਆ।
ਸਾਡੇ ਪੜਾਅ ਵਾਲੀ ਥਾਂ ਤੋਂ ਡੇਢ ਕੁ ਸੌ ਮੀਟਰ ਦੀ ਦੂਰੀ ਉੱਤੇ ਇਕ ਜਗ੍ਹਾ ਅੱਗ ਬਲ ਰਹੀ ਸੀ ਜਿਸ ਦੁਆਲੇ ਪੰਜ ਸੱਤ ਜਣੇ ਬੈਠੇ ਸਨ। ਉਹਨਾਂ ਵਿਚ ਪਿੰਡੋਂ ਆਈਆਂ ਦੇ ਕੁੜੀਆਂ ਵੀ ਸਨ। ਸਾਰਿਆਂ ਨਾਲ ਜਾਣ-ਪਛਾਣ ਤੋਂ ਬਾਦ ਮੈਂ ਬਸੰਤੀ ਨੂੰ ਕਿਹਾ ਕਿ ਉਹਨਾਂ ਵਿਚ ਬੈਠ ਕੇ ਮੈਂ ਕੁਝ ਵੀ ਹਾਸਲ ਨਹੀਂ ਕਰ ਸਕਾਂਗਾ। ਉਹਨਾਂ ਵਿਚੋਂ ਕੋਈ ਵੀ ਹਿੰਦੀ ਨਹੀਂ ਸੀ ਜਾਣਦਾ ਅਤੇ ਗੌਂਡੀ ਮੈਨੂੰ 'ਇੱਲਾ' ਤੱਕ ਹੀ ਆਉਂਦੀ ਸੀ। ਮੀਟਿੰਗ ਵਿਚ ਚੱਲਦੀ ਵਿਚਾਰ-ਚਰਚਾ ਨੂੰ ਬਾਰ ਬਾਰ ਰੋਕ ਕੇ ਉਸਦਾ ਤਰਜਮਾ ਕਰਨਾ ਇਸਦੇ ਕੁਦਰਤੀ ਵਹਾਅ ਨੂੰ ਰੋਕ ਦੇਵੇਗਾ ਅਤੇ ਸਾਰਾ ਕੁਝ ਅਕਾਊ ਤੇ ਮੁਸ਼ਕਲ ਬਣ ਜਾਵੇਗਾ। ਫਿਰ ਵੀ ਰਾਜੇਸ਼ ਨੇ ਮੈਨੂੰ ਬੈਠਣ ਲਈ ਇਸ਼ਾਰਾ ਕੀਤਾ ਤੇ ਨਾਲ ਹੀ ਬਸੰਤੀ ਨੂੰ ਕਿਹਾ ਕਿ ਉਹ ਚੱਲਦੀ ਹੋਈ ਟਿੱਪਣੀ ਕਰੀ ਜਾਵੇ।
ਓਥੇ ਹਰ ਕਿਸੇ ਨੇ ਆਪਣੇ ਹੀ ਅੰਦਾਜ਼ ਵਿਚ ਬੋਲਣਾ ਸੀ ਅਤੇ ਇਹ ਜਾਣਦੇ ਹੋਏ ਵੀ ਕਿ ਬਸੰਤੀ ਮੇਰੀ ਕਿੰਨੀ ਕੁ ਮਦਦ ਕਰ ਸਕੇਗੀ ਮੈਂ ਬੈਠ ਗਿਆ। ਕੁਝ ਸਮਾਂ ਤਾਂ ਬਸੰਤੀ ਨੇ ਕਾਰਵਾਈ ਰੁਕਵਾ ਰੁਕਵਾ ਕੇ ਮੈਨੂੰ ਕੁਝ ਕੁਝ ਦੱਸਣ ਦਾ ਹੀਲਾ ਕੀਤਾ ਪਰ ਜਦ ਬਾਦ ਵਿਚ ਉਹ ਨੌਜਵਾਨ ਆਪਣੇ ਰੋਅ ਵਿਚ ਬਿਨਾਂ ਰੁਕੇ ਬੋਲਦੇ ਗਏ ਤਾਂ ਬਸੰਤੀ ਨੇ ਕੋਸ਼ਿਸ਼ ਛੱਡ ਦਿੱਤੀ। ਦੇ ਘੰਟੇ ਦੀ ਗੱਲਬਾਤ ਦੌਰਾਨ ਮੈਂ ਇਕ ਵੀ ਸ਼ਬਦ ਕਾਪੀ ਵਿਚ ਨਹੀਂ ਸੀ ਲਿਖ ਪਾਇਆ। ਮੈਂ ਪੇਸਿਲ ਜੇਬ ਵਿਚ ਅੜਾ ਲਈ ਤੇ ਘਾਹ ਦੀਆਂ ਤਿੜਾਂ ਤੋੜ ਤੋੜ ਅੱਗ ਵਿਚ ਸੁੱਟਦਾ ਰਿਹਾ। ਮੀਟਿੰਗ ਦੇ ਅਖ਼ੀਰ ਵਿਚ ਬਸੰਤੀ ਨੇ ਸਮੁੱਚੀ ਗੱਲਬਾਤ ਦਾ ਖ਼ੁਲਾਸਾ ਕਰ ਦਿੱਤਾ। ਅਜਿਹਾ ਕਰਨਾ ਉਹਦੇ ਵਾਸਤੇ ਵੀ ਆਸਾਨ ਰਿਹਾ ਅਤੇ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਨੂੰ ਵੀ ਬਾਰ ਬਾਰ ਪੈਣ ਵਾਲੀ ਰੁਕਾਵਟ ਤੋਂ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਮਿਲੀ ਰਹੀ।
ਉਹਨਾਂ ਨੌਜਵਾਨਾਂ ਨੇ ਪਿਛਲੇ ਤਿੰਨ ਮਹੀਨਿਆਂ ਦਾ ਆਪਣੇ ਪਿੰਡ ਦਾ ਹਾਲ ਸੁਣਾਇਆ। ਇਹ ਸਮਾਂ ਉਹ ਉਡੀਕਦੇ ਰਹੇ ਸਨ ਕਿ ਦਸਤਾ ਉਹਨਾਂ ਕੋਲ ਪਹੁੰਚੇਗਾ ਤਾਂ ਉਹ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਪਿਛਲੇ ਤਿੰਨਾਂ ਮਹੀਨਿਆਂ ਵਿਚ ਉਹਨਾਂ ਨੇ ਕਈ ਮਾਮਲਿਆਂ ਉੱਪਰ ਲੋਕਾਂ ਨੂੰ ਲਾਮਬੰਦ ਕੀਤਾ ਸੀ ਤੇ ਸਮੱਸਿਆਵਾਂ ਨਾਲ ਮੱਥਾ ਲਾਇਆ ਸੀ। ਇਹਨਾਂ ਵਿਚ ਮੱਛੀ ਫਾਰਮ, ਮਲੇਰੀਏ ਤੋਂ ਹੋਣ ਵਾਲੀਆਂ ਮੌਤਾਂ, "ਗੁਰੂ ਜੀ" ਦਾ ਸਕੂਲ ਵਿਚ ਨਾ ਆਉਣਾ, ਜੰਗਲ-ਉਪਜ ਦੇ
ਘਟਦੇ ਹੋਏ ਭਾਅ, ਮਹਿਲਾ ਸੰਘ ਦੀ ਮੁੜ-ਉਸਾਰੀ ਅਤੇ ਕਈ ਹੋਰ ਅਜਿਹੇ ਮਾਮਲੇ ਸ਼ਾਮਲ ਸਨ। ਮਲੇਰੀਏ ਕਾਰਨ ਇਸ ਸਮੇਂ ਦੌਰਾਨ ਤਿੰਨ ਜਾਨਾਂ ਜਾ ਚੁੱਕੀਆਂ ਸਨ, 'ਗੁਰੂ ਜੀ' ਨੇ ਹਮੇਸ਼ਾਂ ਵਾਂਗ ਹੀ, ਆਉਣ ਦੇ ਫਿਰ ਵਾਅਦੇ ਕੀਤੇ ਸਨ, ਹਾਟ ਬਾਜ਼ਾਰ ਦੇ ਵਪਾਰੀਆਂ ਨੇ ਮੰਡੀ ਵਿਚ ਗਿਰਦੇ ਹੋਏ ਭਾਅ ਦਾ ਜ਼ਿਕਰ ਕਰਕੇ ਜੰਗਲ-ਉਪਜ ਦਾ ਭਾਅ ਵਧਾਉਣ ਸਬੰਧੀ ਆਪਣੀ ਅਸਮਰਥਤਾ ਜ਼ਾਹਰ ਕੀਤੀ ਸੀ, ਮੱਛੀ ਫਾਰਮ ਸਹੀ ਤਰ੍ਹਾਂ ਚੱਲ ਰਿਹਾ ਸੀ ਅਤੇ ਮਹਿਲਾ ਸੰਘ ਸਾਹਮਣੇ ਕਈ ਪੁਰਾਣੀਆਂ ਸਮੱਸਿਆਵਾਂ ਜਿਵੇਂ ਦੀਆਂ ਤਿਵੇਂ ਖੜ੍ਹੀਆਂ ਸਨ, ਖ਼ਾਸ ਕਰਕੇ ਬੰਦਿਆਂ ਦਾ ਵਿਹਲੇ ਬੈਠੇ ਰਹਿਣਾ ਤੇ ਕਮਾਏ ਹੋਏ ਪੈਸਿਆਂ ਨੂੰ ਤਾੜੀ ਜਾ ਮਹੂਏ ਦੀ ਸ਼ਰਾਬ ਉੱਤੇ ਬਰਬਾਦ ਕਰ ਦੇਣਾ। ਕੁਝ ਮਾਮਲਿਆਂ ਸਬੰਧੀ ਰਾਜੇਸ਼ ਨੇ ਸੁਝਾਅ ਦਿੱਤੇ ਸਨ ਅਤੇ ਕੁਝ ਨੂੰ ਉਹ ਵੱਸ ਤੋਂ ਬਾਹਰ ਮਹਿਸੂਸ ਕਰਦਾ ਸੀ। ਜਨਵਰੀ-ਫਰਵਰੀ ਵਿਚ ਪਿੰਡ ਦੇ ਬਹੁਤ ਸਾਰੇ ਆਦਮੀਆਂ ਨੇ ਆਂਧਰਾ ਦੇ ਉੱਤਰੀ ਜ਼ਿਲ੍ਹਿਆਂ ਵਿਚ ਮਿਰਚਾਂ ਤੋੜਣ ਚਲੇ ਜਾਣਾ ਸੀ। ਜਾਣ ਵਾਲਿਆਂ ਵਿਚ ਪਿੰਡ ਦੇ ਮਜ਼ਦੂਰ ਕਿਸਾਨ ਸੰਘ ਦੇ ਦੇ ਆਗੂ ਵੀ ਸ਼ਾਮਲ ਸਨ। ਸੋ ਤਿੰਨ-ਚਾਰ ਮਹੀਨੇ ਉਸ ਸੰਘ ਦਾ ਕੰਮ ਤਕਰੀਬਨ ਠੱਪ ਹੀ ਹੋ ਜਾਣਾ ਸੀ। ਹੋਰ ਵੀ ਕਈ ਮਸਲੇ ਸਨ ਜਿਹੜੇ ਬਸੰਤੀ ਨੂੰ ਯਾਦ ਨਹੀਂ ਸਨ ਰਹੇ। ਰਾਜੇਸ਼ ਨੇ ਪਿੰਡ ਇਕਾਈ ਨੂੰ ਜਲਦੀ ਹੀ ਮੁੜ ਮਿਲਣ ਦਾ ਵਾਅਦਾ ਕੀਤਾ ਤੇ ਮੀਟਿੰਗ ਬਰਖ਼ਾਸਤ ਕਰ ਦਿੱਤੀ।
"ਸਮੱਸਿਆਵਾਂ ਦਾ ਢੇਰ ਲੱਗਾ ਪਿਐ," ਨੌਜਵਾਨਾਂ ਦੇ ਤੁਰ ਜਾਣ ਪਿੱਛੋਂ ਬਸੰਤੀ ਨੇ ਰਾਜੇਸ਼ ਨੂੰ ਕਿਹਾ।
"ਜੇ ਇਸੇ ਤਰ੍ਹਾਂ ਦੋ-ਦੋ, ਤਿੰਨ-ਤਿੰਨ ਮਹੀਨੇ ਦਾ ਵਕਫ਼ਾ ਪੈਂਦਾ ਗਿਆ ਤਾਂ ਇਹ ਹੋਰ ਵੀ ਵਧ ਜਾਣਗੀਆਂ," ਕਹਿ ਕੇ ਰਾਜੇਸ਼ ਉੱਠਿਆ।
"ਸਰਕਾਰ ਨੇ ਤਾਂ ਏਥੇ ਕੁਝ ਨਹੀਂ ਭੇਜਣਾ ਸਾਨੂੰ ਹੀ ਕੋਈ ਹੱਲ ਕੱਢਣਾ ਪੇਣੇ।"
"ਅਸੀਂ ਜ਼ਿੰਮੇਦਾਰੀ ਉਠਾਈ ਹੈ ਤਾਂ ਅਸੀਂ ਹੀ ਕਰਨਾ ਹੈ। ਸਰਕਾਰ ਤਾਂ ਪਹਿਲਾਂ ਵੀ ਕੁਝ ਨਹੀਂ ਸੀ ਕਰਦੀ।"
ਵਾਪਸ ਮੁੜਦੇ ਹੋਏ ਰਾਜੇਸ਼ ਤੇ ਬਸੰਤੀ ਮੀਟਿੰਗ ਵਿਚ ਉੱਠੇ ਮਸਲਿਆਂ ਬਾਰੇ ਗੱਲਾਂ ਕਰਦੇ ਆਏ। ਰਾਤ ਨੂੰ ਰਾਜੇਸ਼ ਦੇਰ ਤੱਕ ਕੁਝ ਲਿਖਦਾ ਰਿਹਾ ਤੇ ਬਸੰਤੀ ਨਾਲ ਵਿਚਾਰ- ਵਟਾਂਦਰਾ ਕਰਦਾ ਰਿਹਾ। ਸਵੇਰੇ ਸੀਟੀ ਦੇ ਸਮੇਂ ਉਸ ਦੀਆਂ ਅੱਖਾਂ ਰਾਤ ਦੇ ਉਨੀਂਦਰੇ ਨਾਲ ਲਾਲ ਹੋਈਆਂ ਪਈਆਂ ਸਨ। ਫਿਰ ਵੀ ਉਸ ਨੇ ਰੋਜ਼ ਦੀ ਕਿਰਿਆ ਨੂੰ ਹਮੇਸ਼ਾਂ ਦੀ ਬਾਕਾਇਦਗੀ ਨਾਲ ਸ਼ੁਰੂ ਕੀਤਾ। ਅੱਜ ਕੂਚ ਕਰਨ ਦਾ ਹੁਕਮ ਨਹੀਂ ਸੀ ਹੋਇਆ। ਜਦ ਦੁਸਰੇ ਸਾਰੇ ਕਸਰਤ ਵਿਚ ਰੁੱਝੇ ਹੋਏ ਸਨ ਤਾਂ ਬਸੰਤੀ ਸਮੇਤ ਅਸੀਂ ਤਿੰਨੇ ਜਣੇ ਪਿੰਡ ਵੱਲ ਹੋ ਤੁਰੇ। ਪਿੰਡ ਦੇ ਆਗੂਆਂ ਨੂੰ ਨਾਲ ਲੈ ਕੇ ਰਾਜੇਸ਼ ਨੇ ਤਕਰੀਬਨ ਹਰ ਘਰ ਵਿਚ ਪ੍ਰਵੇਸ਼ ਕੀਤਾ। ਦੁਪਹਿਰ ਦੇ ਵਕਤ ਉਸ ਨੇ ਪਿੰਡ ਦੀ ਆਮ ਸਭਾ ਬੁਲਾ ਲਈ।
ਆਮ ਸਭਾ ਹੋ ਚੁੱਕੀ ਸੀ ਪਰ ਰਾਜੇਸ਼ ਦੀ ਤਸੱਲੀ ਨਹੀਂ ਸੀ ਹੋਈ। ਉਹ ਇਕੱਲਾ ਹੀ ਡੇਰੇ ਦੇ ਇਕ ਪਾਸੇ ਵੱਲ ਇੱਕ ਦਰੱਖ਼ਤ ਨਾਲ ਢੋਅ ਲਾ ਕੇ ਬੈਠ ਗਿਆ। ਉਸ ਦੇ ਚਿਹਰੇ ਤੋਂ ਕੋਈ ਵੀ ਪੜ੍ਹ ਸਕਦਾ ਸੀ ਕਿ ਉਹ ਡੂੰਘੀਆਂ ਸੋਚਾਂ ਵਿਚ ਹੈ। ਭੰਬੀਰੀ ਵਾਂਗ ਘੁੰਮਣ ਵਾਲਾ ਵਿਅਕਤੀ ਘਾਹ ਦੀਆਂ ਤਿੜਾਂ ਦੰਦਾਂ ਹੇਠ ਟੁੱਕ ਰਿਹਾ ਸੀ ਤੇ ਖ਼ਲਾਅ ਨੂੰ ਘੁਰ ਰਿਹਾ ਸੀ।
"ਆਮ ਸਭਾ ਕਾਮਯਾਬ ਨਹੀਂ ਹੋਈ, ਰਾਜੇਸ਼?" ਮੈਂ ਉਸ ਨੂੰ ਰਲਿਬਾਤ ਸ਼ੁਰੂ ਕਰਨ
ਦੇ ਰੋਂਅ ਨਾਲ ਪੁੱਛਿਆ।
"ਨਹੀਂ।"
"ਨੀਂਦ ਵੀ ਨਹੀਂ ਆਈ?"
"ਨਹੀਂ।"
"ਕਿਸੇ ਡੂੰਘੀ ਵਿਚਾਰ ਵਿਚ ਹੈਂ?"
"ਸੋਚ ਰਿਹਾਂ ਕਿ ਏਥੇ ਆਉਣ ਵਿਚ ਫੇਰ ਦੋ ਮਹੀਨੇ ਗੁਜ਼ਰ ਜਾਣਗੇ ਤੇ ਹਰ ਚੀਜ਼ ਉਸੇ ਤਰ੍ਹਾਂ ਅਟਕੀ ਹੋਈ ਮਿਲੇਗੀ। ਲਗਾਤਾਰ ਰਾਬਤਾ ਰੱਖਣ ਦਾ ਅਸੀਂ ਰਸਤਾ ਨਹੀਂ ਬਣਾ ਪਾ ਰਹੇ। ਚੀਜ਼ਾਂ ਅਟਕ ਜਾਣ ਤਾਂ ਸਮੱਸਿਆਵਾਂ ਵਿਰਾਟ ਰੂਪ ਧਾਰ ਲੈਂਦੀਆਂ ਨੇ। ਜੰਗ 'ਚ ਗੋਲੀ ਸਾਹਮਣੇ ਹੋਣਾ ਮੈਨੂੰ ਕਿਤੇ ਆਸਾਨ ਲੱਗਦਾ ਹੈ। ਓਦੋਂ ਸਿਰਫ਼ ਦੁਸ਼ਮਣ ਦਿਖਾਈ ਦੇਂਦੇ ਤੇ ਉਂਗਲ ਆਪਣੇ ਆਪ ਘੋੜਾ ਨੱਪਦੀ ਤਰੀ ਜਾਂਦੀ ਹੈ। ਗੋਲੀ ਨਿਸ਼ਾਨੇ ਉੱਤੇ ਲੱਗ ਜਾਵੇ ਤਾਂ ਤੁਸੀਂ ਖ਼ੁਸ਼ ਹੋ ਜਾਂਦੇ ਹੋ। ਖ਼ੁਦ ਨੂੰ ਲੱਗ ਜਾਵੇ ਤਾਂ ਮਾਣ ਨਾਲ ਦੇ ਗਿੱਠ ਹੋਰ ਉੱਚੇ ਹੋ ਜਾਂਦੇ ਹੋ। ਪਰ ਏਥੇ! ਏਥੇ ਦਿਮਾਗ਼ ਅਨੇਕਾਂ ਚੀਜ਼ਾਂ ਵਿਚ ਘਿਰ ਜਾਂਦੇ। ਕਿਸੇ ਪਿੰਡ 'ਚ ਚਾਰ-ਛੇ ਪੜ੍ਹੇ ਲਿਖੇ ਵੀ ਨਹੀਂ ਮਿਲਦੇ ਕਿ ਉਹਨਾਂ ਨੂੰ ਗੁਰੂ ਜੀ ਲਗਾ ਦੇਈਏ। ਅਜਿਹੇ ਵਿਅਕਤੀ ਚਾਹੀਦੇ ਨੇ ਜਿਹੜੇ ਕੱਖਾਂ ਤੋਂ ਸਕੂਲ ਖੜ੍ਹਾ ਕਰ ਲੈਣ। ਦਵਾ ਸੰਘ ਅਜੇ ਮਲੇਰੀਆ ਹੀ ਰੋਕ ਲੈਣ ਤਾਂ ਪ੍ਰਾਪਤੀ ਕਹੀ ਜਾਵੇਗੀ। ਮਹਿਲਾ ਸੰਘ ਨੂੰ ਜੇ ਰੋਜ਼-ਬ-ਰੋਜ਼ ਅਗਵਾਈ ਨਹੀਂ ਦਿੱਤੀ ਜਾਏਗੀ ਤਾਂ ਇਸ ਦਾ ਵਿਕਾਸ ਨਹੀਂ ਹੋ ਸਕੇਗਾ। ਕਈ ਵਾਰ ਸੋਚਿਐ ਕਿ ਇਕ ਅਲੱਗ ਸਿਆਸੀ ਢਾਂਚਾ ਖੜ੍ਹਾ ਕਰੀਏ ਪਰ ਅਸੀਂ ਕਰ ਨਹੀਂ ਪਾਏ। ਜਦ ਸੰਸਥਾਵਾਂ ਖੜ੍ਹੀਆਂ ਹੋ ਗਈਆਂ ਸਨ ਤਾਂ ਅਸੀਂ ਬਹੁਤ ਖੁਸ਼ ਹੋਏ ਸਾਂ। ਓਦੋਂ ਇਹ ਵੱਡੀ ਪ੍ਰਾਪਤੀ ਸੀ । ਹੁਣ ਇਹਨਾਂ ਨੂੰ ਚਲਾਉਣ ਦਾ ਕੰਮ ਹੋਰ ਵੀ ਮਿਹਨਤ ਮੰਗਦੇ, ਕਿਤੇ ਜ਼ਿਆਦਾ ਸਖ਼ਤ ਮਿਹਨਤ। ਇਕ ਪਾਸੇ ਧਿਆਨ ਦੇਂਦੇ ਹਾਂ ਤਾਂ ਦੂਸਰਾ ਉੱਖੜ ਜਾਂਦੇ, ਦੂਸਰੇ ਵੱਲ ਹੁੰਦੇ ਆਂ ਤਾਂ ਪਹਿਲਾ ਰੁਕ ਜਾਂਦੇ।"
ਇਸ ਵਾਰ ਬਸੰਤੀ ਬਿਨਾ ਰੁਕੇ ਤਰਜਮਾ ਕਰ ਗਈ। ਇਸ ਨਾਲ ਅਸੀਂ ਦੋਵੇਂ ਹੈਰਾਨ ਹੋਏ। ਉਹ ਤੇਜ਼ੀ ਨਾਲ ਇਹ ਕਸਬ ਸਿੱਖ ਰਹੀ ਸੀ। ਗੌਂਡ ਨੌਜਵਾਨ ਲੜਕੇ ਲੜਕੀਆਂ ਕਮਾਂਡਰ, ਡਿਪਟੀ ਕਮਾਂਡਰ, ਕਈ ਬੋਲੀਆਂ ਬੋਲਣ ਵਾਲੇ ਤੇ ਪੜ੍ਹਣ-ਲਿਖਣ ਵਾਲੇ ਬਣ ਰਹੇ ਸਨ, ਉਹ ਤਰ੍ਹਾਂ ਤਰ੍ਹਾਂ ਦੇ ਸੰਗਠਨਾਂ ਦੇ ਆਗੂ ਵਿਕਸਤ ਹੋ ਰਹੇ ਸਨ ਅਤੇ ਬਿਮਾਰਾਂ ਤੱਕ ਦਾ ਇਲਾਜ ਕਰਨਾ ਸਿੱਖ ਰਹੇ ਸਨ। ਪ੍ਰਾਪਤੀਆਂ ਦੀ ਲੜੀ ਨਿੱਕੀ ਨਹੀਂ ਸੀ। ਪਰ ਕੋਈ ਚੀਜ਼ ਤਾਂ ਹੀ ਜ਼ਿੰਦਾ ਰਹਿ ਸਕਦੀ ਹੈ ਜੇ ਉਹ ਗਤੀਸ਼ੀਲ ਰਹੇ ਅਤੇ ਅਗਾਂਹ ਨੂੰ ਵਧਦੀ ਜਾਵੇ। ਰਾਜੇਸ਼ ਇਸੇ ਗਤੀਸ਼ੀਲਤਾ ਵਿਚ ਰੁਕਾਵਟ ਬਣ ਰਹੀਆਂ ਸਮੱਸਿਆਵਾਂ ਨਾਲ ਮੱਥਾ ਲਾ ਰਿਹਾ ਸੀ।
ਸ਼ਾਮ ਨੂੰ ਕਈ ਦਿਨਾਂ ਬਾਦ ਕੰਨੇਨਾ, ਲੱਚੱਕਾ ਤੇ ਉਹਨਾਂ ਨਾਲ ਦੇ ਜਣੇ ਹੋਰ ਪਰਤ ਆਏ।
ਹਨੇਰਾ ਪੈਣ ਉੱਤੇ ਰਾਜੇਸ਼, ਬਸਤੀ ਅਤੇ ਉਹਨਾਂ ਆਉਣ ਵਾਲੇ ਚਾਰਾਂ ਜਣਿਆਂ ਨੇ ਲੰਬੀ ਬੈਠਕ ਕੀਤੀ। ਲੱਚੱਕਾ ਨੂੰ ਜਦ ਮਾਸੇ ਦੀ ਮੌਤ ਬਾਰੇ ਦੱਸਿਆ ਗਿਆ ਤਾਂ ਉਹ ਕਿੰਨੀ ਹੀ ਦੇਰ ਬੁੱਤ ਬਣੀ ਬੈਠੀ ਰਹੀ। ਹੌਲੀ ਹੌਲੀ ਉਹ ਆਪੇ ਵਿਚ ਆਈ ਤੇ ਚੱਲ ਰਹੀ ਗੱਲਬਾਤ ਵੱਲ ਧਿਆਨ ਦੇਣ ਲੱਗੀ।
ਸਵੇਰੇ ਉਹਨਾਂ ਸਾਰਿਆਂ ਦੇ ਚਿਹਰਿਆਂ ਉੱਤੇ ਰੋਣਕ ਸੀ ਅਤੇ ਤਸੱਲੀ ਸਾਫ਼ ਝਲਕਦੀ
ਸੀ। ਸਮੁੱਚੇ ਕੰਮ ਨੂੰ ਰੁਖ਼ ਸਿਰ ਕਰਨ ਲਈ ਉਹਨਾਂ ਕਈ ਫੈਸਲੇ ਕੀਤੇ ਸਨ ਜਿਹਨਾਂ ਨਾਲ ਉਹਨਾਂ ਨੂੰ ਰੋਕਾਂ ਟੁੱਟ ਜਾਣ ਦਾ ਯਕੀਨ ਸੀ। ਉਹ ਚੀਜ਼ਾਂ ਨੂੰ ਅਟਕਿਆ ਹੋਇਆ ਨਹੀਂ ਰਹਿਣ ਦੇਣਗੇ। ਨਦੀਆਂ ਅਟਕਿਆ ਨਹੀਂ ਕਰਦੀਆਂ। ਉਹਨਾਂ ਨੇ ਆਪਣੀ ਹਾਸਲ ਸਮਰੱਥਾ ਨੂੰ ਜ਼ਰਬ ਦੇਣ ਦਾ ਫ਼ੈਸਲਾ ਲਿਆ ਅਤੇ ਆਪਣੀ ਹਾਸਲ ਤਾਕਤ ਵਿੱਚੋਂ ਹੀ ਉਚੇਰੀਆਂ ਤੇ ਵੱਡੀਆਂ ਜ਼ਿੰਮੇਦਾਰੀਆਂ ਉੱਤੇ ਤਾਇਨਾਤੀ ਕਰਨ ਬਾਰੇ ਸੋਚਿਆ।
ਸਵੇਰੇ ਤੜਕਸਾਰ ਲੱਚੱਕਾ ਤੇ ਕੰਨੈਨਾ ਮੈਨੂੰ ਮੰਤਰੀ ਪੋਸਟ ਉੱਪਰ ਗੱਲਾਂ ਕਰਦੇ ਮਿਲੇ। ਅਜੇ ਹਨੇਰਾ ਛਟਣਾ ਸ਼ੁਰੂ ਹੀ ਹੋਇਆ ਸੀ। ਹਮੇਸ਼ਾਂ ਸੰਜੀਦਾ ਰਹਿਣ ਵਾਲੀ ਲੱਚੱਕਾ ਕੁਝ ਜ਼ਿਆਦਾ ਹੀ ਸੰਜੀਦਾ ਹੋਈ ਪਈ ਸੀ। ਇਸ ਕੁੜੀ ਨੇ ਮਾਸੇ ਦੀ ਮੌਤ ਦਾ ਡਾਹਢਾ ਦੁੱਖ ਮਨਾਇਆ ਸੀ।
"ਸਾਡਾ ਇਕ ਸਾਥੀ ਨਿੱਕੀ ਉਮਰੇ ਹੀ ਸਾਡੇ ਤੋਂ ਵਿੱਛੜ ਗਿਆ। ਵੱਡੀ ਹੋ ਕੇ ਉਸ ਨੇ ਸਾਡੇ ਵਿਚ ਹੀ ਸ਼ਾਮਲ ਹੋਣਾ ਸੀ। ਹੁਣ ਉਹ ਸਾਨੂੰ ਕਦੇ ਨਹੀਂ ਮਿਲੇਗੀ।" ਕੰਨੂੰਨਾ ਨੇ ਮੈਨੂੰ ਸੰਬੋਧਨ ਹੁੰਦਿਆਂ ਲੱਚੱਕਾ ਵਾਸਤੇ ਕਹਿਣਾ ਸ਼ੁਰੂ ਕੀਤਾ। "ਬਸਤਰ ਵਿਚ ਮੌਤ ਬੱਚਿਆਂ ਨੂੰ ਜਲਦੀ ਦਬੋਚ ਲੈਂਦੀ ਹੈ। ਜਦ ਕੋਈ ਬੱਚਾ ਮਰਦਾ ਹੈ ਤਾਂ ਜੰਗਲ ਖ਼ਾਮੋਸ਼ ਹੋ ਜਾਂਦੇ। ਇਕ ਕਿਲਕਾਰੀ ਘਟ ਜਾਂਦੀ ਹੈ ਤੇ ਉਦਾਸੀ ਛਾਅ ਜਾਂਦੀ ਹੈ। ਰੇਲਾ ਰੇਲਾ ਗਾਉਣ ਵਾਲੀ ਇਕ ਆਵਾਜ਼ ਬੰਦ ਹੋ ਗਈ।" ਕੋਨੇਨਾ ਸੋਗਮਈ ਆਵਾਜ਼ ਵਿਚ ਬੋਲਦਾ ਗਿਆ, "ਮਾਸੇ ਦੀ ਕਬਰ ਉੱਤੇ ਅਸੀਂ ਅਮਲਤਾਸ ਦਾ ਇਕ ਪੌਦਾ ਲਾਵਾਂਗੇ। ਉਸ ਦੇ ਪੀਲੇ ਫੁੱਲ ਮਾਸੋ ਦੀਆਂ ਕਿਲਕਾਰੀਆਂ ਵਾਂਗ ਖਿੜਣਗੇ। ਜੰਗਲ ਬੱਚਿਆਂ ਦੀਆਂ ਕਿਲਕਾਰੀਆਂ ਤੇ ਚੀਕਾਂ ਨਾਲ ਗੁੰਜਦਾ ਹੋਇਆ ਹੀ ਚੰਗਾ ਲੱਗਦੇ।"
ਭਾਵੇਂ ਲੱਚੱਕਾ ਸਵੇਰੇ ਤਿੰਨ ਵਜੇ ਸੰਤਰੀ ਡਿਊਟੀ ਉੱਤੇ ਆਈ ਸੀ ਪਰ ਇੰਜ ਲਗਦਾ ਸੀ ਜਿਵੇਂ ਉਹ ਸਾਰੀ ਰਾਤ ਨਹੀਂ ਸੀ ਸੁੱਤੀ। ਬੇਸ਼ੱਕ, ਉਸ ਦੀਆਂ ਅੱਖਾਂ ਹਮੇਸ਼ਾ ਵਾਂਗ ਚਮਕ ਰਹੀਆਂ ਸਨ ਪਰ ਉਹਨਾਂ ਅੰਦਰ ਇਕ ਅਥਾਹ ਡੂੰਘਾਈ ਛੁਪੀ ਹੋਈ ਪ੍ਰਤੀਤ ਹੁੰਦੀ ਸੀ । ਉਹ ਥੋੜਾ ਅੰਦਰ ਨੂੰ ਧਸੀਆਂ ਹੋਈਆਂ ਜਾਪ ਰਹੀਆਂ ਸਨ। ਲੱਚੱਕਾ ਦੀ ਜੰਗ ਹੁਣ ਹੋਰ ਵੀ ਤੀਖਣਤਾ ਅਖ਼ਤਿਆਰ ਕਰ ਜਾਵੇਗੀ। ਕੰਨੰਨਾ ਉਸ ਨੂੰ ਕਹਿੰਦਾ ਹੈ ਕਿ ਜਦ ਤਕ ਉਹ ਚਿੰਤਾ ਤੋਂ ਮੁਕਤ ਨਹੀਂ ਹੋਵੇਗੀ ਅਤੇ ਪੂਰੀ ਨੀਂਦ ਨਹੀਂ ਲਵੇਗੀ ਤਦ ਤੱਕ ਆਪਣੀ ਜੰਗ ਚੰਗੀ ਤਰ੍ਹਾਂ ਨਹੀਂ ਲੜ ਸਕੇਗੀ। ਦਰਅਸਲ, ਲੱਚੱਕਾ ਦੀ ਤਾਕਤ ਉਸ ਦੇ ਜਜ਼ਬਾਤ ਵਿਚੋਂ ਹੀ ਪੈਦਾ ਹੁੰਦੀ ਹੈ। ਪਹਿਲਾਂ ਉਹ ਫ਼ਿਕਰ ਕਰਦੀ ਹੈ, ਫਿਰ ਗੁੱਸੇ ਵਿਚ ਆਉਂਦੀ ਹੈ ਅਤੇ ਅਖ਼ੀਰ ਵਿਚ ਉਸ ਦਾ ਇਰਾਦਾ ਉਸ ਦੀਆਂ ਅੱਖਾਂ ਵਿਚੋਂ ਲੋਹੜੇ ਦੀ ਲਿਸ਼ਕ ਨਾਲ ਪ੍ਰਗਟ ਹੋ ਉੱਠਦਾ ਹੈ।
"ਚਿੰਤਾ ਦੀ ਕੋਈ ਗੱਲ ਨਹੀਂ, ਲੱਚੱਕਾ। ਜੰਗ ਲੜੀ ਜਾਵੇਗੀ ਤੇ ਜਿੱਤੀ ਜਾਵੇਗੀ। ਕੋਸੇ ਲਈ, ਮਾਸੇ ਲਈ ਅਤੇ ਹਰ ਕਬਾਇਲੀ ਬੱਚੇ ਲਈ। ਆਪਣੀ ਪਾਰਟੀ ਹੈ ਨਾ ਲੱਚੱਕਾ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ," ਕਹਿੰਦਾ ਹੋਇਆ ਉਹ ਉਸ ਦੇ ਮੋਢੇ ਨੂੰ ਘੁੱਟ ਦੇਂਦਾ ਹੈ।
ਕੰਨੰਨਾ ਰਾਤ ਦੀ ਬੈਠਕ ਤੋਂ ਬਹੁਤ ਉਤਸ਼ਾਹ ਵਿਚ ਆਇਆ ਹੋਇਆ ਸੀ। ਉਸ ਨੂੰ ਯਕੀਨ ਸੀ ਕਿ ਉਹਨਾਂ ਕੋਲ ਪਾਰਟੀ ਹੈ ਅਤੇ ਪਾਰਟੀ ਸਾਰੇ ਮਸਲੇ ਹੱਲ ਕਰ ਸਕਦੀ
ਹੈ। ਸਾਰਿਆਂ ਨੇ ਹੀ ਨਵੀਆਂ ਜ਼ਿੰਮੇਦਾਰੀਆਂ ਓਟਣ ਲਈ ਉਤਸ਼ਾਹ ਦਿਖਾਇਆ ਸੀ। ਉਹਨਾਂ ਦਾ ਇਰਾਦਾ ਉਹਨਾਂ ਦੇ ਚਿਹਰਿਆਂ ਉੱਤੇ ਸਪੱਸ਼ਟ ਝਲਕਦਾ ਸੀ। ਕੰਨੰਨਾ ਦਾ ਸੁਭਾਅ ਤਾਂ ਵੈਸੇ ਹੀ ਅਜਿਹਾ ਸੀ ਕਿ ਢਹਿੰਦੀ ਕਲਾ ਉਸ ਦੇ ਨੇੜੇ ਵੀ ਨਹੀਂ ਸੀ ਫਟਕਦੀ। ਗਮ, ਫ਼ਿਕਰ ਤੇ ਪ੍ਰੇਸ਼ਾਨੀ ਉਸ ਨੇ ਕਦੇ ਹੰਢਾਏ ਨਹੀਂ ਸਨ। ਉਹ ਫ਼ੈਸਲਾ ਕਰਦਾ ਅਤੇ ਅਗਲਾ ਕਦਮ ਪੱਟ ਲੈਂਦਾ। 'ਚਿੰਤਾ ਦੀ ਕੋਈ ਗੱਲ ਨਹੀਂ ਨੇ ਉਸ ਦੇ ਇਸੇ ਸਭਾਅ ਵਿਚੋਂ ਜਨਮ ਲਿਆ ਸੀ। ਇਸ ਮਹਾਂ-ਵਾਕ ਦੀ ਵਰਤੋਂ ਕਰਦਾ ਹੋਇਆ ਉਹ ਕਦੇ ਵੀ ਓਪਰਾ ਨਹੀਂ ਸੀ ਲੱਗਦਾ। ਜਦ ਉਸ ਨੇ ਕਿਹਾ ਸੀ ਕਿ 'ਆਪਣੀ ਪਾਰਟੀ ਹੇ ਨਾ, ਲੱਚੱਕਾ!' ਤਾਂ ਉਸ ਕੁੜੀ ਦੇ ਚਿਹਰੇ ਉੱਤੇ ਹਲਕੀ ਜਿਹੀ ਮੁਸਕਰਾਹਟ ਤੇਰ ਗਈ ਸੀ। ਕੰਨੰਨਾ ਹਮੇਸ਼ਾ ਦੂਸਰਿਆਂ ਨੂੰ ਫ਼ਿਕਰਾਂ 'ਚੋਂ ਕੱਢ ਕੇ ਦੂਰ ਲੈ ਜਾਂਦਾ ਹੈ। ਜੇ ਲੱਚੱਕਾ ਨੂੰ ਹੱਸਣ ਦੀ ਆਦਤ ਹੁੰਦੀ ਤਾਂ ਉਹ ਜ਼ਰੂਰ ਕੰਨੰਨਾ ਦੇ ਇਸ ਫ਼ਿਕਰੇ ਨਾਲ ਹੱਸ ਪਈ ਹੁੰਦੀ। ਹੁਣ ਲੱਚੱਕਾ ਦੇ ਚਿਹਰੇ ਉੱਪਰ ਸੁਬਹ ਦੀ ਤਾਜ਼ਗੀ ਉੱਭਰ ਚੁੱਕੀ ਸੀ, ਉਸ ਦੀਆਂ ਜਗਮਗਾਉਂਦੀਆਂ ਅੱਖਾਂ ਉਸ ਦੇ ਕਾਲੇ ਸ਼ਾਹ ਰੰਗ ਵਿਚ ਹੋਰ ਵੀ ਖੂਬਸੂਰਤ ਦਿਖਾਈ ਦੇਣ ਲੱਗ ਪਈਆਂ ਸਨ।
ਉਸ ਦਿਨ ਤਿੰਨ ਘੰਟੇ ਦੇ ਸਫ਼ਰ ਪਿੱਛੋਂ ਜਿਸ ਜਗ੍ਹਾ ਅਸੀਂ ਪਹੁੰਚੇ ਉਹ ਧੁਰ ਜੰਗਲ ਵਿਚ ਸੀ। ਸਾਡੇ ਸਮੇਤ ਤਿੰਨ ਪਾਸਿਆਂ ਤੋਂ ਤਿੰਨ ਦਲ ਤਕਰੀਬਨ ਇਕੋ ਸਮੇਂ ਓਥੇ ਪਹੁੰਚੇ ਸਨ। ਸੱਭ ਪਿਆਰ ਨਾਲ ਇਕ ਦੂਸਰੇ ਨੂੰ ਮਿਲੇ। ਹੱਥ ਘੁੱਟੇ। ਅੱਖਾਂ ਅੱਖਾਂ ਵਿਚ ਇਕ ਦੂਸਰੇ ਦਾ ਹਾਲ ਪੁੱਛਿਆ, ਅੱਖਾਂ ਅੱਖਾਂ ਨਾਲ ਦੱਸਿਆ। ਉਹ ਕਮਾਂਡਰ ਕੁੜੀ ਜਿਸ ਨੇ ਮੈਨੂੰ ਦਸ ਦਿਨਾਂ ਦੇ ਵਕਫ਼ੇ ਪਿੱਛੋਂ ਮਿਲਣਾ ਸੀ ਪੂਰੇ ਇਕ ਮਹੀਨੇ ਬਾਦ ਮਿਲੀ।
"ਕੈਸੇ ਰਹੇ ਈਸ਼ਵਰ ਭਾਈ?"
"ਨਾਟੇ ਨਾਟੇ, ਨਾਰੇ ਨਾਰੇ (ਪਿੰਡ ਪਿੰਡ, ਪਿੰਡ ਪਿੰਡ)।"
"ਅੱਰ..ਰ..ਰ..ਰੇ ਆਪ ਤੋਂ ਗੋਡੀ ਬੋਲਨੇ ਲਗੇ।"
"ਬੱਸ, ਐਨੀ ਹੀ। ਮੇਰੀ ਪਕੜ 'ਚ ਨਹੀਂ ਆਉਂਦੀ।"
ਉਸ ਦੀ ਸਿਹਤ ਦਾ ਹਾਲ ਪੁੱਛਣ ਤੋਂ ਬਾਦ, 'ਐਨੇ ਦਿਨ ਉਹ ਕੀ ਕਰਦੀ ਰਹੀ ਬਾਰੇ ਪੁੱਛਣਾ ਮੈਨੂੰ ਫਜੂਲ ਜਿਹਾ ਲੱਗਾ। ਉਸ ਦੀਆਂ ਮੁਹਿੰਮਾਂ ਦੀ ਸਫ਼ਲਤਾ/ਅਸਫ਼ਲਤਾ ਬਾਰੇ ਜਾਨਣ ਦੀ ਮੇਰੀ ਕੋਈ ਇੱਛਾ ਨਹੀਂ ਸੀ। ਮੈਂ ਉਸ ਤੋਂ ਕਰੀਮਨਗਰ ਦੀਆਂ ਉਹਨਾਂ ਸੱਤ ਕੁੜੀਆਂ ਬਾਰੇ ਜਾਨਣਾ ਚਾਹੁੰਦਾ ਸਾਂ ਜਿਹਨਾਂ ਨੂੰ ਪੁਲਿਸ ਨੇ ਨਦੀ ਉੱਤੇ ਨਹਾਉਣ ਗਈਆਂ ਨੂੰ ਫੜ੍ਹ ਕੇ ਮਾਰ ਦਿੱਤਾ ਸੀ। ਚੌਦਾਂ ਤੋਂ ਵੀਹ ਸਾਲ ਦੀਆਂ ਉਹਨਾਂ ਸੱਤ ਕੁੜੀਆਂ ਨਾਲ ਪੁਲਿਸ ਨੇ ਜੋ ਕੁਝ ਕੀਤਾ ਸੀ ਉਹ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਸੀ। ਉਹ ਸਾਰੀਆਂ ਹੀ ਗਰੀਲਾ ਕੁੜੀਆਂ ਨਹੀਂ ਸਨ ਸਗੋਂ ਉਹਨਾਂ 'ਚੋਂ ਬਹੁਤੀਆਂ ਅਜਿਹੀਆਂ ਸਨ ਜਿਹੜੀਆਂ ਪਿੰਡ ਦੇ ਹੋਰਨਾਂ ਲੋਕਾਂ ਵਾਂਗ ਦਸਤਿਆਂ ਦੇ ਪਹੁੰਚਣ ਉੱਤੇ ਮਿਲਣ ਆਈਆਂ ਸਨ ਅਤੇ ਨਦੀ ਵੱਲ ਉਹਨਾਂ ਨਾਲ ਸਾਥ ਵਜੋਂ ਤੁਰ ਗਈਆਂ ਸਨ। ਪੁਲਿਸ ਨੇ ਉਹਨਾਂ ਦੇ ਗਰੁੱਪ ਨੂੰ ਘੇਰ ਲਿਆ, ਬਲਾਤਕਾਰ ਕੀਤਾ, ਛਾਤੀਆਂ ਵੱਢੀਆਂ, ਅੰਗਾਂ ਵਿਚ ਮਿਰਚਾਂ ਸੁੱਟੀਆਂ ਅਤੇ ਅੰਤ ਗੋਲੀ ਮਾਰ ਦਿੱਤੀ ਸੀ। ਉਹ ਕੁੜੀਆਂ ਕਿਹੋ ਜਿਹੀਆਂ ਸਨ? ਉਹਨਾਂ ਦੇ ਮਾਂ-ਬਾਪ, ਭੈਣ-ਭਰਾ, ਘਰ-ਬਾਰ, ਪਿੰਡ-ਗਰਾਂ ਕਿਹੋ ਜਿਹੇ ਸਨ? ਮੈਂ
ਇਕੱਲੀ ਇਕੱਲੀ ਕੁੜੀ ਦਾ ਸ਼ਖ਼ਸੀਅਤ-ਚਿੱਤਰ ਚਾਹੁੰਦਾ ਸਾਂ। ਇਸ ਤੋਂ ਪਹਿਲਾਂ ਕਿ ਨਾਇਪਾਲ ਵਰਗਾ ਕੋਈ ਜਨੂੰਨੀ ਕਲਮ-ਘਸਿਆਰਾ, ਜਿਸ ਨੂੰ ਆਪਣਾ ਭਾਰਤੀ ਮੂਲ ਸਿਰਫ਼ ਹਿੰਦੁਵਾਦ ਵਿਚ ਹੀ ਦਿਖਾਈ ਦੇਂਦਾ ਹੈ, ਲੋਕਾਂ ਅਤੇ ਉਹਨਾਂ ਦੀ ਹੱਕਾ ਦੀ ਲਹਿਰ ਉੱਤੇ ਨੋਬਲੀ ਨਜ਼ਲਾ ਸੁੱਟੇ ਜਾਂ ਇਸ ਨੂੰ ਇਨਾਮਾਂ ਵਾਸਤੇ ਭੁੰਨਾਉਣਾ ਸ਼ੁਰੂ ਕਰੇ, ਮੈਂ ਲਹਿਰ, ਲੋਕਾਂ, ਉਹਨਾਂ ਦੀ ਸਾਦਗੀ, ਸਾਦ-ਮੁਰਾਦੀ ਜ਼ਿੰਦਗੀ, ਉਹਨਾਂ ਦੇ ਉੱਚੇ ਅਕੀਦਿਆਂ, ਮੁਸੀਬਤਾਂ ਅਤੇ ਉਹਨਾਂ ਵੱਲੋਂ ਸਰ-ਅੰਜਾਮ ਦਿੱਤੇ ਜਾ ਰਹੇ ਕਾਰਨਾਮਿਆਂ ਨੂੰ ਜਨਤਾ ਤੱਕ ਲੈ ਕੇ ਜਾਣਾ ਚਾਹੁੰਦਾ ਸਾਂ। ਇਸ ਲਈ ਮੈਨੂੰ ਜਿਹੜਾ ਵੀ ਪਾਤਰ ਮਿਲਦਾ ਮੈਂ ਉਹਨੂੰ ਜਾਨਣ ਦੀ ਕੋਸ਼ਿਸ਼ ਕਰਦਾ। ਜਿਹਨਾਂ ਬਾਰੇ ਮੈਂ ਸੁਣਿਆ ਹੁੰਦਾ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੱਛਦਾ ਰਹਿੰਦਾ। ਏਥੇ ਉਹ ਲੋਕ ਸਨ ਜਿਹਨਾਂ ਦਾ "ਭਾਰਤੀ ਮੂਲ" ਹਿੰਦੂ ਜਾਂ ਮੁਸਲਿਮ ਧਰਮ ਦੀਆਂ ਹੱਦਾਂ ਤੋਂ ਪਾਰ ਸੀ ਤੇ ਜਿਹਨਾਂ ਦਾ ਸੱਭਿਆਚਾਰ ਇਨਸਾਨੀ ਸਾਂਝ ਉੱਤੇ ਉਸਰਿਆ ਹੋਇਆ ਸੀ।
ਕਮਾਂਡਰ ਕੁੜੀ ਨੇ ਮੈਨੂੰ ਦੱਸਿਆ ਕਿ ਉਹ ਸੱਭੇ ਤਕਰੀਬਨ ਉਹੋ ਜਿਹੀਆਂ ਸਨ ਜਿਹਨਾਂ ਵਿਚ ਮੈਂ ਪਿਛਲੇ ਦਿਨਾਂ ਵਿਚ ਵਿੱਚਰਿਆ ਸਾਂ। ਉਹਨਾਂ ਦੇ ਘਰ-ਬਾਰ, ਮਾਂ- ਬਾਪ, ਜੀਵਨ ਹਾਲਤਾਂ, ਮੈਂ ਨੇੜੇ ਹੋ ਕੇ ਦੇਖ ਰਿਹਾ ਸਾਂ। ਕਮਾਂਡਰ ਕੁੜੀ ਮੁਤਾਬਕ ਹਰ ਕੁੜੀ ਤਕਰੀਬਨ ਇਕੋ ਜਹੀ ਹੁੰਦੀ ਹੈ। ਲੱਚੱਕਾ, ਮਾਸੇ, ਭੀਮੇ ਤੇ ਬਸਤੀ ਵਰਗੀ। ਕਦੇ ਉਹ ਉਮਰ ਭਰ ਜਬਰ, ਨਮੋਸ਼ੀ ਤੇ ਜ਼ਿੱਲਤ ਉਠਾਉਂਦੀ ਰਹਿ ਸਕਦੀ ਹੈ ਅਤੇ ਕਦੇ ਜੇ ਬੰਦੂਕ ਉਠਾ ਲਵੇ ਤਾਂ "ਇਕਤਾਲੀ" ਨਿਸ਼ਾਨੇ ਵੀ ਫੁੰਡ ਸਕਦੀ ਹੈ। ਜਿੰਨੇ ਔਰਤ ਉੱਤੇ ਜਬਰ ਦੇ ਰੂਪ ਹੁੰਦੇ ਹਨ ਓਨੇ ਹੀ ਉਸ ਦੇ ਨਿਸ਼ਾਨਿਆਂ ਦੀ ਗਿਣਤੀ ਵੀ ਹੁੰਦੀ ਹੈ। ਜਿਹੜੀ ਜਿੰਨੇ ਪਾਰ ਬੁਲਾ ਲੈਂਦੀ ਹੈ ਓਨੀਆਂ ਹੀ ਉਹ ਜਬਰ ਦੀਆਂ ਕੜੀਆਂ ਭੰਨ ਦੇਂਦੀ ਹੈ ਅਤੇ ਓਨਾ ਹੀ ਆਜ਼ਾਦ ਹੁੰਦੀ ਤੁਰੀ ਜਾਂਦੀ ਹੈ।
ਜਦ ਮੈਂ ਉਹਨੂੰ ਪੁੱਛਿਆ ਕਿ ਉਹ ਕਿੰਨੀ ਕੁ ਨਿਸ਼ਾਨੇਬਾਜ਼ ਹੈ ਤਾਂ ਉਸ ਨੇ ਹੱਸ ਕੇ ਟਾਲ ਦਿੱਤਾ।
ਬਹਰਹਾਲ, ਚਾਹੇ ਓਥੇ ਕੋਈ ਗੁਰੀਲਾ ਕੁੜੀ ਸੀ ਜਾਂ ਕੋਈ ਆਮ ਆਦਿਵਾਸੀ ਔਰਤ, ਉਹਨਾਂ ਨੂੰ ਮੈਂ ਬੇ-ਖ਼ੌਫ਼ ਹੀ ਵੇਖਿਆ। ਉਹ ਆਜ਼ਾਦ ਹਵਾ `ਚ ਵਿੱਚਰ ਰਹੀਆਂ ਸਨ। ਅਜਿਹੀ ਜ਼ਿੰਦਗੀ ਉਹ ਦੱਸ ਸਾਲ ਜਿਉਂਦੀਆਂ ਹਨ ਕਿ ਦੱਸ ਦਿਨ ਇਸ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹਿ ਜਾਂਦੀ। ਆਜ਼ਾਦੀ ਦਾ ਇਕ ਪਲ ਦਾ ਜੀਣਾ ਵੀ ਇਕ ਉਮਰ ਦੇ ਬਰਾਬਰ ਹੋ ਜਾਂਦਾ ਹੈ।
ਕਰੀਮਨਗਰ ਦੀਆਂ ਸੱਤ ਕੁੜੀਆਂ
ਸੱਤ ਪਹਾੜੀਆਂ ਵਰਗੀਆਂ ਸੱਤ ਭੈਣਾਂ
ਉਹ ਤਾਰੇ ਬਣ ਅੰਬਰੀਂ ਜਾ ਚੜੀਆਂ
ਕਿ ਰੁੱਖ ਬਣ ਜੰਗਲੀ ਉਂਗ ਪਈਆਂ,
ਸੁਰਖ਼ ਫੁੱਲ ਬਣ ਟਹਿਕਣ ਲੱਗੀਆਂ
ਕਿ ਨਦੀਆਂ ਬਣ ਸੱਤ ਦੀਪਾਂ 'ਤੇ ਵਹਿ ਤੁਰੀਆਂ
ਇਹ ਕੋਈ ਨਹੀਂ ਜਾਣਦਾ। ਪਰ ਉਹ ਚੀਨ ਦੀ ਦੀਵਾਰ ਤੋਂ ਲੰਬੀ ਜਿਸ ਕਤਾਰ ਵਿਚ ਸ਼ਾਮਲ ਹੋ ਚੁੱਕੀਆਂ ਹਨ ਉਹ ਪੂਰਬ ਵਿਚ ਵੀਅਤਨਾਮ ਤੋਂ ਸ਼ੁਰੂ ਹੋ ਕੇ ਇਰਾਨ, ਫ਼ਲਸਤੀਨ ਤੇ ਤੁਰਕੀ ਵਿਚੋਂ ਹੁੰਦੀ ਹੋਈ ਧੁਰ ਪੱਛਮ ਵਿਚ ਕੋਲੰਬੀਆ ਤੇ ਪੀਰ ਤੱਕ
ਜਾ ਪਹੁੰਚਦੀ ਹੈ। ਹਰ ਥਾਂ ਹਰ ਕੁੜੀ ਇਕੋ ਜਿਹੀ ਹੋ ਜਾਂਦੀ ਹੈ ਜਦ ਉਹ ਸਿਰ ਉਠਾ ਲੈਂਦੀ ਹੈ। ਓਦੋਂ ਸੰਗਾਓਂ ਤੋਂ ਲੈ ਕੇ ਲੀਮਾ ਤਕ ਹਰ ਹਾਕਮ ਨੂੰ ਫਰਾਂਸਿਸੀ ਇਨਕਲਾਬ ਦੀਆਂ ਵੀਰਾਂਗਣਾਂ ਬਾਰੇ ਕੰਬਾ ਦੇਣ ਵਾਲੀ ਇਹ ਗੱਲ ਚੇਤੇ ਆ ਜਾਂਦੀ ਹੈ
"ਜੇ ਫਰਾਂਸਿਸੀ ਕੌਮ ਸਿਰਫ਼ ਔਰਤਾਂ ਦੀ ਹੀ ਹੁੰਦੀ ਤਾਂ ਕਿੰਨਾ ਭਿਆਨਕ ਹੁੰਦਾ।"
ਜੰਗਲਾਂ 'ਚ ਫੁੱਲ ਚੁਗਦੀਆਂ ਵੱਡੀਆਂ ਹੋਈਆਂ ਲੱਚੱਕਾ ਤੇ ਬਸੰਤੀ ਜਿਹੀਆਂ ਕੁੜੀਆਂ ਕਦੇ ਮੋਢਿਆਂ ਉੱਪਰ ਬੰਦੂਕ ਚੁੱਕ ਲੈਣਗੀਆਂ ਅਤੇ ਪਿੰਡ ਪਿੰਡ ਬਗ਼ਾਵਤ ਦਾ ਸੁਨੇਹਾ ਪਹੁੰਚਾਉਣ ਲੱਗ ਪੈਣਗੀਆਂ, ਇਹ ਕਦੋਂ ਕਿਸੇ ਨੇ ਸੋਚਿਆ ਹੋਵੇਗਾ! ਇਹਨਾਂ 'ਚੋਂ ਕਿਹੜੀ "ਇਕਤਾਲੀਵਾਂ" ਨਿਸ਼ਾਨਾ ਫੁੰਡੇਗੀ ਅਤੇ ਜਾਬਰਾਂ ਦੀ ਰੀੜ੍ਹ ਵਿਚ ਕੰਬਣੀ ਛੇੜੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਦਸਤਿਆਂ ਵਿਚ ਕੁੜੀਆਂ ਦੀ ਤਕਰੀਬਨ ਅੱਧੀ ਗਿਣਤੀ ਇਸ ਗੱਲ ਦੀ ਲਖਾਇਕ ਹੈ ਕਿ ਅੱਧੇ ਅੰਬਰ ਦੀ ਲੜਾਈ ਨੇ ਵੱਡੀ ਕਰਵਟ ਭੰਨੀ ਹੈ।
ਸ਼ਾਮ ਪਈ ਤਾਂ ਸਾਰੇ ਦਲ ਵਿਚ ਅਜੀਬ ਤਰ੍ਹਾਂ ਦਾ ਮਾਹੌਲ ਬਣ ਗਿਆ। ਮੈਂ ਬਸੰਤੀ ਤੋਂ ਦਰਿਆਫ਼ਤ ਕੀਤਾ ਕਿ ਕੀ ਮਾਜਰਾ ਹੈ ਤਾਂ ਉਸ ਨੇ ਦੱਸਿਆ ਕਿ ਉਹ ਕਦੇ ਕਦੇ ਫਿਲਮ ਦੇਖਦੇ ਹਨ। ਅੱਜ ਫਿਲਮ ਹੋਵੇਗੀ।
ਜਨਰੇਟਰ ਪਹੁੰਚ ਚੁੱਕਾ ਸੀ। ਇਕ ਤੰਬੂ ਲਗਾਕੇ ਉਸ ਵਿਚ ਕੰਪਿਊਟਰ ਸੈੱਟ ਕਰ ਦਿੱਤਾ ਗਿਆ। ਉਸ ਰਾਤ ਦੇ ਫਿਲਮਾਂ ਚੱਲੀਆਂ। ਚਾਰਲੀ ਚੈਪਲਿਨ ਦੀ 'ਦ ਡਿਕਟੇਟਰ' ਅਤੇ ਹਿੰਦੀ ਦੀ 'ਮਿਰਚ ਮਸਾਲਾ'। ਅਗਲੀ ਰਾਤ ਲਿਬੀਆ ਦੇ ਇਨਕਲਾਬ ਉੱਤੇ ਬਣੀ 'ਉਮਰ ਮੁਖ਼ਤਾਰ' ਅਤੇ ਦੂਸਰੀ 'ਸਪਾਰਟਾਕਸ'। ਆਦਿਵਾਸੀ ਮੁੰਡੇ ਕੁੜੀਆਂ ਇਹ ਫਿਲਮਾਂ ਸਮਝ ਪਾਉਣਗੇ, ਮੈਨੂੰ ਇਸ ਉੱਤੇ ਸ਼ੱਕ ਹੋਇਆ। ਪਰ ਫਿਲਮ ਨੂੰ ਕੁਝ ਸਮੇਂ ਪਿੱਛੋਂ ਰੋਕ ਲਿਆ ਜਾਂਦਾ ਤੇ ਗੋਂਡ ਬੋਲੀ ਵਿਚ ਤੱਤ ਸੁਣਾ ਦਿੱਤਾ ਜਾਂਦਾ। ਫਿਲਮਾਂ ਦੇਖ ਕੇ ਉਹ ਬਹੁਤ ਖ਼ੁਸ਼ ਹੋਏ। ਬਾਦ 'ਚ ਮੈਂ ਕਈਆਂ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਫਿਲਮਾਂ ਦੀ ਸਮਝ ਪਈ? ਉਹਨਾਂ ਜਵਾਬ ਦਿੱਤਾ, "ਥੋੜ੍ਹਾ ਥੋੜ੍ਹਾ।"
ਅਗਲੇ ਦਿਨ ਦੁਪਹਿਰ ਢਲੇ।
ਦਸਰੂ ਤੇ ਇਕ ਹੋਰ ਨੌਜਵਾਨ ਸਮੇਤ ਅਸੀਂ ਤਿੰਨ ਜਣੇ ਜੰਗਲ 'ਚੋਂ ਅੱਲੇ ਇਕੱਠੇ ਕਰਨ ਨਿਕਲ ਤੁਰੇ। ਔਲਾ, ਯਾਨਿ ਨੌਲੀ, ਦੀ ਬਸਤਰ ਵਿਚ ਭਰਮਾਰ ਹੁੰਦੀ ਸੀ। ਹੁਣ ਜ਼ਿਆਦਾ ਦਰੱਖ਼ਤ ਨਹੀਂ ਰਹੇ। ਕੁਝ ਹੀ ਦਿਨਾਂ ਵਿਚ ਔਲੇ ਦਾ ਮੌਸਮ ਆਪਣੇ ਪੂਰੇ ਜੋਬਨ ਉੱਤੇ ਆ ਜਾਣਾ ਸੀ। ਜੰਗਲਾਂ ਦੀ ਇਸ ਨਾਯਾਬ ਦੇਣ ਦੀ ਤਲਾਸ਼ ਵਿਚ ਅਸੀਂ ਕਿੰਨਾ ਹੀ ਇਲਾਕਾ ਛਾਣ ਮਾਰਿਆ। ਪਾਣੀ ਦੇ ਕਲ-ਕਲ ਵਗਦੇ ਚਸ਼ਮਿਆਂ ਦੁਆਲੇ ਦੀ ਬਨਸਪਤੀ ਦੇ ਸੰਘਣੇ ਝਾੜਾਂ ਤੇ ਦਰੱਖ਼ਤਾਂ ਵਿਚ ਗਵਾਚੇ ਕਦੇ ਅਸੀਂ ਈਕ ਪੰਡੀ ਤੋੜਨ ਲੱਗ ਪੈਂਦੇ ਅਤੇ ਕਦੇ ਦਸਰ ਤੇ ਦੂਸਰਾ ਨੌਜਵਾਨ ਕੇਕੜਿਆ-ਘੋਗਿਆ ਨੂੰ ਹਾਸਲ ਕਰਨ ਲਈ ਪੱਥਰਾਂ ਨੂੰ ਫਰੋਲ ਮਾਰਦੇ। ਘੋਗੇ ਤੇ ਕੇਕੜੇ ਝੋਲੇ ਵਿਚ ਸੁੱਟੀ, ਚੱਲਦੇ ਚਲਾਉਂਦੇ ਅਸੀਂ ਇਕ ਥਾਵੇਂ ਔਲਿਆਂ ਦੇ ਤਿੰਨ ਚਾਰ ਇਕੱਠੇ ਖੜ੍ਹੇ ਦਰੱਖ਼ਤਾਂ ਦੇ ਸਾਹਮਣੇ ਜਾ ਪਹੁੰਚੇ। ਸਾਰੇ ਹੀ ਫਲ ਨਾਲ ਲੱਦੇ ਪਏ ਸਨ। ਦਸਰੁ ਅੱਖ ਦੇ ਫ਼ੇਰ ਵਿਚ ਇਕ ਰੁੱਖ ਉੱਤੇ ਜਾ ਚੜਿਆ। ਪੰਛੀਆਂ ਦੇ ਆਲ੍ਹਣਿਆਂ 'ਚੋਂ ਆਂਡੇ ਕੱਢ ਲਿਆਉਣ
ਦੇ ਇਸ ਮਾਹਰ ਨੂੰ ਦਰੱਖ਼ਤਾਂ ਉੱਤੇ ਚੜ੍ਹ ਕੇ ਅਪਾਰ ਖੁਸ਼ੀ ਹੁੰਦੀ ਸੀ। ਇਕ ਟਾਹਣ ਤੋਂ ਦੂਸਰੇ ਟਾਹਣ ਉੱਪਰ ਬਾਂਦਰਾਂ ਵਾਂਗ ਝੂਲ ਜਾਣਾ ਤੇ ਫਿਰ ਕੁਆਂਟਣੀ ਖਾ ਕੇ ਉਸ ਉੱਪਰ ਬੈਠ ਜਾਣਾ ਉਸ ਨੂੰ ਬਹੁਤ ਮਜ਼ਾ ਦੇਂਦਾ।
ਇਕ ਟਾਹਣ ਉੱਤੇ ਖੜ੍ਹੇ ਹੋ ਕੇ ਉਸ ਨੇ ਦੂਸਰੇ ਨੂੰ ਇਸ ਕਦਰ ਝੁਣਿਆ ਕਿ ਹੇਠਾਂ ਮੀਂਹ ਵਰੂ ਪਿਆ। ਅਸੀਂ ਝੋਲਾ ਭਰ ਕੇ ਮੁੜੇ। ਰਾਤ ਨੂੰ ਜਦ ਅਚਾਰ ਤਿਆਰ ਹੋਇਆ ਤਾਂ ਬਹੁਤਿਆਂ ਨੇ ਇਕ ਵਾਰ ਦੰਦਾਂ ਨਾਲ ਟੁੱਕ ਕੇ ਚੱਖਿਆ ਤੇ ਫਿਰ ਪਰ੍ਹਾਂ ਵਗਾਹ ਮਾਰਿਆ।
"ਇਹ ਤਾਂ ਕੌੜਾ ਏ, ਖੱਟਾ ਵੀ! ਅਸੀਂ ਕਦੇ ਨਹੀਂ ਖਾਂਦੇ। ਇਹਦੀ ਕਚਿਰ (ਸਬਜ਼ੀ) ਵੀ ਨਹੀਂ ਬਣਦੀ।" ਦਸਰੂ ਨੇ ਪਹਿਲੀ ਦੰਦੀ ਮਾਰਨ ਤੋਂ ਬਾਦ ਹੀ ਬੂਹ ਬੂਹ ਕਰ ਦਿੱਤਾ।
"ਸ਼ਹਿਰੀ ਲੋਕ ਅਜਿਹੀਆਂ ਚੀਜ਼ਾਂ ਕਿਓਂ ਲੈਂਦੇ ਨੇ? ਇਹ ਕੋਈ ਖਾਣ ਦੀ ਚੀਜ਼ ਹੈ?"
"ਪਤਾ ਨਹੀਂ ਕਿਓਂ ਲੈਂਦੇ ਨੇ, ਪਰ ਕਹਿੰਦੇ ਨੇ ਕਿ ਇਸ ਦੇ ਖਾਧੇ ਦਾ ਮਜ਼ਾ ਬਾਦ 'ਚ ਹੀ ਆਉਂਦੇ। ਉਹ ਇਸ ਤੋਂ ਅਚਾਰ, ਮੁਰੱਬੇ, ਦਵਾਈਆਂ, ਚਟਣੀਆਂ, ਕਈ ਕੁਝ ਬਣਾਉਂਦੇ ਹਨ। ਤੁਸੀਂ ਜਿਹੜੀ ਚੀਜ਼ ਬੇ-ਫ਼ਾਇਦਾ ਸਮਝ ਕੇ ਸੁੱਟ ਦਿੰਦੇ ਓ, ਉਹ ਉਸ ਨੂੰ ਵਰਤੋਂ 'ਚ ਲੈ ਆਉਂਦੇ ਨੇ।"
ਕਬਾਇਲੀ ਹਮੇਸ਼ਾਂ ਹੈਰਾਨ ਹੁੰਦੇ ਹਨ ਕਿ ਉਹਨਾਂ ਚੀਜ਼ਾਂ ਦਾ ਕੀ ਕੀਤਾ ਜਾਂਦਾ ਹੇ ਜਿਹਨਾਂ ਨੂੰ ਇਕੱਠਾ ਕਰਕੇ ਉਹ ਹਾਟ-ਬਾਜ਼ਾਰ ਵਿਚ ਵੇਚਦੇ ਹਨ। ਚੌਲ, ਨਮਕ ਤੇ ਮਿਰਚਾਂ ਬਦਲੇ ਉਹ ਕੁਝ ਵੀ ਦੇ ਦੇਣਗੇ ਤੇ ਫਿਰ ਬੇ-ਫ਼ਿਕਰ ਹੋ ਜਾਣਗੇ। ਜੰਗਲ ਦੀ ਅਥਾਹ ਕੁਦਰਤੀ ਦੋਲਤ ਵਿਚੋਂ ਜਿਹੜੀ ਚੀਜ਼ ਸਿੱਧੇ ਰੂਪ ਵਿਚ ਵਰਤਣ ਜਾਂ ਖਾਣ ਦੇ ਕੰਮ ਆਉਂਦੀ ਹੈ, ਉਹਨਾਂ ਵਾਸਤੇ ਉਸੇ ਦੀ ਮਹੱਤਤਾ ਹੈ। ਬਾਕੀ ਦੀ ਹਰ ਚੀਜ਼ ਉਹਨਾਂ ਵਾਸਤੇ ਬੇ-ਫ਼ਾਇਦਾ ਹੈ। ਔਲਿਆਂ ਨਾਲੋਂ ਬਾਂਸ ਦੀਆਂ ਕਰੂੰਬਲਾਂ ਉਹਨਾਂ ਵਾਸਤੇ ਜ਼ਿਆਦਾ ਮਾਅਨੇ ਰੱਖਦੀਆਂ ਹਨ, ਕਿਉਂਕਿ ਉਹਨਾਂ ਤੋਂ ਸਬਜ਼ੀ ਬਣ ਸਕਦੀ ਹੈ। ਪੇਟ ਭਰਨ, ਜ਼ਿੰਦਾ ਰਹਿਣ ਦੀ ਪਹਿਲੀ ਸ਼ਰਤ ਪੂਰੀ ਕਰਦੇ ਹੋਏ ਉਹਨਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਢਿੱਡ ਦੀ ਅੱਗ ਬੁਝੇ ਤਾਂ ਅਗਾਂਹ ਦਾ ਗਿਆਨ ਸ਼ੁਰੂ ਹੋਵੇ। ਪਰ, ਇਹੀ ਅੱਗ ਕਦੇ ਸ਼ਾਂਤ ਨਹੀਂ ਹੁੰਦੀ। ਮੱਛੀ ਸੁਕਾਉਣ ਤੇ ਸਾਂਭਣ ਦੀ ਜਾਚ ਆਉਣੀ ਸਮਝ ਵਿਚ ਆਉਂਦੀ ਹੈ। ਇਸ ਦਾ ਸਿੱਧਾ ਰਿਸ਼ਤਾ ਇਸ ਅੱਗ ਨਾਲ ਹੈ। ਦਵਾਈਆਂ ਦਾ ਗਿਆਨ ਤੇ ਜ਼ੁਬਾਨ ਦੇ ਸਵਾਦ ਉਚੇਰੇ ਜੀਵਨ ਮਿਆਰ ਦੀ ਉਪਜ ਹਨ ਜਿਹੜਾ ਜ਼ਿੰਦਾ ਰਹਿਣ ਦੀ ਮੁੱਢਲੀ ਸ਼ਰਤ ਪੂਰੀ ਹੋਣ ਤੋਂ ਬਾਦ ਸ਼ੁਰੂ ਹੁੰਦਾ ਹੈ।
ਹਰੜ ਤੇ ਬਹੇੜੇ ਦੀ ਵੀ ਓਥੇ ਬਹੁਤਾਤ ਹੈ। ਆਦਿਵਾਸੀ ਤੋਂ, ਜਿਹੜਾ ਕਿ ਔਲੇ ਦੀ ਵਰਤੋਂ ਨਹੀਂ ਕਰਦਾ, ਤਿੰਨਾਂ ਦੇ ਮਿਸ਼ਰਣ ਦੀ ਵਰਤੋਂ ਦੀ ਆਸ ਕਰਨਾ ਬਿਲਕੁਲ ਹੀ ਬੇ-ਥਵੀ ਗੱਲ ਹੋਣੀ ਸੀ। ਇਸ ਮਿਸ਼ਰਣ ਦਾ ਉਹਨਾਂ ਨੇ ਨਾਂਅ ਵੀ ਨਹੀਂ ਸੀ ਸੁਣਿਆ ਹੋਇਆ। ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ ਜੜ੍ਹੀਆਂ ਬੂਟੀਆਂ ਦੀ ਇਸ ਵਿਸ਼ਾਲ ਧਰਤੀ ਤੋਂ ਲੂਣ ਮਿਰਚਾਂ ਬਦਲੇ ਕਿੰਨੀ ਕੁਦਰਤੀ ਦੋਲਤ ਵਸੂਲੀ ਜਾਂਦੀ ਹੈ। ਇਹ ਡਾਬਰ ਵਾਲੇ ਜਾਣਦੇ ਹਨ ਜਾਂ ਜੰਡ ਵਾਲੇ ਜਾਂ ਫਿਰ ਉਹ ਜਿਹੜੇ ਬਾਸਮਤੀ, ਹਲਦੀ, ਨਿੰਮ ਆਦਿ ਦੇ ਜੀਨਾਂ ਉੱਤੇ ਦੱਬਾ ਮਾਰਨ ਨੂੰ ਫਿਰਦੇ ਹਨ। ਬਸਤਰ ਚੌਲਾਂ ਦੀਆਂ ਅਨੇਕਾਂ ਉਮਦਾ ਕਿਸਮਾਂ ਦਾ ਖ਼ਜ਼ਾਨਾ ਹੈ, ਫਿਰ ਵੀ ਭੁੱਖ ਓਥੋਂ ਦੀ ਸਭ ਤੋਂ ਵੱਡੀ ਮੁਸੀਬਤ ਹੈ।
ਉਸ ਦਿਨ ਅਠਾਈ ਜਣਿਆਂ 'ਚੋਂ ਦੇ ਹੀ ਅਜਿਹੇ ਸਨ ਜਿਹਨਾਂ ਨੇ ਔਲਿਆਂ ਨੂੰ ਸੁੱਟਿਆ ਨਹੀਂ। ਬੰਗਾਲਣ ਡਿਪਟੀ ਕਮਾਂਡਰ ਨੇ ਮਜ਼ੇ ਨਾਲ, ਅਤੇ ਕੰਨੰਨਾ ਨੇ ਸਿਰਫ਼
ਇਸ ਲਈ ਕਿ ਇਹ ਚੰਗੀ ਚੀਜ਼ ਹੈ ਸੋ ਖਾਧੀ ਜਾਣੀ ਚਾਹੀਦੀ ਹੈ, ਉਹਨਾਂ ਨੂੰ ਖਾਧਾ।
"ਸਾਨੂੰ ਇਹਨਾਂ ਚੀਜ਼ਾਂ ਦੀ ਆਦਤ ਨਹੀਂ ਹੈ, ਨਾ ਹੀ ਇਹਨਾਂ ਦੇ ਗੁਣਾਂ ਬਾਰੇ ਪਤਾ ਹੈ। ਅਸੀਂ ਚੀਜ਼ਾਂ ਨੂੰ ਹੌਲੀ ਹੌਲੀ ਸਿੱਖਦੇ ਹਾਂ। ਅੱਜ ਸ਼ੁਰੂ ਹੋ ਗਿਆ, ਕੱਲ੍ਹ ਨੂੰ ਹੋਰ ਜਣੇ ਵੀ ਵਰਤਣ ਲੱਗਣਗੇ। ਸਿਰਫ਼ ਜੇ ਇਹ ਸਵਾਦ ਬਣਾ ਦਿੱਤੇ ਜਾਣ ਤਾਂ ਇਹਨਾਂ ਦੀ ਆਦਤ ਪਾਉਣੀ ਸੌਖੀ ਹੋ ਜਾਵੇ।"
ਜਦ ਹਾਟ ਬਾਜ਼ਾਰ ਵਾਲੇ ਇਹਨਾਂ ਚੀਜ਼ਾਂ ਨੂੰ ਸਮੇਂ ਸਿਰ ਨਹੀਂ ਖ੍ਰੀਦਦੇ ਤਾਂ ਇਹ ਜੰਗਲ ਵਿਚ ਪਈਆਂ ਪਈਆਂ ਸੜ ਜਾਂਦੀਆਂ ਹਨ। ਬੰਗਾਲੀ ਪਿਛੋਕੜ ਵਾਲੀ ਕਾਮਰੇਡ ਇਹ ਚੀਜ਼ਾਂ ਬਨਾਉਣੀਆਂ ਜਾਣਦੀ ਹੈ। ਪਰ ਉਸ ਕੋਲ ਨਾ ਤਾਂ ਇਹਨਾਂ ਵਾਸਤੇ ਸਮਾਂ ਹੈ ਨਾ ਹੀ ਸਾਧਨ। ਵਿਸਫੋਟਕ ਸੁਰੰਗਾਂ ਬਨਾਉਣ ਵਾਲੇ ਕਬਾਇਲੀ, ਮੁਰੱਬੇ, ਅਚਾਰ ਤੇ ਦਵਾਈਆਂ ਬਣਾਉਣਾ ਵੀ ਸਿੱਖ ਸਕਦੇ ਹਨ ਪਰ ਇਹ ਅਜੇ ਮਹਿੰਗਾ ਕੰਮ ਹੈ। ਬੰਗਾਲਣ ਕੁੜੀ ਮੁਰੱਬਿਆਂ, ਅਚਾਰਾਂ ਦੀ ਟਰੇਨਿੰਗ ਨਾਲੋਂ ਜੰਗ ਦੀ ਟਰੇਨਿੰਗ ਦੇਣ ਨੂੰ ਵੱਧ ਜ਼ਰੂਰੀ ਸਮਝਦੀ ਹੈ, ਨਹੀਂ ਤਾਂ ਪੰਜਾਂ ਸਾਲਾਂ ਵਿਚ ਉਹ ਮੁਰੱਬਿਆਂ ਅਚਾਰਾਂ ਦਾ ਇਕ ਪੁਰਾ ਕਾਰਖ਼ਾਨਾ ਖੜ੍ਹਾ ਕਰ ਲੈਂਦੀ। ਲੋਕਾਂ ਨੂੰ ਵੀ ਰਜਾ ਦੇਂਦੀ ਤੇ ਕਾਰੋਬਾਰ ਵੀ ਚਲਾ ਲੈਂਦੀ। ਪਰ ਉਹ ਚਾਹੁੰਦੀ ਹੈ ਸਿਲਾਈ ਮਸ਼ੀਨਾਂ, ਜਿਹਨਾਂ ਨਾਲ ਲੋਕਾਂ ਦੇ ਕੱਪੜੇ ਤੇ ਗੁਰੀਲਿਆਂ ਦੀਆਂ ਵਰਦੀਆਂ ਸੀਤੀਆਂ ਜਾ ਸਕਣ ਅਤੇ ਹੰਢਣਸਾਰ ਜੁੱਤੀਆਂ ਬਣਾਈਆਂ ਜਾ ਸਕਣ।
ਸੱਤਰਵਿਆਂ ਵਿਚ ਉਸ ਦੇ ਮਾਂ-ਬਾਪ ਢਾਕੇ ਤੋਂ ਪਲਾਇਨ ਕਰ ਕੇ ਆਏ ਸਨ। ਓਦੋਂ ਉਹ ਮਸਾਂ ਦੋ ਕੁ ਸਾਲ ਦੀ ਸੀ। ਬੰਗਾਲੀ ਉਸ ਦੇ ਘਰ ਵਿਚ ਬੋਲੀ ਜਾਂਦੀ ਸੀ, ਉੜੀਆ ਮੁਹੱਲੇ ਵਿਚ। ਹਿੰਦੀ ਸਕੂਲ ਵਿਚ ਸਿੱਖੀ ਅਤੇ ਦੁਰਲਾ ਕੋਇਆ ਤੇ ਤੇਲਗੂ ਉਹਨੇ ਜੰਗਲ ਵਿਚ ਆਕੇ ਸਿੱਖ ਲਈਆਂ। ਤਸਲੀਮਾ ਨਸਰੀਨ ਨੂੰ ਉਸ ਨੇ ਹਿੰਦੀ ਤੇ ਬੰਗਾਲੀ ਦੋਵਾਂ ਵਿਚ ਪੜ੍ਹਿਆ ਹੋਇਆ ਸੀ। ਉਹ ਜਾਣਦੀ ਸੀ ਕਿ ਘੱਟ ਗਿਣਤੀਆਂ ਦਾ ਵੱਖ ਵੱਖ ਥਾਈਂ ਕਿਹੋ ਜਿਹਾ ਹਸ਼ਰ ਹੁੰਦਾ ਹੈ। ਢਾਕੇ ਤੋਂ ਉਸ ਦੇ ਮਾਂ-ਬਾਪ ਇਸੇ ਲਈ ਭੱਜੇ ਸਨ। ਏਥੇ ਉਸ ਨੇ ਉਮਾ ਭਾਰਤੀ ਦੇ ਅੱਗ ਉਗਲਦੇ ਮੁਸਲਿਮ-ਵਿਰੋਧੀ ਬਿਆਨਾ ਨੂੰ ਅਖ਼ਬਾਰਾਂ ਵਿਚੋਂ ਪੜ੍ਹ ਲਿਆ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਕਾਇਮ ਕਰ ਲਿਆ। ਉਸ ਮੁਤਾਬਕ ਉਹ ਹਮੇਸ਼ਾ ਹੀ ਘੱਟ-ਗਿਣਤੀ ਦਾ ਹਿੱਸਾ ਰਹੀ ਸੀ। ਢਾਕੇ ਵਿਚ ਉਹ ਹਿੰਦੂ ਸੀ, ਉੜੀਸਾ ਵਿਚ ਬੰਗਾਲੀ ਰਫ਼ਿਊਜਣ ਕਹੀ ਜਾਂਦੀ, ਅਤੇ ਹੁਣ ਉਹ ਸੋਚ ਰਹੀ ਸੀ ਕਿ ਜੰਝੂ ਤਿਲਕ ਵਾਲਿਆਂ ਦੇ ਰਾਜ ਵਿਚ ਉਹ ਕਮਿਊਨਿਸਟ ਬਣ ਕੇ ਫਿਰ ਘੱਟ ਗਿਣਤੀ ਦਾ ਹੀ ਹਿੱਸਾ ਬਣੀ ਹੈ। ਉਹ ਹਮੇਸ਼ਾਂ ਹੀ ਮੁੱਖ-ਧਾਰਾ ਦੇ ਉਲਟ ਰਹੀ ਹੈ। ਸੁਸ਼ਮਾ, ਜਿਸ ਦਾ ਤੇਲਗੁਵੀਕਰਨ ਸ਼ਾਇਦ ਉਹ ਸੁਸ਼ਮੱਕਾ ਕਰਦੇ ਸਨ, ਜੀਅ ਭਰ ਕੇ ਖਾਣ ਨੂੰ ਤਰਜੀਹ ਦੇਂਦੀ ਹੈ। ਕੁੜੀਆਂ ਨੂੰ ਗੁੜ, ਆਂਡੇ, ਮੂੰਗਫਲੀ ਅਤੇ ਫ਼ੌਲਾਦ ਦੀਆਂ ਗੋਲੀਆਂ ਵੰਡਣ ਦੀ ਜ਼ਿੰਮੇਦਾਰੀ ਉਸੇ ਦੀ ਹੈ। ਜਦੋਂ ਵੀ ਕੋਈ ਘੱਟ ਖਾਂਦਾ ਹੈ ਤਾਂ ਓਦੋਂ ਹੀ ਉਹ ਉਸ ਦੀ ਤਬੀਅਤ ਬਾਰੇ ਪਤਾ ਕਰਨ ਜਾ ਪਹੁੰਚਦੀ ਹੈ। ਦਵਾਈਆਂ ਦੀ ਕਿੱਟ ਉਹ ਹਮੇਸ਼ਾਂ ਆਪਣੇ ਕੋਲ ਰੱਖਦੀ ਹੈ। ਕਿਸੇ ਵੀ ਦਵਾ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਉਹ ਲਾਗਲੇ ਕਸਬੇ 'ਚੋਂ ਉਸ ਨੂੰ ਮੰਗਵਾ ਲੈਂਦੀ ਹੈ। ਉਸ ਨੂੰ ਦਵਾ ਅਤੇ ਜੇਲਾਟੀਨ ਸਟਿੱਕ ਦੀ ਪੂਰੀ ਪੂਰੀ ਡੋਜ਼ ਬਾਰੇ ਪਤਾ ਹੈ ਕਿ ਮਰੀਜ਼ ਨੂੰ ਤੇ ਮਾਈਨ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਨ ਲਈ ਕਿੰਨੀ ਕਿੰਨੀ ਮਾਤਰਾ ਵਿਚ ਖ਼ੁਰਾਕ ਦੀ ਜ਼ਰੂਰਤ ਹੈ। ਫੋੜੇ ਦੀ
ਚੀਰ-ਫਾੜ ਕਰਨ ਵਾਲਾ ਨਸ਼ਤਰ ਅਤੇ ਗਰਦਨ ਉਡਾਉਣ ਵਾਲੀ ਤਲਵਾਰ, ਦੋਵੇਂ ਚੀਜ਼ਾਂ ਦੀ ਹੀ ਉਹ ਧਾਰਨੀ ਹੈ। ਹੋ ਸਕਦੇ ਤੁਹਾਨੂੰ ਇਹ ਗੱਲ ਅਜੀਬ ਲੱਗੇ! ਨਸ਼ਤਰ ਤੇ ਤਲਵਾਰ ਇਕੱਠੇ, ਅਤੇ ਉਹ ਵੀ ਇਕ ਔਰਤ ਕੋਲ? ਪਰ ਹਕੀਕਤ ਇਹੋ ਹੈ। ਜਦ ਦੀ ਉਸ ਦੇ ਮਨ ਉੱਪਰ ਇਹ ਗੱਲ ਹਾਵੀ ਹੋ ਗਈ ਕਿ ਸਿਹਤ ਤੋਂ ਬਿਨਾ ਜੰਗ ਨਹੀਂ ਲੜੀ ਜਾ ਸਕਦੀ, ਉਸ ਦੇ ਮੋਢੇ ਨੇ ਦਵਾ ਕਿੱਟ ਦਾ ਭਾਰ ਵੀ ਉਠਾ ਲਿਆ। ਭਾਵੇਂ ਉਸ ਉੱਤੇ ਖਾਂਸੀ ਬਾਰ ਬਾਰ ਹਮਲਾ ਕਰਦੀ ਹੈ ਪਰ ਦੂਸਰਿਆਂ ਨੂੰ ਉਹ ਹਮੇਸ਼ਾਂ ਤਾਕੀਦ ਕਰਦੀ ਰਹਿੰਦੀ ਹੈ ਕਿ ਉਹ ਆਪਣੀ ਸਿਹਤ ਦਾ ਖ਼ਿਆਲ ਕਿਵੇਂ ਰੱਖਣ। ਕਦੇ ਕਦੇ ਉਹ ਆਪਣੇ ਮਾਂ-ਬਾਪ ਤੋਂ ਬੰਗਲਾ ਦੇਸ਼ ਬਾਰੇ ਸੁਣੀਆਂ ਕਹਾਣੀਆ ਹੋਰਨਾਂ ਨੂੰ ਸੁਣਾਉਂਦੀ ਹੈ। ਬੰਗਲਾ ਦੇਸ਼, ਉੜੀਸਾ ਤੇ ਬਸਤਰ, ਸਭ ਜਗ੍ਹਾ ਹੀ ਆਮ ਆਦਮੀ ਦੀ ਜ਼ਿੰਦਗੀ ਇਕੋ ਜਿਹੀ ਹੈ: ਗ਼ਰੀਬੀ, ਬਿਮਾਰੀ, ਮਜਬੂਰੀ, ਅਤੇ ਉਮਰ ਭਰ ਦੀ ਅਮੁੱਕ ਜੱਦੋਜਹਿਦ।
ਅਗਲੀ ਸਵੇਰ ਸਾਰੇ ਦਲ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਇਕ ਛੋਟਾ, ਇਕ ਵੱਡਾ। ਛੋਟਾ ਹਿੱਸਾ ਸਾਡੇ ਤੋਂ ਵਿੱਛੜ ਗਿਆ ਤੇ ਪੂਰਬ ਵੱਲ ਕੂਚ ਕਰ ਗਿਆ। ਅਸੀਂ ਦੱਖਣ ਵੱਲ ਆਪਣਾ ਸਫ਼ਰ ਜਾਰੀ ਰੱਖਿਆ। ਸਾਰਾ ਦਿਨ ਚੱਲਦੇ ਰਹਿਣ ਪਿੱਛੋਂ ਸ਼ਾਮ ਨੂੰ ਅਸੀਂ ਇਕ ਪਹਾੜੀ ਸਿਲਸਿਲੇ ਕੋਲ ਪਹੁੰਚੇ। ਇਕ ਘੰਟਾ ਆਰਾਮ ਕਰਨ ਤੋਂ ਬਾਦ ਅਸੀਂ ਫਿਰ ਦੋ ਹਿੱਸਿਆਂ ਵਿਚ ਵੰਡੇ ਗਏ। ਸੱਤ ਜਣਿਆਂ ਦਾ ਇਕ ਹਿੱਸਾ ਪੱਛਮ ਵੱਲ ਤੁਰ ਗਿਆ ਜਦ ਕਿ ਅਸੀਂ ਦੱਖਣ ਵੱਲ ਨੂੰ ਹੀ ਅਗਾਂਹ ਵਧਦੇ ਗਏ। ਅੱਧੀ ਰਾਤ ਨੂੰ ਇਕ ਉੱਚੇ ਪਰਬਤ ਦੇ ਪੈਰਾਂ ਵਿਚ ਪਹੁੰਚ ਕੇ ਬਾਕੀ ਦੀ ਰਾਤ ਬਿਤਾਈ ਅਤੇ ਸਵੇਰੇ ਪਹਾੜ ਦੀ ਟੀਸੀ ਵੱਲ ਰੁਖ਼ ਕੀਤਾ। ਚਾਰ ਘੰਟੇ ਦੀ ਬਕਾਅ ਦੇਣ ਵਾਲੀ ਸਿੱਧੀ ਚੜਾਈ ਵਿਚ ਕਈ ਜਣੇ ਹਫ਼ ਕੇ ਬੈਠ ਜਾਂਦੇ ਰਹੇ ਜਦ ਕਿ ਤੇਜ਼-ਤਰਾਰ ਨੌਜਵਾਨ ਬਿਨਾ ਰੁਕੇ ਟੀਸੀ ਤਕ ਪਹੁੰਚ ਗਏ। ਸਵੇਰੇ ਚਾਹ ਨਹੀਂ ਸੀ ਬਣਾਈ ਗਈ ਪਰ ਭੀਮੇ ਨੇ ਰਸਤੇ ਵਿਚ ਫਿਰ ਵੀ ਉਲਟੀਆਂ ਕਰ ਦਿੱਤੀਆਂ। ਉਹ ਮੁਗਫਲੀ ਦੇ ਚਾਰ ਛੇ ਦਾਣੇ ਖਾ ਗਈ ਸੀ, ਸੋ ਇਸੇ ਨਾਲ ਉਸ ਨੂੰ ਕੇਅ ਆ ਗਈ।
ਐਨੀ ਤਿੱਖੀ ਚੜ੍ਹਾਈ ਸੀ ਕਿ ਅਕਸਰ ਹੀ ਕਿਸੇ ਚਟਾਨ ਜਾਂ ਦਰੱਖ਼ਤ ਦੀ ਕਿਸੇ ਟਾਹਣੀ, ਜਾਂ ਝਾੜੀ ਨੂੰ ਹੱਥ ਪਾਉਣਾ ਪੈਂਦਾ। ਅਨੇਕਾਂ ਥਾਵਾਂ ਅਜਿਹੀਆਂ ਸਨ ਜਿੱਥੋਂ ਪੈਰ ਤਿਲਕਣ ਦਾ ਸਿੱਧਾ ਅਰਥ ਸੀ ਪੱਥਰਾਂ ਉੱਤੋਂ ਦੀ ਸੈਂਕੜੇ ਫੁੱਟ ਲੁੜਕਦੇ ਜਾਣਾ। ਇਹ ਪਹਾੜੀ ਸਿਲਸਿਲਾ ਰਿੱਛਾਂ ਤੇ ਬਾਂਦਰਾਂ ਨਾਲ ਭਰਪੂਰ ਸੀ। ਜਾਨਵਰ ਦਿਖਾਈ ਕੋਈ ਨਹੀਂ ਦਿੱਤਾ ਪਰ ਸਾਨੂੰ ਬਾਂਦਰਾਂ ਦੀਆਂ ਦੁਰੋਂ ਆਉਂਦੀਆਂ ਚੀਕਾਂ ਸੁਣਦੀਆਂ ਸਨ। ਉਹ ਰਸਤੇ ਵਿਚੋਂ ਪਿੱਛੇ ਹਟ ਗਏ ਹੋਏ ਸਨ। ਉੱਪਰੋਂ ਦੋ ਔਰਤਾਂ ਹੇਠਾਂ ਨੂੰ ਉੱਤਰਦੀਆਂ ਆ ਰਹੀਆਂ ਸਨ। ਉਹ ਹਰ ਕਿਸੇ ਕੋਲ ਰੁਕਦੀਆਂ, ਹੱਥ ਮਿਲਾਉਂਦੀਆਂ ਅਤੇ ਮਜ਼ੇ ਨਾਲ ਅਗਾਂਹ ਤੁਰ ਪੈਂਦੀਆਂ। ਚਾਰ ਘੰਟਿਆਂ ਦੌਰਾਨ ਸਾਨੂੰ ਹੋਰ ਕੋਈ ਵੀ ਰਸਤੇ ਵਿਚ ਆਉਂਦਾ ਜਾਂਦਾ ਨਹੀਂ ਮਿਲਿਆ। ਕਦੇ ਇਸ ਪਹਾੜ ਉੱਤੇ ਪੁਲਿਸ ਦੀ ਚੌਕੀ ਹੋਇਆ ਕਰਦੀ ਸੀ ਪਰ ਹੁਣ ਇਹ ਆਜ਼ਾਦ ਹੋ ਚੁੱਕਾ ਸੀ ਜਿਸ ਨਾਲ ਪਹਾੜ ਦੇ ਪਾਰ ਦੇ ਪਿੰਡਾਂ ਤੱਕ ਪਹੁੰਚਣ ਦਾ ਰਸਤਾ ਦੇ ਦਿਨ ਛੋਟਾ ਹੋ ਗਿਆ ਸੀ। ਟੀਸੀ ਉੱਪਰ ਪਹੁੰਚ ਕੇ ਮਿਲੇ ਗੁੜ ਤੇ ਮੂੰਗਫਲੀ ਨੇ ਅੱਧੀ ਥਕਾਵਟ ਉਤਾਰ ਦਿੱਤੀ ਜਦਕਿ ਰਹਿੰਦੀ ਬਕਾਵਟ ਉਤਰਾਈ ਸਮੇਂ ਉੱਤਰ ਗਈ ਜੋ ਕਿ ਪਹਾੜ ਦੇ ਇਸ ਪਾਰ ਕਾਫ਼ੀ ਆਸਾਨ ਸੀ। ਕਿਤੇ
ਕਿਤੇ ਪਾਣੀ ਦੇ ਚਸ਼ਮੇ ਅਜੇ ਵੀ ਪਾਣੀ ਦੇ ਰਹੇ ਸਨ ਭਾਵੇਂ ਕਿ ਕੁਝ ਹਫ਼ਤਿਆਂ ਤੱਕ ਇਹਨਾਂ ਨੇ ਪੂਰੀ ਤਰ੍ਹਾਂ ਸੁੱਕ ਜਾਣਾ ਸੀ। ਓਦੋਂ ਸਾਰੇ ਇਲਾਕੇ ਵਿਚ ਪਾਣੀ ਦੀ ਵੱਡੀ ਥੁੜ੍ਹ ਪੈਦਾ ਹੋ ਜਾਵੇਗੀ। ਜਦ ਪਾਣੀ ਦੇ ਕੁਝ ਕੁ ਹੀ ਸਰੋਤ ਬਚ ਰਹਿੰਦੇ ਹਨ ਤਾਂ ਉਹਨਾਂ ਉੱਤੋਂ ਜੰਗਲੀ ਜਾਨਵਰ ਤੇ ਇਨਸਾਨ ਵਾਰੀ ਸਿਰ ਪਾਣੀ ਪੀਂਦੇ ਹਨ। ਪਾਣੀ ਦੇ ਇਹ ਸਰੋਤ ਆਦਿਵਾਸੀਆਂ ਵਾਸਤੇ ਸ਼ਿਕਾਰ ਦੇ ਆਦਰਸ਼ਕ ਸਥਾਨ ਹੁੰਦੇ ਸਨ ਪਰ ਹੁਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਬੰਦ ਕਰ ਦਿੱਤਾ ਗਿਆ ਹੈ।
ਇਕ ਚਸ਼ਮੇ ਦੇ ਗਿਰਦ ਅਸੀਂ ਸਾਰੇ ਜਣੇ ਇਕੱਠੇ ਹੋਏ। ਪਾਣੀ ਨਾਲ ਕਲੋਲਾਂ ਕਰ ਕੇ ਆਪਣੇ ਆਪ ਨੂੰ ਠੰਡਾ ਕੀਤਾ। ਫਿਰ ਚਾਹ ਤੇ ਖਾਣੇ ਦੇ ਪਤੀਲੇ ਚੜ੍ਹਾ ਦਿੱਤੇ ਗਏ। ਦੁਪਹਿਰ ਦੇ ਵਕਤ, ਇਹ ਸਵੇਰ ਦੀ ਪਹਿਲੀ ਚਾਹ ਸੀ। ਨਿਰਮਲ ਪਾਣੀ ਦਾ ਇਹ ਚਸ਼ਮਾ ਇਕ ਖੁੰਦਰਨੁਮਾ ਜਗ੍ਹਾ ਹੈ। ਆਸ ਪਾਸ ਬਾਂਦਰਾਂ, ਰਿੱਛਾਂ ਤੇ ਹਿਰਨਾਂ ਦੇ ਪੈਰ ਸਪੱਸ਼ਟ ਦਿਖਾਈ ਦੇਂਦੇ ਸਨ। ਜਦ ਕਦੇ ਵੀ ਗੁਰੀਲੇ ਏਥੇ ਡੇਰਾ ਲਾਉਂਦੇ ਹਨ ਤਾਂ ਜਾਨਵਰ ਆਪਣੀ ਥਾਂ ਬਦਲ ਲੈਂਦੇ ਹਨ।
ਜਦ ਪੁਲਿਸ ਦਾ ਪਹਾੜ ਉੱਤੇ ਡੇਰਾ ਹੁੰਦਾ ਸੀ ਤਾਂ ਤਾੜੀ, ਮਹੂਏ ਦੀ ਸ਼ਰਾਬ ਅਤੇ ਉਹਨਾਂ ਦੇ ਜਿਣਸੀ ਖੁਰਦ ਨੇ ਲੋਕਾਂ ਦਾ ਨੱਕ ਵਿਚ ਦਮ ਕਰ ਰੱਖਿਆ ਸੀ। ਜਨਤਾ ਦੇ ਸਾਥ ਨਾਲ ਉਹਨਾਂ ਨੂੰ ਓਥੋਂ ਭਜਾ ਦੇਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਰਿਹਾ। ਪੁਲਿਸ ਚੌਕੀ ਨੂੰ ਲੋਕਾਂ ਨੇ ਆਪਣੇ ਹੱਥੀਂ ਫੂਕਿਆ ਸੀ। ਹੁਣ ਔਰਤਾਂ ਪਹਾੜ ਦੇ ਆਰ ਪਾਰ ਇਕੱਲੀਆਂ ਆ ਜਾ ਸਕਦੀਆਂ ਹਨ। ਚਾਰ ਟੰਗਾਂ ਵਾਲੇ ਜਾਨਵਰਾਂ ਤੋਂ ਬਚਾਅ ਕਰ ਲੈਣਾ ਉਹਨਾਂ ਵਾਸਤੇ ਜ਼ਿਆਦਾ ਮੁਸ਼ਕਲ ਨਹੀਂ ਹੈ। ਦੋ ਵਾਲਾ ਕਿਤੇ ਜ਼ਿਆਦਾ ਕਰੂਰ, ਹਿੰਸਕ ਤੇ ਵਹਿਸ਼ੀ ਸੀ।
ਰਾਤ ਅਸੀਂ ਉਸੇ ਚਸ਼ਮੇ ਉੱਤੇ ਕੱਟੀ। ਪਹਾੜ ਨੇ ਹਵਾ ਨੂੰ ਰੋਕਿਆ ਹੋਇਆ ਸੀ ਇਸ ਲਈ ਓਥੇ ਠੰਡ ਘੱਟ ਸੀ। ਦਲਾਂ ਦੇ ਰੱਦੋ-ਬਦਲ ਨੇ ਮੈਨੂੰ ਇਕ ਨੌਜਵਾਨ ਸੰਜੀਦਾ ਕਬਾਇਲੀ ਸਿੰਘਨਾ ਦਾ ਸਾਥ ਦਿੱਤਾ। ਸਿੰਘਾ ਚੰਗਾ ਟਰਾਂਸਲੇਟਰ ਸਾਬਤ ਹੋਇਆ। ਉਹ ਵਾਕਾਂ ਨੂੰ ਨਾ ਛੋਟਾ ਕਰਦਾ ਨਾ ਹੀ ਵਧਾਉਂਦਾ। ਆਮ ਗੋਂਡ ਸ਼ਬਦਾਂ ਦੇ ਉਚਾਰਨ ਨੂੰ ਉਹ ਸਹੀ ਕਰਦਾ ਅਤੇ ਸਪੱਸ਼ਟ ਹਿੰਦੀ ਬੋਲਦਾ। ਸੱਤ ਜਮਾਤਾਂ ਪੜਿਆ ਤਿੱਖਾ, ਫੁਰਤੀਲਾ, ਵੀਹ ਵਰ੍ਹਿਆਂ ਦਾ ਇਹ ਨੌਜਵਾਨ ਜਲਦੀ ਹੀ ਅੱਨਾ ਦੀ ਉਪਾਧੀ ਲੈ ਗਿਆ ਸੀ। ਕੋਈ ਉਹਨੂੰ ਸਿੰਘਨਾ ਕਹਿੰਦਾ, ਕੋਈ ਸਿੰਘਾ ਦਾਦਾ। ਉਸ ਨੇ ਦੱਸਿਆ ਕਿ ਇਹ ਚਸ਼ਮਾ ਏਥੇ ਹੀ ਪੱਥਰਾਂ ਵਿਚ ਗਾਇਬ ਹੋ ਜਾਂਦਾ ਹੈ ਅਤੇ ਹੇਠਾਂ ਜਾ ਕੇ ਫਿਰ ਫੁੱਟ ਪੈਂਦਾ ਹੈ। ਇਸੇ ਚਸ਼ਮੇ ਉੱਤੇ ਹੀ ਇਕ ਵਾਰ ਇਕ ਹਿੱਛ ਨੇ ਉਹਨਾਂ ਦੇ ਇਕ ਸਾਥੀ ਦੀ ਲੱਤ ਨੂੰ ਪਾੜ ਖਾਧਾ ਸੀ।
ਸਵੇਰੇ ਜਦ ਅਸੀਂ ਹੇਠਾਂ ਉੱਤਰੇ ਤਾਂ ਮੱਛੀਆਂ ਫੜ੍ਹਦੇ ਕਈ ਨੌਜਵਾਨ ਸਾਨੂੰ ਮਿਲੇ। ਇਕ ਜਣਾ ਸਾਡੇ ਨਾਲ ਹੋ ਪਿਆ ਜਦ ਕਿ ਬਾਕੀ ਦੇ ਆਪਣੇ ਕੰਮੀ ਰੁੱਝੇ ਰਹੇ। ਕੋਈ ਇਕ ਘੰਟੇ ਦੇ ਸਫ਼ਰ ਬਾਦ ਅਸੀਂ ਸਭ ਤੋਂ ਨੇੜਲੇ ਪਿੰਡ ਪਹੁੰਚੇ। ਸਾਹਮਣੇ ਦਸਰੂ ਤੇ ਕੰਨੇਨਾ ਬੁਨੈਣਾਂ ਪਾਈ ਤੇ ਤੋੜ ਪਰਨੇ ਬੰਨ੍ਹੀ ਨਜ਼ਰ ਆਏ।
"ਦਸਰੁ ਭਾਈ, ਵਰਦੀ ਤੋਂ ਬਿਨਾ ਤੂੰ ਪੱਕਾ ਕਬਾਇਲੀ ਲੱਗਦੈ।"
ਦਸਰੂ ਹੱਸ ਪਿਆ। ਉਹ ਸੀ ਹੀ ਕਬਾਇਲੀ। ਵਰਦੀ ਤੋਂ ਬਿਨਾ ਉਹ ਗੁਰੀਲੇ ਲੱਗਦੇ ਹੀ ਨਹੀਂ ਸਨ। ਉਹ ਸਿੱਧੇ ਸਾਦੇ ਕਬਾਇਲੀ, ਵਰਦੀ ਪਹਿਨ ਕੇ ਫ਼ੌਜੀ ਹੋ ਜਾਂਦੇ ਅਤੇ
ਵਰਦੀ ਤੋਂ ਬਿਨਾਂ ਕਬਾਇਲੀ ਕਿਸਾਨ।
ਦਸਰੂ ਨੇ ਦੱਸਿਆ ਕਿ ਉਹ ਕਿਸੇ ਕੰਮ ਆਏ ਸਨ ਇਸ ਲਈ ਪਹਿਲਾਂ ਹੀ ਪਹੁੰਚ ਗਏ ਸਨ। ਇਹ ਕੰਮ ਕੀ ਸੀ ਇਸ ਦਾ ਮੈਨੂੰ ਰਾਤ ਨੂੰ ਜਾ ਕੇ ਪਤਾ ਲੱਗਾ ਜਦੋਂ ਰੱਸੀਆਂ ਨਾਲ ਜਕੜੇ ਇਕ ਨੌਜਵਾਨ ਨੂੰ ਕਟਹਿਰੇ ਵਿਚ ਪੇਸ਼ ਕੀਤਾ ਗਿਆ। ਸ਼ਾਮ ਪੈਂਦੇ ਤੱਕ ਰਾਜੇਸ਼ ਵੀ ਚਾਰ ਸਾਥੀਆਂ ਨਾਲ ਓਥੇ ਪਹੁੰਚ ਗਿਆ ਸੀ। ਸੋ ਅੱਜ ਅਦਾਲਤ ਲੱਗੇਗੀ।
"ਕੀ ਮਾਮਲਾ ਹੈ, ਸਿੰਘਾ?"
"ਆਂਧਰਾ ਤੋਂ ਇਕ ਨੌਜਵਾਨ ਹੈ। ਲੋਕਾਂ ਨੇ ਪੁਲਿਸ ਦਾ ਮੁਖ਼ਬਰ ਸਮਝ ਇਹਨੂੰ ਫੜ ਲਿਐ। ਕਹਿੰਦਾ ਹੈ ਕਿ ਬਹੁਤ ਦੂਰੋਂ ਪਹੁੰਚਿਆ ਹਾਂ ਤੇ ਭਰਤੀ ਹੋਣਾ ਚਾਹੁੰਦਾ ਹਾਂ। ਹੁਣ ਇਸ ਦੀ ਤਫ਼ਤੀਸ਼ ਹੋਵੇਗੀ ਤੇ ਸੱਚ ਦਾ ਪਤਾ ਲਗਾਇਆ ਜਾਵੇਗਾ।"
ਪਰ ਸੱਚ ਜਾਨਣ ਵਿਚ ਤਿੰਨ ਦਿਨ ਲੱਗ ਗਏ। ਉਸ ਨੂੰ ਰਾਜੇਸ਼ ਨੇ ਕਈ ਸਵਾਲ ਕੀਤੇ। ਪਰ ਕਿਸੇ ਵੀ ਸਵਾਲ ਤੋਂ ਰਾਜੇਸ਼ ਦੀ ਤਸੱਲੀ ਨਹੀਂ ਹੋਈ। ਉਹ ਨੌਜਵਾਨ ਨਾ ਹਿੰਦੀ ਜਾਣਦਾ ਸੀ ਨਾ ਗੋਡੀ। ਸਿਰਫ਼ ਤੇਲਗੂ ਬੋਲਦਾ ਸੀ। ਕਹਿੰਦਾ ਸੀ ਕਿ 'ਮੈਂ ਇਨਕਲਾਬ ਕਰਨ ਆਇਆ ਤੇ ਦਲ 'ਚ ਸ਼ਾਮਲ ਹੋਣਾ ਚਾਹੁੰਨਾਂ। ਉਸ ਨੇ ਕਿਹਾ ਕਿ ਮੈਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਤ ਹਾਂ ਇਸੇ ਲਈ ਘਰ ਛੱਡ ਕੇ ਚਲਾ ਆਇਆ ਹਾਂ।
ਰਾਤ ਨੂੰ ਰਾਜੇਸ਼ ਨੇ ਹੋਰਨਾਂ ਨਾਲ ਬੈਠ ਕੇ ਮਾਮਲਾ ਵਿਚਾਰਿਆ। ਉਸ ਨੇ ਆਪਣੇ ਇਕ ਰਿਸ਼ਤੇਦਾਰ ਪ੍ਰੋਫੈਸਰ ਦਾ ਟੈਲੀਫੋਨ ਨੰਬਰ ਦਿੱਤਾ ਸੀ ਅਤੇ ਪਿੰਡ ਤੇ ਮਾਂ-ਬਾਪ ਦਾ ਨਾਮ ਵੀ ਦੱਸਿਆ ਸੀ। ਸਵੇਰ ਦੀ ਪੁੱਛ-ਗਿੱਛ ਦੌਰਾਨ ਉਸ ਨੇ ਭਗਤ ਸਿੰਘ ਬਾਰੇ ਕੋਈ ਵੀ ਜਵਾਬ ਤਸੱਲੀਬਖਸ਼ ਨਹੀਂ ਦਿੱਤਾ ਜਦ ਕਿ ਉਸ ਦਾ ਕਹਿਣਾ ਸੀ ਕਿ ਉਸਨੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਿਆ ਹੋਇਆ ਹੈ। ਦਰ ਅਸਲ ਇਹ ਪਤਾ ਲੱਗਿਆ ਕਿ ਉਹ ਭਗਤ ਸਿੰਘ ਨਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਜਾਣਦਾ।
ਦੋ ਘੰਟੇ ਦੀ ਪੱਛਗਿੱਛ ਬਾਦ ਇਕ ਵਾਰ ਫਿਰ ਰਾਜੇਸ਼ ਨੇ ਆਪਣੀ ਟੀਮ ਦੀ ਬੈਠਕ ਬੁਲਾਈ। ਕਿਸੇ ਦੀ ਵੀ ਕੋਈ ਤਸੱਲੀ ਨਹੀਂ ਸੀ। ਉਹਨਾਂ ਦਾ ਇਹ ਸ਼ੱਕ ਪੱਕਾ ਹੁੰਦਾ ਗਿਆ ਕਿ ਜ਼ਰੂਰ ਪੁਲਿਸ ਏਜੰਟ ਹੋਵੇਗਾ। ਏਜੰਟ ਹੈ ਤਾਂ ਖੈਰ ਨਹੀਂ। ਇਸ ਨਤੀਜੇ ਉੱਤੇ ਪਹੁੰਚਣ ਤੋਂ ਪਹਿਲਾਂ ਫਿਰ ਵੀ ਉਹਨਾਂ ਫੈਸਲਾ ਕੀਤਾ ਕਿ ਟੈਲੀਫੋਨ ਨੰਬਰ ਅਤੇ ਦੱਸੇ ਗਏ ਥਾਂ-ਟਿਕਾਣੇ ਤੋਂ ਪਤਾ ਲਗਾਇਆ ਜਾਵੇ। ਇਸ ਕੰਮ ਵਾਸਤੇ ਇਕ ਟੀਮ ਤੇਰ ਦਿੱਤੀ ਗਈ ਜਿਹੜੀ ਤਿੰਨ ਦਿਨ ਬਾਦ ਪਰਤੀ। ਤਦ ਤਕ ਉਸ ਨੂੰ ਦਲ ਦੀ ਹਿਰਾਸਤ ਵਿਚ ਹੀ ਰੱਖਿਆ ਗਿਆ।
ਦਰਅਸਲ ਉਹ ਘਰਦਿਆਂ ਨਾਲ ਲੜ ਕੇ ਆਇਆ ਸੀ ਅਤੇ ਦਲ ਵਿਚ ਸ਼ਾਮਲ ਹੋਣ ਲਈ ਓਥੇ ਪਹੁੰਚਿਆ ਸੀ। ਚੰਗੀ ਗੱਲ ਇਹ ਹੋਈ ਕਿ ਆਦਿਵਾਸੀਆਂ ਨੇ ਉਸ ਨੂੰ ਫੜ੍ਹ ਕੇ ਦਸਤੇ ਹਵਾਲੇ ਕਰ ਦਿੱਤਾ ਸੀ। ਜੇ ਉਹਨਾਂ ਨੂੰ ਜਲਦੀ ਹੀ ਦਸਤਾ ਨਾ ਮਿਲਿਆ ਹੁੰਦਾ ਤਾਂ ਉਹਨਾਂ ਨੇ ਉਸ ਦਾ ਕਤਲ ਕਰਕੇ ਜੰਗਲ ਵਿਚ ਹੀ ਦੱਬ ਦੇਣਾ ਸੀ। ਨਰ ਬਲੀ ਵਿਚ ਵਿਸ਼ਵਾਸ ਰੱਖਦੇ ਇਹ ਆਦਿਵਾਸੀ ਜਦ ਕਿਸੇ ਓਪਰੇ ਵਿਅਕਤੀ ਨੂੰ ਜੰਗਲ ਵਿਚ ਘੁੰਮਦੇ ਹੋਏ ਨੂੰ ਫੜ੍ਹ ਲੈਂਦੇ ਹਨ ਤਾਂ ਉਸ ਦੀ ਬਲੀ ਚੜਾ ਦੇਣ ਵਿਚ ਜ਼ਿਆਦਾ ਦੇਰ ਨਹੀਂ ਲਾਉਂਦੇ। ਅਜਨਬੀਆਂ ਨੂੰ ਉਹ ਹਮੇਸ਼ਾਂ ਸ਼ੱਕ ਦੀ ਨਿਗਾਹ ਨਾਲ
ਦੇਖਦੇ ਹਨ। ਉਹਨਾਂ ਦਾ ਯਕੀਨ ਹੈ ਕਿ ਓਪਰੇ ਬੰਦੇ ਉਹਨਾਂ ਦੇ ਜੀਵਨ ਨੂੰ ਬਰਬਾਦ ਕਰਨ ਹੀ ਆਉਂਦੇ ਹਨ। ਇਸ ਵਿਸ਼ਵਾਸ ਵਿਚ ਅਜਨਬੀਆਂ ਦੇ ਉਹਨਾਂ ਪ੍ਰਤੀ ਵਤੀਰੇ ਸੰਬੰਧੀ ਸੱਚ ਦਾ ਵੱਡਾ ਅੰਸ਼ ਮੌਜੂਦ ਹੈ। ਪਰ ਹੁਣ ਇਨਕਲਾਬੀ ਲਹਿਰ ਨੇ ਨਰ ਬਲੀ ਦੀ ਇਸ ਭਿਆਨਕ ਰਵਾਇਤ ਨੂੰ ਰੋਕਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਆਦਿਵਾਸੀਆਂ ਨੂੰ ਆਪਣੇ ਹੱਕਾਂ ਅਤੇ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦਾ ਇਨਕਲਾਬੀ ਰਸਤਾ ਮਿਲ ਗਿਆ ਹੈ। ਨਹੀਂ ਤਾਂ ਉਹ ਨੌਜਵਾਨ ਫੜੇ ਜਾਣ ਸਾਰ ਹੀ ਨਰ ਬਲੀ ਦੀ ਰਸਮ ਦਾ ਸ਼ਿਕਾਰ ਹੋ ਗਿਆ ਹੁੰਦਾ। ਪਿਛਲੇ ਪੰਜ-ਛੇ ਸਾਲਾਂ ਤੋਂ ਇਨਕਲਾਬੀ ਲਹਿਰ ਦੇ ਖੇਤਰਾਂ ਵਿਚ ਨਰ ਬਲੀ ਦੀ ਇਕ ਵੀ ਘਟਨਾ ਨਹੀਂ ਘਟੀ। ਆਦਿਵਾਸੀਆਂ ਨੂੰ ਚੇਤਨਾ ਦੀ ਇਸ ਪੱਧਰ ਉੱਤੇ ਪਹੁੰਚਦਿਆਂ ਕਈ ਸਾਲ ਲੱਗੇ ਹਨ। ਕੋਈ ਵੀ ਵਿਅਕਤੀ ਉਸ ਜੰਗਲ ਵਿਚ ਇਕੱਲਿਆਂ ਨਹੀਂ ਜਾ ਸਕਦਾ। ਜੇ ਉਹ ਪੁਲਿਸ ਦੇ ਅੜਿੱਕੇ ਆ ਗਿਆ ਤਾਂ ਪੁਲਿਸ ਉਹਨੂੰ ਅੱਤਵਾਦੀ ਕਹਿ ਕੇ ਮਾਰ ਦੇਵੇਗੀ ਅਤੇ ਜੇ ਲੋਕਾਂ ਦੇ ਹੱਥ ਆ ਗਿਆ ਤਾਂ ਉਹ ਉਸ ਨੂੰ ਪੁਲਿਸ ਦਾ ਏਜੰਟ ਸਮਝ ਕੇ ਮਾਰ ਦੇਣਗੇ। ਆਪਣੀ ਖੋਜ-ਪੜਤਾਲ ਦੇ ਕੰਮ ਨੂੰ ਮੈਂ ਇਕੱਲਿਆਂ ਘੁੰਮ ਕੇ ਕਰਨਾ ਚਾਹੁੰਦਾ ਸਾਂ ਪਰ ਮੈਨੂੰ ਇਹ ਵਿਚਾਰ ਤਿਆਗਣਾ ਪਿਆ ਸੀ।
ਉਸ ਨੌਜਵਾਨ ਬਾਰੇ ਜਾਣਕਾਰੀ ਨੂੰ ਸਾਰੇ ਸਰੋਤਾਂ ਤੋਂ ਯਕੀਨੀ ਬਣਾਕੇ ਉਸ ਦੇ ਘਰ ਦਿਆਂ ਨੂੰ ਸੱਦਣ ਤੇ ਉਹਨਾਂ ਨਾਲ ਵਾਪਸ ਤੋਰ ਦੇਣ ਦਾ ਫ਼ੈਸਲਾ ਹੋਇਆ। ਉਸ ਨੂੰ ਕਹਿ ਦਿੱਤਾ ਗਿਆ ਕਿ ਜਿੱਥੇ ਉਹ ਰਹਿੰਦਾ ਹੈ ਓਥੋਂ ਦੀਆਂ ਜਨਤਕ ਜਥੇਬੰਦੀਆਂ ਵਿਚ ਕੰਮ ਕਰੇ। ਭਰਤੀ ਦਾ ਕੋਈ ਸਿਸਟਮ ਅਜਿਹਾ ਨਹੀਂ ਹੈ ਜਿਹੜਾ ਇਸ ਤਰ੍ਹਾਂ ਪਹੁੰਚੇ ਨੌਜਵਾਨਾਂ ਨੂੰ ਲੈ ਲਵੋ। ਇਲਾਕੇ ਦੇ ਬੁਰਜੂਆ ਅਖ਼ਬਾਰਾਂ ਵਿਚ ਮੈਨੂੰ ਉਹ ਖ਼ਬਰਾਂ ਪੜ੍ਹਣ ਦਾ ਮੌਕਾ ਮਿਲਿਆ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਗੁਰੀਲਾ ਸਫ਼ਾ ਅੰਦਰ ਅਨਪੜ੍ਹਾਂ, ਜਾਹਲਾਂ, ਤੇ ਬੇਰੁਜ਼ਗਾਰਾਂ ਨੂੰ ਪੈਸੇ ਦੇ ਕੇ ਭਰਤੀ ਕਰ ਲਿਆ ਜਾਂਦਾ ਹੈ। ਗੁਰੀਲੇ ਅਨਪੜ੍ਹ ਹੋ ਸਕਦੇ ਹਨ, ਕ੍ਰਿਕਟਰਾਂ ਤੇ ਫਿਲਮੀ ਕਲਾਕਾਰਾਂ ਦੇ ਨਾਂਅ ਨਾ ਜਾਨਣ ਵਾਲੇ ਜਾਹਲ ਹੋ ਸਕਦੇ ਹਨ, ਇਸ ਢਾਂਚੇ ਵੱਲੋਂ ਰੱਦ ਕੀਤੇ ਗਏ ਰੋਟੀ ਰੋਜ਼ੀ ਲਈ ਠੋਕਰਾਂ ਖਾਂਦੇ ਬੇਰੁਜ਼ਗਾਰ ਹੋ ਸਕਦੇ ਹਨ, ਪਰ ਭਾੜੇ ਦੇ ਟੱਟੂ ਉਹਨਾਂ ਵਿਚ ਭਰਤੀ ਨਹੀਂ ਕੀਤੇ ਜਾਂਦੇ। ਜਨਤਾ-ਵਿਰੋਧੀਆਂ, ਨਿੱਘਰੇ-ਤੱਤਾਂ, ਕਰੀਅਰਵਾਦੀਆਂ ਵਾਸਤੇ ਉਹਨਾਂ ਦੀਆਂ ਸਫ਼ਾ ਅੰਦਰ ਕੋਈ ਥਾਂ ਨਹੀਂ ਹੈ। ਮਹੀਨੇ ਦੀ ਅੱਧੀ ਟਿੱਕੀ ਨਹਾਉਣ ਵਾਲਾ ਅਤੇ ਅੱਧੀ ਟਿੱਕੀ ਕੱਪੜੇ ਧੋਣ ਵਾਲਾ ਸਾਬਣ, ਵਰਦੀ, ਅਤੇ ਅੱਧ-ਪਚੱਧ ਫ਼ਾਕਿਆਂ ਸਮੇਤ ਖਾਣਾ ਹੀ ਉਹਨਾਂ ਦੀ ਤਨਖ਼ਾਹ ਹੈ, ਜਦਕਿ ਲੋਕਾਂ ਲਈ ਕਰਬਾਨ ਹੋ ਜਾਣ ਦਾ ਜਜ਼ਬਾ ਉਹਨਾਂ ਦੀ ਯੋਗਤਾ ਗਿਣੀ ਜਾਂਦੀ ਹੈ। ਅਨਪੜ੍ਹਾਂ ਨੂੰ ਕਾਇਦੇ ਕਾਪੀਆਂ, ਪੜ੍ਹਿਆ ਲਿਖਿਆਂ ਨੂੰ ਕਿਤਾਬਾਂ, 'ਜਾਹਲਾਂ' ਨੂੰ ਗਿਆਨ, ਬੇਰੁਜ਼ਗਾਰਾਂ ਨੂੰ ਦੁਨੀਆਂ ਬਦਲਣ ਦਾ ਕੰਮ ਅਤੇ ਉੱਚ-ਆਦਰਸ਼ਾਂ ਵਾਲਿਆਂ ਨੂੰ ਲੋਕ-ਸੇਵਾ ਦਾ ਮੌਕਾ, ਇਹੋ ਕੁਝ ਹੈ ਜੋ ਓਥੇ ਕਿਸੇ ਨੂੰ ਹਾਸਲ ਹੁੰਦਾ ਹੈ। ਇਕ ਚੀਜ਼ ਜੋ ਓਥੇ ਹਰ ਕਿਸੇ ਵਿਚ ਸਾਂਝੀ ਹੈ ਉਹ ਹੈ ਆਜ਼ਾਦ ਅਤੇ ਮੁਕਤ ਹੋਏ ਹੋਣ ਦਾ ਅਹਿਸਾਸ ਜਿਸ ਨੂੰ ਬਰਕਰਾਰ ਰੱਖਣ ਵਾਸਤੇ ਉਹ ਜਾਨ ਦੇਣ ਲਈ ਵੀ ਤਿਆਰ ਰਹਿੰਦੇ ਹਨ।
ਜੰਗਲ ਤੋਂ ਬਾਹਰ ਆ ਕੇ ਇਕ ਖ਼ਬਰ ਮੇਰੀਆਂ ਨਜ਼ਰਾਂ ਹੇਠ ਗੁਜ਼ਰੀ ਕਿ ਗੁਰੀਲਿਆਂ ਨੇ ਆਪਣੀ ਇਕ ਬਹੁਤ ਬਿਮਾਰ ਸਾਬਣ ਨੂੰ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤਾ
ਅਤੇ ਆਪ "ਲਾ-ਪਰਵਾਹੀ" ਦਿਖਾਉਂਦੇ ਹੋਏ ਓਥੋਂ ਚਲੇ ਗਏ। ਬਾਦ ਵਿਚ ਉਸ ਗੁਰੀਲਾ ਕੁੜੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪਿੰਡ ਵਾਲਿਆਂ ਨੇ ਜੰਗਲ ਵਿਚ ਦਫ਼ਨਾ ਦਿੱਤਾ। ਇਸ ਖ਼ਬਰ ਨੂੰ ਗੁਰੀਲਿਆਂ ਦੇ ਵਹਿਸ਼ੀਪਨ ਅਤੇ ਪੱਥਰ-ਚਿੱਤ ਹੋਣ ਦੀ ਉਦਾਹਰਣ ਦੇ ਤੌਰ ਉੱਤੇ ਪੇਸ਼ ਕੀਤਾ ਗਿਆ। ਪਰ ਲੱਖਾਂ ਲੋਕਾਂ ਦੀ ਬਿਮਾਰੀ, ਭੁੱਖ-ਮਰੀ, ਗਰੀਬੀ, ਜਹਾਲਤ ਆਦਿ ਜੋ ਮੈਨੂੰ ਜੰਗਲ ਵਿਚ ਦੇਖਣ ਨੂੰ ਮਿਲੇ ਉਹ ਹਕੂਮਤ ਦੇ ਵਹਿਸੀਪਣ ਦਾ ਵਿਆਪਕ ਤੇ ਭੱਦਾ ਚਿੱਤਰ ਸੀ ਜਿਸ ਦਾ ਸਾਨੀ ਸ਼ਹਿਰ ਦੇ ਗਰੀਬਾਂ ਦੀਆਂ ਬਸਤੀਆਂ ਵਿਚ ਰਹਿੰਦੇ ਲੋਕਾਂ ਦੀ ਹਕੀਕਤ ਹੈ। ਅਰਬਾਂ ਦੀ ਦੋਲਤ ਹੜੱਪਣ ਵਾਲੇ ਤੇ ਲੋਕਾਂ ਦੀ ਹੋਣੀ ਨੂੰ ਨਰਕ ਦੇ ਹਵਾਲੇ ਕਰਨ ਵਾਲੇ ਹਾਕਮ ਤੇ ਉਹਨਾਂ ਦੇ ਪੈਰ ਚੱਟਣ ਵਾਲੇ ਕਲਮਕਾਰ ਸਮੁੱਚੇ ਦੇਸ਼ ਦੇ ਲੋਕਾਂ ਪ੍ਰਤੀ ਆਪਣੇ ਵਹਿਸੀ ਤੇ ਸੰਗਦਿਲ ਵਤੀਰੇ ਤੋਂ ਸ਼ਰਮਸਾਰ ਨਹੀਂ ਹੁੰਦੇ। ਉਹ ਇਸ ਵਿਆਪਕ ਜੁਰਮ ਨੂੰ ਉਸ ਕੁੜੀ ਦੀ ਮੌਤ ਉੱਤੇ ਕਰੇ ਮਗਰਮੱਛੀ ਹੰਝੂਆਂ ਪਿੱਛੇ ਛੁਪਾ ਦੇਣਾ ਚਾਹੁੰਦੇ ਸਨ ਜਿਸ ਦੇ ਸਾਥੀ ਆਪਣੀਆਂ ਕਿੱਟਾਂ ਵਿਚ ਦਵਾਈਆਂ ਚੁੱਕੀ ਫਿਰਦੇ ਹਨ ਅਤੇ ਉਹਨਾਂ ਲੋਕਾਂ ਲਈ ਇਲਾਜ ਦਾ ਪ੍ਰਬੰਧ ਕਰ ਰਹੇ ਹਨ ਜਿਹਨਾਂ ਤੱਕ ਹਕੂਮਤ ਵੱਲੋਂ ਕਦੇ ਵੀ ਸਿਹਤ ਸਹੂਲਤ ਨਹੀਂ ਪਹੁੰਚਾਈ ਗਈ। ਮਲੇਰੀਆ, ਕੈਂਸਰ, ਅੱਗ ਅਤੇ ਭੁੱਖ ਤੋਂ ਮਰਨ ਵਾਲੇ ਹਜ਼ਾਰਾਂ ਕਬਾਇਲੀ ਅਤੇ ਭਾਰਤ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਰਹਿਣ ਵਾਲੇ ਗਰੀਬ- ਗੁਰਬੇ ਕਿਸ ਦੇ ਮੁਜਰਮਾਨਾ ਵਤੀਰੇ ਦੇ ਸ਼ਿਕਾਰ ਹਨ, ਇਹ ਕਿਸੇ ਟਿੱਪਣੀ ਦਾ ਮੁਥਾਜ ਨਹੀਂ। ਗੁਰੀਲੇ ਤਾਂ ਅੱਜ ਓਥੇ ਪੈਦਾ ਹੋਏ ਹਨ ਪਰ ਦੇਸ਼ ਨੂੰ "ਕਿਸਮਤ ਨਾਲ ਪੰਜਾ ਲੜਾਉਣ" ਦਾ ਦਾਅਵਾ ਤੇ ਵਾਅਦਾ ਕਰਨ ਵਾਲੇ 55 ਸਾਲਾਂ ਤੋਂ ਹੀ ਸ਼ੈਤਾਨੀ ਹਾਸਾ ਹੱਸਦੇ ਤੁਰੇ ਆ ਰਹੇ ਹਨ।
ਅੱਗ ਨਾਲ ਝੁਲਸ ਕੇ ਮਰੀ ਮਾਸੇ ਮਹਿਜ਼ ਨਾਮ ਨਹੀਂ ਹੈ, ਉਹ ਇਸ ਦੇਸ਼ ਦੀ ਜ਼ਿੰਦਗੀ ਦੀ ਇਕ ਨੁਮਾਇੰਦਾ ਤਸਵੀਰ ਹੈ। ਜੰਗਲ ਵਿਚ ਗੁਰੀਲਿਆਂ ਵਾਸਤੇ ਵੀ ਮਾਸੇ ਮਹਿਜ਼ ਇੱਕ ਨਾਮ ਨਹੀਂ ਹੋ ਸਗੋਂ ਇਕ ਖੂਬਸੂਰਤ ਸੁਪਨੇ, ਇਕ ਆਦਰਸ਼ ਦਾ ਭਿਆਨਕ ਪ੍ਰੇਰਨਾ ਸਰੋਤ ਹੈ ਜਿਹੜਾ ਉਹਨਾਂ ਦੀ ਲਗਨ ਤੇ ਇਰਾਦੇ ਨੂੰ ਜ਼ਰਬਾਂ ਦੇਂਦਾ ਹੈ। ਯਕੀਨਨ ਹੀ ਮਾਸੇ ਤੇ ਉਸ ਵਰਗੀਆਂ ਕਰੋੜਾਂ ਜਿੰਦਾਂ ਉਬਲਦੇ ਹੋਏ ਗੁੱਸੇ, ਜੋਸ਼ ਅਤੇ ਜਜ਼ਬਿਆਂ ਦਾ ਇਕ ਸੋਮਾ ਹਨ। ਮਾਸੇ ਦੇ ਜਿਸਮ ਉੱਤੇ ਫੈਲੀ ਅਤੇ ਦਮ ਤੋੜ ਗਈ ਗੁਰੀਲਾ ਕੁੜੀ ਦੇ ਸੀਨੇ ਵਿਚ ਦਫ਼ਨ ਹੋਈ ਅੱਗ, ਦੋਵੇਂ ਹੀ ਇੱਕ ਤਾਂਡਵ ਦੇ ਦੇ ਰੂਪ ਹਨ। ਇਹੀ ਅੱਗ ਓਥੇ ਗੁਗੋਲਿਆਂ ਦੇ ਸੀਨੇ ਅੰਦਰ ਮੌਜੂਦ ਹੈ। ਦੋ ਸੌ ਕਿਲੋਮੀਟਰ ਚੱਲ ਕੇ ਪਹੁੰਚਿਆ ਉਹ ਨੌਜਵਾਨ ਵੀ ਉਸੇ ਸੁਲਗਦੀ ਹੋਈ ਅੱਗ ਨੂੰ ਰਸਤਾ ਦੇਣ ਆਇਆ ਸੀ। ਉਹ ਪਹਿਲਾ ਅਜਿਹਾ ਨੌਜਵਾਨ ਨਹੀਂ ਸੀ, ਅਤੇ ਆਖ਼ਰੀ ਕਤੱਈ ਨਹੀਂ ਹੈ।
ਉਸ ਰਾਤ ਅਸੀਂ ਵਾਪਸ ਪਹਾੜ ਦੇ ਪੈਰਾਂ ਵਿਚ ਚਲੇ ਗਏ ਸਾਂ। ਪਹਾੜ ਦੇ ਪਰਲੇ ਪਾਰ ਅਲੱਗ ਹੋਈ ਸੱਤ ਮੈਂਬਰਾਂ ਦੀ ਟੀਮ ਵੀ ਸਾਨੂੰ ਓਥੇ ਆ ਮਿਲੀ। ਏਥੇ ਜੰਗਲ ਸੰਘਣਾ ਅਤੇ ਵਿਸ਼ਾਲ ਸੀ। ਰੁੱਖਾਂ ਦੀਆਂ ਟੀਸੀਆਂ ਆਸਮਾਨ ਛੂੰਹਦੀਆਂ ਪ੍ਰਤੀਤ ਹੁੰਦੀਆਂ ਸਨ। ਰਾਤਾਂ ਦੀ ਠੰਡ ਕਾਰਨ ਕਈਆਂ ਦੇ ਗਲੇ ਜਕੜੇ ਜਾ ਰਹੇ ਸਨ। ਕੋਈ ਮਲੇਰੀਏ ਤੋਂ ਉੱਠਦਾ ਤਾਂ ਖੰਘ ਤੇ ਵਾਇਰਲ ਬੁਖ਼ਾਰ ਨਾਲ ਘੇਰਿਆ ਜਾਂਦਾ। ਹਰ ਕਿਸੇ ਨੂੰ ਸੰਘਣੇ
ਦਰੱਖ਼ਤਾਂ ਹੇਠ ਸੌਣ ਦੀ ਹਦਾਇਤ ਹੋਈ ਤਾਂ ਕਿ ਤਰੇਲ ਤੋਂ ਬਚਿਆ ਜਾ ਸਕੇ। ਸਵੇਰੇ ਹਰ ਕਿਸੇ ਦੇ ਹੱਥ ਵਿਚ ਕੋਸੇ ਪਾਣੀ ਦਾ ਗਿਲਾਸ ਹੁੰਦਾ ਤੇ ਉਹ ਗਰਾਰੇ ਕਰ ਰਿਹਾ ਹੁੰਦਾ। ਤਕਰੀਬਨ ਤੀਸਰਾ ਹਿੱਸਾ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਰਹਿੰਦਾ। ਹਰ ਰੋਜ਼ ਦੇ ਤਿੰਨ ਜਣਿਆਂ ਦੀ ਕਿੱਟ ਦੂਸਰਿਆਂ ਨੇ ਉਠਾਈ ਹੁੰਦੀ। ਦਿਨੇ ਹਰ ਕੋਈ ਪਸੀਨੇ ਨਾਲ ਤਰ-ਬ-ਤਰ ਹੁੰਦਾ ਅਤੇ ਰਾਤ ਨੂੰ ਅੱਗ ਸੇਕਣੀ ਚਾਹੁੰਦਾ। ਪਰ ਅੱਗ ਦੀ ਸਹੂਲਤ ਹਰ ਥਾਂ ਨਹੀਂ ਸੀ ਮਾਣੀ ਜਾ ਸਕਦੀ। ਸੋ ਦਿਨੇ ਪਸੀਨਾ ਰਾਤ ਨੂੰ ਠੰਡ ਤੇ ਤੇਲ। ਠੰਡ ਤੇ ਗਰਮੀ ਨੇ ਸਿਰਫ਼ ਉਹਨਾਂ ਨੂੰ ਹੀ ਬਖ਼ਸ਼ਿਆ ਸੀ ਜਿਹਨਾਂ ਦੇ ਜੁੱਸੇ ਬਹੁਤ ਮਜ਼ਬੂਤ ਸਨ। ਪਰ ਮਜ਼ਬੂਤ ਜੁੱਸਿਆਂ ਵਾਲਿਆਂ ਵਿਚੋਂ ਵੀ ਕੁਝ ਚਮੜੀ ਰੋਗਾਂ ਦੇ ਲੰਬੇ ਮਰੀਜ਼ ਸਨ। ਰੂੰ ਦੀਆਂ ਬਣੀਆਂ ਵਰਦੀਆਂ ਵਾਲੇ ਮੁਕਾਬਲਤਨ ਸੌਖੇ ਸਨ ਜਦ ਕਿ ਸਿਥੇਟਿਕ ਵਰਦੀਆਂ ਵਾਲੇ ਬੁਰੇ ਹਾਲੀ ਸਨ। ਫਿਰ ਵੀ ਉਹ ਕਹਿੰਦੇ ਸਨ ਕਿ ਸਿਥੇਟਿਕ ਵਰਦੀ ਚੰਗੀ ਹੈ ਕਿਉਂਕਿ ਜਲਦੀ ਸੁੱਕਦੀ ਹੈ। ਹਰ ਕਿਸੇ ਕੋਲ ਵਰਦੀ ਦਾ ਇਕ ਹੀ ਜੋੜਾ ਸੀ। ਉਸੇ ਨੂੰ ਧੋਤਾ, ਸੁਕਾਇਆ ਤੇ ਪਾਇਆ। ਕਦੇ ਤੇਜ਼ੀ ਹੋਈ ਤਾਂ ਗਿੱਲੇ ਹੀ ਪਹਿਨ ਲਏ ਅਤੇ ਤੁਰਦੇ ਹੋਏ ਸੁੱਕਣ ਦਿੱਤੇ। ਪਸੀਨੇ ਤੇ ਸਿੱਲ੍ਹ ਨੇ ਮਿਲਕੇ ਚਮੜੀ ਦਾ ਬੁਰਾ ਹਾਲ ਕੀਤਾ ਪਿਆ ਸੀ। ਇਕ ਜਣਾ ਤਾਂ ਛੇ ਮਹੀਨੇ ਤੋਂ ਟਿਊਬ ਤੇ ਟਿਊਬ ਖਾਲੀ ਕਰਦਾ ਜਾ ਰਿਹਾ ਸੀ ਪਰ ਜ਼ਖ਼ਮ ਸਨ ਕਿ ਹਟਣ ਦਾ ਨਾਂਅ ਨਹੀਂ ਸਨ ਲੈ ਰਹੇ।
ਬਿਮਾਰੀਆਂ ਗੁਰੀਲਾ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ ਉਸੇ ਤਰ੍ਹਾਂ ਜਿਵੇਂ ਇਹ ਆਮ ਵਿਅਕਤੀ ਦੀ ਜ਼ਿੰਦਗੀ ਦਾ ਹਨ। ਸ਼ਹਿਰਾਂ ਵਿਚ ਹਸਪਤਾਲਾਂ ਅਤੇ ਡਾਕਟਰਾਂ ਦੀ ਭਰਮਾਰ ਹੁੰਦੇ ਹੋਏ ਵੀ ਆਮ ਆਦਮੀ ਇਲਾਜ ਨਹੀਂ ਕਰਵਾ ਪਾਉਂਦਾ। ਬਿਨਾ ਸ਼ੱਕ, ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਜੰਗਲ ਦੇ ਵਸਨੀਕਾਂ ਵਿਚ ਮੌਜੂਦ ਨਹੀਂ ਹਨ, ਭਾਵੇਂ ਕਿ ਕੁੱਲ ਮਿਲਾ ਕੇ ਹਾਲਤ ਵਿਚ ਜ਼ਿਆਦਾ ਫ਼ਰਕ ਨਹੀਂ ਹੈ। ਪੈਸੇ ਦੀ ਥੁੜੋਂ ਡਾਕਟਰ ਤੇ ਮਰੀਜ਼ ਦਰਮਿਆਨ ਹਰ ਥਾਂ ਹੀ ਮੌਤ ਦੀ ਕੰਧ ਬਣ ਕੇ ਖੜ੍ਹੀ ਹੋ ਜਾਂਦੀ ਹੈ।
ਪਰ ਬਸਤਰ ਦਾ ਗੁਰੀਲਾ ਫ਼ਾਈਟਰ ਵੀ ਹੈ ਤੇ ਡਾਕਟਰ ਵੀ। ਵੱਡੀਆਂ ਬਿਮਾਰੀਆਂ ਨਾ ਸਹੀ ਪਰ ਫਿਰ ਵੀ ਕੰਨੇਨਾ ਬਾਰਾਂ ਦਾ ਇਲਾਜ ਕਰ ਸਕਦਾ ਹੈ, ਬਸੰਤੀ ਦਸਾਂ ਦਾ ਕਰ ਸਕਦੀ ਹੈ। ਗੁਰੀਲਿਆਂ ਦੀ ਲੋਕਾਂ ਨਾਲ ਗੂੜ੍ਹੀ ਸਾਂਝ ਦਾ ਇਕ ਮਹੱਤਵਪੂਰਨ ਕਾਰਨ ਇਲਾਜ ਦੀ ਗੁਰੀਲਾ-ਦਸਤਾ ਵਿਵਸਥਾ ਹੈ ਜਿਹੜੀ ਲੁੱਟ-ਖਸੁੱਟ ਅਤੇ ਹਕੂਮਤੀ ਜਬਰ ਦੇ ਵਿਰੋਧ ਤੋਂ ਬਾਦ ਦੂਸਰੇ ਨੰਬਰ ਉੱਤੇ ਆਉਂਦੀ ਹੈ।
ਰਾਤ ਨੂੰ ਮੈਨੂੰ ਕਿਹਾ ਗਿਆ ਕਿ ਮੈਂ ਸਭ ਨੂੰ ਗੌਂਡ ਬੋਲੀ ਅਤੇ ਦੇਵ ਨਾਗਰੀ ਵਿਚ ਛਪਿਆ ਸਿਆਸੀ ਮੈਗਜ਼ੀਨ "ਵਿਯੁੱਕਾ" ਪੜ੍ਹ ਕੇ ਸੁਣਾਵਾਂ। ਬੜੀ ਮੁਸੀਬਤ ਬਣੀ। ਦੇਵਨਾਗਰੀ ਤਾਂ ਮੈਂ ਪੜ੍ਹਦਾ ਰਿਹਾ ਪਰ ਗੋਂਡ ਭਾਸ਼ਾ ਦਾ ਕੋਈ ਵੀ ਵਾਕ ਮੇਰੇ ਪੱਲੇ ਨਾ ਪਿਆ। ਮਹਿਸੂਸ ਹੋਇਆ ਕਿ ਮੈਂ ਉਚਾਰਣ ਦਾ ਵੀ ਨਾਸ ਮਾਰ ਰਿਹਾ ਹੋਵਾਂਗਾ। ਬਿਨਾ ਕੁਝ ਸਮਝੋ ਪੜ੍ਹਦੇ ਜਾਣਾ ਐਨਾ ਬੋਝਲ ਤੇ ਅਕਾਅ ਦੇਣ ਵਾਲਾ ਸੀ ਕਿ ਮੈਂ ਮੈਗਜ਼ੀਨ ਰੱਖ ਦਿੱਤਾ। ਇਹ ਬਿਲਕੁਲ ਓਵੇਂ ਸੀ ਜਿਵੇਂ ਚੀਨੀ ਇਬਾਰਤ ਨੂੰ ਦੇਵ ਨਾਗਰੀ ਵਿਚ ਲਿਖਿਆ ਗਿਆ ਹੋਵੇ। ਬਸੰਤੀ ਸੌ ਚੁੱਕੀ ਸੀ, ਸਿੰਘਨਾ ਸੰਤਰੀ ਡਿਉਟੀ ਉੱਤੇ ਸੀ ਪਰ ਜਯਾ ਜਿਹੜੀ ਤੇਲਗੂ ਦੇ ਨਾਲ ਨਾਲ ਗੱਡੀ ਤੇ ਹਿੰਦੀ ਵੀ ਜਾਣਦੀ ਸੀ, ਖੁਸ਼ ਹੋਈ ਕਿ
ਵਿਯੁੱਕਾ ਸਹੀ ਤਰੀਕੇ ਨਾਲ ਪੜ੍ਹਿਆ ਜਾ ਰਿਹਾ ਹੈ। ਆਖ਼ਰ ਮੈਨੂੰ ਪੜ੍ਹਣਾ ਹੀ ਪਿਆ।
ਲੇਖ ਮੱਕਣ ਉੱਤੇ ਜਯਾ ਨੇ ਕਿਹਾ, "ਸਾਡਾ ਕਈ ਦਿਨ ਦਾ ਕੰਮ ਦੇ ਘੰਟੇ ਵਿਚ ਹੀ ਨਿੱਬੜ ਗਿਆ। ਤੁਸੀਂ ਗੌਂਡ ਬੋਲੀ ਦੇ ਮਾਹਰ ਹੋ ਗਏ।"
"ਇੱਲਾ। ਤੁਸੀਂ ਮੈਨੂੰ ਕੰਪਿਊਟਿਰ ਬਣਾ ਦਿੱਤੇ ਜਾਂ ਟੇਪ-ਰਿਕਾਰਡ। ਜੇ ਕੋਈ ਕਹੇ ਕਿ ਉਸ ਨੂੰ ਸਮਝ ਨਹੀਂ ਆਈ ਤਾਂ ਮੈਂ ਦੁਬਾਰਾ ਕੇਸਟ ਚਲਾ ਦੇਣ ਤੋਂ ਵੱਧ ਕੁਝ ਨਹੀਂ ਕਰ ਸਕਦਾ। ਕੁਰਾਨ ਦੀਆਂ ਅਰਬੀ ਆਇਤਾਂ ਜੋ ਪੰਜਾਬੀ ਵਿਚ ਜਾਂ ਤੇਲਗੁ ਵਿਚ ਲਿਖ ਦਿੱਤੀਆਂ ਜਾਣ ਤਾਂ ਅਰਬੀ ਨਾ ਜਾਨਣ ਵਾਲੇ ਨੂੰ ਖ਼ਾਕ ਹੀ ਸਮਝ ਪਵੇਗੀ। ਅਰਬੀ ਜਾਨਣ ਵਾਲਾ ਸਰੋਤਾ ਵਾਹ-ਵਾਹ ਕਰੇਗਾ ਪਰ ਪੜ੍ਹਣ ਵਾਲਾ ਘੁੰਮਣਘੇਰੀ 'ਚ ਵਸਿਆ ਗੋਤੇ ਖਾਂਦਾ ਰਹੇਗਾ।"
ਮੈਨੂੰ ਰਸੂਲ ਹਮਜ਼ਾਤੋਵ ਚੇਤੇ ਆ ਗਿਆ ਕਿ ਕਿਸੇ ਭਾਸ਼ਾ ਨਾਲ ਬਲਾਤਕਾਰ ਕਿਵੇਂ ਹੁੰਦਾ ਹੈ। ਮੈਂ ਖ਼ੁਦ ਨੂੰ ਕਟਹਿਰੇ ਵਿਚ ਖੜ੍ਹਾ ਦੇਖਿਆ।
ਅਗਲੇ ਦਿਨ।
"ਤੁਸੀਂ ਗੱਡ ਬੋਲੀ ਜਲਦੀ ਸਿੱਖ ਸਕਦੇ ਹੋ," ਜਯਾ ਨੇ ਕਿਹਾ।
"ਪਹਿਲਾਂ ਸੋਚਦਾ ਸਾਂ ਕਿ ਸਿੱਖ ਸਕਦਾ ਹਾਂ ਪਰ ਰਾਤ ਜੋ ਕੁਝ ਮੇਰੇ ਨਾਲ ਬੀਤਿਆ ਹੈ ਉਸ ਨੇ ਮੇਰੀ ਤੋਬਾ ਕਰਵਾ ਦਿੱਤੀ ਹੈ, ਸਾਰੀ ਹਿੰਮਤ ਨੇ ਜਵਾਬ ਦੇ ਦਿੱਤੇ।"
ਜਯਾ, ਜਿਹੜੀ ਅਕਸਰ ਚੁੱਪ ਦਿਖਾਈ ਦਿੰਦੀ ਸੀ, ਨੂੰ ਮੈਂ ਦੇਖਿਆ ਕਿ ਖੁੱਲ੍ਹ ਕੇ ਗੱਲਾਂ ਕਰ ਸਕਦੀ ਹੈ। ਕਰੀਮ ਨਗਰ ਦੀਆਂ ਕੁੜੀਆਂ 'ਚੋਂ ਇਕ ਹੋਰ ਪਾਤਰ ਉਠਾਉਣ ਵਾਸਤੇ ਮੈਂ ਗੱਲਬਾਤ ਨੂੰ ਦੂਸਰੇ ਰੁਖ਼ ਮੋੜਿਆ। ਸ਼ਾਇਦ ਕਰੀਮ ਨਗਰ ਦੀਆਂ ਕੁੜੀਆਂ ਵਿਚ ਕੋਈ ਜਯਾ ਜਿਹੀ ਵੀ ਹੋਵੇ।
"ਜੇ ਤੇਰੇ ਕੋਲ ਸਮਾਂ ਹੋ ਤਾਂ ਮੈਂ ਕੁਝ ਗੱਲਾਂ ਕਰਨੀਆਂ ਚਾਹਵਾਂਗਾ।"
"ਇੰਟਰਵਿਊ?"
"ਨਹੀਂ ਇੰਟਰਵਿਊ ਨਹੀਂ। ਇੰਟਰਵਿਊ ਬਹੁਤ ਰਸਮੀ ਹੋ ਜਾਂਦੀ ਹੈ। ਵੈਸੇ ਵੀ ਮੈਂ ਏਥੇ ਇੰਟਰਵਿਊਆਂ ਵਾਸਤੇ ਨਹੀਂ ਆਇਆ। ਮੈਂ ਉਹ ਕੁਝ ਜਾਨਣਾ ਚਾਹਾਂਗਾ ਜੋ ਅਕਸਰ ਮਨ ਵਿਚ ਰੱਖਿਆ ਜਾਂਦਾ ਹੈ। ਇੰਟਰਵਿਊ ਵਿਚ ਸਾਰੇ ਜਵਾਬ ਤਕਰੀਬਨ ਇਕੋ ਜਿਹੇ ਹੁੰਦੇ ਹਨ। ਮਸਲਨ ਮੈਨੂੰ ਲੋਕਾਂ ਨਾਲ ਪਿਆਰ ਹੈ, ਮੈਂ ਜੰਗ ਲੜਣੀ ਹੈ, ਮੈਂ ਕੁਰਬਾਨ ਹੋ ਜਾਣਾ ਪਸੰਦ ਕਰਦਾ ਹਾਂ, ਵਗ਼ੈਰਾ, ਵਗ਼ੈਰਾ। ਹਰ ਕੋਈ ਘੜੇ ਘੜਾਏ ਜਵਾਬ ਦੇਂਦਾ ਹੈ। ਮੈਨੂੰ ਹਟਵੇਂ ਜਵਾਬ ਚਾਹੀਦੇ ਹਨ ਜਿਹੜੇ ਸਿੱਧੇ ਦਿਲ 'ਚੋਂ ਨਿਕਲਣ।"
"ਅਸੀਂ ਦੁਪਹਿਰ ਬਾਦ ਬੈਠ ਸਕਦੇ ਹਾਂ," ਉਸ ਨੇ ਕਿਹਾ।
"ਬਹੁਤ ਅੱਛਾ।"
ਦੁਪਹਿਰ ਤੋਂ ਪਿੱਛੋਂ ਉਹ ਮੇਰੀ ਝਿੱਲੀ ਉੱਤੇ ਆ ਕੇ ਬੈਠ ਗਈ। ਆਪਣੀ ਸ਼ਾਟ ਗੱਨ ਨੂੰ ਉਸ ਨੇ ਗੋਡਿਆਂ ਉੱਤੇ ਰੱਖਿਆ ਤੇ ਮੇਰੇ ਸਵਾਲ ਉਡੀਕਣ ਲੱਗੀ।
"ਕਰੀਮ ਨਗਰ ਦੀਆਂ ਕੁੜੀਆਂ ਬਾਰੇ ਤੈਨੂੰ ਕੋਈ ਜਾਣਕਾਰੀ ਹੈ?"
"ਨਹੀਂ।"
"ਘਟਨਾ ਦਾ ਪਤਾ ਹੈ?"
"ਜ਼ਿਆਦਾ ਨਹੀਂ। ਬਸ ਏਨਾ ਕਿ ਪੁਲਿਸ ਨੇ ਉਹਨਾਂ ਨੂੰ ਫੜ੍ਹ ਕੇ ਤਸ਼ੱਦਦ ਕੀਤਾ
ਅਤੇ ਮਾਰ ਦਿੱਤਾ।"
"ਰਿਪੋਰਟ ਨਹੀਂ ਹੋਈ?"
"ਐਨੀ ਕੁ ਹੀ ਹੋਈ ਸੀ।"
"ਜੇ ਤੂੰ ਉਹਨਾਂ ਵਿਚ ਹੁੰਦੀ ਤਾਂ?"
ਮੇਰਾ ਸਵਾਲ ਸੁਣ ਕੇ ਉਸ ਨੇ ਖਾਲੀ ਖਾਲੀ ਅੱਖਾਂ ਨਾਲ ਮੇਰੇ ਵੱਲ ਦੇਖਿਆ। ਮੈਂ ਸਵਾਲ ਦੁਹਰਾਅ ਦਿੱਤਾ। ਸ਼ਾਇਦ ਸਵਾਲ ਨਹੀਂ ਸੀ ਸਮਝੀ ਜਾਂ ਇਹ ਐਨਾ ਅਜੀਬ ਤੇ ਬੇ-ਥਵਾ ਲੱਗਾ ਹੋਵੇਗਾ ਕਿ ਮੇਰੇ ਵੱਲ ਚੁੱਪ ਚਾਪ ਦੇਖਣ ਤੋਂ ਸਿਵਾ ਉਸਨੂੰ ਹੋਰ ਕੁੱਝ ਸੁੱਝਾ ਹੀ ਨਹੀਂ।
ਮੈਂ ਸਵਾਲ ਦੁਹਰਾਅ ਦਿੱਤਾ।
"ਮੈਨੂੰ ਪਤਾ ਨਹੀਂ ਇਸ ਦਾ ਕੀ ਜਵਾਬ ਹੋ ਸਕਦੇ," ਉਸ ਨੇ ਕਿਹਾ।
ਮੈਂ ਵਿਸ਼ਾ ਬਦਲਿਆ।
"ਕੱਲ੍ਹ ਤੂੰ ਇਕ ਪੁਰਾਣਾ ਗੀਤ ਗੁਣਗੁਣਾ ਰਹੀ ਸੀ, ਰੁਮਾਂਟਿਕ।"
"ਚੰਗੇ ਲੱਗਦੇ ਹਨ।"
"ਅਜੇ ਵੀ?"
"ਭਾਵਨਾਵਾਂ ਨਹੀਂ ਮਰਦੀਆਂ," ਕਹਿੰਦਿਆਂ ਉਹ ਹਲਕਾ ਜਿਹਾ ਮੁਸਕਰਾਈ।
"ਥੋੜ੍ਹਾ ਜੰਗਲ ਤੋਂ ਪਿਛਾਂਹ ਮੁੜਦੇ ਹਾਂ। ਘਰ ਵਿਚ ਕੌਣ ਕੌਣ ਹੈ?"
"ਮਾਂ"
ਮਾਂ ਕਹਿ ਕੇ ਉਹ ਚੁੱਪ ਕਰ ਗਈ ਤੇ ਦੂਰ ਜੰਗਲ ਨੂੰ ਘੁਰਨ ਲੱਗੀ।
"ਬਾਬਾ?"
ਉਹ ਚੁੱਪ ਰਹੀ। ਫਿਰ ਉਸ ਦੇ ਬੁੱਲ੍ਹ ਫ਼ਰਕਣ ਲੱਗੇ ਤੇ ਹੱਥ ਕੰਬਣ ਲੱਗਾ। ਇਕ ਲੰਬਾ ਮਿੰਟ ਜਦ ਉਸ ਦੀ ਇਹੀ ਹਾਲਤ ਰਹੀ ਤਾਂ ਮੈਂ ਉਸ ਦਾ ਧਿਆਨ ਪਾਸੇ ਹਟਾਉਣ ਦੀ ਕੋਸ਼ਿਸ਼ ਕੀਤੀ।
"ਸ਼ਾਇਦ ਮੈਂ ਗਲਤ ਸਵਾਲ ਕਰ ਦਿੱਤਾ ਹੈ। ਮੈਂ ਕਿਸੇ ਦੁੱਖ ਨੂੰ ਨਹੀਂ ਸੀ ਕੁਰੇਦਣਾ ਚਾਹਿਆ। ਉਸ ਸਵਾਲ ਨੂੰ ਭੁਲਾ ਦੇ।"
"ਨਹੀਂ, ਸਵਾਲ ਗਲਤ ਨਹੀਂ ਹੈ," ਉਸ ਨੇ ਫਰਕਦੇ ਬੁੱਲ੍ਹਾਂ ਤੇ ਕੰਬਦੇ ਹੱਥਾਂ ਨਾਲ ਜਵਾਬ ਦਿੱਤਾ। ਆਪਣੀ ਸ਼ਾਟ ਗੱਨ ਨੂੰ ਘੁੱਟ ਕੇ ਫੜ੍ਹਦਿਆਂ ਉਸ ਨੇ ਹੱਥਾਂ ਦੀ ਕੰਬਾਹਟ ਰੋਕਣੀ ਚਾਹੀ ਪਰ ਇਹ ਉਸ ਦੀਆਂ ਨਾੜਾਂ ਤੱਕ ਫੈਲ ਗਈ।
"ਮੈਂ ਬਾਪ ਨੂੰ ਨਫ਼ਰਤ ਕਰਦੀ ਆਂ," ਉਸ ਨੇ ਫਿਰ ਬੋਲਣਾ ਸ਼ੁਰੂ ਕੀਤਾ, "ਪਿੱਤਰਸੱਤਾ ਨੂੰ ਨਫ਼ਰਤ ਕਰਦੀ ਆਂ। ਮੈਂ ਇਸੇ ਲਈ ਜੰਗਲ ਵਿਚ ਹਾਂ ਕਿਉਂਕਿ ਪਿੱਤਰਸੱਤਾ ਮੇਰੀ ਦੁਸ਼ਮਣ ਹੈ। ਇਸ ਕਰੂਰਤਾ ਨੂੰ ਮੇਰੀ ਮਾਂ ਨੇ ਝੱਲਿਐ, ਮੈਂ ਝੱਲਿਐ, ਮੇਰੀ ਭਾਬੀ ਨੇ ਝੱਲਿਆ। ਜਦ ਤੱਕ ਪਿੱਤਰਸੱਤਾ ਰਹੇਗੀ ਮੈਂ ਇਸ ਵਿਰੁੱਧ ਲੜਦੀ ਰਹਾਂਗੀ।"
ਬੋਲਦਿਆਂ ਹੋਇਆਂ ਉਸ ਦੇ ਬੁੱਲ੍ਹ ਫ਼ਰਕਦੇ ਰਹੇ ਅਤੇ ਹੱਥ ਸ਼ਾਟ ਗੱਨ ਨੂੰ ਦਬਾਉਂਦੇ ਗਏ।
ਜਯਾ ਨੂੰ ਜਵਾਬ ਦਿੰਦਿਆਂ ਡੂੰਘੀ ਤਕਲੀਫ਼ ਵਿਚੋਂ ਗੁਜ਼ਰਨਾ ਪੈ ਰਿਹਾ ਸੀ। ਮਾਹੌਲ ਬੋਝਲ ਹੋ ਗਿਆ ਸੀ। ਇਸ ਗੱਲ ਦੇ ਬਾਵਜੂਦ ਕਿ ਉਹ ਮੇਰੇ ਸਵਾਲ ਦਾ ਜਵਾਬ ਦੇ ਚੁੱਕੀ ਸੀ ਮੈਂ ਪਹਿਲਾਂ ਵਾਲਾ ਸਵਾਲ ਹੀ ਇਕ ਹੋਰ ਤਰੀਕੇ ਨਾਲ ਦੁਹਰਾਉਣਾ ਚਾਹਿਆ।
"ਇਕ ਆਖ਼ਰੀ ਸਵਾਲ। ਪਹਿਲਾਂ ਵਾਲਾ ਹੀ।"
ਉਸ ਨੇ ਅੱਖਾਂ ਉਤਾਂਹ ਚੁੱਕੀਆਂ।
"ਜੇ ਤੂੰ ਉਹਨਾਂ ਸੱਤਾਂ ਕੁੜੀਆਂ ਵਿਚੋਂ ਇਕ ਹੁੰਦੀ ਤਾਂ ਤੂੰ ਕੀ ਚਾਹੁੰਦੀ ਕਿ ਤੇਰੇ ਸਾਥੀ ਤੈਨੂੰ ਕਿਵੇਂ ਯਾਦ ਕਰਨ?" ਸਵਾਲ ਦਾ ਸਰਲੀਕਰਨ ਭਿਆਨਕ ਸੀ। ਇਹ ਉਸ ਨੂੰ ਮੌਤ ਤੋਂ ਪਾਰ ਖੜ੍ਹਾ ਹੋ ਕੇ ਪਿਛਾਂਹ ਵੱਲ ਝਾਤੀ ਪਵਾਉਂਦਾ ਸੀ। ਪਰ ਮੌਤ ਨਾਲ ਮੱਥਾ ਲਾਉਣ ਵਾਲੇ ਕਿਸੇ ਵਿਅਕਤੀ ਨੂੰ ਇਹ ਭਿਆਨਕਤਾ ਹਸਾ ਵੀ ਸਕਦੀ ਹੈ। ਉਸ ਦੇ ਬੁੱਲ੍ਹ ਫ਼ਰਕਣੋਂ ਹਟ ਗਏ। ਸ਼ਾਟ ਗੱਨ ਨੂੰ ਉਸ ਨੇ ਜ਼ਮੀਨ ਉੱਤੇ ਟਿਕਾਇਆ ਅਤੇ ਕਾਪੀ ਪੈਂਸਿਲ ਵਾਸਤੇ ਹੱਥ ਵਧਾ ਦਿੱਤਾ।
ਕਾਪੀ ਉੱਤੇ ਉਸ ਨੇ ਤੇਲਗੂ ਵਿਚ ਕੁਝ ਲਾਈਨਾਂ ਲਿਖੀਆਂ ਤੇ ਹਿੰਦੀ ਵਿਚ ਅਰਥ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਅਰਥਾਂ ਨੂੰ ਮੈਂ ਹੇਠ ਲਿਖੀ ਇਬਾਰਤ 'ਚ ਸਮੇਟ ਦਿੱਤਾ ਜਿਸ ਉੱਤੇ ਉਸਨੇ 'ਸਹੀ ਹੈ' ਦੀ ਮੋਹਰ ਲਗਾ ਦਿਤੀ
"ਇੱਥੇ ਉਹ ਕੁੜੀ ਦਫ਼ਨ ਹੈ ਜਿਹੜੀ ਪਿੱਤਰਸੱਤਾ ਨੂੰ ਹਮੇਸ਼ਾਂ ਵਾਸਤੇ ਖ਼ਤਮ ਹੋਇਆ ਦੇਖਣਾ ਚਾਹੁੰਦੀ ਸੀ। ਉਹ ਪੋਲੇਤਾਰੀ ਇਨਕਲਾਬ ਵਿਚ ਇਸੇ ਕਾਰਨ ਸ਼ਾਮਲ ਹੋਈ ਕਿਉਂਕਿ ਇਹ ਹੀ ਪਿੱਤਰਸੱਤਾ ਨੂੰ ਖ਼ਤਮ ਕਰਨ ਦਾ ਕਾਰਗਰ ਸਾਧਨ ਹੋ ਸਕਦਾ ਹੈ।"
ਇਸ ਤੋਂ ਬਾਦ ਮੇਰੇ ਕੋਲ ਪੁੱਛਣ ਨੂੰ ਕੁਝ ਵੀ ਨਹੀਂ ਸੀ ਰਹਿ ਗਿਆ। ਮੈਂ ਇਕ ਇਨਸਾਨ ਤੋਂ ਉਸ ਦੇ ਖ਼ੁਦ ਬਾਰੇ ਅੰਤਮ ਸ਼ਬਦ ਲੈ ਚੁੱਕਾ ਸਾਂ। ਉਹ ਵੀ ਹੋਰ ਕੁਝ ਨਹੀਂ ਬੋਲੀ। ਕੁਝ ਮਿੰਟ ਰੁਕੇ ਰਹਿਣ ਤੋਂ ਬਾਦ ਉਸ ਨੇ ਸ਼ਾਟ ਗੱਨ ਉਠਾਈ, ਅਲਵਿਦਾ ਕਹੀ ਅਤੇ ਸੰਤਰੀ ਪੋਸਟ ਵੱਲ ਨੂੰ ਚਲੀ ਗਈ।
ਮੈਨੂੰ ਮਹਿਸੂਸ ਹੋਇਆ ਕਿ ਕਰੀਮ ਨਗਰ ਦੀ ਹਰ ਕੁੜੀ, ਭਾਵੇਂ ਉਹ ਸ਼ਬਦਾਂ ਵਿਚ ਆਪਣੀ ਗੱਲ ਬਿਆਨ ਕਰ ਸਕਦੀ ਹੁੰਦੀ ਜਾਂ ਨਾ, ਆਦਮੀ ਦੇ ਦਬਦਬੇ ਵਾਲੇ ਇਸ ਪਿੱਤਰਸੱਤਾਤਮਕ ਸਮਾਜ ਤੋਂ ਪੀੜਤ ਰਹੀ ਹੋਵੇਗੀ। ਪਿੱਤਰਸੱਤਾ ਦੇ ਜਾਬਰ ਵਿਚਾਰਾਂ ਨਾਲ ਆਫ਼ਰੋ ਉਹਨਾਂ ਸਾਹਨਾਂ ਨੇ ਇਸੇ ਲਈ ਭਿਆਨਕ ਕੁਕਰਮਾਂ ਰਾਹੀਂ ਉਹਨਾਂ ਮਾਸੂਮ ਕੁੜੀਆਂ ਨੂੰ ਅਜਿਹੀ ਮੌਤ ਦਿੱਤੀ ਸੀ। ਜਬਰ ਦਾ ਇਹ ਰੂਪ, ਜਮਾਤੀ ਜਬਰ ਤੋਂ ਪਾਰ ਦਾ ਇਕ ਰੂਪ ਹੈ ਜਿਹੜਾ ਆਦਮੀ ਦੀ ਔਰਤ ਪ੍ਰਤੀ ਵਹਿਬਤ ਨੂੰ ਉਜਾਗਰ ਕਰਦਾ ਹੈ।
ਤਦੇ।
ਕੰਨੇਨਾ ਆਉਂਦਾ ਦਿਸਿਆ। ਇਕ ਸਿਗਰਟ ਰੋਲ ਕਰਦੇ ਹੋਏ ਉਸ ਨੇ ਕਿਹਾ, "ਜਯਾ ਦੀਦੀ ਕੰਬਦੀ ਹੋਈ ਜਾ ਰਹੀ ਸੀ। ਗੁੱਸੇ 'ਚ ਕੰਬਣਾ ਚਿੰਤਾ ਦੀ ਗੱਲ ਹੈ। ਉਸ ਨੂੰ ਕਹਿਣਾ ਸੀ ਕਿ 'ਚਿੰਤਾ ਮੱਤ ਕਰੋ। ਆਪਣੀ ਪਾਰਟੀ ਹੈ ਨਾ! ਚਿੰਤਾ ਦੀ ਕੋਈ ਗੱਲ ਨਹੀਂ।"
"ਤੇਰੀ ਜਯਾ ਦੀਦੀ ਕਦੇ ਘਰ ਜਾਂਦੀ ਹੈ ਕੰਨੇਨਾ?"
"ਕਦੇ ਕਦਾਈਂ। ਉਹ ਮਾਂ ਨੂੰ ਮਿਲਦੀ ਹੈ ਤੇ ਭਾਬੀ ਨੂੰ ਮਿਲਦੀ ਹੈ, ਬੱਸ। ਕਦੇ ਕਦੇ ਕਵਿਤਾ ਲਿਖਦੀ ਹੈ। ਹਮੇਸ਼ਾਂ ਇਕੱਲੀ ਬੈਠਦੀ ਹੈ। ਘੱਟ ਬੋਲਣਾ, ਥੋੜਾ ਖਾਣਾ, ਸਭ ਤੋਂ ਦੇਰ ਨਾਲ ਸੌ ਕੇ ਸਭ ਤੋਂ ਪਹਿਲਾਂ ਉੱਠਣਾ। ਯੇਹ ਹੋ ਜਯਾ ਦੀਦੀ!"
ਸਿਗਰਟ ਰੋਲ ਕਰਦੇ ਹੋਏ ਉਸਦਾ ਸਾਰਾ ਨਿੱਕ-ਸੁੱਕ' ਜ਼ਮੀਨ ਉੱਤੇ ਉਲਟ ਗਿਆ। ਮੈਂ ਉਸ ਵੱਲ ਫਿਰ ਤੋਂ ਪੈਕਟ ਵਧਾਇਆ। ਉਸ ਨੇ ਇਕ ਚੁਟਕੀ ਲੈ ਕੇ ਪੈਕਟ ਮੋੜ ਦਿੱਤਾ। ਡੁੱਲ੍ਹੇ ਹੋਏ ਤੰਬਾਕੂ ਵੱਲ ਦੇਖ ਕੇ ਉਹ ਬੋਲਿਆ,
"ਬਹੁਤ ਹੈ ਨਾ ਅਜੇ! ਹੋਰ ਆ ਜਾਵੇਗਾ। ਚਿੰਤਾ ਨਹੀਂ ਕਰਨਾ," ਕਹਿੰਦੇ ਹੋਏ
ਉਸ ਨੇ ਸਿਗਰਟ ਦਾ ਕਾਗਜ਼ ਵੀ ਮੇਰੇ ਹੱਥ ਦੇ ਦਿੱਤਾ। "ਮੈਂ ਸਿਗਰਟ ਨਹੀਂ, ਬੀੜੀ ਰੋਲ ਕਰਾਂਗਾ। ਤੇਂਦੂ ਪੱਤਾ ਬੀੜੀ ਵਾਸਤੇ ਹੀ ਬਣਿਐਂ," ਕਹਿੰਦੇ ਹੋਏ ਉਹ ਤੇਂਦੂ ਪੱਤਾ ਢੂੰਡਣ ਚਲਾ ਗਿਆ।
ਅਗਲੇ ਦਿਨ ਕੁਚ ਦੀ ਤਿਆਰੀ ਹੋਈ। ਸਮੁੱਚੇ ਦਲ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਇਕ ਹਿੱਸਾ ਪੰਜ ਜਣਿਆਂ ਦਾ ਵੱਖ ਹੋ ਗਿਆ। ਦੋਵੇਂ ਅਲੱਗ ਅਲੱਗ ਰਾਹਾਂ ਵੱਲ ਨਿਕਲ ਤੁਰੇ। ਦੋ ਘੰਟੇ ਬੀਤੇ ਤਾਂ ਤਿੰਨ ਜਣੇ ਹੋਰ ਵੱਖ ਕਰ ਦਿੱਤੇ ਗਏ। ਦਲਾਂ ਵਿਚਲਾ ਇਹ ਆਵਾ-ਗੌਣ ਮੈਨੂੰ ਅਜੀਬ ਵਰਤਾਰਾ ਮਹਿਸੂਸ ਹੋਇਆ। ਰਾਜੇਸ਼ ਨੇ ਦੱਸਿਆ ਕਿ ਇਸ ਤਰ੍ਹਾਂ ਸਾਰੇ ਬਸਤਰ ਦੇ ਦਲਾਂ ਦਰਮਿਆਨ ਰਾਬਤਾ ਬਣਿਆ ਰਹਿੰਦਾ ਹੈ। ਛੋਟੇ ਗਰੁੱਪ ਦਲਾਂ ਦੀਆਂ ਸੰਚਾਰ ਲਾਈਨਾਂ ਹਨ। ਘੋੜੇ ਨਹੀਂ, ਵਾਇਰਲੈੱਸ ਨਹੀਂ, ਸਕੂਟਰ ਤੇ ਮੋਟਰਸਾਈਕਲ ਨਹੀਂ। ਦਲ ਰੋਜ਼ਾਨਾ ਆਪਣੀ ਥਾਂ ਬਦਲਦੇ ਰਹਿੰਦੇ ਹਨ ਤੇ ਸੰਚਾਰ ਲਾਈਨਾਂ ਰਾਹੀਂ ਆਲੇ ਦੁਆਲੇ ਦੇ ਦਲਾਂ ਨਾਲ ਸੰਪਰਕ ਵਿਚ ਰਹਿੰਦੇ ਹਨ।
"ਤੁਸੀਂ ਇਸ ਤਰ੍ਹਾਂ ਸੂਚਨਾਵਾਂ ਤਾਂ ਭੇਜ ਸਕਦੇ ਹੋ ਪਰ ਕੁਮਕ ਨਹੀਂ ਭੇਜ ਸਕਦੇ।"
"ਕੁਮਕਾਂ ਭੇਜਣ ਦੀ ਪੱਧਰ ਤੱਕ ਅਜੇ ਅਸੀਂ ਪਹੁੰਚੇ ਨਹੀਂ ਹਾਂ, ਜਦ ਉਹ ਸਥਿੱਤੀ ਪੈਦਾ ਹੋ ਗਈ ਤਾਂ ਸੰਚਾਰ ਅਤੇ ਆਵਾਜਾਈ ਦੇ ਹੋਰ ਸਾਧਨ ਅਪਣਾਅ ਲਵਾਂਗ।"
ਅਗਲੀ ਸਵੇਰ ਹੋਰ ਦੋ ਜਣਿਆਂ ਨੂੰ ਉਸ ਨੇ ਇਕ ਵੱਖ ਪਾਸੇ ਤੋਰ ਦਿੱਤਾ। ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਇਕ ਹੋਰ ਸੰਚਾਰ ਲਾਈਨ ਤੋਰ ਦਿੱਤੀ ਹੈ ਤਾਂ ਉਸ ਨੇ ਕਿਹਾ ਕਿ ਉਹ ਘਰ ਜਾ ਰਹੇ ਹਨ।
"ਕਿੰਨੇ ਦਿਨ ਦੀ ਛੁਟੀ?"
"ਛੁੱਟੀ ਨਹੀਂ। ਵਾਪਸ।"
"ਵਾਪਿਸ ਕਿਉਂ?"
"ਉਹ ਥੱਕ ਗਏ ਨੇ। ਅਜਿਹਾ ਵੀ ਵਾਪਰਦਾ ਹੈ, ਜਦ ਕੋਈ ਥੱਕ ਗਿਆ ਮਹਿਸੂਸ ਕਰਦਾ ਹੈ ਤੇ ਵਾਪਸ ਮੁੜਣਾ ਚਾਹੁੰਦਾ ਹੈ।"
"ਪਰ ਉਹ ਤਾਂ ਹਥਿਆਰ ਨਾਲ ਲੈ ਕੇ ਗਏ ਨੇ?"
"ਦੂਰ ਜਾਣਾ ਹੈ। ਘਰ ਜਾਣ ਤੋਂ ਪਹਿਲਾਂ ਇਕ ਹੋਰ ਦਲ ਕੋਲ ਜਮ੍ਹਾਂ ਕਰਵਾ ਦੇਣਗੇ।" ਭੱਜ ਵੀ ਸਕਦੇ ਨੇ?" "
"ਇਹ ਘਰਾਂ ਨੂੰ ਪਰਤਣਾ ਚਾਹੁੰਦੇ ਨੇ। ਭੱਜਣ ਵਾਲੇ ਦੱਸਦੇ ਨਹੀਂ। ਇਹ ਕਦੇ ਫਿਰ ਵੀ ਮੁੜ ਸਕਦੇ ਨੇ।"
"ਵਿਆਹ ਕਰਵਾਉਣਾ ਚਾਹੁੰਦੇ ਹੋਣਗੇ (ਦੋਵਾਂ ਵਿਚ ਇਕ ਲੜਕਾ ਸੀ, ਦੂਸਰੀ ਲੜਕੀ)?"
"ਵਿਆਹ ਤਾਂ ਕੁੜੀ ਦਾ ਹੋ ਚੁੱਕੇ। ਉਹ ਟਿਕਣਾ ਚਾਹੁੰਦੀ ਹੈ। ਘਰ ਰਹਿ ਕੇ ਮਹਿਲਾ ਸੰਘ ਵਿਚ ਕੰਮ ਕਰੇਗੀ। ਉਸ ਦਾ ਵਿਆਹ ਇਸੇ ਹੀ ਦਲ ਦੇ ਲੜਕੇ ਨਾਲ ਹੋਇਐ।"
ਉਹ ਲੜਕਾ ਸਿੰਘਨਾ ਹੀ ਸੀ। ਸਿੰਘਨਾ ਨੇ ਉਹਨੂੰ ਮਨਾਉਣ ਦਾ ਯਤਨ ਕੀਤਾ ਸੀ। ਪਰ ਉਹ ਨਹੀਂ ਮੰਨੀ। ਸਿੰਘਨਾ ਹੋਣਹਾਰ ਹੈ। ਹੁਣ ਦੇ ਪਾਸੇ ਵੰਡਿਆ ਜਾਵੇਗਾ। ਅਜਿਹੇ ਕਈ ਨੇ ਜਿਹਨਾਂ ਦੀਆਂ ਪਤਨੀਆਂ ਘਰਾਂ ਵਿਚ ਨੇ ਅਤੇ ਬਹੁਤ ਅਜਿਹੇ ਨੇ
ਜਿਹੜੇ ਦੋਵੇਂ ਹੀ ਦਸਤਿਆਂ ਵਿਚ ਸ਼ਾਮਲ ਨੇ। ਚੰਗੀ ਗੱਲ ਸੀ ਕਿ ਦੁਭਾਸ਼ੀਏ ਦਾ ਕੰਮ ਬਸੰਤੀ ਕਰ ਰਹੀ ਸੀ। ਸਿੰਘਨਾ ਕੋਲ ਹੁੰਦਾ ਤਾਂ ਮੁਸ਼ਕਲ ਹੋ ਜਾਂਦੀ।
"ਕੋਈ ਅਜਿਹਾ ਮਾਮਲਾ ਵੀ ਹੈ ਜਿੱਥੇ ਪਤਨੀ ਦਸਤੇ ਵਿਚ ਹੋਵੇ ਤੇ ਪਤੀ ਘਰ ਵਿਚ ਰਹਿੰਦਾ ਹੋਵੇ?"
ਰਾਜੇਸ਼ ਹੱਸ ਪਿਆ। ਫੇਰ ਉਹ ਬੋਲਿਆ, "ਨਹੀਂ, ਅਜਿਹਾ ਕੋਈ ਮਾਮਲਾ ਨਹੀਂ, ਅਜੇ ਹਾਲਤ ਏਥੋਂ ਤੱਕ ਨਹੀਂ ਪਹੁੰਚੀ। ਸ਼ਾਇਦ ਪਹੁੰਚੇਗੀ ਵੀ ਨਹੀਂ। ਚਾਰ ਦਿਵਾਰੀ 'ਚੋਂ ਔਰਤ ਨੇ ਨਿਕਲਣਾ ਹੈ, ਆਦਮੀ ਤਾਂ ਪਹਿਲਾਂ ਹੀ ਬਾਹਰ ਹੈ। ਉਹ ਵਾਪਸ ਕਿਓਂ ਜਾਵੇਗਾ?"
ਟੇਢਾ ਸਵਾਲ। ਆਦਮੀ ਦਾ ਦਬਦਬਾ ਹੈ ਤਾਂ ਔਰਤ ਚਾਰ ਦਿਵਾਰੀ ਵਿਚ ਹੈ। ਇਸ ਤੋਂ ਉਲਟ ਹੋ ਜਾਵੇ ਤਾਂ ਸਵਾਲ ਟੋਢਾ ਨਹੀਂ ਰਹੇਗਾ। ਪਰ ਮਨੁੱਖੀ ਇਤਹਾਸ ਦੀ ਗਤੀ ਉਸ ਪਾਸੇ ਵੱਲ ਨਹੀਂ ਹੈ। ਇਸ ਨੇ ਆਦਮੀ ਔਰਤ ਦੇ ਬਰਾਬਰ ਹੋਣ ਵੱਲ ਵਧਣਾ ਹੈ। ਸੋ ਅਜਿਹੀ ਸਥਿੱਤੀ ਨਹੀਂ ਸੀ ਆ ਸਕਦੀ।
"ਬਾਪ ਬੇਟੇ ਵੀ ਤੁਹਾਡੇ ਦਲਾਂ 'ਚ ਸ਼ਾਮਲ ਨੇ?"
"ਕੋਈ ਕੋਈ।"
ਇਹਨਾਂ ਦਿਨਾਂ ਵਿਚ ਅਫ਼ਗਾਨਿਸਤਾਨ ਵਿਚ ਟੋਰਾ ਬੋਰਾ ਦੀਆਂ ਪਹਾੜੀਆਂ ਉੱਤੇ ਜ਼ਬਰਦਸਤ ਅਮਰੀਕੀ ਬੰਬਾਰੀ ਜਾਰੀ ਸੀ। ਬਰਫ਼ ਲੱਦੇ ਪਹਾੜਾਂ ਦੀਆਂ ਡੂੰਘੀਆਂ ਚੱਟਾਨੀ ਗੁਫ਼ਾਵਾਂ ਨੂੰ ਨਵੀਂ ਕਿਸਮ ਦੇ ਬੰਬਾਂ, ਜਿਹੜੇ ਛੇ ਮੀਟਰ ਤਕ ਡੂੰਘਾ ਧਸ ਕੇ ਫਟਦੇ ਸਨ, ਨਾਲ ਤੋੜਿਆ ਜਾ ਰਿਹਾ ਸੀ। ਤਾਲਿਬਾਨ ਵੱਲੋਂ ਕਿਤੇ ਵੀ ਟਾਕਰੇ ਦੀ ਖ਼ਬਰ ਨਹੀਂ ਸੀ ਆ ਰਹੀ। ਬਸਤਰ ਤੇ ਟੋਰਾ ਬੋਰਾ! ਮੈਂ ਦੋਵਾਂ ਦਾ ਮੁਕਾਬਲਾ ਕੀਤਾ। ਏਥੇ ਦਿਓ ਕੱਦ ਪਹਾੜ ਨਹੀਂ ਹਨ। ਵੀਅਤਨਾਮ ਵਰਗੇ ਵਿਆਪਕ ਤੇ ਸੰਘਣੇ ਜੰਗਲ ਨਹੀਂ ਹਨ। ਬੇਸ਼ੱਕ ਏਥੇ ਤੇਲ ਨਹੀਂ ਹੈ ਪਰ ਅਰਬਾਂ ਖ਼ਰਬਾਂ ਦੀ ਕੁਦਰਤੀ ਦੌਲਤ ਹੈ ਜਿਸ ਨੂੰ ਹੜੱਪਣ ਲਈ ਸੰਸਾਰ ਬੈਂਕ ਵੱਡੀਆਂ ਵੱਡੀਆਂ ਸਕੀਮਾਂ ਘੜ ਰਿਹਾ ਹੈ। ਜਪਾਨ ਪਹਿਲਾਂ ਹੀ ਲੋਹੇ ਦੇ ਬੇਸ਼ੁਮਾਰ ਪਹਾੜਾਂ ਨੂੰ ਚੁੰਢ ਰਿਹਾ ਹੈ। ਵੱਖ ਵੱਖ ਤਰ੍ਹਾਂ ਦੇ ਸਰਵੇ ਇਹ ਗੱਲ ਕਹਿ ਰਹੇ ਹਨ ਕਿ ਛੱਤੀਸਗੜ੍ਹ ਦੁਨੀਆਂ ਦੇ ਕੁਦਰਤੀ ਭੰਡਾਰਾਂ ਦੇ ਸਭ ਤੋਂ ਅਮੀਰ ਖ਼ਜ਼ਾਨਿਆਂ ਵਿਚੋਂ ਇਕ ਹੈ। ਅਰਬਾਂ ਦੀ ਦੌਲਤ ਅਤੇ ਅੱਤ ਦੀ ਗਰੀਬੀ ਵਿਚ ਜਿਉਂਦਾ ਆਦਿਵਾਸੀ ਆਦਿਵਾਸੀ ਅਤੇ ਸਰਮਾਏ ਦੀ ਭਿਆਨਕ ਤਾਕਤ। ਦੋਵੇਂ ਇੱਕ ਦੂਸਰੇ ਦੇ ਦੁਸ਼ਮਣ। ਜਾਂ ਪਹਿਲਾ ਦੁਸਰੇ ਨੂੰ ਤਬਾਹ ਕਰੇਗਾ ਜਾਂ ਦੂਸਰਾ ਪਹਿਲੇ ਨੂੰ ਮਲੀਆਮੇਟ ਕਰੇਗਾ। ਤੀਸਰੀ ਕੋਈ ਸੂਰਤ ਨਹੀਂ। ਇਹ ਟੱਕਰ ਕਿਸੇ ਨਾ ਕਿਸੇ ਦਿਨ ਸਾਹਮਣੇ ਆਉਣੀ ਹੀ ਹੈ।
"ਅਸੀਂ ਜੰਗਲਾਂ ਤੇ ਪਹਾੜਾਂ ਕਾਰਨ ਏਥੇ ਨਹੀਂ ਹਾਂ। ਲੋਕਾਂ ਦੇ ਸਾਥ ਕਾਰਨ ਹਾਂ। ਲੋਕਾਂ ਦਾ ਸਾਥ ਨਹੀਂ ਹੈ ਤਾਂ ਟੋਰਾ ਬੇਰਾ ਦੇ ਪਹਾੜ ਤੇ ਗੁਫ਼ਾਵਾਂ ਵੀ ਮਦਦ ਨਹੀਂ ਕਰ ਸਕਦੇ। ਸਾਥ ਹੈ ਤਾਂ ਭਾਵੇਂ ਟੋਰਾ ਬੋਰਾ ਦੀ ਥਾਵੇਂ ਬਸਤਰ ਹੋਵੇ ਜਾਂ ਰੜਾ ਮੈਦਾਨ, ਸਾਡੀ ਜਿੱਤ ਰੁਕ ਨਹੀਂ ਸਕਦੀ।"
ਉਸ ਨੇ ਹੋਰ ਕਿਹਾ, "ਸਾਡੀ ਜੰਗ ਇਕੱਲੇ ਬਸਤਰ ਵਿਚ ਨਹੀਂ ਲੜੀ ਜਾਣੀ। ਇਸ ਨੇ ਸਾਰੇ ਹਿੰਦੋਸਤਾਨ ਵਿਚ ਫ਼ੈਲਣਾ ਹੈ। ਬਸਤਰ ਤਾਂ ਸ਼ੁਰੂਆਤ ਹੈ, ਅੰਤ ਨਹੀਂ। ਦੇਸ਼ ਦੀ ਗਿਆਰਾਂ ਕਰੋੜ ਕਬਾਇਲੀ ਵਸੋਂ ਬਹੁਤ ਵਿਆਪਕ ਇਲਾਕੇ ਵਿਚ ਫੈਲੀ ਹੋਈ
ਹੈ। ਉੜੀਸਾ ਤੋਂ ਲੈ ਕੇ ਗੁਜਰਾਤ ਅਤੇ ਰਾਜਸਥਾਨ ਤਕ। ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਲੈ ਕੇ ਕੇਰਲਾ ਤੱਕ। ਇਹ ਉਹ ਲੋਕ ਹਨ ਜਿਹਨਾਂ ਨੂੰ ਇਨਕਲਾਬ ਦੀ ਸਖ਼ਤ ਜ਼ਰੂਰਤ ਹੈ। ਸਾਨੂੰ ਲੁਕਣ ਦੀ ਜ਼ਰੂਰਤ ਨਹੀਂ, ਨਾ ਹੀ ਕਿਸੇ ਟੋਰਾ ਬੋਰਾ ਦੀ। ਸਾਡੇ ਸਾਹਮਣੇ ਵੀਅਤਨਾਮ ਹੈ, ਅਫ਼ਗਾਨਿਸਤਾਨ ਨਹੀਂ। ਮਾਓ ਦਾ ਸਿਧਾਂਤ ਹੈ, ਅਲ-ਕਾਇਦਾ ਨਹੀਂ।"
ਦੁਪਹਿਰ ਨੂੰ ਅਸੀਂ ਇਕ ਨਦੀ ਕੰਢੇ ਪੜਾਅ ਕੀਤਾ। ਮੁੜ੍ਹਕੇ ਨਾਲ ਗੜੁੱਚ ਹੋਏ ਕੱਪੜਿਆਂ ਅਤੇ ਬਦਬੂ ਮਾਰਦੇ ਬੂਟਾਂ ਨੂੰ ਧੋ ਕੇ ਸੁਕਾਉਣ ਦਾ ਸਾਡੇ ਕੋਲ ਖੁੱਲ੍ਹਾ ਵਕਤ ਸੀ। ਨਦੀ ਤੋਂ ਕੋਈ ਪੌਣਾ ਕਿਲੋਮੀਟਰ ਦੀ ਦੂਰੀ ਉੱਤੇ ਛੋਟੀਆਂ ਛੋਟੀਆਂ ਖੇਡਾਂ ਦੇ ਫੈਲੇ ਹੋਏ ਜਾਲ ਵਿਚ ਅਸੀਂ ਰੁਕ ਗਏ। ਕੁਦਰਤੀ ਨਜ਼ਾਰਾ ਦਿਲਕਸ਼ ਸੀ। ਸੰਘਣੀਆਂ ਝਾੜੀਆਂ ਅਤੇ ਦਰੱਖਤਾਂ ਦੇ ਜਮਘਟੇ ਵਿਚ ਆਰਾਮ ਕਰਨ, ਨਹਾਉਣ ਅਤੇ ਰਸਭਰੀਆਂ ਚੁਗਣ ਵਿਚ ਅਸੀਂ ਕਈ ਘੰਟੇ ਬਿਤਾਏ। ਅਜਿਹੇ ਮੌਕੇ ਕਦੇ ਕਦਾਈਂ ਹੀ ਆਉਂਦੇ ਹਨ ਪਰ ਮਜ਼ੇਦਾਰ ਅਤੇ ਸੁਖਾਵੇਂ ਹੁੰਦੇ ਹਨ। ਸ਼ਾਮ ਨੂੰ ਇਕ ਪੱਧਰੀ ਥਾਂ ਉੱਤੇ ਦੌੜ, ਲੰਬੀ ਛਾਲ, ਉੱਚੀ ਛਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਨੇ ਸਾਰੇ ਮਾਹੌਲ ਨੂੰ ਖ਼ੁਸ਼ਰੰਗ ਕਰ ਦਿੱਤਾ। ਕਈ ਦਿਨਾਂ ਦੇ ਵਕਫ਼ੇ ਬਾਦ ਰਾਤ ਨੂੰ ਅੱਗ ਬਾਲੀ ਗਈ। ਸਵੇਰ ਵੇਲੇ ਹਰ ਕੋਈ ਹਲਕਾ-ਫੁਲਕਾ ਅਤੇ ਖੁਸ਼-ਬਾਸ਼ ਸੀ। ਦਿਲ ਕੀਤਾ ਕਿ ਏਥੇ ਹੀ ਇਕ ਦੇ ਦਿਨ ਹੋਰ ਬਿਤਾਏ ਜਾਣ।
ਸ਼ਾਮ ਪੈਂਦਿਆਂ ਤਕ ਕੁਚ ਕਰਨ ਦਾ ਹੁਕਮ ਨਹੀਂ ਸੀ ਹੋਇਆ। ਭਾਵੇਂ ਕਿ ਹਰ ਕਿਸੇ ਦਾ ਸਾਮਾਨ ਬੰਨ੍ਹਿਆ ਪਿਆ ਸੀ ਅਤੇ ਹਰ ਕੋਈ ਤਿਆਰ ਬੈਠਾ ਸੀ। ਜੇ ਰੁਕਣ ਦਾ ਫ਼ੈਸਲਾ ਹੋਇਆ ਤਾਂ ਸਭ ਝਿੱਲੀਆਂ ਵਿਛ ਜਾਣਗੀਆਂ, ਨਹੀਂ ਤਾਂ ਰੋਜ਼ ਵਾਂਗ ਮਾਰਚ। ਤਦੇ ਮੰਤਰੀ ਪੋਸਟ ਤੋਂ ਕੋਈ ਸੂਚਨਾ ਆਈ। ਰਾਜੇਸ਼ ਨੇ ਵਿਸਲ ਮਾਰੀ ਜਿਸ ਨਾਲ ਸਾਰੇ ਲਾਈਨ ਵਿਚ ਖੜ੍ਹੇ ਹੋ ਗਏ। ਇਕ ਖੰਡ ਦੇ ਮੋੜ ਤੋਂ ਇਕ ਗੁਰੀਲਾ ਦਸਤਾ ਪਰਗਟ ਹੋਇਆ। ਉਹਨਾਂ ਨੂੰ ਅਜੇ ਜੀ ਆਇਆਂ ਹੀ ਕਿਹਾ ਸੀ ਕਿ ਸਾਡੀ ਫਾਰਮੇਸ਼ਨ ਵਿਚੋਂ ਤਿੰਨ ਨਾਮ ਬੋਲੇ ਗਏ। ਸਿੰਘਨਾ, ਵਿੜਮਾ, ਈਸ਼ਵਰ। ਅਸੀਂ ਤਿੰਨੇ ਉਸ ਫਾਰਮੇਸ਼ਨ ਵਿਚੋਂ ਬਾਹਰ ਨਿਕਲੇ ਅਤੇ ਨਵੀਂ ਆਈ ਟਕੜੀ ਦਾ ਹਿੱਸਾ ਬਣ ਗਏ। ਇਕ ਵਾਰ ਫਿਰ ਹੱਥ ਮਿਲਾਏ ਗਏ ਤੇ ਦੋਨੋਂ ਟੁਕੜੀਆਂ ਵੱਖ-ਵੱਖ ਦਿਸ਼ਾਵਾਂ ਵੱਲ ਰਵਾਨਾ ਹੋ ਗਈਆਂ। ਕੋਨੰਨਾ, ਲੱਚੱਕਾ, ਦਸਰੂ, ਬਸੰਤੀ, ਜਯਾ ਆਦਿ ਸਾਰੇ ਹੀ ਕਈ ਦਿਨਾਂ ਤੋਂ ਸਾਥ ਵਿਚ ਰਹੇ ਸਨ। ਸਭਨਾਂ ਨੇ 'ਫਿਰ ਮਿਲਾਂਗੇ' ਕਿਹਾ ਜਾਂ ਸਿਰਫ਼ ਮਿੱਠੀ ਪਿਆਰੀ ਮਸਕਰਾਹਟ ਦਿੱਤੀ। ਹਾਲਾਂਕਿ 'ਫਿਰ ਮਿਲਾਂਗੇ' ਓਥੋਂ ਦਾ ਦਸਤੂਰ ਨਹੀਂ ਸੀ, ਇਹ ਮੈਨੂੰ ਫਿਰ ਕਦੇ ਆਉਣ ਵਾਸਤੇ ਸੱਦਾ ਸੀ। ਬਹਰਹਾਲ, ਅਸੀਂ ਖ਼ੁਸ਼ੀ ਖੁਸ਼ੀ ਅਲੱਗ ਹੋਏ।
ਗੁਰੀਲਾ ਜ਼ਿੰਦਗੀ, ਜਿਸ ਵਿਚ ਕੋਈ ਠਹਿਰਾਓ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇਕ ਰਾਤ ਤੋਂ ਵੱਧ ਦਾ ਕਿਤੇ ਵਸੇਬਾ ਨਹੀਂ ਹਮੇਸ਼ਾਂ ਗਤੀ ਵਿਚ ਰਹਿੰਦੀ ਹੈ। ਇਕ ਪਿੰਡ ਤੋਂ ਦੂਸਰੇ ਪਿੰਡ, ਇਕ ਜੰਗਲ ਤੋਂ ਦੂਸਰੇ ਜੰਗਲ, ਇਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਕਦੇ ਇਹ ਲੰਬਾ ਸਮਾਂ ਇਕ ਇਲਾਕੇ ਵਿਚ ਚੱਕਰ ਕੱਟਦੀ ਰਹਿੰਦੀ ਹੈ ਅਤੇ ਕਦੇ ਦੂਰ ਦਰਾਜ਼ ਦੇ
ਇਲਾਕਿਆਂ ਵੱਲ ਅਜਿਹਾ ਕੂਚ ਕਰਦੀ ਹੈ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਹਨ ਜਦ ਉਹ ਵਾਪਸ ਉਹਨਾਂ ਹੀ ਪਗਡੰਡੀਆਂ ਤੇ ਰਾਹਾਂ ਉੱਤੇ ਮੁੜ ਪਰਤਦੀ ਹੈ। ਤਦ ਤਕ ਇਹਨਾਂ ਪਗਡੰਡੀਆਂ ਨੂੰ ਉਹਨਾਂ ਕਦਮਾਂ ਦੀ ਪਛਾਣ ਰਹਿੰਦੀ ਹੈ। ਉਹ ਜਾਣ ਜਾਂਦੀਆਂ ਹਨ ਕਿ ਇਹਨਾਂ ਵਿਚ ਕੁਝ ਜਾਣੇ-ਪਛਾਣੇ ਹਨ ਅਤੇ ਕੁਝ ਲੰਬੇ ਸਫ਼ਰਾਂ ਨੂੰ ਅਗਾਂਹ ਨਿਕਲ ਗਏ ਹਨ ਜਿਹਨਾਂ ਨੇ ਕਦੇ ਵੀ ਨਹੀਂ ਪਰਤਣਾ। ਓਦੋਂ ਉਹ ਉਹਨਾਂ ਨੂੰ ਯਾਦ ਕਰਦੀਆਂ ਹਨ. ਸੋਗ ਮਨਾਉਂਦੀਆਂ ਹਨ ਅਤੇ ਪੁਰਾਣੀਆਂ ਯਾਦਾਂ ਨੂੰ ਸਾਂਭਦੇ ਹੋਏ ਨਵਿਆਂ ਨਾਲ ਸਾਂਝ ਪੈਦਾ ਕਰ ਲੈਂਦੀਆਂ ਹਨ। ਉਹਨਾਂ ਨੂੰ ਭੀਮਾ ਦਾਦਾ ਦੇ ਪੈਰਾਂ ਦੀ ਨਰਮ ਪਿਆਰੀ ਛੁਹ ਅਜੇ ਤੱਕ ਯਾਦ ਹੈ। ਭੀਮਾ ਬਸਤਰ ਦੀਆਂ ਪਗਡੰਡੀਆਂ ਤੋਂ ਉੱਠ ਕੇ ਸਮੁੱਚੀ ਫਿਜ਼ਾ ਵਿਚ ਫੈਲ ਗਿਆ ਹੈ। ਉਹ ਜੰਗਲ, ਹਵਾ, ਨਦੀਆਂ ਅਤੇ ਕੁੱਲ ਕਾਇਨਾਤ ਦਾ ਹਿੱਸਾ ਹੋ ਗਿਆ ਹੈ। ਕਿਸੇ ਵੀ ਪਿੰਡ ਵਿਚ ਜਾਓ ਤੇ ਤੁਸੀਂ ਜਾਣੋਗੇ ਕਿ ਲੋਕ ਉਸ ਨੂੰ ਅਜੇ ਤੱਕ ਭੁੱਲੇ ਨਹੀਂ ਹਨ। ਜਦ ਗੁਰੀਲੇ ਉਸ ਦਾ ਗੀਤ ਗਾਉਂਦੇ ਹਨ ਤਾਂ ਪਿੰਡ ਦੇ ਲੋਕ ਨਾਲ ਸ਼ਾਮਲ ਹੋ ਜਾਂਦੇ ਹਨ। ਗੁਰੀਲਾ ਜ਼ਿੰਦਗੀ ਦਾ ਲੋਕਾਂ ਦੇ ਡੂੰਘੇ ਸਾਥ ਤੋਂ ਬਿਨਾਂ ਅੰਦਾਜ਼ਾ ਕਰਨਾ ਮੁਸ਼ਕਲ ਹੈ। ਇਸ ਸਾਥ ਤੋਂ ਬਿਨਾਂ ਇਹ ਸੰਭਵ ਹੀ ਨਹੀਂ ਹੈ। ਤਿੰਨ ਡੰਗ ਰੋਟੀ ਮੰਗਣ ਵਾਲਾ ਢਿੱਡ ਜਦੋਂ ਖਾਲੀ ਜੇਬ ਵਾਲੇ ਦੇ ਨਾਲ ਲੱਗਾ ਹੋਵੇ ਤਾਂ ਇਹ ਦੇ ਚਾਰ ਦਿਨਾਂ ਤੋਂ ਵੱਧ ਨਹੀਂ ਕੱਟ ਸਕਦਾ। ਜੋ ਗੁਰੀਲਾ ਲੋਕਾਂ ਨਾਲ ਜੁੜਿਆ ਹੋਇਆ ਨਹੀਂ ਹੈ ਤਾਂ ਉਹ ਜਿੰਦਾ ਨਹੀਂ ਰਹਿ ਸਕਦਾ। ਇਹ ਦਸਤੇ ਜਿਹੜੇ ਹਰ ਵਕਤ ਪਿੰਡ-ਪਿੰਡ ਘੁੰਮਦੇ ਰਹਿੰਦੇ ਹਨ ਜੇ ਲੋਕਾਂ ਦੇ ਦੁੱਖ-ਸੁੱਖ ਦੇ ਸਾਥੀ ਨਹੀਂ ਹੋਣਗੇ ਤਾਂ ਉਹਨਾਂ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੋ ਸਕਦੀ। ਜਦ ਦਸਤਾ ਪਹੁੰਚਦਾ ਹੈ ਤਾਂ ਪਗਡੰਡੀਆਂ ਰਾਹੀਂ ਖ਼ਬਰ ਪਹੁੰਚ ਜਾਂਦੀ ਹੈ ਅਤੇ ਸਾਰੇ ਦਾ ਸਾਰਾ ਪਿੰਡ ਉਮਡ ਕੇ ਆਣ ਪਹੁੰਚਦਾ ਹੈ। ਜਦ ਲੰਬਾ ਸਮਾਂ ਨਹੀਂ ਪਹੁੰਚਦਾ ਤਾਂ ਰਾਹ ਉਦਾਸ ਹੋ ਜਾਂਦੇ ਹਨ, ਪਿੰਡ ਨੂੰ ਚਿੰਤਾ ਲੱਗ ਜਾਂਦੀ ਹੈ। ਗੁਰੀਲੇ ਨਹੀਂ ਆਉਣਗੇ ਤਾਂ ਇਸ ਦਾ ਸਿੱਧਾ ਅਰਥ ਇਹ ਹੈ ਕਿ ਪੁਲਿਸ ਆਵੇਗੀ। ਪੁਲਿਸ ਦੇ ਆਉਣ ਦਾ ਮਤਲਬ ਹਰ ਆਦਿਵਾਸੀ ਜਾਣਦਾ ਹੈ। ਲੋਕ ਗੁਰੀਲਿਆਂ ਦੀ ਉਡੀਕ ਕਰਦੇ ਹਨ, ਗੁਰੀਲੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਂਦੇ ਹਨ। ਉਹਨਾਂ ਦੇ ਦਰਮਿਆਨ ਦੀ ਦੁਵੱਲੀ ਸਾਂਝ ਦੋਵਾਂ ਧਿਰਾਂ ਦੀ ਜ਼ਿੰਦਗੀ ਦੀ ਜ਼ਾਮਨ ਹੈ।
ਜਿਸ ਦਸਤੇ ਨਾਲ ਮੈਂ ਨਵਾਂ ਇਲਾਕਾ ਗਾਹੁਣਾ ਸ਼ੁਰੂ ਕੀਤਾ ਹੈ ਉਸ ਦਾ ਕਮਾਂਡਰ ਹਸਮੁੱਖ ਤਬੀਅਤ ਦਾ ਨੌਜਵਾਨ ਹੈ। ਸੋਮਾ, ਸੋਮਨਾ, ਸੋਮਾ ਦਾਦਾ, ਸੋਮ ਭਾਈ, ਜਿਸ ਦਾ ਜੋ ਵੀ ਦਿਲ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਬੁਲਾ ਲੈਂਦਾ ਹੈ। ਉਹ ਸਾਲ ਭਰ ਤੋਂ ਇਸੇ ਇਲਾਕੇ ਵਿਚ ਵਿੱਚਰ ਰਿਹਾ ਹੈ ਅਤੇ ਹਰ ਪਿੰਡ ਹਰ ਘਰ ਵਿਚ ਮਸ਼ਹੂਰ ਹੈ। ਜਿੱਥੇ ਦਸਰੇ ਕਮਾਂਡਰ ਇਕ ਫ਼ਾਸਲਾ ਰੱਖਦੇ ਹਨ ਓਥੇ ਸੋਮਾ ਹਰ ਕਿਸੇ ਨਾਲ ਸਾਂਝ ਪੈਦਾ ਕਰਨ ਦਾ ਸੁਭਾਅ ਰੱਖਦਾ ਹੈ। ਜਦ ਅਸੀਂ ਖੱਡਾਂ ਤੋਂ ਤੁਰੇ ਤਾਂ ਪਹਿਲਾ ਕੰਮ ਨਦੀ ਨੂੰ ਪਾਰ ਕਰਨਾ ਸੀ। ਨਦੀ ਕਾਫ਼ੀ ਚੌੜੀ ਸੀ ਅਤੇ ਕਿਤੋਂ ਕਿਤੋਂ ਬਹੁਤ ਡੂੰਘੀ ਸੀ। ਕਿਤੇ ਲੱਕ ਤੱਕ ਪਾਣੀ, ਕਿਤੇ ਗਲ ਤੱਕ ਅਤੇ ਕਿਤੇ ਸਿਰ ਤੋਂ ਉੱਪਰ। ਬਹੁਤ ਮਾਹਰ ਵਿਅਕਤੀ, ਜਿਸ ਨੂੰ ਇਸ ਦੇ ਤਲ ਬਾਰੇ ਪੂਰੀ ਜਾਣਕਾਰੀ ਹੋਵੇ, ਇਸ ਨੂੰ ਤੁਰ ਕੇ ਵੀ ਪਾਰ ਕਰ ਸਕਦਾ ਸੀ ਪਰ ਅਜਿਹਾ ਮਾਹਰ ਦਸਤੇ ਵਿਚ ਕੋਈ ਵੀ ਨਹੀਂ ਸੀ।
ਸੋਮੰਨਾ ਨੇ ਇਕ ਨੌਜਵਾਨ ਤੋਂ ਇਕ ਰੱਸਾ ਲਿਆ, ਉਸਦਾ ਇਕ ਸਿਰਾ ਇਕ
ਦਰੱਖ਼ਤ ਦੇ ਤਣੇ ਨਾਲ ਬੰਨ੍ਹਿਆ ਅਤੇ ਦੂਸਰੇ ਨੂੰ ਉੱਚਾ ਕਰ ਕੇ ਬੋਲਿਆ,
"ਲਓ ਬਈ, ਜਿਹੜਾ ਸਭ ਤੋਂ ਘੱਟ ਤੋਰਨਾ ਜਾਣਦੇ, ਉਹ ਇਸ ਸਿਰੇ ਨੂੰ ਪਾਰ ਲੈ ਜਾਵੇ ਤੇ ਕਿਸੇ ਰੁੱਖ ਨਾਲ ਬੰਨ੍ਹ ਦੇਵੇ।"
"ਸਭ ਜਣਿਆਂ ਵਿਚ ਥੋੜ੍ਹੀ ਖ਼ੁਸਰ-ਫ਼ਸਰ ਹੋਈ। ਇਕ ਜਣਾ ਨਿੱਤਰਿਆ ਤੇ ਰੱਸੇ ਲਈ ਹੱਥ ਅੱਗੇ ਵਧਾਇਆ।"
"ਤੂੰ ਨਹੀਂ। ਤੂੰ ਤਾਂ ਸਭ ਤੋਂ ਜਿਆਦਾ ਜਾਣਦੇ। ਜਿਹੜਾ ਸਭ ਤੋਂ ਘੱਟ ਜਾਣਦੇ, ਉਹ ਆਵੇ।"
ਹੁਣ ਖ਼ੁਸਰ-ਫੁਸਰ ਨਹੀਂ ਹੋਈ। ਕੁਝ ਪਲ ਬੀਤੇ ਤਾਂ ਇਕ ਜਣਾ ਹੋਰ ਸਾਹਮਣੇ ਆਇਆ।
"ਤੂੰ ਵੀ ਨਹੀਂ। ਤੂੰ ਵੀ ਕਾਫ਼ੀ ਜਾਣਦੈਂ। ਚੱਲ ਇੜਮਾ, ਤੂੰ ਚੱਲ!" ਇੜਮਾ ਵਾਕਈ ਸਭ ਤੋਂ ਘੱਟ ਜਾਣਦਾ ਸੀ।
"ਪਰ ਮੈਂ ਤਾਂ ਡੁੱਬ ਜਾਵਾਂਗਾ," ਇੜਮਾ ਹੱਸਿਆ।
"ਗੁਰੀਲਾ! ਹੂੰ, ਗੁਰੀਲਾ! ਲਾਲ ਫ਼ੌਜ ਦਾ ਸਿਪਾਹੀ! ਤੇ ਕਹਿੰਦੇ ਮੈਂ ਡੁੱਬ ਜਾਵਾਂਗਾ। ਤੂੰ ਡੁੱਬ ਜਾਵੇਗਾ ਤਾਂ ਕੁੜੀਆਂ ਦਾ ਕੀ ਬਣੇਗਾ? ਉਹ ਪਾਰ ਨਹੀਂ ਜਾ ਸਕਣਗੀਆਂ ਤੇ ਇਸੇ ਕੱਢੇ ਮਾਰੀਆਂ ਜਾਣਗੀਆਂ। ਚੱਲ ਰੱਸਾ ਫੜ੍ਹ, ਲੱਕ ਨੂੰ ਬੰਨ੍ਹ ਤੇ ਕੁੱਦ ਜਾ ਨਦੀ 'ਚ। ਡੁੱਬਣ ਲੱਗੇਗਾ ਤਾਂ ਖਿੱਚ ਲਾਂ ਗੇ।"
ਇੜਮਾ ਨੇ ਕਿੱਟ ਉਤਾਰੀ, ਗੁੱਟ ਨਾਲ ਰੱਸੀ ਬੰਨ੍ਹ ਕੇ ਹੱਥ ਦਾ ਵਲੇਵਾਂ ਪਾਇਆ ਅਤੇ ਨਦੀ 'ਚ ਛਾਲ ਮਾਰ ਦਿੱਤੀ। ਨਦੀ ਦੇ ਅੱਧ ਵਿਚ ਜਾ ਕੇ ਉਹ ਪਾਣੀ ਦੇ ਵਹਾਅ ਵਿਚ ਥੋੜ੍ਹਾ ਜਿਹਾ ਵਿਹਾ ਤੇ ਫਿਰ ਤੇਛਵੇਂ ਰੁਖ਼ ਪਾਰਲੇ ਕੰਢੇ ਨੂੰ ਵਗ ਤੁਰਿਆ।
"ਬੱਲੇ! ਇਹ ਹੋਈ ਨਾ ਗੱਲ!" ਇੜਮਾ ਦੇ ਪਾਰ ਲੱਗਣ ਉੱਤੇ ਸੋਮਾ ਨੇ ਤਾੜੀ ਮਾਰੀ।
ਹੱਥ ਨਾਲ ਬੱਝੀ ਰੱਸੀ ਨੇ ਇੜਮਾ ਨੂੰ ਹੌਂਸਲਾ ਦਿੱਤਾ ਸੀ। ਪਰ ਇਸ ਤੋਂ ਵੱਧ ਉਹ ਉਸ ਚੁਣੋਤੀ ਨੂੰ ਨਜਿੱਠਣਾ ਚਾਹੁੰਦਾ ਸੀ ਜਿਹੜੀ ਕਦੇ ਵੀ ਉਸ ਦੇ ਸਾਹਮਣੇ ਆ ਸਕਦੀ ਸੀ। ਉਸ ਨੂੰ ਰੱਸੀ ਦਾ ਸਹਾਰਾ ਲੈਣ ਦੀ ਇਕ ਵਾਰ ਵੀ ਜ਼ਰੂਰਤ ਨਹੀਂ ਸੀ ਪਈ ਜਿਸ ਕਾਰਨ ਉਹ ਖ਼ੁਸ਼ ਸੀ।
ਸਿੰਘਨਾ ਤੇ ਪਹਿਲਾਂ ਨਿੱਤਰਿਆ ਨੌਜਵਾਨ ਸਿੱਧੇ ਹੀ ਛਾਲਾਂ ਲਗਾ ਗਏ ਤੇ ਪਾਰ ਨਿਕਲ ਗਏ। ਉਹਨਾਂ ਦੋਵਾਂ ਨੇ ਕਈ ਚੱਕਰ ਲਾਏ ਅਤੇ ਕਿੱਟਾਂ ਤੇ ਹਥਿਆਰਾਂ ਨੂੰ ਪਾਰ ਲਿਜਾਂਦੇ ਰਹੇ। ਸੋਮਾ ਅਖ਼ੀਰ ਵਿਚ ਪਾਰ ਹੋਇਆ ਤੇ ਕੁੜੀਆਂ ਵੱਲ ਮੂੰਹ ਕਰ ਕੇ ਬੋਲਿਆ,
"ਸੁਣੋ ਕੁੜੀਓ! ਤੈਰਨਾ ਸਿੱਖ। ਸੌਖੇ ਰਾਹ ਨਾ ਲੱਭਿਆ ਕਰੋ! ਲੜਾਈ ਵਿਚ ਉਹ ਤੁਹਾਨੂੰ ਆਸਾਨ ਰਸਤਿਓਂ ਨਿਕਲ ਜਾਣ ਦਾ ਮੌਕਾ ਦੇਣ ਲਈ ਗੋਲੀ ਚਲਾਉਣੀ ਬੰਦ ਨਹੀਂ ਕਰਦੇ। ਤੇਰਨਾ ਨਾ ਆਵੇ ਤਾਂ ਦਰਿਆ ਗੁਰੀਲੇ ਦਾ ਦੁਸ਼ਮਣ, ਆਉਂਦਾ ਹੋਵੇ ਤਾਂ ਦੋਸਤ।"
ਉਸ ਦੀ ਗੱਲ ਸੁਣ ਕੇ ਉਸ ਦੇ ਦਸਤੇ ਦੀਆਂ ਪੰਜੇ ਕੁੜੀਆਂ ਹੱਸ ਪਈਆਂ।
ਰਾਤ ਦਾ ਡੇਰਾ ਪਰਲੇ ਪਾਰ ਹੀ ਲਾ ਲਿਆ ਗਿਆ। ਨੇੜਲੇ ਪਿੰਡ ਰਾਸ਼ਨ ਆ ਗਿਆ। ਮੱਛੀ, ਨੂਕਾ ਤੇ ਕੇਕੜੇ ਦੀ ਚਟਨੀ। ਜੰਗਲ ਵਿਚ ਇਸ ਤੋਂ ਵਧੀਆ ਤੇ ਸਵਾਦੀ ਭੋਜਨ ਹੋਰ ਕੋਈ ਨਹੀਂ।
ਕੁੜੀਆਂ ਕਾਰਨ ਉਹਨਾਂ ਨੂੰ ਹਰ ਵਾਰ ਉਹੀ ਰਸਤਾ ਲੈਣਾ ਪੈਂਦਾ ਹੈ ਜਿੱਥੇ ਨਦੀ
ਦਾ ਪਾਣੀ ਸਭ ਤੋਂ ਘੱਟ ਹੋਵੇ। ਕਈ ਵਾਰ ਇਸ ਦਾ ਮਤਲਬ ਹੁੰਦਾ ਹੈ ਕਈ ਘੰਟੇ ਦਾ ਵਾਧੂ ਸਫ਼ਰ। ਤਾਲਪੋਰ (ਤੇਲਗੂ ਨਾਂਅ : 'ਚਿੰਤਾ') ਨਦੀ ਕਈ ਥਾਵਾਂ ਤੋਂ ਬਹੁਤ ਡੂੰਘੀ ਹੈ, ਪਰ ਇਹੀ ਥਾਵਾਂ ਸਭ ਤੋਂ ਸੁਰੱਖਿਅਤ ਵੀ ਨੇ। ਸੋਮਾ ਚਾਹੁੰਦੇ ਕਿ ਰੱਸੇ ਦੀ ਵੀ ਜ਼ਰੂਰਤ ਨਾ ਪਵੇ। ਹਰ ਕੋਈ ਸਿਰ ਉੱਤੇ ਕਿੱਟ ਤੇ ਬੰਦੂਕ ਬੰਨ੍ਹ ਕੇ ਪਾਰ ਨਿਕਲ ਸਕਣ ਦੀ ਜਾਚ ਸਿੱਖੇ। ਗੋਦਾਵਰੀ ਦੇ ਇਲਾਕੇ ਵਿਚ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ। ਕੀ ਪਤਾ ਕਿਹੜੀ ਟੁਕੜੀ ਕਦੋਂ ਕਿਸ ਪਾਸੇ ਰਵਾਨਾ ਕਰਨੀ ਪੈ ਜਾਵੇ।
ਸੋਮਾ ਵਾਰੰਗਲ ਤੋਂ ਬਦਲ ਕੇ ਆਇਆ ਹੈ ਜਿੱਥੇ ਉਂਗਲ ਨੂੰ ਹਮੇਸ਼ਾਂ ਘੋੜੇ ਉੱਤੇ ਹੀ ਰੱਖਣਾ ਪੈਂਦਾ ਹੈ। ਓਥੇ ਬੰਦੂਕ ਮੋਢੇ ਉੱਪਰ ਨਹੀਂ ਲਟਕਾਈ ਜਾਂਦੀ। ਐਨਾ ਵੀ ਵਕਤ ਨਹੀਂ ਮਿਲਦਾ ਕਿ ਤੁਸੀਂ ਬੰਦੂਕ ਨੂੰ ਮੋਢੇ ਤੋਂ ਉਤਾਰ ਕੇ ਸਿੱਧਾ ਕਰ ਸਕੇ। ਤੁਸੀਂ ਚੌਕਸੀ ਤੋਂ ਉੱਕੇ ਨਹੀਂ ਕਿ ਨਿਸ਼ਾਨਾ ਬਣ ਜਾਣ ਦਾ ਖ਼ਤਰਾ ਸਹੇੜਿਆ ਨਹੀਂ। ਬਸਤਰ ਵਿਚਲੀ ਹਾਲਤ ਸੁਖਾਵੀਂ ਹੈ। ਸੜਕਾਂ ਦਾ ਜਾਲ ਨਹੀਂ, ਮੰਡੀ ਨਾਲ ਡੂੰਘਾ ਰਿਸ਼ਤਾ ਨਹੀਂ, ਬਾਹਰਲੀ ਆਮਦੇ-ਰਫ਼ਤ ਨਹੀਂ ਦੁਸ਼ਮਣ ਦੀ ਦਨਦਨਾਉਂਦੀ ਗਸ਼ਤ ਨਹੀਂ। ਏਥੇ ਗੁਰੀਲੇ ਸਵੈ-ਨਿਰਭਰ ਆਰਥਕਤਾ ਉਸਾਰਨ ਦੇ ਯਤਨਾਂ ਵਿਚ ਹਨ। ਜਦੋਂ ਇਹ ਸਥਿੱਤੀ ਹੋਂਦ ਵਿਚ ਆ ਗਈ ਤਾਂ ਦੁਸ਼ਮਣ ਨੂੰ ਵੀ ਡਾਹਢੀ ਤਕਲੀਫ਼ ਹੋਵੇਗੀ ਅਤੇ ਗੁਰੀਲੇ ਵੀ ਜ਼ੋਰਦਾਰ ਤਾਕਤ ਬਣ ਕੇ ਉੱਭਰ ਆਉਣਗੇ। ਅਜੇ ਇਹ ਇਲਾਕੇ ਗੁਰੀਲਾ ਆਧਾਰ ਇਲਾਕਿਆਂ ਦੀ ਪੱਧਰ ਦੇ ਨਜ਼ਦੀਕ ਹੀ ਪਹੁੰਚੇ ਹਨ।
ਸੋਮਾ ਫ਼ੌਜੀ ਟਰੇਨਿੰਗ ਅਤੇ ਵਿਕਾਸ ਕੰਮਾਂ, ਦੋਵਾਂ ਉੱਤੇ ਹੀ ਜ਼ੋਰ ਲਗਾ ਰਿਹਾ ਹੈ। ਉਸ ਦਾ ਦਸਤਾ ਜਿਸ ਰਸਤਿਓਂ ਵੀ ਲੰਘਦਾ ਹੈ ਆਪਣੇ ਨਿਸ਼ਾਨ ਮੇਸਦਾ ਜਾਂਦਾ ਹੈ। ਨੰਗੀ ਜ਼ਮੀਨ ਨਾਲੋਂ ਉਹ ਘਾਹ ਉੱਤੇ ਚੱਲਣ ਨੂੰ ਤਰਜੀਹ ਦੇਂਦੇ ਹਨ। ਉਸ ਦੇ ਦਸਤੇ ਨੂੰ ਚਾਹ ਮਿਲੇ ਨਾ ਮਿਲੇ ਪਰ ਰੋਜ਼ ਸਵੇਰੇ ਛਲੇ, ਮਟਰ ਤੇ ਮੂੰਗਫਲੀ ਜ਼ਰੂਰ ਮਿਲਦੀ ਹੈ। ਉਹ ਕਹਿੰਦਾ ਹੈ ਕਿ 'ਚਾਹ ਦਾ ਕੀ ਹੈ? ਚੰਗਾ ਹੈ ਕਿ ਦੁੱਧ ਨੂੰ ਬਿਮਾਰਾਂ ਵਾਸਤੇ ਬਚਾਅ ਕੇ ਰੱਖਿਆ ਜਾਵੇ। ਆਪਣੇ ਦਸਤੇ ਵਿਚ ਉਹ ਕਦੇ ਕਿਸੇ ਨੂੰ ਮਲੇਰੀਆ ਨਹੀਂ ਹੋਣ ਦੇਂਦਾ।
"ਮਲੇਰੀਏ ਦਾ ਮਤਲਬ ਹੈ ਗੁਰੀਲੇ ਨੂੰ ਸੱਤ ਦਿਨਾਂ ਵਾਸਤੇ ਨਕਾਰਾ ਕਰ ਦੇਣਾ ਤੇ ਮੱਛਰ ਦੀ ਪੂਜਾ ਕਰਨਾ। ਇਹ ਵੀ ਕੋਈ ਬਿਮਾਰੀ ਹੈ ਜਿਹੜੀ ਸਾਡੀ ਤਾਕਤ ਨੂੰ ਖਾਂਦੀ ਰਹੇ," ਉਹ ਕਹਿੰਦਾ ਹੈ। ਦਸਤੇ ਵਿਚ ਉਹ ਬਾਕਾਇਦਾ ਮਲੋਰੀਆ ਪ੍ਰੀਵੇਟਿਵ ਡੋਜ਼ (ਮਲੇਰੀਆ ਰੋਕੂ ਦਵਾਈ ਦੀ ਖ਼ੁਰਾਕ) ਤਕਸੀਮ ਕਰਦਾ ਹੈ।
ਸ਼ਾਮ ਨੂੰ ਅਸੀਂ ਜਿਸ ਪਿੰਡ ਪਹੁੰਚੇ ਉਸ ਪਿੱਛੇ ਗੁੱੜੇਮ ਲੱਗਦਾ ਸੀ। ਬਾਦ 'ਚ ਮੈਨੂੰ ਪਤਾ ਲੱਗਿਆ ਕਿ ਉਸ ਇਲਾਕੇ ਵਿਚ ਹਰ ਪਿੰਡ ਪਿੱਛੇ ਹੀ ਗੁੱੜੇਮ ਲੱਗਾ ਹੋਇਆ ਸੀ। ਕਾਲ ਗੁੱੜੇਮ, ਪੇਰ ਗੁੱੜੇਮ, ਰਾਜ ਗੁੱੜੇਮ, ਵਗੈਰਾ। ਸੋਮਾ ਤਕਰੀਬਨ ਹਰ ਘਰ ਵਿਚ ਗਿਆ।
"ਕੀ ਹਾਲ ਏ ਵਿੜਮੇ ਮੜੀਅਮ?"
"ਕੀ ਹਾਲ ਈ ਮਾਸੇ ਮਡਕਮ?"
ਉਹ ਘਰ ਅੰਦਰ ਜਾਂਦਾ। ਬੱਚਿਆਂ ਨੂੰ ਮੋਢਿਆਂ 'ਤੇ ਚੁੱਕਦਾ। ਮੁਰਗੀਆਂ ਦੇ ਖੋਲੇ ਵਿਚ ਨਜ਼ਰ ਮਾਰਦਾ। ਬੱਕਰੀਆਂ ਨੂੰ ਥਪਥਪਾਉਂਦਾ। ਜਦ ਉਹ ਇੜਮੇ ਦੇ ਵਿਹੜੇ ਵਿਚ ਦਾਖ਼ਲ ਹੋਇਆ ਤਾਂ ਉਹ ਬਰਤਨ ਮਾਂਜ ਕੇ ਹਟੀ ਸੀ। ਗਾਗਰ ਚੁੱਕ ਕੇ ਉਹ ਨਲਕੇ
ਤੋਂ ਪਾਣੀ ਲੈਣ ਤੁਰੀ ਤਾਂ ਸੋਮਾ ਨੇ ਉਸ ਤੋਂ ਗਾਗਰ ਲੈ ਲਈ।
"ਮੁੰਡੇ ਕਿੱਥੇ ਈ?"
"ਵੱਡਾ ਸ਼ਿਕਾਰ ਨੂੰ ਗਿਐ ਤੇ ਛੋਟਾ ਉਹ ਫਿਰਦੇ," ਉਸ ਨੇ ਵਿਹੜੇ ਤੋਂ ਪਾਰ ਖੜ੍ਹੇ ਨਿੱਕੇ ਵੱਲ ਉਂਗਲ ਕੀਤੀ।
"ਉਹਨੂੰ ਕਿਓਂ ਨਹੀਂ ਕਹਿੰਦੀ ਪਾਣੀ ਲਿਆ ਦੇਵੇ?"
"ਉਹ ਕਿੱਥੇ ਕਰਦੇ ਨੇ ਅਜਿਹਾ ਕੰਮ। ਤਾੜੀ ਵਾਸਤੇ 'ਸਮਾਨੀ ਚੜ੍ਹ ਜਾਣਗੇ। ਗਾਵਾਂ ਚਰਾ ਲਿਆਉਣਗੇ, ਪਰ ਪਾਣੀ ਨਹੀਂ ਦੇਣਗੇ।" ਇੜਮੇ ਬੋਲੀ।
ਸੋਮਨਾ ਨੇ ਛੋਟੇ ਨੂੰ ਸੈਨਤ ਨਾਲ ਬੁਲਾਇਆ ਤੇ ਗਾਗਰ ਉਸ ਦੇ ਹੱਥ ਫੜਾ ਦਿੱਤੀ।
"ਭੱਜ ਕੇ ਪਾਣੀ ਲੈ ਆ," ਉਸ ਨੇ ਕਿਹਾ।
ਇੜਮੇ ਮਹਿਲਾ ਸੰਘ ਦੀ ਕਾਰਕੁੰਨ ਹੈ। ਕੋਸਾ, ਉਸ ਦਾ ਵੱਡਾ ਪੁੱਤਰ, ਪਿੰਡ ਮਿਲੀਸ਼ੀਏ ਦਾ ਮੈਂਬਰ ਹੈ। ਉਹ ਚੰਗਾ ਤੀਰ-ਅੰਦਾਜ਼ ਹੈ। ਕੋਸਾ ਯਾਰਾਂ-ਬੋਲੀਆਂ ਨਾਲ ਸ਼ਿਕਾਰ ਨੂੰ ਗਿਆ ਹੋਇਆ ਸੀ। ਉਸ ਨੂੰ ਦਸਤੇ ਦੇ ਆਉਣ ਦਾ ਪਤਾ ਲੱਗ ਗਿਆ ਹੋਵੇਗਾ, ਸੇ ਸੋਮਨਾ ਨੂੰ ਉਸ ਦੇ ਜਲਦੀ ਪਰਤ ਆਉਣ ਦੀ ਆਸ ਸੀ।
ਮਿਲੀਸ਼ੀਏ ਦੇ ਦਸਤੇ ਤਕਰੀਬਨ ਹਰ ਪਿੰਡ ਵਿਚ ਹੀ ਮੌਜੂਦ ਹਨ। ਸੋਮਨਾ ਜਲਦੀ ਹੀ ਹੋਰ ਗੁਰੀਲਾ ਦਸਤੇ ਖੜ੍ਹੇ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਪੁਰਾਣੇ ਦਸਤੇ ਨੂੰ ਕਿਸੇ ਹੋਰ ਇਲਾਕੇ ਵੱਲ ਰਵਾਨਾ ਕਰ ਦਿੱਤਾ ਜਾਵੇਗਾ, ਏਥੋਂ ਦੀ ਸੁਰੱਖਿਆ ਦਾ ਕੰਮ ਨਵੇਂ ਦਸਤੇ ਨੂੰ ਸੌਂਪ ਦਿੱਤਾ ਜਾਵੇਗਾ।
"ਬੱਸ, ਇਕ ਘਾਟ ਹੈ ਕਿ ਸਾਡੇ ਕੋਲ ਲੜੀਂਦੇ ਹਥਿਆਰ ਨਹੀਂ। ਜਿਵੇਂ ਜਿਵੇਂ ਇਹ ਜ਼ਰੂਰਤ ਪੂਰੀ ਹੁੰਦੀ ਗਈ ਅਸੀਂ ਦਸਤੇ ਉਸਾਰਦੇ ਜਾਵਾਂਗੇ," ਉਹ ਕਹਿੰਦਾ ਹੈ।
ਉਹਨਾਂ ਵਾਸਤੇ ਕਮਾਂਡਰ ਵੀ ਚਾਹੀਦੇ ਹਨ। ਸੋਮਨਾ ਨੂੰ ਯਕੀਨ ਹੈ ਕਿ ਕਮਾਂਡਰ ਆਪਣੇ ਆਪ ਉੱਭਰਦੇ ਆਉਣਗੇ।
ਇੜਮੇ ਤੋਂ ਰੁਖ਼ਸਤ ਲੈ ਕੇ ਉਸ ਨੇ ਸਾਰੇ ਪਿੰਡ ਦਾ ਤੂਫ਼ਾਨੀ ਚੱਕਰ ਲਗਾਇਆ। ਰਾਤ ਨੂੰ ਸਾਰੇ ਸੰਘਾਂ ਦੀਆਂ ਵੱਖ ਵੱਖ ਬੇਠਕਾਂ ਬੁਲਾਈਆਂ। ਸਵੇਰੇ ਸਾਰੇ ਪਿੰਡ ਦੀ ਆਮ ਸਭਾ ਵਿਚ ਪਿੰਡ ਦੇ ਮਾਮਲੇ ਵਿਚਾਰੇ। ਸੋਮਨਾ ਨੂੰ ਵੀ ਉਸੇ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸੀ ਜਿਵੇਂ ਰਾਜੇਸ਼ ਨੂੰ ਸੀ। ਕੋਸਾ ਤੇ ਉਸਦੇ ਦੋਸਤ ਸ਼ਾਮ ਨੂੰ ਸੂਰ ਦਾ ਸ਼ਿਕਾਰ ਕਰ ਲਿਆਏ ਸਨ, ਸੋ ਰਾਤ ਦਾ ਖਾਣਾ ਵਿਸ਼ੇਸ਼ ਦਾਅਵਤ ਬਣ ਗਈ।
ਮਿਲੀਸ਼ੀਏ ਦੇ ਮੈਂਬਰ ਰਾਤ ਭਰ ਦਸਤੇ ਦੇ ਨਾਲ ਰਹੇ ਸਨ। ਸੋਮਨਾ ਦੇਰ ਤਕ ਉਹਨਾਂ ਨਾਲ ਗੱਲਾ ਕਰਦਾ ਰਿਹਾ।
ਸਵੇਰੇ ਤੜਕਸਾਰ ਉਸ ਨੇ ਕੂਚ ਦਾ ਫ਼ੈਸਲਾ ਲੈ ਲਿਆ। ਹਰ ਕਿਸੇ ਨੂੰ ਪੰਜ ਮਿੰਟ ਦਾ ਸਮਾਂ ਦਿੱਤਾ ਗਿਆ ਕਿ ਉਹ ਤਿਆਰ ਹੋ ਜਾਵੇ ਤੇ ਹਾਜ਼ਰੀ ਦੇਵੇ। ਬਟ ਪਾਉਣ ਤੇ ਝਿੱਲੀ ਝਾੜ ਕੇ ਤਹਿ ਕਰਨ ਲਈ ਤਿੰਨ ਹੀ ਮਿੰਟ ਕਾਫ਼ੀ ਸਨ। ਪੰਜ ਮਿੰਟ ਹੋਣ ਤੱਕ ਹਰ ਕੋਈ ਲਾਈਨ ਵਿਚ ਲੱਗ ਚੁੱਕਾ ਸੀ। ਬਕਾਇਦਾ ਕੁਚ ਤੋਂ ਕਈ ਮਿੰਟ ਪਹਿਲਾਂ ਉਸਨੇ ਸਕਾਊਟ ਟੀਮ ਨੂੰ ਤੋਰ ਦਿਤਾ। ਓਨੇ ਹੀ ਸਮੇਂ ਦੀ ਵਿੱਥ ਉਤੇ ਰੀਅਰਗਾਰਡ ਨੂੰ ਚੱਲਣ ਦਾ ਹੁਕਮ ਦੇਕੇ ਉਸ ਨੇ ਕੂਚ ਸ਼ੁਰੂ ਕਰਵਾ ਦਿੱਤਾ।
"ਜ਼ਾਬਤਾ ਰੋਮਨ ਫ਼ੌਜ ਵਰਗਾ ਚਾਹੀਦਾ ਹੈ, ਲੜਾਕੂਪਨ ਸਪਾਰਟਾਕਸ ਦੀ ਫ਼ੌਜ ਵਰਗਾ," ਉਸ ਨੇ ਕਿਹਾ। ਨਾਲ ਲਗਦਾ ਖੇਤਰ ਉੱਤਰੀ ਤੇਲੰਗਾਨਾ ਦਾ ਸੀ ਜਿਸ
ਕਾਰਨ ਸੋਮਨਾ ਅਚਾਨਕ ਹਮਲੇ ਦਾ ਕੋਈ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ।
ਸਵੇਰ ਦੀ ਠੰਡੀ ਠੰਡੀ ਹਵਾ ਵਿਚ ਕੋਈ ਚਾਰ ਕਿਲੋਮੀਟਰ ਤੁਰਨ ਤੋਂ ਬਾਦ ਅਸੀਂ ਰੁਕੇ। ਜਦ ਤੇਅ-ਸ਼ੁਦਾ ਥਾਂ ਉੱਪਰ ਅਸੀਂ ਪਹੁੰਚੇ ਤਾਂ ਸਕਾਉਟ ਟੀਮ ਓਥੇ ਨਹੀਂ ਸੀ। ਉਹ ਦੂਰ ਤੱਕ ਦਾ ਚੱਕਰ ਲਗਾ ਕੇ ਕਾਫ਼ੀ ਚਿਰ ਪਿੱਛੋਂ ਮੁੜੀ। ਅਸੀਂ ਘੋੜੇ ਦੇ ਖੁਰ ਦੀ ਸ਼ਕਲ ਵਿਚ ਡੇਰਾ ਲਗਾ ਲਿਆ। ਸ਼ਾਮ ਨੂੰ ਇਕ ਹੋਰ ਦਸਤਾ ਓਥੇ ਪਹੁੰਚਿਆ ਤਾਂ ਖੁਰ ਦੀ ਫਾਰਮੇਸ਼ਨ ਨੂੰ ਗੋਲ ਦਾਇਰੇ ਵਿਚ ਬਦਲ ਦਿੱਤਾ ਗਿਆ। ਹੁਣ ਚਾਰੇ ਪਾਸੇ "ਕਵਰ" ਕਰ ਲਏ ਗਏ ਸਨ। ਰਾਤ ਪਈ ਤਾਂ ਫੇਰ ਕੂਚ ਦਾ ਹੁਕਮ ਹੋ ਗਿਆ। ਰਾਤ ਦੇ ਹਨੇਰੇ ਵਿਚ ਬੱਤੀ ਤੇਤੀ ਜਣਿਆਂ ਦਾ ਇਕੋ ਲਾਈਨ ਵਿਚ ਗੁਜ਼ਰਨਾ ਆਸਾਨ ਕੰਮ ਨਹੀਂ ਸੀ। ਕਦੇ ਕਿਤੇ ਰੁਕਾਵਟ ਆਣ ਪੈਂਦੀ, ਕਦੇ ਕਿਤੇ। ਸਕਾਉਟ ਟੀਮ ਤੋਂ ਬਿਨਾਂ ਕਿਸੇ ਨੂੰ ਵੀ ਟਾਰਚ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਸੀ। ਜਿੱਥੇ ਕਿਤੇ ਕਿਸੇ ਨੂੰ ਰੁਕਾਵਟ ਪੈਂਦੀ ਇਹ ਕੰਮ ਉਸਦੇ ਅੱਗੜ ਪਿੱਛੜ ਚੱਲਣ ਵਾਲਿਆਂ ਦਾ ਹੁੰਦਾ ਕਿ ਉਹ ਸਮੱਸਿਆ ਨੂੰ ਨਜਿੱਠਣ। ਕਿਤੇ ਵੀ ਜਮਘਟਾ ਇਕੱਠਾ ਨਹੀਂ ਸੀ ਹੁੰਦਾ, ਬਾਕੀ ਦੀ ਫਾਰਮੇਸ਼ਨ ਆਪਣੀ ਥਾਵੇਂ ਖੜ੍ਹ ਕੇ ਮੁੜ ਤੁਰਨ ਦਾ ਇੰਤਜ਼ਾਰ ਕਰਦੀ।
ਉਸ ਰਾਤ ਅਸੀਂ ਕਈ ਖੇਤਲਾਂ ਕੋਲੋਂ ਲੰਘੇ। ਖੇਤਾਂ ਦੀ ਰਾਖੀ ਕਰਦੇ ਲੋਕ ਜਾਗ ਰਹੇ ਸਨ ਪਰ ਅਸੀਂ ਕਿਤੇ ਵੀ ਨਾ ਰੁਕੇ। ਲੋਕਾਂ ਵਲੋਂ ਵੀ ਕਿਸੇ ਕਿਸਮ ਦੀ ਹਿਲਜੁਲ ਜਾਂ ਸ਼ੇਰ-ਸ਼ਰਾਬਾ ਨਾ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਕੌਣ ਜਾ ਰਿਹਾ ਹੈ ਅਤੇ ਦਸਤੇ ਨੂੰ ਪਤਾ ਸੀ ਕਿ ਕਿਹੜਾ ਖੇਤੁਲ ਕਿਸ ਪਰਿਵਾਰ ਦਾ ਹੈ। ਰਸਤੇ ਵਿਚ ਇਕ ਛੋਟਾ ਜਿਹਾ ਪਿੰਡ ਵੀ ਆਇਆ ਸੀ। ਓਥੇ ਕੁਝ ਦੇਰ ਰੁਕ ਕੇ ਸੋਮੇਨਾ ਨੇ ਪਿੰਡ ਦੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਆਪਣਾ ਰੂਟ ਬਦਲ ਲਿਆ ਸੀ।
ਕੋਈ ਦੋ ਦਿਨ ਪਹਿਲਾਂ ਉਸ ਪਿੰਡ ਕੋਲੋਂ ਪੁਲਿਸ ਦੀ ਇਕ ਵੱਡੀ ਗਸ਼ਤੀ ਟੁਕੜੀ ਲੰਘੀ ਸੀ ਜਿਹੜੀ ਅਜੇ ਤੱਕ ਵਾਪਸ ਨਹੀਂ ਸੀ ਮੁੜੀ। ਦਸਤਾ ਪਿੰਡ ਪਾਰ ਦੇ ਨਾਲੇ ਦੋ ਹਿਠਾੜ ਵੱਲ ਜਾਣ ਦੀ ਬਜਾਏ ਉਤਾੜ ਵੱਲ ਹੋ ਗਿਆ। ਰਾਤ ਦਾ ਡੇਰਾ ਪਿੰਡ ਤੋਂ ਇਕ ਘੰਟੇ ਦੇ ਫ਼ਾਸਲੇ ਉੱਤੇ ਪਾਇਆ ਗਿਆ। ਕਿਸੇ ਨੇ ਵੀ ਝਿੱਲੀ ਨਹੀਂ ਵਿਛਾਈ। ਬਕਾਵਟ ਦੇ ਬਾਵਜੂਦ ਵੀ ਹਰ ਕੋਈ ਆਪਣੀ ਕਿੱਟ ਨਾਲ ਢੋਅ ਲਾ ਕੇ ਅੱਧ-ਲੇਟੀ ਹਾਲਤ ਵਿਚ ਪਿਆ। ਡੇਰੇ ਦੇ ਆਲੇ ਦੁਆਲੇ ਸਾਰੀ ਰਾਤ ਗਸ਼ਤ ਚੱਲਦੀ ਰਹੀ।
ਸਵੇਰੇ ਅਜੇ ਮੁੰਹ-ਹਨੇਰਾ ਹੀ ਸੀ ਕਿ ਬਿਨਾਂ ਵਿਸਲ ਕੀਤੇ ਹਰ ਕਿਸੇ ਨੂੰ ਜਗਾ ਦਿੱਤਾ ਗਿਆ। ਹਰ ਕੋਈ ਆਪਣੇ ਆਪਣੇ ਕਵਰ ਵਿਚ ਇਸ ਤਰ੍ਹਾਂ ਖੜ੍ਹਾ ਹੋ ਗਿਆ ਜਿਵੇਂ ਮੋਰਚਾ ਮੱਲੀਦਾ ਹੈ। ਗਸ਼ਤ ਕਰ ਰਹੀ ਇਕ ਟੁਕੜੀ ਖ਼ਬਰ ਲੈ ਕੇ ਆਈ ਸੀ ਕਿ ਪੁਲਿਸ ਦਲ ਥੋੜੇ ਹੀ ਫ਼ਾਸਲੇ ਉੱਤੇ ਜੰਗਲ ਵਿਚੋਂ ਗੁਜ਼ਰ ਰਿਹਾ ਹੈ। ਪੁਲਿਸ ਆਪਣੀ ਗਸ਼ਤ ਤੋਂ ਵਾਪਸ ਪਰਤ ਰਹੀ ਸੀ। ਉਸ ਨੇ ਉਹ ਰਸਤਾ ਨਹੀਂ ਲਿਆ ਜਿਸ ਨਾਲ ਦੋਵੇਂ ਧਿਰਾਂ ਆਹਮਣੇ ਸਾਹਮਣੇ ਹੋ ਜਾਂਦੀਆਂ।
"ਜੇ ਸਾਨੂੰ ਪਹਿਲਾਂ ਖ਼ਬਰ ਹੋ ਗਈ ਹੁੰਦੀ," ਸੋਮਨਾ ਹੌਲੀ ਜਿਹੀ ਬੋਲਿਆ।
"ਘਾਤ ਤਾਂ ਹੁਣ ਵੀ ਲੱਗ ਸਕਦੀ ਹੈ," ਕਿਸੇ ਹੋਰ ਦੀ ਆਵਾਜ਼ ਆਈ।
"ਦੇਰ ਹੋ ਚੁੱਕੀ ਹੈ," ਸੋਮੁੰਨਾ ਨੇ ਜਵਾਬ ਦਿੱਤਾ।
ਜਦ ਦੂਸਰੀਆਂ ਦੇ ਟੁਕੜੀਆਂ ਗਸ਼ਤ ਤੋਂ ਮੁੜੀਆਂ ਤਾਂ ਉਹਨਾਂ ਮੁਤਾਬਕ ਇਲਾਕੇ ਵਿਚ ਕੋਈ ਵੀ ਅਜੀਬ ਤਰ੍ਹਾਂ ਦੀ ਨਕਲੋ-ਹਰਕਤ ਮੌਜੂਦ ਨਹੀਂ ਸੀ। ਸੋਮਨਾ ਨੇ ਸਿੱਟਾ
ਕੱਢਿਆ ਕਿ ਕੋਈ ਵੱਡਾ ਪੁਲਿਸ ਓਪਰੇਸ਼ਨ ਨਹੀਂ ਸੀ ਚੱਲ ਰਿਹਾ। ਪੁਲਿਸ ਨੇ ਦੋ ਸਾਲ ਦੇ ਅਰਸੇ ਬਾਦ ਇਸ ਇਲਾਕੇ ਵਿਚ ਇਸ ਤਰ੍ਹਾਂ ਦਾ ਚੱਕਰ ਲਗਾਇਆ ਸੀ ਜਿਸ ਦਾ ਮਤਲਬ ਸੀ ਕਿ ਉਹ ਫਿਰ ਅਜਿਹਾ ਕਰੇਗੀ। ਜੀਪਾਂ ਦੀ ਵਰਤੋਂ ਪੁਲਿਸ ਨੇ ਬੰਦ ਕਰ ਦਿੱਤੀ ਹੋਈ ਸੀ। ਕਦੇ ਕਦੇ ਉਹ ਭਾਰੀ ਨਫ਼ਰੀ ਨਾਲ ਇਕ ਪੁਲਿਸ ਸਟੇਸ਼ਨ ਤੋਂ ਦੁਸਰੇ ਤਕ ਮਾਰਚ ਕਰਦੀ ਸੀ। ਪਰ ਇਸ ਵਾਰ ਉਹਨਾਂ ਨੇ ਜੰਗਲ ਵਿਚ ਡੂੰਘੇ ਘੁਸ ਆਉਣ ਦਾ ਹੀਆ ਕੀਤਾ ਸੀ। ਸੋਮਨਾ ਨੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਇਕ ਸੰਕੇਤ ਵਜੋਂ ਲਿਆ।
"ਬੁਰੀ ਗੱਲ ਇਹ ਹੈ ਕਿ ਉਹਨਾਂ ਦੀ ਅਜਿਹਾ ਕਰਨ ਦੀ ਹਿੰਮਤ ਪਈ ਹੈ। ਚੰਗੀ ਇਹ ਹੈ ਕਿ ਉਹ ਹੋਰ ਵੀ ਡੂੰਘਾ ਘੁਸਣਗੇ ਤੇ ਇਸ ਤਰ੍ਹਾਂ ਮੌਕਾ ਦੇਣਗੇ।"
ਸੋਮੰਨਾ ਪੁਲਿਸ ਦਾ ਡੂੰਘੇ ਜੰਗਲ ਵਿਚ ਦਾਖ਼ਲਾ ਹੀ ਨਹੀਂ ਬੰਦ ਕਰਵਾਉਣਾ ਚਾਹੁੰਦਾ ਸਗੋਂ ਠਾਣੇ ਤੋਂ ਠਾਣੇ ਤੱਕ ਦੇ ਮਾਰਚ ਨੂੰ ਵੀ ਰੋਕਣਾ ਚਾਹੁੰਦਾ ਹੈ। ਪੁਲਿਸ ਦੀ ਇਸ ਗਸ਼ਤ ਨੇ ਗੁਗੋਲਿਆਂ ਦੇ ਸੂਚਨਾ ਤਾਣੇ-ਬਾਣੇ ਵਿਚਲੀਆਂ ਤਰੁੱਟੀਆਂ ਪ੍ਰਤੀ ਉਂਗਲ ਉਠਾ ਦਿੱਤੀ ਸੀ।
ਉਸ ਦਿਨ ਜੰਗਲ ਵਿਚ ਅਸੀਂ ਕਿਤੇ ਵੀ ਜ਼ਿਆਦਾ ਸਮਾਂ ਨਹੀਂ ਟਿਕੇ। ਅਗਲੀ ਰਾਤ ਵੀ ਪਹਿਲੀ ਰਾਤ ਵਰਗੀ ਚੌਕਸੀ ਬਰਕਰਾਰ ਰਹੀ। ਤੀਸਰੇ ਦਿਨ ਅਗਲ-ਬਗਲ ਦੇ ਕਈ ਪਿੰਡਾਂ ਦੇ ਮਿਲੀਸ਼ੀਆ ਦਸਤਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਸੋਮਨਾ ਚਿਹਰੇ ਉੱਤੇ ਤਸੱਲੀ ਦੇ ਭਾਵ ਲੈ ਕੇ ਉਸ ਮੀਟਿੰਗ ਚੋਂ ਬਾਹਰ ਆਇਆ। ਸ਼ਾਇਦ ਅਗਲੀ ਵਾਰ ਉਹਨਾਂ ਦਾ ਸੂਚਨਾ ਕੇਂਦਰ ਬਿਹਤਰ ਕਾਰਗੁਜ਼ਾਰੀ ਦਿਖਾਵੇ!
ਸੋਮੰਨਾ ਦਾ ਦਸਤਾ ਪਹਿਲਾਂ ਦੇ ਸਾਰੇ ਦਸਤਿਆਂ ਨਾਲੋਂ ਮੈਨੂੰ ਵੱਧ ਗਤੀਸ਼ੀਲ ਮਹਿਸੂਸ ਹੋਇਆ। ਉਸਦੀ ਇਕ ਵਿਸ਼ੇਸ਼ਤਾਈ ਇਹ ਸੀ ਕਿ ਹੋਰਨਾਂ ਵਾਂਗ ਭਾਵੇਂ ਉਹ ਜੰਗਲ ਵਿਚ ਹੀ ਟਿਕਦਾ ਸੀ ਪਰ ਉਹ ਹਰ ਪਿੰਡ ਕੋਲ ਰੁਕਦਾ ਤੇ ਓਥੋਂ ਦਾ ਹਾਲ ਪਤਾ ਕਰਦਾ।
ਇਕ ਦਿਨ ਇਕ ਖੇਤੁਲ ਵਿਚ ਬੈਠਿਆਂ ਉਸ ਨੇ ਪੁੱਛਿਆ, "ਜੰਗਲ ਕਿਹੋ ਜਿਹਾ ਲੱਗਾ?"
"ਵਧੀਆ, ਸਗੋਂ ਬਹੁਤ ਹੀ ਖੂਬਸੂਰਤ।"
"ਤੇ ਲੋਕ?"
"ਜੰਗਲ ਤੋਂ ਵੀ ਚੰਗੇ।''
"ਤੇ ਅਸੀਂ?"
ਉਸ ਦੇ "ਅਸੀਂ" ਵਿਚ ਬਹੁਤ ਕੁਝ ਆ ਜਾਂਦਾ ਸੀ। ਅਕੀਦੇ, ਰਹਿਣ-ਸਹਿਣ, ਬੋਲ-ਚਾਲ, ਅੋਕੜਾਂ, ਖ਼ੁਸ਼ੀਆਂ ਅਤੇ ਹੋਰ ਕਿੰਨਾ ਕੁਝ। ਉਸ ਦੇ ਸਵਾਲ ਦਾ ਜਵਾਬ ਓਨਾ ਸੰਖੇਪ ਨਹੀਂ ਸੀ ਹੋ ਸਕਦਾ ਜਿੰਨਾ ਸਵਾਲ ਸੀ। ਮੈਂ ਉਸ ਨੂੰ ਆਪਣੀ ਹਰ ਉਸ ਜਿਗਿਆਸਾ ਤੇ ਘੋਖ ਬਾਰੇ ਦੱਸਿਆ ਜਿਹੜੀ ਮੈਂ ਕਰਨ ਵਾਸਤੇ ਨਿਕਲਿਆ ਸਾਂ। ਫਿਰ ਉਸ ਨੇ ਕਿਹਾ:
"ਇਹ ਸਹੀ ਹੈ ਕਿ ਸਾਡੇ ਉੱਤੇ ਕੰਮਾਂ ਦਾ ਬਹੁਤ ਬੋਝ ਹੈ। ਸਾਨੂੰ ਹਾਲਤਾਂ ਦੀਆਂ
ਸੀਮਾਵਾਂ ਵਿਚ ਹੀ ਸਾਰਾ ਕੁਝ ਕਰਨਾ ਪੇ ਰਿਹਾ ਹੈ। ਜਿਸ ਸੀਮਾ ਨੂੰ ਅਸੀਂ ਤੋੜ ਸਕਦੇ ਹਾਂ, ਤੋੜ ਦੇਂਦੇ ਹਾਂ। ਅਸਲੀ ਗੱਲ ਇਹ ਹੈ ਕਿ ਏਥੇ ਅਸੀਂ ਸੀਮਾਵਾਂ ਨਾਲ ਹੀ ਲੜਦੇ ਹਾਂ। ਸ਼ਾਇਦ ਹਰ ਥਾਂ ਜ਼ਿੰਦਗੀ ਅਜਿਹੀ ਹੀ ਹੈ। ਤੁਸੀਂ ਇਕ ਰੁਕਾਵਟ ਦੂਰ ਕਰਦੇ ਹੋ ਤਾਂ ਦੂਸਰੀ ਖੜ੍ਹੀ ਹੋ ਜਾਂਦੀ ਹੈ। ਇਨਸਾਨ ਨੂੰ ਬਹੁਤ ਸਾਰੀਆਂ ਨਾਜਾਇਜ਼ ਰੁਕਾਵਟਾਂ ਨੇ ਬੰਨ੍ਹ ਮਾਰਿਆ ਹੋਇਆ ਹੈ। ਇਹਨਾਂ ਨੇ ਜ਼ਿੰਦਗੀ ਨੂੰ ਰੋਕ ਦਿੱਤਾ ਹੈ। ਅਸੀਂ ਇਹ ਰੁਕਾਵਟਾਂ ਦੂਰ ਕਰਕੇ ਇਨਸਾਨੀ ਜ਼ਿੰਦਗੀ ਵਾਸਤੇ ਰਾਹ ਖੋਲ੍ਹ ਦੇਣਾ ਚਾਹੁੰਦੇ ਹਾਂ।"
"ਤੂੰ ਇਸ ਵਿਚ ਪੂਰਾ ਮਜ਼ਾ ਲੈਂਦਾ ਹੈ। ਸ਼ਾਇਦ ਇਸੇ ਲਈ ਜ਼ਿੰਦਾ-ਦਿਲ ਹੈ।"
ਮੇਰੇ ਸ਼ਬਦਾਂ ਉੱਤੇ ਉਹ ਮੁਸਕਰਾ ਪਿਆ। ਉਸ ਦੇ ਸੁਭਾਅ ਵਿਚ ਰੁਕ ਜਾਣਾ ਸ਼ਾਮਲ ਨਹੀਂ ਸੀ। ਉਹ ਕਹਿੰਦਾ ਸੀ ਕਿ 'ਮੈਂ ਰੁਕਣਾ ਪਸੰਦ ਨਹੀਂ ਕਰਦਾ, ਮੈਂ ਰੁਕ ਨਹੀਂ ਸਕਦਾ। ਰੁਕਾਵਟਾਂ ਉਸ ਨੂੰ ਪ੍ਰੇਸ਼ਾਨ ਨਹੀਂ ਸਨ ਕਰਦੀਆਂ।
"ਪਰ ਬਸਤਰ ਦੀਆਂ ਨਦੀਆਂ ਵਾਂਗ ਹੀ ਤੁਹਾਡੀ ਗਤੀ ਵੀ ਮਸਤ ਹੈ। ਠਾਠਾਂ ਮਾਰਦੇ ਦਰਿਆਵਾਂ ਦੀ ਗਤੀ ਵਾਂਗ ਨਹੀਂ ਹੈ," ਮੈਂ ਉਸ ਨੂੰ ਕਿਹਾ।
"ਧੀਮੀ ਹੈ, ਕਿਉਂਕਿ ਅਸੀਂ ਬਹੁਤ ਪੁਰਾਣੇ ਯੁੱਗ ਤੋਂ ਚੀਜ਼ਾਂ ਨੂੰ ਉਠਾ ਰਹੇ ਹਾਂ। ਏਥੋਂ ਦੀ ਗਤੀ 'ਚੋਂ ਹੀ ਨਵੀਂ ਗਤੀ ਨੇ ਵਿਕਸਤ ਹੋਣੇ। ਅਸੀਂ ਕਾਹਲੀ ਨਹੀਂ ਕਰ ਸਕਦੇ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਏਥੋਂ ਦੇ ਬਾਸ਼ਿੰਦਿਆਂ ਨੂੰ ਛੇੜਿਆ ਨਾ ਜਾਵੇ ਅਤੇ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਜਿਵੇਂ ਦੇ ਉਹ ਹਨ। ਉਹ ਉਹਨਾਂ ਨੂੰ ਮਿਊਜ਼ੀਅਮ ਵਿਚ ਢਾਲ ਦੇਣਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਇਹਨਾਂ ਨੂੰ ਆਪਣੇ ਆਪ ਜੀਣ ਦਿਓ ਤੇ ਵਿਕਸਤ ਹੋਣ ਦਿਓ। ਕੀ ਸਰਮਾਏ ਦਾ ਹਮਲਾ ਏਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਵਿਚ ਚੱਲਣ ਦੇਵੇਗਾ? ਕਤੱਈ ਨਹੀਂ। ਨਾ ਰਾਇਪੁਰ ਇਸ ਦੀ ਇਜਾਜ਼ਤ ਦੇਵੇਗਾ, ਨਾ ਭੁਵਨੇਸ਼ਵਰ, ਨਾ ਰਾਂਚੀ, ਨਾ ਭੁਪਾਲ ਤੇ ਨਾ ਹੀ ਦਿੱਲੀ। ਇਹਨਾਂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਕਿਸ ਨੇ ਰਹਿਣ ਦਿੱਤਾ ਹੈ? ਬੇਲਾਡਿੱਲਾ ਨੇ ਕਿ ਟਾਟਾਨਗਰ ਨੇ? ਅਤੇ ਰਹਿਣ ਵੀ ਕੌਣ ਦੋਵੇਗਾ? ਸਰਦਾਰ ਸਰੋਵਰ ਪ੍ਰਾਜੈਕਟ ਕਿ ਸੰਸਾਰ ਬੈਂਕ, ਕਿ ਵਿਸ਼ਵੀਕਰਨ? ਨਾ ਪਹਿਲਾਂ ਅਜਿਹਾ ਸੀ, ਨਾ ਹੁਣ ਹੋਵੇਗਾ। ਅਸੀਂ ਵਿਕਾਸ ਵਾਸਤੇ ਨਵਾਂ ਰਸਤਾ ਖੋਹਲਣਾ ਚਾਹੁੰਦੇ ਹਾਂ, ਜਿਹੜਾ ਬਰਬਾਦ ਨਾ ਕਰੋ ਸਗੋਂ ਸਿਰਜਣਾ ਕਰਦਾ ਜਾਵੇ, ਜਿਸ ਵਿਚ ਲੁੱਟ-ਖਸੁੱਟ ਨਾ ਹੋਵੇ। ਇਸੇ ਲਈ ਸਾਨੂੰ ਦਿੱਲੀ ਉੱਤੇ ਕਦਮ ਰੱਖਣ ਦੀ ਜ਼ਰੂਰਤ ਹੈ।"
"ਸੋ, ਬੰਦੂਕ ਤੋਂ ਬਿਨਾ ਕੋਈ ਹੱਲ ਨਹੀਂ?"
"ਹੋ ਸਕਦਾ ਹੁੰਦਾ ਤਾਂ ਇਸ ਨੂੰ ਚੁੱਕਣ ਦੀ ਜ਼ਰੂਰਤ ਹੀ ਨਾ ਪੈਂਦੀ।"
ਅਲਵਿਦਾਈ
ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਹਫ਼ਤੇ ਦੇ ਦਿਨ ਸਨ। ਧੁੱਪ ਚੰਗੀ-ਚੰਗੀ ਲੱਗਣ ਲੱਗ ਪਈ ਸੀ। ਖੇਤੁਲ ਵਿਚੋਂ ਉੱਠ ਕੇ ਮੈਂ ਬਾਹਰ ਖੇਤਾਂ ਵਿਚ ਟਹਿਲਣ ਲੱਗ ਪਿਆ। ਜੰਗਲ ਵਿਚ ਵਿੱਚਰਦੇ ਨੂੰ ਮੈਨੂੰ ਦੋ ਮਹੀਨੇ ਪੂਰੇ ਹੋਣ ਵਾਲੇ ਸਨ। ਖੇਤੁਲ ਵਿਚ ਸੋਮਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਸਾਰਾ ਸਮਾਂ ਮੇਰੇ ਜ਼ਿਹਨ ਵਿਚ ਇਕ ਤੇਜ਼ ਰੀਲ ਵਾਂਗ ਘੁੰਮ ਗਿਆ। ਉਹ ਚੀਜ਼ਾਂ, ਜਿਹਨਾਂ ਨੂੰ ਮੈਂ ਦੂਰ ਤੋਂ ਸੁਣਿਆ ਸੀ ਅਤੇ ਹੈਰਾਨ ਹੁੰਦਾ ਸਾਂ ਕਿ ਹਕੀਕਤ ਵਿਚ ਇਹ ਕਿਵੇਂ ਚੱਲ ਰਹੀਆਂ ਹੋਣਗੀਆਂ, ਨੂੰ ਕਾਫ਼ੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੰਗਲ, ਜੰਗਲ ਦੇ ਲੋਕਾਂ ਦੀ ਜ਼ਿੰਦਗੀ, ਗੁਰੀਲਿਆਂ ਦਾ ਜੀਵਨ, ਉਹਨਾਂ ਦੇ ਅਕੀਦਿਆਂ ਤੇ ਜਜ਼ਬਿਆਂ ਆਦਿ ਨੂੰ ਉਹਨਾਂ ਦੋ ਨੇੜੇ ਰਹਿ ਕੇ ਦੇਖ ਸਕਿਆ। ਉਹਨਾਂ ਦੀਆਂ ਭਾਵਨਾਵਾਂ ਨੂੰ ਮੈਂ ਜਿੰਨਾ ਵੀ ਵਾਚ ਸਕਿਆ, ਵਾਚਿਆ। ਬਹੁਤ ਕੁਝ ਹੋਵੇਗਾ ਜਿਹੜਾ ਮੇਰੀ ਪਕੜ ਤੋਂ ਦੂਰ ਰਹਿ ਗਿਆ ਹੋਵੇਗਾ ਜਾਂ ਜਿਸ ਵਿਚ ਮੈਂ ਡੂੰਘਾ ਨਹੀਂ ਉੱਤਰ ਸਕਿਆ ਹੋਵਾਂਗਾ। ਫਿਰ ਵੀ ਇਹ ਬਹੁਮੁੱਲਾ ਅਤੇ ਦਿਲਚਸਪ ਤਜ਼ਰਬਾ ਸੀ ਜਿਸ ਨੂੰ ਮੈਂ ਹੋਰਨਾਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰਾ ਕੁਝ ਭਾਵੇਂ ਮੇਰੀ ਡਾਇਰੀ ਦੇ ਸਫ਼ਿਆਂ ਵਿਚ ਟੁੱਟਵੇ ਖਿੰਡਵੇਂ ਰੂਪ ਵਿਚ ਅੰਕਤ ਹੈ, ਪਰ ਇਸ ਨੂੰ ਤਰਤੀਬ ਦੇਣ ਅਤੇ ਦੂਸਰਿਆਂ ਵਾਸਤੇ ਸਜਿੰਦ ਚਿੱਤਰ ਖਿੱਚਣ ਲਈ ਮੈਨੂੰ ਸਾਰਾ ਕੁਝ ਫਿਰ ਤੋਂ ਖੜ੍ਹਾ ਕਰਨਾ ਪਿਆ ਹੈ ਅਤੇ ਉਸ ਨੂੰ ਮੁੜ-ਜੀਣਾ ਪਿਆ ਹੈ।
ਘਟਨਾਵਾਂ ਅਤੇ ਪਾਤਰ ਸਾਰੇ ਅਸਲੀ ਹਨ। ਕਿਤੇ ਕਿਤੇ ਮੈਨੂੰ ਦੇ ਪਾਤਰਾਂ ਦਾ ਇਕ ਪਾਤਰ ਬਨਾਉਣਾ ਪਿਆ ਹੈ ਜਾਂ ਇਕ ਨੂੰ ਦੋ ਵਿਚ ਵੰਡਣਾ ਪਿਆ ਹੈ, ਜਾਂ ਫਿਰ ਉਹਨਾਂ ਨੂੰ ਮੈਂ ਅੱਗੇ ਪਿੱਛੇ ਕਰ ਦਿੱਤਾ ਹੈ। ਇਹ ਸਿਰਫ਼ ਲਿਖਤ ਨੂੰ ਦਿਲਚਸਪ ਅਤੇ ਰੌਚਕ ਬਨਾਉਣ ਲਈ ਕੀਤਾ ਗਿਆ ਹੈ। ਲਗਦੀ ਵਾਹ ਮੇਰੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਵੇ ਜਿਵੇਂ ਦੀਆਂ ਉਹ ਸਨ, ਨਹੀਂ ਤਾਂ ਇਹ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਵਾਲਾ ਸਫ਼ਰਨਾਮਾ ਨਾ ਹੋ ਕੇ ਕਾਲਪਨਿਕ ਵਿਵਰਣ ਹੋ ਗਿਆ ਹੁੰਦਾ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦਿੱਤੇ ਗਏ ਨਾਮ ਅਸਲੀ ਨਹੀਂ ਹਨ, ਕਿਉਂਕਿ ਅਸਲੀ ਨਾਮ ਤਾਂ ਮੇਰੇ ਪਾਤਰ ਚਿਰੋਕਣੇ ਛੱਡ ਚੁੱਕੇ ਸਨ। ਉਂਜ ਵੀ, ਓਥੇ ਕੋਈ ਵੀ ਨਾਮ ਚਿਰ-ਸਥਾਈ ਨਹੀਂ ਹੈ। ਇਲਾਕਾ ਬਦਲਣ ਨਾਲ ਨਾਮ ਵੀ ਬਦਲ ਜਾਂਦੇ ਹਨ। ਮੈਂ ਸ਼ਖ਼ਸੀਅਤਾਂ ਦਾ ਚਿੱਤਰ ਖਿੱਚਿਆ ਹੈ, ਨਾਵਾਂ ਦਾ ਨਹੀਂ। ਬਾਸੂ ਤੋਂ ਲੈ ਕੇ ਸੋਮਨਾ ਤੱਕ ਸਾਰੇ ਹੀ ਲੰਬੀ ਜੰਗ ਲੜਣ ਵਾਲੇ ਬੇ-ਨਾਮ ਸੁਰਮੇ ਹਨ। ਉਹ ਆਪਣਾ ਨਾਮ ਨਹੀਂ ਸਗੋਂ ਮਿਸ਼ਨ ਉਭਾਰਨ ਵਿਚ ਯਕੀਨ ਰੱਖਦੇ ਹਨ।
ਜਿਸ ਇਲਾਕੇ ਦਾ ਜ਼ਿਕਰ ਕੀਤਾ ਗਿਆ ਹੈ, ਉਹ ਦੱਖਣੀ ਬਸਤਰ ਦਾ ਹਿੱਸਾ ਹੈ ਜਿਸ ਵਿਚ ਬੈਰਮਗੜ੍ਹ, ਗੋਲਾਪੱਲੀ, ਦੁਰਨਾਪਾਲ, ਕੋਟਾ, ਮਾੜ, ਮੱਦੇੜ, ਬਾਸਾਗੁੜਾ ਆਦਿ ਇਲਾਕੇ ਆਉਂਦੇ ਹਨ।
ਬਾਦ ਵਿਚ ਮੈਂ ਜ਼ਿਆਦਾ ਦਿਨ ਉਹਨਾਂ ਦੇ ਨਾਲ ਨਹੀਂ ਰਿਹਾ। ਉਹਨਾਂ ਨਾਲ
ਬਿਤਾਏ ਆਖ਼ਰੀ ਦਿਨ ਤੋਂ ਇਕ ਦਿਨ ਪਹਿਲਾਂ ਜਦ ਅਸੀਂ ਇਕ ਪੜਾਅ ਨੂੰ ਅਲਵਿਦਾ ਕਹਿ ਕੇ ਦੂਸਰੇ ਵੱਲ ਤੁਰੇ ਤਾਂ ਮੈਂ ਦੇਖਿਆ ਕਿ ਇਕ ਕਬਾਇਲੀ ਕੁੜੀ, ਜਿਹੜੀ ਇਕ ਪੜਾਅ ਪਹਿਲਾਂ ਤੋਂ ਸਾਡੇ ਕਾਫ਼ਲੇ ਨੂੰ ਪਿਛਲੇ ਪੜਾਅ ਤੱਕ ਛੱਡਣ ਵਾਸਤੇ ਸਾਡੇ ਨਾਲ ਤੁਰੀ ਸੀ, ਪੜਾਅ ਉੱਤੇ ਪਹੁੰਚਣ ਤੋਂ ਬਾਦ ਵਾਪਸ ਨਹੀਂ ਸੀ ਮੁੜੀ। ਆਮ ਦਸਤੂਰ ਵਾਪਸ ਮੁੜ ਜਾਣ ਦਾ ਹੈ। ਉਸ ਨੇ ਆਪਣੇ ਸਭ ਤੋਂ ਸੁਹਣੇ ਕੱਪੜੇ ਪਾਏ ਹੋਏ ਸਨ ਅਤੇ ਵਾਲਾਂ ਵਿਚ ਰੁਮਾਲ ਬੰਨ੍ਹਿਆ ਹੋਇਆ ਸੀ। ਉਹ ਸੱਜ ਧੱਜ ਕੇ ਘਰੋਂ ਆਈ ਸੀ। ਮੈਂ ਅੰਦਾਜ਼ਾ ਕੀਤਾ ਕਿ ਇਹ ਨਵੀਂ ਰੰਗਰੂਟ ਹੈ। ਇਸੇ ਲਈ ਵਾਪਸ ਨਹੀਂ ਮੁੜੀ। ਉਸ ਨੂੰ ਦਸਤੇ ਨਾਲ ਤੋਰਨ ਵਾਸਤੇ ਉਸ ਦੇ ਪਿੰਡੋਂ ਕਈ ਸਾਰੇ ਲੋਕ ਆਏ ਸਨ। ਤੁਰਨ ਲੱਗਿਆ ਉਹ ਉਹਨਾਂ ਨੂੰ ਗਲੇ ਲੱਗ ਕੇ ਮਿਲੀ ਸੀ। ਸੋਮਨਾ ਤੋਂ ਜਦ ਮੇਂ ਉਸ ਬਾਰੇ ਪੁੱਛਿਆ ਤਾਂ ਉਹ ਇਹ ਕਹਿੰਦਾ ਮੁਸਕਰਾ ਪਿਆ ਕਿ ਮੇਰਾ ਅੰਦਾਜ਼ਾ ਸਹੀ ਹੈ।
ਉਸ ਨੰਗੇ ਪੈਰਾਂ ਵਾਲੀ ਸ਼ਾਂਤ ਤੇ ਗੰਭੀਰ ਕੁੜੀ ਨਾਲ ਮੈਂ ਪਹਿਲੀ ਤੇ ਆਖ਼ਰੀ ਗੱਲ ਕੀਤੀ। ਆਪਣੀ ਕਿੱਟ, ਪੈਸਿਲ ਅਤੇ ਇਕ ਕਾਪੀ ਉਸ ਦੇ ਹਵਾਲੇ ਕਰ ਮੈਂ ਹਰ ਕਿਸੇ ਨੂੰ ਸਲਾਮ ਕਹੀ, ਹੱਥ ਘੁੱਟੋ, ਅਤੇ ਜੰਗਲ ਦੀਆਂ ਯਾਦਾਂ ਸਮੇਟਦੇ ਹੋਏ ਨੇੜੇ ਦੇ ਇਕ ਕਸਬੇ ਤੋਂ ਰੇਲ ਗੱਡੀ ਰਾਹੀਂ ਵਾਪਸੀ ਦੇ ਸਫ਼ਰ ਉੱਤੇ ਚੱਲ ਪਿਆ।
ਸਤਨਾਮ,
੬੪੩. ਰਣਜੀਤ ਨਗਰ,
ਸਿਓਣਾ ਰੋਡ,
ਪਟਿਆਲਾ।
ਦਸੰਬਰ, ਦੋ ਹਜ਼ਾਰ ਦੋ
ਜੰਗਲਨਾਮਾ ਵਿਸ਼ੇ-ਵਸਤੂ ਤੇ ਲੇਖਣ-ਕਲਾ ਦੇ ਪੱਖੋਂ ਵਿਲੱਖਣ ਤੇ ਅਦਭੁਤ ਪੁਸਤਕ ਹੈ। ਇਸਨੂੰ ਪੜ੍ਹਦਿਆਂ ਪਾਠਕ ਦੀ ਦਸ਼ਾ ਗੁੱਗੇ ਦੇ ਗੁੜ ਖਾਣ ਵਰਗੀ ਹੋ ਜਾਂਦੀ ਹੈ। ਇਹਦੇ ਸਾਹਿਤਿਕ ਗੁਣਾਂ ਵਿੱਚੋਂ ਕਿਹੜਾ ਗੁਣ ਵਧੇਰੇ ਪ੍ਰਭਾਵਸ਼ਾਲੀ ਹੈ, ਇਹ ਨਿਰਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸ਼ਾਇਦ ਇਸੇ ਕਾਰਨ ਬਿਨਾਂ ਕਿਸੇ ਵਿਸਤ੍ਰਿਤ ਟਿੱਪਣੀ ਦੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਲਈ ਹੀ ਕਹਿ ਸਕਦਾ ਹਾਂ। ਇਹ ਵਿਸ਼ਵਾਸ ਹੈ ਕਿ ਹਰ ਪਾਠਕ ਆਪਣੀ ਰਚੀ ਤੇ ਵਿਚਾਰਾਂ ਅਨੁਸਾਰ ਜੋ ਪ੍ਰਭਾਵ ਵੀ ਕਬੂਲੇਗਾ, ਉਹੋ ਇਸ ਰਚਨਾ ਦਾ ਪ੍ਰਮੁੱਖ ਗੁਣ ਹੋਵੇਗਾ ਤੇ ਇਸਦਾ ਮਹੱਤਵ ਵੀ।
ਜੁਲਾਈ 2004
-ਗੁਰਦਿਆਲ ਸਿੰਘ
-0-
"... ਇਹ ਕਿਤਾਬ ਪੜ੍ਹਕੇ ਇਉਂ ਲਗਦਾ ਹੈ ਜਿਵੇਂ ਇਸਦਾ ਲੇਖਕ ਬਹੁਤ ਪੜ੍ਹਿਆ-ਲਿਖਿਆ ਅਤੇ ਗੁੜਿਆ ਹੋਇਆ ਇਨਸਾਨ ਹੋਵੇ। ਕਿਤਾਬ ਦੇ ਪੰਨਾ 93 ਉਤੇ ਲੇਖਕ ਨੇ ਆਪਣੀ ਉਮਰ 52-53 ਵਰ੍ਹਿਆਂ ਦੇ ਇਕ ਵਿਅਕਤੀ ਨਾਰੰਗ ਜਿੰਨੀ ਦੱਸੀ ਹੈ। ਇਸ ਦਾ ਅਰਥ ਇਹ ਬਣਦਾ ਹੈ ਕਿ ਸਤਨਾਮ ਕੋਈ ਤਜਰਬੇਕਾਰ ਸ਼ਖਸ ਹੈ ਜਿਸਨੂੰ ਮਿਲਣ ਜਾਂ ਜਿਸਦੀ ਕੋਈ ਲਿਖਤ ਪੜ੍ਹਣ ਦਾ ਮੈਨੂੰ ਇਸ ਕਿਤਾਬ ਤੋਂ ਪਹਿਲਾਂ ਕੋਈ ਮੌਕਾ ਨਸੀਬ ਨਹੀਂ ਹੋਇਆ। ਕਿਤਾਬ ਦੀ ਰਚਨਾ-ਵਸਤੂ, ਰਚਨਾ-ਵਿਧੀ ਅਤੇ ਰਚਨਾ-ਦ੍ਰਿਸ਼ਟੀ 'ਤੇ ਸਰਸਰੀ ਝਾਤ ਪਾਇਆਂ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਸ਼ਾਹਕਾਰ ਰਚਨਾ ਜ਼ਿੰਦਗੀ ਦੇ ਡੂੰਘੇ ਤਜਰਬੇ, ਉਸਦੀ ਪੇਸ਼ਕਾਰੀ ਦੀ ਪਰਪੱਕ ਤਰਕੀਬ ਅਤੇ ਦ੍ਰਿਸ਼ਟੀ ਦੇ ਨਰੋਏਪਣ ਦੇ ਸੁਚੱਜੇ ਸੁਮੇਲ ਨਾਲ ਹੀ ਹੋਂਦ ਵਿਚ ਆ ਸਕਦੀ ਹੈ।"
- ਡਾ: ਟੀ. ਆਰ ਵਿਨੋਦ
-0-
'ਜੰਗਲਨਾਮਾ' ਉੱਸਰ ਰਹੇ ਖਰੇ ਲੋਕ-ਰਾਜ ਦੀਆਂ ਨੀਂਹਾਂ 'ਚ ਚਿਣੇ ਜਾਣ ਵਾਲੇ ਪੱਥਰਾਂ ਦੀ ਵੀਰ-ਗਾਥਾ ਹੈ। ਇਹ ਗਾਥਾ ਬਸਤਰ ਦੇ ਜੰਗਲਾਂ ਵਿੱਚ ਦੋ ਮਹੀਨਿਆਂ ਦੀ ਫੇਰੀ ਦੌਰਾਨ, ਸਤਨਾਮ ਦੀ ਰੂਹ ਅੰਦਰ ਨਿੱਕੀ-ਨਿੱਕੀ ਕਿਣ-ਕਿਣ ਵਾਂਗ ਰਚਦੀ ਗਈ, ਤੇ ਫਿਰ ਅਚਾਨਕ ਉਸ ਦੇ ਧੁਰ ਅੰਦਰੋਂ ਸ਼ੁੱਧ ਚਸ਼ਮੇ ਵਾਂਗ ਫੁੱਟ ਕੇ ਵਗ ਤੁਰੀ।
-ਮੇਘ ਰਾਜ