"ਕੀ ਹੋਇਆ?"
"ਪੈਰ ਮੋਚ ਖਾ ਗਿਆ। ਪੈ ਗਈ ਮੁਸੀਬਤ!" ਮੇਰੇ ਮੂੰਹੋਂ ਨਿਕਲਿਆ।
“ਰਾਤ ਦੀ ਠੰਡ ਨੇ ਸੱਟ ਦੀ ਪੀੜ ਨੂੰ ਬਾਹਰ ਕੱਢ ਲਿਆਂਦਾ ਹੈ," ਬਾਸੂ ਨੇ ਕਿਹਾ। ਬਾਸੂ ਨੇ ਕਿੱਟ ਵਿਚੋਂ ਮਲ੍ਹਮ ਕੱਢੀ ਤੇ ਮੈਨੂੰ ਫੜਾ ਦਿੱਤੀ । ਆਪ ਉਹ ਕੱਖ ਕਾਨੇ ਤੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਿਆ।
ਪੈਰ ਨੂੰ ਮਲ੍ਹਮ ਲਗਾ ਕੇ ਤੇ ਸੇਕ ਦੇਣ ਤੋਂ ਬਾਦ ਉਸ ਨੂੰ ਮੁਸ਼ਕਲ ਨਾਲ ਬੂਟ ਦੇ ਹਵਾਲੇ ਕਰਕੇ ਮੈਂ ਉੱਠਣ ਦਾ ਯਤਨ ਕੀਤਾ ਪਰ ਕਾਮਯਾਬ ਨਹੀਂ ਹੋਇਆ। ਤੀਸਰੇ ਸਾਥੀ ਦੇ ਬਾਂਹ ਦੇ ਸਹਾਰੇ ਨਾਲ ਪੰਜ ਸੱਤ ਕਦਮ ਚੱਲਣ ਤੋਂ ਬਾਦ ਮੈਂ ਉਸ ਦਾ ਹੱਥ ਫੜ੍ਹ ਲਿਆ ਤੇ ਜ਼ੋਰ ਨਾਲ ਘੁੱਟਿਆ।
"ਪੈਰ ਨੇ ਸਾਡੇ ਹੱਥ ਮਿਲਾਉਣ ਨੂੰ ਰੋਕ ਦਿੱਤਾ ਸੀ," ਹੱਥ ਘੁੱਟਦਿਆਂ ਮੈਂ ਕਿਹਾ। ਪਰ ਉਹ ਸਿਰਫ਼ ਮੁਸਕਰਾਇਆ ਤੇ ਪਿਆਰ ਨਾਲ ਮੇਰਾ ਮੋਢਾ ਨੱਪ ਦਿੱਤਾ। ਦੋ ਤਿੰਨ ਵਾਕ ਹੋਰ ਬੋਲਣ ਤੋਂ ਬਾਦ ਜਦ ਮੈਂ ਉਸ ਦਾ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਉਹ ਫਿਰ ਮੁਸਕਰਾ ਪਿਆ।
ਦਰਅਸਲ ਅਸੀਂ ਬਿਲਕੁਲ ਹੀ ਬੇਗਾਨੀਆਂ ਬੋਲੀਆਂ ਬੋਲਣ ਵਾਲੇ ਅਜਨਬੀ ਸਾਂ। ਅਸੀਂ ਬੁੱਲ੍ਹਾਂ ਦੀ ਮੁਸਕੁਰਾਹਟ ਅਤੇ ਅੱਖਾਂ ਨਾਲ ਹੀ ਗੱਲਾਂ ਕਰ ਸਕਦੇ ਸੀ। ਮੈਂ ਉਸ ਦੇ ਸਹਾਰੇ ਤੋਂ ਮੁਕਤ ਹੋਕੇ ਖ਼ੁਦ ਦੋ-ਤਿੰਨ ਕਦਮ ਟਿਕਾਏ। ਹੌਲੀ ਹੌਲੀ ਤੁਰਿਆ ਤਾਂ ਜਾ ਸਕਦਾ ਸੀ ਪਰ ਇਸ ਨਾਲ ਪੰਧ ਨਹੀਂ ਸੀ ਮੁੱਕ ਸਕਦਾ। ਬਾਸੂ ਨੇ ਇਕ ਬਾਂਸ ਤੋਂ ਸੋਟਾ ਭੰਨ ਕੇ ਮੈਨੂੰ ਦਿੱਤਾ। ਚੱਲਣਾ ਥੋੜ੍ਹਾ ਆਸਾਨ ਹੋ ਗਿਆ ਪਰ ਇਹ ਫਿਰ ਵੀ ਹੌਲੀ ਹੌਲੀ ਹੀ ਸੀ। ਉਹਨਾਂ ਮੇਰੀ ਕਿੱਟ ਲੈ ਲੈਣੀ ਚਾਹੀ। ਪਰ ਕਿੱਟ ਨੂੰ ਮੈਂ ਮੋਢੇ ਉੱਤੇ ਚੜਾ ਚੁੱਕਾ ਸੀ ਅਤੇ ਉਤਾਰਨਾ ਨਹੀਂ ਸੀ ਚਾਹੁੰਦਾ। ਥੋੜ੍ਹੀ ਦੇਰ ਬਾਦ ਪੈਰ ਨੇ ਗਰਮੀ ਫੜ੍ਹ ਲਈ, ਚਾਲ ਕੁਝ ਵੱਲ ਹੋਈ, ਪਰ ਇਹ ਤੇਜ਼ ਨਹੀਂ ਸੀ।
"ਸ਼ਹਿਰ ਵਾਪਸ ਲਿਜਾਣਾ ਪਵੇਗਾ ਬਾਸੂ ਬੋਲਿਆ। ਤੇ ਕਈ ਦਿਨ ਓਥੇ ਹੀ ਟਿਕਣਾ ਪਵੇਗਾ,"ਬਾਸੂ ਬੋਵਿਆ ।
"ਮੈਂ ਵਾਪਸ ਜਾਣ ਲਈ ਨਹੀਂ ਆਇਆ। ਪੈਰ ਠੀਕ ਹੋ ਜਾਵੇਗਾ।"
ਰਾਤ ਜਿਹੀ ਨਾ ਸਹੀ ਪਰ ਚਾਲ ਨੇ ਐਨੀ ਕੁ ਰਵਾਨੀ ਫੜ੍ਹ ਲਈ ਕਿ ਬਾਸੂ ਨੂੰ ਵਾਪਸ ਪਰਤਣ ਦੀ ਗੱਲ ਫਿਰ ਨਹੀਂ ਦੁਹਰਾਉਣੀ ਪਈ। ਉਹਨਾਂ ਮੇਰੀ ਪਾਣੀ ਵਾਲੀ ਬੋਤਲ ਲੈ ਲਈ। ਇਕ ਕਿੱਲੋ ਦੇ ਕਰੀਬ ਭਾਰ ਘੱਟ ਹੋ ਗਿਆ ਪਰ ਮੈਨੂੰ ਲੱਗਾ ਜਿਵੇਂ ਦੱਸ ਕਿਲੋ ਤੋਂ ਆਰਾਮ ਮਿਲਿਆ ਹੋਵੇ। ਅਸੀਂ ਮੱਠੀ ਮੱਠੀ ਚਾਲੇ ਤੁਰਦੇ ਗਏ। ਕਿਤੇ ਕਿਤੇ ਜਦ ਉੱਚੀ ਨੀਵੀਂ ਥਾਵੇਂ ਪੈਰ ਰੱਖਿਆ ਜਾਂਦਾ ਜਾਂ ਪੱਥਰ ਦਾ ਕੋਈ ਟੁਕੜਾ ਪੈਰ ਹੇਠ ਆ ਜਾਂਦਾ ਤਾਂ ਚੀਸ ਉੱਠੀ ਪੈਂਦੀ। ਦਿਨ ਦੇ ਚੜ੍ਹਨ ਨਾਲ ਪੈਰ ਵਿਚ ਗਰਮਾਇਸ਼ ਵੀ ਵਧਦੀ ਗਈ। ਬੇਸ਼ੱਕ, ਇਹ ਸੂਰਜ ਕਾਰਨ ਨਹੀਂ ਸਗੋਂ ਚੱਲਦੇ ਰਹਿਣ ਕਰਕੇ ਪੈਦਾ ਹੋਈ ਸੀ ਪਰ ਦਿਨ ਦੇ ਚੜ੍ਹਨ ਨਾਲ ਹੋਈ ਰੌਸ਼ਨੀ ਨੇ ਪੈਰ ਨੂੰ ਸਹੀ ਥਾਂ ਟਿਕਾਉਣ ਦੀ ਸਹੂਲਤ ਮੁਹੱਈਆ ਕਰ ਦਿੱਤੀ ਸੀ। ਮੈਂ ਸੋਚਿਆ ਕਿ ਰਾਤ ਨੂੰ ਪਹਿਲੇ ਆਰਾਮ ਸਮੇਂ ਜੇ ਅਸੀਂ ਦੱਸ ਮਿੰਟ ਦੀ ਬਜਾਏ ਕਿਤੇ ਅੱਧਾ ਘੰਟਾ ਆਰਾਮ ਕਰ ਲਿਆ ਹੁੰਦਾ ਤਾਂ ਯਕੀਨਨ ਸਿਆਪਾ ਖੜ੍ਹਾ ਹੋ ਜਾਂਦਾ। ਹਨੇਰੇ ਨੇ ਮੇਰੀ ਹਿੰਮਤ ਖੋਹ ਲੈਣੀ ਸੀ ਕਿਉਂਕਿ ਮੈਦਾਨ ਵਰਗਾ ਪੱਧਰਾ ਰਾਹ ਜੰਗਲ ਵਿਚ ਮਿਲਣਾ ਨਹੀਂ ਸੀ।
ਰਾਤ ਨੂੰ ਇਕ ਘੰਟੇ ਦੌਰਾਨ ਜਿੰਨੀ ਵੀ ਨੀਂਦ ਆਈ ਸੀ, ਬੇ-ਫ਼ਿਕਰੀ ਦੀ ਆਈ ਸੀ। ਉਹਨਾਂ ਮੈਨੂੰ ਪਹਿਰੇਦਾਰੀ ਤੋਂ ਸੁਰਖ਼ਰੂ ਕਰਕੇ ਮੇਰੇ ਉੱਪਰ ਬੋਝ ਜਿਹਾ ਲੱਦ ਦਿੱਤਾ ਸੀ।
"ਬਾਸੂ, ਮੈਂ ਰਾਤ ਦੇ ਬੋਝ ਦਾ ਕੀ ਕਰਾਂਗਾ।"
“ਪਹਿਰੇ ਤੋਂ ਛੁੱਟੀ ਦਾ?
" ਹਾਂ ।"
“ਪਰ ਇਹ ਸਾਡੀ ਜ਼ਿੰਮੇਵਾਰੀ ਸੀ ਅਤੇ ਅਸੀਂ ਹੀ ਨਿਭਾਉਣੀ ਸੀ।"
ਬਾਸੂ ਅਤੇ ਉਸ ਦੇ ਨਾਲ ਵਾਲੇ ਸਾਥੀ ਕੋਲ ਹਥਿਆਰ ਕੋਈ ਨਹੀਂ ਸੀ। ਫਿਰ ਵੀ ਪਹਿਰੇ ਦੀ ਜ਼ਿੰਮੇਦਾਰੀ ਨਿਭਾਈ ਗਈ। ਉਸ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਸ਼ਹਿਰ ਵੱਲ ਜਾਂਦੇ ਹਨ ਤਾਂ ਹਥਿਆਰ ਨਾਲ ਲੈ ਕੇ ਨਹੀਂ ਜਾਂਦੇ। ਰਾਤ ਨੂੰ ਕੋਈ ਖ਼ਤਰਾ ਖੜ੍ਹਾ ਹੋ ਜਾਣ ਦੀ ਸਥਿੱਤੀ ਵਿਚ ਅਸੀਂ ਦੌੜ ਕੇ ਹੀ ਬਚਾਅ ਕਰ ਸਕਦੇ ਹਾਂ। ਦਰਅਸਲ, ਪਹਿਰਾ ਬਿੜਕ ਰੱਖਣ ਦਾ ਸੀ, ਖ਼ਤਰੇ ਨੂੰ ਦੂਰੋਂ ਭਾਂਪਣ ਦਾ। ਬਾਸੂ ਖ਼ਤਰੇ ਨੂੰ ਦੂਰੋਂ ਭਾਂਪ ਸਕਦਾ ਸੀ। ਰਾਤ ਨੂੰ ਵੀ ਸਾਰੇ ਰਸਤੇ ਦੌਰਾਨ ਉਹ ਵਿਚ ਵਿਚ ਰੁਕ ਜਾਂਦਾ ਰਿਹਾ ਸੀ ਅਤੇ ਆਲੇ ਦੁਆਲੇ ਵੱਲ ਕੰਨ ਘੁਮਾ ਕੇ ਤੇ ਨੀਝ ਨਾਲ ਤੱਕ ਕੇ 'ਹੂੰ' ਕਹਿਕੇ ਅਗਾਂਹ ਤੁਰ ਪੈਂਦਾ ਸੀ। ਉਸ ਦੇ ਕੰਨ ਕਿਸੇ ਸ਼ਿਕਾਰੀ ਵਾਂਗ ਬਾਰੀਕ ਆਵਾਜ਼ਾਂ ਸੁਨਣ ਅਤੇ ਉਹਨਾਂ ਦੇ ਦਰਮਿਆਨ ਵਖਰੇਵਾਂ ਕਰਨ ਵਿਚ ਤਾਕ ਹੋ ਚੁੱਕੇ ਲਗਦੇ ਸਨ। ਜਦ ਵੀ ਪਗਡੰਡੀ ਇਕ ਤੋਂ ਦੋ ਵਿਚ ਪਾਟਦੀ ਉਹ ਪਲ ਭਰ ਲਈ ਟਾਰਚ ਦਾ ਬਟਨ ਨੱਪਦਾ ਅਤੇ ਇਕ ਨੂੰ ਚੁਣ ਲੈਂਦਾ। ਸਿਰਫ਼ ਇਕ ਥਾਂ ਉੱਤੇ ਹੀ ਉਸ ਨੇ ਖ਼ਤਾ ਖਾਧੀ, ਪਰ ਪੰਦਰਾਂ ਵੀਹ ਕਦਮ ਚੱਲਣ ਤੋਂ ਬਾਦ ਉਹ ਰੁਕਿਆ, ਹਨੇਰੇ ਵਿਚ ਜੰਗਲ ਨੂੰ ਘੂਰਿਆ, ਜ਼ਮੀਨ ਉੱਤੇ ਟਾਰਚ ਦੀ ਰੌਸ਼ਨੀ ਨੂੰ ਤੇਜ਼ੀ ਨਾਲ ਤਿਲਕਾਇਆ ਤੇ ਫਿਰ ਵਾਪਸ ਮੁੜ ਕੇ ਦੂਸਰੀ ਲੀਹੇ ਚੱਲ ਪਿਆ। ਮੈਂ ਹੈਰਾਨ ਸਾਂ ਕਿ ਰਾਤ ਦੇ ਹਨੇਰੇ ਵਿਚ ਉਹ ਜੰਗਲ ਦੇ ਰਸਤਿਆਂ ਨੂੰ ਕਿੰਨੀ ਬਾਰੀਕੀ ਨਾਲ ਪਛਾਣ ਸਕਦਾ ਹੈ, ਜਿਵੇਂ ਰੋਜ਼ ਹੀ ਉਹਨਾਂ ਉੱਤੋਂ ਗੁਜ਼ਰਦਾ ਹੋਵੇ।
ਬਾਸੂ ਸ਼ਹਿਰ ਤੋਂ ਕੁਝ ਸਾਮਾਨ ਖ੍ਰੀਦ ਕੇ ਲਿਆਇਆ ਹੋਇਆ ਸੀ। ਤਿੰਨ ਜਣਿਆਂ ਦੇ ਦੋ ਡੰਗ ਦੇ ਪੱਕੇ ਹੋਏ ਚੌਲ, ਅਚਾਰ ਤੇ ਥੋੜ੍ਹੇ ਜਿੰਨੇ ਬਿਸਕੁਟ। ਰਾਤ ਨੂੰ ਜਦ ਉਹ ਮੈਨੂੰ ਮਿਲਿਆ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਉਸਨੇ ਪੁੱਛੀ ਸੀ ਉਹ ਟਾਰਚ ਬਾਰੇ ਸੀ।
"ਟਾਰਚ ਹੈ ਜੇ?" ਉਸ ਦਾ ਪਹਿਲਾ ਸਵਾਲ ਸੀ। ਟਾਰਚ ਤੋਂ ਬਿਨਾਂ ਉਹ ਤੇ ਮੈਂ ਮਿਲ ਹੀ ਨਹੀਂ ਸਾਂ ਸਕਦੇ। ਸਫ਼ਰ ਦੌਰਾਨ ਇਸ ਦੀ ਜ਼ਰੂਰਤ ਵੀ ਬਹੁਤ ਰਹਿਣੀ ਸੀ।
ਕਿਸੇ ਵੀ ਰਾਤ ਅਸੀਂ ਦੋ ਘੰਟੇ ਤੋਂ ਵੱਧ ਨਹੀਂ ਸੁੱਤੇ ਹੋਵਾਂਗੇ। ਫਿਰ ਵੀ ਥਕਾਵਟ ਮਹਿਸੂਸ ਨਹੀਂ ਹੋਈ। ਬੇਸ਼ੱਕ ਜੰਗਲ ਵਿਚ ਦਾਖ਼ਲ ਹੁੰਦਿਆਂ ਤੁਸੀਂ ਇਸ ਦਾ ਨਜ਼ਾਰਾ ਕਰਨਾ ਚਾਹੁੰਦੇ ਹੋ, ਇਸ ਦੀ ਬਨਸਪਤੀ ਦੀ ਤਰ੍ਹਾਂ ਤਰ੍ਹਾਂ ਦੀ ਖੁਸ਼ਬੂ ਲੈਣਾ ਚਾਹੁੰਦੇ ਹੋ, ਇਸ ਦੇ ਜਾਨਵਰਾਂ ਤੇ ਪੰਛੀਆਂ ਨੂੰ ਦੇਖਣਾ ਤੇ ਉਹਨਾਂ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਵੱਧ ਇਹ ਕਿ ਤੁਸੀਂ ਇਸ ਦੇ ਅਜੀਬ ਲੋਕਾਂ ਨੂੰ ਮਿਲਣਾ, ਜਾਨਣਾ ਤੇ ਸਮਝਣਾ ਚਾਹੁੰਦੇ ਹੋ। ਪਰ ਪਹਿਲੇ ਤਿੰਨੇ ਹੀ ਦਿਨ ਮੈਨੂੰ ਇਸ ਦਾ ਜ਼ਿਆਦਾ ਮੌਕਾ
ਨਹੀਂ ਮਿਲਿਆ। ਲੋਕਾਂ ਨੂੰ ਮਿਲਣ ਦਾ ਤਾਂ ਬਿਲਕੁਲ ਹੀ ਨਹੀਂ। ਕਿਉਂਕਿ ਜਦ ਤਕ ਅਸੀਂ ਡੂੰਘੇ ਜੰਗਲ ਵਿਚ ਨਹੀਂ ਪਹੁੰਚ ਗਏ ਅਸੀਂ ਪਿੰਡਾਂ ਤੋਂ ਲਾਂਭੇ ਹੋ ਕੇ ਗੁਜ਼ਰਦੇ ਰਹੇ। ਏਥੋਂ ਤਕ ਕਿ ਜਿਹਨਾਂ ਰਸਤਿਆਂ ਤੋਂ ਅਸੀਂ ਗੁਜ਼ਰੇ ਉਹਨਾਂ ਉੱਤੇ ਲੋਕਾਂ ਦੀ ਆਵਾਜਾਈ ਸਾਨੂੰ ਦਿਖਾਈ ਨਹੀਂ ਦਿੱਤੀ। ਇਸ ਨੇ ਮੇਰੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਤੇ ਹੈਰਾਨ ਵੀ ਕਰ ਦਿੱਤਾ। ਲੋਕ ਕਿੱਥੇ ਹਨ, ਕਿਹੋ ਜਿਹੇ ਹਨ, ਕੀ ਖਾਂਦੇ ਹਨ, ਕੀ ਪੀਂਦੇ ਹਨ, ਕੀ ਪਹਿਨਦੇ ਹਨ, ਕਿਵੇਂ ਰਹਿੰਦੇ ਹਨ? ਅਜੀਬ ਗੱਲ ਸੀ ਕਿ ਤਿੰਨ ਦਿਨ ਵਾਸਤੇ ਕਿਸੇ ਨੇ ਤੁਹਾਨੂੰ ਦਿਖਾਈ ਨਹੀਂ ਸੀ ਦੇਣਾ। ਇਸ ਨੇ ਉਤਸੁਕਤਾ ਤੇ ਹੈਰਾਨੀ ਨੂੰ ਹੋਰ ਵੀ ਤੀਬਰ ਹੀ ਕਰਨਾ ਸੀ। ਇਸ ਤੀਬਰਤਾ ਨੇ ਮੈਨੂੰ ਥਕਾਵਟ ਅਤੇ ਦਰਦ ਤੋਂ ਬੇਖ਼ਬਰ ਕਰ ਦਿੱਤਾ। ਮੈਂ ਆਪਣੀ ਪਹਿਲਾਂ ਵਾਲੀ ਤੋਰ ਵਿਚ ਹੀ ਫਿਰ ਪਹੁੰਚ ਗਿਆ।
ਅਚਾਨਕ ਝੋਨੇ ਦੇ ਇਕ ਖੇਤ ਵਿਚ, ਜਿਹੜਾ ਕਿ ਪਹਾੜੀਆਂ ਵਿਚ ਘਿਰਿਆ ਹੋਇਆ ਸੀ, ਇਕ ਮਚਾਨ ਉੱਤੇ ਮੈਨੂੰ ਇਕ ਆਦਮੀ ਖੜ੍ਹਾ ਦਿਖਾਈ ਦਿੱਤਾ। ਉਹ ਪਿੰਡੇ ਤੋਂ ਨੰਗਾ ਸੀ ਪਰ ਤੇੜ ਇਕ ਪਰਨਾ ਲਵੇਟਿਆ ਹੋਇਆ ਸੀ, ਹੱਥ ਵਿਚ ਗੁਲੇਲ ਫੜ੍ਹੀ ਉਹ ਚਿੜੀਆਂ ਨੂੰ ਉਡਾ ਰਿਹਾ ਸੀ। ਅਜੇ ਤਿੰਨ ਦਿਨ ਨਹੀਂ ਸਨ ਹੋਏ ਤੇ ਉਹ ਸਾਨੂੰ ਦਿਖਾਈ ਦਿੱਤਾ।
"ਬਾਸੂ, ਸ਼ਾਇਦ ਅਸੀਂ ਕਿਸੇ ਪਿੰਡ ਨੇੜੇ ਪਹੁੰਚ ਰਹੇ ਹਾਂ, ਔਹ ਦੇਖ!"
"ਪਿੰਡ ਤਾਂ ਅਸੀਂ ਬਹੁਤ ਲੰਘ ਆਏ ਹਾਂ ਅਤੇ ਨੇੜਿਓਂ ਵੀ ਗੁਜ਼ਰੇ ਹਾਂ। ਦਰਖ਼ਤਾਂ ਦੇ ਓਹਲੇ ਵਿਚ ਇਹ ਸਾਨੂੰ ਦਿਖਾਈ ਨਹੀਂ ਦਿੱਤੇ।"
"ਪਰ ਲੋਕ ਤਾਂ ਸਾਨੂੰ ਦੇਖ ਲੈਂਦੇ ਹੋਣਗੇ। ਨਾਲੇ ਉਹ ਵਿਅਕਤੀ ਵੀ ਏਧਰ ਹੀ ਦੇਖ ਰਿਹਾ ਹੈ।"
"ਹਾਂ, ਉਹ ਸਾਨੂੰ ਜਾਣਦਾ ਹੈ ਪਰ ਸਾਡਾ ਹਮਦਰਦ ਨਹੀਂ ਬਣਿਆ ਅਜੇ। ਉਹ ਜਾਣਦਾ ਹੈ ਕਿ ਅਸੀਂ ਅਕਸਰ ਏਧਰੋਂ ਲੰਘਦੇ ਹਾਂ। ਪਰ ਉਹ ਕਿਸੇ ਨੂੰ ਦੱਸੇਗਾ ਨਹੀਂ। ਅਸੀਂ ਵੀ ਉਸ ਨੂੰ ਨਹੀਂ ਕਹਿੰਦੇ ਕਿ ਸਾਡਾ ਸਾਥ ਦੇਵੇ। ਅਸੀਂ ਅਜੇ ਇਸ ਇਲਾਕੇ ਵੱਲ ਧਿਆਨ ਨਹੀਂ ਦਿੱਤਾ। ਸ਼ਹਿਰ ਬਹੁਤ ਨਜ਼ਦੀਕ ਹੈ। ਅਸੀਂ ਵੱਡੀ ਟੱਕਰ ਤੋਂ ਬਚ ਕੇ ਚੱਲ ਰਹੇ ਹਾਂ।”
ਅਸੀਂ ਬੇ-ਖ਼ੌਫ਼ ਹੋ ਕੇ ਉਸ ਇਲਾਕੇ ਵਿਚੋਂ ਗੁਜ਼ਰ ਰਹੇ ਸਾਂ। ਪਰ ਜਦ ਬਾਸੂ ਨੇ ਕਿਹਾ ਕਿ ਇਹ ਉਹਨਾਂ ਦੇ ਕੰਮ ਦਾ ਇਲਾਕਾ ਨਹੀਂ ਬਣਿਆ ਅਜੇ ਤਾਂ ਮੈਨੂੰ ਖਦਸ਼ਾ ਖੜ੍ਹਾ ਹੋਇਆ।
ਕਿਸੇ ਅਚਾਨਕ ਹਮਲੇ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ ਸੀ। ਚੌਲਾਂ ਦੀ ਇਕ ਮੁੱਠ ਬਚੀ ਸੀ ਤੇ ਕੁਝ ਬਿਸਕੁਟ ਸਨ, ਜਾਂ ਫਿਰ ਸਾਡੇ ਹਰ ਕਿਸੇ ਕੋਲ ਪੈੱਨ ਸਨ। ਜੇ ਹਬੀ ਨਬੀ ਹੋ ਗਈ ਤਾਂ ਉਹਨਾਂ ਨੇ ਕਲਮਾਂ ਨੂੰ "ਬੰਦੂਕਾਂ" ਕਰਾਰ ਦੇ ਦੇਣਾ ਹੈ ਤੇ ਬਿਸਕੁਟ "ਕਾਰਤੂਸਾਂ" ਦੀ ਬਰਾਮਦਗੀ ਬਣ ਜਾਣਗੇ। ਪਰ ਮੇਰੀ ਕਿੱਟ ਵਿਚ ਟਾਫ਼ੀਆਂ ਵੀ ਸਨ। ਟਾਫ਼ੀਆਂ ਸਹਿਜੇ ਹੀ ਸ਼ਬਦਾਂ ਦੇ ਹੇਰ ਫੇਰ ਨਾਲ "ਗੋਲੀਆਂ" ਕਰਾਰ ਦਿੱਤੀਆਂ ਜਾ ਸਕਦੀਆਂ ਸਨ।
ਮੇਰੀ ਇਸ ਗੱਲ ਉੱਤੇ ਬਾਸੂ ਹੱਸ ਪਿਆ। ਉਸ ਕਿਹਾ,
"ਪਾਰਟੀ ਇਸ ਇਲਾਕੇ ਵਿਚ ਆਪਣਾ ਜ਼ੋਰ ਨਹੀਂ ਲਗਾ ਰਹੀ ਪਰ ਇਹ ਵੀ ਨਹੀਂ ਹੈ ਕਿ ਏਥੇ ਕਿਸੇ ਹਮਲੇ ਦਾ ਖ਼ਤਰਾ ਹੈ। ਲੋਕ ਗੁਰੀਲਿਆਂ ਦਾ ਹੀ ਸਾਥ ਦੇਂਦੇ ਹਨ।
ਪੁਲਿਸ ਦੀ ਕਿਸੇ ਹਰਕਤ ਦੀ ਉਹ ਗੁਰੀਲਿਆਂ ਨੂੰ ਪਹਿਲਾਂ ਹੀ ਖ਼ਬਰ ਕਰ ਦੇਣਗੇ।"
ਤਦ ਤਕ ਉਹ ਕਬਾਇਲੀ ਅੱਖਾਂ ਤੋਂ ਉਹਲੇ ਹੋ ਚੁੱਕਾ ਸੀ। ਅਸੀਂ ਉਸ ਨੂੰ ਪਿੱਛੇ ਛੱਡ ਆਏ ਸਾਂ। ਅਸੀਂ ਉਸੇ ਤਰ੍ਹਾਂ ਪਾਲ ਵਿਚ ਹੀ ਚੱਲ ਰਹੇ ਸਾਂ। ਕੋਈ ਇਲਾਕਾ ਭਾਵੇਂ ਗੁਰੀਲਿਆਂ ਦੇ ਕਬਜ਼ੇ ਹੇਠ ਹੀ ਹੋਵੇ ਉਹ ਅੱਗੜ-ਪਿੱਛੜ ਹੀ ਚੱਲਦੇ ਹਨ, ਕਤਾਰ ਬੰਨ ਕੇ। ਇਹ ਉਹਨਾਂ ਦਾ ਦਸਤੂਰ ਹੈ, ਫ਼ੌਜੀ ਦਸਤੂਰ। ਮੇਰਾ ਸਥਾਨ ਅੱਜ ਵੀ ਵਿਚਕਾਰ ਹੀ ਸੀ। ਮੈਂ ਜਿੰਨਾ ਸਮਾਂ ਵੀ ਜੰਗਲ ਵਿਚ ਰਿਹਾ ਉਹਨਾਂ ਮੈਨੂੰ ਵਿਚਕਾਰ ਹੀ ਰੱਖਿਆ, ਭਾਵੇਂ ਤਿੰਨ ਜਣੇ ਹੋਣ ਭਾਵੇਂ ਤੇਰਾਂ। ਇਹ ਵੀ ਦਸਤੂਰ ਹੈ ਕਿ ਉਹ ਬਾਹਰੋਂ ਪਹੁੰਚੇ ਵਿਅਕਤੀ ਨੂੰ ਸੁਰੱਖਿਅਤ ਥਾਂ ਦੇਣ ਦੀ ਕੋਸ਼ਿਸ਼ ਕਰਦੇ ਹਨ। ਫੌਜੀ ਨਜ਼ਰੀਏ ਤੋਂ ਵਿਚਕਾਰਲੀ ਥਾਂ ਸੁਰੱਖਿਅਤ ਥਾਂ ਸਮਝੀ ਜਾਂਦੀ ਹੈ।
ਦੁਪਹਿਰ ਦੇ ਵਕਤ ਬਾਸੂ ਸਾਨੂੰ ਦਰਖ਼ਤਾਂ ਦੇ ਇਕ ਸੰਘਣੇ ਝੁੰਡ ਵਿਚ ਬਿਠਾ ਕੇ ਇਕ ਪਿੰਡ ਵਿਚੋਂ ਖਾਣਾ ਲੈਣ ਚਲਾ ਗਿਆ। ਇਕ ਘੰਟੇ ਬਾਅਦ ਉਹ ਵਾਪਸ ਮੁੜ ਆਇਆ। ਚੌਲ ਤੇ ਮੱਛੀ ਸਨ। ਇਹ ਕਬਾਇਲੀਆਂ ਦਾ ਮਨਪਸੰਦ ਭੋਜਨ ਹੈ। ਹਲਕੀ ਕਿਸਮ ਦੇ ਇਹ ਟੁੱਟੇ-ਫੁੱਟੇ ਚੌਲ, ਜਿਹਨਾਂ ਨੂੰ ਅਸੀਂ ਟੋਟਾ ਕਹਿੰਦੇ ਹਾਂ, ਕੰਕਰਾਂ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਕੰਕਰ ਤੇ ਚੌਲ ਇਕ ਹੀ ਚੀਜ਼ ਹੋਣ ਅਤੇ ਢਿੱਡ ਨੂੰ ਝੁਲਕਾ ਦੇਣ ਲਈ ਇਹ ਬਰਾਬਰ ਦਾ ਹਿੱਸਾ ਪਾਉਂਦੇ ਹੋਣ। ਸਬਜ਼ੀ ਸੁਕਾਈ ਗਈ ਮੱਛੀ ਤੋਂ ਬਣਾਈ ਗਈ ਸੀ। ਜਿਸ ਨੇ ਹਮੇਸ਼ਾਂ ਤਾਜ਼ੀ ਮੱਛੀ ਖਾਧੀ ਹੋਵੇ ਉਸ ਵਾਸਤੇ ਇਸ ਮੱਛੀ ਨੂੰ ਖਾਣਾ ਨਾ ਤਾਂ ਆਸਾਨ ਹੁੰਦਾ ਹੈ ਨਾ ਹੀ ਇਸ ਦੀ ਆਦਤ ਆਸਾਨੀ ਨਾਲ ਪੈਂਦੀ ਹੈ। ਮੇਰੇ ਨਾਲ ਵੀ ਇੰਜ ਹੀ ਵਾਪਰਿਆ। ਸਗੋਂ ਇਸ ਤੋਂ ਵੀ ਵੱਧ ਬੁਰਾ ਇਹ ਹੋਇਆ ਕਿ ਮੈਂ ਦੋ ਮਹੀਨਿਆਂ ਵਿਚ ਵੀ ਇਹ ਆਦਤ ਨਾ ਪਾ ਸਕਿਆ। ਸੋ ਮੈਂ ਤਰੀ ਦੇ ਸਹਾਰੇ ਨਾਲ ਹੀ ਚੌਲਾਂ ਨੂੰ ਤਰ ਕੀਤਾ ਤੇ ਭੇਜਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ। ਚੌਲ ਖਾਣ ਦੀ ਬਜਾਏ ਲੰਘਾਏ ਗਏ। ਕੰਕਰਾਂ ਦੀ ਬੇ-ਸੁਆਦ ਕਿਰਚ ਕਿਰਚ ਤੋਂ ਬਚਣ ਦਾ ਤਰੀਕਾ ਇਹੀ ਸੀ ਕਿ ਇਹਨਾਂ ਨੂੰ ਬਿਨਾਂ ਕਿਸੇ ਹੀਲ-ਹੁੱਜਤ ਤੋਂ ਹਲਕ ਹੇਠ ਉਤਾਰ ਲਿਆ ਜਾਵੇ। ਜੇ ਕੋਈ ਕੰਕਰ ਗਲਤੀ ਨਾਲ ਦੰਦਾਂ ਵਿਚ ਫਸ ਗਿਆ ਤਾਂ ਉਸ ਨੂੰ ਟਟੋਲ ਕੇ ਬਾਹਰ ਕੱਢ ਦਿੱਤਾ। ਬਾਸੂ ਤੇ ਦੂਸਰੇ ਗੁਰੀਲੇ ਨੇ ਅਜਿਹੀ ਜ਼ਹਿਮਤ ਵੀ ਨਹੀਂ ਉਠਾਈ। ਉਹਨਾਂ ਨੇ ਪੂਰੇ ਆਨੰਦ ਨਾਲ ਖਾਣਾ ਖਾਧਾ। ਪੁੱਛਣ ਤੇ ਪਤਾ ਲੱਗਾ ਕਿ ਉਹ ਵੀ ਜ਼ਿਆਦਾ ਨਹੀਂ ਸਨ ਚਬਾਉਂਦੇ ਪਰ ਉਹ ਕੰਕਰਾਂ ਨੂੰ ਟਟੋਲਕੇ ਬਾਹਰ ਵੀ ਨਹੀਂ ਸਨ ਸੁੱਟਦੇ। ਗੁਰੀਲੇ ਕਬਾਇਲੀ ਜਨਤਾ ਦਾ ਮਾਣ ਰੱਖਦੇ ਹਨ ਅਤੇ ਖਾਣੇ ਦੀ ਬੇ-ਹੁਰਮਤੀ ਨਹੀਂ ਕਰਦੇ। ਹੁਣ ਉਹਨਾਂ ਨੂੰ ਇਸ ਤਰ੍ਹਾਂ ਖਾਣ ਦੀ ਤਕਰੀਬਨ ਆਦਤ ਹੋ ਗਈ ਹੈ।
ਰਾਤ ਨੂੰ ਫਿਰ ਜੰਗਲ ਵਿਚ ਹੀ ਅਸੀਂ ਆਪਣੀ ਇਕੋ ਇਕ ਪਲਾਸਟਿਕ ਦੀ ਸ਼ੀਟ ਵਿਛਾਈ ਅਤੇ ਸੁੱਤੇ। ਸ਼ਹਿਰ ਤੋਂ ਕਾਫ਼ੀ ਦੂਰ ਆ ਜਾਣ ਦੇ ਬਾਵਜੂਦ ਵੀ ਅਸੂਲ ਅਨੁਸਾਰ ਪਹਿਰਾ ਦਿੱਤਾ ਗਿਆ। ਵਾਰੀ ਲੈਣ ਦੀ ਮੇਰੀ ਮੰਗ ਉਹਨਾਂ ਠੁਕਰਾਅ ਦਿੱਤੀ। ਪਹਿਰਾ ਦੇਣਾ ਵੀ ਉਹਨਾਂ ਦੀਆਂ ਫ਼ੌਜੀ ਆਦਤਾਂ ਦਾ ਹਿੱਸਾ ਹੈ। ਇਸ ਵਿਚ ਉਹ ਮਜ਼ਾ ਵੀ ਲੈਂਦੇ ਹਨ। ਪਰ ਇਸ ਮਜ਼ੇ ਤੋਂ ਉਹਨਾਂ ਨੇ ਮੈਨੂੰ ਵਾਂਝਾ ਰੱਖਿਆ ਤਾਂ ਕਿ ਮੇਰੀ "ਆਰਾਮ" ਦੀ ਜ਼ਰੂਰਤ ਪੂਰੀ ਹੋ ਸਕੇ।
ਅਗਲੇ ਦਿਨ ਸ਼ਾਮ ਦੇ ਵਕਤ ਅਸੀਂ ਇਕ ਪਿੰਡ ਕੋਲ ਪਹੁੰਚੇ। ਅਸੀਂ ਪਿੰਡ ਵੱਲ
ਰੁਖ਼ ਕੀਤਾ। ਜ਼ਾਹਰ ਸੀ ਕਿ ਹੁਣ ਅਸੀਂ ਗੁਰੀਲਾ ਇਲਾਕੇ ਵਿਚ ਪਹੁੰਚ ਚੁੱਕੇ ਸਾਂ ਤੇ ਪਿੰਡਾਂ ਤੋਂ ਵਲ ਪਾਕੇ ਚੱਲਣ ਦੀ ਹੁਣ ਜ਼ਰੂਰਤ ਨਹੀਂ ਸੀ ਰਹੀ। ਝੌਂਪੜੀਆਂ ਦੇ ਝੁੰਡ ਤੋਂ ਕੁਝ ਦੂਰੀ ਉੱਤੇ ਬਾਸੂ ਨੇ ਆਵਾਜ਼ ਦੇ ਕੇ ਇਕ ਨੌਜਵਾਨ ਨੂੰ ਬੁਲਾਇਆ ਤੇ ਉਸ ਨਾਲ ਉਸ ਦੀ ਬੋਲੀ ਵਿਚ ਕੋਈ ਗੱਲ ਕੀਤੀ। ਮੇਰੇ ਲਈ ਉਹਨਾਂ ਦੀ ਬੋਲੀ ਲਾਤੀਨੀ ਸਾਬਤ ਹੋਈ। ਗੌਂਡ ਬੋਲੀ ਨਾ ਉੱਤਰੀ ਭਾਰਤ ਦੀ ਕਿਸੇ ਬੋਲੀ ਨਾਲ ਮਿਲਦੀ ਹੈ, ਨਾ ਹੀ ਦੱਖਣੀ ਭਾਰਤ ਦੀ। ਨਾ ਹਿੰਦੀ, ਨਾ ਬੰਗਾਲੀ, ਨਾ ਤੇਲਗੂ ਨਾਲ। ਮੈਂ ਇੰਜ ਮਹਿਸੂਸ ਕੀਤਾ ਜਿਵੇਂ ਅਫ਼ਰੀਕਾ ਦੇ ਕਿਸੇ ਦੇਸ਼ ਵਿਚ ਪਹੁੰਚ ਗਿਆ ਹੋਵਾਂ। ਉਸ ਨੌਜਵਾਨ ਦੇ ਤੇੜ ਇਕ ਪਰਨਾ ਸੀ ਤੇ ਪਿੰਡੇ ਉੱਤੇ ਬੁਨੈਣ। ਕੋਈ ਪੰਦਰਾਂ ਮਿੰਟ ਬਾਦ ਉਹ ਨੌਜਵਾਨ ਵਾਪਸ ਮੁੜਿਆ। ਉਹਨਾਂ ਗੌਂਡ ਬੋਲੀ ਵਿਚ ਕੁਝ ਦੇਰ ਗੱਲਬਾਤ ਕੀਤੀ ਅਤੇ ਫਿਰ ਸਾਡੀ ਫਾਰਮੇਸ਼ਨ ਚਾਰ ਜਣਿਆਂ ਦੀ ਹੋ ਗਈ। ਪਾਲ 'ਚ ਸਭ ਤੋਂ ਅੱਗੇ ਉਹ ਕਬਾਇਲੀ ਲੜਕਾ ਤੇ ਪਿੱਛੇ ਪਿੱਛੇ ਅਸੀਂ, ਪਹਿਲਾਂ ਦੀ ਤਰਤੀਬ ਅਨੁਸਾਰ।
ਝੌਂਪੜੀਆਂ ਦੇ ਵਿਚੋਂ ਦੀ ਗੁਜ਼ਰਦੇ ਹੋਏ ਅਸੀਂ ਇਕ ਘਰ ਦੇ ਵਿਹੜੇ ਵਿਚ ਪਹੁੰਚੇ। ਵਿਹੜਾ ਸਾਫ਼-ਸੁਥਰਾ, ਕੁਝ ਹਿੱਸੇ ਵਿਚ ਗੋਹੇ ਦਾ ਪੋਚਾ ਫਿਰਿਆ ਹੋਇਆ, ਆਲੇ ਦੁਆਲੇ ਲੱਕੜਾਂ ਗੱਡ ਕੇ ਵਾੜ ਖੜ੍ਹੀ ਕੀਤੀ ਹੋਈ ਅਤੇ ਇਕ ਪਾਸੇ ਉੱਤੇ ਇਕ ਛੰਨ ਜਿਸ ਉੱਪਰ ਸਿਰਫ਼ ਛੱਤ ਸੀ ਤੇ ਜਿਸ ਦਾ ਫ਼ਰਸ਼ ਵਿਹੜੇ ਨਾਲੋਂ ਕੁਝ ਉਚਾਈ ਉੱਤੇ ਬਣਿਆ ਹੋਇਆ ਸੀ। ਉਸ ਢਾਰੇ ਹੇਠ ਸੱਤ ਅੱਠ ਨੌਜਵਾਨ ਕਬਾਇਲੀ ਬੈਠੇ ਪੜ੍ਹ ਰਹੇ ਸਨ। ਹਰ ਕਿਸੇ ਨੇ ਫ਼ੌਜੀ ਵਰਦੀ ਪਹਿਨੀ ਹੋਈ ਸੀ ਤੇ ਉਹਨਾਂ ਦੇ ਹੱਥਾਂ ਵਿੱਚ ਕੋਈ ਕਿਤਾਬ, ਕਾਪੀ ਜਾਂ ਸਲੇਟ ਸੀ। ਉਹਨਾਂ ਨੇ ਬੰਦੂਕਾਂ ਇਕ ਪਾਸੇ ਲੱਕੜ ਦੇ ਬਣੇ ਸਟੈਂਡ ਨਾਲ ਟਿਕਾਈਆਂ ਹੋਈਆਂ ਸਨ ਜਦਕਿ ਦੋ ਨੌਜਵਾਨ ਤਿਆਰ-ਬਰ-ਤਿਆਰ ਹਾਲਤ ਵਿਚ ਪਹਿਰੇ ਉੱਤੇ ਸਨ।
ਸਾਡੇ ਪਹੁੰਚਣ ਉੱਤੇ ਉਹ ਉੱਠੇ। ਹਰ ਕਿਸੇ ਨੇ ਆਪਣੀ ਆਪਣੀ ਬੰਦੂਕ ਉਠਾਈ ਅਤੇ ਸਾਰੇ ਜਣੇ ਇਕ ਕਤਾਰ ਬੰਨ੍ਹ ਕੇ ਸਵਾਗਤ ਲਈ ਖੜ੍ਹੇ ਹੋ ਗਏ। ਉਹਨਾਂ ਵਿਚੋਂ ਹਰ ਜਣਾ ਵਾਰੀ ਸਿਰ ਸਾਡੀ ਪਾਲ ਤੱਕ ਪਹੁੰਚਦਾ, ਗਰਮ-ਜੋਸ਼ੀ ਨਾਲ ਹੱਥ ਮਿਲਾਉਂਦਾ ਤੇ ਫਿਰ ਕਤਾਰ ਵਿਚ ਜਾ ਖੜ੍ਹਾ ਹੁੰਦਾ। ਇਹ ਜੀ ਆਇਆਂ ਕਹਿਣ ਦੀ ਰਸਮ ਸੀ। ਕਮਾਂਡਰ ਦੇ ਹੁਕਮ 'ਤੇ ਉਹਨਾਂ ਨੇ ਕਤਾਰ ਦੀ ਫਾਰਮੇਸ਼ਨ ਭੰਗ ਕੀਤੀ। ਦੋ ਜਣੇ ਰਸੋਈ ਦੇ ਆਹਰ ਵਿਚ ਜੁਟ ਗਏ। ਬਾਕੀਆਂ ਨੇ ਆਪਣੀਆਂ ਕਿਤਾਬਾਂ, ਸਲੇਟਾਂ ਫਿਰ ਉਠਾ ਲਈਆਂ ਅਤੇ ਪੜ੍ਹਾਈ ਵਿਚ ਰੁੱਝ ਗਏ।
ਤੀਸਰੇ ਦਿਨ ਮਿਲੀ ਗਰਮ ਗਰਮ ਚਾਹ ਨੇ ਅੱਧੀ ਥਕਾਵਟ ਦੂਰ ਕਰ ਦਿੱਤੀ। ਚਾਹ ਪੀਂਦੇ ਸਾਰ ਹੀ ਮੈਨੂੰ ਨੀਂਦ ਨੇ ਆ ਦਬੋਚਿਆ। ਅੱਧੇ ਘੰਟੇ ਦੀ ਬੇ-ਪਰਵਾਹੀ ਤੇ ਬੇ-ਹੋਸ਼ੀ ਦੀ ਨੀਂਦ ਤੋਂ ਉਹਨਾਂ ਮੈਨੂੰ ਝੰਜੋੜ ਕੇ ਜਗਾਇਆ। ਖਾਣਾ ਤਿਆਰ ਸੀ। ਚੌਲ ਤੇ ਮੱਛੀ। ਪਰ ਅੱਜ ਮੱਛੀ ਤਾਜ਼ੀ ਸੀ। ਨਿੱਕਾ ਨਿੱਕਾ ਪੁੰਗ। ਉਹ ਸਾਰੇ ਉਸ ਨੂੰ ਸਾਬਤ ਹੀ ਚਬਾ ਰਹੇ ਸਨ ਤੇ ਆਨੰਦ ਲੈ ਰਹੇ ਸਨ। ਸਾਬਤ ਮੱਛੀ ਮੇਰੇ ਹਲਕ ਚੋਂ ਨਾ ਉੱਤਰੀ। ਐਨੇ ਸਾਰੇ ਢੇਰ ਦੇ ਸਿਰ ਲਾਹ ਲਾਹ ਸੁੱਟਣਾ ਬੁਰਾ ਲਗਦਾ ਤੇ ਖਾਣੇ ਦਾ ਮਜ਼ਾ ਵੀ ਮਾਰ ਦੇਂਦਾ। ਮੈਂ ਸੌਖਾ ਰਸਤਾ ਚੁਣਿਆ। ਕੁਝ ਨੂੰ ਰੱਖ ਕੇ ਬਾਕੀ ਮੱਛੀਆਂ ਬਾਸੂ ਦੇ ਹਵਾਲੇ ਕੀਤੀਆਂ, ਉਹਨਾਂ ਦੇ ਸਿਰ ਉਤਾਰੇ ਤੇ ਖਾਣਾ ਸ਼ੁਰੂ ਕਰ ਦਿੱਤਾ। ਹੁਣ ਚੌਲਾਂ ਦੇ ਕੰਕਰਾਂ ਦੀ ਵਾਰੀ ਸੀ। ਖਾਣਾ ਖਾਣ ਦੀ ਮੇਰੀ ਰਫ਼ਤਾਰ ਢਿੱਲੀ ਹੀ ਰਹੀ।