ਰੁਖ਼ ਕੀਤਾ। ਜ਼ਾਹਰ ਸੀ ਕਿ ਹੁਣ ਅਸੀਂ ਗੁਰੀਲਾ ਇਲਾਕੇ ਵਿਚ ਪਹੁੰਚ ਚੁੱਕੇ ਸਾਂ ਤੇ ਪਿੰਡਾਂ ਤੋਂ ਵਲ ਪਾਕੇ ਚੱਲਣ ਦੀ ਹੁਣ ਜ਼ਰੂਰਤ ਨਹੀਂ ਸੀ ਰਹੀ। ਝੌਂਪੜੀਆਂ ਦੇ ਝੁੰਡ ਤੋਂ ਕੁਝ ਦੂਰੀ ਉੱਤੇ ਬਾਸੂ ਨੇ ਆਵਾਜ਼ ਦੇ ਕੇ ਇਕ ਨੌਜਵਾਨ ਨੂੰ ਬੁਲਾਇਆ ਤੇ ਉਸ ਨਾਲ ਉਸ ਦੀ ਬੋਲੀ ਵਿਚ ਕੋਈ ਗੱਲ ਕੀਤੀ। ਮੇਰੇ ਲਈ ਉਹਨਾਂ ਦੀ ਬੋਲੀ ਲਾਤੀਨੀ ਸਾਬਤ ਹੋਈ। ਗੌਂਡ ਬੋਲੀ ਨਾ ਉੱਤਰੀ ਭਾਰਤ ਦੀ ਕਿਸੇ ਬੋਲੀ ਨਾਲ ਮਿਲਦੀ ਹੈ, ਨਾ ਹੀ ਦੱਖਣੀ ਭਾਰਤ ਦੀ। ਨਾ ਹਿੰਦੀ, ਨਾ ਬੰਗਾਲੀ, ਨਾ ਤੇਲਗੂ ਨਾਲ। ਮੈਂ ਇੰਜ ਮਹਿਸੂਸ ਕੀਤਾ ਜਿਵੇਂ ਅਫ਼ਰੀਕਾ ਦੇ ਕਿਸੇ ਦੇਸ਼ ਵਿਚ ਪਹੁੰਚ ਗਿਆ ਹੋਵਾਂ। ਉਸ ਨੌਜਵਾਨ ਦੇ ਤੇੜ ਇਕ ਪਰਨਾ ਸੀ ਤੇ ਪਿੰਡੇ ਉੱਤੇ ਬੁਨੈਣ। ਕੋਈ ਪੰਦਰਾਂ ਮਿੰਟ ਬਾਦ ਉਹ ਨੌਜਵਾਨ ਵਾਪਸ ਮੁੜਿਆ। ਉਹਨਾਂ ਗੌਂਡ ਬੋਲੀ ਵਿਚ ਕੁਝ ਦੇਰ ਗੱਲਬਾਤ ਕੀਤੀ ਅਤੇ ਫਿਰ ਸਾਡੀ ਫਾਰਮੇਸ਼ਨ ਚਾਰ ਜਣਿਆਂ ਦੀ ਹੋ ਗਈ। ਪਾਲ 'ਚ ਸਭ ਤੋਂ ਅੱਗੇ ਉਹ ਕਬਾਇਲੀ ਲੜਕਾ ਤੇ ਪਿੱਛੇ ਪਿੱਛੇ ਅਸੀਂ, ਪਹਿਲਾਂ ਦੀ ਤਰਤੀਬ ਅਨੁਸਾਰ।
ਝੌਂਪੜੀਆਂ ਦੇ ਵਿਚੋਂ ਦੀ ਗੁਜ਼ਰਦੇ ਹੋਏ ਅਸੀਂ ਇਕ ਘਰ ਦੇ ਵਿਹੜੇ ਵਿਚ ਪਹੁੰਚੇ। ਵਿਹੜਾ ਸਾਫ਼-ਸੁਥਰਾ, ਕੁਝ ਹਿੱਸੇ ਵਿਚ ਗੋਹੇ ਦਾ ਪੋਚਾ ਫਿਰਿਆ ਹੋਇਆ, ਆਲੇ ਦੁਆਲੇ ਲੱਕੜਾਂ ਗੱਡ ਕੇ ਵਾੜ ਖੜ੍ਹੀ ਕੀਤੀ ਹੋਈ ਅਤੇ ਇਕ ਪਾਸੇ ਉੱਤੇ ਇਕ ਛੰਨ ਜਿਸ ਉੱਪਰ ਸਿਰਫ਼ ਛੱਤ ਸੀ ਤੇ ਜਿਸ ਦਾ ਫ਼ਰਸ਼ ਵਿਹੜੇ ਨਾਲੋਂ ਕੁਝ ਉਚਾਈ ਉੱਤੇ ਬਣਿਆ ਹੋਇਆ ਸੀ। ਉਸ ਢਾਰੇ ਹੇਠ ਸੱਤ ਅੱਠ ਨੌਜਵਾਨ ਕਬਾਇਲੀ ਬੈਠੇ ਪੜ੍ਹ ਰਹੇ ਸਨ। ਹਰ ਕਿਸੇ ਨੇ ਫ਼ੌਜੀ ਵਰਦੀ ਪਹਿਨੀ ਹੋਈ ਸੀ ਤੇ ਉਹਨਾਂ ਦੇ ਹੱਥਾਂ ਵਿੱਚ ਕੋਈ ਕਿਤਾਬ, ਕਾਪੀ ਜਾਂ ਸਲੇਟ ਸੀ। ਉਹਨਾਂ ਨੇ ਬੰਦੂਕਾਂ ਇਕ ਪਾਸੇ ਲੱਕੜ ਦੇ ਬਣੇ ਸਟੈਂਡ ਨਾਲ ਟਿਕਾਈਆਂ ਹੋਈਆਂ ਸਨ ਜਦਕਿ ਦੋ ਨੌਜਵਾਨ ਤਿਆਰ-ਬਰ-ਤਿਆਰ ਹਾਲਤ ਵਿਚ ਪਹਿਰੇ ਉੱਤੇ ਸਨ।
ਸਾਡੇ ਪਹੁੰਚਣ ਉੱਤੇ ਉਹ ਉੱਠੇ। ਹਰ ਕਿਸੇ ਨੇ ਆਪਣੀ ਆਪਣੀ ਬੰਦੂਕ ਉਠਾਈ ਅਤੇ ਸਾਰੇ ਜਣੇ ਇਕ ਕਤਾਰ ਬੰਨ੍ਹ ਕੇ ਸਵਾਗਤ ਲਈ ਖੜ੍ਹੇ ਹੋ ਗਏ। ਉਹਨਾਂ ਵਿਚੋਂ ਹਰ ਜਣਾ ਵਾਰੀ ਸਿਰ ਸਾਡੀ ਪਾਲ ਤੱਕ ਪਹੁੰਚਦਾ, ਗਰਮ-ਜੋਸ਼ੀ ਨਾਲ ਹੱਥ ਮਿਲਾਉਂਦਾ ਤੇ ਫਿਰ ਕਤਾਰ ਵਿਚ ਜਾ ਖੜ੍ਹਾ ਹੁੰਦਾ। ਇਹ ਜੀ ਆਇਆਂ ਕਹਿਣ ਦੀ ਰਸਮ ਸੀ। ਕਮਾਂਡਰ ਦੇ ਹੁਕਮ 'ਤੇ ਉਹਨਾਂ ਨੇ ਕਤਾਰ ਦੀ ਫਾਰਮੇਸ਼ਨ ਭੰਗ ਕੀਤੀ। ਦੋ ਜਣੇ ਰਸੋਈ ਦੇ ਆਹਰ ਵਿਚ ਜੁਟ ਗਏ। ਬਾਕੀਆਂ ਨੇ ਆਪਣੀਆਂ ਕਿਤਾਬਾਂ, ਸਲੇਟਾਂ ਫਿਰ ਉਠਾ ਲਈਆਂ ਅਤੇ ਪੜ੍ਹਾਈ ਵਿਚ ਰੁੱਝ ਗਏ।
ਤੀਸਰੇ ਦਿਨ ਮਿਲੀ ਗਰਮ ਗਰਮ ਚਾਹ ਨੇ ਅੱਧੀ ਥਕਾਵਟ ਦੂਰ ਕਰ ਦਿੱਤੀ। ਚਾਹ ਪੀਂਦੇ ਸਾਰ ਹੀ ਮੈਨੂੰ ਨੀਂਦ ਨੇ ਆ ਦਬੋਚਿਆ। ਅੱਧੇ ਘੰਟੇ ਦੀ ਬੇ-ਪਰਵਾਹੀ ਤੇ ਬੇ-ਹੋਸ਼ੀ ਦੀ ਨੀਂਦ ਤੋਂ ਉਹਨਾਂ ਮੈਨੂੰ ਝੰਜੋੜ ਕੇ ਜਗਾਇਆ। ਖਾਣਾ ਤਿਆਰ ਸੀ। ਚੌਲ ਤੇ ਮੱਛੀ। ਪਰ ਅੱਜ ਮੱਛੀ ਤਾਜ਼ੀ ਸੀ। ਨਿੱਕਾ ਨਿੱਕਾ ਪੁੰਗ। ਉਹ ਸਾਰੇ ਉਸ ਨੂੰ ਸਾਬਤ ਹੀ ਚਬਾ ਰਹੇ ਸਨ ਤੇ ਆਨੰਦ ਲੈ ਰਹੇ ਸਨ। ਸਾਬਤ ਮੱਛੀ ਮੇਰੇ ਹਲਕ ਚੋਂ ਨਾ ਉੱਤਰੀ। ਐਨੇ ਸਾਰੇ ਢੇਰ ਦੇ ਸਿਰ ਲਾਹ ਲਾਹ ਸੁੱਟਣਾ ਬੁਰਾ ਲਗਦਾ ਤੇ ਖਾਣੇ ਦਾ ਮਜ਼ਾ ਵੀ ਮਾਰ ਦੇਂਦਾ। ਮੈਂ ਸੌਖਾ ਰਸਤਾ ਚੁਣਿਆ। ਕੁਝ ਨੂੰ ਰੱਖ ਕੇ ਬਾਕੀ ਮੱਛੀਆਂ ਬਾਸੂ ਦੇ ਹਵਾਲੇ ਕੀਤੀਆਂ, ਉਹਨਾਂ ਦੇ ਸਿਰ ਉਤਾਰੇ ਤੇ ਖਾਣਾ ਸ਼ੁਰੂ ਕਰ ਦਿੱਤਾ। ਹੁਣ ਚੌਲਾਂ ਦੇ ਕੰਕਰਾਂ ਦੀ ਵਾਰੀ ਸੀ। ਖਾਣਾ ਖਾਣ ਦੀ ਮੇਰੀ ਰਫ਼ਤਾਰ ਢਿੱਲੀ ਹੀ ਰਹੀ।