ਉਠਾਉਣਾ ਪੈਂਦਾ ਹੈ। ਉਹ ਸਿੱਧੇ-ਸਾਦੇ, ਨਿਰਛਲ, ਨਿਰਮਲ ਅਤੇ ਬੇ-ਬਾਕ ਲੋਕ ਹਨ ਅਤੇ ਸੱਭਿਅਕ ਸਮਾਜ ਦੀਆਂ ਪੇਚੀਦਗੀਆਂ, ਬਾਰੀਕੀਆਂ, ਚੋਰੀਆਂ, ਯਾਰੀਆਂ, ਠੱਗੀਆਂ ਤੋਂ ਨਿਰਲੇਪ ਜੀਵਨ ਬਸਰ ਕਰਦੇ ਹਨ। ਕੱਪੜੇ ਵੀ ਉਹ ਢਾਈ ਕੁ ਹੀ ਪਹਿਨਦੇ ਹਨ ਜਾਂ ਪਹਿਨਦੇ ਹੀ ਨਹੀਂ, ਸੋ ਨੰਗੇਪਨ ਅਤੇ ਸ਼ਰਮ ਤੇ ਬੇਸ਼ਰਮੀ ਸਬੰਧੀ “ਸੱਭਿਅਕ" ਸੰਕਲਪਾਂ ਦੇ ਝਮੇਲੇ ਤੋਂ ਅਜੇ ਦੂਰ ਹਨ। ਸੱਭਿਅਕ ਲੋਕਾਂ ਵਾਂਗ ਉਹਨਾਂ ਨੂੰ ਕਿਸੇ ਹਮਾਮ ਵਿਚ ਨੰਗਾ ਵੀ ਨਹੀਂ ਹੋਣਾ ਪੈਂਦਾ। 'ਹਮਾਮ' ਦੀ ਈਜਾਦ ਉਹਨਾਂ ਅਜੇ ਕੀਤੀ ਹੀ ਨਹੀਂ। ਫਿਲਹਾਲ, ਗੰਦਗੀ ਤੇ ਸਫ਼ਾਈ ਬਾਰੇ ਮੈਨੂੰ ਇਹ ਕਹਿ ਕੇ ਗੱਲ ਮੁਕਾ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਕਿਓਟੋ ਸੰਧੀ ਦੇ ਝਗੜੇ ਬਾਰੇ ਕੁਝ ਨਹੀਂ ਸੁਣਿਆ ਅਤੇ ਨਾ ਹੀ ਇਸ ਬਾਰੇ ਸਮਝ ਸਕਣ ਲਈ ਉਹਨਾਂ ਕੋਲ ਕੋਈ ਪਦਾਰਥਕ ਹਾਲਤ ਮੌਜੂਦ ਹੈ ਜਿਸ ਵਿਚੋਂ ਅਜਿਹੇ ਫ਼ਸਾਦ ਤੇ ਅਜਿਹੇ ਵਿਚਾਰ ਪੈਦਾ ਹੋਣ।
ਹਨੇਰਾ ਹੋਣ ਉੱਤੇ ਅਸੀਂ ਅਗਲੇ ਸਫ਼ਰ ਵਾਸਤੇ ਤਿਆਰ ਹੋ ਗਏ। ਓਥੋਂ ਤਿੰਨ ਨੌਜਵਾਨ ਸਾਡੇ ਨਾਲ ਹੋਰ ਰਲ ਗਏ। ਉਹ ਤਿੰਨੇ ਹਥਿਆਰਬੰਦ ਸਨ। ਫ਼ੌਜੀ ਅਸੂਲ ਮੁਤਾਬਕ ਉਹਨਾਂ ਵਿਚੋਂ ਇਕ ਸਾਡੇ ਤੋਂ ਕੁਝ ਫ਼ਾਸਲੇ ਉੱਤੇ ਅੱਗੇ ਅੱਗੇ ਤੁਰ ਪਿਆ, ਸਕਾਉਟ ਟੀਮ ਵਾਂਗ। ਇਕ ਸਭ ਤੋਂ ਪਿੱਛੇ ਅਤੇ ਤੀਸਰਾ ਦਰਮਿਆਨ ਵਿਚ ਇਕਹਿਰੀ ਲਾਈਨ ਦੀ ਫਾਰਮੇਸ਼ਨ ਵਿਚ ਅਸੀਂ ਪਿੰਡ ਦੀ ਹੱਦ ਪਾਰ ਕੀਤੀ ਅਤੇ ਜੰਗਲ ਵਿਚ ਦਾਖ਼ਲ ਹੋ ਗਏ।
ਰਾਤ ਭਰ ਅਤੇ ਅਗਲਾ ਸਾਰਾ ਦਿਨ ਥੋੜ੍ਹੇ ਥੋੜ੍ਹੇ ਸਮੇਂ ਦੇ ਆਰਾਮ ਦੇ ਵਕਫ਼ੇ ਨਾਲ ਨਦੀਆਂ, ਨਾਲਿਆਂ ਤੇ ਨਿੱਕੇ ਵੱਡੇ ਪਹਾੜਾਂ ਨੂੰ ਪਾਰ ਕਰਦਿਆਂ ਅਗਲੀ ਸ਼ਾਮ ਅਸੀਂ ਇਕ ਅਜਿਹੀ ਥਾਂ ਪਹੁੰਚੇ ਜਿੱਥੇ ਦੁਰ ਦੁਰ ਤਕ ਜੰਗਲ ਹੀ ਜੰਗਲ ਸੀ। ਇੰਜ ਲਗਦਾ ਸੀ ਜਿਵੇਂ ਦੂਰ ਦੂਰ ਤੱਕ ਆਬਾਦੀ ਦਾ ਨਾਮ-ਨਿਸ਼ਾਨ ਨਾ ਹੋਵੇ। ਪਰ ਜਲਦੀ ਹੀ ਮੇਰਾ ਇਹ ਖਿਆਲ ਗ਼ਲਤ ਸਾਬਤ ਹੋ ਗਿਆ।
ਉਸ ਘੋਰ ਜੰਗਲ ਵਿਚ ਇਕ ਚੌਦਾਂ ਪੰਦਰਾਂ ਸਾਲ ਦਾ ਲੜਕਾ ਸਾਨੂੰ ਮਿਲਿਆ। ਉਹ ਕਿਸੇ ਨੇੜਲੇ ਪਿੰਡ ਦਾ ਸੀ। ਹਰ ਕਿਸੇ ਨਾਲ ਹੱਥ ਮਿਲਾ ਕੇ ਉਸ ਨੇ ਸਾਡੇ 'ਚੋਂ ਇਕ ਨੂੰ ਨਾਲ ਲਿਆ ਅਤੇ ਉਹ ਦੋਵੇਂ ਜਲਦੀ ਹੀ ਅੱਖਾਂ ਤੋਂ ਉਹਲੇ ਹੋ ਗਏ। ਅੱਖਾਂ ਤੋਂ ਉਹਲੇ ਹੋਣ ਨੂੰ ਜੰਗਲ ਵਿਚ ਓਨੀ ਕੁ ਦੇਰ ਲਗਦੀ ਹੈ ਜਿੰਨੀ ਕਿ ਕਿਸੇ ਸ਼ਹਿਰ ਵਿਚ। ਜੰਗਲ ਵਿਚ ਆਦਮੀ ਭੀੜ ਜਾਂ ਇਮਾਰਤਾਂ ਪਿੱਛੇ ਉਹਲੇ ਨਹੀਂ ਹੋਇਆ ਤਾਂ ਝਾੜੀਆਂ ਤੇ ਦਰੱਖ਼ਤਾਂ ਪਿੱਛੇ ਹੋ ਗਿਆ, ਇਕੋ ਜਿੰਨਾ ਹੀ ਸਮਾਂ ਲਗਦਾ ਹੈ। ਇਸੇ ਤਰ੍ਹਾਂ ਆਦਮੀ ਦਾ ਪਰਗਟ ਹੋਣਾ ਵੀ ਅਚਾਨਕ ਹੀ ਹੋ ਜਾਂਦਾ ਹੈ। ਤੁਸੀਂ ਸਮਝਦੇ ਹੋ ਕੇ ਨੇੜੇ ਤੇੜੇ ਕੋਈ ਨਹੀਂ ਪਰ ਅਚਾਨਕ ਪੱਤਿਆਂ ਪਿੱਛੋਂ ਕੋਈ ਨਿਕਲ ਆਉਂਦਾ ਹੈ, ਤੁਸੀਂ ਹੱਕੇ ਬੱਕੇ ਰਹਿ ਜਾਂਦੇ ਹੋ। ਬਹਰਹਾਲ, ਅਸੀਂ ਘੰਟਾ ਭਰ ਆਰਾਮ ਨਾਲ ਬਿਤਾਇਆ। ਲੰਬੇ ਸਫ਼ਰ 'ਚ ਜਿੱਥੇ ਆਰਾਮ ਚੰਦ ਘੜੀਆਂ ਦਾ ਹੀ ਮਿਲਦਾ ਹੋਵੇ ਓਥੇ ਅੱਧੇ ਪਹਿਰ ਦਾ ਸੁਸਤਾਉਣਾ ਮਿਲ ਜਾਵੇ ਤਾਂ ਜਿੱਥੇ ਇਕ ਪਾਸੇ ਸਰੀਰ ਦੀ ਤਾਕਤ ਜਮ੍ਹਾਂ ਹੋ ਜਾਂਦੀ ਹੈ, ਓਥੇ ਦੂਸਰੇ ਪਾਸੇ ਮਨ ਸੁਸਤੀ ਫੜ੍ਹ ਲੈਂਦਾ ਹੈ। ਇਹੀ ਹੋਇਆ। ਜਦੋਂ ਉਹ ਲੜਕਾ ਤਿੰਨ ਜਣਿਆਂ ਨਾਲ ਵਾਪਸ ਪਰਤਿਆ ਤਾਂ ਸਾਡੇ ਚੱਲਣ ਦਾ ਸਮਾਂ ਹੋ ਗਿਆ। ਉਹ ਇਕ ਨੂੰ ਲੈਕੇ ਗਿਆ ਸੀ ਪਰ ਦੋ ਹੋਰ ਨੂੰ ਨਾਲ ਲੈ ਆਇਆ ਸੀ। ਏਥੋਂ ਪਿਛਲੀ ਟੀਮ ਵਾਪਸ ਪਰਤ ਗਈ ਅਤੇ ਨਵੀਂ ਟੀਮ ਨੇ ਸਾਡਾ ਚਾਰਜ ਸੰਭਾਲ ਲਿਆ। ਰਾਤ ਹੋ ਚੁੱਕੀ
ਸੀ। ਭੁੱਖ ਤੇ ਥਕਾਵਟ ਦੋਵੇਂ ਹੀ ਭਾਰੀ ਪੈ ਰਹੀਆਂ ਸਨ। ਸੋਚਿਆ ਕਿ ਹੁਣ ਖਾਣ ਨੂੰ ਮਿਲੇ ਤਾਂ ਚੰਗਾ ਰਹੇ।
ਮੈਂ ਬਾਸੂ ਵੱਲ ਪਰਤਿਆ,
"ਕਿੰਨੇ ਸਮੇਂ ਦਾ ਪੰਧ ਹੈ?"
"ਢਾਈ ਘੰਟੇ," ਉਸ ਸਹਿਜ ਸੁਭਾਵਕ ਕਿਹਾ, "ਥਕਾਵਟ ਹੋ ਗਈ?”
"ਨਹੀਂ ਤਾਂ।"
ਥੱਕੇ ਹੋਣ ਦੇ ਬਾਵਜੂਦ ਵੀ ਮੇਰੇ ਮੂੰਹੋਂ ਇਹੀ ਨਿਕਲਿਆ। ਇਕ ਘੰਟੇ ਦੇ ਆਰਾਮ ਨੇ ਮਨ ਹਰਾਮੀ ਕਰ ਦਿੱਤਾ ਸੀ।
“ਚੱਲਾਂਗੇ,” ਮੈਂ ਕਿਹਾ।
ਕਿੱਟਾਂ ਮੋਢਿਆਂ ਉੱਤੇ ਟਿਕਾਅ ਕੇ ਅਸੀਂ ਪਾਲ ਬੰਨ੍ਹ ਤੁਰੇ। ਘੰਟੇ ਬਾਦ ਦੱਸ ਮਿੰਟ ਦਾ ਵਕਫ਼ਾ ਅਤੇ ਫਿਰ ਕੂਚ। ਕੂਚ-ਕਿਆਮ-ਕੂਚ-ਕਿਆਮ ਅਤੇ ਫਿਰ ਕੂਚ। ਪਿਛਲੇ ਤਿੰਨ ਦਿਨ ਤੇ ਤਿੰਨ ਰਾਤਾਂ ਤੋਂ ਇਹੀ ਸਿਲਸਿਲਾ ਚੱਲ ਰਿਹਾ ਸੀ। ਦੂਸਰੀ ਵਾਰ ਕੂਚ ਕਰਨ ਤੋਂ ਪਹਿਲਾਂ ਟੀਮ ਕਮਾਂਡਰ ਨੇ ਗੌਂਡ ਬੋਲੀ ਵਿਚ ਕਿਹਾ ਕਿ ਹੁਣ ਮੰਜ਼ਲ ਉੱਤੇ ਜਾ ਕੇ ਹੀ ਰੁਕਿਆ ਜਾਵੇਗਾ। ਬਾਸੂ ਨੇ ਮੇਰੇ ਲਈ ਤਰਜਮਾ ਕੀਤਾ। ਸਕਾਉਟ ਨੇ ਸਾਡੇ ਤੋਂ ਵਿੱਥ ਵਧਾ ਲਈ ਤੇ ਕਾਫ਼ਲਾ ਤੁਰ ਪਿਆ।
ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ ਤਿਵੇਂ ਤਿਵੇਂ ਸਰੀਰ ਭਾਰਾ ਹੁੰਦਾ ਗਿਆ ਤੇ ਮਨ ਮਜ਼ਬੂਤ ਹੁੰਦਾ ਗਿਆ। ਮੰਜ਼ਲ ਦੇ ਨਜ਼ਦੀਕ ਪਹੁੰਚ ਕੇ ਇੰਜ ਹੀ ਵਾਪਰਦਾ ਹੈ। ਏਥੇ ਕਮਾਂਡ ਦਿਮਾਗ਼ ਦੇ ਹੱਥ ਵਿਚ ਹੋ ਜਾਂਦੀ ਹੈ ਤੇ ਉਹ ਢਹਿੰਦੇ ਹੋਏ ਸਰੀਰ ਨੂੰ ਉਤਸ਼ਾਹਤ ਕਰਦਾ ਹੋਇਆ, ਸ਼ਾਬਾਸ਼ ਸ਼ਾਬਾਸ਼ ਕਹਿੰਦਾ ਜਿੱਤ ਦੀ ਰੇਖਾ ਦੇ ਪਾਰ ਲੈ ਜਾਂਦਾ ਹੈ।
ਆਖ਼ਰ ਅਸੀਂ ਜਿੱਤ ਦੀ ਰੇਖਾ ਉਤੇ, ਇਕ ਪਹਾੜ ਦੇ ਪੈਰਾਂ ਵਿਚ, ਪਹੁੰਚ ਗਏ। ਰੁਕਣ ਦਾ ਹੁਕਮ ਹੋਇਆ। ਸਾਰੀ ਕਤਾਰ ਰੁਕ ਗਈ। ਕਮਾਂਡਰ ਨੇ ਦੱਸਿਆ ਅਸੀਂ ਪਹੁੰਚ ਚੁੱਕੇ ਹਾਂ। ਹੁਣ ਸਿਰਫ਼ ਖੇਮੇ ਵਿਚ ਪਹੁੰਚਣਾ ਹੀ ਬਾਕੀ ਸੀ। ਸਿਰਫ਼ ਇਕ ਪਹਾੜੀ ਦਾ ਫ਼ਾਸਲਾ ਸੀ। ਸਕਾਊਟ ਇਕੱਲਾ ਅਗਾਂਹ ਨਿਕਲਿਆ। ਕੋਈ ਪੰਦਰਾਂ ਮਿੰਟ ਬਾਦ ਉਹ ਦੋ ਜਣਿਆਂ ਸਮੇਤ ਵਾਪਸ ਆਇਆ।
ਹੱਥ ਮਿਲਾਏ, ਸਲਾਮ ਕੀਤੀ ਅਤੇ ਫਿਰ ਪਹਾੜੀ ਨੂੰ ਪਾਰ ਕਰਕੇ ਅਸੀਂ ਪਰਲੇ ਪਾਰ ਪਹੁੰਚੇ।
ਪਹਾੜੀ ਤੋਂ ਪਾਰ ਜਿਹੜੀ ਪਹਿਲੀ ਚੀਜ਼ ਨਜ਼ਰੀਂ ਪਈ ਉਹ ਸੀ ਇਕ, ਦੋ, ਤਿੰਨ ਤੇ ਫਿਰ ਕਈ ਸਾਰੇ ਤੰਬੂਆਂ ਦਾ ਸਮੂਹ, ਪੂਰਾ ਪਿੰਡ। ਅਸੀਂ ਖੇਮੇ ਵਿਚ ਪਹੁੰਚ ਚੁੱਕੇ ਸਾਂ। ਹਰ ਤੰਬੂ ਵਿਚ ਰੌਸ਼ਨੀ ਦੇ ਬਲਬ ਜਲ ਰਹੇ ਸਨ। ਪਹਾੜੀਆਂ ਦਰਮਿਆਨ ਵੱਸੇ ਇਸ ਖੇਮੇ ਵਿਚ ਰੌਸ਼ਨੀ ਦੇ ਛੋਟੇ ਛੋਟੇ ਟੁਕੜੇ ਏਧਰ ਓਧਰ ਬਿਖਰੇ ਪਏ ਸਨ। ਕਈ ਰਾਤਾਂ ਹਨੇਰੇ ਵਿਚ ਗੁਜ਼ਾਰਨ ਤੋਂ ਬਾਦ ਇਹ ਨਜ਼ਾਰਾ ਅਜੀਬ ਜਿਹਾ ਲਗਦਾ ਸੀ। ਰਸਤੇ ਵਿਚ ਕਿਤੇ ਵੀ ਰਾਤ ਨੂੰ ਰੌਸ਼ਨੀ ਦਿਖਾਈ ਨਹੀਂ ਸੀ ਦਿੱਤੀ ਪਰ ਏਥੇ ਜੰਗਲ ਵਿਚ ਮੰਗਲ ਲੱਗਾ ਹੋਇਆ ਸੀ।
ਚੱਲਦੇ ਹੋਏ ਮੈਂ ਪਹਿਲੇ ਤੰਬੂ ਅੰਦਰ ਝਾਤ ਪਾਈ। ਇਹ ਰਸੋਈ-ਘਰ ਸੀ। ਮਹਿਸੂਸ ਹੋਇਆ ਕਿ ਭੁੱਖ ਹੁਣ ਮਰ ਚੁੱਕੀ ਹੈ। ਰਸੋਈ ਵੀ ਠੰਡੀ ਪ੍ਰਤੀਤ ਹੋਈ। ਵਲ ਖਾਂਦੇ ਪਹਾੜੀ ਰਸਤੇ ਨੂੰ ਪਾਰ ਕਰਦਿਆਂ ਜਦ ਦੁਸਰੇ ਤੰਬੂ ਦੇ ਕੋਲੋਂ ਗੁਜ਼ਰਨ ਲੱਗੇ ਤਾਂ ਦੇਖਿਆ ਕਿ ਇਕ ਪਾਸੇ ਕੋਈ ਤੀਹ ਗੁਰੀਲੇ ਸਾਨੂੰ ਖੁਸ਼-ਆਮਦੀਦ ਕਹਿਣ ਲਈ
ਕਤਾਰ ਵਿਚ ਖੜ੍ਹੇ ਸਨ। ਹਰ ਕੋਈ ਵਰਦੀ ਵਿਚ, ਹਰ ਕੋਈ ਹਥਿਆਰ ਸਮੇਤ। ਗਰਮ ਜੋਸ਼ੀ ਨਾਲ ਹੱਥ ਮਿਲਾਏ ਗਏ, ਸਲਾਮ ਕਹੀ ਗਈ। "ਲਾਲ-ਸਲਾਮ" ਸ਼ਬਦ ਭਾਰਤ ਦੀ ਹਰ ਬੋਲੀ ਦਾ ਹਿੱਸਾ ਬਣ ਗਿਆ ਹੈ। ਇਸ ਦੁਆ-ਸਲਾਮ ਵਾਸਤੇ ਗੋਂਡੀ, ਹਿੰਦੀ, ਬੰਗਾਲੀ, ਤੈਲਗੂ, ਮਰਾਠੀ, ਪੰਜਾਬੀ ਦਾ ਗਿਆਨ ਹੋਣਾ ਜ਼ਰੂਰੀ ਨਹੀਂ ਹੈ। ਇਸ ਸੰਬੋਧਨ ਨੇ ਸਭ ਬੋਲੀਆਂ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਵੇਂ ਕਿ "ਇਨਕਲਾਬ-ਜ਼ਿੰਦਾਬਾਦ" ਦਾ ਨਾਅਰਾ ਹਰ ਬੋਲੀ ਦਾ ਹਿੱਸਾ ਹੋ ਗਿਆ ਹੈ। ਇੰਜ ਮਹਿਸੂਸ ਹੋਇਆ ਕਿ ਸਭ ਦੀ ਇਕ ਸਾਂਝੀ ਭਾਸ਼ਾ ਵੀ ਹੈ ਜਿਸ ਰਾਹੀਂ ਹਰ ਕੋਈ ਇਕ ਦੂਸਰੇ ਨੂੰ ਜਾਣ ਸਕਦਾ ਹੈ। ਵਾਕਈ ਅਸੀਂ ਇਕ ਦੂਸਰੇ ਨੂੰ ਸਮਝ ਸਕਦੇ ਸਾਂ ਅੱਖਾਂ ਵਿਚ, ਇਸ਼ਾਰਿਆਂ ਵਿਚ ਅਤੇ ਹੱਥਾਂ ਦੀ ਗਰਮਜੋਸ਼ੀ ਵਿਚ।
ਸੀਟੀ ਦੀ ਆਵਾਜ਼ ਨੇ ਹਰ ਕਿਸੇ ਨੂੰ ਸੰਕੇਤ ਦਿੱਤਾ। ਚਾਹ ਤਿਆਰ ਸੀ। ਜ਼ਾਹਰ ਹੈ ਕਿ ਰਸੋਈ ਗਰਮ ਹੋ ਚੁੱਕੀ ਸੀ। ਹਰ ਕਿਸੇ ਨੇ ਆਪਣੀ ਆਪਣੀ ਥਾਲੀ ਤੇ ਗਿਲਾਸ ਉਠਾਇਆ ਤੇ ਰਸੋਈ-ਖ਼ਾਨੇ ਵੱਲ ਚੱਲ ਪਿਆ।
ਪੱਥਰ ਟਿਕਾ ਕੇ ਬਣਾਏ ਗਏ ਚੁੱਲ੍ਹਿਆਂ ਵਿਚ ਤਿੰਨ ਥਾਵੇਂ ਅੱਗ ਬਲ ਰਹੀ ਸੀ ਤੇ ਉੱਪਰ ਵੱਡੇ ਵੱਡੇ ਪਤੀਲੇ ਚੜ੍ਹੇ ਹੋਏ ਸਨ। ਤੰਬੂ ਦੇ ਬਾਹਰ ਰਸੋਈ ਦੇ ਦਲਾਨ ਵਿਚ ਪੂਰੀ ਚਹਿਲ-ਪਹਿਲ ਨਜ਼ਰ ਆਈ। ਰਸੋਈ, ਪੇਟ ਦੀ ਸੰਤੁਸ਼ਟੀ ਕਰਨ ਦੇ ਨਾਲ ਨਾਲ ਮੇਲ-ਜੋਲ ਰਾਹੀਂ ਮਨ ਨੂੰ ਸੰਤੁਸ਼ਟ ਕਰਨ ਦਾ ਸਾਧਨ ਵੀ ਬਣੀ ਹੋਈ ਸੀ। ਹਰ ਕਿਸੇ ਨੇ ਵਾਰੀ ਸਿਰ ਆਪਣਾ ਖਾਣਾ ਲਿਆ ਤੇ ਫਿਰ ਸਭ ਜਣੇ ਦੋ-ਦੋ, ਚਾਰ-ਚਾਰ ਦੀਆਂ ਢਾਣੀਆਂ ਵਿਚ ਵੰਡੇ ਗਏ।
ਖਾਣੇ ਤੋਂ ਬਾਦ ਸਾਨੂੰ ਨਵੇਂ ਆਇਆਂ ਨੂੰ ਵੱਖ ਵੱਖ ਤੰਬੂਆਂ ਵਿਚ ਵੰਡ ਦਿੱਤਾ ਗਿਆ। ਜਿਸ ਤੰਬੂ ਵਿਚ ਮੈਂ ਪਹੁੰਚਿਆ, ਓਥੇ ਮੈਂ ਸਤਵਾਂ ਸਾਂ।
"ਦੋ ਦਿਨ ਬਾਦ ਤੁਹਾਨੂੰ ਝਿੱਲੀ (ਪਲਾਸਟਿਕ ਸ਼ੀਟ) ਮਿਲ ਜਾਵੇਗੀ ਤਦ ਤਕ ਕਿਸੇ ਤਰ੍ਹਾਂ ਨਿਭਾਓ।" ਇਕ ਆਵਾਜ਼ ਨੇ ਮੈਨੂੰ ਕਿਹਾ। ਮੈਂ ਉਸ ਵੱਲ ਨਜ਼ਰ ਘੁਮਾਈ ਤਾਂ ਉਹ ਮੁਸਕਰਾ ਪਿਆ।
"ਏਥੇ ਕਾਫ਼ੀ ਲੋਕ ਹਿੰਦੀ ਵਿਚ ਗੱਲ ਕਰ ਸਕਣਗੇ?" ਮੈਂ ਉਸ ਤੋਂ ਪੁੱਛਿਆ।
“ਥੋੜ੍ਹਾ ਥੋੜ੍ਹਾ ਸਮਝ ਲੈਣਗੇ। ਪਰ ਗੱਲਬਾਤ ਕੁਝ ਇਕ ਨਾਲ ਹੀ ਹੋ ਪਾਵੇਗੀ। ਬਹੁਤੇ ਜਣੇ ਹਿੰਦੀ ਨਹੀਂ ਬੋਲ ਸਕਦੇ। ਫਿਰ ਉਸਨੇ ਤੰਬੂ ਵਿਚਲੇ ਦੋ ਜਣਿਆਂ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂਅ ਲੈਂਦੇ ਹੋਏ ਦੱਸਿਆ ਕਿ ਉਹ ਬਾਤਚੀਤ ਵੀ ਕਰ ਸਕਣਗੇ।
ਸਮੁੱਚੇ ਖ਼ੋਮੇ ਵਿਚ ਹੀ ਜ਼ਿਆਦਾ ਲੋਕ ਗੌਂਡ ਕਬਾਇਲੀ ਸਨ। ਕੁਝ ਤੈਲਗੂ, ਕੁਝ ਬੰਗਾਲੀ ਤੇ ਕੁਝ ਉੱਤਰ ਭਾਰਤ ਦੀ ਹਿੰਦੀ ਪੱਟੀ ਦੇ। ਮੇਰੀ ਬੋਲੀ ਦਾ ਉਥੇ ਕੋਈ ਨਹੀਂ ਸੀ। ਰੂਹ ਦੇ ਖਿੜਣ ਲਈ ਆਪਣੀ ਮਾਂ-ਬੋਲੀ ਵਿਚ ਗੱਲ ਕਰਨ ਵਾਲਾ ਕੋਈ ਹੋਣਾ ਚਾਹੀਦਾ ਹੈ। ਪਰਾਈ ਬੋਲੀ ਓਪਰੇਪਣ ਦੀ ਇਕ ਦੀਵਾਰ ਖੜ੍ਹੀ ਰੱਖਦੀ ਹੈ। ਬੇਗਾਨੇ ਕੰਧਾਂ ਕੌਲਿਆਂ ਉੱਤੇ ਖੜ੍ਹੀ ਛੱਤ ਹੇਠ ਹਮੇਸ਼ਾਂ ਖਦਸ਼ਾ ਹੀ ਬਣਿਆ ਰਹਿੰਦਾ ਹੈ। ਪਰ ਉਹ ਇਕ ਵਿਸ਼ੇਸ਼ ਇਲਾਕੇ ਦਾ ਕੈਂਪ ਸੀ, ਸੋ ਬਾਕੀ ਦੇ ਹਿੰਦੋਸਤਾਨ ਨੇ ਓਥੋਂ ਗਾਇਬ ਹੀ ਦਿਸਣਾ ਸੀ। ਫਿਰ ਵੀ, ਐਨੀ ਕੁ ਤਸੱਲੀ ਹੋਈ ਕਿ ਕੁਝ ਜਣਿਆਂ ਨਾਲ ਕੁਝ ਖੁੱਲ੍ਹਣ ਦਾ ਮੌਕਾ ਮਿਲੇਗਾ।
ਸੌਣ ਦਾ ਵਕਤ ਚਿਰੋਕਣਾ ਹੋ ਚੁੱਕਾ ਸੀ। ਅਸੀਂ ਕਾਫ਼ੀ ਦੇਰੀ ਨਾਲ ਪਹੁੰਚੇ ਸਾਂ
ਜਿਸ ਨਾਲ ਨਿੱਤ ਦਾ ਨੇਮ ਕੁਝ ਭੰਗ ਹੋਇਆ ਸੀ। ਦਸ ਵਜੇ ਬੱਤੀ ਬੁਝਣ ਦਾ ਵੇਲਾ ਤੈਅ ਸੀ ਕਿਉਂਕਿ ਸਵੇਰੇ ਹਰ ਕਿਸੇ ਨੂੰ ਸੂਰਜ ਚੜ੍ਹਣ ਤੋਂ ਪਹਿਲਾਂ ਬਾਕਾਇਦਗੀ ਨਾਲ ਉੱਠਣਾ ਜ਼ਰੂਰੀ ਸੀ।
ਤਦੇ ਸੀਟੀ ਸੁਣਾਈ ਦਿੱਤੀ। ਪੰਜ ਮਿੰਟ ਬਾਦ ਬੱਤੀ ਬੰਦ ਹੋ ਗਈ। ਸਾਰਾ ਖੇਮਾ ਹਨੇਰੇ ਦੀ ਬੁੱਕਲ ਵਿਚ ਸਿਮਟ ਗਿਆ। ਥਕਾਵਟ ਨੇ ਚੂਰ ਕੀਤਾ ਪਿਆ ਸੀ। ਸੋ ਪਤਾ ਹੀ ਨਹੀਂ ਲੱਗਾ ਕਿ ਨੀਂਦ ਨੇ ਕਦੋਂ ਦੱਬ ਲਿਆ।
ਗੁਰੀਲਾ ਕੈਂਪ ਅੰਦਰ
ਸਵੇਰ ਦੀ ਸੀਟੀ ਵੱਜਣ ਨਾਲ ਜਦ ਮੇਰੀ ਨੀਂਦ ਉੱਖੜੀ ਤਾਂ ਬਾਹਰ ਅਜੇ ਹਨੇਰਾ ਹੀ ਸੀ। ਸੋਚਿਆ ਕਿ ਪੰਜ ਮਿੰਟ ਹੋਰ ਸੰਵਾਂਗਾ। ਮੈਂ ਅਜੇ ਅੱਖਾਂ ਬੰਦ ਕੀਤੀਆਂ ਹੀ ਸਨ ਕਿ ਕਿਸੇ ਨੇ ਮੈਨੂੰ ਬਾਂਹ ਤੋਂ ਝੰਜੋੜ ਦਿੱਤਾ।
“ਬਾਹਰ, ਸਾਢੇ ਛੇ ਰੋਲ ਕਾਲ।" ਇੱਕ ਤਿਆਰ-ਬਰ-ਤਿਆਰ ਖੜ੍ਹਾ ਗੁਰੀਲਾ ਮੈਨੂੰ ਉਠਾ ਰਿਹਾ ਸੀ। ਉਸ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਤੇ ਬੋਲਿਆ, "ਗਾਰਡ।" ਬਾਦ ਦੇ ਦਿਨਾਂ 'ਚ ਮੈਂ ਸਮਝ ਗਿਆ ਕਿ ਗਾਰਡ ਕੀ ਹੁੰਦਾ ਹੈ। ਉਹਨੇ ਮੈਨੂੰ ਅੱਖਾਂ ਤੋਂ ਉਹਲੇ ਨਹੀਂ ਸੀ ਹੋਣ ਦੇਣਾ ਤੇ ਪਛਾਵੇਂ ਵਾਂਗ ਮੇਰੇ ਨਾਲ ਹੀ ਰਹਿਣਾ ਸੀ। ਜਦ ਮੈਂ ਉਸ ਨੂੰ ਵਕਤ ਪੁੱਛਿਆ ਤਾਂ ਉਹ ਚੁੱਪ ਰਿਹਾ। ਮੈਂ ਆਪਣੇ ਗੁੱਟ ਵੱਲ ਇਸ਼ਾਰਾ ਕਰਕੇ
ਫੇਰ ਪੁੱਛਿਆ ਤਾਂ ਉਸ ਨੇ ਇਸ ਤਰ੍ਹਾਂ ਸਿਰ ਹਿਲਾਇਆ ਕਿ ਮੈਂ ਸਮਝ ਗਿਆ ਕਿ ਉਸ ਕੋਲ ਘੜੀ ਨਹੀਂ ਹੈ। ਉਸ ਦੇ ਨਾ ਬੋਲਣ ਕਾਰਨ ਮੈਂ ਉਸ ਨੂੰ ਪੁੱਛਿਆ, "ਗੋਂਡੀ?" ਤਾਂ ਉਹਨੇ ਹਾਂ ਵਿਚ ਸਿਰ ਹਿਲਾਇਆ। ਹਾਂ ਅਤੇ ਨਾਂਹ ਕਹਿਣ ਵਾਸਤੇ ਸ਼ਾਇਦ ਦੁਨੀਆਂ ਭਰ ਵਿਚ ਹੀ ਕਿਸੇ ਜ਼ੁਬਾਨ ਦੀ ਜ਼ਰੂਰਤ ਨਹੀਂ ਪੈਂਦੀ।
ਰੋਲ-ਕਾਲ ਦੇ ਵਕਤ ਕੋਈ ਪੰਜਤਾਲੀ ਜਣੇ ਲਾਈਨਾਂ ਵਿਚ ਖੜ੍ਹੇ ਸਨ । ਇਹਨਾਂ ਵਿਚ 15 ਕੁ ਔਰਤਾਂ ਸਨ। ਹਰ ਕਿਸੇ ਦਾ ਹਥਿਆਰ ਉਸ ਦੇ ਮੋਢੇ ਉੱਤੇ ਸੀ। ਲਾਈਨ ਵਿਚ ਮੇਰਾ ਖੜ੍ਹੇ ਹੋਣਾ ਜ਼ਾਬਤੇ ਦਾ ਹਿੱਸਾ ਸੀ। ਮੇਰਾ ਗਾਰਡ ਮੇਰੇ ਪਿਛਲੇ ਨੰਬਰ ਉੱਤੇ ਖੜ੍ਹਾ ਹੋ ਗਿਆ। ਪਹਿਲਾਂ ਇਕ ਲਾਈਨ ਵਿਚੋਂ ਆਵਾਜ਼ ਸ਼ੁਰੂ ਹੋਈ ਇਕ-ਦੋ-ਤਿੰਨ- ਚਾਰ ਤੇ ਫਿਰ ਗਿਣਤੀ ਵੀਹ ਤੱਕ ਚੱਲਦੀ ਗਈ। ਵੀਹ ਤੋਂ ਬਾਦ ਫਿਰ ਨੰਬਰ ਇੱਕ ਸ਼ੁਰੂ ਹੋਇਆ ਅਤੇ ਵੀਹ ਉੱਤੇ ਜਾ ਕੇ ਖ਼ਤਮ ਹੋ ਗਿਆ। ਇਹ ਅਜੀਬ ਤਜ਼ਰਬਾ ਸੀ। ਮੇਰੇ ਲਈ। ਰੋਲ-ਕਾਲ ਤੋਂ ਬਾਦ ਕਸਰਤ ਮੈਦਾਨ ਵੱਲ ਜਾਂਦੇ ਹੋਏ ਇਕ ਜਣੇ ਤੋਂ ਮੈਂ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਗਿਆ। ਉਸ ਨੇ ਦੱਸਿਆ ਕਿ ਏਥੇ ਮੌਜੂਦ ਗੌਂਡ ਲੜਕੇ ਲੜਕੀਆਂ ਵੀਹ ਤੋਂ ਅਗਾਂਹ ਦੀ ਗਿਣਤੀ ਭੁੱਲ ਜਾਂਦੇ ਹਨ, ਸੋ ਵੀਹ ਤੋਂ ਬਾਦ ਫਿਰ ਇਕ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬਾਦ ਵਿਚ ਇਸ ਨੂੰ ਮੈਂ ਅਸੂਲ ਵਾਂਗ ਸਾਰੇ ਦਸਤਿਆਂ ਵਿਚ ਦੁਹਰਾਏ ਜਾਂਦੇ ਵੇਖਿਆ। ਵੀਹ ਵੀਹ ਦੀਆਂ ਰਕਮਾਂ ਜੋੜਣ ਦਾ ਕੰਮ ਖੇਮੇ ਦੇ ਕਮਾਂਡਰ ਦਾ ਸੀ। ਉਹ ਦਸ ਦੇਂਦਾ ਕਿ ਕਿੰਨੇ ਹਾਜ਼ਰ ਹਨ, ਕਿੰਨੇ ਬਿਮਾਰ ਹਨ, ਕਿੰਨੇ ਪਹਿਰੇਦਾਰੀ ਦੀ ਡਿਊਟੀ 'ਤੇ ਹਨ ਅਤੇ ਕਿੰਨੇ ਅਜੇ ਜੰਗਲ-ਪਾਣੀ ਤੋਂ ਹੀ ਨਹੀਂ ਮੁੜੇ। ਜੰਗਲ-ਪਾਣੀ ਤੋਂ ਮੁੜਣ ਵਾਲਿਆਂ ਦਾ ਥੋੜ੍ਹੀ ਦੇਰ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਕਿਸੇ ਦੇ ਨਾ ਮੁੜਣ ਉੱਤੇ ਉਸ ਵਾਸਤੇ ਖੋਜ ਟੀਮ ਭੇਜ ਦਿੱਤੀ ਜਾਂਦੀ ਹੈ।
ਜੰਗਲ ਵਿਚ ਗੁੰਮ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਲੀਹਾਂ ਥਾਂ ਥਾਂ ਉੱਤੇ ਬਣੀਆਂ ਮਹਿਸੂਸ ਹੁੰਦੀਆਂ ਹਨ ਅਤੇ ਸਾਰਾ ਆਲਾ ਦੁਆਲਾ ਇਕੋ ਜਿਹਾ ਪ੍ਰਤੀਤ ਹੁੰਦਾ ਹੈ। ਧਰਤੀ-ਚਿੰਨਾਂ (Land marks) ਨੂੰ ਪਛਾਨਣਾ ਸਿੱਖਣ ਲਈ ਲੰਬੇ ਤਜ਼ਰਬੇ ਵਿਚੋਂ ਲੰਘਣਾ ਪੈਂਦਾ ਹੈ। ਜੰਗਲਵਾਸੀ ਇਸ ਨੂੰ ਛੋਟੀ ਉਮਰ ਤੋਂ ਹੀ ਸਿੱਖ ਜਾਂਦੇ ਹਨ। ਪਰ ਜੰਗਲ ਦਾ ਢੰਗ ਹੀ ਕੁਝ ਅਜਿਹਾ ਹੈ ਕਿ ਕਦੇ ਉਹ ਵੀ ਮਾਰ ਖਾ ਜਾਂਦੇ ਹਨ ਅਤੇ ਰਸਤੇ ਭੁੱਲ ਜਾਂਦੇ ਹਨ।
"ਕਸਰਤ ਕਰੋਗੇ?” ਇਕ ਉੱਚੇ ਲੰਬੇ ਜਵਾਨ ਨੇ ਮੈਨੂੰ ਪੁੱਛਿਆ। ਉਸ ਨੇ ਆਪਣੀ ਐੱਸ. ਐੱਲ. ਆਰ. ਇਕ ਰੁੱਖ ਦੇ ਤਣੇ ਨਾਲ ਟਿਕਾਈ ਤੇ ਗਰਮ ਹੋਣ ਲਈ ਲੱਤਾਂ ਬਾਹਵਾਂ ਹਿਲਾਉਣ ਲੱਗਾ। ਜਲਦੀ ਹੀ ਉਹ ਟਰੈਕ ਵਿਚ ਦੌੜਨ ਲੱਗਾ। ਟਰੈਕ ਵਿਚ ਪਹਿਲਾਂ ਹੀ ਕਈ ਜਣੇ ਦੌੜ ਲਗਾ ਰਹੇ ਸਨ। ਮੈਂ ਚੁਫੇਰੇ ਨਜ਼ਰ ਦੌੜਾਈ। ਥਾਂ ਥਾਂ ਉੱਤੇ ਰਾਈਫਲਾਂ ਦਰੱਖ਼ਤਾਂ ਨਾਲ ਟਿਕੀਆਂ ਹੋਈਆਂ ਸਨ। ਇਕ ਵਿਛੇ ਹੋਏ ਦਰੱਖ਼ਤ ਉੱਪਰ ਟਰਾਂਜ਼ਿਸਟਰ ਪਿਆ ਸੀ ਜਿਸ ਵਿਚੋਂ ਬੀ. ਬੀ. ਸੀ. ਤੋਂ ਖ਼ਬਰਾਂ ਆ ਰਹੀਆਂ ਸਨ। ਦੋ ਤਿੰਨ ਜਣੇ ਮੈਦਾਨ ਤੋਂ ਬਾਹਰ ਖੜ੍ਹੇ ਗੱਲਾਂ ਕਰ ਰਹੇ ਸਨ।
"ਤੁਸੀਂ ਸ਼ਾਮਲ ਨਹੀਂ ਹੋਏ?” ਮੈਂ ਉਹਨਾਂ ਤੋਂ ਪੁੱਛਿਆ।
ਇਕ ਨੇ ਲੱਕ ਉੱਤੇ ਹੱਥ ਲਗਾ ਕੇ ਕਿਹਾ, “ਲੱਕ ਦਰਦ ਹੈ।" ਦੂਸਰਿਆਂ ਦੇ ਵੀ ਆਪਣੇ ਆਪਣੇ ਕਾਰਨ ਸਨ। ਇਕ ਜਣਾ ਮੇਰੇ ਹੀ ਤੰਬੂ ਦਾ ਮਲੇਰੀਏ ਦਾ ਭੰਨਿਆ ਮਰੀਜ਼ ਸੀ। ਦੂਸਰਾ ਅਜੇ ਹਫ਼ਤਾ ਪੁਰਾਣੇ ਬੁਖ਼ਾਰ ਤੋਂ ਪਿੱਛਾ ਨਹੀਂ ਸੀ ਛੁਡਾ ਪਾਇਆ।