

ਜੰਗਲਨਾਮਾ ਵਿਸ਼ੇ-ਵਸਤੂ ਤੇ ਲੇਖਣ-ਕਲਾ ਦੇ ਪੱਖੋਂ ਵਿਲੱਖਣ ਤੇ ਅਦਭੁਤ ਪੁਸਤਕ ਹੈ। ਇਸਨੂੰ ਪੜ੍ਹਦਿਆਂ ਪਾਠਕ ਦੀ ਦਸ਼ਾ ਗੁੱਗੇ ਦੇ ਗੁੜ ਖਾਣ ਵਰਗੀ ਹੋ ਜਾਂਦੀ ਹੈ। ਇਹਦੇ ਸਾਹਿਤਿਕ ਗੁਣਾਂ ਵਿੱਚੋਂ ਕਿਹੜਾ ਗੁਣ ਵਧੇਰੇ ਪ੍ਰਭਾਵਸ਼ਾਲੀ ਹੈ, ਇਹ ਨਿਰਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸ਼ਾਇਦ ਇਸੇ ਕਾਰਨ ਬਿਨਾਂ ਕਿਸੇ ਵਿਸਤ੍ਰਿਤ ਟਿੱਪਣੀ ਦੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਲਈ ਹੀ ਕਹਿ ਸਕਦਾ ਹਾਂ। ਇਹ ਵਿਸ਼ਵਾਸ ਹੈ ਕਿ ਹਰ ਪਾਠਕ ਆਪਣੀ ਰਚੀ ਤੇ ਵਿਚਾਰਾਂ ਅਨੁਸਾਰ ਜੋ ਪ੍ਰਭਾਵ ਵੀ ਕਬੂਲੇਗਾ, ਉਹੋ ਇਸ ਰਚਨਾ ਦਾ ਪ੍ਰਮੁੱਖ ਗੁਣ ਹੋਵੇਗਾ ਤੇ ਇਸਦਾ ਮਹੱਤਵ ਵੀ।
ਜੁਲਾਈ 2004
-ਗੁਰਦਿਆਲ ਸਿੰਘ
-0-
"... ਇਹ ਕਿਤਾਬ ਪੜ੍ਹਕੇ ਇਉਂ ਲਗਦਾ ਹੈ ਜਿਵੇਂ ਇਸਦਾ ਲੇਖਕ ਬਹੁਤ ਪੜ੍ਹਿਆ-ਲਿਖਿਆ ਅਤੇ ਗੁੜਿਆ ਹੋਇਆ ਇਨਸਾਨ ਹੋਵੇ। ਕਿਤਾਬ ਦੇ ਪੰਨਾ 93 ਉਤੇ ਲੇਖਕ ਨੇ ਆਪਣੀ ਉਮਰ 52-53 ਵਰ੍ਹਿਆਂ ਦੇ ਇਕ ਵਿਅਕਤੀ ਨਾਰੰਗ ਜਿੰਨੀ ਦੱਸੀ ਹੈ। ਇਸ ਦਾ ਅਰਥ ਇਹ ਬਣਦਾ ਹੈ ਕਿ ਸਤਨਾਮ ਕੋਈ ਤਜਰਬੇਕਾਰ ਸ਼ਖਸ ਹੈ ਜਿਸਨੂੰ ਮਿਲਣ ਜਾਂ ਜਿਸਦੀ ਕੋਈ ਲਿਖਤ ਪੜ੍ਹਣ ਦਾ ਮੈਨੂੰ ਇਸ ਕਿਤਾਬ ਤੋਂ ਪਹਿਲਾਂ ਕੋਈ ਮੌਕਾ ਨਸੀਬ ਨਹੀਂ ਹੋਇਆ। ਕਿਤਾਬ ਦੀ ਰਚਨਾ-ਵਸਤੂ, ਰਚਨਾ-ਵਿਧੀ ਅਤੇ ਰਚਨਾ-ਦ੍ਰਿਸ਼ਟੀ 'ਤੇ ਸਰਸਰੀ ਝਾਤ ਪਾਇਆਂ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਸ਼ਾਹਕਾਰ ਰਚਨਾ ਜ਼ਿੰਦਗੀ ਦੇ ਡੂੰਘੇ ਤਜਰਬੇ, ਉਸਦੀ ਪੇਸ਼ਕਾਰੀ ਦੀ ਪਰਪੱਕ ਤਰਕੀਬ ਅਤੇ ਦ੍ਰਿਸ਼ਟੀ ਦੇ ਨਰੋਏਪਣ ਦੇ ਸੁਚੱਜੇ ਸੁਮੇਲ ਨਾਲ ਹੀ ਹੋਂਦ ਵਿਚ ਆ ਸਕਦੀ ਹੈ।"
- ਡਾ: ਟੀ. ਆਰ ਵਿਨੋਦ
-0-
'ਜੰਗਲਨਾਮਾ' ਉੱਸਰ ਰਹੇ ਖਰੇ ਲੋਕ-ਰਾਜ ਦੀਆਂ ਨੀਂਹਾਂ 'ਚ ਚਿਣੇ ਜਾਣ ਵਾਲੇ ਪੱਥਰਾਂ ਦੀ ਵੀਰ-ਗਾਥਾ ਹੈ। ਇਹ ਗਾਥਾ ਬਸਤਰ ਦੇ ਜੰਗਲਾਂ ਵਿੱਚ ਦੋ ਮਹੀਨਿਆਂ ਦੀ ਫੇਰੀ ਦੌਰਾਨ, ਸਤਨਾਮ ਦੀ ਰੂਹ ਅੰਦਰ ਨਿੱਕੀ-ਨਿੱਕੀ ਕਿਣ-ਕਿਣ ਵਾਂਗ ਰਚਦੀ ਗਈ, ਤੇ ਫਿਰ ਅਚਾਨਕ ਉਸ ਦੇ ਧੁਰ ਅੰਦਰੋਂ ਸ਼ੁੱਧ ਚਸ਼ਮੇ ਵਾਂਗ ਫੁੱਟ ਕੇ ਵਗ ਤੁਰੀ।
-ਮੇਘ ਰਾਜ