ਉਸ ਦੇ ਚਿਹਰੇ ਉੱਤੇ ਤੁਸੀਂ ਅਪਣੱਤ ਫੈਲੀ ਹੋਈ ਦੇਖਦੇ ਹੋ। ਪੁਰਾਣੀ ਕਹਾਵਤ ਹੈ ਕਿ ਆਦਮੀ ਦਾ ਚਿਹਰਾ ਉਸ ਦਾ ਸ਼ੀਸ਼ਾ ਹੁੰਦਾ ਹੈ ਜਿਹੜਾ ਉਸਦੇ ਅੰਦਰ ਦੇ ਹਾਲ ਨੂੰ ਬਾਹਰ ਪ੍ਰਤੀਬਿੰਬਤ ਕਰ ਦੇਂਦਾ ਹੈ। ਬੇਸ਼ੱਕ, ਅੱਜ ਇਹ ਕਹਾਵਤ ਪਹਿਲਾਂ ਵਾਂਗ ਸੱਚੀ ਨਹੀਂ ਰਹੀ। ਚਿਹਰਿਆਂ ਨੂੰ ਅਕਸਰ ਹੀ ਧੋਖਾ ਦੇਣ ਵਾਸਤੇ ਵਰਤਿਆ ਜਾਣ ਲੱਗਾ ਹੈ। ਕਈ ਤਰ੍ਹਾਂ ਦੇ ਲੇਪ ਈਜਾਦ ਹੋ ਗਏ ਹਨ ਜਿਹਨਾਂ ਨੂੰ ਮਲ ਕੇ ਆਦਮੀ ਸੜਕ ਉੱਪਰ ਨਿਕਲਦਾ ਹੈ, ਜਾਂ ਇਹਨਾਂ ਨੂੰ ਜੇਬ ਵਿਚ ਰੱਖਦਾ ਹੈ ਅਤੇ ਜਦੋਂ ਕਿਸੇ ਨੂੰ ਮਿਲਣ ਲਗਦਾ ਹੈ ਤਾਂ ਮੂੰਹ ਉੱਤੇ ਮਲ ਲੈਂਦਾ ਹੈ। ਅੰਦਰੋਂ ਹੋਰ, ਬਾਹਰੋਂ ਹੋਰ। ਅਮਰੀਕਾ ਤੱਕ ਦਾ ਪਰਧਾਨ ਲੋਕਾਂ ਨੂੰ ਟੈਲੀਵੀਜ਼ਨ ਉੱਤੇ ਸੰਬੋਧਨ ਹੋਣ ਤੋਂ ਪਹਿਲਾਂ ਕਈ ਵਾਰ ਮੁਦਰਾਵਾਂ ਰਾਹੀਂ ਇਹਨਾਂ ਲੋਪਾਂ ਦੀ ਰਿਹਰਸਲ ਕਰਦਾ ਹੈ ਤਾਂ ਕਿ ਉਹਨਾਂ ਨੂੰ ਪ੍ਰਭਾਵਤ ਕਰ ਸਕੇ। ਪਰ, ਐਤੂ ਉਸ ਪੁਰਾਤਨ ਕਹਾਵਤ ਦਾ ਅੱਜ ਦਾ ਮੁਜੱਸਮ ਹੈ।
“ਐਤੂ ਭਾਈ, ਤੂੰ ਤਾਂ ਬੰਦੇ ਨੂੰ ਨਹੀਂ ਮਾਰ ਸਕਦਾ," ਤੰਬੂ ਵੱਲ ਤੁਰੇ ਜਾਂਦਿਆਂ ਮੈਂ ਉਸ ਨੂੰ ਕਿਹਾ।
"ਏ......ਏ!" ਐਨਕ ਨੂੰ ਉਂਗਲ ਨਾਲ ਰੁਖ਼ ਸਿਰ ਕਰਦੇ ਅਤੇ ਮੁਸਕਰਾਉਂਦੇ ਹੋਏ ਉਸ ਨੇ ਮੇਰੇ ਵੱਲ ਦੇਖਿਆ। "ਇਹ ਨਾ ਸਮਝੋ ਕਿ ਮੈਂ ਅਜਿਹਾ ਨਹੀਂ ਕਰ ਸਕਦਾ। ਜਦ ਮੌਕਾ ਆਇਆ ਤਾਂ ਮੈਂ ਇਕ ਚੰਗਾ ਨਿਸ਼ਾਨਚੀ ਸਾਬਤ ਹੋਵਾਂਗਾ। ਦੇਖ ਲੈਣਾ, ਕਈਆਂ ਨੂੰ ਟੁੰਡਾਂਗਾ।" ਉਸ ਅੰਦਰ ਜਿੰਨਾ ਪਿਆਰ ਭਰਿਆ ਹੋਇਆ ਹੈ ਓਨੀ ਹੀ ਨਫ਼ਰਤ ਵੀ ਹੈ। ਗੁੱਸੇ ਵਿਚ ਜਦ ਉਹ ਸੂਹਾ ਹੋ ਜਾਂਦਾ ਹੈ ਤਾਂ ਉਸ ਦਾ ਹੇਠਲਾ ਬੁੱਲ੍ਹ ਅਜੀਬ ਤਰ੍ਹਾਂ ਦਾ ਮਰੋੜਾ ਖਾ ਜਾਂਦਾ ਹੈ।
ਪਰ ਹੁਣ ਉਹ ਖ਼ੁਸ਼ੀ ਦੇ ਰੌਂਅ ਵਿਚ ਸੀ ਇਸ ਲਈ ਇਹ ਯਕੀਨ ਕਰਨਾ ਮੁਸ਼ਕਲ ਸੀ ਕਿ ਉਹ ਵਾਕਈ ਚੰਗਾ ਨਿਸ਼ਾਨਚੀ ਸਾਬਤ ਹੋਵੇਗਾ। ਬੇਸ਼ੱਕ, ਉਸ ਦੇ ਲੱਕ ਉੱਤੇ ਬੱਝੀ ਕਾਰਤੂਸਾਂ ਦੀ ਪੇਟੀ ਪੂਰੀ ਤਰ੍ਹਾਂ ਕੱਸੀ ਹੋਈ ਸੀ, ਰਾਈਫ਼ਲ ਵਿਚ ਮੈਗਜ਼ੀਨ ਫਿੱਟ ਸੀ ਅਤੇ ਮਾਓ ਕੈਪ ਨੇ ਉਸ ਦੇ ਵੱਡੇ ਸਾਰੇ ਸਿਰ ਨੂੰ ਕੱਸ ਕੇ ਫੜ੍ਹਿਆ ਹੋਇਆ ਸੀ । ਤੁਸੀਂ ਪੇਟੀ ਤੇ ਰਾਈਫ਼ਲ ਉਸ ਕੋਲੋਂ ਲੈ ਲਵੋ ਤਾਂ ਤੁਹਾਨੂੰ ਉਹ ਆਰਕਿਆਲੋਜੀ ਦਾ ਜਨੂੰਨੀ ਖੋਜਕਾਰ ਪ੍ਰਤੀਤ ਹੋਣ ਲੱਗੇਗਾ ਜਿਹੜਾ ਪੱਥਰਾਂ ਹੇਠ ਲੁਕੀ ਕਿਸੇ ਪੁਰਾਣੀ ਸੱਭਿਅਤਾ ਦੀ ਤਲਾਸ਼ ਵਿਚ ਗਵਾਚਿਆ ਜੰਗਲਾਂ ਵਿਚ ਘੁੰਮ ਰਿਹਾ ਹੋਵੇ। ਉੱਚ-ਵਿਦਿਆ ਹਾਸਲ ਕਰਨ ਤੋਂ ਬਾਦ ਉਸ ਨੇ ਸੋਚ ਲਿਆ ਸੀ ਕਿ ਉਸ ਦੇ ਨੌਕਰੀ ਕਰਨ ਨਾਲ ਉਸ ਅੰਦਰਲੇ ਸਾਇੰਸ-ਗਿਆਨ ਦਾ ਫ਼ਾਇਦਾ ਉਹਨਾਂ ਲੋਕਾਂ ਤੱਕ ਨਹੀਂ ਪਹੁੰਚੇਗਾ ਜਿਹਨਾਂ ਨੂੰ ਇਸ ਦੀ ਜ਼ਰੂਰਤ ਹੈ। ਸੋ ਉਸ ਨੇ ਸਿੱਧਾ ਲੋਕਾਂ ਤੱਕ ਪਹੁੰਚਣ ਦਾ ਰਾਹ ਲਿਆ ਅਤੇ ਭਰਮਣ ਕਰਦਾ ਕਰਾਉਂਦਾ ਏਥੇ ਜੰਗਲ ਵਿਚ ਆ ਬਿਰਾਜਮਾਨ ਹੋਇਆ। ਉਹ ਮੈਨੂੰ ਅਲੱਗ ਹੀ ਤਰ੍ਹਾਂ ਦੀਆਂ ਯੋਜਨਾਵਾਂ ਵਿਚ ਮਸਰੂਫ਼ ਦਿਖਾਈ ਦਿੱਤਾ। ਇਕ ਮੁਰਗੀ ਤੋਂ ਪੋਲਟਰੀ ਫਾਰਮ ਖੜ੍ਹਾ ਕਰਨ ਨੂੰ ਕੋਈ ਸ਼ੇਖ-ਚਿੱਲੀ ਦਾ ਸੁਪਨਾ ਕਹਿ ਸਕਦਾ ਹੈ ਪਰ ਐਤੂ ਸ਼ੇਖ-ਚਿੱਲੀ ਨਹੀਂ ਹੈ ਭਾਵੇਂ ਕਿ ਉਹ ਸੁਪਨੇ-ਸਾਜ਼ ਹੈ। ਉਹ ਇਹਨਾਂ ਸੁਪਨਿਆਂ ਨੂੰ ਹਕੀਕਤ ਵਿਚ ਢਾਲਣ ਦੀਆਂ ਯੋਜਨਾਵਾਂ ਘੜ ਰਿਹਾ ਹੈ। ਮਸਲਨ: ਜੰਗਲ ਦੀ ਉਪਜ ਦੀ ਖਪਤ ਜੰਗਲ ਵਿਚ ਹੀ ਕਿਵੇਂ ਯਕੀਨੀ ਬਣਾਈ ਜਾਵੇ। ਇਹ ਇਕ ਮਹਾਨ ਸੁਪਨਾ ਹੈ, ਆਤਮ-ਨਿਰਭਰਤਾ ਅਤੇ ਸਵੈ-ਵਸੀਲਿਆਂ ਉੱਤੇ ਆਧਾਰਤ ਵਿਕਾਸ ਦਾ ਸੁਪਨਾ, ਜਿਵੇਂ ਇਹ ਮਾਓ ਦੇ ਚੀਨ ਵਿਚ ਵਾਪਰਿਆ।