ਤਆਰੁਫ਼
ਜੰਗਲਨਾਮਾ, ਜੰਗਲਾਂ ਸਬੰਧੀ ਕੋਈ ਖੋਜ-ਪੁਸਤਕ ਨਹੀਂ ਹੈ। ਨਾ ਹੀ ਇਹ ਕਿਸੇ ਕਲਪਨਾ ਵਿਚੋਂ ਪੈਦਾ ਹੋਈ, ਅੱਧੀ ਹਕੀਕਤ ਤੇ ਅੱਧਾ ਅਫ਼ਸਾਨਾ ਬਿਆਨ ਕਰਨ ਵਾਲੀ, ਕੋਈ ਸਾਹਿਤਿਕ ਕਿਰਤ ਹੈ। ਇਹ ਬਸਤਰ ਦੇ ਜੰਗਲਾਂ ਵਿਚ ਵਿੱਚਰਦੇ ਕਮਿਊਨਿਸਟ ਗੁਰੀਲਿਆਂ ਦੀ ਰੋਜ਼ਾਨਾ ਜ਼ਿੰਦਗੀ ਦੀ ਇੱਕ ਤਸਵੀਰ ਅਤੇ ਉੱਥੋਂ ਦੇ ਕਬਾਇਲੀ ਲੋਕਾਂ ਦੇ ਜੀਵਨ ਤੇ ਜੀਵਨ-ਹਾਲਤਾਂ ਦਾ ਇੱਕ ਵਿਵਰਣ ਹੈ ਜਿਸਨੂੰ ਮੈਂ ਆਪਣੇ ਜੰਗਲ ਭਰਮਣ ਦੌਰਾਨ ਦੇਖਿਆ। ਸੋ ਤੁਸੀਂ ਇਸ ਨੂੰ ਕਿਸੇ ਡਾਇਰੀ ਦੇ ਪੰਨੇ ਕਹਿ ਸਕਦੇ ਹੋ ਜਾਂ ਸਫ਼ਰਨਾਮੇ ਦਾ ਨਾਂਅ ਦੇ ਸਕਦੇ ਹੋ।
ਇਸ ਦੇ ਪਾਤਰ ਹੱਡ ਮਾਸ ਦੇ ਬਣੇ ਜਿਊਂਦੇ-ਜਾਗਦੇ ਇਨਸਾਨ ਹਨ ਜਿਹੜੇ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਢਾਲਣਾ ਚਾਹੁੰਦੇ ਹਨ। ਹਕੂਮਤ ਵੱਲੋਂ ਬਾਗ਼ੀ ਅਤੇ ਪਾਬੰਦੀ-ਸ਼ੁਦਾ ਕਰਾਰ ਦਿੱਤੇ ਗਏ। ਇਹ ਪਾਤਰ, ਨਵੇਂ ਯੁੱਗ, ਨਵੀਂ ਜ਼ਿੰਦਗੀ ਨੂੰ ਸਾਕਾਰ ਹੋਇਆ ਦੇਖਣਾ ਚਾਹੁੰਦੇ ਹਨ। ਇਤਹਾਸ ਉਹਨਾਂ ਵਾਸਤੇ ਕੀ ਸਮੋਈ ਬੈਠਾ ਹੈ ਇਹ ਤਾਂ ਬਨਣ ਵਾਲਾ ਇਤਹਾਸ ਹੀ ਦੱਸੇਗਾ, ਪਰ ਇਤਹਾਸ ਨੂੰ ਉਹ ਕਿਸ ਰੁਖ਼ ਮੋੜ ਦੇਣਾ ਚਾਹੁੰਦੇ ਹਨ, ਇਸ ਦਾ ਵਖਿਆਨ ਉਹਨਾਂ ਦੀ ਜ਼ੁਬਾਨੀ ਪੇਸ਼ ਕੀਤਾ ਗਿਆ ਹੈ। ਆਪਣੇ ਅਕੀਦਿਆਂ ਲਈ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਇਹ ਲੋਕ ਕਿਹੋ-ਜਿਹਾ ਜੀਵਨ ਜਿਊਂਦੇ ਤੇ ਹੰਢਾਉਂਦੇ ਹਨ, ਇਸ ਦਾ ਅੰਦਾਜ਼ਾ ਤੁਸੀਂ ਇਸ ਨੂੰ ਪੜ੍ਹ ਕੇ ਆਸਾਨੀ ਨਾਲ ਲਗਾ ਲਵੋਗੇ।
ਅਕਤੂਬਰ, 2003
ਸਤਨਾਮ
ਜੰਗਲ ਤੱਕ ਦਾ ਸਫ਼ਰ
ਉਹ ਪਹਿਲਾ ਦਿਨ ਸੀ ਜਦੋਂ ਮੈਂ ਜੰਗਲ ਵਿਚ ਦਾਖ਼ਲ ਹੋਇਆ। ਪਰ ਉਹ ਦਿਨ ਨਹੀਂ, ਰਾਤ ਸੀ। ਦਿਨ ਦੇ ਵਕਤ ਮੈਂ ਕਿਸੇ ਵੀ ਤਰ੍ਹਾਂ ਜੰਗਲ ਦਾ ਰੁਖ਼ ਨਹੀਂ ਸੀ ਕਰ ਸਕਦਾ। ਉਸ ਅੰਦਰ ਜਾਣ ਵਾਸਤੇ ਰਾਤ ਦੇ ਹਨੇਰੇ ਦੀ ਜ਼ਰੂਰਤ ਸੀ। ਜੇ ਮੈਂ ਦਿਨ ਦੇ ਵਕਤ ਬੈਲਾਡਿੱਲਾ ਸ਼ਹਿਰ ਵਿਚ ਪਹੁੰਚ ਗਿਆ ਹੁੰਦਾ ਤਾਂ ਸਮੇਂ ਨੂੰ ਸ਼ਹਿਰ ਦੀਆਂ ਸੜਕਾਂ ਉੱਪਰ ਘੁੰਮ ਕੇ ਗੁਜ਼ਾਰਦਾ ਜਾਂ ਕੋਈ ਨਿਵੇਕਲੀ ਥਾਂ ਲੱਭ ਕੇ ਸੁਸਤਾ ਲੈਂਦਾ ਅਤੇ ਰਾਤ ਪੈਣ ਦੀ ਉਡੀਕ ਕਰਦਾ। ਫਿਰ ਵੀ ਮੈਂ ਤੈਅ ਸਮੇਂ ਤੋਂ ਕੋਈ ਤਿੰਨ ਘੰਟੇ ਪਹਿਲਾਂ ਪਹੁੰਚ ਗਿਆ ਸਾਂ। ਦੂਰੋਂ ਕਿਤਿਓਂ ਰਾਮਲੀਲ੍ਹਾ ਹੋਣ ਦੀ ਆਵਾਜ਼ ਆ ਰਹੀ ਸੀ। ਮੈਂ ਉਸ ਪਾਸੇ ਵੱਲ ਪੈਦਲ ਰੁਖ਼ ਕੀਤਾ ਕਿਉਂਕਿ ਰਿਕਸ਼ੇ ਨੇ ਮੇਰੇ ਉੱਤੇ ਵਕਤ ਦਾ ਬੋਝ ਬਣਾਈ ਰੱਖਣਾ ਸੀ ਜਿਸ ਨੂੰ ਮੈਂ ਉਤਾਰਨਾ ਚਾਹੁੰਦਾ ਸਾਂ। ਦੋ ਘੰਟੇ ਦੇ ਖੱਪ-ਖ਼ਾਨੇ ਨੇ ਕੋਈ ਥਕਾਵਟ ਨਹੀਂ ਦਿੱਤੀ, ਸਗੋਂ ਵਕਤ ਦੇ ਗੁਜ਼ਰਨ ਨੇ ਮੈਨੂੰ ਹਲਕਾ ਕਰ ਦਿੱਤਾ ਸੀ। ਮੇਰੇ ਕੋਲ ਇਕ ਘੰਟਾ ਰਹਿ ਗਿਆ ਸੀ ਤੇ ਸ਼ਹਿਰ ਦੀ ਖੱਬੀ ਬਾਹੀ ਦੀ ਬਾਹਰ ਦੀ ਸੜਕ ਉੱਤੇ ਮੈਂ ਕਿਸੇ ਦਾ ਇੰਤਜ਼ਾਰ ਕਰਨਾ ਸੀ।
ਬਹਰਹਾਲ, ਅੱਧੀ ਰਾਤ ਦਾ ਪਹਿਰ ਸੀ ਜਦੋਂ ਮੇਰੇ ਗਾਈਡ ਨੇ ਮੈਨੂੰ ਕਿਹਾ, "ਵਕਤ ਹੋ ਗਿਐ, ਚੱਲਦੇ ਹਾਂ।”
ਮੈਂ ਆਪਣੀ ਕਿੱਟ ਉਠਾਈ ਪਰ ਤੁਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿ ਬੂਟ ਢਿੱਲਾ ਨਾ ਰਹਿ ਗਿਆ ਹੋਵੇ ਮੈਂ ਬੂਟਾਂ ਦੇ ਤਸਮਿਆਂ ਨੂੰ ਇਕ ਵਾਰ ਫੇਰ ਕੱਸਿਆ।
"ਤਿਆਰ," ਮੈਂ ਕਿਹਾ ਅਤੇ ਨਾਲ ਹੀ ਸਿਰ ਨਾਲ 'ਹਾਂ' ਦਾ ਇਸ਼ਾਰਾ ਕਰ ਦਿੱਤਾ। ਮੇਰਾ ਗਾਈਡ ਮੁਸਕਰਾਇਆ ਤੇ ਉਸ ਨੇ ਵੀ ਉਸੇ ਅੰਦਾਜ਼ ਵਿੱਚ ਸਿਰ ਹਿਲਾ ਦਿੱਤਾ। ਅਸੀਂ ਇਕ ਵਾਰ ਫਿਰ ਸ਼ਹਿਰ ਦੀ ਉਸ ਬਾਹੀ ਦੇ ਬਾਹਰ ਵਾਲੇ ਹਿੱਸੇ ਵਿਚ ਦਾਖ਼ਲ ਹੋਏ। ਉੱਚੀਆਂ ਨੀਵੀਆਂ ਗਲੀਆਂ ਵਿਚੋਂ ਚੱਕਰ ਕੱਟਦੇ ਹੋਏ ਅਸੀਂ ਇਕ ਚੌੜੀ ਸੜਕ ਉੱਤੇ ਪਹੁੰਚੇ ਜਿਹੜੀ ਸ਼ਹਿਰ ਤੋਂ ਬਾਹਰ ਵੱਲ ਨਿਕਲਦੀ ਸੀ। ਅਜੇ ਵੀ ਕੋਈ ਟਾਵਾਂ ਟੱਲਾ ਆਦਮੀ ਰਾਮ ਲੀਲ੍ਹਾ ਦੇਖ ਕੇ ਮੁੜ ਰਿਹਾ ਸੀ। ਕੋਈ ਪੈਦਲ ਵਿਅਕਤੀ ਸਾਨੂੰ ਪਾਰ ਨਹੀਂ ਸੀ ਕਰ ਸਕਦਾ ਅਤੇ ਅਸੀਂ ਕਿਸੇ ਨੂੰ ਪਾਰ ਕਰਨਾ ਨਹੀਂ ਸੀ। ਦਰਮਿਆਨ ਦੀ ਹਨੇਰੇ ਦੀ ਵਿੱਥ ਸਾਡੇ ਲਈ ਸਭ ਤੋਂ ਚੰਗੀ ਚੀਜ਼ ਸੀ।
ਪੱਕੀ ਸੜਕ ਦੇ ਕਿਨਾਰੇ ਤੋਂ ਹੇਠਾਂ ਅਸੀਂ ਕੱਚੇ ਉੱਤੇ ਤੁਰ ਪਏ, ਅੱਗੜ ਪਿੱਛੜ। ਹੁਣ ਬੂਟਾਂ ਦਾ ਕੋਈ ਖੜਾਕ ਨਹੀਂ ਸੀ ਰਿਹਾ। ਅਜੇ ਕੁਝ ਦੇਰ ਲਈ ਸਾਨੂੰ ਵੱਡੀ ਸੜਕ ਦੇ ਨਾਲ ਨਾਲ ਹੀ ਚੱਲਣਾ ਪੈਣਾ ਸੀ ਤੇ ਇਹ ਪੰਧ ਸਾਡੇ ਲਈ ਜਿੰਨੀ ਛੇਤੀ ਮੁੱਕ ਜਾਵੇ ਚੰਗਾ ਹੀ ਹੋਣਾ ਸੀ।
ਅਚਾਨਕ ਦੂਰ ਮੋੜ ਤੋਂ ਮੁੜੀ ਇਕ ਕਾਰ ਨੇ ਸਾਨੂੰ ਚਾਨਣ ਵਿਚ ਨਹਾ ਦਿੱਤਾ। ਮੇਰੇ ਗਾਈਡ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਐਨ ਆਪਣੇ ਪਿੱਛੇ ਹੋਣ ਦਾ ਸੰਕੇਤ ਦਿੱਤਾ। ਜਦ ਤੱਕ ਮੈਂ ਉਸ ਦੇ ਇਸ ਸੰਕੇਤ ਉੱਤੇ ਅਮਲ ਕਰਦਾ ਤਦ ਤਕ ਕਾਰ ਸਾਡੇ ਦੋਵਾਂ ਦੇ ਕੋਲੋਂ ਦੀ ਗੁਜ਼ਰ ਗਈ। ਕਾਰ ਦੇ ਗੁਜ਼ਰ ਜਾਣ ਨੇ ਹਨੇਰੇ ਨੂੰ ਹੋਰ ਵੀ ਗਾੜ੍ਹਾ ਬਣਾ ਦਿੱਤਾ। ਰੋਸ਼ਨੀ ਦੇ ਹੜ੍ਹ ਤੋਂ ਬਾਦ ਇੱਕਦਮ ਘੁੱਪ ਹਨੇਰਾ ਪੱਸਰਨ ਕਾਰਨ ਹੱਥ ਨੂੰ ਹੱਥ ਦਿਖਾਈ ਨਹੀਂ ਸੀ ਦੇਂਦਾ। ਆਪਣੇ ਗਾਈਡ ਦੇ ਆਕਾਰ ਨੂੰ ਮੁੜ ਹਨੇਰੇ ਵਿਚੋਂ ਲੱਭਣ ਲਈ ਮੈਨੂੰ ਕਈ ਪਲਾਂ ਦਾ ਇੰਤਜ਼ਾਰ ਕਰਨਾ ਪਿਆ।
“ਵੈਸੇ ਇਸ ਸੜਕ ਉੱਤੇ ਟੈਫਿਕ ਬਹੁਤ ਘੱਟ ਹੁੰਦੀ ਹੈ, ਪਰ ਕਈ ਵਾਰ ਪੁਲਿਸ ਦੀ ਗੱਡੀ ਲੰਘਦੀ ਹੈ,” ਉਸ ਨੇ ਬਹੁਤ ਹੀ ਮੱਧਮ ਆਵਾਜ਼ ਵਿਚ ਕਿਹਾ। ਉਸ ਨੇ ਹੈੱਡ ਲਾਈਟਾਂ ਤੋਂ ਪਛਾਣ ਲਿਆ ਸੀ ਕਿ ਉਹ ਚਾਰ ਪਹੀਆਂ ਵਾਲਾ ਵਾਹਨ ਜੀਪ ਨਹੀਂ ਸੀ। ਕੁਝ ਮਿੰਟ ਬਾਦ ਉਸ ਨੇ ਫਿਰ ਕਿਹਾ, "ਥੋੜ੍ਹਾ ਹੀ ਰਸਤਾ ਹੈ," ਅਤੇ ਚੁੱਪਚਾਪ ਚੱਲਣ ਲੱਗ ਗਿਆ। ਕੁਝ ਮਿੰਟ ਹੋਰ ਤੇ ਫਿਰ ਅਸੀਂ ਸੜਕ ਕੰਢੇ ਦੇ ਦਰੱਖ਼ਤਾਂ ਦੀਆਂ ਪਾਲਾਂ ਵਿਚ ਬਣੇ ਇਕ ਰਾਹ ਉੱਤੇ ਤੁਰਨ ਲੱਗੇ। ਥੋੜ੍ਹਾ ਅਗਾਂਹ ਜਾਣ ਤੋਂ ਬਾਦ ਉਹ ਰੁਕਿਆ, ਇੱਕ ਪਲ ਵਾਸਤੇ ਪਿੱਛੇ ਵੱਲ ਦੀ ਸੜਕ ਦਾ ਦੁਰ ਤੱਕ ਜਾਇਜ਼ਾ ਲਿਆ ਤੇ ਫਿਰ ਇੱਕ ਪਗਡੰਡੀ ਉੱਤੇ ਚੜ੍ਹ ਕੇ ਝਾੜੀਆਂ ਦੇ ਇਕ ਝੁੰਡ ਵੱਲ ਹੋ ਲਿਆ। ਝਾੜੀਆਂ ਵਿਚ ਪਹੁੰਚ ਕੇ ਉਸ ਨੂੰ ਮੈਂ ਇਹ ਕਹਿੰਦੇ ਸੁਣਿਆ, "ਮੈਂ।"
ਕੁਝ ਪਲ ਬੀਤੇ ਤੇ ਫਿਰ ਇਕ ਆਕਾਰ ਸਾਡੇ ਵੱਲ ਵਧਿਆ ਜਿਸ ਨੇ ਸਾਡੇ ਨਾਲ ਵਾਰੋ ਵਾਰੀ ਹੱਥ ਮਿਲਾਇਆ। ਫਿਰ ਉਹ ਆਕਾਰ ਝੁਕਿਆ ਤੇ ਆਪਣੀ ਕਿੱਟ ਨੂੰ ਮੋਢਿਆਂ ਉੱਤੇ ਪਾ ਕੇ ਸਿੱਧਾ ਹੋ ਗਿਆ। ਚੰਦਰਮਾ ਦੀ ਜਿੰਨੀ ਕੁ ਰੌਸ਼ਨੀ ਸੀ ਉਸ ਵਿਚ ਮੈਂ ਐਨਾ ਹੀ ਦੇਖ ਸਕਿਆ ਕਿ ਸਾਨੂੰ ਮਿਲਣ ਵਾਲਾ ਵਿਅਕਤੀ ਦਰਮਿਆਨੇ ਕੱਦ ਅਤੇ ਇਕਹਿਰੇ ਬਦਨ ਦਾ ਸੀ ਅਤੇ ਮੇਰੇ ਗਾਈਡ ਵਾਂਗ ਹੀ ਫੁਰਤੀਲਾ ਜਾਪ ਰਿਹਾ ਸੀ।
ਅਸੀਂ ਪਾਲ ਬਣਾ ਲਈ। ਸਭ ਤੋਂ ਅੱਗੇ "ਸਾਡਾ" ਗਾਈਡ (ਹੁਣ ਉਹ ਸਾਡਾ ਹੋ ਗਿਆ ਸੀ ਕਿਉਂਕਿ ਉਹ ਦੋਵਾਂ ਦੇ ਅੱਗੇ ਸੀ), ਦਰਮਿਆਨ 'ਚ ਮੈਂ ਅਤੇ ਤੀਸਰੇ ਸਥਾਨ ਉੱਤੇ ਨਵਾਂ ਸਾਥੀ।
ਇਕ ਹੋਰ ਪਗਡੰਡੀ ਉੱਤੇ ਮੁੜਣ ਤੋਂ ਪਹਿਲਾਂ ਸਾਡੇ ਗਾਈਡ ਨੇ ਕਿਹਾ ਕਿ ਅਸੀਂ ਟਾਰਚ ਨਹੀਂ ਜਲਾਵਾਂਗੇ। ਭਾਵੇਂ ਅਸੀਂ ਸ਼ਹਿਰ ਦੀ ਆਬਾਦੀ ਤੋਂ ਚਿਰੋਕਣੇ ਦੂਰ ਨਿਕਲ ਆਏ ਸਾਂ ਪਰ ਹੁਣ ਅਸੀਂ ਅੱਠ ਦਸ ਘਰਾਂ ਦੇ ਇਕ ਝੁੰਡ ਕੋਲੋਂ ਗੁਜ਼ਰਨਾ ਸੀ, ਜੋ ਕਿ ਪੰਜਾਹ ਤੋਂ ਕੁਝ ਜ਼ਿਆਦਾ ਕਰਮਾਂ ਦੀ ਦੂਰੀ ਉੱਪਰ ਸੀ। ਸਾਡੇ ਤਿੰਨਾਂ ਕੋਲ ਇਕ ਇਕ ਟਾਰਚ ਸੀ ਜਿਸ ਨੂੰ ਹਰ ਜਣਾ ਓਦੋਂ ਜਲਾਉਂਦਾ ਜਦੋਂ ਉਸ ਨੇ ਦੇਖਣਾ ਹੁੰਦਾ ਕਿ ਉਸ ਦਾ ਪੈਰ ਪਗਡੰਡੀ ਉੱਤੇ ਰੱਖਿਆ ਜਾ ਰਿਹਾ ਹੈ ਕਿ ਨਹੀਂ। ਇਹ ਜਲਾਉਣਾ ਅੱਖ ਦੇ ਝਮਕਣ ਵਾਂਗ ਹੁੰਦਾ, ਪਲ ਤੋਂ ਕਿਤੇ ਘਟ ਸਮੇਂ ਦਾ। ਜਾਂ ਫਿਰ ਅਸੀਂ ਇਸ ਦਾ ਬਟਨ ਓਦੋਂ ਨੱਪਦੇ ਸਾਂ ਜਦ ਗਾਈਡ ਪੈਰ ਦੀ ਠੋਕਰ ਮਾਰ ਕੇ ਸੰਕੇਤ ਦੇ ਦੇਂਦਾ ਕਿ ਰਸਤੇ ਵਿਚ ਪੱਥਰ ਜਾਂ ਕੋਈ ਹੋਰ ਰੁਕਾਵਟ ਹੈ। ਹੁਣ ਸਾਡੇ ਵਾਸਤੇ ਇਹ ਜ਼ਰੂਰੀ ਹੋ ਗਿਆ ਕਿ ਮੈਂ ਗਾਈਡ ਦੇ ਪੈਰਾਂ ਉੱਤੇ ਨੀਝ ਲਾ ਕੇ ਦੇਖਾਂ ਅਤੇ ਪਿਛਲਾ ਜਣਾ ਮੇਰੇ ਪੈਰਾਂ ਦਾ ਧਿਆਨ ਕਰੇ ਕਿ ਇਹ ਕਿੱਥੇ ਰੱਖ ਜਾਂਦੇ ਹਨ।
ਪਗਡੰਡੀ ਇਕਦਮ ਨਿਵਾਣ ਵਿਚ ਉੱਤਰਦੀ ਸੀ। ਹਨੇਰੇ ਵਿਚ ਇੰਜ ਲਗਦਾ ਸੀ
ਜਿਵੇਂ ਕਿਸੇ ਡੂੰਘੀ ਖੱਡ ਵਿਚ ਉੱਤਰ ਰਹੀ ਹੋਵੇ। ਪੈਰ ਟਿਕਾਉਣ ਲਈ ਟੇਕ ਵੀ ਮੁਸ਼ਕਲ ਨਾਲ ਹੀ ਮਿਲ ਰਹੀ ਸੀ। ਗਾਈਡ ਇਕ ਇਕ ਕਰਕੇ ਕਦਮ ਪੂਰੀ ਇਹਤਿਆਤ ਨਾਲ ਟਿਕਾਉਂਦਾ ਤੇ ਫਿਰ ਮੇਰੇ ਕਦਮ ਦੀ ਉਡੀਕ ਕਰਦਾ। ਇਸੇ ਤਰ੍ਹਾਂ ਮੈਂ ਆਪਣੇ ਤੋਂ ਪਿਛਲੇ ਦੇ ਸਬੰਧ ਵਿਚ ਕਰਦਾ। ਇਸ ਤਰ੍ਹਾਂ ਅਸੀਂ ਹੇਠਾਂ ਉੱਤਰਦੇ ਗਏ। ਇਕ ਕਦਮ ਉੱਤੇ ਇਕ ਪੱਥਰ ਤੋਂ ਅਚਾਨਕ ਮੇਰਾ ਪੈਰ ਤਿਲਕਿਆ। ਇਸ ਤੋਂ ਪਹਿਲਾਂ ਕਿ ਮੈਂ ਹੇਠਾਂ ਵੱਲ ਲੁੜਕ ਜਾਂਦਾ, ਗਾਈਡ ਨੇ ਮੈਨੂੰ ਠੱਲ੍ਹ ਲਿਆ। ਪਰ ਰੋਕੇ ਜਾਣ ਤੋਂ ਪਹਿਲਾਂ ਮੈਂ ਦੁਹਰਾ ਹੋ ਗਿਆ ਸਾਂ ਤੇ ਮੇਰਾ ਸਾਰਾ ਭਾਰ ਟੇਢੇ ਹੋਏ ਪੈਰ ਉੱਤੇ ਆ ਗਿਆ ਸੀ। ਖ਼ੈਰ, ਮੈਂ ਸਿੱਧਾ ਹੋਇਆ ਤੇ ਫਿਰ ਅਸੀਂ ਅਗਾਂਹ ਵਧਣ ਲੱਗੇ ਤੇ ਆਖ਼ਰ ਪੱਧਰ ਜ਼ਮੀਨ ਉੱਤੇ ਆ ਗਏ।
ਜਲਦੀ ਹੀ ਅਸੀਂ ਉਹਨਾਂ ਘਰਾਂ ਦੀ ਜੁਹ ਤੋਂ ਪਾਰ ਹੋ ਗਏ। ਹੁਣ ਅਸੀਂ ਲੋੜ ਮੁਤਾਬਕ ਟਾਰਚ ਜਲਾ ਸਕਦੇ ਸਾਂ। ਪਗਡੰਡੀਆਂ ਉੱਤੋਂ ਦੀ ਅਸੀਂ ਕੋਈ ਦੋ ਘੰਟੇ ਖ਼ਾਮੋਸ਼ ਤੁਰਦੇ ਗਏ। ਚਾਰੇ ਪਾਸੇ ਹਨੇਰਾ ਤੇ ਚੁੱਪ ਪੱਸਰੇ ਹੋਏ ਸਨ। ਪੱਥਰਾਂ ਦੇ ਵਿਚ ਬਣੀਆਂ ਵਿੰਗੀਆਂ ਟੇਢੀਆਂ ਪਗਡੰਡੀਆਂ ਨੇ ਸਾਨੂੰ ਇਹ ਇਜਾਜ਼ਤ ਨਾ ਦਿੱਤੀ ਕਿ ਅਸੀਂ ਆਲੇ ਦੁਆਲੇ ਨੂੰ ਨਜ਼ਰ ਭਰਕੇ ਦੇਖ ਸਕੀਏ। ਸਾਨੂੰ ਇਹ ਪਤਾ ਸੀ ਕਿ ਅਸੀਂ ਪੱਥਰਾਂ ਅਤੇ ਦਰੱਖ਼ਤਾਂ ਦੇ ਜੰਗਲ ਵਿਚੋਂ ਗੁਜ਼ਰ ਰਹੇ ਹਾਂ ਅਤੇ ਹਨੇਰਾ ਸਾਨੂੰ ਦੂਰ ਤਕ ਦੇਖਣ ਨਹੀਂ ਦੇਵੇਗਾ।
ਦੋ ਘੰਟਿਆਂ ਤੋਂ ਸਾਡੇ ਵਿਚੋਂ ਕੋਈ ਨਹੀਂ ਸੀ ਬੋਲਿਆ। ਇਸ ਸ਼ਾਂਤ ਮਾਹੌਲ ਨੂੰ ਸਿਰਫ਼ ਸਾਡੇ ਕਦਮਾਂ ਦੀ ਹੌਲੀ ਹੌਲੀ ਹੁੰਦੀ ਆਵਾਜ਼ ਹੀ ਤੋੜਦੀ ਜਾਂ ਫਿਰ ਸਾਡੀਆਂ ਕਿੱਟਾਂ ਵਿਚ ਰੱਖੀਆਂ ਬੋਤਲਾਂ ਵਿਚਲੇ ਪਾਣੀ ਦੇ ਉੱਛਲਣ ਦੀ ਆਵਾਜ਼ ਕੁਝ ਸ਼ੋਰ ਪੈਦਾ ਕਰਦੀ। ਬੇਸ਼ੱਕ, ਪਾਣੀ ਦਾ ਸ਼ੋਰ ਸਾਡੇ ਕਦਮਾਂ ਦੀ ਆਵਾਜ਼ ਤੋਂ ਜ਼ਿਆਦਾ ਸੁਣਾਈ ਦੇਂਦਾ ਸੀ। ਚੱਲਦਿਆਂ ਹੋਇਆਂ ਅਸੀਂ ਇਹੋ ਹੀ ਮਹਿਸੂਸ ਕਰ ਰਹੇ ਸਾਂ। ਵੈਸੇ ਵੀ ਪੈਰ ਤਾਂ ਕਈ ਫੁੱਟ ਹੇਠਾਂ ਸਨ ਜਦ ਕਿ ਪਾਣੀ ਦੀ ਬੋਤਲ ਐਨ ਮੋਢੇ ਦੇ ਕੋਲੋਂ ਕੰਨਾਂ ਤੱਕ ਮਾਰ ਕਰਦੀ ਸੀ। ਬਾਦ 'ਚ ਸਾਨੂੰ ਪਤਾ ਲੱਗਿਆ ਕਿ ਹਰ ਕੋਈ ਪਾਣੀ ਦੀ ਆਵਾਜ਼ ਜ਼ਿਆਦਾ ਮਹਿਸੂਸ ਕਰ ਰਿਹਾ ਸੀ ਪਰ ਇਹ ਆਵਾਜ਼ ਉਸ ਦੇ ਆਪਣੇ ਹੀ ਮੋਢਿਆਂ ਤੋਂ ਆਉਂਦੀ ਸੀ ਅਤੇ ਦੁਸਰੇ ਦਿਆਂ ਤੋਂ ਨਹੀਂ। ਦੁਸਰੇ ਦੀ ਸਿਰਫ਼ ਕਦਮ-ਚਾਪ ਹੀ ਸੁਣਾਈ ਦੇਂਦੀ।
ਜਦ ਤੁਰਦਿਆਂ ਤੁਰਦਿਆਂ ਢਾਈ ਘੰਟੇ ਹੋ ਗਏ ਤਾਂ ਗਾਈਡ ਨੇ ਕਦਮ ਰੋਕ ਲਏ। ਉਸ ਨੇ ਕਿਹਾ ਕਿ ਅਸੀਂ ਦੱਸ ਮਿੰਟ ਦਾ ਆਰਾਮ ਕਰਾਂਗੇ ਅਤੇ ਫਿਰ ਚੱਲ ਪਵਾਂਗੇ। ਕਿੱਟਾਂ ਉਤਾਰੀਆਂ, ਪਾਣੀ ਦੇ ਦੋ ਦੋ ਘੁੱਟ ਪੀ ਕੇ ਅਸੀਂ ਆਰਾਮ ਕਰਨ ਲੱਗੇ। ਹੁਣ ਅਸੀਂ ਕਿਸੇ ਵੀ ਆਬਾਦੀ ਤੋਂ ਬਹੁਤ ਦੂਰ ਸਾਂ ਅਤੇ ਥੋੜ੍ਹਾ ਖੁੱਲ੍ਹੀ ਆਵਾਜ਼ ਵਿਚ ਬੋਲ ਸਕਦੇ ਸਾਂ। ਉੱਚੀ ਹੋਣ ਉੱਤੇ ਵੀ ਸਾਡੀ ਆਵਾਜ਼ ਐਨੀ ਕੁ ਹੀ ਸੀ ਕਿ ਪੰਜ-ਛੇ ਫੁੱਟ ਤੋਂ ਪਾਰ ਇਸ ਨੂੰ ਕੋਈ ਨਹੀਂ ਸੀ ਸੁਣ ਸਕਦਾ। ਭਾਵੇਂ ਜੰਗਲ ਵਿਚ ਸਾਡੀ ਆਵਾਜ਼ ਨੂੰ ਖ਼ਾਮੋਸ਼ੀ ਤੋਂ ਬਿਨਾਂ ਸੁਨਣ ਵਾਲਾ ਕੋਈ ਨਹੀਂ ਸੀ ਪਰ ਇਹ ਅਸੂਲ ਸੀ ਅਤੇ ਹਰ ਕਿਸੇ ਨੇ ਇਸ ਦੀ ਪਾਲਣਾ ਕਰਨੀ ਸੀ। ਰਾਤ ਨੂੰ ਜੰਗਲ ਸ਼ਾਇਦ ਇਸੇ ਲਈ ਖ਼ਾਮੋਸ਼ ਹੁੰਦਾ ਹੈ ਕਿ ਜਾਨਵਰ ਤੇ ਪੰਛੀ ਆਰਾਮ ਕਰ ਲੈਣ। ਅਸੀਂ ਉਹਨਾਂ ਦੇ ਆਰਾਮ ਵਿਚ ਵਿਘਨ ਨਹੀਂ ਸੀ ਪਾ ਸਕਦੇ।
ਅਸੀਂ ਕੋਈ ਜ਼ਿਆਦਾ ਗੱਲਾਂ ਨਹੀਂ ਕੀਤੀਆਂ। ਬਹੁਤਾ ਕਰਕੇ ਚੁੱਪ ਹੀ ਰਹੇ। ਦੱਸ ਮਿੰਟ ਹੋਏ ਤਾਂ ਪਾਣੀ ਦੇ ਦੋ ਦੋ ਘੁੱਟ ਹੋਰ ਭਰ ਕੇ ਅਸੀਂ ਕਿੱਟਾਂ ਮੋਢਿਆਂ ਉੱਤੇ ਲੱਦੀਆਂ ਅਤੇ ਅਗਾਂਹ ਵੱਲ ਨੂੰ ਚਾਲੇ ਪਾ ਦਿੱਤੇ।
ਸਾਡੀ ਪਗਡੰਡੀ ਕਦੇ ਜੰਗਲ ਵਿਚ ਹੁੰਦੀ, ਕਦੇ ਕਿਸੇ ਖੇਤ ਵਿਚ ਅਤੇ ਕਦੇ ਕਿਸੇ ਝਾੜ ਝਖਾੜ ਵਿਚ। ਪੱਥਰਾਂ ਦਾ ਸਾਥ ਤਿੰਨਾਂ ਹੀ ਤਰ੍ਹਾਂ ਦੀਆਂ ਥਾਵਾਂ ਵਿਚ ਸਾਂਝਾ ਸੀ। ਹਨੇਰੇ ਵਿਚ ਕਈ ਵਾਰ ਪੈਰ ਕਿਸੇ ਰੁੱਖ ਦੇ ਮੁੱਢ ਨਾਲ ਟਕਰਾਅ ਜਾਂਦੇ, ਕਦੇ ਕਿਸੇ ਪੱਥਰ ਨਾਲ ਅਤੇ ਕਦੇ ਉਂਜ ਹੀ ਰਸਤੇ ਤੋਂ ਪਾਸੇ ਹੋ ਜਾਂਦੇ। ਇਕ ਨੂੰ ਆਈ ਕਿਸੇ ਰੁਕਾਵਟ ਕਾਰਨ ਅਸੀਂ ਤਿੰਨੇ ਰੁਕ ਜਾਂਦੇ ਤੇ ਫਿਰ ਇਕੱਠੇ ਅਗਾਂਹ ਵਧਦੇ। ਠੋਕਰ ਖਾਣ ਵਾਲਾ ਹੱਥ ਦੇ ਸੰਕੇਤ ਨਾਲ ਹੀ ਅਗਾਂਹ ਨੂੰ ਤੁਰਨ ਲਈ ਕਹਿ ਦੇਂਦਾ ਤੇ ਚੱਲਣਾ ਜਾਰੀ ਰਹਿੰਦਾ। ਇਹ ਸਾਰਾ ਕੁਝ ਚੁੱਪ ਚਾਪ ਹੁੰਦਾ ਤੇ ਕੋਈ ਵੀ ਕੁਝ ਨਾ ਬੋਲਦਾ।
ਕੋਈ ਇਕ ਘੰਟੇ ਦੇ ਹੋਰ ਸਫ਼ਰ ਤੋਂ ਬਾਅਦ ਸਾਡੇ ਚੋਂ ਅਚਾਨਕ ਇਕ ਨੇ ਕਿਹਾ "ਗੱਡੀ" ਅਤੇ ਅਸੀਂ ਤਿੰਨੋਂ ਅੱਖ ਦੇ ਪਲਕਾਰੇ ਵਿਚ ਉੱਛਲ ਕੇ ਝਾੜੀਆਂ ਵਿਚ ਹੋ ਗਏ ਤੇ ਲੇਟ ਗਏ। ਇਕ ਮੋਟਰ ਸਾਈਕਲ ਦੀ ਰੌਸ਼ਨੀ ਸਾਡੇ ਸਿਰਾਂ ਤੋਂ ਦੀ ਗੁਜ਼ਰੀ ਅਤੇ ਕੁਝ ਦੇਰ ਵਿਚ ਫਟ ਫਟ ਦੀ ਆਵਾਜ਼ ਮੱਧਮ ਹੋ ਕੇ ਦੂਰ ਕਿਤੇ ਗੁੰਮ ਹੋ ਗਈ। ਮੈਂ ਹੈਰਾਨ ਸਾਂ ਕਿ ਪੱਥਰਾਂ ਦੁਆਲੇ ਵਲ ਖਾਂਦੀਆਂ ਇਹਨਾਂ ਲੀਹਾਂ ਵਿਚ ਮੋਟਰ ਸਾਈਕਲ ਕਿਵੇਂ ਚੱਲ ਸਕਦਾ ਹੈ। ਗਾਈਡ ਨੇ ਦੱਸਿਆ ਕਿ ਅਸੀਂ ਇਕ ਛੋਟੀ ਨਹਿਰ ਤੋਂ ਹਟਵੇਂ ਇਕ ਰਸਤੇ ਉੱਤੇ ਚੱਲ ਰਹੇ ਹਾਂ। ਅਸੀਂ ਇਕ ਪੁਲ ਨੂੰ ਪਿੱਛੇ ਛੱਡ ਆਏ ਸਾਂ ਅਤੇ ਮੋਟਰ ਸਾਈਕਲ ਉਸੇ ਤੋਂ ਹੀ ਗੁਜ਼ਰਿਆ ਸੀ। ਜਿਸ ਰਸਤੇ 'ਤੇ ਅਸੀਂ ਚੱਲ ਰਹੇ ਸਾਂ ਮੋਟਰ ਸਾਈਕਲ ਦਾ ਰਸਤਾ ਉਸ ਨੂੰ ਕੱਟਦਾ ਸੀ ਪਰ ਹਨੇਰੇ ਵਿਚ ਇਹ ਅੰਦਾਜ਼ਾ ਨਹੀਂ ਸੀ ਲੱਗ ਸਕਿਆ ਕਿ ਅਸੀਂ ਕਿਸੇ ਅਜਿਹੇ ਰਾਹ ਉੱਤੋਂ ਦੀ ਗੁਜ਼ਰੇ ਹਾਂ। ਗਾਈਡ ਮੁਤਾਬਕ ਪੁਲ ਉੱਤੋਂ ਚਾਰ ਪਹੀਆਂ ਵਾਲੀ ਗੱਡੀ ਗੁਜ਼ਰ ਹੀ ਨਹੀਂ ਸੀ ਸਕਦੀ ਸੋ ਗੱਡੀ ਦਾ ਡਰ ਨਿਰਮੂਲ ਸੀ। ਮੋਟਰ ਸਾਈਕਲ ਦਾ ਗੁਜ਼ਰਨਾ ਵੀ ਕਦੇ ਕਦਾਈਂ ਵਾਪਰ ਸਕਣ ਵਾਲਾ ਮੌਕਾ ਹੀ ਸੀ। ਫਿਰ ਵੀ ਅਸੀਂ ਕੁਝ ਦੇਰ ਹੋਰ ਅੱਧ ਲੇਟੇ ਉਡੀਕ ਕਰਦੇ ਰਹੇ ਕਿ ਕੋਈ ਦੁਪਹੀਆ ਵਾਹਨ ਹੋਰ ਵੀ ਨਾ ਹੋਵੇ। ਸਵੇਰ ਦੇ ਤਿੰਨ ਚਾਰ ਵਜੇ ਦੇ ਦਰਮਿਆਨ ਦਾ ਸਮਾਂ ਸੀ ਅਤੇ ਇਸ ਵਕਤ ਸ਼ਹਿਰ ਵੱਲੋਂ ਕਿਸੇ ਮੋਟਰ ਸਾਈਕਲ ਦਾ ਪਹੁੰਚਣਾ ਸ਼ੰਕਾ ਉਪਜਾਉਂਦਾ ਸੀ। ਗਾਈਡ ਚੌਕਸ ਹੋ ਗਿਆ ਤੇ ਉਸ ਨੇ ਦੂਰ ਤੱਕ ਦੀ ਆਵਾਜ਼ ਸੁਨਣ ਲਈ ਕੰਨ ਖੜ੍ਹੇ ਕਰ ਲਏ। ਜਲਦੀ ਹੀ ਉਸ ਨੂੰ ਯਕੀਨ ਹੋ ਗਿਆ ਕਿ ਖ਼ਤਰੇ ਵਾਲੀ ਗੱਲ ਕੋਈ ਨਹੀਂ।
ਸਾਰੇ ਰਸਤੇ ਨੂੰ ਖ਼ਾਮੋਸ਼ੀ ਨਾਲ ਤੈਅ ਕਰਨ ਦਾ ਰਾਜ਼ ਮੈਨੂੰ ਹੁਣ ਸਮਝ ਪਿਆ। ਜੰਗਲ ਤੇ ਝਾੜ ਝਖਾੜ ਵਿਚ ਕਿਸੇ ਵੀ ਵਾਹਨ ਦੀ ਰੋਸ਼ਨੀ ਤਾਂ ਇਹਨਾਂ ਰੁਕਾਵਟਾਂ ਕਾਰਨ ਥੋੜ੍ਹੇ ਫ਼ਾਸਲੇ ਉਤੇ ਹੀ ਰੁਕ ਜਾਂਦੀ ਹੈ ਪਰ ਉਸ ਦੇ ਚੱਲਣ ਦੀ ਗੂੰਜ ਦੂਰ ਤੱਕ ਸੁਣਾਈ ਦੇਂਦੀ ਹੈ। ਫਿਰ ਵੀ ਗਾਈਡ ਨੂੰ ਗਿਲਾਨੀ ਹੋਈ ਕਿ ਉਹ ਮੋਟਰ ਸਾਈਕਲ ਦੀ ਆਵਾਜ਼ ਨੂੰ ਪਹਿਲਾਂ ਕਿਉਂ ਨਾ ਸੁਣ ਸਕਿਆ। ਸ਼ਾਇਦ ਉਹ ਸੋਚਾਂ ਵਿਚ ਗਲਤਾਨ ਹੋਵੇਗਾ ਕਿ ਉਸਨੇ ਇਕ ਵਿਸ਼ੇਸ਼ ਜ਼ਿੰਮੇਦਾਰੀ ਨਿਭਾਉਣੀ ਹੈ ਅਤੇ ਇਸ ਕਾਰਨ ਉਸ ਦੇ ਕੰਨ ਪਹਿਲਾਂ ਹੀ ਬਿੜਕ ਨਹੀਂ ਸਨ ਲੈ ਸਕੇ। ਤੀਸਰੇ ਸਥਾਨ ਉਤੇ ਆ ਰਹੇ ਸਾਥੀ ਨੇ ਪਲਕ ਝਪਕਣ ਦੇ ਸਮੇਂ ਜਿੰਨਾ ਰੌਸ਼ਨੀ ਨੂੰ ਪਾਸੇ ਤੋਂ ਆਉਂਦੇ ਦੇਖ ਲਿਆ ਸੀ ਤੇ