

ਸ਼੍ਰੀ ਕਾਂਤ ਜਜ਼ਬਾਤੀ ਬਿਲਕੁਲ ਨਹੀਂ ਹੈ। ਉਹ ਵਿਸ਼ਵਾਸ ਨਾਲ ਭਰਿਆ ਹੋਇਆ ਦਿਸਦਾ ਹੈ। ਉਸ ਨੂੰ ਯਕੀਨ ਹੈ ਕਿ ਉਹ ਜੋ ਕੁਝ ਚਾਹੁੰਦੇ ਹਨ ਉਸ ਨੂੰ ਕਰ ਲੈਣਗੇ। ਉਸ ਦੇ ਚਿਹਰੇ ਤੋਂ ਸਿਰੜ ਝਲਕਦਾ ਹੈ। ਉਸ ਨੂੰ ਕੋਈ ਵੀ ਗੱਲ ਕਹੋ ਉਹ ਧਿਆਨ ਨਾਲ ਸੁਣੇਗਾ। ਕੋਈ ਵੀ ਸੁਝਾਅ ਦਿਓ ਉਸ ਉੱਤੇ ਗ਼ੌਰ ਕਰੇਗਾ ਅਤੇ ਉਸ ਦੀ ਵਿਵਹਾਰਿਕਤਾ ਜਾਨਣ ਦੀ ਕੋਸ਼ਿਸ਼ ਕਰੇਗਾ।
ਸ਼੍ਰੀ ਕਾਂਤ ਕਹਿੰਦਾ ਹੈ ਕਿ ਹਥਿਆਰਬੰਦ ਜੱਦੋਜਹਿਦ ਦੇ ਨਾਲ ਲਗਵੇਂ ਇਲਾਕੇ ਉੱਪਰ ਉਹਨਾਂ ਦਾ ਜ਼ੋਰਦਾਰ ਪ੍ਰਭਾਵ ਹੈ। ਹਾਲਾਤ ਅਣਸੁਖਾਵੇਂ ਹੋਣ ਦੇ ਬਾਵਜੂਦ ਵੀ ਜ਼ਮੀਨ ਜ਼ਰਖ਼ੇਜ਼ ਹੈ ਅਤੇ ਜਨਤਾ ਲਾਜ਼ਮੀ ਹੀ ਉਹਨਾਂ ਦਾ ਸਾਥ ਦੇਵੇਗੀ।
ਸਾਡੀ ਗੱਲਬਾਤ ਜਲਦੀ ਖ਼ਤਮ ਹੋ ਗਈ। ਅਸੀਂ ਘੁੱਟ ਕੇ ਹੱਥ ਮਿਲਾਏ, ਫਿਰ ਕਦੇ ਮਿਲਣ ਦੀ ਕਾਮਨਾ ਕੀਤੀ ਅਤੇ ਅਲੱਗ ਹੋ ਗਏ।
ਸ੍ਰੀ ਕਾਂਤ ਅਤੇ ਉਸ ਵਰਗਿਆਂ ਦੀ ਦੁਨੀਆਂ ਵੱਖਰੀ ਹੀ ਦੁਨੀਆਂ ਹੈ। ਛੋਟੀ ਜਿਹੀ ਦੁਨੀਆਂ ਜਿਹੜੀ ਉਹਨਾਂ ਨੇ ਖ਼ੁਦ ਹੀ ਸਿਰਜੀ ਹੈ। ਉਹ ਸਭ ਪਾਸੇ ਫੈਲ ਜਾਣਾ ਲੋਚਦੇ ਹਨ। ਮੈਂ ਕਈ ਵਾਰ ਸੋਚਿਆ ਕਿ ਥੋੜ੍ਹੀ ਜਿਹੀ ਤਾਕਤ ਨਾਲ ਉਹ ਚਾਰੇ ਪਾਸੇ ਕਿਵੇਂ ਛਾਅ ਸਕਦੇ ਹਨ! ਛੋਟੀ ਜਿਹੀ ਤਾਕਤ ਲੱਖਾਂ ਕਰੋੜਾਂ ਉੱਤੇ ਕਿਵੇਂ ਫ਼ੈਲ ਸਕਦੀ ਹੈ! ਪਰ ਉਹਨਾਂ ਨੂੰ ਯਕੀਨ ਹੈ ਕਿ ਇਸੇ ਤਰ੍ਹਾਂ ਹੀ ਹੋਵੇਗਾ। ਇਤਹਾਸ ਇਸੇ ਤਰ੍ਹਾਂ ਹੀ ਅਗਾਂਹ ਵਧੇਗਾ। ਉਹ ਖ਼ੁਦ ਨੂੰ ਨਵੇਂ ਭਵਿੱਖ ਦਾ ਬੀਜ ਖਿਆਲ ਕਰਦੇ ਹਨ ਜਿਹੜਾ ਫੁੱਟ ਰਿਹਾ ਹੈ ਅਤੇ ਜਿਸਨੇ ਕੱਲ੍ਹ ਨੂੰ ਵੱਡਾ ਹੋ ਕੇ ਵਿਸ਼ਾਲ ਰੁੱਖ ਬਨਣਾ ਹੈ। ਇਹ ਲੋਹੜੇ ਦਾ ਆਤਮ-ਵਿਸ਼ਵਾਸ ਹੈ। ਆਤਮ-ਵਿਸ਼ਵਾਸ ਦੀ ਇੰਤਹਾ ਹੈ। ਆਤਮ-ਵਿਸ਼ਵਾਸ ਜਿਹੜਾ ਕਿਸੇ ਵੀ ਮੁਸ਼ਕਲ ਨੂੰ ਸਰ ਕਰਨ ਲਈ ਤੱਤਪਰ ਦਿਖਾਈ ਦੇਂਦਾ ਹੈ। ਉਹਨਾਂ ਕੋਲ ਇਤਹਾਸ ਦੀਆਂ ਅਨੇਕਾਂ ਉਦਾਹਰਣਾਂ ਹਨ ਜਿਹਨਾਂ ਵਿਚ ਇਸੇ ਤਰ੍ਹਾਂ ਵਾਪਰਿਆ ਸੀ। ਉਹ ਉਹਨਾਂ ਵਿਚ ਹੀ ਇਕ ਹੋਰ ਉਦਾਹਰਣ ਜੋੜ ਦੇਣ ਦਾ ਤਹੱਈਆ ਕਰੀ ਬੈਠੇ ਹਨ। ਉਹ ਕਹਿੰਦੇ ਹਨ ਸਾਡਾ ਮਕਸਦ ਸਰਵ-ਉੱਚ ਹੈ, ਮਨੁੱਖਤਾਵਾਦੀ ਹੈ, ਮਨੁੱਖੀ ਆਸ਼ਿਆਂ ਦੇ ਮੁਤਾਬਕ ਹੈ। ਮਕਸਦ ਦੀ ਪਵਿੱਤਰਤਾ ਅਤੇ ਅਟੱਲਤਾ ਨੇ ਉਹਨਾਂ ਨੂੰ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਹਿੰਮਤ ਦਿੱਤੀ ਹੈ। ਉਹ ਮੌਤ ਦੀ ਪਰਵਾਹ ਨਹੀਂ ਕਰਦੇ। ਇਸੇ ਲਈ ਜ਼ਿੰਦਗੀ ਨੂੰ ਮਾਣ ਰਹੇ ਹਨ। ਅਜੀਬ ਹੈ ਇਹ ਮਾਨਣਾ ਵੀ। ਨਾ ਖਾਣ ਨੂੰ ਚੰਗਾ, ਨਾ ਬਿਮਾਰੀਆਂ ਤੋਂ ਬਚਾਅ, ਨਾ ਸੁੱਖ, ਨਾ ਸਹੂਲਤ। ਖ਼ਾਨਾਬਦੋਸ਼ੀ ਅਲੱਗ। ਅੱਜ ਚੁੱਲ੍ਹਾ ਏਥੇ, ਕੱਲ ਓਥੇ ਅਤੇ ਪਰਸੋਂ ਨੂੰ ਪਤਾ ਨਹੀਂ ਫ਼ਾਕਾ ਹੀ ਕੱਟਣਾ ਪਵੇ। ਇਹੋ ਜਿਹੇ ਨੇ ਇਹ ਆਦਮੀ, ਇਹੋ ਜਿਹੇ ਨੇ ਉਹਨਾਂ ਦੇ ਅਕੀਦੇ, ਅਤੇ ਇਹੋ ਜਿਹੀ ਹੈ ਉਹਨਾਂ ਦੀ ਜ਼ਿੰਦਗੀ। ਆਉਣ ਵਾਲੇ ਦਿਨਾਂ ਵਿਚ ਮੈਂ ਦੇਖਾਂਗਾ ਕਿ ਉਹ ਜੰਗਲ ਵਿਚ ਕਿਵੇਂ ਵਿੱਚਰਦੇ ਹਨ, ਕੀ ਕੀ ਕਰਦੇ ਹਨ।
ਸ਼ਾਮ ਨੂੰ ਸਾਢੇ ਪੰਜ ਵਜੇ ਸੀਟੀ ਦੀ ਆਵਾਜ਼ ਆਈ ਤਾਂ ਸਾਰਾ ਖੇਮਾ ਇਕ ਥਾਂ ਲਾਈਨਾਂ ਵਿਚ ਖੜ੍ਹਾ ਹੋ ਗਿਆ। ਜਾਣ ਵਾਲਿਆਂ ਛੇਆਂ ਦੀ ਲਾਈਨ ਅਲੱਗ ਸੀ। ਅਸੀਂ ਹਰ ਕਿਸੇ ਕੋਲ ਪਹੁੰਚੇ, ਹੱਥ ਮਿਲਾਏ, ਸਲਾਮ ਕਹੀ ਅਤੇ ਇਕ ਪਗਡੰਡੀ ਪੈ ਕੇ ਖ਼ਾਮੇ ਤੋਂ ਬਾਹਰ ਨਿਕਲ ਆਏ।