

ਦਲਿਤ ਜਾਤੀਆਂ ਵਿਚ ਵੀ ਸਹੋਤੇ ਗੋਤ ਦੇ ਲੋਕ ਕਾਫੀ ਗਿਣਤੀ ਵਿਚ ਹਨ। ਮਾਲਵੇ ਵਿਚ ਸਹੋਤੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਦੁਆਬੇ ਤੇ ਮਾਝੇ ਵਿਚ ਹੀ ਹਨ। ਦੁਆਬੇ ਦੇ ਜੱਟਾਂ ਨੇ ਬਦੇਸ਼ਾਂ ਵਿਚ ਜਾਕੇ ਬਹੁਤ ਉਨਤੀ ਕੀਤੀ ਹੈ। ਕਿਰਤ ਪੰਜਾਬੀਆਂ ਦੀ ਪਹਿਚਾਣ ਹੈ। ਪੰਜਾਬੀ ਜੱਟ ਬਹੁਤ ਮਿਹਨਤੀ ਖੁਲੇ ਦਿਲ ਤੇ ਸੰਜਮੀ ਹੁੰਦੇ ਹਨ। ਸਹੋਤਾ ਭਾਈਚਾਰੇ ਦੇ ਲੋਕ ਹੁਣ ਸਾਰੀ ਦੁਨੀਆਂ ਵਿਚ ਦੂਰ ਦੂਰ ਤਕ ਫੈਲ਼ ਗਏ ਹਨ।
ਸਹੋਤੇ ਬਾਲਮੀਕੀ ਬਹੁਤੇ ਹਿੰਦੂ ਹਨ। ਸਹੋਤੇ ਜੱਟ ਸਾਰੇ ਹੀ ਸਿੱਖ ਹਨ। ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ। ਸਹੋਤੇ ਵੀ ਆਰੀਆ ਭਾਈਚਾਰੇ ਵਿਚੋਂ ਹਨ। ਰੂਸੀ ਲੇਖਕ ਆਈ ਸੇਰੇਬੇਰੀਆ ਕੌਵ ਆਪਣੀ ਪੁਸਤਕ 'ਪੰਜਾਬੀ ਸਾਹਿਤ' ਦੇ ਆਰੰਭ ਵਿਚ ਲਿਖਦਾ ਹੈ ਕਿ ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਆਰੀਆ ਕਬੀਲੇ ਸਿੰਧ ਘਾਟੀ ਵਿਚ ਰਹਿਣ ਲਈ ਆ ਗਏ। ਜਿਉਂ ਜਿਉਂ ਸਮਾਂ ਲੰਘਦਾ ਗਿਆ, ਉਹ ਇਨ੍ਹਾਂ ਪੰਜ ਦਰਿਆਵਾਂ ਦੇ ਵਾਸੀਆਂ ਵਿਚ ਹੀ ਮਿਲ ਗਏ ਤੇ ਦੇਸ ਦੇ ਵਿਕਾਸ ਵਿਚ ਇਕ ਨਵਾਂ ਯੁਗ ਆਰੰਭ ਹੋਇਆ। ਸਹੋਤੇ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿਚ ਮਹਾਨ ਯੋਗਦਾਨ ਹੈ। ਸਹੋਤੇ ਮਜ੍ਹਬੀ ਸਿੱਖ ਵੀ ਹੁੰਦੇ ਹਨ। 1921 ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਜੱਟਾਂ ਦੀ ਗਿਣਤੀ 66 ਪ੍ਰਤੀਸ਼ਤ ਸੀ। ਇਹ ਬਹੁਗਿਣਤੀ ਵਿਚ ਸਨ।