

ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲੱਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। । ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ ਗਈ ਹੈ।
ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲੱਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ, ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ।