

ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ-ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।
ਜੱਟ ਧਾੜਵੀ ਖੁੱਲ੍ਹ ਦਿਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ। ਕਹਾਵਤ ਹੈ, "ਮਾਨ, ਪੂੰਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੇਂ ਕੱਠੇ"।