

ਵਧਣ 'ਤੇ ਜਮੀਨ ਘੱਟ ਪੈ ਜਾਂਦੀ ਸੀ, ਜੱਟ ਲੋਕ ਖਾਲੀ ਜਮੀਨ ਲੱਭ ਕੇ ਪਿੰਡ ਬੰਨਣ ਦਾ ਕੰਮ ਸ਼ੁਰੂ ਕਰਦੇ ਸਨ। ਜਮੀਨ ਤੈਅ ਕਰਨ ਤੋਂ ਬਾਅਦ ਜੱਟ ਲੋਕ ਸਰਕਾਰੀ ਦਫਤਰ ਨੂੰ ਇਤਲਾਹ ਦਿੰਦੇ ਸਨ ਕਿ ਉਨ੍ਹਾਂ ਦਾ ਇਰਾਦਾ ਪਿੰਡ ਬੰਨਣ ਦਾ ਹੈ। ਉਨ੍ਹੀਂ ਦਿਨੀਂ ਇਕ ਵੈਕਾਰਦਾਰÊ ਨਾਂ ਦਾ ਸਰਕਾਰੀ ਅਹੁਦਾ ਹੁੰਦਾ ਸੀ। ਕਾਰਦਾਰ ਫਿਰ ਉਸ ਹਲਕੇ ਦਾ ਦੌਰਾ ਕਰਦਾ ਤੇ ਪਿੰਡ ਬੰਨਣ ਦੀ ਇਜਾਜ਼ਤ ਦਿੰਦਾ। ਉਪਰੰਤ ਉਹ ਜਮੀਨ ਦੇ ਜਰਖੇਜ਼ ਹੋਣ ਆਦਿ ਦਾ ਅੰਦਾਜ਼ਾ ਲਾਉਂਦਾ। ਜਮੀਨ ਦੀ ਹਾਲਤ ਵੇਖ ਕੇ ਫਿਰ ਕਾਰਦਾਰ ਤੈਅ ਕਰਦਾ ਕਿ ਪਹਿਲੇ ਪੰਜ ਸਾਲ ਕਿੰਨਾ ਮਾਮਲਾ ਜੱਟ ਨੂੰ ਦੇਣਾ ਪਵੇਗਾ। ਜੇ ਜਮੀਨ ਜ਼ਿਆਦਾ ਸੰਘਣਾ ਜੰਗਲ ਹੋਵੇ ਜਾਂ ਫਿਰ ਥਾਂ ਜ਼ਿਆਦਾ ਹੀ ਉਚੀ-ਨੀਵੀਂ ਹੋਵੇ ਤਾਂ ਪਹਿਲੇ ਕੁਝ ਸਾਲ ਮਾਮਲੇ ਤੋਂ ਮੁਆਫੀ ਵੀ ਮਿਲ ਜਾਂਦੀ ਸੀ। ਕਈ ਵਾਰੀ ਕਈ ਜੱਟਾਂ ਨੂੰ ਸਰਕਾਰ ਇਨਾਮ ਵਜੋਂ ਵੀ ਕੋਈ ਰਕਬਾ ਅਲਾਟ ਕਰ ਦਿੰਦੀ ਸੀ ਤੇ ਉਨ੍ਹਾਂ ਨੂੰ ਵੀ ਸ਼ੁਰੂ ਦੇ ਕੁਝ ਸਾਲ ਮਾਮਲੇ ਤੋਂ ਮਾਫੀ ਹੁੰਦੀ ਸੀ। ਮਾਫੀ ਦੇ ਸਮੇਂ ਤੋਂ ਬਾਅਦ ਪੈਦਾਵਾਰ ਦਾ ਤੀਸਰਾ ਜਾਂ ਚੌਥਾ ਹਿੱਸਾ ਮਾਮਲਾ ਲੱਗਦਾ ਸੀ।
ਉਸ ਤੋਂ ਬਾਅਦ ਪਿੰਡ ਬੰਨਣ ਦੀ ਰਸਮ ਹੁੰਦੀ ਸੀ। ਰਸਮ ਵਿਚ ਨੇੜੇ-ਤੇੜੇ ਦੇ ਹੋਰ ਪਿੰਡਾਂ ਦੇ ਮੁਹਤਬਰ ਲੋਕਾਂ ਨੂੰ ਵੀ ਸੱਦਿਆ ਜਾਂਦਾ ਸੀ। ਪਿੰਡ ਬੱਝਣ ਵਾਲੀ ਥਾਂ ਦੇ ਚੜ੍ਹਦੇ ਬੰਨੇ ਮੋਹੜੀ ਗੱਡੀ ਜਾਂਦੀ ਸੀ। ਮੋਹੜੀ ਗੱਡ ਕੇ ਪਿੰਡ ਬੰਨਣ ਦਾ ਜ਼ਿਕਰ ਇਸ ਤੋਂ ਵੀ ਪੁਰਾਣੇ ਇਤਿਹਾਸਕ ਦਸਤਾਵੇਜ਼ਾਂ ਵਿਚ ਮਿਲਦਾ ਹੈ। ਕੋਈ 8 ਤੋਂ 10 ਫੁਟ ਲੰਮੀ ਮੋਹੜੀ ਅਮੂਮਨ ਕਿਸੇ ਦਰਖਤ ਦਾ ਤਣਾ ਹੁੰਦਾ ਸੀ। ਇਹਨੂੰ 3-4 ਫੁੱਟ ਡੂੰਘਾ ਜਮੀਨ ਵਿਚ ਗੱਡਿਆ ਜਾਂਦਾ ਸੀ। ਪੁੱਟੇ ਟੋਏ ਵਿਚ ਗੁੜ, ਚਾਵਲ, ਲਾਲ ਕੱਪੜਾ ਹੇਠਾਂ ਰੱਖਿਆ ਜਾਂਦਾ ਸੀ। ਕਈ ਵਾਰ ਅਜਿਹਾ ਵੀ ਹੁੰਦਾ ਕਿ ਮੋਹੜੀ ਦੀਆਂ ਜੜ੍ਹਾਂ ਲੱਗ ਜਾਂਦੀਆਂ ਤੇ ਹਰਾ ਭਰਾ ਰੁੱਖ ਬਣ ਜਾਂਦਾ। ਜੜ੍ਹ ਲੱਗਣ ਨੂੰ ਸ਼ੁਭ ਗਿਣਿਆ ਜਾਂਦਾ ਸੀ। ਪੂਰਾ ਪਿੰਡ ਇਸ ਮੋਹੜੀ ਰੁਖ ਦਾ ਆਦਰ ਸਤਿਕਾਰ ਕਰਦਾ ਤੇ ਇਹਨੂੰ ਹਰਗਿਜ਼ ਨਹੀਂ ਸੀ ਵੱਢਿਆ ਜਾਂਦਾ।