

ਚੀਮੇ ਗੋਤ ਦਾ ਮੋਢੀ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਚੀਮਾ ਸੀ। ਚੀਮੇ ਪਹਿਲਾਂ ਬਠਿੰਡੇ ਤੋਂ ਕਾਂਗੜ ਵੱਲ ਆਏ ਕੰਗਾਂ ਨੂੰ ਹਰਾਕੇ ਏਥੇ ਆਬਾਦ ਹੋ ਗਏ। ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਧਾਲੀਵਾਲ ਨਾਲ ਅਣਬਣ ਹੋ ਗਈ, ਉਸ ਦੀ ਮਾਂ ਵਿਧਵਾ ਹੋ ਗਈ ਸੀ, ਚੀਮੇ ਉਸ ਨੂੰ ਤੰਗ ਕਰਕੇ ਪਿੰਡੋਂ ਕੱਢਣਾ ਚਾਹੁੰਦੇ ਸਨ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਪਣੇ ਪਤੀ ਦੇ ਪਿਛਲੇ ਪਿੰਡ ਝੁਨੀਰ ਜਾਕੇ ਦੱਸੀ। ਝੁਨੀਰ ਦੇ ਧਾਲੀਵਾਲਾਂ ਨੇ ਚੀਮਿਆਂ ਤੇ ਭਾਰੀ ਹਮਲਾ ਕਰਕੇ ਉਨ੍ਹਾਂ ਨੂੰ ਉਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜ਼ਾ ਕਰ ਲਿਆ। ਅੱਜਕੱਲ੍ਹ ਕਾਂਗੜ ਵਿੱਚ ਧਾਲੀਵਾਲ ਹੀ ਵਸਦੇ ਹਨ। ਕਾਂਗੜ ਦਾ ਇਲਾਕਾ ਛੱਡ ਕੇ ਚੀਮੇ ਮੋਗੇ ਤੇ ਫਿਰੋਜ਼ਪੁਰ ਵੱਲ ਚਲੇ ਗਏ। ਪੁਰਾਣੇ ਵਸਨੀਕਾਂ ਨਾਲ ਅਣਬਣ ਹੋਣ ਕਾਰਨ ਕੁਝ ਲੁਧਿਆਣੇ ਵੱਲ ਚਲੇ ਗਏ ਸਨ। ਉਥੇ ਜਾਕੇ ਵੀ ਆਪਣੇ ਵਡੇਰੇ ਦੇ ਨਾਮ ਤੇ ਚੀਮਾ ਪਿੰਡ ਆਬਾਦ ਕੀਤਾ। ਲੁਧਿਆਣੇ ਦੇ ਚੀਮਾ, ਕਾਲਖ, ਰਾਮਗੜ੍ਹ ਸਰਦਾਰਾਂ, ਮਲੋਦ ਆਦਿ ਪਿੰਡਾਂ ਵਿੱਚ ਚੀਮੇ ਵਸਦੇ ਹਨ।