

ਵਿਚੋਂ ਸਨ। ਭੱਟੀ ਵੀ ਖਾੜਕੂ ਕਬੀਲਾ ਸੀ।
ਕੁਲਾਰ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਆਪਣਾ ਪਿਛੋਕੜ ਪੰਜਾਬ, ਜੈਸਲਮੇਰ ਤੇ ਅਫ਼ਗਾਨਿਸਤਾਨ ਦਾ ਗੱਜ਼ਨੀ ਖੇਤਰ ਦੱਸਦੇ ਹਨ। ਭੱਟੀ ਦੇ ਦੋ ਪੁੱਤਰ ਮਾਸੂਰ ਰਾਉ ਤੇ ਜੰਗਲ ਰਾਉ ਹੋਏ। ਸਾਰਨ ਜੱਟ ਮਾਸੂਰ ਰਾਉ ਦੀ ਬੰਸ ਵਿਚੋਂ ਹਨ। ਮੰਗਲ ਰਾਉ ਦੀ ਬੰਸ ਵਿਚੋਂ ਕੁਲਾਰ ਜੱਟ ਹਨ। ਮੰਗਲ ਰਾਉ ਇੱਕ ਬੜਾ ਹੀ ਬਲਵਾਨ ਤੇ ਨਿਡਰ ਜੋਧਾ ਸੀ। ਉਸ ਦਾ ਸਰਸੇ ਵਿੱਚ ਇੱਕ ਕਿਲ੍ਹਾ ਸੀ ਜੋ ਹੁਣ ਵੀ ਖਸਤਾ ਹਾਲਤ ਵਿੱਚ ਖੜ੍ਹਾ ਹੈ। ਕਿਸੇ ਕਾਰਨ ਮੰਗਲ ਰਾਉ ਨੂੰ ਆਪਣੀ ਜਾਨ ਬਚਾ ਕੇ ਆਪਣੇ ਹੀ ਰਾਜ ਵਿਚੋਂ ਝੱਜਣਾ ਪਿਆ ਸੀ। ਉਹ ਆਪਣੇ ਲੜਕੇ ਇੱਕ ਬਾਣੀਏ ਮਿੱਤਰ ਪਾਸ ਛੱਡ ਗਿਆ ਸੀ। ਉਸ ਦੇ ਪੁੱਤਰਾਂ ਨੇ ਵੱਡੇ ਹੋ ਕੇ ਜੱਟ ਬਰਾਦਰੀ ਵਿੱਚ ਵਿਆਹ ਕਰਾਏ। ਉਸ ਦੇ ਪੁੱ ੱਤਰਾਂ ਕਲੋਰੀਆ ਦੇ ਨਾਮ ਤੇ ਕੁਲਾਰ, ਮੰਡਾ ਦੇ ਨਾਮ ਤੇ ਮੰਡ ਤੇ ਸਿਉਰਾ ਦੇ ਨਾਮ ਤੇ ਸਿਉਰਾਨ ਨਵੇਂ ਗੋਤ ਪ੍ਰਚਲਿਤ ਹੋ ਗਏ ਸਨ। ਪੰਜਾਬ ਵਿੱਚ ਕੁਲਾਰ ਨਾਮ ਦੇ ਕਈ ਪਿੰਡ ਆਬਾਦ ਹਨ। ਮੁਕਤਸਰ ਦੇ ਇਲਾਕੇ ਵਿੱਚ ਮਹਿਣਾ ਤੇ ਮਿੱਢੂ ਖੇੜਾ ਇਨ੍ਹਾਂ ਦੇ ਪ੍ਰਸਿੱਧ ਪਿੰਡ ਹਨ। ਅਬੋਹਰ ਵਿੱਚ ਵੀ ਇੱਕ ਕੁਲਾਰ ਨਾਮ ਦਾ ਪਿੰਡ ਹੈ। ਲੁਧਿਆਣੇ ਵਿੱਚ ਵੀ ਇੱਕ ਪਿੰਡ ਦਾ ਨਾਮ ਕੁਲਾਰ ਹੈ। ਲੁਧਿਆਣੇ ਦੇ ਕਈ ਪਿੰਡਾਂ ਵਿੱਚ ਕੁਲਾਰਾਂ ਦੇ ਘਰ ਹਨ। ਲੁਧਿਆਣੇ ਤੋਂ ਅੱਗੇ ਕੁਝ ਕੁਲਾਰ ਜੱਟ ਅੰਮ੍ਰਿਤਸਰ ਤੋਂ ਗੁਰਦਾਸਪੁਰ ਵਿੱਚ ਵੀ ਚਲੇ ਗਏ ਸਨ। ਕੁਲਾਰ ਜੱਟ ਰੋਪੜ ਖੇਤਰ ਵਿੱਚ ਵੀ ਕਾਫ਼ੀ ਹਨ। ਜਲੰਧਰ ਵਿੱਚ ਸੰਸਾਰਪੁਰ ਕੁਲਾਰ ਜੱਟਾਂ ਦਾ ਦੁਆਬੇ ਵਿੱਚ ਬਹੁਤ ਵੀ ਪ੍ਰਸਿੱਧ ਪਿੰਡ ਹੈ। ਇੱਕ ਕੁਲਾਰ ਪਿੰਡ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਵੀ ਹੈ। ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਿੱਚ ਵੀ ਵੱਡੀਆਂ ਕੁਲਾਰਾਂ ਪਿੰਡ ਕੁਲਾਰ ਜੱਟਾਂ ਦਾ ਹੀ ਹੈ। ਮਾਲਵੇ ਵਿੱਚ ਕੁਲਾਰ ਜੱਟ ਕਾਫ਼ੀ ਹਨ। ਕੁਲਾਰਾਂ ਪਿੰਡ ਰੋਪੜ ਵਿੱਚ ਵੀ ਹੈ। ਸੰਗਰੂਰ (ਜੀਦ) ਵਿੱਚ ਕੁਲਾਰਾਂ ਦੇ ਸਿੱਧ ਦੀ ਕੁਲਾਰ ਖਾਸ ਵਿੱਚ ਸਮਾਧ ਹੈ। ਇਨ੍ਹਾਂ ਦਾ ਸਿੱਧ ਇੱਕ ਤਰਖਾਣ ਦੇ ਹੱਥੋਂ ਕਤਲ ਹੋ ਗਿਆ ਸੀ। ਇਸ ਲਈ ਇਹ ਤਰਖਾਣ ਘਿਉ ਅਤੇ ਪਸ਼ੂ ਨਹੀਂ ਬੇਚਦੇ। ਪੰਜਾਬ ਵਿੱਚ ਸਾਰੇ ਕੁਲਾਰ ਸਿੱਖ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਕੁਲਾਰ ਹਿੰਦੂ ਜਾਟ ਵੀ ਹਨ। ਸਮੁੱਚੇ ਪੰਜਾਬ ਵਿੱਚ ਕੁਲਾਰ ਜੱਟਾਂ ਦੀ ਗਿਣਤੀ ਘੱਟ ਹੀ ਹੈ। ਦੁਆਬੇ ਦੇ ਕੁਲਾਰ ਅਮਰੀਕਾ ਅਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਕਾਫ਼ੀ ਵਸਦੇ ਹਨ। ਹੋਰ ਜੱਟਾਂ ਵਾਂਗ ਕੁਲਾਰ ਵੀ ਅੱਖੜ ਤੇ ਲੜਾਕੇ ਹੁੰਦੇ ਹਨ। ਦੁਸ਼ਮਣੀ ਨੂੰ ਕਦੇ ਵੀ ਨਹੀਂ ਭੁੱਲਾਉਂਦੇ। ਚੰਗੇ ਕ੍ਰਿਸਾਨ ਤੇ ਵਧੀਆ ਖਿਡਾਰੀ ਹਨ। ਕੁਲਾਰਾਂ ਨੂੰ ਕੁਲਾਰ ਵੀ ਕਿਹਾ ਜਾਂਦਾ ਹੈ।
ਕੌੜੇ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਖਾੜਕੂ ਕਬੀਲਾ ਹੈ। ਇਹ ਆਪਣਾ ਸੰਬੰਧ ਖਰਲ ਜੱਟਾਂ ਨਾਲ ਜੋੜਦੇ ਹਨ। ਪੱਛਮੀ ਪੰਜਾਬ ਦੇ ਸ਼ਾਹਪੁਰ ਤੇ ਮਿੰਟਗੁੰਮਰੀ ਖੇਤਰਾਂ ਵਿੱਚ ਕੌੜੇ ਜੱਟ ਮੁਸਲਮਾਨ ਸਨ। ਕੌੜੇ ਵੀ ਮੱਧ ਏਸ਼ੀਆ ਤੋਂ ਆਏ ਹੋਏ ਆਰੀਆ ਬੰਸੀ ਹਨ। ਪੰਜਾਬ ਵਿੱਚ ਇਹ ਮਾਨਾਂ, ਭੁੱਲਰਾਂ, ਹੇਅਰਾਂ ਤੇ ਖਰਲਾਂ ਆਦਿ ਜੱਟ ਉਪ ਜਾਤੀਆਂ ਨਾਲ ਹੀ ਆਏ ਹਨ।
ਕੌੜੇ ਖੱਤਰੀ ਵੀ ਹੁੰਦੇ ਹਨ। ਉੱਪਲ ਜੱਟ ਵੀ ਖੱਤਰੀ ਹੁੰਦੇ ਹਨ। ਬੁੱਧਵਾਰ ਤੇ ਵਰਮੇ ਜੱਟ ਵੀ ਖੱਤਰੀ ਹੁੰਦੇ ਹਨ। ਖੱਤਰੀਆਂ ਤੇ ਜੱਟਾਂ ਦੇ ਕਈ ਗੋਤ ਸਾਂਝੇ ਹੁੰਦੇ ਹਨ। ਸਰਸਵਤ ਗੋਤ ਦੇ ਬ੍ਰਾਹਮਣ ਕੇਵਲ ਜੱਟਾਂ ਤੇ ਖੱਤਰੀਆਂ ਦੇ ਹੀ ਪ੍ਰੋਹਤ ਹੁੰਦੇ ਹਨ। ਹਰੀ ਸਿੰਘ ਨਲਵਾ ਉੱਪਲ ਖੱਤਰੀ ਸੀ ਮਾਲਵੇ ਵਿੱਚ ਕੌੜਿਆਂ ਦੇ ਕਈ ਪਿੰਡ ਹਨ। ਲੁਧਿਆਣੇ ਦੇ ਖੇਤਰ ਤੋਂ ਕੌੜੇ ਜੱਟ ਮਾਝੇ ਤੇ ਪੱਛਮੀ ਪੰਜਾਬ ਵੱਲ ਚਲੇ ਗਏ। ਦੁਆਬੇ ਦੇ ਕਪੂਰਥਲਾ ਤੇ ਜਲੰਧਰ ਆਦਿ ਖੇਤਰਾਂ ਵਿੱਚ ਵੀ ਕੌੜੇ ਜੱਟ ਕਾਫ਼ੀ ਆਬਾਦ ਹਨ। ਕੋੜੇ ਤੇ ਥਿੰਦ ਕੰਬੋਜ਼ ਬਰਾਦਰੀ ਵਿੱਚ ਵੀ ਬਹੁਤ ਹਨ। ਕੰਬੋਆਂ ਦੇ ਭੀ ਕਈ ਗੋਤ ਜੱਟਾਂ ਨਾਲ ਰਲਦੇ ਹਨ। ਥਿੰਦ ਜੱਟ ਵੀ ਹੁੰਦੇ ਹਨ ਅਤੇ ਕੰਬੋਜ਼ ਵੀ ਹੁੰਦੇ ਹਨ। ਕਈ ਵਾਰ ਗਰੀਬ ਜੱਟ ਦੂਜੀ ਜਾਤੀ ਵਿੱਚ ਵਿਆਹ ਕਰ ਲੈਂਦੇ ਹਨ। ਜਾਤੀ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ।
ਕੌੜੇ ਭੁੱਲਰਾਂ ਦਾ ਵੀ ਉਪਗੋਤ ਹੈ। ਭੁੱਲਰ, ਹੋੜੀ, ਮਾੜੀ ਅਤੇ ਬੁਗਰਾਂ ਆਦਿ ਭੁੱਲਰਾਂ ਤੇ ਕੌੜਿਆਂ ਦੇ ਉੱਘੇ ਪਿੰਡ ਹਨ। ਪੂਰਬੀ ਪੰਜਾਬ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਕੌੜੇ ਜੱਟ ਸਾਰੇ ਹੀ ਸਿੱਖ ਬਣ ਗਏ ਸਨ। ਸੱਤਵੀਂ ਸਦੀ ਮਗਰੋਂ ਜੱਟ ਸੂਰਮੇ ਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪ੍ਰੀਵਰਤਤ ਹੋ ਗਏ। ਪੰਜਾਬ ਵਿੱਚ ਕੌੜੇ ਜੱਟਾਂ, ਖੱਤਰੀਆਂ ਤੇ ਕੰਬੋਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਗੋਤ ਹੀ ਹੈ ਜੱਟ ਵੈਸ਼ ਨਹੀਂ ਹਨ ਕਿਉਂਕਿ ਜੱਟਾਂ ਦਾ ਕੋਈ ਵੀ ਗੋਤ ਬਾਣੀਆਂ ਨਾਲ ਨਹੀ ਰਲਦਾ ਹੈ। ਜੱਟ ਕਿਸਾਨ ਕਬੀਲੇ ਸਨ।
ਕਲਾਲ : ਇਹ ਰਾਜਸਥਾਨ ਦੇ ਕਰੈਲੀ ਖੇਤਰ ਤੋਂ ਪੰਜਾਬ ਵਿੱਚ ਆਏ ਸਨ। ਇਹ ਵੀ ਆਪਣਾ ਸੰਬੰਧ ਰਾਜਪੂਤਾਨੇ ਦੇ ਰਾਜਪੂਤਾਂ ਨਾਲ ਜੋੜਦੇ ਹਨ। ਸ਼ੁਰੂ ਸ਼ੁਰੂ ਵਿੱਚ ਇਹ ਸ਼ਰਾਬ ਕੱਢ ਕੇ ਵੇਚਦੇ ਹੁੰਦੇ ਸਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ ਇਨਾ ਬਾਰੇ ਲਿਖਿਆ ਹੈ ਕਿ ਕਲਾਲ ਸ਼ਬਦ ਸੰਸਕ੍ਰਿਤ ਦੇ ਕੀਲਾਲ (ਪਾਣੀ) ਤੋਂ ਵਿਗਸ ਕੇ ਬਣਿਆ ਹੈ। ਕਲਾਲਾਂ ਦਾ ਕੰਮ ਪਹਿਲੇ ਪਹਿਲ ਗੁੜ, ਕਸ (ਕਿੱਕਰ ਦੀ ਛਿੱਲ) ਦੇ ਲਾਹਣ ਪਾਕੇ ਸ਼ਰਾਬ ਕੱਢਣਾ ਤੇ ਸ਼ਰਾਬ ਵੇਚਣਾ ਸੀ।
ਜਦੋਂ ਸਰਕਾਰ ਨੇ ਸ਼ਰਾਬ ਕੱਢਣ ਤੇ ਪਾਬੰਦੀ ਲਾ ਦਿੱਤੀ ਤਾਂ ਕਲਾਲ ਇਸ ਪੇਸ਼ੇ ਤੋਂ ਹੱਟ ਕੇ ਵਪਾਰ ਤੇ ਨੌਕਰੀਆਂ ਕਰਨ ਲੱਗ ਪਏ। ਕੁਝ ਕਲਾਲ ਖੇਤੀ ਬਾੜੀ ਕਰਨ ਲੱਗ ਪਏ। ਬੇਸ਼ੱਕ ਕਲਾਲ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਜੱਟ ਹੀ ਹੋਣ ਕਿਸੇ ਕਾਰਨ ਸ਼ਰਾਬ ਵੇਚਣ ਲੱਗ ਪਏ। ਸ਼ਰਾਬ ਵੇਚਣ ਕਾਰਨ ਇਸ ਕਬੀਲੇ ਦਾ ਨਾਮ ਕਲਾਲ ਪ੍ਰਚਲਿਤ ਹੋ ਗਿਆ ਹੋਵੇ।
ਪੰਜਾਬ ਦੇ ਲਾਹੌਰ ਜ਼ਿਲ੍ਹੇ ਵਿੱਚ ਇਨ੍ਹਾਂ ਦਾ ਮੋਢੀ ਦੇ ਪ੍ਰਸਿੱਧ ਨਗਰ ਆਹਲੂ ਸੀ। ਇਸ ਪਿੰਡ ਦਾ ਜੱਸਾ ਸਿੰਘ ਕਲਾਲ ਇੱਕ ਸਿੱਖ ਮਿਸਲ ਦਾ ਸਰਦਾਰ ਸੀ। ਇਸ ਪਿੰਡ ਦੇ ਨਾਮ ਤੇ ਇਸ ਮਿਸਲ ਦਾ ਨਾਮ ਵੀ ਆਹਲੂਵਾਲੀਆ ਮਿਸਲ ਪੈ ਗਿਆ। ਉਸ ਸਮੇਂ ਸਿੱਖਾਂ ਦੀਆਂ ਬਾਰਾਂ ਮਿਸਲਾਂ ਬਣ ਗਈਆਂ ਸਨ।