

ਆਖ਼ਿਰ ਸਿਕੰਦਰ ਨੂੰ ਵੀ ਮਲ੍ਹੀਆਂ ਤੇ ਹੋਰ ਜੱਟ ਕਬੀਲਿਆਂ ਨਾਲ ਸਮਝੌਤਾ ਕਰਨਾ ਪਿਆ। ਯੂਨਾਨੀ ਇਤਿਹਾਸਕਾਰਾਂ ਨੇ ਮਲ੍ਹੀਆਂ ਨੂੰ ਮਲੋਈ ਲਿਖਿਆ ਹੈ। ਮਲ, ਮਲ੍ਹੀ ਅਤੇ ਮਲੋਈ ਇਕੋ ਹੀ ਕਬੀਲਾ ਲੱਗਦਾ ਹੈ।
ਕੁਝ ਇਤਿਹਾਸਕਾਰ ਮਲ੍ਹੀਆਂ ਦਾ ਸੰਬੰਧ ਪਰਮਾਰ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਕੁਝ ਸਰੋਆ ਰਾਜਪੂਤਾਂ ਨਾਲ ਜੋੜਦੇ ਹਨ। ਮਲ੍ਹੀ ਤਾਂ ਰਾਜਪੂਤ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਦਾ ਕਬੀਲਾ ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਰਾਜਪੂਤਾਂ ਦੀ ਪੈਦਾਇਸ਼ ਅੱਠਵੀਂ, ਨੌਵੀਂ ਸਦੀ ਦੱਸਦਾ ਹੈ। ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਜਿਕਰ ਨਹੀਂ। ਪੰਜਾਬ, ਸਿੰਧ, ਗੁਜਰਾਤ ਨਵੀਂ ਜਾਤੀ ਹੈ। ਮਲੋਈ ਭਾਵ ਮਲ੍ਹੀ ਉਪਜਾਤੀ ਦੇ ਲੋਕ ਮੁਲਤਾਨ ਦੇ ਖੇਤਰ ਤੋਂ ਚਲਕੇ ਮਾਲਵੇ ਵਿੱਚ ਆਏ। ਮਾਲਵੇ ਤੋਂ ਰਾਜਸਥਾਨ ਵਿੱਚ ਪਹੁੰਚੇ। ਅੰਤ ਹੌਲੀ ਹੌਲੀ ਮੱਧ ਭਾਰਤ ਵਿੱਚ ਜਾਕੇ ਆਬਾਦ ਹੋ ਗਏ। ਮਲੋਈ ਕਬੀਲਿਆਂ ਨੇ ਆਪਣੇ ਗਣਰਾਜ ਕਾਇਮ ਕਰ ਲਏ। ਮਾਲਵਾ ਗਣਰਾਜ ਦੇ ਪੁਰਾਣੇ ਸਿੱਕੇ ਵੀ ਮਿਲਦੇ ਹਨ। ਪਾਣਨੀ ਅਤੇ ਚੰਦਰ ਦੇ ਅਨੁਸਾਰ ਮਲੋਈ ਕਬੀਲੇ ਦੇ ਲੋਕ ਕਸ਼ਤਰੀ ਵੀ ਨਹੀਂ ਸਨ ਅਤੇ ਬ੍ਰਾਹਮਣ ਵੀ ਨਹੀਂ ਸਨ। ਇਹ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਇਆ ਇੱਕ ਵੱਖਰਾ ਹੀ ਕਬੀਲਾ ਸੀ। ਉਹ ਮੁਰਦਿਆਂ ਨੂੰ ਧਰਤੀ ਵਿੱਚ ਦੱਬ ਕੇ ਉਨ੍ਹਾਂ ਦੀਆਂ ਸਮਾਧਾਂ ਬਣਾ ਦਿੰਦੇ ਸਨ। ਉਹ ਦੀਵਾਲੀ ਅਤੇ ਖੁਸ਼ੀ ਦੇ ਮੌਕੇ ਆਪਣੇ ਜਠੇਰਿਆਂ ਦੀ ਪੂਜਾ ਵੀ ਕਰਦੇ ਸਨ। ਪ੍ਰਸਿੱਧ ਇਤਿਹਾਸਕਾਰ ਵੀ. ਏ. ਸਮਿਥ ਵੀ ਮਲੋਈ ਲੋਕਾਂ ਨੂੰ ਭਾਰਤ ਵਿੱਚ ਬਾਹਰੋਂ ਆਏ ਵਿਦੇਸ਼ੀ ਹੀ ਮੰਨਦਾ ਹੈ। ਪੁਰਾਣੇ ਸਮਿਆਂ ਵਿੱਚ ਮਲੋਈ ਕਬੀਲੇ ਦੇ ਲੋਕ ਉੱਤਰੀ ਤੇ ਮੱਧ ਭਾਰਤ ਵਿੱਚ ਦੂਰ ਦੂਰ ਤੱਕ ਆਬਾਦ ਸਨ। ਕੋਈ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦਾ ਸੀ। ਇਹ ਬੜੇ ਲੜਾਕੇ ਤੇ ਯੋਧੇ ਸਨ। ਇਨ੍ਹਾਂ ਦੀ ਇੱਕ ਸ਼ਾਖਾ ਦੱਖਣ ਵੱਲ ਅੱਬੂ ਅਚਲਗੜ੍ਹ (ਸਰੋਹੀ) ਵਿੱਚ ਆਬਾਦ ਹੋ ਗਈ। ਜਿਨ੍ਹਾਂ ਵਿਚੋਂ ਮਹਾਨ ਸਮਰਾਟ ਬਿਕਰਮਾਦਿੱਤ ਹੋਇਆ। ਇਸੇ ਸ਼ਾਖ ਨੇ ਜੈਪੁਰ ਰਾਜ ਦੇ ਕਰਕੋਟ ਨਗਰ ਖੇਤਰ ਤੇ ਅਧਿਕਾਰ ਕਰ ਲਿਆ। ਇਸ ਇਲਾਕੇ ਵਿੱਚ ਇਨ੍ਹਾਂ ਦੇ ਰਾਜ ਦੇ ਪੁਰਾਣੇ ਸਿੱਕੇ ਵੀ ਮਿਲੇ ਹਨ। ਮਲੋਈ ਭਾਵ ਮਲ੍ਹੀ ਭਾਈਚਾਰੇ ਦੇ ਲੋਕ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਸਨ। ਵਿਦੇਸ਼ੀ ਹਮਲਿਆਂ ਤੇ ਕਾਲ ਪੈਣ ਕਾਰਨ ਜੱਟ ਕਬੀਲੇ ਅਕਸਰ ਹੀ ਇੱਕ ਥਾਂ ਤੋਂ ਉੱਠਕੇ ਦੂਜੀ ਥਾਂ ਦੂਰ ਤੱਕ ਚੱਲੇ ਜਾਂਦੇ ਸਨ। ਆਬਾਦੀਆਂ ਬਦਲਦੀਆਂ ਰਹਿੰਦੀਆਂ ਸਨ।
ਮਲ੍ਹੀ ਆਪਣਾ ਪਿੱਛਾ ਮਲ੍ਹੀ ਵਾਲਾ ਪਿੰਡ ਨਾਲ ਜੋੜਦੇ ਹਨ। ਜੋ ਉਜੜ ਕੇ ਤੇ ਥੇਹ ਬਣਕੇ ਦੁਆਬਾ ਵੱਸਿਆ ਸੀ। ਪਹਿਲੀ ਵਾਰ ਇਸ ਨੂੰ ਬਿਕਰਮਾ ਬੰਸੀ ਮਾਲੂ ਜਾਂ ਮਲ੍ਹੀ ਕੌਮ ਨੇ ਵਸਾਇਆ ਸੀ। ਇਥੇ ਇੱਕ ਪੁਰਾਣਾ ਕਿਲ੍ਹਾ ਵੀ ਹੁੰਦਾ ਸੀ। ਜਿਸ ਵਿਚੋਂ ਪੁਰਾਣੇ ਸਿੱਕੇ ਵੀ ਮਿਲੇ ਹਨ। ਕੋਕਰੀ ਮਲੀਆਂ, ਕੋਟ ਮਲਿਆਣਾ ਤੇ ਮਲ੍ਹਾ ਵੀ ਮਲ੍ਹੀਆਂ ਨੇ ਵਸਾਏ, ਚੁਘਾ ਕਲਾਂ ਤੇ ਬੜੇ ਸਿੱਧਵੀਂ ਆਦਿ ਪਿੰਡਾਂ ਵਿੱਚ ਵੀ ਮਲ੍ਹੀ ਆਬਾਦ ਹਨ। ਮਲ੍ਹੀ ਇੱਕ ਵੱਡਾ ਕਬੀਲਾ ਸੀ। ਇੱਕ ਹੋਰ ਰਵਾਇਤ ਅਨੁਸਾਰ ਮਲ੍ਹੀ ਭਾਈਚਾਰੇ ਦੇ ਲੋਕ ਦਿੱਲੀ ਦੇ ਰਾਜੇ ਸ਼ਾਹ ਸਰੋਆ ਦੀ ਬੰਸ ਵਿਚੋਂ ਹਨ। ਇਹ ਦਿੱਲੀ ਤੇ ਰਾਜਸਥਾਨ ਦੇ ਸਰੋਈ ਇਲਾਕੇ ਨੂੰ ਛੱਡਕੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੁਬਾਰਾ ਆਕੇ ਆਬਾਦ ਹੋ ਗਏ। ਹੂਣਾਂ ਅਤੇ ਮੁਸਲਮਾਨਾਂ ਦੇ ਹਮਲਿਆਂ ਸਮੇਂ ਪੰਜਾਬ ਵਿਚੋਂ ਕਈ ਜੱਟ ਕਬੀਲੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਜਾਕੇ ਵੱਸ ਗਏ ਸਨ। ਮਲ੍ਹੀ ਗੋਤ ਦੇ ਲੋਕ ਢਿੱਲੋਂ, ਢੀਂਡਸਾ, ਸੰਘਾ ਤੇ ਦੋਸਾਂਝ ਗੋਤ ਦੇ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ। ਮਾਲਵੇ, ਮਾਝੇ ਵਿਚੋਂ ਲੰਘ ਕੇ ਮਲ੍ਹੀ ਦੁਬਾਰਾ ਫਿਰ ਸਿਆਲਕੋਟ ਤੇ ਗੁਜਰਾਂਵਾਲਾ ਆਦਿ ਤੱਕ ਚਲੇ ਗਏ ਸਨ।
ਪੰਜਾਬ ਵਿੱਚ ਮਲ੍ਹੀਆਂ ਨਾਮ ਦੇ ਕਈ ਪਿੰਡ ਹਨ। ਇੱਕ ਮਲ੍ਹੀਆਂ ਪਿੰਡ ਪਟਿਆਲੇ ਖੇਤਰ ਵਿੱਚ ਵੀ ਹੈ। ਇੱਕ ਬਹੁਤ ਹੀ ਪੁਰਾਣਾ ਪਿੰਡ ਮਲ੍ਹੀਆਂ ਵਾਲਾ ਹਲਕਾ ਬਰਨਾਲਾ ਜ਼ਿਲ੍ਹਾ ਸੰਗਰੂਰ ਵਿੱਚ ਹੈ। ਮਲ੍ਹੀਆ ਵਾਲਾ ਮੋਗੇ ਖੇਤਰ ਵਿੱਚ ਵੀ ਹੈ। ਦੁਆਬੇ ਵਿੱਚ ਵੀ ਇੱਕ ਮਲ੍ਹੀਆਂ ਪਿੰਡ ਬਹੁਤ ਪ੍ਰਸਿੱਧ ਹੈ। ਗੁਰਦਾਸਪੁਰ ਵਿੱਚ ਵੀ ਮਲ੍ਹੀਆਂ ਫਕੀਰਾਂ ਤੇ ਮਲ੍ਹੀਆਂ ਪਿੰਡ ਮਲ੍ਹੀ ਭਾਈਚਾਰੇ ਦੇ ਹੀ ਹਨ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਮਲ੍ਹੀ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇੱਕ ਮਲ੍ਹੀਆਂ ਪਿੰਡ ਕਪੂਰਥਲਾ ਖੇਤਰ ਵਿੱਚ ਵੀ ਬਹੁਤ ਪ੍ਰਸਿੱਧ ਹੈ। ਅੰਮ੍ਰਿਤਸਰ ਖੇਤਰ ਵਿੱਚ ਵੀ ਮਲ੍ਹੀ ਕਾਫ਼ੀ ਹਨ। ਮਾਲਵੇ ਦੇ ਮੋਗਾ, ਲੁਧਿਆਣਾ ਅਤੇ ਸੰਗਰੂਰ ਆਦਿ ਖੇਤਰਾਂ ਵਿੱਚ ਮਲ੍ਹੀ ਭਾਈਚਾਰੇ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਆਬਾਦ ਸਨ। ਕਿਸੇ ਸਮੇਂ ਲੁਧਿਆਣੇ ਦੇ ਮਲੋਦ ਖੇਤਰ ਤੇ ਵੀ ਮੁਲਤਾਨ ਦੇ ਮਲ੍ਹਾ ਜਾਂ ਮਲ੍ਹੀ ਕਬੀਲੇ ਦਾ ਕਬਜ਼ਾ ਰਿਹਾ ਹੈ।
ਜਦੋਂ ਖਹਿਰੇ ਮਾਲਵੇ ਵਿੱਚ ਆਏ ਤਾਂ ਮਲ੍ਹੀਆਂ ਨਾਲ ਲੜਾਈਆਂ ਕਰਕੇ ਮਲ੍ਹੀਆਂ ਦੇ ਪ੍ਰਸਿੱਧ ਪਿੰਡ ਮਲਾ ਅਤੇ ਚੜਿਕ ਬਰਬਾਦ ਕਰ ਦਿੱਤੇ। 12ਵੀਂ ਸਦੀ ਈਸਵੀ ਵਿੱਚ ਮਲਿਆਣੇ ਵਾਲਿਆਂ ਵਿਚੋਂ ਲਛਮਣ ਸਿੱਧ ਬੜਾ ਸ਼ਕਤੀਸ਼ਾਲੀ ਸੀ। ਉਸ ਨੇ ਚੜਿਕ ਅਤੇ ਅਸ਼ਟਾਂਗ ਕੋਟ ਪਿੰਡ ਦੁਬਾਰਾ ਵਸਾਏ ਸਨ। ਚੜਿਕ ਆਪਣੇ ਭਤੀਜੇ ਸੰਘੇ ਨੂੰ ਦੇ ਦਿੱਤਾ ਸੀ। ਲਛਮਣ ਸਿੱਧ ਆਪ ਅਸ਼ਟਾਂਗ ਕੋਟ ਰਹਿੰਦਾ ਸੀ। ਗਜ਼ਨੀ ਵਾਲਿਆਂ ਨੂੰ ਮਾਲਵੇ ਵਿਚੋਂ ਕੱਢਣ ਲਈ ਲਛਮਣ ਸਿੱਧ ਵੀ ਜੱਗਦੇਉ ਪਰਮਾਰ ਨਾਲ ਰਲ ਗਿਆ। ਇਹ ਗੌਰੀਆਂ ਦੇ ਬਠਿੰਡਾ ਮਾਰਨ ਦੇ ਸਮੇਂ ਵੀ ਉਨ੍ਹਾਂ ਦੇ ਵਿਰੁੱਧ ਲੜੇ ਸਨ। ਇਸ ਲੜਾਈ ਵਿੱਚ ਰਾਜਪੂਤਾਂ ਜੱਟਾਂ ਦਾ ਬਹੁਤ ਨੁਕਸਾਨ ਹੋਇਆ ਸੀ। ਰਾਜਪੂਤ ਦੇ ਜੱਟ ਇਕੋ ਨਸਲ ਵਿਚੋਂ ਹਨ। ਅਸਲ ਵਿੱਚ ਜੱਟ ਹੀ ਰਾਜਪੂਤਾਂ ਦੇ ਮਾਪੇ ਹਨ।
ਗੌਰੀਆਂ, ਭੱਟੀਆਂ ਤੇ ਖਹਿਰਿਆਂ ਨੇ ਲਛਮਣ ਸਿੱਧ ਦੇ ਭਾਈਚਾਰੇ ਦੇ ਪਿੰਡ ਅੱਗਾਂ ਲਾਕੇ ਫੂਕ ਦਿੱਤੇ। ਚੜਿਕ ਦੇ ਸਥਾਨ ਤੇ ਭਾਰੀ ਯੁੱਧ ਹੋਇਆ। ਲਛਮਣ ਸਿੱਧ ਦਾ ਸੀਸ ਚੜਿਕ ਡਿੱਗਿਆ ਤੇ ਧੜ ਮੁਸਤਫਾ ਕੋਲ ਆਕੇ ਡਿੱਗਿਆ। ਦੋਹੀਂ ਥਾਈਂ ਇਸ ਸਿੱਧ ਦੀਆਂ ਮੜ੍ਹੀਆਂ ਬਣੀਆਂ ਹਨ। ਇਸ ਭਾਈਚਾਰੇ ਦੇ ਲੋਕ ਇਨ੍ਹਾਂ ਮੜ੍ਹੀਆਂ ਨੂੰ ਪੂਜਦੇ ਹਨ।
ਮੋਰੀਆ ਕਾਲ ਦੇ ਪ੍ਰਸਿੱਧ ਯਾਤਰੀ ਮੈਗਸਥਨੀਜ ਨੇ ਵੀ ਲਿਖਿਆ ਹੈ ਕਿ ਮਲ੍ਹੀ ਲੋਕ ਆਪਣੇ ਵਡੇਰਿਆਂ ਦੀ ਸਮਾਧ ਬਣਾ ਕੇ ਉਸ ਦੀ ਪੂਜਾ ਕਰਦੇ